.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਤੇਈਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਇਸ ਤਰ੍ਹਾਂ ਸਿੱਖ ਧਰਮ ਲਈ ਵੱਡੀ ਅਧੋਗਤੀ ਦੇ ਸਨ

ਇਹ ੮੪ (ਚੌਰਾਸੀ) ਸਾਲ

ਦਰਅਸਲ ਸਿੱਖ ਇਤਿਹਾਸ ਦੇ ਇਹ ਚੋਰਾਸੀ ਸਾਲ ਹਨ-ਸੰਨ ੧੭੧੫ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਸੰਨ ੧੭੯੯ ਜਦੋਂ ਮਾਹਾਰਾਜਾ ਰਣਜੀਤ ਸਿੰਘ ਨੇ ਬਾਕਾਇਦਾ ਤੇ ਲੰਮੇ ਸਮੇਂ ਲਈ ਸਿੱਖ ਰਾਜ ਕਾਇਮ ਕੀਤਾ। ਸ਼ੱਕ ਨਹੀਂ ਕਿ ਇਨ੍ਹਾਂ ਚੌਰਾਸੀ ਸਾਲਾਂ ਦੌਹਰਾਨ ਵੀ ਨਵਾਬ ਕਪੂਰ ਸਿੰਘ ਤੇ ਸੁਲਤਾਨ-ਉਲ-ਕੌਮ ਸ੍ਰ ਜੱਸਾ ਸਿੰਘ ਆਹਲੂਵਾਲੀਆਂ ਦੀ ਕਮਾਨ ਹੇਠ ਹੋਰ ਦੋ ਵਾਰੀ ਵੀ ਸਿੱਖ ਰਾਜ ਕਾਇਮ ਹੋਇਆ ਪਰ ਸਾਧਨਾਂ ਦੀ ਕਮੀ ਕਾਰਨ ਇਹ ਵੀ ਬਹੁਤੀ ਦੇਰ ਕਾਇਮ ਨਾ ਰਹਿ ਸਕਿਆ। ਇਸ ਤੋਂ ਇਲਾਵਾ ਇਹ ਵੀ ਦੇਖ ਚੁੱਕੇ ਹਾਂ ਸੰਨ ੧੭੪੬ ਤੇ ਸੰਨ ੧੭੬੨ `ਚ ਛੋਟੇ ਤੇ ਵੱਡੇ, ਦੋ ਘਲੂਘਾਰੇ ਵੀ ਇਸ ਦੋਹਰਾਨ ਹੀ ਹੋਏ ਜਿਨ੍ਹਾਂ `ਚ ਕੇਵਲ ਜੂਝਾਰੂ ਸਿੰਘ ਹੀ ਨਹੀਂ ਬਲਕਿ ਇਨ੍ਹਾਂ `ਚ ਬੱਚੇ, ਬਿਰਧ, ਬੀਬੀਆਂ ਭਾਵ ਪ੍ਰਵਾਰਕ ਤਲ `ਤੇ ਵੀ ਸਿੱਖ ਕੌਮ ਦਾ ਬਹੁਤ ਵੱਡਾ ਤੇ ਜਾਨੀ ਨੁਕਸਾਨ ਹੋਇਆ।

ਇਸ ਸਾਰੇ ਤੋਂ ਇਲਾਵਾ ਇਹ ਵੀ ਕਿ ਇੰਨ੍ਹਾਂ ਚੌਰਾਸੀ ਸਾਲਾਂ ਦੌਰਾਨ ਕਿੰਨੀਆਂ ਹੀ ਪੀੜ੍ਹੀਆਂ ਤੀਕ ਗੁਰਬਾਣੀ ਦੇ ਪ੍ਰਚਾਰਕ, ਲਿਖਾਰੀ, ਕੀਰਤਨੀ ਜੱਥੇ, ਜਿਹੜੇ ਕਿ ਸ਼ਕਲ `ਚ ਤਾਂ ਭਾਂਵੇ ਸਿੱਖ ਵੀ ਰਹੇ ਹੋਣਗੇ ਪਰ ਬਹੁਤਾ ਕਰਕੇ ਉਹ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਿੱਖ ਨਹੀਂ ਸਨ। ਦਰਅਸਲ ਇਹ ਸਨ ਉਦਾਸੀ, ਨਿਰਮਲੇ, ਮਹੰਤਾਂ, ਪੁਜਾਰੀਆਂ, ਬੇਦੀਆਂ-ਸੋਢੀਆਂ ਤੇ ਦੂਜੇ ਗੱਦੀਦਾਰਾਂ ਜਾਂ ਫ਼ਿਰ ਮੂਲੋਂ ਅਨਪੜ੍ਹ ਵਰਗਾਂ ਦੇ ਬ੍ਰਾਹਮਣਾਂ ਚੋਂ। ਧਿਆਨ ਦੇਣ ਗੱਲ ਹੈ ਕਿ ਬ੍ਰਾਹਮਣ ਵਰਗ ਵੀ ਕੋਈ ਹੋਰ ਨਹੀਂ ਬਲਕਿ ਉਹੀ ਸੀ-ਜਿਸ ਨੇ ਭਾਰਤ `ਚ ਜਨਮੇ, ਪ੍ਰਵਾਣ ਚੜ੍ਹੇ, ਸਮ੍ਰਾਟ ਅਸ਼ੋਕ-ਹਰਸ਼ਵਰਧਨ ਸਮੇਂ ਮਹਾਨ ਬਲਸ਼ਾਲੀ ਰਾਜ ਧਰਮ ਦੇ ਮਾਲਿਕ ਰਹਿ ਚੁੱਕੇ, ਲਗਾਤਾਰ ੧੩੦੦ ਸਾਲਾਂ ਤੀਕ ਭਾਰਤ `ਚ ਜੜ੍ਹਾਂ ਜਮਾ ਚੁੱਕੇ, ਬੁਧ ਮੱਤ ਨੂੰ ਵੀ ਸ਼ੰਕਰਾਚਾਰੀਆ ਦੀ ਅਗਵਾਈ `ਚ ਨੇਸਤੋ-ਨਾਬੂਦ ਕਰ ਦਿੱਤਾ ਸੀ। ਇਸ ਤਰ੍ਹਾਂ ਜੇ ਬੁੱਧ ਮੱਤ ਬਚਿਆ ਵੀ ਤਾਂ ਭਾਰਤ ਤੋਂ ਬਾਹਰ ਜਾ ਕੇ ਹੀ, ਭਾਰਤ `ਚ ਨਹੀਂ। ਉਦੋਂ ਵੀ ਇਸ ਵਰਗ ਨੇ ਬੜੀ ਕੁਟਲਨੀਤੀ ਨਾਲ, ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਘੋਸ਼ਤ ਕਰ ਕੇ ਆਪਣੇ ਇਸ਼ਟਾਂ ਦੀ ਗਿਣਤੀ `ਚ ਜੋੜ ਲਿਆ।

ਇਨ੍ਹਾਂ ਨੇ ਮਹਾਤਮਾ ਬੁਧ ਦੀਆਂ ਮੂਰਤੀਆਂ ਨੂੰ ਵੀ ਮੰਦਰਾਂ ਚ ਟਿਕਾਅ ਦਿੱਤਾ। ਜਦਕਿ ਨਾਲ ਹੀ ਦੂਜੇ ਪਾਸੇ ਬੁੱਧ ਮੱਤ ਦੀ ਰਹਿਤ ਮਰਿਆਦਾ ਨੂੰ ਖ਼ਲਤ-ਮਲਤ ਕਰ ਕੇ, ਉਸ ਨੂੰ ਬ੍ਰਹਾਮਣੀ ਰੰਗ ਚੜ੍ਹਾਇਆ। ਇਸ ਤਰ੍ਹਾਂ ਉਨ੍ਹਾਂ ਨੇ ਸ਼ਹਿਰਾਂ `ਚ ਵਸਦੇ ਉਨ੍ਹਾਂ ਬੋਧੀਆਂ ਦੇ ਜੀਵਨ `ਚੋਂ ਵੀ ਬੁੱਧ ਮੱਤ ਦੀ ਅਸਲੀਅਤ ਨੂੰ ਖ਼ਤਮ ਕਰ ਦਿੱਤਾ। ਇਥੋਂ ਤੱਕ ਕਿ ਸਿੱਧੇ ਹਮਲੇ ਕਰ ਕੇ ਗਇਆ ਦੇ ਵੱਟ ਬਿਰਖ ਸਮੇਤ ਉਨ੍ਹਾਂ ਦੇ ਮੱਠਾਂ, ਧਰਮ ਸਥਾਨਾਂ ਨੂੰ ਬਰਬਾਦ ਕਰ ਦਿੱਤਾ ਜਾਂ ਉਨ੍ਹਾਂ ਦੇ ਰੰਗ-ਰੂਪ ਬਦਲ ਕੇ ਅਪਣੇ ‘ਇਤਿਹਾਸਕ’ ਮੰਦਰਾਂ `ਚ ਤਬਦੀਲ ਕਰ ਲਿਆ। ਅਨੇਕਾਂ ਬੌਧ ਭਿਕਸ਼ੂ ਮਾਰ ਮੁਕਾਏ ਜਾਂ ਉਨ੍ਹਾਂ ਨੂੰ ਮੁਲਕ ਛੱਡ ਕੇ ਦੌੜਣ ਲਈ ਮਜਬੂਰ ਕੀਤਾ। ਕਾਮ, ਦਾਮ, ਸਾਮ, ਦੰਡ ਭੇਦ `ਚ ਮਾਹਿਰ ਜਿਸ ਬ੍ਰਾਹਮਣ ਨੇ ਬੁੱਧ ਮੱਤ ਦਾ ਭਾਰਤ `ਚੋਂ ਬੀਜ ਨਾਸ ਕੀਤਾ ਸੀ, ਹੁਣ ਇਸਦੇ ਉਹੀ ਹਥਿਆਰ ਸਿੱਖ ਧਰਮ `ਤੇ ਵੀ ਚੱਲ ਰਹੇ ਸਨ। ਬਲਕਿ ਅੱਜ ਤਾਂ ਉਸ ਨੂੰ ਗੁਰਦੁਆਰਿਆਂ `ਤੇ ਹਮਲੇ ਕਰਣ ਦੀ ਲੋੜ ਵੀ ਨਹੀਂ ਸੀ। ਅੱਜ ਤਾਂ ਉਹ ਆਪ ਹੀ ਸਿੱਖ ਧਰਮ ਦੇ ਪ੍ਰਚਾਰ ਦਾ ਕਰਤਾ-ਧਰਤਾ ਬਣ ਚੁੱਕਾ ਹੋਇਆ ਸੀ।

ਇਸ ਤਰ੍ਹਾਂ ਕੇਵਲ ਬ੍ਰਾਹਮਣ ਹੀ ਨਹੀਂ ਬਲਕਿ, ਉਦਾਸੀ, ਨਿਰਮਲੇ, ਮਹੰਤ, ਪੁਜਾਰੀ ਤੇ ਬਹੁਤੇਰੇ ਅਖੌਤੀ ਗੱਦੀਦਾਰ, ਦਰਅਸਲ ਉਸ ਸਮੇਂ ਤਾਂ ਇਹ ਸਾਰੇ ਦੇ ਸਾਰੇ ਹੀ ਗੁਰੂ ਦਰ ਤੇ ਗੁਰਬਾਣੀ ਵਿਚਾਰਧਾਰਾ ਵਾਸਤੇ, ਇੱਕ ਤੋਂ ਵਧ ਦੂਜਾ, ਖਤਰਨਾਕ ਸਨ। ਇਸ ਤਰ੍ਹਾਂ ਹਰ ਕਿਸੇ ਦਾ ਜ਼ੋਰ `ਤੇ ਕਰਣੀ ਅਪਣੇ-ਅਪਣੇ ਢੰਗ ਨਾਲ ਸਿੱਖੀ ਨੂੰ ਤਬਾਹ, ਬਰਬਾਦ ਕਰਣਾ ਤੇ ਉਸ ਨੂੰ ਆਪਣੇ ਅੰਦਰ ਜਜ਼ਬ ਕਰਣ ਵਾਲੀ ਹੀ ਬਣੀ ਹੋਈ ਸੀ। ਇਹ ਵੀ ਦੇਖ ਚੁੱਕੇ ਹਾਂ ਕਿ ਇਨ੍ਹਾਂ `ਚੋਂ ਨਿਰਮਲੇ ਸਾਧ ਤਾਂ ਆਪਣਾ ਸਿਧਾ ਰਿਸ਼ਤਾ ਹੀ ਦਸਮੇਸ਼ ਜੀ ਨਾਲ ਜੋੜ ਰਹੇ ਸਨ।

ਇਸੇ ਤਰ੍ਹਾਂ ਉਦਾਸੀ ਮੱਤ ਵਾਲੇ ਵੀ ਆਪਣਾ ਸਿੱਧਾ ਰਿਸ਼ਤਾ ਗੁਰੂ ਨਾਨਕ ਪਾਤਸ਼ਾਹ ਨਾਲ ਜੋੜ ਰਹੇ ਸਨ। ਬਲਕਿ ਇੰਨ੍ਹਾਂ ਨੇ ਤਾਂ ਅਜਿਹੀਆਂ ਬੇਸਿਰਪੈਰ ਸਾਖੀਆਂ ਦੇ ਨਾਂ `ਤੇ ਕਹਾਣੀਆਂ ਵੀ ਪ੍ਰਚਲਤ ਕਰ ਦਿੱਤੀਆਂ ਕਿ ਰੱਬ ਹੀ ਮਿਹਰ ਕਰੇ। ਉਹ ਸਾਖੀਆਂ ਨੁਮਾ ਕਹਾਣਿਆਂ ਜਿਨ੍ਹਾਂ ਦਾ ਕੁੱਝ ਇਸ਼ਾਰਾ ਇਸ ਤੋਂ ਪਹਿਲਾਂ ਆ ਵੀ ਚੁੱਕਾ ਹੈ। ਜਦਕਿ ਗੁਰੂ ਕੀਆਂ ਸੰਗਤਾਂ ਤਾਂ ਹੁਣ ਸਨ ਹੀ ਇੰਨ੍ਹਾਂ ਸਾਰਿਆਂ ਦੇ ਰਹਿਮੋ-ਕਰਮ `ਤੇ। ਇਥੇ ਇਸ ਤੋਂ ਵੀ ਵਧ ਖ਼ਤਰਨਾਕ ਗੱਲ ਇਹ ਸੀ, ਕਿ ਇਕੋ ਇੱਕ ਸਿੱਖ ਧਰਮ ਤੇ ਗੁਰਬਾਣੀ ਦੇ ਨਾਮ `ਤੇ ਹੋ ਰਿਹਾ ਇਹ ਭਿੰਨ ਭਿੰਨ ਤੇ ਭਾਂਤ ਭਾਂਤ ਦਾ ਮਿਲਗੋਭਾ ਪ੍ਰਚਾਰ, ਇਕੋਇਕ ਗੁਰੂ ਕੀ ਸੰਗਤ ਨੂੰ ਹੋਰ ਵੀ ਭਮਲ ਭੂਸੇ `ਚ ਪਾਉਣ ਤੇ ਉਨ੍ਹਾਂ `ਚ ਵੰਡੀਆਂ ਪਾਉਣ ਦਾ ਕਾਰਨ ਵੀ ਬਣ ਰਿਹਾ ਸੀ।

ਸਪਸ਼ਟ ਹੈ ਕਿ ਜਿਸ ਗ੍ਰੁਰੂ ਕੇ ਲਾਲ ਨੂੰ ਗੁਰੂ ਪਾਤਸ਼ਾਹ ਨੇ ੨੩੯ ਵਰ੍ਹੇ ਲਗਾ ਕੇ ਬ੍ਰਾਹਮਣੀ ਤੇ ਅਨਮੱਤੀ ਪ੍ਰਭਾਵਾਂ `ਚੋਂ ਆਜ਼ਾਦ ਕੀਤਾ ਸੀ। ਇੰਨ੍ਹਾਂ ਚੌਰਾਸੀ ਸਾਲਾਂ `ਚ, ਉਸੇ ਗੁਰੂ ਕੇ ਲਾਲ ਨੂੰ ਸਿਰ ਤੋਂ ਪੈਰਾਂ ਤੀਕ ਬ੍ਰਾਹਮਣੀ ਤੇ ਅਣਮੱਤੀ ਦਲਦਲ ਦੀ ਗਹਿਰੀ ਖੱਡ `ਚ ਡੁਬੋਇਆ ਜਾ ਚੁੱਕਾ ਸੀ। ਜਦਕਿ ਇਹ ਵੀ ਦੇਖ ਚੁੱਕੇ ਹਾਂ ਕਿ ਉਸਦੇ ਪਿਛਲੇ ੨੪੭ ਸਾਲਾਂ ਦੇ ਇਤਿਹਾਸ ਨੂੰ ਵੀ ਬੜੀ ਕੁਟਲਨੀਤੀ ਨਾਲ ਖ਼ਤਮ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਇਸ ਸਮੇਂ ਦੌਹਰਾਨ ਗੁਰਬਾਣੀ ਦੀ ਸੋਝੀ ਤਾਂ ਸਿੱਖ ਦੇ ਜੀਵਨ ਚੋਂ ਮਾਨੋਂ ਪਰ ਲਾ ਕੇ ਉੱਡ ਚੁੱਕੀ ਸੀ। ਜਿਹੜਾ ਮਨੁੱਖ ਕਲ੍ਹ ਤੀਕ ਤਨੋਂ-ਮਨੋਂ ਗੁਰਬਾਣੀ ਦਾ ਸਿੱਖ ਸੀ, ਅੱਜ ਪੁਸ਼ਤ-ਦਰ-ਪੁਸ਼ਤ ਭਾਵ ਕੁੱਝ ਹੀ ਪੁਸ਼ਤਾਂ ਬਾਅਦ, ਅੰਨ੍ਹੀਂ ਸ਼ਰਧਾ ਨਾਲ ਭਰਪੂਰ, ਨਿਰਾ ਪੁਰਾ ਕਰਮਕਾਂਡੀ ਅਤੇ ਫੋਕਟ ਰੀਤੀ ਰਿਵਾਜਾਂ `ਚ ਡੁੱਬਾ ਹੋਇਆ, ਗੁਰੂ ਦਾ ਨਹੀਂ ਬਲਕਿ ਜਜ਼ਬਾਤੀ, ੇ ਬ੍ਰਾਹਮਣੀ ਤੇ ਅਣਮੱਤੀ ਸਿੱਖ ਹੋ ਕੇ ਹੀ ਰਹਿ ਚੁੱਕਾ ਸੀ। ਇਸ ਦਾ ਇੱਕ ਹੋਰ ਵੱਡਾ ਸਬੂਤ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ `ਚ ਮੂਰਤੀਆਂ ਤੱਕ ਦਾ ਸਥਾਪਤ ਹੋ ਜਾਣਾ ਵੀ ਸੀ, ਜਿਹੜੀਆਂ ਕਿ ਕੁੱਝ ਸਮਾਂ ਪਹਿਲਾਂ ਸੰਨ ੧੯੩੬ `ਚ ਚੁਕੋਈਆਂ।

ਹੁਣ ਉਹ ਸਰਬ ਉੱਤਮ ਜੀਵਨ ਦੇ ਦਾਤੇ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਚਰਨਾਂ `ਚ ਮੱਥਾ ਟੇਕ ਕੇ ਵੀ ਉਸੇ ਤਰ੍ਹਾਂ ਸੰਸਾਰਕ ਮੰਗਾਂ ਮੰਗ ਰਿਹਾ ਸੀ, ਜਿਵੇਂ ਕੋਈ ਮੂਰਤੀਆਂ, ਕਬਰਾ, ਮੜ੍ਹੀਆਂ, ਪਿੱਪਲਾਂ, ਸੱਪਾਂ, ਪੋਦਿਆਂ ਦਾ ਪੁਜਾਰੀ ਕਰਦਾ ਸੀ। ਮੰਤ੍ਰ ਜਾਪ ਨਾਲ ਜਿਹੜੇ ਉਪਾਅ, ਬ੍ਰਾਹਮਣ ਹਜ਼ਾਰਾਂ ਸਾਲਾਂ ਤੋਂ ਕਰਦਾ ਆਇਆ ਸੀ ਅਤੇ ਜਿਸ ਨੂੰ ਪਾਤਸ਼ਾਹ ਨੇ ੧੦ ਜਾਮੇ ਧਾਰਨ ਕਰਕੇ ਉਸ ਚਕ੍ਰਵਿਊਹ `ਚੋਂ ਕਢਿਆ ਸੀ, ਅੱਜ ਗੁਰਬਾਣੀ ਨੂੰ ਵਰਤ ਕੇ, ਮਨੁੱਖ ਉਨ੍ਹਾਂ ਹੀ ਉਪਾਵਾਂ ਦਾ ਰਾਹੀ ਬਣਿਆ, ਨਵੇਂ ਰੂਪ `ਚ ਉਭਰੇ, ਉਸੇ ਬ੍ਰਾਹਮਣ ਕੋਲ ਹੀ ਵਾਪਸ ਪੁੱਜ ਚੁੱਕਾ ਸੀ।

ਇਸ ਤਰ੍ਹਾਂ ਇਸ ਡਰਾਉਣੀ ਤੇ ਭਿਅੰਕਰ ਖੇਡ ਤੋਂ ਪਿੱਛਾ ਛੁੱਟਣਾ ਤਾਂ ਦੂਰ, ਸਾਡੇ ਚੋਗਿਰਦੇ ਇਨ੍ਹਾਂ ਅਣਮੱਤੀ ਵਿਸ਼ਵਾਸਾਂ, ਰਹਿਣੀਆਂ ਤੇ ਕਰਮਕਾਂਡਾਂ ਦੀ ਪਕੜ ਹੀ ਦਿਨੋਂ ਦਿਨ ਪੱਕੀ ਵੀ ਹੋ ਰਹੀ ਸੀ। ਸਪਸ਼ਟ ਹੈ ਕਿ ਇੰਨ੍ਹਾਂ ਚੁਰਾਸੀ ਸਾਲਾਂ `ਚ ਸਾਡੇ ਕੋਲ ਕੇਵਲ ਜਜ਼ਬਾਤੀ ਸਿੱਖੀ ਤੇ ਸਿੱਖੀ ਦਾ ਢਾਂਚਾ ਹੀ ਬਚਿਆ ਰਹਿ ਚੁੱਕਾ ਸੀ। ਜਦਕਿ ਗੁਰੂ ਦੀ ਸਿੱਖੀ ਤਾਂ ਸਿੱਖ ਦੇ ਜੀਵਨ ਅੰਦਰੋਂ ਅਲੋਪ ਹੋ ਚੁੱਕੀ ਸੀ। ਨਾਮ ਨੂੰ ਉਹ ਅਜੇ ਵੀ ਗੁਰੂ ਦੇ ਸਿੱਖ ਹੀ ਸਨ ਪਰ ਉਨ੍ਹਾਂ ਦੇ ਜੰਮਨੇ-ਮਰਨੇ, ਖੁਸ਼ੀ-ਗ਼ਮੀ ਤੇ ਬਾਕੀ ਸਭ ਪੂਰੀ ਤਰ੍ਹਾਂ ਗੁਰਬਾਣੀ ਸੇਧ ਦੇ ਉਲਟ ਹੋ ਰਹੇ ਸਨ। ਬਲਕਿ ਉਸ ਸਾਰੇ ਦਾ ਦੁਸ਼-ਪ੍ਰਭਾਵ ਤਾਂ ਅਜੇ ਤੱਕ ਵੀ ਸਿੱਖ ਪ੍ਰਵਾਰਾਂ `ਚ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਸਿੱਖ ਪ੍ਰਚਾਰਕ, ਪੁਜਾਰੀ ਤੇ ਪਹਿਰਾਵਾ? ਥੋੜਾ ਗਹਿਰਾਈ `ਚ ਜਾਵੀਏ ਤਾਂ ਇਨ੍ਹਾਂ ੮੪ ਸਾਲਾਂ ਦੀ ਇੱਕ ਹੋਰ ਦੇਣ ਵੀ ਉਭਰ ਕੇ ਸਾਡੇ ਸਾਹਮਣੇ ਆਉਂਦੀ ਹੈ। ਸਪਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਦੇ ਸਮੇਂ ਤੀਕ ਸਿੱਖ ਧਰਮ `ਚ, ਪ੍ਰਚਾਰਕਾਂ ਦੀ ਕੋਈ ਵੱਖਰੀ ਸ਼੍ਰੇਣੀ ਜਾਂ ਪਛਾਣ ਨਹੀਂ ਸੀ। ਉਦੋਂ ਤੀਕ ਇਹ ਕੇਵਲ ਸਤਿਕਾਰ ਯੋਗ ਕਿੱਤਾ ਹੀ ਸੀ। ਇਸ ਪੱਖੋਂ ਸਿੱਖ ਧਰਮ ਦੇ ਪ੍ਰਚਾਰਕ ਉਸ ਸਮੇਂ ਭਾਵੇਂ ਵਪਾਰੀ ਭਾਈ ਕਲਿਆਣਾ ਜੀ, ਮਨਸੁਖ ਜੀ ਆਦਿ ਸਨ ਜਾਂ ਇਸ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਭਾਈ ਗੁਰਦਾਸ ਜੀ, ਬਾਬਾ ਬੁਢਾ ਜੀ ਤੇ ਭਾਈ ਬਿਧੀ ਚੰਦ ਜੀ ਆਦਿ।

ਇਸ ਦੇ ਨਾਲ ਨਾਲ ਸਾਨੂੰ ਇਹ ਵੀ ਧਿਆਨ `ਚ ਰਖਣ ਦੀ ਲੋੜ ਹੈ ਕਿ ਮਨੁੱਖੀ ਪਹਿਰਾਵਾ ਹਮੇਸ਼ਾ ਸਮੇਂ ਤੇ ਸਥਾਨ ਨਾਲ ਬਦਲਦਾ ਤੇ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਘੋਖਿਆ ਜਾਵੇ ਤਾਂ ਉਸ ਸਮੇਂ ਭਾਰਤ `ਚ ਬਹੁਤਾ ਕਰਕੇ ਮਰਦਾਂ ਦਾ ਪਹਿਰਾਵਾ ਹੀ ਕੁਰਤਾ, ਪਾਜਾਮਾ, ਤੇੜ ਧੋਤੀ ਜਾਂ ਇਸਲਾਮੀ ਦੇਸ਼ਾਂ ਵੱਲੋਂ ਆਈ ਸਲਵਾਰ ਤੇ ਬੀਬੀਆਂ ਵਿਚਕਾਰ ਬਹੁਤਾ ਕਰਕੇ ਘਗਰਾ-ਲਹਿੰਗਾ ਹੀ ਸੀ। ਅੱਜ ਵਾਂਘ ਉਦੋਂ ਪੈਂਟ-ਕੋਟ-ਕਮੀਜ਼ ਤੇ ਬੀਬੀਆਂ ਵਿਚਕਾਰ ਸਾੜ੍ਹੀ ਵੀ ਨਹੀਂ ਸੀ। ਬਲਕਿ ਬੀਬੀਆਂ-ਬੱਚੀਆਂ ਵਿਚਕਾਰ ਪਛਮੀ ਸਭਿਅਤਾ ਤੋਂ ਜਿਹੜੇ ਪਹਿਰਾਵੇ ਨਵੇਂ ਨਵੇਂ ਤੇ ਦਬਾਦਬ ਅੱਜ ਆ ਰਹੇ ਹਨ, ਕੁੱਝ ਸਮਾਂ ਪਹਿਲਾਂ ਉਨ੍ਹਾਂ ਬਾਰੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।

ਇਸ ਤਰ੍ਹਾਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਸ ਵਿਚਲੇ ਸਮੇਂ ਭਾਵ ਇਨ੍ਹਾਂ ਚੌਰਾਸੀ ਸਾਲਾਂ ਦੋਹਰਾਨ ਹੀ ਆਪਣੇ ਧਰਮ ਤੇ ਗੁਰਮੱਤ ਪ੍ਰਚਾਰ ਦੇ ਖੇਤ੍ਰ `ਚ ਅਸਾਂ ਇੱਕ ਹੋਰ ਅਤੇ ਇਹ ਚੋਟ ਵੀ ਖਾਧੀ। ਉਹ ਚੋਟ ਇਸ ਤਰ੍ਹਾਂ ਸਾਬਤ ਹੁੰਦੀ ਹੈ ਕਿ ਸਿੱਖ ਪ੍ਰਚਾਰਕਾਂ ਦੀ ਵੀ, ਬ੍ਰਾਹਮਣਾਂ ਤੇ ਅਣਮੱਤੀਆਂ ਦੀ ਤਰਜ਼ `ਤੇ ਵਿਸ਼ੇਸ਼ ਪਹਿਰਵੇ ਦੇ ਰੂਪ `ਚ ਇੱਕ ਵੱਖਰੀ ਪੁਜਾਰੀ ਸ਼੍ਰੇਣੀ ਪੈਦਾ ਕਰ ਦਿੱਤੀ ਗਈ। ਸਿੱਖ ਨੇ ਪ੍ਰਚਾਰ-ਪ੍ਰਸਾਰ ਤਾਂ ਕਰਣਾ ਸੀ ਗੁਰਬਾਣੀ ਜੀਵਨ ਤੇ ਗੁਰਮੱਤ ਰਹਿਣੀ ਦਾ ਪਰ ਦੂਜਿਆਂ ਦੀ ਤਰਜ਼ `ਤੇ ਸਾਡੇ ਵਿਚਕਾਰ ਵੀ ਇਸ ਸ਼੍ਰੇਣੀ ਲਈ ਹੁਣ ਯੋਗਤਾ, ਪੜ੍ਹਾਈ ਤੇ ਗੁਰਮੱਤ ਰਹਿਣੀ ਵਾਲੇ ਜੀਵਨ ਦੀ ਲੋੜ ਹੀ ਬਾਕੀ ਨਹੀਂ ਸੀ ਰਹਿ ਗਈ।

ਇਹ ਵੀ ਠੀਕ ਅਣਮੱਤੀ ਤੇ ਖਾਸਕਰ ਬ੍ਰਾਹਮਣੀ ਤਰਜ਼ `ਤੇ, ਇਥੇ ਹੁਣ ਸਿੱਖ ਧਰਮ ਦੇ ਪ੍ਰਚਾਰਕ ਲਈ ਵੀ ਕੇਵਲ ਕਿਸੇ ਵਿਸ਼ੇਸ਼ ਪਹਿਰਾਵੇ ਦੀ ਲੋੜ ਹੀ ਰਹਿ ਚੁੱਕੀ ਸੀ। ਫ਼ਿਰ ਭਾਵੇਂ ਸਿੱਖ ਧਰਮ ਦਾ ਇਹ ਪ੍ਰਚਾਰਕ (ਪੁਜਾਰੀ) ਜੀਵਨ ਪੱਖੋਂ ਕਿਸੇ ਵੀ ਪੱਧਰ `ਤੇ ਕਿਉਂ ਨਾ ਖੜਾ ਹੋਵੇ। ਹੋਰ ਤਾਂ ਹੋਰ ਬਲਕਿ ਉਸ ਸਮੇਂ ਸਾਡੇ ਵਿਚਕਾਰ ਆਈ ਇਹ ਪਿੜਤ, ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ।

ਦੂਜੇ ਪਾਸੇ ਵਰਣ ਵੰਡ ਅਨੁਸਾਰ ਖਾਸਕਰ ਬ੍ਰਾਹਮਣ ਮੱਤ ਤਾਂ ਸੀ ਹੀ, ਇੱਕ ਵੱਖਰੀ ਪੁਜਾਰੀ ਸ਼੍ਰੇਣੀ। ਬਲਕਿ ਉਥੇ ਤਾਂ ਉਸੇ ਤੋਂ ਉਭਰੀਆਂ ਹੋਈਆਂ ਅਜਿਹੀਆਂ ਜਿਵੇਂ ਸੰਤ, ਸਾਧ, ਭਗਤ, ਜੋਗੀ, ਸਨਿੰਆਸੀ, ਬੈਰਾਗੀ, ਨਾਂਗੇ, ਮੋਨੀ ਆਦਿ ਸ਼੍ਰੇਣੀਆਂ ਹੋਰ ਵੀ ਬਹੁਤ ਸਨ। ਇਸ ਤਰ੍ਹਾਂ ਉਹ ਰਹਿਣੀਆਂ ਤੇ ਸ਼੍ਰੇਣੀਆਂ ਜਿਨ੍ਹਾਂ ਨੂੰ ਗੁਰਮੱਤ ਤੇ ਗੁਰਬਾਣੀ ਨੇ ਕੇਵਲ ਭੇਖਾਂ ਦਾ ਨਾਮ ਦਿੱਤਾ ਅਤੇ ਕਦੇ ਵੀ ਪ੍ਰਵਾਨ ਨਹੀਂ ਸੀ ਕੀਤਾ, ਇਸ ਲਈ ਉਹ ਸਿੱਖ ਧਰਮ ਦਾ ਅੰਗ ਕਦੇ ਵੀ ਨਹੀਂ ਸਨ। ਸੱਚ ਤਾਂ ਇਹ ਹੈ ਕਿ ਇਸ ਵਿਚਲੇ ਚੌਰਾਸੀ ਸਾਲਾਂ ਦੀ ਦੇਣ ਭਾਵ ਪੁਜਾਰੀ ਸ਼੍ਰੇਣੀ ਤੇ ਉਸਦਾ ਵਿਸ਼ੇਸ਼ ਪਹਿਰਾਵਾ, ਇਸ ਵਿਸ਼ੇ `ਤੇ ਵੀ ਅਸੀਂ ਵੀ ਉਸੇ ਸੋਚ ਦੇ ਪੂਰੀ ਤਰ੍ਹਾਂ ਗ਼ੁਲਾਮ ਹੋ ਚੁੱਕੇ ਸਾਂ।

ਇਸ ਤਰ੍ਹਾਂ ਉਥੇ ਤਾਂ ਉਂਝ ਵੀ ਆਪਣਾ ਵੱਖਰਾ ਰੂਪ ਤੇ ਪਹਿਰਾਵਾ ਕਾਇਮ ਕਰ ਕੇ, ਬ੍ਰਾਹਮਣ ਵਰਗ ਨੇ ਬਾਕੀ ਤਿੰਨਾਂ ਵਰਣਾਂ `ਤੇ ਰਾਜ ਕਰਣਾ ਸੀ। ਜਦਕਿ ਗੁਰੂ ਦਰ `ਤੇ ਤਾਂ ਉਸ ਦੇ ਉਲਟ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ, ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ, ਕਲਿ ਮਹਿ ਘਟਿ ਘਟਿ ਨਾਨਕ ਮਾਝਾ” (ਪੰ੭੪੭) ਅਤੇ ਅਜਿਹੇ ਬੇਅੰਤ ਗੁਰ ਫ਼ੁਰਮਾਨਾ ਅਨੁਸਾਰ ਇਹੋ ਜਿਹਾ ਕੋਈ ਵਿਸ਼ਾ ਹੀ ਲਾਗੂ ਨਹੀਂ ਸੀ ਹੁੰਦਾ। ਫ਼ਿਰ ਚੂਂਕਿ ਹੁਣ ਤਾਂ ਗੁਰੂਦਰ `ਤੇ ਵੀ ਆਪਣੇ ਬਦਲੇ ਹੋਏ ਰੂਪ `ਚ ਪਰ ਮੂਲੋਂ ਬ੍ਰਾਹਮਣ ਹੀ ਹਾਵੀ ਸੀ, ਸਪਸ਼ਟ ਹੈ ਉਸ ਨੇ ਇਥੇ ਵੀ ਉਹੀ ਸਿਲਸਿਲਾ ਚਾਲੂ ਕਰ ਦਿੱਤਾ ਤੇ ਉਹੀ ਭਾਣਾ ਵਰਤਾ ਦਿੱਤਾ, ਜਿਹੜਾ ਕਿ ਅੱਜ ਵੀ ਸਾਡੇ ਗੱਲ ਪਿਆ ਹੋਇਆ, ਸਵੇਰੇ-ਸ਼ਾਮ ਦੇਖ ਸਕਦੇ ਹਾਂ।

ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੱਕ, ਸਿੱਖ ਧਰਮ ਦੇ ਪ੍ਰਚਾਰਕ ਲਈ ਜਿਹੜਾ ਨਿਰੰਤਰ ਯੋਗਤਾ, ਗੁਰਬਾਣੀ ਰਹਿਣੀ ਤੇ ਜੀਵਨ ਵਾਲਾ ਵਿਸ਼ਾ ਲਾਗੂ ਹੁੰਦਾ ਸੀ। ਹੁਣ ਗੁਰਬਾਣੀ ਦਾ ਪ੍ਰਚਾਰਕ ਵੀ ਵਿਸ਼ੇਸ ਪਹਿਰਾਵੇ `ਤੇ ਹੀ ਸਿਮਟ ਕੇ ਰਹਿ ਗਿਆ ਸੀ। ਉਂਜ ਸੰਬੰਧਤ ਵਿਸ਼ੇ ਨੂੰ ਹੋਰ ਸਮਝਣ ਲਈ ਅਸੀਂ ਆਪਣੇ ਗੁਰਮੱਤ ਪਾਠਾਂ ਦੀ ਲੜੀ `ਚ, ਗੁਰਮੱਤ ਪਾਠ ਨੰ: ੨੩ “ਸਵਾਸ ਕੀਮਤੀ ਹਨ ਧਨ ਪਦਾਰਥ ਨਹੀਂ (ਵਿਸ਼ੇਸ਼ਕਰ ਸਿੱਖ ਪ੍ਰਚਾਰਕਾਂ ਲਈ) ਂ” ਅਤੇ ਦੂਜਾ, ਗੁਰਮੱਤ ਪਾਠ ਨੰ: ੯੪ ‘ਸਿੱਖ ਪ੍ਰਚਾਰਕ ਦੀ ਪਦਵੀ ਤੇ ਸਤਿਕਾਰ `ਚ ਵਿਘਣ?’ ਗੁਰੂ ਕੀਆਂ ਸੰਗਤਾਂ ਤੇ ਪ੍ਰਚਾਰਕਾਂ ਲਈ ਅਸੀਂ ਦੇ ਵੀ ਚੁੱਕੇ ਹਾਂ, ਸੰਗਤਾਂ ਉਨ੍ਹਾਂ ਗੁਰਮੱਤ ਪਾਠਾਂ ਦਾ ਵੀ ਭਰਪੂਰ ਲਾਭ ਲੈ ਸਕਦੀਆਂ ਹਨ।

ਅੰਮ੍ਰਿਤ ਛਕਣਾ ਤੇ ਖੰਡੇ ਦੀ ਪਾਹੁਲ- ਇਸੇ ਲੜੀ `ਚ ਇੱਕ ਹੋਰ ਵਿਸ਼ਾ ਵੀ ਖਾਸ ਧਿਆਨ ਮੰਗਦਾ ਹੈ। ਉਹ ਇਹ ਕਿ ਸੰਨ ੧੮੬੦ ਤੋਂ ਪਹਿਲਾਂ ਦੀਆਂ ਲਿਖਤਾਂ `ਚ ਸਿੱਖ ਧਰਮ `ਚ ਪ੍ਰਵੇਸ਼ ਵਾਲੀ ਰਸਮ ਦਾ ਨਾਂ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ ‘ਅੰਮ੍ਰਿਤ ਛਕਣਾ’ ਨਹੀਂ। ਖੰਡੇ ਦੀ ਪਾਹੁਲ ਰਾਹੀਂ ਤਾਂ ਅਸਾਂ ਆਖਿਰੀ ਸੁਆਸਾਂ ਤੀਕ ਗੁਰਬਾਣੀ ਵਾਲੇ ਅੰੰਿਮ੍ਰਤ ਨੂੰ ਛਕਣ ਲਈ ਹੀ ਪ੍ਰਣ ਲੈਣਾ ਹੁੰਦਾ ਹੈ। ਇਸਦੇ ਉਲਟ ਜੇਕਰ ਅੰਮ੍ਰਿਤ ਵਾਲੇ ਦਰਵਾਜ਼ੇ ਦੀ ਦਹਿਲੀਜ਼ `ਤੇ ਹੱਥ ਲਾ ਕੇ ਹੀ ਅਸੀਂ ‘ਅੰਮ੍ਰਿਤ ਧਾਰੀ’ ਹੋ ਗਏ ਤਾਂ ਅਗਲੀ ਗੱਲ ਚੱਲੇ ਗੀ ਹੀ ਕਿਥੋਂ ਤੇ ਕਿਵੇਂ? ਜਦਕਿ ਗੁਰੂ ਕੇ ਸਿੱਖ ਨੇ ਤਾਂ ਗੁਰਬਾਣੀ ਅੰਮ੍ਰਿਤ ਨੂੰ ਆਪਣੇ ਆਖਰੀ ਸੁਆਸਾਂ ਤੀਕ ਛਕਦੇ ਰਹਿਣਾ ਹੁੰਦਾ ਹੈ।

ਸਚਾਈ ਇਹ ਹੈ ਕਿ ਗੁਰਬਾਣੀ ਵਾਲੇ ਅੰਮ੍ਰਿਤ ਨੂੰ ਲਗਾਤਾਰ ਛਕੇ ਬਿਨਾ ਤਾਂ ਸਾਡਾ ਜੀਵਨ ਹੀ, ਗੁਰੂ ਕੀ ਸਿੱਖੀ ਵਾਲਾ ਨਹੀਂ ਬਣ ਸਕਦਾ। ਜਦਕਿ ਇਥੇ ਤਾਂ ਅਸੀਂ ਕੁੱਝ ਹੀ ਸਮੇਂ `ਚ ‘ਅੰਮ੍ਰਿਤ ਛਕ ਕੇ’ ਵਿਹਲੇ ਵੀ ਹੋ ਜਾਂਦੇ ਹਾਂ। ਇਹ ਵੱਖਰੀ ਗੱਲ ਹੈ ਕਿ ਫ਼ਿਰ ਭਾਵੇਂ ਅਸਾਂ ਇਹ ਅੰਮ੍ਰਿਤ ਕਿਸੇ ਗੁਰਦੁਆਰੇ ਦੀ ਮੈਂਬਰੀ ਜਾਂ ਕਿਸੇ ਨੌਕਰੀ ਆਦਿ ਲਈ ਹੀ ਛਕਿਆ ਹੋਵੇ। ਇਸ ਬਾਰੇ ਅਸੀਂ ਆਪਣੇ ਗੁਰਮੱਤ ਪਾਠਾਂ ਦੀ ਉਸੇ ਲੜੀ `ਚ ਗੁਰਮੱਤ ਪਾਠ ਨੰ: ੧੫੨ “ਅੰਮ੍ਰਿਤੁ ਹਰਿ ਕਾ ਨਾਮੁ ਹੈ ….” ਤੇ ਗੁਰਮੱਤ ਪਾਠ ਨੰ: ੯੨ “ਨਾਨਕ ਅੰਮ੍ਰਿਤ ਏਕੁ ਹੈ…” ਦਿੱਤੇ ਹੋਏ ਹਨ, ਗੁਰੂ ਕੀਆਂ ਸੰਗਤਾਂ ਉਨ੍ਹਾਂ ਦਾ ਲਾਹਾ ਵੀ ਲੈ ਸਕਦੀਆਂ ਹਨ।

ਮੁੱਕਦੀ ਗੱਲ ‘ਖੰਡੇ ਦੀ ਪਾਹੁਲ ਲਈ’ ਸ਼ਬਦਾਵਲੀ, ‘ਅੰਮ੍ਰਿਤ ਛਕਣਾ ਜਾਂ ਛਕਾਉਣਾ’ ਵੀ ਲਗਭਗ ਸੰਨ ੧੮੬੦ ਦੇ ਆਸ ਪਾਸ ਦੀ ਹੀ ਹੈ। ਉਹ ਸ਼ਬਦਾਵਲੀ ਜਿਹੜੀ ਕਿ ਪੰਥ `ਚ ਕੇਵਲ ਕੁੱਝ ਲਫ਼ਜ਼ਾਂ ਦੀ ਅਦਲੀ-ਬਦਲੀ ਹੀ ਨਜ਼ਰ ਆਉਂਦੀ ਹੈ ਪਰ ਜਿਸਦਾ ਨੁਕਸਾਨ ਅਸੀਂ ਅੱਜ ਵੀ ਭੋਗ ਰਹੇ ਹਾਂ। ਇੰਨਾਂ ਹੀ ਨਹੀਂ, ਮੂਲੋਂ ਬ੍ਰਾਹਮਣ ਪਰ ਸ਼ਕਲੋਂ ਸਿੱਖ ਭਾਵ ਇਸ ਪੁਜਾਰੀ ਸ਼੍ਰੇਣੀ ਵੱਲੋਂ ਉਸ ਸਮੇਂ ਦ੍ਹੋਰਾਨ ਖੰਡਿ ਦੀ ਪਾਹੁਲ ਬਾਰੇ ਵੀ ਅਜਿਹੀ ਬੇਰੁਖੀ ਪੈਦਾ ਕੀਤੀ ਗਈ ਕਿ ਇੱਕ ਤਰੀਕੇ ਇਸ ਨੂੰ ਪੁਜਾਰੀ ਸ਼੍ਰੇਣੀ ਤੀਕ ਹੀ ਸੀਮਤ ਕਰ ਦਿੱਤਾ ਗਿਆ ਤੇ ਬਾਕੀ ਸੰਗਤਾਂ ਲਈ ਇਸ ਦੀ ਜਿਵੇਂ ਕਿ ਲੋੜ ਹੀ ਮੁਕਾ ਦਿੱਤੀ ਗਈ ਹੋਵੇ।

ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਵਿਚਾਲੇ ‘ਖੰਡੇ ਦੀ ਪਾਹੁਲ’ ਨੂੰ ਵੀ ਅਜਿਹਾ ਹਊਆ ਬਣਾਇਆ ਗਿਆ ਜਿਵੇਂ ਕਿ ‘ਅੰਮ੍ਰਿਤ, ਬੜੀ ਉੱਤਮ ਵਸਤੂ ਹੈ, ਨਿਭੇਗਾ ਨਹੀਂ’, ‘ਖੰਡਤ ਹੋ ਜਾਵੇਗਾ’, ‘ਪਾਬੰਦੀਆਂ `ਚ ਰਹਿਣਾ ਪਵੇਗਾ’ ਆਦਿ ਆਦਿ। ਇਸੇ ਦਾ ਨਤੀਜਾ ਹੈ ਕਿ ਜਿੱਥੇ ਲੰਮੇ ਸਮੇਂ ਤੱਕ ਸਿੱਖ ਦਾ ਮਤਲਬ ਹੀ ਪਾਹੁਲਧਾਰੀ ਸੀ, ਅੱਜ ਜ਼ੋਰ ਲਗਾ ਕੇ ਵੀ ਪਾਹੁਲਧਾਰੀਆਂ ਦੀ ਗਿਣਤੀ ਪੰਜ ਪ੍ਰਤੀਸ਼ਤ ਤੋਂ ਅੱਗੇ ਨਹੀਂ ਟੱਪ ਰਹੀ। ਜੇ ਇਮਾਨਦਾਰੀ ਨਾਲ ਸਰਵੇ ਕੀਤਾ ਜਾਵੇ ਤਾਂ ਅੱਜ ਵੀ ਬਹੁਤੇ ਭਾਈ ਸਾਹਿਬਾਨ, ਪ੍ਰਚਾਰਕ ਉਹੀ ਹਨ ਜਿੰਨ੍ਹਾਂ ਦਾ ਪਿਛੋਕੜ ਖਾਸਕਰ ਉਨ੍ਹਾਂ ਵਰਗਾਂ `ਚੋਂ ਹੀ ਹੈ ਅਤੇ ਅੱਜ ਵੀ ਉਨ੍ਹਾਂ ਨੇ ਬਹੁਤਾ ਕਰਕੇ ਸਿੱਖੀ ਜੀਵਨ ਤੋਂ ਕੁੱਝ ਵੀ ਲੈਣਾ ਦੇਣਾ ਨਹੀਂ।

ਉਹ ਲੋਕ ਇਸ ਕਤਾਰ `ਚ ਤਾਂ ਕੇਵਲ ਇਸ ਲਈ ਹਨ ਕਿ ਇਹ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਵਧੀਆ ਤੇ ਸੌਖਾ ਵਸੀਲਾ ਬਣਿਆ ਹੋਇਆ ਹੈ। ਉਨ੍ਹਾਂ ਦੇ ਸਰੂਪ ਦੇਖੋ ਤਾਂ ਦਿਲਖਿਚਵੇਂ ਅਤੇ ਪੰਜ ਕਕਾਰੀ ਹੁੰਦੇ ਹਨ ਪਰ ਮੂਲ ਰੂਪ `ਚ ਗੁਰੂ ਪਾਤਸ਼ਾਹ ਲਈ ਉਨ੍ਹਾਂ ਦੇ ਮਨ `ਚ ਨਾ ਸਤਿਕਾਰ ਹੁੰਦਾ ਹੈ ਨਾ ਭੈਅ। ਉਨ੍ਹਾਂ ਰਾਹੀਂ ਸੰਗਤਾਂ ਵਿਚਾਲੇ ਪ੍ਰਚਲਤ ਸ਼ਬਦਾਵਲੀ ਅੱਜ ਵੀ ਇਹੀ ਤੇ ਆਮ ਹੈ ਜਿਵੇਂ ‘ਬਾਣੀ ਅਗਾਧ ਬੋਧ-ਹੈ’, ‘ਗੁਰੂ ਦੀ ਬਾਣੀ, ਗੁਰੂ ਹੀ ਸਮਝ ਸਕਦਾ ਹੈ’, ‘ਬਾਣੀ ਦੇ ਅਰਥ ਤਾਂ ਹੋ ਨਹੀਂ ਸਕਦੇ, ਅਰਥ ਹੋਣੇ ਹੁੰਦੇ ਤਾਂ ਗੁਰੂ ਸਾਹਿਬ ਆਪ ਨਾ ਕਰ ਕੇ ਜਾਂਦੇ? ਇਤਿਆਦਿ’ ਇਹ ਫ਼ਿਕਰੇ ਕਿਧਰੋਂ ਬਾਹਰੋਂ ਨਹੀਂ ਬਲਕਿ ਸਾਡੀ ਇਸ ਪੁਜਾਰੀ-ਪ੍ਰਚਾਰਕ ਸ਼੍ਰੇਣੀ ਦੀ ਹੀ ਉਪਜ ਹਨ।

ਸੰਨ ੧੭੯੯ `ਚ ਖ਼ਾਲਸਾ ਰਾਜ- ਇੰਨ੍ਹਾਂ ੮੪ ਸਾਲਾ ਤੋਂ ਬਾਅਦ ਸੰਨ ੧੭੯੯ `ਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ `ਚ ਖਾਲਸਾ ਰਾਜ ਕਾਇਮ ਹਇਆ। ਸ਼ੱਕ ਨਹੀਂ ਕਿ ਅੱਜ ਸਾਡੇ ਬਹੁਤੇ ਸਿੱਖ ਲਿਖਾਰੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਪੱਖੋਂ ਦੋਸ਼ ਦਿੰਦੇ ਹਨ ਕਿ ‘ਉਸ ਦੇ ਰਾਜ `ਚ ਵੀ ਬ੍ਰਾਹਮਣੀ ਵਿਚਾਰਧਾਰਾ ਦੀ ਹੀ ਪ੍ਰਪੱਕਤਾ ਹੋਈ। ਜਦਕਿ ਇਸ `ਚ ਵੀ ਸ਼ੱਕ ਨਹੀਂ ਕਿ ਮਹਾਰਾਜਾ, ਵੱਡੇ ਸਿੱਖੀ ਪਿਆਰ ਵਾਲਾ ਵੀ ਸੀ, ਪਰ ਵਿਵਹਾਰਕ ਤੌਰ `ਤੇ ਉਸ ਅੰਦਰ ਕੁੱਟ ਕੁੱਟ ਕੇ ਭਰੀਆਂ ਹੋਈਆਂ ਸਨ, ਬ੍ਰਾਹਮਣੀ ਤੇ ਵਿਪਰਨ ਦੀਆਂ ਰੀਤਾਂ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਆਪਣੇ ਕੁਲ-ਪੁਰੋਹਤ ਵੀ ਸਨ। ਬਲਕਿ ਉਸ ਦੀ ਚਿਖਾ `ਤੇ ਉਸ ਦੀਆਂ ਕੁੱਝ ਰਾਣੀਆਂ ਸਤੀ ਵੀ ਹੋਈਆਂ ਸਨ ਤੇ ਹੋਰ ਵੀ ਬਹੁਤ ਕੁਝ।

ਜਦਕਿ ਇਹ ਵੀ ਉਤਨਾ ਹੀ ਸੱਚ ਹੈ ਕਿ ਉਸ ਅੰਦਰ ਸਿੱਖੀ ਦੇ ਗੁਣ ਤੇ ਸਿੱਖੀ ਲਈ ਪਿਆਰ ਤੇ ਜਜ਼ਬਾ ਵੀ ਬੇਅੰਤ ਸੀ। ਇਹੀ ਕਾਰਣ ਹੈ ਜੇਕਰ ਇਸ ਵਿਸ਼ੇ ਨੂੰ ਠੰਢੇ ਦਿਮਾਗ ਨਾਲ ਲਿਆ ਜਾਵੇ ਤੇ ਉਸ ਦੇ ਰਾਜਕਾਲ ਨੂੰ ਵੀ ਨਿਰਪੱਖ ਹੋ ਕੇ ਅਤੇ ਬਾਹਿਰੋਂ ਪਰਖਿਆ ਜਾਵੇ ਤਾਂ ਸੰਸਾਰ ਭਰ ਦੇ ਸ਼ਾਸਕਾਂ `ਚੋਂ, ਉਸਦੇ ਰਾਜ ਦੇ ਚਾਲੀ ਸਾਲ ਆਮ ਜੰਤਾ ਲਈ ਸਹੀ ਅਰਥਾਂ `ਚ ਸੁਅਰਨ ਜੁੱਗ (Golden Period) ਹੀ ਸਨ।

ਉਹ ਮਹਾਰਾਜਾ, ਜਿਸਦੇ ਕਾਨੂੰਨਾਂ `ਚ ਮੌਤ ਦੀ ਸਜ਼ਾ ਵੀ ਸੀ ਅਤੇ ਚੋਰ ਦੀ ਸਜ਼ਾ, ਚੋਰ ਦੇ ਹੱਥ ਕੱਟਣੇ ਵੀ। ਵਿਚਾਰਣ ਦਾ ਵਿਸ਼ਾ ਹੈ ਕਿ ਚਾਲੀ ਸਾਲਾਂ ਦੇ ਲੰਮੇ ਰਾਜ ਪ੍ਰਬੰਧ `ਚ ਕਿਸੇ ਇੱਕ ਨੂੰ ਵੀ ਨਾ ਫਾਂਸੀ ਹੋਈ ਤੇ ਨਾ ਕਿਸੇ ਚੋਰ ਦੇ ਹੱਥ ਕੱਟਣੇ ਪਏ। ਉਸਦੀ ਰਾਜਸੀ ਤਾਕਤ ਦੀ ਧਾਂਕ ਵੀ ਇੰਨੀਂ ਵਧ ਸੀ ਕਿ ਅੰਗ੍ਰੇਜ਼, ਜਿੰਨ੍ਹਾਂ ਦਾ ਸੂਰਜ ਨਹੀਂ ਸੀ ਡੁੱਬਦਾ; ਸੰਨ ੧੮੦੮ `ਚ ਸੰਸਾਰ ਪੱਧਰ `ਤੇ ਉਨ੍ਹਾਂ ਨੂੰ ਵੀ ਸੰਧੀ ਕਰਣੀ ਪਈ ਤੇ ਉਹ ਵੀ ਮਹਾਰਾਜੇ ਨਾਲ। ਅੰਗ੍ਰੇੁਜ਼ ਨੇ ਮਹਾਰਾਜੇ ਨਾਲ ਵਾਇਦਾ ਕੀਤਾ ਕਿ ਉਹ ਮਹਾਰਾਜੇ ਦੇ ਰਾਜ ਵੱਲ ਨਹੀਂ ਦੇਖੇਗਾ, ਖੈਰ! ਇਹ ਵੱਖਰਾ ਵਿਸ਼ਾ ਹੈ।

ਜਦਕਿ ਇਥੇ ਇਸਦਾ ਕੇਵਲ ਇੰਨਾਂ ਹੀ ਸੰਬੰਧ ਹੈ ਕਿ ਸਿੱਖ ਪੰਥ ਜਿਹੜਾ ਕਿ ਪਿਛਲੇ ਚੌਰਾਸੀ ਸਾਲਾਂ ਤੋਂ, ਗੁਰਦੁਆਰਾ ਪੱਧਰ `ਤੇ ਬ੍ਰਾਹਮਣੀ ਤੇ ਵਿਰੋਧੀ ਤਾਕਤਾਂ ਦੀ ਅਨਜਾਣੀ ਗੁਲਾਮੀ `ਚ ਦਬੋਚਿਆ ਪਿਆ ਸੀ, ਹੁਣ ਤੀਕ ਬ੍ਰਾਹਮਣੀ ਸੋਚ ਤੇ ਰਹਿਨੀ ਪੂਰੀ ਤਰ੍ਹਾਂ ਪੰਥ ਦਾ ਜੀਵਨ ਬਣ ਚੁੱਕੇ ਸਨ। ਫ਼ਿਰ ਵੀ ਸਿੱਖ ਜੇਕਰ ਸੰਸਾਰ ਤਲ `ਤੇ ਬਚਿਆ ਹੋਇਆ ਸੀ ਤਾਂ ਕੇਵਲ ਆਪਣੇ ਸਰੂਪ ਕਾਰਣ, ਵਰਨਾ ਸਿੱਖ ਦੇ ਜੀਵਨ `ਚੋਂ ਸਿੱਖੀ ਤਾਂ ਪੂਰੀ ਤਰ੍ਹਾਂ ਧੋਤੀ ਜਾ ਚੁੱਕੀ ਸੀ।

ਸਪਸ਼ਟ ਹੈ ਕਿ ਅਜਿਹੇ ਹਾਲਾਤ `ਚ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਕੋਈ ਦੂਜਾ ਸਿੱਖ ਬਾਦਸ਼ਾਹ ਵੀ ਹੁੰਦਾ ਤਾਂ ਵੀ ਸਿੱਖੀ ਪੱਖੋਂ ਕੌਮ ਦੀ ਹਾਲਤ ਇੰਨੀਂ ਜਾਂ ਹੋ ਸਕਦਾ ਹੈ ਪੰਥਕ ਰਹਿਣੀ ਦੇ ਤਲ `ਤੇ ਇਸ ਤੋਂ ਵੀ ਵੱਧ ਖ਼ਰਾਬ ਹੁੰਦੀ। ਅਜਿਹੇ ਨਿੱਘਰੇ ਹਾਲਾਤ `ਚ ਜੇਕਰ ਸਾਨੂੰ ਖਾਲਸਾ ਰਾਜ ਪ੍ਰਾਪਤ ਹੋਇਆ ਤਾਂ ਉਸ ਦੀਆਂ ਜੜ੍ਹਾਂ ਵੀ ਅਸਲੋਂ ਗੁਰੂ ਨਾਨਕ ਦੀ ਸਿੱਖੀ `ਚ ਨਹੀਂ ਬਲਕਿ ਅਣਮੱਤਾਂ ਦੇ ਕਰਮਕਾਂਡੀ ਚਿੱਕੜ `ਚ ਹੀ ਪੂਰੀ ਤਰ੍ਹਾਂ ਧਸੀਆਂ ਪਈਆਂ ਸਨ।

ਇਸੇ ਲਈ ਰਾਜਸੀ ਤਾਕਤ ਨੂੰ ਵਰਤ ਕੇ ਜਦੋਂ ਸਾਨੂੰ ਸਿੱਖ ਧਰਮ ਨੂੰ ਫੈਲਾਉਣ ਦਾ ਮੌਕਾ ਬਣਿਆ ਤਾਂ ਅਸਲ `ਚ ਇਹ ਸਿੱਖੀ ਦਾ ਫੈਲਾਅ ਨਹੀਂ ਬਲਕਿ ਸਿੱਖੀ ਦੇ ਨਾਂ `ਤੇ ਬ੍ਰਾਹਮਣ ਮੱਤ ਤੇ ਅਣਮੱਤਾਂ ਦੀ ਪਕਿਆਈ ਹੀ ਹੋਈ ਸੀ। ਪੁਚਲਣ ਹੈ ‘ਜਥਾ ਰਾਜਾ ਤਥਾ ਪਰਜਾ’ ਠੀਕ ਇਸੇ ਦਾ ਨਤੀਜਾ ਸੀ ਕਿ ਖਾਲਸਾ ਰਾਜ ਸਮੇਂ ਵੀ ਸਿੱਖੀ ਜੀਵਨ ਤੇ ਰਹਿਣੀ ਨੂੰ ਹੋਰ ਵੱਧ ਨੁਕਸਾਨ ਪੁੱਜਾ। ਅਖ਼ਿਰ ਇਤਨੇ ਬਲਸ਼ਾਲ਼ੀ ਸਿੱਖ ਰਾਜ `ਤੇ ਉਸ `ਚ, ਸਹਿਜੇ ਹੀ ਕੌਮੀ ਗ਼ਦਾਰਾਂ ਰਾਹੀਂ ਸ਼ਾਮਿਲ ਵੀ ਹੋ ਜਾਣਾ, ਉਸ ਦਾ ਮੁੱਖ ਕਾਰਨ ਵੀ ਇਹੀ ਕੁੱਝ ਸਾਬਤ ਹੁੰਦਾ ਹੈ।

ਸਪਸ਼ਟ ਹੈ ਕਿ ਇਸੇ ਦਾ ਨਤੀਜਾ ਸੀ ਕਿ ਸੰਨ ੧੮੩੯ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ, ਸੰਨ ੧੮੪੯ ਤੀਕ-ਕੇਵਲ ਦਸ ਸਾਲਾਂ `ਚ ਹੀ ਡੋਗਰਿਆਂ ਦੀ ਗਦਾਰੀ ਕਾਰਣ, ਮਜ਼ਬੂਤ ਸਿੱਖ ਰਾਜ ਦਾ ਖੂਨੀ ਡਰਾਪ ਸੈਨ ਹੋ ਗਿਆ। ਇਸ ਤੋਂ ਬਾਅਦ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਦਰਅਸਲ ਪੰਜਾਬ ਲਈ ਤੇ ਖਾਸ ਕਰ ਪੰਥ ਦਰਦੀ ਤਾਕਤਾਂ ਦੇ ਰੂਪ `ਚ ਸਿੱਖਾਂ ਲਈ ਇਹ ਫ਼ਿਰ ਤੋਂ ਦਿਲ ਕੰਬਾਊ ਤੇ ਡਰਾਉਣਾ ਸਮਾਂ ਸੀ। ਇਸ ਸਾਰੇ ਦਾ ਮੁੱਖ ਕਾਰਣ ਵੀ ਪੰਥ `ਚੋਂ ਬਹੁਤਾ ਕਰਕੇ ਗੁਰਬਾਣੀ ਵਾਲੇ ਜੀਵਨ ਦਾ ਮੁੱਕਿਆ ਹੋਇਆ ਹੋਣਾ ਹੀ ਸੀ। #23 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.