.

ਪ੍ਰੋਹਿਤ ਸੰਪਰਦਾ ਤੇ ਧਰਮ

ਆਧੁਨਿਕ ਯੁਗ ਗਿਆਨ ਦਾ ਯੁਗ ਹੈ। ਕਿਉਕਿ ਗਿਆਨ ਵਿਗਿਆਨਕ ਮੱਤ ਜਾਂ ਵਿਚਾਰਧਾਰਾ ਹੈ। ਆਉਣ ਵਾਲੇ ਸਮੇਂ ਵਿੱਚ ਗੁਰਮਤਿ ਗਿਆਨ ਨੇ ਵਿਗਿਆਨ ਦੀ ਅਗਵਾਈ ਕਰਨੀ ਹੈ। ਗੁਰਮਤਿ ਵਿੱਚ ਅੰਧ-ਵਿਸ਼ਵਾਸ਼ਾਂ ਵਹਿਮ ਭਰਮਾਂ ਅਤੇ ਰੂੜ੍ਹੀਵਾਦੀ ਫੋਕਟ ਗਿਆਨ ਦਾ ਕੋਈ ਜਗ੍ਹਾ ਨਹੀ ਹੈ।
ਇੱਕ ਗੱਲ੍ਹ ਗੁਰਮਤਿ ਦੇ ਸੰਬੰਧ ਵਿੱਚ ਇਹ ਵੀ ਸਮਝਣੀ ਜਰੂਰੀ ਹੈ। ਕਿ ਗੁਰਮਤਿ ਆਮ ਪ੍ਰਚਲਤ ਧਰਮਾਂ ਵਰਗਾ ਧਰਮ ਨਹੀ ਹੈ। ਸਾਡੇ ਆਮ ਲੋਕ ਤੇ ਇਥੋਂ ਤੱਕ ਕਿ ਬਹੁਤ ਸਾਰੇ ਸਿੱਖ ਵਿਦਵਾਨ ਤੇ ਪ੍ਰਚਾਰਕ ਜਦੋ ਸਿੱਖੀ ਨੂੰ ਹਿੰਦੂ, ਇਸਲਾਮ ਜਾਂ ਇਸਾਈ ਮੱਤ ਵਰਗਾ ਧਰਮ ਮੰਨ ਲੈਂਦੇ ਹਨ ਤਾਂ ਸਿੱਖੀ ਬਾਰੇ ਗਲਤ ਬਿਆਨਬਾਜੀ ਸੁਭਾਵਿਕ ਹੋ ਜਾਂਦੀ ਹੈ। ਇੱਕ ਗੱਲ੍ਹ ਸਪਸ਼ਟ ਹੈ ਸਿੱਖ ਧਰਮ ਵਿੱਚ ਪ੍ਰੋਹਿਤਵਾਦ ਤੇ ਸੰਪਰਦਾਇਕਤਾ ਦਾ ਕੋਈ ਸਥਾਨ ਨਹੀ ਹੈ। ਪਰ ਅਫਸੋਸ ਇਹਨਾਂ ਦੋਂਹਾਂ ਵਿਰੋਧੀ ਤੱਤਾਂ ਨੇ ਅੱਜ ਸਿੱਖ ਧਰਮ ਵਿੱਚ ਗਹਿਰੀਆਂ ਜੜ੍ਹਾਂ ਲਾ ਰਖੀਆਂ ਹਨ ਅਤੇ ਆਮ ਸਿੱਖ ਨੂੰ ਇਹ ਗੱਲ੍ਹ ਸਮਝ ਨਹੀ ਆਉਦੀ ਕਿ ਪ੍ਰੋਹਿਤ ਤੇ ਸੰਪਰਦਾ ਤੋਂ ਬਿਨਾਂ ਵੀ ਕੋਈ ਧਰਮ ਹੋ ਸਕਦਾ ਹੈ। ਪ੍ਰੋਹਿਤਵਾਦ ਦਾ ਹਿਤ ਸੰਪਰਦਾਇਕਤਾ ਹੈ ਤੇ ਸੰਪਰਦਾਇਕਤਾ ਪ੍ਰੋਹਿਤਵਾਦ ਤੋਂ ਬਿਨਾਂ ਚਲ ਨਹੀ ਸਕਦੀ। ਇਨ੍ਹਾਂ ਦਾ ਪਰਸਪਰ ਡੂੰਘਾ ਸੰਬੰਧ ਹੈ। ਧਰਮ ਦੀ ਰੂਹ ਦਾ ਵੀ ਇਨ੍ਹਾਂ ਨਾਲ ਵਿਰੋਧ ਹੈ। ਪ੍ਰੋਹਿਤ ਤੇ ਸੰਪਰਦਾ ਧਰਮ ਦੀ ਵਰਤੋਂ ਲੋਕ-ਹਿੱਤਾਂ ਦੀ ਥਾਂ ਆਪਣੇ ਹਿੱਤਾਂ ਲਈ ਕਰਦੇ ਹਨ। ਇਕ ਗੱਲ ਵੀ ਨੋਟ ਕਰਨ ਵਾਲੀ ਹੈ। ਕਿ ਪ੍ਰੋਹਿਤ ਤੇ ਸੰਪਰਦਾ, ਗਿਆਨ ਅਤੇ ਤਰਕ ਦੇ ਵਿਰੋਧੀ ਹਨ। ਇਹ ਹਮੇਸ਼ਾ ਗਿਆਨ ਤੇ ਤਰਕ ਦਾ ਦਮਨ (ਵਿਰੋਧ) ਕਰਨ ਵਿੱਚ ਹੀ ਆਪਣਾ ਤੇ ਧਰਮ ਦਾ ਭਲਾ ਮੰਨਦੇ ਹਨ। ਇਸੇ ਕਰਕੇ ਇਹ ਟੋਲਾ ਹਮੇਸ਼ਾ ਗੁਰਮਤਿ ਦਾ ਵਿਰੋਧ ਕਰਨ ਨੂੰ ਗੁਰਮਤਿ ਵਜੋਂ ਪ੍ਰਚਾਰ ਕਰਦਾ ਹੈ। (ਅੰਧੀ ਰਯਤਿ ਗਿਆਨ ਵਿਹੂਣੀ) ਅਤੇ ਮਾਨਸਿਕ ਪੱਖੋਂ ਕਮਜ਼ੋਰ ਹੋਣ ਕਰਕੇ ਇਨ੍ਹਾਂ ਦੇ ਅਧਰਮ ਅਤੇ ਕਪਟੀ ਕਰਮਾਂ ਨੂੰ ਹੀ ਧਰਮ ਮੰਨੀ ਜਾਂਦੀ ਹੈ।
ਗੁਰਮਤਿ ਅਤੇ ਅਗਿਆਨਤਾ ਇੱਕਠੇ ਨਹੀਂ ਚੱਲ ਸਕਦੇ। ਸਿੱਖ ਦਾ ‘ਗਿਆਨੀ’ ਹੋਣਾ ਲਾਜ਼ਮੀ ਸ਼ਰਤ ਹੈ। ਗੁਰਮਤਿ ਮਾਰਗ ਵਿੱਚ ਬਿਬੇਕ ‘ਬੁੱਧੀ’ ਦਾ ਬੜਾ ਮਹੱਤਵ ਹੈ। ਇਸੇ ਲਈ ਗੁਰਬਾਣੀ ਦੁਆਰਾ ਗੁਰਸਿਖ ਜੋਦੜੀ ਕਰਦੇ ਹਨ।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ ਅੰਗ 641
ਪਰ ਪ੍ਰੋਹਿਤ ਨੇ ਆਪਣੇ ਹਿੱਤਾਂ ਲਈ ਗੁਰਮਤਿ ਦਾ ਵਿਰੋਧ, ਇਸ ਦੇ ਜਨਮ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਹਰਿਮੰਦਰ ਸਾਹਿਬ ਦੇ ਪ੍ਰੋਹਿਤਾਂ ਨੇ ਗੁਰੁ ਤੇਗ ਬਹਾਦਰ ਸਾਹਿਬ ਨੂੰ ਹਰਿਮੰਦਰ ਸਾਹਿਬ ਦਾਖਲ ਨਹੀ ਹੋਣ ਦਿੱਤਾ ਸੀ। ਦਸਮ ਪਿਤਾ ਵੀ ਇਥੇ ਨਹੀ ਆਏ। ਅੱਜ ਦੇ ਗ੍ਰੰਥੀ ਵੀ ਆਪਣੇ ਆਪ ਨੂੰ ਗੁਰੁ ਕੇ ਵਜ਼ੀਰ ਅਖਵਾ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਗੁਰਮਤਿ ਦੀ ਮਨ ਆਈ ਵਿਆਖਿਆ ਕਰਦੇ ਹਨ। ਅੱਜ ਮੰਨਣਾ ਪਵੇਗਾ ਗੁਰਮਤਿ ਸਿਧਾਂਤਾਂ ਉਪਰ ਬ੍ਰਾਹਮਣੀ ਗਰਦ ਲੱਗੀ ਹੋਈ ਹੈ। ਗੁਰਮਤਿ ਸਿਧਾਂਤਾਂ ਦੀ ਕੀਤੀ ਜਾ ਰਹੀ ਵਿਆਖਿਆ ਉਪਰ ਵੇਦਾਂਤ ਅਤੇ ਪੌਰਾਣਿਕ ਮੱਤ ਦਾ ਡੂੰਘਾ ਪ੍ਰਭਾਵ ਹੈ ਅਤੇ ਇਸ ਵਿਆਖਿਆ ਨੂੰ ਦੇਖ ਕੇ ਗੁਰਮਤਿ ਦੇ ਕਿਸੇ ਨਿਆਰੇਪਣ ਦੀ ਸਮਝ ਕਿਸੇ ਨੂੰ ਨਹੀ ਪੈਂਦੀ।
ਜੇ ਸਿਧਾਂਤਾਂ ਤੇ ਰਹੁ ਰੀਤਾਂ ਉਪਰ ਬਿਪਰਵਾਦੀ ਅਸਰ ਪਿਆ ਹੈ ਤਾਂ ਗੁਰ-ਇਤਿਹਾਸ ਵੀ ਇਸ ਅਸਰ ਤੋਂ ਬਚਿਆ ਨਹੀ ਹੈ। ਗੁਰ-ਇਤਿਹਾਸ ਨੂੰ ਵਿਗਾੜਨ ਦਾ ਇੱਕ ਮੰਤਵ ਪ੍ਰੋਹਿਤ ਸ਼੍ਰੇਣੀ ਦਾ ਸ਼ਾਤਰ ਦਿਮਾਗ ਵੀ ਹੈ। ਇਹ ਇਤਿਹਾਸ ਗੁਰੁ ਸਾਹਿਬਾਨ ਦੀਆਂ ਸ਼ਖਸੀਅਤਾਂ ਬਾਰੇ ਕਈ ਸ਼ੰਕੇ ਖੜੇ ਕਰਦਾ ਹੈ। ਪਰ ਸਾਡੇ ਵਿਦਵਾਨ ਇਤਿਹਾਸਕਾਰਾਂ ਨੇ ਇਸ ਪਾਸੇ ਲੋੜੀਦੀ ਤਵੱਜ਼ੋ ਨਹੀ ਦਿੱਤੀ।
ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਣ ਇਹ ਵੀ ਸਮਝ ਆਉਦਾ ਹੈ ਕਿ ਬਿੱਪਰੀ ਪ੍ਰਭਾਵ ਸਦਕਾ ਤਾਂਤਰਿਕ ਵਿਧੀ ਨਾਲ ਪਾਠ ਕਰਨ ਤੇ ਕੀਰਤਨ ਦਰਬਾਰਾ ਦਾ ਬੋਲਬਾਲਾ ਹੋ ਗਿਆ ਹੈ ਤੇ ਸ਼ਬਦ ਵੀਚਾਰ ਨੂੰ ਮਹੱਤਵ ਨਹੀ ਦਿੱਤਾ ਜਾਂਦਾ। ਇਸ ਰੁਚੀ ਦੀ ਘਾਟ ਕਾਰਣ ਸੰਗਤਾਂ ਵਿੱਚ ਗੁਰਮਤਿ ਗਿਆਨ ਦਾ ਅਭਾਵ ਹੈ। ਇਸ ਸਮੇ ਡੰਘੀ ਨੀਂਦ ਤੇ ਬੇਹੋਸ਼ੀ ਦੀ ਉਸ ਅਵਸਥਾ ਤੱਕ ਪਹੁੰਚ ਚੁੱਕਾ ਹੈ, ਜਿਸ ਤੋਂ ਅੱਗੇ ਉਹ ਮੁਰਦਾ ਹੀ ਹੋ ਜਾਵੇਗਾ।
ਬੇਅੰਤ ਸਿੰਘ ਖਾਨੇਵਾਲ
ਮੋ: 98556-98833




.