.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ

(ਭਾਗ ਚੌਥਾ)
ਜਮ ਜਾਲ

ਜਾਲ ਦਾ ਅਰਥ ਹੈ ਪੰਛੀ ਤੇ ਮੱਛੀਆਂ ਨੂੰ ਫਸਾਉਣ (ਫੜਨ) ਵਾਲਾ ਤੰਦਾਂ-ਤਾਗਿਆਂ ਦੀ ਬਣਾਈ ਹੋਈ ਫਾਸੀ, ਜਾਲ ਅਥਵਾ ਫਾਹੀ। ਜਮ ਜਾਲ ਦਾ ਅਰਥ ਹੈ ਜਮ ਦਾ ਜਾਲ; ਜਮ ਦੀ ਫਾਹੀ। ਭਾਵ, ਮੌਤ ਦਾ ਜਾਲ;
ਆਤਮਕ ਮੌਤ ਦਾ ਜਾਲ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਜਿਸ ਜਮ ਜਾਲ ਦਾ ਵਰਨਣ ਹੈ, ਉਸ ਨਾਲ ਮਨੁੱਖ ਦਾ ਵਾਹ ਮੌਤ ਮਗਰੋਂ ਪੈਂਦਾ ਹੈ ਪਰ ਗੁਰਬਾਣੀ ਵਿੱਚ ਜਿਸ ਜਮ ਜਾਲ ਦਾ ਵਰਨਣ ਹੈ, ਉਹ ਸਰੀਰ ਤਿਆਗਣ ਮਗਰੋਂ ਨਹੀਂ ਬਲਕਿ ਸਰੀਰ ਵਿੱਚ ਰਹਿੰਦਿਆਂ ਹੀ ਪੈਂਦਾ ਹੈ। ਜਦੋਂ ਕੋਈ ਮਨੁੱਖ ਇਨਸਾਨੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ, ਤਦੋਂ ਉਹ ਇਸ ਜਮ ਜਾਲ ਦਾ ਸ਼ਿਕਾਰ ਹੋ ਜਾਂਦਾ ਹੈ। ਨਿਮਨ ਲਿਖਤ ਫ਼ਰਮਾਨਾਂ ਵਿੱਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ॥ ੧॥ ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ॥ (ਪੰਨਾ ੧੧੨੫) ਅਰਥ:- ਹੇ ਪ੍ਰਾਣੀ! ਤੇਰੀਆਂ ਅੱਖਾਂ ਵਿੱਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ)। ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ। ਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ? । ੧।
(ਨੋਟ: ‘ਕਿਉ ਛੋਡੈ ਜਮ ਜਾਲੋ’ ਦਾ ਸ਼ਿਕਾਰ ਮਨੁੱਖ ਮਰਨੋ ਮਗਰੋਂ ਨਹੀਂ ਬਲਕਿ ਇਸ ਸਰੀਰ ਵਿੱਚ ਵਿਚਰਦਿਆਂ ਹੋਇਆਂ ਹੀ ਹੁੰਦਾ ਹੈ। ਇਹ ਭਾਵ ਇਸ ਸ਼ਬਦ ਦੀਆਂ ਬਾਕੀਆਂ ਪੰਗਤੀਆਂ ਨੂੰ ਪੜ੍ਹਣ ਨਾਲ ਹੋਰ ਵੀ ਸਪਸ਼ਟ ਹੁੰਦਾ ਹੈ। ਇਸ ਸ਼ਬਦ ਦੀਆਂ ਬਾਕੀ ਤੁਕਾਂ ਇਸ ਤਰ੍ਹਾਂ ਹਨ:-
ਪ੍ਰਾਣੀ ਹਰਿ ਜਪਿ ਜਨਮੁ ਗਇਓ॥ ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ॥ ੧॥ ਰਹਾਉ॥ ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ॥ ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ॥ ੨॥ ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ॥ ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ॥ ੩॥ ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ॥ ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ॥ ੪॥
ਅਰਥ:-ਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ। ੧। ਰਹਾਉ।
ਹੇ ਪ੍ਰਾਣੀ! ਤੇਰੇ ਸਰੀਰ ਵਿੱਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿੱਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?)। ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ। ੨।
ਹੇ ਪ੍ਰਾਣੀ! (ਸਿਫ਼ਤਿ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮਤਿ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤਿ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ। ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ। ੩।
(ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿੱਚ ਉਸ ਦੀ ਸੁਰਤਿ ਟਿਕੀ ਰਹਿੰਦੀ ਹੈ, ਉਹ (ਦੁਨੀਆ ਵਿੱਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿੱਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ। ੪।)
(ਅ) ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ॥ ਅੰਧਾ ਭੂਲਿ ਪਇਆ ਜਮ ਜਾਲੇ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ॥ (ਪੰਨਾ ੧੩੯)
ਅਰਥ:- (ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ (ਪਰ) ਮਨ ਵਿੱਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ, (ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿੱਚ ਫਸਿਆ ਹੋਇਆ ਹੈ, ਹਉਮੈ ਵਿੱਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।
ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿੱਚ ਟਿਕਿਆ ਰਹਿੰਦਾ ਹੈ।
(ੲ) ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ॥ ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ॥ ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ॥ (ਪੰਨਾ ੪੩੯)
ਅਰਥ:- ਹੇ ਮੇਰੇ ਪਰਦੇਸੀ ਜੀਵਾਤਮਾ! ਤੂੰ ਕਿਉਂ (ਮਾਇਆ ਦੇ) ਜੰਜਾਲ ਵਿੱਚ ਫਸ ਰਿਹਾ ਹੈਂ? ਜੇ ਸਦਾ-ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿੱਚ ਵੱਸਦਾ ਹੋਵੇ ਤਾਂ ਤੂੰ (ਮਾਇਆ ਦੇ ਮੋਹ-ਰੂਪ) ਜਮ ਦੇ ਖਿਲਾਰੇ ਹੋਏ ਜਾਲ ਵਿੱਚ ਕਿਉਂ ਫਸੇਂ?
(ਹੇ ਮੇਰੀ ਜਿੰਦੇ! ਵੇਖ) ਜਦੋਂ ਸ਼ਿਕਾਰੀ ਨੇ (ਪਾਣੀ ਵਿਚ) ਜਾਲ ਪਾਇਆ ਹੁੰਦਾ ਹੈ ਤੇ ਮੱਛੀ (ਭਿੱਤੀ ਦੇ ਲੱਬ ਵਿੱਚ ਫਸ ਕੇ ਜਾਲ ਵਿੱਚ ਫਸ ਜਾਂਦੀ ਹੈ ਤੇ ਪਾਣੀ ਤੋਂ) ਵਿੱਛੁੜ ਜਾਂਦੀ ਹੈ ਤਦੋਂ ਅੱਖਾਂ ਭਰ ਕੇ ਰੋਂਦੀ ਹੈ (ਇਸੇ ਤਰ੍ਹਾਂ ਜੀਵ ਨੂੰ) ਇਹ ਜਗਤ ਮਿੱਠਾ ਲੱਗਦਾ ਹੈ, ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਪਰ (ਫਸ ਕੇ) ਅੰਤ ਵੇਲੇ ਇਹ ਭੁਲੇਖਾ ਦੂਰ ਹੁੰਦਾ ਹੈ (ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮਾਇਕ ਪਦਾਰਥ ਭੀ ਸਾਥ ਛੱਡ ਜਾਂਦੇ ਹਨ)।
ਹੇ ਮੇਰੀ ਜਿੰਦੇ! ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਭਗਤੀ ਕਰ ਕੇ ਇਸ ਤਰ੍ਹਾਂ ਆਪਣੇ ਮਨ ਵਿਚੋਂ ਫ਼ਿਕਰ-ਅੰਦੇਸ਼ੇ ਦੂਰ ਕਰ ਲੈ। ਨਾਨਕ ਆਖਦਾ ਹੈ—ਹੇ ਮੇਰੇ ਪਰਦੇਸੀ ਜੀਊੜੇ! ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ।
(ਸ) ਫਿਰਿ ਫਿਰਿ ਫਾਹੀ ਫਾਸੈ ਕਊਆ॥ ਫਿਰਿ ਪਛੁਤਾਨਾ ਅਬ ਕਿਆ ਹੂਆ॥ ਫਾਥਾ ਚੋਗ ਚੁਗੈ ਨਹੀ ਬੂਝੈ॥ ਸਤਗੁਰੁ ਮਿਲੈ ਤ ਆਖੀ ਸੂਝੈ॥ ਜਿਉ ਮਛੁਲੀ ਫਾਥੀ ਜਮ ਜਾਲਿ॥ ਵਿਣੁ ਗੁਰ ਦਾਤੇ ਮੁਕਤਿ ਨ ਭਾਲਿ॥ ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ॥ ਇੱਕ ਰੰਗਿ ਰਚੈ ਰਹੈ ਲਿਵ ਲਾਇ॥ ਇਵ ਛੂਟੈ ਫਿਰਿ ਫਾਸ ਨ ਪਾਇ॥ (ਪੰਨਾ ੯੩੫)
ਅਰਥ:- ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿੱਚ ਫਸਦਾ ਹੈ, (ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ; ਫਸਿਆ ਹੋਇਆ ਭੀ (ਫਾਹੀ ਵਿੱਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ। ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ। ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿੱਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿੱਚ ਫਸਦਾ ਹੈ)। (ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)। (ਇਸ ਫਾਹੀ ਵਿੱਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ। ਜੋ ਜੀਵ ਇੱਕ ਗੋਪਾਲ ਦੇ ਪਿਆਰ ਵਿੱਚ ਜੁੜਦਾ ਹੈ ਤੇ ਸੁਰਤਿ ਲਾਈ ਰੱਖਦਾ ਹੈ; ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ।
(ਹ) ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ ਦੂਜੈ ਭਾਇ ਫਾਥੇ ਜਮ ਜਾਲਾ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ॥ ੧॥ (ਪੰਨਾ ੧੧੩੩)
ਅਰਥ:- ਹੇ ਭਾਈ! (ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ—) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ। ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿੱਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ। ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ। ੧।
ਇਸ ਜਮ ਜਾਲ ਦਾ ਸ਼ਿਕਾਰ ਹਰੇਕ ਉਹ ਮਨੁੱਖ ਹੋ ਜਾਂਦਾ ਹੈ ਜੋ ਇਨਸਾਨੀਅਤ ਤੋਂ ਹੇਠਾਂ ਡਿੱਗ ਪੈਂਦਾ ਹੈ:-
(ੳ) ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ॥ ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ॥ ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ॥ (ਪੰਨਾ ੩੦)
ਅਰਥ:- ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)। ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ, ਉਹ ਸਦਾ ਜਮ ਦੇ ਜਾਲ ਵਿੱਚ ਜਮ ਦੀ ਤੱਕ ਵਿੱਚ ਰਹਿੰਦੇ ਹਨ। ਕਦੇ ਸੁਪਨੇ ਵਿੱਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ।
(ਅ) ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ॥ ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ॥ (ਪੰਨਾ ੧੩੩੫) ਅਰਥ:- ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿੱਚ ਫਸੇ ਰਹਿੰਦੇ ਹਨ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਇੱਕ ਖਿਨ ਭਰ ਭੀ ਇੱਕ ਪਲ ਭਰ ਭੀ ਨਹੀਂ ਵੱਸਦਾ। ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿੱਚ ਵਾਲ ਵਾਲ ਬੱਝੇ ਰਹਿੰਦੇ ਹਨ।
ਇਸ ਜਮ ਜਾਲ ਦਾ ਰੂਪ ਮਾਇਆ ਦੇ ਮੋਹ ਵਿੱਚ ਗ਼ਲਤਾਨ ਹੋ ਕੇ ਇਨਸਾਨੀਅਤ ਦਾ ਤਿਆਗ ਹੈ। ਇਸ ਜਮ ਜਾਲ ਵਿੱਚ ਫਸਿਆ ਹੋਇਆ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਹੇਠ ਲਿਖੇ ਸ਼ਬਦ ਵਿੱਚ ਜਮ ਜਾਲ ਦਾ ਰੂਪ ਦੇਖਿਆ ਜਾ ਸਕਦਾ ਹੈ:-
ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ॥ ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ॥ ੧॥ ਤੇਰੀ ਸਰਣਿ ਪ੍ਰਭ ਦੀਨ ਦਇਆਲਾ॥ ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ॥ ੧॥ ਰਹਾਉ॥ ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ॥ ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ॥ ੨॥ (ਪੰਨਾ ੮੦੬)
ਅਰਥ:-ਦੀਨਾਂ ਉਤੇ ਦਇਆ ਕਰਨ ਵਾਲੇ ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿੱਚ (ਰੱਖ ਕੇ), ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ, ਇਸ ਸੰਸਾਰ-ਸਮੁੰਦਰ ਵਿੱਚ ਡੁੱਬਣੋਂ) ਬਚਾ ਲੈ। ੧। ਰਹਾਉ।
(ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿੱਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿੱਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ। ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ, ਜਮ ਦੇ ਜਾਲ ਵਿੱਚ ਸਦਾ ਫਸਿਆ ਰਹਿੰਦਾ ਹੈ। ੧। ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ ਸੁਆਮੀ! (ਜੀਵਾਂ ਨੂੰ ਮਿਲੇ ਹੋਏ) ਇਹ ਜਿੰਦ ਤੇ ਸਰੀਰ ਸਭ ਕੁੱਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ। ਹੇ ਨਾਨਕ! ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ! (ਜੀਵ ਮਾਇਆ ਵਿੱਚ ਭਟਕ ਰਹੇ ਹਨ, ਜੀਵਾਂ ਦੇ ਇਹ) ਭਟਕਣਾ ਦੇ ਬੰਧਨ ਕੱਟ ਦੇਹ। ੨।
ਪੁਰਾਣਾਂ ਆਦਿ ਵਿੱਚ ਜਿਸ ਜਮ ਦੇ ਜਾਲ ਦਾ ਵਰਨਣ ਹੈ ਉਸ ਵਿੱਚੋਂ ਰਸਮੀ ਧਰਮ ਕਰਮ ਦੁਆਰਾ ਮਨੁੱਖ ਆਪਣਾ ਬਚਾ ਕਰ ਸਕਦਾ ਹੈ ਪਰੰਤੂ ਗੁਰਬਾਣੀ ਵਿੱਚ ਵਰਣਿਤ ਜਮ ਜਾਲ ਵਿੱਚੋਂ ਕਿਸੇ ਵੀ ਰਸਮੀ ਧਰਮ ਕਰਮ ਦੁਆਰਾ ਆਪਣੇ ਆਪ ਦਾ ਬਚਾਓ ਨਹੀਂ ਕਰ ਸਕੀਦਾ ਹੈ। ਇਸ ਜਮ ਜਾਲ ਦਾ ਸ਼ਿਕਾਰ ਕਿਵੇਂ ਹੋਈਦਾ ਹੈ? ਇਸ ਵਿੱਚੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕੀਦਾ ਹੈ; ਇਸ ਦਾ ਉੱਤਰ ਗੁਰਬਾਣੀ ਵਿੱਚ ਇਸ ਤਰ੍ਹਾਂ ਦਿੱਤਾ ਹੋਇਆ ਹੈ:-
(ੳ) ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ॥ ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ॥ ੧॥ ਮਨਿ ਤਨਿ ਬਾਛੀਐ ਜਨ ਧੂਰਿ॥ ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ॥ ੧॥ ਰਹਾਉ॥ ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ॥ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ॥ ੨॥ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ॥ ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ॥ ੩॥ ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ॥ ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ॥ ੪॥ ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ॥ ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ॥ ੫॥
ਪੰਨਾ ੫੦੨)

ਅਰਥ:-ਹੇ ਭਾਈ! ਆਪਣੇ ਮਨ ਵਿਚ, ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ (ਤੇ, ਪ੍ਰਭੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ-) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ ‘ਜਨ-ਧੂਰਿ’ ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ। ੧। ਰਹਾਉ।
ਹੇ ਭਾਈ! ਅਹੰਕਾਰ ਇੱਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। (ਹੇ ਭਾਈ!) ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ। ੧।
ਹੇ ਭਾਈ! (ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿੱਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ। ਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ। ੨।
ਹੇ ਭਾਈ! ਜੇਹੜੇ ਮਨੁੱਖ ਕਾਮ, ਕ੍ਰੋਧ, ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿੱਚ ਭਟਕਣਾ ਮੁੱਕ ਜਾਂਦਾ ਹੈ। ੩।
ਹੇ ਭਾਈ! ਮਿੱਤਰ, ਪੁੱਤਰ, ਇਸਤ੍ਰੀ (ਆਦਿਕ ਦੇ ਮੋਹ ਵਿੱਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ। ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ, ਸੰਤ ਜਨਾਂ ਨੂੰ ਮਿਲ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ। ੪।
(ਹੇ ਭਾਈ! “ਬਿਕਰਾਲ ਆਸਾ ਕੂਕਰੀ” ਦੇ ਪੰਜੇ ਵਿੱਚ ਪਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ “ਬਿਕਰਾਲ ਆਸਾ ਕੂਕਰੀ” ਪਾਸੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! (ਆਖ-ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ। ੫।
(ਅ) ਕਾਲੁ ਜਾਲੁ ਜਿਹਵਾ ਅਰੁ ਨੈਣੀ॥ ਕਾਨੀ ਕਾਲੁ ਸੁਣੈ ਬਿਖੁ ਬੈਣੀ॥ ਬਿਨੁ ਸਬਦੈ ਮੂਠੇ ਦਿਨੁ ਰੈਣੀ॥ ਹਿਰਦੈ ਸਾਚੁ ਵਸੈ ਹਰਿ ਨਾਇ॥ ਕਾਲੁ ਨ ਜੋਹਿ ਸਕੈ ਗੁਣ ਗਾਇ॥ ਨਾਨਕ ਗੁਰਮੁਖਿ ਸਬਦਿ ਸਮਾਇ॥ (ਪੰਨਾ ੨੨੭) ਅਰਥ:- (ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ, ਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)। ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ।
ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ (ਸਦਾ) ਟਿਕਿਆ ਰਹਿੰਦਾ ਹੈ, ਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ। ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿੱਚ ਸਦਾ) ਲੀਨ ਰਹਿੰਦਾ ਹੈ।
(ੲ) ਹਰਿ ਹਰਿ ਨਾਮੁ ਜਪਹੁ ਬਨਵਾਲੀ॥ ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ॥ (ਪੰਨਾ ੧੧੩੪)
ਅਰਥ:-ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ—ਹੇ ਪ੍ਰਭੂ! ਸਾਨੂੰ ਸਤ ਸੰਗਤਿ ਵਿੱਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤਿ ਵਿੱਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ। ੧। ਰਹਾਉ।
ਜਮ ਜਾਲ ਲਈ ਕਿਤੇ ਕਾਲ ਜਾਲ ਅਤੇ ਮਾਇਆ ਜਾਲ ਸ਼ਬਦ ਵੀ ਆਇਆ ਹੈ। ਜਿਸ ਤਰ੍ਹਾਂ:-
(੧) ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ॥ ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ॥ (ਪੰਨਾ ੭੦੧) ਅਰਥ:- (ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ। ਆਤਮਕ ਮੌਤ ਲਿਆਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ।
(੨). . ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥ ੨॥ ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ॥ ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ॥ ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ॥ ੩॥ (ਪੰਨਾ ੫੦)
ਅਰਥ:- ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ, (ਤਿਵੇਂ) ਲੋਭੀ ਜੀਵ ਨੂੰ ਭੀ ਕੁੱਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ। ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ। ੨।
ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿੱਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ, ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ, (ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। ੩।
ਇਹ ਜਮ ਜਾਲ ਹੀ ਸੰਸਾਰ-ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਹੀ ਸਾਡੇ ਜੀਵਨ ਦਾ ਆਦਰਸ਼ ਹੈ। ਇਸ ਵਿੱਚੋਂ ਮਰਨ ਮਗਰੋਂ ਨਹੀਂ ਬਲਕਿ ਜਿਊਂਦੇ ਜੀਅ ਹੀ ਨਿਕਲਣਾ ਹੈ।
ਸੋ, ਗੱਲ ਕੀ, ਗੁਰਬਾਣੀ ਵਿੱਚ ਜਿਸ ਜਮ ਜਾਲ ਦਾ ਵਰਨਣ ਹੈ, ਇਸ ਜਮ ਜਾਲ ਦਾ ਮਨੁੱਖ ਮਰਨ ਮਗਰੋਂ ਨਹੀਂ ਬਲਕਿ ਜਿਊਂਦੇ ਜੀਅ ਹੀ ਸ਼ਿਕਾਰ ਹੁੰਦਾ ਹੈ। ਇਸ ਜਮ ਜਾਲ ਦਾ ਪੁਰਾਣਾਂ ਵਿੱਚ ਵਰਣਿਤ ਜਮ ਜਾਲ ਨਾਲ ਕੋਈ ਸੰਬੰਧ ਨਹੀਂ ਹੈ।




.