.

ਗੁਰਬਾਣੀ ਦੀ ਸ਼ੁੱਧਤਾ ਤੇ ਲਿਖਾਰੀ ਦਾ ਦੁਖਦਾਈ ਹਮਲਾ ਅਤੇ ਵੇਦਾਂਤੀ ਜੀ ਸਮੇਤ ਸਾਰੀ ਸਿਰਮੌਰ ਜਥੇਦਾਰੀ ਵਲੋਂ

ਚੁੱਪ-ਰੂਪ ਸਹਿਮਤੀ?

ਉਪਰੋਕਤ ਵਰਣਨ ਆਪਣੀ ਮਰਜ਼ੀ ਦਾ ਖੇਡ ਖਿਡਾ ਲੈਣ ਉਪਰੰਤ, ਸਤਿਗੁਰੂ ਜੀ ਦੇ ਪਾਵਨ ਪਵਿਤਰ ਮੁਖਾਰਬਿੰਦ ਵਿੱਚ ਇਹ ਅਰਥ-ਹੀਨ ਬੋਲ ਪਾ ਦਿੱਤੇ:-

ਸ੍ਰੀ ਗੁਰਿ ਤਬ ਲੱਧੇ ਕੋ ਕਹਾ। ਐਸ ਖੇਦ ਕਾਹੇ ਤੁਮ ਲਹਾ।

ਤੁਮਰੇ ਬਚਨ ਬਖ਼ਸ਼ ਹਮ ਦੇਤੇ। ਕਾਹੇ ਖੇਦ ਐਸ ਤੁਮ ਲੇਤੇ॥ 517॥

ਅਰਥ:-ਸ੍ਰੀ ਸਤਿਗਰੂ ਜੀ ਨੇ ਤਦੋਂ ਲੱਧੇ ਨੂੰ ਆਖਿਆ- “ਤੁੰ ਅਜੇਹਾ (ਚੰਦਰਾ) ਦੁੱਖ ਵਿਅਰਥ ਹੀ ਝੱਲਿਆ। (ਤੂੰ ਉਂਜ ਹੀ ਆ ਜਾਂਦਾ) ਤੇਰੇ ਤਾਂ ਕਹਿਣ ਤੇ ਹੀ ਅਸਾਂ ਇਨ੍ਹਾਂ ਨੂੰ ਬਖ਼ਸ਼ ਦੇਣਾ ਸੀ। ਤੇ ਨਾਲ ਲਗਦਿਆਂ ਇਹ ਫ਼ੁਰਮਾਨ:-

ਅਬ ਤਿਨ ਕੋ ਤੁਮ ਲੇਹੁ ਬੁਲਾਈ। ਲੱਧੇ ਮਾਨੁਖ ਦੀਯੋ ਪਠਾਈ।

ਆਗਯਾ ਸੁਨਿ ਦੋਊ ਤਬ ਆਏ। ਗਰਿ ਅੰਚਰ ਸ੍ਰੀ ਗੁਰ ਸਮੁਹਾਏ॥ 518॥

ਲਿਖਾਰੀ ਕੁਟਲਤਾ ਦੀਆਂ ਸਾਰੀਆਂ ਹੱਦਾਂ ਤੋਂ ਪਾਰ?

ਸਤਿਗੁਰਾਂ ਦੇ ਕਹਿਣ ਤੇ ਭਾਈ ਲੱਧਾ ਜੀ ਨੇ ਸਤੇ ਬਲਵੰਡ ਭਰਾਵਾਂ ਨੂੰ ਬੁਲਵਾ ਲਿਆ ਜੋ ਆਉਂਦੇ ਹੀ ਸਤਿਗਰਾਂ ਦੀ ਚਰਨੀ ਜਾ ਪਏ। ਭਾਈ ਜੀ ਨੇ ਉਨ੍ਹਾਂ ਦਾ ਰੋਗ ਦੂਰ ਕਰਨ ਲਈ ਬੇਨਤੀ ਕੀਤੀ ਤਾਂ ਅੱਗੇ ਲਿਖਾਰੀ ਨੇ ਜੋ ਕੁੱਝ ਸਤਿਗੁਰਾਂ ਦੇ ਨਾਮਣੇ ਨਾਲ ਬਚਨ ਮੜ੍ਹੇ ਹੋਏ ਹਨ ਉਹ ਲਿਖਾਰੀ ਦੀ ਹੀ ਕਲਮ ਤੋਂ:-

ਸ੍ਰੀ ਗੁਰ ਕਹਾ ਨਿੰਦ ਗੁਰ ਕੀਨੀ। ਦੇਹ ਰੋਗਾ ਤਾ ਤੇ ਇਨ ਲੀਨੀ।

ਜਿਹ ਮੁਖ ਸੇ ਗੁਰ ਨਿੰਦਾ ਕਰੀ। ਤਾ ਸੋਂ ਉਪਮਾ ਕਰੇਂ ਦੁਖੁ ਟਰੀ॥ 522॥

ਅਰਥ: ਸਤਿਗੁਰੂ ਜੀ ਨੇ ਆਖਿਆ ਕਿ, ਇਨ੍ਹਾਂ ਨੇ (ਆਪਣੇ) ਗੁਰੂ ਦੀ ਨਿੰਦਾ ਕੀਤੀ ਜਿਸ ਤੋਂ ਇਨ੍ਹਾਂ ਦੀ ਦੇਹ ਰੋਗੀ ਹੋ ਗਈ। (ਹੁਣ ਕੇਵਲ ਇੱਕੋ ਇੱਕ ਏਹੀ ਚਾਰਾ ਹੈ ਕਿ) ਜਿਸ ਮੰਹ ਨਾਲ ਨਿੰਦਾ ਕੀਤੀ ਸੀ ਉਸੇ ਨਾਲ ਹੀ ਉਪਮਾ (-ਉਸਤਤਿ) ਕਰਨ, ਤਾ ਹੀ ਇਨ੍ਹਾਂ ਦਾ ਸਾਰਾ ਦੁੱਖ ਟਲ ਸਕਦਾ ਹੈ।

ਜਿਹੜੇ, ਸਤਿਗੁਰੂ ਸਾਹਿਬ ਜੀ, ਨਿੰਦਾ ਨੂੰ ਉਸਤਤਿ ਦੇ ਤੁੱਲ ਸਮਝਣ ਦੇ ਪੂਰਨੇ ਪਾ ਰਹੇ ਸਨ ਉਹ ਆਪ ਹੀ ਅਜੇਹੇ ਬਚਨ ਕਿਵੇਂ ਬੋਲ ਸਕਦੇ ਸਨ? (ਇਸ ਪ੍ਰਥਾਇ ਪਹਿਲਾਂ ਇੱਕ ਤੋਂ ਵੱਧ ਵਾਰੀ ੜਗੁਰੂ ਸ਼ਬਦ ਲਿਖੇ ਜਾ ਚੁੱਕੇ ਹਨ) -ਵੰਨਗੀ ਮਾਤ੍ਰ੍ਰ:- “ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ॥” {1432} ਜਿਹੜੇ ਸਤਿਗੁਰੂ ਜੀ ਉਸਤਤਿ ਜਾਂ ਨਿੰਦਾ ਇੱਕ ਬਰਾਬਰ ਸਮਝਣ ਦਾ ਉਪਦੇਸ਼ ਦ੍ਰਿੜ ਕਰਾ ਰਹੇ ਸਨ ਉਸ ਅਨੂਪਮ ਸਤਿਗੁਰੂ ਜੀ ਬਾਰੇ ਇਹ ਮੰਨ ਲੈਣਾ ਕਿ, ਸੱਤੇ ਬਲਵੰਡ ਕੋਲੋਂ ਗੁਰੂ ਦੀ ਨਿੰਦਿਆ ਸੁਣ ਕੇ ਕਿਸੇ ਪ੍ਰਕਾਰ ਦਾ ਸਰਾਪ ਦੇ ਦਿੱਤਾ ਸੀ, ਅਤੇ ਹੁਣ ਉਨ੍ਹਾਂ ਤੋਂ ਉਸਤਤਿ ਸੁਣੇ ਬਿਨਾ ਉਨ੍ਹਾਂ ਦਾ ਰੋਗ ਦੂਰ ਨਹੀਂ ਸਨ ਕਰ ਰਹੇ? ਇਸ ਗੰਭੀਰ ਕੁਫ਼ਰ ਵਿਰਦ ਕਰੜਾ ਰੋਸ ਪ੍ਰਗਟ ਨਾ ਕਰਨਾ ਸੰਪਾਦਕ ਮਹਾਂਪੁਰਖਾਂ ਦੀ ਸੁਹਿਰਦਤਾ ਨੂੰ ਸ਼ੱਕੀ ਬਣਾਉਂਦਾ ਹੈ। ਨਿੰਦਾ ਤੋਂ ਕ੍ਰੋਧਿਤ ਹੋ ਕੇ ਸਰਾਪ ਦਿੰਦੇ ਅਤੇ ਆਪਣੀ ਉਸਤਤਿ ਸੁਣ ਕੇ ਉਸੇ ਵੇਲੇ ਹੀ ਸਰਾਪ ਤੋਂ ਮੁਕਤ ਹੋਣ ਦਾ ਢੰਗ ਸਮਝਾਉਣਾ ਬ੍ਰਾਹਮਣੀ ਰਿਸ਼ੀਆਂ ਮੁਨੀਆਂ ਵਾਲਾ ਕੂਟ-ਕਰਮ, ਸਰਬਤ ਤੇ ਭਲੇ ਦੀ ਕਾਮਨਾ ਨਾਲ ਭਰਪੂਰ ਹਿਰਦੇ ਵਾਲੇ ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਲਿਆ ਜੋੜਨੇ ਲਿਖਾਰੀ ਦੀ ਗੁਰਮਤਿ ਵਿਰੋਧੀ ਕਰਤੂਤ ਤੋਂ ਵੱਧ ਹੋਰ ਕੁੱਝ ਨਹੀਂ ਹੈ।

ਉਪਰੋਕਤ ਬਚਨਾ ਤੋਂ ਦੂਜਾ ਵਡਾ ਗੁਰਮਤਿ ਵਿਰੋਧੀ-ਬਦਲਾ ਲਊ ਭਾਵਵਨਾ ਦਾ ਸੰਕੇਤ ਮਿਲਣਾ ਵੀ ਲਿਖਾਰੀ ਦੀ ਗੰਭੀਰ ਕੁਟਲਤਾ ਹੈ। ਇਸ ਬਾਰੇ ਕੁੱਝ ਵੀ ਨਾ ਲਿਖ ਕੇ ਇਸ ਨੂੰ ਪੰਥ ਪਰਵਾਣਤ ਬਣਾ ਦੇਣਾ, ਜਥੇਦਾਰ ਸਾਹਿਬਾਨ ਦਾ ਪੰਥਕ ਧ੍ਰੋਹ ਹੋ ਦਿੱਸਦਾ ਹੈ। ਬਦਲਾ ਲਊ ਭਾਵਨਾ ਗੁਰੂ ਇਤਿਹਾਸ ਵਿੱਚ ਲਿਆ ਵਾੜ ਵਾਲੀ ਅਜੇਹੀ ਕਰਤੂਤ ਠੀਕ ਮੰਨ ਲੈਣੀ ਸਾਨੂੰ ਬਿੱਪਰ ਗੁਰੂ ਦੇ ਚੇਲੇ ਬਣਾ ਦੇਣ ਵਾਲੀ ਚਾਲ ਹੈ।

ਫਿਰ ਕੀ, ਇਹ ਸਿੱਧ ਨ੍ਹੀਂ ਹੋ ਰਿਹਾ ਕਿ, ਸਤੇ ਬਲਵੰਡ ਕੋਲੋ ਰਾਮਕਲੀ ਰਾਗ ਵਿਚਲੀ ਵਾਰ, ਡੰਡੇ ਦੇ ਜ਼ੋਰ ਨਾਲ ਲਿਖਾਈ ਗਈ ਸੀ? ਦਾਸ ਦਾ ਅਟੱਲ ਵਿਸ਼ਵਾਸ਼ ਇਸ ਥਾਂ ਟਿਕਿਆ ਹੋਇਆ ਹੈ ਕਿ, ਜੇ ਸਤੇ ਬਲਵੰਡ ਨੇ ਕੀਰਤਨ ਛੱਡ ਕੇ, (ਲਿਖਾਰੀ ਦੀ ਕਲਮ ਤੋਂ ਲਿਖੀ) ਉਪਰੋਕਤ ਵਰਣਨ ਅਵੱਗਿਆ ਕੀਤੀ ਹੁੰਦੀ ਤਾਂ, ਉਨ੍ਹਾਂ ਦੀ ਬਾਣੀ ਕਿਸੇ ਵੀ ਹਾਲਤ ਵਿੱਚ ਗੁਰਬਾਣੀ ਦੀ ਬਰਾਬਰੀ ਪਰਾਪਤ ਨਾ ਕਰ ਸਕਦੀ। ਪਰ, ਏਧਰ ਉਲਟਾ ਭਾਣਾ? ਲਿਖਾਰੀ ਨੇ ਦੁਖਭੰਜਨੀ ਬੇਰੀ ਵਾਲੇ ਝੂਠ-ਭਰਮ ਤੇ ਵੀ ਸਤਿਗੁਰੂ ਜੀ ਦੀ ਪਰਵਾਨਗੀ-ਮੋਹਰ ਲੁਆ ਲਈ? ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਭਾਈ ਲੱਧਾ ਜੀ ਤੋਂ ਇਹ ਬਚਨ:-

ਬਲਵੰਡ ਸਤੇ ਸੋ ਲੱਧੇ ਕਹਾ। ਤੁਮਰੇ ਰੋਗ ਅਬੈ ਸਭੁ ਦਹਾ।

ਦੁਖਭੰਜਨ ਇਸ਼ਨਾਨ ਕਰਾਵੋ। ਗੁਰ ਨਾਨਕ ਸਮ ਬ੍ਰਹਮ ਲਖਾਵੋ॥ 523॥

ਪਾਂਚ ਗੁਰੂ ਕੀ ਉਪਮਾ ਕਰੋ। ਭਿੰਨ ਭਿੰਨ ਨਿਜ ਮੁਖ ਸੋਂ ਰਰੋ।

ਦੁਖਭੰਜਨ ਤਬ ਮੱਜਨ ਠਾਨਾ। ਬਲਵੰਡ ਸੱਤੇ ਅਨੰਦੁ ਮਾਨਾ॥ 524॥

ਭਾਈ ਲਧਾ ਜੀ ਨੇ ਸਤੇ ਬਲਵੰਡ ਨੂੰ ਆਖਿਆ ਕਿ, ਜਾ ਕੇ ਦੁਖਭੰਜਨੀ ਬੇਰੀ ਹੇਠ ਇਸ਼ਨਾਨ ਕਰਕੇ ਪਹਿਲਾਂ ਆਪਣੇ ਸਾਰੇ ਪਾਪ ਸਾੜ ਲਵੋ। ਕੀ, ਲਿਖਾਰੀ ਨੇ ਭਾਈ ਲੱਧੇ ਜੀ ਦੀ ਜ਼ਬਾਨੀ ਸਾਨੂੰ ਇਹ ਸਮਝਾ ਦਿਤਾ ਹੈ, ਕਿ, ਨਿਰਦਈਆਂ ਵਾਲਾ ਸਲੂਕ ਕਰਨ ਵਾਲੇ ਸਤਿਗੁਰੂ (ਜੀ) ਨੇ ਵਿਚਾਰੇ ਕੀਰਤਨੀਆਂ ਤੇ ਮਿਹਰ ਕਿੱਥੋਂ ਕਰਨੀ ਸੀ। ਉਨ੍ਹਾਂ ਦੇ ਅਗਲੇ ਪਿਛਲੇ ਸਾਰੇ ਪਾਪ ਤਾਂ ਬੇਰੀ ਹੇਠ ਇਸ਼ਨਾਨ ਕਰਨ ਤੋਂ ਨਸ਼ਟ ਹੋ ਗਏ? ਸੰਪਾਦਕ ਸਾਹਿਬਾਨ ਜੀ ਇਸ ਪੱਖੋਂ ਵੀ ਚੁੱਪ? ਸਿਖੀ ਵਿੱਚ ਅਜੇਹੇ ਦੁਖਾਂਤ ਪ੍ਰਵੇਸ਼ ਕਰਾਈ ਜਾਣ ਵਾਲੇ ਲਿਖਾਰੀ ਵਿਰੁੱਧ ਕੋਈ ਕਿੰਤੂ ਕਰਨ ਦੀ ਥਾਂ, ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਉਲਟਾ ਵੈਰੀਆਂ ਵਾਲਾ ਵਿਹਾਰ ਕਰਦਿਆ, ਭੂਮਕਾ ਵਿੱਚ ਇਸ ਲਿਖਾਰੀ ਨੂੰ ਅੰਮ੍ਰਿਤਧਾਰੀ ਸੁਹਿਰਦ ਗੁਰਸਿੱਖ ਹੋਣ ਬਾਰੇ ਪਾਠਕਾਂ ਨੇ ਮਨਾ ਵਿੱਚ ਉਸ ਪ੍ਰਤੀ ਸ਼ਰਧਾ ਬਣਾਉਣੀ ਹੈ, ਤਾਂ ਫਿਰ ਹਿੰਦੂ ਮਹਾਂ ਸਾਗਰ ਦੀਆਂ ਵਧੀਆਂ ਆ ਰਹੀਆਂ ਭਿਆਨਕ (99% ਬ੍ਰਾਮਣੀ ਕੂਟ ਨੀਤੀ ਤੋਂ ਬਣੀਆਂ) ਕਾਂਗਾਂ ਵਿੱਚ ਡੁੱਬਣੋ ਦੂਲੈ ਪੰਥ ਨੂੰ ਕਿਸ ਨੇ ਬਚਾਉਣਾ ਹੈ?

ਦੁਖਭੰਜਨੀ ਬੇਰੀ ਹੇਠ ਇਸ਼ਨਾਨ ਕਰਦਿਆਂ ਸਾਰ, ਦੋਵੇਂ ਭਰਾ ਬ੍ਰਹਮ-ਗਿਆਨ ਦੇ ਵਡੇ ਗਿਆਤਾ ਬਣ ਗਏ ਤੇ ਉਹ ( “ਜੋਤਿ ਓਹਾ ਜੁਗਤਿ ਸਾਇ” ਦੀ ਪਾਬੰਦੀ ਵਾਲੀ ਗੁਰੂ ਨਾਨਕ ਸਾਹਿਬ ਜੀ ਦੀ) ਗੁਰਿਆਈ ਦੇ ਯੋਗ, ਗੁਰਬਾਣੀ ਉਚਾਰਨ ਦੇ ਸਮਰੱਥ ਹੋ ਗਏ?

ਦੋਹਰਾ॥ ਸਤਗੁਰ ਸਨਮੁਖ ਅਇ ਕੈ ਕੀਨੀ ਵਾਰ ਉਚਾਰ। ਰਾਮਕਲੀ ਸ਼ੁਭ ਰਾਗ ਮੈ ਪਉੜੀ ਅਸ਼ਟ ਸੁਧਾਰ॥ 525॥ …. ਜਿਵੇਂ ਸਤਿਗੁਰੂ ਜੀ ਬੜੇ ਬੇਚੈਨ ਹੋ ਰਹੇ ਹੋਣ? ਸਤੇ ਬਲਵੰਡ ਕੋਲੋਂ ਸੁਖਾਂ ਦਾ ਖ਼ਜ਼ਾਨਾ ਵਾਰ ਸੁਣੀ ਅਤੇ ਖ਼ਸ਼ੀਆਂ ਨਾਲ ਉਛਾਲੇ ਮਾਰਦੇ ਹਿਰਦੇ ਨਾਲ ਝਟ ਪੱਟ ਸ੍ਰੀ ਗੁਰੂ ਗ੍ਰੰਥ ਦੇ ਰਾਮਲਕਲੀ ਰਾਗ ਵਿੱਚ ਅੱਠੇ ਪਉੜੀਆਂ ਬੜੇ ਸ੍ਰੇਸ਼ਟ ਢੰਗ ਨਾਲ ਲਿਖ ਲਈਆਂ:-

ਕ੍ਰਿਪਾਸਿੰਧੁ ਹਰਖਤ ਭਏ ਸੁਨੀ ਵਾਰ ਸੁਖਖਾਨ। ਤਾਤਕਾਲ ਤਬ ਹੀ ਲਿਖੀ ਸ੍ਰੀ ਗ੍ਰਿੰਥ ਮਹਿ ਮਾਨਿ॥ 532॥ …. ?

ਰਬਾਬ ਵੀ ਪਰਤ ਆਇਆ:--

ਅਤੇ ਦੂਜਾ ਚਮਤਕਾਰ ਇਹ ਵਰਤਿਆ ਕਿ, ਜਿੱਥੇ ਸਤੇ ਬਲਵੰਡ ਦੀ ਦੇਹ ਅਰੋਗ ਅਤੇ ਗਾਉਣ ਲਈ ਸੁਰ ਤਾਲ ਵਿੱਚ ਨਿਪੁੰਨ, ਅਤੇ ਆਵਾਜ਼ ਕੋਇਲਾਂ ਵਰਗੀ ਮਿੱਠੀ ਹੋ ਗਈ, ਓਥੇ, ਰਬਾਬੀਆਂ ਦਾ ਜਿਹੜਾ ਰਬਾਬ ਸਤਿਗੁਰੂ ਜੀ ਦੇ ਕ੍ਰੋਧਵਾਨ ਹੋਣ ਤੋਂ ਅਲੋਪ ਹੋ ਗਿਆ ਸੀ, ਉਹ ਮੁੜ ਪ੍ਰਗਟ ਆਣਿ ਹੋਇਆ:-

ਸੋਰਠਾ॥ ਪਾਛੇ ਭਯੋ ਅਲੋਪ ਰਬਾਬ ਗੁਰ ਰਿਸ ਦੇਖਿ ਕੈ।

ਅਬ ਆਯੋ ਧਰਿ ਓਪ ਬਲਵੰਡ ਸਤਾ ਹਰਖਤ ਭਏ॥ 533॥

ਸ੍ਰਿਸ਼ਟੀ ਦੀ ਸਿਰਜਣਾ, ਪਾਲਣਾ ਤੇ ਖੈ ਕਰਨ ਵਾਲੇ ਤਿੰਨ ਭਗਵਾਨ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਬਣਾ ਬਹਿਣ ਵਾਲਾ, ਬ੍ਰਾਹਮਣ-ਗੁਰੂ ਸਮਝ ਬੈਠਾ ਹੋਇਆ ਸੀ ਕਿ, ਹੁਣ ਉਸ ਦੇ ਖਿਲਾਰੇ ਮਾਇਆ ਜਾਲ ਵਿਚੋ ਕੋਈ ਨਹੀਂ ਨਿਕਲ ਸਕੇਗਾ। ਪਰ ਪਹਿਲਾਂ ਮਹਾਤਮਾ ਬੁੱਧ ਨੇ ਇਸ ਦੇ ਮਾਇਆ ਜਾਲ ਤੋਂ ਆਜ਼ਾਦ ਕੌਮ ਬਣਾ ਕੇ ਇਸ ਤੋਂ ਭਾਰਤ ਦੀ ਹਕੂਮਤ ਖੋਹ ਲਈ। ਫਿਰ ਜਿਸ ਪ੍ਰਕਾਰ ਦਾ ਹਮਲਾ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਦੇ ਕੂੜ-ਕਬਾੜ ਦੇ ਕੋਟੁ ਤੇ ਕੀਤਾ, ਉਸ ਤੋਂ ਇਸ ਦੇ ਮਹਿਲ ਦੀਆਂ ਡੂੰਘੀਆਂ ਨੀਹਾਂ ਜੜ੍ਹਾਂ ਤੋਂ ਹਿੱਲ ਗਈਆਂ ਸਨ। ਉਸ ਸਭ ਕੁੱਝ ਤੋਂ ਚਿੜ ਕੇ ਜਿਸ ਕੁਟਲਤਾ ਨਾਲ ਬ੍ਰਾਹਮਣ ਨੇ ਸਿੱਖੀ ਤੇ ਹਮਲਾ ਕੀਤਾ ਹੋਇਆ ਹੈ, ਉਸ ਤੋਂ ਇਸ ਨਵਜਨਮੇ ਪੰਥ ਦਾ ਨਾਮੋ ਨਿਸ਼ਾਨ ਕਦੇ ਦਾ ਮੁੱਕ ਚੁੱਕਾ ਹੋਣਾ ਸੀ ਜੇ, ਸੁਜਾਨ ਸਤਿਗੁਰਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਾ ਲਾਇਆ ਹੁੰਦਾ। ਗੁਰੂ ਪਦਵੀ ਤੇ ਸਿੱਧਾ ਹਮਲਾ ਕਰਨਾ ਉਸ ਲਈ ਅਜੇ ਤੱਕ ਔਖਾ ਬਣਿਆ ਹੋਇਆ ਹੈ। ਪਰ ਅਸਿੱਧੇ ਤੌਰ ਤੇ ਸਾਨੂੰ ਸਤਿਗੁਰਾਂ ਨਾਲੋਂ ਤੋੜ ਲੈਣ ਵਿੱਚ ਇਹ ਖ਼ਤਰਨਾਕ ਵੈਰੀ ਪੂਰੀ ਤਰ੍ਹਾਂ ਸਫ਼ਲਤਾ ਪ੍ਰਾਪਤ ਕਰ ਚੁਕਿਆ ਹੈ। ਨਿਰੰਤਰ ਵਰਤੀ ਜਾ ਰਹੇ ਇਸੇ ਭਾਣੇ ਤੋਂ ਹੀ ਪੰਥ ਨੂੰ ਸੂਚੇਤ ਕਰਨ ਲਈ ਦਾਸ ਨੇ- ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਪੁਸਤਕ-ਸੰਗ੍ਰਹ ਲਿਖਣਾ ਅਰੰਭ ਕੀਤਾ ਹੋਇਆ ਹੈ। ਵਿਸਥਾਰ ਨਾਲ ਲਿਖਦਾ ਆ ਰਿਹਾ ਹਾਂ ਕਿ, ਦਸਮਗ੍ਰੰਥ ਤੋਂ ਲੈ ਕੇ 1708 ਤੋਂ 1890 ਤੱਕ ਲਿਖਿਆ ਸਾਰਾ ਗੁਰੂ ਇਤਿਹਾਸ, (ਗੁਰਪ੍ਰਤਾਪ ਸੂਰਜ ਸਮੇਤ ਗੁਰੂ ਇਤਿਹਾਸ ਦੇ ਸਾਰੇ ਪੁਰਾਤਨ ਗ੍ਰੰਥ) ਬ੍ਰਾਹਮਣੀ ਕੂਟ ਨੀਤੀ ਦੀ ਉਪਜ ਹਨ ਜੋ ਸਾਨੂੰ ਗੁਰਮਤਿ ਗਿਆਨ ਤੋਂ ਉਖੇੜ ਕੇ ਬ੍ਰਾਹਮਣੀ ਝੂਠ ਨਾਲ ਜੋੜ ਦੇਣ ਦੇ ਯਤਨਾ ਵਿੱਚ ਲਿਖਿਆ ਹੋਇਆ ਹੈ।

ਇਸ ਗੁਰਬਿਲਾਸ ਪੁਸਤਕ ਦਾ ਲਿਖਾਰੀ, ਕਾਲ-ਰੂਪ ਕੇਵਲ ਪਰਮ ਸਚੁ ਦੇ ਪੁਜਾਰੀ, ਖ਼ਾਲਸਾ ਜੀ ਨੂੰ, ਖੂਹਾਂ, ਕੋਠਿਆਂ ਰੁਖਾ, ਕਿੱਲਿਆਂ ਆਦਿ, ਕਈ ਤਰਾਂ ਦੇ ਝੂਠ ਦੇ ਪੁਜਾਰੀ ਦਰਸਾਈ ਤੁਰਿਆ ਜਾ ਰਿਹਾ ਹੈ। ਏਥੋਂ ਤੱਕ ਕਿ, ਸਿੱਖਾਂ ਨੂੰ ਝੁੱਗੇ ਭੰਨਣ ਵਾਲੇ ਚੋਰਾਂ ਦੀ ਕੌਮ ਬਣਾ ਦੇਣ ਲਈ ‘ਸੰਨ੍ਹ ਸਾਹਿਬ’ ਦਾ, ਅਥਵਾ ਆਪਣੀ ਲਿਖੀ ਇਸ (ਗੁਰਬਿਲਾਸ) ਪੁਸਤਕ ਦੀਆਂ ਚੁਣਵੀਆਂ ਚੌਪਈਆਂ ਦਾ ਪੁਜਾਰੀ ਬਣਾਈ ਜਾਣ ਵਿੱਚ ਉਕਾਈ ਨਹੀਂ ਖਾ ਰਿਹਾ। ਏਥੇ ਪੰਚਮ ਸਤਿਗੁਰੂਜੀ ਦੇ ਹੁੰਦਿਆਂ ਉਨ੍ਹਾਂ ਦੇ ਥਾਂ ਬੇਰੀ ਨੂੰ ਅਥਵਾ ਉਸ ਦੇ ਹੇਠਲੇ ਪਾਣੀ ਨੂੰ ਉਚੇਚੀਆਂ ਕਰਾਮਾਤਾ ਵਾਲਾ ਵਿਖਾ ਲਿਆ ਹੈ ਤੇ, ਹੁਣ ਸਤੇ ਬਲਵੰਡ ਕੋਲੋਂ ਲਿਖਵਾਈ ਵਾਰ ਨੂੰ ਸਤਿਗੁਰੂ ਜੀ ਦੀ ਆਪਣੀ ਜਬਾਨੀ, ਨਿਆਰੀਆਂ ਕਰਾਮਾਤਾ ਦੀ ਮਾਲਕ ਦਰਸਾ ਰਿਹਾ ਹੈ:--

ਚੌਪਈ॥ ਬਲਵੰਡ ਸਤੇ ਭਈ ਦੇਹ ਅਰੋਗ। ਕੋਕਿਲ ਕੰਠ ਭਯੋ ਦੁਖ ਖੋਗ।

(ਲਿਖਾਰੀ ਦੀ ਅਣਹੋਣੀ ਬਕਵਾਸ) >> ਉਪਮ ਵਾਰ ਕੀ ਸ੍ਰੀ ਗੁਰ ਕੀਨੀ। ਕਸਟਿ ਨਿਵਾਰਨ ਨਿਜ ਚਿਤਿ ਚੀਨੀ॥ 534॥

ਜਿਹ ਨਰ ਕੋ ਬਡ ਰੋਗ ਦੁਖਾਵੈ। ਯਾਹਿ ਪੜ੍ਹੇ ਦੁਖ ਦੂਰਿ ਪਰਾਵੈ।

ਔਰ ਕਸਟ ਕੋ ਰਹਨ ਨ ਪਾਈ। ਪੜੈ ਵਾਰ ਜੇ ਨੇਮ ਧਰਾਈ॥ 535॥

ਸੰਪਾਦਕ ਮਹਾਂ ਪੁਰਖਾਂ ਵਲੋਂ ਟੂਕ ਵਿੱਚ ਲਿਖੇ ਪਦ ਅਰਥਾਂ ਦੇ ਅਧਾਰ ਤੇ ਲਿਖੇ ਅਰਥ:-ਬਲਵੰਡ ਤੇ ਸਤੇ ਦਾ ਸਰੀਰ ਅਰੋਗ ਹੋ ਗਿਆ, ਉਨ੍ਹਾਂ ਦਾ ਗਲੇ ਦੀ ਕੋਇਲ ਵਰਗੀ ਮਿੱਠੀ ਆਵਾਜ਼ ਹੋ ਗਈ। ਸਤਿਗੁਰੂ ਜੀ ਨੇ ਵਾਰ ਦੀ ਬੜੀ ਉਪਮਾ ਕੀਤੀ. ਅਤੇ ਅਤੇ ਉਨ੍ਹਾਂ ਆਪਣੇ ਚਿੱਤ ਤੋਂ ਭਾਵ ਹਿਰਦੇ ਤੋਂ ਇਸ ਵਾਰ ਨੂੰ ਦੁਖਾਂ ਨੂੰ ਦੂਰ ਕਰਨ ਵਾਲੀ ਚਿਤਵ ਲਿਆ। 534. ਜਿਸ ਮਨੁੱਖ ਨੂੰ ਕੋਈ ਬੜਾ ਵੱਡਾ ਰੋਗ ਸਤਾ ਰਿਹਾ ਹੋਵੇ ਇਸ ਵਾਰ ਨੂੰ ਪੜ੍ਹੈ ਕਸ਼ਟ ਦੂਰ ਹੋ ਜਾਵੇਗਾ। ਜੇ ਇਸ ਵਾਰ ਨੂੰ ਨਿਯਮ ਨਾਲ ਪੜੈ ਤਾਂ ਕਿਸੇ ਵੀ ਕਸ਼ਟ ਨੂੰ (ਇਹ ਵਾਰ) ਨਹੀਂ ਰਹਿਣ ਦਿੰਦੀ। 535}

ਲਿਖਾਰੀ ਨੇ ਪਹਿਲਾਂ ਸਾਰੇ ਦੁਖ ਸੁਖਮਨੀ ਸਾਹਿਬ ਤੋਂ ਦੂਰ ਹੋਣ ਦੀ ਗੱਲ ਲਿਖਣ ਦੇ ਨਾਲ ਉਸ ਬੇਰੀ ਦੇ ਦਰਸ਼ਨਾਂ ਤੋਂ ਸਾਰੇ ਦੁਖ ਦੂਰ ਹੋਣ ਦਾ ਭਰੋਸਾ ਬਣਾ ਦਿੱਤਾ, ਜਿਸ ਦੇ ਹੇਠਾਂ ਬੈਠ ਕੇ ਸੁਖਮਨੀ ਸਾਹਿਬ ਲਿਖਾਈ ਦਰਸਾਈ ਸੀ। ਹੁਣ ਇਸ ਵਾਰ ਦਾ ਪਾਠ ਨੇਮ ਨਾਲ ਕਰਨ ਤੋਂ ਸਾਰੇ ਦੁਖਾਂ ਦਾ ਨਾਸ ਦੂਰ ਹੁੰਦਾ ਦਰਸਾ ਦਿੱਤਾ? ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਕੀ ਬੇਅੰਤ ਗੁਰਬਾਣੀ ਦੀ ਮਹੱਤਤਾ ਕੀ ਬਚੀ? ਪਦ ਅਰਥ ਲਿਖਣ ਲਗਿਆ ਗੁਰਮਤਿ ਦਾ ਪੱਖ ਨਾ ਲਿਖਣਾ ਸਿੱਧ ਕਰਦਾ ਹੈ ਕਿ, ਸੰਪਾਦਕ ਮਹਾਂਪੁਰਖਾਂ ਦੀ ਇਸ ਲਿਖਾਰੀ ਨਾਲ ਪੂਰੀ ਸਹਿਮਤੀ ਸੀ। ਫਿਰ ਇਸ ਭਰੋਸੇ ਦੇ ਸਾਹਮਣੇ ਮੌਟਾ ਪ੍ਰਸ਼ਨ-ਚਿੰਨ ਆ ਜੁੜਦਾ ਹੈ ਕਿ- ਕੀ. ਅਜੋਕੇ (1947 ਤੋਂ 2002 ਤੱਕ ਦੇ) “ਸਿੰਘ ਸਾਹਿਬਾਨ ਅਥਵਾ ਸਿਰਮੌਰ ਧਾਰਮਿਕ ਆਗੂ ਸਾਹਿਬਾਨ ਪੰਥ ਦੇ ਸੱਜਣ ਸੱਚੇ ਸੇਵਾਦਾਰ ਹੀ ਹਨ?

ਇਸ ਤੋਂ ਅੱਗੇ ਇਸ ਕਥਾ ਦਾ ਅੰਤ ਕਰਦਿਆਂ ਲਿਖਾਰੀ ਜੀ ਇਉਂ ਲਿਖਦੇ ਹਨ:-

ਆਗੇ ਕਥਾ ਅਨੇਕ ਪ੍ਰਕਾਰਾ। ਬਧੇ ਗ੍ਰੰਥ ਜੋ ਕਹੋਂ ਸੁਧਾਰਾ।

ਡੂਮ ਵਾਰ ਤੁਮ ਪੂਛੀ ਸਾਖੀ। ਭਗਤ ਸਿੰਘ ਮੈਂ ਤੇ ਕੌ ਭਾਖੀ॥ 536॥

ਅਰਥ:-ਇਸ ਤੋਂ ਅੱਗੇ ਹੀ ਅਨੇਕ ਪ੍ਰਕਾਰ ਦੀ ਕਥਾ ਹੈ, ਜਿਸੇ ਵਿਸਥਾਰ ਨਾਲ ਆਖਾਂ ਤਾ ਗ੍ਰੰਥ ਬੜਾ ਵਧ ਜਾਣਾ ਹੈ। ਹੇ ਭਗਤ ਸਿੰਘ! ਤੂੰ ਜੋ ਮਰਾਸੀਆਂ ਦੀ ਗੱਲ ਪੁੱਛੀ ਸੀ ਉਹ ਮੈ ਸਾਰੀ ਕਹਿ ਸੁਣਾਈ ਹੈ। 536.

ਜਿਸ ਬੀਬੀ ਦੀ ਸ਼ਾਦੀ ਤੋਂ ਗੁਰਦੇਵ ਜੀ ਨਾਲ ਨਰਾਜ਼ਗੀ ਪੈਦਾ ਹੋਈ ਸੀ, ਲਿਖਾਰੀ ਨੇ, ਸੱਤੇ ਬਲੜੰਡ ਵੀਰਾਂ ਦੀ ਉਸ ਭੈਣ ਦਾ ਨਾਮ ਨਹੀਂ ਲਿਖਿਆ, ਨਾ ਹੀ ਇਹ ਲਿਖਿਆ ਹੈ ਕਿ, (ਕੀਥਤ ਤੌਰ ਤੇ) ਸਤਿਗੁਰੂ ਜੀ ਨਾਲ ਸੁਲਾਹ ਹੋ ਜਾਣ ਉਪਰੰਤ ਉਸ (ਕਥਿਤ) ਬੀਬੀ ਦੀ ਸ਼ਾਦੀ ਕਿਸ ਨਾਮ ਤੇ ਅਤੇ-ਪਤੇ ਵਾਲੇ ਵਿਅਕਤੀ ਨਾਲ ਕਦੋਂ ਹੋਈ, ਅਥਵਾ ਉਸ ਦੀ ਸ਼ਾਦੀ ਕਦੇ ਹੋਈ ਵੀ ਸੀ ਕਿ, ਜਾਂ ਉਹ ਕੁਆਰੀ ਹੀ ਰਹੀਂ? ਸੱਚ ਇਹ, ਅਜੇਹੀਆਂ ਝੂਠੀਆਂ ਕਥਾ-ਕਹਾਣੀਆਂ ਗੁਰੂ ਇਤਿਹਾਸ ਵਿੱਚ ਰਲਦੀਆ ਝੱਲ ਲੈਣੀਆਂ ਸਾਡੀ ਬਦਕਿਸਮਤੀ ਤੋਂ ਵੱਧ ਹੋਰ ਕੁੱਝ ਨਹੀਂ ਹੈ।

ਅਸਲੀਅਤ:- ਪ੍ਰਿੰਸੀਪਲ ਸਾਹਿਬ ਜੀ ਡੀ. ਲਿਟ. ਜੀ ਅਨੁਸਾਰ ਸਤਾ ਬਲਵੰਡ ਕੀਰਤਨੀਆਂ ਦੇ ਰੁਸੇਵੇ ਵਾਲੀ ਮਾਮੂਲੀ ਘਟਣਾ (ਜੇ ਵਾਪਰੀ ਵੀ ਸੀ ਤਾਂ ਇਹ) ਉਨ੍ਹਾਂ ਦਿਨਾਂ ਦਾ ਜ਼ਿਕਰ ਹੋ ਸਕਦਾ ਹੈ, ਸਤਿਗੁਰ ਜਦ ਵੱਢਾ ਗੁਰਿਆਈ ਦਾ ਪਖੰਡ ਰਚਾ ਕੇ ਮਾਇਆ ਇਕੱਤਰ ਕਰ ਰਹੇ ਮਾਇਆ ਦੇ ਲਾਲਚੀ, ਪ੍ਰਿਥੀ ਚੰਦ ਜੀ ਦੀ ਵਿਰੋਧਤਾ ਤੋਂ ਆਮ ਸਗਤਾਂ ਭਰਮ ਵਿੱਚ ਪੈ ਗਈਆਂ ਸਨ। ਸਤਿਗੁਰੂ ਅਰਜਨ ਸਾਹਿਬ ਜੀ ਦਾਤਾਰ ਦੇ ਭਾਣੇ ਵਿੱਚ ਮਸਤ ਟਿਕੇ ਹੋਏ ਆਪਣੇ ਬਾਰੇ ਕੁੱਝ ਵੀ ਨਹੀ ਸਨ ਲੋਕਾਂ ਨੂੰ ਦੱਸ ਰਹੇ ਜਦ ਕੀ ਪਿਰਥੀ ਚੰਦ ਵਡਾ ਬਾਈ ਹੋਣ ਦੇ ਕਾਰਨ ਆਲੀ ਗੁਰੂ ਬਣ ਬੈਠਾ ਹੋਇਆ ਸੀ। ਦਸਵੰਧ ਆਦਿ ਜਿਸੇ ਪ੍ਰਕਾਰ ਦੀ ਕੋਈ ਆਮਦਨ ਵੀ ਸਤਿਗੁਰੂ ਅਰਜਨ ਸਾਹਿਬ ਜੀ ਤੱਕ ਨਹੀਂ ਸੀ ਪਹੁੰਚ ਰਹੀ, ਜਿਸ ਕਾਰਨ ਸਖ਼ਤ ਤੰਗੀ ਦੇ ਦਿਨ ਸਨ। ਲੰਗਰ ਵਿੱਚ ਵੀ ਮੋਟੇ ਅਨਾਜ (ਬਾਜਰਾ, ਛੋਲੇ, ਜੌਂ ਆਦਿ) ਦੀ ਵਰਤੋ ਨਾਲ ਗੁਜ਼ਾਰਾ ਚੱਲ ਰਿਹਾ ਸੀ। ਉਨ੍ਹੀ ਦਿਨੀ ਸਤੇ ਬਲਵੰਡ ਦੀ (ਕਥਿਤ) ਭੈਣ ਦੀ ਸ਼ਾਦੀ ਆ ਜਾਣ ਤੇਂ ਹੋ ਸਕਦਾ ਹੈ ਕਿ, ਇਨ੍ਹਾਂ ਦਰਬਾਰੀ ਕੀਰਤਨੀਆਂ ਨਾਲ ਮਾਮੂਲੀ ਮਤ-ਭੇਦ ਵਾਪਰਿਆ ਹੋਣ ਦੀ ਅਫ਼ਵਾਹ ਚਲ ਨਿਕਲਣੀ ਹੋਵੇ। ਜਿਸ ਤੋਂ ਗੁਰਬਾਣੀ ਗਿਆਨ ਨੂੰ ਹਾਸੋ-ਹੀਣਾ ਬਣਾ ਦੇਣ ਦੇ ਯਤਨਾ ਵਿੱਚ ਰੁੱਝੇ, ਕਹਾਣੀਆਂ ਘੜਨ ਵਿੱਚ ਨਿਪੁੰਨ ਬ੍ਰਾਹਮਣ-ਵਿਦਵਾਨ ਨੇ ਆਜੇਹੀ ਗੁਰਮਤਿ ਵਿਰੋਧੀ ਗਾਥਾ ਘੜ ਕੇ (ਪੁਸਤਕ ਦੇ ਸੰਪਾਦਕ ਵੇਦਾਂਤੀ ਜੀ ਅਨੁਸਾਰ) 1718 ਤੋਂ ਲਿਖ ਕੇ ਉਦਾਸੀ, ਨਿਰਮਲੇ ਰੂਪ ਬ੍ਰਾਹਮਣ-ਧਰਮ ਆਗੂਆਂ ਰਾਹੀ ਸਿੱਖ ਪੰਥ ਵਿੱਚ ਪਰਚਾਰੀ ਜਾਣ ਦਾ ਰਸਤਾ ਤਿਆਰ ਕਰ ਲਿਆ। ਸਤਿਗੁਰੂ ਜੀ ਨੂੰ ਪਹਿਲੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਕੰਧਾ-ਕੋਠਿਆਂ ਅਸਥਾਨਾ ਦੀ, ਰੁੱਖਾਂ ਅਥਵਾ ਜਲ ਆਦਿ ਦੀ ਪੁਜਾ ਕਰਦੇ, ਆਪਣੀ ਉਸਤਤਿ-ਨਿੰਦਾ ਤੋਂ ਪ੍ਰਭਾਵਤ ਹੁੰਦੇ, ਅਥਵਾ ਭੱਟ ਬਣ ਆਏ ਵੇਦਾਂ ਤੋਂ ਆਪ ਕਹਿ ਕੇ ਆਪਣੀ ਉਸਤਤਿ ਲਿਖਵਾ ਕੇ ਉਸ ਨੂੰ ਗੁਰੂ ਬਾਣੀ ਦਾ ਹਿੱਸਾ ਬਣਾਉਣ ਰੂਪ ਘਟੀਆ ਗੱਲਾਂ ਗੁਰਦੇਵ ਜੀ ਦੇ ਜੀਵਨ ਇਤਿਹਾਸ ਵਿੱਚ ਰਲਾ ਦੀਤੀਆਂ।

ਡੂੰਮ ਭਾਈਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਬਣ ਜਾਣ ਵਾਲੀ ਅਟੱਲ ਸਚਾਈ ਤੋਂ ਸਿੱਧ ਹੈ ਕਿ, ਸੱਤਾ ਬਲਵੰਡ ਬੜੇ ਸੁਲ਼ਝੇ ਹੋਏ ਵਿਦਵਾਨ ਗੁਰੂ ਘਰ ਦੇ ਸੁਹਿਰਦ ਟਹਿਲੂਏ ਸਨ ਜੋ ਸਤਿਗੁਰੂ ਜੀ ਦੀ ਸ਼ਾਨ ਵਿਰੁੱਧ ਅਹੰਕਾਰ ਗ੍ਰਸੇ ਕਰੜੇ ਬਚਨ ਕਿਸੇ ਵੀ ਹਾਲਤ ਵਿੱਚ ਨਹੀਂ ਸਨ ਬੋਲ ਸਕਦੇ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.