.

ਖਾਲਸੇ ਦੀ ਮਾਤਾ : ਮਾਤਾ ਸਾਹਿਬ ਕੌਰ

ਮਾਤਾ ਸਾਹਿਬ ਕੌਰ ਦੇ ਧਰਮ-ਪੁੱਤਰ ਪੰਥ ਖ਼ਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਇਸ ਮਹਾਨ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਗੁਰੂ ਜੀ ਨੇ ਪਹਿਲੀ ਵਿਸਾਖ 1699 ਈਸਵੀ (ਸੰਮਤ 1756) ਨੂੰ ਆਨੰਦਪੁਰ ਸਾਹਿਬ ਵਿੱਚ ਭਾਰੀ ਇਕੱਠ ਕੀਤਾ। ਮਸੰਦਾਂ ਤੇ ਟਹਿਲੂਆਂ ਰਾਹੀਂ ਦੇਸ਼ ਭਰ ਦੀਆਂ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਪਹੁੰਚਣ ਦੇ ਸੁਨੇਹੇ ਭੇਜੇ। ਉਸ ਇਕੱਠ ਵਿੱਚ ਗੁਰੂ ਨਾਨਕ ਜੀ ਵੱਲੋਂ ਲਾਏ ਸਿੱਖੀ ਦੇ ਬੂਟੇ ਨੂੰ ਨਵਾਂ ਰੂਪ ਦੇਣ ਹਿੱਤ ਦਸਮ ਪਾਤਸ਼ਾਹ ਨੇ ਸਿੱਖਾਂ ਦੀ ਸ਼ਰਧਾ, ਸਿਦਕ, ਤਿਆਗ ਤੇ ਕੁਰਬਾਨੀ ਦੀ ਪਰਖ ਕਰਨੀ ਯੋਗ ਸਮਝੀ।
ਕੀਰਤਨ ਸਤਿਸੰਗ ਤੋਂ ਬਾਅਦ ਭਰੇ ਦੀਵਾਨ ਵਿੱਚ ਗੁਰੂ ਜੀ ਅਚਨਚੇਤ ਉੱਠੇ ਅਤੇ ਮਿਆਨ ਵਿੱਚੋਂ ਤਲਵਾਰ ਧੂਹ ਕੇ ਭਖਦੀਆਂ ਲਾਲ ਅੱਖਾਂ ਨਾਲ ਸਿੱਖਾਂ ਨੂੰ ਵੰਗਾਰ ਕੇ ਕਿਹਾ, ”ਮੈਨੂੰ ਇੱਕ ਸਿਰ ਚਾਹੀਦਾ ਹੈ। ਹੈ ਕੋਈ ਸ਼ਰਧਾਲੂ ਸੂਰਮਾ ਸਿੱਖ, ਜੋ ਸੀਸ ਭੇਟ ਕਰੇÎ?” ਗੁਰੂ ਜੀ ਦੀ ਗਰਜਵੀਂ ਆਵਾਜ਼ ਵਿੱਚ ਇਹ ਮੰਗ ਸੁਣ ਕੇ ਸੰਗਤ ਵਿੱਚ ਸੰਨਾਟਾ ਜਿਹਾ ਛਾ ਗਿਆ। ਸਿੱਖਾਂ ਦੇ ਦਿਲ ਧੜਕ ਰਹੇ ਸਨ। ਗੁਰੂ ਜੀ ਦੇ ਮਾਤਾ ਗੁਜਰੀ ਜੀ, ਦੋਵੇਂ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਬੈਠੇ ਹੈਰਾਨੀ ਨਾਲ ਇਹ ਕੌਤਕ ਦੇਖ ਰਹੇ ਸਨ।
ਤਿੰਨ ਵਾਰੀ ਸੀਸ ਮੰਗਣ 'ਤੇ ਗੁਰੂ ਦੇ ਸਿੱਖ ਤੇ ਲਾਹੌਰ ਦੇ ਖੱਤਰੀ ਭਾਈ ਦਯਾ ਰਾਮ ਨੇ ਉੱਠ ਕੇ ਸੀਸ ਪੇਸ਼ ਕੀਤਾ। ਉਸ ਨੂੰ ਗੁਰੂ ਜੀ ਬਾਹੋਂ ਫੜ ਕੇ ਪਿੱਛੇ ਤੰਬੂ ਵਿੱਚ ਲੈ ਗਏ। ਫਿਰ ਲਹੂ ਨਾਲ ਲਿੱਬੜੀ ਤਲਵਾਰ ਹੱਥ ਵਿੱਚ ਫੜੀ ਦੀਵਾਨ ਵਿੱਚ ਆਏ ਅਤੇ ਹੋਰ ਸੀਸ ਮੰਗਿਆ ਤਾਂ ਭਾਈ ਧਰਮ ਦਾਸ ਨੇ ਸੀਸ ਭੇਂਟ ਕੀਤਾ। ਇਸੇ ਤਰ੍ਹਾਂ ਸੀਸਾਂ ਦੀ ਮੰਗ ਕਰਨ 'ਤੇ ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਨੇ ਵਾਰੀ-ਵਾਰੀ ਸੀਸ ਭੇਂਟ ਕੀਤੇ। ਗੁਰੂ ਜੀ ਉਨ੍ਹਾਂ ਨੂੰ ਵੀ ਤੰਬੂ ਵਿੱਚ ਲੈ ਗਏ। ਕੁਝ ਸਮੇਂ ਬਾਅਦ ਗੁਰੂ ਸਾਹਿਬ ਪੰਜੇ ਸਿੱਖਾਂ ਨੂੰ ਦਸਤਾਰਾਂ ਸਜਾ ਕੇ, ਕੇਸਰੀ ਬਸਤਰ ਪੁਆ ਕੇ, ਤੇੜ ਕਛਹਿਰੇ ਤੇ ਗਲ ਵਿੱਚ ਕਿਰਪਾਨਾਂ ਸਜਾ ਕੇ ਬਾਹਰ ਸੰਗਤ ਵਿੱਚ ਲੈ ਆਏ। ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਇਹ ਪੰਜ ਪਿਆਰੇ ਹਨ, ਜਿਨ੍ਹਾਂ ਦੀ ਕੁਰਬਾਨੀ ਤੇ ਤਿਆਗ ਦੇ ਆਧਾਰ ਉੱਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਗਈ ਹੈ ਅਤੇ ਅੱਗੇ ਨੂੰ ਪੰਜ ਪਿਆਰਿਆਂ ਦਾ ਫ਼ੈਸਲਾ ਹੀ ਅਕਾਲ ਪੁਰਖ ਦਾ ਫ਼ੈਸਲਾ ਹੋਵੇਗਾ।
ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਸਜਾ ਕੇ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਵਿੱਚ ਨਿਰਮਲ ਜਲ ਪਾ ਕੇ ਖੰਡੇ ਦੀ ਧਾਰ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਉਸ ਜਲ ਨੂੰ ਸ਼ਕਤੀਸ਼ਾਲੀ ਬਣਾਉਣਾ ਸ਼ੁਰੂ ਕੀਤਾ। ਉਸ ਸਮੇਂ ਗੁਰੂ ਜੀ ਦੇ ਵੱਡੇ ਮਹਿਲ ਮਾਤਾ ਜੀਤੋ ਜੀ ਝੋਲੀ ਭਰ ਕੇ ਪਤਾਸੇ ਲੈ ਆਏ। ਗੁਰੂ ਜੀ ਨੇ ਇਹ ਅੰਮ੍ਰਿਤ ਵਿੱਚ ਮਿਲਾ ਕੇ ਕਿਹਾ ਕਿ ਸ਼ਕਤੀ (ਖੰਡਾ) ਅਤੇ ਭਗਤੀ (ਬਾਣੀਆਂ ਦਾ ਪਾਠ) ਦੇ ਨਾਲ ਪਿਆਰ ਦੀ ਮਿਠਾਸ (ਪਤਾਸੇ) ਵੀ ਭਰ ਦਿੱਤੀ ਗਈ ਹੈ। ਅੰਮ੍ਰਿਤ ਤਿਆਰ ਹੋਣ 'ਤੇ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਛਕਾਇਆ ਅਤੇ ਫਿਰ ਉਨ੍ਹਾਂ ਪਾਸੋਂ ਜੋਦੜੀ ਕਰਕੇ ਆਪ ਵੀ ਅੰਮ੍ਰਿਤ ਛਕਿਆ। ਇਸ ਤਰ੍ਹਾਂ ਖ਼ਾਲਸਾ ਪੰਥ ਸਾਜ ਕੇ ਮਰਦਾਂ ਦੇ ਨਾਵਾਂ ਨਾਲ 'ਸਿੰਘ' ਅਤੇ ਔਰਤਾਂ ਦੇ ਨਾਵਾਂ ਨਾਲ 'ਕੌਰ' ਸ਼ਬਦ ਜੋੜ ਦਿੱਤਾ ਅਤੇ ਉਨ੍ਹਾਂ ਨੂੰ ਪੰਜ ਕਕਾਰ - ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰਨੀ ਬਣਾਇਆ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖ਼ਾਲਸੇ ਵਿੱਚ ਜਾਤੀ ਭੇਦ ਮਿਟਾਉਣ ਅਤੇ ਸਮੂਹ ਜਾਤਾਂ ਤੇ ਗੋਤਾਂ ਨੂੰ ਇੱਕੋ ਰੂਪ ਦੇਣ ਲਈ ਇੱਕੋ ਬਾਟੇ ਵਿੱਚ ਸਭ ਦੇ ਮੂੰਹ ਲਵਾ ਕੇ ਅੰਮ੍ਰਿਤ ਛਕਾਇਆ ਤੇ ਸਿੰਘਾਂ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਰਹਿਤ ਮਰਿਯਾਦਾ ਦੱਸ ਕੇ ਦਸ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ। ਉਹ ਗੁਣ ਦਇਆ, ਦਾਨ, ਖਿਮਾ, ਇਸ਼ਨਾਨ, ਸ਼ੀਲ, ਸੁੱਚਮ, ਸੱਚ ਬੋਲਣਾ, ਸਾਧਨ ਸਿਧ, ਸੂਰਬੀਰਤਾ ਅਤੇ ਭਗਤੀ ਹਨ। ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਦਸ ਗੁਣਾਂ ਦਾ ਧਾਰਨੀ ਅਤੇ ਦਸ ਔਗੁਣ ਹਿੰਸਾ, ਹੰਕਾਰ, ਆਲਸ, ਕੰਜੂਸੀ, ਕਠੋਰਤਾ, ਜੜ੍ਹਤਾ, ਮੂਰਖਤਾ, ਕੁਚੀਲਤਾ, ਅਪਵਿੱਤਰਤਾ ਅਤੇ ਕੁਠਾ ਮਾਸ ਖਾਣ ਦਾ ਤਿਆਗ ਕਰੇਗਾ ਉਹੀ ਸੱਚਾ ਸੁੱਚਾ ਸਿੱਖ ਹੋਵੇਗਾ।
ਮਹਿਲਾਂ ਤੋਂ ਪਰਤ ਕੇ ਦਸਮੇਸ਼ ਪਿਤਾ ਨੇ ਸਜੇ ਹੋਏ ਦੀਵਾਨ ਵਿੱਚ ਸਮੂਹ ਸੰਗਤ 'ਚ ਐਲਾਨ ਕੀਤਾ ਕਿ ਅੱਜ ਤੋਂ ਹਰ ਅੰਮ੍ਰਿਤਧਾਰੀ ਸਿੱਖ ਦੀ ਮਾਤਾ ਸਾਹਿਬ ਕੌਰ ਜੀ ਹੋਣਗੇ। ਪੰਥ ਉਨ੍ਹਾਂ ਦੀ ਗੋਦ ਵਿੱਚ ਪਾ ਦਿੱਤਾ ਹੈ। ਅੱਜ ਤੋਂ ਖੰਡੇ ਦਾ ਅੰਮ੍ਰਿਤ ਛਕ ਕੇ ਆਪਾ ਵਾਰਨ ਦਾ ਪ੍ਰਣ ਲੈਣ ਵਾਲੇ ਸਿੰਘਾਂ ਨੂੰ ਕਿਹਾ ਜਾਵੇ ਕਿ ਉਨ੍ਹਾਂ ਦੀ ਧਰਮ-ਮਾਤਾ ਸਾਹਿਬ ਕੌਰ ਹੈ।
ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੰਗਤਾਂ ਨੇ ਜੈਕਾਰੇ ਗਜਾਏ ਅਤੇ ਅਰਦਾਸ ਕੀਤੀ ਕਿ ਜਦ ਤਕ ਖ਼ਾਲਸਾ ਕਾਇਮ ਰਹੇਗਾ, ਉਸ ਨੂੰ ਆਪਣੀ ਧਰਮ-ਮਾਤਾ ਮਾਤਾ ਸਾਹਿਬ ਕੌਰ ਜੀ ਦਾ ਪਿਆਰ ਤੇ ਅਸ਼ੀਰਵਾਦ ਪ੍ਰਾਪਤ ਰਹੇ ਤੇ ਮਾਤਾ ਦੇ ਚਰਨਾਂ 'ਤੇ ਸੀਸ ਝੁਕਾ ਨਤਮਸਤਕ ਹੋਏ। ਗੁਰੂ ਸਾਹਿਬ ਜੀ ਦੇ ਇਸ ਹੁਕਮ ਸਦਕਾ ਪੰਜ ਪਿਆਰੇ ਜਦੋਂ ਸ਼ਰਧਾਲੂਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖੀ ਬਖਸ਼ਦੇ ਹੋਏ ਖ਼ਾਲਸਾ ਰੂਪ ਦਿੰਦੇ ਅਤੇ ਗੁਰ ਮਰਿਯਾਦਾ ਦਸਦੇ ਹਨ ਤਾਂ ਨਾਲ ਹੀ ਇਹ ਕਹਿੰਦੇ ਹਨ ਕਿ ਅੱਜ ਤੋਂ ਉਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਖ਼ਾਲਸੇ ਦੀ ਮਾਤਾ ਹੈ ਤੇ ਉਨ੍ਹਾਂ ਦਾ ਜਨਮ ਆਨੰਦਪੁਰ ਸਾਹਿਬ ਦਾ ਹੈ।
ਬੇਅੰਤ ਸਿੰਘ ਖਾਨੇਵਾਲ
ਮੋ:98556-98833




.