.

ਅਬ ਮਨ ਜਾਗਤ ਰਹੁ ਰੇ ਭਾਈ॥

ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833


ਵੈਸੇ ਤਾਂ ਅੱਜ ਸਿੱਖ ਕੌਮ ਅੱਗੇ ਬਹੁਤ ਸਾਰੇ ਵਿਸ਼ੇ ਚਨੌਤੀਆਂ ਵਾਲੇ ਹਨ। ਪਰ ਇਹਨਾਂ ਸਾਰਿਆਂ ਦਾ ਧੁਰਾ ਅਕਾਲ ਤੱਖਤ ਸਾਹਿਬ ਵਲੋਂ ਸਿੱਖ ਕੌਮ ਦੀ ਸੁੱਚਜੇ ਢੰਗ ਨਾਲ ਸਮੇਂ ਸਿਰ ਸਿੱਖ ਕੌਮ ਦੀ ਅਗਵਾਈ ਨਾ ਕਰਨੀ ਵੀ ਇੱਕ ਸਾਡੀ ਸਮੁੱਚੀ ਕੌਮ ਲਈ ਗਭੀਰ ਚਨੌਤੀ ਦਾ ਵਿਸ਼ਾ ਹੈ।
ਇਹ ਸਭ ਪੰਥ ਦੀਆਂ ਸੰਸਥਾਵਾਂ ਹਨ। ਕਿਸੇ ਕੌਮ ਦੇ ਚੜ੍ਹਦੀ ਕਲਾ ਵਿੱਚ ਜਾਣ ਅਤੇ ਰਹਿਣ ਵਾਸਤੇ, ਕੌਮ ਦੀਆਂ ਸੰਸਥਾਵਾਂ ਦਾ ਇਸ ਦੇ ਮੌਲਿਕ ਰੂਪ ਵਿੱਚ ਕਾਇਮ ਅਤੇ ਕਾਰਜ਼ਸ਼ੀਲ ਰਹਿਣਾ ਹੈ ਵੀ ਬਹੁਤ ਜ਼ਰੂਰੀ।
ਜਦੋ ਵੀ ਕੋਈ ਦੁਸ਼ਮਨ ਤਾਕਤ, ਕਿਸੇ ਕੌਮ ਨੂੰ ਬਰਬਾਦ ਕਰਨਾ ਜਾਂ ਗੁਲਾਮ ਬਨਾਉਣਾ ਚਾਹੁੰਦੀ ਹੈ, ਉਹ ਸਭ ਤੋਂ ਪਹਿਲਾਂ, ਉਸ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਜਾਂ ਤਾਂ ਤਬਾਹ ਕਰ ਦਿੰਦੀ ਹੈ, ਜਾਂ ਉਹਨਾਂ ਦਾ ਮੌਲਿਕ ਸਰੂਪ ਬਦਲ ਦਿੰਦੀ ਹੈ ਅਤੇ ਜਾਂ ਉਨ੍ਹਾਂ ਤੇ ਕਬਜ਼ਾ ਕਰ ਲੈ ਦਿੰਦੀ ਹੈ। ਇਹ ਕਬਜ਼ਾ ਕਰਨ ਦੀ ਕਾਰਵਾਈ ਵੀ ਸਮੇ ਅਤੇ ਹਲਾਤ ਦੀ ਲੋੜ ਮੁਤਾਬਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕਦੇ ਸਿਧੇ ਤਾਕਤ ਦੀ ਵਰਤੋਂ ਕਰਕੇ, ਕਦੇ ਵਿੱਚ ਘੁਸਪੈਠ ਕਰਕੇ, ਅਤੇ ਸਭ ਤੋਂ ਖਤਰਨਾਕ ਤਰੀਕਾ, ਉਸ ਕੌਮ ਦੇ ਆਗੂਆਂ ਨੂੰ ਵੱਸ ਵਿੱਚ ਕਰਕੇ।
ਉਹ ਹਿੰਦੂਤੱਵੀ ਸ਼ਕਤੀਆਂ ਜੋ ਸਿੱਖ ਕੌਮ ਦੀ ਹਸਤੀ ਮਿਟਾਉਣ ਦੇ ਬਾਨਣੂ ਬੰਨ ਰਹੀਆਂ ਹਨ, ਉਨ੍ਹਾਂ ਸਿੱਖ ਆਗੂਆਂ ਨੂੰ ਵੱਸ ਵਿੱਚ ਕਰਨ ਵਾਸਤੇ ਚਾਣਕਿਆ ਨੀਤੀ ਦੇ ਸਾਮ, ਦਾਮ, ਦੰਡ, ਭੇਦ, ਸਾਰੇ ਹਥਿਆਰ, ਵਰਤ ਕੇ ਭਾਰੀ ਕਾਮਯਾਬੀ ਹਾਸਲ ਕਰ ਲਈ ਹੈ। ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਕਿ ਆਰ. ਐਸ. ਐਸ. ਦਾ ਮੁੱਖੀ ਵਿਦੇਸ਼ ਦੀ ਧਰਤੀ ਤੋਂ ਬਿਆਨ ਦੇਂਦਾ ਹੈ। ਕਿ ਸਿੱਖਾਂ ਦੇ ਸਾਰੇ ਤਖਤਾਂ ਦੇ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ ਅਤੇ ਕੋਈ ਵੀ ਉਸਦੀ ਗੱਲ ਨੂੰ ਨਕਾਰਦਾ ਨਹੀਂ। ਸਿਆਸੀ ਆਗੂ ਜਿਸ ਤਰ੍ਹਾਂ ਨਾਲ ਕੌਮ ਦੇ ਸਿਧਾਂਤਾਂ ਅਤੇ ਸੰਸਥਾਵਾਂ ਨਾਲ ਖਿਲਵਾੜ ਕਰ ਰਹੇ ਹਨ, ਉਹ ਇਤਨਾਂ ਜ਼ਾਹਿਰ ਹੈ ਕਿ ਉਸ ਦੇ ਵਾਸਤੇ ਕਿਸੇ ਸੁਚੇਤ ਸਿੱਖ ਨੂੰ ਕਿਸੇ ਹੋਰ ਪ੍ਰਮਾਣ ਦੀ ਲੋਂੜ ਨਹੀਂ। ਇਸੇ ਦਾ ਨਤੀਜ਼ਾ ਹੈ ਕਿ ਉਨ੍ਹਾਂ ਹਿੰਦੂਤੱਵੀ ਸ਼ਕਤੀਆਂ ਦੇ ਜ਼ਾਹਿਰਾ ਸਾਹਮਣੇ ਆਏ ਬਗੈਰ ਸਿੱਖ ਸੰਸਥਾਵਾਂ ਦਾ ਰੂਪ, ਉਨ੍ਹਾਂ ਦੇ ਨਾਮ, ਉਨ੍ਹਾਂ ਦੀ ਕਾਰਜ਼ ਵਿਧੀ, ਉਸ ਹਿਸਾਬ ਨਾਲ ਬਦਲ ਅਤੇ ਚੱਲ ਰਹੀ ਹੈ, ਜਿਵੇਂ ਉਹ ਚਾਹੁੰਦੇ ਹਨ। ਉਨ੍ਹਾਂ ਦਾ ਕੰਮ ਇਸ ਕਰਕੇ ਹੋਰ ਵੀ ਸੋਖਾ ਹੋ ਗਿਆ ਹੈ, ਕਿਉਕਿ ਦੁਨੀਆਂ ਦੀ ਸੱਭ ਤੋਂ ਵਧੇਰੇ ਗਿਆਨ ਅਧਾਰਤ ‘ਸਿੱਖ ਕੌਮ’ ਜਿਸ ਦਾ ਗੁਰੁ ਹੀ ਗੁਰਬਾਣੀ ਦਾ ਇਲਾਹੀ ਗਿਆਨ ਹੈ, ਗਿਆਨ ਦਾ ਪੱਲਾ ਛੱਡਕੇ, ਅੰਧ ਵਿਸ਼ਵਾਸ ਅਤੇ ਭਾਵਨਾ ਦੇ ਵੇਗ ਵਿੱਚ ਵੱਗ ਤੁਰੀ ਹੈ। ਸਿੱਖ ਨੂੰ ਗੁਰਬਾਣੀ ਦੇ ਗਿਆਨ ਤੋਂ ਤੋੜ ਕੇ, ਫੋਕੀ ਭਾਵਨਾ ਦੇ ਅੰਧੇ ਸਾਗਰ ਵਿੱਚ ਡੋਬਣ ਲਈ ਸਿੱਖ ਨੂੰ ਕੌਮ ਵਿੱਚ ਡੇਰੇਦਾਰਾਂ ਦਾ ਬਹੁਤ ਵੱਡਾ ਜਾਲ ਵਿਛਾਇਆ ਗਿਆ ਹੈ, ਜਿਸ ਦੇ ਮਾਰੂ ਨਤੀਜ਼ੇ ਸਪੱਸ਼ਟ ਰੂਪ ਵਿੱਚ ਉਜਾਗਰ ਹੋ ਰਹੇ ਹਨ। ਮਨੁੱਖਤਾ ਦਾ ਸਰਬਪੱਖੀ ਸੋਸ਼ਣ ਕਰਨ ਦਾ ਇਹ ਬ੍ਰਾਹਮਣਵਾਦੀ ਤਰੀਕਾ ਪੂਰੀ ਤਰ੍ਹਾਂ ਅਜ਼ਮਾਇਆ ਹੋਇਆ। ਸਿੱਖ ਕੌਮ ਵਿੱਚ ਵੀ ਇਹ ਮੰਤਰ ਸਿਰ ਚੱੜ੍ਹ ਕੇ ਬੋਲਿਆ ਹੈ।
ਅੱਜ ਆਮ ਸਿੱਖ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਲੈਕੇ ਇਤਨਾ ਭਾਵੁਕ ਹੈ, ਜਿਤਨਾ ਸ਼ਾਇਦ ਗੁਰੁ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਨਹੀਂ। ਜੇ ਇਹ ਭਾਵਕਤਾ ਗਿਆਨ ਅਧਾਰਤ ਹੁੰਦੀ ਤਾਂ ਬਹੁਤੀ ਮਾੜੀ ਗੱਲ ਵੀ ਨਹੀ ਸੀ, ਉਸ ਦੀ ਸੋਚ ਨੂੰ ਇਸ ਤਰ੍ਹਾਂ ਢਾਲ ਦਿੱਤਾ ਗਿਆ ਹੈ ਕਿ ਉਹ ਕੁੱਝ ਵਿਅਕਤੀ, ਜਿਨ੍ਹਾਂ ਦੀ ਵਰਤੋਂ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਬਰਬਾਦ ਕਰਨ ਲਈ ਕੀਤੀ ਜਾ ਰਹੀ ਹੈ, ਨੂੰ ਅਕਾਲ ਤਖਤ ਸਮਝਣ ਦੀ ਭਾਰੀ ਭੁੱਲ ਕਰ ਰਹੇ ਹੈ। ਨਤੀਜ਼ਾ ਇਹ ਹੈ ਕਿ ਜਦੋ ਵੀ ਕੋਈ ਸੁਚੇਤ ਸਿੱਖ ਇਸ ਸਾਜਸ਼ ਨੂੰ ਉਘੇੜਨ ਦੀ ਕੋਸ਼ਿਸ਼ ਕਰਦਾ ਹੈ, ੳਸ ਨੂੰ ਸਹਿਜੇ ਹੀ ਪੰਥ ਦੋਖੀ ਗਰਦਾਨ ਦਿੱਤਾ ਜਾਂਦਾ ਹੈ। ਅੱਜ ਇਸੇ ਸੰਸਥਾ ਦੀ ਦੁਰਵਰਤੋਂ, ਸਿੱਖ ਕੌਮ ਦੀਆਂ ਬਾਕੀ ਸੰਸਥਾਵਾਂ ਨੂੰ ਬਰਬਾਦ ਕਰਨ, ਇਥੋਂ ਤੱਕ ਕੇ ਸਿੱਖ ਦਾ ਮੂਲ ਅਧਾਰ ‘ਗੁਰੂ ਗ੍ਰੰਥ ਸਾਹਿਬ’ ਦਾ ਸ਼ਰੀਕ ਪੈਦਾ ਅਤੇ ਸਥਾਪਤ ਕਰਨ, ਸਿੱਖ ਕੌਮ ਵਿੱਚ ਵੰਡੀਆਂ ਪਾਉਣ, ਸਿੱਖਾਂ ਨੂੰ ਮਾਨਸਿਕ ਗੁਲਾਮ ਬਣਾਕੇ ਰੱਖਣ, ਕੁੱਝ ਸੁਚੇਤ ਸਿੱਖਾਂ ਨੂੰ `ਤੇ ਆਪਣੇ ਵਿਰੋਧੀਆਂ ਨੂੰ ਦਬਾਕੇ ਰੱਖਣ ਵਾਸਤੇ ਕੀਤੀ ਜਾ ਰਹੀ ਹੈ।
ਅੱਜ ਸਿੱਖ ਕੌਮ ਦੀ ਕੋਈ ਵੀ ਐਸੀ ਸੰਸਥਾ ਨਹੀ ਜਿਸਤੇ ਗੁਪਤ ਹਮਲਾ ਨਹੀ ਹੋ ਰਿਹਾ। ਭਾਰਤ ਵਿੱਚ ਸਰਗਰਮ ਕੁੱਝ ਕੱਟੜ ਹਿੰਦੂਤਵੀ ਸ਼ਕਤੀਆਂ, ਜੋ ਭਾਰਤ ਦੀ ਹਰ ਘੱਟ ਗਿਣਤੀ ਕੌਮ ਦੇ ਭਗਵਾਕਰਨ ਦੇ ਆਹਰ ਵਿੱਚ ਰੁਝੀਆਂ ਹਨ, ਸਿੱਖ ਕੌਮ ਤੇ ਸੱਭ ਤੋਂ ਵਧੇਰੇ ਭਾਰੂ ਹੋ ਚੁਕੀਆਂ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਉਨ੍ਹਾਂ ਸਿੱਖ ਆਗੂਆਂ ਨੂੰ ਆਪਣੇ ਵੱਸ ਕਰਕੇ, ਉਨ੍ਹਾਂ ਰਾਹੀ ਬਹੁਤੇ ਸਿੱਖਾਂ ਵਿੱਚੋਂ ਸਿੱਖੀ ਭਾਵਨਾ, ਜੋ ਸਿੱਖ ਕੌਮ ਦਾ ਵੱਡਾ ਸਰਮਾਇਆ ਸੀ। ਦਾ ਹੀ ਨਾਸ਼ ਕਰ ਦਿੱਤਾ ਹੈ। ਰਹਿੰਦਿਆਂ ਖੂੰਹਦਿਆਂ ਵਿੱਚੋਂ ਬਹੁਤਿਆਂ ਦਾ, ਡੇਰਿਆਂ ਰਾਹੀ ਬ੍ਰਾਹਮਣੀ-ਕਰਨ ਕਰ ਦਿੱਤਾ ਗਿਆ ਹੈ। ਉਹ ਕੂੜ ਦੇ ਐਸੇ ਭਰਮਜਾਲ ਵਿੱਚ ਘਿਰੇ ਹਨ ਕਿ ਅੰਧ ਵਿਸ਼ਵਾਸ ਦੇ ਵੇਗ ਵਿੱਚ ਵੱਗ ਕੇ, ਆਪਣੇ ਕੌਮੀ ਭਰਾਵਾਂ ਦਾ ਵਿਨਾਸ਼ ਕਰਨ ਤੇ ਉਤਾਰੂ ਹਨ।
ਐਸੇ ਹਾਲਾਤ ਵਿੱਚ ਵਿੱਚੋਂ ਇਕੋ ਚੀਜ਼ ਉਭਾਰ ਸਕਦੀ ਹੈ, ਅਗਿਆਨਤਾ ਅਤੇ ਅੰਧਵਿਸ਼ਵਾਸ ਦੀ ਡੂੰਘੀ ਨੀਂਦ ਵਿੱਚੋਂ ਜਾਗੀਏ, ਹਰ ਮੁੱਦੇ, ਹਰ ਮਸਲੇ ਨੂੰ ਗੁਰਬਾਣੀ ਗਿਆਨ ਦੀ ਕਸਵੱਟੀ ਤੇ ਪਰਖੀਏ, ਵਿਚਾਰੀਏ ਅਤੇ ਸਹੀ ਹੱਲ ਲੱਭਣ ਦੀ ਕੋਸ਼ਿਸ਼ ਕਰੀਏ, ਪੰਥਕ ਸੰਸਥਾਵਾਂ ਨੂੰ ਬਚਾਉਣ ਲਈ ਲਾਮਬੰਦ ਹੋ ਜਾਈਏ। ਗੁਰੁ ਗ੍ਰੰਥ ਸਾਹਿਬ ਦੀ ਬਾਣੀ ਵੀ ਸਾਨੂੰ ਹੋਕੇ ਦੇਕੇ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਬ ਮਨ ਜਾਗਤ ਰਹੁ ਰੇ ਭਾਈ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ॥ 1॥ ਰਹਾਉ॥ ਅੰਗ 339
ਅਰਥ- ਹੇ ਵੀਰ ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰਖ। ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗਵਾ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।




.