.

ਜਸਬੀਰ ਸਿੰਘ ਵੈਨਕੂਵਰ

ਜਮ ਮਾਰ

ਜਮ ਮਾਰ ਦਾ ਮਾਰ ਅਰਥ ਹੈ ਜਮਦੂਤਾਂ ਦੀ ਮਾਰ। ਗੁਰਬਾਣੀ ਵਿੱਚ ਕਈ ਥਾਈਂ ਜਮਾਂ ਦੀ ਮਾਰ ਦਾ ਜ਼ਿਕਰ ਆਇਆ ਹੈ। ਜਿਸ ਤਰ੍ਹਾਂ ਗਰੁੜ ਆਦਿ ਪੁਰਾਣ ਵਿੱਚ ਜਮਾਂ ਦੀ ਮਾਰ ਦਾ ਬੜੇ ਵਿਸਤਾਰ ਸਹਿਤ ਵਰਨਣ ਕੀਤਾ ਹੋਇਆ ਹੈ, ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਜਮਾਂ ਦੀ ਮਾਰ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਹੋਇਆ ਹੈ। ਪਰ ਗੁਰਬਾਣੀ ਵਿੱਚ ਜਮਾਂ ਦੀ ਮਾਰ ਤੋਂ ਭਾਵ ਪੁਰਾਣਾਂ ਵਿੱਚ ਵਰਣਿਤ ਜਮਾਂ ਦੀ ਮਾਰ ਤੋਂ ਭਿੰਨ ਹੈ। ਪੁਰਾਣਾਂ ਵਿੱਚ ਜਿਸ ਜਮ ਦੀ ਮਾਰ ਦਾ ਵਰਨਣ ਹੈ, ਉਹ ਮਨੁੱਖ ਨੂੰ ਇਸ ਜਨਮ ਵਿੱਚ ਨਹੀਂ, ਅਗਲੇ ਜਨਮ ਵਿੱਚ, ਭਾਵ, ਮਰਨ ਮਗਰੋਂ ਪੈਂਦੀ ਹੈ। ਇਹ ਮਾਰ ਦਾ ਪੁਰਾਣ ਲੇਖਕਾਂ ਨੇ ਕੁੱਝ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੋਇਆ ਹੈ, “ਕਿਤੇ ਕਿਤੇ ਬੜੇ ਜ਼ਹਿਰ ਵਾਲੇ ਫਣੀਅਰ ਸਪਾਂ ਤੋਂ ਕਟਾਇਆ ਜਾਂਦਾ ਹੈ, ਕਿਤੇ ਤਿੱਖੇ ਕੰਡਿਆਂ ਨਾਲ ਵੇਧਿਆ ਜਾਂਦਾ ਹੈ। ਕਿਤੇ ਜਮਦੂਤ ਉਸ ਜੀਵ ਨੂੰ ਸ਼ੇਰ, ਬਾਘ ਆਦਿ ਜਾਨਵਰਾਂ ਦੇ ਸਾਹਮਣੇ ਭੋਜਨ ਰੂਪ ਵਿੱਚ ਦੇਂਦੇ ਹਨ ਅਤੇ ਉਸ ਨੂੰ ਉਹ ਖਾਂਦੇ ਹਨ। ਕਿਤੇ ਕੁੱਤਿਆਂ ਤੋਂ ਕਟਾਇਆ ਜਾਂਦਾ ਹੈ, ਕਿਤੇ ਵਿੱਛੂਆਂ ਦੇ ਡੰਗ ਨਾਲ ਅਤੇ ਕਿਤੇ ਅੱਗ ਨਾਲ ਜਲਾਇਆ ਜਾਂਦਾ ਹੈ…ਜਮਦੂਤਾਂ ਦੁਆਰਾ ਕਿਤੇ ਅੰਧਕੂਪ ਵਿੱਚ ਸੁਟਿਆਂ ਜਾਂਦਾ ਹੈ, ਕਿਤੇ ਭਿਅੰਕਰ ਉੱਚੇ ਪਰਬਤਾਂ ਤੋਂ ਸਿਟਿਆ ਜਾਂਦਾ ਹੈ, ਕਿਤੇ ਛੁਰੀ ਦੀ ਧਾਰ ਉਪਰ ਚਲਾਇਆ ਜਾਂਦਾ ਹੈ, ਕਿਤੇ ਕੰਡਿਆਂ ਉਪਰ ਜਮਦੂਤ ਉਸ ਜੀਵ ਨੂੰ ਚਲਣ ਲਈ ਕਹਿੰਦੇ ਹਨ, ਨਾ ਚਲਣ `ਤੇ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਘਸੀਟਦੇ ਹਨ, ਕਿਤੇ ਜੋਕਾਂ ਨਾਲ ਭਰੇ ਹੋਏ ਚਿਕੜ ਵਿੱਚ ਸਿਟਦੇ ਹਨ ਅਤੇ ਕਿਤੇ ਜੋਕਾਂ ਤੋਂ ਕਟਾਇਆ ਜਾਂਦਾ ਹੈ, ਕਿਤੇ ਪ੍ਰਿਥਵੀ ਵਿੱਚ ਸੁਟਦੇ ਹਨ”। … (ਗਰੁੜ ਪੁਰਾਣ-ਅਧਿਆਏ ਪਹਿਲਾ)
ਪਰ ਗੁਰਬਾਣੀ ਵਿੱਚ ਜਮਾਂ ਦੀ ਮਾਰ ਇਹ ਸਰੂਪ ਨਹੀਂ ਹੈ। ਗੁਰਬਾਣੀ ਅਨੁਸਾਰ ਜਮਾਂ ਦੀ ਮਾਰ ਸਰੀਰ ਤਿਆਗਨ ਪਿੱਛੋਂ ਨਹੀਂ, ਸਗੋਂ ਇਸ ਸਰੀਰ ਵਿੱਚ ਵਿਚਰਦਿਆਂ ਹੀ ਮਿਲਦੀ ਹੈ। ਜਮਾਂ ਦੀ ਇਹ ਮਾਰ ਮੁੱਖ ਰੂਪ ਵਿੱਚ ਸਰੀਰਕ ਕਸ਼ਟ ਦੇ ਰੂਪ ਵਿੱਚ ਨਹੀਂ, ਵਿਕਾਰਾਂ ਅਥਵਾ ਆਤਮਕ ਮੌਤ ਦੇ ਰੂਪ ਵਿੱਚ ਮਿਲਦੀ ਹੈ। ਜਮਦੂਤਾਂ ਦੀ ਮਾਰ ਖਾ ਰਹੇ ਪ੍ਰਾਣੀ ਵਿੱਚ ਆਤਮਕ ਗੁਣ ਪ੍ਰਫੁਲਿਤ ਨਹੀਂ ਹੁੰਦੇ ਹਨ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਜਮਾਂ ਦੀ ਮਾਰ ਦਾ ਰੂਪ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(ੳ) ਰੇ ਮਨ ਟਹਲ ਹਰਿ ਸੁਖ ਸਾਰ॥ ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ॥ ੧॥ ਰਹਾਉ॥ ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ॥ ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ॥ ੧॥ ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ॥ ਸਭ ਤਜਹੁ ਦੂਜੀ ਆਸੜੀ ਰਖੁ ਆਸ ਇੱਕ ਨਿਰੰਕਾਰ॥ ੨॥ ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ॥ ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ॥ ੩॥ ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ॥ ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ॥ ੪॥ (ਪੰਨਾ ੯੮੬)
ਅਰਥ: ਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ। ਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ। ੧। ਰਹਾਉ।
ਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿੱਚ ਮਿਲਦੇ ਹਨ, (ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ। ੧।
ਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ। ਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇੱਕ ਪਰਮਾਤਮਾ ਦੀ ਹੀ ਆਸ ਰੱਖ। ੨।
ਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ। (ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ। ੩।
ਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ)। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ੪।
(ਅ) ਹਸਤ ਪੁਨੀਤ ਹੋਹਿ ਤਤਕਾਲ॥ ਬਿਨਸਿ ਜਾਹਿ ਮਾਇਆ ਜੰਜਾਲ॥ ਰਸਨਾ ਰਮਹੁ ਰਾਮ ਗੁਣ ਨੀਤ॥ ਸੁਖੁ ਪਾਵਹੁ ਮੇਰੇ ਭਾਈ ਮੀਤ॥ ੧॥ ਲਿਖੁ ਲੇਖਣਿ ਕਾਗਦਿ ਮਸਵਾਣੀ॥ ਰਾਮ ਨਾਮ ਹਰਿ ਅੰਮ੍ਰਿਤ ਬਾਣੀ॥ ੧॥ ਰਹਾਉ॥ ਇਹ ਕਾਰਜਿ ਤੇਰੇ ਜਾਹਿ ਬਿਕਾਰ॥ ਸਿਮਰਤ ਰਾਮ ਨਾਹੀ ਜਮ ਮਾਰ॥ ਧਰਮ ਰਾਇ ਕੇ ਦੂਤ ਨ ਜੋਹੈ॥ ਮਾਇਆ ਮਗਨ ਨ ਕਛੂਐ ਮੋਹੈ॥ ੨॥ ਉਧਰਹਿ ਆਪਿ ਤਰੈ ਸੰਸਾਰੁ॥ ਰਾਮ ਨਾਮ ਜਪਿ ਏਕੰਕਾਰੁ॥ ਆਪਿ ਕਮਾਉ ਅਵਰਾ ਉਪਦੇਸ॥ ਰਾਮ ਨਾਮ ਹਿਰਦੈ ਪਰਵੇਸ॥ ੩॥ ਜਾ ਕੈ ਮਾਥੈ ਏਹੁ ਨਿਧਾਨੁ॥ ਸੋਈ ਪੁਰਖੁ ਜਪੈ ਭਗਵਾਨੁ॥ ਆਠ ਪਹਰ ਹਰਿ ਹਰਿ ਗੁਣ ਗਾਉ॥ ਕਹੁ ਨਾਨਕ ਹਉ ਤਿਸੁ ਬਲਿ ਜਾਉ॥ ੪॥ (ਪੰਨਾ ੧੮੫)
ਅਰਥ:- (ਹੇ ਮੇਰ ਵੀਰ! ਆਪਣੀ ‘ਸੁਰਤਿ’ ਦੀ) ਕਲਮ (ਲੈ ਕੇ ਆਪਣੀ ‘ਕਰਣੀ’ ਦੇ) ਕਾਗ਼ਜ਼ ਉਤੇ ( ‘ਮਨ’ ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ, ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਲਿਖ। ੧। ਰਹਾਉ। ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੁਣ ਗਾਂਦਾ ਰਹੁ, ਤੂੰ ਆਤਮਕ ਆਨੰਦ ਮਾਣੇਂਗਾ, ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ, ਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ। ੧। (ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ। ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ, (ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ, ਤੂੰ ਮਾਇਆ (ਦੇ ਮੋਹ) ਵਿੱਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ। ੨।
(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਪਰਮਾਤਮਾ ਦਾ ਨਾਮ ਜਪ, ਇੱਕ ਓਅੰਕਾਰ ਨੂੰ ਸਿਮਰਦਾ ਰਹੁ, ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤਿ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ। (ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ। ੩।
(ਪਰ ਹੇ ਮੇਰੇ ਵੀਰ!) ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ। ਹੇ ਨਾਨਕ ਆਖ—ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ੪।
(ੲ) ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ॥ (ਪੰਨਾ ੧੩) ਅਰਥ:- ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ। ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ)।
(ਸ). . ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥ ੮॥ ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ॥ ੯॥ ਗੁਰ ਪਹਿ ਮੁਕਤਿ ਦਾਨੁ ਦੇ ਭਾਣੈ॥ ਜਿਨਿ ਪਾਇਆ ਸੋਈ ਬਿਧਿ ਜਾਣੈ॥ ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ॥ ੧੦॥ ਗੁਰ ਬਿਨੁ ਉਰਝਿ ਮਰਹਿ ਬੇਕਾਰਾ॥ ਜਮੁ ਸਿਰਿ ਮਾਰੇ ਕਰੇ ਖੁਆਰਾ॥ ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ॥ ੧੧॥ (ਪੰਨਾ ੧੦੨੫) ਅਰਥ:- ਹੇ ਭਾਈ! ਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ, ਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ। (ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ। ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ੮।
ਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿੱਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ। ਉਸ ਆਤਮਕ ਬਿਪਤਾ ਵਿੱਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ। ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿੱਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ)। ੯।
(ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿੱਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ, ਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ। ਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਹੇ ਭਾਈ! ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ। ੧੦।
ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿੱਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ, (ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ)। (ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ। ੧੧।
(ਹ) ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ॥ ਜਮਕਾਲੁ ਮਾਰੇ ਨਿਤ ਪਤਿ ਗਵਾਈ॥ ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ॥ ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ॥ (ਪੰਨਾ ੧੨੬੧) ਅਰਥ:- ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ, ਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ), ਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ।
ਪੁਰਾਣਾਂ ਅਨੁਸਾਰ ਜਮਾਂ ਦੀ ਮਾਰ ਤੋਂ ਕੁੱਝ ਵਿਸ਼ੇਸ਼ ਕਰਮਾਂ ਨਾਲ ਬਚਿਆ ਜਾ ਸਕਦਾ ਹੈ। ਜਿਹਨਾਂ ਕਰਮਾਂ ਦੁਆਰਾ ਜਮਾਂ ਦੀ ਮਾਰ ਤੋਂ ਬਚ ਸਕੀਦਾ ਹੈ, ਉਹਨਾਂ ਵਿੱਚੋਂ ਕੁੱਝ ਕੁ ਇਸ ਤਰ੍ਹਾਂ ਹਨ, (ਜਮਦੂਤ ਜੀਵ ਨੂੰ ਤਾੜਨਾ ਕਰਦੇ ਹੋਏ ਕਹਿੰਦੇ ਹਨ ਕਿ ਤੂੰ) “ਕਦੇ ਗਾਂ, ਕੁੱਤੇ ਅਤੇ ਕਾਂ ਇਹਨਾਂ ਨੂੰ ਅੱਧਾ ਗ੍ਰਾਹ ਵੀ ਨਹੀਂ ਦਿੱਤਾ, ਆਏ ਹੋਏ ਅਤਿਥੀ ਦਾ ਸਤਿਕਾਰ ਨਹੀਂ ਕੀਤਾ, ਪਿਤਰਾਂ ਨੂੰ ਤਰਪਣ ਅਤੇ ਪਿੰਡਦਾਨ ਨਹੀਂ ਕੀਤਾ। ਹੇ ਜੀਵ! ਆਪਣੇ ਆਪ ਨੂੰ ਸਜ਼ਾ ਤੋਂ ਛੁਡਾਉਣ ਲਈ ਨਾ ਤੂੰ ਕਦੀ ਜਮਰਾਜ ਅਤੇ ਚਿਤ੍ਰਗੁਪਤ ਦਾ ਧਿਆਨ ਕੀਤਾ ਅਤੇ ਨਾ ਕਦੀ ਮੰਤ੍ਰਾਂ ਦਾ ਚਿੰਤਨ ਕੀਤਾ। ਨਾ ਕੋਈ ਤੀਰਥ ਯਾਤਰਾ ਕੀਤੀ ਅਤੇ ਨਾ ਹੀ ਦੇਵਤਿਆਂ ਦਾ ਪੂਜਨ ਕੀਤਾ. . । (ਗਰੁੜ ਪੁਰਾਣ-ਅਧਿਆਏ ਤੀਜਾ)
ਪਰ ਗੁਰਬਾਣੀ ਵਿੱਚ ਜਿਸ ਜਮ ਮਾਰ ਦਾ ਵਰਨਣ ਹੈ, ਇਸ ਮਾਰ ਤੋਂ ਮਨੁੱਖ ਕਿਸੇ ਤਰ੍ਹਾਂ ਦੇ ਰਸਮੀ ਧਰਮ-ਕਰਮ ਨਾਲ ਆਪਣਾ ਬਚਾ ਨਹੀਂ ਕਰ ਸਕਦਾ ਹੈ:-
(ੳ) ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ॥ ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ॥ ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ॥ (ਪੰਨਾ ੧੨੭੭)
ਅਰਥ:- ਹੇ ਭਾਈ! ਪੰਡਿਤ ਲੋਕ ਮੁਨੀ ਲੋਕ (ਸ਼ਾਸਤ੍ਰਾਂ ਨੂੰ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ (ਕਰਮ ਕਾਂਡ ਦੇ ਗੇੜ ਵਿੱਚ ਪਾਈ ਰੱਖਣ ਵਾਲੇ) ਵੇਦ (ਆਦਿਕ ਧਰਮ-ਪੁਸਤਕਾਂ ਦਾ ਹੀ) ਅਭਿਆਸ ਕਰਦੇ ਰਹਿੰਦੇ ਹਨ, (ਪਰ ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਚਿੱਤ ਵਿੱਚ ਨਹੀਂ ਵੱਸਦਾ, ਪ੍ਰਭੂ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ, ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਮਨ ਵਿੱਚ (ਮਾਇਆ ਦੀ ਖ਼ਾਤਰ) ਠੱਗੀ (ਟਿਕੀ ਰਹਿਣ ਕਰਕੇ) ਆਤਮਕ ਮੌਤ ਬਣੀ ਰਹਿੰਦੀ ਹੈ।
(ਅ) ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ … ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ॥ ੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ ੩॥ (ਪੰਨਾ ੭੪੭)
ਅਰਥ:- ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆਂ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸ਼ਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ। ੧।
ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿੱਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ। ੨।
ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਸ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇੱਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ। ੩।
ਗੁਰਬਾਣੀ ਵਿੱਚ ਜਿਸ ਜਮ ਦੀ ਮਾਰ ਦਾ ਵਰਨਣ ਹੈ ਇਸ ਜਮ ਮਾਰ ਦਾ ਪੁਰਾਣਾਂ ਵਿੱਚ ਵਰਣਿਤ ਜਮ ਦੀ ਮਾਰ ਨਾਲੋਂ ਇੱਕ ਅੰਤਰ ਇਹ ਵੀ ਹੈ ਕਿ ਪੁਰਾਣਾਂ ਵਾਲੇ ਜਮਦੂਤ ਜਦੋਂ ਮਨੁੱਖ ਨੂੰ ਮਾਰਦੇ ਹਨ ਤਾਂ ਮਨੁੱਖ ਨੂੰ ਇਸ ਮਾਰ ਦੀ ਪੀੜਾ ਨੂੰ ਮਹਿਸੂਸ ਕਰਦਾ ਹੈ। ਪਰ ਗੁਰਬਾਣੀ ਵਿੱਚ ਇਹਨਾਂ ਜਮਾਂ ਦੀ ਮਾਰ ਖਾ ਰਹੇ ਪ੍ਰਾਣੀ ਨੂੰ ਆਮ ਤੌਰ `ਤੇ ਇਸ ਪੀੜਾ ਅਹਿਸਾਸ ਹੀ ਨਹੀਂ ਹੁੰਦਾ ਹੈ। ਚੂੰਕਿ ਅਜਿਹਾ ਪ੍ਰਾਣੀ ਆਤਮਕ ਤੌਰ `ਤੇ ਮਰਿਆ ਹੋਇਆ ਹੁੰਦਾ ਹੈ। ਇਸ ਲਈ ਉਸ ਨੂੰ ਆਤਮਕ ਜੀਵਨ ਦੀ ਅਹਿਮੀਅਤ ਦੀ ਸੋਝੀ ਹੀ ਨਹੀਂ ਹੁੰਦੀ। ਇਸ ਲਈ ਉਸ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਹੁੰਦੀ ਕਿ ਉਸ ਨੂੰ ਜਮ ਦੂਤਾਂ ਵਲੋਂ ਸਜ਼ਾ ਮਿਲ ਰਹੀ ਹੈ।
ਸਤਿ ਸੰਗਤ ਦਾ ਮੁੱਖ ਰੂਪ ਵਿੱਚ ਇਹੀ ਲਾਭ ਹੈ ਕਿ ਮਨੁੱਖ ਨੂੰ ਇਹਨਾਂ ਜਮਦੂਤਾਂ ਵਲੋਂ ਪੈ ਰਹੀ ਮਾਰ ਦਾ ਅਹਿਸਾਸ ਹੋਣ ਲਗਦਾ ਹੈ। ਇਹ ਅਹਿਸਾਸ ਹੋਣ ਮਗਰੋਂ ਹੀ ਇਸ ਤੋਂ ਬਚਣ ਲਈ ਮਨੁੱਖ ਉਪਰਾਲਾ ਕਰਦਾ ਹੈ। ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਵਿੱਚ ਇਸ ਹਕੀਕਤ ਨੂੰ ਇਸ ਤਰ੍ਹਾਂ ਦਰਸਾਇਆ ਹੈ:-
(ੳ) ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ॥ ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ॥ (ਪੰਨਾ ੧੨੭੯) ਅਰਥ:- ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ) ਫਾਹੀ ਵਿੱਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ)। (ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ, ਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿੱਚ ਵਿਚਾਰ ਨਹੀਂ ਕਰਦਾ।
(ਅ) ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ॥ (ਪੰਨਾ ੬੦੦)
ਅਰਥ:-ਹੇ ਭਾਈ! ਇਸ ਸਰੀਰ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਚੋਰ ਵੱਸਦੇ ਹਨ, (ਇਹ ਮਨੁੱਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁੱਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ) ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਜਗਤ ਅੰਨ੍ਹਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ।
ਹਾਂ, ਜਿੱਥੇ ਜਮ ਦੀ ਮਾਰ ਸ਼ਬਦ ਮੁਹਾਵਰੇ ਦੇ ਰੂਪ ਆਇਆ ਹੈ, ਉੱਥੇ ਇਹ ਸ਼ਬਦ ਨਿਮਨ ਲਿਖਤ ਭਾਵਾਰਥ ਵਿੱਚ ਆਇਆ ਹੈ:-
ਦੁਖ ਮਹੁਰਾ ਮਾਰਣ ਹਰਿ ਨਾਮੁ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ॥ ਨਿਤ ਨਿਤ ਲੇਹੁ ਨ ਛੀਜੈ ਦੇਹ॥ ਅੰਤ ਕਾਲਿ ਜਮੁ ਮਾਰੈ ਠੇਹ॥ (ਪੰਨਾ ੧੨੫੭) ਅਰਥ:- (ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ, (ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿੱਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ। (ਹੇ ਭਾਈ! ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿੱਚ ਨਹੀਂ ਜਾਈਦਾ, ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ।
ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਵਿੱਚ ਜਮਾਂ ਦੀ ਮਾਰ ਦਾ ਸਪਸ਼ਟ ਰੂਪ ਵਿੱਚ ਵਰਨਣ ਹੈ। ਜਮਾਂ ਦੀ ਮਾਰ ਦੇ ਇਸ ਸਪਸ਼ਟ ਰੂਪ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰਬਾਣੀ ਵਿੱਚ ਵਰਣਿਤ ਜਮਾਂ ਦੀ ਮਾਰ ਦਾ ਪੁਰਾਣਾਂ ਵਿੱਚ ਵਰਣਿਤ ਜਮਾਂ ਦੀ ਮਾਰ ਨਾਲ ਕੋਈ ਸੰਬੰਧ ਨਹੀਂ ਹੈ।
ਗੁਰਬਾਣੀ ਮਨੁੱਖ ਨੂੰ ਗੁਰੂ ਗਿਆਨ ਦੁਆਰਾ ਇਸ ਜਮ ਨੂੰ ਮਾਰ ਕੇ ਪਵਿਤ੍ਰੱਤਾ ਦੀ ਜ਼ਿੰਦਗੀ ਜਿਊਂਣ ਦੀ ਪ੍ਰੇਰਨਾ ਦੇਂਦੀ ਹੈ:-
ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ॥ ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ॥ (ਪੰਨਾ ੨੩੫) ਅਰਥ:- ਹੇ ਬੇ-ਮੁਹਾਰ ਮਨ! ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ ਬਣ। ਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ) ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿੱਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ।




.