.

ਧਰਮ ਦੀ ਸਮੱਸਿਆ-8

ਪਾਠ-ਪੂਜਾ ਅਧਾਰਿਤ ਨਕਲੀ ਧਰਮ

ਹਰਚਰਨ ਸਿੰਘ ਪਰਹਾਰ (ਸੰਪਾਦਕ-ਸਿੱਖ ਵਿਰਸਾ)

Tel.: 403-681-8689 www.sikhvirsa.com

ਪੁਜਾਰੀਆਂ ਦੇ ਨਕਲੀ ਧਰਮਾਂ ਵਿੱਚ ਪਾਠ-ਪੂਜਾ ਦਾ ਬੜਾ ਅਹਿਮ ਸਥਾਨ ਹੈ। ਵੱਖ-ਵੱਖ ਧਰਮਾਂ ਵਿੱਚ ਪਾਠ-ਪੂਜਾ ਦੇ ਵੱਖ-ਵੱਖ ਢੰਗ ਪ੍ਰਚਲਤ ਹਨ। ਇਨ੍ਹਾਂ ਧਰਮਾਂ ਵਿੱਚ ਨੇਮ ਨਾਲ ਪੂਜਾ-ਪਾਠ ਕੀਤੇ ਬਿਨਾਂ ਕੋਈ ਵਿਅਕਤੀ ਅਸਲੀ ਧਰਮੀ ਨਹੀਂ ਅਖਵਾ ਸਕਦਾ। ਪੁਜਾਰੀ ਦੀ ਦੱਸੀ ਵਿਧੀ ਅਨੁਸਾਰ ਅੱਖਾਂ ਮੀਟ ਕੇ, ਹੱਥ ਜੋੜ ਕੇ, ਲੰਮੇ ਪੈ ਕੇ, ਪੈਰੀਂ ਢਹਿ ਕੇ, ਪੂਰਨ ਸ਼ਰਧਾ ਨਾਲ ਪੂਜਾ-ਪਾਠ ਕਰਨ ਵਾਲਾ ਹੀ ਧਰਮ ਵਿੱਚ ਸਤਿਕਾਰਯੋਗ ਸਥਾਨ ਹਾਸਿਲ ਕਰ ਸਕਦਾ ਹੈ। ਇਹੀ ਵਜ੍ਹਾ ਹੈ ਕਿ ਹਰ ਕੋਈ ਧਰਮੀ ਬਣਨ ਜਾਂ ਦਿਸਣ ਲਈ ਬਾਹਰੀ ਤੌਰ ਤੇ ਬੜਾ ਪੂਜਾ ਪਾਠ ਕਰਦਾ ਦਿਖਾਈ ਦਿੰਦਾ ਹੈ, ਅੰਦਰੋਂ ਉਸਦੀ ਸੁਰਤ ਬੇਸ਼ਕ ਕਿਤੇ ਹੋਰ ਘੁੰਮਦੀ ਹੋਵੇ। ਨੇਮ ਨਾਲ ਪਾਠ ਕਰਨ ਵਾਲੇ ਜਾਂ ਨਿਮਾਜਾਂ ਜਾਂ ਅਰਦਾਸਾਂ ਕਰਨ ਵਾਲੇ ਲੋਕ ਸੁਤੇ ਸਿੱਧ ਹੀ ਆਪਣਾ ਕੰਮ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਬਹੁਤੀ ਵਾਰ ਪਤਾ ਹੀ ਨਹੀਂ ਲਗਦਾ ਕਿ ਕਦੋਂ ਉਨ੍ਹਾਂ ਆਪਣਾ ਪਾਠ ਸ਼ੁਰੂ ਕੀਤਾ ਸੀ ਤੇ ਕਦੋਂ ਖਤਮ ਹੋ ਗਿਆ। ਪੂਜਾ ਪਾਠ ਦਾ ਅੱਖਰੀ ਅਰਥ ਦੇਖੀਏ ਤਾਂ ਇਹੀ ਸਮਝ ਪੈਂਦੀ ਹੈ ਕਿ ਪੁਜਾਰੀਆਂ ਦੇ ਆਪੂੰ ਬਣਾਏ ਰੱਬ ਜਾਂ ਰੱਬ ਦੇ ਬਣਾਏ ਦੇਵੀ-ਦੇਵਤਿਆਂ, ਪੀਰਾਂ-ਪੈਗੰਬਰਾਂ, ਰਹਿਬਰਾਂ, ਗੁਰੂਆਂ ਜਾਂ ਇਨ੍ਹਾਂ ਸਭ ਦੀਆਂ ਬਣਾਈਆਂ ਮੂਰਤੀਆਂ ਜਾਂ ਮੂਰਤਾਂ ਅੱਗੇ ਆਪਣੇ ਕਸ਼ਟ ਨਿਵਾਰਨ, ਜੀਵਨ ਦੀਆਂ ਸਭ ਖੁਸ਼ੀਆਂ ਤੇ ਸੁੱਖ-ਸਹੂਲਤਾਂ ਹਾਸਿਲ ਕਰਨ, ਅਗਲੇ ਜਨਮਾਂ ਵਿੱਚ ਸੁੱਖ ਮਾਨਣ, ਸਵਰਗਾਂ ਵਿੱਚ ਸੀਟ ਪੱਕੀ ਕਰਨ, ਨਰਕ ਤੋਂ ਬਚਣ ਆਦਿ ਦੇ ਮਨਸ਼ੇ ਨਾਲ ਪੁਜਾਰੀ ਦੀ ਦੱਸੀ ਵਿਧੀ ਅਨੁਸਾਰ ਧੂਪ ਬੱਤੀ ਕਰਨੀ, ਡੰਡੌਤ ਕਰਨੀ, ਆਰਤੀ ਕਰਨੀ, ਪਾਠ ਕਰਨੇ, ਭਜਨ-ਬੰਦਗੀ ਕਰਨੀ, ਕਠਿਨ ਤਪ ਕਰਨੇ, ਵਰਤ/ਰੋਜ਼ੇ ਰੱਖਣੇ, ਪਰੇਅਰ/ਅਰਦਾਸ ਕਰਨੀ, ਸੁੱਖਣਾ ਸੁਖਣੀ, ਮੰਨਤ ਮੰਨਣੀ, ਮੰਤਰ ਪੜ੍ਹਨੇ, ਬਲੀ ਦੇਣੀ, ਧਰਮ ਸਥਾਨਾਂ ਦੀ ਯਾਤਰਾ ਕਰਨੀ, ਸਰੋਵਰਾਂ ਵਿੱਚ ਖਾਸ ਮੌਕਿਆਂ ਤੇ ਇਸ਼ਨਾਨ ਕਰਨੇ ਆਦਿ ਸਭ ਪੂਜਾ ਪਾਠ ਦਾ ਹੀ ਹਿੱਸਾ ਹੈ। ਜਿਹੜੇ ਧਰਮ ਮੂਰਤੀਆਂ ਜਾਂ ਮੂਰਤਾਂ, ਵਿਅਕਤੀਆਂ ਜਾਂ ਬੁੱਤਾਂ ਦੀ ਪੂਜਾ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਉਹ ਆਪਣੇ ਧਰਮ ਗੁਰੂਆਂ ਦੇ ਗਿਆਨ ਦੇ ਗ੍ਰੰਥਾਂ ਦੀ ਮੂਰਤੀ ਵਾਂਗ ਪੂਜਾ ਕਰਦੇ, ਵਿਧੀ ਨਾਲ ਪਾਠ ਕਰਾਉਂਦੇ, ਅਰਦਾਸਾਂ ਕਰਦੇ ਆਮ ਦੇਖੇ ਜਾ ਸਕਦੇ ਹਨ। ਇਥੇ ਇਹ ਜਾਨਣਾ ਵੀ ਜਰੂਰੀ ਹੈ ਕਿ ਜਿਥੇ ਵਿਧੀ ਜਾਂ ਮਰਿਯਾਦਾ ਅਨੁਸਾਰ ਪੂਜਾ ਕਰਨ ਵਾਲਾ ਸ਼ਰਧਾਲੂ ਹੈ, ਉਥੇ ਸ਼ਰਧਾਲੂਆਂ ਤੋਂ ਹਰ ਤਰ੍ਹਾਂ ਦੇ ਕਰਮਕਾਂਡ ਜਾਂ ਪੂਜਾ ਪਾਠ ਕਰਾਉਣ ਵਾਲਾ ਪੁਜਾਰੀ ਹੈ। ਜਿਹੜਾ ਹਰ ਤਰ੍ਹਾਂ ਦੇ ਪੂਜਾ ਪਾਠ ਲਈ ਸ਼ਰਧਾਲੂ ਤੋਂ ਦਾਨ-ਦੱਸ਼ਣਾ (ਫੀਸ) ਲੈਂਦਾ ਹੈ। ਹਰ ਪੁਜਾਰੀ ਆਪਣੇ ਸ਼ਰਧਾਲੂ ਕੋਲੋਂ ਜਨਮ ਤੋਂ ਮਰਨ ਅਤੇ ਫਿਰ ਮਰਨ ਤੋਂ ਬਾਅਦ ਵੀ ਪਰਿਵਾਰ ਤੋਂ ਪੂਜਾ ਪਾਠ ਲਈ ਫੀਸ ਚਾਰਜ ਕਰਦਾ ਹੈ। ਕਿਸੇ ਵੀ ਧਾਰਮਿਕ ਫਿਰਕੇ ਦਾ ਇਤਿਹਾਸ ਪੜ੍ਹ ਕੇ ਵੇਖ ਲਉ, ਉਸ ਧਰਮ ਨੂੰ ਸ਼ੁਰੂ ਕਰਨ ਵਾਲੇ ਪੈਗੰਬਰ ਜਾਂ ਗੁਰੂ ਨੇ ਨਾ ਕਦੇ ਇਸ ਤਰ੍ਹਾਂ ਦੇ ਫੋਕਟ ਪੂਜਾ ਪਾਠਾਂ ਨੂੰ ਮਾਨਤਾ ਦਿੱਤੀ ਹੈ ਤੇ ਨਾ ਹੀ ਇਨ੍ਹਾਂ ਰੱਬ ਦੇ ਵਿਚੋਲੇ ਬਣ ਬੈਠੇ ਪੁਜਾਰੀਆਂ ਨੂੰ ਕੋਈ ਮਾਨਤਾ ਹੈ। ਪਰ ਹਰ ਧਰਮ ਨਾਲ ਇਹੀ ਮੰਦਭਾਗਾ ਭਾਣਾ ਵਰਤਿਆ ਹੈ ਕਿ ਇਨ੍ਹਾਂ ਧਰਮਾਂ ਨੂੰ ਸ਼ੁਰੂ ਕਰਨ ਵਾਲੇ ਧਰਮ ਗੁਰੂਆਂ ਦੇ ਇਸ ਸੰਸਾਰ ਤੋਂ ਜਾਣ ਬਾਅਦ ਪੁਜਾਰੀ ਨਵੇਂ ਰੂਪ ਵਿੱਚ ਨਵੇਂ ਕਰਮਕਾਂਡ ਜਾਂ ਮਰਿਯਾਦਾਵਾਂ ਤੇ ਨਵੇਂ ਧਾਰਮਿਕ ਚਿੰਨ ਜਾਂ ਪਹਿਰਾਵੇ ਲੈ ਕੇ ਪ੍ਰਗਟ ਹੋ ਜਾਂਦੇ ਹਨ ਤੇ ਪੈਗੰਬਰਾਂ ਦੇ ਮਨੁੱਖਤਾਵਾਦੀ ਤੇ ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਫਿਰਕਿਆਂ ਦੀ ਸੋਚ ਵਿੱਚ ਵੰਡ ਕੇ ਧਰਮ ਤੇ ਕਾਬਿਜ਼ ਹੋ ਜਾਂਦੇ ਹਨ। ਜਿਸ ਨਾਲ ਗੁਰੂਆਂ ਪੀਰਾਂ ਦਾ ਸਾਰੀ ਮਨੁੱਖਤਾ ਨੂੰ ਗਲਵੱਕੜੀ ਵਿੱਚ ਲੈਣ ਵਾਲਾ ਸਾਂਝੀਵਾਲਤਾ ਦਾ ਸੰਦੇਸ਼ ਮਨੁੱਖਤਾ ਦੇ ਗਲ ਦੀ ਫਾਹੀ ਬਣ ਜਾਂਦਾ ਹੈ। ਅੱਜ ਹਰ ਧਰਮ ਵਿੱਚ ਪੁਜਾਰੀਆਂ ਦੀਆਂ ਪੂਜਾ ਪਾਠ ਦੀਆਂ ਮਰਿਯਾਦਾਵਾਂ ਹਰ ਧਰਮੀ ਮਨੁੱਖ ਲਈ ਬੇੜੀਆਂ ਬਣ ਕੇ ਉਸਦੀ ਸੋਚ ਨੂੰ ਸੰਕੀਰਣ ਬਣਾ ਰਹੀਆਂ ਹਨ। ਅੱਜ ਹਰ ਧਰਮੀ ਮਨੁੱਖ ਦੀ ਸੋਚ ਮਨੁੱਖਤਾਵਾਦੀ ਹੋਣ ਦੀ ਥਾਂ ਫਿਰਕਾਵਾਦੀ ਹੋ ਗਈ ਹੈ। ਧਰਮ ਦੇ ਨਾਮ ਤੇ ਬਣੇ ਫਿਰਕਿਆਂ ਦੇ ਸ਼ਰਧਾਲੂ ਆਪਣੇ ਨਿੱਜ ਜਾਂ ਵੱਧ ਤੋਂ ਵੱਧ ਆਪਣੇ ਫਿਰਕੇ ਬਾਰੇ ਹੀ ਸੋਚਦੇ ਹਨ, ਮਾਨਵਤਾ ਦੇ ਸਾਂਝੇ ਦੁੱਖਾਂ-ਦਰਦਾਂ, ਤੰਗੀਆਂ-ਤੁਰਸ਼ੀਆਂ, ਖੁਸ਼ੀਆਂ-ਗਮੀਆਂ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਰਿਹਾ। ਹਰ ਕੋਈ ਆਪਣੇ ਫਿਰਕੇ ਨੂੰ ਵੱਡਾ ਕਰਨ ਦੇ ਪ੍ਰਚਾਰ ਵਿੱਚ ਲੱਗਾ ਹੋਇਆ ਹੈ, ਭਾਵੇਂ ਉਸ ਲਈ ਉਨ੍ਹਾਂ ਨੂੰ ਮਨੁੱਖਤਾ ਦਾ ਖੂਨ ਵਹਾਉਣਾ ਪਵੇ ਤੇ ਚਾਹੇ ਮਨੁੱਖਤਾ ਵਿਰੋਧੀ ਹਾਕਮਾਂ ਨਾਲ ਸਾਂਝ ਪਾਉਣੀ ਪਵੇ ਜਾਂ ਸਮਾਜ ਵਿਰੋਧੀ ਤੱਤਾਂ ਨਾਲ ਹੱਥ ਮਿਲਾਉਣਾ ਪਵੇ। ਇਥੋਂ ਤੱਕ ਕਿ ਹੁਣ ਧਰਮਾਂ ਵਲੋਂ ਵੱਖ-ਵੱਖ ਲੋਕ ਤਿਉਹਾਰਾਂ ਨੂੰ ਵੀ ਧਰਮਾਂ ਦੀ ਵਲਗਣ ਵਿੱਚ ਲਿਆ ਕਿ ਫਿਰਕਿਆਂ ਵਿੱਚ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਨ੍ਹਾਂ ਤਿਉਹਾਰਾਂ ਦੀਆਂ ਸਭਿਆਚਾਰਕ ਤੇ ਲੋਕ ਪੱਖੀ ਤੰਦਾਂ ਨੂੰ ਤੋੜ ਕੇ ਪੂਰੀ ਤਰ੍ਹਾਂ ਧਾਰਮਿਕ ਰੰਗਤ ਦਿੱਤੀ ਜਾਂਦੀ ਹੈ ਤਾਂ ਕਿ ਸਾਰੇ ਲੋਕ ਸਾਂਝੇ ਤੌਰ ਤੇ ਲੋਕ ਤਿਉਹਾਰ ਮਨਾਉਣ ਦੀ ਥਾਂ ਆਪਣੇ ਆਪਣੇ ਫਿਰਕੇ ਵਿੱਚ ਫਸੇ ਰਹਿਣ। ਪੁਜਾਰੀਆਂ ਤੇ ਇਨ੍ਹਾਂ ਦੇ ਸ਼ਰਧਾਲੂਆਂ ਦੀ ਇਸ ਫਿਰਕੂ ਸੋਚ ਕਾਰਨ ਹੀ 6000 ਸਾਲਾਂ ਦੇ ਧਰਮਾਂ ਦੇ ਇਤਿਹਾਸ ਵਿੱਚ 12000 ਤੋਂ ਵੱਧ ਛੋਟੇ-ਵੱਡੇ ਧਰਮ ਯੁੱਧ ਹੋ ਚੁੱਕੇ ਹਨ। ਦੁਨੀਆਂ ਦੇ ਇਤਿਹਾਸ ਵਿੱਚ ਹਾਕਮ ਜਮਾਤਾਂ ਵਲੋਂ ਜ਼ਰ, ਜ਼ੋਰੂ, ਜ਼ਮੀਨ ਲਈ ਕੀਤੇ ਯੁੱਧਾਂ ਵਿੱਚ ਇਤਨਾ ਖੂਨ ਨਹੀਂ ਵਹਾਇਆ ਗਿਆ, ਜਿਤਨਾ ਪੁਜਾਰੀਆਂ ਨੇ ਧਰਮ ਦੇ ਨਾਮ ਤੇ ਹੋਏ ਧਰਮ ਯੁੱਧਾਂ ਜਾਂ ਜ਼ਹਾਦਾਂ ਤੇ ਫਿਰਕੂ ਦੰਗਿਆਂ ਵਿੱਚ ਵਹਾਇਆ ਹੈ। ਭਾਵੇਂ ਇਹ ਵੀ ਇਤਿਹਾਸ ਦਾ ਕੌੜਾ ਸੱਚ ਹੈ ਕਿ ਦੁਨੀਆਂ ਵਿੱਚ ਹੋਏ ਤਕਰੀਬਨ ਬਹੁਤੇ ਯੁੱਧ ਪੁਜਾਰੀਆਂ ਤੇ ਹਾਕਮ ਜਮਾਤਾਂ ਦੀ ਸਾਂਝੀ ਸਾਜ਼ਿਸ਼ ਦਾ ਨਤੀਜਾ ਸਨ।

ਜਿਸ ਤਰ੍ਹਾਂ ਆਮ ਤੌਰ ਤੇ ਪੁਜਾਰੀਆਂ ਵਲੋਂ ਇਹ ਕਿਹਾ ਜਾਂਦਾ ਹੈ ਕਿ ਸਾਰੇ ਧਰਮ ਬਰਾਬਰ ਹਨ, ਸਾਰੇ ਧਰਮ ਅਸਥਾਨ ਰੱਬ ਦੇ ਘਰ ਹਨ, ਸਾਰੇ ਧਰਮਾਂ ਦਾ ਰੱਬ ਇੱਕ ਹੈ। ਇਸ ਲਈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਫਿਰ ਜੇ ਰੱਬ ਇੱਕ ਹੈ ਤੇ ਸਾਰੇ ਧਰਮ ਸਥਾਨ ਉਸਦਾ ਘਰ ਹਨ ਤਾਂ ਧਰਮ ਇੱਕ ਕਿਉਂ ਨਹੀਂ? ਜਾਂ ਉਸ ਰੱਬ ਦੀ ਪੂਜਾ ਦਾ ਢੰਗ ਇੱਕ ਕਿਉਂ ਨਹੀਂ? ਚਲੋ ਜੇ ਮੰਨ ਲਈਏ ਰੱਬ ਤਾਂ ਇੱਕ ਹੈ, ਪਰ ਵੱਖ-ਵੱਖ ਧਰਮ ਗੁਰੂਆਂ ਜਾਂ ਪੈਗੰਬਰਾਂ ਦੀ ਵਿਚਾਰਧਾਰਾ ਵੱਖਰੀ ਹੋਣ ਕਰਕੇ ਧਰਮ ਵੀ ਵੱਖ-ਵੱਖ ਹਨ ਤੇ ਪੂਜਾ ਪਾਠ ਵੀ ਵੱਖ-ਵੱਖ ਹਨ? ਫਿਰ ਰੱਬ ਦੇ ਘਰ ਮਸਜਿਦ ਵਿੱਚ ਹਿੰਦੂ ਆਪਣੀ ਮੂਰਤੀ ਪੂਜਾ ਜਾਂ ਆਰਤੀ ਕਿਉਂ ਨਹੀਂ ਕਰ ਸਕਦਾ? ਮੁਸਲਮਾਨ ਨੂੰ ਰੱਬ ਦੇ ਘਰ ਮੰਦਰ ਵਿੱਚ ਜਾ ਕੇ ਨਮਾਜ ਪੜ੍ਹਨ ਦਾ ਹੱਕ ਕਿਉਂ ਨਹੀਂ? ਜੇ ਇਕੋ ਰੱਬ ਨੂੰ ਮੰਨਣ ਵਾਲਾ ਮੁਸਲਮਾਨ ਗਾਂ ਦਾ ਮਾਸ ਖਾ ਸਕਦਾ ਹੈ ਤੇ ਉਸੇ ਰੱਬ ਦਾ ਭਗਤ ਹਿੰਦੂ ਸੂਰ ਖਾ ਸਕਦਾ ਹੈ ਤਾਂ ਫਿਰ ਕਿਸੇ ਸ਼ਰਾਰਤੀ ਵਲੋਂ ਗਾਂ ਦੀ ਪੂਛ ਮੰਦਰ ਵਿੱਚ ਸੁੱਟਣ ਜਾਂ ਸੂਰ ਦੇ ਮਾਸ ਦਾ ਟੁਕੜਾ ਮਸਜਿਦ ਵਿੱਚ ਰੱਖਣ ਨਾਲ ਦੰਗੇ ਕਿਉਂ ਭੜਕ ਜਾਂਦੇ ਹਨ? ਜੇ ਕੋਈ ਸਿੱਖ, ਰੱਬ ਦੇ ਘਰ ਮੰਦਰ ਚਲਾ ਜਾਵੇ, ਹਿੰਦੂ, ਰੱਬ ਦੇ ਘਰ ਚਰਚ ਚਲਾ ਜਾਵੇ, ਮੁਸਲਮਾਨ, ਰੱਬ ਦੇ ਘਰ ਗੁਰਦੁਆਰੇ ਚਲਾ ਜਾਵੇ ਤਾਂ ਧਰਮ ਨੂੰ ਖਤਰਾ ਕਿਉਂ ਪੈਦਾ ਹੋ ਜਾਂਦਾ ਹੈ, ਜਦੋਂ ਕਿ ਰੱਬ ਇੱਕ ਹੈ, ਸਾਰੇ ਧਰਮ ਅਸਥਾਨ ਉਸਦੇ ਘਰ ਹਨ? ਪੁਜਾਰੀਆਂ ਵਲੋਂ ਅਕਸਰ ਇਹ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਸਿੱਖ ਪੱਕਾ ਸਿੱਖ ਬਣੇ, ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਤੇ ਇਸਾਈ ਪੱਕਾ ਇਸਾਈ ਬਣੇ, ਇਹ ਸਭ ਕਹਿਣ ਦਾ ਮਕਸਦ ਲੋਕਾਂ ਨੂੰ ਪੱਕੇ ਧਰਮੀ ਬਣਾਉਣਾ ਨਹੀਂ, ਸਗੋਂ ਪੱਕੇ ਫਿਰਕੂ ਬਣਾਉਣਾ ਹੈ ਤਾਂ ਕਿ ਲੋਕ ਅੱਖਾਂ ਮੀਟ ਕੇ, ਸਿਰ ਸੁੱਟ ਕੇ ਸਾਰੀ ਉਮਰ ਧਰਮ ਦੇ ਨਾਮ ਤੇ ਬਣੀ ਜਿਸ ਦੁਕਾਨ ਤੋਂ ਇੱਕ ਵਾਰ ਸੌਦਾ ਲੈਣਾ ਸ਼ੁਰੂ ਕਰ ਦੇਵੇ, ਬਸ ਉਸਦਾ ਹੀ ਸ਼ਰਧਾਲੂ ਬਣਿਆ ਰਹੇ ਤਾਂ ਕਿ ਪੁਜਾਰੀ ਮਨਮਰਜੀ ਨਾਲ ਉਸਦੀ ਲੁੱਟ ਕਰਦਾ ਰਹੇ। ਜੇ ਇਹ ਦੁਕਾਨਦਾਰੀ ਨਹੀਂ ਤਾਂ ਫਿਰ ਇਸ ਵਿੱਚ ਕੀ ਫਰਕ ਪੈਂਦਾ ਹੈ ਕਿ ਕੌਣ ਮੰਦਰ ਜਾਂਦਾ ਹੈ ਤੇ ਕੌਣ ਗੁਰਦੁਆਰੇ ਜਾਂ ਮਸਜਿਦ ਜਾਂ ਚਰਚ? ਜਦੋਂ ਸਾਰੇ ਧਰਮ ਅਸਥਾਨ ਇਕੋ ਰੱਬ ਦੇ ਘਰ ਹਨ ਤੇ ਸਾਰੇ ਧਰਮ ਰੂਪੀ ਰਸਤਿਆਂ ਦੀ ਮੰਜ਼ਿਲ ਇੱਕ ਹੈ। ਅਸਲ ਵਿੱਚ ਅਜਿਹਾ ਨਹੀਂ ਹੈ, ਕਿਉਂਕਿ ਧਰਮ ਪੁਜਾਰੀ ਲੋਕਾਂ ਨੂੰ ਭੇਡਾਂ ਬੱਕਰੀਆਂ ਬਣਾ ਕੇ, ਉਪਰ ਆਪਣੇ ਫਿਰਕੇ ਦਾ ਲੇਬਲ ਲਾ ਕੇ ਰੱਖਣਾ ਚਾਹੁੰਦੇ ਹਨ ਤਾਂ ਕਿ ਉਹ ਜਦੋਂ ਚਾਹੁਣ, ਜਿਧਰ ਨੂੰ ਚਾਹੁਣ ਉਨ੍ਹਾਂ ਨੂੰ ਹੱਕ ਸਕਣ ਜਾਂ ਕਿਸੇ ਵੀ ਹਾਕਮ ਦੇ ਰਾਜ ਨੂੰ ਵਧਾਉਣ ਜਾਂ ਧਰਮ ਦਾ ਰਾਜ ਸਥਾਪਿਤ ਕਰਨ ਦੇ ਨਾਮ ਤੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਸਕਣ।

ਜਿਸ ਤਰ੍ਹਾਂ ਪਹਿਲਾਂ ਵੀ ਨਕਲੀ ਧਰਮਾਂ ਦੀ ਵਿਆਖਿਆ ਦੌਰਾਨ ਅਸੀਂ ਵਿਚਾਰਿਆ ਸੀ ਕਿ ਤਕਰੀਬਨ ਸਾਰੇ ਨਕਲੀ ਧਰਮ ਮਨੁੱਖ ਦੀ ਲੋਭੀ ਤੇ ਡਰ ਦੀ ਪ੍ਰਵਿਰਤੀ ਸਿਰ ਚਲਦੇ ਹਨ। ਪੁਜਾਰੀ, ਮਨੁੱਖ ਦੀਆਂ ਇਨ੍ਹਾਂ ਦੋਨਾਂ ਕਮਜੋਰੀਆਂ ਤੋਂ ਭਲੀ-ਭਾਂਤ ਜਾਣੂ ਹਨ, ਇਸ ਲਈ ਪੁਜਾਰੀਆਂ ਨੇ ਪੂਜਾ ਪਾਠ ਦੇ ਜੋ ਢੰਗ ਬਣਾਏ ਹੋਏ ਹਨ, ਉਹ ਮਨੁੱਖ ਦੀਆਂ ਇਨ੍ਹਾਂ ਦੋਨਾਂ ਕਮਜੋਰੀਆਂ ਦੀ ਪੂਰਤੀ ਦੇ ਸਾਧਨ ਮਾਤਰ ਹਨ। ਬੇਸ਼ਕ ਪੁਜਾਰੀ ਨੂੰ ਸਭ ਪਤਾ ਹੈ ਕਿ ਇਨ੍ਹਾਂ ਪੂਜਾ ਪਾਠਾਂ ਨਾਲ ਨਾ ਕਦੇ ਕਿਸੇ ਦਾ ਕੁੱਝ ਸੰਵਰਿਆ ਹੈ ਤੇ ਨਾ ਸੰਵਰੇਗਾ, ਪਰ ਫਿਰ ਵੀ ਪੁਜਾਰੀ ਮਨੁੱਖ ਨੂੰ ਇਨ੍ਹਾਂ ਦੀ ਪੂਰਤੀ ਦਾ ਲਾਲਚ ਦੇ ਕੇ ਸਦੀਆਂ ਤੋਂ ਲੁੱਟਦਾ ਆ ਰਿਹਾ ਹੈ। ਜ਼ਰਾ ਧਿਆਨ ਨਾਲ ਸੋਚੋ ਕਿ ਜੇ ਪੂਜਾ ਪਾਠ ਨਾਲ ਲੋਭ ਜਾਂ ਡਰ ਦੀ ਪੂਰਤੀ ਹੁੰਦੀ ਤਾਂ ਫਿਰ ਉਹੀ ਪੁਜਾਰੀ ਪੂਜਾ, ਪਾਠ, ਅਰਦਾਸ ਆਦਿ ਕਰਨ ਲਈ ਤੁਹਾਡੇ ਅੱਗੇ ਹੱਥ ਕਿਉਂ ਅੱਡਦਾ ਹੈ? ਉਹ ਖੁਦ ਪੂਜਾ ਪਾਠ ਕਰਕੇ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਕਿਉਂ ਨਹੀਂ ਕਰ ਲੈਂਦਾ? ਜਾਂ ਉਸਦਾ ਆਪਣਾ ਡਰ ਦੂਰ ਕਰ ਲੈਂਦਾ, ਉਹ ਖੁਦ ਤਾਂ ਡਰਦਾ ਮਾਰਾ ਧਰਮ ਦੇ ਆਗੂਆਂ, ਪ੍ਰਬੰਧਕਾਂ, ਸ਼ਰਧਾਲੂਆਂ ਦੇ ਪੈਰੀਂ ਪਿਆ ਹੁੰਦਾ ਹੈ। ਨਕਲੀ ਧਰਮਾਂ ਦੇ ਪੁਜਾਰੀ ਤਾਂ ਨਕਲੀ ਹੈਨ ਹੀ, ਸ਼ਰਧਾਲੂ ਵੀ ਨਕਲੀ ਬਣ ਗਿਆ ਹੈ। ਪੂਜਾ ਪਾਠ ਦੀਆਂ ਸਚਾਈਆਂ ਉਨ੍ਹਾਂ ਦੇ ਸਾਹਮਣੇ ਹੁੰਦੀਆ ਹਨ, ਪਰ ਫਿਰ ਵੀ ਡਰ ਜਾਂ ਲਾਲਚ ਅਧੀਨ ਸੋਚਦਾ ਹੈ ਕਿ ਸ਼ਾਇਦ ਕੁੱਝ ਸਚਾਈ ਹੋਵੇ? ਇਹੀ ਵਜ੍ਹਾ ਹੈ ਕਿ ਅੱਜ ਹਰ ਧਰਮ ਦਾ ਸ਼ਰਧਾਲੂ ਧਰਮ ਅਸਥਾਨ ਆਪਣੇ ਲੋਭ ਦੀ ਪੂਰਤੀ ਲਈ ਜਾਂਦਾ ਹੈ, ਪੁਜਾਰੀ ਉਸਨੂੰ ਸਾਰੀਆਂ ਪੂਜਾ ਵਿਧੀਆਂ, ਉਸਦੀਆਂ ਨਿੱਜੀ ਖਾਹਸ਼ਾਂ ਜਾਂ ਇਛਾਵਾਂ ਦੀ ਪੂਰਤੀ ਲਈ ਹੀ ਦੱਸਦਾ ਹੈ। ਕੋਈ ਵਿਅਕਤੀ ਕਿਸੇ ਧਰਮ ਮੰਦਰ ਵਿੱਚ ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ ਕਰਨ ਜਾਂ ਸਿੱਖਣ ਨਹੀਂ ਜਾਂਦਾ, ਸਗੋਂ ਉਸਦੀ ਦੂਜਿਆਂ ਦੀ ਸੇਵਾ ਵਿੱਚ ਵੀ ਉਸਦਾ ਆਪਣਾ ਨਿੱਜ ਸਵਾਰਥ ਛੁਪਿਆ ਹੁੰਦਾ ਹੈ। ਉਨ੍ਹਾਂ ਦੀ ਸੇਵਾ ਵੀ ਆਪਣੇ ਲੋਭ ਦੀ ਪੂਰਤੀ ਲਈ ਹੀ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਪੁਜਾਰੀ ਮਨੁੱਖ ਵਿੱਚ ਬਚਪਨ ਤੋਂ ਹੀ ਪਹਿਲਾਂ ਰੱਬ ਦਾ ਡਰ ਪਾਉਂਦਾ ਹੈ ਤੇ ਫਿਰ ਇਹ ਸਥਾਪਿਤ ਕਰਦਾ ਹੈ ਕਿ ਸਭ ਕੁੱਝ ਦੇਣ ਵਾਲਾ ਰੱਬ ਹੀ ਹੈ। ਹੁਣ ਜਿਹੜਾ ਵਿਅਕਤੀ ਰੱਬ ਨੂੰ ਆਪਣੇ ਹੱਕ ਵਿੱਚ ਭੁਗਤਾ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ, ਉਸਨੂੰ ਪੁਜਾਰੀ ਦੁਆਰਾ ਦੱਸੀ ਵਿਧੀ ਅਨੁਸਾਰ ਪੂਜਾ ਪਾਠ ਕਰਨਾ ਪਵੇਗਾ। ਇਹੀ ਕਾਰਨ ਹੈ ਕਿ ਮਨੁੱਖ ਧਰਮ ਅਸਥਾਨਾਂ ਵਿੱਚ ਧਰਮ ਕਮਾਉਣ ਜਾਂ ਸਿੱਖਣ ਨਹੀਂ ਜਾਂਦਾ, ਸਗੋਂ ਇਸ ਡਰ ਵਿੱਚ ਜਾਂਦਾ ਹੈ ਕਿ ਜੋ ਉਸ ਕੋਲ ਹੈ, ਉਹ ਖੁਸ ਨਾ ਜਾਵੇ ਅਤੇ ਜੋ ਨਹੀਂ ਹੈ, ਉਹ ਪੂਜਾ ਪਾਠ ਕਰਕੇ ਮਿਲ ਜਾਵੇ।

ਮਨੁੱਖ ਦੀ ਇਸ ਡਰ ਤੇ ਲੋਭ ਦੀ ਪ੍ਰਵਿਰਤੀ ਨੇ ਉਸ ਕੋਲੋਂ ਪੁਜਾਰੀਆਂ ਮਗਰ ਲੱਗ ਕੇ ਕੀ ਕੁੱਝ ਨਹੀਂ ਕਰਵਾਇਆ। ਪੁਜਾਰੀ ਨੇ ਮਨੁੱਖ ਤੋਂ ਆਪਣੇ ਹੱਥੀਂ ਬਣਾਏ ਪੱਥਰ ਦੇ ਬੁੱਤਾਂ ਅੱਗੇ ਲੰਮੇ ਪਾਇਆ, ਮਨੁੱਖਾਂ, ਦਰਖਤਾਂ, ਜਾਨਵਰਾਂ ਜਾਂ ਕੁਦਰਤੀ ਸ਼ਕਤੀਆਂ ਅੱਗ, ਹਵਾ, ਪਾਣੀ, ਬਿਜਲੀ ਆਦਿ ਦੀ ਪੂਜਾ ਕਰਵਾਈ। ਇਹੀ ਕਾਰਨ ਹੈ ਕਿ ਕੰਪਿਊਟਰ ਯੁਗ ਦਾ ਪੜ੍ਹਿਆ ਲਿਖਿਆ ਤੇ ਮੌਡਰਨ ਸੋਚ ਦਾ ਧਾਰਨੀ ਮਨੁੱਖ ਵੀ ਧਾਰਮਿਕ ਖੇਤਰ ਵਿੱਚ ਹਜਾਰਾਂ ਸਾਲ ਪਹਿਲੇ ਮਨੁੱਖ ਨਾਲੋਂ ਬੌਧਿਕ ਪੱਧਰ ਤੇ ਵਿਕਸਤ ਨਹੀਂ ਹੋਇਆ। ਉਹ ਅੱਜ ਵੀ ਅੱਗ, ਪਾਣੀ, ਹਵਾ, ਪੱਥਰ, ਦਰਖਤ, ਜਾਨਵਰ, ਮਨੁੱਖ, ਫੋਟੋ ਆਦਿ ਦੀ ਪੂਜਾ ਕਰਦਾ ਹੈ, ਉਸਨੂੰ ਧੂਪ ਬੱਤੀ ਕਰਦਾ ਹੈ, ਉਸਦੇ ਅੱਗੇ ਮਨੋ ਕਾਮਨਾਵਾਂ ਪੂਰੀਆਂ ਹੋਣ ਲਈ ਅਰਦਾਸਾਂ ਕਰਦਾ ਹੈ। ਆਪਣੀ ਕਿਸਮਤ ਨੂੰ ਆਪ ਘੜਨ ਦੇ ਸਮਰੱਥ ਹੋਣ ਦੀ ਥਾਂ ਕਿਸੇ ਪਾਂਧੇ, ਪੰਡਤ, ਜੋਤਸ਼ੀ, ਸਾਧ, ਬਾਬੇ, ਪੁਛਾਂ ਦੇਣ ਵਾਲੇ ਅੱਗੇ ਹੱਥ ਅੱਡੀ ਬੈਠਾ ਹੁੰਦਾ ਹੈ। ਪੁਜਾਰੀ ਨੇ ਉਸਨੂੰ ਮਾਨਸਿਕ ਤੌਰ ਤੇ ਇਤਨਾ ਕਮਜੋਰ ਕਰ ਦਿੱਤਾ ਹੈ ਕਿ ਜੇ ਕਿਸੇ ਧਰਮ ਗੁਰੂ ਨੇ ਪੱਥਰਾਂ, ਦਰਖਤਾਂ, ਜਾਨਵਰਾਂ, ਮਨੁੱਖਾਂ ਦੀ ਪੂਜਾ `ਚੋਂ ਕੱਢ ਕੇ ਗਿਆਨਵਾਨ ਬਣਾਉਣ ਲਈ ਧਰਮ ਗ੍ਰੰਥ ਦਿੱਤੇ ਤਾਂ ਕਿ ਮਨੁੱਖ ਉਨ੍ਹਾਂ ਨੂੰ ਪੜ੍ਹ ਕੇ, ਵਿਚਾਰ ਕੇ, ਗਿਆਨਵਾਨ ਹੋ ਕੇ ਪੁਜਾਰੀ ਦੇ ਭਰਮਜਾਲ ਵਿਚੋਂ ਨਿਕਲ ਸਕੇ, ਪਰ ਮਨੁੱਖ ਦੀ ਤਰਾਸਦੀ ਦੇਖੋ, ਸ਼ੈਤਾਨ ਪੁਜਾਰੀ ਮਗਰ ਲੱਗ ਕੇ ਉਸਨੇ ਗ੍ਰੰਥਾਂ ਨੂੰ ਵੀ ਮੂਰਤੀਆਂ ਵਾਂਗ ਪੂਜਣ ਲੱਗਾ, ਉਸਦੀ ਧੂਪ ਬੱਤੀ ਕਰਨ ਲੱਗਾ, ਉਸ ਅੱਗੇ ਹੱਥ ਜੋੜ ਅਰਦਾਸਾਂ ਕਰਨ ਲੱਗਾ। ਗ੍ਰੰਥਾਂ ਦੇ ਗਿਆਨ ਨੂੰ ਆਪਣੀਆਂ ਨਿੱਜੀ ਮੰਗਾਂ ਦੀ ਪੂਰਤੀ ਜਾਂ ਵਿਰੋਧੀਆਂ ਦਾ ਨੁਕਸਾਨ ਕਰਨ ਦੇ ਭਰਮ ਅਧੀਨ ਫੋਕਟ ਮੰਤਰ ਪਾਠਾਂ, ਅਰਦਾਸਾਂ, ਨਿਤਨੇਮਾਂ, ਨਿਮਾਜਾਂ, ਪ੍ਰੇਅਰਾਂ ਲਈ ਵਰਤਣ ਲੱਗਾ। ਉਸਨੇ ਧਰਮ ਗ੍ਰੰਥਾਂ ਦੇ ਗਿਆਨ ਦੇ ਸ਼ਰਧਾ ਪੂਰਨ, ਦੁੱਖ ਭੰਜਨੀ, ਮਨੋ ਕਾਮਨਾ ਪੂਰਨ ਗੁਟਕੇ ਬਣਾ ਲਏ ਹਨ, ਉਨ੍ਹਾਂ ਦੇ ਪਾਠਾਂ ਨਾਲ ਆਪਣੇ ਫਾਇਦੇ ਤੇ ਵਿਰੋਧੀਆਂ ਦੇ ਨੁਕਸਾਨ ਦੇ ਭਰਮ ਪਾਲ੍ਹੇ ਹੋਏ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਪੁਜਾਰੀ ਦੇ ਪੂਜਾ ਪਾਠ ਦੇ ਭਰਮ ਜਾਲ ਵਿਚੋਂ ਨਿਕਲੇ ਕਿਵੇਂ? ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੋਂ ਇਹ ਸ੍ਰਿਸਟੀ ਬਣੀ ਹੈ, ਸਾਰਾ ਮੈਟਰ ਇੱਕ ਵਾਰ ਹੀ ਬਣ ਗਿਆ ਸੀ। ਇਹ ਮੈਟਰ (ਮਾਦਾ ਜਾਂ ਸਮਾਨ) ਨਾ ਵਧਦਾ ਹੈ ਤੇ ਨਾ ਘਟਦਾ ਹੈ। ਇਹ ਕਰੋੜਾਂ ਸਾਲਾਂ ਤੋਂ ਸਿਰਫ ਰੀਸਾਈਕਲ ਹੀ ਹੋ ਰਿਹਾ ਹੈ। ਜੋ ਵੀ ਇਸ ਧਰਤੀ ਤੇ ਪੈਦਾ ਹੁੰਦਾ ਹੈ, ਉਹ ਆਪਣੀ ਉਮਰ ਜਾਂ ਸਮਰਥਾ ਅਨੁਸਾਰ ਇਸਨੂੰ ਖਾਂਦਾ, ਖਰਚਦਾ, ਵਰਤਦਾ ਹੈ ਤੇ ਫਿਰ ਇੱਕ ਦਿਨ ਮਰਨ ਬਾਅਦ ਆਪ ਵੀ ਇਥੇ ਹੀ ਰੀਸਾਈਕਲ ਹੋ ਜਾਂਦਾ ਹੈ। ਸਾਡੇ ਇਸ ਪਲੈਨਿਟ (ਗ੍ਰਹਿ) ਤੇ ਨਾ ਕੁੱਝ ਬਾਹਰੋਂ ਆ ਰਿਹਾ ਹੈ ਤੇ ਨਾ ਹੀ ਕਿਤੇ ਜਾ ਰਿਹਾ ਹੈ। ਕੁਦਰਤ ਵਿੱਚ ਇਹ ਵਰਤਾਰਾ ਲੱਖਾਂ-ਕ੍ਰੋੜਾਂ ਸਾਲਾਂ ਤੋਂ ਚੱਲ ਰਿਹਾ ਹੈ, ਪਰ ਨਾਲ ਹੀ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਇਹ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਵਾਪਰ ਰਿਹਾ ਹੈ, ਮਨੁੱਖ ਇਨ੍ਹਾਂ ਨਿਯਮਾਂ ਨੂੰ ਸਮਝ ਕੇ ਲਾਭ ਵੀ ਲੈ ਸਕਦਾ ਹੈ ਤੇ ਨੁਕਸਾਨ ਵੀ ਕਰ ਜਾਂ ਕਰਵਾ ਸਕਦਾ ਹੈ। ਪਰ ਨਾਲ ਹੀ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਕੁਦਰਤ ਦੇ ਇਨ੍ਹਾਂ ਅਟੱਲ ਨਿਯਮਾਂ ਉਤੇ ਕਿਸੇ ਦੇ ਪੂਜਾ ਪਾਠ, ਮੰਤਰ ਪਾਠ, ਟੂਣੇ ਟਾਮਣੇ, ਮੰਤਰ ਜੰਤਰ, ਭਗਤੀ, ਬੰਦਗੀ, ਸਿਮਰਨ ਆਦਿ ਦਾ ਕੋਈ ਅਸਰ ਨਹੀਂ ਹੁੰਦਾ, ਇਹ ਨਿਯਮ ਨਾ ਕਦੇ ਪੂਜਾ ਪਾਠ ਨਾਲ ਬਦਲੇ ਹਨ ਤੇ ਨਾ ਹੀ ਬਦਲਣਗੇ। ਇਸ ਲਈ ਸਾਨੂੰ ਲੋੜ ਇਹ ਗੱਲ ਸਮਝਣ ਦੀ ਹੈ ਕਿ ਅਸੀਂ ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝੀਏ, ਉਨ੍ਹਾਂ ਅਨੁਸਾਰ ਚੱਲਣ ਦਾ ਯਤਨ ਕਰੀਏ, ਉਨ੍ਹਾਂ ਨਿਯਮਾਂ ਵਿੱਚ ਰਹਿ ਕੇ ਆਪਣੀ ਸਰੀਰਕ ਤੇ ਮਾਨਸਿਕ ਤਰੱਕੀ ਲਈ ਯਤਨ ਕਰੀਏ। ਅਸਲੀ ਧਰਮ ਮਨੁੱਖ ਨੂੰ ਲੋਭੀ ਤੇ ਡਰਾਕਲ ਨਹੀਂ ਬਣਾਉਂਦਾ ਸਗੋਂ ਅਸਲੀ ਧਰਮ ਤਾਂ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਵਿੱਚ (ਰੱਬ ਦੇ ਹੁਕਮ ਵਿੱਚ) ਰਹਿੰਦੇ ਹੋਏ ਸਬਰ ਸੰਤੋਖ ਦੇ ਜੀਵਨ ਦੀ ਜਾਚ ਸਿਖਾਉਂਦਾ ਹੈ। ਮਨੁੱਖ ਨੂੰ ਰੱਬ ਤੋਂ ਡਰਨ ਦੀ ਨਹੀਂ, ਸਗੋਂ ਉਸਦੇ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜਾਚ ਸਿੱਖਣ ਦੀ ਲੋੜ ਹੈ। ਜਿਨ੍ਹਾਂ ਨੇ ਇਨ੍ਹਾਂ ਨਿਯਮਾਂ ਨੂੰ ਸਮਝਿਆ ਹੈ, ਉਨ੍ਹਾਂ ਨੇ ਆਪਣੇ ਲਈ ਤੇ ਸਾਰੀ ਮਨੁੱਖਤਾ ਲਈ ਅਨੇਕਾਂ ਸੁੱਖ ਸਹੂਲਤਾਂ ਪੈਦਾ ਕੀਤੀਆਂ ਹਨ, ਪਰ ਧਰਮ ਦੀ ਪੂਜਾ ਪਾਠ ਨਾ ਕਿਸੇ ਸ਼ਰਧਾਲੂ ਦਾ ਕੁੱਝ ਸੰਵਾਰ ਸਕੀ ਹੈ ਤੇ ਨਾ ਹੀ ਮਨੁੱਖਤਾ ਦਾ ਕੋਈ ਭਲਾ ਕਰ ਸਕੀ ਹੈ। ਹੁਣ ਤੱਕ ਕੁਦਰਤ ਦੇ ਅਟੱਲ ਨਿਯਮਾਂ ਨੂੰ ਸਮਝ ਕੇ ਮੈਟਰ ਦੀ ਖੋਜ ਕਰਨ ਵਾਲੇ ਸਾਇੰਸਦਾਨਾਂ ਨੇ ਤਾਂ ਮਨੁੱਖਤਾ ਲਈ ਲੱਖਾਂ ਸਹੂਲਤਾਂ ਪੈਦਾ ਕੀਤੀਆਂ ਹਨ, ਪਰ ਇਨ੍ਹਾਂ ਨਕਲੀ ਧਰਮਾਂ ਦੇ ਪੁਜਾਰੀਆਂ ਜਾਂ ਸ਼ਰਧਾਲੂਆਂ ਦੇ ਪੂਜਾ ਪਾਠਾਂ ਦੀ ਮਨੁੱਖਤਾ ਨੂੰ ਕੀ ਦੇਣ ਹੈ? ਹੁਣ ਇਨ੍ਹਾਂ ਨੂੰ ਪੁਛਣ ਦਾ ਵਕਤ ਆ ਗਿਆ ਹੈ? ਸਾਨੂੰ ਜਾਗਰੂਕ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਇਨ੍ਹਾਂ ਪੁਜਾਰੀਆਂ ਜਾਂ ਇਨ੍ਹਾਂ ਦੇ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਨੂੰ ਕਹਿਣ ਦੀ ਹਿੰਮਤ ਕਰ ਸਕਾਂਗੇ ਕਿ ਦੱਸੋ ਤੁਹਾਡੇ ਪੂਜਾ ਪਾਠਾਂ ਨੇ ਮਨੁੱਖ ਦਾ, ਸਮਾਜ ਦਾ, ਮਾਨਵਤਾ ਦਾ ਕੀ ਭਲਾ ਕੀਤਾ ਹੈ? ਜੇ ਤੁਸੀਂ 6000 ਸਾਲਾਂ ਵਿੱਚ ਕੁੱਝ ਨਹੀਂ ਕਰ ਸਕੇ ਤਾਂ ਬੰਦ ਕਰੋ ਆਪਣੀਆਂ ਇਹ ਫਿਰਕੂ ਦੁਕਾਨਾਂ, ਸਾਨੂੰ ਅਸਲੀ ਧਰਮ ਤੇ ਅਸਲੀ ਰੱਬ ਦੀ ਸੋਝੀ ਹੋ ਚੁੱਕੀ ਹੈ। ਸਾਨੂੰ ਰੱਬ ਦੇ ਹੁਕਮ ਦੀ ਸੋਝੀ ਹੋ ਚੁੱਕੀ ਹੈ, ਅਸੀਂ ਹੁਣ ਤੁਹਾਡੇ ਪਾਖੰਡੀ ਜਾਲ ਵਿੱਚ ਨਹੀਂ ਫਸਣਾ। ਅਖੀਰ ਵਿੱਚ ਇੱਕ ਨੁਕਤਾ ਇਹ ਵੀ ਸਮਝ ਲੈਣਾ ਜਰੂਰੀ ਹੈ ਕਿ ਧਰਮ ਵਸਤੂਆਂ (ਮੈਟਰ) ਦਾ ਵਿਸ਼ਾ ਨਹੀਂ, ਸਗੋਂ ਮਨ (ਆਤਮਾ, ਦਿਮਾਗ) ਦਾ ਵਿਸ਼ਾ ਹੈ, ਵਸਤੂਆਂ (ਮਾਦਾ, ਮੈਟਰ) ਸਾਇੰਸ ਦਾ ਵਿਸ਼ਾ ਹੈ। ਜੇ ਅਸੀਂ ਵਸਤੂਆਂ ਪ੍ਰਾਪਤ ਕਰਨੀਆਂ ਹਨ ਤਾਂ ਇਹ ਧਰਮ ਅਸਥਾਨਾਂ ਦੀ ਪੂਜਾ ਪਾਠ ਤੋਂ ਨਹੀਂ ਮਿਹਨਤ ਤੇ ਕੁਦਰਤ ਦੇ ਨਿਯਮਾਂ ਅਨੁਸਾਰ ਮਿਲਣਗੀਆਂ। ਪਰ ਜੇ ਸਾਡੀ ਭਾਲ ਮਨ ਦੀ ਸ਼ਾਂਤੀ, ਖੁਸ਼ੀ, ਖੇੜਾ, ਮਨ ਦੀਆਂ ਕਮਜ਼ੋਰੀਆਂ ਕਾਮ, ਕ੍ਰੌਧ, ਲੋਭ, ਮੋਹ, ਹੰਕਾਰ ਆਦਿ ਤੋਂ ਬਚਣ, ਸਰਬੱਤ ਦਾ ਭਲਾ ਆਦਿ ਹੈ ਤਾਂ ਫਿਰ ਸਾਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੈ, ਆਪਾ ਚੀਨਣ ਦੀ ਲੋੜ ਹੈ, ਆਪਣੇ ਅੰਦਰ ਵਸਦੀ ਰੱਬੀ ਜੋਤ ਪਛਾਨਣ ਦੀ ਲੋੜ ਹੈ, ਇਸ ਧਰਤੀ ਤੇ ਮਨੁੱਖੀ ਜੀਵਨ ਦੇ ਲਕਸ਼ ਨੂੰ ਜਾਨਣ ਦੀ ਲੋੜ ਹੈ, ਕੁਦਰਤ ਦੇ ਜੀਵਨ ਰੂਪੀ ਇਸ ਖੇਡ ਤਮਾਸ਼ੇ ਨੂੰ ਸਮਝਣ ਦੀ ਲੋੜ ਹੈ। ਅਸਲ ਵਿੱਚ ਧਰਮ ਅੰਦਰੋਂ ਜਾਗਣ ਦਾ ਨਾਮ ਹੈ, ਹਿਰਦੇ ਦੇ ਖਿੜ ਜਾਣ ਦਾ ਨਾਮ ਹੈ, ਸ੍ਰਿਸਟੀ ਦੇ ਕਣ ਕਣ ਵਿੱਚ ਉਸ ਕਾਦਰ ਦੀ ਹੋਂਦ ਮਹਿਸੂਸ ਕਰਨ ਦਾ ਨਾਮ ਹੈ, ਸਾਰੀ ਮਨੁੱਖਤਾ ਨੂੰ ਭਾਈ ਭਾਈ ਸਮਝਣ ਦਾ ਨਾਮ ਹੈ, ਨਾ ਕਿ ਪੁਜਾਰੀਆਂ ਦੀ ਦੱਸੀ ਮਰਿਯਾਦਾ ਅਨੁਸਾਰ ਨਿੱਜੀ ਲਾਭਾਂ ਤੇ ਵਿਰੋਧੀਆਂ ਦੇ ਨੁਕਸਾਨ ਲਈ ਪੂਜਾ ਪਾਠ ਕਰਨਾ।




.