.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ (ਭਾਗ ਛੇਵਾਂ)
ਜਮ ਤ੍ਰਾਸ

ਜਮੁ ਤ੍ਰਾਸ ਦਾ ਅਰਥ ਹੈ ਜਮਾਂ ਦਾ ਡਰ। ਤ੍ਰਾਸ ਦਾ ਅਰਥ ਹੈ ਡਰ। ਗੁਰਬਾਣੀ ਵਿੱਚ ‘ਤਰਾਸ’ ਸ਼ਬਦ ਵੀ ਆਇਆ ਹੈ ਪਰ ਇਹ ਸ਼ਬਦ ਡਰ ਦੇ ਭਾਵ ਵਿੱਚ ਨਹੀਂ ਆਇਆ ਹੈ। ਡਰ ਦੇ ਅਰਥ ਵਿੱਚ ‘ਤ੍ਰਾਸ’ ਸ਼ਬਦ ਹੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਤਰਾਸ’ ਸ਼ਬਦ ਦੋ ਵਾਰੀ ਹੀ ਆਇਆ ਹੈ; ਇੱਕ ਥਾਂ ਇਸ ਦਾ ਸਰੂਪ ‘ਤਰਾਸ’ ਹੈ ਅਤੇ ਦੂਜੀ ਥਾਂ ਇਸ ਦਾ ਰੂਪ ‘ਤਰਾਸਿ’ ਹੈ। ਜਿਵੇਂ:-
(ੳ) ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ॥ (ਪੰਨਾ ੧੨੯੫) ਅਰਥ:- ਅਸੀ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤਿ ਵਿੱਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ।
(ਅ) ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ॥ ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ॥ ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ॥ (ਪੰਨਾ ੨੨) ਅਰਥ:- (ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ। ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ। (ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।
(ਗੁਰਬਾਣੀ ਵਿੱਚ ‘ਤਰਾਸਿਆ’ ਸ਼ਬਦ ਵੀ ਆਇਆ ਹੈ ਪਰ ਇਸ ਦਾ ਅਰਥ ਡਰਾਉਣ ਤੋਂ ਹੈ। ਜਿਵੇਂ:-ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥ (ਪੰਨਾ ੩੨੭) ਅਰਥ:- ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿੱਚ ਕੀਹ ਚੀਜ਼ ਹੈ।)
ਗੁਰਬਾਣੀ ਵਿੱਚ ‘ਜਮ’ ਸ਼ਬਦ ਕਿਤੇ ਧਰਮਰਾਜ ਅਤੇ ਕਿਤੇ ਜਮਦੂਤਾਂ ਦੇ ਅਰਥ ਵਿੱਚ ਆਇਆ ਹੈ। ਜਿੱਥੇ ‘ਜਮ’ ਸ਼ਬਦ ਧਰਮਰਾਜ ਦੇ ਅਰਥ ਵਿੱਚ ਆਇਆ ਹੈ ਉੱਥੇ ‘ਜਮ ਤ੍ਰਾਸ’ ਦਾ ਅਰਥ ਹੈ ਧਰਮਰਾਜ ਦਾ ਡਰ। ਜਿਵੇਂ:- ਜਨਮ ਮਰਣ ਕੀ ਮਿਟੀ ਜਮ ਤ੍ਰਾਸ॥ ਸਾਧਸੰਗਤਿ ਊਂਧ ਕਮਲ ਬਿਗਾਸ॥ ਗੁਣ ਗਾਵਤ ਨਿਹਚਲੁ ਬਿਸ੍ਰਾਮ॥ ਪੂਰਨ ਹੋਏ ਸਗਲੇ ਕਾਮ॥ (ਪੰਨਾ ੧੧੪੮) ਅਰਥ:-ਹੇ ਭਾਈ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿੱਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ, ਸਾਧ ਸੰਗਤਿ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ। ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਪਰ ਜਿੱਥੇ ‘ਜਮ’ ਤੋਂ ਭਾਵ ਜਮਦੂਤਾਂ ਤੋਂ ਹੈ ਉੱਥੇ ‘ਜਮ ਤ੍ਰਾਸ’ ਤੋਂ ਭਾਵ ਜਮਾਂ ਅਥਵਾ ਜਮਦੂਤਾਂ ਦੇ ਡਰ ਤੋਂ ਹੈ। ਜਿਵੇਂ:- ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ॥ ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ॥ ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ॥ ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸੁਖ ਸਾਗਰੁ॥ (ਪੰਨਾ ੧੪੦੪) ਅਰਥ:- (ਗੁਰੂ ਰਾਮਦਾਸ ਇੱਕ ਐਸਾ ਸਰੋਵਰ ਹੈ ਜਿਸ ਵਿੱਚ ਪਰਮਾਤਮਾ ਦਾ) ਪਵਿੱਤਰ ਨਾਮ-ਅੰਮ੍ਰਿਤ ਭਰਿਆ ਹੋਇਆ ਹੈ (ਉਸ ਵਿਚ) ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ, (ਇਹ ਸਰੋਵਰ) ਬੜਾ ਡੂੰਘਾ ਗੰਭੀਰ ਤੇ ਅਥਾਹ ਹੈ, ਸਦਾ ਨਕਾ-ਨਕ ਭਰਿਆ ਰਹਿੰਦਾ ਹੈ ਤੇ ਸਭ ਤਰ੍ਹਾਂ ਦੇ ਰਤਨਾਂ ਦਾ ਖ਼ਜ਼ਾਨਾ ਹੈ। (ਉਸ ਸਰੋਵਰ ਵਿਚ) ਸੰਤ-ਹੰਸ ਕਲੋਲ ਕਰਦੇ ਹਨ, ਉਹਨਾਂ ਦਾ ਜਮਾਂ ਦਾ ਡਰ ਤੇ ਦੁੱਖਾਂ ਦਾ ਲੇਖਾ ਮਿਟ ਗਿਆ ਹੁੰਦਾ ਹੈ। ਕਲਜੁਗ ਦੇ ਪਾਪ ਦੂਰ ਕਰਨ ਲਈ ਸਤਿਗੁਰੂ ਦਾ ਦਰਸ਼ਨ ਸਾਰੇ ਸੁਖਾਂ ਦਾ ਸਮੁੰਦਰ ਹੈ।
ਅਸੀਂ ਚੂੰਕਿ ‘ਗੁਰਬਾਣੀ ਵਿੱਚ ਜਮਦੂਤ’ ਦੇ ਸੰਕਲਪ’ ਦੀ ਚਰਚਾ ਕਰ ਰਹੇ ਹਾਂ, ਇਸ ਲਈ ਗੁਰਬਾਣੀ ਦੇ ਜਿਹਨਾਂ ਫ਼ਰਮਾਨਾਂ ਵਿੱਚ ‘ਜਮ ਤ੍ਰਾਸ’ ਤੋਂ ਭਾਵ ਜਮਦੂਤਾਂ ਦੇ ਡਰ ਤੋਂ ਹੈ ਕੇਵਲ ਉਹਨਾਂ ਦਾ ਹੀ ਵਰਨਣ ਕਰ ਰਹੇ ਹਾਂ। ਗੁਰਬਾਣੀ ਵਿੱਚ ‘ਜਮ ਤ੍ਰਾਸ’ ਦੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਪੁਰਾਣਾਂ ਵਿੱਚ ‘ਜਮ ਤ੍ਰਾਸ’ ਦੇ ਰੂਪ ਦਾ ਵਰਨਣ ਅਢੁੱਕਵਾਂ ਨਹੀਂ ਹੋਵੇਗਾ। ਅੰਤ ਸਮੇਂ, ਭਾਵ, ਮੌਤ ਆਉਣ `ਤੇ ਭਿਆਨਕ ਜਮਦੂਤਾਂ ਨੂੰ ਦੇਖ ਕੇ ਮਨੁੱਖ ਦੀ ਜੋ ਦਸ਼ਾ ਹੁੰਦੀ ਹੈ, ਉਸ ਦਾ ਗਰੁੜ ਪੁਰਾਣ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ:- “ਉਸ ਸਮੇਂ ਆਏ ਹੋਏ ਦੋ ਜਮਦੂਤਾਂ ਨੂੰ ਪਾਪੀ ਪ੍ਰਾਣੀ ਦੇਖਦਾ ਹੈ, ਕ੍ਰੋਧ ਨਾਲ ਲਾਲ ਅੱਖਾਂ ਵਾਲੇ ਭਿਆਨਕ ਮੁੱਖ ਹਨ। ਜੋ ਲੋਹੇ ਦੇ ਮੁਦਗਰ ਨੂੰ ਹੱਥਾਂ ਵਿੱਚ ਲੈ ਕੇ ਨੰਗੇ ਸਰੀਰ ਦੰਦਾਂ ਨੂੰ ਪੀਂਹਦੇ ਖੜੇ ਹਨ। ਜਿਹਨਾਂ ਦੇ ਸਿਰ ਦੇ ਬਾਲ ਕਾਂ ਦੇ ਸਮਾਨ ਕਾਲੇ ਰੰਗ ਦੇ ਹਨ, ਮੁੱਖ ਜਿਹਨਾਂ ਦਾ ਟੇਡਾ ਹੈ। ਤਲਵਾਰ ਦੇ ਸਮਾਨ ਤਿੱਖੇ ਅਤੇ ਵਿਸ਼ਾਲ ਨਹੁੰ ਹਨ। ਇਹੋ ਜਿਹੇ ਦੂਤਾਂ ਨੂੰ ਦੇਖ ਕੇ ਡਰ ਨਾਲ ਮਨੁੱਖ ਮਲ ਮੂਤ੍ਰ ਕਰਨ ਲਗਦਾ ਹੈ”। (ਗਰੁੜ ਪੁਰਾਣ-ਅਧਿਆਏ ਪਹਿਲਾ) (ਨੋਟ:-ਪੁਰਾਣਾਂ ਦੀਆਂ ਲਿਖਤਾਂ ਨਾਲ ਭਾਵੇਂ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸੰਬੰਧ ਨਹੀਂ ਹੈ ਪਰ ਸਾਡੇ ਕਈ ਵਿਦਵਾਨ ਗੁਰਬਾਣੀ ਵਿੱਚ ਜਮਦੂਤ ਸ਼ਬਦ ਤੋਂ ਭਾਵ ਪੁਰਾਣਾਂ ਵਾਲੇ ਜਮਦੂਤਾਂ ਤੋਂ ਹੀ ਲੈਂਦੇ ਹਨ। ਉਦਾਹਰਣ ਵਜੋਂ ਭਾਈ ਰਣਧੀਰ ਸਿੰਘ ਜੀ ਦੀ ਲਿਖੀ ਕਿਤਾਬ ‘ਅਣਡਿੱਠ ਦੁਨੀਆਂ’ ਅਤੇ ਇਸ ਤਰਜ਼ `ਤੇ ਲਿਖੀਆਂ ਹੋਰ ਪੁਸਤਕਾਂ ਦੇਖੀਆਂ ਜਾ ਸਕਦੀਆਂ ਹਨ। ਪਾਠਕ ਜਨ ਪੁਰਾਣਾਂ ਵਿੱਚ ਵਰਣਿਤ ਜਮਦੂਤਾਂ ਬਾਰੇ ਪੜ੍ਹ ਕੇ ਗੁਰਬਾਣੀ ਦੇ ਸੰਕਲਪ ਨੂੰ ਸਮਝ ਸਕਣ, ਇਸ ਲਈ ਹੀ ਪੁਰਾਣਾਂ ਦੀ ਧਾਰਨਾ ਦਾ ਜ਼ਿਕਰ ਕਰ ਰਹੇ ਹਾਂ।)
ਗਰੁੜ ਆਦਿ ਪੁਰਾਣ ਵਿੱਚ ‘ਜਮ ਤ੍ਰਾਸ’ ਵਾਲੀ ਇਸ ਧਾਰਨਾ ਨੂੰ ਗੁਰਬਾਣੀ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਪਰ ਪੁਰਾਣਾਂ ਦੀਆਂ ਇਹਨਾਂ ਲਿਖਤਾਂ ਨੂੰ ਜਨ-ਸਾਧਾਰਨ ਸੱਚ ਮੰਨੀ ਬੈਠਾ ਹੈ। ਬਾਣੀ ਰਚੇਤਿਆਂ ਨੂੰ ਜਿੱਥੇ ਭਰਮ ਅਤੇ ਡਰ ਦੇ ਅਨੇਕਾਂ ਰੂਪਾਂ ਤੋਂ ਮਨੁੱਖ ਨੂੰ ਉਪਰ ਉਠਾਇਆ ਹੈ, ਉੱਥੇ ‘ਜਮ ਤ੍ਰਾਸ’ ਦੇ ਇਸ ਪ੍ਰਚਲਤ ਰੂਪ (ਡਰ) ਤੋਂ ਵੀ ਉਪਰ ਉਠਾਇਆ ਹੈ।
ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਉਣ ਨਾਲ ਮਨੁੱਖ ਨੂੰ ਜਮਦੂਤਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ। ਇਸ ਲਈ ਉਹ ਇਹਨਾਂ ਜਮਦੂਤਾਂ ਤੋਂ ਭੈਭੀਤ ਹੋਣ ਦੀ ਥਾਂ ਵਿਕਾਰ ਰੂਪੀ ਜਮਦੂਤਾਂ ਤੋਂ ਡਰਦਾ ਹੈ। ਇਹਨਾਂ ਵਿਕਾਰ ਰੂਪੀ ਜਮਦੂਤਾਂ ਦੇ ਡਰ ਤੋਂ ਮੁਕਤ ਹੋਣ ਲਈ ਸਤਿਗੁਰੂ ਦਾ ਦਾਮਨ ਪਕੜ ਕੇ ਪ੍ਰਭੂ ਦੀ ਚਰਣ-ਸ਼ਰਨ ਵਿੱਚ ਆਉਂਦਾ ਹੈ। ਪ੍ਰਭੂ ਦੀ ਚਰਣ-ਸ਼ਰਨ ਵਿੱਚ ਆਇਆ ਪ੍ਰਾਣੀ ਸੱਚ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਕੇ ਪਵਿੱਤ੍ਰਤਾ ਦੀ ਜ਼ਿੰਦਗੀ ਜਿਊਂਦਾ ਹੈ। ਪ੍ਰਭੂ ਦੀ ਭੈ-ਭਾਵਨੀ ਵਿੱਚ ਜੀਵਨ ਗੁਜ਼ਾਰਨ ਦੀ ਬਰਕਤਿ ਨਾਲ ਮਨੁੱਖ ਨੂੰ ‘ਜਮ ਤ੍ਰਾਸ’ ਨਹੀਂ ਵਿਆਪਦਾ। ਇਸ ਤਰ੍ਹਾਂ ਦਾ ਜੀਵਨ ਗੁਜ਼ਾਰਨ ਵਾਲੇ ਮਨੁੱਖ ਦੇ ਕਿਸੇ ਕਰਮ ਵਿੱਚ ਕਪਟ, ਬੇਈਮਾਨੀ ਜਾਂ ਵਲ-ਛਲ ਨਹੀਂ ਹੈ। ਕਪਟ ਆਦਿ ਵਾਲੇ ਕਰਮ ਹੀ ਮਨੁੱਖ ਅੰਦਰ ਡਰ ਪੈਦਾ ਕਰਦੇ ਹਨ; ਭਾਵ, ਜਿੱਥੇ ਕਪਟ, ਪਾਪ ਆਦਿ ਹੈ ਉੱਥੇ ਡਰ ਹੈ। ਗੁਰਬਾਣੀ ਵਿੱਚ ਇਸ ਭਾਵ ਨੂੰ ਇਸ ਤਰ੍ਹਾਂ ਦਰਸਾਇਆ ਹੈ:-
(੧) ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ॥ (ਪੰਨਾ ੮੪) ਅਰਥ:- ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ। ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
(੨) ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ॥ ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ॥ ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ॥ (ਪੰਨਾ ੫੪੦) ਅਰਥ:-ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ। (ਪਰ) ਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹਨ। ਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿੱਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁੱਝ ਵਿਗਾੜ ਨਹੀਂ ਸਕਦੇ।
ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ‘ਜਮ ਤ੍ਰਾਸ’ ਦੇ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਕਰਮ ਭੂਮਿ ਮਹਿ ਬੋਅਹੁ ਨਾਮੁ॥ ਪੂਰਨ ਹੋਇ ਤੁਮਾਰਾ ਕਾਮੁ॥ ਫਲ ਪਾਵਹਿ ਮਿਟੈ ਜਮ ਤ੍ਰਾਸ॥ ਨਿਤ ਗਾਵਹਿ ਹਰਿ ਹਰਿ ਗੁਣ ਜਾਸ॥ (ਪੰਨਾ ੧੭੬) ਅਰਥ: (ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿੱਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ, ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ। (ਹੇ ਭਾਈ!) ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ, ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟ ਜਾਇਗਾ।
(ਅ) ਜਾ ਕਉ ਭਈ ਤੁਮਾਰੀ ਧੀਰ॥ ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ॥ (ਪੰਨਾ ੯੭੮) ਅਰਥ:- ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੀ ਦਿੱਤੀ ਧੀਰਜ ਮਿਲ ਗਈ, ਉਸ ਦੇ ਅੰਦਰੋਂ ਮੌਤ ਦਾ ਹਰ ਵੇਲੇ ਦਾ ਸਹਿਮ ਮਿਟ ਗਿਆ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ, ਉਸ ਦੇ ਮਨ ਵਿਚੋਂ ਹਉਮੈ ਦੀ ਚੋਭ ਭੀ ਨਿਕਲ ਗਈ।
(ੲ) ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ॥ ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ॥ (ਪੰਨਾ ੧੪੨੮) ਅਰਥ: ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿੱਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ। ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿੱਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।
(ਸ) ਹਰਿ ਜੂ ਰਾਖਿ ਲੇਹੁ ਪਤਿ ਮੇਰੀ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ॥ ੧॥ ਰਹਾਉ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ॥ ੧॥ ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ॥ ੨॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ॥ ੩॥ (ਪੰਨਾ ੭੦੩)
ਅਰਥ:-ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ। ੧। ਰਹਾਉ।
ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ। ੧। ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ। (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿੱਚ ਹੀ ਵੱਸਦਾ ਹੈ, ਉਸ ਦਾ ਭੇਦ ਮੈਂ ਨਹੀਂ ਸਮਝਿਆ। ੨।
ਹੇ ਨਾਨਕ! (ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! (ਹੋਰ ਸਾਧਨਾ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ। ੩।
(ਹ) ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ॥ ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ॥ (ਪੰਨਾ ੨੧੦) ਅਰਥ:- (ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ ਮਨ ਵਿੱਚ ਆਰਾਧਿਆਂ ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਤੇ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ।
(ਨੋਟ:-ਇਸ ਫ਼ਰਮਾਨ ਵਿੱਚ ‘ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ’ ਵਲ ਵੀ ਧਿਆਨ ਦੇਣ ਦੀ ਲੋੜ ਹੈ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ‘ਗਰਭ ਕੁੰਡ’ ਦਾ ਅਰਥ ਕੇਵਲ ‘ਗਰਭਾਸ਼ਯ ਤੋਂ ਹੀ ਨਹੀਂ ਹੈ, ਇਸ ਦਾ ਭਾਵ ਜਨਮ ਮਰਨ ਅਥਵਾ ਆਵਾਗਵਨ ਤੋਂ ਵੀ ਹੈ। ਮਾਂ ਦੇ ਪੇਟ ਵਿੱਚ ਹਰੇਕ ਪ੍ਰਾਣੀ ਦੀ ਪ੍ਰਭੂ ਰੱਖਿਆ ਕਰਦਾ ਹੈ। ਸੰਸਾਰ ਵਿੱਚ ਜੋ ਵੀ ਆਇਆ ਹੈ, ਉਹ ਮਾਂ ਦੇ ਪੇਟ ਵਿੱਚੋਂ ਹੀ ਆਇਆ ਹੈ। (ਵੀਹਵੀਂ ਸਦੀ ਤੋਂ ਦੇ ਪਿਛਲੇ ਦਹਾਕਿਆਂ ਤੋਂ ਪਹਿਲਾਂ ਅਤੇ ਪੁਰਾਣਾਂ ਦੀਆਂ ਮਿਥਿਹਾਸਕ ਕਹਾਣੀਆਂ ਨੂੰ ਛੱਡ ਕੇ)।
(ਕ) ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਦੀ ਤ੍ਰਾਸ ਨਿਵਾਰੈ॥ ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ॥ (ਪੰਨਾ ੧੨੦੮) ਅਰਥ:-ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿੱਚ ਵਸਾਂਦਾ ਹੈ, ਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ। ਹੇ ਭਾਈ! ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਜਮ ਤ੍ਰਾਸ ਦੀ ਕਈ ਥਾਈਂ ਜਮ ਕਾ ਭਉ ਆਦਿ ਸ਼ਬਦ ਵੀ ਆਇਆ ਹੈ, ਜਿਵੇਂ:-
ਉਲਟ ਭਈ ਜੀਵਤ ਮਰਿ ਜਾਗਿਆ॥ ਸਬਦਿ ਰਵੇ ਮਨੁ ਹਰਿ ਸਿਉ ਲਾਗਿਆ॥ ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ॥ ਭਾਇ ਬਸੇ ਜਮ ਕਾ ਭਉ ਭਾਗਿਆ॥॥ (ਪੰਨਾ ੨੨੧) ਅਰਥ:- (ਮੇਰੀ ਸੁਰਤਿ ਮਾਇਆ ਦੇ ਮੋਹ ਵਲੋਂ) ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ (ਮੇਰਾ ਮਨ ਮਾਇਆ ਵਲੋਂ) ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ। ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ। (ਆਤਮਕ) ਆਨੰਦ (ਆਪਣੇ ਅੰਦਰ) ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਦੂਰ ਕਰ ਕੇ (ਸਦਾ ਲਈ) ਤਿਆਗ ਦਿੱਤਾ ਹੈ। ਪਰਮਾਤਮਾ ਦੇ ਪ੍ਰੇਮ ਵਿੱਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।
‘ਜਮ ਤ੍ਰਾਸ’ ਵਾਲਾ ਭਾਵ ਇਸ ਤਰ੍ਹਾਂ ਵੀ ਦਰਸਾਇਆ ਹੈ:-
ਭੂਲੇ ਕਉ ਗੁਰਿ ਮਾਰਗਿ ਪਾਇਆ॥ ਅਵਰ ਤਿਆਗਿ ਹਰਿ ਭਗਤੀ ਲਾਇਆ॥ ਜਨਮ ਮਰਨ ਕੀ ਤ੍ਰਾਸ ਮਿਟਾਈ॥ ਗੁਰ ਪੂਰੇ ਕੀ ਬੇਅੰਤ ਵਡਾਈ॥ (ਪੰਨਾ ੮੬੪) ਅਰਥ:-ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ। ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ, ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿੱਚ ਜੋੜਿਆ ਹੈ (ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ।
ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਵਿੱਚ ‘ਜਮ ਤ੍ਰਾਸ’ ਦਾ ਭਾਵ ਕਿਧਰੇ ਵੀ ਪੁਰਾਣਾਂ ਵਿੱਚ ਵਰਣਿਤ ‘ਜਮ ਤ੍ਰਾਸ’ ਤੋਂ ਨਹੀਂ ਹੈ। ਇਹਨਾਂ ਫ਼ਰਮਾਨਾਂ ਵਿੱਚ ‘ਜਮ ਤ੍ਰਾਸ’ ਸ਼ਬਦ ਮੌਤ ਦਾ ਡਰ ਅਤੇ ਆਤਮਕ ਮੌਤ ਲਈ ਹੀ ਆਇਆ ਹੈ। ਗੁਰਬਾਣੀ ਦੀ ਜੀਵਨ-ਜੁਗਤ ਮਨੁੱਖ ਨੂੰ ਜੀਵਨ-ਮੁਕਤ ਦਾ ਅਦਰਸ਼ ਦ੍ਰਿੜ ਕਰਾਕੇ ਇਸ ਨੂੰ ਮੌਤ ਦੇ ਭੈ ਤੋਂ ਉਪਰ ਉਠਾਉਂਦੀ ਹੈ। ਗੱਲ ਕੀ, ਗੁਰਬਾਣੀ ਮਨੁੱਖ ਨੂੰ ਮਰਨ ਸਮੇਂ ਜਾਂ ਮੌਤ ਮਗਰੋਂ ਕਿਸੇ ਕਥਿਤ ਜਮਦੂਤ ਦੇ ਡਰ ਤੋਂ ਮੁਕਤ ਕਰਕੇ, ਪ੍ਰਭੂ ਦੇ ਨਿਰਮਲ ਭੈ ਵਿੱਚ ਵਿਚਰਨ ਦੀ ਨਿਰਮਲ ਜੀਵਨ-ਜੁਗਤ ਦ੍ਰਿੜ ਕਰਾਉਂਦੀ ਹੈ।
‘ਜਮ ਤ੍ਰਾਸ’ ਇੱਕ ਜੀਵਨ ਢੰਗ ਹੈ ਜੋ ਅਪੂਰਨ ਜੀਵਨ ਦਾ ਲਖਾਇਕ ਹੈ। ਇਸ ਜੀਵਨ ਵਿੱਚ ਜੀਵਨ ਦੇ ਹਰੇਕ ਪੜਾ ਵਿੱਚ ਸਹਿਮ ਬਣਿਆ ਰਹਿੰਦਾ ਹੈ। ਇਹ ਗੱਲ ਵੀ ਧਿਆਨ ਯੋਗ ਹੈ ਕਿ ਇੰਦ੍ਰ ਨੂੰ ਦੇਵਤਿਆਂ ਦਾ ਰਾਜਾ ਮੰਨਿਆ ਗਿਆ ਹੈ। ਇਸ ਦੀ ਪੁਰੀ ਨੂੰ ਇੰਦ੍ਰ ਲੋਕ ਕਿਹਾ ਜਾਂਦਾ ਹੈ। ਇਸ ਇੰਦ੍ਰ ਲੋਕ ਨੂੰ ਇੰਦ੍ਰ ਪੁਰੀ, ਅਮਰਾਵਤੀ ਅਤੇ ਸੁਰਗ ਵੀ ਕਿਹਾ ਜਾਂਦਾ ਹੈ। ਪ੍ਰਚਲਤ ਵਿਸ਼ਵਾਸ ਅਨੁਸਾਰ ਜਿਹੜੇ ਪ੍ਰਾਣੀ ਵਿਸ਼ੇਸ਼ ਧਰਮ-ਕਰਮ ਕਰਨ ਵਾਲੇ ਹਨ ਉਹਨਾਂ ਨੂੰ ਜਮਾਂ ਦਾ ਇਹ ਭਿਆਨਕ ਰੂਪ ਨਹੀਂ ਦੇਖਣਾ ਪੈਂਦਾ। ਉਹਨਾਂ ਨੂੰ ਤਾਂ ਗਣਾਂ ਦੁਆਰਾ ਵਿਸ਼ੇਸ਼ ਸਵਾਰੀ ਵਿੱਚ ਬੈਠਾ ਕੇ ਆਦਰ ਨਾਲ ਬੈਕੁੰਠ ਵਿੱਚ ਲਿਜਾਇਆ ਜਾਂਦਾ ਹੈ। ਗੁਰਬਾਣੀ ਵਿੱਚ ਇੱਕ ਪਾਸੇ ਦੇਵਤਿਆਂ ਦੇ ਸੁਆਮੀ ਅਥਵਾ ਸੁਰਗ ਲੋਕ ਦੇ ਮਾਲਕ ਨੂੰ ਵੀ ਜਮਾਂ ਦੇ ਭੈ ਤੋਂ ਭੈਭੀਤ ਦਿਖਾਇਆ ਹੈ ਅਤੇ ਦੂਜੇ ਪਾਸੇ ਪ੍ਰਭੂ ਦਾ ਸਿਮਰਨ ਕਰਨ ਵਾਲਾ ਹਰੇਕ ਪ੍ਰਾਣੀ ਦਾ ਇਸ ਭੈ ਤੋਂ ਮੁਕਤ ਹੋਣ ਦਾ ਵਰਨਣ ਹੈ:-
(ੳ) ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ॥ ਜਮੁ ਨ ਛੋਡੈ ਬਹੁ ਕਰਮ ਕਮਾਵਹਿ॥ ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ॥ (ਪੰਨਾ ੧੦੪੯) ਅਰਥ:- ਹੇ ਭਾਈ! (ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ। (ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ। ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ। ਹੇ ਭਾਈ! (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ।
(ਅ) ਸਿਮਰਤ ਨਾਮੁ ਕੋਟਿ ਜਤਨ ਭਏ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ॥ (ਪੰਨਾ ੮੨੪) ਅਰਥ:- ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿੱਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ।
ਸੋ, ਗੱਲ ਕੀ, ‘ਜਮ ਤ੍ਰਾਸ’ ਸਾਡੀ ਉਸ ਜੀਵਨ ਸ਼ੈਲੀ ਦਾ ਪ੍ਰਤੀਕ ਹੈ ਜਿੱਥੇ ਪਾਪ, ਧੋਖਾ, ਕਪਟ, ਬੇਈਮਾਨੀ, ਅਨਿਆਂ ਅਤੇ ਝੂਠ ਆਦਿ ਦਾ ਬੋਲ ਬਾਲਾ ਹੈ। ਧੋਖਾ ਅਤੇ ਕਪਟ ਆਦਿ ਕਰਨ ਵਾਲੇ ਅੰਦਰ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ। ਇਹ ਡਰ ਆਤਮਕ ਮੌਤ ਦਾ ਲਖਾਇਕ ਹੈ ਜੋ ਮਨੁੱਖ ਨੂੰ ਸਰੀਰਕ ਮੌਤ ਦੇ ਰੂਪ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਰੂਪਾਂ ਵਿੱਚ ਵਿਆਪਦਾ ਹੈ।




.