.

ਨਾਮੁ ਅਤੇ ਸਾਬਣ

ਅਸੀਂ ਸੱਭ ਜਾਣਦੇ ਹਾਂ ਕਿ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ਦਿੰਦੇ ਹਨ ਕਿ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ”। ਇਵੇਂ ਹੀ, ਅਸੀਂ ਨਿੱਤਨੇਮ ਦਾ ਪਾਠ ਕਰਨ ਸਮੇਂ, ਜਪੁ ਜੀ ਸਾਹਿਬ ਦੀਆਂ ੧੨, ੧੩, ੧੪ ਅਤੇ ੧੫ਵੀਆਂ ਪਉੜੀਆਂ ਵਿੱਚ ਪੜ੍ਹਦੇ ਹਾਂ: “ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥” ਸਾਧਾਰਣ ਲਫਜ਼ਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਦਾ ਨਾਮ ਬਹੁਤ ਸ੍ਰਿਸ਼ੇਟ ਹੈ, ਜਿਹੜਾ ਦੁਨਿਆਵੀ ਪ੍ਰਭਾਵ ਤੋਂ ਨਿਰਲੇਪ ਹੈ। ਪਰ, ਜੇ ਕੋਈ ਪ੍ਰਾਣੀ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦੇ ਨਾਮ ਨੂੰ ਵਸਾਅ ਲਏ, ਤਾਂ ਉਹ ਭੀ ਉੱਚੀ ਅਵਸਥਾ ਵਾਲਾ ਬਣ ਸਕਦਾ ਹੈ।

“ਜਪੁ ਜੀ ਸਾਹਿਬ” ਦੇ ਅੰਤਲੇ ਸਲੋਕੁ ਵਿਖੇ ਵੀ ਅਸੀਂ ਪਾਠ ਕਰਦੇ ਹਾਂ: “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ੧॥” ਸਰਲ ਅਰਥ: ਜਿਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਅ ਲਿਆ, ਸਮਝੋ ਕਿ ਉਨ੍ਹਾਂ ਦੀ ਮਿਹਨਤ ਨਾਲ ਕੀਤੀ ਸੇਵਾ ਸਫਲ ਹੋ ਗਈ। ਅੱਗੇ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐਸੇ ਗੁਰਮੁੱਖ ਪਿਆਰੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਕੇ, ਦੁਨਿਆਵੀ ਦੁੱਖ-ਤਕਲੀਫਾਂ ਤੋਂ ਛੁੱਟਕਾਰਾ ਪਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।

ਗੁਰੂ ਗਰੰਥ ਸਾਹਿਬ ਦੇ ‘ਤੁਕ-ਤਤਕਰਾ’ ਨੂੰ ਦੇਖਣ `ਤੇ ਪਤਾ ਲਗਦਾ ਹੈ ਕਿ ਹਜ਼ਾਰਾ ਹੀ ਸ਼ਬਦਾਂ ਦੁਆਰਾ “ਨਾਮੁ” ਦੀ ਮਹਿਮਾ ਵਰਣਨ ਕੀਤੀ ਮਿਲਦੀ ਹੈ ਪਰ, ਇਸ ਨੂੰ ਕਿਸੇ ਇੱਕ ਲਫਜ਼ ਜਾਂ ਅੱਖਰ ਨਾਲ ਨਹੀਂ ਜੋੜਿਆ ਗਿਆ। ਜਿਵੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕਲਾ “ੴ ਜਾਂ ਸਤਿਨਾਮੁ ਜਾਂ ਅਕਾਲ ਪੁਰਖ ਜਾਂ ਵਾਹਿਗੁਰੂ, ਆਦਿਕ” ਦਾ ਬਾਰ ਬਾਰ ਓਚਾਰਣ ਕਰਨਾ ਹੀ “ਨਾਮੁ” ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਸਾਰੀ ਗੁਰਬਾਣੀ ਹੀ ਅਕਾਲ ਪੁਰਖ ਦਾ ਨਾਮੁ ਹੈ ਅਤੇ ਸਾਨੂੰ ਸਮੁੱਚੀ ਬਾਣੀ ਅਨੁਸਾਰ ਹੀ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇੰਜ, ਅਸੀਂ ਇਲਾਹੀ ਅਤੇ ਦੁਨਿਆਵੀ ਉਪਦੇਸ਼ ਦੁਆਰਾ ਆਪਣਾ ਜੀਵਨ ਸਫਲ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ। ਆਓ, “ਜਪੁ ਜੀ ਸਾਹਿਬ ਦੀ ੨੦ਵੀਂ ਪਉੜੀ” ਦਾ ਭਾਵ-ਅਰਥ ਸਮਝਣ ਦਾ ਯੱਤਨ ਕਰੀਏ:

ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥

ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥

ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥

ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥

ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ੨੦॥

ਅਰਥ: ਜੇ ਪ੍ਰਾਣੀ ਦੇ ਹੱਥ, ਪੈਰ ਅਤੇ ਸਰੀਰ ਦੇ ਹੋਰ ਅੰਗ ਮੈਲੇ/ਗੰਦੇ ਹੋ ਜਾਣ ਤਾਂ ਐਸੀ ਮੈਲ/ਮਿੱਟੀ, ਪਾਣੀ ਨਾਲ ਧੋਤਿਆ ਲਹਿ ਜਾਂਦੀ ਹੈ। ਜੇ ਕੋਈ ਕਪੜਾ/ਬਸਤਰ ਪਿਸ਼ਾਬ ਨਾਲ ਗੰਦਾ ਹੋ ਜਾਏ ਤਾਂ ਉਸ ਨੂੰ ਸਾਬਣ ਲਾ ਕੇ ਸਾਫ-ਸੁਥਰਾ ਕੀਤਾ ਜਾ ਸਕਦਾ ਹੈ। ਪਰ, ਜੇ ਕਿਸੇ ਇਨਸਾਨ ਦੀ ਬੁੱਧੀ/ਮਤਿ, ਪਾਪਾਂ ਨਾਲ ਮਲੀਨ ਹੋ ਜਾਏ ਤਾਂ ਉਹ ਅਕਾਲ ਪੁਰਖ ਦੇ ਸੱਚੇ ਨਾਮ ਦੁਆਰਾ ਸਾਫ ਕੀਤੀ ਜਾ ਸਕਦੀ ਹੈ। ਪੁੰਨੀ ਅਤੇ ਪਾਪੀ ਕੇਵਲ ਕਹਿਣ ਮਾਤਰ ਨਹੀਂ ਕਿਉਂਕਿ ਅਸਲੀਅਤ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੇ ਕੋਈ ਪ੍ਰਾਣੀ ਕੰਮ ਕਰਦਾ ਹੈ, ਉਹੀ ਉਸ ਦੇ ਨਾਲ ਜਾਂਦੇ ਹਨ। ਜਿਵੇਂ, ਜਿਸ ਤਰ੍ਹਾਂ ਦਾ ਇਨਸਾਨ ਬੀਜ ਬੀਜਦਾ ਹੈ, ਵੈਸਾ ਹੀ ਉਸ ਨੂੰ ਇਸ ਜ਼ਿੰਦਗੀ ਵਿੱਚ ਹੀ ਖਾਣ ਲਈ ਫਲ ਮਿਲਦਾ ਹੈ। ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਹਰੇਕ ਪ੍ਰਾਣੀ ਦਾ ਜਨਮ ਅਤੇ ਮਰਣ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। (੨੦) ਇਸ ਸ਼ਬਦ ਦੁਆਰਾ ਸਾਨੂੰ ਸੋਝੀ ਮਿਲਦੀ ਹੈ ਕਿ ਆਪਣੇ ਹਿਰਦੇ/ਮੰਨ ਦੇ ਬਿਕਾਰ ਜਿਵੇਂ ਕਾਮ, ਕ੍ਰੋਧ, ਲੋਭਿ, ਮੋਹ, ਅਹੰਕਾਰ, ਚੁਗਲੀ-ਨਿੰਦਾ, ਦੁਵੈਤ, ਚੋਰੀ-ਜਾਰੀ, ਬੇਈਮਾਨੀ, ਆਦਿਕ ਬੁਰਾਈਆਂ ਤੋਂ ਅਕਾਲ ਪੁਰਖ ਦੇ ਨਾਮ/ਹੁਕਮ ਨੂੰ ਮੰਨਣ ਨਾਲ ਹੀ ਛੁੱਟਕਾਰਾ ਮਿਲ ਸਕਦਾ ਹੈ। ਪਰ, ਸਰੀਰ ਦੇ ਬਾਹਰਲੇ ਅੰਗਾਂ ਨੂੰ ਤਾਂ ਸਾਬਣ ਨਾਲ ਹੀ ਧੋਇਆ ਜਾ ਸਕਦਾ ਹੈ। ਇਸ ਲਈ, ਸਚਿਆਰ ਅਤੇ ਸੁਅੱਛ ਜੀਵਨ ਬਤੀਤ ਕਰਨ ਲਈ ਹਰ ਰੋਜ਼ “ਨਾਮ ਤੇ ਸਾਬਣ” ਦਾ ਓਪਜੋਗ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਅੰਦਰੋਂ ਅਤੇ ਬਾਹਰੋਂ ਇੱਕ ਸਾਰਤਾ ਵਿੱਚ ਰਹਿ ਕੇ, ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣੇ ਰਹੀਏ!

ਇਵੇਂ ਹੀ, ਗੁਰੂ ਅਰਜਨ ਸਾਹਿਬ ਸਾਨੂੰ ਸੋਝੀ ਬਖ਼ਸ਼ਿਸ਼ ਕਰਦੇ ਹਨ: ਗੁਰੂ ਗਰੰਥ ਸਾਹਿਬ, ਪੰਨਾ ੯੧੪, ਰਾਮਕਲੀ ਮਹਲਾ ੫॥” ਜਿਉ ਪਾਵਕ ਸੰਗਿ ਸੀਤ ਕੋ ਨਾਸ॥ ਐਸੇ ਪ੍ਰਾਛਤ ਸੰਤਸੰਗਿ ਬਿਨਾਸ॥ ਜਿੳੇੁ ਸਾਬੁਨਿ ਕਾਪਰ ਊਜਲ ਹੋਤ॥ ਨਾਮ ਜਪਤ ਸਭੁ ਭ੍ਰਮੁ ਭਉ ਖੋਤ॥ ੫॥”

ਅਰਥ: ਐ ਪ੍ਰਾਣੀ, ਜਿਵੇਂ ਅੱਗ ਦੁਆਰਾ ਠੰਢ ਤੋਂ ਛੁੱਟਕਾਰਾ ਪਾ ਲਈਦਾ, ਤਿਵੇਂ ਹੀ ਅਕਾਲ ਪੁਰਖ ਦੀ ਭਗਤੀ ਕਰਨ ਵਾਲੇ ਗੁਰਮੁੱਖਾਂ ਦੀ ਸੰਗਤ ਕਰਨ ਨਾਲ ਅਤੇ ਸ਼ੁੱਭ ਕਾਰਜ ਕਰਨ ਦੁਆਰਾ ਅਸੀਂ ਆਪਣੀ ਪਾਪਾਂ ਭਰੀ ਬਿਰਤੀ ਤੋਂ ਛੁੱਟਕਾਰਾ ਪਾ ਸਕਦੇ ਹਾਂ। ਜਿਵੇਂ, ਸਾਬਣ ਨਾਲ ਅਸੀਂ ਕੱਪੜੇ ਸਾਫ਼-ਸੁਥਰੇ ਕਰ ਲੈਂਦੇ ਹਾਂ, ਇਵੇਂ ਹੀ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਕੇ, ਦੁਨਿਆਵੀ ਭਰਮ-ਭੁਲੇਖਿਆਂ ਨੂੰ ਖ਼ੱਤਮ ਕੀਤਾ ਜਾ ਸਕਦਾ ਹੈ। (੫)

ਇਨ੍ਹਾਂ ਸ਼ਬਦਾਂ ਦੀ ਵਿਚਾਰ ਕਰਦਿਆਂ, ਮਨ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ “ਸਾਬਣ” ਦਾ ਓਪਜੋਗ ਹੁੰਦਾ ਆ ਰਿਹਾ ਹੈ, ਤਾਂ ਫਿਰ “ਦਰਬਾਰ ਸਾਹਿਬ” ਅਤੇ “ਨਿਸ਼ਾਨ ਸਾਹਿਬ” ਨੂੰ ‘ਦੁੱਧ ਜਾਂ ਕੱਚੀ ਲੱਸੀ’ ਨਾਲ ਕਿਉਂ ਧੋਇਆ ਜਾਂਦਾ ਹੈ? ਕੀ ਐਸਾ ਕਰਨਾ ਮਨਮਤਿ ਨਹੀਂ ਜਾਂ ਇੰਜ ਕਹਿ ਲਓ ਕਿ ਐਸਾ ਕਰਨਾ, ਗੁਰੂ ਸਾਹਿਬ ਦੇ ਓਪਦੇਸ਼ਾਂ/ਸਿੱਖਿਆ ਦੀ ਓਲੰਘਣਾ ਕਰਨਾ ਹੈ! ਪਿਛਲੇ ਕਈ ਸਾਲਾਂ ਤੋਂ “ਗੁਰਬਾਣੀ ਤੇ ਗੁਰਮਤਿ” ਦੇ ਓਲਟ ਐਸੀਆਂ ਕਈ ਕੁਰੀਤੀਆਂ ਚਾਲੂ ਹੋ ਗਈਆਂ ਹਨ। ਪਰ, ਕੋਈ ਭਾਈ, ਰਾਗੀ, ਕਥਾਕਾਰ, ਪ੍ਰਚਾਰਕ, ਪ੍ਰਬੰਧਕ ਅੱਖਾਂ ਬੰਦ ਕਰਕੇ ਸੌਂਏ ਹੋਏ ਹਨ ਅਤੇ ਸੰਗਤਾਂ ਵੀ ਇਵੇਂ ਹੀ ਕਰੀ ਜਾਂਦੀਆਂ ਹਨ! ਇਸ ਲਈ ਸਿੱਖਾਂ ਵਿੱਚ ਸੁਧਾਰ ਦੀ ਥਾਂ ਨਿਘਾਰ ਹੀ ਦੇਖਣ ਵਿੱਚ ਆ ਰਿਹਾ ਹੈ। ਅਫਸੋਸ ਤਾਂ ਇਸ ਗਲ ਦਾ ਹੈ ਕਿ ਬਾਹਰ ਰਹਿੰਦੇ ਸੂਝਵਾਨ ਸਿੱਖ ਵੀ ਚੁੱਪ ਧਾਰੀ ਬੈਠੇ ਹਨ। ਤਾਂ ਫਿਰ, ਹਜ਼ਾਰਾਂ ਹੀ ਗੁਰਦੁਆਰਿਆਂ ਵਿਖੇ ਸਿੱਖੀ ਦਾ ਕਿਹੜਾ ਪ੍ਰਚਾਰ ਹੋ ਰਿਹਾ ਹੈ?

ਬੇਨਤੀ ਹੈ ਕਿ ਸਾਨੂੰ ਸਾਰੇ ਸਿੱਖਾਂ ਨੂੰ ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਦਾ ਇਕੋ-ਇਕ “ਗੁਰੂ ਗਰੰਥ ਸਾਹਿਬ” ਹੀ ਧਰਮ ਦਾ ਪਵਿੱਤਰ ਗਰੰਥ ਹੈ। ਇਸ ਲਈ, ਸਾਨੂੰ ਗੁਰੂ-ਓਪਦੇਸ਼ਾਂ ਅਨੁਸਾਰ ਹੀ ਕੰਮ ਕਰਨੇ ਚਾਹੀਦੇ ਹਨ।

ਖਿਮਾ ਦਾ ਜਾਚਿਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨ ਜੂਨ, ੨੦੧੩




.