.

ਧਰਮ ਦੀ ਸਮੱਸਿਆ-10
ਰਾਜਨੀਤੀ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
ਫੋਨ: 403-681-8689


ਨਕਲੀ ਧਰਮਾਂ ਦੀ ਇਸ ਲੇਖ ਲੜੀ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਚਲਿਤ ਜਥੇਬੰਦਕ ਹੋ ਚੁੱਕੇ ਫਿਰਕਿਆਂ (ਧਰਮਾਂ) ਜਾਂ ਨਵੇਂ ਜਥੇਬੰਦਕ ਹੋ ਰਹੇ ਫਿਰਕਿਆਂ ਵਿੱਚ ਜੋ ਪ੍ਰਚਲਤ ਹੈ, ਉਸ ਸਭ ਨੂੰ ਧਰਮ ਨਾ ਸਮਝ ਲਿਆ ਜਾਵੇ। ਧਰਮ ਦੇ ਨਾਮ ਤੇ ਪ੍ਰਚਲਤ ਵੱਖ-ਵੱਖ ਫਿਰਕਿਆਂ ਵਿੱਚ ਬਹੁਤ ਕੁੱਝ ਨਕਲੀ ਪ੍ਰਚਲਤ ਹੈ, ਜਿਸਨੂੰ ਆਮ ਸ਼ਰਧਾਲੂ ਅਸਲੀ ਧਰਮ ਮੰਨ ਕੇ ਸਾਰੀ ਉਮਰ ਤੁਰਿਆ ਰਹਿੰਦਾ ਹੈ, ਉਹ ਕਦੇ ਆਪਣੇ ਬਿਬੇਕ ਨਾਲ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸਦੇ ਫਿਰਕੇ ਵਾਲੇ ਧਰਮ ਵਿੱਚ ਕੀ ਅਸਲੀ ਹੈ ਤੇ ਕੀ ਨਕਲੀ ਹੈ? ਅਸਲ ਵਿੱਚ ਉਸਨੂੰ ਕਦੇ ਸੋਚਣ ਵਾਲੇ ਪਾਸੇ ਲਾਇਆ ਹੀ ਨਹੀਂ ਜਾਂਦਾ ਕਿਉਂਕਿ ਉਸ ਨੂੰ ਬਚਪਨ ਵਿੱਚ ਹੀ ਸਿਖਾ ਦਿੱਤਾ ਜਾਂਦਾ ਹੈ ਕਿ ਧਰਮ ਸੋਚਣ ਜਾਂ ਜਾਨਣ ਦਾ ਵਿਸ਼ਾ ਨਹੀਂ ਸਿਰਫ ਮੰਨਣ ਦਾ ਵਿਸ਼ਾ ਹੈ। ਜੋ ਕੁੱਝ ਸੋਚਣ ਜਾਂ ਵਿਚਾਰਨ ਵਾਲਾ ਸੀ, ਉਹ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ਉਹ ਸਚਾਈਆਂ ਪਹਿਲਾਂ ਹੀ ਲਿਖੀਆਂ ਜਾ ਚੁੱਕੀਆਂ ਹਨ। ਉਸਨੂੰ ਇਹ ਵੀ ਸਮਝਾਇਆ ਜਾਂਦਾ ਹੈ ਕਿ ਆਮ ਇਨਸਾਨ ਦੀ ਇਤਨੀ ਬੁੱਧੀ ਕਿੱਥੇ ਕਿ ਉਹ ਕੁੱਝ ਨਵਾਂ ਸੋਚ ਜਾਂ ਵਿਚਾਰ ਸਕੇ, ਉਹ ਤੇ ਇਸ ਜਨਮ ਵਿੱਚ ਮੰਨ ਹੀ ਲਵੇ ਇਹ ਹੀ ਬਹੁਤ ਹੈ।
ਅੱਜ ਦਾ ਸਾਡਾ ਵਿਸ਼ਾ ਰਾਜਨੀਤੀ ਜਾਂ ਸਿਆਸਤ ਅਧਾਰਿਤ ਨਕਲੀ ਧਰਮ ਨੂੰ ਵਿਚਾਰਨਾ ਹੈ। ਆਮ ਤੌਰ ਤੇ ਧਰਮ ਵਿੱਚ ਜਦੋਂ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਬਹੁਤੇ ਧਰਮ ਤਾਂ ਦੂਰੋਂ ਹੀ ਪੱਲਾ ਝਾੜ ਲੈਂਦੇ ਹਨ ਕਿ ਨਹੀਂ, ਸਾਡੇ ਧਰਮ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ। ਅਸੀਂ ਧਰਮ ਨੂੰ ਸਿਆਸਤ ਨਾਲੋਂ ਵੱਖ ਸਮਝਦੇ ਹਾਂ। ਪਰ ਕਈ ਧਾਰਮਿਕ ਫਿਰਕੇ ਅਜਿਹੇ ਹਨ, ਜੋ ਸਪਸ਼ਟ ਕਹਿੰਦੇ ਹਨ ਕਿ ਸਾਡਾ ਧਰਮ ਤੇ ਰਾਜਨੀਤੀ ਇੱਕ ਹੈ। ਪਰ ਨਾਲ ਹੀ ਉਹ ਇਹ ਵੀ ਜੋਰ ਨਾਲ ਕਹਿੰਦੇ ਹਨ ਸਾਡੀ ਰਾਜਨੀਤੀ ਧਰਮ ਅਧਾਰਤ ਜਾਂ ਧਰਮ ਦੇ ਅਧੀਨ ਹੈ। ਧਰਮ ਸਭ ਤੋਂ ਉੱਪਰ ਹੈ। ਕੁੱਝ ਫਿਰਕੇ ਅਜਿਹੀ ਸੋਚ ਵੀ ਰੱਖਦੇ ਹਨ ਕਿ ਰਾਜਨੀਤੀ ਕੋਲ ਤਾਕਤ ਹੁੰਦੀ ਹੈ, ਇਸ ਲਈ ਧਰਮ ਦੀ ਪ੍ਰਫੁਲਤਾ ਲਈ ਰਾਜਨੀਤੀ ਨੂੰ ਵਰਤਣਾ ਜਾਇਜ ਹੈ ਜਾਂ ਰਾਜਨੀਤਕ ਤਾਕਤ ਤੋਂ ਬਿਨਾਂ ਧਰਮ ਕਾਇਮ ਹੀ ਨਹੀਂ ਰਹਿ ਸਕਦਾ। ਅਸਲ ਵਿੱਚ ਇਸ ਸਾਰੇ ਵਰਤਾਰੇ ਵਿੱਚ ਧਰਮ ਤੋਂ ਅਰਥ ਰੱਬ ਦੇ ਨਾਮ ਤੇ ਬਣਾਏ ਇੱਕ ਫਿਰਕੇ ਤੋਂ ਹੈ, ਉਨ੍ਹਾਂ ਮੁਤਾਬਿਕ ਆਪਣੇ ਫਿਰਕੇ ਦੀ ਹੋਂਦ ਕਾਇਮ ਰੱਖਣ, ਆਪਣੇ ਫਿਰਕੇ ਦੀ ਸਰਦਾਰੀ ਕਾਇਮ ਰੱਖਣ, ਆਪਣੇ ਫਿਰਕੇ ਦੀ ਗਿਣਤੀ ਵਧਾਉਣ ਲਈ ਰਾਜਨੀਤੀ ਦਾ ਅਹਿਮ ਰੋਲ ਹੈ, ਇਸ ਲਈ ਧਰਮ ਅਧਾਰਿਤ ਰਾਜਨੀਤੀ ਜਾਇਜ ਹੈ। ਧਰਮ ਅਧਾਰਿਤ ਸਾਰੇ ਫਿਰਕੇ ਬਾਹਰੋਂ ਜੋ ਮਰਜੀ ਕਹਿਣ, ਪਰ ਅੰਦਰਖਾਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰਾਜਨੀਤੀ ਨੂੰ ਆਪਣੇ ਫਿਰਕੇ ਲਈ ਵਰਤਦੇ ਹਨ ਤੇ ਇਸਦੇ ਇਵਜ ਵਿੱਚ ਆਪਣੇ ਫਿਰਕੇ ਦੇ ਸ਼ਰਧਾਲੂਆਂ ਨੂੰ ਰਾਜਨੀਤੀ ਦਾ ਸੰਦ ਬਣਾ ਕੇ ਵਰਤਦੇ ਹਨ।
ਇਸ ਤੋਂ ਪਹਿਲਾਂ ਕਿ ਅਸੀਂ ਰਾਜਨੀਤੀ ਅਧਾਰਿਤ ਨਕਲੀ ਧਰਮ ਦੀ ਗੱਲ ਅੱਗੇ ਤੋਰੀਏ, ਇੱਥੇ ਇਹ ਸਮਝ ਲੈਣਾ ਜਰੂਰੀ ਹੈ ਕਿ ਅਸਲ ਵਿੱਚ ਰਾਜਨੀਤੀ ਕੀ ਹੈ? ਇਸ ਦਾ ਇਤਿਹਾਸ ਕੀ ਹੈ? ਇਸ ਨੂੰ ਸਮਝਣ ਲਈ ਜੇ ਅਸੀਂ ਮਨੁੱਖੀ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਜਦੋਂ ਮਨੁੱਖ ਨੇ ਜੰਗਲੀ ਜੀਵਾਂ ਵਾਂਗ ਜੀਣਾ ਛੱਡ ਕੇ ਮਨੁੱਖ ਵਾਂਗ ਵਿਚਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਉਸਨੇ ਦੂਸਰੇ ਜੰਗਲੀ ਜਾਨਵਰਾਂ ਤੇ ਕੁਦਰਤੀ ਆਫਤਾਂ ਤੋਂ ਬਚਣ ਲਈ ਸਮੂਹ ਵਿੱਚ ਰਹਿਣਾ ਸ਼ੁਰੂ ਕੀਤਾ। ਮਨੁੱਖਾਂ ਦੇ ਇਹ ਸਮੂਹ (ਝੁੰਡ) ਆਰੰਭਿਕ ਦੌਰ ਵਿੱਚ ਇਕੱਠੇ ਹੋ ਕੇ ਖਾਣ ਲਈ ਸ਼ਿਕਾਰ ਆਦਿ ਕਰਦੇ, ਫਿਰ ਰਲ ਮਿਲ ਕੇ ਖਾ ਲੈਂਦੇ। ਜਿਹੜੇ ਸਮੂਹ ਸਰੀਰਕ ਤੌਰ ਤੇ ਤਕੜੇ ਸਨ, ਉਹ ਵੱਧ ਸ਼ਿਕਾਰ ਜਾਂ ਭੋਜਨ ਭਵਿੱਖ ਲਈ ਇਕੱਠਾ ਕਰਨ ਲੱਗੇ। ਫਿਰ ਹੋਰ ਤਾਕਤਵਰ ਸਮੂਹ ਆਪ ਸ਼ਿਕਾਰ ਕਰਕੇ ਖਾਣ ਦੀ ਥਾਂ ਦੂਜਿਆਂ ਤੇ ਹਮਲੇ ਕਰਨ ਲੱਗੇ। ਫਿਰ ਇਹ ਸਮੂਹ ਰਲ਼ ਕੇ ਕਬੀਲੇ ਬਣੇ, ਹੌਲੀ-ਹੌਲੀ ਇਨ੍ਹਾਂ ਕਬੀਲਿਆਂ ਦੇ ਤਾਕਤਵਰ ਵਿਅਕਤੀ ਕਬੀਲਾ ਮੁਖੀ ਬਣੇ। ਜਿੱਥੋਂ ਰਾਜਨੀਤੀ ਦੀ ਸ਼ੁਰੂਆਤ ਹੋਈ। ਸ਼ੁਰੂਆਤੀ ਦੌਰ ਵਿੱਚ ਸਰੀਰਕ ਤੌਰ ਤੇ ਤਕੜੇ ਲੋਕ ਆਪਣੇ ਸਾਥੀਆਂ ਨਾਲ ਰਲਕੇ ਆਪ ਕਬੀਲੇ ਦੇ ਮੁਖੀ ਤੇ ਸਾਥੀਆਂ ਦੀ ਫੌਜ ਬਣਾ ਲੈਂਦੇ ਸਨ। ਜਿਨ੍ਹਾਂ ਦਾ ਮੁਖ ਕੰਮ ਆਪਣੇ ਕਬੀਲੇ ਦੀ ਰਾਖੀ ਕਰਨਾ ਹੁੰਦਾ ਸੀ। ਇਸ ਦੇ ਇਵਜ ਵਿੱਚ ਬਾਕੀ ਕਬੀਲਾ ਮੈਂਬਰ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਲੱਗੇ। ਫਿਰ ਹੌਲੀ ਹੌਲੀ ਤਕੜੇ ਕਬੀਲੇ ਮਾੜੇ ਕਬੀਲੇ ਵਾਲਿਆਂ ਨੂੰ ਹਰਾ ਕੇ ਆਪਣੇ ਕਬੀਲੇ ਵਿੱਚ ਸ਼ਾਮਿਲ ਕਰਨ ਤੇ ਉਨ੍ਹਾਂ ਦੇ ਸਰਮਾਏ ਤੇ ਕਮਾਈ ਦੇ ਸਾਧਨਾਂ ਨੂੰ ਆਪਣੇ ਲਈ ਵਰਤਣ ਲੱਗੇ। ਇਸ ਸਾਰੇ ਵਰਤਾਰੇ ਵਿੱਚ ਤਾਕਤ ਦੀ ਵਾਗਡੋਰ ਮਰਦ ਹੱਥ ਰਹਿਣ ਕਾਰਨ ਜਦੋਂ ਕਬੀਲੇ ਹਮਲੇ ਕਰਦੇ ਸਨ ਤਾਂ ਹਾਰੇ ਕਬੀਲੇ ਦੇ ਸਾਜੋ-ਸਮਾਨ, ਗੁਲਾਮ ਬਣਾਏ ਪਸ਼ੂਆਂ, ਜਮੀਨ ਤੇ ਕਮਾਈ ਦੇ ਸਾਧਨਾਂ ਦੇ ਨਾਲ ਨਾਲ ਔਰਤਾਂ ਨੂੰ ਸਮਾਨ ਵਾਂਗ ਕਬਜੇ ਵਿੱਚ ਲੈਣ ਲੱਗੇ। ਬਾਅਦ ਵਿੱਚ ਦੂਜੇ ਕਬੀਲੇ ਦੇ ਫੜੇ ਮਰਦਾਂ ਤੋਂ ਆਪਣੇ ਕਬੀਲੇ ਲਈ ਕੰਮ ਕਰਾਉਣ ਵਿਚੋਂ ਗੁਲਾਮ ਪ੍ਰਥਾ ਦੀ ਸ਼ੁਰੂਆਤ ਹੋਈ। ਇਸ ਵਿਚੋਂ ਹੀ ਮਰਦ ਪ੍ਰਧਾਨ ਸਮਾਜ ਦੀ ਸਿਰਜਨਾ ਹੋਈ। ਇਹ ਸਭ ਲਿਖਣ ਤੋਂ ਭਾਵ ਹੈ ਕਿ ਰਾਜਨੀਤੀ ਦਾ ਅਸਲ ਅਰਥ ਆਪਣੀ ਤਾਕਤ ਨਾਲ ਦੂਜਿਆਂ ਤੇ ਰਾਜ ਕਰਨਾ ਸੀ। ਜੋ ਸਮੇਂ ਨਾਲ ਬਦਲ ਕੇ ਦੂਜਿਆਂ ਤੇ ਨੀਤੀ (ਤਰੀਕੇ) ਨਾਲ ਰਾਜ ਕਰਨ ਵਿੱਚ ਬਦਲ ਗਿਆ। ਜਿਸ ਨੂੰ ਰਾਜਨੀਤੀ ਕਿਹਾ ਜਾਣ ਲੱਗਾ। ਇਸਦੇ ਅਗਲੇ ਦੌਰ ਵਿੱਚ ਰਾਜਨੀਤੀ ਦਾ ਘੇਰਾ ਵਧਣ ਨਾਲ ਇਸਦੀ ਤਾਕਤ ਵੀ ਵਧਣ ਲੱਗੀ। ਹੌਲੀ ਹੌਲੀ ਕਬੀਲਿਆਂ ਦੀ ਇਹ ਰਾਜਨੀਤੀ ਇਲਾਕਿਆਂ ਤੇ ਦੇਸ਼ਾਂ ਦੀ ਰਾਜਨੀਤੀ ਬਣ ਗਣੀ। ਫਿਰ ਰਾਜਨੀਤੀ ਦੀ ਤਾਕਤ ਦੇ ਨਸ਼ੇ ਵਿੱਚ ਆਪਣੀਆਂ ਬੁਨਿਆਦੀ ਕਮਜੋਰੀਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵੱਸ ਤਾਕਤਵਰ ਮਨੁੱਖਾਂ ਨੇ ਆਮ ਮਨੁੱਖਾਂ ਤੇ ਅਨੇਕ ਤਰ੍ਹਾਂ ਦੇ ਜੁਰਮ ਤੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਜਿੱਥੋਂ ਧਰਮ ਦੀ ਸ਼ੁਰੂਆਤ ਹੋਈ। ਸਮਾਜ ਦਾ ਭਲਾ ਚਾਹੁਣ ਵਾਲੇ ਲੋਕ, ਮਨੁੱਖ ਤੋਂ ਮਨੁੱਖ ਦੇ ਕਤਲੇਆਮ ਜਾਂ ਲੁੱਟ ਵਿਰੁੱਧ ਅਵਾਜ਼ ਉਠਾਉਣ ਲੱਗੇ। ਧਰਮ ਦੇ ਇਸ ਸ਼ੁਰੂਆਤੀ ਦੌਰ ਵਿੱਚ ਮਨੁੱਖ ਨੂੰ ਸਮਝਾਉਣ ਲਈ ਜਿਥੇ ਇੱਕ ਪਾਸੇ ਰਲ ਮਿਲ ਕੇ ਰਹਿਣ ਦਾ ਪ੍ਰੇਰਨਾ ਵਾਲਾ ਰਸਤਾ ਅਪਨਾਇਆ ਗਿਆ, ਉੱਥੇ ਦੂਜੇ ਪਾਸੇ ਕੁਦਰਤੀ ਸ਼ਕਤੀਆਂ (ਅੱਗ, ਹਵਾ, ਮੀਂਹ, ਬਰਫ, ਪਾਣੀ, ਬਿਜਲੀ ਚਮਕਣਾ, ਬੱਦਲ ਗਰਜਣਾ ਆਦਿ) ਦੇ ਡਰ ਦਾ ਸਹਾਰਾ ਵੀ ਲਿਆ ਗਿਆ। ਇਨ੍ਹਾਂ ਕੁਦਰਤੀ ਸ਼ਕਤੀਆਂ ਦੇ ਪ੍ਰਕੋਪ ਤੋਂ ਬਚਣ ਲਈ ਪੂਜਾ-ਪਾਠ ਦੇ ਤਰੀਕੇ ਬਣਾਏ ਗਏ ਤਾਂ ਕਿ ਮਨੁੱਖ ਨੂੰ ਬੁਰੇ ਕਰਮਾਂ ਤੋਂ ਰੋਕਿਆ ਜਾਵੇ। ਸਮੇਂ ਨਾਲ ਸਮਾਜ ਵਿੱਚ ਜਿੱਥੇ ਇੱਕ ਪਾਸੇ ਰਾਜਨੀਤੀ ਵਿਕਸਤ ਹੋਈ, ਉਥੇ ਦੂਜੇ ਪਾਸੇ ਧਰਮ ਵੀ ਵਿਕਸਤ ਹੋਣਾ ਸ਼ੁਰੂ ਹੋਇਆ। ਕੁਦਰਤੀ ਸ਼ਕਤੀਆਂ ਦੀ ਪੂਜਾ ਤੋਂ ਸ਼ੁਰੂ ਹੋਏ ਧਰਮ ਵਿੱਚ ਹੌਲੀ ਹੌਲੀ ਦੇਵੀ ਦੇਵਤਿਆਂ ਦੀ ਪੂਜਾ ਤੇ ਫਿਰ ਇੱਕ ਰੱਬ ਦਾ ਸੰਕਲਪ ਵਿਕਸਤ ਹੋਇਆ। ਜਿੱਥੇ ਹੌਲੀ ਹੌਲੀ ਰਾਜਨੀਤੀ ਲੋਕਾਂ ਤੇ ਸਰੀਰਕ ਰਾਜ ਕਰਨ ਦਾ ਸਾਧਨ ਬਣੀ, ਉਥੇ ਧਰਮ ਹੌਲੀ ਹੌਲੀ ਲੋਕਾਂ ਦੇ ਮਨਾਂ ਤੇ ਰਾਜ ਕਰਨ ਦਾ ਸਾਧਨ ਬਣਿਆ। ਇਸ ਤਰ੍ਹਾਂ ਸਮੇਂ ਨਾਲ ਰਾਜਨੀਤੀ ਤੇ ਧਰਮ ਦੀ ਲੋਕਾਂ ਤੇ ਰਾਜ ਕਰਨ ਦੀ ਦੌੜ ਲੱਗ ਗਈ। ਇਤਿਹਾਸ ਵਿੱਚ ਅਨੇਕਾਂ ਵਾਰ ਰਾਜਨੀਤਕ ਲੋਕ ਜਿੱਤ ਕੇ ਧਰਮ ਨੂੰ ਹਰਾ ਦਿੰਦੇ ਰਹੇ ਤੇ ਬਹੁਤ ਵਾਰ ਧਰਮੀ ਲੋਕ ਰਾਜਨੀਤਕਾਂ ਨੂੰ ਹਰਾਉਣ ਵਿੱਚ ਕਾਮਯਾਬ ਰਹੇ। ਹੌਲੀ ਹੌਲੀ ਇੱਕ ਪਾਸੇ ਰਾਜਨੀਤੀ ਸਰੀਰਕ ਤਾਕਤ ਦੀ ਖੇਡ ਬਣ ਗਈ ਤੇ ਦੂਜੇ ਪਾਸੇ ਧਰਮ ਮਾਨਸਿਕ ਤਾਕਤ ਦੀ ਖੇਡ। ਅਜਿਹੇ ਸਮੇਂ ਵੀ ਆਏ ਜਦੋਂ ਇਨ੍ਹਾਂ ਦੋਵਾਂ ਧਿਰਾਂ ਨੇ ਗੱਠਜੋੜ ਕਰ ਲਿਆ ਤੇ ਰਲ ਕੇ ਲੋਕਾਂ ਦੀ ਲੁੱਟ ਕੀਤੀ। ਪਰ ਇਸ ਦੌਰ ਵਿੱਚ ਸਮੇਂ ਸਮੇਂ ਭਲੇ ਤੇ ਧਰਮੀ ਪੁਰਸ਼ ਪੈਦਾ ਹੁੰਦੇ ਰਹੇ। ਜਿਨ੍ਹਾਂ ਨੂੰ ਧਰਮ ਆਗੂ, ਮਹਾਂਪੁਰਸ਼, ਪੀਰ, ਪੈਗੰਬਰ ਆਦਿ ਦੇ ਨਾਮ ਦਿੱਤੇ ਗਏ, ਜੋ ਮਨੁੱਖ ਨੂੰ ਸੱਚ ਦਾ ਮਾਰਗ ਦਿਖਾਉਂਦੇ ਰਹੇ। ਉਹ ਮਨੁੱਖ ਨੂੰ ਉਸ ਦੀਆਂ ਮੂਲ ਕਮਜੋਰੀਆਂ (ਕਾਮ, ਕ੍ਰੋਧ, ਲੋਭ ਮੋਹ, ਹੰਕਾਰ) ਤੋਂ ਬਚਣ ਜਾਂ ਉਸ ਨੂੰ ਆਪਣੇ ਤੇ ਸਮਾਜ ਦੇ ਭਲੇ ਲਈ ਵਰਤਣ ਦੇ ਰਾਹ ਦੱਸਦੇ ਰਹੇ। ਪਰ ਹਰ ਵਾਰ ਅਜਿਹੇ ਪੈਗੰਬਰੀ ਪੁਰਸ਼ਾਂ ਦੇ ਸੀਨ ਤੋਂ ਲਾਂਭੇ ਹੋਣ ਤੋਂ ਬਾਅਦ ਸ਼ੈਤਾਨ ਦਿਮਾਗ ਲੋਕ (ਜੋ ਬਾਅਦ ਵਿੱਚ ਧਰਮ ਪੁਜਾਰੀ ਬਣੇ) ਬਣੀ ਬਣਾਈ ਸਟੇਜ ਤੇ ਆ ਕਾਬਜ ਹੁੰਦੇ ਤੇ ਮਨੁੱਖਤਾ ਦੀ ਸਾਂਝੇ ਦੁੱਖਾਂ ਦਰਦਾਂ ਦੀ ਧਰਮੀ ਸੋਚ ਨੂੰ ਫਿਰਕਿਆਂ ਵਿੱਚ ਬਦਲ ਦਿੰਦੇ ਰਹੇ।
ਇਸ ਤਰ੍ਹਾਂ ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਫਿਰਕਿਆਂ ਦੀ ਰਾਜਨੀਤੀ ਤੇ ਫਿਰਕਿਆਂ ਦਾ ਧਰਮ, ਕਦੀ ਰਲ ਕੇ ਮਨੁੱਖੀ ਸਮਾਜ ਦਾ ਸੋਸ਼ਣ ਕਰਦਾ ਰਿਹਾ ਤੇ ਕਦੀ ਵੱਖਰੇ ਤੌਰ ਤੇ। ਪਰ ਦੋਨਾਂ ਦਾ ਮਕਸਦ ਆਪਣੀ ਸਰਦਾਰੀ ਕਾਇਮ ਕਰਨਾ ਹੀ ਰਿਹਾ ਹੈ। ਇਸ ਨੂੰ ਜੇ ਇਉਂ ਵੀ ਕਿਹਾ ਜਾਵੇ ਕਿ ਰਾਜਨੀਤੀ ਤਾਂ ਰਾਜਨੀਤੀ ਹੁੰਦੀ ਹੀ ਹੈ, ਅਸਲ ਵਿੱਚ ਨਕਲੀ ਧਰਮ ਵੀ ਰਾਜਨੀਤੀ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਧਾਰਮਿਕ ਫਿਰਕਿਆਂ ਨੂੰ ਆਪਣੀ ਤਾਕਤ ਵਧਾਉਣ ਲਈ ਜਾਂ ਆਪਣਾ ਫਿਰਕਾ (ਧਰਮ) ਵੱਡਾ ਕਰਨ ਲਈ ਅਨੇਕਾਂ ਵਾਰ ਜਬਰੀ ਧਰਮ ਪ੍ਰਵਰਤਨ ਕਰਨੇ ਪੈਂਦੇ ਹਨ ਜਾਂ ਧਰਮ ਯੁੱਧ ਲੜਨੇ ਪੈਂਦੇ ਹਨ ਜਾਂ ਫਿਰ ਰਾਜਨੀਤਕ ਲੋਕਾਂ ਨਾਲ ਰਲ ਕੇ ਵੱਡੇ ਪੱਧਰ ਤੇ ਧਰਮ ਪ੍ਰਚਾਰ ਕਰਨਾ ਪੈਂਦਾ ਹੈ। ਧਰਮ ਜੋ ਕਿ ਮਨੁੱਖ ਦੇ ਅੰਦਰ ਦੀ ਗੱਲ ਹੈ, ਅੰਦਰੋਂ ਜਾਗਣ ਦੀ ਗੱਲ ਹੈ, ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝ ਕੇ ਉਸ ਨਾਲ ਇੱਕਮਿੱਕ ਹੋ ਕੇ ਚੱਲਣ ਦਾ ਨਾਮ ਹੈ। ਮਨੁੱਖ ਦੀਆਂ ਬੁਨਿਆਦੀ ਕਮਜੋਰੀਆਂ ਪ੍ਰਤੀ ਸੁਚੇਤ ਹੋ ਕੇ ਉਨ੍ਹਾਂ ਨੂੰ ਆਪਣੇ ਤੇ ਸਮਾਜ ਦੇ ਭਲੇ ਲਈ ਵਰਤਣ ਦਾ ਨਾਮ ਹੈ। ਇਸ ਲਈ ਅਸਲੀ ਧਰਮੀ ਮਨੁੱਖ ਨੂੰ ਕਿਸੇ ਧਰਮ ਪ੍ਰਵਰਤਨ ਦੀ ਕਦੇ ਲੋੜ ਨਹੀਂ ਪੈਂਦੀ। ਅਸਲ ਵਿੱਚ ਇਨ੍ਹਾਂ ਦਾ ਧਰਮ ਪ੍ਰਵਰਤਨ ਇੱਕ ਪੁਜਾਰੀ ਵਰਗ ਵਲੋਂ ਪੁਆਏ ਨਕਲੀ ਧਰਮ ਦੇ ਚਿੰਨ੍ਹਾਂ ਨੂੰ ਲੁਹਾ ਕੇ, ਦੂਜੇ ਪੁਜਾਰੀ ਦੇ ਚਿੰਨ੍ਹ ਪਾਉਣ ਤੋਂ ਵੱਧ ਕੁੱਝ ਨਹੀਂ। ਨਹੀਂ ਤਾਂ ਅਸਲੀ ਧਰਮ ਤਾਂ ਇੱਕ ਹੀ ਹੈ, ਉਸਦਾ ਕੋਈ ਨਾਮ ਨਹੀਂ, ਉਸਦੇ ਕੋਈ ਚਿੰਨ੍ਹ ਨਹੀਂ, ਉਸਦਾ ਕੋਈ ਫਿਰਕਾ ਨਹੀਂ। ਉਹ ਧਰਮ ਇਨਸਾਨੀਅਤ ਹੈ। ਇਨਸਾਨੀਅਤ ਤੋਂ ਉਪਰ ਕੋਈ ਧਰਮ ਨਹੀਂ। ਇਸ ਲਈ ਉਸਨੂੰ ਬਦਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਆਪਣੇ ਸ਼ਰਧਾਲੂਆਂ ਨੂੰ ਪੁਆਏ ਚਿੰਨ੍ਹਾਂ ਦੇ ਸਹਾਰੇ ਪੁਜਾਰੀ ਉਨ੍ਹਾਂ ਦੇ ਸਾਧਨਾਂ ਤੇ ਪਲਦੇ ਹਨ, ਆਪਣਾ ਧਰਮ ਰਾਜ ਕਾਇਮ ਰੱਖਦੇ ਹਨ, ਅਪਣੇ ਸ਼ਰਧਾਲੂਆਂ ਦੀ ਗਿਣਤੀ ਦਿਖਾ ਕੇ ਰਾਜਨੀਤਕ ਲੋਕਾਂ ਤੋਂ ਲਾਭ ਲੈਂਦੇ ਹਨ ਜਾਂ ਰਾਜਨੀਤਕ ਲਾਭਾਂ ਵਿਚੋ ਹਿੱਸਾ ਪੱਤੀ ਕਰਦੇ ਹਨ। ਇਹੀ ਵਜ੍ਹਾ ਹੈ ਕਿ ਅਸਲੀ ਧਰਮ ਪੈਗੰਬਰਾਂ ਨੇ ਕਦੇ ਕੋਈ ਧਰਮ ਪ੍ਰਵਰਤਨ ਨਹੀਂ ਕੀਤੇ, ਧਰਮ ਪ੍ਰਵਰਤਨ ਹਮੇਸ਼ਾਂ ਪੁਜਾਰੀ ਹੀ ਆਪਣੇ ਰਾਜਨੀਤਕ ਲਾਭਾਂ ਤੇ ਆਪਣੇ ਫਿਰਕੇ ਦੀ ਗਿਣਤੀ ਵਧਾਉਣ ਲਈ ਕਰਦੇ ਹਨ। ਧਰਮ ਪ੍ਰਵਰਤਨ ਇੱਕ ਫਿਰਕੇ ਦੇ ਧਾਰਮਿਕ ਚਿੰਨ੍ਹ ਲੁਹਾ ਦੇਣ, ਇੱਕ ਦੀ ਮਰਿਆਦਾ ਛੱਡ ਦੇਣ, ਰੱਬ ਦਾ ਨਾਮ ਬਦਲ ਲੈਣ, ਪੂਜਾ ਪਾਠ ਦੇ ਸਾਧਨ ਬਦਲ ਲੈਣ, ਇੱਕ ਧਰਮ ਮੰਦਰ ਦੀ ਥਾਂ ਦੂਜੇ ਧਰਮ ਮੰਦਰ ਵਿੱਚ ਚਲੇ ਜਾਣ ਦਾ ਨਾਮ ਨਹੀਂ, ਸਗੋਂ ਧਰਮ ਪ੍ਰਵਰਤਨ ਤਾਂ ਮਾਨਸਿਕ ਕਮਜੋਰੀਆਂ ਵੱਸ ਵਿਕਾਰਾਂ ਵਿੱਚ ਫਸੇ ਕੁਕਰਮੀ ਮਨੁੱਖ ਤੋਂ ਸਦ ਜੀਵਨ ਵਾਲੇ ਭਲੇ ਪੁਰਸ਼ ਬਣ ਕੇ ਮਨੁੱਖਤਾਵਾਦੀ ਸੋਚ ਦਾ ਧਾਰਨੀ ਹੋ ਜਾਣ ਦਾ ਨਾਮ ਹੈ। ਧਰਮੀ ਮਹਾਂਪੁਰਸ਼ਾਂ ਜਾਂ ਪੀਰਾਂ-ਪੈਗੰਬਰਾਂ ਦੇ ਜੀਵਨ ਨਾਲ ਅਨੇਕਾਂ ਗਾਥਾਵਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ, ਜਦ ਉਨ੍ਹਾਂ ਨੇ ਕੁਕਰਮੀ ਤੇ ਦੁਰਾਚਾਰੀ ਲੋਕਾਂ ਨੂੰ ਆਪਣੀ ਸਿੱਖਿਆ ਜਾਂ ਵਿਚਾਰਧਾਰਾ ਨਾਲ ਸਦ ਪੁਰਸ਼ ਬਣਾਇਆ। ਪਰ ਕਿਸੇ ਦਾ ਧਰਮ ਪ੍ਰੀਵਰਤਨ ਕੀਤਾ ਨਹੀਂ ਸੁਣਿਆ। ਜਿਹੜੇ ਲੋਕ ਧਰਮ ਦੀ ਗਿਣਤੀ ਵਧਾਉਣ ਲਈ ਧਰਮ ਪ੍ਰਵਰਤਨ ਦੇ ਨਾਅਰੇ ਮਾਰਦੇ ਹਨ, ਧਰਮ ਦੀ ਘਟਦੀ ਗਿਣਤੀ ਲਈ ਧਰਮ ਨੂੰ ਖਤਰੇ ਦਾ ਰੌਲਾ ਪਾਉਂਦੇ ਹਨ, ਧਰਮ ਚਲਾਉਣ ਲਈ ਰਾਜ ਦੀ ਵਕਾਲਤ ਕਰਦੇ ਹਨ, ਅਸਲ ਵਿੱਚ ਉਹ ਨਕਲੀ ਧਰਮੀ ਹਨ, ਉਨ੍ਹਾਂ ਦੇ ਧਰਮ, ਰਾਜਨੀਤੀ ਅਧਾਰਿਤ ਨਕਲੀ ਧਰਮ ਹਨ। ਧਰਮ ਨੂੰ ਕਦੇ ਕਿਸੇ ਕੋਲੋਂ ਕੋਈ ਖਤਰਾ ਨਹੀਂ ਹੁੰਦਾ, ਖਤਰਾ ਹਮੇਸ਼ਾਂ ਫਿਰਕੇ ਨੂੰ ਹੁੰਦਾ ਹੈ। ਇਹੀ ਕਾਰਨ ਹੈ ਨਕਲੀ ਧਰਮ ਤੁਹਾਨੂੰ ਜਗਾਉਂਦੇ ਨਹੀਂ, ਸਗੋਂ ਸੁਆਉਂਦੇ ਹਨ। ਤੁਹਾਡੀ ਸੋਚ ਨੂੰ ਮਨੁੱਖਤਾਵਾਦੀ ਬਣਾਉਣ ਦੀ ਥਾਂ ਫਿਰਕਾਵਾਦੀ ਬਣਾਉਂਦੇ ਹਨ। ਤੁਹਾਨੂੰ ਬੰਧਨਾਂ ਤੋਂ ਮੁਕਤ ਕਰਨ ਦੀ ਥਾਂ ਚਿੰਨ੍ਹਾਂ ਤੇ ਮਰਿਆਦਾ ਦੇ ਸੰਗਲ ਪਾਉਂਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਨਕਲੀ ਧਰਮਾਂ ਵਿੱਚ ਫਸਦਾ ਕਿਉਂ ਹੈ? ਇਸ ਦਾ ਕਾਰਨ ਹੈ ਕਿ ਬਚਪਨ ਤੋਂ ਹੀ ਪਰਿਵਾਰ ਤੇ ਸਮਾਜ ਵਲੋਂ ਧਰਮ, ਸੱਭਿਆਚਾਰ, ਭਾਸ਼ਾ, ਜਾਤ, ਕਬੀਲਾ, ਨਸਲ, ਇਲਾਕਾ, ਕੌਮ, ਦੇਸ਼ ਆਦਿ ਦੀ ਅਜਿਹੀ ਪਾਣ ਚਾੜ੍ਹੀ ਜਾਂਦੀ ਹੈ ਕਿ ਮਨੁੱਖ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਇਸ ਸਭ ਨੂੰ ਅਸਲੀ ਧਰਮ ਸਮਝਦਾ ਹੈ। ਇਥੋਂ ਤੱਕ ਕੇ ਬਹੁਤ ਸਾਰੇ ਲੋਕ ਤਾਂ ਇਨ੍ਹਾਂ ਨਕਲੀ ਧਰਮਾਂ ਲਈ ਜਾਨ ਦੀਆਂ ਬਾਜੀਆਂ ਲਾਉਂਦੇ ਰਹੇ ਹਨ ਤੇ ਲਾ ਰਹੇ ਹਨ। ਜਦੋਂ ਕੋਈ ਵਿਅਕਤੀ ਬਚਪਨ ਵਿਚੋਂ ਨਿਕਲ ਕੇ, ਸੁਰਤ ਸੰਭਾਲ ਕੇ, ਆਪ ਜਾਨਣ ਲਈ ਤੁਰਦਾ ਹੈ ਤਾਂ ਪੁਜਾਰੀ ਉਸਨੂੰ ਜਾਨਣ ਦੀ ਥਾਂ ਮੰਨਣ ਦਾ ਅਜਿਹਾ ਟੀਕਾ ਲਗਾਉਂਦਾ ਹੈ ਕਿ ਉਸ ਦੇ ਜਾਗਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ। ਕੁੱਝ ਲੋਕ ਨੀਮ ਬੇਹੋਸ਼ੀ ਵਿੱਚ ਬਗਾਵਤ (ਧਰਮ ਪ੍ਰੀਵਰਤਨ) ਕਰਦੇ ਵੀ ਹਨ ਤਾਂ ਇੱਕ ਪੁਜਾਰੀ ਦਾ ਸੰਗਲ ਉਤਾਰ ਕੇ ਦੂਜੇ ਦਾ ਪੁਆ ਲੈਣ ਨੂੰ ਧਰਮ ਪ੍ਰੀਵਰਤਨ ਸਮਝਦੇ ਹਨ।
ਫਿਰ ਇਸ ਦਾ ਹੱਲ ਕੀ ਹੋਵੇ? ਜਦ ਤੱਕ ਮਨੁੱਖ ਨਕਲੀ ਧਰਮਾਂ ਦੇ ਚਿੰਨ੍ਹਾਂ, ਮਰਿਆਦਾਵਾਂ, ਪੂਜਾ-ਪਾਠਾਂ, ਪ੍ਰੰਪਰਾਵਾਂ ਦੇ ਬੰਧਨਾਂ ਨੂੰ ਤੋੜ ਕੇ ਆਪਣੇ ਆਪ ਨੂੰ ਇਨਸਾਨ ਹੋਣ ਦੇ ਲੈਵਲ ਤੇ ਆ ਕੇ ਨਹੀਂ ਸੋਚਦਾ, ਉਤਨਾ ਚਿਰ ਨਕਲੀ ਧਰਮਾਂ ਦੀ ਦਲ-ਦਲ ਵਿਚੋਂ ਨਹੀਂ ਨਿਕਲ ਸਕਦਾ। ਜੇ ਕੋਈ ਸੋਚਦਾ ਹੋਵੇ ਕਿ ਉਹ ਨਕਲੀ ਧਰਮ ਦੀ ਦੁਕਾਨ ਤੇ ਬੈਠ ਕੇ ਕੋਈ ਸੁਧਾਰ ਕਰ ਸਕੇਗਾ, ਅਜਿਹਾ ਸੰਭਵ ਨਹੀਂ। ਸਾਰੇ ਧਰਮਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ, ਜੇ ਕੋਈ ਧਰਮੀ ਮਹਾਂਪੁਰਸ਼ ਥੋੜਾ ਬਹੁਤ ਕੁੱਝ ਸਮੇਂ ਲਈ ਕਰਨ ਵਿੱਚ ਕਾਮਯਾਬ ਹੋਇਆ ਹੈ, ਉਹ ਸਿਰਫ ਇਨ੍ਹਾਂ ਬੰਧਨਾਂ ਤੋਂ ਆਜ਼ਾਦ ਹੋ ਕੇ ਹੀ ਹੋਇਆ ਹੈ। ਮੁਕਦੀ ਗੱਲ ਇਹ ਹੈ ਕਿ ਪਿਛਲੇ 5-6 ਹਜ਼ਾਰ ਸਾਲ ਦੇ ਲਿਖਤੀ ਮਨੁੱਖੀ ਜਾਂ ਧਰਮਾਂ ਦੇ ਇਤਿਹਾਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਪੁਜਾਰੀਆਂ ਅਧਾਰਿਤ ਨਕਲੀ ਧਰਮਾਂ ਤੇ ਦੇਸ਼ਾਂ ਦੀ ਰਾਜਨੀਤੀ, ਇਕੋ ਸਿੱਕੇ ਦੇ ਦੋ ਪਾਸੇ ਹਨ। ਇਹ ਸਰੀਰਕ ਤੇ ਮਾਨਸਿਕ ਤੌਰ ਤੇ ਬਲਵਾਨ ਲੋਕਾਂ ਦੀ, ਦੂਜਿਆਂ ਤੇ ਸਰੀਰਕ ਤੇ ਮਾਨਸਿਕ ਕੰਟਰੋਲ ਕਰਨ, ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਤਾਕਤ ਨੂੰ ਆਪਣੇ ਹਿੱਤਾਂ ਲਈ ਵਰਤਣ, ਉਨ੍ਹਾਂ ਦੇ ਸਾਧਨਾਂ ਨੂੰ ਹਥਿਆਉਣ ਦੀ ਸਾਜ਼ਿਸ਼ੀ ਖੇਡ ਹੈ। ਪੁਜਾਰੀ ਰਾਜੇ ਨੂੰ ਰੱਬ ਦਾ ਅਵਤਾਰ ਤੇ ਰਾਜਾ ਪੁਜਾਰੀ ਨੂੰ ਰੱਬ ਦਾ ਵਜ਼ੀਰ ਬਣਾਉਂਦਾ ਰਿਹਾ ਹੈ ਤਾਂ ਕਿ ਆਮ ਲੋਕਾਂ ਤੇ ਆਪਣੀ ਪ੍ਰੀਤਭਾ ਦਾ ਪ੍ਰਭਾਵ ਪਾ ਕੇ ਆਮ ਇਨਸਾਨ ਨੂੰ ਨਿਮਾਣਾ ਤੇ ਨਿਤਾਣਾ ਬਣਾਇਆ ਜਾ ਸਕੇ। ਮਨੁੱਖੀ ਸੋਸ਼ਣ ਦੀ ਇਹ ਘਟੀਆ ਖੇਡ ਪੁਜਾਰੀ ਤੇ ਰਾਜਨੀਤੀਵਾਨ ਕਦੇ ਰਲ ਕੇ ਤੇ ਕਦੇ ਵੱਖਰੇ-ਵੱਖਰੇ ਖੇਡਦੇ ਹਨ। ਪਰ ਪਰਦੇ ਪਿਛੇ ਇਹ ਹਮੇਸ਼ਾਂ ਇਕੱਠੇ ਹੀ ਹੁੰਦੇ ਹਨ। ਪੁਜਾਰੀ ਹਮੇਸ਼ਾਂ ਸ਼ਰਧਾਲੂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਤੇ ਸੁਆਉਣ ਦੀ ਲੋਰੀ ਦਿੰਦਾ ਹੈ ਤਾਂ ਕਿ ਰਾਜਨੀਤਕ ਉਸਨੂੰ ਆਸਾਨੀ ਨਾਲ ਲੁੱਟ ਸਕੇ। ਇਹੀ ਕਾਰਨ ਹੈ ਕਿ ਆਮ ਸ਼ਰਧਾਲੂ ਲਈ ਨਕਲੀ ਧਰਮ, ਜਿਸਨੂੰ ਉਹ ਅਸਲੀ ਸਮਝਦੇ ਹਨ, ਇੱਕ ਨਸ਼ੇ ਤੋਂ ਵੱਧ ਕੁੱਝ ਨਹੀਂ ਹੁੰਦਾ। ਨਸ਼ੇ ਵਿੱਚ ਨੀਮ ਬੇਹੋਸ਼ ਮਾਨਸਿਕ ਰੋਗੀ ਅਜਿਹੇ ਸ਼ਰਧਾਲੂ ਹੀ ਧਰਮ ਯੁੱਧਾਂ ਵਿੱਚ ਮਨੁੱਖਤਾ ਦਾ ਘਾਣ ਕਰਦੇ ਹਨ ਤੇ ਧਰਮ ਅਧਾਰਿਤ ਦੰਗਿਆਂ ਵਿੱਚ ਲੋਕਾਂ ਦੇ ਖੂਨ ਦੀ ਹੋਲੀ ਖੇਡਦੇ ਰਹੇ ਹਨ ਤੇ ਖੇਡ ਰਹੇ ਹਨ। ਇਹੀ ਵਜਾਹ ਹੈ ਕਿ ਮਨੁੱਖੀ ਇਤਿਹਾਸ ਵਿੱਚ ਪੁਜਾਰੀਆਂ ਤੇ ਰਾਜਨੀਤਕਾਂ ਨੇ ਰਲ ਕੇ ਧਰਮ ਯੁੱਧਾਂ ਦੇ ਨਾਮ ਤੇ ਕ੍ਰੋੜਾਂ ਲੋਕਾਂ ਦਾ ਖੂਨ ਵਹਾਇਆ ਹੈ ਤੇ ਅੱਜ ਵੀ ਜ਼ਿਹਾਦੀ ਬੇਗੁਨਾਹਾਂ ਦਾ ਖੂਨ ਵਹਾ ਰਹੇ ਹਨ। ਨਕਲੀ ਫਿਰਕੂ ਧਰਮਾਂ ਅਤੇ ਰਾਜਨੀਤੀ ਦੇ ਇਸ ਸਾਜ਼ਿਸ਼ੀ ਗੱਠਜੋੜ ਨੂੰ ਪਛਾਨਣ ਤੇ ਪਛਾੜਨ ਦੀ ਲੋੜ ਹੈ। ਹਰ ਧਰਮ ਫਿਰਕਾ ਰੱਬ ਦਾ ਵੱਖਰਾ ਨਾਮ ਰੱਖ ਕੇ, ਵੱਖਰੀ ਮਰਿਯਾਦਾ, ਪ੍ਰੰਪਰਾ ਤੇ ਚਿੰਨ੍ਹ ਬਣਾ ਕੇ, ਲੋਕਾਂ ਨੂੰ ਕੰਟਰੋਲ ਕਰਨ ਦੀ ਰਾਜਨੀਤੀ ਤੋਂ ਵੱਧ ਕੁੱਝ ਨਹੀਂ। ਰਾਜਨੀਤੀ ਅਧਾਰਿਤ ਇਨ੍ਹਾਂ ਨਕਲੀ ਧਰਮਾਂ ਨੂੰ ਸਮਝਣ ਦੀ ਲੋੜ ਹੈ। ਅਸਲੀ ਧਰਮੀ ਲੋਕ ਹਮੇਸ਼ਾਂ ਮਨੁੱਖਤਾ ਨੂੰ ਸੱਚ ਨਾਲ ਜੋੜਦੇ ਰਹੇ ਹਨ, ਆਪਣੇ ਅੰਦਰ ਦੀ ਪਛਾਣ ਕਰਾਉਂਦੇ ਰਹੇ ਹਨ, ਕੁਦਰਤ ਨਾਲ ਜੁੜਨ ਲਈ ਮਾਰਗ ਦਰਸ਼ਨ ਕਰਦੇ ਰਹੇ ਹਨ। ਉਨ੍ਹਾਂ ਦੇ ਧਰਮੀ ਮਾਰਗ ਨੂੰ ਸਮਝਣ ਤੇ ਅਪਨਾਉਣ ਦੀ ਲੋੜ ਹੈ। ਇਹ ਵੀ ਕੁਦਰਤ ਦਾ ਹੀ ਨਿਯਮ ਹੈ ਕਿ ਸਾਰੇ ਰੱਬੀ ਗੁਣਾਂ ਦੇ ਬੀਜ ਸਾਡੇ ਅੰਦਰ ਹੀ ਅਚੇਤ ਰੂਪ ਵਿੱਚ ਪਏ ਹੁੰਦੇ ਹਨ, ਜਿਨ੍ਹਾਂ ਦੇ ਪੁੰਗਰਨ ਤੋਂ ਪਹਿਲਾਂ ਹੀ ਪਰਿਵਾਰ, ਸਮਾਜ, ਧਰਮ ਦੀਆਂ ਪ੍ਰੰਪਰਾਵਾਂ, ਮਰਿਯਾਦਾਵਾਂ ਆਦਿ ਇਨ੍ਹਾਂ ਨੂੰ ਦਬਾ ਦਿੰਦੀਆਂ ਹਨ। ਪਰ ਇਨ੍ਹਾਂ ਅੰਦਰ ਵਸਦੇ ਰੱਬੀ ਗੁਣਾਂ ਨੂੰ ਜਗਾਉਣਾ ਤੇ ਅਗੁਣਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ) ਨੂੰ ਸੁਚੇਤ ਰੂਪ ਵਿੱਚ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਵਰਤਣਾ ਹੀ ਅਸਲੀ ਧਰਮ ਹੈ। ਜਦੋਂ ਮਨੁੱਖ ਅੰਦਰੋਂ ਜਾਗ ਪੈਂਦਾ ਹੈ, ਫਿਰ ਕੋਈ ਪੁਜਾਰੀ ਜਾਂ ਰਾਜਨੀਤਕ, ਉਸਦਾ ਸੋਸ਼ਣ ਨਹੀਂ ਕਰ ਸਕਦਾ। ਕੋਈ ਉਸਨੂੰ ਗੁਲਾਮ ਨਹੀਂ ਬਣਾ ਸਕਦਾ। ਇੱਕ ਗੱਲ ਹੋਰ ਸਮਝ ਲੈਣੀ ਬੜੀ ਜਰੂਰੀ ਹੈ ਕਿ ਜਿਹੜਾ ਵਿਅਕਤੀ ਤੁਹਾਨੂੰ ਜਗਾਉਂਦਾ ਹੈ, ਬੰਧਨਾਂ ਤੋਂ ਮੁਕਤ ਕਰਦਾ ਹੈ, ਕੁਦਰਤ ਦੇ ਨਿਯਮਾਂ ਦੀ ਸੋਝੀ ਕਰਾਉਂਦਾ ਹੈ, ਮਨੁੱਖੀ ਮਨ ਦੀਆਂ ਕਮਜੋਰੀਆਂ ਤੋਂ ਜਾਣੂ ਕਰਾ ਕੇ ਸੱਚੀ ਜੀਵਨ ਜਾਚ ਬਖਸ਼ਦਾ ਹੈ, ਉਹ ਹੀ ਅਸਲੀ ਧਰਮੀ ਹੈ ਤੇ ਉਸਦੀ ਵਿਚਾਰਧਾਰਾ ਹੀ ਅਸਲੀ ਧਰਮ ਹੈ। ਪਰ ਧਰਮ ਪੁਜਾਰੀਆਂ ਵਲੋਂ ਉਸਨੂੰ ਨਾਸਤਿਕ, ਕੁਰਾਹੀਆ, ਧਰਮ ਵਿਰੋਧੀ ਕਹਿ ਕਿ ਭੰਡਿਆ ਜਾਂਦਾ ਰਿਹਾ ਹੈ। ਉਸਦੇ ਰਸਤੇ ਵਿੱਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅੰਧ ਵਿਸ਼ਵਾਸ਼ੀ ਤੇ ਮੰਦ ਬੁੱਧੀ ਸ਼ਰਧਾਲੂਆਂ ਰਾਹੀਂ ਨੁਕਸਾਨ ਪਹੁੰਚਾਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਜੇ ਫਿਰ ਵੀ ਗੱਲ ਨਾ ਬਣੇ ਤਾਂ ਰਾਜਨੀਤਕ ਲੋਕਾਂ ਨਾਲ ਸਾਜਿਸ਼ ਕਰਕੇ ਸਰੀਰਕ ਨੁਕਸਾਨ ਪਹੁੰਚਾਣ ਦੇ ਯਤਨ ਵੀ ਕੀਤੇ ਜਾਂਦੇ ਰਹੇ ਹਨ, ਸਾਰੇ ਧਰਮੀ ਪੈਗੰਬਰਾਂ ਤੇ ਮਹਾਂਪੁਰਸ਼ਾਂ ਦੇ ਜੀਵਨ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ।
ਪਰ ਇਸਦੇ ਉਲਟ ਜੋ ਤੁਹਾਨੂੰ ਸੁਆਉਂਦਾ ਹੈ, ਬੇਹੋਸ਼ ਕਰਦਾ ਹੈ, ਗੁਲਾਮ ਬਣਾਉਂਦਾ ਹੈ, ਚਿੰਨ੍ਹਾਂ ਮਰਿਆਦਾਵਾਂ ਦੇ ਬੰਧਨਾਂ ਵਿੱਚ ਪਾਉਂਦਾ ਹੈ, ਫਿਰਕੂ ਸੋਚ ਦਾ ਧਾਰਨੀ ਬਣਾਉਂਦਾ ਹੈ, ਉਹ ਪੁਜਾਰੀ ਹੈ, ਉਸਦੀ ਵਿਚਾਰਧਾਰਾ ਵੀ ਨਕਲੀ ਹੈ ਤੇ ਉਸਦਾ ਧਰਮ ਵੀ ਨਕਲੀ ਹੈ, ਉਸਦਾ ਕੰਮ ਤੁਹਾਨੂੰ ਮਾਨਸਿਕ ਤੌਰ ਤੇ ਕਮਜੋਰ ਕਰਕੇ ਬੰਧਨਾਂ ਵਿੱਚ ਪਾ ਕੇ ਅੱਖਾਂ ਤੇ ਅੰਧ ਵਿਸ਼ਵਾਸ਼ ਦੀ ਪੱਟੀ ਬੰਨ੍ਹ ਕੇ ਅਗਿਆਨਤਾ ਦੀ ਖੱਡ ਵਿੱਚ ਸੁੱਟਣਾ ਹੈ। ਅਜਿਹਾ ਧਰਮ ਅਸਲ ਵਿੱਚ ਰਾਜਨੀਤੀ ਅਧਾਰਿਤ ਨਕਲੀ ਧਰਮ ਹੈ। ਜਿਸ ਦਿਨ ਅਸੀਂ ਇਸ ਸੰਸਾਰ ਤੇ ਆਉਂਦੇ ਹਾਂ, ਉਸ ਦਿਨ ਨਾ ਸਾਡਾ ਕੋਈ ਧਰਮ ਹੁੰਦਾ ਹੈ, ਨਾ ਫਿਰਕਾ, ਨਾ ਬੋਲੀ, ਨਾ ਇਲਾਕਾ, ਨਾ ਦੇਸ਼, ਨਾ ਕੌਮ, ਨਾ ਨਸਲ, ਉਸ ਦਿਨ ਅਸੀਂ ਸਿਰਫ ਇਨਸਾਨ ਦੇ ਬੱਚੇ ਹੁੰਦੇ ਹਾਂ, ਇਹੀ ਕੁਦਰਤ ਦਾ ਵਿਧਾਨ ਹੈ। ਅਸੀਂ ਇਨਸਾਨ ਆਏ ਸੀ ਤੇ ਇਨਸਾਨ ਹੀ ਇੱਥੋਂ ਚਲੇ ਜਾਈਏ, ਇਹੀ ਸਾਡੀ ਪ੍ਰਾਪਤ ਹੋਵੇਗੀ।




.