.

ਜਪੁ ਗੁਰਬਾਣੀ, ਉਚਾਰਨ ਸੇਧ, ਸਰਲ ਅਰਥ ਅਤੇ ਭਾਵ ਅਰਥ

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ।। ਜੀਵਾਂ ਨੂੰ ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਅਤੇ ਮਾਰਨ ਵਾਲਾ ਨਿਰੰਕਾਰ ਪ੍ਰਭੂ ਇੱਕ ਹੀ ਹੈ। ਜੋ ਕਣ-ਕਣ ਵਿੱਚ ਵਿਆਪਕ ਹੈ। ਉਸ ਦਾ ਨਾਮਣਾ (ਵਡਿਆਈ) ਸਦਾ ਸਥਿਰ ਰਹਿਣ ਵਾਲੀ ਹੈ। ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਕਰਤਾਰ ਸ੍ਰੇਸ਼ਟ-ਪੁਰਖ, ਸਾਰੇ ਜਗਤ ਵਿੱਚ ਵਿਆਪਕ ਹੈ। ਡਰ ਤੋਂ ਰਹਿਤ ਹੈ, ਵੈਰ-ਭਾਵਨਾ ਤੋਂ ਰਹਿਤ ਹੈ, ਸਮੇ ਦੇ ਪ੍ਰਭਾਵ ਤੋਂ ਮੁਕਤ ਹੋਂਦ ਵਾਲਾ ਹੈ, ਜੂਨਾਂ ਦੇ ਚੱਕਰ ਤੋਂ ਮੁਕਤ ਹੈ, ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ, ਜਿਸ ਦੀ ਪ੍ਰਾਪਤੀ; ਗੁਰੂ ਦੀ ਕ੍ਰਿਪਾ ਨਾਲ ਹੀ ਹੁੰਦੀ ਹੈ।

।। ਜਪੁ।। (ਇਹ ਬਾਣੀ ਦਾ ਸਿਰਲੇਖ, ਨਾਮ ਹੈ) ਜਿਸ ਦਾ ਅਰਥ ਹੈ:-ਪ੍ਰਭੂ ਦੀ ਯਾਦ ਜਾਂ ਪ੍ਰਭੂ ਦਾ ਸਿਮਰਨ। (ਨੋਟ:-ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਜਪੁ ਜੀ ਸਾਹਿਬ`, ‘ਰਹਿਰਾਸ ਸਾਹਿਬ` ਅਤੇ ‘ਕੀਰਤਨ ਸੋਹਿਲਾ` ਆਦਿ ਸ਼ਬਦ ਕਿਤੇ ਭੀ ਦਰਜ਼ ਨਹੀਂ ਹਨ। ਕੇਵਲ ਸਤਿਕਾਰ ਵਜੋਂ ਸਿਖ-ਸਮਾਜ ਨੇ ਗੁਟਕਿਆਂ ਵਿੱਚ ਦਰਜ਼ ਕਰ ਦਿਤੇ ਹਨ। ਇਸ ‘ਜਪੁ`ਸਿਰਲੇਖ ਤੋਂ ਅੱਗੇ ਇੱਕ ਸਲੋਕ ਦਰਜ਼ ਹੈ)

ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ, ਨਾਨਕ! ਹੋਸੀ ਭੀ ਸਚੁ।। ੧।।

ਹੇ ਨਾਨਕ! (ਪ੍ਰਭੂ) ਸ੍ਰਿਸ਼ਟੀ ਦੇ ਅਰੰਭ ਤੋਂ ਪਹਿਲਾਂ, ਜੁਗਾਂ ਦੇ ਅਰੰਭ ਵਿੱਚ ਅਤੇ ਵਰਤਮਾਨ ਸਮੇ ਵਿੱਚ ਸਥਿਰ ਰਹਿਣ ਵਾਲਾ ਹੈ ਜੋ ਸ੍ਰਿਸ਼ਟੀ ਦੀ ਸਮਾਪਤੀ ਤੋਂ ਬਾਅਦ ਭੀ ਸਦਾ ਸਥਿਰ ਰਹੇਗਾ। ੧। (ਇਥੇ ਅੰਕ ੧ ਹੋਣਾ ਸਲੋਕ ਨੰ. ੧ ਨੂੰ ਦਰਸਾਉਦਾ ਹੈ)

ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ।। ਉ: ਸੇਧ:-ਸੋਚੀਂ। ਤੀਰਥ `ਤੇ ਜਾ ਕੇ ਇਸ਼ਨਾਨ ਕਰਨ ਨਾਲ ਮਨ ਦੀ ਪਵਿੱਤਰਤਾ ਨਹੀ ਹੁੰਦੀ; ਬੇਸ਼ੱਕ ਮੈਂ ਲਖ ਵਾਰੀ ਭੀ ਤੀਰਥ-ਇਸ਼ਨਾਨ ਕਰ ਆਵਾਂ।

ਚੁਪੈ, ਚੁਪ ਨ ਹੋਵਈ; ਜੇ, ਲਾਇ ਰਹਾ ਲਿਵ ਤਾਰ।। ਉ: ਸੇਧ-ਰਹਾਂ। ਮੌਨ ਬਰਤ ਧਾਰਨ ਨਾਲ ਵੀ ਮਨ ਦੀ ਸ਼ਾਤੀ ਨਹੀ ਹੁੰਦੀ ਭਾਵ:-ਮਨ ਦੇ ਫ਼ੁਰਨੇ ਬੰਦ ਨਹੀਂ ਹੁੰਦੇ ਭਾਵੇਂ ਮੈਂ ਲਗਾਤਾਰ ਸਮਾਧੀ ਲਾ ਕੇ ਬੈਠਾਂ ਰਹਾਂ।

ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ।। ਉ: ਸੇਧ:-ਭੁਖਿਆਂ, ਬੰਨ੍ਹਾਂ, ਪੁਰੀਆਂ।

ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, ਮਾਇਆ ਹੋਰ ਇੱਕਠੀ ਕਰਨ ਦੀ ਭਾਵਨਾ ਖ਼ਤਮ ਨਹੀਂ ਹੁੰਦੀ, ਭਾਵੇਂ ਮੈਂ ਸਾਰੇ ਪੁਰੀਆਂ (ਭਵਨਾ) ਦੇ ਭਾਰ (ਭਾਵ:-ਸਾਰੇ ਸੰਸਾਰ ਦੇ ਪਦਾਰਥ) ਇਕੱਠੇ ਕਰ ਲਵਾਂ।

ਸਹਸ ਸਿਆਣਪਾ ਲਖ ਹੋਹਿ; ਤ, ਇੱਕ ਨ ਚਲੈ ਨਾਲਿ।। ਉ: ਸੇਧ:-ਸਿਆਣਪਾਂ, ਹੋਹਿਂ।

(ਇਹੋ ਜਿਹੀਆਂ ਫੋਕਟ ਰਸਮਾ ਦੀਆਂ) ਹਜ਼ਾਰਾਂ ਹੋਰ ਸਿਆਣਪਾਂ ਵੀ ਹੋਣ; ਤਾਂ ਵੀ ਉਨ੍ਹਾਂ ਵਿਚੋਂ ਪ੍ਰਭੂ ਦੇ ਦਰ `ਤੇ ਇੱਕ ਭੀ ਨਾਲ ਨਹੀਂ ਜਾਂਦੀ। (ਜੀਵਨ ਦਾ ਮਨੋਰਥ ਪ੍ਰਾਪਤ ਕਰਨ ਤੋਂ ਬਿਨਾ ਹੀ ਉਮਰ ਸਮਾਪਤ ਹੋ ਜਾਵੇਗੀ)

ਕਿਵ, ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। (ਫਿਰ) ਕਿਵੇਂ ਪ੍ਰਭੂ-ਪ੍ਰਾਪਤੀ ਵਰਗਾ ਜੀਵਨ (ਸਚਿਆਰ) ਬਣਾਇਆ ਜਾ ਸਕਦਾ ਹੈ? ਅਤੇ ਕਿਵੇਂ ਝੂਠ ਦਾ ਅੰਦਰੋਂ ਪਿਆ ਪੜ੍ਹਦਾ (ਕੰਧ) ਟੁਟੇ (ਮਿਟੇ)?

ਹੁਕਮਿ ਰਜਾਈ ਚਲਣਾ; ਨਾਨਕ! ਲਿਖਿਆ ਨਾਲਿ।। ੧।। ਉ: ਸੇਧ:-ਰਜ਼ਾਈ। ਉੱਤਰ:-ਰਜ਼ਾ ਦੇ ਮਾਲਕ ਪ੍ਰਭੂ ਦੇ ਭਾਣੇ ਵਿੱਚ ਚਲਣਾ ਚਾਹੀਦਾ ਹੇ। ਹੇ ਨਾਨਕ! (ਕਿਉਂਕਿ ਪ੍ਰਭੂ ਦੀ ਪ੍ਰੇਰਨਾ ਸਦਕਾ ਪਿਛਲੇ ਜਨਮ ਵਿੱਚ ਕੀਤੇ ਕਰਮਾ ਦੇ ਫਲ ਅਨੁਸਾਰ, ਹਰ ਜੀਵ ਲਈ ਪ੍ਰਭੂ ਦੇ ਹੁਕਮ ਵਿੱਚ ਚਲਣ ਦਾ ਢੰਗ-ਤਰੀਕਾ ਜੀਵ ਦੇ ਪੈਦਾ ਹੋਣ ਤੋਂ ਹੀ) ਨਾਲ ਲਿਖਿਆ ਚਲਿਆ ਆ ਰਿਹਾ ਹੈ। ੧।

ਹੁਕਮੀ, ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ।।

(ਪ੍ਰਭੂ ਦੇ ਹੁਕਮ) ਭਾਣੇ ਅੰਦਰ ਹੀ ਸਰੂਪ (ਬ੍ਰਹਮੰਡ) ਬਣਦੇ ਹਨ। ਪਰ ਬ੍ਰਹਮੰਡ ਬਣਨ ਦੀ ਸ਼ੁਰੂਆਤ ਬਾਰੇ ਅਤੇ ਅਗੋਂ ਹੋਣ ਵਾਲੇ ਹੋਰ ਹੁਕਮ ਬਾਰੇ ਦੱਸਿਆ ਨਹੀਂ ਜਾ ਸਕਦਾ। (ਕਿ ਕੀ ਭਾਣਾ ਵਰਤਣ ਵਾਲਾ ਹੈ?)

ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ।।

ਪ੍ਰਭੂ ਦੇ ਭਾਣੇ ਵਿੱਚ ਹੀ ਜੀਵ-ਜੰਤ ਪੈਦਾ ਹੁੰਦੇ ਹਨ ਅਤੇ (ਕਿਸੇ ਵਿਰਲੇ ਨੂੰ) ਪ੍ਰਭੂ ਦੇ ਹੁਕਮ ਦੁਆਰਾ ਹੀ ਇਜ਼ਤ ਮਿਲਦੀ ਹੈ।

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ।। ਉ: ਸੇਧ:-ਪਾਈਅਹਿਂ। ਪ੍ਰਭੂ ਦੇ ਭਾਣੇ ਅੰਦਰ ਹੀ ਕੋਈ ਚੰਗਾ ਤੇ ਕੋਈ ਮਾੜਾ ਬਣਦਾ ਹੈ। ਪ੍ਰਭੂ ਦੇ ਹੁਕਮ ਵਿੱਚ ਲਿਖਣ ਕਰਕੇ ਹੀ ਦੁਖ-ਸੁਖ ਪਾਏ ਜਾਂਦੇ ਹਨ।

ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ।। ਉ: ਸੇਧ:-ਬਖਸ਼ੀਸ਼, ਭਵਾਈਅਹਿਂ।

ਕਈਆਂ ਨੂੰ ਪ੍ਰਭੂ-ਹੁਕਮ ਰਾਹੀਂ ਬਖ਼ਸ਼ਸ਼ (ਪ੍ਰਭੂ-ਮਿਲਾਪ) ਨਸੀਬ ਹੋ ਜਾਂਦਾ ਹੈ। (ਉਹ ਭਟਕਣਾ ਅਤੇ ਜੂਨਾਂ ਤੋਂ ਮੁਕਤ ਹੋ ਜਾਦੇ ਹਨ, ਪਰ) ਕਈ ਜੀਵ ਹੁਕਮ ਰਾਹੀਂ ਭਟਕਣਾ (ਅਤੇ ਜੂਨਾਂ) ਵਿੱਚ ਪਾਏ ਜਾਂਦੇ ਹਨ।

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ।। ਸਭ ਕੋਈ ਪ੍ਰਭੂ ਦੇ ਭਾਣੇ ਵਿੱਚ ਹੈ (ਬੇਸ਼ੱਕ ਜੀਵ ਦਾ ਆਚਰਨ ਚੰਗਾ ਹੈ ਜਾਂ ਮਾੜਾ ਕਿਉਂਕਿ)। ਪ੍ਰਭੂ ਦੇ ਭਾਣੇ ਤੋਂ ਆਕੀ (ਮੁਨਕਰ) ਕੋਈ ਜੀਵ ਨਹੀਂ। (ਇਸ ਸਿਧਾਂਤ ਦੀ ਸਮਝ ਮਨਮੁਖ ਨੂੰ ਨਹੀਂ ਆ ਸਕਦੀ)

ਨਾਨਕ! ਹੁਕਮੈ ਜੇ ਬੁਝੈ; ਤ, ਹਉਮੈ ਕਹੈ ਨ ਕੋਇ।। ੨।।

ਹੇ ਨਾਨਕ! ਪ੍ਰਭੂ ਦੇ ਉੱਪਰ ਬਿਆਨ ਕੀਤੇ ਇਸ ਹੁਕਮ (ਭੇਦ) ਨੂੰ ਅਗਰ ਕੋਈ ਜੀਵ ਸਮਝ ਲਵੇ ਤਾਂ ਉਹ ਮੈ ਮੈ ਨਹੀਂ ਆਖਦਾ (ਕਿਉਂਕਿ ਪ੍ਰਭੂ ਦੇ ਵਡੇਪਣ ਅੱਗੇ ਉਸ ਨੂੰ ਅਪਣੀ ਹਸਤੀ ਨਾ-ਮਾਤ੍ਰ ਜਾਪਣ ਲੱਗ ਜਾਂਦੀ ਹੈ)। ੨।

ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ।। ਗਾਵੈ ਕੋ; ਦਾਤਿ ਜਾਣੈ ਨੀਸਾਣੁ।। ਉ: ਸੇਧ:-ਨੀਸ਼ਾਣ।

(ਪ੍ਰਭੂ ਦੇ ਇਸ ਭਾਣੇ, ਸ਼ਕਤੀ) ਜ਼ੋਰ ਨੂੰ ਉਹੀ ਵਿਰਲਾ ਗਾਉਂਦਾ (ਪ੍ਰਵਾਣ ਕਰਦਾ) ਹੈ। ਜਿਸ ਕੋਲ ਗਾਉਣ (ਪ੍ਰਵਾਣ ਕਰਨ) ਦੀ ਸਮਰੱਥਾ (ਉੱਚੀ ਸਮਝ) ਹੋਵੇ। (ਇਸ ਪ੍ਰਭੂ ਦੇ ਵਡੇਪਣ ਵਿਚੋਂ ਪ੍ਰਾਪਤ ਹੋਈ) ਦਾਤ ਦੇ ਚਿੰਨ੍ਹ ਨੂੰ (ਪ੍ਰਭੂ ਦੀ ਬਖ਼ਸ਼ਸ਼ ਸਮਝ ਕੇ) ਕੋਈ ਪ੍ਰਭੂ ਨੂੰ ਗਾਉਂਦਾ (ਯਾਦ ਕਰਦਾ) ਹੈ।

ਗਾਵੈ ਕੋ; ਗੁਣ ਵਡਿਆਈਆ ਚਾਰ।। ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ।। ਉ: ਸੇਧ:-ਵਡਿਆਈਆਂ।

ਕੋਈ ਪ੍ਰਭੂ ਦੇ ਸੁੰਦਰ ਗੁਣ ਅਤੇ ਵਡਿਆਈਆਂ ਨੂੰ ਸਮਝ ਕੇ ਉਸ ਨੂੰ ਯਾਦ ਕਰਦਾ ਹੈ। ਵਿਦਿਆ ਦਾ ਕਠਿਨ ਵੀਚਾਰ (ਭਾਵ:-ਜਿਆਦਾ ਗਿਆਨ) ਪ੍ਰਾਪਤ ਕਰਕੇ ਕੋਈ (ਪ੍ਰਭੂ ਨੂੰ) ਗਾਉਂਦਾ ਹੈ।

ਗਾਵੈ ਕੋ; ਸਾਜਿ, ਕਰੇ ਤਨੁ ਖੇਹ।। ਗਾਵੈ ਕੋ; ਜੀਅ ਲੈ, ਫਿਰਿ ਦੇਹ।।

ਕੋਈ ਇਹ ਸਮਝ ਕਰ ਗਾ ਰਿਹਾ ਹੈ ਕਿ ਪ੍ਰਭੂ ਸਰੀਰ ਬਣਾ ਕੇ (ਫਿਰ) ਮਿਟੀ (ਨਾਸ਼) ਕਰ ਦੇਂਦਾ ਹੈ। ਕੋਈ ਇਹ ਸਮਝਦਾ ਹੋਇਆ ਗਾਉਂਦਾ ਹੈ; ਕਿ ਪ੍ਰਭੂ ਜੀਵਤ-ਸਰੀਰਾਂ ਵਿਚੋਂ ਜਿੰਦਾਂ (ਪ੍ਰਾਣ) ਲੈ ਕੇ ਫਿਰ ਦੂਜੇ ਸਰੀਰਾਂ ਵਿੱਚ ਪਾ ਦੇਂਦਾ ਹੈ।

ਗਾਵੈ ਕੋ; ਜਾਪੈ ਦਿਸੈ ਦੂਰਿ।। ਗਾਵੈ ਕੋ; ਵੇਖੈ ਹਾਦਰਾ ਹਦੂਰਿ।। ਕੋਈ ਉਸ ਨੂੰ ਦੂਰ ਬੈਠਾ ਸਮਝ ਕੇ ਯਾਦ ਕਰ ਰਿਹਾ ਹੈ ਅਤੇ ਕੋਈ ਅੰਗ-ਸੰਗ ਅਨੁਭਵ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਰਿਹਾ ਹੈ।

ਕਥਨਾ ਕਥੀ, ਨ ਆਵੈ ਤੋਟਿ।। ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ।। ਉ: ਸੇਧ:-ਕੋਟੀਂ।

(ਪ੍ਰਭੂ ਨਾਲ ਜੁੜਨ ਦੇ ਉਕਤ ਨਾ-ਮਾਤ੍ਰ ਕੇਵਲ ਅੱਠ ਕੁ ਪੱਖਾਂ (ਗੁਣਾਂ) ਦਾ ਜ਼ਿਕਰ ਇਸ ਪਉੜੀ ਵਿੱਚ ਆ ਚੁੱਕਾ ਹੈ। ਇਸ ਤਰ੍ਹਾਂ ਹੀ ਪ੍ਰਭੂ ਦੇ ਇੱਕ-ਇੱਕ ਪੱਖ ਨੂੰ ਲੈ ਕੇ ਪ੍ਰਭੂ ਨੂੰ) ਯਾਦ ਕਰਨ ਵਾਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪ੍ਰਭੂ-ਸਿਫਤ ਤਾਂ ਬੇਅੰਤ, ਕ੍ਰੋੜਾਂ ਹੀ ਜੀਵਾਂ ਰਾਹੀਂ ਵਾਰ-ਵਾਰ ਆਖ ਕੇ ਵਰਨਣ ਕੀਤੀ ਗਈ ਹੈ।

ਦੇਦਾ ਦੇ, ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ, ਖਾਹੀ ਖਾਹਿ।। ਉ: ਸੇਧ:-ਦੇਂਦਾ, ਲੈਂਦੇ, ਪਾਹਿਂ, ਖਾਹਿਂ।

(ਦਾਤਾਰ ਪ੍ਰਭੂ ਸਭ ਜੀਵਾਂ ਨੂੰ) ਦਾਤਾਂ ਦੇਈ ਜਾ ਰਿਹਾ ਹੈ ਅਤੇ ਲੈਣ ਵਾਲੇ ਉਮਰ ਭੋਗ ਕੇ (ਨਾਸ਼) ਹੋ ਜਾਂਦੇ ਹਨ। ਸਦਾ ਤੋਂ ਹੀ ਜੀਵ (ਇਸ ਸਿਲਸਿਲੇ ਵਾਂਙ ਦਾਤਾਂ) ਖਾਂਦੇ ਆ ਰਹੇ ਹਨ।

ਹੁਕਮੀ ਹੁਕਮੁ, ਚਲਾਏ ਰਾਹੁ।। ਨਾਨਕ! ਵਿਗਸੈ ਵੇਪਰਵਾਹੁ।। ੩।। ਉ: ਸੇਧ:-ਰਾਹ, ਵੇਪਰਵਾਹ।

ਰਜ਼ਾ ਦੇ ਮਾਲਕ ਪ੍ਰਭੂ ਦਾ ਹੁਕਮ (ਹੀ ਜਗਤ ਦੀ ਕਾਰ ਰੂਪ) ਰਸਤਾ ਬਾਖ਼ੂਬੀ ਚਲਾ ਰਿਹਾ ਹੈ। ਇਸ ਲਈ ਹੇ ਨਾਨਕ! (ਇਤਨੇ ਵੱਡੇ ਪਰਿਵਾਰ ਨੂੰ ਦਾਤਾਂ ਦੇਣ ਦੇ ਬਾਵਜ਼ੂਦ ਭੀ ਉਹ) ਵੇਪਰਵਾਹ ਪ੍ਰਭੂ ਸਦਾ ਆਨੰਦ ਵਿੱਚ ਰਹਿਦਾ ਹੈ। ੩।

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ, ਭਾਉ ਅਪਾਰੁ।।

ਉਸ ਮਾਲਕ-ਪ੍ਰਭੂ ਦੀ ਹੋਂਦ ਸਦਾ ਸਥਿਰ ਰਹਿਣ ਵਾਲੀ ਹੈ ਅਤੇ (ਜਗਤ ਨੂੰ ਚਲਾਉਣ ਵਾਲਾ) ਉਸ ਦਾ ਨਿਯਮ (ਸਿਧਾਂਤ) ਵੀ ਸਦਾ ਸਥਿਰ ਰਹਿਣ ਵਾਲਾ ਹੈ। ਬੇਅੰਤ ਪ੍ਰੇਮ ਉਸ ਦੀ ਬੋਲੀ ਹੈ। (ਭਾਵ:-ਉਸ ਨੂੰ ਪ੍ਰੇਮ ਪਸੰਦ ਹੈ)

ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ, ਦਾਤਾਰੁ।। ਉ: ਸੇਧ:-ਆਖਹਿਂ, ਮੰਗਹਿਂ, ਦੇਹ-ਦੇਹ।

(ਪ੍ਰਭੂ-ਦਰ ਤੋਂ ਮਿਲੀਆਂ ਦਾਤਾਂ ਤੋਂ ਵਧੀਕ ਜੀਵ ਹੋਰ ਹੋਰ ਫ਼ਰਿਆਦਾਂ) ਆਖਦੇ ਹਨ ਅਤੇ ਮੰਗਦੇ ਹਨ (ਕਿ ਇਹ ਦਾਤ ਜਾਂ ਉਹ ਦਾਤ ਹੋਰ) ਦੇਹ ਦੇਹ (ਪਰ) ਦਾਤਾਂ ਦਾ ਮਾਲਕ ਤਾਂ ਪਹਿਲਾਂ ਤੋਂ ਹੀ ਲੋੜ ਅਨੁਸਾਰ (ਚੰਗੇ-ਮੰਦੇ ਦੋਵੇਂ ਪ੍ਰਕਾਰ ਦੇ ਜੀਵਾਂ ਨੂੰ) ਦਾਤ ਦੇਂਦਾ ਆ ਰਿਹਾ ਹੈ।

ਫੇਰਿ, ਕਿ ਅਗੈ ਰਖੀਐ? ਜਿਤੁ ਦਿਸੈ ਦਰਬਾਰੁ।।

(ਤਾਂ ਤੇ ਪ੍ਰਭੂ ਵਲੋਂ ਪ੍ਰਾਪਤ ਕੀਤੀਆਂ ਦਾਤਾਂ ਨਾਲ ਉਸ ਨੂੰ ਪ੍ਰਸੰਨ ਭੀ ਨਹੀਂ ਕੀਤਾ ਜਾ ਸਕਦਾ) ਫਿਰ (ਹੋਰ) ਕਿਹੜੀ ਭੇਟਾ ਉਸ ਦੇ ਅੱਗੇ ਰੱਖਣੀ ਚਾਹੀਦੀ ਹੈ? ਜਿਸ ਦੀ ਰਾਹੀਂ ਪ੍ਰਭੂ ਦੇ ਦਰ ਦਾ ਦਰਸ਼ਨ (ਮਿਲਾਪ) ਹੋ ਜਾਵੇ।

ਮੁਹੌ, ਕਿ ਬੋਲਣੁ ਬੋਲੀਐ? ਜਿਤੁ ਸੁਣਿ, ਧਰੇ ਪਿਆਰੁ।। ਉ: ਸੇਧ:-ਮੁਹੌਂ।

ਮੂੰਹ ਤੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ? ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪ੍ਰੇਮ ਕਰ (ਪਾ) ਸਕੇ।

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ।।

ਉੱਤਰ:-ਸੁਭ੍ਹਾ ਅੰਮ੍ਰਿਤ ਵੇਲਾ (ਇਕਾਂਤ ਸਮਾ) ਪ੍ਰਭੂ ਅੱਗੇ (ਵਾਸਤੇ) ਰੱਖਣਾ ਚਾਹੀਦਾ ਹੈ, (ਤਾਂ ਜੋ ਇਕਾਂਤ ਸਮੇ ਵਿਚ) ਅਨੰਦਮਈ ਪ੍ਰਭੂ ਦੇ ਨਾਮ (ਗੁਣਾਂ) ਅਤੇ ਸਿਫ਼ਤ-ਸਲਾਹ ਦੀ ਵੀਚਾਰ ਕੀਤੀ ਜਾ ਸਕੇ।

(ਨੋਟ:-ਕੁਦਰਤ ਵਲੋਂ ਸੰਧਿਆ (ਸ਼ਾਮ) ਅਤੇ ਸੁਭ੍ਹਾ ਦਾ ਅੰਮ੍ਰਿਤ ਵੇਲਾ ਮਨੁੱਖਾਂ ਨੂੰ ਸ਼ਾਂਤੀ (ਇਕਾਂਤ) ਲਈ ਬਖ਼ਸ਼ਸ਼ ਕੀਤਾ ਹੋਇਆ ਮਿਲਿਆ ਸੀ; ਪਰ ਧਾਰਮਿਕ ਅਸਥਾਨਾਂ ਦੇ ਸਪੀਕਰਾਂ ਦੀਆਂ ਉੱਚੀਆਂ ਆਵਾਜਾਂ ਸੁਣਨ ਨਾਲ; ਭਗਤੀ-ਭਾਵਨਾ ਰੱਖਣ ਵਾਲਿਆਂ ਨੇ ਆਪਣਾ ਜੀਵਨ ਇਸ ਬਣਤਰ ਵਿੱਚ ਢਾਲ ਲਿਆ ਹੈ; ਕਿ ਗੁਰਦੁਆਰਿਆਂ ਵਿੱਚ ਹੋ ਰਹੇ ਗੁਰਬਾਣੀ-ਕੀਰਤਨ ਦੌਰਾਨ ਵੀ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਿਆਂ ਉਨ੍ਹਾਂ ਨੂੰ ਆਪਣੀ ਇਕਾਗਰਤਾ ਭੰਗ ਹੁੰਦੀ ਮਹਿਸੂਸ ਨਹੀਂ ਹੁੰਦੀ। ਮਨੁੱਖ ਨੇ ਕੁਦਰਤ ਵਲੋਂ ਮਿਲੀ ਇਕਾਂਤ ਸਮੇ ਦੀ ਅਹਿਮੀਅਤ ਭਰੀ ਬਖ਼ਸ਼ਸ਼ ਨੂੰ ਅਜਾਈਂ ਵਿਅਰਥ ਗੁਆ ਦਿਤਾ ਹੈ। ਜੋ ਕਿ ਮੰਦਭਾਗਾ ਕਦਮ ਹੈ।)

ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ।।

ਪ੍ਰਭੂ-ਕ੍ਰਿਪਾ ਰਾਹੀਂ ਮਨੁੱਖਾ ਸਰੀਰ ਰੂਪੀ ਕੱਪੜਾ ਮਿਲਦਾ ਹੈ। “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆਂ ਅੰਦਰਿ ਜਾਵਣਾ।। “ (ਮ: ੧ ਪੰਨਾ ੪੭੦) (ਅਤੇ ਇਸ ਜਨਮ ਵਿੱਚ ਪ੍ਰਭੂ ਨੂੰ ਯਾਦ ਕੀਤਿਆਂ) ਉਸ ਦੀ ਮਿਹਰ ਨਾਲ ਮੁਕਤੀ ਦਾ ਮਾਰਗ ਪ੍ਰਾਪਤ ਹੁੰਦਾ ਹੈ।

ਨਾਨਕ! ਏਵੈ ਜਾਣੀਐ; ਸਭੁ ਆਪੇ ਸਚਿਆਰੁ।। ੪।। ਉ: ਸੇਧ:-ਏਵੈਂ।

ਹੇ ਨਾਨਕ! ਇਉਂ ਸਮਝਣਾ ਚਾਹੀਦਾ ਹੈ; ਕਿ ਹਰ ਜੀਵ ਵਿੱਚ ਆਪ ਹੀ ਸੱਚ ਦਾ ਸਮੁੰਦਰ ਪ੍ਰਭੂ ਵਰਤ ਰਿਹਾ ਹੈ, ਬੈਠਾ ਹੈ। ੪।

(ਨੋਟ:-ਇਸ ਤੋਂ ਅੱਗੇ ਪਉੜੀ ਨੰ. ੫ ਤੋਂ ਲੈ ਕੇ ਪਉੜੀ ਨੰ. ੧੫ ਤੱਕ ਗੁਰੂ ਅੱਗੇ ਬੇਨਤੀ ਹੈ; ਫਿਰ ਗੁਰੂ ਜੀ ਵਲੋਂ ਬੋਲੀ ਗਈ ਸਿਖਿਆ ਸੁਨਣ ਅਤੇ ਮੰਨਣ ਦਾ ਸਿਧਾਂਤ ਦਰਜ਼ ਹੈ)

ਥਾਪਿਆ ਨ ਜਾਇ; ਕੀਤਾ ਨ ਹੋਇ।। ਆਪੇ ਆਪਿ, ਨਿਰੰਜਨੁ ਸੋਇ।। (ਪ੍ਰਮਾਤਮਾ ਨੂੰ ਕਿਸੇ ਇੱਕ ਥਾਂ) ਮੂਰਤੀ ਵਾਂਙ ਸਥਾਪਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਹ ਕਿਸੇ ਦਾ ਬਣਾਇਆ ਬਣਦਾ ਹੈ ਭਾਵ ਉਸਨੂੰ ਮੂਰਤੀ ਵਾਂਙ ਘੜਿਆ (ਆਕਾਰ ਦਿੱਤਾ) ਨਹੀਂ ਜਾ ਸਕਦਾ ਹੈ। ਕਿਉਂਕਿ ਉਹ ਤਾਂ ਹਰ ਥਾਂ ਮਾਇਆ (ਆਕਾਰ) ਰਹਿਤ ਵਿਆਪਕ ਹੈ।

ਜਿਨਿ ਸੇਵਿਆ, ਤਿਨਿ ਪਾਇਆ ਮਾਨੁ।। ਨਾਨਕ, ਗਾਵੀਐ ਗੁਣੀ ਨਿਧਾਨੁ।। ਜਿਸ ਨੇ ਉਸ ਨੂੰ ਯਾਦ ਕੀਤਾ। ਉਸ ਨੇ (ਹਰ-ਥਾਂ) ਇਜ਼ਤ-ਮਾਣ ਪਾਇਆ ਹੈ। ਹੇ ਨਾਨਕ! ਐਸੇ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ।। ਦੁਖੁ ਪਰਹਰਿ, ਸੁਖੁ ਘਰਿ ਲੈ ਜਾਇ।।

(ਉਸ ਦੀ ਸਿਫ਼ਤ-ਸਲਾਹ ਨੂੰ) ਗਾਉਂਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ। (ਉਸ ਪ੍ਰਤੀ) ਮਨ ਵਿੱਚ ਪਿਆਰ ਰੱਖਣਾ ਚਾਹੀਦਾ ਹੈ (ਤਾਂ ਜੋ, ਜੀਵ; ਪ੍ਰਭੂ ਵਲੋਂ ਪਏ ਵਿਛੋੜੇ ਦਾ) ਦੁਖ ਦੂਰ ਕਰਕੇ, ਹਿਰਦੇ ਵਿੱਚ ਅਨੰਦ ਪ੍ਰਾਪਤ ਕਰ ਸਕੇ।

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ।।

ਗੁਰੂ ਹੀ ਸੰਗੀਤ (ਆਤਮਕ-ਰਸ) , ਗੁਰੂ ਹੀ ਆਤਮਿਕ ਗਿਆਨ ਅਤੇ ਗੁਰੂ ਹੀ ਪ੍ਰਭੂ ਨੂੰ ਵਿਆਪਕ ਅਨੁਭਵ ਕਰਵਾਉਂਦਾ ਹੈ।

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ।। ਉ: ਸੇਧ:-ਈਸ਼ਰ, ਬਰ੍ਹਮਾ। ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ (ਬਿਸ਼ਨੂੰ, ਰਾਮ, ਕ੍ਰਿਸ਼ਨ ਆਦਿਕ ਦੇਵਤਾ) ਹੈ। ਗੁਰੂ ਹੀ ਪਾਰਬਤੀ, ਲਕਸ਼ਮੀ (ਦੁਰਗਾ, ਕਾਲਕਾ, ਸਰਸਵਤੀ ਚੰਡੀ ਆਦਿਕ ਦੇਵੀ) ਹੈ।

ਜੇ ਹਉ ਜਾਣਾ ਆਖਾ ਨਾਹੀ; ਕਹਣਾ ਕਥਨੁ ਨ ਜਾਈ।। ਉ: ਸੇਧ:-ਹਉਂ, ਆਖਾਂ, ਨਾਹੀਂ।

(ਗੁਰੂ ਜੀ ਬਾਰੇ) ਅਗਰ ਮੈ ਥੋੜ੍ਹਾ-ਬਹੁਤ ਕੁੱਝ ਜਾਣ ਵੀ ਲਵਾਂ। ਤਾਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਗੁਰੂ-ਮਹਿਮਾ ਤਾਂ ਅਪਰ-ਅਪਾਰ ਹੈ। ਸੰਪੂਰਨ ਬਿਆਨ ਹੀ ਨਹੀਂ ਕੀਤੀ ਜਾ ਸਕਦੀ। (ਗੁਰੂ ਅੱਗੇ ਤਾਂ ਕੇਵਲ ਇਉਂ ਬੇਨਤੀ ਕਰਨੀ ਹੀ ਬਣਦੀ ਹੈ ਕਿ)

ਗੁਰਾ! ਇੱਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ।। ੫।। ਉ: ਸੇਧ:-ਜੀਆਂ।

ਹੇ ਗੁਰੂ ਜੀ! ਇੱਕ ਐਸੀ ਸਮਝ ਬਖ਼ਸ਼; ਕਿ ਜੋ ਸਾਰੇ ਜੀਵਾਂ ਨੂੰ ਹੀ ਦਾਤਾਂ ਦੇਣ ਵਾਲਾ ਇੱਕ ਨਿਰਾਕਾਰ ਪ੍ਰਭੂ ਹੈ; ਉਸ ਦੀ ਯਾਦ ਮੇਰੇ ਹਿਰਦੇ ਵਿਚੋਂ ਕਦੀਂ ਭੁਲੇ ਨਾਹੀਂ। (ਨੋਟ:-ਸਮਾਜ ਨੇ ਤਾਂ ਐਸੇ ਸੱਚੇ ਗੁਰੂ ਦੀ ਟੇਕ ਲੈਣ ਦੀ ਬਜਾਏ ਤੀਰਥ-ਇਸ਼ਨਾਨ ਆਦਿ ਕਰਮ-ਕਾਂਡਾਂ ਰਾਹੀਂ ਪ੍ਰਭੂ ਦੀ ਪ੍ਰਾਪਤੀ ਕਰਨ ਦਾ ਯਤਨ ਕੀਤਾ ਪਰ ਮੇਰੇ ਲਈ ਤਾਂ ‘ਗੁਰ ਸਮਾਨਿ ਤੀਰਥੁ ਨਹੀ ਕੋਈ।। ` (ਪੰਨਾ ੪੩੭)

ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ? ।। ਉ: ਸੇਧ:-ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ।

ਮੈਂ ਬਾਹਰਲੇ ਤੀਰਥ `ਤੇ ਜਾ ਕੇ ਇਸਨਾਨ ਤਾਂ ਕਰਾਂ, ਜੇ ਇਉਂ ਕਰਨ ਨਾਲ ਉਸ ਪ੍ਰਭੂ ਨੂੰ ਖ਼ੁਸ਼ ਕਰ ਸਕਾਂ ਪਰ ਉਸ ਨੂੰ ਖ਼ੁਸ਼ ਕੀਤੇ ਬਿਨਾ; ਮੈਂ ਤੀਰਥ-ਇਸ਼ਨਾਨ ਕਰਕੇ ਕੀ ਕਰਾਂ? (ਧਾਰਮਿਕ ਮੰਨੇ ਜਾਂਦੇ ਤੀਰਥ-ਇਸ਼ਨਾਨ ਆਦਿ ਦਾ ਕੀ ਲਾਭ?)

ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ? ਲਈ।। ਉ: ਸੇਧ:-ਵੇਖਾਂ, ਲਈਂ। ਜਿਤਨੀ ਲੁਕਾਈ ਮੈਂ ਪੈਦਾ ਕੀਤੀ ਹੋਈ ਵੇਖ ਰਿਹਾ ਹਾਂ, ਉਸ ਪ੍ਰਭੂ ਦੀ ਬਖ਼ਸ਼ਸ਼ (ਪ੍ਰਸੰਨਤਾ) ਤੋਂ ਬਿਨਾ, ਕੀ ਕੋਈ ਲੈ ਸਕਦਾ ਹੈ? ਤਾਂ ਜੋ ਮੈਂ (ਤੀਰਥ-ਇਸ਼ਨਾਨ ਕਰ ਕੇ) ਲੈ ਲਵਾਂ।

ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ ਇਕ, ਗੁਰ ਕੀ ਸਿਖ ਸੁਣੀ।।

ਹਰ ਮਨੁੱਖ ਦੀ ਸੁਰਤ ਵਿੱਚ (ਪ੍ਰਭੂ ਵਲੋਂ ਪਾਏ) ਰਤਨ, ਜਵਾਹਰ, ਮੋਤੀ (ਵਰਗੇ ਬਹੁ-ਕੀਮਤੀ ਦੈਵੀ-ਗੁਣ ਮੌਜ਼ੂਦ ਹਨ “ਏਕਾ ਸੁਰਤਿ ਜੇਤੇ ਹੈਂ ਜੀਅ।। ਸੁਰਤਿ ਵਿਹੂਣਾ ਕੋਇ ਨ ਕੀਅ।। (ਮ: ੧/੨੪) ਪਰ ਸਮਝ ਤਾਂ ਹੀ ਪੈਂਦੀ ਹੈ) ਜੇ ਗੁਰੂ ਦੀ ਇੱਕ ਸਿਖਿਆ ਸੁਣ ਲਈ ਜਾਵੇ। (ਤਾਂ ਤੇ ਬੇਨਤੀ ਕਰਨੀ ਚਾਹੀਦੀ ਹੈ)

ਗੁਰਾ! ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ।। ੬।। ਉ: ਸੇਧ:-ਜੀਆਂ

ਹੇ ਗੁਰੂ ਜੀ! ਇੱਕ ਐਸੀ ਸਮਝ ਬਖ਼ਸ਼; ਕਿ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਨਿਰਾਕਾਰ ਪ੍ਰਭੂ ਹੈ। ਉਸ ਦੀ ਯਾਦ ਮੇਰੇ ਹਿਰਦੇ ਵਿਚੋਂ ਨਾ ਭੁਲੇ। ੬।

ਜੇ, ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ।। (ਪਰਮੇਸਰ ਨੂੰ ਯਾਦ ਕੀਤੇ ਬਿਨਾਂ) ਅਗਰ ਉਮਰ ਚਾਰ ਜੁਗਾਂ ਦੀ ਹੋ ਜਾਵੇ। ਅੱਗੇ ਹੋਰ ਭੀ ਦਸ ਗੁਣਾ (ਭਾਵ:-ਚਾਲੀ ਜੁਗ) ਹੋ ਜਾਵੇ।

ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ ਸਭੁ ਕੋਇ।। ਉ: ਸੇਧ:-ਨਵਾਂ, ਖੰਡਾਂ। ਸਾਰੀ ਪ੍ਰਿਥਵੀ `ਤੇ ਮਸ਼ਹੂਰ ਹੋ ਜਾਵੇ ਅਤੇ ਹਰ ਕੋਈ ਕਹਿਣਾ ਮੰਨਣ ਲੱਗ ਜਾਵੇ।

ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ।। ਉ: ਸੇਧ:-ਨਾਉਂ। (ਧਨ-ਦੌਲਤ ਅਤੇ ਆਪਣੀ ਰਾਜ-ਸ਼ਕਤੀ ਰਾਹੀਂ ਪ੍ਰਭਾਵਤ ਕਰ) ਚੰਗਾ ਅਖਵਾ ਕੇ ਸ਼ੋਭਾ-ਵਡਿਆਈ ਵੀ ਜਗਤ ਵਿੱਚ ਲੈ ਲਵੇ। (ਪਰ)

ਜੇ, ਤਿਸੁ ਨਦਰਿ ਨ ਆਵਈ; ਤ, ਵਾਤ ਨ ਪੁਛੈ ਕੇ।। ਜੇ ਉਹ ਜੀਵ; ਪ੍ਰਭੂ ਦੀ ਮਿਹਰ (ਪ੍ਰਸੰਨਤਾ) ਵਿੱਚ ਨਹੀਂ ਆਇਆ ਤਾਂ (ਭਗਤਾਂ ਦੀ ਸ਼੍ਰੇਣੀ ਵਿਚੋਂ, ਉਸ ਨੂੰ) ਕੋਈ ਇਜ਼ਤ-ਮਾਣ ਨਹੀਂ ਦੇਂਦਾ। ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ।। ਉ: ਸੇਧ:-ਕੀਟਾਂ, ਦੋਸ਼ੀ, ਦੋਸ਼। ਪ੍ਰਭੂ ਜੀ ਵੀ ਉਸ ਨੂੰ ਕੀੜਿਆਂ ਵਿਚੋਂ ਮਾਮੂਲੀ (ਸਾਧਾਰਨ) ਕੀੜਾ ਸਮਝਦਾ ਹੈ।” ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ।। “ (ਮ: ੧ ਪੰਨਾ ੩੬੦) (ਪ੍ਰਭੂ ਜੀ; ਆਪਣੇ ਸਮਾਜਿਕ ਜੀਵਾਂ ਵਲੋਂ ਭੀ ਝੂਠਾ ਮਾਣ-ਸਤਿਕਾਰ ਲੈਣ ਦਾ ਉਸ ਨੂੰ) ਦੋਸ਼ੀ ਮੰਨ ਕੇ ਫ਼ਿਟਕਾਰ ਪਾਉਂਦਾ ਹੈ।

ਨਾਨਕ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ।। ਉ: ਸੇਧ:-ਗੁਣਵੰਤਿਆਂ।

ਹੇ ਨਾਨਕ! (ਪ੍ਰਭੂ ਜੀ) ਗੁਣਾਂ ਵਾਲਿਆਂ (ਭਾਵ:-ਗੁਰੂ ਦੀਆਂ ਸੰਗਤਾਂ) ਦੀ ਰਾਹੀਂ ਗੁਣ ਦੇ ਕੇ (ਐਸੇ) ਨਿਰਗੁਣ ਵਿੱਚ ਵੀ ਗੁਣ ਪਾ ਦੇਂਦਾ ਹੈ। (ਨੋਟ:-ਗੁਰਬਾਣੀ ਵਿੱਚ ‘ਦੇ` ਸ਼ਬਦ ਦੇ (ਕੇ) ਅਰਥਾਂ ਵਿੱਚ ਕਈ ਵਾਰ ਆਉਂਦਾ ਹੈ। ਜਿਵੇਂ ਕਿ ‘ਦੇ ਸਾਬੂਣੁ, ਲਈਐ ਓਹੁ ਧੋਇ।। ` (ਜਪੁ), “ਜੀਉ ਪਿੰਡੁ ਦੇ ਸਾਜਿਆ।। “ (ਮ: ੧/੭੨), “ਦੇ ਕੰਨੁ ਸੁਣਹੁ ਅਰਦਾਸਿ ਜੀਉ।। “ (ਮ: ੫/੭੪) ਆਦਿ। ਇਸ ਲਈ ਇਥੇ ਭੀ ‘ਦੇ` ਸਬਦ ਦੇ ਕੇ ਅਰਥਾਂ ਵਿੱਚ ਵਰਤ ਲੈਣਾ ਉਚਿੱਤ ਹੋਵੇਗਾ।

ਤੇਹਾ ਕੋਇ ਨ ਸੁਝਈ; ਜਿ ਤਿਸੁ, ਗੁਣੁ ਕੋਇ ਕਰੇ।। ੭।। ਐਸਾ ਸਮਾਜ ਵਿਚੋਂ ਕੋਈ ਨਹੀਂ ਲੱਭਦਾ, ਜੋ (ਪ੍ਰਭੂ-ਕ੍ਰਿਪਾ ਅਤੇ ਗੁਰੂ ਦੀਆਂ ਸੰਗਤਾਂ ਤੋਂ ਬਿਨਾ) ਉਸ ਨਿਗੁਰੇ ਵਿੱਚ ਕੋਈ ਗੁਣ ਪਾ ਦੇਵੇ। ੭।

(ਨੋਟ:-ਗੁਰੂ-ਸਿਖਿਆ ਸੁਣਨ ਨਾਲ ਜੋ ਮਾਨਸਿਕ-ਗਿਆਨ ਰੂਪ ਅਵਸਥਾ ਬਣਦੀ ਹੈ। ਉਸ ਦੀ ਤੁਲਨਾ ਗਿਆਨ ਖੰਡ ਵਾਲੀ ਪ: ੩੫ ਵੀਂ ਨਾਲ ਕਰਨਾ ਜ਼ਰੂਰੀ ਹੈ। ਉਦਾਹਰਣ ਵਜੋਂ ‘ਸੁਣਿਐ; ਸਿਧ ਪੀਰ ਸੁਰਿ ਨਾਥ।। ` (ਪਉੜੀ: ੮) ਅਤੇ ‘ਕੇਤੇ ਸਿਧ, ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ।। ` (ਪਉੜੀ: ੩੫) ਦੋਵੇਂ ਥਾਵਾਂ `ਤੇ ਬਹੁ ਬਚਨ ਸਿਧਾਂ, ਪੀਰਾਂ, ਨਾਥਾਂ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਇਤਿਹਾਸ ਵਿੱਚ ਦੇਵੀ, ਦੇਵਤੇ, ਨਾਥਾਂ ਆਦਿ ਕੋਲ ਕੇਵਲ ਮਾਨਸਿਕ ਗਿਆਨ ਮੰਨਿਆ ਜਾਂਦਾ ਹੈ; ਵੈਸੇ ਉਹ ਆਚਰਨ ਪੱਖੋਂ ਕਮਜ਼ੋਰ ਹੀ ਰਹੇ ਹਨ। ਗੁਰੂ ਦੀ ਸਿਖਿਆ ਸੁਣਨ ਨਾਲ ਭਾਵ:-ਗਿਆਨ ਖੰਡ ਵਿਚ, ਜੀਵ ਨੂੰ ਮਾਨਸਿਕ ਪੱਧਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਮਾਨਸਿਕ-ਗਿਆਨ ਦੀ ਕਮਾਈ ਅਗਲੀ ਗੁਰੂ ਸਿਖਿਆ ਨੂੰ ਮੰਨਣ ਵਾਲੀਆਂ ਪਉੜੀਆਂ ਅਤੇ ਸ਼੍ਰਮ ਖੰਡ ਵਾਲੀ ਪਉੜੀ ਵਿੱਚ ਬਿਆਨ ਕੀਤਾ ਗਿਆ ਹੈ। ਮੰਨਣ ਤੋਂ ਬਿਨਾ, ਕੇਵਲ ਸੁਣਿਆ ਹੋਇਆ ਗਿਆਨ; ਮਨੁੱਖ ਦੇ ਜੀਵਨ ਲਈ ਬਹੁਤਾ ਲਾਭਕਾਰੀ ਨਹੀਂ ਹੁੰਦਾ ਹੈ। ਉਦਾਹਰਣ ਵਜੋਂ:- ਅੱਜ ਪੰਜਾਬ ਦੇ ਹਰ ਘਰ ਵਿੱਚ ਗੁਰਬਾਣੀ ਦੀ ਆਵਾਜ਼ ਪਹੁੰਚਣ ਦੇ ਬਾਵਜ਼ੂਦ ਭੀ ਪੰਜਾਬ ਦੀ ਅਜੋਕੀ ਦਸ਼ਾ ਵੇਖ ਸਕਦੇ ਹਾਂ। ਭਾਈ ਗੁਰਦਾਸ ਜੀ ਅਨੁਸਾਰ ਨਿਰੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਵੀਚਾਰ ਹੀਣ ਮਨੁੱਖ; ਗਿਆਨ ਦੇ ਸਵਾਦ ਤੋਂ ਸੱਖਣਾ ਹੁੰਦਾ ਹੈ। ਸੁਣਿ ਸੁਣਿ ਆਖਣੁ ਆਖਣਾ, ਓਹੁ ਸਾਉ ਨ ਜਾਣੈ। (ਵਾਰ ੧੩, ਪ: ੪) ਅੱਜ ਖਾਸ ਕਰ ਪਿੰਡਾਂ ਵਿੱਚ ਪਾਠਾਂ ਦੀਆਂ ਲੜੀਆਂ ਚਲਾ ਕੇ ਪਾਠ ਕੇਵਲ ਸਮਾਜ ਨੂੰ ਹੀ ਸੁਣਾਇਆ ਜਾ ਰਿਹਾ ਹੈ। ਕਿਉਂਕਿ ਨਜ਼ਦੀਕ ਬੈਠ ਕੇ ਸੁਨਣ ਵਾਲਾ ਸ਼ਰਧਾਲੂ ਮੌਜ਼ੂਦ ਨਹੀਂ ਹੁੰਦਾ; ਕਮਾਈ ਤਾਂ ਦੂਰ ਦੀ ਗੱਲ ਹੈ। ਕਿਸੇ ਵਸਤੂ ਨੂੰ ਖ਼ਰੀਦਣ ਵਾਲਾ ਗ੍ਰਾਹਕ ਬਜ਼ਾਰ ਵਿੱਚ ਨਾ ਹੋਵੇ; ਉਹ ਵਸਤੂ ਸਸਤੀ ਹੋ ਜਾਂਦੀ ਹੈ। ਵਿਣ ਗਾਹਕ ਗੁਣੁ ਵੇਚੀਐ, ਤਉ ਗੁਣੁ ਸਹਘੋ (ਸਸਤੇ) ਜਾਇ।। (ਮ: ੩ ਪੰਨਾ ੧੦੮੬) ਕਬੀਰ ਜੀ ਅਸ਼ਰਧਿਕ ਮਨੁੱਖਾਂ ਨੂੰ ਦਿੱਤੇ ਜਾ ਰਹੇ ਗਿਆਨ ਬਾਰੇ ਆਖ ਰਹੇ ਹਨ।” ਕਹਾ, ਸੁਆਨ ਕਉ ਸਿਮ੍ਰਿਤਿ ਸੁਣਾਏ।। ਕਹਾ, ਸਾਕਤ ਪਹਿ ਹਰਿ ਗੁਣ ਗਾਏ।। “ (ਮਿਠੀ-ਮਿਠੀ, ਮੱਧਮ, ਰਸ-ਭਿਨੀ ਆਵਾਜ਼ ਵਿੱਚ ਤਾਂ) ਰਾਮ ਰਾਮ, ਰਾਮ ਰਮੇ ਰਮਿ ਰਹੀਐ।। (ਪਰ ਅਸ਼ਾਂਤ ਵਾਤਾਵਰਨ ਕਰਕੇ) ਸਾਕਤ ਸਿਉ ਭੂਲਿ ਨਹੀਂ ਕਹੀਐ।। (ਪੰਨਾ ੪੮੧) ਕਿਉਂਕਿ “ਅੰਧੇ ਏਕ ਨ ਲਗਈ, ਜਿਉਂ ਬਾਂਸ ਬਜਾਈਐ ਫੂਕ।। “ (ਪੰਨਾ ੧੩੭੨) ਮਸਜਿਦ ਨਜ਼ਦੀਕ ਵਾਤਾਵਰਨ ਨੂੰ ਵੇਖ ਕਬੀਰ ਜੀ ਫ਼ੁਰਮਾ ਰਹੇ ਹਨ:-ਕਬੀਰ ਮੁਲਾ ਮੁਨਾਰੇ ਕਿਆ ਚਢਹਿ, ਸਾਈਂ ਨ ਬਹਰਾ ਹੋਇ।। ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰ ਜੋਇ।। (ਪੰਨਾ ੧੩੭੪) ਗੁਰਬਾਣੀ ਨੂੰ ਵੀਚਾਰਨ ਵਾਲਾ ਭਗਤ ਘੱਟ ਖਾਣਾ, ਘੱਟ ਸੌਣਾ, ਘੱਟ ਬੋਲਣਾ ਭਾਵ:-ਅੰਦਰ-ਮੁਖੀ (ਗੰਭੀਰ) ਹੁੰਦਾ ਹੈ। ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉੇ।। (ਮ: ੫ ਪੰਨਾ ੧੩੨) ਪਰ ਵੀਚਾਰਹੀਣ ਮਾਨੋ:-ਬਹਰੇ ਕਰਨ, ਅਕਲਿ ਭਈ ਹੋਛੀ, ਸਬਦ ਸਹਜੁ ਨਹੀ ਬੁਝਿਆ।। (ਮ: ੧ ਪੰਨਾ ੧੧੨੬)

ਸੋ ਗੁਰਦੁਆਰਿਆਂ ਰਾਹੀਂ ਗੁਰਬਾਣੀ ਦਾ ਹੋ ਰਿਹਾ ਘੋਰ ਨਿਰਾਦਰ ਵੇਖ ਵੀਚਾਰਵਾਨ ਗੁਰਮੁਖਾਂ ਨੂੰ ਕੁੱਝ ਕਦਮ ਉਠਾਉਣਾ ਚਾਹੀਦਾ ਹੈ। ਅਵੀਚਾਰਵਾਨ ਸੰਗਤ ਅਤੇ ਪੂਜਾਰੀ ਇਸ ਸੁਧਾਰਵਾਦੀ ਲਹਿਰ ਲਈ ਰੁਕਾਵਟ ਹਨ ਕਿਉਂਕਿ ਸੰਗਤ ਆਪਣੇ ਵਲੋਂ ਦਿਤੇ ਛੋਟੇ ਮੋਟੇ ਦਾਨ ਨੂੰ ਪੂਰੇ ਮੁਹੱਲੇ, ਨਗਰ ਤੱਕ ਸੁਣਾਉਣ ਤੋਂ ਆਦੀ ਹੋ ਚੁੱਕੀ ਹੈ ਅਤੇ ਪੂਜਾਰੀ ਲਈ ਗੁਰੂ ਮਰਿਯਾਦਾ ਨਾਲੋਂ ਆਰਥਿਕ ਨੁਕਸਾਨ ਸ੍ਰੇਸ਼ਟ ਹੈ, ਕੇਵਲ ਤਿੰਨ-ਚਾਰ ਹਜ਼ਾਰ ਰੁਪਏ ਤਨਖ਼ਾਹ ਜੋ ਹੋਈ। ਬੇਸ਼ੱਕ ਗੁਰੂ ਸਿਖਿਆ ਤੋਂ ਆਮ ਸਮਾਜ ਲਾਭ ਨਹੀਂ ਉੱਠਾ ਸਕਦਾ ਪਰ ਗੁਰਮੁਖਾਂ ਲਈ ਗੁਰੂ ਦੀ ਸਿਖਿਆ ਪੜ੍ਹਣੀ, ਸੁਣਨੀ ਅਤੇ ਸਮਝਣੀ ਬਹੁਤ ਜ਼ਰੂਰੀ ਹੈ। ਗੁਰੂ ਫ਼ੁਰਮਾਨ ਹੈ; ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ।। (ਮ: ੯ ਪੰਨਾ ੧੪੨੯) ਇਸ ਲਈ:-

ਸੁਣਿਐ; ਸਿਧ ਪੀਰ ਸੁਰਿ ਨਾਥ।। ਸੁਣਿਐ; ਧਰਤਿ ਧਵਲ ਆਕਾਸ।। (ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ (ਕਰਮਕਾਂਡੀ ਜੀਵਨ ਤੋਂ ਉੱਠ ਕੇ) ਅਸਲ ਸ਼੍ਰੇਸਟ ਜੋਗੀ, ਅਸਲ ਸ਼੍ਰੇਸਟ ਪੀਰ, ਅਸਲ ਸ਼੍ਰੇਸਟ ਨਾਥਾਂ ਦੀ ਸਮਝ ਆ ਜਾਂਦੀ ਹੈ ਅਤੇ ਪ੍ਰਿਥਵੀ, ਆਕਾਸ਼ ਦੇ ਆਸਰੇ ਪ੍ਰਭੂ ਦੇ ਨਿਰਲੇਪ-ਨਿਯਮ ਦੀ ਸਮਝ ਆ ਜਾਂਦੀ ਹੈ।

ਸੁਣਿਐ; ਦੀਪ ਲੋਅ ਪਾਤਾਲ।। ਸੁਣਿਐ; ਪੋਹਿ ਨ ਸਕੈ ਕਾਲੁ।। ਉ: ਸੇਧ:-ਪੋਹ। (ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਪ੍ਰਿਥਵੀ ਦੇ ਸੱਤ ਦੀਪ (ਭਾਗ), ਆਕਾਸ਼ ਅਤੇ ਪਾਤਾਲ ਵਿੱਚ ਬੱਝਵੇਂ ਨਿਯਮ ਦੀ ਸਮਝ ਆ ਜਾਂਦੀ ਹੈ। (ਜਿਸ ਕਾਰਨ ਰੱਬੀ ਗਿਆਨ ਭਾਵ ਆਤਮਕ-ਅਨੰਦ ਵਿੱਚ ਰਹਿਣ ਵਾਲੇ ਮਨੁੱਖ `ਤੇ) ਸਮਾ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਨਾਨਕ! ਭਗਤਾ ਸਦਾ ਵਿਗਾਸੁ।। ਸੁਣਿਐ; ਦੂਖ ਪਾਪ ਕਾ ਨਾਸੁ।। ੮।। ਉ: ਸੇਧ:-ਭਗਤਾਂ, ਨਾਸ਼।

ਹੇ ਨਾਨਕ! ਭਗਤਾਂ ਦੇ ਹਿਰਦੇ ਵਿੱਚ ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂ ਕਿ ਗੁਰੂ ਦੀ ਸਿਖਿਆ ਧਿਆਨ ਨਾਲ ਸੁਣਨ ਨਾਲ ਉਹਨਾਂ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ ਜਿਸ ਕਾਰਨ ਇਸ ਤੋਂ ਪੈਦਾ ਹੋਣ ਵਾਲੇ) ਪਾਪਾਂ ਦਾ ਨਾਸ਼ ਹੋ ਜਾਂਦਾ ਹੈ, (ਅਤੇ ਪਾਪਾਂ ਤੋਂ ਪੈਦਾ ਹੋਣ ਵਾਲੇ) ਦੁਖਾਂ ਦਾ ਵੀ ਨਾਸ਼ ਹੋ ਜਾਂਦਾ ਹੈ। ੮।

ਸੁਣਿਐ; ਈਸਰੁ ਬਰਮਾ ਇੰਦੁ।। ਸੁਣਿਐ; ਮੁਖਿ ਸਾਲਾਹਣ, ਮੰਦੁ।। ਉ: ਸੇਧ:-ਈਸ਼ਰ, ਬਰ੍ਹਮਾ। (ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਸ਼ਿਵ, ਬ੍ਰਹਮਾ, ਇੰਦਰ (ਆਦਿ ਦੇਵਤਿਆਂ ਦੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ ਕਿਉਂਕਿ ਗੁਰੂ ਸਿਖਿਆ ਰਾਹੀਂ) ਨਾ-ਸਮਝ ਭੀ ਮੁਖ ਤੋਂ ਪ੍ਰਭੂ ਦੀਆਂ ਸਿਫ਼ਤਾਂ ਕਰਨ ਲੱਗ ਜਾਂਦਾ ਹੈ।

ਸੁਣਿਐ; ਜੋਗ ਜੁਗਤਿ, ਤਨਿ ਭੇਦ।। ਸੁਣਿਐ; ਸਾਸਤ ਸਿਮ੍ਰਿਤਿ ਵੇਦ।। ਉ: ਸੇਧ:-ਸ਼ਾਸਤ। (ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਪ੍ਰਭੂ ਦੇ ਮਿਲਾਪ ਦੀ ਜੁਗਤੀ ਦੇ ਸਰੀਰ ਵਿਚੋਂ ਗੁਝੇ-ਭੇਦ (ਅੰਦਰੂਨੀ ਕਮਜ਼ੋਰੀਆਂ ਲੱਭ ਕੇ ਉਨ੍ਹਾਂ ਤੋਂ ਮੁਕਤੀ ਪ੍ਰਾਪਤ ਕਰ ਪ੍ਰਭੂ ਨਾਲ ਮਿਲਾਪ ਕਰ ਲੈਂਦਾ ਹੈ ਅਤੇ) ਛੇ ਸ਼ਾਸਤ੍ਰ, ਸਤਾਈ ਸਿਮ੍ਰਤੀਆਂ, ਚਾਰ ਵੇਦ ਆਦਿ ਅਨਮੱਤ-ਗਿਆਨ ਦੀ ਸੋਝੀ ਪਾ ਲੈਂਦਾ ਹੈ। (ਕਿ ਇਨ੍ਹਾਂ ਵਿੱਚ ਕੀ ਦਰਜ਼ ਹੈ?)

ਨਾਨਕ! ਭਗਤਾ ਸਦਾ ਵਿਗਾਸੁ।। ਸੁਣਿਐ; ਦੂਖ ਪਾਪ ਕਾ ਨਾਸੁ।। ੯।। ਉ: ਸੇਧ:-ਭਗਤਾਂ, ਨਾਸ਼।

ਹੇ ਨਾਨਕ! ਭਗਤਾਂ ਦੇ ਹਿਰਦੇ ਵਿੱਚ ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂ ਕਿ ਗੁਰੂ ਦੀ ਸਿਖਿਆ ਧਿਆਨ ਨਾਲ ਸੁਣਨ ਨਾਲ ਉਹਨਾਂ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ ਜਿਸ ਕਾਰਨ ਇਸ ਤੋਂ ਪੈਦਾ ਹੋਣ ਵਾਲੇ) ਪਾਪਾਂ ਦਾ ਨਾਸ਼ ਹੋ ਜਾਂਦਾ ਹੈ, (ਅਤੇ ਪਾਪਾਂ ਤੋਂ ਪੈਦਾ ਹੋਣ ਵਾਲੇ) ਦੁਖਾਂ ਦਾ ਵੀ ਨਾਸ਼ ਹੋ ਜਾਂਦਾ ਹੈ। ੯।

ਸੁਣਿਐ; ਸਤੁ ਸੰਤੋਖੁ ਗਿਆਨੁ।। ਸੁਣਿਐ; ਅਠਸਠਿ ਕਾ ਇਸਨਾਨੁ।। ਉ: ਸੇਧ:-ਇਸ਼ਨਾਨ।

(ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਉੱਚਾ ਆਚਰਨ, ਅਡੋਲਤਾ ਆਦਿਕ ਅਧਿਆਤਮਕ-ਜੀਵਨ ਦੀ ਸਮਝ ਪ੍ਰਾਪਤ ਹੁੰਦੀ ਹੈ; ਜੋ ਮਾਨੋਂ ੬੮ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਕਰ ਲਿਆ ਹੋਵੇ। ਸੁਣਿਐ; ਪੜਿ ਪੜਿ, ਪਾਵਹਿ ਮਾਨੁ।। ਸੁਣਿਐ; ਲਾਗੈ ਸਹਜਿ ਧਿਆਨੁ।। ਉ: ਸੇਧ:-ਪੜ੍ਹ-ਪੜ੍ਹ, ਪਾਵਹਿਂ। (ਲੋਕ ਕਿਤਾਬਾਂ) ਪੜ੍ਹ-ਪੜ੍ਹ ਕੇ ਸਤਿਕਾਰ ਤਾਂ ਪਾ ਲੈਂਦੇ ਹਨ। (ਪਰ ਆਤਮਿਕ-ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ) ਤਾਂ ਤੇ ਅਸਲ ਸਤਿਕਾਰ ਗੁਰੂ ਦੀ ਸਿਖਿਆ (ਧਿਆਨ ਨਾਲ) ਸੁਨਣ ਵਿੱਚ ਹੈ। (ਕਿਉਂਕਿ ਗੁਰੂ ਦੀ ਸਿਖਿਆ) ਸੁਣਨ ਨਾਲ ਗੰਭੀਰਤਾ ਵਿੱਚ ਟਿਕ ਕੇ (ਮਨ) ਇਕਾਗਰਤਾ (ਸ਼ਾਂਤੀ) ਪ੍ਰਾਪਤ ਕਰਦਾ ਹੈ। ਨਾਨਕ! ਭਗਤਾ ਸਦਾ ਵਿਗਾਸੁ।। ਸੁਣਿਐ; ਦੂਖ ਪਾਪ ਕਾ ਨਾਸੁ।। ੧੦।। ਉ: ਸੇਧ:-ਭਗਤਾਂ, ਨਾਸ਼।

ਹੇ ਨਾਨਕ! ਭਗਤਾਂ ਦੇ ਹਿਰਦੇ ਵਿੱਚ ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂ ਕਿ ਗੁਰੂ ਦੀ ਸਿਖਿਆ ਧਿਆਨ ਨਾਲ ਸੁਣਨ ਨਾਲ ਉਹਨਾਂ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ ਜਿਸ ਕਾਰਨ ਇਸ ਤੋਂ ਪੈਦਾ ਹੋਣ ਵਾਲੇ) ਪਾਪਾਂ ਦਾ ਨਾਸ਼ ਹੋ ਜਾਂਦਾ ਹੈ, (ਅਤੇ ਪਾਪਾਂ ਤੋਂ ਪੈਦਾ ਹੋਣ ਵਾਲੇ) ਦੁਖਾਂ ਦਾ ਵੀ ਨਾਸ਼ ਹੋ ਜਾਂਦਾ ਹੈ। ੧੦।

ਸੁਣਿਐ; ਸਰਾ ਗੁਣਾ ਕੇ ਗਾਹ।। ਸੁਣਿਐ; ਸੇਖ ਪੀਰ ਪਾਤਿਸਾਹ।। ਉ: ਸੇਧ:-ਸਰਾਂ, ਸ਼ੇਖ, ਪਾਤਿਸ਼ਾਹ।

(ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਗੁਣਾਂ ਦੇ ਸਰੋਵਰਾਂ (ਭਾਵ ਬੇਅੰਤ ਗੁਣਾਂ) ਦੇ ਗਿਆਤਾ (ਜਾਣੂ) ਹੋ ਜਾਈਦਾ ਹੈ। ਜਿਸ ਕਾਰਨ ਵਿਦਵਾਨਾਂ, ਧਾਰਮਿਕ ਆਗੂ ਅਤੇ ਰਾਜਿਆਂ ਵਾਂਙ ਇੱਜ਼ਤ ਮਿਲਦੀ ਹੈ। ਸੁਣਿਐ; ਅੰਧੇ ਪਾਵਹਿ ਰਾਹੁ।। ਸੁਣਿਐ; ਹਾਥ ਹੋਵੈ ਅਸਗਾਹੁ।। ਉ: ਸੇਧ:-ਪਾਵਹਿਂ, ਰਾਹ, ਅਸਗਾਹ। (ਗੁਰੂ ਦੀ ਸਿਖਿਆ ਧਿਆਨ ਨਾਲ) ਸੁਣਨ ਨਾਲ ਆਤਮਿਕ ਜੀਵਨ ਤੋਂ ਸੱਖਣੇ (ਅਗਿਆਨੀ) ਭੀ ਸਹੀ ਜੀਵਨ-ਮਾਰਗ ਪਾ ਲੈਂਦੇ ਹਨ। ਡੂੰਘੇ (ਵਿਕਾਰਾਂ ਨਾਲ ਭਰੇ ਸੰਸਾਰ) ਸਮੁੰਦਰ ਦੀ ਸਮਝ ਲਗ ਜਾਂਦੀ ਹੈ। ਨਾਨਕ! ਭਗਤਾ ਸਦਾ ਵਿਗਾਸੁ।। ਸੁਣਿਐ; ਦੂਖ ਪਾਪ ਕਾ ਨਾਸੁ।। ੧੧।। ਉ: ਸੇਧ:-ਭਗਤਾਂ, ਨਾਸ਼।

ਹੇ ਨਾਨਕ! ਭਗਤਾਂ ਦੇ ਹਿਰਦੇ ਵਿੱਚ ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂ ਕਿ ਗੁਰੂ ਦੀ ਸਿਖਿਆ ਧਿਆਨ ਨਾਲ ਸੁਣਨ ਨਾਲ ਉਹਨਾਂ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ ਜਿਸ ਕਾਰਨ ਇਸ ਤੋਂ ਪੈਦਾ ਹੋਣ ਵਾਲੇ) ਪਾਪਾਂ ਦਾ ਨਾਸ਼ ਹੋ ਜਾਂਦਾ ਹੈ, (ਅਤੇ ਪਾਪਾਂ ਤੋਂ ਪੈਦਾ ਹੋਣ ਵਾਲੇ) ਦੁਖਾਂ ਦਾ ਵੀ ਨਾਸ਼ ਹੋ ਜਾਂਦਾ ਹੈ। ੧੧।

(ਨੋਟ:-ਮਾਨਸਿਕ-ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨਾ ਭਾਵ: ਗੁਰੂ ਦੀ ਸਿਖਿਆ ਮੰਨਣ ਨਾਲ ਜੋ ਪਰਿਵਰਤਨ ਅਧਿਆਤਮਕ ਜੀਵਨ ਵਿੱਚ ਆਉਂਦਾ ਹੈ; ਇਸ ਸਿਧਾਂਤ ਦਾ ਜ਼ਿਕਰ ਹੀ ਸ਼੍ਰਮ ਖੰਡ ਵਾਲੀ ਪਉੜੀ: ੩੬ ਵਿੱਚ ਹੈ। ਜਿਵੇਂ ਕਿ ਮੰਨੈ; ਸੁਰਤਿ ਹੋਵੈ, ਮਨਿ ਬੁਧਿ।। ਪ: ੧੩।। ਅਤੇ ਤਿਥੈ ਘੜੀਐ; ਸੁਰਤਿ, ਮਤਿ, ਮਨੁ, ਬੁਧਿ।। ਪ: ੩੬।। ਦੋਵੇਂ ਹੀ ਪਉੜੀਆਂ `ਚ ਸਿਧਾਂਤ ਇਕੋ ਹੈ।)

ਮੰਨੇ ਕੀ ਗਤਿ, ਕਹੀ ਨ ਜਾਇ।। ਜੇ ਕੋ ਕਹੈ, ਪਿਛੈ ਪਛੁਤਾਇ।। (ਗੁਰੂ ਦੀ ਸਿਖਿਆ) ਮੰਨਣ ਵਾਲੇ ਦੀ ਆਤਮਿਕ ਅਵਸਥਾ ਇਤਨੀ ਉੱਚੀ ਹੋ ਜਾਂਦੀ ਹੈ; ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋਈ ਬਿਆਨ ਕਰਨ ਦਾ ਯਤਨ ਕਰੇ; ਤਾਂ ਬਾਅਦ ਵਿੱਚ ਪਛੁਤਾਉਂਦਾ ਹੈ (ਕਿਉਂਕਿ ਜੀਵ ਉਸ ਦੇ ਸਾਰੇ ਗੁਣ ਬਿਆਨ ਕਰਨ ਤੋਂ ਅਸਮਰਥ ਹੈ।)

ਕਾਗਦਿ, ਕਲਮ ਨ ਲਿਖਣਹਾਰੁ।। ਮੰਨੇ ਕਾ, ਬਹਿ ਕਰਨਿ ਵੀਚਾਰੁ।।

(ਗੁਰੂ ਦੀ ਸਿਖਿਆ) ਮੰਨਣ ਵਾਲੇ ਦੀ ਆਤਮਕ ਅਵਸਥਾ ਬਾਰੇ ਕੋਈ ਲੇਖਕ ਕਲ਼ਮ ਨਾਲ ਕਾਗ਼ਜ `ਤੇ ਨਹੀਂ ਲਿਖ ਸਕਦਾ। (ਉਸ ਦੇ ਗੁਣਾਂ ਬਾਰੇ ਕੁੱਝ ਲੋਕ ਇਕੱਠੇ) ਬੈਠ ਕੇ ਭੀ ਵੀਚਾਰ-ਚਰਚਾ ਕਰਦੇ ਹਨ। (ਪਰ ਉਸ ਦੀ ਅਵਸਥਾ ਬਿਆਨ ਰਹਿਤ ਹੈ)

ਐਸਾ ਨਾਮੁ ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ, ਕੋਇ।। ੧੨।।

(ਗੁਰੂ ਦੀ ਸਿਖਿਆ) ਮੰਨਣ ਵਾਲੇ ਦਾ ਨਾਮਣਾ, ਅਜਿਹਾ (ਜੋ ਉੱਪਰ ਬਿਆਨ ਕੀਤਾ ਗਿਆ ਹੈ) ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ (ਪਰ ਇਹ ਤਾਂ ਹੀ ਸੰਭਵ ਹੈ) ਜੇ ਕੋਈ (ਗੁਰੂ ਦੀ ਸਿਖਿਆ ਪ੍ਰਤੀ) ਆਪਣੇ ਮਨ ਵਿੱਚ ਸ਼ਰਧਾ ਧਾਰ ਕੇ (ਇਸ ਦੀ ਕਦਰ) ਸਮਝੇ। ਪਰ ਅਜਿਹਾ ਕੋਈ ਕੋਈ ਹੈ। ੧੨।” ਹੈਨਿ ਵਿਰਲੇ ਨਾਹੀ ਘਣੇ, ਫੈਲ ਫਕੜੁ ਸੰਸਾਰ।। “ (ਮ: ੧/੧੪੧੧)

ਮੰਨੈ; ਸੁਰਤਿ ਹੋਵੈ, ਮਨਿ ਬੁਧਿ।। ਮੰਨੈ; ਸਗਲ ਭਵਣ ਕੀ ਸੁਧਿ।।

(ਗੁਰੂ ਦੀ ਸਿਖਿਆ) ਮੰਨਣ ਨਾਲ ਉੱਚਾ ਦਿਮਾਗ਼ ਅਤੇ ਮਨ ਵਿੱਚ ਜਾਗਰੂਕਤਾ ਆ ਜਾਂਦੀ ਹੈ। ਕਿਉਂਕਿ ਸਾਰੇ ਲੋਕਾਂ (ਆਕਾਸ਼ ਤੋਂ ਪਾਤਾਲ) ਤੱਕ ਵਿਆਪਕ ਪ੍ਰਭੂ-ਨਿਯਮ ਦੀ ਸਮਝ ਆ ਜਾਂਦੀ ਹੈ।

ਮੰਨੈ; ਮੁਹਿ ਚੋਟਾ ਨਾ ਖਾਇ।। ਮੰਨੈ; ਜਮ ਕੈ ਸਾਥਿ ਨ ਜਾਇ।। ਉ: ਸੇਧ:-ਮੁੰਹ, ਚੋਟਾਂ।

(ਗੁਰੂ ਦੀ ਸਿਖਿਆ) ਮੰਨਣ ਨਾਲ ਜੀਵ ਆਪਣੇ ਮੂੰਹ `ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ ਅਤੇ ਜੀਵ (ਵਿਕਾਰ ਰੂਪੀ) ਜਮਾਂ ਨਾਲ ਨਹੀਂ ਜਾਂਦਾ ਭਾਵ ਆਤਮਿਕ ਮੌਤ ਨਹੀਂ ਮਰਦਾ।

ਐਸਾ ਨਾਮੁ ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ, ਕੋਇ।। ੧੩।। (ਗੁਰੂ ਦੀ ਸਿਖਿਆ) ਮੰਨਣ ਵਾਲੇ ਦਾ ਨਾਮਣਾ, ਅਜਿਹਾ (ਜੋ ਉੱਪਰ ਬਿਆਨ ਕੀਤਾ ਗਿਆ ਹੈ) ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ (ਪਰ ਇਹ ਤਾਂ ਹੀ ਸੰਭਵ ਹੈ) ਜੇ ਕੋਈ (ਗੁਰੂ ਦੀ ਸਿਖਿਆ ਪ੍ਰਤੀ) ਆਪਣੇ ਮਨ ਵਿੱਚ ਸ਼ਰਧਾ ਧਾਰ ਕੇ (ਇਸ ਦੀ ਕਦਰ) ਸਮਝੇ। ਪਰ ਅਜਿਹਾ ਕੋਈ ਕੋਈ ਹੈ। ੧੩।

ਮੰਨੈ; ਮਾਰਗਿ ਠਾਕ ਨ ਪਾਇ।। ਮੰਨੈ; ਪਤਿ ਸਿਉ ਪਰਗਟੁ ਜਾਇ।। ਉ: ਸੇਧ:-ਸਿਉਂ।

(ਗੁਰੂ ਦੀ ਸਿਖਿਆ) ਮੰਨਣ ਨਾਲ ਜ਼ਿੰਦਗੀ ਦੇ ਸਫ਼ਰ (ਯਾਤ੍ਰਾ) ਅਤੇ ਅਧਿਆਤਮਕ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਪੈਂਦੀ। (ਸਗੋਂ ਸਮਾਜ ਵਿਚੋਂ) ਸ਼ੋਭਾ ਸਮੇਤ ਸੁਰਖ਼ਰੂ ਹੋ ਕੇ (ਪ੍ਰਭੂ ਦੇ ਦਰ `ਤੇ) ਜਾਂਦਾ ਹੈ।

ਮੰਨੈ; ਮਗੁ ਨ ਚਲੈ ਪੰਥੁ।। ਮੰਨੈ; ਧਰਮ ਸੇਤੀ ਸਨਬੰਧੁ।।

(ਗੁਰੂ ਦੀ ਸਿਖਿਆ) ਮੰਨਣ ਨਾਲ ਜੀਵ ਦਿਸ਼ਾ ਹੀਣ, ਕਰਮ ਕਾਂਡੀ (ਅਨਮੱਤੀ) ਰਸਤੇ (ਸਿਧਾਂਤ) `ਤੇ ਨਹੀਂ ਚਲਦਾ; (ਕਿਉਂਕਿ ਉਸ ਦਾ ਪ੍ਰਭੂ ਦੇ) ਨਿਯਮ ਪ੍ਰਤੀ ਸਿੱਧਾ ਸੰਬੰਧ ਬਣ ਜਾਂਦਾ ਹੈ। (ਪ੍ਰਭੂ ਦੀ ਰਜ਼ਾ ਵਿੱਚ ਚੱਲਣ ਦੀ ਜਾਂਚ ਆ ਜਾਂਦੀ ਹੈ।)

ਐਸਾ ਨਾਮੁ, ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ, ਕੋਇ।। ੧੪।। (ਗੁਰੂ ਦੀ ਸਿਖਿਆ) ਮੰਨਣ ਵਾਲੇ ਦਾ ਨਾਮਣਾ, ਅਜਿਹਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ (ਪਰ ਇਹ ਤਾਂ ਹੀ ਸੰਭਵ ਹੈ) ਜੇ ਕੋਈ (ਗੁਰੂ ਦੀ ਸਿਖਿਆ ਪ੍ਰਤੀ) ਆਪਣੇ ਮਨ ਵਿੱਚ ਸ਼ਰਧਾ ਧਾਰ ਕੇ (ਇਸ ਦੀ ਕਦਰ) ਸਮਝੇ। ਪਰ ਅਜਿਹਾ ਕੋਈ-ਕੋਈ ਹੀ ਹੈ। ੧੪।

ਮੰਨੈ; ਪਾਵਹਿ ਮੋਖ ਦੁਆਰੁ।। ਮੰਨੈ; ਪਰਵਾਰੈ ਸਾਧਾਰੁ।। ਉ: ਸੇਧ:-ਪਾਵਹਿਂ। (ਗੁਰੂ ਦੀ ਸਿਖਿਆ) ਮੰਨਣ ਵਾਲੇ (ਜੀਵ ਵਿਕਾਰਾਂ ਤੋਂ) ਮੁਕਤੀ ਦਾ ਮਾਰਗ ਪਾ ਲੈਂਦੇ ਹਨ ਅਤੇ ਅਪਣੇ ਪਰਿਵਾਰ ਨੂੰ ਵੀ ਚੰਗੇ ਪਾਸੇ (ਪ੍ਰੇਰ ਕੇ ਗੁਰਮਤ ਦੇ) ਆਧਾਰ ਵਾਲੇ ਕਰ ਦੇਂਦੇ ਹਨ। (ਭਾਵ:-ਪ੍ਰਭੂ ਦੇ ਆਸਰੇ `ਤੇ ਨਿਰਭਰ ਬਣਾ ਲੈਂਦੇ ਹਨ)।

ਮੰਨੈ; ਤਰੈ ਤਾਰੇ ਗੁਰੁ ਸਿਖ।। ਮੰਨੈ; ਨਾਨਕ! ਭਵਹਿ ਨ ਭਿਖ।। ਉ: ਸੇਧ:-ਭਵਹਿਂ। ਗੁਰੂ ਰੂਪ ਸਿਖਿਆ ਮੰਨਣ ਨਾਲ (ਹੀ ਸਮਾਜ; ਦੁਨੀਆਂ ਦੇ ਵਿਕਾਰਾਂ ਤੋਂ ਆਪ) ਤਰਦਾ ਹੈ (ਅਤੇ ਅਪਣੇ ਸਤਸੰਗੀਆਂ ਨੂੰ ਭੀ) ਤਾਰਦਾ ਹੈ; ਐਸੇ ਜੀਵ ਸੰਸਾਰੀ ਅਤੇ ਅਧਿਆਤਮਕ ਭਿਖਿਆ ਲਈ ਨਹੀਂ ਭਟਕਦੇ (ਸਗੋਂ ਆਪਣੀ ਮਿਹਨਤ ਦੀ ਕਮਾਈ ਕਰਕੇ ਖਾਂਦੇ ਹਨ ਅਤੇ ਗੁਰਮਤ ਦੇ ਧਾਰਨੀ ਹੋਣ ਕਾਰਨ ਉਹ ਥਾਂ ਥਾਂ ਨਹੀ ਭਟਕਦੇ)।

ਐਸਾ ਨਾਮੁ, ਨਿਰੰਜਨੁ ਹੋਇ।। ਜੇ ਕੋ ਮੰਨਿ ਜਾਣੈ ਮਨਿ, ਕੋਇ।। ੧੫।। (ਗੁਰੂ ਦੀ ਸਿਖਿਆ) ਮੰਨਣ ਵਾਲੇ ਦਾ ਨਾਮਣਾ, ਅਜਿਹਾ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ (ਪਰ ਇਹ ਤਾਂ ਹੀ ਸੰਭਵ ਹੈ) ਜੇ ਕੋਈ (ਗੁਰੂ ਦੀ ਸਿਖਿਆ ਪ੍ਰਤੀ) ਆਪਣੇ ਮਨ ਵਿੱਚ ਸ਼ਰਧਾ ਧਾਰ ਕੇ (ਇਸ ਦੀ ਕਦਰ) ਸਮਝੇ। ਪਰ ਅਜਿਹਾ ਵਿਰਲਾ ਕੋਈ ਹੈ। ੧੫।

(ਨੋਟ:-ਅੱਗੇ ਪਉੜੀ ਨੰ. ੧੬ ਤੋਂ ੩੧ ਤੱਕ ਗੁਰੂ ਦੀ ਸਿਖਿਆ ਨੂੰ ਮੰਨਣ (ਜੀਵਨ ਵਿੱਚ ਧਾਰਨ) ਵਾਲੇ ਭਗਤ ਨੂੰ ਪ੍ਰਭੂ ਦੇ ਗੁਣ ਗਾਉਂਦੇ ਹੋਏ ਬਿਆਨ ਕੀਤਾ ਗਿਆ ਹੈ। ਜਿਨ੍ਹਾਂ ਨੇ ਗੁਰੂ ਦੀ ਸਿਖਿਆ ਸੁਣ ਕੇ ਮੰਨੀ, ਸ਼ਰਧਾ ਧਾਰੀ; ਉਹ ਪੰਚ ਬਣ ਗਏ ‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ।। ` (ਮ: ੫ ਪੰਨਾ ੨੯੭)

ਪੰਚ ਪਰਵਾਣ, ਪੰਚ ਪਰਧਾਨੁ।। ਪੰਚੇ ਪਾਵਹਿ, ਦਰਗਹਿ ਮਾਨੁ।। ਉ: ਸੇਧ:-ਪਾਵਹਿਂ, ਦਰਗਹ। (ਗੁਰੂ ਦੀ ਸਿਖਿਆ `ਤੇ ਅਮਲ ਕਰਨ ਵਾਲੇ) ਪੰਚ-ਜਨ; ਸਮਾਜ ਦੀ ਭਲਾਈ ਲਈ ਪ੍ਰਵਾਨ (ਕਬੂਲੇ) ਜਾਂਦੇ ਹਨ, ਮਾਨੋ ਪ੍ਰਧਾਨ ਹੁੰਦੇ ਹਨ। (ਐਸੀ ਜੀਵਨ-ਜੁਗਤੀ ਰਾਹੀਂ) ਪ੍ਰਭੂ ਦੀ ਹਜ਼ੂਰੀ ਵਿੱਚ ਭੀ ਸਤਿਕਾਰ ਪਾਂਦੇ ਹਨ।

ਪੰਚੇ ਸੋਹਹਿ, ਦਰਿ ਰਾਜਾਨੁ।। ਪੰਚਾ ਕਾ; ਗੁਰੁ ਏਕੁ, ਧਿਆਨੁ।। ਉ: ਸੇਧ:-ਸੋਹਹਿਂ, ਪੰਚਾਂ।

ਪੰਚ-ਜਨ; ਰਾਜਿਆਂ ਵਾਂਙ ਪ੍ਰਭੂ ਦੇ ਦਰ `ਤੇ ਇਜ਼ਤ ਪਾਉਂਦੇ ਹਨ। ਕਿਉਂਕਿ ਉਨ੍ਹਾਂ ਦਾ ਧਿਆਨ ਕੇਵਲ ਇੱਕ ਗੁਰੂ ਸਿਧਾਂਤ ਮੰਨਣਾ ਹੀ ਹੁੰਦਾ ਹੈ। (ਪਰ ਗੁਰੂ ਸ਼ਬਦ; ਪ੍ਰਭੂ ਮਿਲਾਪ ਕਰਵਾਉਣ ਲਈ ਸਮਰੱਥ ਹੈ; ਨਾ ਕਿ ਪ੍ਰਭੂ ਜੀ ਦਾ ਅੰਤ ਪਾਉਣ ਲਈ)

ਜੇ, ਕੋ ਕਹੈ; ਕਰੈ ਵੀਚਾਰੁ।। ਕਰਤੇ ਕੈ ਕਰਣੈ, ਨਾਹੀ ਸੁਮਾਰੁ।। ਉ: ਸੇਧ:-ਨਾਹੀਂ, ਸ਼ੁਮਾਰ। (ਇਸ ਲਈ ਗੁਰੂ ਜੀ ਦੇ ਸਬਦ ਗਿਆਨ ਰਾਹੀਂ) ਜੇ ਕੋਈ ਪ੍ਰਮਾਤਮਾ ਦਾ ਅੰਤ ਪਾਉਣ ਬਾਰੇ ਆਖਦਾ ਹੈ ਜਾਂ ਵੀਚਾਰ ਕਰਦਾ ਹੈ। (ਤਾਂ ਅੰਤ ਨਹੀਂ ਪਾ ਸਕਦਾ) ਭਾਵ:- ਕਰਤਾਰ ਦੀ ਕੁਦਰਤ (ਵਡੇਪਣ) ਦਾ ਕੋਈ ਅੰਤ ਨਹੀਂ ਹੈ।

ਧੌਲੁ ਧਰਮੁ, ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ, ਜਿਨਿ ਸੂਤਿ।। ਇਹ ਕੁਦਰਤ (ਬੇਅੰਤ ਬ੍ਰਹਮੰਡ); ਪ੍ਰਭੂ ਦੇ ਨਿਯਮ, ਸਿਧਾਂਤ ਦੇ ਆਸਰੇ ਹੈ; ਨਾ ਕਿ ਕਿਸੇ ਬਲਦ ਦੇ ਆਸਰੇ। (ਪ੍ਰਭੂ ਦਾ ਨਿਯਮ ਹੀ ਅਸਲ ਵਿੱਚ ਲੋਕਾਂ ਵਲੋਂ ਮੰਨਿਆ ਜਾਂਦਾ ਸਫ਼ੇਦ (ਨਿਰਲੇਪ) ਬਲਦ ਹੈ ਅਤੇ ਇਹ ‘ਨਿਯਮ`) ਪ੍ਰਭੂ ਦੀ ਦਇਆ (ਕ੍ਰਿਪਾ) ਦਾ ਪੁੱਤਰ ਹੈ ਐਸੇ ਨਿਯਮ ਨੇ ਹੀ ਆਪਣੇ ਸੂਤਰ (ਮਰਿਯਾਦਾ, ਅਨੁਸ਼ਾਸਨ) ਵਿੱਚ ਸੰਤੋਖ ਨੂੰ (ਜੀਵ ਦੇ ਹਿਰਦੇ ਵਿਚ) ਟਿਕਾ ਕੇ ਰੱਖਿਆ ਹੈ। (ਭਾਵ:-ਪ੍ਰਭੂ ਨੇ ਆਪਣੀ ਕ੍ਰਿਪਾ-ਦ੍ਰਿਸਟੀ ਨਾਲ ਕੁਦਰਤ ਨੂੰ ਨਿਯਮ ਵਿੱਚ ਬੰਨ੍ਹ ਕੇ ਰੱਖਿਆ ਜਿਵੇਂ ਪਿਤਾ ਨੇ ਅਨੁਸ਼ਾਸਨ ਵਿੱਚ ਆਪਣੇ ਪੁੱਤਰ ਨੂੰ ਰੱਖਿਆ ਹੈ। ਇਹ ਅਨੁਸ਼ਾਸਨ ਹੀ ਮਨੁੱਖ ਨੂੰ ਸੰਤੋਖੀ ਬਣਾਉਦਾ ਹੈ। ਇਸ ਪੰਕਤੀ ਤੋਂ ਭਗਤਾਂ ਨੂੰ ਇਹ ਸੇਧ ਮਿਲਦੀ ਹੈ ਕਿ:-ਸੰਤੋਖੀ ਜੀਵਨ ਪ੍ਰਾਪਤ ਕਰਨ ਲਈ ਪ੍ਰਭੂ ਦੇ ਅਨੁਸ਼ਾਸਨ (ਧਰਮ) ਵਿੱਚ ਚੱਲਣਾ ਜ਼ਰੂਰੀ ਹੈ ਪਰ ਧਰਮੀ ਬਣਨ ਲਈ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਹੋਣਾ ਜ਼ਰੂਰੀ ਹੈ)

(ਨੋਟ:-ਗੁਰੂ ਨਾਨਕ ਦੇਵ ਜੀ ਦੁਆਰਾ ਗੁਰਬਾਣੀ ਵਿੱਚ ਹੋਰ ਥਾਵਾਂ `ਤੇ ‘ਧੌਲੁ` ਸ਼ਬਦ ਨੂੰ ਹਰ ਥਾਂ ‘ਧਉਲੁ` ਦੇ ਸਰੂਪ ਵਿੱਚ ਲਿਖਿਆ ਮਿਲਦਾ ਹੈ)

ਜੇ, ਕੋ ਬੁਝੈ; ਹੋਵੈ ਸਚਿਆਰੁ।। ਧਵਲੈ ਉਪਰਿ, ਕੇਤਾ ਭਾਰੁ।। ਜੇ ਕੋਈ ਉਕਤ ਵੀਚਾਰ ਨੂੰ ਸਮਝ ਲਵੇ ਤਾਂ ਉਹ ਮਨੁੱਖ ਸੱਚਾ (ਇਨਸਾਫ਼-ਦਿਲ, ਧਰਮੀ) ਬਣ ਸਕਦਾ ਹੈ। (ਨਹੀਂ ਤਾਂ ਕਰਮਕਾਂਡੀਆਂ ਅਨੁਸਾਰ ਪ੍ਰਭੂ ਦੇ ਵਡੇਪਣ ਬਾਰੇ ਕੀਤੀ ਗਿਣਤੀ-ਮਿਣਤੀ ਰਾਹੀਂ ਬਲਦਾਂ ਦੀ ਗਿਣਤੀ ਭੀ ਸੀਮਿਤ ਹੀ ਹੋਵੇਗੀ, ਫਿਰ ਧਰਤੀ ਹੇਠਲੇ) ਬਲਦ `ਤੇ ਪ੍ਰਿਥਵੀ ਦਾ ਕਿਤਨਾ ਕੁ ਭਾਰ ਹੋਵੇਗਾ?

ਧਰਤੀ ਹੋਰੁ, ਪਰੈ ਹੋਰੁ ਹੋਰੁ।। ਤਿਸ ਤੇ ਭਾਰੁ; ਤਲੈ, ਕਵਣੁ ਜੋਰੁ? ।। ਫਿਰ ਉਸ ਤੋਂ ਅਗਲੀ ਧਰਤੀ ਨੂੰ ਸਹਾਰਾ ਦੇਣ ਲਈ ਹੇਠਾਂ ਹੋਰ ਬਲਦ। ਉਸ ਧਰਤੀ ਤੋਂ ਪਰੇ (ਹੇਠਾਂ) ਹੋਰ ਬਲਦ, ਉਸ ਤੋਂ ਹੇਠਲੀ ਧਰਤੀ ਦੇ ਹੇਠਾਂ ਹੋਰ ਬਲਦ। (ਇਤਨੀਆਂ ਧਰਤੀਆਂ (ਬ੍ਰਹਮੰਡ) ਦਾ ਸਭ ਤੋਂ ਹੇਠਲੇ) ਉਸ ਬਲਦ `ਤੇ ਕਿਤਨਾ ਭਾਰ ਹੋਵੇਗਾ? ਜਿਸ ਬਲਦ ਦੇ ਹੇਠਾਂ ਭੀ ਫਿਰ ਹੋਰ ਕਿਹੜਾ ਸਹਾਰਾ ਹੋਵੇਗਾ? (ਕਿਉਂਕਿ ਧਰਤੀ ਅਤੇ ਬਲਦ ਦੀ ਗਿਣਤੀ ਲੱਖ (ਸੀਮਿਤ) ਕਰਨ ਨਾਲ ਆਖਿਰ ਸਮਾਪਤ ਤਾਂ ਹੋਣੀ ਹੀ ਹੈ)

(ਨੋਟ:-ਹਿੰਦੂ-ਮੱਤ ਅਨੁਸਾਰ ਧਰਤੀ; ਬਲਦ ਦੇ ਸਹਾਰੇ `ਤੇ ਖੜ੍ਹੀ ਹੈ ਅਤੇ ਇੱਕ ਧਰਤੀ ਨੂੰ ਚੁੱਕੀ ਖੜ੍ਹਾ ਬਲਦ ਹੇਠਲੀ ਧਰਤੀ ਦੇ ਸਹਾਰੇ ਖੜ੍ਹਾ ਹੈ। ਹੁਕਮੇ ਧਰਤੀ ਧਉਲ ਸਿਰਿ ਭਾਰੰ।। (ਮ: ੧ ਪੰਨਾ ੧੦੩੭) ਫਿਰ ਉਸੇ ਮੱਤ ਅਨੁਸਾਰ ਹੀ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇੱਕ ਵਾਤ।। ਲੱਖ ਆਕਾਸ਼ ਅਤੇ ਲੱਖ ਪਾਤਾਲ ਮੰਨਣ ਲਈ ਬਲਦ ਵੀ ਲੱਖ ਹੀ ਹੋਣਗੇ। ਇਸ ਲਈ ਸਭ ਤੋਂ ਹੇਠਲੇ ਬਲਦ ਵਾਸਤੇ ਹੇਠਾਂ ਸਹਾਰਾ ਕਿਹੜਾ ਹੋਵੇਗਾ?)

ਜੀਅ ਜਾਤਿ, ਰੰਗਾ ਕੇ ਨਾਵ।। ਸਭਨਾ ਲਿਖਿਆ, ਵੁੜੀ ਕਲਾਮ।। ਉ: ਸੇਧ:-ਰੰਗਾਂ।

(ਪ੍ਰਭੂ ਦੇ ਵੱਡੇ ਪਰਿਵਾਰ ਵਿੱਚ ਤਾਂ) ਕਈ ਕਿਸਮਾ, ਕਈ ਰੰਗਾਂ-ਨਸਲਾਂ ਅਤੇ ਨਾਵਾਂ ਦੇ ਜੀਵ-ਜੰਤੂ ਹਨ। ਇਨ੍ਹਾਂ ਸਾਰਿਆਂ ਦੇ ਭਾਗਾਂ ਦਾ ਲੇਖ (ਪ੍ਰਭੂ ਨੇ; ਜੀਵਾਂ ਦੇ ਕੀਤੇ ਹੋਏ ਕੰਮਾਂ ਨੂੰ ਆਧਾਰ ਬਣਾ ਕੇ) ਆਪਣੀ ਲਗਾਤਾਰ ਚਲਦੀ ਹੁਕਮ ਰੂਪੀ ਕਲਮ ਨਾਲ ਲਿਖਿਆ ਹੈ।

ਏਹੁ ਲੇਖਾ, ਲਿਖਿ ਜਾਣੈ ਕੋਇ।। ਲੇਖਾ ਲਿਖਿਆ, ਕੇਤਾ ਹੋਇ।। ਉ: ਸੇਧ:-ਏਹ। ਇਹ ਲੇਖ (ਪ੍ਰਭੂ ਦੇ ਸਿਧਾਂਤ, ਅਨੁਸ਼ਾਸਨ ਨੂੰ ਜੀਵਾਂ ਦੇ ਕਲਿਆਣ ਲਈ ਸਮਾਜ ਵਿਚ) ਲਿਖ ਕੇ ਦੇਣਾ, ਕੋਈ ਵਿਰਲਾ ਹੀ ਜਾਣਦਾ ਹੈ। (ਉਹ ਗੁਰੂ ਅਖਵਾਉਣ ਦਾ ਹੱਕਦਾਰ ਹੈ; ਇਸ ਲਈ ਐਸੇ ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ; ਜਿਸ ਨੇ ਕੀਮਤੀ ਰੱਬੀ-ਝਲਕਾਰ, ਗੁਣ ਜੀਵਾਂ ਦੀ ਭਲਾਈ ਲਈ ਬਖ਼ਸ਼ੇ ਹਨ। ਪ੍ਰਭੂ ਦੇ ਵੱਡੇ ਪਰਿਵਾਰ ਦਾ ਸਾਰਾ) ਲੇਖਾ ਲਿਖਿਆ ਜਾਏ ਤਾਂ ਕਿਤਨਾ ਹੋਵੇਗਾ? ਕੇਤਾ ਤਾਣੁ, ਸੁਆਲਿਉ ਰੂਪੁ।। ਕੇਤੀ ਦਾਤਿ, ਜਾਣੈ ਕਉਣੁ ਕੂਤੁ? ।। ਪ੍ਰਭੂ ਦੇ ਵਡੇਪਣ ਦਾ ਕਿਤਨਾ ਬਲ? ਕਿਤਨਾ ਸੁੰਦਰ ਰੂਪ? ਕਿਤਨੀਆਂ ਬਖ਼ਸ਼ਿਸ਼ਾਂ? ਜਿਨ੍ਹਾਂ ਦਾ ਕੌਣ ਕੂਤ (ਅੰਦਾਜ਼ਾ) ਲਾ ਸਕਦਾ ਹੈ? ਕੀਤਾ ਪਸਾਉ, ਏਕੋ ਕਵਾਉ।। ਤਿਸ ਤੇ, ਹੋਏ ਲਖ ਦਰੀਆਉ।। ਪ੍ਰਭੂ ਨੇ ਇਕੋ ਹੁਕਮ (ਆਵਾਜ਼, ਧਮਾਕੇ) ਨਾਲ ਇਤਨਾ ਪਸਾਰਾ (ਆਕਾਰ) ਰਚ ਦਿੱਤਾ, ਜਿਸ ਤੋਂ ਲੱਖਾਂ ਹੀ ਜੀਵਨ ਰੂਪ ਦਰਿਆ ਪੈਦਾ ਹੋ ਗਏ, ਭਾਵ: ਲਹਿਰਾਂ, ਜਿੰਦਗੀਆਂ ਚਲ ਪਈਆਂ। (ਨੋਟ:-ਪ੍ਰਭੂ ਦੇ ਇਤਨੇ ਵਿਸਥਾਰ ਦਾ ਸਹਾਰਾ; ਕੇਵਲ ਬਲਦ ਕਿਵੇਂ ਹੋ ਸਕਦਾ ਹੈ?)

ਕੁਦਰਤਿ ਕਵਣ? ਕਹਾ ਵੀਚਾਰੁ।। ਵਾਰਿਆ ਨ ਜਾਵਾ, ਏਕ ਵਾਰ।। ਉ: ਸੇਧ:-ਕਹਾਂ, ਜਾਵਾਂ।

ਹੇ ਪ੍ਰਭੂ! ਮੇਰੀ ਕੀ ਤਾਕਤ ਹੈ? ਕਿ ਤੇਰੇ ਇਤਨੇ ਵੱਡੇ ਪਸਾਰੇ (ਪਰਿਵਾਰ) ਦੀ ਵੀਚਾਰ (ਮਿਣਤੀ) ਕਰ ਸਕਾਂ। ਮੈ ਤੇਰੇ ਪੂਰੇ ਵਡੇਪਣ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ। (ਤੇਰਾ ਅੰਤ ਪਾਉਣਾ ਮੇਰੀ ਮਨੁੱਖਾ-ਬੁੱਧੀ ਦੇ ਵੱਸ ਵਿੱਚ ਨਹੀਂ)

ਜੋ ਤੁਧੁ ਭਾਵੈ; ਸਾਈ ਭਲੀ ਕਾਰ।। ਤੂ ਸਦਾ ਸਲਾਮਤਿ, ਨਿਰੰਕਾਰ! ।। ੧੬।। ਹੇ ਆਕਾਰ ਰਹਿਤ ਪ੍ਰਭੂ! (ਅਸੀਂ ਤਾਂ ਸਾਰੇ ਜੀਵ ਨਾਸ਼ਵਾਨ ਹਾਂ) ਕੇਵਲ ਤੂੰ ਹੀ ਹਮੇਸ਼ਾ ਨਾਸ਼ ਰਹਿਤ ਹੈਂ। (ਮਿਹਰ ਕਰ) ਜੋ ਤੈਨੂੰ ਚੰਗਾ ਲਗਦਾ ਹੈ; ਉਹੀ ਮੈਨੂੰ ਭੀ ਚੰਗਾ ਲੱਗੇ।

(ਨੋਟ:-ਅਗਲੀ ਪਉੜੀ ਨੰ: ੧੭ ਵਿੱਚ ਦੁਨਿਅਵੀਂ ਪੱਖੋਂ ਪ੍ਰਭੂ ਦੇ ਧਾਰਮਿਕ ਪੱਖ ਅਤੇ ਪਉੜੀ ਨੰ: ੧੮ ਵਿੱਚ ਦੁਨਿਆਵੀਂ ਪੱਖੋਂ ਪ੍ਰਭੂ ਦੇ ਨਾਸਤਿਕ ਪੱਖ ਨੂੰ ਲੈ ਕੇ ਪ੍ਰਭੂ ਪਰਿਵਾਰ ਦੇ ਵਡੇਪਣ ਨੂੰ; ਪ੍ਰਭੂ ਅੱਗੇ ਬੇਨਤੀ ਰੂਪ ਵਿੱਚ ਬਿਆਨ ਕੀਤਾ ਗਿਆ ਹੈ ਅਤੇ ਪ: ੧੯ ਵਿੱਚ ਨਾਸਤਿਕ ਅਤੇ ਆਸਤਿਕ ਦੋਵੇਂ ਪੱਖਾਂ ਨੂੰ ਪ੍ਰਭੂ ਦਾ ਇਕੋ ਹੀ ਸਰੂਪ (ਪਰਿਵਾਰ) ਮੰਨਿਆ ਗਿਆ ਹੈ। ਕਿਸੇ ਵੀ ਜੀਵ ਦੀਆਂ ਕਮਜ਼ੋਰੀਆਂ ਜਾਂ ਗੁਣਾਂ ਦਾ ਵਰਣਨ ਕਰਨਾ ਇਨ੍ਹਾ ਪਉੜੀਆਂ ਦਾ ਵਿਸ਼ਾ ਨਹੀਂ ਹੈ। ਇਸ ਗੁਰੂ ਦੇ ਵਾਕ ਦੀ ਟੇਕ ਲੈ ਕੇ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣਾ ਗੁਰੂ ਦੇ ਉਪਦੇਸ਼ ਦਾ ਘੋਰ ਅਪਮਾਨ ਹੈ)।

ਸੌ ਅਰਬ=ਇੱਕ ਖਰਬ। ਦਸ ਹਜ਼ਾਰ ਅਰਬ=ਇੱਕ ਨੀਲ। ਦਸ ਲੱਖ ਅਰਬ=ਇੱਕ ਪਦਮ। ਦਸ ਕ੍ਰੋੜ ਅਰਬ=ਇੱਕ ਸੰਖ ਪਰ ਇਥੇ ਅਗੇਤਰ ‘ਅ` ਲੱਗਣ ਨਾਲ ਸੰਖ ਤੋਂ ਅਣਗਿਣਤ ਬਣ ਜਾਂਦਾ ਹੈ।

ਅਸੰਖ ਜਪ, ਅਸੰਖ ਭਾਉ।। ਅਸੰਖ ਪੂਜਾ, ਅਸੰਖ ਤਪ ਤਾਉ।। (ਹੇ ਪ੍ਰਭੂ! ਤੇਰੇ ਵੱਡੇ ਪਰਿਵਾਰ ਵਿਚੋਂ) ਬੇਅੰਤ ਜਪ ਕਰ ਰਹੇ ਹਨ, ਬੇਅੰਤ ਪ੍ਰੇਮ ਕਰ ਰਹੇ ਹਨ, ਬੇਅੰਤ ਪਾਠ-ਪੂਜਾ ਕਰਦੇ ਹਨ ਅਤੇ ਬੇਅੰਤ ਜੀਵ ਤਪਾਂ ਦਾ ਤਾਉ (ਗਰਮੀ) ਸਹਾਰ ਰਹੇ ਹਨ।

ਅਸੰਖ; ਗਰੰਥ ਮੁਖਿ ਵੇਦ ਪਾਠ।। ਅਸੰਖ ਜੋਗ, ਮਨਿ ਰਹਹਿ ਉਦਾਸ।। ਉ: ਸੇਧ:-ਰਹਹਿਂ।

ਬੇਅੰਤ ਜੀਵ ਮੁਖ ਤੋਂ ਵੇਦ ਆਦਿਕ ਗ੍ਰੰਥਾਂ ਦੇ ਪਾਠ ਕਰ ਰਹੇ ਹਨ ਅਤੇ ਬੇਅੰਤ ਜੋਗ-ਸਾਧਨਾ ਰਾਹੀਂ (ਗ੍ਰਿਹਸਤੀ-ਜੀਵਨ ਵਲੋਂ) ਮਨ ਵਿੱਚ ਤਿਆਗੀ ਬਣ ਕੇ ਰਹਿੰਦੇ ਹਨ।

ਅਸੰਖ ਭਗਤ, ਗੁਣ ਗਿਆਨ ਵੀਚਾਰ।। ਅਸੰਖ ਸਤੀ, ਅਸੰਖ ਦਾਤਾਰ।। ਬੇਅੰਤ ਭਗਤ ਤੇਰੇ ਗੁਣਾਂ ਭਰਪੂਰ ਗਿਆਨ ਦੀ ਵੀਚਾਰ ਕਰਦੇ ਹਨ ਅਤੇ ਅਣਗਿਣਤ ਸਤੀ (ਦਾਨੀ) ਬਣ ਕੇ ਦਾਤਾਰ ਅਖਵਾਉਂਦੇ ਹਨ।

ਅਸੰਖ ਸੂਰ, ਮੁਹ ਭਖ ਸਾਰ।। ਅਸੰਖ ਮੋਨਿ, ਲਿਵ ਲਾਇ ਤਾਰ।। ਉ: ਸੇਧ:-ਮੁੰਹ।

ਬੇਅੰਤ ਸੂਰਮੇ ਲੜਾਈ ਦੌਰਾਨ ਸਾਹਮਣੇ ਤੋਂ ਸਾਰ (ਲੋਹੇ) ਦੀਆਂ ਚੋਟਾਂ ਭਖ (ਖਾਂਦੇ) ਹਨ (ਉਨ੍ਹਾਂ ਲਈ ਦੁਸ਼ਮਣ ਨੂੰ ਪਿਠ ਨਾ ਵਿਖਾਉਣਾ ਹੀ ਧਰਮ ਹੈ) ਅਨੇਕਾਂ ਮੋਨਧਾਰੀ ਲਗਾਤਾਰ ਚੁਪ ਰਹਿ ਕੇ ਸਮਾਧੀ ਲਾ ਕੇ ਹੀ ਸਮਾਜ ਵਿੱਚ ਵਿਚਰ ਰਹੇ ਹਨ।

ਕੁਦਰਤਿ ਕਵਣ? ਕਹਾ ਵੀਚਾਰੁ।। ਵਾਰਿਆ ਨ ਜਾਵਾ, ਏਕ ਵਾਰ।। ਉ: ਸੇਧ:-ਕਹਾਂ, ਜਾਵਾਂ। ਮੇਰੀ ਕੀ ਤਾਕਤ ਹੈ? ਕਿ ਤੇਰੇ ਸਾਰੇ ਗੁਣਾਂ ਦੀ ਵੀਚਾਰ ਕਰ ਸਕਾਂ। ਮੈ ਤਾਂ ਇੱਕ ਵਾਰੀ ਭੀ ਤੇਰੇ ਤੋਂ ਕੁਰਬਾਨ ਨਹੀਂ ਹੋ ਸਕਦਾ (ਭਾਵ: ਦੁਨਿਅਵੀਂ ਪੱਖੋਂ ਸਾਰੇ ਆਸਤਿਕ ਪੱਖ ਤੋਂ ਜਾਣੂ ਨਹੀਂ ਹੋ ਸਕਦਾ)।

ਜੋ ਤੁਧੁ ਭਾਵੈ; ਸਾਈ ਭਲੀ ਕਾਰ।। ਤੂ ਸਦਾ ਸਲਾਮਤਿ, ਨਿਰੰਕਾਰ।। ੧੭।।

ਹੇ ਨਿਰਾਕਾਰ! (ਮਿਹਰ ਕਰ) ਜੋ ਤੈਨੂੰ ਪਸੰਦ ਹੈ, ਉਹ ਮੈਨੂੰ ਭੀ ਪਸੰਦ ਆ ਜਾਵੇ। ਤੂੰ ਹੀ ਸਦਾ ਥਿਰ ਰਹਿਣ ਵਾਲਾ ਹੈਂ। ੧੭।

(ਨੋਟ:-ਪਉੜੀ ਨੰ: ੧੭ ਵਿੱਚ ਬੇਸ਼ੱਕ ਪ੍ਰਭੂ ਜੀ ਦੇ ਦੁਨਿਅਵੀਂ ਪੱਖੋਂ ਆਸਤਿਕ ਪੱਖ ਨੂੰ ਵਰਨਣ ਕੀਤਾ ਗਿਆ ਹੈ ਫਿਰ ਭੀ ਕੁੱਝ ਵਿਚਾਰਧਾਰਾ ਗੁਰਮਤਿ-ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਹਨ, ਤਾਂ ਤੇ ਅਗਲੀ ਪ: ੧੮ ਵਿੱਚ ਬਿਆਨ ਕੀਤੇ ਗਏ ਦੁਨੀਆਵੀਂ ਪੱਖੋਂ ਨਾਸਤਿਕ ਪੱਖ ਨੂੰ ਭੀ ਨਫ਼ਰਤ ਕਰਨੀ ਉਚਿਤ ਨਹੀਂ ਹੈ ਕਿਉਂਕਿ ਦੋਨੋਂ ਪੱਖ ਹੀ ਪ੍ਰਭੂ ਦਾ ਖੇਲ ਹੈ)

ਅਸੰਖ ਮੂਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ।। ਅਸੰਖ, ਅਮਰ ਕਰਿ ਜਾਹਿ ਜੋਰ।। ਉ: ਸੇਧ:-ਹਰਾਮਖ਼ੋਰ, ਜਾਹਿਂ। (ਹੇ ਪ੍ਰਭੂ! ਤੇਰੇ ਵੱਡੇ ਵਿਸਥਾਰ ਵਿਚ) ਬੇਅੰਤ ਅਗਿਆਨੀ ਭਿਆਨਕ ਕਿਸਮ ਦੇ ਮਹਾਂ ਮੂਰਖ ਹਨ। ਅਣਗਿਣਤ ਹੀ ਚੋਰ ਹਨ ਜੋ ਪਰਾਇਆ ਹੱਕ ਖਾਣ `ਤੇ ਨਜ਼ਰ ਰੱਖਦੇ ਹਨ। ਅਨੇਕਾਂ ਆਪਣਾ ਹੁਕਮ ਧੱਕੇ ਨਾਲ ਚਲਾ ਕੇ (ਸੰਸਾਰ ਤੋਂ ਖ਼ਾਲੀ ਹੱਥ) ਚਲੇ ਜਾਂਦੇ ਹਨ।

ਅਸੰਖ ਗਲਵਢ, ਹਤਿਆ ਕਮਾਹਿ।। ਅਸੰਖ ਪਾਪੀ, ਪਾਪ ਕਰਿ ਜਾਹਿ।। ਉ: ਸੇਧ:-ਕਮਾਹਿਂ, ਜਾਹਿਂ। ਅਨੇਕਾਂ ਹਤਿਆਰੇ ਮਾਇਆ ਲਈ ਦੂਜਿਆਂ ਦਾ ਖ਼ੂਨ ਕਰਦੇ ਹਨ ਅਤੇ ਇਹ ਅਨੇਕਾਂ ਪਾਪੀ; ਬੇਅੰਤ ਪਾਪ ਕਰ ਕੇ ਅੰਤ ਨੂੰ ਚਲੇ ਜਾਂਦੇ ਹਨ।

(ਨੋਟ:-ਇਸ ਪੰਕਤੀ ਵਿੱਚ ਆਏ ਸਬਦ ‘ਗਲਵਢ ਹਤਿਆ ਕਮਾਹਿ।। ` ਦੀ ਟੇਕ ਲੈ ਕੇ ਕੁੱਝ ਵੀਰ ਮਾਸਾਹਾਰੀ ਵੀਰਾਂ ਨਾਲ ਨਫ਼ਰਤ ਕਰਦੇ ਹਨ। ਕੀ ਅਜੇਹੇ ਸੱਜਣ; ਇਨ੍ਹਾ ਦੋਵੇਂ ਪਉੜੀਆਂ ਵਿੱਚ ਲਏ ਗਏ ਬਾਕੀ ਸਾਰੇ ਵਿਸ਼ਿਆਂ ਨੂੰ ਗੁਰੂ ਦਾ ਸਿਧਾਂਤ ਮੰਨ ਸਕਦੇ ਹਨ? ਅਸੰਖ ਕੂੜਿਆਰ, ਕੂੜੇ ਫਿਰਾਹਿ।। ਅਸੰਖ ਮਲੇਛ, ਮਲੁ ਭਖਿ ਖਾਹਿ।। ਉ: ਸੇਧ:-ਫਿਰਾਹਿਂ, ਖਾਹਿਂ।

ਬੇਅੰਤ ਝੂਠੇ ਝੂਠ ਬੋਲਦੇ ਫਿਰਦੇ ਹਨ। ਅਨੇਕਾਂ ਅਸੱਭਿਅਕ ਗੰਦੀ-ਬੋਲੀ (ਈਰਖਾ, ਨਿੰਦਿਆ, ਚੁਗਲੀ ਆਦਿ) ਲਚਰਤਾ ਖਾਂਦੇ (ਬੋਲਦੇ) ਹਨ।

ਅਸੰਖ ਨਿੰਦਕ, ਸਿਰਿ ਕਰਹਿ ਭਾਰੁ।। ਨਾਨਕੁ ਨੀਚੁ, ਕਹੈ ਵੀਚਾਰ।। ਉ: ਸੇਧ:-ਜਾਵਾਂ। ਬੇਅੰਤ ਨਿੰਦਕ ਭੀ ਹਨ। ਜੋ ਹੋਰਾਂ ਦੀ ਨਿੰਦਿਆ ਦਾ ਭਾਰ ਆਪਣੇ ਸਿਰ `ਤੇ ਕਰਦੇ (ਰਖਦੇ) ਹਨ। ਨਿਮਾਣਾ ਨਾਨਕ ਤਾਂ (ਤੇਰੀ ਕ੍ਰਿਪਾ ਨਾਲ ਤੇਰੇ ਦੁਨਿਅਵੀਂ ਪੱਖੋਂ ਨਾਸਤਿਕ ਪੱਖ ਦੇ ਵਡੱਪਣ ਬਾਰੇ ਉਕਤ ਬਿਆਨ ਕੀਤੀ) ਕੁੱਝ ਕੁ ਵੀਚਾਰ ਹੀ ਬਿਆਨ ਕਰ ਸਕਿਆ ਹੈ।

ਵਾਰਿਆ ਨ ਜਾਵਾ, ਏਕ ਵਾਰ।। ਜੋ, ਤੁਧੁ ਭਾਵੈ; ਸਾਈ ਭਲੀ ਕਾਰ।। ਤੂ ਸਦਾ ਸਲਾਮਤਿ, ਨਿਰੰਕਾਰ! ।। ੧੮।। ਉ: ਸੇਧ:-ਜਾਵਾਂ। ਹੇ ਨਿਰਾਕਾਰ ਪ੍ਰਭੂ! ਮੈ ਇੱਕ ਵਾਰੀ ਵੀ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ। ਤੂੰ ਸਦਾ ਥਿਰ ਰਹਿਣ ਵਾਲਾ ਹੈਂ। (ਮਿਹਰ ਕਰ) ਜੋ ਤੈਨੂੰ ਚੰਗਾ ਲਗਦਾ ਹੈ; ਉਹ ਮੈਨੂੰ ਭੀ ਚੰਗਾ ਲੱਗੇ। (ਭਾਵ: ਤੇਰਾ ਭਾਣਾ ਮੈਨੂੰ ਵੀ ਚੰਗਾ ਲੱਗੇ)।

(ਨੋਟ:-ਪਿਛਲੀਆਂ ਦੋਵੇਂ ਪਉੜੀਆਂ ਨੂੰ ਪ੍ਰਭ ਦੇ ਪਰਿਵਾਰ ਦਾ ਇਕੋ ਹੀ ਭਾਗ ਮੰਨ ਕੇ ਅਗਲੀ ਪ: ੧੯ ਵਿੱਚ ਪ੍ਰਭੂ ਅੱਗੇ ਬਿਆਨ ਕੀਤਾ ਗਿਆ ਹੈ)

ਅਸੰਖ ਨਾਵ, ਅਸੰਖ ਥਾਵ।। ਅਗੰਮ ਅਗੰਮ, ਅਸੰਖ ਲੋਅ।। ਅਸੰਖ ਕਹਹਿ, ਸਿਰਿ ਭਾਰੁ ਹੋਇ।। ਉ: ਸੇਧ:-ਨਾਂਵ, ਥਾਂਵ, ਕਹਹਿਂ।

(ਹੇ ਨਿਰਾਕਾਰ ਪ੍ਰਭੂ! ਤੇਰੇ ਪੂਰੇ ਵੱਡੇ ਪਰਿਵਾਰ ਵਿਚ) ਜੀਵਾਂ ਅਤੇ ਪਦਾਰਥਾਂ ਦੇ ਬੇਅੰਤ ਨਾਮ ਹਨ, ਅਣਗਿਣਤ ਟਿਕਾਣਿਆਂ `ਤੇ ਉਹ ਵੱਸਦੇ ਹਨ। ਜੀਵਾਂ ਦੀ ਪਹੁੰਚ ਤੋਂ ਰਹਿਤ ਬੇਅੰਤ ਹੀ ਲੋਕ ਹਨ। (ਅਸਲ ਸਚਾਈ ਤਾਂ ਇਹ ਹੈ, ਕਿ ਜੋ ਤੇਰੇ ਵਡੇਪਣ ਲਈ) ਅਸੰਖ ਸਬਦ ਭੀ ਵਰਤਦੇ ਹਨ ਤਾਂ ਉਨ੍ਹਾ ਦੇ ਸਿਰ `ਤੇ ਭਾਰ ਹੁੰਦਾ ਹੈ। (ਭਾਵ:-ਅਸੰਖ ਸਬਦ ਭੀ ਤੇਰੀ ਮਿਣਤੀ ਲਈ ਛੋਟਾ ਹੈ ਤਾਂ ਫਿਰ ਗੁਰੂ ਜੀ ਨੇ ਆਪ ਅਸੰਖ ਸਬਦ ਕਿਉਂ ਇਸਤੇਮਾਲ ਕੀਤਾ? ਇਸ ਬਾਰੇ ਗੁਰੁ ਜੀ ਜਵਾਬ ਦੇ ਰਹੇ ਹਨ।) ਅਖਰੀ ਨਾਮੁ, ਅਖਰੀ ਸਾਲਾਹ।। ਅਖਰੀ; ਗਿਆਨੁ, ਗੀਤ, ਗੁਣ ਗਾਹ।। ਉ: ਸੇਧ:-ਅੱਖਰੀਂ। ਅਖਰਾਂ ਦੀ ਰਾਹੀਂ ਹੀ ਤੇਰਾ ਨਾਮ ਅਤੇ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। ਅਖਰਾਂ ਦੀ ਰਾਹੀਂ ਹੀ ਤੇਰਾ ਗਿਆਨ, ਤੇਰੀ ਸਿਫ਼ਤ ਦੇ ਗੀਤ ਅਤੇ ਗੁਣਾ ਨੂੰ ਗ੍ਰਹਿਣ ਕਰਨ ਯੋਗ ਬਣੀਦਾ ਹੈ।

ਅਖਰੀ; ਲਿਖਣੁ, ਬੋਲਣੁ, ਬਾਣਿ।। ਅਖਰਾ ਸਿਰਿ, ਸੰਜੋਗੁ ਵਖਾਣਿ।। ਉ: ਸੇਧ:-ਅੱਖਰੀਂ, ਅੱਖਰਾਂ। ਅਖਰਾਂ ਦੀ ਰਾਹੀਂ ਲਿਖਤ, ਬੋਲ-ਚਾਲ ਅਤੇ ਆਦਤ ਬਣਦੀ ਹੈ, ਅਖਰਾਂ ਦੀ ਰਾਹੀਂ ਹੀ ਹਰ ਇੱਕ ਜੀਵ ਦੇ ਮੱਥੇ `ਤੇ ਨਸੀਬ ਲਿਖਿਆ ਹੋਇਆ ਮੰਨਿਆ ਜਾਂਦਾ ਹੈ। (ਇਸ ਲਈ ਮੈ ‘ਅਸੰਖ` ਸਬਦ ਵਰਤਿਆ ਹੈ।) ਜਿਨਿ, ਏਹਿ ਲਿਖੇ; ਤਿਸੁ ਸਿਰਿ, ਨਾਹਿ।। ਜਿਵ ਫੁਰਮਾਏ, ਤਿਵ ਤਿਵ ਪਾਹਿ।। ਉ: ਸੇਧ:-ਏਹ, ਨਾਹਿਂ, ਫ਼ੁਰਮਾਏ, ਪਾਹਿਂ।

(ਪਰ) ਜਿਸ ਲਿਖਾਰੀ ਪ੍ਰਭੂ ਨੇ ਇਹ ਨਸੀਬ (ਸਾਰੇ ਜੀਵਾਂ ਦੇ ਮੱਥੇ `ਤੇ) ਲਿਖੇ ਹਨ। ਉਸ ਦੇ ਆਪਣੇ ਮੱਥੇ `ਤੇ ਕੋਈ ਨਸੀਬ ਨਹੀਂ ਹੈ (ਕਿਉਂਕਿ ਪ੍ਰਭੂ ਕਰਮਾ ਦੇ ਬੰਧਨਾਂ ਤੋਂ ਆਜ਼ਾਦ ਹੈ, ਸਗੋਂ) ਜਿਵੇਂ ਜਿਵੇਂ ਉਹ (ਜੀਵਾਂ ਨੂੰ) ਹੁਕਮ ਕਰਦਾ ਹੈ, ਉਸ ਤਰ੍ਹਾਂ ਹੀ (ਜੀਵ ਕੀਤੇ ਕਰਮਾ ਦੀ ਰਾਹੀਂ) ਨਸੀਬ ਪ੍ਰਾਪਤ ਕਰਦੇ ਹਨ।

ਜੇਤਾ ਕੀਤਾ, ਤੇਤਾ ਨਾਉ।। ਵਿਣੁ ਨਾਵੈ, ਨਾਹੀ ਕੋ ਥਾਉ।। ਉ: ਸੇਧ:-ਨਾਉਂ, ਨਾਵੈਂ, ਨਾਹੀਂ, ਥਾਉਂ। ਜਿਤਨਾ ਵਿਸਥਾਰ ਪ੍ਰਭੂ ਨੇ ਆਪਣਾ ਪੈਦਾ ਕੀਤਾ ਹੈ। ਉਤਨਾ ਹੀ ਉਸ ਦਾ ਨਾਮ (ਸਰੂਪ, ਹੋਂਦ) ਹੈ। ਉਸ ਦੇ ਸਰੂਪ ਤੋਂ ਬਿਨਾ ਕੋਈ ਜਗ੍ਹਾ ਨਹੀਂ।

ਕੁਦਰਤਿ ਕਵਣ? ਕਹਾ ਵੀਚਾਰੁ।। ਵਾਰਿਆ ਨ ਜਾਵਾ, ਏਕ ਵਾਰ।। ਉ: ਸੇਧ:-ਕਹਾਂ, ਜਾਵਾਂ।

(ਤੇਰੇ ਇਤਨੇ ਵੱਡੇ ਸਾਰੇ ਪਰਿਵਾਰ ਬਾਰੇ ਜਾਨਣ ਲਈ, ਮੇਰੀ ਬੁਧੀ ਵਿਚ) ਕੀ ਤਾਕਤ ਹੈ? ਕਿ ਮੈ ਤੇਰੀ ਵੀਚਾਰ ਕਰ ਸਕਾਂ। ਮੈ ਤਾਂ ਤੈਥੋਂ ਇੱਕ ਵਾਰੀ ਭੀ ਕੁਰਬਾਨ ਨਹੀਂ ਹੋ ਸਕਦਾ। (ਭਾਵ:-ਤੇਰਾ ਅੰਤ ਪਾਉਣਾ ਮੇਰੀ ਮਨੁੱਖਾ-ਬੁਧੀ ਦੇ ਵੱਸ ਵਿੱਚ ਨਹੀਂ।)

ਜੋ, ਤੁਧੁ ਭਾਵੈ; ਸਾਈ ਭਲੀ ਕਾਰ।। ਤੂ ਸਦਾ ਸਲਾਮਤਿ, ਨਿਰੰਕਾਰ! ।। ੧੯।। ਹੇ ਨਿਰਾਕਾਰ ਪ੍ਰਭੂ! (ਮਿਹਰ ਕਰ) ਜੋ ਤੈਨੂੰ ਪਸੰਦ ਹੈ। ਮੈਨੂੰ ਭੀ ਉਹ ਪਸੰਦ ਆ ਜਾਵੇ। ਤੂੰ ਤਾਂ ਸਦਾ ਅਬਿਨਾਸ਼ੀ ਹੈਂ। (ਮੈ ਭੀ ਤੇਰੀ ਤਰ੍ਹਾਂ ਸਦਾ ਥਿਰ ਹੋ ਜਾਵਾਂ।)। ੧੯।

{ਜ਼ਰੂਰੀ ਨੋਟ:-ਜਪੁ ਗੁਰਬਾਣੀ (ਗੁਰੂ ਸਬਦ) ਦੀ ਵੀਚਾਰ ਨਾਲ ਸਾਂਝ ਰੱਖਣ ਵਾਲੇ ਤਮਾਮ ਗੁਰਮੁਖ ਵੀਰਾਂ ਪਾਸੋਂ ਯੋਗ ਥਾਵਾਂ `ਤੇ ਆਪ ਜੀ ਦੇ ਸੁਝਾਵ ਲੈਣ ਦੀ ਉਡੀਕ ਵਿਚ:-ਅਵਤਾਰ ਸਿੰਘ ਗਿਆਨੀ, ਠੂਠੀਆਂ ਵਾਲੀ, ਮਾਨਸਾ (ਪੰਜਾਬ)}

M:- 09814035202




.