.

ਧਰਮ ਦੀ ਸਮੱਸਿਆ-9
ਹੀਣ-ਭਾਵਨਾ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ, ਮਾਸਿਕ)
Tel.: 403-681-8689
www.sikhvirsa.com


ਦੁਨੀਆਂ ਭਰ ਦੇ ਸਭ ਜਥੇਬੰਦਕ ਛੋਟੇ-ਵੱਡੇ ਧਰਮਾਂ ਵਿੱਚ ਅਨੇਕਾਂ ਨਕਲੀ ਧਰਮ, ਪੁਜਾਰੀਆਂ ਤੇ ਧਰਮ ਸੰਚਾਲਕਾਂ ਦੀ ਦੇਖ-ਰੇਖ ਹੇਠ ਪ੍ਰਚਲਤ ਹਨ, ਜਿਨ੍ਹਾਂ ਦੀ ਚਰਚਾ ਅਸੀਂ ਇਸ ਲੇਖ ਲੜੀ ਵਿੱਚ ਕਰ ਰਹੇ ਹਾਂ, ਜਿਸਦਾ ਮਕਸਦ ਆਮ ਸ਼ਰਧਾਲੂ ਨੂੰ ਇਹ ਜਾਣਕਾਰੀ ਦੇਣਾ ਹੈ ਕਿ ਉਹ ਸੋਚੇ ਕਿ ਜਿਸਨੂੰ ਉਹ ਅਸਲੀ ਧਰਮ ਸਮਝ ਕੇ ਆਪਣਾ ਤਨ, ਮਨ, ਧਨ ਤੇ ਸਮਾਂ ਕੁਰਬਾਨ ਕਰ ਰਿਹਾ ਹੈ, ਕੀ ਉਹ ਸੱਚਮੁੱਚ ਵਿੱਚ ਅਸਲੀ ਧਰਮ ਹੈ? ਕੀ ਇਹ ਪੁਜਾਰੀਆਂ ਤੇ ਧਰਮ ਸੰਚਾਲਕਾਂ ਵਲੋਂ ਰਾਜਨੀਤਕ ਲੋਕਾਂ ਦੀ ਛਤਰ ਛਾਇਆ ਹੇਠ ਧਰਮ ਦੇ ਨਾਮ ਤੇ ਚਲਾਈ ਜਾ ਰਹੀ ਮਹਿਜ ਦੁਕਾਨਦਾਰੀ ਤੇ ਨਹੀਂ? ਇਸ ਵਿਚਾਰ ਚਰਚਾ ਦਾ ਇੱਕ ਮਕਸਦ ਆਮ ਸ਼ਰਧਾਲੂ ਮਨੁੱਖ ਨੂੰ ਕੁੱਝ ਸੋਚਣ ਲਾਉਣਾ ਵੀ ਹੈ ਕਿ ਉਹ ਅਸਲੀ ਤੇ ਨਕਲੀ ਦੀ ਪਛਾਣ ਕਰਨ ਦੇ ਰਾਹੇ ਪੈ ਸਕੇ, ਕਿਉਂਕਿ ਨਕਲੀ ਧਰਮਾਂ ਨੇ ਮਨੁੱਖ ਨੂੰ ਅਜਿਹੀ ਪੱਟੀ ਪੜ੍ਹਾ ਦਿੱਤੀ ਹੈ ਕਿ ਉਸਨੂੰ ਹੁਣ ਸੋਚਣ, ਵਿਚਾਰਨ, ਕਰਨ ਦੀ ਕੁੱਝ ਲੋੜ ਨਹੀਂ, ਸਾਰਾ ਕੁੱਝ ਬਹੁਤ ਸਮਾਂ ਪਹਿਲਾਂ ਸੋਚਿਆ, ਵਿਚਾਰਿਆ ਤੇ ਕੀਤਾ ਜਾ ਚੁੱਕਾ ਹੈ, ਤੁਹਾਡੀਆਂ ਪਿਛਲੀਆਂ, ਮੌਜੂਦਾ ਤੇ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਹੀ ਸਾਡੀ ਧਰਮ ਪੁਸਤਕ ਵਿੱਚ ਕਲਮਬੱਧ ਕੀਤਾ ਜਾ ਚੁੱਕਾ ਹੈ। ਕੁਦਰਤ ਬਾਰੇ, ਮਨ ਬਾਰੇ, ਆਤਮਾ ਬਾਰੇ, ਸ੍ਰਿਸ਼ਟੀ ਬਾਰੇ, ਸਰੀਰ ਬਾਰੇ, ਮਨੁੱਖਤਾ ਬਾਰੇ, ਕਿਸੇ ਫਿਕਰ ਦੀ ਲੋੜ ਨਹੀਂ, ਕੁੱਝ ਸੋਚਣ ਦੀ ਲੋੜ ਨਹੀਂ, ਕੁੱਝ ਕਰਨ ਦੀ ਲੋੜ ਨਹੀਂ, ਸਭ ਸਮੱਸਿਆਵਾਂ ਦਾ ਇੱਕੋ ਤੇ ਆਖਰੀ, ਸ਼ਰਤੀਆ ਇਲਾਜ ਕੀਤਾ ਜਾ ਚੁੱਕਾ ਹੈ? ਸਾਇੰਸਦਾਨਾਂ ਵਲੋਂ ਜੋ ਖੋਜਾਂ ਅੱਜ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਬਾਰੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤਾ ਗਿਆ ਸੀ। ਪੁਜਾਰੀਆਂ ਵਲੋਂ ਗੱਲ ਇਥੇ ਹੀ ਖਤਮ ਨਹੀਂ ਕੀਤੀ ਜਾ ਰਹੀ, ਅੰਧ-ਵਿਸ਼ਵਾਸ਼ੀ ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਵੀ ਪੱਕਾ ਕੀਤਾ ਜਾਂਦਾ ਹੈ ਕਿ ਸਾਇੰਸਦਾਨ ਜੋ ਕੁੱਝ ਹਜਾਰਾਂ ਸਾਲਾਂ ਬਾਅਦ ਸੋਚਣਗੇ ਜਾਂ ਖੋਜਾਂ ਕਰਨਗੇ, ਉਹ ਵੀ ਸਾਡੇ ਧਰਮ ਗ੍ਰੰਥਾਂ ਵਿੱਚ ਹਜਾਰਾਂ ਸਾਲ ਪਹਿਲਾਂ ਲਿਖ ਦਿੱਤਾ ਗਿਆ ਸੀ? ਉਨ੍ਹਾਂ ਅਨੁਸਾਰ ਸਾਇੰਸਦਾਨ ਤੇ ਐਵੇਂ ਝੱਖ ਮਾਰਦੇ ਫਿਰਦੇ ਹਨ? ਕਈ ਵਾਰ ਤੇ ਸਾਇੰਸਦਾਨਾਂ ਦੀ ਅਨੇਕਾਂ ਸਾਲਾਂ ਦੀ ਮਿਹਨਤ ਨੂੰ ਇਹ ਕਹਿ ਕਿ ਨਕਾਰ ਦਿੱਤਾ ਜਾਂਦਾ ਹੈ ਕਿ ਇਹ ਤਾਂ ਸਾਡੇ ਗ੍ਰੰਥ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ? ਪਰ ਕੋਈ ਸ਼ਰਧਾਲੂ ਇਨ੍ਹਾਂ ਪੁਜਾਰੀਆਂ ਨੂੰ ਇਹ ਪੁਛਣ ਦੀ ਕਦੇ ਜ਼ੁਰਅਤ ਨਹੀਂ ਕਰ ਸਕਿਆ ਕਿ ਜੇ ਇਹ ਸਭ ਕੁੱਝ ਹਜਾਰਾਂ ਸਾਲ ਪਹਿਲਾਂ ਲਿਖਿਆ ਜਾ ਚੁੱਕਾ ਸੀ ਤਾਂ ਫਿਰ ਜੋ ਇਸ ਖੋਜ ਨਾਲ ਮਨੁੱਖਤਾ ਨੂੰ ਲਾਭ ਹੁਣ ਹੋਣਾ ਸ਼ੁਰੂ ਹੋਇਆ ਹੈ, ਉਹ ਤੁਸੀਂ ਹਜਾਰਾਂ ਸਾਲ ਪਹਿਲਾਂ ਕਿਉਂ ਨਹੀਂ ਦਿੱਤਾ? ਪਰ ਨਹੀਂ, ਸਾਨੂੰ ਤੇ ਵਾਰ ਵਾਰ ਇਹੀ ਮੁਹਾਰਨੀ ਪੜ੍ਹਾਈ ਜਾਂਦੀ ਹੈ ਕਿ ਇਹ ਸਭ ਕੁੱਝ ਸਾਡੇ ਰਹਿਬਰਾਂ, ਗੁਰੂਆਂ, ਪੀਰਾਂ, ਪੈਗੰਬਰਾਂ ਨੂੰ ਰੱਬ ਵਲੋਂ ਮਿਲੇ ਸਿੱਧੇ, ਨਿਰੋਲ ਤੇ ਖਾਲਸ ਗਿਆਨ ਰਾਹੀਂ ਬੋਲ ਕਿ ਕਹਿ ਦਿੱਤਾ ਗਿਆ ਸੀ, ਗ੍ਰੰਥਾਂ ਵਿੱਚ ਲਿਖ ਦਿੱਤਾ ਗਿਆ ਸੀ, ਸਾਡੀ ਮਰਿਯਾਦਾ ਰਾਹੀਂ ਪਰਗਟ ਕਰ ਦਿੱਤਾ ਗਿਆ ਸੀ, ਉਸ ਰੱਬੀ ਗਿਆਨ ਨੂੰ ਤੁਸੀਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸੱਚੋ-ਸੱਚ ਤੇ ਆਖਰੀ ਗਿਆਨ ਸਮਝ ਕੇ, ਅੱਖਾਂ ਮੀਟ ਕੇ ਮੰਨ ਲਵੋ। ਜੋ ਵਿਅਕਤੀ ਸ਼ਰਧਾ ਨਾਲ, ਅੱਖਾਂ ਮੀਟ ਕੇ, ਸਿਰ ਸੁੱਟ ਕੇ, ਬਿਨਾਂ ਕਿਸੇ ਕਿੰਤੂ ਪ੍ਰੰਤੂ, ਸੁਆਲ ਜੁਆਬ ਦੇ ਮੰਨਦਾ ਹੈ, ਉਸ ਉਪਰ ਹੀ ਪ੍ਰਭੂ ਦੀ ਕ੍ਰਿਪਾ ਹੁੰਦੀ ਹੈ ਤੇ ਉਸਦੀਆਂ ਸਭ ਪਾਸੇ ਪੌਂ ਬਾਰਾਂ ਹੁੰਦੀਆਂ ਹਨ। ਉਸ ਉਪਰ ਹੀ ਰੱਬੀ ਬਖਸ਼ਿਸ਼ਾਂ ਦੀ ਬਾਰਸ਼ ਹੁੰਦੀ ਹੈ। ਨੌਂ ਨਿਧੀਆਂ ਤੇ ਬਾਰਾਂ ਸਿੱਧੀਆਂ ਉਸਦੇ ਅੱਗੇ ਪਿਛੇ ਦਾਸੀਆਂ ਬਣ ਕੇ ਭੱਜੀਆਂ ਫਿਰਦੀਆਂ ਹਨ। ਸ਼ਰਧਾਲੂ ਮਨੁੱਖ ਪੁਜਾਰੀ ਦੇ ਇਸ ਲੁਭਾਵਣੇ ਮਾਇਆ ਜਾਲ ਵਿੱਚ ਫਸਿਆ ਸਾਰੀ ਉਮਰ ਸਾਰੀ ਸ੍ਰਿਸ਼ਟੀ ਨੂੰ ਰੱਬ ਦਾ ਘਰ ਸਮਝਣ ਦੀ ਥਾਂ ਪੁਜਾਰੀਆਂ ਦੀਆਂ ਧਰਮ ਦੇ ਨਾਮ ਤੇ ਬਣਾਈਆਂ ਦੁਕਾਨਾਂ (ਧਰਮ ਅਸਥਾਨਾਂ) ਤੇ ਮੱਥੇ ਰਗੜਦਾ ਹੈ, ਪੁਜਾਰੀ ਦੇ ਬਣਾਏ ਕਰਾਮਾਤੀ ਪਾਣੀ ਦੇ ਸਰੋਵਰਾਂ ਵਿੱਚ ਆਪਣੇ ਪਾਪ ਲਾਹੁਣ ਜਾਂ ਮਨੋ ਇੱਛਤ ਫਲ ਪਾਉਣ ਲਈ ਸ਼ਰਧਾ ਨਾਲ ਖਾਸ ਮੌਕਿਆਂ ਤੇ ਇਸ਼ਨਾਨ ਕਰਦਾ ਹੈ, ਪੁਜਾਰੀਆਂ ਵਲੋਂ ਸ਼ਹੀਦਾਂ, ਪੀਰਾਂ, ਗੁਰੂਆਂ, ਪੈਗੰਬਰਾਂ ਦੇ ਨਾਮ ਤੇ ਬਣਾਏ ਕਰਾਮਾਤੀ ਧਰਮ ਅਸਥਾਨਾਂ, ਮੂਰਤੀਆਂ ਅੱਗੇ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਬੜੀ ਸ਼ਰਧਾ ਨਾਲ ਪੁਜਾਰੀ ਦੀ ਦੱਸੀ ਮਰਿਯਾਦਾ ਅਨੁਸਾਰ ਵਿਧੀ ਵਾਲੇ ਮੰਤਰ ਪਾਠ ਕਰਾਉਂਦਾ ਹੈ, ਸੁੱਖਣਾ ਸੁੱਖਦਾ ਹੈ, ਸੋਨੇ ਚੜਾਉਂਦਾ ਹੈ, ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਕਿ ਰੱਬ ਉਸਨੂੰ ਖੁਸ਼ੀਆਂ ਬਖਸ਼ੇ, ਦੁੱਖ ਦਲਿਦਰ ਦੂਰ ਕਰੇ, ਉਸਦੀ ਕਮਾਈ ਵਿੱਚ ਬਰਕਤ ਪਾਵੇ, ਉਸਨੂੰ ਇਸ ਦਾਨ ਬਦਲੇ ਲੱਖਾਂ ਗੁਣਾਂ ਵੱਧ ਮਿਲੇ। ਉਸਨੂੰ ਕਦੇ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ।
ਨਕਲੀ ਧਰਮਾਂ ਦੀ ਇਸ ਲੇਖ ਲੜੀ ਦੇ ਹਥਲੇ ਲੇਖ ਵਿੱਚ ਅਸੀਂ ਹੀਣ ਭਾਵਨਾ ਅਧਾਰਿਤ ਨਕਲੀ ਧਰਮ ਦੀ ਚਰਚਾ ਕਰਾਂਗੇ ਕਿਉਂਕਿ ਨਕਲੀ ਧਰਮਾਂ ਵਿੱਚ ਸ਼ਰਧਾਲੂ ਨੂੰ ਅੰਧ ਵਿਸ਼ਵਾਸ਼ੀ ਬਣਾਈ ਰੱਖਣ ਲਈ ਉਸ ਵਿੱਚ ਹੀਣ ਭਾਵਨਾ, ਆਤਮ ਗਿਲਾਨੀ, ਆਪਣੇ ਆਪ ਨੂੰ ਪਾਪੀ ਸਮਝਣ ਦੀ ਭਾਵਨਾ ਆਦਿ ਦਾ ਅਹਿਸਾਸ ਪੈਦਾ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮਾਨਸਿਕ ਤੌਰ ਤੇ ਬਲਵਾਨ ਤੇ ਆਤਮ ਵਿਸ਼ਵਾਸ਼ੀ ਵਿਅਕਤੀ ਨੂੰ ਬਹੁਤਾ ਚਿਰ ਮੂਰਖ ਬਣਾ ਕੇ ਰੱਖਣਾ ਸੌਖਾ ਨਹੀਂ ਹੁੰਦਾ। ਜਿਸ ਤਰ੍ਹਾਂ ਇਸ ਲੇਖ ਲੜੀ ਵਿੱਚ ਪਹਿਲਾਂ ਵੀ ਕਈ ਵਾਰ ਜ਼ਿਕਰ ਆਇਆ ਹੈ ਕਿ ਤਕਰੀਬਨ ਸਾਰੇ ਜਥੇਬੰਧਕ ਧਰਮ ਡਰ, ਲਾਲਚ ਤੇ ਸ਼ਰਧਾ ਰੂਪੀ ਤਿੰਨ ਪਿੱਲਰਾਂ ਸਹਾਰੇ ਖੜੇ ਹਨ, ਜੇ ਇਨ੍ਹਾਂ ਤਿੰਨਾਂ ਵਿਚੋਂ ਇੱਕ ਵੀ ਕਮਜ਼ੋਰ ਹੁੰਦਾ ਹੈ ਤਾਂ ਧਰਮ ਮਹੱਲ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਹਰ ਧਰਮ ਪੁਜਾਰੀ, ਹਰ ਹਾਲਤ ਵਿੱਚ ਮਨੁੱਖ ਅੰਦਰ ਰੱਬ ਜਾਂ ਗੈਬੀ ਸ਼ਕਤੀਆਂ ਦਾ ਡਰ ਪਾ ਕੇ ਰੱਖਣ ਦੇ ਨਾਲ-ਨਾਲ, ਇਨ੍ਹਾਂ ਗੈਬੀ ਸ਼ਕਤੀਆਂ ਤੋਂ ਮਿਲਣ ਵਾਲੇ ਲਾਭ ਦਾ ਲਾਲਚ ਪਾਈ ਰੱਖਦਾ ਹੈ। ਮਨੁੱਖ ਵਿੱਚ ਡਰ ਤੇ ਲਾਲਚ ਦੀ ਬਿਰਤੀ ਕਾਇਮ ਰੱਖਣ ਲਈ ਫਿਰ ਪੁਜਾਰੀ ਸ਼ਰਧਾ ਦਾ ਸਹਾਰਾ ਲੈਂਦਾ ਹੈ। ਉਹ ਇਹ ਹਮੇਸ਼ਾਂ ਯਕੀਨੀ ਬਣਾ ਕੇ ਰੱਖਦਾ ਹੈ ਕਿ ਸ਼ਰਧਾਲੂ ਅੱਖਾਂ ਮੀਟ ਕੇ, ਸਿਰ ਸੁੱਟ ਕੇ ਤੁਰਿਆ ਰਹੇ। ਉਹ ਇਹ ਯਕੀਨ ਕਰੀ ਰੱਖੇ ਕਿ ਜੋ ਧਰਮ ਗ੍ਰੰਥਾਂ ਵਿੱਚ ਲਿਖਿਆ ਜਾ ਚੁੱਕਾ ਹੈ ਤੇ ਮਰਿਯਾਦਾ ਰੂਪ ਵਿੱਚ ਪ੍ਰਚਲਤ ਹੈ, ਉਹ ਆਖਰੀ ਸੱਚ ਹੈ, ਉਸਤੇ ਕਿਸੇ ਕਿੰਤੂ ਪ੍ਰੰਤੂ, ਸੁਆਲ-ਜੁਆਬ, ਵਿਚਾਰ ਚਰਚਾ ਦੀ ਕੋਈ ਗੁੰਜ਼ਾਇਸ਼ ਨਹੀਂ ਕਿਉਂਕਿ ਇਹ ਸਭ ਰੱਬੀ ਗਿਆਨ ਹੈ, ਜੋ ਸਿੱਧਾ ਰੱਬ ਤੋਂ ਸਾਡੇ ਕੋਲ ਆਇਆ ਹੈ। ਇਹ ਸਾਰਾ ਅਡੰਬਰ ਇਸ ਲਈ ਕੀਤਾ ਜਾਂਦਾ ਹੈ ਕਿ ਤਾਂ ਕਿ ਸ਼ਰਧਾਲੂ ਮਾਨਸਿਕ ਤੌਰ ਤੇ ਬਲਵਾਨ ਨਾ ਹੋ ਸਕੇ। ਧਰਮ ਬਾਰੇ ਉਹ ਆਪਣੀ ਸੋਚ ਸਮਝ ਅਨੁਸਾਰ ਫੈਸਲਾ ਨਾ ਲੈ ਸਕੇ। ਉਸਦਾ ਆਤਮ ਵਿਸ਼ਵਾਸ਼ ਹਮੇਸ਼ਾਂ ਲਈ ਖਤਮ ਹੋ ਜਾਵੇ, ਜੇ ਲੋੜ ਪਵੇ ਤਾਂ ਧਰਮ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਰਹੇ। ਉਹ ਆਤਮ ਗਿਲਾਨੀ ਨਾਲ ਭਰਿਆ ਹਮੇਸ਼ਾਂ ਆਪਣੇ ਇਸਟ ਅੱਗੇ ਜੋੜੀ ਖੜਾ ਰਹੇ। ਉਹ ਆਪਣੇ ਆਪ ਨੂੰ ਪਿਛਲੇ ਜਨਮਾਂ ਦੇ ਕਰਮਾਂ ਦੇ ਪਾਪ ਭੋਗਦਾ ਸਮਝਦਾ ਰਹੇ ਤੇ ਸਮੇਂ ਦੇ ਹਾਕਮਾਂ ਵਲੋਂ ਖੜੇ ਕੀਤੇ ਪੱਖਪਾਤੀ, ਵਿਤਕਰਿਆਂ ਤੇ ਅਨਿਆਂ ਭਰਪੂਰ ਸਿਸਟਮ ਵਿਰੁੱਧ ਲੜਨ ਦੀ ਜ਼ੁਰਅਤ ਨਾ ਕਰ ਸਕੇ। ਉਹ ਹੀਣ ਭਾਵਨਾ ਤੇ ਆਤਮ ਗਿਲਾਨੀ ਦਾ ਜੀਵਨ ਜੀਣਾ ਸਿੱਖ ਲਵੇ। ਉਸਨੂੰ ਹਮੇਸ਼ਾਂ ਇਹ ਅਹਿਸਾਸ ਹੋਵੇ ਕਿ ਉਹ ਕੁੱਝ ਵੀ ਕਰਨ ਦੇ ਸਮਰੱਥ ਨਹੀਂ। ਉਸਦੇ ਹੱਥ ਪੱਲੇ ਕੁੱਝ ਵੀ ਨਹੀਂ ਹੈ? ਉਹ ਉਸ ਐਕਟਰ ਵਾਂਗ ਹੈ, ਜੋ ਸਾਹਮਣੇ ਪਰਦੇ ਤੇ ਚਲਦੀ ਆਪੇ ਬਣਾਈ ਫਿਲਮ, ਆਪ ਹੀ ਦੇਖ ਰਿਹਾ ਹੈ। ਇਸ ਧਰਤੀ ਤੇ ਜਨਮ ਲੈਣ ਸਮੇਂ ਹੀ ਉਸਦਾ ਰੋਲ ਖਤਮ ਹੋ ਜਾਂਦਾ ਹੈ, ਉਹ ਇੱਕ ਦਰਸ਼ਕ ਵਾਂਗ ਆਪਣੇ ਜੀਵਨ ਦੀ ਖੇਡ ਸਿਰਫ ਦੇਖ ਹੀ ਸਕਦਾ ਹੈ। ਉਸਦਾ ਰੋਲ ਖਤਮ ਹੋ ਚੁੱਕਾ ਹੈ, ਉਹ ਆਪਣਾ ਰੋਲ ਪਹਿਲਾਂ ਹੀ ਨਿਭਾਅ ਚੁੱਕਾ ਹੈ? ਉਸਦੇ ਨਾ ਪਹਿਲਾਂ ਕੁੱਝ ਹੱਥ ਵਿੱਚ ਸੀ ਤੇ ਨਾ ਹੀ ਹੁਣ ਕੁੱਝ ਹੱਥ ਹੈ? ਹੁਣ ਜ਼ਿੰਦਗੀ ਦੀ ਇਸ ਸ੍ਰਿਸ਼ਟੀ ਵਿੱਚ ਚੱਲ ਰਹੀ ਖੇਡ ਵਿੱਚ ਜੇ ਕੁੱਝ ਹੋ ਸਕਦਾ ਹੈ, ਕੁੱਝ ਬਦਲ ਸਕਦਾ ਹੈ ਤਾਂ ਫਿਰ ਮਨੁੱਖ ਕੋਲ ਇੱਕ ਹੀ ਰਸਤਾ ਹੈ ਕਿ ਉਹ ਪੁਜਾਰੀਆਂ ਦੇ ਰੱਬ ਅੱਗੇ ਆਪਾ ਸਮਰਪਨ ਕਰ ਦੇਵੇ ਜਾਂ ਰੱਬ ਦੇ ਵਿਚੋਲੇ ਪੁਜਾਰੀਆਂ ਦੀ ਦੱਸੀ ਮਰਿਯਾਦਾ ਅਨੁਸਾਰ ਪੂਜਾ-ਪਾਠ, ਭਜਨ-ਬੰਦਗੀ, ਸੇਵਾ-ਸਿਮਰਨ, ਦਾਨ-ਦੱਸ਼ਣਾ ਆਦਿ ਨਾਲ ਹੀ ਸੰਭਵ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੁਜਾਰੀ ਮਨੁੱਖ ਅੰਦਰ ਬਚਪਨ ਤੋਂ ਡਰ, ਲਾਲਚ, ਕਰਾਮਾਤ, ਸ਼ਰਧਾ, ਪੁੰਨ-ਪਾਪ, ਵਿਸ਼ਵਾਸ਼, ਅੰਧ-ਵਿਸ਼ਵਾਸ਼, ਜੰਤਰ-ਮੰਤਰ, ਵਹਿਮ-ਭਰਮ, ਅਰਦਾਸ ਆਦਿ ਦੇ ਬੀਜ ਬੀਜਦਾ ਹੈ। ਜਿਨ੍ਹਾਂ ਨੂੰ ਉਸਦੇ ਮਾਪੇ ਉਸਦੇ ਹੋਸ਼ ਸੰਭਾਲਣ ਤੱਕ, ਪੂਜਾ-ਪਾਠ ਦਾ ਪਾਣੀ ਦਿੰਦੇ ਹਨ। ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਜਦੋਂ ਵਿਅਕਤੀ ਬਚਪਨ ਵਿਚੋਂ ਨਿਕਲ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਨ ਦੀ ਉਮਰ ਤੇ ਪਹੁੰਚਦਾ ਹੈ ਤਾਂ ਉਸਦੀ ਇਤਨੀ ਕੰਡੀਸ਼ਨਿੰਗ ਹੋ ਚੁੱਕੀ ਹੁੰਦੀ ਹੈ ਕਿ ਉਹ ਧਰਮ ਬਾਰੇ ਕੁੱਝ ਸੋਚਣ ਸਮਝਣ ਦੀ ਥਾਂ ਉਹੀ ਪਾਠ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਜਿਸ ਨਾਲ ਵਿਅਕਤੀ ਬਚਪਨ ਤੋਂ ਮਿਲੀ ਗੁੜ੍ਹਤੀ ਨਾਲ ਇਤਨੀ ਹੀਣ ਭਾਵਨਾ ਦਾ ਸ਼ਿਕਾਰ ਹੁੰਦਾ ਹੈ ਕਿ ਉਹ ਧਰਮ ਦੇ ਮਾਮਲੇ ਵਿੱਚ ਕਦੇ ਵੀ ਆਜ਼ਾਦ ਹੋ ਕੇ ਸੋਚਣ ਦੇ ਸਮਰੱਥ ਨਹੀਂ ਰਹਿੰਦਾ। ਜੇ ਕਦੇ ਉਹ ਥੋੜਾ ਬਹੁਤ ਸੋਚਦਾ ਹੈ, ਉਸਦੇ ਮਨ ਅੰਦਰ ਗਲਤ ਧਾਰਨਾਵਾਂ ਵਿਰੁੱਧ ਸੰਘਰਸ਼ ਚਲਦਾ ਹੈ, ਪਰ ਬਾਹਰ, ਪਰਿਵਾਰ ਜਾਂ ਸਮਾਜ ਦੇ ਡਰ ਜਾਂ ਪ੍ਰੈਸ਼ਰ ਅਧੀਨ ਚੁੱਪ ਕਰਕੇ ਬੈਠ ਜਾਂਦਾ ਹੈ, ਉਹ ਸੋਚਦਾ ਹੈ ਕਿ ਧਰਮ ਪੁਜਾਰੀ ਤੇ ਸਮਾਜ ਦੇ ਬੰਧਨ ਇਤਨੇ ਮਜਬੂਤ ਹਨ ਕਿ ਇਨ੍ਹਾਂ ਨੂੰ ਤੋੜਨਾ ਜਾਂ ਬਦਲਨਾ ਜਾਂ ਇਨ੍ਹਾਂ ਬਾਰੇ ਚਰਚਾ ਕਰਨੀ ਵੀ ਉਸਦੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ। ਇਸ ਤਰ੍ਹਾਂ ਫਿਰ ਉਹ ਜਾਂ ਤੇ ਭੀੜ ਦਾ ਹਿੱਸਾ ਬਣ ਜਾਂਦਾ ਹੈ ਤੇ ਜਾਂ ਫਿਰ ਬਗਾਬਤ ਕਰ ਕੇ ਪਾਸੇ ਹੋ ਜਾਂਦਾ ਹੈ। ਪੁਜਾਰੀਆਂ ਨੂੰ ਦੋਨੇ ਪਾਸੇ ਲਾਭ ਹੈ। ਮਨੁੱਖ ਦੇ ਅੰਧ ਵਿਸ਼ਵਾਸ਼ੀ ਸ਼ਰਧਾਲੂ ਬਣ ਕੇ ਤੁਰ ਪੈਣ ਨਾਲ ਉਸ ਨੂੰ ਸਿੱਧਾ ਲਾਭ ਹੈ ਤੇ ਦੂਜੇ ਪਾਸੇ ਬਗਾਵਤ ਕਰਨ ਨਾਲ ਉਸਤੇ ਨਾਸਤਿਕ ਜਾਂ ਧਰਮ ਵਿਰੋਧੀ ਹੋਣ ਦਾ ਲੇਬਲ ਲਾ ਕੇ ਲਾਂਭੇ ਕਰ ਦਿੰਦਾ ਹੈ। ਜਿਸ ਨਾਲ ਧਰਮ ਵਿਰੁੱਧ ਕੋਈ ਵੀ ਬਗਾਬਤ ਸਫਲ ਨਹੀਂ ਹੁੰਦੀ। ਦੁਨੀਆਂ ਦੇ ਧਰਮਾਂ ਦੇ ਇਤਿਹਾਸ ਵਿੱਚ ਬਹੁਤ ਥੋੜੇ ਵਿਅਕਤੀ ਅਜਿਹੇ ਹੋਏ ਹਨ, ਜੋ ਨਾ ਤੇ ਪੁਜਾਰੀ ਅੱਗੇ ਝੁਕੇ ਅਤੇ ਨਾ ਹੀ ਬਗਾਬਤ ਕਰਕੇ ਲਾਂਭੇ ਹੋਏ, ਸਗੋਂ ਧਰਮ ਤੇ ਸਮਾਜ ਵਿੱਚ ਰਹਿ ਕੇ ਸੱਚ ਦੇ ਰਾਹ ਦਸੇਰੇ ਬਣੇ। ਉਨ੍ਹਾਂ ਵਿਅਕਤੀਆਂ ਨੂੰ ਹੀ ਇਤਿਹਾਸ ਵਿੱਚ ਗੁਰੂ ਜਾਂ ਪੈਗੰਬਰੀ ਪੁਰਸ਼ ਕਿਹਾ ਗਿਆ। ਪਰ ਸਮੇਂ ਨਾਲ ਉਨ੍ਹਾਂ ਨਾਲ ਵੀ ਅਜਿਹਾ ਭਾਣਾ ਵਾਪਰਦਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਜਹਾਨ ਤੋਂ ਤੁਰ ਜਾਣ ਬਾਅਦ, ਉਨ੍ਹਾਂ ਨਾਲ ਤੁਰੇ ਲੋਕਾਂ ਨੂੰ ਪੁਜਾਰੀ ਫਿਰ ਨਵੇਂ ਰੂਪ ਵਿੱਚ ਆ ਕੇ ਗੁੰਮਰਾਹ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਧਰਮ ਰੂਪੀ ਇੱਕ ਹੋਰ ਨਵਾਂ ਫਿਰਕਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕੁੱਝ ਸਮੇਂ ਬਾਅਦ ਮਨੁੱਖ ਫਿਰ ਉਸੇ ਥਾਂ ਪਹੁੰਚਾ ਦਿੱਤਾ ਜਾਂਦਾ ਹੈ, ਜਿੱਥੋਂ ਕੱਢਣ ਲਈ ਪੈਗੰਬਰੀ ਪੁਰਸ਼ ਸਾਰੀ ਉਮਰ ਸੰਘਰਸ਼ ਕਰਦੇ ਰਹੇ ਸਨ। ਇਹੀ ਕੁੱਝ ਪਿਛਲੇ 5-6 ਹਜਾਰ ਸਾਲ ਤੋਂ ਵਾਪਰ ਰਿਹਾ ਹੈ। ਇਹੀ ਵਜ੍ਹਾ ਹੈ ਕਿ ਵੱਖ ਵੱਖ ਸਮੇਂ ਵੱਖ-ਵੱਖ ਧਰਮਾਂ ਵਿੱਚ ਪੈਦਾ ਹੋਏ ਇਨਕਲਾਬੀ ਮਹਾਂਪੁਰਸ਼ਾਂ ਦਾ ਸੰਦੇਸ਼ ਕੁੱਝ ਕੁ ਲੋਕਾਂ ਨੂੰ ਥੋੜੇ ਸਮੇਂ ਲਈ ਪ੍ਰਭਾਵਤ ਕਰ ਸਕਿਆ। ਸਮਾਂ ਪਾ ਕੇ ਸਮਾਜ ਉੱਥੇ ਹੀ ਵਾਪਸ ਜਾ ਖੜਦਾ ਹੈ। ਅੱਜ ਧਰਮ ਦੇ ਨਾਂ ਤੇ ਪੁਜਾਰੀਆਂ ਦੇ ਬਣਾਏ ਹੋਏ ਵੱਖ-ਵੱਖ ਜਥੇਬੰਦਕ ਫਿਰਕੇ ਪਹਿਲੇ ਸਮਿਆਂ ਨਾਲੋਂ ਵੱਧ ਜਥੇਬੰਦ ਹਨ, ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਦੇ ਨਾਲ-ਨਾਲ ਸੰਵਿਧਾਨਕ ਮਾਨਤਾ ਵੀ ਮਿਲ ਚੁੱਕੀ ਹੈ। ਉਨ੍ਹਾਂ ਦੇ ਸਾਰੇ ਹੱਕ ਹੁਣ ਸੰਵਿਧਾਨਾਂ ਵਿੱਚ ਮਹਿਫੂਜ਼ ਹਨ। ਪਹਿਲੇ ਸਮਿਆਂ ਦੇ ਮੁਕਾਬਲੇ ਅੱਜ ਮਨੁੱਖੀ ਅਧਿਕਾਰਾਂ ਜਾਂ ਭਾਂਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਮ ਤੇ ਪੁਜਾਰੀ ਕੋਈ ਵੀ ਫਿਰਕਿਆਂ ਵਿਰੋਧੀ ਅਵਾਜ ਆਸਾਨੀ ਨਾਲ ਦਬਾ ਸਕਦੇ ਹਨ। ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਆਮ ਵਿਅਕਤੀ ਜਾਂ ਤੇ ਧਰਮ ਨੂੰ ਛੱਡ ਕੇ ਪਾਸੇ ਹੋ ਰਿਹਾ ਹੈ ਜਾਂ ਫਿਰ ਦੀਨ ਬਣ ਕੇ ਮੰਨਣ ਵਿੱਚ ਹੀ ਆਪਣਾ ਭਲਾ ਸਮਝਦਾ ਹੈ। ਪਿਛਲੇ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਦੇ ਮਰਦ ਮਸ਼ੁਮਾਰੀ ਅੰਕੜਿਆਂ ਵਿੱਚ ਹਰ ਦੇਸ਼ ਵਿੱਚ ਵੱਡੀ ਗਿਣਤੀ ਲੋਕ ਆਪਣਾ ਕੋਈ ਧਰਮ ਨਹੀਂ ਲਿਖਾਉਂਦੇ। ਭਾਵੇਂ ਕਿ ਉਨ੍ਹਾਂ ਵਿਚੋਂ ਬਹੁਤ ਆਪਣੇ ਆਪ ਨੂੰ ਨਾਸਤਿਕ ਵੀ ਨਹੀਂ ਅਖਵਾਉਂਦੇ। ਜਿਸ ਦਾ ਭਾਵ ਹੈ ਕਿ ਉਨ੍ਹਾਂ ਨੂੰ ਪੁਜਾਰੀਆਂ ਵਲੋਂ ਮਾਨਸਿਕ ਤੌਰ ਤੇ ਇਤਨੇ ਹੀਣੇ ਬਣਾ ਦਿੱਤਾ ਗਿਆ ਹੈ ਕਿ ਉਨ੍ਹਾਂ ਵਿੱਚ ਧਰਮ ਦੇ ਨਾਂ ਤੇ ਮਨੁੱਖ ਦੇ ਸਰੀਰਕ, ਮਾਨਸਿਕ, ਆਰਥਿਕ, ਸਮਾਜਿਕ, ਰਾਜਨੀਤਕ ਸੋਸ਼ਣ ਖਿਲਾਫ ਲੜਨ ਦੀ ਸਮਰੱਥਾ ਤੇ ਨਹੀਂ ਸੀ, ਪਰ ਉਹ ਸਮਾਜ ਵਿੱਚ ਰਹਿ ਕੇ ਲੜਨ ਦੀ ਥਾਂ ਪਾਸੇ ਹੋ ਗਏ। ਜਿਹੜੇ ਕੁੱਝ ਲੋਕ ਬੌਧਿਕ ਤੌਰ ਤੇ ਲੜਨ ਦੇ ਸਮਰੱਥ ਸਨ, ਉਹ ਬਗਾਵਤ ਕਰਕੇ ਨਾਸਤਿਕ ਹੋ ਗਏ। ਜਿਸ ਨਾਲ ਅੱਜ ਦੇ ਮਨੁੱਖ ਦਾ ਧਰਮ ਦੇ ਨਾਂ ਤੇ ਵੱਡੀ ਪੱਧਰ ਤੇ ਸੋਸ਼ਣ ਹੋ ਰਿਹਾ ਹੈ। ਅੱਜ ਹਰ ਜਥੇਬੰਦਕ ਧਰਮ ਇੱਕ ਵੱਡਾ ਬਿਜਨੈਸ ਬਣ ਚੁੱਕਾ ਹੈ।
ਹੁਣ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਧਰਮ ਮਨੁੱਖ ਨੂੰ ਹੀਣ ਕਿਉਂ ਬਣਾਉਂਦਾ ਹੈ ਤੇ ਮਨੁੱਖ ਹੀਣ ਕਿਉਂ ਬਣਦਾ ਹੈ? ਜੇ ਅਸੀਂ ਇਹ ਗੱਲ ਸਮਝ ਲਈਏ ਤਾਂ ਨਾ ਸਿਰਫ ਅਸੀਂ ਆਪ ਧਰਮ ਦੇ ਨਾਮ ਤੇ ਹੋ ਰਹੇ ਸੋਸ਼ਣ ਤੋਂ ਬਚ ਸਕਦੇ ਹਾਂ, ਸਗੋਂ ਹੋਰਨਾਂ ਨੂੰ ਵੀ ਬਚਾ ਸਕਦੇ ਹਾਂ। ਮਨੁੱਖੀ ਮਨ ਦੀਆਂ ਵੱਡੀਆਂ ਕੁਦਰਤੀ ਕਮਜੋਰੀਆਂ ਲੋਭ, ਮੋਹ, ਹੰਕਾਰ, ਕਾਮ, ਕ੍ਰੋਧ, ਡਰ, ਈਰਖਾ, ਨਫਰਤ ਆਦਿ ਨੁੰ ਪੁਜਾਰੀ ਇਸ ਢੰਗ ਨਾਲ ਵਰਤਦਾ ਹੈ ਕਿ ਸ਼ਰਧਾਲੂ ਨੂੰ ਬਾਹਰੀ ਤੌਰ ਤੇ ਇਸ ਤਰ੍ਹਾਂ ਲਗਦਾ ਹੈ ਕਿ ਜਿਸ ਤਰ੍ਹਾਂ ਮਨੁੱਖ ਨੂੰ ਇਨ੍ਹਾਂ ਤੋਂ ਬਚਾ ਕੇ ਉਸ ਨੂੰ ਚੰਗਾ ਇਨਸਾਨ ਬਣਾਉਣ ਦੇ ਰਾਹ ਤੋਰਿਆ ਜਾ ਰਿਹਾ ਹੈ, ਪਰ ਅਸਲ ਵਿੱਚ ਉਹ ਬੜੇ ਤਰੀਕੇ ਨਾਲ ਮਨੁੱਖ ਨੂੰ ਇਨ੍ਹਾਂ ਦੀ ਦਲਦਲ ਵਿੱਚ ਫਸਾਈ ਤੁਰਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਉਹ ਰੱਬੀ ਨਿਯਮਾਂ ਦੀ ਅਟੱਲ ਸਚਾਈ ਦੱਸ ਕੇ ਵਿਅਕਤੀ ਨੂੰ ਕੁਦਰਤ ਦੇ ਨਿਯਮਾਂ ਵਿੱਚ ਰਹਿਣ ਜੀਵਨ ਜਾਚ ਦੱਸਣ ਦੀ ਥਾਂ ਮਨੁੱਖ ਅੰਦਰ ਕੁਦਰਤ ਦੀਆਂ ਗੈਬੀ ਸ਼ਕਤੀਆਂ, ਭੂਤਾਂ-ਪ੍ਰੇਤਾਂ, ਭੈੜੀਆਂ ਰੂਹਾਂ, ਜਾਦੂ ਟੂਣਿਆਂ, ਜੰਤਰਾਂ ਮੰਤਰਾਂ ਦਾ ਡਰ ਪਾਉਂਦਾ ਹੈ ਤੇ ਫਿਰ ਇਨ੍ਹਾਂ ਤੋਂ ਬਚਣ ਦੇ ਉਪਾਅ ਦੱਸਦਾ ਹੈ। ਇਸੇ ਤਰ੍ਹਾਂ ਮਨੁੱਖ ਨੂੰ ਇਹ ਦੱਸਣ ਦੀ ਥਾਂ ਕਿ ਦੁਨਿਆਵੀ ਵਸਤਾਂ ਪ੍ਰਾਪਤੀ ਜਾਂ ਦੁਨਿਆਵੀ ਤਰੱਕੀ ਕੁਦਰਤ ਦੇ ਨਿਯਮਾਂ ਅਨੁਸਾਰ ਮਿਹਨਤ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ, ਦੀ ਥਾਂ ਉਸ ਨੂੰ ਰੱਬ ਅੱਗੇ ਅਰਦਾਸਾਂ ਕਰਨ ਜਾਂ ਪੂਜਾ ਪਾਠ ਕਰਨ ਦੇ ਤਰੀਕੇ ਦੱਸਦਾ ਹੈ। ਜਦਕਿ ਉਸਨੂੰ ਪਤਾ ਹੁੰਦਾ ਹੈ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਹੀ ਵਾਪਰਦਾ ਹੈ। ਇਸ ਤਰ੍ਹਾਂ ਹਰ ਪੁਜਾਰੀ, ਹਰ ਹੀਲੇ ਅਜਿਹੀ ਸਿੱਖਿਆ ਦਿੰਦਾ ਹੈ ਕਿ ਸ਼ਰਧਾਲੂ ਮਾਨਸਿਕ, ਸਰੀਰਕ, ਸਮਾਜਿਕ, ਆਰਥਿਕ ਤੌਰ ਤੇ ਹੀਣਾ ਬਣਿਆ ਰਹੇ।
ਬੇਸ਼ੱਕ ਬਹੁਤ ਸਾਰੇ ਧਰਮ ਇਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਦੇ ਧਰਮ ਗ੍ਰੰਥਾਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਮਿਲਦਾ ਹੈ, ਜੋ ਮਨੁੱਖ ਦਾ ਮਾਨਸਿਕ ਵਿਕਾਸ ਕਰਕੇ ਉਸਨੂੰ ਇੱਕ ਉੱਚੇ ਆਦਰਸ਼ ਵਾਲਾ ਇਨਸਾਨ ਬਣਾਉਣ ਦੇ ਸਮਰੱਥ ਹੈ। ਪਰ ਉਸ ਸੱਚ ਤੱਕ ਪਹੁੰਚ ਕਿਸਦੀ ਹੈ? ਆਮ ਇਨਸਾਨ ਦੇ ਰਸਤੇ ਵਿੱਚ ਤਾਂ ਪੁਜਾਰੀ ਵੱਡੇ ਦੈਂਤ ਦਾ ਰੂਪ ਧਾਰੀ ਬੈਠਾ ਹੈ, ਜੋ ਉਸਨੂੰ ਮਾਨਸਿਕ ਤੌਰ ਤੇ ਰਸਤੇ ਵਿੱਚ ਹੀ ਖਾ ਜਾਂਦਾ ਹੈ। ਦੂਜਾ ਕਿਸੇ ਵੀ ਧਰਮ ਦੀ ਸੋਚ ਸਾਂਝੀਵਾਲਤਾ ਵਾਲੀ ਨਹੀਂ ਹੈ। ਉਨ੍ਹਾਂ ਦੀ ਸਾਂਝੀਵਾਲਤਾ ਦਾ ਮਤਲਬ ਹੈ ਕਿ ਤੁਸੀਂ ਆਪਣਾ ਫਿਰਕਾ ਛੱਡ ਕੇ ਸਾਡੇ ਫਿਰਕੇ ਦੇ ਅਨੁਯਾਈ ਬਣ ਜਾਉ। ਜੋ ਕਿ ਆਮ ਤੌਰ ਤੇ ਖੁਹ ਵਿਚੋਂ ਨਿਕਲ ਕੇ ਖੱਡੇ ਵਿੱਚ ਛਾਲ ਮਾਰਨ ਵਾਲੀ ਗੱਲ ਹੁੰਦੀ ਹੈ। ਜਾਂ ਫਿਰ ਪੁਜਾਰੀ ਕਹਿੰਦੇ ਹਨ ਕਿ ਜੇ ਤੁਸੀਂ ਸਾਡੇ ਫਿਰਕੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ, ਫਿਰ ਸਾਡੀ ਸਾਂਝੀਵਾਲਤਾ ਦਾ ਮਤਲਬ ਹੈ, ਤੁਸੀਂ ਆਪਣੇ ਫਿਰਕੇ ਦੀ ਦੁਕਾਨ ਤੇ ਸ਼ਰਧਾਲੂਆਂ ਨੂੰ ਲੁੱਟੋ ਤੇ ਅਸੀਂ ਆਪਣੀ ਤੇ ਲੁੱਟਦੇ ਹਾਂ। ਅਸੀਂ ਇੱਕ ਦੂਜੇ ਦੇ ਕੰਮਾਂ ਵਿੱਚ ਦਖਲ ਨਹੀਂ ਦੇਵਾਂਗੇ। ਜੇ ਤੁਸੀਂ ਦਖਲ ਦਿਉਗੇ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ। ਧਰਮ ਵਿੱਚ ਦਖਲ ਅੰਦਾਜੀ ਦਾ ਮਸਲਾ ਖੜਾ ਹੋ ਸਕਦਾ, ਧਰਮ ਨੂੰ ਖਤਰੇ ਦਾ ਰੌਲਾ ਪੈ ਸਕਦਾ ਹੈ। ਅੱਜ ਕਿਸੇ ਵੀ ਧਰਮ ਵਿੱਚ ਕਿਸੇ ਨਵੇਂ ਵਿਚਾਰ, ਕਿਸੇ ਨਵੀਂ ਸੋਚ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਹਰ ਨਵੀਂ ਸੋਚ ਨੂੰ ਧਰਮ ਵਿਰੋਧੀ ਹੋਣ ਦਾ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ। ਅੱਜ ਦੇ ਜਥੇਬੰਦਕ ਧਰਮ ਉਤਨਾ ਚਿਰ ਕਾਇਮ ਰਹਿਣਗੇ ਜਾਂ ਆਪਣਾ ਫਿਰਕਾ ਕਾਇਮ ਰੱਖਣਗੇ, ਜਿੰਨਾ ਚਿਰ ਉਹ ਅਜਿਹੀ ਸੋਚ ਦੇ ਧਾਰਨੀ ਹਨ। ਜਿਸ ਦਿਨ ਉਹ ਸਾਂਝੀਵਾਲਤਾ ਦੀ ਗੱਲ ਕਰਨਗੇ ਜਾਂ ਫਿਰ ਉਨ੍ਹਾਂ ਨੂੰ ਸਾਰੇ ਵਿਅਕਤੀ ਰੱਬ ਦੇ ਬਣਾਏ ਇਨਸਾਨ ਦਿਸਣਗੇ, ਉਸ ਦਿਨ ਫਿਰਕਿਆਂ ਰੂਪੀ ਧਰਮ ਨਹੀਂ ਰਹਿਣਗੇ ਤੇ ਇਨਸਾਨੀਅਤ ਹੀ ਮਨੁੱਖਤਾ ਦਾ ਧਰਮ ਹੋਵੇਗਾ। ਅਜਿਹਾ ਪੁਜਾਰੀ ਕਦੇ ਨਹੀਂ ਚਾਹੁੰਦੇ। ਇਸ ਲਈ ਪੁਜਾਰੀਆਂ ਦਾ ਹਿੱਤ ਇਸ ਵਿੱਚ ਹੀ ਹੈ ਕਿ ਮਨੁੱਖ ਮਾਨਸਿਕ ਤੌਰ ਤੇ ਹੀਣੇ ਅਤੇ ਕਮਜੋਰ ਬਣੇ ਰਹਿਣ। ਉਹ ਚਾਹੁੰਦੇ ਹਨ ਕਿ ਆਮ ਵਿਅਕਤੀ ਧਰਮ ਤੇ ਸਮਾਜ ਦੀਆਂ ਮਰਿਯਾਦਾਵਾਂ, ਪ੍ਰੰਪਰਾਵਾਂ, ਮਾਨਤਾਵਾਂ, ਬੰਧਨਾਂ ਦੇ ਸੰਗਲ ਆਪਣੇ ਗਲ ਵਿੱਚ ਪਾ ਕੇ ਰੱਖਣ। ਸ਼ਰਧਾਲੂ ਆਪਣੇ ਫਿਰਕੇ ਦੇ ਖੂੰਟੇ ਨਾਲ ਮਰਿਯਾਦਾ ਦੇ ਸੰਗਲ ਵਿੱਚ ਬੱਝਾ ਹੋਇਆ ਵੀ ਆਪਣੇ ਆਪ ਨੂੰ ਆਜ਼ਾਦ ਹੋਣ ਦਾ ਭਰਮ ਪਾਲਦਾ ਰਹੇ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਪੁਜਾਰੀਆਂ ਦੇ ਨਕਲੀ ਧਰਮਾਂ ਦੀ ਫਿਰਕਾਵਾਦੀ ਸੋਚ ਵਿਚੋਂ ਨਿਕਲ ਕੇ ਸਰਬੱਤ ਦੇ ਭਲੇ ਦੀ ਸੋਚ ਦੇ ਮਾਨਸਿਕ ਤੌਰ ਤੇ ਵਿਕਸਤ ਅਤੇ ਆਜ਼ਾਦ ਪੂਰਨ ਮਨੁੱਖ ਬਣਨਾ ਤਾਂ ਫਿਰ ਸਾਨੂੰ ਡਰ, ਲਾਲਚ ਤੇ ਸ਼ਰਧਾ ਦੇ ਸੰਗਲਾਂ ਵਿੱਚ ਜਕੜਨ ਵਾਲੇ ਇਨ੍ਹਾਂ ਨਕਲੀ ਧਰਮਾਂ ਨੂੰ ਛੱਡਣਾ ਪਵੇਗਾ। ਉਨ੍ਹਾਂ ਦੀਆਂ ਡਰ, ਲਾਲਚ, ਸ਼ਰਧਾ ਅਧਾਰਿਤ ਮਰਿਯਾਦਾਵਾਂ ਨੂੰ ਤੋੜਨਾ ਪਵੇਗਾ। ਰੱਬ ਦੇ ਨਾਮ ਤੇ ਫਿਰਕਿਆਂ ਰੂਪੀ ਸੋਚ ਨੂੰ ਨਕਾਰ ਕੇ ਸਰਬੱਤ ਦੇ ਭਲੇ ਦੀ ਸੋਚ ਅਪਨਾਉਣੀ ਪਵੇਗੀ। ਸਾਨੂੰ ਖੁੱਲ੍ਹੇ ਮਨ ਨਾਲ ਸਾਰੇ ਬੰਧਨਾਂ ਦੀ ਸੋਚ ਤੋਂ ਆਜ਼ਾਦ ਹੋ ਕੇ ਨਿਰਪੱਖਤਾ ਨਾਲ ਹਰ ਤਰ੍ਹਾਂ ਦੇ ਦੁਨਿਆਵੀ ਤੇ ਰੂਹਾਨੀ ਗਿਆਨ ਹਾਸਲ ਕਰਨੇ ਪੈਣਗੇ ਤਾਂ ਹੀ ਅਸੀਂ ਆਪਣੀ ਆਜ਼ਾਦ ਸੋਚ ਦੇ ਮਾਲਕ ਬਣ ਸਕਾਂਗੇ। ਇਨਸਾਨੀਅਤ ਵਿੱਚ ਵੰਡੀਆਂ ਪਾਉਣ ਵਾਲੀ ਹਰ ਸੋਚ ਨਕਾਰਨ ਯੋਗ ਹੈ। ਇਹ ਧਰਮ ਦੀ ਸੋਚ ਨਹੀਂ, ਨਾ ਹੀ ਇਹ ਪੈਗੰਬਰੀ ਸੋਚ ਹੈ। ਸਗੋਂ ਇਹ ਪੁਜਾਰੀਆਂ ਦੀ ਖੜ੍ਹੀ ਕੀਤੀ ਨਕਲੀ ਵਿਚਾਰਧਾਰਾ ਹੈ। ਉਹ ਸੋਚ ਹੀ ਅਸਲੀ ਧਾਰਮਿਕ ਸੋਚ ਹੈ, ਜੋ ਮਨੁੱਖ ਨੂੰ ਹਰ ਤਰ੍ਹਾਂ ਦੇ ਬੰਧਨਾਂ ਤੋਂ ਅਜਾਦ ਕਰਦੀ ਹੈ ਤੇ ਉਸ ਨੂੰ ਮਾਨਸਿਕ ਤੌਰ ਤੇ ਬਲਵਾਨ ਬਣਾਉਂਦੀ ਹੈ।




.