.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਧਰਮਰਾਜ ਦਾ ਸੰਕਲਪ (ਭਾਗ ਪੰਜਵਾਂ)

ਗੁਰਬਾਣੀ ਦੀ ਜੀਵਨ-ਜੁਗਤ ਦੀ ਵਿਲਖੱਣਤਾ ਦਾ ਇੱਕ ਰੂਪ ਇਹ ਹੈ ਕਿ ਇਸ ਵਿੱਚ ਮਨੁੱਖ ਦੇ ਚੰਗੇ ਜਾਂ ਮੰਦੇ ਕੰਮਾਂ ਦੀ ਸਜ਼ਾ, ਸਰੀਰ ਤਿਆਗਣ ਮਗਰੋਂ ਨਹੀਂ ਬਲਕਿ ਇਸ ਸਰੀਰ ਵਿੱਚ ਵਿਚਰਦਿਆਂ ਹੀ ਮਿਲਣ ਹੀ ਗੱਲ ਕੀਤੀ ਹੈ। ਇਹ ਸਜ਼ਾ ਜ਼ਿਆਦਾਤਰ ਸਰੀਰਕ ਦੰਡ ਦੇ ਰੂਪ ਵਿੱਚ ਨਹੀਂ, ਬਲਕਿ ਵਿਕਾਰਾਂ ਵਿੱਚ ਗ਼ਲਤਾਨ ਹੋ ਕੇ ਆਤਮਕ ਸੰਤਾਪ ਦੇ ਰੂਪ ਵਿੱਚ ਮਿਲਦੀ ਹੈ। ਭਾਵੇਂ ਆਮ ਤੌਰ `ਤੇ ਦੰਡ ਦਾ ਰੂਪ ਸਰੀਰਕ ਦੰਡ ਦੇ ਰੂਪ ਵਿੱਚ ਹੀ ਮੰਨਿਆ ਜਾਂਦਾ ਹੈ ਪਰੰਤੂ ਗੁਰਬਾਣੀ ਵਿੱਚ ਇਨਸਾਨੀਅਤ ਤੋਂ ਮੂੰਹ ਮੋੜਨ ਵਾਲੀ ਕ੍ਰਿਆ ਨੂੰ ਦੰਡ ਦਾ ਭਿਆਨਕ ਰੂਪ ਸਵੀਕਾਰ ਕੀਤਾ ਹੈ। ਇਸ ਦੰਡ ਦਾ ਪ੍ਰਤੱਖ ਰੂਪ ਮਨੁੱਖ ਅੰਦਰੋਂ ਮਨੁੱਖਤਾ ਦਾ ਅਭਾਵ ਹੈ। ਗੁਰਬਾਣੀ ਅਨੁਸਾਰ ਇਸ ਦੰਡ ਨਾਲੋਂ ਹੋਰ ਕੋਈ ਵਧੀਕ ਦੰਡ ਨਹੀਂ ਹੈ:-
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ॥ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ॥ (ਪੰਨਾ ੧੦੯੩) ਅਰਥ: ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰਤਾ ਭਰ ਭੀ ਡਰ ਨਹੀਂ, ਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ-ਪਛਾਣ ਪ੍ਰਾਪਤ ਨਹੀਂ ਹੋਈ, ਹੇ ਨਾਨਕ! ਉਹ (ਆਤਮਕ ਮੌਤੇ) ਮੋਏ ਹੋਏ ਹਨ, ਉਹਨਾਂ ਨੂੰ (ਮਾਨੋ) ਰੱਬ ਨੇ ਆਪ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ? ।
ਗੁਰਬਾਣੀ ਨੇ ਆਤਮਕ ਮੌਤੇ ਮਰੇ ਹੋਏ ਪ੍ਰਾਣੀਆਂ ਨੂੰ ਮਨੁੱਖੀ ਸ਼੍ਰੇਣੀ ਵਿੱਚ ਨਹੀਂ ਪਸ਼ੂਆਂ ਦੀ ਸ਼੍ਰੇਣੀ ਵਿੱਚ ਗਿਣਿਆ ਹੈ:- ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥ ਮਨਮੁਖ ਮੁਏ ਵਿਕਾਰ ਮਹਿ ਮਰਿ ਜਮਹਿ ਵਾਰੋ ਵਾਰ॥ (ਪੰਨਾ ੧੪੧੮) ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਂ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਸ਼ਬਦ ਵਿੱਚ ਆਪਣਾ ਮਨ ਨਹੀਂ ਜੋੜਿਆ, ਉਹ ਬੰਦੇ ਮਨੁੱਖਾ ਜੂਨ ਵਿੱਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ। ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿੱਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ; ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਰੱਬੀ ਯਾਦ ਅਥਵਾ ਸੱਚ ਤੋਂ ਮੂੰਹ ਮੋੜ ਕੇ ਵਿਕਾਰਾਂ ਦੀ ਗੰਦਗੀ ਵਿੱਚ ਹੀ ਮਸਤ ਰਹਿਣ ਵਾਲਿਆਂ ਨੂੰ ਇਸ ਨਾਲੋਂ ਹੋਰ ਕਿਹੜੀ ਵਧੇਰੇ ਸਜ਼ਾ ਮਿਲ ਸਕਦੀ ਹੈ? ਪਰੰਤੂ ਅਸੀਂ ਫਲ਼ ਅਤੇ ਸਜ਼ਾ ਦੇ ਆਪਣੇ ਹੀ ਮਾਪਦੰਡ ਕਾਇਮ ਕੀਤੇ ਹੋਏ ਹਨ। ਇਸ ਲਈ ਜਦੋਂ ਅਸੀਂ ਕਿਸੇ ਬੇਈਮਾਨ, ਦੰਭੀ, ਨਿਰਦਈ ਜਾਂ ਜ਼ਾਲਮ ਆਦਿ ਮਨੁੱਖ ਨੂੰ ਖ਼ੁਸ਼ਹਾਲ ਜ਼ਿੰਦਗੀ ਗੁਜ਼ਾਰਦਾ ਹੋਇਆ ਦੇਖਦੇ ਹਾਂ ਤਾਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਇਸ ਨੂੰ ਤਾਂ ਕੋਈ ਸਜ਼ਾ ਨਹੀਂ ਮਿਲੀ। ਇਸ ਤਰ੍ਹਾਂ ਦੀ ਸੋਚਣੀ ਕਾਰਨ ਹੀ ਅਸੀਂ ਇਹਨਾਂ ਕੁਕਰਮਾਂ ਆਦਿ ਦੇ ਦੰਡ ਦੀ, ਮਰਨ ਮਗਰੋਂ ਕਲਪਨਾ ਕਰਨ ਲੱਗ ਪੈਂਦੇ ਹਾਂ। ਇਸ ਧਾਰਨਾ ਕਾਰਨ ਹੀ ਗੁਰਬਾਣੀ ਦੇ ਜਿਹਨਾਂ ਫ਼ਰਮਾਨਾਂ ਵਿੱਚ ਧਰਮਰਾਜ ਜਾਂ ਜਮਰਾਜ ਵਲੋਂ ਦੰਡ ਆਦਿ ਦਾ ਜ਼ਿਕਰ ਆਇਆ ਹੈ, ਉਸ ਨੂੰ ਮੌਤ ਮਗਰੋਂ ਹੀ ਸਮਝਦੇ ਹਾਂ। ਪਰੰਤੂ ਗੁਰਬਾਣੀ ਵਿੱਚ ਰੱਬ ਨਾਲ ਜੁੜਨ ਦਾ ਫਲ਼ ਅਰਥਾਤ ਲਾਭ ਅਤੇ ਪ੍ਰਭੂ ਤੋਂ ਮੂੰਹ ਮੋੜਨ ਦਾ ਨੁਕਸਾਨ, ਮਰਨ ਮਗਰੋਂ ਨਹੀਂ ਸਗੋਂ ਜਿਊਂਦੇ ਜੀਅ ਹੀ ਪ੍ਰਾਪਤ ਹੋਣ ਦੀ ਗੱਲ ਕੀਤੀ ਹੋਈ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਸਫ਼ਲ ਅਤੇ ਅਸਫ਼ਲ ਜੀਵਨ ਦਾ ਸਪਸ਼ਟ ਰੂਪ ਵਿੱਚ ਉਲੇਖ ਕੀਤਾ ਹੋਇਆ ਹੈ:-
(ੳ) ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ॥ ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ॥ ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ॥ ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ॥ ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ॥ (ਪੰਨਾ ੭੦੭) ਅਰਥ: ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਮੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿੱਚ ਚੰਦਨ ਦੀ ਸੁਗੰਧ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ, (ਪਰ ਇਹ ਸਭ ਕੁੱਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿੱਚ ਯਾਦ ਨਹੀਂ ਹੈ ਤਾਂ (ਇਹ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ।
(ਅ) ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ॥ ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥ ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥ (ਪੰਨਾ ੭੦੭) ਅਰਥ: ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿੱਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ, ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿੱਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)। ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ, (ਅਜਿਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿੱਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ। ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ।
ਗੁਰਬਾਣੀ ਦੀ ਜੀਵਨ-ਜੁਗਤ ਦੇ ਇਸ ਪਹਿਲੂ ਨੂੰ ਧਿਆਨ ਵਿੱਚ ਰੱਖਿਆਂ ਗੁਰਬਾਣੀ ਵਿੱਚ ਵਰਨਿਤ ਸਜ਼ਾ ਅਤੇ ਫਲ਼ ਨੂੰ ਸਪਸ਼ਟ ਰੂਪ ਵਿੱਚ ਦੇਖ ਸਕੀਦਾ ਹੈ। ਧਰਮਰਾਜ ਜਾਂ ਜਮਰਾਜ ਨਾਲ ਸੰਬੰਧਤ ਫ਼ਰਮਾਨਾਂ ਵਿੱਚ ਪ੍ਰਭੂ ਦੀ ਹੁਕਮੀ ਕ੍ਰਿਆ ਦੀ ਨਿਆਂ-ਪ੍ਰਣਾਲੀ ਦਾ ਹੀ ਜ਼ਿਕਰ ਹੈ। ਮਨੁੱਖ ਨੂੰ ਇਹ ਸਜ਼ਾ ਮੌਤ ਮਗਰੋਂ ਕਿਸੇ ਧਰਮਰਾਜ ਦੀ ਕਚਹਿਰੀ ਵਿੱਚ ਨਹੀਂ ਸਗੋਂ ਜਿਊਂਦੇ ਜੀਅ ਜਮ ਮਾਰਗ ਦਾ ਰਾਹੀ ਬਣਨ ਦੇ ਰੂਪ ਵਿੱਚ ਮਿਲਦੀ ਹੈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਧਰਮਰਾਜ ਜਾਂ ਜਮਰਾਜ ਨਾਲ ਸੰਬੰਧਤ ਫ਼ਰਮਾਨਾਂ ਵਿੱਚ ਜਮਰਾਜ ਵਲੋਂ ਦੰਡ ਜਾਂ ਪੁੱਛ-ਗਿੱਛ ਦਾ ਜ਼ਿਕਰ ਆਇਆ ਹੈ, ਉੱਥੇ ਮੌਤ ਮਗਰੋਂ ਨਹੀਂ ਬਲਕਿ ਜਿਊਂਦੇ ਜੀਅ, ਇਸੇ ਸਰੀਰ ਵਿੱਚ ਰਹਿੰਦਿਆਂ ਹੀ ਵਿਕਾਰਾਂ ਦੇ ਰੂਪ ਵਿੱਚ ਮਿਲਣ ਤੋਂ ਭਾਵ ਹੈ। ਗੁਰਬਾਣੀ ਦੇ ਜਿਹਨਾਂ ਹੋਰ ਫ਼ਰਮਾਨਾਂ ਵਿੱਚ ਧਰਮਰਾਜ ਜਾਂ ਜਮਰਾਜ ਦਾ ਜ਼ਿਕਰ ਕੀਤਾ ਹੋਇਆ ਹੈ, ਉਹਨਾਂ ਵਿੱਚੋਂ ਕੁੱਝ ਕੁ ਇਸ ਤਰ੍ਹਾਂ ਹਨ:-
(ੳ) ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ॥ ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ॥ (ਪੰਨਾ ੯੬੫) ਅਰਥ: ਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ। ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿੱਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ।
ਮਾਇਆ ਮੋਹਿਆ ਪ੍ਰਾਣੀ ਹਮੇਸ਼ਾਂ ਮਾਇਆ ਦੀਆਂ ਅਥਵਾ ਖੋਟੀਆਂ ਚਿਤਵਨੀਆਂ ਹੀ ਚਿਤਵਦਾ ਰਹਿੰਦਾ ਹੈ। ਸਿੱਟੇ ਵਜੋਂ ਅਜਿਹਾ ਮਨੁੱਖ ਵਿਕਾਰਾਂ ਵਿੱਚ ਗ਼ਲਤਾਨ ਹੋ ਕਈ ਤਰ੍ਹਾਂ ਦੇ ਵਿਕਾਰ ਕਮਾਉਣ ਲੱਗ ਪੈਂਦਾ ਹੈ। ਅਜਿਹਾ ਮਨੁੱਖ ਆਪਣੇ ਹਰੇਕ ਇੰਦ੍ਰੇ ਦੁਆਰਾ ਕੁਕਰਮ ਹੀ ਕਮਾਉਂਦਾ ਹੈ। ਇਸ ਕ੍ਰਿਆ ਨੂੰ ‘ਤਬ ਪੂਛੇ ਧਰਮ ਰਾਇ’ ਕਿਹਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਸਾਨੂੰ ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ’ ਦਾ ਅਦਰਸ਼ ਦ੍ਰਿੜ ਕਰਾ ਕੇ ਸ਼ੁਭ ਕਰਮ ਕਰਨ ਲਈ ਉਤਸ਼ਾਹਤ ਕਰਦੀ ਹੈ। ਮਨੁੱਖ ਨੂੰ ਭੈੜੀ ਸੰਗਤ ਦਾ ਤਿਆਗ ਕਰਕੇ ਚੰਗੀ ਸੰਗਤ ਕਰਨ ਦੀ ਪ੍ਰੇਰਨਾ ਕਰਦੀ ਹੈ। ਇਹ ਗੱਲ ਵੀ ਧਿਆਨ ਗੋਚਰੀ ਹੈ ਕਿ ਚੰਗੀ ਜਾਂ ਮਾੜੀ ਸੰਗਤ ਦਾ ਫਲ਼ ਮਰਨ ਮਗਰੋਂ ਨਹੀਂ ਜਿਊਂਦੇ ਜੀਆ ਹੀ ਭੋਗਣਾ ਪੈਂਦਾ ਹੈ। ਇਸ ਸਜ਼ਾ ਦਾ ਰੂਪ ਆਚਰਣਕ ਕਮਜ਼ੋਰੀਆਂ ਅਤੇ ਆਤਮਕ ਸੰਤਾਪ ਹੈ। ਮਨੁੱਖ ਆਪਣੇ ਇੰਦ੍ਰਿਆਂ ਨੂੰ ਸੰਜਮ ਵਿੱਚ ਰੱਖਣੋਂ ਅਸਮਰਥ ਰਹਿੰਦਾ ਹੈ।
ਗੁਰਬਾਣੀ ਸਾਨੂੰ ਜੀਵਨ-ਮੁਕਤ ਦਾ ਅਦਰਸ਼ ਦ੍ਰਿੜ ਕਰਾਉਂਦੀ ਹੈ। ਜਦੋਂ ਅਸੀਂ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦੇ ਹਾਂ ਤਦੋਂ ਅਸੀਂ ਵਿਕਾਰਾਂ ਵਿੱਚ ਪੈ ਕੇ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਾਂ। ਆਤਮਕ ਬਰਬਾਦੀ ਦਾ ਜ਼ਾਹਰਾ ਰੂਪ ਮਨੁੱਖ ਦਾ ਚੰਗਿਆਈਆਂ ਨੂੰ ਛੱਡ ਕੇ ਬੁਰਿਆਈਆਂ ਨੂੰ ਗ੍ਰਹਿਣ ਕਰਨਾ ਹੈ:
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ॥ ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ॥ (ਪੰਨਾ ੧੧੫੫) ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮਤਿ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿੱਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ।
ਇਸ ਤਬਾਹੀ ਦਾ ਅਸਰ ਮੌਤ ਮਗਰੋਂ ਨਹੀਂ ਸਗੋਂ ਜਿਊਂਦੇ ਜੀਅ ਹੀ ਪੈਂਦਾ ਹੈ। ਇਸ ਲਈ ਗੁਰਬਾਣੀ ਦੀ ਪਰਿਭਾਸ਼ਕ ਸ਼ਬਦਾਵਲੀ ਵਿੱਚ ਇਸ ਨੂੰ ਹੀ ‘ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ’ ਕਿਹਾ ਹੈ। ਗੁਰਬਾਣੀ ਦੀ ਜੀਵਨ-ਮੁਕਤ ਮਨੁੱਖ ਨੂੰ ਜਿਊਂਦੇ ਜੀਅ ਮੁਕਤ ਹੋਣ ਦਾ ਅਦਰਸ਼ ਦ੍ਰਿੜ ਕਰਾਉਂਦੀ ਹੈ। ਇਸ ਲਈ ਹੀ ਇਸ ਮਾਰਗ ਨੂੰ ਨਕਦੀ ਧਰਮ ਆਖਿਆ ਹੈ। ਇਸ ਭਾਵ ਨੂੰ ਇਸ ਫ਼ਰਮਾਨ ਵਿੱਚ ਹੋਰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:-
(ੳ) ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ॥ (ਪੰਨਾ ੧੩੬੯) ਅਰਥ: ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ, ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿੱਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ।
(ਅ) ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ॥ ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ॥ ੧॥ ਰਹਾਉ॥ ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ॥ ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ॥ ੧॥ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ॥ ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ॥ ੨॥ (ਪੰਨਾ ੧੧੫੧) ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ)। ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ। ੧। ਰਹਾਉ।
ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ। ਹੇ ਭਾਈ! ਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ। ੧।
ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿੱਚ ਰਿਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ। ਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ। ਹੇ ਨਾਨਕ! (ਆਖ—) ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ। ੨।
ਗੁਰਬਾਣੀ ਵਿੱਚ ਜਿਸ ਤਰ੍ਹਾਂ ‘ਤੀਰਥੁ ਬਡਾ ਕਿ ਹਰਿ ਕਾ ਦਾਸੁ’ ਫ਼ਰਮਾਨ ਦੁਆਰਾ ਕਥਿੱਤ ਤੀਰਥਾਂ ਨਾਲੋਂ ਪ੍ਰਭੂ ਦੇ ਸੇਵਕਾਂ ਨੂੰ ਮਹਾਨ ਦਰਸਾਇਆ ਹੈ। ਇਸੇ ਤਰ੍ਹਾਂ ‘ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ’ ਵਿੱਚ ਪ੍ਰਭੂ ਜਨਾਂ ਦਾ ਵਡੱਪਨ ਦ੍ਰਿੜ ਕਰਵਾਇਆ ਹੈ।
(ੲ) ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ॥ ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ॥ (ਪੰਨਾ ੧੦੯੧) ਅਰਥ: ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ; ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿੱਚ ਜੁੜੇ ਰਹਿੰਦੇ ਹਨ।
ਇਹ ਸੱਚ ਜਦੋਂ ਇਸਲਾਮ ਦੇ ਪੈਰੋਕਾਰ/ ਪੈਰੋਕਾਰਾਂ ਨਾਲ ਸਾਂਝਿਆਂ ਕੀਤਾ ਹੈ ਤਾਂ ਇਸ ਨੂੰ ਇਸ ਤਰ੍ਹਾਂ ਦ੍ਰਿੜ ਕਰਵਾਇਆ ਹੈ:-
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ॥ ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ॥ (ਪੰਨਾ ੭੨੪) ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ) (ਕਿਉਂਕਿ) ਉਸ ਮਨੁੱਖ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ।
ਜਜ ਧਰਮਰਾਜ ਜਿਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਸ ਦੇ ਗ਼ੁਨਾਹਾਂ ਦੇ ਬਖ਼ਸ਼ੇ ਜਾਣ ਦਾ ਭਾਵ ਹੈ ਕਿ ਉਹ ਮਨੁੱਖ ਕੋਈ ਅਜਿਹਾ ਕਰਮ ਨਹੀਂ ਕਰਦਾ ਜਿਸ ਨਾਲ ਉਸ ਨੂੰ ਸ਼ਰਮਿੰਦਗੀ ਉਠਾਉਣੀ ਪਵੇ ਜਾਂ ਮਨੁੱਖਤਾ ਕਲੰਕਿਤ ਹੁੰਦੀ ਹੋਵੇ। ਜੇਕਰ ਇਸ ਦਾ ਭਾਵ ਇਹ ਲਿਆ ਜਾਵੇ ਕਿ ਉਸ ਦੇ ਪਾਪ ਬਖ਼ਸ਼ੇ ਜਾਂਦੇ ਹਨ ਤਾਂ ਗੁਰਬਾਣੀ ਦੇ ਇਹਨਾਂ ਫ਼ਰਮਾਨਾਂ ਦਾ ਕੀ ਭਾਵ ਲਵਾਂਗੇ:-
(ੳ) ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ (ਪੰਨਾ ੯੫੨) ਅਰਥ: (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।
(ਅ) ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ॥ (ਪੰਨਾ ੮੪) ਅਰਥ: ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ। ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
(ਸ) ਨਰਕ ਨ ਡੀਠੜਿਆ ਸਿਮਰਤ ਨਾਰਾਇਣ॥ ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ॥ ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ॥ ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ॥ (ਪੰਨਾ ੪੬੦) ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ। ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ। ਸਾਧ ਸੰਗਤਿ ਵਿੱਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ, ਧੀਰਜ ਪ੍ਰਾਪਤ ਹੋ ਜਾਂਦਾ ਹੈ ਅਤੇ ਆਤਮਕ ਅਡੋਲਤਾ ਮਿਲ ਜਾਂਦੀ ਹੈ। ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।
(ਹ) ਆਸਾ ਬੰਧੀ ਮੂਰਖ ਦੇਹ॥ ਕਾਮ ਕ੍ਰੋਧ ਲਪਟਿਓ ਅਸਨੇਹ॥ ਸਿਰ ਊਪਰਿ ਠਾਢੋ ਧਰਮ ਰਾਇ॥ ਮੀਠੀ ਕਰਿ ਕਰਿ ਬਿਖਿਆ ਖਾਇ॥ (ਪੰਨਾ ੧੭੮) ਅਰਥ: ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ) ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ।
ਉਪਰੋਕਤ ਸ਼ਬਦ ਦਾ ਭਾਵ ਇਸ ਤਰ੍ਹਾਂ ਵੀ ਆਇਆ ਹੈ:-
(੧) ਅਨਦਿਨੁ ਮੂਸਾ ਲਾਜੁ ਟੁਕਾਈ॥ ਗਿਰਤ ਕੂਪ ਮਹਿ ਖਾਹਿ ਮਿਠਾਈ॥ ੧॥ ਸੋਚਤ ਸਾਚਤ ਰੈਨਿ ਬਿਹਾਨੀ॥ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ॥ ੧॥ ਰਹਾਉ॥ ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ॥ ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ॥ ੨॥ ਬਾਲੂ ਕਨਾਰਾ ਤਰੰਗ ਮੁਖਿ ਆਇਆ॥ ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ॥ ੩॥ ਸਾਧਸੰਗਿ ਜਪਿਓ ਹਰਿ ਰਾਇ॥ ਨਾਨਕ ਜੀਵੈ ਹਰਿ ਗੁਣ ਗਾਇ॥ ੪॥ (ਪੰਨਾ ੩੯੦)
ਅਰਥ: ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ, ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ। ੧। ਰਹਾਉ।
(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿੱਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ (ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿੱਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿੱਚ ਰੁੱਝਾ ਪਿਆ ਹੈਂ)। ੧।
(ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ, ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿੱਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ। ੨।
(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿੱਚ ਆਇਆ ਹੋਇਆ ਹੈ (ਪਰ ਮਾਇਆ ਦੇ ਮੋਹ ਵਿੱਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ। ੩।
ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿੱਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ। ੪।
(੨) ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ॥ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ॥ (ਪੰਨਾ ੮੦੯) ਅਰਥ: ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ- (ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ। ਝਗੜਿਆਂ ਵਿੱਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿੱਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ।
ਜੀਵਨ ਦੇ ਇਸ ਸੱਚ ਨੂੰ ਇਸਲਾਮ ਦੇ ਪੈਰੋਕਾਰਾਂ ਨਾਲ ਸਾਂਝਿਆਂ ਕਰਦਿਆਂ ਇਉਂ ਆਖਿਆ ਹੈ:-
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥ (ਪੰਨਾ ੭੨੧) ਅਰਥ: ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ। ਹੇ ਦਿਲ! ਤੂੰ ਕੁੱਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰੇ ਦੇ ਵਾਲੇ ਫੜੇ ਹੋਏ ਹਨ।
(ਕ) ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ॥ ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ॥ (ਪੰਨਾ ੧੩੩੨) ਅਰਥ: (ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤਿ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ। ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿੱਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁੱਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ।
ਜਿਸ ਜਮ ਦੇ ਨਾਮ ਤੋਂ ਹੀ ਮਨੁੱਖ ਕੰਬਣ ਲੱਗ ਪੈਂਦਾ ਹੈ, ਉਸ ਜਮ ਨੂੰ ਪ੍ਰਭੂ ਪਿਆਰਿਆਂ ਤੋਂ ਡਰਦਾ ਦਿਖਾਇਆ ਹੈ।
(ਖ) ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ॥ ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ॥ ੧੪੦॥ (ਪੰਨਾ ੧੩੭੧) ਅਰਥ: ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ, ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ।
ਧਿਆਨ ਰਹੇ ‘ਜਿਨਿ ਇਹੁ ਜਮੂਆ ਸਿਰਜਿਆ’ ਤੋਂ ਇਹ ਸਿੱਟਾ ਕੱਢਣਾ ਕਿ ਇਸ ਫ਼ਰਮਾਨ ਵਿੱਚ ਸਪਸ਼ਟ ਰੂਪ ਵਿੱਚ ਅਕਾਲ ਪੁਰਖ ਵਲੋਂ ਧਰਮਰਾਜ ਦੀ ਸਿਰਜਣਾ ਦਾ ਵਰਨਣ ਹੈ, ਗੁਰਬਾਣੀ ਦੇ ਸੱਚ ਨਾਲ ਅਨਿਆਂ ਹੋਵੇਗਾ। ਇਸ ਫ਼ਰਮਾਨ ਵਿੱਚ ‘ਜਿਨਿ ਇਹੁ ਜਮੂਆ ਸਿਰਜਿਆ’ ਉਸੇ ਰੂਪ ਵਿੱਚ ਆਇਆ ਹੈ ਜਿਸ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਹੋਰ ਕਈ ਮਿਥਿਹਾਸਕ ਪਾਤਰਾਂ, ਸਥਾਨਾਂ ਅਤੇ ਧਾਰਨਾਵਾਂ ਦਾ ਉਲੇਖ ਦ੍ਰਿਸ਼ਟਾਂਤ ਜਾਂ ਅਲੰਕਾਰਕ ਰੂਪ ਵਿੱਚ ਆਇਆ ਹੈ। ਜਿਵੇਂ, ਗੁਰਬਾਣੀ ਵਿੱਚ ਇੰਦ੍ਰ, ਹਾਹਾ, ਹੂਹੂ, ਗੰਧ੍ਰਬ ਅਪਸਰਾ, ਕਾਮਧੇਨ, ਪਾਰਜਾਤ ਅਤੇ ਚੌਦਾਂ ਰਤਨ ਆਦਿ ਸ਼ਬਦ ਦੀ ਵਰਤੋਂ ਕੀਤੀ ਹੋਈ ਹੈ।
ਇਸ ਫ਼ਰਮਾਨ ਵਿੱਚ ਮੁੱਖ ਵਿਸ਼ਾ ਜਮਰਾਜ ਦੇ ਵੱਸ ਪੈਣ ਜਾਂ ਉਸ ਦੇ ਡਰ ਦਾ ਨਹੀਂ ਸਗੋਂ ਕਰਮ ਕਾਂਡ ਦੇ ਟਾਕਰੇ `ਤੇ ਪ੍ਰਭੂ ਸਿਮਰਨ ਦੀ ਮਹਿਮਾ ਹੈ। ਰਸਮੀ ਧਰਮ ਕਰਮ ਨਾਲ ਮਨੁੱਖ ਆਤਮਕ ਬੁਲੰਦੀਆਂ ਨੂੰ ਨਹੀਂ ਛੁਹ ਸਕਦਾ। ਇਸ ਭਾਵ ਨੂੰ ਇਸ ਸ਼ਲੋਕ ਤੋਂ ਪਹਿਲੇ ਅਤੇ ਬਾਅਦ ਦੇ ਸ਼ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ।
ਖ਼ਾਲਸਈ ਬੋਲਿਆਂ ਵਿੱਚ ਧਰਮਰਾਜ ਸੰਬੰਧੀ ਧਾਰਨਾ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖ਼ਾਲਸਾ ਪੰਥ ਨੇ ਧਰਮਰਾਜ ਦੇ ਪ੍ਰਚਲਤ ਸੰਕਲਪ ਨੂੰ ਕਿਸ ਤਰ੍ਹਾਂ ਨਾਲ ਨਿਕਾਰਿਆ ਹੈ। ਖ਼ਾਲਸੇ ਦੇ ਬੋਲਿਆਂ ਦੀ ਸ਼ਬਦਾਵਲੀ ਵਿੱਚ ਨੀਂਦ ਨੂੰ ਧਰਮਰਾਜ ਦੀ ਧੀ, ਸੌਣ ਨੂੰ ਧਰਮਰਾਜ ਦੀ ਧੀ ਨਾਲ ਯੁੱਧ ਕਰਨਾ, ਤਾਪ ਨੂੰ ਧਰਮਰਾਜ ਦਾ ਪੁੱਤ੍ਰ ਅਤੇ ਤਾਪ ਚੜ੍ਹਿਆ ਹੋਣ ਦੀ ਸੂਰਤ ਵਿੱਚ ਧਰਮਰਾਜ ਦਾ ਪੁਤ੍ਰ ਸੇਵਾ ਕਰਦਾ ਹੈ, ਗੁਰਮਤਿ ਵਿੱਚ ਧਰਮਰਾਜ ਦੇ ਸੰਕਲਪ ਨੂੰ ਹੋਰ ਵੀ ਉਜਾਗਰ ਕਰਦੀ ਹੈ।
ਧਰਮਰਾਜ ਜਾਂ ਜਮਰਾਜ ਸੰਬੰਧੀ ਜੋ ਪ੍ਰਚਲਤ ਧਾਰਨਾ ਹੈ ਗੁਰਬਾਣੀ ਵਿੱਚ, ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਬਾਣੀਕਾਰਾਂ ਨੇ ਪ੍ਰਚਲਤ ਸ਼ਬਦਾਵਲੀ ਵਿੱਚ ਨਵੀਂ ਰੂਹ ਫੂਕ ਕੇ ਧਰਮਰਾਜ ਦੇ ਸੰਕਲਪ ਨੂੰ ਬਿਲਕੁਲ ਹੀ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ। ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਦੀ ਰੋਸ਼ਨੀ ਵਿੱਚ ਧਰਮਰਾਜ ਦਾ ਸਪਸ਼ਟ ਅਤੇ ਉਘੜਵਾਂ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਹਨਾਂ ਫ਼ਰਮਾਨਾਂ ਦੇ ਪ੍ਰਕਾਸ਼ ਵਿੱਚ ਧਰਮਰਾਜ ਬਾਰੇ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ ਹੈ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਧਰਮਰਾਜ ਜਾਂ ਜਮਰਾਜ ਦਾ ਜੋ ਸਰੂਪ ਜਾਂ ਸੰਕਲਪ ਹੈ ਉਸ ਨੂੰ ਗੁਰਬਾਣੀ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਬਾਣੀਕਾਰਾਂ ਨੇ ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਜਿਸ ਤਰ੍ਹਾਂ ਅੱਨ ਮਤਾਂ ਦੀ ਪ੍ਰਚਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸੇ ਤਰ੍ਹਾਂ ਧਰਮਰਾਜ ਜਾਂ ਜਮਰਾਜ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਸੱਚਾ ਨਿਆਂਕਾਰ ਅਕਾਲ ਪੁਰਖ ਆਪ ਹੈ। ਮਨੁੱਖ ਜੋ ਕੁੱਝ ਵੀ ਚੰਗਾ ਜਾਂ ਮਾੜਾ ਕਰਮ ਕਰਦਾ ਹੈ, ਉਸ ਅਨੁਸਾਰ ਹੀ ਇਸ ਨੂੰ ਸਜ਼ਾ ਜਾਂ ਫਲ਼ ਮਿਲਦਾ ਹੈ।
ਨੋਟ: ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਧਰਮਰਾਜ ਨੂੰ ਜਮਰਾਜ ਵੀ ਕਿਹਾ ਗਿਆ ਹੈ, ਉੱਥੇ ਕਿਤੇ ਕਿਤੇ ਇਹਨਾਂ ਨੂੰ ਦੋ ਅਲੱਗ ਅਲੱਗ ਹਸਤੀਆਂ ਮੰਨਿਆ ਗਿਆ ਹੈ। ਧਰਮਰਾਜ ਨੂੰ ਨਿਆਂ ਕਰਨ ਵਾਲਾ ਅਤੇ ਜਮਰਾਜ ਨੂੰ ਮੌਤ ਦਾ ਦੇਵਤਾ ਕਿਹਾ ਗਿਆ ਹੈ। ਜਮਰਾਜ ਦੀ ਆਗਿਆਂ ਅਨੁਸਾਰ ਹੀ ਜਮਦੂਤ ਕਿਸੇ ਪ੍ਰਾਣੀ ਨੂੰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੇ ਹਨ। ਗਰੁੜ ਪੁਰਾਨ ਦੀ ਨਿਮਨ ਲਿਖਤ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ: “ਉਸ ਸਭਾ ਵਿੱਚ ਉਪਮਾ ਰਹਿਤ ਭਗਵਾਨ ਧਰਮਰਾਜ ਦਸ ਹਜ਼ਾਰ ਜੋਜਨ ਦੇ ਵਿਸਤਾਰ ਵਿੱਚ ਰਤਨ ਜੜੇ ਆਸਨ ਉੱਤੇ ਬੈਠੇ ਹਨ… ਹੱਥ ਵਿੱਚ ਪਾਸ਼ ਲੈ ਕੇ ਮੌਤ ਬਲਵਾਨ ਕਾਲ ਅਤੇ ਚਿੱਤ੍ਰ ਸਰੂਪ ਵਾਲੇ ਚਿੱਤ੍ਰ ਗੁਪਤ ਅਤੇ ਜਮਰਾਜ ਜਿਸ ਦੀ ਆਗਿਆ ਦਾ ਪਾਲਨ ਕਰਦੇ ਹਨ। (ਅਧਿਆਏ ਚੌਧਵਾਂ)
ਗੁਰੂ ਗ੍ਰੰਥ ਸਾਹਿਬ ਵਿੱਚ ਧਰਮਰਾਜ ਨੂੰ ਹੀ ਕਿਤੇ ਜਮਰਾਜ ਅਤੇ ਕਿਤੇ ਜਮ ਆਖਿਆ ਹੈ; ਪਰ ਨਿਮਨ ਲਿਖਤ ਫ਼ਰਮਾਨ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਗਰੁੜ ਪੁਰਾਨ ਦੀ ਉਪਰੋਕਤ ਲਿਖਤ ਅਨੁਸਾਰ ਧਰਮਰਾਜ ਅਤੇ ਜਮ ਦੋ ਅੱਡ ਹਸਤੀਆਂ ਮੰਨ ਕੇ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਵਾਈ ਜਾ ਰਹੀ ਹੈ:-
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ॥ ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ॥ (ਪੰਨਾ ੮੮੦) ਅਰਥ: ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਆਨੰਦ ਵਿੱਚ ਲੀਨ ਰਹਿੰਦਾ ਹੈ, ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ।
ਸਮਾਪਤ




.