.

ਧੁਮੱਕੜਸ਼ਾਹੀ ਕੈਲੰਡਰ ਵਾਲੇ ਸਿੱਖਾਂ ਨੂੰ ਨਵੇ ਸਾਲ ਦੀਆਂ ਵਧਾਈਆਂ ?

ਸਰਵਜੀਤ ਸਿੰਘ

ਜਦੋਂ ਵੀ ਨਵਾਂ ਸਾਲ ਅਰੰਭ ਹੁੰਦਾ ਹੈ ਤਾਂ ਅਸੀਂ ਸ਼ਿਸ਼ਟਾਚਾਰ ਵਜੋਂ ਆਪਣੇ ਸਕੇ-ਸਬੰਧੀਆਂ, ਸੱਜਣਾ ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ। ਅੱਜ ਸਾਡੀ ਧਰਤੀ ਤੇ 1 ਜਨਵਰੀ ਨੂੰ ਅਰੰਭ ਹੋਣ ਵਾਲੇ ਸਾਲ ਨੂੰ ਸਮੁੱਚੇ ਤੌਰ ਤੇ ਨਵੇ ਸਾਲ ਦੇ ਅਰੰਭ ਵਜੋ ਮਨਾਇਆ ਜਾਂਦਾ ਹੈ। ਇਸ ਨੂੰ ਸੀ: ਈ: (Common Era) ਕਿਹਾ ਜਾਂਦਾ ਹੈ ਪਰ ਇਸ ਦਾ ਅਸਲ ਨਾਮ ਗਰੈਗੋਰੀਅਨ ਕੈਲੰਡਰ ਹੈ। ਦੁਨੀਆ ਦਾ ਸਾਰਾ ਕਾਰ-ਵਿਹਾਰ ਇਸੇ ਕੈਲੰਡਰ ਮੁਤਾਬਕ ਹੀ ਚਲਦਾ ਹੈ। ਵੱਖ-ਵੱਖ ਕੌਮਾਂ ਦੇ ਆਪਣੇ-ਆਪਣੇ ਕੈਲੰਡਰ ਵੀ ਪ੍ਰਚਲਤ ਹਨ ਜਿਨ੍ਹਾਂ ਮੁਤਾਬਕ ਉਹ ਆਪਣੇ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਦਿਹਾੜੇ ਮਨਾਉਂਦੇ ਹਨ। ਜਿਵੇ ਹਿਜਰੀ ਕੈਲੰਡਰ। ਇਹ ਇਸਲਾਮ ਧਰਮ ਦਾ ਕੈਲੰਡਰ ਹੈ। ਸਿੱਖ ਕੌਮ ਦਾ ਆਪਣਾ ਕੋਈ ਕੈਲੰਡਰ ਨਾ ਹੋਣ ਕਰਕੇ, ਹਿੰਦੋਸਤਾਨ `ਚ ਪ੍ਰਚਲਤ ਕੈਲੰਡਰਾਂ ਮੁਤਾਬਕ ਹੀ ਆਪਣੇ ਧਾਰਮਿਕ ਅਤੇ ਇਤਿਹਾਸਿਕ ਦਿਹਾੜੇ ਮਨਾਏ ਜਾਣੇ ਸੁਭਾਵਿਕ ਹੀ ਸਨ। ਪਿਛਲੇ ਲੰਮੇ ਸਮੇ ਤੋਂ ਹਿੰਦੋਸਤਾਨ `ਚ ਦੋ ਕੈਲੰਡਰ ਪ੍ਰਚਲਤ ਹਨ। ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ। ਗੁਰੂ ਕਾਲ ਵੇਲੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਵਰਤੋ ਹੁੰਦੀ ਸੀ। ਜਨਮ ਸਾਖੀਆਂ, ਗੁਰੂ ਕੀਆਂ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਸਮੇਤ ਸਾਰੇ ਪੁਰਾਤਨ ਵਸੀਲਿਆਂ `ਚ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖਾਂ ਮਿਲਦਿਆਂ ਹਨ। ਉਦਾਹਰਣ ਵਜੋ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ ਅਤੇ ਖਾਲਸਾ ਪ੍ਰਗਟ ਦਿਵਸ 1 ਵੈਸਾਖ, ਇਹ ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ।

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ ਪੁਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ `ਚ 12 ਮਹੀਨੇ (ਚੇਤ ਤੋਂ ਫੱਗਣ) ਅਤੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕਿੰਡ) ਹੁੰਦੇ ਹਨ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.242196 ਦਿਨ (365 ਦਿਨ 5 ਘੰਟੇ 48 ਮਿੰਟ 45 ਸੈਕਿੰਡ) ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ, ਦੋ ਸਾਲਾ ਵਿਚ 22 ਦਿਨ ਜਾਂ ਤਿੰਨ ਸਾਲਾਂ `ਚ 33 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਯਾਦ ਰਹੇ ਪਿਛਲੇ ਸਾਲ (2069 ਸੰਮਤ) ਭਾਦੋਂ ਦੇ ਦੋ ਮਹੀਨੇ ਸਨ ਅਤੇ 2072 ਸੰਮਤ ਹਾੜ ਦੇ ਦੋ ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਇਸ ਕੈਲੰਡਰ `ਚ ਇਕ ਦਿਨ ਵਿਚ ਦੋ ਤਾਰੀਖਾਂ (ਤਿਥੀਆਂ) ਜਾਂ ਦੋ ਦਿਨਾਂ `ਚ ਇਕ ਤਾਰੀਖ (ਤਿਥੀ) ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ

ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਇਹ ਕੈਲੰਡਰ ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ `ਚ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੀ ਲੰਬਾਈ 365.2587 ਦਿਨ ਸੀ। ਇਸ ਨੂੰ ਸੂਰਜੀ ਸਿਧਾਂਤ ਕਿਹਾ ਜਾਂਦਾ ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.24216 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.25875 ਤੋਂ ਘਟਾ ਕੇ 365.25636 ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ ਸੰਗਰਾਂਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆ ਸੰਗਰਾਦਾਂ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ। ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ।

ਗਰੈਗੋਰੀਅਨ (ਸੀ: ਈ:) ਕੈਲੰਡਰ:- ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਵਿਚ ਇਸ `ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਤਰੀਖਾਂ ਖਤਮ ਕਰ ਦਿੱਤੀਆਂ ਗਈਆਂ ਸਨ। ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਭਾਵ 11 ਤਾਰੀਖਾਂ ਖਤਮ ਕਰ ਦਿੱਤੀਆਂ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ: ਈ: ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਰਾਤ ਦੇ 12 ਵਜੇ ਤੋਂ ਹੁੰਦਾ ਹੈ।

ਸਿੱਖ ਕੌਮ ਵਿਚ ਅੱਜ ਇਹ ਤਿੰਨੇ ਕੈਲੰਡਰ ਹੀ ਲਾਗੂ ਹਨ। 31 ਦਸੰਬਰ ਦੀ ਰਾਤ, ਦੁਨੀਆਂ ਭਰ ਦੇ ਗੁਰਦਵਾਰਿਆਂ `ਚ ਰਾਤ ਦੇ 12 ਵਜੇ ਜੈਕਾਰੇ ਛੱਡੇ ਗਏ ਅਤੇ ਨਵੇ ਸਾਲ 2013 ਸੀ: ਈ: ਨੂੰ ਜੀ ਆਇਆ ਆਖਿਆ ਗਿਆ ਸੀ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 13 ਮਾਰਚ ਦੀ ਰਾਤ ਨੂੰ 12 ਵਜੇ ਜੈਕਾਰੇ ਛੱਡ ਕੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਬਿਕ੍ਰਮੀ ਸੰਮਤ 2070 ਨੂੰ ਜੀ ਆਇਆ ਆਖਿਆ ਗਿਆ ਸੀ। ਜਿੱਤ ਦੀ ਖੁਸ਼ੀ `ਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਦਾ ਧਿਆਨ ਹੀ ਨਹੀ ਰੱਖਿਆ ਕਿ ਬਿਕ੍ਰਮੀ ਸਾਲ ਦਾ ਅਰੰਭ ਰਾਤ ਦੇ 12 ਵਜੇ ਨਹੀ ਸਗੋਂ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ। 1 ਚੇਤ ਦਾ ਅਰੰਭ ਰਾਤ 12 ਵਜੇ ਨਹੀ ਸਗੋਂ 14 ਮਾਰਚ ਸਵੇਰੇ ਸੂਰਜ ਚੜਨ ਵੇਲੇ (ਦਿੱਲੀ `ਚ ਲੱਗ ਭੱਗ ਸਵੇਰੇ 6.15 ਵਜੇ) ਹੋਇਆ ਸੀ।

ਇਸ ਸਮਾਗਮ `ਚ ਬੋਲਦਿਆਂ ਗਿਆਨੀ ਗੁਰਬਚਨ ਸਿੰਘ ਜੀ ਨੇ ਨਵੇ ਸਾਲ ਦੀ ਵਧਾਈ ਦਿੰਦਿਆਂ ਕਿਹਾ, “ਬਹੁਤ ਉੱਚੀ ਅਵਾਜ਼ ਵਿਚ ਰੌਲਾ ਪਾਇਆ ਗਿਆ, ਚੀਕਾਂ ਮਾਰੀਆਂ ਗਈਆਂ ਕੇ ਕੈਲੰਡਰ ਬਦਲ ਦਿੱਤਾ, ਅਹਿ ਕਰ ਦਿੱਤਾ ਔਹ ਕਰ ਦਿੱਤਾ ਏ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਜਿਹੜਾ ਕੈਲੰਡਰ 2003 ਵਾਲਾ ਸੀ, ਜਿਹੜਾ ਨਵਾ ਬਣਾਇਆ ਗਿਆ ਸੀ, ਕਹਿ ਲਓ ਕੇ ਪੁਰੇਵਾਲ ਦੀ ਕਮੇਟੀ ਨੇ ਬਣਾਇਆ ਸੀ, ਓਸ ਕੈਲੰਡਰ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਤੇ ਹੋਲਾਂ ਮਹੱਲਾ, ਇਨ੍ਹਾਂ ਨੂੰ ਬਿਲਕੁਲ ਨਹੀਂ ਛੇੜਿਆ ਗਿਆ ਸੀ, ਇਹ ਬਿਲਕੁਲ ਪੁਰਾਤਨ ਰੱਖੇ ਗਏ ਸਨ, ਉਨ੍ਹਾਂ ਨੇ ਇਹ ਤਿੰਨ ਪੁਰਾਤਨ ਰੱਖੇ ਸੀ, ਅਸੀਂ ਉਦੇ ਵਿਚ ਸੋਧ ਕਰਕੇ ਚਾਰ ਹੋਰ ਪੁਰਾਨਤ ਕੀਤੇ ਨੇ”।

ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਹੁਣ ਸੱਤ ਗੁਰਪੁਰਬ (ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ, ਹੋਲਾਂ ਮਹੱਲਾ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਗੁਰੂ ਗ੍ਰੰਥ ਸਾਹਿਬ ਦਾ ਗੁਰ ਗੱਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ) ਚੰਦਰ ਸੂਰਜੀ ਬਿਕ੍ਰਮੀ ਕੈਲੰਡਰ, ਜਿਸ ਦੇ ਸਾਲ ਤੇ 354 ਦਿਨ ਹਨ, ਮੁਤਾਬਕ ਮਨਾਏ ਜਾਣੇ ਹਨ। ਇਸ ਕੈਲੰਡਰ ਦੇ ਸਾਲ ਦਾ ਅਰੰਭ ਚੇਤ ਸੁਦੀ 1 ਤੋਂ ਹੁੰਦਾ ਹੈ। ਇਹ ਚੇਤ ਸੁਦੀ 1, ਇਸ ਸਾਲ 11 ਅਪ੍ਰੈਲ ਦਿਨ ਵੀਰਵਾਰ ਨੂੰ ਆਵੇਗੀ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਇਸ ਸਾਲ ਨੂੰ ਵੀ, ਜਿਸ ਮੁਤਾਬਕ ਸੱਤ ਗੁਰਪੁਰਬ ਮਨਾਏ ਜਾਣੇ ਹਨ, ਜੀ ਆਇਆ ਆਖਣ ਲਈ ਵੱਡੇ ਪੱਧਰ ਤੇ ਸਮਾਗਮ ਕਰਦੇ ਪਰ ਉਨ੍ਹਾਂ ਵੱਲੋਂ ਅੱਜ ਤਾਈ ਅਜੇਹੀ ਕੋਈ ਵੀ ਸੂਚਨਾ ਨਹੀ ਆਈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਇਕ ਹੋਰ ਨਵੇਂ ਸਾਲ ਦਾ ਅਰੰਭ ਚੇਤ ਸੁਦੀ 1 (ਅਪ੍ਰੈਲ 11) ਨੂੰ ਹੋ ਰਿਹਾ ਹੈ। ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਸਿੱਖ ਸੰਗਤ ਨੂੰ ਇਕ ਹੋਰ ਨਵੇ ਸਾਲ ਦੀਆਂ ਵਧਾਈਆਂ!




.