.

ਸਿੱਖ ਧਰਮ ਦੀ ਮੁੱਖ ਧਾਰਾ ਦੀ ਉਤਪਤੀ
ਹਾਕਮ ਸਿੰਘ

ਸਿੱਖ ਵਿਦਵਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਾਨਵਤਾ ਦੇ ਕਲਿਆਣ ਲਈ ਅਧਿਆਤਮਿਕ ਗਿਆਨ ਦਾ ਸਰਵ ਸ੍ਰੇਸ਼ਟ ਸਰੋਤ ਮੰਨਦੇ ਹਨ। ਗੁਰਬਾਣੀ ਦੀ ਸੂਝ ਰੱਖਣ ਵਾਲੇ ਉਹਨਾਂ ਦੇ ਇਸ ਵਿਸ਼ਵਾਸ ਦੀ ਪਰੋੜ੍ਹਤਾ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਪਰਾਰਥਨਾ ਸਭਾ ਵਿਚ ਵਿਸ਼ਵ ਦੀਆਂ ਸਰਕਾਰਾਂ ਅਤੇ ਧਾਰਮਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸਮਾਜ ਸੇਵਕਾਂ ਨੂੰ ਗੁਰਬਾਣੀ ਦੇ ਮੂਲ ਮੰਤਰ ਅਤੇ ਸੁਖਮਨੀ ਸਾਹਿਬ ਦੀ ਸੱਤਵੀਂ ਅਸ਼ਟਪਦੀ ਦੇ ਤੀਜੇ ਪਦ ਦੀ ਵਿਆਖਿਆ ਸੁਨਣ ਦਾ ਅਵਸਰ ਪ੍ਰਾਪਤ ਹੋਇਆ ਹੈ ਜਿਸ ਨਾਲ ਉਹਨਾਂ ਦੀ ਗੁਰਬਾਣੀ ਸੰਦੇਸ਼ ਨਾਲ ਜਾਣ ਪਛਾਣ ਹੋਈ ਅਤੇ ਗੁਰਬਾਣੀ ਸੰਚਾਰ ਦੇ ਖੇਤਰ ਵਿਚ ਵਾਧਾ ਹੋਇਆ। ਭਾਵੇਂ ਗੁਰਮਤਿ ਸੰਸਾਰਕ ਮਾਨਤਾ ਜਾਂ ਪ੍ਰਸੰਸਾ ਦੀ ਮੁਹਤਾਜ ਨਹੀਂ ਹੈ, ਪਰ ਜਦੋਂ ਸਿੱਖ ਵਿਦਵਾਨ ਗੁਰਮਤਿ ਨੂੰ ਉਤਮ ਅਧਿਆਤਮਿਕ ਵਿਚਾਰਧਾਰਾ ਹੋਣ ਦਾ ਮੁਤਾਲਬਾ ਕਰਦੇ ਹਨ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਗੁਰਬਾਣੀ ਦੀ ਉੱਤਮਤਾ ਆਧੁਨਿਕ ਜਗਤ ਦੀ ਸੋਚ ਦੀ ਪੱਧਰ ਦੇ ਪਰਸੰਗ ਵਿਚ ਠੋਸ ਉਪਯੁਕਤ ਪਰਮਾਣਾਂ ਰਾਹੀਂ ਸਿੱਧ ਕਰਨ ਕਿਉਂਕਿ ਬਹੁਤਾ ਗੁਰਮਤਿ ਸਾਹਿਤ ਗੁਰਬਾਣੀ ਦੀ ਅਧਿਆਤਮਿਕ ਮੌਲਿਕਤਾ ਅਤੇ ਮਹਾਨਤਾ ਨੂੰ ਸੁਚੱਜੇ ਢੰਗ ਨਾਲ ਅਭਿਵਿਅਕਤ ਕਰਨ ਯੋਗ ਨਹੀਂ ਹੈ। ਦਰ ਅਸਲ ਅਜੋਕੇ ਬਹੁਤੇ ਸਿੱਖ ਵਿਦਵਾਨ ਬੌਧਿਕ ਉਲਝਣਾਂ ਵਿਚ ਫਸੇ ਹੋਏ ਹਨ। ਇਸ ਦਾ ਮੂਲ ਕਾਰਨ ਇਹ ਹੈ ਕਿ ਸੰਸਥਾਗਤ ਸਿੱਖ ਧਰਮ ਗੁਰਮਤਿ ਵਿਚਾਰਧਾਰਾ ਨਾਲੋਂ ਟੁੱਟਿਆ ਹੋਇਆ ਹੈ ਅਤੇ ਸਿੱਖ ਧਰਮ ਦੀ ਪਰੰਪਰਾ, ਰਹਿਤ ਅਤੇ ਸੰਸਥਾਵਾਂ ਦਾ ਵਿਹਾਰ ਗੁਰਮਤਿ ਸਿਧਾਂਤ ਦੇ ਵਿਪਰੀਤ ਹੈ। ਸਿੱਖ ਧਰਮ ਦੀਆਂ ਸੰਸਥਾਵਾਂ ਵਿਚ ਗੁਰਮਤਿ ਦੇ ਆਕਰਸ਼ਣ ਅਤੇ ਲੋਕ ਪਰੀਅਤਾ ਤੋਂ ਲਾਭ ਉਠਾਉਣ ਦੀ ਲਾਲਸਾ ਤੇ ਹੈ ਪਰ ਗੁਰਬਾਣੀ ਦੇ ਉਚਿਤ ਅਤੇ ਸਹੀ ਸੰਚਾਰ ਦੀ ਜ਼ਿੰਮੇਵਾਰੀ ਨਿਭਾਉਣ ਬਾਰੇ ਸੰਜੀਦਗੀ, ਯੋਗਤਾ ਅਤੇ ਅਭਿਲਾਸ਼ਾ ਦੀ ਘਾਟ ਹੈ। ਸਿੱਖ ਪਰੰਪਰਾ, ਰਹਿਤ, ਸੰਸਥਾਵਾਂ ਅਤੇ ਇਤਹਾਸ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਅਧਿਆਤਮਿਕ ਗਿਆਨ ਤੋਂ ਵਿਰੋਧੀ ਵਿਚਾਰਧਾਰਾ ਦੀ ਉਪਜ ਹਨ ਅਤੇ ਸਿੱਖ ਧਾਰਮਕ ਸੰਸਥਾਵਾਂ ਦਾ ਰਾਹ ਗੁਰਮਤਿ ਨਾਲੋਂ ਵਖਰਾ ਹੈ। ਪਰੰਪਰਾਗਤ ਸਿੱਖ ਧਰਮ ਲੰਮੇ ਸਮੇਂ ਲਈ ਪੌਰਾਣਿਕ ਸਨਾਤਨੀ ਵਿਚਾਰਧਾਰਾ ਦੇ ਪਰਭਾਵ ਅਧੀਨ ਵਿਚਰਦਾ ਰਿਹਾ ਹੈ ਅਤੇ ਕਈ ਧਾਰਮਕ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਿੱਧ ਕਰਨ ਲਈ ਜਤਨਸ਼ੀਲ ਰਹੇ ਹਨ। ਭਾਵੇਂ ਸਿੰਘ ਸਭਾ ਲਹਿਰ ਨੇ ਸਿੱਖ ਧਰਮ ਵਿਚ ਸਨਾਤਨੀ ਵਿਚਾਰਧਾਰਾ ਦੇ ਪਰਭਾਵ ਨੂੰ ਸਮਾਪਤ ਕਰਨ ਦਾ ਜਤਨ ਤੇ ਕੀਤਾ ਸੀ ਪਰ ਉਹ ਐਸਾ ਕਰਨ ਵਿਚ ਬਹੁਤੀ ਸਫਲ ਨਾ ਹੋ ਸਕੀ। ਉਸ ਲਹਿਰ ਦੇ ਪਰਭਾਵ ਅਧੀਨ ਕੁਝ ਸ਼ਾਬਦਿਕ ਪਰੀਵਰਤਨ ਹੋਇਆ ਹੈ ਪਰ ਪੁਰਾਣੀ ਵਿਚਾਰਧਾਰਾ ਦੇ ਪਰਭਾਵ ਵਿਚ ਬਹੁਤਾ ਫਰਕ ਨਹੀਂ ਪਿਆ। ਮੌਲਕ ਸਮਝਿਆ ਜਾਂਦਾ ਬਹੁਤਾ ਗੁਰ ਇਤਹਾਸ ਗੁਰਮਤਿ ਵਿਚਾਰਧਾਰਾ ਦੇ ਵਿਰੋਧੀਆਂ ਦੀ ਵਿਉਂਤ ਅਨੁਸਾਰ ਸਨਾਤਨੀ ਵਿਚਾਰਧਾਰਾ ਤੋਂ ਪਰਭਾਵਿਤ ਸ਼ਰਧਾਲੂਆਂ ਨੇ ਰਚਿਆ ਹੈ। ਇਸ ਇਤਹਾਸ ਦੇ ਕਈ ਤੱਥ ਪੌਰਾਣਿਕ ਗਾਥਾਵਾਂ ਦੇ ਨਮੂਨੇ ਤੇ ਘੜੇ ਗਏ ਹਨ ਜੋ ਕਰਾਮਾਤੀ ਅਤੇ ਅਪਰਮਾਣਿਕ ਹਨ। ਇਹਨਾਂ ਅਪਰਮਾਣਿਕ ਤੱਥਾਂ ਤੇ ਆਧਾਰਤ ਵਿਆਖਿਆ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਗਲਤ ਅਤੇ ਅਸ਼ਿਸ਼ਟ ਜਾਣਕਾਰੀ ਦਿੰਦੀ ਹੈ ਅਤੇ ਉਹਨਾਂ ਦੇ ਕਈ ਵਿਹਾਰਾਂ ਨੂੰ ਗੁਰਮਤਿ ਉਪਦੇਸ਼ ਦੇ ਪ੍ਰਤਿਕੂਲ ਦਰਸਾਉਂਦੀ ਹੈ। ਗੁਰਮਤਿ ਵਿਚਾਰਧਾਰਾ ਅਤੇ ਸਿੱਖ ਧਰਮ ਵੱਲੋਂ ਪ੍ਰਵਾਣਤ ਗੁਰ ਇਤਹਾਸ ਦੇ ਨਿਰਨਿਆਂ ਵਿਚ ਪਰਸਪਰ ਵਿਰੋਧਤਾ ਹੈ। ਇਸ ਲਈ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਲਈ ਗੁਰਬਾਣੀ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਤੋਂ ਨਖੇੜਨਾ ਜ਼ਰੂਰੀ ਹੈ।
ਪੱਛਮੀ ਵਿੱਦਿਆ ਅਤੇ ਵਿਚਾਰਧਾਰਾ ਤੋਂ ਪ੍ਰਭਾਵਤ ਕੁੱਝ ਵਿਦਵਾਨ ਸਨਾਤਨੀ ਵਿਚਾਰਧਾਰਾ ਨੂੰ ਨਕਾਰਦੇ ਹਨ ਪਰ ਉਸੇ ਵਿਚਾਰਧਾਰਾ ਤੇ ਆਧਾਰਤ ਸਿੱਖ ਧਾਰਮਕ ਪਰੰਪਰਾ ਲਈ ਅਥਾਹ ਸ਼ਰਧਾ ਦਾ ਪਰਗਟਾਵਾ ਕਰਦੇ ਹਨ। ਸਨਾਤਨੀ ਵਿਚਾਰਧਾਰਾ ਪ੍ਰਤੀ ਵਿਰੋਧਤਾ ਜਤਾਉਣ ਲਈ ਉਹ ਗੁਰਬਾਣੀ ਉਪਦੇਸ਼ ਦੀ ਤੁਲਣਾ ਪੱਛਮੀ ਫ਼ਿਲਾਸਫ਼ੀ ਅਤੇ ਵਿਗਿਆਨ ਨਾਲ ਕਰਨ ਲੱਗ ਜਾਂਦੇ ਹਨ ਅਤੇ ਗੁਰਬਾਣੀ ਨੂੰ ਵਿਗਿਆਨਕ ਸਿੱਧ ਕਰਨ ਦਾ ਜਤਨ ਵੀ ਕਰਦੇ ਹਨ। ਪੱਛਮੀ ਫ਼ਿਲਾਸਫ਼ੀ ਵੱਧ ਤੋਂ ਵੱਧ ਲੋਕਾਂ ਦੀਆਂ ਵੱਧ ਤੋਂ ਵੱਧ ਇੱਛਾਵਾਂ ਦੀ ਪੂਰਤੀ
(Greatest good of the greatest number) ਦੀ ਹਾਮੀ ਹੈ ਜਦੋਂ ਕਿ ਵਿਗਿਆਨ ਬ੍ਰਹਮੰਡ ਵਿਚ ਪਦਾਰਥ ਦੇ ਕੁਦਰਤੀ ਨੇਮਾਂ ਦੀ ਜਾਣਕਾਰੀ ਹੈ। ਬਹੁਤੀਆਂ ਵਿਗਿਆਨਕ ਕਾਢਾਂ ਕੁਦਰਤੀ ਨੇਮਾਂ ਤੇ ਆਧਾਰਤ ਹਨ ਪਰ ਮਨੁੱਖ ਲੋਭ, ਕ੍ਰੋਧ ਅਤੇ ਹਉਮੈ ਵਸ ਉਹਨਾਂ ਕਾਢਾਂ ਨੂੰ ਆਪਣੇ ਨਿਜੀ ਲਾਭ ਲਈ ਗੈਰ ਕੁਦਰਤੀ ਢੰਗ ਨਾਲ ਵਰਤਦਾ ਹੈ ਜਿਸ ਨਾਲ ਸਮਾਜ ਵਿਚ ਵੰਡੀਆਂ ਪੈ ਕੇ ਵਿਵਾਦ, ਹਿੰਸਾ ਅਤੇ ਜੰਗਾਂ ਛਿੜ ਜਾਂਦੀਆਂ ਹਨ ਅਤੇ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ। ਗੁਰਮਤਿ ਦੀ ਪਦਾਰਥਕ ਅਤੇ ਪੱਛਮੀ ਅਨੰਦ ਵਾਦੀ ਵਿਚਾਰਧਾਰਾ ਨਾਲ ਕੋਈ ਸਾਂਝ ਨਹੀਂ ਹੈ ਕਿਉਂਕਿ ਗੁਰਮਤਿ ਪਦਾਰਥਕ ਜਗਤ ਦੀ ਛਿਣਭੰਗਰ ਭਰਮਾਊ ਖੁਸ਼ੀ ਪਰਾਪਤੀ ਦੀ ਸਮਰਥਕ ਨਹੀਂ ਹੈ ਉਹ ਤੇ ਸਦੀਵੀ ਆਤਮਕ ਅਨੰਦ ਪਰਾਪਤੀ ਦਾ ਵਿਵਰਣ ਹੈ। ਗੁਰਮਤਿ ਸਾਰੀ ਕਾਇਨਾਤ ਵਿਚ ਇਕ ਵਿਦਮਾਨ ਕਰਤੇ ਦੇ ਚੇਤਨਤਾ, ਸ਼ਕਤੀ ਅਤੇ ਹੋਰ ਅਨੇਕਾਂ ਗੁਣਾਂ ਦੀ ਸੂਝ ਬਖਸ਼ਦੀ ਹੈ ਅਤੇ ਮਨੁੱਖ ਨੂੰ ਸ਼ਬਦ ਦੁਆਰਾ ਆਪਣੇ ਮਨ ਪਰ ਕਾਬੂ ਪਾ ਕੇ ਕਰਤੇ ਦੇ ਹੁਕਮ ਵਿਚ ਚਲਣ ਦਾ ਉਪਦੇਸ਼ ਕਰਦੀ ਹੈ। ਸਮਾਜਕ ਖੇਤਰ ਵਿਚ ਇਹ ਮਨੁੱਖ ਨੂੰ ਏਕਤਾ, ਬਰਾਬਰਤਾ, ਨਿਜੀ ਸੁਤੰਤਰਤਾ ਅਤੇ ਸ਼ਾਂਤੀ ਲਈ ਉੱਦਮ ਅਤੇ ਪਰਉਪਕਾਰ ਕਰਨ ਲਈ ਪ੍ਰੇਰਿਤ ਕਰਦੀ ਹੈ।
ਸਿੱਖ ਧਰਮ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਦੇ ਇਤਹਾਸ ਵਿਚੋਂ ਸੰਦੇਹ ਪੂਰਨ ਤੱਥਾਂ ਅਤੇ ਮਿਥਹਾਸਕ ਕਹਾਣੀਆਂ ਨੂੰ ਛਾਂਟਣ ਦੀ ਲੋੜ ਹੈ ਕਿਉਂਕਿ ਭਰੋਸੇ ਯੋਗ ਅਤੇ ਨਿਰਵਿਵਾਦ ਤੱਥ ਹੀ ਸਹੀ ਅਤੇ ਪਰਮਾਣਿਕ ਇਤਿਹਾਸਕ ਜਾਣਕਾਰੀ ਦੇਣ ਯੋਗ ਹੁੰਦੇ ਹਨ ਭਾਵਨਾਵਾਂ, ਕਰਾਮਾਤਾਂ ਅਤੇ ਗੈਰ-ਕੁਦਰਤੀ ਮਿਥਹਾਸਕ ਕਹਾਣੀਆਂ ਨਹੀਂ। ਅਤੇ, ਸਹੀ ਇਤਿਹਾਸਕ ਜਾਣਕਾਰੀ ਤੋਂ ਬਿਨਾ ਗੁਰਮਤਿ ਦੀ ਸਹੀ ਸੂਝ ਹੋਣੀ ਸੰਭਵ ਨਹੀਂ। ਟਕਸਾਲੀ ਗੁਰ ਇਤਹਾਸ ਗੁਰੂ ਸਾਹਿਬਾਨ ਦੇ ਪਰਵਾਰਿਕ ਵਿਰੋਧੀਆਂ ਦੇ ਸਹਿਯੋਗੀਆਂ ਅਤੇ ਕਰਮ-ਕਾਂਡੀ ਸ਼ਰਧਾਲੂਆਂ ਵੱਲੋਂ ਰਚਿਆ ਮਿਥਹਾਸਕ ਹੈ। ਗੁਰੂ ਸਾਹਿਬਾਨ ਨੇ ਤੇ ਗੁਰਬਾਣੀ ਪੋਥੀਆਂ ਦੇ ਰੂਪ ਵਿਚ ਅਧਿਆਤਮਿਕ ਗਿਆਨ ਦੇ ਸੋਮੇ ਦੀ ਸਿਰਜਨਾ ਕੀਤੀ ਹੈ ਕੋਈ ਇਤਹਾਸ ਨਹੀਂ ਲਿਖਿਆ। ਗੁਰ ਇਤਹਾਸ ਨਾਲ ਸਬੰਧਿਤ ਕੁੱਝ ਹਵਾਲੇ ਭੱਟ ਵਹੀਆਂ ਅਤੇ ਤਅੱਸਬੀ ਮੁਸਲਮਾਨ ਲੇਖਕਾਂ ਦੀਆਂ ਇਤਿਹਾਸਕ ਲਿਖਤਾਂ ਵਿਚ ਮਿਲਦੇ ਹਨ। ਪਰ ਬਹੁਤੀਆਂ ਗੁਰ ਇਤਹਾਸ ਆਖੀਆਂ ਜਾਣ ਵਾਲੀਆਂ ਰਚਨਾਵਾਂ ਗੁਰੂ ਸਾਹਿਬਾਨ ਦੇ ਪਰਵਾਰਿਕ ਵਿਰੋਧੀਆਂ ਦੇ ਸਹਿਯੋਗੀਆਂ ਦੀਆਂ ਮਿਥਹਾਸਕ ਕਿਰਤਾਂ ਹਨ ਜੋ ਗੁਰੂ ਕਾਲ ਮਗਰੋਂ ਅਠਾਰਵੀਂ ਸ਼ਤਾਬਦੀ ਜਾਂ ਪਿਛੋਂ ਰਚੀਆਂ ਗਈਆਂ ਹਨ ਜਦੋਂ ਗੁਰਮਤਿ ਪਰਚਾਰ ਕੇਂਦਰਾਂ ਤੇ ਗੁਰਮਤਿ ਵਿਰੋਧੀਆਂ ਦਾ ਪੂਰਾ ਕਬਜ਼ਾ ਹੋ ਚੁੱਕਾ ਸੀ। ਗੁਰੂ ਸਾਹਿਬਾਨ ਦੇ ਪਰਵਾਰਿਕ ਵਿਰੋਧੀਆਂ ਅਤੇ ਉਹਨਾਂ ਦੀਆਂ ਸੰਤਾਨਾਂ ਦਾ ਮਨੋਰਥ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ, ਸਤਕਾਰ ਅਤੇ ਲੋਕ ਪਰੀਅਤਾ ਦੇ ਵਾਰਸ ਬਣ ਕੇ ਗੁਰੂ ਸਾਹਿਬਾਨ ਵੱਲੋਂ ਸਿਰਜੀ ਸੰਗਤ ਦੇ ਆਗੂ ਬਨਣਾ ਅਤੇ ਗੁਰਮਤਿ ਪਰਚਾਰ ਕੇਂਦਰਾਂ ਤੇ ਕਬਜ਼ੇ ਕਰਨਾ ਸੀ। ਇਤਿਹਾਸਕਾਰਾਂ ਨੇ ਆਪਣੇ ਸਮੇਂ ਦੇ ਗੁਰਮਤਿ ਵਿਰੋਧੀ ਧਾਰਮਕ ਆਗੂਆਂ ਦੇ ਵਿਚਾਰਾਂ ਨੂੰ ਹੀ ਕਲਮਬੰਦ ਕੀਤਾ ਹੈ ਜੋ ਆਪਣੇ ਵੱਡੇ ਵਡੇਰਿਆਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਛੁਪਾਉਣ ਦਾ ਹਰ ਸੰਭਵ ਜਤਨ ਕਰਦੇ ਹਨ। ਉਹਨਾਂ ਦਾ ਰਚਿਆ ਇਹ ਮਿਥਿਹਾਸ ਗੁਰੂ ਸਾਹਿਬਾਨ ਦੇ ਜੀਵਨ ਨਾਲ ਕਰਾਮਾਤੀ ਅਤੇ ਗੈਰ-ਕੁਦਰਤੀ ਵਾਰਦਾਤਾਂ ਜੋੜ ਕੇ ਅਗਿਆਨੀ ਸ਼ਰਧਾਲੂਆਂ ਨੂੰ ਮੋਹਿਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਟੇਢੇ ਢੰਗ ਨਾਲ ਗੁਰੂ ਸਾਹਿਬਾਨ ਨੂੰ ਗੁਰਮਤਿ ਵਿਰੋਧੀ ਦਰਸਾ ਕੇ ਉਹਨਾਂ ਦਾ ਨਿਰਾਦਰ ਕਰਦਾ ਹੈ।
ਜਿਨ੍ਹਾਂ ਹਾਲਾਤਾਂ ਵਿਚ ਅਤੇ ਜਿਨ੍ਹਾਂ ਕਾਰਨਾਂ ਕਰਕੇ ਗੁਰਮਤਿ ਦੀ ਵਿਰੋਧਤਾ ਸ਼ੁਰੂ ਹੋਈ, ਗੁਰੂ ਸਾਹਿਬਾਨ ਵਿਰੁਧ ਝੂਠੀਆਂ ਸ਼ਿਕਾਇਤਾਂ ਕਰ ਕੇ ਮੁਗਲ ਸਾਸ਼ਨ ਨੂੰ ਉਕਸਾਇਆ ਗਿਆ, ਗੁਰਮਤਿ ਪਰਚਾਰ ਕੇਂਦਰਾਂ ਤੇ ਗੁਰਮਤਿ ਵਿਰੋਧੀਆਂ ਨੇ ਕਬਜ਼ੇ ਕੀਤੇ, ਗੁਰੂ ਸਾਹਿਬਾਨ ਨੂੰ ਮਾਝੇ, ਦੁਆਬੇ ਦੇ ਗੁਰਮਤਿ ਪਰਚਾਰ ਕੇਂਦਰ ਛੱਡ ਕੇ ਪੁਆਧ ਦੀ ਧਰਤੀ ਤੇ ਨਵਾਂ ਗੁਰਮਤਿ ਕੇਂਦਰ ਸਥਾਪਤ ਕਰਨਾ ਪਿਆ, ਸਮਾਜ ਵਿਚ ਗੁਰਮਤਿ ਆਸ਼ੇ ਅਨੁਸਾਰ ਸ਼ਾਂਤੀ ਅਤੇ ਭਾਈਵਾਲਤਾ ਕਾਇਮ ਕਰਨ ਲਈ ਵਿਰੋਧੀਆਂ ਦੇ ਹਮਲਿਆਂ ਦਾ ਟਾਕਰਾ ਕਰਨਾ ਪਿਆ ਅਤੇ ਕੁਰਬਾਨੀਆਂ ਦੇਣੀਆਂ ਪਈਆਂ, ਅਤੇ ਗੁਰਮਤਿ ਵਿਰੋਧੀਆਂ ਨੇ ਝੂਠੇ ਇਤਹਾਸ ਰਚ ਕੇ ਗੁਰੂ ਸਾਹਿਬਾਨ ਦੀ ਵਿਅੰਗਮਈ ਪਰਸੰਸਾ ਦਾ ਦਿਖਾਵਾ ਕਰ ਕੇ ਸ਼ਰਧਾਲੂਆਂ ਨੂੰ ਗੁਮਰਾਹ ਕੀਤਾ, ਉਹਨਾਂ ਨੂੰ ਘੋਖਣ ਨਾਲ ਹੀ ਗੁਰਮਤਿ ਵਿਰੋਧੀਆਂ ਦੇ ਮਨਸੂਬਿਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਦੇ ਪੁੱਤਰ, ਬਾਬਾ ਸ੍ਰੀ ਚੰਦ ਨੇ ਗੁਰੂ ਸਾਹਿਬ ਤੋਂ ਆਕੀ ਹੋ ਕੇ ਆਪਣਾ ਗੁਰਮਤਿ ਵਿਰੋਧੀ ਉਦਾਸੀ ਮਤ ਚਲਾ ਲਿਆ ਸੀ, ਜਿਸ ਦਾ ਵਰਨਣ ਗੁਰਬਾਣੀ ਵਿਚ ਸੱਤੇ ਅਤੇ ਬਲਵੰਡ ਦੀ ਰਾਮਕਲੀ ਰਾਗ ਦੀ ਵਾਰ ਵਿਚ ਮਿਲਦਾ ਹੈ। ਗੁਰਮਤਿ ਵਿਰੋਧੀਆਂ ਨੇ ਗੁਰੂ ਨਾਨਕ ਸਾਹਿਬ ਦੇ ਪਰਕਾਸ਼ ਉਤਸਵ ਅਤੇ ਜੀਵਨੀ ਬਾਰੇ ਵਿਸ਼ਾਲ ਜਨਮ ਸਾਖੀ ਮਿਥਿਹਾਸ ਰਚ ਕੇ ਸ਼ਰਧਾਲੂਆਂ ਨੂੰ ਐਸਾ ਗੁਮਰਾਹ ਕੀਤਾ ਹੈ ਕਿ ਉਹ ਹੁਣ ਤੱਕ ਗੁਰੂ ਸਾਹਿਬ ਦੇ ਪਰਕਾਸ਼ ਦਿਵਸ ਅਤੇ ਉਹਨਾਂ ਦੇ ਸਾਥੀਆਂ ਬਾਰੇ ਭੰਬਲਭੂਸੇ ਵਿਚ ਪਏ ਹੋਏ ਹਨ। ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਆਪਣਾ ਟਿਕਾਣਾ ਬਣਾਉਣਾ ਪਿਆ। ਗੁਰੂ ਅੰਗਦ ਸਾਹਿਬ ਦੇ ਪੁੱਤਰ, ਦਾਤੂ ਜੀ, ਨੇ ਗੁਰਿਆਈ ਪ੍ਰਾਪਤ ਕਰਨ ਲਈ ਅਸਭਿਅਕ ਵਿਵਾਦ ਛੇੜ ਦਿੱਤਾ। ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਜਾਣਾ ਪਿਆ। ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਿੱਤੇ ਜਾਣ ਤੇ ਗੁਰੂ ਅਮਰਦਾਸ ਜੀ ਦੇ ਪੁੱਤਰ ਵੀ ਖੁਸ਼ ਨਹੀਂ ਹੋਏ ਸਨ ਅਤੇ ਗੁਰੂ ਰਾਮਦਾਸ ਸਾਹਿਬ ਨੂੰ ਵੀ ਗੋਇੰਦਵਾਲ ਛੱਡਣਾ ਪਿਆ। ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ, ਪ੍ਰਿਥੀਚੰਦ ਨੇ ਤੇ ਗੁਰਿਆਈ ਲੈਣ ਲਈ ਜੁੱਧ ਹੀ ਛੇੜ ਦਿੱਤਾ ਸੀ ਜੋ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਪ੍ਰਿਥੀਚੰਦ ਗੁਰੂ ਹਰਿਗੋਬਿੰਦ ਸਾਹਿਬ ਨੂੰ ਵੀ ਛੋਟੀ ਉਮਰ ਤੋਂ ਹੀ ਤੰਗ ਕਰਦਾ ਰਿਹਾ। ਦਰਬਾਰ ਸਾਹਿਬ ਦੇ ਹੁੰਦੇ ਹੋਏ ਉਹਨਾਂ ਨੂੰ ਦਰਬਾਰ ਸਾਹਿਬ ਦੇ ਬਾਹਰ ਵਾਰ ਟਿਕਾਣਾ ਬਣਾਉਣਾ ਪਿਆ, ਕਾਫੀ ਸਮਾਂ ਕਸ਼ਮੀਰ ਅਤੇ ਪੂਰਬ ਵਿਚ ਨਾਨਕ ਮੱਤੇ ਗੁਰਮਤਿ ਦੇ ਪਰਚਾਰ ਲਈ ਪੰਜਾਬ ਤੋਂ ਬਾਹਰ ਰਹੇ ਅਤੇ ਚਾਰ ਜੰਗਾਂ ਲੜੀਆਂ। ਜਦੋਂ ਉਹ ਅੰਮ੍ਰਿਤਸਰ ਵਿਚ ਨਾ ਰਹਿ ਸਕੇ ਅਤੇ ਗੁਰੂ ਅਰਜਨ ਸਾਹਿਬ ਦੇ ਵਸਾਏ ਕਰਤਾਰਪੁਰ ਵਿਚ ਵੀ ਰਹਿਣਾ ਸੰਭਵ ਨਾ ਹੋਇਆ ਤਦ ਉਹਨਾਂ ਨੂੰ ਆਪਣਾ ਟਿਕਾਣਾ ਕੀਰਤਪੁਰ ਸਾਹਿਬ ਬਣਾਉਣਾ ਪਿਆ। ਓਦੋਂ ਤੋਂ ਗੁਰੂ ਸਾਹਿਬਾਨ ਨੂੰ ਕੀਰਤਪੁਰ ਸਾਹਿਬ ਤੋਂ ਪੱਛਮੀ ਇਲਾਕੇ, ਮਾਝੇ-ਦੁਆਬੇ ਨੂੰ ਸਦਾ ਲਈ ਅਲਵਿਦਾ ਕਹਿ ਕੇ ਪੁਆਧ ਤੇ ਮਾਲਵੇ ਦੇ ਸੀਮਤ ਇਲਾਕੇ ਵਿਚ ਗੁਰਮਤਿ ਪਰਚਾਰ ਕਰਨ ਲਈ ਨਵਾਂ ਪਰਚਾਰ ਕੇਂਦਰ ਸਥਾਪਤ ਕਰਨਾ ਪਿਆ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਵਸਾ ਕੇ ਸਥਾਪਤ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਅਨੰਦਪੁਰ ਸਾਹਿਬ ਵੀ ਜੁੱਧ ਦਾ ਅਖਾੜਾ ਬਣ ਕੇ ਰਹਿ ਗਿਆ। ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿਚ ਗੁਰਮਤਿ ਪ੍ਰਚਾਰ ਦੇ ਕਿਸੇ ਪੱਕੇ ਕੇਂਦਰ ਦੀ ਸਥਾਪਨਾ ਨਾ ਹੋ ਸਕੀ ਕਿਉਂਕਿ ਗੁਰੂ ਸਾਹਿਬਾਨ ਵੱਲੋਂ ਸਥਾਪਤ ਹਰ ਗੁਰਮਤਿ ਪਰਚਾਰ ਕੇਂਦਰ ਤੇ ਪਰਵਾਰਿਕ ਗੁਰਮਤਿ ਵਿਰੋਧੀਆਂ ਨੇ ਆਪਣੇ ਨਿਜੀ ਲਾਭ ਲਈ ਜ਼ਬਰਦਸਤੀ ਕਬਜ਼ੇ ਕਰ ਲਏ ਸਨ ਅਤੇ ਗੁਰਮਤਿ ਵਿਰੋਧੀ ਪਰਚਾਰ ਸ਼ੁਰੂ ਕਰ ਦਿੱਤਾ ਸੀ। ਇਹ ਤੱਥ ਧਿਆਨਯੋਗ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ਅਤੇ ਗੁਰਮਤਿ ਪਰਚਾਰ ਲਈ ਸਥਾਪਤ ਹੋਰ ਟਿਕਾਣਿਆਂ ਤੇ ਗੁਰਮਤਿ ਵਿਰੋਧੀਆਂ ਵੱਲੋਂ ਪਰਚਾਰ ਹੋਣਾ ਸ਼ੁਰੂ ਹੋ ਗਿਆ ਸੀ ਜੋ ਸਿੱਖ ਧਰਮ ਦੀ ਅਜੋਕੀ ਪਰੰਪਰਾ ਬਣ ਗਿਆ।
ਗੁਰੂ ਸਾਹਿਬਾਨ ਦੇ ਪਰਵਾਰਿਕ ਵਿਰੋਧੀਆਂ ਨੇ ਸ਼ੁਰੂ ਤੋਂ ਹੀ ਮੁਗਲ ਸਾਸ਼ਨ ਨੂੰ ਗੁਰੂ ਸਾਹਿਬਾਨ ਵਿਰੁਧ ਉਕਸਾਉਣ ਅਤੇ ਕਨੂੰਨੀ ਕਾਰਵਾਈ ਕਰਨ ਲਈ ਝੂਠੀਆਂ ਸ਼ਿਕਾਇਤਾਂ ਕਰਨ ਦੀ ਨੀਤੀ ਅਖਤਿਆਰ ਕਰ ਲਈ ਸੀ। ਮੁਗਲ ਸਾਸ਼ਨ ਹਿੰਦੂ ਧਰਮ ਵਿਚ ਵੀ ਸਿੱਧੀ ਦਖ਼ਲ ਅੰਦਾਜ਼ੀ ਨਹੀਂ ਸੀ ਕਰਦਾ ਅਤੇ ਸਿੱਖ ਧਰਮ ਬਾਰੇ ਤੇ ਸਾਸ਼ਨ ਦੀ ਰਾਏ ਇਤਰਾਜ਼ ਯੋਗ ਹੈ ਹੀ ਨਹੀਂ ਸੀ। ਪਰ ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸਾਂ ਵੱਲੋਂ ਗੁਰੂ ਅਮਰ ਦਾਸ ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਮੁਗਲ ਸਾਸ਼ਨ ਨੂੰ ਸ਼ਿਕਾਇਤਾਂ ਦਾ ਸਿਲਸਿਲਾ ਅਤੁੱਟ ਜਾਰੀ ਰਿਹਾ ਸੀ। ਉਹਨਾਂ ਸ਼ਿਕਾਇਤਾਂ ਦਾ ਮਨੋਰਥ ਤੇ ਗੁਰਬਾਣੀ ਨੂੰ ਗੈਰਕਾਨੂੰਨੀ ਘੋਸ਼ਿਤ ਕਰਵਾਉਣਾ ਅਤੇ ਗੁਰੂ ਸਾਹਿਬਾਨ ਨੂੰ ਦੰਡ ਦਿਵਾਉਣਾ ਸੀ ਪਰ ਉਹ ਸ਼ਿਕਾਇਤਾਂ ਸ਼ਰਧਾਲੂਆਂ ਨੂੰ ਡਰਾਉਣ ਲਈ ਵੀ ਵਰਤੀਆਂ ਜਾਂਦੀਆਂ ਸਨ। ਵਿਰੋਧੀਆਂ ਵੱਲੋਂ ਉਕਸਾਏ ਸਾਸ਼ਨ ਦੀਆਂ ਵਧੀਕੀਆਂ ਸਿੱਖਾਂ ਨੂੰ ਅਯੋਗ ਅਤੇ ਅਨਿਆਈ ਜਾਪਦੀਆਂ ਸਨ ਜਿਸ ਨਾਲ ਸਿੱਖਾਂ ਅਤੇ ਸਾਸ਼ਨ ਵਿਚ ਗਲਤਫੈਹਮੀ ਵਧਣੀ ਸੁਭਾਵਕ ਸੀ। ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਿਆਈ ਸਮੇਂ ਤੇ ਪਰਵਾਰਿਕ ਵਿਰੋਧੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਦੀਆ ਸਾਜ਼ਸ਼ਾਂ ਹੋਰ ਵੀ ਹਿੰਸਕ ਅਤੇ ਘਾਤਕ ਹੋ ਗਈਆਂ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਇਹਨਾਂ ਸਾਜ਼ਸ਼ਾਂ ਦਾ ਹੀ ਪਰਿਣਾਮ ਸੀ। ਗੁਰਮਤਿ ਵਿਰੋਧੀਆਂ ਦਾ ਇਹ ਵੀ ਨਿਸ਼ਚਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਉਹ ਆਪ ਗੁਰੂ ਬਣ ਸਕਣਗੇ, ਪਰ ਐਸਾ ਨਾ ਹੋ ਸਕਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੀ ਉਮਰ ਵਿਚ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਤੇ ਉਹਨਾਂ ਨੂੰ ਹੰਡੇ ਹੋਏ ਸ਼ਾਤਰ ਪਰਵਾਰਿਕ ਵਿਰੋਧੀਆਂ ਦੀਆਂ ਮਾਰੂ ਸਾਜ਼ਸ਼ਾਂ ਦਾ ਮੁਕਾਬਲਾ ਕਰਨਾ ਪੈ ਗਿਆ। ਜਦੋਂ ਗੁਰੂ ਸਾਹਿਬ ਨੇ ਦਮਦਮੀ ਬੀੜ ਦਾ ਸੰਕਲਣ ਕਰ ਕੇ ਸਿੱਖ ਧਰਮ ਵਿਚ ਗੁਰਮਤਿ ਦੀ ਪੱਕੀ ਨੀਂਹ ਉਸਾਰ ਦਿੱਤੀ ਅਤੇ ਓਧਰ ਮੁਗਲ ਸਾਸ਼ਨ ਨੂੰ ਗੁਰੂ ਸਾਹਿਬ ਵਿਰੁਧ ਸ਼ਿਕਾਇਤਾਂ ਦੀ ਅਸਲੀਅਤ ਦਾ ਪਤਾ ਲਗਣ ਤੇ ਉਹਨਾਂ ਗੁਰੂ ਸਾਹਿਬ ਨਾਲ ਸਮਝੌਤੇ ਦਾ ਪ੍ਰਸਤਾਵ ਰੱਖ ਦਿੱਤਾ ਤਾਂ ਗੁਰਮਤਿ ਵਿਰੋਧੀਆਂ ਦੀਆਂ ਸਾਰੀਆਂ ਸਾਜ਼ਸ਼ਾਂ ਤੇ ਪਾਣੀ ਫਿਰ ਗਿਆ ਅਤੇ ਉਹਨਾਂ ਨੇ ਬਦਲਾ ਲੈਣ ਲਈ ਕੀ ਕੁੱਝ ਕੀਤਾ ਉਸ ਦਾ ਅਨੁਮਾਨ ਤੇ ਪਿਛੋਂ ਹੋਣ ਵਾਲੀਆਂ ਘਟਨਾਵਾਂ ਤੋਂ ਹੀ ਲਾਇਆ ਜਾ ਸਕਦਾ ਹੈ। ਪਰ ਗੁਰਮਤਿ ਵਿਰੋਧੀਆਂ ਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਗੈਰਕਾਨੂੰਨੀ ਘੋਸ਼ਿਤ ਕਰਵਾਉਣ, ਗੁਰਬਾਣੀ ਦੀ ਪੋਥੀ ਸਾਹਿਬ ਪਰ ਕਬਜ਼ਾ ਕਰ ਕੇ ਉਸ ਨੂੰ ਗਾਇਬ ਕਰਨ ਜਾਂ ਉਸ ਦੀ ਬਾਣੀ ਵਿਚ ਰਲਾ ਕਰਨ ਦੀਆਂ ਸਾਰੀਆਂ ਸਾਜ਼ਸ਼ਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਕਾਮ ਕਰ ਦਿੱਤੀਆਂ।
ਗੁਰੂ ਸਾਹਿਬਾਨ ਬਾਰੇ ਗੁਰਮਤਿ ਵਿਰੋਧੀਆਂ ਵੱਲੋਂ ਰਚੇ ਇਤਹਾਸ ਵਿਚ ਗੁਰੂ ਸਾਹਿਬਾਨ ਦੀ ਪਰਸੰਸਾ ਕੀਤੀ ਗਈ ਹੈ ਤਾਂ ਜੋ ਵਿਰੋਧੀਆਂ ਦੀਆਂ ਸਾਜ਼ਸ਼ਾਂ ਦੀ ਭਿਣਕ ਨਾ ਪਵੇ ਅਤੇ ਉਹਨਾਂ ਦੇ ਵੰਸ਼ਜਾਂ ਨੂੰ ਗੁਰੂ ਸਾਹਿਬਾਨ ਦੀ ਮਾਨਤਾ, ਸਤਿਕਾਰ ਅਤੇ ਸੰਪਤੀ ਤੇ ਅਧਿਕਾਰ ਜਮਾਉਣ ਵੇਲੇ ਕੋਈ ਸ਼ਰਧਾਲੂ ਕਿੰਤੂ ਨਾ ਕਰੇ। ਅਜੋਕੇ ਸਿਆਸੀ ਆਗੂਆਂ ਵਾਂਗ ਉਹ ਗੁਰੂ ਸਾਹਿਬਾਨ ਦੀ ਲੋਕ ਪਰੀਅਤਾ ਅਤੇ ਕੁਰਬਾਨੀਆਂ ਦਾ ਪੂਰਾ ਮੁੱਲ ਖੱਟਣਾ ਚਾਹੁੰਦੇ ਸਨ। ਉਹਨਾਂ ਦੇ ਵਡੇਰਿਆਂ ਨੇ ਵੀ ਆਪਣੀ ਬੰਦੂਕ ਦਾ ਨਿਸ਼ਾਨਾ ਤੇ ਗੁਰੂ ਸਾਹਿਬਾਨ ਤੇ ਸਾਧਿਆ ਹੋਇਆ ਸੀ ਪਰ ਉਹ ਮੋਢਾ ਮੁਗਲ ਸਾਸ਼ਨ ਜਾਂ ਪਹਾੜੀ ਰਾਜਿਆਂ ਦਾ ਵਰਤਦੇ ਸਨ। ਗੁਰਮਤਿ ਵਿਰੋਧੀ ਅਸਲੀਅਤ ਨੂੰ ਛੁਪਾ ਕੇ ਹੀ ਗੁਰਮਤਿ ਵਿਚਾਰਧਾਰਾ ਦੇ ਵਾਰਸ ਅਤੇ ਸਿੱਖ ਧਰਮ ਦੇ ਆਗੂ ਹੋਣ ਦਾ ਪਖੰਡ ਕਰ ਸਕਦੇ ਸੀ। ਗੁਰੂ ਸਾਹਿਬਾਨ ਦੀਆਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸ ਅਤੇ ਉਹਨਾਂ ਦੀ ਸੰਤਾਨ ਅਤੇ ਸਹਿਯੋਗੀ ਸਨ, ਪਰ ਉਹਨਾਂ ਨੇ ਬੜੀ ਹੁਸ਼ਿਆਰੀ ਨਾਲ ਆਪਣੀਆਂ ਅਤੇ ਆਪਣੇ ਬਜ਼ੁਰਗਾਂ ਦੀਆਂ ਸਾਜ਼ਸ਼ਾਂ ਪਰ ਪਰਦਾ ਪਾਉਣ ਲਈ ਇਤਿਹਾਸਕਾਰਾਂ ਨੂੰ ਵਰਤਿਆ ਅਤੇ ਅਗਿਆਨੀ ਸ਼ਰਧਾਲੂਆਂ ਦੀਆਂ ਨਜ਼ਰਾਂ ਵਿਚ ਮੁਗਲ ਸਾਸ਼ਨ ਅਤੇ ਪਹਾੜੀ ਰਾਜਿਆਂ ਨੂੰ ਸਿੱਖ ਧਰਮ ਦੇ ਵੈਰੀ ਬਣਾ ਦਿੱਤਾ। ਪਹਿਲੋਂ ਆਪ ਹੀ ਮੁਗਲ ਸਾਸ਼ਨ ਨੂੰ ਗੁਰੂ ਸਾਹਿਬ ਵਿਰੁਧ ਸ਼ਿਕਾਇਤਾਂ ਕਰ ਕੇ ਉਕਸਾਇਆ ਫਿਰ ਆਪ ਹੀ ਸਾਸ਼ਨ ਨੂੰ ਗੁਰੂ ਸਾਹਿਬਾਨ ਦਾ ਵੈਰੀ ਆਖਣ ਲੱਗ ਪਏ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ਅਤੇ ਹੋਰ ਗੁਰਮਤਿ ਪਰਚਾਰ ਕੇਂਦਰਾਂ ਤੇ ਕਬਜ਼ੇ ਕਰ ਕੇ ਗੁਰਮਤਿ ਵਿਰੋਧੀਆਂ ਨੇ ਆਪਣੀ ਗੁਰਮਤਿ ਵਿਰੋਧੀ ਵਿਚਾਰਧਾਰਾ ਨੂੰ ਪਰਚਾਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਸਨਾਤਨੀ ਵਿਚਾਰਧਾਰਾ ਤੋਂ ਪਰਭਾਵਿਤ ਸਿੱਖ ਇਤਿਹਾਸਕਾਰਾਂ ਨੇ ਅਤੇ ਉਹਨਾਂ ਦੀਆਂ ਲਿਖਤਾਂ ਤੋਂ ਪਰਭਾਵਿਤ ਢਾਡੀਆਂ, ਰਾਗੀਆਂ ਅਤੇ ਕਥਾਕਾਰਾਂ ਨੇ ਧੂੰਆਂ ਧਾਰ ਪਰਚਾਰ ਰਾਹੀਂ ਉਸ ਨੂੰ ਸਿੱਖ ਧਰਮ ਦੀ ਮੁੱਖ ਧਾਰਾ, ਪਰੰਪਰਾ ਅਤੇ ਰਹਿਤ ਬਣਾ ਦਿੱਤਾ। ਸਿੱਖ ਧਰਮ ਦੀ ਅਜੋਕੀ ਮੁਖ ਧਾਰਾ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਦੀ ਸਨਾਤਨੀ ਵਿਚਾਰਧਾਰਾ ਦੇ ਪਰਭਾਵ ਅਧੀਨ ਸਿਰਜੀ ਪਰੰਪਰਾ ਦੀ ਉਪਜ ਹੈ। ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਬਖ਼ਸ਼ਿਸ਼ ਸਥਾਪਤ ਪਰੱਥਾ ਅਨੁਸਾਰ ਨਹੀਂ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ੨੨ ਦਾਹਵੇਦਾਰਾਂ ਵਿਰੁਧ ਸਿੱਖ ਸ਼ਰਧਾਲੂਆਂ ਨੇ ਗੁਰਿਆਈ ਦੀ ਮਾਨਤਾ ਦਿੱਤੀ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿੱਤਾ ਦੀ ਇਕਲੌਤੀ ਸੰਤਾਨ ਹੋਣ ਕਾਰਨ ਗੁਰਿਆਈ ਦੇ ਹੱਕਦਾਰ ਬਣ ਗਏ ਸਨ। ਗੁਰੂ ਪਦਵੀ ਦੀ ਚੋਣ ਕੁੱਝ ਵਿਸ਼ੇਸ਼ ਗੁਣਾਂ ਦੇ ਆਧਾਰ ਤੇ ਕਰਨ ਦੀ ਪਰੱਥਾ ਸੀ, ਉਹਨਾਂ ਵਿਚ ਗੁਰਮਤਿ ਵਿਚਾਰਧਾਰਾ ਦੇ ਪਰਸਾਰ ਲਈ ਸਮਰਪਿਤ ਜੀਵਨ ਅਤੇ ਯੋਗਤਾ ਮੁੱਖ ਗੁਣ ਹੁੰਦਾ ਸੀ। ਸਾਰੇ ਗੁਰੂ ਸਾਹਿਬਾਨ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰ: ੯੬੬) ਅਤੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰਿ॥“ (ਪੰ: ੬੪੬) ਦੇ ਧਾਰਨੀ ਨਾਨਕ ਸਰੂਪ ਸਨ। ਉਹਨਾਂ ਦਾ ਜੀਵਨ ਨਿਮਰਤਾ, ਹਲੀਮੀ, ਸਹਿਜ, ਸੇਵਾ, ਨਿਰਭੈਤਾ ਅਤੇ ਨਿਰਵੈਰਤਾ ਦਾ ਮੁਜੱਸਮਾ ਸੀ। ਇਤਿਹਾਸਕਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨੂੰ ਇਕ ਵਿਸ਼ੇਸ਼ ਮੋੜ ਦੇਣ ਦਾ ਜਤਨ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਉਪਦੇਸ਼ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਮਨੁੱਖਤਾ ਦੇ ਕਲਿਆਣ ਲਈ ਹੈ ਅਤੇ ਉਹਨਾਂ ਨੇ ਧਾਰਮਕ ਸੁਤੰਤਰਤਾ ਨੂੰ ਮਨੁੱਖੀ ਅਧਿਕਾਰ ਐਲਾਨ ਕੇ ਮਾਨਵਤਾ ਨੂੰ ਗੁਰਮਤਿ ਦੇ “ਫਕੜੁ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥“ (ਪੰ: ੮੩) ਦੇ ਸਿਧਾਂਤ ਨੂੰ ਵਿਹਾਰਕ ਰੂਪ ਦਿੱਤਾ ਹੈ। ਇਤਿਹਾਸਕਾਰ ਗੁਰੂ ਸਾਹਿਬ ਦੇ ਧਰਮ ਦੇ ਮਹੱਤਵਪੂਰਨ ਮਾਨਵੀ ਅਧਿਕਾਰ ਲਈ ਕੀਤੇ ਉੱਦਮ ਨੂੰ ‘ਹਿੰਦ ਦੀ ਚਾਦਰ’ ਦੇ ਮਿਥਿਹਾਸ ਨਾਲ ਰਲਗੱਡ ਕਰਕੇ ਉਹਨਾਂ ਨੂੰ ਹਿੰਦੂ ਧਰਮ ਦਾ ਰਖਿਅਕ ਸਿੱਧ ਕਰਨਾ ਚਾਹੁੰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਵੱਲੋਂ ਸਿਰਜੀ ਗੁਰਮਤਿ ਦੇ ਆਖਰੀ ਦੇਹ ਧਾਰੀ ਗੁਰੂ ਸਨ ਅਤੇ ਉਹਨਾਂ ਨੇ ਸਾਰੀ ਗੁਰਬਾਣੀ ਨੂੰ ਕੱਚੀਆਂ ਰਚਨਾਵਾਂ ਤੋਂ ਨਖੇੜ ਕੇ ਦਮਦਮੀ ਬੀੜ ਆਖੇ ਜਾਂਦੇ ਗ੍ਰੰਥ ਸਾਹਿਬ ਵਿਚ ਸੰਕਲਿਤ ਕਰ ਕੇ ਸੰਪੂਰਨ ਰੂਪ ਦੇਣ ਦਾ ਉਪਕਾਰ ਕੀਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘੋਸ਼ਿਤ ਕਰ ਕੇ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ” (ਪੰ: ੯੮੨) ਦੇ ਸੰਕਲਪ ਨੂੰ ਸਾਕਾਰ ਕੀਤਾ ਹੈ। ਜੋ ਕਾਰਜ ਗੁਰੂ ਅਰਜਨ ਸਾਹਿਬ ਨੇ ਅਰੰਭਿਆ ਸੀ ਉਸ ਨੂੰ ਗੁਰੂ ਸਾਹਿਬ ਨੂੰ ਸੰਪੂਰਨ ਰੂਪ ਦੇ ਕੇ ਸਿੱਖ ਜਗਤ ਨੂੰ ਸੌਂਪਣ ਦਾ ਬਹੁਤ ਵੱਡਾ ਉਪਕਾਰ ਕੀਤਾ ਹੈ। ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਅਕਸਰ ਇਹ ਪਰਭਾਵ ਪਾਉਂਦੇ ਹਨ ਕਿ ਉਹ ਇਕ ਮਹਾਨ ਜਰਨੈਲ, ਸੰਗਠਕ, ਯੋਧਾ, ਜੁੱਧ ਨੀਤੀ ਵਿਚ ਨਿਪੁੰਨ, ਕਲਗੀ ਵਾਲੇ, ਬਾਜਾਂ ਵਾਲੇ, ਬਲੀ ਦਾਨੀ, ਸਰਬੰਸ ਦਾਨੀ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਅਤੇ ਖਾਲਸਾ ਪੰਥ ਦੇ ਸਿਰਜਣ ਹਾਰੇ ਸਨ। ਅਜਿਹੇ ਬਿਰਤਾਂਤ ਅਕਸਰ ਗੁਰੂ ਸਾਹਿਬ ਦੀਆਂ ਅਧਿਆਤਮਿਕ ਕਿਰਿਆਵਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਸੈਨਕ ਅਤੇ ਰਾਜਨੀਤਕ ਗੁਣ ਤੇ ਕਿਸੇ ਵਿਅਕਤੀ ਵਿਚ ਵੀ ਹੋ ਸਕਦੇ ਹਨ, ਅਜਿਹੇ ਗੁਣ ਉਸ ਵਿਅਕਤੀ ਨੂੰ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਨਹੀਂ ਬਣਾ ਦਿੰਦੇ। ਗੁਰੂ ਸਾਹਿਬ ਦੇ ਗੁਰਮਤਿ ਪਰਸਾਰ ਲਈ ਕੀਤੇ ਉੱਦਮ ਦੇ ਉਚਿਤ ਵਰਨਣ ਦੀ ਘਾਟ ਕਾਰਨ ਹੀ ਕਈ ਭਾਰਤੀ ਵਿਦਵਾਨ ਗੁਰੂ ਸਾਹਿਬ ਦੀ ਤੁਲਣਾ ਸ਼ਿਵਾ ਜੀ ਮਰਾਠੇ ਨਾਲ ਜਾ ਕਰਦੇ ਹਨ। ਸ਼ਰਧਾਲੂਆਂ ਨੂੰ ਭਾਵਕ ਕਰਨ ਲਈ ਸਿੱਖ ਵਿਦਵਾਨ ੧੬੯੯ ਦੀ ਵਿਸਾਖੀ ਨਾਲ ਮਿਥਹਾਸਕ ਕਰਾਮਾਤਾਂ ਜੋੜ ਦਿੰਦੇ ਹਨ ਪਰ ਗੁਰੂ ਸਾਹਿਬ ਨੂੰ ਗੁਰਮਤਿ ਪਰਚਾਰ ਵਿਚ ਦਰਪੇਸ਼ ਮੁਸ਼ਕਲਾਂ, ਉਹਨਾਂ ਦੇ ਕਾਰਨ ਅਤੇ ਸਿਟਿਆਂ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੇ। ਉਹ ਗੁਰੂ ਸਾਹਿਬ ਦੀਆਂ ਮੁਸ਼ਕਿਲਾਂ ਨੂੰ ਮਹਾਨ ਦੁਨਿਆਵੀ ਪਰਾਪਤੀਆਂ ਦਰਸਾ ਕੇ ਸ਼ਰਧਾਲੂਆਂ ਨੂੰ ਐਸਾ ਭਾਵਕ ਕਰ ਦਿੰਦੇ ਹਨ ਕਿ ਸ਼ਰਧਾਲੂ ਗੁਰੂ ਸਾਹਿਬ ਦੀਆਂ ਅਤਿਅੰਤ ਔਖੇ ਸਮੇਂ ਵਿਚ ਗੁਰਮਤਿ ਪਰਸਾਰ ਲਈ ਕੀਤੀਆਂ ਉਤਕਰਿਸ਼ਟ ਅਤੇ ਮਹਾਨ ਆਤਮਕ ਕਿਰਿਆਵਾਂ ਦੇ ਮਹੱਤਵ ਦੀ ਕਦਰ ਕਰਨ ਦੇ ਸਮਰਥ ਨਹੀਂ ਰਹਿੰਦੇ। ਜਿਨ੍ਹਾਂ ਸੈਨਕ ਪਰਾਪਤੀਆਂ ਨੂੰ ਇਤਿਹਾਸਕਾਰ ਮਹਾਨ ਦੱਸਦੇ ਹਨ ਇਹੋ ਜਿਹੀਆਂ ਪਰਾਪਤੀਆਂ ਤੇ ਉਸ ਸਮੇਂ ਪੱਛਮ ਵਿਚ ਸ਼ਿਵਾ ਜੀ ਮਰਾਠੇ ਅਤੇ ਕੁੱਝ ਦੇਰ ਪਿਛੋਂ ਦੱਖਣ ਵਿਚ ਹੈਦਰ ਅਲੀ ਨੇ ਵੀ ਕੀਤੀਆਂ ਸਨ। ਅਜਿਹਾ ਕਰਨ ਨਾਲ ਉਹ ਗੁਰੂ ਸਾਹਿਬ ਵਾਲੀ ਅਧਿਆਤਮਿਕ ਪਦਵੀ ਪ੍ਰਾਪਤ ਨਹੀਂ ਕਰ ਗਏ ਸਨ ਕਿਉਂਕਿ ਅਧਿਆਤਮਿਕ ਗਿਆਨ ਅਤੇ ਅਵਸਥਾ ਦੀ ਪਰਾਪਤੀ ਸੰਸਾਰਕ ਸਫਲਤਾਵਾਂ ਅਤੇ ਗੁਣਾਂ ਰਾਹੀਂ ਨਹੀਂ ਕੀਤੀ ਜਾ ਸਕਦੀ।
ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ “ਪੰਥ ਗੁਰੂ” ਅਤੇ “ਸੰਤ ਸਿਪਾਹੀ” ਜੈਸੇ ਸੰਕਲਪ ਵੀ ਜੋੜ ਦਿੱਤੇ ਗਏ ਹਨ। ਇਹ ਦੋਨੋਂ ਸੰਕਲਪ ਆਪਾ ਵਿਰੋਧੀ ਧਾਰਨਾਵਾਂ ਨੂੰ ਮਿਲਾਉਣ ਦੀ ਪਰਕਿਰਿਆ ਦਾ ਸਿੱਟਾ ਹਨ ਅਤੇ ਗੁਰੂ ਸਾਹਿਬ ਦੀ ਗੁਰੂ ਪਦਵੀ ਤੇ ਪ੍ਰਸ਼ਨ ਚਿੰਨ੍ਹ ਲਾ ਦਿੰਦੇ ਹਨ। ਗੁਰੂ ਸਾਹਿਬ ਦੇ ਨਾਂ ਨਾਲ ਜੁੜੇ ਹੋਣ ਕਾਰਨ ਇਹ ਸੰਕਲਪ ਸ਼ਰਧਾਲੂਆਂ ਦੀਆਂ ਰਾਜਸੀ ਇੱਛਾਵਾਂ ਅਤੇ ਭਾਵਨਾਵਾਂ ਨੂੰ ਧਾਰਮਕ ਪਵਿੱਤਰਤਾ ਦਾ ਭਰਮ ਪਾ ਕੇ ਉਤਸ਼ਾਹਿਤ ਕਰਦੇ ਆ ਰਹੇ ਹਨ। “ਪੰਥ ਗੁਰੂ” ਦਾ ਸੰਕਲਪ ਇਕ ਗੁਰਮਤਿ ਵਿਰੋਧੀ ਮਿੱਥ ਹੈ। ਗੁਰਬਾਣੀ ਦਾ ਫੁਰਮਾਨ ਹੈ “ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵਿਚਾਰਿ” (ਪੰ: ੬੪੬)। ਗੁਰਬਾਣੀ ਦਾ ਨਿਰਨਾ ਸਪਸ਼ਟ ਹੈ ਕਿ ਗੁਰੂ ਕੇਵਲ ਇਕ ਹੀ ਹੈ ਅਤੇ ਉਹ ਹੈ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਤਮਕ ਗਿਆਨ ਦਾ ਪਰਕਾਸ਼ ਦੇਣ ਵਾਲੀ ਬਾਣੀ ਹੀ ਗੁਰੂ ਹੈ। ਜੋ ਮਹਾਂਪੁਰਸ਼ ਜਾਂ ਵਸੀਲੇ ਉਸ ਆਤਮਕ ਗਿਆਨ ਦੀ ਬਾਣੀ ਨੂੰ ਸਾਖਿਆਤ ਕਰਨ ਜਾਂ ਉਸ ਦੀ ਸੂਝ ਬਖ਼ਸ਼ਣ ਵਿਚ ਸਹਾਇਕ ਹੁੰਦੇ ਰਹੇ ਸਨ ਉਹਨਾਂ ਨੂੰ ਵੀ ਗੁਰੂ ਪਦਵੀ ਨਾਲ ਸਨਮਾਨਤ ਕਰਨ ਦੀ ਪਰੱਥਾ ਬਣ ਗਈ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਵਾਹਦ ਅਤੇ ਸਦੀਵੀ ਗੁਰੂ ਥਾਪ ਕੇ ਸਮਾਪਤ ਕਰ ਦਿੱਤੀ ਸੀ। ਗੁਰਬਾਣੀ ਵਿਚ ਕਿਸੇ ਸੰਸਥਾ ਨੂੰ ਗੁਰੂ ਨਹੀਂ ਆਖਿਆ ਗਿਆ ਹੈ। ਪੰਥ ਇਕ ਧਾਰਮਕ ਵਿਚਾਰਧਾਰਾ ਦੇ ਉਪਾਸ਼ਕਾਂ ਦਾ ਸਮਾਜਕ ਸੰਗਠਨ ਹੈ, ਜੋ ਸੰਸਾਰ ਵਿਚ ਵਖਰਾ ਹੋ ਕੇ ਵਿਚਰਦਾ ਹੈ। ਇਕ ਸਮਾਜਕ ਸੰਗਠਨ ਹੋਣ ਦੇ ਨਾਤੇ ਪੰਥ ਵਿਚ ਮਾਇਆ ਦਾ ਪਰਭਾਵ ਹੋਣਾ ਸੁਭਾਵਕ ਹੈ ਜਿਸ ਕਰਕੇ ਪੰਥ ਲਈ ਆਤਮਕ ਪਦ ਦੀ ਪਰਾਪਤੀ ਕਰਨੀ ਸੰਭਵ ਨਹੀਂ। ਪੰਥ ਨੂੰ ਗੁਰੂ ਆਖਣਾ ਗੁਰਬਾਣੀ ਉਪਦੇਸ਼ ਦੇ ਅਨੁਕੂਲ ਨਹੀਂ ਹੈ। ਗੁਰਬਾਣੀ ਵਿਚ ਸੰਗਤ ਦਾ ਮਹਾਤਮ ਹੈ ਅਤੇ ਪੰਥ ਸੰਗਤ ਨਹੀਂ ਹੈ। ਸੰਗਤ ਗੁਰੂ ਦੇ ਉਲੀਕੇ ਅਧਿਆਤਮਿਕ ਮਾਰਗ ਉੱਤੇ ਚਲਦੀ ਹੈ ਜਦੋਂ ਕਿ ਪੰਥ ਸਿਆਸੀ ਮਾਰਗ ਤੇ ਚਲਦਾ ਹੈ। ਗੁਰਬਾਣੀ ਦਾ ਕਥਨ ਹੈ: “ਸਤ ਸੰਗਤਿ ਕੈਸੀ ਜਾਣੀਐ॥ ਜਿਥੇ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥“ (ਪੰ: ੭੨)। ਸੰਗਤ ਦੀਆਂ ਦੋ ਵਿਸ਼ੇਸ਼ਤਾਵਾਂ ਹੁੰਦੀਆਂ ਹਨ: ਇਕ, ਇਸ ਵਿਚ ਗੁਰੂ ਹਾਜ਼ਰ ਹੁੰਦਾ ਹੈ, “ਸਤਿਗੁਰ ਬਾਝਹੁ ਸੰਗਤਿ ਨ ਹੋਈ। ਬਿਨ ਸਬਦੇ ਪਾਰੁ ਨ ਪਾਏ ਕੋਈ॥“ (ਪੰ: ੧੦੬੮)। ਦੂਜਾ, ਸੰਗਤ ਵਿਚ ਸਾਰੇ ਗੁਰਮਤਿ ਦੇ ਮਾਰਗ ਤੇ ਚਲਣ ਵਾਲੇ ਭਾਈਅੜੇ ਹੁੰਦੇ ਹਨ। ਵਖਰੇ ਅਤੇ ਅਨੂਠੇ ਸੰਸਾਰਕ ਖਾਲਸਾ ਪੰਥ ਦਾ ਸੰਕਲਪ ਗੁਰਮਤਿ ਦੇ ਇਕ ਪ੍ਰਭੂ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਦੀ ਏਕਤਾ ਅਤੇ ਉਸ ਏਕਤਾ ਵਿਚ ਅਨੇਕਤਾ ਦੀ ਸਾਂਝੀਵਾਲਤਾ ਅਤੇ ਬਰਾਬਰਤਾ ਦੇ ਉਪਦੇਸ਼ ਦੇ ਅਨੁਕੂਲ ਨਹੀਂ ਹੈ। ਗੁਰਬਾਣੀ ਦਾ ਕਥਨ ਹੈ: “ਨਾਨਕ ਸਚਾ ਏਕੁ ਹੈ ਦੁਹੁ ਵਿਚ ਹੈ ਸੰਸਾਰੁ” (ਪੰ: ੯੫੦)। ਵੰਡੀਆਂ ਪਾਉਣਾ ਸੰਸਾਰ ਦੀ ਕਾਰ ਹੈ ਗੁਰਮਤਿ ਦੀ ਨਹੀਂ। ਗੁਰਮਤਿ ਮਨੁੱਖੀ ਏਕਤਾ, ਬਰਾਬਰਤਾ ਅਤੇ ਨਿਜੀ ਸੁਤੰਤਰਤਾ ਦੀ ਮੁੱਦਈ ਅਤੇ ਮਨੁੱਖਤਾ ਵਿਚ ਭੇਦ ਭਾਵ ਦੀ ਵਿਰੋਧੀ ਹੈ। ਗੁਰੂ ਸਾਹਿਬਾਨ ਨੇ ਸਾਰੀ ਮਾਨਵਤਾ ਨੂੰ ਐਸੇ ਗੁਰਮਤਿ ਉਪਦੇਸ਼ ਅਨੁਸਾਰ ਜੀਵਨ ਢਾਲਣ ਲਈ ਪ੍ਰੇਰਿਤ ਕੀਤਾ ਹੈ ਕੁੱਝ ਖਾਸ ਵਿਅਕਤੀਆਂ ਨੂੰ ਨਹੀਂ। ਉਹਨਾਂ ਨੇ ਲੋਕਾਂ ਵਿਚ ਵੰਡੀਆਂ ਨਹੀਂ ਪਾਈਆਂ ਹਨ।
ਦੂਜਾ, ਸੰਤ ਸਿਪਾਹੀ ਦਾ ਸੰਕਲਪ ਸੰਤ ਨੂੰ ਸਿਪਾਹੀ ਦੇ ਦੁਨਿਆਵੀ ਕਰਤਵਾਂ ਦਾ ਭਾਗੀ ਬਣਾ ਕੇ ਉਸ ਨੂੰ ਅਧਿਆਤਮਿਕ ਗੁਣਾਂ ਤੋਂ ਵੰਚਤ ਕਰ ਦਿੰਦਾ ਹੈ। ਸਿਪਾਹੀ ਹਉਮੈ ਤੋਂ ਉਪਜਿਆ ਇਕ ਦੁਨਿਆਵੀ ਕਿੱਤਾ ਹੈ ਜਿਸ ਦੇ ਕਰਤਵ ਸੰਤ ਦੇ ਅਧਿਆਤਮਿਕ ਕਰਤਵਾਂ ਤੋਂ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਨ ਹੈ: “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥“ (ਪੰ: ੫੬੦)। ਜੋ ਸਿਪਾਹੀ ਹੈ ਉਹ ਸੰਤ ਨਹੀਂ ਹੁੰਦਾ। ਜੋ ਸੰਤ ਹੈ ਉਸ ਵਿਚ ਸਾਰੇ ਗੁਣ ਹੁੰਦੇ ਹਨ ਕਿਊਂਕੇ ਸੰਤ ਪ੍ਰਭੂ ਦੇ ਵਰੋਸਾਏ ਪ੍ਰਭੂ ਦੇ ਗੁਣਾਂ ਦੇ ਧਾਰਨੀ, ਪ੍ਰਭੂ ਰੂਪ ਹੁੰਦੇ ਹਨ। ਕ੍ਰਿਸ਼ਨ ਜੀ, ਗੌਤਮ ਬੁੱਧ, ਜ਼ਰਦੁਸ਼ਤ, ਯਸ੍ਹੂ ਮਸੀਹ, ਹਜ਼ਰਤ ਮੁਹਮਦ ਸਾਹਿਬ, ਗਰੂ ਨਾਨਕ ਸਾਹਿਬ, ਨਾਨਕ ਸਰੂਪ ਗੁਰੂ ਸਾਹਿਬਾਨ ਅਤੇ ਭਗਤ ਜਨ ਸੰਤਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਸੰਤ ਆਤਮਕ ਜੀਵਨ ਜਿਊਂਦੇ ਅਤੇ ਹੋਰਨਾ ਨੂੰ ਆਤਮਕ ਜੀਵਨ ਜਿਊਣ ਲਈ ਪਰੇਰਤ ਕਰਦੇ ਅਤੇ ਉਸ ਦੀ ਜਾਚ ਸਿਖਾਉਂਦੇ ਹਨ। ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਸਿਪਾਹੀ ਵੀ ਸੰਤ ਬਣ ਸਕਦਾ ਹੈ ਅਤੇ ਸੰਤ ਬਣ ਕੇ ਉਹ ਆਤਮਕ ਜੀਵਨ ਦਾ ਧਾਰਨੀ ਹੋ ਜਾਂਦਾ ਹੈ, ਸਿਪਾਹੀ ਨਹੀਂ ਰਹਿੰਦਾ। ਸਿਪਾਹੀ ਪੁਣਾ ਇਕ ਸੰਸਾਰਕ ਕਿੱਤਾ ਹੈ। ਵਿਸ਼ਵ ਦੇ ਪ੍ਰਸਿਧ ਸਿਪਾਹੀਆਂ ਦੀ ਸੂਚੀ ਵਿਚ ਸਿਕੰਦਰ, ਚੰਗੇਜ਼ ਖਾਨ, ਤੈਮੂਰ, ਨਿਪੋਲੀਅਨ ਅਤੇ ਹਿਟਲਰ ਜੈਸੇ ਜਰਨੈਲਾਂ ਦੇ ਨਾਂ ਆਉਂਦੇ ਹਨ। ਇਹਨਾਂ ਵਿਚੋਂ ਕੋਈ ਵੀ ਸੰਤ ਅਖਵਾਉਣ ਯੋਗ ਨਹੀਂ ਹੈ। ਸਿਪਾਹੀ ਦੇ ਕਿੱਤੇ ਦੇ ਮਨੋਰਥ ਅਤੇ ਕਰਤਵ ਬਾਰੇ ਕਲੌਜ਼ਵਿਸ
(Carl von Clausewitz) ਨੇ ਆਪਣੀ ਪੁਸਤਕ ਆਨ ਵਾਰ (On War) ਵਿਚ ਵਿਸਤਾਰ ਪੂਰਵਕ ਲਿਖਿਆ ਹੈ। ਜੰਗ, ਫੌਜ ਅਤੇ ਸਿਪਾਹੀ ਹੁਣ ਅੰਤਰਰਾਸ਼ਟਰੀ ਕਨੂੰਨ ਦੇ ਵਿਸ਼ੇ ਬਣੇ ਹੋਏ ਹਨ ਅਤੇ ਇਹਨਾਂ ਨਾਲ ਸਬੰਧਿਤ ਵਿਵਾਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ (International Court of Justice) ਵਿਚ ਅੰਤਰਰਾਸ਼ਟਰੀ ਕਨੂੰਨ ਅਨੁਸਾਰ ਨਿਪਟਾਏ ਜਾਂਦੇ ਹਨ। ਵੀਹਵੀਂ ਸਦੀ ਦੇ ਦੋ ਵਿਸ਼ਵ ਯੁੱਧਾਂ ਉਪਰੰਤ ਵਿਚਾਰਵਾਨਾਂ ਦੀ ਇਹ ਰਾਏ ਬਣ ਗਈ ਹੈ ਕਿ ਫੌਜ ਇਕ ਜੰਗੀ ਮਸ਼ੀਨ (War machine) ਹੈ ਅਤੇ ਸਿਪਾਹੀ ਇਸ ਮਸ਼ੀਨ ਦੇ ਪੁਰਜ਼ੇ ਹਨ। ਇਸ ਮਸ਼ੀਨ ਦਾ ਕਰਤਵ ਵਿਰੋਧੀਆਂ ਦੇ ਵੱਧ ਤੋਂ ਵੱਧ ਬੰਦੇ ਮਾਰ ਮੁਕਾਉਣਾ ਹੈ। ਬੰਦੇ ਮਾਰਨ ਵਾਲੀ ਪੱਕੀ ਫੌਜ ਬਨਾਉਣ ਦੀ ਪਰੱਥਾ ਨਿਪੋਲੀਅਨ ਨੇ ਚਾਲੂ ਕੀਤੀ ਸੀ ਜੋ ਹੁਣ ਹਉਮੈ ਵਿਢੇ ਲੋਭੀ ਸੰਸਾਰ ਦੀਆਂ ਕੌਮਾਂ ਦਾ ਸ਼ਿੰਗਾਰ ਬਣੀ ਹੋਈ ਹੈ। ਫੌਜ ਦੇ ਕਰਤਵ ਦੇ ਸੰਦਰਭ ਵਿਚ ਸੈਨਿਕ ਦਾ ਕਿੱਤਾ ਪ੍ਰਸੰਸਾ ਯੋਗ ਨਹੀਂ ਹੈ। ਫੌਜ ਦਾ ਸਿਆਸਤ ਅਤੇ ਰਾਜ ਪ੍ਰਬੰਧ ਨਾਲ ਡੂੰਘਾ ਸਬੰਧ ਹੁੰਦਾ ਹੈ ਅਤੇ ਇਸ ਦੀ ਰਾਜ ਸੱਤਾ ਨਾਲ ਭਾਈਵਾਲੀ ਹੋਣ ਕਾਰਨ ਸੈਨਿਕਾਂ ਨੂੰ ਸਮਾਜ ਵਿਚ ਆਦਰ ਸਤਕਾਰ ਪ੍ਰਾਪਤ ਹੈ। ਪਰ ਅਧਿਆਤਮਿਕ ਜੀਵਨ ਅਤੇ ਸਿਪਾਹੀ ਦੇ ਕਰਤਵਾਂ ਵਿਚ ਕੋਈ ਸਾਂਝ ਨਹੀਂ ਹੈ। ਸੰਤ ਸਿਪਾਹੀ ਦੇ ਗੁਰਮਤਿ ਵਿਰੋਧੀ ਵਿਚਾਰ ਨੇ ਹੀ ਬਹੁਤ ਸਾਰੇ ਫੌਜੀਆਂ ਅਤੇ ਹੋਰ ਡੇਰੇਦਾਰਾਂ ਨੂੰ ਸੰਤ ਦੀ ਉਪਾਧੀ ਦੇ ਝੂਠੇ ਦਾਹਵੇਦਾਰ ਬਨਣ ਲਈ ਉਤਸ਼ਾਹਿਤ ਕੀਤਾ ਹੋਇਆ ਹੈ।
ਗੁਰਿਆਈ ਮਿਲਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ੯ ਸਾਲ ਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਵਿਰੁਧ ਗੁਰਿਆਈ ਦੇ ੨੨ ਦਾਹਵੇਦਾਰ, ਉਹਨਾਂ ਦੀ ਸੰਤਾਨ ਅਤੇ ਸਹਿਯੋਗੀ ਗੁਰੂ ਗੋਬਿੰਦ ਸਿੰਘ ਜੀ ਦੇ ਕੱਟੜ ਅਤੇ ਹਿੰਸਕ ਵਿਰੋਧੀ ਸਨ। ਸਤਲੁਜ ਤੋਂ ਪੱਛਮ ਦੇ ਪੰਜਾਬ ਦੇ ਗੁਰਮਤਿ ਕੇਂਦਰਾਂ ਤੇ ਇਹਨਾਂ ਗੁਰਮਤਿ ਵਿਰੋਧੀ ਮੀਣਿਆਂ, ਅਤੇ ਧੀਰ ਮੱਲੀਆਂ ਦਾ ਕਬਜ਼ਾ ਸੀ। ਡੇਹਰਾ ਦੂਨ ਵਿਚ ਰਾਮ ਰਾਈਏ ਵੀ ਗੁਰੂ ਸਾਹਿਬ ਤੋਂ ਖੁਸ਼ ਨਹੀਂ ਸਨ। ਮੁਗਲ ਸਾਸ਼ਨ ਗੁਰੂ ਸਾਹਿਬ ਤੇ ਕੜੀ ਨਜ਼ਰ ਰੱਖ ਰਿਹਾ ਸੀ। ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਪਹਾੜੀ ਰਾਜੇ ਨਿਜੀ ਲਾਭ ਅਤੇ ਸ਼ਕਤੀ ਵਧਾਉਣ ਦੇ ਚਾਹਵਾਨ ਸਨ। ਐਸੇ ਅਣਸੁਖਾਵੇਂ ਵਾਤਾਵਰਣ ਵਿਚ ਗੁਰਮਤਿ ਪਰਸਾਰ ਦੀਆਂ ਕਾਰਵਾਈਆਂ ਕਰਨ ਲਈ ਸ਼ਰਧਾਲੂਆਂ ਦੀ ਸੁਰੱਖਿਆ ਦਾ ਉਚਿਤ ਪ੍ਰਬੰਧ ਹੋਣਾ ਜ਼ਰੂਰੀ ਸੀ, ਜਿਸ ਲਈ ਗੁਰੂ ਸਾਹਿਬ ਨੂੰ ਆਪਣੇ ਸਿੱਖ ਸੇਵਕਾਂ ਨੂੰ ਸਵੈ ਰਖਿਆ ਲਈ ਸੰਗਠਿਤ ਕਰ ਕੇ ਸੈਨਿਕ ਸਿਖਲਾਈ ਦੇਣੀ ਸ਼ੁਰੂ ਕੀਤੀ ਸੀ। ਉਹ ਗੁਰਮਤਿ ਦੇ ਉਪਦੇਸ਼ ਵਿਪਰੀਤ ਮੁਗਲ ਸਾਸ਼ਨ ਜਾਂ ਕਿਸੇ ਹੋਰ ਨੂੰ ਆਪਣਾ ਵੈਰੀ ਸਮਝ ਕੇ ਉਸ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਕੋਈ ਫੌਜ ਤਿਆਰ ਨਹੀਂ ਕਰ ਰਹੇ ਸਨ ਅਤੇ ਨਾ ਹੀ ਕੋਈ ਰਾਜ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਸਨ। ਇਹ ਠੀਕ ਹੈ ਕਿ ਗੁਰੂ ਸਾਹਿਬ ਦੇ ਸੇਵਕ ਹਰ ਅਕਰਮਣ ਦਾ ਸਫਲਤਾ ਪੂਰਬ ਟਾਕਰਾ ਕਰਨਯੋਗ ਸਨ।
ਇਹ ਤੱਥ ਦੁਹਰਾਉਣ ਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਨੋਰਥ ਗੁਰਮਤਿ ਦਾ ਸੰਚਾਰ ਕਰਨਾ ਸੀ ਨਾ ਕਿ ਕੋਈ ਰਾਜ ਸਥਾਪਤ ਕਰਨਾ। ਗੁਰਮਤਿ ਸੰਚਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਸ਼ਰਧਾਲੂਆਂ ਵਿਚ ਗੁਰਮਤਿ ਗਿਆਨ ਦੀ ਪੂਰੀ ਸੂਝ, ਗੁਰੂ ਤੇ ਪੂਰਨ ਭਰੋਸਾ ਅਤੇ ਗੁਰਮਤਿ ਮਾਰਗ ਤੇ ਚਲਣ ਦੀ ਦ੍ਰਿੜਤਾ ਹੋਣੀ ਜ਼ਰੂਰੀ ਸੀ। ਗੁਰਬਾਣੀ ਉਪਦੇਸ਼ ਦਾ ਸੰਚਾਰ ਫੌਜਾਂ, ਤਲਵਾਰਾਂ ਜਾਂ ਤੋਪਾਂ ਨਾਲ ਨਹੀਂ ਕੀਤਾ ਜਾ ਸਕਦਾ। ਸੈਨਿਕ ਸਿਖਲਾਈ ਤੇ ਕੇਵਲ ਗੁਰਮਤਿ ਸੰਚਾਰ ਵਿਚ ਵਿਘਨ ਪਾਉਣ ਵਾਲਿਆਂ ਨੂੰ ਰੋਕਣ ਲਈ ਸੀ। ਪਰ ਗੁਰਮਤਿ ਵਿਰੋਧੀਆਂ ਅਤੇ ਇਤਿਹਾਸਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਰਖਿਆ ਲਈ ਕੀਤੀ ਵਿਵਸਥਾ ਨੂੰ ਸਨਾਤਨੀ ਪਰੰਪਰਾ ਦੇ ਅਨੁਕੂਲ ਸਿੱਧ ਕਰਨ ਲਈ ਬਹੁਤ ਵੱਡੀ ਸੈਨਿਕ ਪਰਾਪਤੀ ਦਰਸਾ ਕੇ ਸ਼ਰਧਾਲੂਆਂ ਦੀ ਤਵੱਜੋ ਗੁਰੂ ਸਾਹਿਬ ਦੀ ਗੁਰਮਤਿ ਸੰਚਾਰ ਲਈ ਕੀਤੇ ਉੱਦਮ ਤੋਂ ਹਟਾ ਕੇ ਜੰਗਾਂ ਜੁੱਧਾਂ ਤੇ ਕੇਂਦਰਤ ਕਰ ਦਿੱਤੀ ਹੈ। ਹਿੰਦੂ ਧਰਮ ਦੇ ਸਾਰੇ ਅਵਤਾਰਾਂ ਅਤੇ ਪੂਜਨੀਕ ਦੇਵੀ ਦੇਵਤਿਆਂ ਦੀ ਮਹਾਨਤਾ ਉਹਨਾਂ ਦੇ ਜੁੱਧਾਂ ਵਿਚ ਸਫਲਤਾਵਾਂ ਪ੍ਰਾਪਤ ਕਰਨ ਤੇ ਨਿਰਭਰ ਕਰਦੀ ਹੈ। ਆਮ ਲੋਕ ਗੀਤਾ ਦੇ ਉਪਦੇਸ਼ ਤੋਂ ਤੇ ਅਣਜਾਣ ਹਨ ਪਰ ਮਹਾਂਭਾਰਤ ਦੇ ਕ੍ਰਿਸ਼ਨ ਅਤੇ ਉਸ ਦੇ ਸੁਦਰਸ਼ਨ ਚੱਕਰ ਨੂੰ ਪੂਜਦੇ ਹਨ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੇ ਕੋਈ ਆਤਮਕ ਉਪਦੇਸ਼ ਨਹੀਂ ਕੀਤਾ ਪਰ ਉਹਨਾਂ ਦੀਆਂ ਮਿਥਹਾਸਕ ਕਿਰਿਆਵਾਂ ਨੇ ਉਹਨਾਂ ਨੂੰ ਪੂਜਨੀਕ ਬਣਾ ਦਿੱਤਾ ਹੈ। ਚੰਡੀ ਦੇਵੀ ਜੁੱਧ ਵਿਚ ਵੈਰੀਆਂ ਦਾ ਸੰਘਾਰ ਕਰਦੀ ਹੈ ਇਸ ਲਈ ਮਹਾਨ ਹੈ। ਹਿੰਦੂ ਪਰੰਪਰਾ ਵਿਚ ਉਹੀ ਦੇਵੀ, ਦੇਵਤਾ ਜਾਂ ਗੁਰੂ ਪੂਜਣ ਯੋਗ ਬਣਦਾ ਹੈ ਜੋ ਜੁੱਧ ਕਰਦਾ ਹੈ। ਸਨਾਤਨੀ ਵਿਚਾਰਧਾਰਾ ਤੋਂ ਪਰਭਾਵਿਤ ਸਿੱਖ ਧਾਰਮਕ ਆਗੂ ਅਤੇ ਇਤਿਹਾਸਕਾਰ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਬਰਾਬਰ ਲਿਆਉਣ ਲਈ ਗੁਰੂ ਸਾਹਿਬਾਨ ਦੇ ਜੁੱਧਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਵੱਧ ਮਹੱਤਤਾ ਦਿੰਦੇ ਹਨ। ਪਰ ਗੁਰਬਾਣੀ ਅਨੁਸਾਰ ਜੁੱਧ ਕਰਨੇ, ਲੜਾਈਆਂ ਲੜਨੀਆਂ ਅਤੇ ਰਾਜ ਸਥਾਪਤ ਕਰਨੇ ਸੰਸਾਰਕ ਕਿਰਿਆਵਾਂ ਹਨ ਜਿਨ੍ਹਾਂ ਦੀ ਅਧਿਆਤਮਿਕ ਗਿਆਨ ਵਿਚ ਕੋਈ ਮਹੱਤਤਾ ਨਹੀਂ ਹੈ।
ਕੇਵਲ ਹਿੰਦੂ ਧਰਮ ਹੀ ਜੰਗਾਂ ਜੁੱਧਾਂ ਨੂੰ ਧਾਰਮਕ ਮਹਾਨਤਾ ਨਹੀ ਦਿੰਦਾ ਵਿਸ਼ਵ ਦੇ ਦੂਜੇ ਵੱਡੇ ਧਰਮਾਂ ਨੇ ਵੀ ਆਤਮਕ ਉਪਦੇਸ਼ ਨੂੰ ਲਾਂਭੇ ਰੱਖ ਕੇ ਜੰਗਾਂ, ਜੁੱਧਾਂ ਨਾਲ ਅਤੇ ਜ਼ੋਰ ਜ਼ਬਰਦਸਤੀ ਕਰਕੇ ਆਪੋ ਆਪਣੇ ਧਰਮ ਫੈਲਾਏ ਹਨ। ਈਸਾਈ ਮਤ ਦੇ ਧਾਰਨੀਆਂ ਦਾ ਇਹ ਵਿਸ਼ਵਾਸ ਹੈ ਕਿ ਲੋਕਾਂ ਨੂੰ ਈਸਾਈ ਬਨਾਉਣ ਨਾਲ ਸੁਰਗ ਵਿਚ ਥਾਂ ਮਿਲਦੀ ਹੈ, ਅਤੇ ਜੇਕਰ ਈਸਾਈ ਬਨਾਉਣ ਲਈ ਲੋਕਾਂ ਨੂੰ ਮਾਰਨਾ ਵੀ ਪੈ ਜਾਵੇ ਤਾਂ ਕੋਈ ਹਰਜ ਨਹੀਂ। ਉਹਨਾਂ ਅਮਰੀਕਨ ਮਹਾਂਦੀਪ ਦੇ ਆਦਿ ਵਾਸੀਆਂ ਨੂੰ ਇਸਾਈ ਬਨਾਉਣ ਲਈ ਉਹਨਾਂ ਦੀ ਨਸਲਕੁਸ਼ੀ ਕਰ ਦਿੱਤੀ। ਇਸਲਾਮ ਦੇ ਅਨੁਯਾਈਆਂ ਨੇ ਵੀ ਤਲਵਾਰ ਦੇ ਜ਼ੋਰ ਨਾਲ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਰਾਹ ਇਖਤਿਆਰ ਕੀਤਾ। ਈਸਾਈ ਅਤੇ ਮੁਸਲਮਾਨ ਆਪਸ ਵਿਚ ਸਲੀਬੀ ਜੁੱਧ ਕਰਦੇ ਆ ਰਹੇ ਹਨ ਅਤੇ ਹੁਣ ਇਹਨਾਂ ਦਾ ਵੈਰ ਸਾਰੇ ਵਿਸ਼ਵ ਵਿਚ ਫੈਲ ਚੁੱਕਾ ਹੈ। ਈਸਾਈ ਧਰਮ ਖੇਰੂੰ-ਖੇਰੂੰ ਹੋ ਗਿਆ ਹੈ ਫਿਰ ਵੀ ਈਸਾਈਆਂ ਨੂੰ ਬਹੁਗਿਣਤੀ ਦਾ ਧਰਮ ਹੋਣ ਦਾ ਗੁਮਾਨ ਹੈ। ਇਸਲਾਮ ਵਿਚ ਵੀ ਨਾ ਮਿਟਣ ਵਾਲੀਆਂ ਵੰਡੀਆਂ ਪੈ ਚੁਕੀਆਂ ਹਨ। ਓਧਰ ਹਿੰਦੂ ਧਰਮ ਦਾ ਨਾ ਕੋਈ ਇੱਕ ਉਪਦੇਸ਼ ਹੈ ਅਤੇ ਨਾ ਹੀ ਇੱਕ ਇਸ਼ਟ। ਬੰਗਾਲੀ ਦੁਰਗਾ ਦੇ ਪੁਜਾਰੀ ਹਨ, ਮਰਾਠੇ ਗਣੇਸ਼ ਦੇ। ਉਤਰ ਪ੍ਰਦੇਸ਼ ਵਿਚ ਕ੍ਰਿਸ਼ਨ ਲੋਕ ਪਰੀਆਂ ਅਵਤਾਰ ਹੈ। ਤਾਂਤਰਿਕ ਅਤੇ ਅਘੋਰੀ ਸ਼ਿਵ ਦੇ ਉਪਾਸ਼ਕ ਹਨ, ਅਤੇ ਬ੍ਰਹਮਾ ਨੂੰ ਕੋਈ ਪੂਜਦਾ ਹੀ ਨਹੀਂ। ਸਿੱਖ ਪੁਜਾਰੀ ਵੀ ਇਹਨਾਂ ਵੱਡੇ ਧਰਮਾਂ ਦੇ ਨਕਸ਼ੇ ਕਦਮ ਤੇ ਚਲਣ ਲਈ ਉਤਾਵਲੇ ਜਾਪਦੇ ਹਨ।
ਆਤਮਕ ਗਿਆਨ ਅਤੇ ਜੰਗਾਂ ਕਰਨ ਵਾਲੇ ਰਾਜਾਂ ਦੀ ਸਿਆਸਤ ਵਿਚ ਇੱਕ ਵਿਚਾਰਧਾਰਕ ਸਾਂਝ ਹੈ। ਇਹਨਾਂ ਦੋਨਾਂ ਦਾ ਮਨੋਰਥ ਇਕ ਹੈ। ਦੋਨੋ ਹੀ ਮਨੁੱਖਾਂ ਨੂੰ ਸੁੱਖੀ ਕਰਨਾ ਲੋਚਦੇ ਹਨ। ਪਰ ਦੋਨਾਂ ਦੀ ਸੁੱਖ ਦੀ ਪਰਿਭਾਸ਼ਾ ਅਤੇ ਸੁੱਖ ਪ੍ਰਾਪਤ ਕਰਨ ਦੇ ਰਾਹ ਵੱਖੋ ਵਖਰੇ ਹਨ। ਸਿਆਸਤ ਮਨੁੱਖ ਦੀ ਸੁਤੰਤਰ ਹੋਂਦ ਨੂੰ ਪਰਵਾਨ ਕਰਦੀ ਹੈ ਅਤੇ ਉਸ ਦੇ ਸਰੀਰਕ ਅਤੇ ਮਾਨਸਕ ਸੁਖਾਂ ਲਈ ਪ੍ਰਬੰਧਕੀ ਢਾਂਚਾ ਸਿਰਜਦੀ, ਨੇਮਾਵਲੀ ਨਿਰਧਾਰਤ ਕਰਦੀ ਅਤੇ ਜੰਗਾਂ ਲੜਦੀ ਹੈ। ਰਾਜ ਪ੍ਰਬੰਧ ਵਿਚ ਲੋਕ ਅਕਸਰ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਲੋਭ, ਈਰਖਾ, ਹੰਕਾਰ, ਕ੍ਰੋਧ ਅਤੇ ਵਿਸ਼ੇ ਵਿਕਾਰਾਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਜਿਸ ਨਾਲ ਸਮਾਜ ਵਿਚ ਵੰਡੀਆਂ ਪੈ ਕੇ ਵਿਵਾਦ, ਝਗੜੇ ਅਤੇ ਜੁੱਧ ਛਿੜ ਜਾਂਦੇ ਹਨ ਜਿਸ ਨਾਲ ਸੁੱਖ ਦੀ ਕਾਮਨਾ ਦੁੱਖ ਦਾ ਕਾਰਨ ਬਣ ਜਾਂਦੀ ਹੈ। ਗੁਰਮਤਿ ਦਾ ਆਤਮਕ ਗਿਆਨ ਪ੍ਰਭੂ ਨੂੰ ਕਾਇਨਾਤ ਦਾ ਸਿਰਜਣਹਾਰਾ ਮੰਨਦਾ ਹੈ ਅਤੇ ਮਨੁੱਖਤਾ ਨੂੰ ਆਤਮਕ ਅਨੰਦ ਦੀ ਪਰਾਪਤੀ ਦਾ ਰਾਹ ਦਿਖਾਉਂਦਾ ਹੈ। ਆਤਮਕ ਗਿਆਨ ਦੀ ਮੰਜ਼ਲ ਆਤਮਕ ਅਨੰਦ ਦੀ ਪਰਾਪਤੀ ਹੈ ਇਹ ਮਾਰਗ ਬਹੁਤ ਲੰਮਾ ਅਤੇ ਕਠਨ ਹੈ। ਅਣਗਿਣਤ ਲੋਕ ਆਪੋ ਆਪਣੇ ਧਰਮ ਲਈ ਸ਼ਰਧਾ ਰੱਖਦੇ ਹਨ ਪਰ ਉਹਨਾਂ ਵਿਚੋਂ ਵਿਰਲੇ ਹੀ ਆਤਮਕ ਮਾਰਗ ਤੇ ਚਲਣ ਦਾ ਹੀਆ ਕਰਦੇ ਹਨ। ਆਤਮਕ ਮਾਰਗ ਕਠਨ ਤੇ ਹੈ ਹੀ ਪਰ ਇਹ ਭੀੜਾ ਹੁੰਦਾ ਚਲਾ ਜਾਂਦਾ ਹੈ ਅਤੇ ਇਸ ਕਰਕੇ ਮੰਜ਼ਲ ਤੇ ਉਹੋ ਪਹੁੰਚ ਪਾਉਂਦੇ ਹਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਬਹੁਤੇ ਸ਼ਰਧਾਲੂ ਆਪਣੇ ਇਸ਼ਟ ਲਈ ਸ਼ਰਧਾ ਭਾਵਨਾ ਨੂੰ ਹੀ ਆਤਮਕ ਅਨੰਦ ਸਮਝ ਕੇ ਜੀਵਨ ਵਿਚ ਸੰਤੁਸ਼ਟ ਰਹਿੰਦੇ ਹਨ। ਕਿਉਂਕਿ ਹਰ ਰਾਜ ਨੂੰ ਆਪਣੀ ਸਥਿਰਤਾ ਲਈ ਲੋਕਾਂ ਦੀ ਹਮਾਇਤ ਅਤੇ ਸੰਮਤੀ ਦੀ ਲੋੜ ਹੁੰਦੀ ਹੈ, ਇਸ ਲਈ ਸਿਆਸਤਦਾਨ ਧਾਰਮਕ ਆਗੂਆਂ ਨਾਲ ਮਿਲ ਕੇ ਲੋਕਾਂ ਦੀ ਧਾਰਮਕ ਸ਼ਰਧਾ ਦਾ ਆਪਣੇ ਸਵਾਰਥ ਲਈ ਸ਼ੋਸ਼ਣ ਕਰਨ ਲੱਗ ਪੈਂਦੇ ਹਨ। ਇਸੇ ਕਾਰਨ ਧਰਮ ਅਤੇ ਸਿਆਸਤ ਦਾ ਮੁਢ ਕਦੀਮ ਤੋਂ ਡੂੰਘਾ ਸਬੰਧ ਚਲਿਆ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਇਤਿਹਾਸਕ ਤੱਥਾਂ ਦੀ ਗੁਰਮਤਿ ਵਿਚਾਰਧਾਰਾ ਦੇ ਨਜ਼ਰੀਏ ਤੋਂ ਵਿਆਖਿਆ ਨਹੀਂ ਹੋਈ ਹੈ ਜਿਸ ਦੀ ਅਜੋਕੇ ਯੁਗ ਵਿਚ ਬਹੁਤ ਆਵਸ਼ਕਤਾ ਹੈ। ਇਹ ਤੱਥ ਤੇ ਨਿਰਵਿਵਾਦ ਹੈ ਕਿ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਾਜੀ ਗੁਰਮਤਿ ਵਿਚਾਰਧਾਰਾ ਨੂੰ ਪਰਫੁੱਲਤ ਕਰ ਕੇ ਇਸ ਦੇ ਸੰਚਾਰ ਦਾ ਘੇਰਾ ਵਿਸ਼ਾਲ ਕਰਨਾ ਸੀ ਜਿਸ ਲਈ ਉਹਨਾਂ ਨੂੰ ਸ਼ਾਂਤੀ ਅਤੇ ਸੁਰਖਿਅਕ ਵਾਤਾਵਰਣ ਦੀ ਬਹੁਤ ਲੋੜ ਸੀ ਅਤੇ ਜਿਸ ਲਈ ਸ਼ਰਧਾਲੂਆਂ ਨੂੰ ਫੌਜੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੋ ਗਈ ਸੀ। ਇਹ ਵੀ ਸੱਚ ਹੈ ਕਿ ਗੁਰ ਪਰਵਾਰਾਂ ਨਾਲ ਜੁੜੇ ਗੁਰਿਆਈ ਪਦਵੀ ਦੇ ਅਭਿਲਾਸ਼ੀਆਂ, ਉਹਨਾਂ ਦੀਆਂ ਸੰਤਾਨਾਂ ਅਤੇ ਹਮਾਇਤੀਆਂ ਨੇ ਗੁਰਮਤਿ ਪਰਚਾਰ ਦੇ ਇਲਾਕੇ ਦੀ ਸੀਮਾ ਸਤਲੁਜ ਤੋਂ ਪੂਰਬ ਵਲ ਧਕੇਲ ਦਿੱਤੀ ਸੀ, ਆਪਣੇ ਅਸਰ ਰਸੂਖ਼ ਨਾਲ ਮੁਗਲ ਸਾਸ਼ਨ ਅਤੇ ਹੋਰਨਾ ਨੂੰ ਗੁਰੂ ਸਾਹਿਬ ਵਿਰੁਧ ਝੂਠੀਆਂ ਸ਼ਿਕਾਇਤਾਂ ਕਰ ਕੇ ਲਗਾਤਾਰ ਭੜਕਾ ਰਹੇ ਸਨ ਅਤੇ ਗੁਰਮਤਿ ਪਰਚਾਰ ਵਿਚ ਵਿਘਨ ਪਾਉਣ ਦਾ ਹਰ ਸੰਭਵ ਜਤਨ ਕਰ ਰਹੇ ਸਨ। ਇਤਿਹਾਸਕਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ‘ਹਿੰਦ ਦੀ ਚਾਦਰ’ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਹਿੰਦ ਦਾ ਰਖਿਅਕ’ ਆਖ ਦਿੰਦੇ ਹਨ ਜਿਸ ਦੀ ਯਥਾਰਥਕਤਾ ਦਾ ਉਹਨਾਂ ਸਮਿਆਂ ਦੇ ਹਾਲਾਤ ਵਿਚ ਕੋਈ ਆਧਾਰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹ ਚੰਡੀ ਦਾ ਉਪਾਸ਼ਕ ਅਤੇ ਸ਼ਸਤਰਾਂ ਦਾ ਪੁਜਾਰੀ ਵੀ ਦੱਸਦੇ ਹਨ। ਅਖੌਤੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੇ ਨਾਂ ਨਾਲ ਜੋੜ ਕੇ ਉਹ ਗੁਰੂ ਸਾਹਿਬ ਨੂੰ ਗੁਰਮਤਿ ਵਿਚਾਰਧਾਰਾ ਨਾਲੋਂ ਵਖਰਾ ਕਰ ਦਿੰਦੇ ਹਨ, ਚੰਡੀ ਦੇ ਉਪਾਸ਼ਕ ਵਜੋਂ ਫੌਜੀ ਅਤੇ ਰਾਜਨੀਤਕ ਖੇਤਰ ਵਿਚ ਮਹਾਨ ਸਿੱਧ ਕਰਦੇ ਹਨ, ਅਤੇ ਅਸ਼ਲੀਲ ਰਚਨਾਵਾਂ ਰਾਹੀਂ ਉਹਨਾਂ ਦੇ ਚਰਿਤ੍ਰ ਨੂੰ ਦਾਗ਼ ਲਾਉਣ ਦਾ ਜਤਨ ਕਰਦੇ ਹਨ। ਦਰ ਅਸਲ ਗੁਰੂ ਸਾਹਿਬ ਦੇ ਜੀਵਨ ਕਾਲ ਦਾ ਇਤਹਾਸ ਓਦੋਂ ਰਚਿਆ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਦੀ ਪਰੱਥਾ ਸਮਾਪਤ ਕਰ ਕੇ ਜੋਤੀ ਜੋਤ ਸਮਾ ਗਏ ਸਨ, ਗੁਰਮਤਿ ਵਿਰੋਧੀ ਗੁਰਮਤਿ ਪਰਚਾਰ ਦੇ ਸਾਰੇ ਕੇਂਦਰਾਂ ਤੇ ਕਾਬਜ਼ ਹੋ ਗਏ ਸਨ ਅਤੇ ਮੁਗਲ ਸਾਸ਼ਨ ਨੇ ਗੁਰੂ ਸਾਹਿਬ ਦੇ ਸ਼ਰਧਾਲੂਆਂ ਨੂੰ ਮਾਰ ਮੁਕਾਉਣ ਦਾ ਐਲਾਨ ਕਰ ਦਿੱਤਾ ਸੀ। ਗੁਰਮਤਿ ਵਿਰੋਧੀ ਗੁਰੂ ਸਾਹਿਬ ਦੀ ਲੋਕ ਪ੍ਰੀਅਤਾ, ਸਨਮਾਨਤਾ, ਸੇਵਾਵਾਂ ਅਤੇ ਕੁਰਬਾਨੀਆਂ ਦਾ ਲਾਭ ਉਠਾਉਣਾ ਚਾਹੁੰਦੇ ਸਨ ਪਰ ਈਰਖਾ ਵੱਸ ਗੁਰੂ ਸਾਹਿਬ ਦੇ ਵਿਅਕਤਿੱਤਵ ਨੂੰ ਵਿਗਾੜਨ ਦੇ ਵੀ ਚਾਹਵਾਨ ਸਨ ਜਿਸ ਲਈ ਉਹਨਾਂ ਨੇ ਗੁਰੂ ਸਾਹਿਬ ਦੇ ਨਾਂ ਨਾਲ ਗੁਰਮਤਿ ਵਿਰੋਧੀ ਗ੍ਰੰਥ, ਸੰਕਲਪ ਅਤੇ ਵਿਹਾਰ ਜੋੜ ਦਿੱਤੇ। ਇਤਿਹਾਸਕਾਰਾਂ ਨੂੰ ਜੋ ਦੱਸਿਆ ਗਿਆ ਉਹਨਾਂ ਲਿਖ ਦਿੱਤਾ ਕਿਉਂਕਿ ਉਹ ਧਾਰਮਕ ਆਗੂਆਂ ਵਿਰੁਧ ਲਿਖਣ ਦਾ ਸਾਹਸ ਨਹੀਂ ਕਰ ਸਕਦੇ ਸਨ। ਵੈਸੇ ਵੀ ਉਹਨਾਂ ਇਤਿਹਾਸਕਾਰਾਂ ਦੀ ਸਿੱਖਿਆ ਸਨਾਤਨੀ ਪਰੰਪਰਾਗਤ ਅਦਾਰਿਆਂ ਵਿਚ ਹੋਈ ਸੀ। ਉਹਨਾਂ ਦੀ ਸੋਚ, ਯੋਗਤਾ ਅਤੇ ਲਿਖਤਾਂ ਉਸ ਪਰੰਪਰਾ ਤੋਂ ਪਰਭਾਵਿਤ ਸਨ। ਉਹਨਾਂ ਦੇ ਰਚੇ ਮਿਥਿਹਾਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਇਸ ਮਿਥਿਹਾਸ ਨੇ ਸਿੱਖ ਮਾਨਸਿਕਤਾ ਨੂੰ ਕੀਲ ਰਖਿਆ ਹੈ। ਹੁਣ ਸਿੱਖ ਪੰਥ ਦੀ ਪ੍ਰਭੁਤਾ ਦਾ ਮਸਲਾ, ਸਿੱਖ ਸਿਆਸਤ ਦਾ ਭਵਿੱਖ ਅਤੇ ਸਾਧਾਂ/ਮਹੰਤਾਂ ਪੁਜਾਰੀਆਂ ਦੀ ਨਾਜਾਇਜ਼ ਆਮਦਨ ਦਾ ਸਰੋਤ ਵੀ ਇਸ ਮਿਥਿਹਾਸ ਨਾਲ ਜੁੜ ਗਏ ਹਨ। ਪੰਜਾਬ ਵਿਚ ਮੁਗਲ ਰਾਜ ਦਾ ਖਾਤਮਾਂ ਅਤੇ ਹਿੰਦ ਦੀ ਰਖਿਆ ਦੀ ਅਗਲੀ ਕੜੀ ਬੰਦਾ ਬਹਾਦਰ ਦੇ ਇਤਹਾਸ ਨਾਲ ਜਾ ਜੁੜਦੀ ਹੈ। ਬੰਦਾ ਬਹਾਦਰ ਕੌਣ ਸੀ ਅਤੇ ਉਹ ਕਿਵੇਂ ਕੁੱਝ ਦਿਨਾਂ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦਾ ਵਾਰਸ ਆਗੂ ਬਣ ਗਿਆ, ਇਸ ਬਾਰੇ ਇਤਿਹਾਸਕਾਰਾਂ ਦੇ ਵਿਭਿੰਨ ਵਿਚਾਰ ਹਨ। ਇਹ ਤੱਥ ਤੇ ਪ੍ਰਵਾਣਤ ਹੈ ਕਿ ਉਹ ਸ਼ਿਵਾ ਜੀ ਮਰਾਠੇ ਵੱਲੋਂ ਸਥਾਪਤ ਰਾਜ ਦਾ ਵਾਸੀ ਸੀ। ਉਸ ਦਾ ਸ਼ਿਵਾ ਜੀ ਦਾ ਉਪਾਸ਼ਕ ਹੋਣਾ ਸੁਭਾਵਕ ਹੈ। ਮਰਾਠੇ ਸਵੈ ਅਭਿਮਾਨ ਦਾ ਸ਼ਿਕਾਰ ਸਨ ਅਤੇ ਸਿੱਖਾਂ ਨੂੰ ਆਪਣੇ ਤੋਂ ਨੀਵਾਂ ਸਮਝਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੱਖਣ ਔਰੰਗਜੇਬ ਦੇ ਬੁਲਾਵੇ ਤੇ ਪੰਜਾਬ ਵਿਚ ਸ਼ਾਂਤੀ ਸਥਾਪਤ ਕਰਨ ਲਈ ਮੁਗਲ ਬਾਦਸ਼ਾਹ ਨੂੰ ਮਿਲਣ ਗਏ ਸੀ। ਔਰੰਗਜੇਬ ਦੀ ਅਚਾਨਕ ਮੌਤ ਤੇ ਗੁਰੂ ਸਾਹਿਬ ਨੇ ਉਸ ਦੇ ਵਾਰਸ ਬਹਾਦਰ ਸ਼ਾਹ ਦੀ ਸਹਾਇਤਾ ਕੀਤੀ ਸੀ। ਇਹ ਗੱਲ ਮੰਨਣਯੋਗ ਨਹੀਂ ਲਗਦੀ ਕਿ ਗੁਰੂ ਸਾਹਿਬ ਆਪ ਤੇ ਮੁਗਲ ਸਾਸ਼ਨ ਨਾਲ ਮਿਲਵਰਤਨ ਲਈ ਹੱਥ ਵਧਾ ਰਹੇ ਹੋਣ ਅਤੇ ਆਪਣੇ ਉਪਾਸ਼ਕ ਬੰਦਾ ਬਹਾਦਰ ਨੂੰ ਪੰਜਾਬ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜੁੱਧ ਛੇੜਨ ਦਾ ਆਦੇਸ਼ ਦੇ ਰਹੇ ਹੋਣ, ਖਾਸ ਕਰਕੇ ਜਦੋਂ ਉਹਨਾਂ ਨੂੰ ਪਤਾ ਸੀ ਕਿ ਐਸਾ ਜੁੱਧ ਗੁਰਮਤਿ ਦੇ ਪਰਸਾਰ ਲਈ ਘਾਤਕ ਸਿੱਧ ਹੋ ਸਕਦਾ ਹੈ। ਖੈਰ ਸਚਾਈ ਜੋ ਵੀ ਹੋਵੇ, ਬੰਦਾ ਬਹਾਦਰ ਦੀ ਜੰਗ ਦਾ ਪਰਿਣਾਮ ਸਭ ਦੇ ਸਾਹਮਣੇ ਹੈ। ਬੰਦਾ ਬਹਾਦਰ ਆਪ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਮੁਗਲ ਸਾਸ਼ਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂਆਂ ਨੂੰ ਮਾਰ ਮੁਕਾਉਣ ਦਾ ਹੁਕਮ ਦੇ ਦਿੱਤਾ। ਜੋ ਕੁੱਝ ਗੁਰੂ ਸਾਹਿਬ ਦੇ ਪਰਵਾਰਿਕ ਵਿਰੋਧੀ ਕਰਨ ਲਈ ਤਰਲੋ ਮੱਛੀ ਸਨ ਉਹ ਬੰਦਾ ਬਹਾਦਰ ਨੇ ਕਰ ਦਿੱਤਾ। ਗੁਰਮਤਿ ਦੇ ਧਾਰਨੀਆਂ ਦੀਆਂ ਸ਼ਹੀਦੀਆਂ ਅਤੇ ਦੇਸ਼ ਨਿਕਾਲੇ ਉਪਰੰਤ ਗੁਰਮਤਿ ਵਿਰੋਧੀਆਂ ਨੇ ਸਾਰੇ ਹੀ ਗੁਰਮਤਿ ਪਰਚਾਰ ਕੇਂਦਰਾਂ ਤੇ ਕਬਜ਼ੇ ਕਰ ਕੇ ਆਪਣੀ ਸਨਾਤਨੀ ਮਤ ਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੁਗਲ ਸਾਸ਼ਨ ਨੇ ਵੀ ਗੁਰਮਤਿ ਵਿਰੋਧੀਆਂ ਅਤੇ ਉਹਨਾਂ ਦੇ ਉਦਾਸੀ/ਨਿਰਮਲੇ ਪੁਜਾਰੀਆਂ ਤੇ ਕੋਈ ਵਿਸ਼ੇਸ਼ ਪਾਬੰਦੀ ਆਇਦ ਨਹੀਂ ਕੀਤੀ ਅਤੇ ਉਹ ਆਪਣੀ ਸਨਾਤਨੀ ਪਰੰਪਰਾ ਵਾਲੀ ਗੁਰਮਤਿ ਦਾ ਪਰਚਾਰ ਬਿਨਾ ਰੋਕ ਟੋਕ ਕਰਦੇ ਰਹੇ।
ਸਿੱਖ ਮਿਸਲਾਂ ਅਤੇ ਸਿੱਖ ਰਾਜ ਦੀ ਅਸਲੀਅਤ ਬਾਰੇ ਬਹੁਤੇ ਵਿਦਵਾਨਾਂ ਦੀ ਸੋਚ ਬਰਤਾਨਵੀ ਇਤਿਹਾਸਕਾਰਾਂ ਦੀ ਰਾਏ ਤੋਂ ਪਰਭਾਵਿਤ ਹੋਈ ਹੈ। ਦਰ ਅਸਲ ਸਿੱਖ ਮਿਸਲਾਂ ਦੀ ਉਤਪਤੀ ਅਤੇ ਸਿੱਖ ਰਾਜ ਦੀ ਸਥਾਪਨਾ ਇਕ ਵਿਸ਼ਵ ਵਿਆਪੀ ਇਤਿਹਾਸਕ ਦੌਰ ਦੀ ਰੌਂ ਦਾ ਭਾਗ ਸੀ। ਮਨੁੱਖਤਾ ਦਾ ਇਤਹਾਸ ਦਰਿਆ ਦੇ ਵਗਦੇ ਪਾਣੀ ਵਾਂਗ ਹੈ ਜਿਸ ਦੇ ਬਹਾਓ ਨੂੰ ਕੁਦਰਤ ਕੰਟ੍ਰੋਲ ਕਰਦੀ ਹੈ। ਜਦੋਂ ਮਨੁੱਖ ਗਰੋਹਾਂ ਵਿਚ ਇਕੱਠੇ ਰਹਿਣ ਲੱਗ ਪਏ ਸਨ ਉਸ ਵੇਲੇ ਉਹਨਾਂ ਨੂੰ ਲਾਭਵੰਦ ਸਮਾਜਕ ਪ੍ਰਬੰਧ ਲਈ ਧਰਮ ਅਤੇ ਰਾਜਿਆਂ ਦੀ ਲੋੜ ਪਈ ਸੀ। ਓਦੋਂ ਤੋਂ ਵਿਸ਼ਵ ਦੇ ਹਰ ਖਿਤੇ ਵਿਚ ਇਕ ਪੁਰਖਾ ਰਾਜ ਦੇ ਬਨਣ ਅਤੇ ਟੁੱਟਣ ਦਾ ਸਿਲਸਿਲਾ ਚਲ ਰਿਹਾ ਸੀ। ਇਹ ਸਿਲਸਿਲਾ ਅਠਾਰਵੀਂ ਸ਼ਤਾਬਦੀ ਤਕ ਚਲਦਾ ਰਿਹਾ ਪਰ ਇਸ ਤੋਂ ਕਈ ਸਦੀਆਂ ਪਹਿਲੋਂ ਹੀ ਹੌਲੀ-ਹੌਲੀ ਮਨੁੱਖੀ ਲੋੜਾਂ ਦੇ ਯੋਗ ਤਕਨੀਕੀ ਅਤੇ ਆਰਥਕ ਪ੍ਰਬੰਧਾਂ ਦੇ ਵੱਧ ਰਹੇ ਦਬਾਓ ਕਾਰਨ ਇਕ ਭਾਸ਼ਾ ਦੇ ਲੋਕਾਂ ਦੀ ਇਕੱਠੀ ਵਸੋਂ ਕੌਮ ਦਾ ਰੂਪ ਧਾਰਨ ਕਰਨ ਲੱਗ ਪਈ ਸੀ ਅਤੇ ਅਠਾਰਵੀਂ ਸ਼ਤਾਬਦੀ ਤੋਂ ਰਾਜਿਆਂ ਅਤੇ ਸਮਰਾਟਾਂ ਦੇ ਰਾਜ ਡਾਵਾਂ ਡੋਲ ਹੋਣ ਲੱਗ ਪਏ ਸਨ। ਐਸੇ ਹੀ ਇਤਿਹਾਸਕ ਦੌਰ ਵਿਚ ਗੁਰਮਤਿ ਵਿਚਾਰਧਾਰਾ ਦੇ ਪਰਭਾਵ ਨੇ ਪੰਜਾਬ ਦੀ ਲੋਕਾਈ ਵਿਚ ਨਿਰਭੈਤਾ ਅਤੇ ਨੇਕ ਨੀਤੀ ਦੀ ਭਾਵਨਾ ਉਤੇਜਿਤ ਕਰ ਦਿੱਤੀ ਸੀ ਅਤੇ ਪੰਜਾਬੀ ਕੌਮ ਨੂੰ ਆਪਣੀ ਹੋਂਦ ਦਾ ਐਹਸਾਸ ਹੋਣ ਲੱਗ ਪਿਆ ਸੀ। ਭਾਵੇਂ ਗੁਰੂ ਸਾਹਿਬਾਨ ਦੀ ਬਾਣੀ ਮਾਨਵਤਾ ਦੇ ਕਲਿਆਣ ਲਈ ਰਚੀ ਗਈ ਹੈ ਅਤੇ ਇਸ ਵਿਚ ਪੰਜਾਬੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਲਫ਼ਜ਼ ਹਨ, ਪਰ ਗੁਰਬਾਣੀ ਵਿਚ ਪੰਜਾਬੀ ਭਾਸ਼ਾ ਦੀ ਸ਼੍ਰੇਸ਼ਟਤਾ ਨੇ ਪੰਜਾਬੀ ਕੌਮ ਨੂੰ ਇਕ ਪਵਿਤਰ ਖਿਤੇ ਦੇ ਵਸਨੀਕ ਹੋਣ ਦਾ ਮਾਨ ਬਖ਼ਸ਼ ਦਿੱਤਾ ਸੀ। ਭਾਸ਼ਾ ਤੇ ਆਧਾਰਤ ਕੌਮਾਂ ਦੇ ਉਦਭਵ ਦੇ ਇਸ ਇਤਿਹਾਸਕ ਦੌਰ ਵਿਚ ਮਰਾਠੇ ਆਪਣੇ ਭਾਸ਼ਾਈ ਖ਼ਿੱਤੇ ਵਿਚ ਸੁਤੰਤਰ ਮਰਾਠਾ ਰਾਜ ਸਥਾਪਤ ਕਰ ਚੁਕੇ ਸਨ, ਅਤੇ ਦੂਜੀਆਂ ਥਾਂਵਾਂ ਵਿਚ ਵੀ ਭਾਸ਼ਾ ਤੇ ਆਧਾਰਤ ਕੌਮਾਂ ਹੋਂਦ ਵਿਚ ਆ ਰਹੀਆਂ ਸਨ। ਯੂਰਪ ਅਤੇ ਹੋਰ ਦੇਸ਼ਾਂ ਵਿਚ ਵੀ ਭਾਸ਼ਾਵਾਂ ਦੇ ਵਖਰੇਵੇਂ ਨਵੀਆਂ ਕੌਮਾਂ ਨੂੰ ਜਨਮ ਦੇ ਰਹੇ ਸਨ। ਸਿੱਖ ਮਿਸਲਾਂ ਨੇ ਵੀ ਕੌਮੀ ਸਿਰਜਨਾ ਦੇ ਇਸ ਇਤਿਹਾਸਕ ਦੌਰ ਵਿਚ ਦਿੱਲੀ ਦੀ ਮੁਗਲ ਸਲਤਨਤ ਤੋਂ ਪੰਜਾਬੀ ਕੌਮ ਨੂੰ ਸੁਤੰਤਰ ਕਰਵਾਉਣ ਲਈ ਹੰਭਲਾ ਮਾਰਿਆ ਸੀ। ਮਿਸਲਾਂ ਦਿੱਲੀ ਰਾਜ ਤੋਂ ਨਾਖੁਸ਼ ਪੰਜਾਬੀਆਂ ਦੇ ਸਿੱਖ ਆਗੂਆਂ ਦੀ ਅਗਵਾਈ ਹੇਠ ਸਿਰਜੇ ਸੰਗਠਨ ਸਨ। ਕੋਈ ਵੀ ਗੁਰੀਲਾ ਜੰਗ ਸਥਾਨਕ ਲੋਕਾਂ ਦੇ ਸਹਿਯੋਗ ਅਤੇ ਸਹਾਇਤਾ ਬਿਨਾ ਜਿੱਤਣੀ ਸੰਭਵ ਨਹੀਂ ਹੁੰਦੀ। ਪੰਜਾਬ ਦੇ ਲੋਕਾਂ ਦੀ ਬਹੁਗਿਣਤੀ ਦੀ ਹਮਦਰਦੀ ਮਿਸਲਾਂ ਨਾਲ ਹੋਣ ਕਾਰਨ ਮਿਸਲਾਂ ਦੀ ਚੜ੍ਹਤ ਹੋ ਰਹੀ ਸੀ ਅਤੇ ਮੁਗਲ ਸਾਸ਼ਨ ਦਿਨ ਪਰ ਦਿਨ ਬਦਨਾਮ ਹੁੰਦਾ ਜਾ ਰਿਹਾ ਸੀ। ਕੌਮੀ ਭਾਵਨਾ ਉਤੇਜਿਤ ਹੋਣ ਕਾਰਨ ਹੀ ਮਰਾਠਿਆਂ ਦੀ ਵੀ ਪੰਜਾਬ ਵਿਚ ਦਾਲ ਨਹੀਂ ਗਲੀ ਸੀ। ਰਣਜੀਤ ਸਿੰਘ ਨੇ ਮਿਸਲਾਂ ਨੂੰ ਹਰਾ ਕੇ ਅਤੇ ਸਿਆਸੀ ਭੰਨ ਤੋੜ ਕਰ ਕੇ ਪੰਜਾਬੀ ਕੌਮ ਤੇ ਇਕ ਪੁਰਖਾ ਰਾਜ ਕਾਇਮ ਕਰ ਲਿਆ। ਬਹੁਤ ਸਾਰੇ ਵਿਦਵਾਨ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਦੇ ਨਾਂ ਦੇ ਦਿੰਦੇ ਹਨ, ਜੋ ਅਣ ਉਚਿਤ ਹੈ। ਇਹ ਇਕੱਲੇ ਸਿੱਖਾਂ ਦਾ ਨਹੀਂ ਬਲਕਿ ਪੰਜਾਬੀ ਕੌਮ ਦਾ ਰਾਜ ਸੀ ਜਿਸ ਦਾ ਰਾਜਾ ਸਿੱਖ ਸੀ। ਇਹ ਸਿੱਖਾਂ ਦਾ ਧਰਮਤੰਤਰਿਕ ਰਾਜ ਨਹੀਂ ਸੀ। ਜੇਕਰ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ ਤਾਂ ਤੇ ਭੁਪਿੰਦਰ ਸਿੰਘ ਅਤੇ ਫੂਲਕੀਆਂ ਰਿਆਸਤਾਂ ਦਾ, ਅਕਾਲੀਆਂ ਅਤੇ ਬਾਦਲ ਦਾ ਰਾਜ ਵੀ ਸਿੱਖ ਰਾਜ ਹੈ। ਫਿਰ ਤੇ ਗਿਆਨੀ ਜ਼ੈਲ ਸਿੰਘ ਅਤੇ ਮਨਮੋਹਣ ਸਿੰਘ ਨੇ ਵੀ ਭਾਰਤ ਵਿਚ ਸਿੱਖ ਰਾਜ ਚਲਾਇਆ ਹੈ। ਰਾਜਨੀਤੀ ਦੇ ਖੇਤਰ ਵਿਚ ਅਸਪਸ਼ਟ ਪਰਿਭਾਸ਼ਿਕ ਸ਼ਬਦਾਵਲੀ ਬਹੁਤ ਭੁਲੇਖੇ ਪਾ ਦਿੰਦੀ ਹੈ।
ਇਹ ਸਚਾਈ ਵੀ ਵਰਣਨਯੋਗ ਹੈ ਕਿ ਭਾਰਤ ਵਿਚ ਪੰਜਾਬੀ ਕੌਮ ਨੂੰ ਸਿੱਖ ਕੌਮ ਬਣਾ ਦਿੱਤਾ ਗਿਆ ਜੋ ਇੱਕ ਇਤਿਹਾਸਕ ਅਜੂਬਾ ਹੀ ਆਖਿਆ ਜਾ ਸਕਦਾ ਹੈ। ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਤੇ ਕਰ ਲਿਆ ਪਰ ਉਹ ਪੰਜਾਬੀ ਕੌਮ ਅਤੇ ਇਸ ਦੇ ਸਿੱਖ ਆਗੂਆਂ ਤੋਂ ਭੈ ਖਾਂਦੇ ਸਨ। ਇਹ ਤੱਥ ਬਰਤਾਨਵੀ ਵਿਦਵਾਨ ਪਰਵਾਨ ਨਹੀਂ ਕਰਦੇ ਕਿਉਂਕਿ ਉਹ ਇਸ ਭਰਮ ਦੇ ਸ਼ਿਕਾਰ ਹਨ ਕਿ ਉਹਨਾਂ ਸਮਿਆਂ ਵਿਚ ਬਰਤਾਨਵੀ ਰਾਜ ਤੇ ਕਦੇ ਸੂਰਜ ਨਹੀਂ ਛਿਪਦਾ ਸੀ ਅਤੇ ਪੰਜਾਬ ਦੇ ਸਿੱਖਾਂ ਵਿਚ ਏਨੀ ਤਾਕਤ ਨਹੀਂ ਸੀ ਕਿ ਉਹ ਬਰਤਾਨਵੀ ਸਰਕਾਰ ਨੂੰ ਵੰਗਾਰ ਸਕਦੇ। ਖੈਰ ਸੱਚ ਜੋ ਵੀ ਹੋਵੇ, ਅੰਗਰੇਜ਼ ਸਰਕਾਰ ਨੇ ਪੰਜਾਬੀ ਕੌਮ ਦੇ ਭਾਸ਼ਾਈ ਆਧਾਰ ਨੂੰ ਮਿਟਾਉਣ ਲਈ ਧਰਮ ਦਾ ਕਾਟਵਾਂ ਪੱਤਾ ਖੇਲਿਆ। ਉਹਨਾਂ ਦਯਾਨੰਦ ਗੁਜਰਾਤੀ ਨੂੰ ਪੰਜਾਬ ਦੀ ਏਕਤਾ ਵਿਚ ਕਾਂਜੀ ਘੋਲਣ ਲਈ ਪੰਜਾਬ ਵਿਚ ਧਾਰਮਕ ਪਰਚਾਰ ਕਰਨ ਲਈ ਭੇਜ ਦਿੱਤਾ ਅਤੇ ਮੌਲਾਨਿਆਂ ਨੂੰ ਇਹ ਭਰਮ ਪਾ ਦਿੱਤਾ ਕਿ ਉਹੋ ਦਿੱਲੀ ਦੇ ਮੁਗਲ ਰਾਜ ਦੇ ਅਸਲੀ ਵਾਰਸ ਹਨ। ਦਯਾਨੰਦ ਦਾ ਤਰਕ ਭਾਵੇਂ ਵਚਿੱਤਰ ਸੀ ਪਰ ਬਹੁਤ ਕਾਰਗਰ ਸਿੱਧ ਹੋਇਆ। ਉਸ ਦਾ ਤਰਕ ਸੀ ਕਿ ਵਿਆਸ ਰਿਸ਼ੀ ਨੇ ਵੇਦ ਪੰਜਾਬ ਵਿਚ ਰਚੇ ਸਨ, ਅਤੇ ਪੰਜਾਬੀ ਹਿੰਦੂ ਉਸ ਵੈਦਕ ਵਿਚਾਰਧਾਰਾ ਦੇ ਵਾਰਸ ਹਨ। ਉਸ ਅਨੁਸਾਰ ਰਿਸ਼ੀ ਵਿਆਸ ਦੇ ਵੇਦਾਂ ਦੇ ਸਾਹਮਣੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ਦੀ ਕੋਈ ਮਹੱਤਤਾ ਨਹੀਂ ਸੀ। ਹਿੰਦੂਆਂ ਨੂੰ ਪਰਭਾਵਿਤ ਕਰਨ ਲਈ ਕਈ ਸਿੱਖ ਵਿਦਵਾਨਾਂ ਨੇ ਵੀ ਗੁਰਬਾਣੀ ਨੂੰ ਪੰਜਵਾਂ ਵੇਦ ਆਖਣਾ ਸ਼ੁਰੂ ਕਰ ਦਿੱਤਾ ਸੀ। ਅੰਗਰੇਜ਼ ਦੀ ਕੁਟਲ ਨੀਤੀ ਨੇ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਧਰਤੀ ਮਾਂ ਅਤੇ ਮਾਤ ਭਾਸ਼ਾ ਦੀ ਸਰਪ੍ਰਸਤੀ ਤੋਂ ਵਾਂਝਿਆਂ ਕਰ ਕੇ ਭਾਸ਼ਾ ਪੱਖੋਂ ਯਤੀਮ ਬਣਾ ਦਿੱਤਾ। ਪੰਜਾਬੀ ਹਿੰਦੂ ਭਾਰਤੀ ਤੇ ਸਨ ਪਰ ਉਹਨਾਂ ਦਾ ਭਾਰਤ ਵਿਚ ਆਪਣਾ ਕਹਿਣ ਨੂੰ ਕੋਈ ਘਰ ਨਹੀਂ ਸੀ ਕਿਉਂਕਿ ਉਹਨਾਂ ਦੇ ਘਰ ਵਿਚ ਤੇ ਹੁਣ ਸਿੱਖ ਬੈਠੇ ਸਨ। ਪੰਜਾਬੀ ਭਾਸ਼ਾ ਸਿੱਖਾਂ ਦੀ ਭਾਸ਼ਾ ਬਣ ਕੇ ਰਹਿ ਗਈ ਅਤੇ ਪੰਜਾਬ ਸਿੱਖ ਕੌਮ ਦਾ ਹੋਮ ਲੈਂਡ ਬਣ ਗਿਆ।
ਪਿਛਲੇ ਪੰਜਾਹ-ਸੱਠ ਸਾਲਾਂ ਤੋਂ ਪੰਜਾਬ ਦੇ ਹੁਸ਼ਿਆਰ ਵਿਦਿਆਰਥੀ ਉੱਚ ਸਿੱਖਿਆਂ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਜਾਂਦੇ ਰਹੇ ਹਨ। ਉਹਨਾਂ ਵਿਚੋਂ ਬਹੁਤਿਆਂ ਦੇ ਹੁਣ ਵਿਦੇਸ਼ਾਂ ਵਿਚ ਵੱਡੇ ਕਿੱਤੇ ਜਾਂ ਕਾਰੋਬਾਰ ਹਨ ਅਤੇ ਕਈ ਉੱਚ ਕੋਟੀ ਦੇ ਵਿਦਵਾਨ ਹਨ। ਉਹਨਾਂ ਦਾ ਆਪਣੀ ਮਾਤ ਭੂਮੀ, ਭਾਸ਼ਾ ਅਤੇ ਧਰਮ ਨਾਲ ਲਗਾਉ ਹੈ ਅਤੇ ਉਹ ਪੰਜਾਬ, ਪੰਜਾਬੀ ਅਤੇ ਸਿੱਖ ਧਰਮ ਦੇ ਸ਼ੁਭਚਿੰਤਕ ਹਨ। ਪਰ ਅਜੋਕੇ ਪੰਜਾਬ ਦੀ ਯੁਵਕ ਸ਼੍ਰੇਣੀ ਦਾ ਰੁਝਾਨ ਪੜ੍ਹਨ ਪੜ੍ਹਾਉਣ ਦੀ ਥਾਂ ਨਸ਼ਿਆਂ ਅਤੇ ਨਸ਼ਿਆਂ ਦੇ ਕਿੱਤੇ ਵਲ ਹੁੰਦਾ ਜਾ ਰਿਹਾ ਹੈ। ਪੰਜਾਬੀ ਦੇ ਵਿਦਵਾਨ ਅਖਵਾਉਣ ਵਾਲੇ ਬਹੁਤੇ ਵਿਅਕਤੀ ਬੌਧਿਕ ਅਯੋਗਤਾ ਦੇ ਮਾਲਕ ਹਨ ਅਤੇ ਅਕਾਦਮਿਕ ਅਦਾਰਿਆਂ ਦੀਆਂ ਪਦਵੀਆਂ ਤੇ ਆਪਣੇ ਰਿਸ਼ਤੇਦਾਰਾਂ ਜਾਂ ਸਬੰਧੀਆਂ ਦੇ ਰਸੂਖ਼ ਅਤੇ ਸਫ਼ਾਰਸ਼ਾਂ ਨਾਲ ਨਿਯੁਕਤ ਹੋਏ ਹਨ। ਵਿਦਵਤਾ ਅਤੇ ਗਿਆਨ ਦੇ ਖੇਤਰ ਵਿਚ ਪੰਜਾਬ ਪਛੜ ਰਿਹਾ ਹੈ। ਪੰਜਾਬੀ ਸਮਾਜ ਵਿਚ ਭਰਿਸ਼ਟਤਾ ਅਤੇ ਜ਼ਾਤ ਪਾਤ ਦਾ ਬੋਲ ਬਾਲਾ ਹੈ। ਸਿਆਸਤ ਦਾ ਤੇਜ਼ੀ ਨਾਲ ਅਪਰਾਧੀ ਕਰਣ ਹੋ ਰਿਹਾ ਹੈ। ਸਿਆਸੀ ਖੇਤਰ ਵਿਚ ਖਾਲਸਾ ਰਾਜ ਸਥਾਪਤ ਕਰਨ ਦੇ ਅਭਲਾਸ਼ੀ ਆਪਣੀਆਂ ਸਿਆਸੀ ਭਾਵਨਾਵਾਂ ਤੋਂ ਏਨੇ ਭਾਵਕ ਹੋ ਚੁੱਕੇ ਹਨ ਕਿ ਉਹਨਾਂ ਨੂੰ ਗੁਰਮਤਿ ਉਪਦੇਸ਼ ਦੀ ਸੂਝ ਨਹੀਂ ਰਹੀ ਹੈ। ਬਾਦਲ ਦਲ ਸਿੱਖਾਂ ਨੂੰ ਹਿੰਦੂਆਂ ਦਾ ਪ੍ਰਤਿਬਿੰਬ ਸਮਝਦਾ ਹੈ ਅਤੇ ਸਿੱਖ ਧਰਮ ਲਈ ਸਨਾਤਨੀ ਪਰੱਥਾ ਵਿਚ ਯੋਗ ਥਾਂ ਦੀ ਭਾਲ ਕਰ ਰਿਹਾ ਹੈ। ਪੰਜਾਬ ਦੇ ਸਿਆਸਤਦਾਨ ਵਿਦੇਸ਼ਾਂ ਵਿਚ ਜਾ ਕੇ ਵਿਦੇਸ਼ੀ ਸਿੱਖਾਂ ਵਿਚ ਵੰਡੀਆਂ ਪਾ ਕੇ ਉਹਨਾਂ ਨੂੰ ਆਪਸ ਵਿਚ ਲੜਨ ਲਈ ਉਕਸਾ ਰਹੇ ਹਨ। ਸਿੱਖ ਪੁਜਾਰੀ ਵਰਗ ਆਪਣੇ ਕਿੱਤੇ ਨੂੰ ਤੇ ਭਲੀ ਭਾਂਤ ਨਿਭਾ ਰਿਹਾ ਹੈ ਪਰ ਉਹਨਾਂ ਦੇ ਕਈ ਤਾਬੇਦਾਰ ਬਿਰਤੀ ਵਾਲੇ ਆਗੂ ਬਿਨਾ ਕਿਸੇ ਅਧਿਕਾਰ ਦੇ ਲੋਕਾਂ ਦੇ ਮੂਲ ਧਾਰਮਕ ਹੱਕਾਂ ਵਿਚ ਦਖ਼ਲ ਅੰਦਾਜ਼ੀ ਕਰਨ ਲੱਗ ਪਏ ਹਨ ਜਿਸ ਨੇ ਸਿੱਖ ਧਰਮ ਵਿਚ ਮੰਦਭਾਗੀ ਸਥਿਤੀ ਪੈਦਾ ਕਰ ਦਿੱਤੀ ਹੈ। ਦਰਬਾਰ ਸਾਹਿਬ ਹੁਣ ਸਿੱਖਾਂ ਦਾ ਮੱਕਾ ਅਤੇ ਜੁਰੋਸ਼ਲਮ ਬਣ ਗਿਆ ਹੈ। ਪੰਜਾਬ ਦੇ ਸਿੱਖ ਵਿਦਵਾਨਾਂ, ਪੁਜਾਰੀਆਂ ਅਤੇ ਆਗੂਆਂ ਤੋਂ ਹੁਣ ਵਿਸ਼ਵ ਵਿਚ ਗੁਰਮਤਿ ਦੇ ਸਹੀ ਸੰਚਾਰ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਹ ਤੇ ਪਰੰਪਰਾ ਅਤੇ ਸਿਆਸਤ ਦੀਆਂ ਉਲਝਣਾਂ ਵਿਚ ਏਨੇ ਫਸੇ ਹੋਏ ਹਨ ਕਿ ਇਸ ਵਿਸ਼ੇ ਤੇ ਅਗਵਾਈ ਅਤੇ ਸਹਾਇਤਾ ਦੇਣ ਦੇ ਸਮਰਥ ਹੀ ਨਹੀਂ ਰਹੇ ਹਨ। ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਨੂੰ ਇਹ ਵਾਸਤਵਿਕਤਾ ਹੁਣ ਪਰਵਾਨ ਕਰ ਲੈਣੀ ਚਾਹੀਦੀ ਹੈ ਕਿ ਗੁਰਮਤਿ ਦੇ ਸਹੀ ਸੰਚਾਰ ਲਈ ਉਹਨਾਂ ਨੂੰ ਪੰਜਾਬ ਤੋਂ ਕਿਸੇ ਅਗਵਾਈ ਜਾਂ ਸਹਾਇਤਾ ਦੀ ਆਸ ਨਹੀਂ ਕਰਨੀ ਚਾਹੀਦੀ।




.