.

{ਪੱਥਰ ਪਾਣੀ ਰੱਖੀਐ … … …}
ਜਸਵਿੰਦਰ ਸਿੰਘ ‘ਰੁਪਾਲ’
9814715796

{ਪੱਥਰ ਅਤੇ ਪਾਣੀ ਦੋਵੇਂ ਸਾਡੇ ਬਹੁਤ ਨਜ਼ਦੀਕ ਹਨ ਪਰ ਇਹਨਾਂ ਬਾਰੇ ਜਿਆਦਾ ਡੂੰਘਾਈ ਬਾਰੇ ਉਦੋਂ ਹੀ ਸੋਚਿਆ ਜਦੋਂ ਆਪਣੀ ਮਨੀਕਰਨ (ਹਿਮਾਚਲ ਪ੍ਰਦੇਸ਼) ਯਾਤਰਾ ਦੌਰਾਨ ਪੱਥਰਾਂ, ਚਟਾਨਾਂ ਅਤੇ ਪਹਾੜਾਂ ਦੇ ਘੇਰੇ ਵਿੱਚੋਂ ਪਾਣੀ ਦੀ ਸੀਤਲ ਧਾਰਾ ਨੂੰ ਪੱਥਰਾਂ ਦੇ ਉੱਪਰੋਂ, ਸੱਜਿਓਂ, ਖੱਬਿਓਂ ਹੁੰਦੇ ਹੋਏ ਨਿਰੰਤਰ ਚਲਦੇ ਦੇਖਿਆ। ਇਹਨਾਂ ਪੱਥਰਾਂ ਨਾਲ ਮੋਹ ਜਾਗਿਆ। ਪਾਣੀ ਦੀ ਸੀਤਲਤਾ ਅਤੇ ਗਹਿਰਾਈ ਬਾਰੇ ਸੋਚਿਆ ਅਤੇ ਪਾਣੀ ਅਤੇ ਪੱਥਰ ਦਾ ਤੁਲਨਾਤਮਕ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਅਧਿਐਨ ਇਸ ਲੇਖ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਵਿੱਚ ਪੱਥਰ ਅਤੇ ਪਾਣੀ ਨੂੰ ਕ੍ਰਮਵਾਰ ਮਨਮੁੱਖ ਅਤੇ ਗੁਰਮੁਖ ਦਾ ਮਾਨਵੀਕਰਣ ਦੇ ਰਿਹਾ ਹਾਂ। -ਲੇਖਕ}
---------------------------------------------------------
ਕਿਸੇ ਅਧਿਆਤਮਕ ਰੰਗ ਵਿੱਚ ਰੰਗੇ ਪੁਰਸ਼ ਦੀ ਤੁਲਨਾ ਪਾਣੀ ਨਾਲ ਕੀਤੀ ਜਾ ਸਕਦੀ ਹੈ। ਸ਼ਾਂਤ, ਸੀਤਲ, ਸਹਿਜ ਵਿੱਚ ਅਤੇ ਆਪਣੇ ਗੁਣਾਂ ਤੇ ਪ੍ਰਪੱਕ ਹੈ ਇਹ ਪਾਣੀ। ਦੂਸਰੇ ਪਾਸੇ ਇੱਕ ਕਠੋਰ ਪੱਥਰ ਨੂੰ ਇੱਕ ਮਨਮੁੱਖ ਲਈ ਵਰਤੀਏ ਅਤੇ ਦੇਖੀਏ ਕਿ ਜੋ ਅੰਤਰ ਪੱਥਰ ਅਤੇ ਪਾਣੀ ਵਿੱਚ ਹੈ, ਕੀ ਓਹੀ ਅੰਤਰ ਮਨਮੁੱਖ ਅਤੇ ਗੁਰਮੁੱਖ ਵਿੱਚ ਵੀ ਹੈ?
ਸਭ ਤੋਂ ਪਹਿਲਾਂ ਜਿਹੜਾ ਗੁਣ ਸਾਨੂੰ ਨਜ਼ਰ ਆਉਂਦਾ ਹੈ, ਉਹ ਇਹ ਕਿ ਪਾਣੀ ਆਪਣਾ ਤਲ ਸਦਾ ਬਰਾਬਰ ਰੱਖਦਾ ਹੈ। ਪੱਥਰ ਇੱਕ ਪਾਸਿਓਂ ਉੱਚਾ, ਦੂਜੇ ਪਾਸਿਓਂ ਟੇਢਾ ਹੋ ਸਕਦਾ ਹੈ, ਪਰ ਪਾਣੀ ਨਹੀਂ। ਪਾਣੀ ਤਾਂ ਸਦਾ ਸੰਤੁਲਨ ਵਿੱਚ ਹੈ। ਇਸੇ ਤਰਾਂ ਗੁਰਮਤਿ ਰੰਗ ਵਿੱਚ ਰੰਗਿਆ ਪ੍ਰਾਣੀ-ਜੀਵਨ ਜਾਚ ਸਿੱਖ ਚੁੱਕਿਆ ਜਗਿਆਸੂ ਹਮੇਸ਼ਾ ਸੰਤੁਲਤ ਰਹਿੰਦਾ ਹੈ। ਉਸ ਦੇ ਮਨ ਦੇ ਭਾਵ, ਖਿਆਲ, ਸੋਚਾਂ ਸਭ ਇੱਕ ਥਾਂ ਕੇਦਰਿਤ ਹਨ, ਜੋ ਉਸ ਦਾ ਸਾਵਾਂਪਣ ਬਣਾਈ ਰੱਖਦੀਆਂ ਹਨ। ਆਮ ਇਨਸਾਨ ਜਾਂ ਇਹ ਕਹੀਏ ਕਿ ਮਾਇਆ-ਰੱਤਾ ‘ਪ੍ਰਭੂ ਨੂੰ ਵਿਸਾਰ ਚੁੱਕਿਆ ਮਨੁੱਖ’ ਕਦੇ ਸੰਤੁਲਿਤ ਨਹੀਂ ਹੁੰਦਾ। ਉਸ ਦੇ ਜੀਵਨ ਵਿੱਚ ਉਸਦੀਆਂ ਸੋਚਾਂ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। … ….
ਜੇ ਕਦੇ ਉਹਦੀਆਂ ਸੋਚਾਂ ਸਥਿਰ ਹੋ ਵੀ ਜਾਣ, ਤਦ ਵੀ ਉਹ ਸਥਿਰ ਹੀ ਹੈ। ਪਾਣੀ ਵਾਂਗ ਵਹਿ ਨਹੀਂ ਸਕਦਾ। ਜਿੱਥੇ ਪੱਥਰ-ਚਿੱਤ ਮਨਮੁੱਖ, ਪੱਥਰ ਵਾਂਗ ਹੀ ਸਖਤ-ਦਿਲ ਹੁੰਦਾ ਹੈ –ਤਰਸ, ਸੇਵਾ, ਪਰਉਪਕਾਰ ਤੋਂ ਸੱਖਣਾ ਸਵਾਰਥੀ ਜਿਹਾ, ਉਥੇ ਤੇਜ ਚਸ਼ਮੇ ਅਤੇ ਨਿਰੰਤਰ ਵਹਿੰਦੀਆਂ ਨਦੀਆਂ ਕੁੱਝ ਸੰਦੇਸ਼ ਦੇ ਰਹੀਆਂ ਜਾਪਦੀਆਂ ਹਨ। ਜਾਪਦਾ ਏ ਕਿ ਪਾਣੀ ਇੱਕ ਥਾਂ ਨਹੀਂ ਰੁਕ ਸਕਦਾ। ਉਹ ਰੁਕਣ ਲਈ ਨਹੀਂ ਬਣਿਆ। ਰੁਕੇਗਾ ਤਾਂ ਚਿੱਕੜ ਬਣ ਜਾਵੇਗਾ। ਠੀਕ ਹੀ ਤਾਂ ਕਿਹਾ ਹੈ। “ਵਹਿੰਦੇ ਪਾਣੀ ਨਿਰਮਲ ਹੁੰਦੇ, ਦਾਗ ਨਾ ਲੱਗਣ ਮੰਦੇ ਜੀ।” ਸੱਚਮੁੱਚ ਇੱਕ ਗੁਰਸਿੱਖ ਦਾ ਜੀਵਨ ਇੱਕ ਤੇਜ ਧਾਰਾ ਹੈ। ਗਤੀ ਹੈ, ਜੀਵਨ ਹੈ ਉਸ ਵਿੱਚ ਇੱਕ ਖਾਸ ਗੁਣ ਹੈ ਕਿ ਉਹ ਵਗੇ ਅਤੇ ਵਗਦਾ ਹੀ ਰਵੇ। ਇਸ ਦਾ ਵਹਿਣਾ, ਹਮੁਸ਼ਾ ਨਿਵਾਣ ਵੱਲ ਵਹਿਣਾ ਅਤੇ ਪੱਥਰ ਨਾਲੋਂ ਕਈ ਗੁਣਾ ਵੱਧ ਲਚਕਤਾ ਹੋਣੀ ਸਿੱਧ ਕਰਦੀਆਂ ਹਨ ਕਿ ਗੁਰਮੁਖ ਲਈ ਨਿਮਰਤਾ ਬਹੁਤ ਜਰੁਰੀ ਹੈ। ਪਰ ਉਸਦੀ ਨਿਮਰਤਾ ਵੀ ਸਥਿਰ ਨਹੀਂ। ਉਹ ਸਿਰਫ਼ ਹੱਥ ਜੋੜ ਕੇ ਅਰਦਾਸ ਕਰਦਾ ਹੀ ਨਜ਼ਰ ਨਹੀਂ ਆਵੇਗਾ, ਨਹੀਂ, ਹਰਗਿਜ਼ ਨਹੀਂ, ਅਰਦਾਸ ਤਾਂ ਉਸਨੂੰ ਮੰਜਲ ਵੱਲ ਪਹੁੰਚਣ ਲਈ ਉਤਸ਼ਾਹ ਦਿੰਦੀ ਹੈ। ਪਰ ਉਸਨੇ ਰੁਕਣਾ ਨਹੀਂ, ਉਸ ਦੇ ਜੀਵਨ ਵਿੱਚ ਗਤੀ ਹੈ, ਉਸ ਨੇ ਕਿਤੇ ਪਹੁੰਚਣਾ ਹੈ।
ਭਲਾ ਕਿੱਥੇ ਪਹੁੰਚਣਾ ਹੈ? ਮੈਨੂੰ ਅਧਿਆਤਮਕ ਰੰਗ ਵਿੱਚ ਰੰਗੇ ਹੋਏ ਕਵੀ ਭਾਈ ਵੀਰ ਸਿੰਘ ਜੀ ਯਾਦ ਆਉਂਦੇ ਹਨ। ਕਸ਼ਮੀਰ ਦੀ ਸੁੰਦਰਤਾ ਚੋਂ ਸੱਚ ਲੱਭ ਰਹੇ ਹਨ ਸਿੱਖ ਰਹੇ ਹਨ, ਕੁੱਝ ਸਿਖਾ ਰਹੇ ਹਨ। ਇੱਕ ਚਸ਼ਮੇ ਨੂੰ ਪੁੱਛ ਬੈਠਦੇ ਹਨ ਕਿ ਸਾਰੀ ਦੁਨੀਆਂ ਸੌਂ ਚੁੱਕੀ ਹੈ, ਚਾਰੇ ਪਾਸੇ ਸ਼ਾਂਤੀ ਹੈ, ਰਾਤ ਪੈ ਚੁੱਕੀ ਹੈ ਪਰ ਤੂੰ ਅਜੇ ਵੀ ਚਲਣਾ ਜਾਰੀ ਰੱਖਿਆ ਹੋਇਐ? ਤੂੰ ਕਿਉਂ ਨਹੀਂ ਘੜੀ ਪਲ ਆਰਾਮ ਕਰ ਲੈਂਦਾ? ਫਿਰ ਆਪ ਹੀ ਚਸ਼ਮੇ ਵੱਲੋਂ ਜਵਾਬ ਦਿੰਦੇ ਹਨ,
“ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਦੀ ਨੀਂਦਰ? ਉਹ ਦਿਨੇ ਰਾਤ ਪਏ ਵਿਹੰਦੇ।
ਇੱਕੋ ਲਗਨ ਲੱਗੀ ਲਈ ਜਾਦੀ, ਹੈ ਟੋਰ ਅਨੰਤ ਉਹਨਾਂ ਦੀ,
ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿੱਤ ਰਹਿੰਦੇ।”
ਇਸ ਚਸ਼ਮੇ ਨੇ, ਇਸ ਪਾਣੀ ਵਰਗੇ ਪਵਿੱਤਰ ਦਿਲ ਵਾਲੇ ਗੁਰਮੁਖ ਨੇ ਕਿਹੜੀ ਖਿੱਚ ਖਾਧੀ ਹੈ? ਹਰ ਨਦੀ ਨੇ ਆਖਿਰ ਸਮੁੰਦਰ ਵਿੱਚ ਮਿਲਣਾ ਹੁੰਦਾ ਹੈ। ਇਹ ਸਮੁੰਦਰ ਦੀ ਖਿੱਚ ਹੀ ਤਾਂ ਉਸ ਨੂੰ ਚਲਦੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਅਸਾਡਾ ਵੀ ਇੱਕ ਉਦੇਸ਼ ਹੈ-ਇੱਕ ਸਮੁੰਦਰ ਵਿੱਚ ਸਮਾਣਾ। ਉਸ ਸਮੁੰਦਰ ਨੂੰ ਲੱਭਣਾ, ਖੋਜਣਾ, ਜਾਣਨਾ, ਪਛਾਣਨਾ ਅਤੇ ਉਹਦੇ ਵੱਲ ਲਗਾਤਾਰ ਚਲਦੇ ਰਹਿਣਾ। ਗੁਰਵਾਕ ਵੀ ਹੈ – “ਸੂਰਜ ਕਿਰਣ ਮਿਲੀ ਜਲ ਕਾ ਜਲ ਹੂਆ ਰਾਮ।” ਜਲ ਨੇ ਜਲ ਨਾਲ ਮਿਲ ਕੇ ਵੀ ਜਲ ਹੀ ਰਹਿਣਾ ਹੈ। ਭਗਤ ਨੇ ਪ੍ਰੀਤਮ ਨਾਲ ਮਿਲ ਕੇ ਵੀ ਭਗਤ ਹੀ ਰਹਿਣਾ ਹੈ। ਪਰ ਇੱਥੇ ਭਗਤ ਅਤੇ ਪ੍ਰੀਤਮ ਮਿਲ ਕੇ ਇੱਕ ਹੋ ਜਾਦੇ ਹਨ – “ਜੋਤੀ ਜੋਤ ਰਲੀ ਸੰਪੁਰਨ ਥੀਆ ਰਾਮ।”
ਵਾਹ ਰੇ ਕੁਦਰਤ! ਪੱਥਰ ਦੀ ਤਾਂ ਕੋਈ ਮੰਜਲ ਨਹੀਂ। ਉਸ ਨੇ ਕਿਤੇ ਪੁੱਜਣਾ ਨਹੀਂ। ਉਸ ਨੂੰ ਕਿਸੇ ਪ੍ਰੀਤਮ ਦੇ ਮਿਲਣ ਦਾ ਚਾਅ ਨਹੀਂ। ਸਿਰ ਚੁੱਕਿਆਂ ਤਾਂ ਪ੍ਰੀਤਮ ਨਹੀਂ ਮਿਲਦਾ, ਉਹ ਤਾਂ ਸਿਰ ਨਿਵਾਇਆਂ, ਆਪਾ ਗਵਾਇਆਂ ਮਿਲਦਾ ਹੈ … …. ।
ਇਹ ਤਾਂ ਪੱਥਰ ਅਤੇ ਪਾਣੀ ਦਾ ਉਹਨਾਂ ਦੇ ਆਪਣੇ ਬਾਰੇ ਸੁਭਾਅ ਹੈ। ਆਓ ਦੇਖੀਏ ਜਰਾ ਇਹ ਦੂਜਿਆਂ ਨਾਲ ਕਿਸ ਤਰਾਂ ਦਾ ਵਰਤਾਵ ਕਰਦੇ ਹਨ। ਪਹਿਲੀ ਗੱਲ ਉਪਯੋਗੀ ਹੋਣ ਦੀ ਹੈ ….
ਪੱਥਰ ਵੀ ਉਪਯੋਗੀ ਹੋ ਸਕਦਾ ਹੈ, ਉਸ ਚੋਂ ਹੀਰੇ, ਜਵਾਹਰਾਤ, ਅਤੇ ਸ਼ੀਸ਼ਾ ਵੀ ਕੱਢਿਆ ਜਾ ਸਕਦਾ ਹੈ, ਪਰ ਵਿਧੀਆਂ ਨਾਲ। ਪਰ ਵਾਹ ਕੁਦਰਤ ਦੇ ਕਾਦਰਾ! ਪਾਣੀ ਨੂੰ ਤਾਂ ਬਿਲਕੁਲ ਵੀ ਬਿਨਾ ਮਿਹਨਤ ਕੀਤੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਹਰ ਥਾਂ, ਹਰ ਸਮੇਂ, ਹਰ ਜੀਵ ਨੂੰ ਪਾਣੀ ਦੀ ਲੋੜ ਪੈਂਦੀ ਹੈ। -ਹੋ ਸਕਦਾ ਹੈ ਕੋਈ ਪੱਥਰਾਂ ਤੋਂ ਬਿਨਾਂ ਜੀਵਨ ਗੁਜ਼ਾਰ ਹੀ ਲਵੇ, ਪਰ ਪਾਣੀ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ। ਆਖਿਆ ਵੀ ਹੈ, “ਜਲ ਮਿਲਿਆ, ਪਰਮੇਸ਼ਰ ਮਿਲਿਆ।” ਜਲ ਨੂੰ ਤਾਂ ਪਰਮੇਸ਼ਰ ਦੇ ਸਮਾਨ ਤੁਲਨਾ ਦਿੱਤੀ ਗਈ ਹੈ। ਉਹ ਪਾਲ਼ਦਾ ਜੋ ਹੈ। ਹਰ ਜੀਵ ਜੰਤੂ ਨੂੰ, ਮਨੁੱਖ ਨੂੰ, ਬਨਸਪਤੀ ਨੂੰ ਪਾਣੀ ਜੀਵਨ ਦਿੰਦਾ ਹੈ –ਇਹ ਤਾਂ ਜੀਵਨ-ਦਾਤਾ ਹੈ। ਇੱਕ ਗੁਰਸਿੱਖ ਨੂੰ ਵੀ ਇਸੇ ਤਰਾਂ ਦੂਜਿਆਂ ਨੂੰ ਜੀਵਨ ਦੇਣਾ ਬਣਦਾ ਹੈ। ਪਰ ਔਹ ਕੀ? ਔਹ ਪਰ੍ਹੇ ਮਾਈ ਦੇ ਮੱਥੇ ਚੋਂ ਲਹੂ ਕਿਹਾ ਵਗ ਰਿਹਾ ਹੈ? ਓਹ! ਪੱਥਰ ਲੱਗਿਆ? ਪੱਥਰ ਸਿਰਫ਼ ਸੱਟ ਫੇਟ ਹੀ ਨਹੀਂ, ਮੌਤ ਵੀ ਦੇ ਸਕਦਾ ਹੈ। ਵਲੀ ਕੰਧਾਰੀ ਨੇ ਗੁਰੁ ਨਾਨਕ ਨੂੰ ਖਤਮ ਕਰਨ ਲਈ ਪੱਥਰ ਦੀ ਹੀ ਸਹਾਇਤਾ ਲਈ ਸੀ। ਪਰ ਧੰਨ ਗੁਰੂ ਨਾਨਕ! ਦੁਸ਼ਟਾਂ ਨੂੰ ਤਾਰਨ ਵਾਲੇ, ਮਰਦਾਨੇ ਨੂੰ ਇਹੋ ਕਿਹਾ ਸੀ ਨਾ ਕਿ ਪੱਥਰ ਹਟਾਓ ਜਰਾ! ਇਸ ਬਿਰਤਾਂਤ ਨੂੰ ਇੱਕ ਕਵੀ ਨੇ ਇੰਝ ਲਿਕਿਆ ਏ-
“ਪੱਥਰ ਇੱਕ ਪਹਾੜੀ ਪਿੱਛੋਂ ਸਤਿਗੁਰ ਪਰ੍ਹਾਂ ਹਟਾਂਦੇ।
ਅੰਮ੍ਰਿਤ ਵਰਗਾ ਸੀਤਲ ਜਲ ਮਰਦਾਨੇ ਤਾਂਈਂ ਛਕਾਂਦੇ।”
ਹਾਂ, ਦੇਖੋ ਤਾਂ ਸਹੀ! ਉਸ ਮਾਈ ਦੇ ਮੱਥੇ ਤੇ ਪੱਥਰ ਨਾਲ ਹੋਏ ਜਖਮ ਨੂੰ ਪਾਣੀ ਨਾਲ ਧੋਤਾ ਜਾ ਰਿਹਾ ਹੈ। ਵਾਹ ਮਾਰਗ ਦਰਸਕ ਸਤਿਗੁਰੂ! ਗੁਰਮਤਿ ਦੀ ਕਮਾਈ ਵਾਲੇ ਹੀ ਧੋ ਸਕਦੇ ਹਨ। ਇਹ ਕਮਾਈ ਵਾਲੇ ਮਹਾਂਪੁਰਸ਼ ਪੱਥਰਾਂ ਚੋਂ ਪਾਣੀ ਕੱਢ ਸਕਦੇ ਹਨ। ਪੱਥਰਾਂ ਨੂੰ ਪਾਣੀ ਤੇ ਤਰਨ ਵੀ ਦੇ ਸਕਦੇ ਹਨ ਪਰ ਸਿਰਫ਼ ਕਮਾਈ ਵਾਲੇ …. . । ਅਕਸਰ ਇੱਕ ਮਨਮੱਤ ਵਾਲਾ ਪ੍ਰਾਣੀ, ਇੱਕ ਗੁਰਸਿੱਖ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਪਰ ਪਾਣੀ ਤਾਂ ਟਿਕਿਆ ਹੀ ਪੱਥਰਾਂ ਤੇ ਹੋਇਆ ਹੈ। ਸੁਭ ਗੁਣਾਂ ਦੀ ਬੁਨਿਆਦ ਬੁਰਾਈਆਂ ਤੇ ਹੀ ਹੈ। ਅਸੀਂ ਪੱਥਰਾਂ ਨੂੰ ਵੀ ਪਿਆਰਦੇ ਹਾਂ ਤਾਂ ਕਿ ਉਨ੍ਹਾਂ ਨੂੰ ਵੀ ਪਾਣੀ ਬਣਾ ਸਕੀਏ …।
ਕੁਦਰਤੀ ਤਬਦੀਲੀਆਂ ਅਨੁਸਾਰ ਪੱਥਰ ਅਗਰ ਗਰਮ ਹੋ ਜਾਵੇ, ਠੰਢਾ ਹੋ ਜਾਵੇ, ਉਹ ਤਦ ਵੀ ਲਾਭਦਾਇਕ ਨਹੀਂ ਬਣਦਾ। ਪਰ ਆਓ ਜਰਾ ਪਾਣੀ ਵੱਲ ਝਾਤੀ ਮਾਰੀਏ। ਪਾਣੀ ਦਾ ਗਰਮ ਹੋਣਾ-ਭਾਫ਼ ਬਣਨਾ ਵੀ ਫਾਇਦੇਮੰਦ ਅਤੇ ਠੰਢਾ ਹੋ ਕੇ ਬਰਫ਼ ਬਣ ਜਾਣਾ ਵੀ ਫਾਇਦੇਮੰਦ। ਉਸ ਦੇ ਇਹ ਰੂਪ ਵੀ ਇਨਸਾਨੀਅਤ ਦੇ ਸੈਂਕੜੇ ਕਾਰਜ ਸਵਾਰਦੇ ਹਨ। ਪਾਣੀ ਦੀ ਇੱਕ ਖੂਬੀ ਇਹ ਹੈ ਕਿ ਉਸ ਦਾ ਆਪਣਾ ਕੋਈ ਨਿਸ਼ਚਿਤ ਆਕਾਰ ਨਹੀਂ। ਉਸ ਨੂੰ ਜਿਸ ਭਾਂਡੇ ਵਿੱਚ ਵੀ ਪਾਓ, ਉਸੇ ਦਾ ਰੂਪ ਧਾਰ ਲੈਂਦਾ ਹੈ। ਗੁਰਸਿੱਖ ਵੀ ਹਰ ਤਰਾਂ ਦੀ ਸੰਗਤ ਵਿੱਚ ਉਨ੍ਹਾਂ ਵਰਗਾ ਹੀ ਹੋ ਮਿਲਦਾ ਹੈ। ਪਰ ਯਾਦ ਰਹੇ, ਪਾਣੀ ਚਾਹੇ ਗੜਵੇ ਵਿੱਚ ਹੈ, ਜਾਂ ਗਲਾਸ ਵਿੱਚ, ਕਿਸੇ ਵੀ ਭਾਂਡੇ ਵਿੱਚ ਹੈ, ਉਹ ਆਪਣਾ ਸੀਤਲਤਾ ਦਾ, ਇੱਕ ਤਲ ਰੱਖਣ ਦਾ, ਨਿਵਾਣ ਵੱਲ ਜਾਣ ਦਾ ਸੁਭਾਅ ਨਹੀਂ ਤਿਆਗਦਾ। ਇਸੇ ਤਰਾਂ ਗੁਰਮੁਖ ਕਿਸੇ ਵੀ ਸੰਗਤ ਵਿੱਚ ਜਾਵੇ, ਉਹ ਆਪਣਾ ਸੁਭ ਆਚਰਣ ਅਤੇ ਸਹਿਜ ਅਵਸਥਾ ਕਦੇ ਨਹੀਂ ਤਿਆਗੇਗਾ। ਪੱਥਰ ਜਲਦ ਕਤਿਆਂ ਰੂਪ ਨਹੀਂ ਬਦਲਦਾ। ਉਸ ਦਾ ਰੂਪ ਬਦਲਣ ਲਈ ਊਰਜਾ ਦੇਣੀ ਪੈਂਦੀ ਹੈ, ਫਿਰ ਉਹ ਗਰਮ ਹੋ ਜਾਂਦਾ ਹੈ ਅਤੇ ਫਿਰ ਪਾਣੀ ਦੀ ਲੋੜ ਪੈਂਦੀ ਹੈ। ….
ਪੱਥਰ ਪਾਣੀ ਵਿੱਚ ਰਲਦਾ ਮਿਲਦਾ ਨਹੀਂ। ਪਾਣੀ ਵਿੱਚ ਪਿਆਂ ਜਰੂਰ ਨਜ਼ਰ ਆਵੇਗਾ। ਪਰ ਦੇਖੋ ਪਾਣੀ ਦੀ ਧਾਰਾ ਨੂੰ ਰੋਕਣ ਵਿੱਚ ਉਹ ਸਦਾ ਕਾਮਯਾਬ ਨਹੀਂ ਹੋ ਸਕਦਾ। ਪਾਣੀ ਦੇ ਰਸਤੇ ਵਿੱਚ ਪੱਥਰ ਆ ਜਾਵੇ, ਤਾਂ ਉਹ ਉਸ ਨੂੰ ਵੀ ਵਹਾ ਕੇ ਲੈ ਜਾਵੇਗਾ। ਤੇ ਜਾਂ ਫਿਰ ਪੱਥਰ ਦੇ ਉਪਰੋਂ, ਖੱਬਿਓਂ, ਸੱਜਿਓਂ, ਲੰਘ ਜਾਵੇਗਾ, ਪਰ ਰੁਕੇਗਾ ਨਹੀਂ। ਕਿਉਂਕਿ ਰੁਕਣਾ ਮੌਤ ਹੈ। ਉਸ ਨੇ ਸਾਗਰ ਵੱਲ ਤੁਰਦੇ ਜਾਣਾ ਹੈ। ਇੱਕ ਗੁਰਸਿੱਖ ਨੂੰ ਸਿੱਖੀ ਦੇ ਮਾਰਗ ਤੋਂ ਕੌਣ ਰੋਕ ਸਕੇਗਾ?
ਪੱਥਰ ਨੂੰ ਖੰਡ ਖੰਡ ਕੀਤਾ ਜਾ ਸਕਦਾ ਹੈ, ਪਰ ਪਾਣੀ ਨੂੰ ਨਹੀਂ। ਗਲਤ ਵਿਚਾਰਧਾਰਾ ਕਦੇ ਸਥਿਰ ਨਹੀ ਰਹਿੰਦੀ। ਆਪਸ ਵਿੱਚ ਵੀ ਵਿਵਾਦਗਰਸਤ ਹੋ ਜਾਦੀ ਹੈ, ਟੁਕੜੇ ਟੁਕੜੇ ਹੋ ਜਾਂਦੀ ਹੈ ਅਤੇ ਜਦ ਵੀ ਇਹ ਟੁਕੜੇ ਆਪਸ ਵਿੱਚ ਖਹਿਣ ਰਗੜਾਹਟ, ਝਗੜਾਹਟ ਤੋ ਵੱਧ ਕੇ ਗਰਮਾਈ ਅਤੇ ਅੱਗ ਵੀ ਪੈਦਾ ਕਰ ਸਕਦੇ ਹਨ। ਹਰ ਪੱਥਰ ਦੀ ਵੱਖਰੀ ਕਠੋਰਤਾ, ਵੱਖਰਾ ਰੰਗ, ਵੱਖਰਾ ਰੂਪ ਅਤੇ ਦੁਸਰੇ ਨਾਲ ਮਿਲਣ ਤੋਂ ਇਨਕਾਰੀ ਪਰ ਪਾਣੀ ਦੀ ਓਹੀ ਸਥਿਰਤਾ, ਓਹੀ ਸ਼ਾਂਤੀ ਅਤੇ ਓਹੀ ਸਹਿਜ। ਪਾਣੀ ਕਿਸੇ ਵੀ ਥਾਂ ਦਾ ਹੋਵੇ, ਹਮੇਸ਼ਾ ਦੋ ਹਿੱਸੇ ਹਾਈਡਰੋਜਨ ਅਤੇ ਇੱਕ ਹਿੱਸਾ ਆਕਸੀਜਨ ਤੋਂ ਬਣਿਆ ਹੋਵੇਗਾ। ਪਾਣੀ, ਪਾਣੀ ਨਾਲ ਮਿਲ ਕੇ ਇੱਕ ਮਿੱਕ ਹੋ ਜਾਦਾ ਹੈ ਅਤੇ ਨਿਖੇੜਨਾ ਔਖਾ ਹੈ। ਦੋ ਗੁਰਮੁਖ ਪਿਆਰੇ ਮਿਲਣ, ਤਦ ਵੀ ਉਹ ਇੱਕ ਹਨ। ਦਸ ਜਾਂ ਸੌ ਮਿਲਣ ਤਦ ਵੀ ਉਹ ਇੱਕ ਹੀ ਹਨ ਕਿਉਂਕਿ ਉਨ੍ਹਾਂ ਦਾ ਆਧਾਰ ਵੀ ਇੱਕ ਹੈ, ਰਚਨਾ ਵੀ ਇੱਕ ਹੈ, ਗੁਣ ਵੀ ਓਹੀ ਹਨ ਅਤੇ ਮੰਜਲ ਵੀ ਸਾਂਝੀ ਹੈ। ਉਹਨਾਂ ਨੂੰ ਵੱਖਰੇ ਕਰਨਾ ਸੰਭਵ ਹੀ ਨਹੀਂ। ਪੱਥਰ ਲੱਖ ਯਤਨ ਕਰੇ, ਪਾਣੀ ਨੂੰ ਦੋ ਨਹੀਂ ਕਰ ਸਕਦਾ। ਸਿਆਣੇ ਕਹਿੰਦੇ ਨੇ, “ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ।” ਹਾਂ, ਦੋ ਤੋਂ ਇੱਕ ਜਰੂਰ ਹੋ ਜਾਂਦੇ ਹਨ। ਇੱਕ ਹੀ ਕਿਉਂ, ਪਾਣੀ ਵਿੱਚ ਕਿੰਨੇ ਹੀ ਪੱਥਰ ਕਿਉਂ ਨਾ ਸੁੱਟੀਏ, ਪਾਣੀ ਦੋ ਨਹੀਂ ਹੋਣ ਲੱਗਾ। ਉਹ ਤਾਂ ਇੱਕ ਅਤੇ ਸਿਰਫ਼ ਇੱਕ ਹੀ ਹੈ। “ਹਰਿ ਹਰਿ ਜਨ ਦੁਈ ਏਕ ਹੈ।” ਜੈਸੀ ਨਦੀ, ਵੇਸਾ ਇੱਕ ਤਰੇਲ-ਤੁਪਕਾ ਜਾਂ ਜਲ-ਵਾਸ਼ਪ। ਤਾਂ ਤੇ ਸਿੱਧ ਹੋਇਆ ਕਿ ਪੱਥਰਾਂ ਨੂੰ ਤੋੜਿਆ ਜਾ ਸਕਦਾ ਹੈ, ਪਾਣੀ ਦੇ ਵੱਖ ਵੱਖ ਸੋਮਿਆਂ ਨੂੰ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਗੁਰਸਿੱਖ ਨੇ ਜੁੜਨਾ ਹੈ ਅਤੇ ਜੋੜਨਾ ਹੈ।
ਹੁਣ ਪੱਥਰ ਅਤੇ ਪਾਣੀ ਦਾ ਆਪਸੀ ਪ੍ਰਭਾਵ ਵੀ ਦੇਖ ਲਈਏ। ਕੀ ਦੁਸ਼ਟ ਬੁੱਧੀ ‘ਸਥਿਰ ਆਤਮਾ’ ਨੂੰ ਡੁਲਾ ਸਕਦੀ ਹੈ? ਜਾਂ ਸ਼ਾਂਤ ਚਿੱਤ ਗੁਰਸਿੱਖ, ਮਨਮੁੱਖ ਤੇ ਕੋਈ ਪ੍ਰਭਾਵ ਪਾ ਸਕਦਾ ਹੈ? ਪੱਥਰ ਕਿੰਨਾ ਵੀ ਯਤਨ ਕਿਉਂ ਨਾ ਕਰੇ, ਉਹ ਪਾਣੀ ਨੂੰ ਪੱਥਰ ਨਹੀਂ ਬਣਾ ਸਕਦਾ। ਲੱਖਾਂ ਕਰੋੜਾਂ ਸਾਲਾਂ ਦੀ ਮਿਹਨਤ ਤੇ ਵੀ ਉਹ ਪਾਣੀ ਤੋਂ ਉਸ ਦਾ ਵਹਾਅ, ਉਸ ਦੀ ਨਿਰਮਲਤਾ, ਉਸ ਦੀ ਸੀਤਲਤਾ ਆਦਿ ਨਹੀਂ ਖੋਹ ਸਕਦਾ। ਭਾਵ ਇਹ ਹੋਇਆ ਕਿ ਮਨਮੁੱਖ ਇਨਸਾਨ ਦੇ ਲੱਖ ਯਤਨ ਕਰਨ ਤੇ ਵੀ ਇੱਕ ਸਥਿਰ ਧਾਰਾ ਵਿੱਚ ਬੱਝ ਚੁੱਕੀ ਜੀਵ ਆਤਮਾ ਨਹੀਂ ਹਿੱਲੇਗੀ। ਉਹ ਆਪਣੇ ਸਾਗਰ (ਅਕਾਲ-ਪੁਰਖ) ਵੱਲ ਚਲਣਾ ਉਸੇ ਤਰਾਂ ਜਾਰੀ ਰੱਖੇਗੀ।
ਪਰ ਕੀ ਪਾਣੀ ਪੱਥਰ ਤੇ ਕੋਈ ਪ੍ਰਭਾਵ ਪਾ ਸਕਦਾ ਹੈ? ਭਾਈ ਗੁਰਦਾਸ ਜੀ ਨੇ ਵੀ ਪੱਥਰ ਦੀ ਕਠੋਰਤਾ ਨੂੰ ਦੇਖ ਕੇ ਕਿਹਾ ਸੀ, “ਪੱਥਰ ਪਾਣੀ ਰੱਖੀਐ, ਹਠਿ ਮੂਲ ਨਾ ਘਟੈ।” ਕਿੰਨੀ ਸ਼ਾਨਦਾਰ ਹਕੀਕਤ ਹੈ! ਪੱਥਰ ਤਾਂ ਪੱਥਰ ਹੀ ਹੈ। ਉਸ ਨੇ ਆਪਣਾ ਹਠ ਨਹੀਂ ਛੱਡਣਾ। ਉਹ ਆਪਣੇ ਮੰਦੇ ਕਰਮ ਅਤੇ ਮਾੜੀ ਸੋਚ ਨਹੀਂ ਤਿਆਗ ਸਕਦਾ।
ਪਰ ਇੱਕ ਝਲਕ ਹੋਰ ਦੇਖੀਏ। ਇੱਕ ਪੱਥਰ ਤੇ ਪਾਣੀ ਦੀ ਇੱਕ ਬੰਨ੍ਹਵੀ ਧਾਰ ਡਿਗ ਰਹੀ ਹੈ, ਲਗਾਤਾਰ ਡਿਗ ਰਹੀ ਹੈ, ਡਿਗ ਰਹੀ ਹੈ, ਡਿਗੀ ਹੀ ਜਾ ਰਹੀ ਹੈ। ਛੋਟੀ ਜਿਹੀ ਧਾਰ --–ਕੀ ਹੋਇਆ? ਸਾਡੇ ਦੇਖਦੇ ਦੇਖਦੇ ਪੱਥਰ ਵਿੱਚ ਇੱਕ ਛੋਟਾ ਜਿਹਾ ਟੋਇਆ ਜਿਹਾ ਪੈ ਗਿਆ। ਪਰ ਪੱਥਰ ਦਾ ਉਹ ਹਿੱਸਾ, ਜਿਸ ਥਾਂ ਤੇ ਹੁਣ ਛੋਟਾ ਜਿਹਾ ਟੋਇਆ ਹੈ, ਉਹ ਕਿੱਥੇ ਹੈ? ਕਿਤੇ ਨਜ਼ਰ ਨਹੀਂ ਆਉਂਦਾ। ਉਹ ਤਾਂ ਪਾਣੀ ਨੇ ਖੋਰਿਆ ਹੈ, ਤੋੜਿਆ ਨਹੀਂ। ਪਾਣੀ ਤਾਂ ਉਸ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਯਾਨੀ ਇੱਕ ਦੁਸ਼ਟ-ਬੁੱਧੀ ਨੂੰ, ਮਨ-ਮਤਿ ਨੂੰ, ਗੁਰੁ ਤੋਂ ਵਿਛੜੀ ਰੂਹ ਨੂੰ ਵੀ ਅਸਲ ਸੇਧ ਮਿਲ ਸਕਦੀ ਹੈ, ਪਰ ਸਿਰਫ਼ ਪਾਣੀ ਵਿੱਚ ਰੱਖਣ ਨਾਲ ਨਹੀਂ, ਸਗੋਂ ਬੰਨ੍ਹਵੀਂ ਧਾਂਰ ਪੈਣ ਨਾਲ। ਭਾਵ ਗੁਰਸਿੱਖਾਂ ਵੱਲੋਂ ਗੁਰਮਤਿ ਦੀ ਲਗਨ ਨਾਲ, ਦ੍ਰਿੜ ਇਰਾਦੇ ਨਾਲ, ਆਸ਼ਾਵਾਦੀ ਸੋਚ ਨਾਲ ਲਗਾਤਾਰ ਕੀਤਾ ਪ੍ਰੈਕਟੀਕਲੀ ਪ੍ਰਚਾਰ ਓਸ ਮਨਮੁੱਖ ਨੂੰ (ਜੋ ਪੱਥਰ ਨਿਆਈਂ ਸੀ) ਵੀ ਗੁਰਮਤਿ ਵੱਲ ਲਿਆ ਸਕਦੀ ਹੈ। ਸਮਾਂ ਬਹੁਤ ਲੱਗੇਗਾ। ਦੇਰ ਹੈ, ਪਰ ਅੰਧੇਰ ਨਹੀਂ। ਆਓ ਅਰਦਾਸ ਕਰੀਏ ਕਿ ਐ ਪ੍ਰਭੂ ਜੀ ਸਾਨੂੰ ਵੀ ਨਦੀ ਦੀ ਤੇਜ ਧਾਰਾ, ਸ਼ਾਂਤ ਸੁਭਾਅ, ਗਹਿਰਾਈ ਅਤੇ ਹੋਰ ਅਨੇਕ ਗੁਣ ਬਖਸ਼ ਤਾਂ ਕਿ ਅਸੀਂ ਵੀ ਆਪਣੇ ਮੂਲ ਸਾਗਰ ਵੱਲ ਦੌੜੇ ਆਈਏ। ਨਾ ਕੇਵਲ ਆਪ ਹੀ ਆਈਏ ਸਗੋਂ ਕੁੱਝ ਕੰਕਰਾਂ ਪੱਥਰਾਂ ਨੂੰ ਵੀ ਖਿੱਚੀ ਆਈਏ। ਅਰਦਾਸ, ਨਿਮਰਤਾ, ਦ੍ਰਿੜਤਾ ਪਰ ਗਤੀ ਅਤੇ ਜੀਵਨ ਸਾਡਾ ਉਦੇਸ਼ ਬਣ ਜਾਵੇ। … … ….
------------------------00000----------------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126




.