.

ਭੱਟਾਂ ਦੀ ਵਿਦਾਇਗੀ, ਗੁਰੂਪਰਮੇਸ਼ਰ ਦੇ ਪਾਵਨ ਇਤਿਹਾਸ ਵਿੱਚ ਪੁਰਾਣਿਕ ਝੂਠ-ਸੜਾਂਦ ਦਾ ਹੋਰ ਰਲਾ

ਵੇਦਾਂ ਵਾਂਗ ਸਾਰੇ ‘ਰਾਗ’, ਮਨੁਖਾ ਦੇਹ ਧਾਰ ਕੇ,

ਉਸੇ ਬਿਵਰਜਤ ਥਾਂ ਵਿੱਚ ਆ ਵੜੇ?

ਗੁਰਮਤਿ ਦੀ ਵਿਰੋਧਤਾ ਲਈ ਬਣਾਈ- ਆਪਣੀ ਪੱਕੀ ਯੋਜਨਾ ਅਧੀਨ ਲਿਖਾਰੀ ਗੁਰਮਤਿ ਵਿਰੋਧੀ ਇਹ ਗਲ ਲਿਖਣੀ ਨਹੀਂ ਭੁਲਿਆ ਕਿ. ਭੱਟਾਂ ਦੇ ਇਨ੍ਹਾਂ ਸਵਈਆਂ ਨੂੰ ਚਿਤ ਲਾ ਕੇ ਪਰੀਤ ਨਾਲ ਪੜ੍ਹਨ ਵਾਲੇ ਨੂੰ ਵਿਸ਼ੇਸ਼ ਫਲ ਪ੍ਰਾਪਤ ਹੋਵੇਗਾ:-

ਦੋਹਰਾ॥ ਸ੍ਰੀ ਗੁਰ ਨਾਨਕ ਜਸੁ ਕਰਾ ਸਵੱਯੇ ਗ੍ਰਹ ਕੇ ਮਾਹਿ। ਧਾਰਿ ਪ੍ਰੀਤਿ ਜੋ ਨਰੁ ਪੜ੍ਹੈ ਭੁਗਤਿ ਮੁਕਤਿ ਫਲ ਪਾਹਿ॥ 641॥

ਟੂਕ ਵਿੱਚ ਲਿਖੇ ਸੰਪਾਦਕ ਸਾਹਿਬਾਨ ਅਨੁਸਾਰ ਗ੍ਰਿਹ ਦੇ ਅਰਥ= ਨੌ (9) ਸਵੱਯੇ (ਪਰ ਗੁਰੂ ਗ੍ਰੰਥ ਸਾਹਿਬ ਅੰਦਰ 10 ਦਰਜ ਹਨ) ਲਿਖੇ ਹਨ। ਅਰਥ= 9 ਸਵੱਯਾਂ ਵਿੱਚ ਸ੍ਰੀ ਗੁਰੂ ਨਾਨਕ ਜੀ ਦਾ ਜਸ ਕੀਤਾ ਜਿਹੜਾ ਮਨੁੱਖ ਪ੍ਰੀਤਿ ਧਾਰ ਕੇ ਪੜ੍ਹੇਗਾ ਉਹ ਮੁਕਤਿ ਪਦਾਰਥ ਪ੍ਰਾਪਤ ਹੋਵੇਗਾ। 641.

ਗੁਰ ਅੰਗਦ ਕਾ ਜਸੁ ਕੀਯੋ ਸਵੱਯੇ ਦਸ ਪ੍ਰਗਟਾਇ। ਭਗਤਿ ਗਿਆਨੁ ਤਿਹ ਉਰਿ ਬਸੈ ਜੋਊ ਪੜ੍ਹੈ ਹਿਤ ਲਾਇ॥ 642॥

ਫਿਰ ਦਸਾਂ ਸਵੱਯਾਂ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਜਸ ਪ੍ਰਗਟਾਇਆ, ਜਿਹੜਾ ਇਨਾਂ ਨੂੰ ਪ੍ਰੇਮ ਸਹਿਤ ਪੜ੍ਹੇਗਾ ਉਸ ਦੀ ਹਿਰਦੇ ਵਿੱਚ (ਈਸ਼ਵਰ ਦੀ) ਭਗਤੀ ਦਾ ਗਿਆਨ ਵੱਸ ਜਾਵੇਗਾ। 642॥ ਸਮਝ ਕੇ ਉਸ ਅਨੁਸਾਰ ਜੀਵਨ ਢਾਲ ਲੈਣ ਦੀ ਗੱਲ, ਲਿਖਾਰੀ ਭੁੱਲ ਕੇ ਵੀ ਨਹੀਂ ਲਿਖਦਾ। …. . ਮੁਕਤਿ ਭੁਗਤਿ ਦਾਇਕ ਗੁਰ ਪੂਰਾ। ਗੁਰ ਅਰਜਨ ਕਾ ਜਸੁ ਰਚਿ ਰੂਰਾ।

ਬੀਸ ਏਕ ਸਵੱਯੇ ਗੁਨ ਗਾਏ। ਇੱਕ ਸੌ ਬਾਈ ਭਏ ਸਮਦਾਏ॥ 644॥

ਮੁਕਤੀ ਤੇ ਭੋਗ ਦੀ ਬਖ਼ਸ਼ਸ਼ ਕਰਨ ਵਾਲੇ ਗੁਰੂ ਅਰਜੁਨ ਦੇ 21 ਸਵੀਯਾਂ ਵਿੱਚ ਸੁੰਦਰ ਜਸ ਲਿਖਿਆ। ਇਸ ਤਰ੍ਹਾਂ ਕੁਲ ਜੋੜ 122 ਸਵੱਯੇ ਹੋ ਗਿਆ। ਲਿਖਾਰੀ ਨੇ ਜੋੜ 122 ਠੀਕ ਨਹੀਂ ਅਸਲ ਵਿੱਚ ਭੱਟਾਂ ਦੇ ਕੁਲ ਸਵੱਯੇ 143 ਹਨ। ਸਵੱਯੇ ਲਿਖ ਕੇ ਲਿਖਾਰੀ ਦੇ ਭੱਟ-ਰੂਪ ਚੌਹਾਂ ਵੇਦਾਂ ਨੇ ਅਤੇ ਪੰਜਵੇ ਭਿੱਖਾ-ਰੂਪ ਭਗਵਾਨ ‘ਬ੍ਰਹਮਾ’ ਨੇ, ਸਤਿਗੁਰੂ ਜੀ ਅੱਗੇ ਨਮਸਕਾਰਾਂ ਕੀਤੀਆਂ ਤਾਂ:--

ਅਤਿ ਪ੍ਰਸੰਨ ਭਏ ਕ੍ਰਿਪਾ ਨਿਧਾਨਾ। ਸਵੱਏ ਲਿਖੇ ਗ੍ਰੰਥ ਮਨਮਾਨਾ।

ਮਨ ਇਛੇ ਸਭ ਕੋ ਵਰੁ ਦੀਨੋ। ਕੀਨ ਸਿੱਖ ਭ੍ਰਮ ਤਿਨ ਕਾ ਖੀਨੋ॥ 646॥

ਅਰਥ:-ਬਹੁਤ ਪ੍ਰਸੰਨ ਹੋ ਕੇ ਕ੍ਰਿਪਾ ਦੇ ਖ਼ਜ਼ਾਨੇ ਸਤਿਗੁਰੂ ਜੀ ਨੇ, ਬੜੇ ਸਨਮਾਨ ਨਾਲ ਭੱਟਾਂ ਦ ਸਵਈਏ ਗ੍ਰੰਥ ਵਿੱਚ ਲਿਖ ਲਏ। ਸਿੱਖ ਬਣਾ ਕੇ ਉਨ੍ਹਾਂ ਦੇ ਭਰਮ ਦਾ ਨਾਸ ਕੀਤਾ

ਦੋਹਰਾ॥ ਬਾਰ ਬਾਰ ਬੰਦਨ ਕਰੀ ਸ੍ਰੀ ਗੁਰ ਆਗਯਾ ਪਾਇ।

ਸਭੀ ਭਾਟ ਵਿਦਿਆ ਭਏ ਸ਼ਾਂਤਿ ਗਯਾਨ ਮਨਿ ਆਇ॥ 647}

ਕਈ ਵਾਰ ਨਮਸਕਾਰਾਂ ਕੀਤੀਆਂ, ਮਨ ਇੱਛੇ ਵਰ ਲੈ ਕੇ ਭਟ-ਰੂਪ ਹਿੰਦੂਆਂ ਦੇ ਚਾਰੇ ਵੇਦ, ਉਥੋਂ ਚਲਦੇ ਬਣੇ। ਸਤਿਗੁਰਾਂ ਨੇ ਸਲੋਕ ਵਾਰਾਂ ਤੋਂ ਵਧੀਨ ਮੁੰਦਾਵਣੀ ਤੇ ਤਤਕਰਾ ਲਿਖ ਕੇ (ਗੁਰੂ) ਗ੍ਰੰਥ ਪੂਰਾ ਕਰ ਲਿਆ। ਐਨ ਉਸੇ ਵੇਲੇ:-

ਸਾਰੇ ਰਾਗ ਇਕੱਤਰ ਹੋ ਕੇ ਉਸੇ ਬਿਵਰਜਤ ਥਾਂ ਤੇ ਆ ਵੜੇ --

ਚੌਪਈ॥ ਤਬ ਲਉ ਰਾਗ ਸਭੀ ਇਕਠਾਏ। ਗੁਰ ਅਰਜਨ ਕੇ ਸਨਮੁਖ ਆਏ।

ਕ੍ਰਿਪਾ ਸਿੰਧ ਕੀ ਉਸਤਤਿ ਕਰੀ। ਭਾਂਤ ਭਾਂਤ ਮਨਿ ਅਨੰਦੁ ਭਰੀ॥ 649॥

ਦੇਵੀ ਦੇਵਤਿਆਂ ਨੂੰ ਫੂਕ ਛਕਾਉਣ ਲਈ ਵਰਤੀ ਜਾਂਦੀ ਪੁਰਾਣਾ ਵਾਲੀ ਲਿਖਣ ਵਿਧੀ, ਪਗ ਹਰ ਨਵੇਂ ਆਉਣ ਵਾਲੇ ਕੋਲੋਂ ਸਤਿਗੁਰੂ ਜੀ ਦੀ ਮੁੜ ਮੁੜ ‘ਉਸਤਤਿ’ ਦਰਸਾ ਰਿਹਾ, ਅਥਵਾ ਘਟੀਆਂ ਤੋਂ ਘਟੀਆ ਬ੍ਰਾਹਮਣੀ ਕੁਫ਼ਰ, ਸਚੁ ਦੇ ਅਵਤਾਰ ਸਤਿਗੁਰਾਂ ਦੇ ਅੰਮ੍ਰਿਤ ਮਈ ਪਾਵਨ ਇਤਿਹਾਸ ਵਿੱਚ ਰਲਾਈ ਤੁਰਿਆ ਜਾ ਰਿਹਾ, ਮੂੰਹ-ਚੜ੍ਹੇ “ਭਾਂਤ ਭਾਂਤ” ਪੰਗਤੀ ਵਰਤ ਰਿਹਾ, ਇਹ ਬਹੁ-ਰੂਪੀਆਂ ਸ਼ੈਤਾਨ ਲਿਖਾਰੀ, ਬਿਨਾ ਕਿਸੇ ਸ਼ੱਕ ਦੇ ਉਹੀ ਬਿੱਪਰ ਹੈ ਜਿਸ ਨੇ ਬਚਿੱਤ੍ਰ ਨਾਟਕ, ਚਰਿਤ੍ਰੋ ਪਾਖਯਾਨ, (ਤ੍ਰਿਯਾ ਚਰਿਤਰ), ਚੰਡੀ ਦੀ ਵਾਰ ਆਦਿਕ, ਕਥਿਤ ਸ੍ਰੀ ਦਸਮਗ੍ਰੰਥ ਦੇ ਅੱਡ ਅੱਡ ਭਾਗ ਲਿਖੇ ਹਨ। ਪਹਿਲਾ ਗੰਥ ਰੂਪ ਵੇਦਾਂ ਤੋਂ ਕੇਵਲ ਭੱਟ ਹੀ ਨਹੀ, ਸਗੋਂ ਜਿਸ ਨੂੰ ਸ੍ਰਿਸ਼ਟੀ ਦਾ ਕਰਤਾ ਅਥਵਾ ਜਿਸ ਦੇ ਮੂੰਹ ਵਿਚੋਂ ਬ੍ਰਾਹਮਣ ਆਪ ਜਨਮਿਆਂ ਕਹਿੰਦਾ ਆ ਰਿਹਾ ਹੈ, ਉਸ ਕਥਿਤ ਭਗਵਾਨ ‘ਬ੍ਰਹਮਾ’ ਤੋਂ ਹੀ ਭਿੱਖਾ ਭੱਟ ਬਣਿਆ ਦਰਸਾ ਹਟਿਆ ਹੈ। ਤੇ ਹੁਣ ਉਸ ਤੋਂ ਵੀ ਹਜ਼ਾਰਾਂ ਗੁਣਾ ਵੱਡਾ ਝੂਠ, ਸੁਰ ਅਥਵਾ ਆਵਾਜ਼-ਰੂਪ ਰਾਗਾਂ ਨੂੰ ਸਤਿਗੁਰਾਂ ਦੀ ਉਸਤਤਿ ਕਰਕੇ ਡੰਡੌਂਤਾ ਕਰਦੇ ਦਰਸਾ ਦਿੱਤਾ। ਅਗਲੀ ਬਕੜਵਾਹ ਬਾਰੇ ਪੁਸਤਕ ਦੇ 804 ਸਫ਼ੇ ਤੇ ਵਿਸ਼ੇਸ਼ ਟਿਪਣੀਆਂ ਵਿੱਚ ਸਨਮਾਨ ਜੋਗ ਵੇਦਾਂਤੀ ਜੀ ਦਾ ਇਹ (Note) ਨੋਟ:-(ਹ) ਰਾਗ:-ਰਾਗ ਵੀ ਮਨੁੱਖਾਂ ਜਾਮਾ ਧਾਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਫ਼ਰਿਆਦ ਕਰਨ ਆ ਗਏ, ਕਿ ਸੰਸਾਰ ਅੰਦਰ ਸੰਗੀਤਕ ਗਿਆਨ ਦੀ ਘਾਟ ਹੋਣ ਕਰਕੇ ਲੋਕ ਬੇ-ਜੋੜ ਤੇ ਬੇ-ਮੌਕੇ ਦਾ ਰਾਗ ਗਾਉਂਦੇ ਹਨ। ਨੂੰਹ ਦਾ ਸਹੁਰੇ ਨਾਲ ਤੇ ਪੁੱਤਰ ਦਾ ਮਾਂ ਨਾਲ ਸਬੰਧ ਬਣਾ ਰਹੇ ਹਨ, ਜਿਸ ਕਰਕੇ ਉਹ ਬਹੁਤ ਦੁੱਖੀ ਹਨ। ਇਸ ਤੋਂ ਪਹਿਲਾਂ ਵੇਦਾਂ ਵਲੋਂ ਭੱਟਾਂ ਦਾ ਸਰੂਪ ਬਣਾ ਕੇ ਆਉਣ ਦਾ ਪ੍ਰਸੰਗ ਚਲਦਾ ਆ ਰਿਹਾ ਸੀ। ਉਸ ਚਲਦੇ ਪ੍ਰਸੰਗ ਦੇ ਵੇਦ ਵਿੱਚ ਹੀ ਕਵੀ ਰਾਗਾਂ ਨੂੰ ਵੀ ਗੁਰੂ ਜੀ ਦੇ ਸਨਮੁਖ ਲਿਆ ਖੜੇ ਕਰਦਾ ਹੈ, ਜੋ ਕਿ ਦਰੁਸਤ ਨਹੀਂ ਹੈ। ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦ ਸਰੂਪ ਪੂਰਾ ਹੋ ਜਾਣ ਤੋਂ ਬਾਅਦ ਆਉਂਦੇ ਲਿਖੇ ਹਨ ਪਰ ਇਸ ਤੋਂ ਪਹਿਲਾਂ ਹੀ ਗੁਰੂ ਸਾਹਿਬ ਬਾਣੀ ਦੀ ਵਖ-ਵਖ ਰਾਗਾਂ ਵਿੱਚ ਸੰਪਾਦਨਾ ਕਰ ਚੁੱਕੇ ਸਨ ਤੇ ਉਨ੍ਹਾਂ ਨੂੰ ਗਾਉਣ ਬਾਰੇ ਵੀ ਸਪੱਸ਼ਟ ਹਦਾਇਤਾਂ ਲਿਖ ਚੁੱਕੇ ਸਨ।’

ਇਸ ਨੋਟ ਬਾਰੇ ਗਂਭੀਰ ਸ਼ੰਕੇ

(1) ਪਹਿਲਾ ਇਤਰਾਜ਼ ਤਾਂ ਉਹੀ ਹੈ ਕਿ ਸੰਪਾਦਕ ਸਾਹਿਬਾਨ ਨੇ ਭੂਮਕਾ ਵਿੱਚ ਬੜੀਆਂ ਲੰਮੀ ਦਲੀਲਾਂ ਦੇ ਕੇ ਲਿਖਾਰੀ ਨੂੰ ਭਾਈ ਮਨੀ ਸਿੰਘ ਜੀ ਸ਼ਹੀਦ ਦਾ ਸਮਕਾਲੀ ਅਤੇ, ਅੰਮ੍ਰਿਤਧਾਰੀ ਪੱਕਾ ਗੁਰਮੁਖ ਗੁਰਸਿੱਖ ਅਤੇ ਭਾਈ ਸਾਹਿਬ ਨਾਲ ਉਸ ਦਾ ਮਿਲਾਪ ਹੋਇਆ, ਉਨ੍ਹਾਂ ਨੂੰ ਵੀ ਲਿਖਾਰੀ ਦੇ ਨਾਲ ਹੀ ਨਨਕਾਣਾ ਸਾਹਿਬ ਆਏ ਦਰਸਾਇਆ ਹੋਇਆ ਹੈ। ਇਹ ਕੁੱਝ ਲਿਖਿਆ ਵੀ ਅਜੇਹੇ ਯਕੀਨ ਭਰੇ ਲਹਿਜੇ ਵਿੱਚ ਹੈ ਕਿ, ਆਮ ਸਮਝ ਵਾਲਾ ਪਾਠਕ ਉਨ੍ਹਾਂ ਵਿਚਾਰਾਂ ਨੂੰ ਸਚੁ ਮੰਨ ਬੈਠਦਾ ਹਨ। ਸੰਪਾਦਕ ਮਹਾਂਪੁਰਖ ਇਸ ਸਚਾਈ ਤੋਂ ਵੀ ਸੁਚੇਤ ਹਨ ਕਿ, ਲਿਖਾਰੀ ਨੇ ਸਾਰੀ ਪੁਸਤਕ ਵਿਚਲੀ ਵਾਰਤਾ ਭਾਈ ਮਨੀ ਸਿੰਘ ਜੀ ਦੀ ਜ਼ਬਾਨੀ ਹੀ ਕਹੀ ਦਰਸਾਈ ਹੋਈ ਹੈ। ਇਸ ਤੋਂ ਵੇਦਾਂਤੀ ਜੀ ਦਾ ਧਰਮ ਬਣਦਾ ਸੀ ਕਿ ਇਸ ਗੱਲ ਵੀ ਸਾਫ਼ ਕਰ ਦਿੰਦੇ ਕਿ, ਉਹ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਕਹੀ ਗੱਲ ਕਿਸ ਦਲੀਲ ਨਾਲ ਰੱਦ ਕਰ ਰਹੇ ਸਨ।

(2) ਰਾਗਾਂ ਤੋਂ ਮਨੁੱਖ ਬਣ ਜਾਣ ਦੀ ਗੁਰਮਤਿ ਵਿਰੋਧੀ, ਰੱਬੀ ਨਿਯਮ ਦੀ ਉਲੰਙਣਾ ਕਰਕੇ ਪੁਰਾਣ ਵਾਲੀ ਝੂਠ ਬਕ-ਬਕ ਹੋਣ ਦਾ ਤਾਂ ਕੋਈ ਇਤਰਾਜ਼ ਤੱਕ ਨਹੀਂ ਸਗੋਂ ਰਾਗਾ ਦੇ ਲੇਟ ਪੁੱਜਣ ਬਾਰੇ ਇਹ ਦਲੀਲ--ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦ ਸਰੂਪ ਪੂਰਾ ਹੋ ਜਾਣ ਤੋਂ ਬਾਅਦ ਆਉਂਦੇ ਲਿਖੇ ਹਨ ਪਰ ਇਸ ਤੋਂ ਪਹਿਲਾਂ ਹੀ ਗੁਰੂ ਸਾਹਿਬ ਬਾਣੀ ਦੀ ਵਖ-ਵਖ ਰਾਗਾਂ ਵਿੱਚ ਸੰਪਾਦਨਾ ਕਰ ਚੁੱਕੇ ਸਨ ਤੇ ਉਨ੍ਹਾਂ ਨੂੰ ਗਾਉਣ ਬਾਰੇ ਵੀ ਸਪੱਸ਼ਟ ਹਦਾਇਤਾਂ ਲਿਖ ਚੁੱਕੇ ਸਨ। “ਦੇ ਕੇ ਰਾਗਾਂ ਦੇ ਮਨੁੱਖ ਬਣਨ ਨਾਲ ਸਹਿਮਤੀ?

(3) ਰਾਗਾਂ ਨੂੰ ਇਸ ਤਰ੍ਹਾਂ ਮਨੁੱਖਾਂ ਦੇ ਰੂਪ ਵਿੱਚ ਲਿਆ ਵਾੜਨ ਤੋਂ ਲਿਖਾਰੀ ਦਾ ਆਸ਼ਾ ਕੇਵਲ ਰਾਗ ਮਾਲਾ ਲਿਖੀ ਜਾਣ ਦੀ Jstification ਕਰਨੀ ਹੀ ਤਾਂ ਸੀ। ਸੋ ਉਸ ਨੇ ਪੂਰੀ ਕਰ ਲਈ। ਪਤਾ ਨਹੀਂ ਸੰਪਾਦਕ ਸਾਹਿਬਾਨ ਨੂੰ ਰਾਗਾਂ ਬਾਰੇ ਲੇਟ ਲਿਖਣ ਦੀ ਗੱਲ ਕਿੱਥੋਂ ਸੁੱਝੀ? ਰਾਗਾਂ ਵਿਚਾਰਿਆਂ ਨੇ ਮਨੁੱਖ ਕਿਵੇ ਬਣਨਾ ਸੀ? ਇਹ ਤਾਂ ਲਿਖਾਰੀ ਦੀ ਆਪਣੀ ਹੀ ਕਲਮ ਵਿਉਂਤ ਦੀ ਯੋਜਨਾ ਅਨੁਸਾਰ ਸਾਰੇ ਰੰਗ ਭਰ ਰਹੀ ਹੈ। ਤਾਂ ਜੋ ਸਭ ਤੋਂ ਨਿਆਰੇ ਸਤਿਗੁਰੂ ਸਾਹਿਬਾਨ ਦਾ ਇਤਿਹਾਸ ਪੂਰੀ ਤਰ੍ਹਾਂ `ਚੂੰ ਚੂੰ ਕਾ ਮਰੱਬਾ’ ਬਣਦਾ ਤੁਰਿਆ ਜਾਣ ਵਿੱਚ ਕੋਈ ਕਸਰ ਨਾ ਰਹਿ ਜਾਵੇ। ਕੀ, ਸੰਪਾਦਕ ਜੀ ਨੇ ਲਿਖਾਰੀ ਦੇ ਇਹ ਬਚਨ ਨਾ ਪੜੇ ਹੋਣਗੇ? :-

ਦੋਹਰਾ॥ ਤਾ ਤੇ ਜਤਨ ਐਸਾ ਕਰੋ ਹੇ ਪ੍ਰਭ ਦੀਨਾ ਨਾਥ। ਭਿੰਨ ਭਿੰਨ ਸਭ ਕੋ ਲਿਖੋ ਹਮ ਸਭ ਕਰੋ ਸਨਾਥ॥ 653॥

ਰਾਗਬ ਕੀ ਬਿਨਤੀ ਸੁਨੀ ਗੁਰ ਅਰਜਨ ਸੁਖ ਖਾਨ। ਰਾਗਮਾਲ ਤਬ ਹੀ ਲਿਖੀ ਭੋਗੁ ਤਹਿ ਪਰਿ ਠਾਨ॥ 654॥ ਚੌਪਈ॥ ਕਹੇ ਰਾਗ ਖਟ ਤੀਹ ਸੰਗਿ ਨਾਰੀ। ਅਸ਼ਟ ਅਸ਼ਟ ਸੁਤ ਕਰੇ ਉਚਾਰੀ।

ਅਠਤਾਲੀ ਸੁਤ ਸਭ ਕੇ ਭਏ। ਅਤਿ ਅਨੰਦ ਮਨਿ ਰਾਗਨ ਲਏ॥ 655॥

। ਸ੍ਰੀ ਗੁਰ ਭੋਗ ਗ੍ਰਿੰਥ ਕਾ ਪਾਯੋ। ਭਾਂਤਿ ਭਾਂਤਿ ਪਰਸਾਦਿ ਕਰਾਯੋ।

ਕੜਾਹ ਪ੍ਰਸ਼ਾਦ ਸੁ ਭਯੋ ਬਿਅੰਤਾ। ਆਗਯਾ ਕਰੀ ਗੁਰੂ ਭਗਵੰਤਾ॥ 656॥

ਭਾਵ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ ਮੰਨ ਆਏ ਰਲੇ ਪਾਉਣ ਵਾਲਾ ਲਿਖਾਰੀ ਦਾ ਕਾਰਜ ਪੂਰਾ ਹੋ ਜਾਣ ਤੇ, ਭੋਗ ਦਾ ਦੀਵਾਨ ਸੱਜਿਆ। ਸੰਗਤਾਂ, ਬਹੁਤ ਹੁਮ ਹਮਾ ਕੇ ਆਈਆਂ। ਤਾਂ ਸਤਿਗੁਰੂ ਜੀ ਦੀ ਆਗਿਆ ਨਾਲ, ਕਈ ਪ੍ਰਕਾਰ ਦੇ ਕੜਾਹ ਪ੍ਰਸ਼ਾਦ ਦੇ ਬੜੇ ਖੁਲ੍ਹੇ ਗੱਫੇ ਤਿਆਰ ਕੀਤੇ ਗਏ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.