.

ਇਉਂ ਮੇਰੀਆਂ ਲਿਖਤਾਂ ਨੂੰ ‘ਜੀ ਆਇਆਂ’ ਆਖਿਆ ਗਿਆ
ਗਿਆਨੀ ਸੰਤੋਖ ਸਿੰਘ

ਕੁਝ ਸਾਲ ਪਹਿਲਾਂ ਮੈਂ ਇੱਕ ਪਾਸੜ ਲੇਖ, ‘ਇਉਂ ਹੋਇਆ ‘ਸਵਾਗਤ’ ਮੇਰੀਆਂ ਲਿਖਤਾਂ ਦਾ’ ਲਿਖਿਆ ਸੀ। ਇਹ ਲੇਖ ਕੁੱਝ ਪਰਚਿਆਂ ਵਿੱਚ ਛਪਣ ਤੋਂ ਇਲਾਵਾ ਮੇਰੀ ਪੰਜਵੀਂ ਕਿਤਾਬ, ‘ਜੋ ਵੇਖਿਆ ਸੋ ਆਖਿਆ’ ਦੀਆਂ ਦੋਹਾਂ ਐਡੀਸ਼ਨਾਂ ਵਿੱਚ ਵੀ ਛਪ ਚੁਕਿਆ ਹੈ। ਉਹ ਲੇਖ ਲਿਖਣ ਸਮੇ ਮੈਂ ਪਾਠਕਾਂ ਨਾਲ਼ ਬਚਨ ਕੀਤਾ ਸੀ ਕਿ ਸਮਾ ਮਿਲਣ ਤੇ ਮੈਂ ਦੂਜੇ ਪੱਖ ਨੂੰ ਦਰਸਾਉਂਦਾ ਲੇਖ ਵੀ ਕਦੀ ਲਿਖਾਂਗਾ। ਸੋ ਉਹ ਲੇਖ ਵੀ ਹੁਣ ਪਾਠਕਾਂ ਦੀ ਮੇਹਰਬਾਨ ਨਜ਼ਰ ਦੇ ਹਵਾਲੇ ਹੈ ਜੀ।
ਸਕੂਲੋਂ, “ਘੱਘਾ ਰਾਰਾ ਘਰ” ਵਾਲ਼ੇ ਸਬਕ ਤੋਂ ਪਿਛੋਂ ਹਟ ਜਾਣ ਤੇ, ਵਿਧੀਵਤ ਵਿੱਦਿਆ ਤੋਂ ਤਾਂ ਮੈਂ ਵਾਂਝਾ ਹੀ ਰਹਿ ਗਿਆ ਪਰ ਭਾਈਆ ਜੀ ਦੀ ਹਿੰਮਤ, ਧੀਰਜ, ਸਹਿਣਸ਼ੀਲਤਾ, ਉਦਮ ਅਤੇ ਸੁਹਿਰਦ ਅਗਵਾਈ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖ ਲਿਆ, ਜਾਂ ਉਹਨਾਂ ਨੇ ਬਦੋ ਬਦੀ ਸਿਖਾ ਦਿਤਾ। ਕਿਸੇ ਵੀ ਕਿਸਮ ਦੀ ਕੋਈ ਕਿਤਾਬ ਪਰਚਾ ਮਿਲ ਜਾਵੇ ਤਾਂ ਉਸ ਨੂੰ ਪੜ੍ਹਨ ਦੇ ਸ਼ੌਕ ਸਦਕਾ ਪੜ੍ਹ ਲੈਣਾ। ਇੱਕ ਜਨਵਰੀ ੧੯੫੮ ਨੂੰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿੱਚ ਦਾਖ਼ਲ ਹੋਣ ਕਰਕੇ, ਓਥੇ ਆਉਂਦੀ ਅਖ਼ਬਾਰ ਪੜ੍ਹਨ ਲੱਗ ਪਿਆ ਤੇ ਇਸ ਤਰ੍ਹਾਂ ਮੈਨੂੰ ਅਖ਼ਬਾਰਾਂ ਪੜ੍ਹਨ ਦਾ ਵੀ ‘ਭੁੱਸ’ ਪੈ ਗਿਆ ਜੋ ਕਿ ਹੁਣ ਇੱਕ ਲਾਇਲਾਜ ਬੀਮਾਰੀ ਬਣ ਚੁੱਕਿਆ ਹੈ। ਦਸੰਬਰ ੧੯੬੦ ਦੇ ਅਖੀਰ ਵਿੱਚ ਕੋਰਸ ਪੂਰਾ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ, ਆਪਣਾ ਰਾਗੀ ਜਥਾ ਬਣਾ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਅੰਮ੍ਰਿਤਸਰ ਵਿਖੇ, ਕੀਰਤਨ ਦੀ ਸੇਵਾ ਤੇ ਮੈਂ ਲੱਗ ਗਿਆ। ਇਸ ਕਾਰਜ ਵਿੱਚ ਵੀ ਭਾਈਆ ਜੀ ਦਾ ਰਸੂਖ਼ ਹੀ ਕੰਮ ਆਇਆ। ਓਥੋਂ ਮੇਰੀ ਸੇਵਾ ਧਰਮ ਪ੍ਰਚਾਰ ਕਮੇਟੀ ਵਿੱਚ ਰਾਗੀ ਦੇ ਰੂਪ ਵਿੱਚ ਲੱਗ ਗਈ ਪਰ ਧਰਮ ਪ੍ਰਚਾਰ ਕਮੇਟੀ ਦੀ ਸੇਵਾ ਦੌਰਾਨ ਕੀਰਤਨ ਨਾਲ਼ੋਂ, ਮੇਰੇ ਪਾਸੋਂ ਕਲੱਰਕੀ ਦਾ ਕਾਰਜ ਵਧ ਲਿਆ ਜਾਣ ਲੱਗ ਪਿਆ। ਇਸ ਤੋਂ ਅੱਕ ਕੇ ਮੈਂ ਆਪਣੀ ਬਦਲੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਕਰਵਾ ਲਈ। ਇਸ ਸਭ ਕੁੱਝ ਦੌਰਾਨ ਮੇਰੀ ਅਖ਼ਬਾਰਾਂ ਪੜ੍ਹਨ ਦੀ ਆਦਤ ਜਾਰੀ ਰਹੀ।
ਆਰੰਭ ਹੋਣਾ ਮੇਰੇ ਦੁਆਰਾ ਝਰੀਟੇ ਜਾਣਾ ਅੱਖਰਾਂ ਦਾ
੧੯੬੪ ਵਿੱਚ ਜਦੋਂ ਮੈਂ ਹੋਰ ਅਖ਼ਬਾਰਾਂ ਦੇ ਨਾਲ਼ ਨਾਲ਼ ‘ਜਥੇਦਾਰ’ ਨੂੰ ਜਰੂਰ ਪੜ੍ਹਦਾ ਹੁੰਦਾ ਸੀ। ਉਸ ਦੇ ਅਖੀਰ ਦੇ ਪੰਨੇ ਉਪਰ ਪਾਠਕਾਂ ਵਲੋਂ ਆਪ ਬੀਤੀਆਂ ਛਾਪੀਆਂ ਜਾਂਦੀਆਂ ਸਨ। ਉਹਨਾਂ ਲਿਖਤਾਂ ਤੋਂ ਪ੍ਰਭਾਵਤ ਹੋ ਕੇ ਮੈਂ ਵੀ ਇੱਕ ਆਪ ਬੀਤੀ ਲਿਖ ਭੇਜੀ। ਉਸ ਸਮੇ ਮੈਨੂੰ ਸ਼ਬਦ ਜੋੜ, ਪੈਰਾ ਗਰਾਫ਼, ਵਿਆਕਰਣ ਆਦਿ ਕਿਸੇ ਗੱਲ ਦਾ ਵੀ ਪਤਾ ਨਹੀਂ ਸੀ ਹੁੰਦਾ। ਜਦੋਂ ਮੈਂ ਸੰਪਾਦਕ ਵੱਲੋਂ ਹਰ ਪ੍ਰਕਾਰ ਸੋਧ ਕੇ ਛਾਪੀ ਹੋਈ ਇਹ ਲਿਖਤ ‘ਜਥੇਦਾਰ’ ਵਿੱਚ ਪੜ੍ਹੀ ਤਾਂ ਗ਼ਦ ਗ਼ਦ ਹੋ ਗਿਆ। ਹੋਰ ਕਿਸੇ ਨੂੰ ਚੰਗੀ ਲੱਗੀ ਹੋਵੇ ਜਾਂ ਨਾ; ਇਸ ਗੱਲ ਦਾ ਕੋਈ ਪਤਾ ਨਾ ਲੱਗਿਆ।
ਭਾਈਆ ਜੀ ਦੀ ਭਰਪੂਰ ਪ੍ਰੇਰਨਾ ਦਾ ਸਦਕਾ ਗਿਆਨੀ ਦੀ ਪੜ੍ਹਾਈ ਕਰਨ ਵਾਸਤੇ, ਜੀਂਦ ਤੋਂ ਪਟਿਆਲੇ ਦੀ ਬਦਲੀ ਭਾਈਆ ਜੀ ਨੇ ਕਰਵਾ ਦਿਤੀ। ਇਸ ਪਿੱਛੇ ਵੀ ਛੋਟਾ ਜਿਹਾ ਇਤਿਹਾਸ ਹੈ ਕਿ ਹਰੇਕ ਸਮੇ ਕੀਰਤਨ ਵੱਲ ਹੀ ਪ੍ਰੇਰਨ ਸਦਕਾ, ਹਰ ਪ੍ਰਕਾਰ ਦੀ ਪੜ੍ਹਾਈ ਵੱਲੋਂ ਨਿਰਉਤਸ਼ਾਹਤ ਕਰਨ ਵਾਲ਼ੇ ਭਾਈਆ ਜੀ ਨੇ ਮੈਨੂੰ ਇਸ ਪਾਸੇ ਕਿਉਂ ਪ੍ਰੇਰਿਆ; ਉਹ ਕਦੀ ਫੇਰ ਸਹੀ।
ਫਿਰ ਪਟਿਆਲੇ ਆ ਕੇ ਵਿਦਵਾਨ ਕਲਾਸ ਦੀ ਪੜ੍ਹਾਈ ਦੌਰਾਨ ਅਧਿਆਪਕਾਂ ਵੱਲੋਂ ਮੇਰੀ ਲਿਖਤ ਦੀ ਪ੍ਰਸੰਸਾ ਹੋਣੀ ਤਾਂ ਇਹ ਗੱਲ ਮੰਨਣ ਜਿਹੇ ਵਿੱਚ ਨਾ ਆਉਣੀ ਕਿ ਮੇਰੀ ਲਿਖਤ ਵੀ ਵਰਨਣ ਯੋਗ ਹੋ ਸਕਦੀ ਹੈ। ੧੯੬੫ ਵਿੱਚ ਫਿਰ ਗਿਆਨੀ ਦੀ ਪੜ੍ਹਾਈ ਦੌਰਾਨ ਤਾਂ ਇਉਂ ਵੀ ਹੋਇਆ ਕਿ ਕੱਚੇ ਇਮਤਿਹਾਨ ਸਮੇ ਮੇਰੇ, ਪੰਜਾਬੀ ਲੋਕ ਗੀਤਾਂ ਉਪਰ ਲਿਖੇ ਗਏ ਲੇਖ ਵਾਲ਼ੀ ਕਾਪੀ ਹੀ ਅਧਿਆਪਕ ਨੇ ਰੱਖ ਲਈ ਜੋ ਕਿ ਉਹ ਹਰੇਕ ਆਉਣ ਵਾਲ਼ੀ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਕਰਦਾ ਸੀ।
ਇਹਨੀਂ ਦਿਨੀਂ ਹੀ ੧੯੬੬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੰਨ ਸੌ ਸਾਲਾ ਪ੍ਰਕਾਸ਼ ਦਿਵਸ ਆਇਆ ਜੋ ਸਾਰੇ ਭਾਰਤ ਵਿੱਚ ਉਚੇਚੇ ਉਤਸ਼ਾਹ ਨਾਲ਼ ਮਨਾਇਆ ਗਿਆ। ਮਹਾਂਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਵੀ ਸਿਰਜੀ ਗਈ। ਇਸ ਦੀ ਸਿਰਜਣਾ ਦਾ ਸਮਾਗਮ ਪਬਲਿਕ ਲਾਇਬ੍ਰੇਰੀ ਵਿੱਚ ਕੀਤਾ ਗਿਆ। ਅਜਿਹੇ ਉਤਸ਼ਾਹੀ ਮਾਹੌਲ ਵਿੱਚ ਮੈਂ ਵੀ ਇੱਕ ਲੇਖ ਲਿਖ ਲਿਆ ਜੋ ਕਿ ਉਸ ਸਮੇ ਅਤੇ ਪਿੱਛੋਂ ਵੀ, ਇੱਕ ਤੋਂ ਵਧ ਪਰਚਿਆਂ ਵਿੱਚ ਛੱਪ ਗਿਆ। ਹੁਣ ਇਹ ਮੇਰੀ ਪਹਿਲੀ ਕਿਤਾਬ ‘ਸਚੇ ਦਾ ਸਚਾ ਢੋਆ’ ਵਿੱਚ ਵੀ ਅੰਕਤ ਹੈ।
ਫਿਰ ਸਮੇ ਸਮੇ ਖਾਸ ਸਮਾਗਮਾਂ ਸਮੇ ਮੇਰੇ ਲੇਖ, ਅਜੀਤ, ਕੌਮੀ ਦਰਦ, ਅਕਾਲੀ ਪੱਤ੍ਰਕਾ ਰੋਜ਼ਾਨਾ ਅਤੇ ਮਾਸਕ ਪੱਤਰਾਂ ਵਿੱਚ ਛਪਦੇ ਰਹੇ। ਜਦੋਂ ਗਿੱਲ ਨੇ ਅਕਾਲੀ ਦਲ ਤੋਂ ਬਾਗ਼ੀ ਹੋ ਕੇ, ਕਾਂਗਰਸ ਦੀ ਸਹਾਇਤਾ ਨਾਲ਼, ਆਪਣੀ ਸਰਕਾਰ ਬਣਾ ਲਈ ਤਾਂ ਪੰਥਕ ਜੋਸ਼ ਵਿੱਚ ਮੈਂ ਵਧ ਲੇਖ ਲਿਖਣੇ ਸ਼ੁਰੂ ਕਰ ਦਿਤੇ। ਇਹਨਾਂ ਲੇਖਾਂ ਲਈ ਮੈਨੂੰ ਸੰਤ ਚੰਨਣ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਤਸ਼ਾਹਤ ਕੀਤਾ। ਉਹਨਾਂ ਦਲ ਦੀ ਅਖ਼ਬਾਰ ਦੇ ਮੁਖ ਸੰਪਾਦਕ, ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਨੂੰ ਹਿਦਾਇਤ ਕੀਤੀ ਕਿ ਮੇਰੇ ਵੱਲੋਂ ਕੋਈ ਵੀ ਭੇਜਿਆ ਗਿਆ ਲੇਖ ਜਰੂਰ ਛਾਪਿਆ ਜਾਵੇ। ਕਦੀ ਉਹਨਾਂ ਨੇ ਮੇਰਾ ਲੇਖ ਮੁਖ ਪੰਨੇ ਤੇ ਛਾਪਣਾ ਤੇ ਕਦੇ ਐਡੀਟੋਰੀਅਲ ਦੇ ਥਾਂ ਵੀ ਛਾਪ ਦੇਣਾ। ਕੁੱਝ ਪਾਠਕਾਂ ਵੱਲੋਂ ਪ੍ਰਸੰਸਾ ਵੀ ਪਰਾਪਤ ਹੋਣੀ।
ਮਾਰਚ ੧੯੭੩ ਵਿੱਚ ਮੈਂ ਅਫ਼੍ਰੀਕਾ ਦੇ ਇੱਕ ਨਿੱਕੇ ਜਿਹੇ ਮੁਲਕ ਮਲਾਵੀ ਵਿੱਚ ਚਲਿਆ ਗਿਆ। ਏਥੇ ਨਾ ਕੋਈ ਪੰਜਾਬੀ ਤੇ ਹਿੰਦੀ ਦਾ ਅਖ਼ਬਾਰ, ਨਾ ਕੋਈ ਹਿੰਦੁਸਤਾਨ ਤੋਂ ਖ਼ਬਰਾਂ ਦੇਣ ਵਾਲਾ ਰੇਡੀਉ, ਟੀਵੀ ਤਾਂ ਉਹਨੀਂ ਦਿਨੀਂ ਕਿਤੇ ਬਹੁਤ ਵੱਡੀ ਫ਼ੈਲਸੂਫ਼ੀ ਮੰਨੀ ਜਾਂਦੀ ਸੀ ਅਤੇ ਕਿਸੇ ਕਿਸੇ ਮੁਲਕ ਵਿੱਚ ਹੀ ਹੁੰਦਾ ਸੀ। ਅੰਮ੍ਰਿਤਸਰ ਰਹਿਣ ਸਮੇ ਜਦੋਂ ਕਦੀ ਕਦਾਈਂ ਰਾਤ ਨੂੰ ਹਾਲ ਬਾਜ਼ਾਰ ਜਾਣ ਦਾ ਸਬੱਬ ਬਣਨਾ ਤਾਂ ਓਥੇ ਇੱਕ ਦੁਕਾਨ ਉਪਰ ਸਲਾਈਡਾਂ ਚੱਲਦੀਆਂ ਵੇਖ ਕੇ ਮੈਂ ਉਸ ਨੂੰ ਹੀ ਟੀਵੀ ਸਮਝਣਾ। ਫਿਰ ੧੯੬੮ ਵਿਚ, ਸ. ਉਤਮ ਸਿੰਘ ਦੁੱਗਲ ਐਮ. ਪੀ. ਦੇ ਘਰ, ਜਦੋਂ ਸੰਤ ਚੰਨਣ ਸਿੰਘ ਜੀ ਨਾਲ਼ ਮੈਂ ਵੀ ਠਹਿਰਿਆ ਹੋਇਆ ਸਾਂ ਤਾਂ ਓਥੇ ਇੱਕ ਸ਼ਾਮ ਨੂੰ ਵੇਖਿਆ ਕਿ ਟੀਵੀ ਤੋਂ ਇੱਕ ਬੀਬੀ ਖ਼ਬਰਾਂ ਪੜ੍ਹ ਰਹੀ ਹੈ। ਉਸ ਨੇ ਹਰੇਕ ਖ਼ਬਰ ਇੱਕ ਗੱਤੇ ਉਪਰ ਲਿਖੀ ਹੋਈ ਸੀ ਤੇ ਗੱਤਿਆਂ ਦੀ ਢੇਰੀ ਵਿਚੋਂ ਇੱਕ ਗੱਤਾ ਚੁੱਕਦੀ ਸੀ ਤੇ ਉਸ ਨੂੰ ਪੜ੍ਹ ਕੇ ਦੂਜੀ ਢੇਰੀ ਉਪਰ ਰੱਖ ਦਿੰਦੀ ਸੀ ਤੇ ਫਿਰ ਪਹਿਲੀ ਢੇਰੀ ਵਿਚੋਂ ਇੱਕ ਹੋਰ ਗੱਤਾ ਚੁੱਕ ਕੇ, ਅਗਲੀ ਖ਼ਬਰ ਪੜ੍ਹਦੀ ਸੀ। ਇਸ ਮੁਲਕ ਮਲਾਵੀ ਵਿੱਚ ਤਾਂ ਸ਼ਾਇਦ ਕਿਸੇ ਨੇ ਟੀਵੀ ਵੇਖਣਾ ਤਾਂ ਕਿਧਰੇ ਰਿਹਾ ਸ਼ਾਇਦ ਸੁਣਿਆ ਵੀ ਨਹੀਂ ਹੋਣਾ! ਇਹ ਤਾਂ ਜੂਨ ੧੯੮੦ ਵਿੱਚ ਫ਼ਿਜੀ ਮੁਲਕ ਵਿੱਚ ਵੀ ਨਹੀਂ ਸੀ। ਉਂਜ ਪੰਜਾਬੀਆਂ ਨੇ ਆਪਣੇ ਘਰਾਂ ਵਿੱਚ ਵੀ. ਸੀ. ਆਰ. ਰੱਖੇ ਹੋਏ ਸਨ। ਆਪਣਾ ਅਖ਼ਬਾਰੀ ਝੱਸ, ਜੋ ਕਿ ੧੯੫੮ ਤੋਂ ਬੜੀ ਬੁਰੀ ਤਰ੍ਹਾਂ ਮੈਨੂੰ ਚੰਬੜ ਚੁੱਕਾ ਸੀ, ਪੂਰਾ ਕਰਨ ਲਈ, ਮੈਂ ਆਪਣੇ ਛੋਟੇ ਟਾਊਨ ਲਿੰਬੀ ਤੋਂ ਬੱਸ ਵਿੱਚ ਬੈਠ ਕੇ, ਹਫ਼ਤੇ ਵਿੱਚ ਇੱਕ ਦਿਨ ਗਵਾਂਢੀ ਵੱਡੇ ਸ਼ਹਿਰ ਬਲੈਂਟਾਇਰ ਸਥਿਤ, ਇੰਡੀਅਨ ਹਾਈ ਕਮਿਸ਼ਨ ਵਿੱਚ ਜਾਇਆ ਕਰਦਾ ਸਾਂ। ਓਥੇ ਵੀ ਹਿੰਦੀ ਪੰਜਾਬੀ ਦਾ ਕੋਈ ਅਖ਼ਬਾਰ ਨਹੀਂ ਸੀ ਹੁੰਦਾ। ਐਵੇਂ ਅੰਗ੍ਰੇਜ਼ੀ ਦੀਆਂ ਅਖ਼ਬਾਰਾਂ ਨੂੰ ਮੂੰਹ ਜਿਹਾ ਮਾਰ ਕੇ ਤੇ ਕੁੱਝ ਸਟਾਫ਼ ਨਾਲ ਅਤੇ ਕੁੱਝ ਨਾਲ਼ ਲੱਗਵੇਂ ਮੰਦਰ ਦੇ ਪੁਜਾਰੀ ਨਾਲ਼ ਗੱਪ ਸ਼ੱਪ ਮਾਰ ਕੇ ਮੁੜ ਆਉਣਾ। ਅਜੀਤ ਪੜ੍ਹਨ ਲਈ ਏਥੇ ਸਿਡਨੀ ਵਿੱਚ ਵੀ ਮੈਂ ਹਰੇਕ ਮੰਗਲਵਾਰ, ਇੰਡੀਅਨ ਕੌਂਸੂਲੇਟ ਵਿੱਚ ਜਾਇਆ ਕਰਦਾ ਸਾਂ। ਫਿਰ ਹੌਲ਼ੀ ਹੌਲ਼ੀ ਪਹਿਲਾਂ ਟਾਈਮਜ਼ ਆਫ਼ ਇੰਡੀਆ ਇੰਟਰਨੈਟ ਉਤੇ ਆਉਣ ਲੱਗ ਪਈ ਤੇ ਫਿਰ ਕੁੱਝ ਸਮੇ ਬਾਅਦ ਟ੍ਰੀਬਿਊਨ ਤੇ ਫਿਰ ਤਾਂ ਪੰਜਾਬੀ ਹਿੰਦੀ, ਸਮੇਤ ਅਜੀਤ ਦੇ, ਬੇਅੰਤ ਪੱਤਰ ਆਉਣ ਲੱਗ ਪਏ। ਹੁਣ ਤਾਂ ਇਹ ਦੇਸ ਅਤੇ ਪਰਦੇਸਾਂ ਵਿਚੋਂ ਏਨੀਆਂ ਆਉਂਦੀਆਂ ਨੇ ਕਿ ਪੜ੍ਹੀਆਂ ਵੀ ਨਹੀਂ ਜਾਂਦੀਆਂ।
ਫਿਰ ਮਲਾਵੀ ਤੇ ਚੱਲੀਏ: ਇੱਕ ਤਾਂ ਮੈਂ ਦੇਸੋਂ ਤੁਰਨ ਸਮੇ ਸਿਆਹੀ ਭਰਨ ਵਾਲਾ ਪੈਨ ਨਾ ਲੈ ਕੇ ਗਿਆ ਤੇ ਓਥੇ ਬਾਲ ਪੁਆਇੰਟ ਪੈਨ ਹੀ ਮਿਲ਼ਦੇ ਸਨ ਜਿਨ੍ਹਾਂ ਨਾਲ਼ ਲਿਖਣ ਲੱਗਿਆਂ ਹੱਥ ਥੱਕ ਜਾਣ ਦੇ ਨਾਲ਼ ਅੱਖਰ ਵੀ ਮੇਰੀ ਪਸੰਦ ਦੇ ਨਹੀਂ ਸੀ ਪੈਂਦੇ। ਫਿਰ ਜੇਕਰ ਔਖੇ ਸੌਖੇ ਹੋ ਕੇ ਚਾਰ ਅੱਖਰ ਝਰੀਟ ਹੀ ਲਏ ਜਾਣ ਤਾਂ ਵਾਹਵਾ ਸਾਰਾ ਡਾਕ ਖ਼ਰਚ ਲਾ ਕੇ, ਦੇਸ ਕਿਸੇ ਪੱਤਰ ਨੂੰ ਭੇਜੋ ਤਾਂ ਕੀ ਪਤਾ ਉਹ ਲੇਖ ਛਪਿਆ ਵੀ ਹੈ ਕਿ ਨਹੀਂ! ਇਸ ਲਈ ਇਹ ਸ਼ੌਕ ਬੰਦ ਹੀ ਪਿਆ ਰਿਹਾ।
ਮਲਾਵੀ ਤੋਂ ਨਿਕਲ਼ ਕੇ ਕੁੱਝ ਸਾਲ ਤਾਂ ਦੁਨੀਆ ਵਿੱਚ ਭੌਂਦਾ ਹੀ ਰਿਹਾ। ਆ ਤਾਂ ਮੈਂ ਪਹਿਲੀ ਵਾਰ ਆਸਟ੍ਰੇਲੀਆ ਵਿੱਚ ੨੫ ਅਕਤੂਬਰ ੧੯੭੯ ਨੂੰ ਹੀ ਗਿਆ ਸੀ ਪਰ ਪੀ. ਆਰ. ਦੇ ਚੱਕਰ ਵਿੱਚ ਇੱਕ ਸਾਲ ਵੇਹਲੇ ਫਿਰਦੇ ਦਾ ਹੀ ਲੰਘ ਗਿਆ। ਇਸ ਦਾ ਜ਼ਿਕਰ ਮੈਂ ਇੱਕ ਹੋਰ ਲੇਖ ਵਿੱਚ ਕਰ ਚੁੱਕਾ ਹਾਂ। ਏਥੇ ਉਸ ਦੇ ਵਿਸਥਾਰ ਦੀ ਲੋੜ ਨਹੀਂ। ਫਿਰ ਪਰਵਾਰ ਦੀ ਕੁੱਲੀ, ਗੁੱਲੀ ਤੇ ਜੁੱਲੀ ਦੇ ਪ੍ਰਬੰਧ ਦੇ ਫਿਕਰ ਵਿੱਚ ਵਿਚਰਦਿਆਂ ੧੯੮੪ ਆ ਗਿਆ। ਇਸ ਸਮੇ ਸਾਰੇ ਪੰਜਾਬ ਦੇ ਗੁਰਦੁਆਰਿਆਂ ਉਪਰ ਇੰਦਰਾ ਦੀ ਸਰਕਾਰ ਨੇ ਫੌਜੀ ਹਮਲਾ ਕੀਤਾ ਜੋ ਕਿ ਸਾਰੀ ਸਿੱਖ ਕੌਮ ਉਪਰ ਹੀ ਹਮਲਾ ਸੀ। ਫਿਰ ਉਸ ਦੁਸ਼ਟਣੀ ਦੇ ਕਤਲ ਪਿਛੋਂ ਹਿੰਦੁਸਤਾਨ ਦੇ ਦੋ ਸੌ ਸ਼ਹਿਰਾਂ ਵਿੱਚ ਜੋ ਕੁੱਝ ਬੇਦੋਸ਼ੇ ਸਿੱਖਾਂ ਨਾਲ ਹੋਇਆ, ਇਸ ਨੇ ਸਾਰੀ ਦੁਨੀਆ ਦੇ ਸਿੱਖਾਂ ਵਾਂਙ ਮੇਰੇ ਵੀ ਸਾਰੇ ਸਮੀਕਰਣ ਬਦਲ ਦਿਤੇ। ਜੋ ਕੁੱਝ ਸੋਚ ਵਿੱਚ ਸੀ ਤੇ ਜਿਸ ਕਰਕੇ ਮੈਂ ਦੁਨੀਆਂ ਵਿੱਚ ਫੁੱਲਿਆ ਫੁੱਲਿਆ ਫਿਰਦਾ ਸਾਂ, ਉਹ ਸਾਰਾ ਢਹਿ ਢੇਰੀ ਹੋ ਗਿਆ।
ਹਿੰਦ ਸਰਕਾਰ ਦੇ ਸਿੱਖਾਂ ਉਪਰ ਜ਼ੁਲਮਾਂ ਦੇ ਖ਼ਿਲਾਫ਼ ਆਪਣੇ ਰੋਸ ਦੇ ਪ੍ਰਗਟਾਵੇ ਵਾਸਤੇ, ਹੋਰ ਕੋਈ ਰਾਹ ਤੇ ਵਾਹ ਨਾ ਹੋਣ ਕਰਕੇ, ਫਿਰ ਮੈਂ ਅਪ੍ਰੈਲ ੧੯੮੫ ਵਿੱਚ ਹਫ਼ਤਾਵਾਰੀ ਅਖ਼ਬਾਰ ‘ਸਿੱਖ ਸਮਾਚਾਰ’ ਦੇ ਨਾਂ ਹੇਠ ਸ਼ੁਰੂ ਕਰ ਲਿਆ। ਉਸ ਸਮੇ ਸਿਵਾਏ ਟਾਈਪ ਰਾਈਟਰ ਉਪਰ ਟਾਈਪ ਕਰਕੇ ਛਾਪਣ ਤੋਂ ਇਲਾਵਾ ਹੋਰ ਕੋਈ ਵਸੀਲਾ, ਪੰਜਾਬੀ ਪੱਤਰ ਛਾਪਣ ਦਾ ਨਾ ਹੋਣ ਕਰਕੇ, ਬਹੁਤਾ ਕੰਮ ਦੂਜੀਆਂ ਅਖ਼ਬਾਰਾਂ ਵਿਚੋਂ ਛਪੀ ਸਮਗਰੀ, ਕੈਂਚੀ ਨਾਲ਼ ਕੱਟ ਕੇ ਹੀ ਜ਼ਿਆਦਾ ਛਾਪੀ ਜਾਂਦੀ ਸੀ। ਇਸ ਤਰ੍ਹਾਂ ਕਲਮ ਦੇ ਥਾਂ ਕੈਂਚੀ ਤੋਂ ਵਧੇਰੇ ਕਾਰਜ ਕਰਵਾਇਆ ਜਾਂਦਾ ਸੀ। ਇਸ ਪਰਚੇ ਕਰਕੇ ਵੀ ਲੇਖ ਲਿਖਣ ਲਈ ਉਤਸ਼ਾਹ ਪ੍ਰਾਪਤ ਹੁੰਦਾ ਰਿਹਾ। ਵਲੈਤੋਂ ਛਪਣ ਵਾਲ਼ੇ ‘ਦੇਸ ਪਰਦੇਸ’ ਪੱਤਰ ਵਿੱਚ ਮੇਰੇ ਛਪੇ ਅਤੇ ਕੁੱਝ ਹੋਰ ਲੇਖਕਾਂ ਦੇ ਲੇਖ ਲੈ ਕੇ ਇਸ ਪੱਤਰ ਵਿੱਚ ਮੈਂ ਛਾਪਦਾ ਰਿਹਾ। ਸਵਾ ਕੁ ਛੇ ਸਾਲ ਇਹ ਪੱਤਰ ਚੱਲ ਕੇ ਸੂਰਮਾ ਸਿੰਘ ਦੇ ਸੌਣ ਵਾਂਙ ਚੁੱਪ ਹੋ ਗਿਆ ਪਰ ਮੇਰੇ ਅੰਦਰ ਸੁੱਤੀ ਅੱਖਰ ਝਰੀਟਣ ਦੀ ਆਦਤ ਨੂੰ ਮੁੜ ਸੁਰਜੀਤ ਕਰ ਗਿਆ।
ਫਿਰ ਬਹੁਤ ਸਾਰੇ ਦੇਸ਼ਾਂ ਵਿਚੋਂ ਪੰਜਾਬੀ ਵਿੱਚ ਪੱਤਰ ਛਪਣੇ ਸ਼ੁਰੂ ਹੋ ਗਏ। ਕੰਪਿਊਟਰ ਉਪਰ ਪੰਜਾਬੀ ਫ਼ੌਂਟ ਵੀ ਪਰਗਟ ਹੋਣੇ ਸ਼ੁਰੂ ਹੋ ਗਏ ਤੇ ਮੈਨੂੰ ਇਸ ਉਪਰ ਪੰਜਾਬੀ ਲਿਖਣ ਦੀ ਜਾਚ ਵੀ ਆ ਗਈ। ਮੈਂ ਸਮੇ ਸਮੇ ਲੇਖ ਲਿਖ ਕੇ ਵੱਖ ਵੱਖ ਪੱਤਰਾਂ ਨੂੰ ਭੇਜਣੇ ਸ਼ੁਰੂ ਕਰ ਦਿਤੇ। ਤਕਰੀਬਨ ਹਰੇਕ ਪੱਤਰ ਦੇ ਐਡੀਟਰ ਨੇ ਮੇਰੇ ਲੇਖਾਂ ਪ੍ਰਤੀ ਪ੍ਰਸੰਸਕ ਰਵਈਆ ਵਿਖਾਇਆ ਜਿਸ ਨਾਲ਼ ਮੈਨੂੰ ਹੋਰ ਉਤਸ਼ਾਹ ਪ੍ਰਾਪਤ ਹੋਇਆ।
ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇ ਸਕਣ ਬਾਰੇ ਕਦੇ ਵੀ ਮੇਰੇ ਮਨ ਵਿੱਚ ਵਿਚਾਰ ਨਹੀਂ ਸੀ ਆਇਆ ਭਾਵੇਂ ਕਿ ਬਹੁਤ ਸਾਰੇ ਸੁਹਿਰਦ ਸੱਜਣਾਂ ਵੱਲੋਂ, ਸਮੇ ਸਮੇ ਇਸ ਪਾਸੇ ਵੱਲ ਪ੍ਰੇਰਤ ਕੀਤਾ ਜਾਂਦਾ ਸੀ। ਇੱਕ ਸੱਜਣ ਨੇ ਤਾਂ ਏਥੋਂ ਤੱਕ ਵੀ ਆਖਿਆ ਕਿ ਜੇਹੜੀਆਂ ਕਿਤਾਬਾਂ ਤੂੰ ਪੜ੍ਹਦਾ ਰਹਿੰਦਾ ਹੈਂ ਇਹੋ ਜਿਹੀਆਂ ਤੇ ਤੂੰ ਆਪ ਲਿਖ ਸਕਦਾ ਹੈਂ! ਇਉਂ ਕਿਉਂ ਨਹੀਂ ਕਰਦਾ? ਅਜਿਹਾ ਨਾ ਕਰ ਸਕਣ ਦੇ ਕੁੱਝ ਕਾਰਨ ਸਨ ਜਿਨ੍ਹਾਂ ਵਿਚੋਂ ਇੱਕ ਤਾਂ ਮੁਖ ਕਾਰਨ ਇਹ ਸੀ ਕਿ ਪੰਜਾਬੀਆਂ ਵਿੱਚ ਆਮ ਕਰਕੇ ਅਤੇ ਸਿੱਖਾਂ ਵਿੱਚ ਖਾਸ ਕਰਕੇ ‘ਕਿਤਾਬ ਕਲਚਰ’ ਪੈਦਾ ਨਹੀਂ ਹੋ ਸਕਿਆ। ਇਹ ਹੋਰ ਬਹੁਤ ਸਾਰੇ ਕਾਰਜਾਂ ਉਪਰ ਦਿਲ ਖੋਹਲ ਕੇ ਖ਼ਰਚ ਕਰ ਸਕਦੇ ਹਨ। ਧਾਰਮਿਕ ਸਥਾਨਾਂ ਦੀ ਉਸਾਰੀ, ਖਾਣ ਪੀਣ ਪਹਿਨਣ, ਲੋੜਵੰਦ ਦੀ ਸਹਾਇਤਾ, ਪ੍ਰਾਹੁਣਾਚਾਰੀ, ਮਰਨੇ ਪਰਨੇ ਦੀਆਂ ਰਸਮਾਂ ਉਪਰ ਬਿਨਾ ਕਿਸੇ ਸੰਕੋਚ ਦੇ ਖੁਲ੍ਹਾ ਖ਼ਰਚ ਕਰਦੇ ਹਨ ਪਰ ਜਦੋਂ ਕਿਤਾਬ ਦੀ ਗੱਲ ਆਵੇ ਤਾਂ, “ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਪੜ੍ਹਨ ਦਾ ਸਮਾ ਨਹੀਂ, ਪੜ੍ਹਨ ਵਿੱਚ ਦਿਲਚਸਪੀ ਨਹੀਂ” ਵਰਗੇ ਪਾਣੀ ਮਾਰਵੇਂ ਜਿਹੇ ਬਹਾਨੇ ਘੜੀ ਜਾਣਗੇ।
ਸਿੱਖਾਂ ਦੀ ਕਿਤਾਬਾਂ ਬਾਰੇ ਅਜਿਹੀ ਰੁਚੀ ਵੇਖ ਕੇ, ਬਾਵਜੂਦ ਸੁਹਿਰਦ ਸੱਜਣਾਂ ਵੱਲੋਂ ਬਾਰ ਬਾਰ ਪ੍ਰੇਰਨਾ ਕਰਨ ਤੇ ਵੀ, ਇਸ ਪਾਸੇ ਉਦਮ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ। ਪਹਿਲਾਂ ਤਾਂ ਆਪਣੇ ਤੋਂ ਮਾਇਆ ਹਮੇਸ਼ਾਂ ਘੁੰਡ ਕੱਢੀ ਰੱਖਦੀ ਹੋਣ ਕਰਕੇ ਵੀ ਨਹੀਂ ਸੀ ਵਿਚਾਰ ਬਣਦਾ। ਜੇਕਰ ਫਿਰ ਵੀ ਏਧਰੋਂ ਓਧਰੋਂ ਕਰ ਕਰਾ ਕੇ ਮਾਇਅਕ ਪ੍ਰਬੰਧ ਹੋ ਵੀ ਜਾਵੇ ਜੋ ਕਿ ਲੱਖਾਂ ਵਿੱਚ ਹੁੰਦਾ ਹੈ, ਫਿਰ ਉਸ ਕਿਤਾਬ ਨੂੰ ਪਾਠਕਾਂ ਦੇ ਹੱਥਾਂ ਤੱਕ ਅੱਪੜਦਾ ਕਰਨਾ ਹੋਰ ਵੀ ਵਡੇਰਾ ਮਸਲਾ ਹੈ। ਇਹ ਵੀ ਸੋਚਦਾ ਸਾਂ ਕਿ ਅੰਮ੍ਰਿਤਸਰੋਂ ਖ਼ੁਦ ਜਾ ਕੇ ਕਿਤਾਬ ਛਪਵਾ ਕੇ ਫਿਰ ਛਪਾਈ ਨਾਲ਼ੋਂ ਦੂਣਾ ਉਸ ਉਪਰ ਕਰਾਇਆ ਖ਼ਰਚ ਕੇ, ਸਿਡਨੀ ਵਿੱਚ ਮੰਗਵਾ ਕੇ ਫਿਰ ਸਿੱਖਾਂ ਦੇ ਘਰੋ ਘਰੀ ਜਾ ਕੇ ਉਹਨਾਂ ਨੂੰ ਪੜ੍ਹਨ ਵਾਸਤੇ ਦਿਆਂਗਾ, ਓਵੇਂ ਹੀ ਜਿਵੇਂ ਕੁੱਝ ਸਾਲ ਪਹਿਲਾਂ, ਆਪਣੇ ਘਰ ਦੇ ਪਿਛਵਾੜੇ ਵਿੱਚ ਉਗਾਈ ਸਬਜ਼ੀ ਵੰਡਣ ਜਾਇਆ ਕਰਦਾ ਸਾਂ।
ਅਜਿਹੀ ਉਧੇੜ ਬੁਣ ਵਾਲ਼ੀ ਬਿਰਤੀ ਦੇ ਚੱਲਦਿਆਂ ਹੀ ਫਿਰ ਆਪਣੇ ਪਰਵਾਰ ਦੀ ਦੂਜੀ ਪੀਹੜੀ ਵੱਲੋਂ ਵੀ ਇਸ ਪਾਸੇ ਉਤਸ਼ਾਹਤ ਕੀਤਾ ਜਾਣ ਲੱਗਾ। ਖਾਸ ਕਰਕੇ ਮੇਰੀ ਪੰਜਾਬੀ ਦੀ ਐਮ. ਏ. ਵਿੱਚ ਪੜ੍ਹਦੀ ਭਣੇਵੀ ਨੇ ਵਾਰ ਵਾਰ ਇਹ ਕਾਰਜ ਕਰਨ ਲਈ, ਕਿਸੇ ਖਾਸ ਉਦੇਸ਼ ਕਾਰਨ ਜੋਰ ਦਿਤਾ। ਆਖਰ ਨਵੰਬਰ ੨੦੦੬ ਵਿੱਚ ਇਹ ਕਾਰਜ ਕਰ ਹੀ ਲਿਆ। ਆਪਣੀ ਪਹਿਲੀ ਕਿਤਾਬ, ਜਿਸ ਦੀ ਹੁਣ ਪੰਜਵੀਂ ਐਡੀਸ਼ਨ ਵੀ ਛਪ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਰਹੀ ਹੈ, ਛਪਵਾ ਹੀ ਲਈ ਗਈ। ਇਸ ਕਿਤਾਬ ਦੀ ਇੱਕ ਕਾਪੀ ਆਪਣੀ ਭਣੇਵੀ ਨੂੰ ਦੇ ਕੇ ਆਖਿਆ, “ਲੈ ਪੁੱਤਰ ਬੱਬੂ, ਸੂਰਮਾ ਸਿੰਘ ਦੇ ਸੌਣ ਵਾਂਙ ਅੱਧਾ ਕੰਮ ਤਾਂ ਹੋ ਗਿਆ ਈ! ਤੇ ਅੱਧਾ ਕੰਮ ਮੈਂ ਅੰਮ੍ਰਿਤਸਰ ਦੀ ਅਗਲੀ ਫੇਰੀ ਸਮੇ ਕਰ ਜਾਊਂਗਾ।” ਅਰਥਾਤ ਬੱਚੀ ਦੀ ਮੰਗ ਮੁਤਾਬਿਕ, ਪਹਿਲੀ ਕਿਤਾਬ ਤਾਂ ਛਪ ਗਈ ਆ ਤੇ ਦੂਜੀ ਕਿਤਾਬ ਅਗਲੇ ਚੱਕਰ ਵਿੱਚ ਛਪਵਾ ਕੇ ਕਾਰਜ ਪੂਰਾ ਕਰ ਲਿਆ ਜਾਵੇਗਾ। ਸੂਰਮਾ ਸਿੰਘ ਦਾ ਜ਼ਿਕਰ ਇਸ ਲਈ ਆਇਆ ਹੈ ਕਿ ਕਿਸੇ ਸੱਜਣ ਨੇ ਕਿਹਾ, “ਸੂਰਮਾ ਸਿੰਘ ਜੀ ਸੌਂ ਜਾਓ। “ਅੱਗੋਂ ਸੂਰਮਾ ਸਿੰਘ ਜੀ ਨੇ ਆਖਿਆ, “ਸਾਡਾ ਸੌਣਾ ਕੀ ਆ; ਚੁੱਪ ਹੀ ਕਰ ਜਾਣਾ। ਲਉ ਜੀ, ਅਸੀਂ ਚੁੱਪ ਹੋ ਗਏ!” ਅਸੀਂ ਸੁੱਤਾ ਉਸ ਵਿਅਕਤੀ ਨੂੰ ਹੀ ਸਮਝਦੇ ਹਾਂ ਜਿਸ ਨੂੰ ਨਾ ਦਿਸੇ ਤੇ ਨਾ ਉਹ ਬੋਲੇ। ਸੋ ਦਿਸਦਾ ਤਾਂ ਸੂਰਮਾ ਸਿੰਘ ਜੀ ਨੂੰ ਪਹਿਲਾਂ ਹੀ ਨਹੀਂ ਸੀ ਤੇ ਚੁੱਪ ਹੋ ਜਾਣ ਨਾਲ਼ ਸੌਣ ਵਾਲ਼ਾ ਕਾਰਜ ਪੂਰਾ ਹੋ ਗਿਆ।
ਇਹ ਕਿਤਾਬ ਛਪਣ ਉਪ੍ਰੰਤ, ਇਸ ਕਿਤਬ ਉਪਰ ਜਾਂ ਫਿਰ ਮੇਰੇ ਸਮੇ ਸਮੇ ਛਪਦੇ ਰਹੇ ਲੇਖਾਂ ਉਪਰ, ਸ. ਮੋਤਾ ਸਿੰਘ ਸਰਾਇ ਦੀ ਸਵੱਲੀ ਨਿਗਾਹ ਕਿਤੇ ਪੈ ਗਈ। ਸ. ਮੋਤਾ ਸਿੰਘ ਬਰਮਿੰਘਮ (ਯੂ ਕੇ) ਦੇ ਵਾਸੀ ਹਨ ਅਤੇ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਵੀ ਹਨ। ਇਹਨਾਂ ਨੇ ਕਿਤਿਉਂ ਮੇਰਾ ਫ਼ੋਨ ਨੰਬਰ ਲਭ ਕੇ, ਦੋ ਚਾਰ ਵਾਰ ਮੈਨੂੰ ਰਿੰਗਿਆ। ਬਾਤਾਂ ਚੀਤਾਂ ਹੁੰਦੀਆਂ ਰਹੀਆਂ। ਮੇਰੀਆਂ ਲਿਖਤਾਂ ਦੀ ਪ੍ਰਸੰਸਾ ਕਰਦੇ ਰਹੇ। ਫਿਰ ਇੱਕ ਦਿਨ ਆਖਣ ਲੱਗੇ ਕਿ ਜੇਕਰ ਮੈਂ ਪ੍ਰਵਾਨ ਕਰਾਂ ਤਾਂ ਉਹ ਮੈਨੂੰ ਪੰਜਾਬੀ ਸੱਥ ਵੱਲੋਂ ੨੦੦੮ ਦਾ ਸਾਹਿਤਕ ਸਨਮਾਨ ਦਿਵਾਉਣਾ ਚਾਹੁਣਗੇ। ਮੇਰਾ ਜਵਾਬ ਸੀ, ‘ਬਾਬੇ ਦੀ ਦਾਲ਼ ਵਿੱਚ ਘਿਉ ਪੁੱਛ ਪੁੱਛ ਪਾਈਦਾ?” ਧੰਨਭਾਗ ਮੇਰੇ! “ਨਹ ਬਿਲੰਬ ਧਰਮੰ॥ ਬਿਲੰਬ ਪਾਪੰ॥” (ਗੁਰਬਾਣੀ)
ਥੋਹੜੇ ਦਿਨਾਂ ਪਿੱਛੋਂ ਮੈਨੂੰ ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਵੱਲੋਂ ਚਿੱਠੀ ਪ੍ਰਾਪਤ ਹੋ ਗਈ ਜਿਸ ਵਿੱਚ ਲਿਖਿਆ ਗਿਆ ਸੀ ਕਿ ਮੈਨੂੰ ਪ੍ਰਿੰਸੀਪਲ ਤੇਜਾ ਸਿੰਘ ਸਾਹਿਤਕ ਸਨਮਾਨ ਦੇਣ ਦਾ ਪੰਜਾਬੀ ਸੱਥ ਵੱਲੋਂ ਫੈਸਲਾ ਕੀਤਾ ਗਿਆ ਹੈ। ਇਹ ਸਨਮਾਨ ਸੱਥ ਦੇ ਨੁਮਾਇੰਦੇ, ਮੇਰੇ ਆਪਣੇ ਵੇਹੜੇ, ਸਿਡਨੀ ਵਿਖੇ ਆ ਕੇ ਹੀ ਦੇਣਗੇ। ਹੋਰ ਵੀ ਇਸ ਚਿੱਠੀ ਵਿਚ, ਮੇਰੀ ਹੌਸਲਾ ਅਫ਼ਜ਼ਾਈ ਵਾਸਤੇ, ਬਹੁਤ ਸਾਰੇ ਪ੍ਰਸੰਸਕ ਸ਼ਬਦ ਵਰਤੇ ਗਏ। ਇਹ ਵੀ ਲਿਖਿਆ ਗਿਆ ਕਿ ਕਦੀ ਮੇਰੀਆਂ ਲਿਖਤਾਂ ਵਿਚੋਂ ਰਸੂਲ ਹਮਜ਼ਾਤਵ ਝਾਕਦਾ ਹੈ ਤੇ ਕਦੇ ਪ੍ਰਿੰਸੀਪਲ ਤੇਜਾ ਸਿੰਘ ਝਾਤੀਆਂ ਮਾਰਦਾ ਹੈ। ਓਦੋਂ ਮੈਂ ਹਮਜ਼ਾਤਵ ਅਤੇ ਉਸ ਦੇ ‘ਦਾਗ਼ਿਸਤਾਨ’ ਦਾ ਨਾਂ ਤਾਂ ਸੁਣਿਆ ਹੋਇਆ ਸੀ ਪਰ ਉਸ ਦੀ ਕਿਸੇ ਲਿਖਤ ਦੇ ਦਰਸ਼ਨ ਨਹੀਂ ਸਨ ਕੀਤੇ। ਇਸ ਚਿੱਠੀ ਤੋਂ ਪ੍ਰਭਾਵਤ ਹੋ ਕੇ ਫਿਰ ਮੈਂ ਉਸ ਦੇ ਦਾਗ਼ਿਸਤਾਨ ਵਿਚਦੀ ਲੰਘਿਆ। ਪ੍ਰਿੰਸੀਪਲ ਤੇਜਾ ਸਿੰਘ ਦੀਆਂ ਲਿਖਤਾਂ ਤਾਂ ਕੁੱਝ ਬਹੁਤ ਸਮਾ ਪਹਿਲਾਂ ਪੜ੍ਹੀਆਂ ਸਨ ਤੇ ਉਸ ਦੀ ‘ਆਰਸੀ’ ਦੁਬਾਰਾ, ਆਪਣੀ ਭਣੇਵੀਂ ਦੇ ਮੁੜ ਮੁੜ ਜੋਰ ਦੇਣ ਤੇ ਫਿਰ ਪੜ੍ਹੀ। ਬਹੁਤ ਸਾਰੇ ਲੇਖਕਾਂ ਵਾਂਙ ਪ੍ਰਿੰਸੀਪਲ ਸਾਹਿਬ ਦੀਆਂ ਲਿਖਤਾਂ ਦਾ ਮੈਂ ਪ੍ਰਸੰਸਕ ਹਾਂ, ਸਗੋਂ ਕੁੱਝ ਵਧੇਰੇ ਹੀ।
ਏਸੇ ਦੌਰਾਨ, ਯੂਰਪ ਦੇ ਕੁੱਝ ਮੁਲਕਾਂ ਦੀ ਯਾਤਰਾ ਸਮੇ, ਮੈਨੂੰ ਸੱਥ ਦੇ ਸੱਦੇ ਉਪਰ ਬਰਮਿੰਘਮ ਸੱਦਿਆ ਗਿਆ। ਓਥੇ ਸਾਹਿਤਕਾਰਾਂ ਦੇ ਇਕੱਠ ਵਿੱਚ ਮੇਰਾ ਸਨਮਾਨ ਕੀਤਾ ਗਿਆ ਤੇ ਸੱਥ ਦੀ ਯੂਰਪੀ ਇਕਾਈ ਵੱਲੋਂ, ਪ੍ਰੋ. ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਤੇਜਾ ਸਿੰਘ ਜੀ ਨਾਲ਼ ਆਪਣਾ ਨਾਂ ਜੁੜਦਾ ਜਾਣ ਕੇ ਤਾਂ ਮੈਨੂੰ ਕੁਤਕੁਤਕਾਰੀ ਜਿਹੀ ਵਰਗੀ ਖ਼ੁਸ਼ੀ ਮਹਿਸੂਸ ਹੋਵੇ ਪਰ ਕਿਥੇ ਪ੍ਰੋ. ਪੂਰਨ ਸਿੰਘ ਵਰਗਾ ਅਲਬੇਲਾ ਕਵੀ; ਕਵਿਤਾ ਦਾ ਵਗਦਾ ਦਰਿਆ ਤੇ ਕਿਥੇ ਵਿਚਾਰਾ ਸੰਤੋਖ ਸਿੰਘ; ਜਿਸ ਉਪਰ ਕਵਿਤਾ ਨਾਂ ਦੀ ਸ਼ੈ ਬਾਰੇ, “ਕਾਲ਼ਾ ਅੱਖਰ ਭੈਂਸ ਬਰਾਬਰ। “ਵਾਲੀ ਅਖੌਤ ਢੁਕੇ! ਪਰ ‘ਕੁਝ ਮਿਲ਼ਦਾ’ ਵੇਖ ਕੇ ਮੈਂ ਚੁੱਪ ਹੀ ਰਿਹਾ। ਵੈਸੇ ਵੀ `ਚੁੱਪ’ ਨੂੰ ਮੂਰਖਾਂ ਦਾ ਗਹਿਣਾ ਆਖ ਕੇ, ਸਿਆਣਿਆਂ ਵੱਲੋਂ ਵਡਿਆਇਆ ਗਿਆ ਹੈ।
ਫਿਰ ਉਹ ਸਮਾ ਵੀ ਆ ਗਿਆ ਜਦੋਂ ਸ. ਮੋਤਾ ਸਿੰਘ ਸਰਾਇ, ਆਪਣੇ ਸਾਥੀ ਜੁਝਾਰੂ ਕਵੀ, ਸ. ਹਰਜਿੰਦਰ ਸਿੰਘ ਸੰਧੂ ਨਾਲ ਸਿਡਨੀ ਵਿੱਚ ਆਏ ਤੇ ਇੱਕ ਵਿਸ਼ਾਲ ਸਮਾਰੋਹ ਵਿੱਚ ਮੈਨੂੰ ਗੋਲਡ ਮੈਡਲ, ਸ਼ਾਲ, ਸਿਰੋਪਾ ਅਤੇ ਪੰਜਾਬੀ ਸੱਥ ਦੀ ‘ਆਸਟ੍ਰੇਲੇਸ਼ੀਅਨ ਇਕਾਈ’ ਦੀ ਸਰਪ੍ਰਸਤੀ ਵਾਲ਼ਾ ਪੱਤਰ ਪ੍ਰਦਾਨ ਕਰਕੇ ਗਏ।
ਇਸ ਸਮੇ ਮੇਰੀਆਂ ਆਪਣੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਇੱਕ ਹਰਿਭਜਨ ਸਿੰਘ ਵਕਤਾ ਵੱਲੋਂ ਮੇਰੇ ਪਾਠਕਾਂ ਦੇ ਵਿਚਾਰ ਵੀ ਇਕਤੱਤਰ ਕਰਕੇ ਕਿਤਾਬੀ ਰੂਪ ਵਿੱਚ ਛਾਪੇ ਜਾ ਚੁੱਕੇ ਹਨ। ਪਹਿਲੀ ਕਿਤਾਬ ਦੀ ਪੰਜਵੀਂ ਐਡੀਸ਼ਨ ਵੀ ਪਾਠਕਾਂ ਤੱਕ ਪਹੁੰਚ ਰਹੀ ਹੈ ਤੇ ‘ਜੋ ਵੇਖਿਆ ਸੋ ਆਖਿਆ’ ਦੀ ਦੁਜੀ ਐਡੀਸ਼ਨ ਵੀ ਸਮਾਪਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਸੰਪਾਦਕ ਮੇਰੇ ਲੇਖ ਮੰਗ ਕੇ ਆਪਣੇ ਪਰਚਿਆਂ ਵਿੱਚ ਛਾਪਦੇ ਹਨ ਤੇ ਕਈ ਇੱਕ ਪਰਚੇ ਤੋਂ ਸਿਧੇ ਹੀ ਲੈ ਕੇ ਆਪੋ ਆਪਣੇ ਪਰਚੇ ਵਿੱਚ ਛਾਪ ਕੇ, ਮੇਰੇ ਮਾਣ ਵਿੱਚ ਵਾਧਾ ਕਰਦੇ ਹੋਏ ਮੈਨੂੰ ਧੰਨਵਾਦੀ ਬਣਾਉਂਦੇ ਹਨ।
ਇਸ ਤੋਂ ਇਲਾਵਾ ਬਹੁਤ ਸਾਰੇ ਵਿਦਵਾਨਾਂ ਨੇ ਸਮੇ ਸਮੇ ਮੇਰੀਆਂ ਲਿਖਤਾਂ ਬਾਰੇ ਚੰਗਾ ਪ੍ਰਭਾਵ ਪਾਉਂਦੇ ਸੋਹਣੇ ਪ੍ਰਸੰਸਕ ਸ਼ਬਦਾਂ ਭਰਪੂਰ ਲੇਖ ਵੀ ਲਿਖੇ ਹਨ। ਸੰਸਾਰ ਭਰ ਵਿੱਚ ਪਸਰੇ ਪੰਜਾਬੀ ਭਾਈਚਾਰੇ ਦੇ ਪਾਠਕ ਮੇਰੇ ਲੇਖਾਂ ਨੂੰ ਉਤਸ਼ਾਹ ਸਹਿਤ ਪੜ੍ਹਦੇ ਹਨ।
.