.

ਸਿੱਖ ਸਟੱਡੀਜ਼ ਦੀ ਵਾਸਤਵਿਕਤਾ
ਹਾਕਮ ਸਿੰਘ

(ਕਿਸ਼ਤ ਨੰ: 02)

ਸਿੰਘ ਸਭਾ ਲਹਿਰ ਦਾ ਸਿਆਸੀਕਰਨ ਹੋ ਜਾਣਾ ਮੰਦਭਾਗਾ ਸੀ ਕਿਉਂਕਿ ਸਿਆਸਤ ਅਤੇ ਗੁਰਮਤਿ ਦਾ ਮੇਲ ਨਹੀਂ ਹੈ। ਗੁਰਮਤਿ ਤੇ ਮਨੁੱਖ ਨੂੰ ਆਪਣੇ ਮਨ ਨੂੰ ਕਾਬੂ ਕਰਕੇ ਪ੍ਰਭੂ ਦੇ ਗੁਣ ਗਾਇਨ ਅਤੇ ਆਪਣੇ ਜੀਵਨ ਵਿਚ ਸੰਤੋਖ, ਹਲੀਮੀ, ਨਿਰਵੈਰਤਾ ਅਤੇ ਗੁਰਬਾਣੀ ਵਿਚ ਦਰਸਾਈ ਨੈਤਿਕਤਾ ਧਾਰਨ ਕਰਨ ਦਾ ਉਪਦੇਸ਼ ਕਰਦੀ ਹੈ ਜਿਸ ਨੂੰ ਸਿਆਸਤਦਾਨ ਪਸੰਦ ਨਹੀਂ ਕਰਦੇ। ਅਜੋਕੀ ਸਿਆਸਤ ਤੇ ਲੋਕਾਂ ਵਿਚ ਵੰਡੀਆਂ ਪਾ ਉਹਨਾਂ ਨੂੰ ਆਪਸ ਵਿਚ ਲੜਾ ਕੇ ਉਹਨਾਂ ਦਾ ਸ਼ੋਸ਼ਣ ਕਰਨ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਗੁਰਮਤਿ ਐਸੇ ਵਿਹਾਰ ਵਿਚ ਅੜਿੱਕਾ ਬਣ ਜਾਂਦੀ ਹੈ। ਗੁਰਮਤਿ ਦੀ ਲੋਕਾਂ ਵਿਚ ਸ਼ਰਧਾ ਹੋਣ ਕਾਰਨ ਸਿਆਸਤਦਾਨ ਇਸ ਨੂੰ ਅਣਡਿੱਠ ਵੀ ਨਹੀਂ ਕਰ ਸਕਦੇ। ਇਸ ਲਈ ਉਹ ਸਿੱਖ ਧਰਮ ਨੂੰ ਸਿਆਸੀ ਮੋਹਰਾ ਬਨਾਉਣ ਲਈ ਨਕਲੀ ਗ੍ਰੰਥਾਂ ਦਾ ਸਹਾਰਾ ਲੈਂਦੇ ਹਨ ਅਤੇ ਗੁਰਬਾਣੀ ਉਪਦੇਸ਼ ਦਾ ਦਿਖਾਵਾ ਅਤੇ ਪਾਖੰਡ ਕਰਦੇ ਹਨ। ਵੈਸੇ ਤੇ ਸਿਆਸਤ ਇਕ ਸਾਰਥਕ ਕਿੱਤਾ ਹੈ ਜਿਸ ਦਾ ਅਸਲੀ ਮਨੋਰਥ ਇਕ ਖੇਤਰ ਦੇ ਸਮਾਜਕ ਜੀਵਨ ਨੂੰ ਸੁਖਾਲਾ, ਸੁਰਖਿਅਤ ਅਤੇ ਪਰਗਤੀ ਵਾਦੀ ਬਨਾਉਣ ਦਾ ਉਚਿਤ ਪ੍ਰਬੰਧ ਕਰਨਾ ਹੈ ਜਿਸ ਲਈ ਓਥੋਂ ਦੇ ਵਸਨੀਕ ਆਪਸ ਵਿਚ ਰਲ ਮਿਲ ਕੇ ਇਸ ਕੰਮ ਲਈ ਯੋਗ ਸਿਆਸੀ ਆਗੂ ਚੁਣਦੇ ਹਨ। ਆਖਿਆ ਜਾਂਦਾ ਹੈ ਕਿ ਸਿਆਸਤ ਆਪਸ ਵਿਚ ਰਲ ਮਿਲ ਕੇ ਰਹਿਣ ਦਾ ਹੁਨਰ ਹੈ (Politics is the art of living together)। ਇਹ ਇਕ ਮਹੱਤਵ ਪੂਰਨ ਸਮਾਜ ਸੇਵਾ ਵੀ ਹੈ। ਸਮਾਜਕ ਪ੍ਰਬੰਧ ਲਈ ਸਿਆਸਤਦਾਨ ਸਰਕਾਰ ਸੰਗਠਿਤ ਕਰਦੇ ਹਨ, ਜਿਸ ਦੇ ਤਿੰਨ ਮੁੱਖ ਕਰਤਵ ਹੁੰਦੇ ਹਨ: (੧) ਰਾਜ ਦੇ ਕਨੂੰਨ ਬਣਾਉਣਾ; (੨) ਕਨੂੰਨਾਂ ਨੂੰ ਲਾਗੂ ਕਰਨਾ ਅਤੇ (੩) ਨਿਆਂ ਦੀ ਵਿਵਸਥਾ ਕਰਨਾ। ਆਧੁਨਿਕ ਸੰਵਿਧਾਨਾਂ ਵਿਚ ਰਾਜ ਦੇ ਇਹਨਾਂ ਤਿੰਨ ਅੰਗਾਂ, ਸੰਸਦ, ਰਾਜ ਪ੍ਰਬੰਧ ਅਤੇ ਨਿਆਂ ਪਰਣਾਲੀ ਦੀਆਂ ਦੋ ਵਿਵਸਥਾਵਾਂ ਪਰਚਲਤ ਹਨ। ਇਕ, ਜਿਸ ਵਿਚ ਸੰਸਦ ਵਿਚ ਬਹੁਮਤ ਵਾਲਾ ਧੜਾ ਮੰਤਰੀ ਮੰਡਲ ਬਣਾ ਕੇ ਰਾਜ ਪ੍ਰਬੰਧ ਕਰਦਾ ਹੈ। ਦੂਜਾ, ਜਿਸ ਵਿਚ ਸਰਕਾਰ ਦੇ ਤਿੰਨੋਂ ਅੰਗ ਸਵੈਧੀਨ ਹੁੰਦੇ ਹਨ ਅਤੇ ਇਕ ਦੂਜੇ ਨੂੰ ਅਧਿਕਾਰਾਂ ਦੀ ਦੁਰਵਰਤੋਂ ਕਰਨ ਤੋਂ ਰੋਕਦੇ ਅਤੇ ਰਾਜ ਭਾਗ ਵਿਚ ਸੰਤੁਲਨ (Checks and Balances) ਕਾਇਮ ਰੱਖਦੇ ਹਨ । ਅਜੋਕੇ ਸਿਆਸਤਦਾਨਾਂ ਵਿਚ ਸਵਾਰਥੀ ਅਤੇ ਲੋਭੀਆਂ ਦੀ ਬਹੁਤਾਤ ਅਤੇ ਵਪਾਰਕ ਬਿਰਤੀ ਦੀ ਵਿਆਪਕਤਾ ਹੋਣ ਕਾਰਨ ਲੋਕ ਸੇਵਾ ਦੀ ਭਾਵਨਾ ਘੱਟ ਅਤੇ ਲੋਕਾਂ ਦਾ ਸ਼ੋਸ਼ਣ ਕਰਨ ਦੀ ਰੁਚੀ ਜ਼ਿਆਦਾ ਹੈ, ਜਿਸ ਨਾਲ ਸਿਆਸਤ ਦਾ ਕਿੱਤਾ ਬਦਨਾਮ ਹੋ ਗਿਆ ਹੈ। ਗੁਰਬਾਣੀ ਸਵਾਰਥੀ ਸਿਆਸਤਦਾਨਾਂ ਬਾਰੇ ਫੁਰਮਾਨ ਕਰਦੀ ਹੈ: “ਕਬੀਰ ਜਹਾ ਗਿਆਨੁ ਤਹ ਧਰਮੁ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥” (ਪੰ: ੧੩੭੨); “ਹਉਮੈ ਕਰਿ ਰਾਜੇ ਬਹੁ ਧਾਵਹਿ॥ ਹਉਮੈ ਖਪਹਿ ਜਨਮਿ ਮਰਿ ਆਵਹਿ॥” (ਪੰ: ੨੨੬)।
ਬਹੁਤੇ ਸਿੱਖ ਵਿਦਵਾਨ, ਵਿਸ਼ੇਸ਼ ਕਰਕੇ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ, ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਿ ਗੁਰਮਤਿ ਅਤੇ ਸਿਆਸਤ ਦਾ ਮੇਲ ਨਹੀਂ ਹੈ। ਉਹਨਾਂ ਅਨੁਸਾਰ ਤੇ ਰਾਜ ਬਿਨਾ ਧਰਮ ਚਲ ਨਹੀਂ ਸਕਦਾ। ਉਹਨਾਂ ਦੀ ਧਾਰਨਾ ਹੈ ਕਿ ਸਿੱਖ ਧਰਮ ਦਾ ਆਧਾਰ ਰਾਜ ਸ਼ਕਤੀ ਹੈ ਗੁਰਮਤਿ ਨਹੀਂ। ਪਰ ਸਿੱਖ ਧਰਮ ਦੇ ਤੇ ਦੋ ਹੀ ਅੰਗ ਹਨ: (੧) ਗੁਰਮਤਿ ਗਿਆਨ ਅਤੇ (੨) ਗੁਰਮਤਿ ਅਨੁਸਾਰੀ ਧਾਰਮਕ ਜੀਵਨ। ਰਾਜ ਸ਼ਕਤੀ ਸਿੱਖ ਧਰਮ ਦਾ ਅੰਗ ਨਹੀਂ ਹੈ। ਗੁਰਮਤਿ ਗਿਆਨ ਅਨੁਸਾਰੀ ਧਾਰਮਕ ਜੀਵਨ ਹਰ ਕਾਰਜ ਵਿਚ ਹਉਮੈ ਅਤੇ ਦੂਜੇ ਵਿਸੇ ਵਿਕਾਰਾਂ ਦੇ ਪਰਭਾਵ ਤੋਂ ਮੁਕਤ ਹੁੰਦਾ ਹੈ। ਐਸੇ ਜੀਵਨ ਵਿਚ ਹਰ ਨਿਰਨਾ ਗੁਰਬਾਣੀ ਉਪਦੇਸ਼ ਦੀ ਰੌਸ਼ਨੀ ਵਿਚ ਲਿਆ ਜਾਂਦਾ ਹੈ। ਸਿਆਸੀ ਨਿਰਨੇ ਵੀ ਗੁਰਮਤਿ ਅਨੁਸਾਰੀ ਲਏ ਜਾਂਦੇ ਹਨ ਜਾਂ ਇਉਂ ਕਹੋ ਕਿ ਸਿਆਸਤ ਲੋਕ ਸੇਵਾ ਨੂੰ ਸਮਰਪਿਤ ਹੁੰਦੀ ਹੈ। ਵੇਖਿਆ ਜਾਵੇ ਤਾਂ ਸਿਆਸਤ ਅਤੇ ਇਸ ਦੇ ਉਪਰ ਦਿੱਤੇ ਤਿੰਨ ਕਰਤਵਾਂ ਦਾ ਗੁਰਮਤਿ ਦੀ ਅਧਿਆਤਮਿਕ ਵਿਚਾਰਧਾਰਾ ਅਤੇ ਸਿੱਖ ਧਾਰਮਕ ਜੀਵਨ ਨਾਲ ਕੋਈ ਸਬੰਧ ਨਹੀਂ ਹੈ ਫਿਰ ਵੀ ਬਹੁਤੇ ਸਿੱਖ ਸ਼ਰਧਾਲੂ ਰਾਜਸੀ ਸ਼ਕਤੀ ਦੀ ਘਾਟ ਕਾਰਨ ਸਿੱਖ ਧਰਮ ਨੂੰ ਸੁਰਖਿਅਤ ਸਮਝਦੇ ਹਨ। ਅਸੁਰਖਿਆ ਦੇ ਤੌਖਲੇ ਦਾ ਮੂਲ ਕਾਰਨ ਬੀਤੇ ਦੁਖਦਾਈ ਸਿੱਖ ਇਤਹਾਸ ਦੀ ਦਰਦਭਰੀ ਯਾਦ ਹੈ ਜੋ ਲੋਕਾਂ ਦੇ ਭਵਿੱਖ ਨੂੰ ਧੁੰਦਲਾ ਅਤੇ ਅਸੰਭਵ ਆਕਾਂਖਿਆਵਾਂ ਨੂੰ ਉਤੇਜਿਤ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰਦੀ ਰਹੀ ਹੈ, ਜਿਸ ਤੋਂ ਲਾਭ ਉਠਾਉਣ ਲਈ ਸਿਆਸੀ ਵਿਅਕਤੀ ਹਰ ਸਮੇਂ ਵਿਆਕੁਲ ਰਹਿੰਦੇ ਹਨ। ਸਿਖਾਂ ਅਤੇ ਭਾਰਤੀ ਜਨਤਾ ਨੇ ਮਾਨਵੀ ਅਧਿਕਾਰਾਂ ਦੀ ਪਰਾਪਤੀ ਲਈ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਜਿਸ ਦੇ ਫਲ ਸਰੂਪ ਭਾਰਤੀ ਸੰਵਿਧਾਨ ਵਿਚ ਧਰਮ ਨਿਰਪੇਖਤਾ ਦਾ ਸਿਧਾਂਤ ਪਰਵਾਨ ਹੋਇਆ ਹੈ। ਧਰਮ ਨਿਰਪੇਖਤਾ ਮੂਲ ਮਨੁੱਖੀ ਅਧਿਕਾਰਾਂ ਦਾ ਆਧਾਰ ਵੀ ਆਖੀ ਜਾ ਸਕਦੀ ਹੈ। ਭਾਰਤ ਦੀ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਿਤ ਹੋਣ ਕਾਰਨ ਫਿਰਕੂ ਅਤੇ ਕੱਟੜ ਵਾਦੀ ਹਿੰਦੂ ਦੂਜੇ ਘੱਟ ਗਿਣਤੀਆਂ ਦੇ ਧਰਮਾਂ ਦੇ ਅਨੁਆਈਆਂ ਨਾਲ ਵਿਤਕਰਾ ਅਤੇ ਉਹਨਾਂ ਉਪਰ ਤਸ਼ੱਦਦ ਕਰਨ ਦੀ ਰੁਚੀ ਰੱਖਦੇ ਹਨ। ਐਸੇ ਵਾਤਾਵਰਣ ਵਿਚ ਘੱਟ ਗਿਣਤੀ ਦਲਿਤਾਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਆਦਿ ਵਾਸੀਆਂ, ਪਾਰਸੀਆਂ ਅਤੇ ਹੋਰ ਧਰਮਾਂ ਦੇ ਅਨੁਆਈਆਂ ਅਤੇ ਧਰਮ ਨਿਰਪੇਖ ਨਾਗਰਿਕਾਂ ਦਾ ਅਸੁਰਖਿਅਤ ਮਹਿਸੂਸ ਕਰਨਾ ਸੁਭਾਵਕ ਹੈ। ਹਿੰਦੂ ਕੱਟੜ ਵਾਦੀਆਂ ਨੇ ਤੇ ਆਪਣੀ ਸ਼ਕਤੀ ਦੀ ਪਰਦਰਸ਼ਨੀ ਅਤੇ ਦੂਜੇ ਧਰਮਾਂ ਦੇ ਉਪਾਸ਼ਕਾਂ ਨੂੰ ਭੈ ਭੀਤ ਕਰਨ ਲਈ ਸਿਆਸੀ ਫੌਜਾਂ ਵੀ ਬਣਾਇਆਂ ਹੋਈਆਂ ਹਨ, ਜਿਨ੍ਹਾਂ ਨੇ ਭਾਰਤ ਦੀ ਸਾਰੀ ਗੈਰ-ਹਿੰਦੂ ਜਨਤਾ ਨੂੰ ਜ਼ਬਰਦਸਤੀ ਸ਼ੂਦਰ ਸ਼੍ਰੇਣੀ ਦੇ ਹਿੰਦੂ ਬਨਾਉਣ ਦਾ ਟੀਚਾ ਮਿਥਿਆ ਹੋਇਆ ਹੈ। ਉਹ ਭਾੜੇ ਦੇ ਗੁੰਡਿਆਂ ਤੋਂ ਮਾਰ ਧਾੜ ਕਰਵਾ ਕੇ ਦੂਜੇ ਧਰਮਾਂ ਨੂੰ ਬਦਨਾਮ ਕਰਨ ਦੀਆਂ ਨੀਚ ਹਰਕਤਾਂ ਵੀ ਕਰਦੇ ਰਹੇ ਹਨ। ਐਸੀ ਸਥਿਤੀ ਵਿਚ ਰਸਮੀ ਸਿਆਣਪ ਤੇ ਇਹੋ ਸੁਝਾ ਦਿੰਦੀ ਹੈ ਕਿ ਘੱਟ ਗਿਣਤੀ ਧਰਮਾਂ ਦੇ ਉਪਾਸ਼ਕਾਂ ਨੂੰ ਇਕੱਠੇ ਅਤੇ ਸੰਗਠਿਤ ਹੋ ਕੇ ਸੰਵਿਧਾਨ ਦੇ ਧਰਮ ਨਿਰਪੇਖ ਵਿਧਾਨਾਂ ਨੂੰ ਦਿਆਨਤਦਾਰੀ ਨਾਲ ਲਾਗੂ ਕਰਨ ਅਤੇ ਸੰਵਿਧਾਨ ਦੇ ਧਰਮ ਨਿਰਪੇਖਤਾ ਤੋਂ ਵਿਰੋਧੀ ਵਿਧਾਨਾਂ ਅਤੇ ਕਨੂੰਨਾਂ ਨੂੰ ਸੁਧਾਰਨ ਤੇ ਜ਼ੋਰ ਦੇਣ ਅਤੇ ਆਪਣੀਆਂ ਇਹਨਾਂ ਮੰਗਾਂ ਦੀ ਸਫਲਤਾ ਲਈ ਸੰਘਰਸ਼ ਕਰਨ ਦਾ ਪਰੋਗਰਾਮ ਉਲੀਕਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਯਾਦ ਰਹੇ ਕਿ ਸੁਤੰਤਰਤਾ ਅਤੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਅਤੇ ਪਰਾਪਤੀ ਦਾ ਮੁਲ ਹਮੇਸ਼ਾ ਹੀ ਤਾਰਨਾ ਪੈਂਦਾ ਹੈ। ਸਿੱਖਾਂ ਨੂੰ ਇਸ ਕੰਮ ਵਿਚ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਹਿੰਦੂ ਫ਼ਿਰਕਾਪ੍ਰਸਤਾਂ ਨੇ ਸਿੱਖੀ ਨੂੰ ਢਾਅ ਲਾਉਣ ਲਈ ਗੁਰਮਤਿ ਵਿਚਾਰਧਾਰਾ ਵਿਚ ਕਾਂਜੀ ਘੋਲਣ ਲਈ ਨੀਮ ਸਿੱਖ ਧਾਰਮਕ ਸੰਸਥਾ ਵੀ ਖੜ੍ਹੀ ਕਰੀ ਹੋਈ ਹੈ। ਕਿਸੇ ਵੀ ਘੱਟ ਗਿਣਤੀ ਧਰਮ ਦੇ ਅਨੁਆਈਆਂ ਵੱਲੋਂ ਇਸ ਸਮੇਂ ਫਿਰਕੂ ਜਾਂ ਕੱਟੜ ਪੰਥੀ ਨੀਤੀ ਅਖਤਿਆਰ ਕਰਨੀ ਉਹਨਾਂ ਲਈ ਹਾਨੀਕਾਰਕ ਹੈ ਕਿਉਂਕਿ ਐਸਾ ਕਰਨ ਨਾਲ ਹਿੰਦੂ ਫ਼ਿਰਕਾਪ੍ਰਸਤਾਂ ਨੂੰ ਉਸ ਧਰਮ ਦੇ ਮਾਸੂਮ ਉਪਾਸ਼ਕਾਂ ਤੇ ਤਸ਼ੱਦਦ ਕਰਨ ਅਤੇ ਆਪਣੀ ਸਿਆਸੀ ਸ਼ਕਤੀ ਵਧਾਉਣ ਦਾ ਬਹਾਨਾ ਮਿਲ ਜਾਂਦਾ ਹੈ। ਅਜੋਕੇ ਭਾਰਤੀ ਸਮਾਜ ਦੇ ਹਾਲਾਤ ਸੁਖਾਵੇਂ ਨਹੀਂ ਹਨ ਇਸ ਲਈ ਹਰ ਘੱਟ ਗਿਣਤੀ ਧਰਮ ਨੂੰ, ਵਿਸ਼ੇਸ਼ ਕਰਕੇ ਸਿੱਖ ਧਰਮ ਦੇ ਉਪਾਸ਼ਕਾਂ ਨੂੰ, ਸੋਚ ਸਮਝ ਕੇ ਗੁਰਮਤਿ ਅਨੁਸਾਰੀ ਨੀਤੀ ਨਿਰਧਾਰਨ ਕਰਨ ਦੀ ਸਖ਼ਤ ਲੋੜ ਹੈ।
ਰਾਜ ਸ਼ਕਤੀ ਨਾਲ ਧਰਮ ਚਲਾਉਣ ਵਾਲਿਆਂ ਦਾ ਬਹੁਤ ਪੁਰਾਣਾ ਅਤੇ ਘਿਨਾਉਣਾ ਇਤਹਾਸ ਹੈ। ਈਸਾਈਆਂ ਅਤੇ ਮੁਸਲਮਾਨਾਂ ਨੇ ਰਾਜ ਸ਼ਕਤੀ ਨਾਲ ਧਰਮ ਫੈਲਾਉਣ ਦੀ ਨੀਤੀ ਅਪਣਾਈ ਸੀ। ਈਸਾਈ ਮਤ ਦੇ ਉਪਾਸ਼ਕਾਂ ਨੇ ਤਲਵਾਰ ਦੇ ਜ਼ੋਰ ਤੇ ਲੱਖਾਂ ਲੋਕਾਂ ਨੂੰ ਈਸਾਈ ਬਣਾਇਆ ਅਤੇ ਕਈ ਦੇਸ਼ਾਂ ਦੇ ਵਾਸੀਆਂ ਦੀ ਨਸਲਕੁਸ਼ੀ ਕਰ ਛੱਡੀ। ਉਹਨਾਂ ਦੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਸਿਧਾਂਤ
(Theory of Two Swords) ਨੇ ਤਕਰੀਬਨ ਪੰਜ ਸੌ ਸਾਲ ਯੂਰਪੀਏ ਪਾਦਰੀਆਂ ਅਤੇ ਸਮਰਾਟਾਂ ਵਿਚ ਲੜਾਈ ਪਾਈ ਰੱਖੀ, ਜਿਸ ਨੂੰ ਅੰਤ ਵਿਚ ਧਰਮ ਨਿਰਪੇਖਤਾ ਦੇ ਸਿਧਾਂਤ ਰਾਹੀਂ ਨਜਿੱਠਿਆ ਗਿਆ। ਇਸਲਾਮ ਦੇ ਪੈਰੋਕਾਰ ਕਤਲੇ ਆਮ ਕਰਕੇ ਇਸਲਾਮ ਫੈਲਾਉਣ ਵਿਚ ਵਿਸ਼ਵਾਸ ਰੱਖਦੇ ਸਨ। ਮੱਧ ਏਸ਼ੀਆ ਦੇ ਇਸਲਾ ਮਿਕ ਰਾਜਾਂ ਵਿਚ ਤੇ ਹਾਲੇ ਵੀ ਬਹੁਤ ਹੱਦ ਤੱਕ ਸ਼ਰ੍ਹਾ ਹੀ ਰਾਜਨੀਤੀ ਨਿਰਧਾਰਤ ਕਰਦੀ ਹੈ। ਗੁਰਬਾਣੀ ਉਪਦੇਸ਼ ਦੇ ਪਰਭਾਵ ਅਧੀਨ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਧਰਮ ਨਿਰਪੇਖ ਰਾਜ ਕਾਇਮ ਕੀਤਾ ਸੀ। ਉਹਨਾਂ ਨੇ ਲੋਕਾਂ ਨੂੰ ਸਿੱਖ ਬਨਾਉਣ ਦੀ ਨੀਤੀ ਨਹੀਂ ਅਪਣਾਈ ਬਲਕਿ ਹਿੰਦੂ ਮੰਦਰਾਂ ਅਤੇ ਇਸਲਾਮ ਧਰਮ ਦੀਆਂ ਮਸਜ਼ਿਦਾਂ ਦੀ ਯਥਾਸ਼ਕਤ ਸਹਾਇਤਾ ਕੀਤੀ। ਹੁਣ ਬਹੁਤੀਆਂ ਕੌਮਾਂ ਦੇ ਸੰਵਿਧਾਨ ਧਰਮ ਨਿਰਪੇਖਤਾ ਦੇ ਸਿਧਾਂਤ ਨੂੰ ਪਰਵਾਨ ਕਰਦੇ ਹਨ। ਸੰਯੁਕਤ ਰਾਸ਼ਟਰ ਵੀ ਹਰ ਧਾਰਮਕ ਭਾਵਨਾ ਦਾ ਸਤਕਾਰ ਕਰਦਾ ਹੈ ਅਤੇ ਧਰਮ ਨਿਰਪੇਖ ਰਾਜਸੀ ਢਾਂਚੇ ਦਾ ਮੁੱਦਈ ਹੈ। ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਧਰਮ ਨੂੰ ਸਿਆਸਤ ਨਾਲ ਜੋੜਨ ਤੇ ਰਾਜ ਵਿਚ ਅਣਸੁਖਾਵੇਂ ਧਾਰਮਕ ਵਿਵਾਦ ਪੈਦਾ ਹੋ ਜਾਂਦੇ ਹਨ ਅਤੇ ਸਿਆਸੀ ਵਿਵਾਦਾਂ ਵਿਚ ਧਰਮ ਦਾ ਅਧਿਆਤਮਿਕ ਆਧਾਰ ਨਸ਼ਟ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰਾਜ ਸਥਾਪਤ ਕਰਨ ਅਤੇ ਰਾਜੇ ਬਨਣ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੱਤੀ ਗਈ ਹੈ ਫਿਰ ਵੀ ਸਿੱਖ ਜਗਤ ਵਿਚ ਧਰਮ ਅਤੇ ਸਿਆਸਤ ਦੇ ਸੁਮੇਲ ਨੂੰ ਗੁਰਮਤਿ ਦਾ ਸਿਧਾਂਤ ਸਿੱਧ ਕਰਨ ਦੇ ਕਾਫੀ ਜਤਨ ਹੁੰਦੇ ਰਹੇ ਹਨ। ਦਰ ਅਸਲ ਰਾਜ ਭਾਗ ਲੋਕਾਂ ਦੀ ਸ਼ਕਤੀ ਨੂੰ ਉਹਨਾਂ ਦੀ ਭਲਾਈ ਲਈ ਵਰਤਣ ਲਈ ਸਿਰਜਿਆ ਸੰਗਠਨ ਹੁੰਦਾ ਹੈ। ਜੋ ਆਗੂ ਲੋਕ ਸੇਵਾ ਲਈ ਆਪਣਾ ਜੀਵਨ ਅਰਪਿਤ ਕਰਦੇ ਹਨ ਗੁਰਬਾਣੀ ਅਨੁਸਾਰ ਉਹੋ ਲੋਕਾਂ ਦੇ ਸਤਕਾਰ ਦੇ ਪਾਤਰ ਬਣਦੇ ਹਨ ਅਤੇ ਗੁਰਮਤਿ ਵਿਚ ਪਰਵਾਨ ਹਨ। ਗੁਰਬਾਣੀ ਇਸ ਬਾਰੇ ਉਪਦੇਸ਼ ਕਰਦੀ ਹੈ: “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥” (ਪੰ: ੯੯੨) ਅਤੇ “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥” (ਪੰ: ੧੨੪੦)। ਪਰ ਰਾਜ ਭਾਗ ਦਾ ਅਧਿਆਤਮਿਕ ਵਿਚਾਰਧਾਰਾ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਗੁਰਬਾਣੀ ਅਨੁਸਾਰ ਤੇ: “ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਸਾਹ॥” (ਪੰ: ੧੪੧੩); “ਜਿਸਨੋ ਬਖਸੇ ਸਿਫਤਿ ਸਲਾਹ ਨਾਨਕ ਪਾਤਿਸਾਹੀ ਪਾਤਿਸਾਹ”॥ (ਪੰ: ੫); “ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ॥ ਲਖਾਂ ਉਪਰ ਫਰਮਾਇਸ ਤੇਰੀ ਲਿਖ ਉਠਿ ਰਾਖਹਿ ਮਾਨੁ॥ ਜਾ ਪਤਿ ਲੇਖੈ ਨ ਪਵੈ ਤ ਸਭਿ ਨਿਰਾਫਲ ਕਾਮ॥” (ਪੰ: ੩੫੮); ਅਤੇ “ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ॥ ਏਹਿ ਭੂਪਤਿ ਰਾਜੇ ਨਾ ਆਖੀਅਹਿ ਦੂਜੈ ਭਾਇ ਦੁਖੁ ਹੋਈ॥” (ਪੰ: ੧੦੮੮)। ਗੁਰਬਾਣੀ ਗੁਰਮਤਿ ਅਤੇ ਰਾਜ ਦੇ ਸੁਮੇਲ ਨੂੰ ਮੁੱਢੋਂ ਨਕਾਰਦੀ ਹੈ।
ਅਜੋਕੇ ਸਿਖਾਂ ਦੀ ਸੋਚ ਅਤੇ ਮਾਨਸਿਕ ਅਵਸਥਾ ਪੰਜਾਬ ਵਿਚ ਪਿਛਲੇ ਤਿੰਨ ਸੌ ਸਾਲਾਂ ਵਿਚ ਵਾਪਰੀਆਂ ਘਟਨਾਵਾਂ ਦਾ ਪਰਿਣਾਮ ਹਨ। ਸਿੱਖ ਰਹਿਤ ਮਰਯਾਦਾ ਦੀ ਅਰਦਾਸ ਇਹਨਾਂ ਘਟਨਾਵਾਂ ਨੂੰ ਦੁੱਖ ਵਾਦੀ ਢੰਗ ਨਾਲ ਪੇਸ਼ ਕਰਦੀ ਹੈ ਅਤੇ ਸਿੱਖ ਪਰਚਾਰਕ ਸਿੱਖਾਂ ਤੇ ਹੋਏ ਜ਼ੁਲਮਾਂ ਅਤੇ ਉਹਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਵਰਨਣ ਰਾਹੀਂ ਸਿੱਖ ਮਾਨਸਿਕਤਾ ਵਿਚ ਪੱਕੀ ਪੀੜਾ ਪੈਦਾ ਕਰਨ ਦਾ ਜਤਨ ਕਰਦੇ ਹਨ ਜੋ ਗੁਰਬਾਣੀ ਉਪਦੇਸ਼ ਦੀ ਅਵੱਗਿਆ ਹੈ ਅਤੇ ਆਸ਼ਾ ਵਾਦੀ ਸੋਚ ਲਈ ਹਾਨੀਕਾਰਕ ਹੈ। ਸਿੱਖ ਇਤਹਾਸ ਨੂੰ ਸਹੀ ਪਰਿਪੇਖ ਵਿਚ ਪੇਸ਼ ਕਰਨ ਦੀ ਲੋੜ ਹੈ। ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਦੀ ਸਿਰਜਨਾ ਅਤੇ ਸੰਚਾਰ ਨੇ ਮਨੁੱਖਤਾ ਨੂੰ ਪ੍ਰਭੂ ਸਿਮਰਨ, ਸੰਤੋਖ, ਹਲੀਮੀ, ਨਿਰਵੈਰਤਾ, ਨਿਰਭੈਤਾ, ਮਨੁੱਖੀ ਬਰਾਬਰਤਾ ਅਤੇ ਸੇਵਾ ਲਈ ਪ੍ਰੇਰਿਤ ਕੀਤਾ। ਨਿਰਭੈਤਾ, ਮਨੁੱਖੀ ਬਰਾਬਰਤਾ ਅਤੇ ਸੇਵਾ ਦੇ ਸੰਕਲਪ ਗੁਰਮਤਿ ਦੇ ਧਾਰਨੀਆਂ ਨੂੰ ਮਾਨਵੀ ਹੱਕਾਂ ਦੀ ਪਰਾਪਤੀ ਅਤੇ ਰਖਿਆ, ਅਤੇ ਆਪਣੇ ਚੁਗਿਰਦੇ ਵਿਚ ਅਨਿਆਂ ਦੀ ਵਿਰੋਧਤਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਸਾਸ਼ਨ ਦੀਆਂ ਗੁਰਮਤਿ ਵਿਰੋਧੀ ਹਿੰਸਕ ਕਾਰਵਾਈਆਂ ਰੋਕਣ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖ ਸੇਵਕਾਂ ਨੂੰ ਫੌਜੀ ਸਿੱਖਿਆ ਦੇਣ ਦੀ ਨੀਤੀ ਅਪਣਾਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਫੌਜੀ ਸਿੱਖਿਆ ਨੂੰ ਇਕ ਅਨੁਸ਼ਾਸਕ ਪਰਣਾਲੀ ਦਾ ਰੂਪ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸੇਵਕ ਗੁਰਮਤਿ ਦੇ ਧਾਰਨੀ ਅਤੇ ਫੌਜੀ ਅਨੁਸ਼ਾਸਨ ਦੇ ਪਾਬੰਦ ਖਾਲਸੇ ਆਖੇ ਜਾਂਦੇ ਹਨ। ਗੁਰੂ ਸਾਹਿਬ ਦਾ ਟਿਕਾਣਾ ਪਹਾੜਾਂ ਦੇ ਹੇਠਲੇ ਪੁਆਧ ਦੇ ਇਲਾਕੇ ਵਿਚ ਅਨੰਦਪੁਰ ਸਾਹਿਬ ਵਿਚ ਸੀ ਕਿਉਂਕਿ ਮਾਝੇ ਅਤੇ ਦੁਆਬੇ ਦੇ ਗੁਰ ਅਸਥਾਨਾਂ ਤੇ ਗੁਰਮਤਿ ਵਿਰੋਧੀ ਮੀਣਿਆਂ ਅਤੇ ਧੀਰ ਮੱਲੀਆਂ ਦੇ ਕਬਜ਼ੇ ਸਨ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਕਾਰਨ ਓਥੋਂ ਦਾ ਸਾਸ਼ਨ ਗੁਰੂ ਸਾਹਿਬ ਦਾ ਵਿਰੋਧੀ ਬਣਿਆ ਹੋਇਆ ਸੀ। ਗੁਰੂ ਸਾਹਿਬ ਨੇ ਛੋਟੀ ਉਮਰ ਤੋਂ ਹੀ ਰਿਸ਼ਤੇਦਾਰਾਂ ਦੀ ਕੱਟੜ ਵਿਰੋਧਤਾ ਦੇ ਬਾਵਜੂਦ ਗੁਰਮਤਿ ਸੰਚਾਰ ਦੇ ਯੋਗ ਪ੍ਰਬੰਧਾਂ ਲਈ ਗੁਰਮਤਿ ਦੀ ਨਿਰਵੈਰਤਾ, ਮਿੱਤਰਤਾ ਅਤੇ ਸ਼ਾਂਤੀ ਦੀ ਨੀਤੀ ਅਪਣਾਈ ਰੱਖੀ। ਉਹਨਾਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਨਾਲ ਵੈਰ ਕੀਤਾ। ਉਹ ਸਭ ਨਾਲ ਮਿੱਤਰਤਾ ਅਤੇ ਸ਼ਾਂਤੀ ਦੀ ਪੇਸ਼ਕਸ਼ ਕਰਦੇ ਅਤੇ ਪਹਾੜੀ ਰਾਜਿਆਂ ਦੇ ਆਪਸੀ ਝਗੜੇ ਨਿਪਟਾਉਂਦੇ ਰਹੇ। ਇਸੇ ਗੁਰਮਤਿ ਅਨੁਸਾਰੀ ਨੀਤੀ ਅਧੀਨ ਉਹ ਪੰਜਾਬ ਵਿਚ ਸ਼ਾਂਤੀ ਕਾਇਮ ਕਰਨ ਲਈ ਔਰੰਗਜੇਬ ਨੂੰ ਦੱਖਣ ਮਿਲਣ ਗਏ ਅਤੇ ਬਾਦਸ਼ਾਹ ਬਹਾਦਰ ਸ਼ਾਹ ਦੀ ਸਹਾਇਤਾ ਕੀਤੀ। ਗੁਰੂ ਸਾਹਿਬ ਨੇ ਗੁਰਮਤਿ ਦੇ ਸਫਲ ਸੰਚਾਰ ਲਈ ਦੋ ਹੋਰ ਵਡਮੁੱਲੇ ਕੰਮ ਕੀਤੇ: ਪਹਿਲਾ, ਮਾਨਵਤਾ ਦੇ ਭਲੇ ਲਈ ਪੂਰੀ ਗੁਰਬਾਣੀ ਦਾ ਉਤਮ ਗ੍ਰੰਥ ਤਿਆਰ ਕੀਤਾ ਜੋ ਦਮਦਮੀ ਬੀੜ ਪ੍ਰਸਿੱਧ ਹੋਇਆ; ਦੂਜਾ, ਵਿਅਕਤੀ ਗੁਰੂ ਦੀ ਪਰੰਪਰਾ ਸਮਾਪਤ ਕਰਕੇ ਸਿੱਖ ਮਾਨਸਿਕਤਾ ਵਿਚ ਗੁਰਬਾਣੀ ਗੁਰੂ ਦਾ ਸੰਕਲਪ ਦਰਿੜ੍ਹ ਕਰਵਾਇਆ ਅਤੇ ਗੁਰੂ ਪਦਵੀ ਲਈ ਵੱਧ ਰਹੀ ਭੱਜ ਦੌੜ ਨੂੰ ਖਤਮ ਕੀਤਾ।
ਇਤਿਹਾਸਕਾਰ ਅਕਸਰ ਇਹ ਤੱਥ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਦਸਵੀਂ ਜੋਤ ਸਨ ਅਤੇ ਉਹਨਾਂ ਦਾ ਮੁੱਖ ਉਦੇਸ਼ ਸਿੱਖ ਸੇਵਕਾਂ ਨੂੰ ਗੁਰਮਤਿ ਉਪਦੇਸ਼ ਦਰਿੜ੍ਹ ਕਰਾਉਣਾ ਸੀ ਨਾ ਕਿ ਜੰਗਾਂ ਲੜਨਾ, ਜੁੱਧ ਜਿੱਤਣਾ ਅਤੇ ਰਾਜ ਕਾਇਮ ਕਰਨਾ। ਗੁਰਬਾਣੀ ਅਨੁਸਾਰ ਗੁਰੂ ਬਨਣ ਲਈ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” ਨੂੰ ਸਾਕਾਰ ਕਰਨਾ ਦੀ ਲੋੜ ਹੁੰਦੀ ਸੀ। ਗੁਰੂ ਸਾਹਿਬ ਨਾਨਕ ਜੋਤ ਅਤੇ ਗੁਰੂ ਗ੍ਰੰਥ ਦੀ ਵਿਚਾਰਧਾਰਾ ਦੇ ਸੰਚਾਰ ਨੂੰ ਸਮਰਪਿਤ ਸਨ। ਉਨ੍ਹਾ ਨੇ ਆਪਣੇ ਸਾਰੇ ਜੀਵਨ ਵਿਚ ਗੁਰਮਤਿ ਵਿਚਾਰਧਾਰਾ ਨੂੰ ਸਵੈ ਮਾਨ, ਨਿਰਭੈਤਾ ਅਤੇ ਨਿਡਰਤਾ ਨਾਲ ਪਰਚਾਰਨ ਲਈ ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹੋਏ ਸਾਰੀਆਂ ਮੁਸ਼ਕਲਾਂ ਦਾ ਸਹਿਜੇ ਹੀ ਸਾਹਮਣਾ ਕੀਤਾ। ਪਹਿਲੇ ਪੰਜ ਗੁਰੂ ਸਾਹਿਬਾਨਾਂ ਸਮੇ ਸਾਸ਼ਨ ਗੁਰਮਤਿ ਵਿਚਾਰਧਾਰਾ ਦੇ ਸੰਚਾਰ ਦਾ ਵਿਰੋਧੀ ਨਹੀ ਸੀ ਪਰ ਜਦੋਂ ਪਰਵਾਰਿਕ ਅਤੇ ਗੁਰਮਤਿ ਵਿਰੋਧੀਆਂ ਦੀ ਉਕਸਾਹਟ ਤੇ ਸਾਸ਼ਨ ਨੇ ਗੁਰਮਤਿ ਸੰਚਾਰ ਦੀ ਹਿੰਸਕ ਵਿਰੋਧਤਾ ਸ਼ੁਰੂ ਕਰ ਦਿੱਤੀ ਤਾਂ ਗੁਰੂ ਸਾਹਿਬਾਨ ਨੂੰ ਉਸ ਹਿੰਸਾ ਨੂੰ ਅਸਫਲ ਬਨਾਉਣ ਦੀ ਨੀਤੀ ਅਪਨਾਉਣੀ ਪਈ। ਗੁਰੂ ਸਾਹਿਬਾਨ ਵੱਲੋਂ ਹਿੰਸਾ ਦਾ ਟਾਕਰਾ ਕਰਨ ਦਾ ਮਨੋਰਥ ਕੋਈ ਰਾਜ ਸਥਾਪਤ ਕਰਨਾ ਨਹੀਂ ਸੀ ਜੈਸੀ ਕਿ ਅਕਸਰ ਇਤਿਹਾਸਕਾਰ ਅਤੇ ਪਰਚਾਰਕ ਕਲਪਨਾ ਕਰਦੇ ਹਨ ਬਲਕਿ ਗੁਰਬਾਣੀ ਉਪਦੇਸ਼ ਦਾ ਨਿਡਰਤਾ ਨਾਲ ਸੰਚਾਰ ਕਰਨ ਲਈ ਸੁਖਾਵਾਂ ਅਤੇ ਸ਼ਾਂਤੀ ਪੂਰਵਕ ਵਾਤਾਵਰਣ ਬਣਾਉਣਾ ਸੀ। ਗੁਰੂ ਸਾਹਿਬ ਦੇ ਜੀਵਨ ਨੂੰ ਗੁਰੂ ਨਾਨਕ ਦੀ ਦਸਵੀਂ ਜੋਤ ਪਰਵਾਨ ਕਰਕੇ ਗੁਰਬਾਣੀ ਦੀ ਰੌਸ਼ਨੀ ਵਿਚ ਵਰਨਣ ਦਾ ਕੋਈ ਵਿਰਲਾ ਹੀ ਜਤਨ ਕੀਤਾ ਗਇਆ ਹੈ। ਇਤਿਹਾਸਕਾਰ ਤੇ ਅਕਸਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਬਹਾਦਰ ਫੌਜੀ ਜਰਨੈਲ ਸਿੱਧ ਕਰਨ ਲਈ ਉਤਾਵਲੇ ਰਹਿੰਦੇ ਹਨ। ਬਹਾਦਰ ਜਰਨੈਲਾਂ ਵਿਚ ਸਿਕੰਦਰ, ਚੰਗੇਜ਼ ਖਾਨ, ਹਲਾਕੂ, ਤੈਮੂਰ, ਨਿਪੋਲੀਅਨ ਅਤੇ ਹਿਟਲਰ ਜੈਸਿਆਂ ਦੇ ਨਾਂ ਆਉਂਦੇ ਹਨ। ਗੁਰੂ ਸਾਹਿਬ ਨੂੰ ਇਹਨਾਂ ਅਮਾਨਵੀ ਵਿਅਕਤੀਆਂ ਦੀ ਸ਼੍ਰੇਣੀ ਵਿਚ ਸ਼ਾਮਲ ਕਰਨਾ ਉਹਨਾਂ ਦਾ ਨਿਰਾਦਰ ਕਰਨਾ ਹੈ।




.