.

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਕਾਰਜ ਇਸ ਲਿਖਾਰੀ ਲਈ ਇੱਕ ਤਮਾਸ਼ਾ?


ਪਹਿਲਾਂ ਕਾਂਸ਼ੀ ਤੋਂ ਕ੍ਰਿਸ਼ਨ ਲਾਲ ਤੇ ਹਰਿ ਲਾਲ, ਦੋ ਬ੍ਰਾਹਮਣ ਭਾਈ, ਚਰਚਾ ਕਰਨ ਆ ਵੜੇ। ਜਿਨ੍ਹਾਂ ਤੋਂ ਸਤਿਗੁਰਾਂ ਦੀ ਉਸਤਤਿ ਦੇ ਬਹਾਨੇ ਬ੍ਰਾਹਮਣੀ ਮਿਥਿਹਾਸ ਦੇ ਸਾਰੇ ਕਥਿਤ ਅਵਤਾਰ-ਭਗਵਾਨਾਂ ਦਾ ਜਾਪ ਲਿਖ ਲਿਆ। ਫਿਰ ਉਨ੍ਹਾਂ ਨੂੰ ਸਿਦਕ ਮੁਕਤਿ ਦਾ ਵਰ ਦੇ ਕੇ ਪ੍ਰਸੰਨ ਚਿਤ ਕਾਂਸ਼ੀ ਮੋੜ ਦੇਣ ਦੀ ਝੂਠ-ਵਾਰਤਾ ਲਿਖੀ (ਚੌਪਈ 580 ਤੋਂ 596) ਫਿਰ ਅਗਲੀ ਦੁਨੀਆਂ ਵਿਚੋਂ ਸਾਰੇ ਭਗਤ ਪਰਤ ਆਏ ਚਰਚਾ ਕਰਨ ਲਈ। ਉਨ੍ਹਾਂ ਦੀਆਂ ਗਿਆਨ ਭਰੀਆਂ ਗੱਲਾਂ ਤੋਂ ਸਤਿਗੁਰੂ ਜੀ ਨੇ ਬੜਾ ਸੁਖ ਮਾਣਿਆ-ਯਥਾ- ‘ਕ੍ਰਿਪਾਸਿੰਧ ਅਤਿਸੈ ਸੁਖੁ ਪਾਈ।’ ਏਸੇ ਲਿਖਾਰੀ ਦਾ ਲਿਖਿਆ ਪਾਠਕਾਂ ਨੂੰ ਯਾਦ ਹੈ ਕਿ, ਸਤਿਗੁਰਾਂ ਨੇ ਸਾਰੀ ਗੁਰਬਾਣੀ ਨੂੰ ਇੱਕ ਥਾਂ ਕਰਕੇ, ਕੇਵਲ ਇਕੋ ਗ੍ਰੰਥ ਦੀ ਰਚਨਾ ਕਰਨ ਦਾ ਐਲਾਨ ਕਰਕੇ ਚੰਗੇ ਇਕਾਂਤ ਵਾਲੇ ਥਾਂ ਦੀ ਭਾਲ ਕੀਤੀ ਅਤੇ ਉਸ ਥਾਂ ਦੇ ਅਜੇਹੇ ਪੱਕੇ ਨਿਯੱਮ ਬਣਾਏ ਜਿਨ੍ਹਾਂ ਤੋਂ ਸਪੱਸ਼ਟ ਸੀ ਇਸ ਮਹਾਨ ਕਾਰਜ ਦੇ ਪੂਰੇ ਹੋਣ ਤੱਕ ਉਸ ਥਾਂ ਤੇ ਹੋਰ ਵਾਧੂ ਝੰਜਟ ਕੋਈ ਨਹੀਂ ਪੈਣ ਦਿੱਤਾ ਜਾਵੇਗਾ। ਪਰ ਕੀ ਕਾਰਨ ਹੈ ਕਿ, ਸਭ ਕੁੱਝ ੳਨ੍ਹਾਂ ਬਚਨਾ ਦੇ ਵਿਪ੍ਰੀਤ ਹੁੰਦਾ ਦਰਸਾਇਆ ਜਾ ਰਿਹਾ ਹੈ? ਕੋਈ ਨ ਕੋਈ ਨਵੀਂ ਤੋਂ ਨਵੀ ਧੰਙਾਣੇ ਦੀ ਮੁਦਾਖ਼ਲਤ,
(Trespass) ਨਿਰੰਤਰ ਹੁੰਦੀ ਦਰਸਾਈ ਜਾ ਰਹੀ ਹੈ। ਜੇ ਜੀਊਦੇ ਸੰਸਾਰੀਆਂ ਵਿਚੋਂ ਕੋਈ ਨਾ ਆਇਆ ਤਾਂ ਦੇਹ ਤਿਆਗ ਕੇ ਪਰਲੋਕ ਸਿਧਾਰ ਚੁਕਿਆਂ ਵਿਚੋਂ ਪਰਤ ਆਉਣ ਦਾ (ਕਾਦਰ ਦੇ ਅੱਟੱਲ ਨੇਮਾਂ ਦੇ ਉਲਟ,) ਬ੍ਰਾਹਮਣੀ ਪੁਰਾਣਾ ਵਾਲਾ ਝੂਠ-ਡਰਾਮਾ ਰਚ ਲਿਆ। ਕਈ ਸਾਲ ਪਹਿਲਾਂ ਚਲਾਣਾ ਕਰ ਗਏ ਹੋਏ, ਵਾਪਸ ਪਰਤ ਆਉਣ ਵਾਲੀ, ਭਗਤਾਂ ਦੀ ਅਣਹੋਣੀ ਕਹਾਣੀ ਲਿਆ ਵਾੜੀ? ਅਜੇ ਭਗਤ ਵਿਦਾ ਨਹੀਂ ਸਨ ਹੋਏ ਤਾਂ ਅਚਨਚੇਤ ਸਤਿਗੁਰੂ ਜੀ, ਭਾਈ ਗੁਰਦਾਸ ਨੂੰ ਇਹ ਕਹਿੰਦੇ ਦਰਸਾ ਦਿੱਤੇ - ‘ਦੋਇ ਜਾਮ ਤੁਮ ਇਹਾਂ ਰਹਾਵੋ। ਬਹੁਰੋ ਨਿਜ ਬਾਣੀ ਪ੍ਰਗਟਾਵੋ’ -ਤੁਸੀ ਕੇਵਲ ਦੋ ਘੜੀਆਂ ਹੀ ਸਾਡੇ ਕੋਲ ਠਹਿਰ ਕੇ ਫਿਰ ਆਪਣੀ ਬਾਣੀ ਰਚਦੇ ਰਹੇ ਹੋ। ਜਾਉ ਛੇਤੀ ਲਿਆਵੋ ਅਸੀਂ ਵੀ ਵੇਖੀਏ ਕਿ ਤੁਸਾਂ ਕੀ ਲਿਖਿਆ ਹੈ? ਭਾਈ ਜੀ ਬੜੇ ਪ੍ਰਸੰਨ ਚਿਤ ਝੱਟ ਆਪਣੀ ਰਚਨਾ ਲੈ ਆਏ। ਵੇਖ ਕੇ, ਸਾਰੇ ਭਗਤ ਵੀ ਬੜੇ ਖ਼ੁਸ਼ ਹੋਏ। ਹਿਰਦੇ ਤੋਂ ਬੜੇ ਸੁਖੀ ਹੋ ਕੇ, ਸਤਿਗੁਰਾਂ ਨੇ ਭਾਈ ਜੀ ਨੂੰ ਜੋ ਆਖਿਆ, ਲਿਖਾਰੀ ਦੀ ਹੀ ਬੋਲੀ ਵਿਚ:--
ਦੋਹਰਾ॥ ਦਿਖਿ ਪ੍ਰਸੰਨ ਸਤਿਗੁਰ ਭਏ ਭਗਤ ਸਭੀ ਹਰਖਾਏ। ਸ੍ਰੀ ਮੁਖਿ ਤਬ ਸ੍ਰੀ ਗੁਰ ਕਹਾ ਭਾਈ ਕੋ ਸੁਖੁ ਪਾਇ॥ 602॥ ਨਿਜ ਬਾਣੀ ਚਾੜ੍ਹੋ ਤੁਮੇ ਗੁਰੂ ਗ੍ਰਿੰਥ ਕੇ ਮਾਹਿ। ਨਰ ਨਾਰੀ ਜੋਊ ਪੜ੍ਹੈ, ਮੁਕਤਿ ਭੁਗਤਿ ਫਲ ਪਾਹਿ॥ 603॥
ਵੇਦਾਂਤੀ ਜੀ ਦੇ ਲਿਖੇ ਅਰਥਾਂ ਦੇ ਅਧਾਰ ਤੇ ਅਰਥ:-ਭਾਈ ਗੁਰਦਾਸ ਜੀ ਦੀ ਬਾਣੀ ਵੇਖ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਪਰਲੋਕ ਵਿਚੋਂ ਪਰਤ ਕੇ ਆਏ ਹੋਏ ਸਾਰੇ ਭਗਤ ਵੀ ਬੜੇ ਖ਼ੁਸ਼ ਹੋਏ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਅਖਿਆ ਕਿ ਤੂੰ ਆਪਣੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹ ਲੈ। ਤਾਂ ਜੋ ਜਿਹੜਾ ਵੀ ਤੀਵੀਂ ਮਰਦ ਤੇਰੀ ਬਾਣੀ ਪੜ੍ਹੇਗਾ ਉਹ ਸੰਸਾਰ ਦੇ ਬੰਧਨਾਂ ਤੋਂ ਖ਼ਲਾਸੀ ਪਾਏ ਅਤੇ ਦੁਨਿਆਵੀ ਪਦਾਰਥਾਂ ਦਾ ਫਲ ਪ੍ਰਾਪਤ ਕਰ ਲੈਣਗੇ। 603॥
ਹੇ ਪਰਮ ਸਤਿਕਾਰਯੋਗ ਵੇਦਾਂਤੀ ਜੀਓ! ਇਹ ਵੀ ਸਪੱਸ਼ਟ ਕਰ ਦੇਣਾ ਸੀ ਕਿ, ਦੁਨਿਆਵੀ ਪਦਾਰਥਾਂ ਤੋ ਛੁੱਟ ਹੋਰ ਸੰਸਾਰੀ ਬੰਧਨ ਕਿਹੜੇ ਹੁੰਦੇ ਹਨ? ਔਲਾਦ ਜ਼ਮੀਨ ਅਤੇ ਬਾਕੀ ਧਨ ਦੌਲਤ ਹੀ ਤਾਂ ਅਸਲੀ ਬੰਧਨ ਹਨ। ਜੇ ਭਾਈ ਗੁਰਦਾਸ ਦੀ ਬਾਣੀ ਪੜ੍ਹਨ ਤੇ ਉਨ੍ਹਾਂ ਪਦਾਰਥਾਂ ਦੇ ਖੁਲ੍ਹੇ ਗੱਫੇ ਮਿਲਦੇ ਰਹੇ ਹਨ ਤਾਂ ਫਿਰ ਖ਼ਲਾਸੀ ਕਿਸ ਕੈਦ ਤੋ ਮਿਲਦੀ ਸੀ? ਕਿਹੜਾ ਆਖੇ ਰਾਣੀਏ ਅਗਾ ਢੱਕ।
ਆਪਣੀ ਬਾਣੀ ਚਾੜਹ ਲੈਣ ਲਈ ਸਤਿਗੁਰਾਂ ਨੇ ਭਾਈ ਜੀ ਨੂੰ ਤਿੰਨ ਵਾਰੀ ਆਖਿਆ ਪਰ ਉਨ੍ਹਾਂ ਨੇ ਗੁਰੂ ਬਾਣੀ ਦੀ ਬਰਾਬਰੀ ਵਾਲੀ ਗੱਲ ਨਾ ਮੰਨੀ। ਤਾਂ ਪ੍ਰਸੰਨ ਹੋ ਕੇ ਗੁਰਦੇਵ ਜੀ ਨੇ ਇਉ ਫ਼ੁਰਮਾਨ ਕੀਤਾ:-
ਭਾਈ ਜੀ ਸੁਨੀਏ ਨਿਰਧਾਰਾ। ਤੁਮਰੀ ਬਾਣੀ ਅਪਰ ਅਪਾਰਾ।
ਮਨੁਹ ਗ੍ਰਿੰਥ ਕੋ ਟੀਕਾ ਭਯੋ। ਯਾਹਿ ਪੜੇ ਦੁਖ ਸਗਲਾ ਗਯੋ॥ 607॥
ਨਿਰਧਾਰਾ=ਨਿਸਚੇ ਪੂਰਵਕ। ਆਪਰ ਅਪਾਰਾ=ਪਰੇ ਤੋਂ ਪਰੇ।
ਦੋਹਰਾ॥ ਜੀਵ ਟੁਟੇ ਕੋ ਮੇਲਿ ਹੈ ਤੁਮ ਬਾਨੀ ਨਿਰਧਾਰ। ਸਿੱਖੀ ਪ੍ਰਾਪਤਿ ਹੋਇ ਤਿਹ ਜੋਊ ਪੜ੍ਹੇ ਹਿਤੁ ਧਾਰਿ॥ 608॥
ਜਨਮ ਮਰਨ ਸੰਸਾ ਮਿਟੈ ਤੁਮ ਬਾਣੀ ਪਰਤਾਪ। ਐਸੇ ਕਹਿ ਦਸਖ਼ਤ ਕਰੇ ਤਿਸੀ ਅਦਿ ਗੁਰ ਅਪਿ॥ 609॥
ਸ਼ੰਕੇ= ਜੇ ਭਾਈ ਗੁਰਦਾਸ ਜੀ ਦੀ ਬਾਣੀ ‘ਅਪਰ ਅਪਾਰਾ’ ਹੈ, ਤਾਂ ਗੁਰੂਬਾਣੀ ਦਾ ਦਰਜਾ ਆਪਣੇ ਆਪ ਨੀਵਾਂ ਹੋ ਗਿਆ। ਜਦ ਭਾਈ ਜੀ ਦੀ ਰਚੀ ਬਾਣੀ ਪੜ੍ਹਨ ਮਾਤਰ ਨਾਲ ਸਭ ਪ੍ਰਾਪਤੀਆਂ ਹੋ ਜਾਣੀਆਂ ਹਨ ਤਾਂ ਗੁਰੂ ਬਾਣੀ ਗਿਆਨ ਦਾ ਅਰਥ ਕੀ ਬਚਿਆ? ਸਾਡੇ ਸਨਮਾਨਯੋਗ ਜਥੇਦਾਰ ਸਾਹਿਬਾਨ ਜੀ ਦਾ ਇਹ “ਗੁਰਮੁਖ ਲਿਖਾਰੀ”, ਕਿਸ ਅਜੀਬ ਕੁਟਲਤਾ ਨਾਲ ਗੁਰੂ ਬਾਣੀ ਨੂੰ ਨਿਸਫ਼ਲ ਦਰਸਾਈ ਤੁਰਿਆ ਜਾ ਰਿਹਾ ਹੈ?
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥
ਹਉਮੈ ਜਾਇ ਸਬਦਿ ਘਰੁ ਲਹੀਐ॥ 1॥ ਰਹਾਉ॥ {904} -2

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.