.

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ….
ਭਾਗ ਤੀਜਾ

ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833

ਚੰਗਾ ਇਹ ਹੈ, ਅਜਿਹੇ ਜਥੇਦਾਰਾਂ ਦੇ ਅੰਗੂਠੇ ਵੱਢ ਕਿ ਕਰਬਲਾਂ ਦੇ ਰੇਗਿਸਤਾਨ ਦੱਬ ਆਈਏ। ਨਾ ਰਹੇ ਬਾਂਸ ਤੇ ਨਾ ਵੱਜੇ ਬੇਸੁਰੀ ਬੰਸਰੀ। ਨਾ ਐਸ਼ ਕੀਤੀ, ਨਾ ਘਰ ਘਾਟ ਦਾ ਕੁੱਝ ਬਣਾਇਆ, ਪਾਂਡਵਾਂ ਵਾਗ ਜੂਏ ਵਿੱਚ ਹੀ ਸਾਰੀ ਵਿਰਾਸਤ ਹਾਰ ਦਿੱਤੀ। ਜੇ ਇਹਨਾਂ ਦੇ ਗੱਲ ਲਾਹੁੰਦੇ ਹਾਂ, ਸਾਰੇ ਜਹਾਨ ਦਾ ਇਤਿਹਾਸਕ ਲਾਹਨਤ ਗਲ ਪੈਂਦੀ ਐ। ਜੀ ਕਰਦਾ ਏ, ਇਹਨਾਂ ਨੂੰ ਕਾਰਾਂ ਤੋਂ ਖਿਚ ਕੇ ਗੱਡੇ ਜੋੜੀਏ ਤੇ ਗੋਲ ਛਾਂਟ ਵਾਲੀ ਪਰਾਣੀ ਨਾਲ ਪਿਠ ਉਧੇੜ ਦੇਈਏ।
“ਲਾਈ ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗਵਾਂਢ ਨਾ ਹੋਵੇ।”
ਮਾੜੀ ਕਿਸਮਤ ਨੂੰ ਅਸੀ ਦੋ ਪੁੜਾਂ ਸੰਨ੍ਹ ਆ ਗਏ ਹਾਂ। ਛੁਟਕਾਰੇ ਦਾ ਰਾਹ ਕੋਈ ਨਹੀ, ਪਰ ਹੌਸਲਾ ਛਡਿਆ ਨਹੀ। ਮੁਸ਼ਕਿਲ ਇਹ ਵੀ ਹੈ, ਅਸੀ ਬਾਣੀਏ ਤੇ ਪ੍ਰੋਹਿਤ ਬ੍ਰਾਹਮਣ ਨੂੰ ਛੱਡ ਵੀ ਨਹੀ ਸਕਦੇ। ਭਰੇ ਮੇਲੇ ਵਿੱਚ ਅਸਲੋ ਨੰਗੇ ਤੇ ਇਕੱਲੇ ਹੁੰਦੇ ਹਾਂ ਤੇਜ ਦੌੜਾਕ ਘੌੜਾ ਸਾਡਾ ਦਿੱਲੀ ਨੇ ਕਾਬੂ ਕਰ ਲਿਆ, ਪੈਦਲ ਕਦੋ ਵਾਟ ਮੁੱਕੀ ਤੇ ਕਲਿਆਣ ਹੋਇਆ। ਭਾਣਿਆ ਨੀਤੀ ਕਹਿੰਦੀ ਐ, ਝੋਰਾ ਨਾ ਕਰ, ਤੁਰੋ ਜਰੂਰ, ਭਾਵੇਂ ਕਛੂ ਦੀ ਤੋਰ ਤੁਰੋ।
ਲਉ ਇੱਕ ਹੋਰ ਵਾਕਿਆ ਯਾਦ ਆ ਗਿਆ, ਐਨ ਸਾਡੇ ਉਤੇ ਢੁਕਦਾ। ਨਿੱਕੋ ਮਰਾਸਣ ਦੇ ਘਰ ਵਾਲਾ ਅਮੀਰ ਬਖਸ਼ ਕਿਸਾਨ ਨਾਲ ਸੀਰੀ ਰਲ ਗਿਆ। ਕਿਸਾਨ ਦਾ ਬੋਤਾ ਵੱਢਦਾ ਸੀ ਤੇ ਨਾਰਾ ਬਲਦ ਮਾਰਦਾ ਸੀ। ਨਿੱਕੋ ਦੀ ਦੂਰ ਦੀ ਸਹੇਲੀ ਹਾਲ ਚਾਲ ਪੁੱਛਣ ਆਈ। ਨਿੱਕੋ ਹਉਕਾ ਲੈ ਕੇ ਦੱਸਣ ਲਗੀ।
“ਕਾਹਦਾ ਭੈਣੇ, ਨਾ ਰੰਡੀ ਨਾ ਸੁਹਾਗਣ। ਮੀਰ ਨੂੰ ਬੋਤਾ ਛੱਡ ਦਾ ਹੈ ਤਾਂ ਨਾਰਾ ਢਾਹ ਲੈਦਾ ਏ।
ਮੀਰ ਦੀ ਹਾਲਤ ਪੰਜਾਬ ਦੀ ਹਾਲਤ। ਗਲ੍ਹ ਘੁੱਟਣੀ ਕਾਂਗਰਸ ਤੇ ਵੱਢ ਖਾਣੀ ਭਾਜਪਾ, ਦੋਂਹ ਜਵਾੜਿਆਂ ਸੰਨ੍ਹ ਆਇਆ ਪੰਜਾਬ ਵਿਚਾਰਾ ਬਚੇਗਾ ਕਿਵੇਂ? ਉਹ ਕੈਦੀ ਛੁਟਣਗੇ ਨਹੀ, ਜੇਲ੍ਹ ਵਿੱਚ ਹੀ ਮਰਨਗੇ, ਜਿਹਨਾਂ ਵਿਚੋਂ ਹੀ ਨੰਬਰਦਾਰ ਬਣਾ ਕੇ ਸਾਰਿਆਂ ਉਤੇ ਲਾਇਆ ਜਾਵੇ। ਖੂੰਜੇ ਬੈਠਾ ਭਾਣੇ ਦਾ ਯਾਰ ਭਰੋਸੇ ਨਾਲ ਆਖਦਾ ਏ।
“ਦੜ ਵੱਟ ਜਮਾਨਾ ਕੱਟ, ਭਲੇ ਦਿਨ ਆਉਣਗੇ। ਰੁਤਾਂ ਬਦਲਦੀਆਂ ਹਨ, ਸੂਰਜ ਠੰਡਾ ਤੱਤਾ ਹੁੰਦਾ ਏ। ਹਾੜੀਆਂ ਸਾਉਣੀਆਂ ਭਰਦੀਆਂ ਹਨ। ਮਨੁੱਖ ਦੇ ਸਾਹਸ ਅੱਗੇ ਪਹਾੜ ਨੀਵੇ ਹੋਏ ਹਨ। ਤੂਫਾਨ ਬੰਨ੍ਹੇ ਗਏ ਹਨ। ਤੂੰ ਬੇਲੀਆ ਫਿਕਰ ਨਾ ਕਰ, ਗੁਲਾਮੀ ਨੇ ਤਾਂ ਆਪਣੇ ਭਾਰ ਨਾਲ ਹੀ ਦਫਨ ਹੋ ਜਾਣਾ ਹੈ।”
“ਭਾਨਿਆ ਯਾਰਾ! ਤੇਰੀ ਮਗਰਲੀ ਗਲ ਵਧੀਆ ਤੇ ਸਿੱਕੇਬੰਦ, ਪਹਿਲੀ ਥੋੜੀ ਪੂਰੇ ਬਲ ਨਾਲ ਤੁਰਨ ਵਾਲੀ ਬਦਲਣੀ ਹੋਵੇਗੀ।”
“ਕਿਊਂ, ਕਾਹਤੋਂ?”
“ਇਤਿਹਾਸ ਵੱਲ ਨਜ਼ਰ ਮਾਰ, ਅਸੀ ਆਪਣੇ ਹੀ ਜ਼ੋਰ ਨਾਲ ਢਹਿੰਦੇ ਰਹੇ ਹਾਂ। ਹਰ ਮੁਹਿੰਮ ਜਿੱਤਣ ਵਾਲੀ ਨੀਤੀ ਨੂੰ ਅੱਗੇ ਲਾਓ ਤੇ ਪਿਛੋਂ ਬਲ ਨੂੰ ਵਿਉਂਤਬੰਦ ਕਰਕੇ ਦੁਸ਼ਮਣ ਨੂੰ ਹਰਾਓ।”
“ਤੂੰ ਪਤੰਦਰਾ ਹੋਰ ਦੀ ਕੱਛ ਚੋਂ ਮੂੰਗਲੀ ਕੱਡ ਮਾਰਦਾ ਏਂ।”
“ਵੇਖ ਵੀਰਿਆ ਦੋ ਭਲਵਾਨ ਘੁਲਦੇ ਐ, ਤੂੰ ਦੱਸ ਜ਼ੋਰ ਵਾਲੇ ਨੂੰ ਦਾਅ ਮਾਰਨ ਵਾਲਾ ਨਹੀ ਚਿੱਤ ਕਰ ਮਾਰਦਾ?”
“ਹਾਂ, ਤੂੰ ਠੀਕ ਆਖਦਾ ਏਂ।”
“ਤੈਨੂੰ ਸੱਜਰੀ ਮਿਸਾਲ ਦੇਵਾਂ। ਗਾਂਧੀ ਕੋਲ ਅਕਲ ਸੀ, ਉਸ ਪੰਜਾਬ ਦੇ ਬਲ ਨੂੰ ਅੰਗਰੇਜ਼ ਮੱਥੇ ਮਾਰਿਆ। ਕੁੱਟ ਖਾਓ, ਗੋਲੀਆਂ ਖਾਓ, ਪਰ ਅੰਗਰੇਜ਼ ਭਜਾਓ। ਆਜਾਦੀ ਇਸ ਤਰ੍ਹਾਂ ਜਿੱਤ ਲਈ। ਪਿੱਛੋ ਸਿੱਖਾਂ ਨੂੰ ਅਗੂੰਠਾ ਵਿਖਾ ਦਿੱਤਾ ਤੇ ਗੱਦੀ ਬ੍ਰਾਹਮਣ ਬਾਣੀਏ ਦੇ ਹਵਾਲੇ ਕਰ ਦਿੱਤੀ। ਬੇੜੀ ਦੇ ਦੋ ਚੱਪੂ ਹੁੰਦੇ ਐ, ਉਸ ਨੂੰ ਸੇਧ ਵਿੱਚ ਰੱਖਣ ਲਈ, ਜਿਵੇਂ ਗੱਡੇ ਦੇ ਦੋ ਪਹੀਏ। ਤੂੰ ਭਾਣਿਆ ਸਮਝ ਅਸੀਂ ਭਵਰ ਵਿੱਚ ਆਂ। ਅਕਲ ਤੇ ਜ਼ੋਰ ਦੇ ਸਾਂਝੇ ਚੱਪੂਆਂ ਬਿਨ੍ਹਾਂ ਕਿਨਾਰੇ ਨਹੀ ਜਾ ਸਕਦੇ। ਹੁਣ ਦਸ ਡੁੱਬਣਾ ਏ ਕਿ ਕਿਨਾਰੇ ਲਗਣਾ ਏ?”
ਗੁਰੂ ਤੂੰ ਅੱਗੇ, ਮੈਂ ਪਿਛੇ। ਮਾਰ ਲਏ ਹੁਣ ਤੱਕ ਤੇੜ ਦੇ ਨੰਗ ਨੇ। ਅਸੀਂ ਤਾਂ ਯਾਰ ਜਾਗਦੇ ਹੀ ਲੁੱਟੇ ਗਏ। ਤੂੰ ਉਦੋਂ ਕਿਥੇ ਮਰ ਗਿਆ ਸੀ, ਜਦੋ ਦੇਸ਼ ਦੀ ਵੰਡ ਹੋ ਰਹੀ ਸੀ?
ਮੈਂ ਉਦੋਂ ਤੇਰੇ ਤਾਰਾ ਸਿੰਘ, ਊਧਮ ਸਿੰਘ ਤੇ ਕਰਤਾਰ ਸਿੰਘ ਹੋਰਾਂ ਨੂੰ ਸਮੁੰਦਰੀ ਹਾਲ ਵਿੱਚ ਚਾਹ ਪਿਆਉਂਦਾ ਸੀ। ਲੁਕਮਾਨ ਨੂੰ ਕਿਸੇ ਨੇ ਪੁਛਿਆ, ਤੂੰ ਇਨ੍ਹਾਂ ਸਿਆਣਾ ਕਿਵੇਂ ਹੋ ਗਿਆ? ਉਸਦਾ ਉੱਤਰ ਸੀ, ਜਿਹੜੀਆਂ ਗਲਤੀਆਂ ਲੋਕਾਂ ਕੀਤੀਆਂ ਮੈਂ ਉਹਨਾਂ ਤੋਂ ਸਿਖਿਆ। ਅਨਾੜੀ ਜਥੇਦਾਰਾਂ ਦੀਆਂ ਗਲਤੀਆਂ ਤੋਂ ਹੀ ਮੈਂ ਸਿੱਖਦਾ ਰਿਹਾ ਹਾਂ। ਰੱਬ ਦੇ ਵਾਸਤੇ ਹੁਣ ਉਹ ਗਲਤੀਆਂ ਨਾ ਦੋਹਰਾਈਏ, ਮੁੜ-ਮੁੜ ਕਤਲਿ-ਆਮ ਨਾ ਕਰਵਾਈਏ। ਜਦੋਂ ਪੈਸੇ ਵੰਝਲੀ ਦੇ ਵੀ ਨਾ ਹੋਣ, ਘੁੱਗੂ ਨੂੰ ਹੱਥ ਨਾ ਪਾਈਏ। ਅਕਲ ਦੀ ਜੁਗਤ ਸ਼ਕਤੀ ਪੈਦਾ ਕਰਦੀ ਹੈ ਤੇ ਦੋਵੇਂ ਜੁੜ ਕੇ ਮਹਾਬਲੀ ਹੋ ਜਾਂਦੀਆਂ ਹਨ। ਸਾਨੂੰ ਸ਼ਕਤੀ ਤੇ ਭਗਤੀ ਦਾ ਵਿਆਹ ਕਰੇ ਬਿਨ੍ਹਾਂ ਨਹੀ ਸਰਨਾ। ਐਸੇ ਵਿੱਚ ਸਾਡਾ ਕਲਿਆਣ ਹੈ।
ਬੇਗਾਨੀਆਂ ਅਕਲਾਂ ਦਾ ਤਿਆਗ ਕਰੋ। ਹੁਣ ਤੱਕ ਬੇਗਾਨੀਆਂ ਅਕਲਾਂ ਉਤੇ ਭਰੋਸੇ ਕਰਦੇ ਹੀ ਡੂੰਘੀ ਦਲਦਲ ਵਿੱਚ ਆ ਡਿੱਗੇ ਹਾਂ। ਭਾਨਿਆਂ ਮਾਯੂਸ ਨਾ ਹੋ, ਕਾਮਯਾਬੀ ਮਿਹਨਤੀ ਸੱਟਾਂ ਨਾਲ ਹੀ ਮਿਲਦੀ ਹੈ।




.