ਧਰਮ ਦੀ ਸਮੱਸਿਆ-7
ਜੰਤਰ, ਮੰਤਰ, ਤੰਤਰ ਆਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
ਫੋਨ: 403-681-8689
ਧਰਮ ਪੁਜਾਰੀਆਂ ਵੱਲੋਂ ਮਨੁੱਖਤਾ ਨੂੰ ਸੱਚ ਦੇ ਮਾਰਗ ਤੇ ਤੋਰਨ ਵਾਲੇ ਰਹਿਬਰਾਂ, ਮਹਾਨ ਇਨਕਲਾਬੀ
ਮਹਾਂਪੁਰਸ਼ਾਂ ਦੇ ਨਾਮ `ਤੇ ਬਣਾਏ ਧਰਮ ਰੂਪੀ ਫਿਰਕਿਆਂ ਦੀਆਂ ਦੁਕਾਨਾਂ `ਤੇ ਸਭ ਤੋਂ ਵੱਧ ਜੇ ਕੋਈ
ਸੌਦਾ ਵਿਕਦਾ ਹੈ ਤਾਂ ਉਹ ਜੰਤਰ, ਮੰਤਰ, ਤੰਤਰ ਦਾ ਹੈ। ਜਿੰਨਾ ਮਨੁੱਖ ਦਾ ਸ਼ੋਸ਼ਣ ਜੰਤਰ-ਮੰਤਰ-ਤੰਤਰ
ਦੇ ਨਾਮ ਤੇ ਧਰਮ ਪੁਜਾਰੀਆਂ ਨੇ ਕੀਤਾ ਹੈ ਜਾਂ ਕਰ ਰਹੇ ਹਨ, ਉਤਨਾ ਹੋਰ ਕਿਸੇ ਕਰਮਕਾਂਡ, ਪਾਖੰਡ ਦੇ
ਨਾਂ `ਤੇ ਨਹੀਂ ਕੀਤਾ। ਇਸ ਵਿਸ਼ੇ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਜੰਤਰ-ਮੰਤਰ-ਤੰਤਰ ਦੀ ਸ਼ਬਦਿਕ
ਪਰਿਭਾਸ਼ਾ ਬਾਰੇ ਜਾਣ ਲੈਣਾ ਲਾਭਦਾਇਕ ਰਹੇਗਾ।
ਡਿਕਸ਼ਨਰੀ ਅਨੁਸਾਰ ਜੰਤਰ ਦਾ ਅਰਥ-ਮਸ਼ੀਨ, ਟੂਣਾ ਜਾਂ ਕੋਈ ਖਾਸ ਕਲਾ। ਮੰਤਰ ਦਾ ਅਰਥ-ਸਲਾਹ
ਮਸ਼ਵਰਾ, ਗੁਪਤ ਗੱਲ ਕਰਨਾ, ਕਿਸੇ ਖਾਸ ਸ਼ਬਦ ਨੂੰ ਕਿਸੇ ਦੇ ਲਾਭ ਜਾਂ ਨੁਕਸਾਨ ਲਈ ਵਰਤਣਾ, ਕਿਸੇ
ਗ੍ਰੰਥ ਦਾ ਮੂਲ ਪਾਠ ਆਦਿ। ਤੰਤਰ ਦਾ ਅਰਥ-ਫੈਲਾਉਣਾ, ਵਿਸਤਾਰ ਕਰਨਾ, ਉਪਾਅ ਕਰਨਾ, ਯਤਨ
ਕਰਨਾ, ਕਿਸੇ ਜਾਦੂ-ਟੂਣੇ ਆਦਿ ਨਾਲ ਉਪਾਅ ਜਾਂ ਨੁਕਸਾਨ ਕਰਨਾ।
ਪਰ ਆਮ ਤੌਰ `ਤੇ ਨਕਲੀ ਧਰਮਾਂ ਵਿੱਚ ਇਨ੍ਹਾਂ ਦੇ ਅਰਥ ਇਸ ਤਰ੍ਹਾਂ ਲਏ ਜਾਂਦੇ ਹਨ। ਕਿਸੇ ਖਾਸ ਸ਼ਬਦ,
ਵਾਕ, ਅੱਖਰ ਜਾਂ ਰੱਬ ਦਾ ਨਾਂ ਆਦਿ ਨੂੰ ਮੰਤਰ, ਉਸ ਮੰਤਰ ਨੂੰ ਕਿਸੇ ਕਾਗਜ਼ ਜਾਂ ਹੋਰ ਚੀਜ਼ ਆਦਿ `ਤੇ
ਲਿਖ ਲੈਣ ਜਾਂ ਤਬੀਤ ਬਣਾ ਕੇ ਦੇਣ ਨੂੰ ਜੰਤਰ ਅਤੇ ਮੰਤਰਾਂ-ਜੰਤਰਾਂ ਰਾਹੀਂ ਆਪਣੇ ਸ਼ਰਧਾਲੂਆ ਨੂੰ
ਜਾਦੂ-ਟੂਣਿਆਂ, ਕਾਲਾ ਇਲਮ ਆਦਿ ਰਾਹੀਂ ਮੁਸੀਬਤਾਂ ਤੋਂ ਬਚਾਉਣ ਤੇ ਵਿਰੋਧੀਆਂ ਨੂੰ ਮੁਸੀਬਤਾਂ ਵਿੱਚ
ਪਾਉਣਾ ਨੂੰ ਤੰਤਰ ਕਿਹਾ ਜਾਂਦਾ ਹੈ।
ਕੁਦਰਤ ਦੇ ਅਟੱਲ ਨਿਯਮਾਂ ਨੂੰ ਨਾ ਸਮਝਣ ਵਾਲੇ ਅੰਧ ਵਿਸ਼ਵਾਸੀ, ਲਾਲਚੀ ਬਿਰਤੀ ਤੇ ਡਰਪੋਕ ਮਾਨਸਿਕਤਾ
ਵਾਲੇ ਲੋਕ ਅਕਸਰ ਪਾਂਧਿਆਂ, ਪ੍ਰੋਹਤਾਂ, ਪੁਜਾਰੀਆਂ, ਬਾਬਿਆਂ, ਸਾਧਾਂ-ਸੰਤਾਂ, ਤਾਂਤਰਿਕਾਂ,
ਯੋਗੀਆਂ, ਸੰਨਿਆਸੀਆਂ ਆਦਿ ਦੇ ਚੁੰਗਲ ਵਿੱਚ ਫਸਦੇ ਹਨ। ਆਮ ਮਨੁੱਖ ਮਾਨਸਿਕ ਤੌਰ `ਤੇ ਬਲਵਾਨ ਨਾ
ਹੋਣ ਕਾਰਨ, ਆਪਣੀ ਡਰ ਤੇ ਲਾਲਚੀ ਬਿਰਤੀ ਅਧੀਨ ਜਦੋਂ ਉਨ੍ਹਾਂ ਨੂੰ ਕੋਈ ਥੋੜ੍ਹੀ ਬਹੁਤੀ ਮੁਸੀਬਤ
ਪੈਂਦੀ ਹੈ ਤਾਂ ਉਸਦਾ ਸਾਹਮਣਾ ਕਰਨ, ਉਸਦਾ ਸਹੀ ਢੰਗ ਨਾਲ ਹੱਲ ਲੱਭਣ ਦੀ ਥਾਂ ਪੁਜਾਰੀਆਂ ਕੋਲ ਭੱਜਾ
ਜਾਂਦਾ ਹੈ। ਹਰ ਧਰਮ ਦੇ ਪ੍ਰੋਹਿਤਾਂ ਪੁਜਾਰੀਆਂ ਨੇ ਬਚਪਨ ਤੋਂ ਮਨੁੱਖ ਦੀ ਮਾਨਸਿਕ ਘਾੜਤ ਅਜਿਹੇ
ਢੰਗ ਨਾਲ ਘੜੀ ਹੁੰਦੀ ਹੈ ਕਿ ਉਹ ਕਦੇ ਵੀ ਆਪਣੇ ਮਸਲਿਆਂ ਨੂੰ ਆਪ ਹੱਲ ਕਰਨ ਦੇ ਸਮਰਥ ਨਾ ਹੋਣ, ਉਹ
ਹਮੇਸ਼ਾਂ ਨਿਮਾਣਾ ਨਿਤਾਣਾ ਬਣ, ਅੱਖਾਂ ਮੀਟ ਕੇ ਉਸਦੇ ਜਾਂ ਉਸਦੇ ਬਣਾਏ ਰੱਬ, ਜਾਂ ਰੱਬ ਦੇ ਬਣਾਏ
ਕਲਪਿਤ ਦੇਵੀ-ਦੇਵਤਿਆਂ ਅੱਗੇ ਹੱਥ ਜੋੜ ਕੇ, ਸਿਰ ਝੁਕਾ ਕੇ ਖੜ੍ਹਾ ਰਹੇ। ਉਹ ਕਦੇ ਵੀ ਆਪਣੀਆਂ
ਸਮੱਸਿਆਵਾਂ ਨੂੰ ਆਪ ਹੱਲ ਕਰਨ ਜਾਂ ਆਪਣੇ ਸੰਗੀ ਸਾਥੀਆਂ ਨਾਲ ਰਲ-ਮਿਲ ਕੇ ਹੱਲ ਕਰਨ ਦੇ ਸਮਰੱਥ ਨਾ
ਹੋਵੇ, ਸਗੋਂ ਹਰ ਮੁਸੀਬਤ ਮੌਕੇ ਮਨੁੱਖ ਆਪਣੇ ਹੱਥੀਂ ਬਣਾਏ ਬੁੱਤਾਂ, ਫੋਟੋਆਂ, ਮੂਰਤੀਆਂ, ਗ੍ਰੰਥਾਂ
ਜਾਂ ਫਿਰ ਪੁਜਾਰੀਅ ਦੇ ਚਰਨਾਂ ਵਿੱਚ ਢਹਿ ਪਵੇ ਤੇ ਅੱਗੋਂ ਪੁਜਾਰੀ ਉਸਨੂੰ ਤਸੱਲੀ ਦੇਵੇ ਕਿ ਰੱਬ ਦੇ
ਘਰ ਦੇਰ ਹੈ ਅੰਧੇਰ ਨਹੀਂ, ਸਬਰ ਰੱਖੋ ਰੱਬ ਆਪੇ ਸਭ ਕੁੱਝ ਠੀਕ ਕਰੇਗਾ। ਇਹੀ ਵਜ੍ਹਾ ਹੈ ਕਿ
ਜੰਤਰਾਂ-ਮੰਤਰਾਂ-ਤੰਤਰਾਂ ਦੀਆਂ ਕਲਪਿਤ ਕਰਾਮਾਤੀ ਸ਼ਕਤੀਆਂ, ਰਿਧੀਆਂ-ਸਿਧੀਆਂ, ਗੈਬੀ ਸ਼ਕਤੀਆਂ ਦੀ
ਹੋਂਦ ਦੀ ਸੰਭਾਵਨਾ ਨੂੰ ਕੋਈ ਨਾਸਤਿਕ, ਕੋਈ ਤਰਕਸ਼ੀਲ ਵਿਅਕਤੀ ਤਾਂ ਭਾਵੇਂ ਰੱਦ ਕਰ ਦੇਵੇ, ਪਰ
ਪੁਜਾਰੀਆਂ ਦੇ ਧਰਮਾਂ ਦਾ ਸ਼ਰਧਾਲੂ ਅਜਿਹੀ ਜ਼ੁਰੱਅਤ ਕਦੇ ਨਹੀਂ ਕਰ ਪਾਉਂਦਾ। ਉਸਨੂੰ ਹਮੇਸ਼ਾਂ ਇਹ ਸੋਚ
ਲੱਗੀ ਰਹਿੰਦੀ ਹੈ ਕਿ ਜੇ ਮੈਂ ਵਿਰੋਧ ਕੀਤਾ, ਇਸਨੂੰ ਰੱਦ ਕੀਤਾ, ਮੇਰਾ ਕਿਤੇ ਨੁਕਸਾਨ ਹੀ ਨਾ ਹੋ
ਜਾਵੇ ਜਾਂ ਹੋ ਸਕਦਾ ਇਸ ਵਿੱਚ ਕੋਈ ਸਚਾਈ ਹੀ ਹੋਵੇ। ਚੱਲੋ ਅਸੀਂ ਕੀ ਲੈਣਾ, ਜੋ ਕਰਨਗੇ ਉਹ ਭਰਨਗੇ।
ਅਜਿਹੇ ਸ਼ਰਧਾਲੂ ਅਕਸਰ ਅਜਿਹਾ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਇਹ ਰਿਧੀਆਂ-ਸਿਧੀਆਂ, ਟੂਣੇ-ਟਾਮਣੇ,
ਜਾਦੂ-ਟੂਣੇ, ਕਾਲੇ ਇਲਮ, ਗੈਬੀ ਸ਼ਕਤੀਆਂ ਆਦਿ ਹੁੰਦੇ ਤਾਂ ਹਨ, ਪਰ ਉਸ ਲਈ ਹੀ ਹਨ, ਜੋ ਇਸਨੂੰ
ਮੰਨਦੇ ਹਨ। ਸ਼ਰਧਾਲੂ ਲੋਕਾਂ ਦੀ ਅਜਿਹੀ ਸੋਚ ਕਾਰਨ ਹੀ ਪੁਜਾਰੀਆਂ ਦਾ ਜੰਤਰਾਂ-ਮੰਤਰਾਂ-ਤੰਤਰਾਂ ਦਾ
ਧੰਦਾ ਹਜ਼ਾਰਾਂ ਸਾਲਾਂ ਤੋਂ ਬਦਸਤੂਰ ਜਾਰੀ ਹੈ। ਬੇਸ਼ੱਕ ਇਹ ਵੀ ਸੱਚਾਈ ਹੈ ਕਿ ਜਿਹੜਾ ਵਿਅਕਤੀ
ਮਾਨਸਿਕ ਤੌਰ `ਤੇ ਬਲਵਾਨ ਹੈ, ਅਜਿਹੀਆਂ ਕਿਸੇ ਤਰ੍ਹਾਂ ਦੀਆਂ ਗੈਬੀ ਸ਼ਕਤੀਆਂ, ਤੰਤਰਾਂ-ਮੰਤਰਾਂ
ਵਿੱਚ ਯਕੀਨ ਨਹੀਂ ਕਰਦਾ, ਉਸ `ਤੇ ਇਸਦਾ ਕੋਈ ਅਸਰ ਨਹੀਂ ਹੁੰਦਾ ਤੇ ਵੈਸੇ ਵੀ ਇਨ੍ਹਾਂ ਵਿੱਚ ਕੋਈ
ਸੱਚਾਈ ਵੀ ਨਹੀਂ ਹੁੰਦੀ, ਪਰ ਮਾਨਸਿਕ ਤੌਰ `ਤੇ ਨਿਮਾਣੇ, ਨਿਤਾਣੇ, ਕਮਜ਼ੋਰ ਮਨੁੱਖ ਪਹਿਲਾਂ ਹੀ
ਬਹੁਤ ਸਾਰੇ ਵਹਿਮਾਂ, ਭਰਮਾਂ, ਡਰਾਂ ਦਾ ਸ਼ਿਕਾਰ ਹੁੰਦੇ ਹਨ, ਜਦੋਂ ਕੋਈ ਘਟਨਾ ਅਚਾਨਕ ਜਾਂ ਕੁਦਰਤੀ
ਵਾਪਰ ਜਾਵੇ ਤਾਂ ਉਹ ਇਸਨੂੰ ਅਜਿਹੀਆਂ ਰਿਧੀਆਂ-ਸਿਧੀਆਂ, ਕਰਾਮਾਤਾਂ, ਮੰਤਰਾਂ-ਜੰਤਰਾਂ ਨਾਲ ਜੋੜ
ਲੈਂਦੇ ਹਨ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦੇ ਅਟੱਲ ਨਿਯਮਾਂ ਵਿੱਚ ਅਜੇ ਵੀ ਅਜਿਹੇ
ਅਨੇਕਾਂ ਭੇਤ ਹਨ, ਜੋ ਅਜੇ ਮਨੁੱਖੀ ਸੂਝ ਤੋਂ ਪਰ੍ਹਾਂ ਦੀ ਗੱਲ ਹਨ, ਸਾਡੇ ਅਨੇਕਾਂ ਸਾਇੰਸਦਾਨ
ਕੁਦਰਤ ਦੇ ਅਜਿਹੇ ਗੁੱਝੇ ਭੇਦਾਂ ਨੂੰ ਸਦੀਆਂ ਤੋਂ ਲੱਭਣ ਦਾ ਯਤਨ ਕਰ ਰਹੇ ਹਨ, ਉਨ੍ਹਾਂ ਦੇ ਇਨ੍ਹਾਂ
ਯਤਨਾਂ ਸਦਕਾ ਹੀ ਅੱਜ ਮਨੁੱਖ ਜਿਥੇ ਅਨੇਕਾਂ ਦੁਨਿਆਵੀ ਸੁੱਖ-ਸਹੂਲਤਾਂ ਮਾਣ ਰਿਹਾ ਹੈ, ਉਥੇ ਉਸਨੇ
ਕੁਦਰਤ ਦੀਆਂ ਅਨੇਕਾਂ ਕਰੋਪੀਆਂ ਤੋਂ ਛੁਟਕਾਰਾ ਵੀ ਪਾਇਆ ਹੈ। ਇਹ ਸਭ ਕੁਦਰਤ ਦੇ ਨਿਯਮਾਂ ਨੂੰ
ਜਾਨਣ, ਉਨ੍ਹਾਂ ਦੇ ਅੰਦਰ ਛੁਪੇ ਗੁੱਝੇ ਭੇਦਾਂ ਨੂੰ ਲੱਭਣ ਨਾਲ ਹੀ ਸੰਭਵ ਹੋ ਸਕਿਆ ਹੈ। ਜੋ
ਸੁੱਖ-ਸਹੂਲਤਾਂ, ਅੱਜ ਦਾ ਮਨੁੱਖ (ਕਰਾਮਾਤਾਂ ਤੇ ਗੈਬੀ ਸ਼ਕਤੀਆਂ ਵਿੱਚ ਯਕੀਨ ਕਰਨ ਵਾਲਿਆਂ ਸਮੇਤ)
ਮਾਣ ਰਿਹਾ ਹੈ, ਉਹ ਸਭ ਸਾਇੰਸਦਾਨਾਂ ਦੀਆਂ ਸੈਂਕੜੇ ਸਾਲਾਂ ਦੀਆਂ ਅਣਥਕ ਘਾਲਨਾਵਾਂ ਦਾ ਨਤੀਜਾ ਹੈ।
ਪਰ ਪਿਛਲੇ 6000 ਸਾਲ ਦੇ ਧਰਮਾਂ ਦੇ ਇਤਿਹਾਸ ਵਿੱਚ ਪੈਦਾ ਹੋਏ ਅਨੇਕਾਂ ਜਪੀਆਂ, ਤਪੀਆਂ, ਸਾਧਾਂ,
ਸੰਨਿਆਸੀਆਂ, ਤਾਂਤਰਿਕਾਂ ਆਦਿ ਦੀ ਸਾਰੀ ਉਮਰ ਦੀ ਭਗਤੀ, ਜਪ-ਤਪ, ਜਾਦੂ-ਟੂਣਿਆਂ, ਮੰਤਰਾਂ-ਜੰਤਰਾਂ
ਨੇ ਮਨੁੱਖਤਾ ਦਾ ਕੀ ਭਲਾ ਕੀਤਾ ਹੈ? ਇਹ ਅੱਜ ਦੇ ਪੁਜਾਰੀਆਂ ਤੋਂ ਪੁੱਛਣਾ ਬਣਦਾ ਹੈ? ਗੈਬੀ ਸ਼ਕਤੀਆਂ
ਤੇ ਕਰਾਮਾਤਾਂ ਦੀਆਂ ਅਲੌਕਿਕ ਸ਼ਕਤੀਆਂ ਨਾਲ ਸਭ ਕੁੱਝ ਕਰਨ ਦੇ ਸਮਰੱਥ ਇਹ ਤਾਂਤਰਿਕ, ਸੰਨਿਆਸੀ,
ਬ੍ਰਹਮ ਗਿਆਨੀ ਦੱਸਣ ਕਿ ਇਨ੍ਹਾਂ ਸ਼ਕਤੀਆਂ ਨਾਲ ਅੱਜ ਤੱਕ ਉਨ੍ਹਾਂ ਨੇ ਮਨੁੱਖ ਲਈ ਕੀ ਸੁੱਖ-ਸਹੂਲਤ
ਪੈਦਾ ਕੀਤੀ ਹੈ? ਇਨ੍ਹਾਂ ਸ਼ਕਤੀਆਂ ਨਾਲ ਮਨੁੱਖਤਾ ਦਾ ਕੀ ਭਲਾ ਕੀਤਾ ਹੈ? ਜੇ ਇਹ ਸ਼ਕਤੀਆਂ ਇੰਨੀਆਂ
ਹੀ ਸੱਚੀਆਂ ਤੇ ਉਪਯੋਗੀ ਹਨ ਤਾਂ ਇਨ੍ਹਾਂ ਨੂੰ ਪਾਉਣ ਦਾ ਉਹ ਫਾਰਮੂਲਾ ਸਾਇੰਸਦਾਨਾਂ ਵਾਂਗ ਸਭ ਨੂੰ
ਖੁੱਲ੍ਹੇਆਮ ਦੱਸ ਕਿਉਂ ਨਹੀਂ ਦਿੰਦੇ? ਜਾਂ ਉਨ੍ਹਾਂ ਦੀਆਂ ਭਗਤੀਆਂ, ਜਪ-ਤਪ, ਮੰਤਰਾਂ-ਜੰਤਰਾਂ ਆਦਿ
ਨਾਲ ਉਨ੍ਹਾਂ ਵਿੱਚ ਕੋਈ ਅਲੌਕਿਕ ਸ਼ਕਤੀ ਹੈ ਤਾਂ ਦੁਨੀਆ ਦਾ ਕਿਸੇ ਖੇਤਰ ਵਿੱਚ ਹੀ ਭਲਾ ਕਰਕੇ ਦਿਖਾ
ਦੇਣ। ਪਰ ਨਹੀਂ, ਉਹ ਤਾਂ ਅੰਧ ਵਿਸ਼ਵਾਸੀ ਤੇ ਮਾਨਸਿਕ ਤੌਰ `ਤੇ ਗੁਲਾਮ ਸ਼ਰਧਾਲੂਆਂ ਦੀ ਇਨ੍ਹਾਂ
ਅਖੌਤੀ ਸ਼ਕਤੀਆਂ ਦੇ ਨਾਮ ਤੇ ਲੁੱਟ ਕਰਨਾ ਹੀ ਜਾਣਦੇ ਹਨ। ਬੜੀ ਹੈਰਾਨੀ ਹੁੰਦੀ ਹੈ, ਉਨ੍ਹਾਂ
ਸ਼ਰਧਾਲੂਆਂ ਤੋਂ, ਜੋ ਇੱਕ ਅਖੌਤੀ ਗੁਰੂ ਤੋਂ ਲੁੱਟ ਹੋ ਕੇ, ਆਪਣਾ ਸ਼ੋਸ਼ਣ ਕਰਵਾ ਕੇ, ਕੁੱਝ ਸਮੇਂ
ਬਾਅਦ ਕਿਸੇ ਹੋਰ ਦੇ ਪੈਰਾਂ ਵਿੱਚ ਡਿਗੇ ਹੁੰਦੇ ਹਨ। ਅਸਲ ਵਿੱਚ ਧਰਮ ਜਿਸਦਾ ਅਸਲ ਮਾਰਗ ਮਨੁੱਖੀ ਮਨ
(ਦਿਮਾਗ ਜਾਂ ਆਤਮ ਆਦਿ) ਦੇ ਬੁਨਿਆਦੀ ਔਗੁਣਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ) ਤੋਂ ਜਾਣੂ
ਕਰਾ ਕੇ, ਉਸਨੂੰ ਸੱਚ ਦਾ ਮਾਰਗ ਦਿਖਾਉਣਾ, ਇਨ੍ਹਾਂ ਔਗੁਣਾਂ ਦੀ ਆਪਣੇ ਤੇ ਸਮਾਜ ਲਈ ਸੁਚੱਜੀ ਵਰਤੋਂ
ਕਰਨਾ ਜਾਂ ਇਨ੍ਹਾਂ ਨੂੰ ਕਾਬੂ ਵਿੱਚ ਰੱਖ ਕੇ ਸਬਰ, ਸੰਤੋਖ ਤੇ ਕੁਦਰਤ ਦੇ ਭਾਣੇ ਵਿੱਚ ਰਹਿਣ ਦੀ
ਜੀਵਨ ਜਾਚ ਦੇਣਾ ਸੀ, ਪਰ ਪੁਜਾਰੀਆਂ ਨੇ ਮਨੁੱਖ ਨੂੰ ਇਸ ਪਾਸੇ ਤੋਰਨ ਦੀ ਥਾਂ ਵਹਿਮਾਂ, ਭਰਮਾਂ,
ਪਾਖੰਡਾਂ, ਕਰਮਕਾਂਡਾਂ, ਜਾਦੂ-ਟੂਣਿਆਂ, ਕਰਾਮਾਤਾਂ ਆਦਿ ਦੇ ਚੱਕਰ ਵਿੱਚ ਪਾ ਕੇ ਧਰਮ ਨੂੰ ਮਨੁੱਖ
ਦਾ ਮਾਨਸਿਕ, ਸਰੀਰਕ, ਆਰਥਿਕ ਸੋਸ਼ਣ ਕਰਨ ਦਾ ਧੰਦਾ ਬਣਾ ਦਿੱਤਾ ਹੈ।
ਧਰਮਾਂ ਦੇ ਵੱਖ-ਵੱਖ ਗ੍ਰੰਥ ਅਜਿਹੇ ਮੰਤਰਾਂ-ਜੰਤਰਾਂ-ਤੰਤਰਾਂ ਦੇ ਕਿੱਸੇ ਕਹਾਣੀਆਂ ਨਾਲ ਭਰੇ ਪਏ
ਹਨ। ਦੁਨੀਆਂ ਦਾ ਕੋਈ ਵੀ ਰਹਿਬਰ, ਪੀਰ-ਪੈਗੰਬਰ, ਗੁਰੂ, ਮਹਾਂਪੁਰਸ਼ ਅਜਿਹਾ ਨਹੀਂ ਮਿਲੇਗਾ, ਜਿਸਦੇ
ਜੀਵਨ ਨਾਲ ਉਸਦੇ ਮਰਨ ਉਪਰੰਤ ਪੁਜਾਰੀਆਂ ਜਾਂ ਸ਼ਰਧਾਲੂਆਂ ਵਲੋਂ ਕਰਾਮਾਤੀ ਕਥਾ-ਕਹਾਣੀਆਂ ਨਾ ਘੜੀਆਂ
ਹੋਣ। ਵੱਡੇ-ਵੱਡੇ ਰਿਸ਼ੀਆਂ-ਮੁਨੀਆਂ, ਤਾਂਤਾਰਿਕਾਂ ਨੂੰ ਜੰਗਲਾਂ-ਪਹਾੜਾਂ ਵਿੱਚ ਜਾ ਕੇ ਘੋਰ ਤਪੱਸਿਆ
ਕਰਦੇ, ਮੰਤਰਾਂ ਦਾ ਜਾਪ ਕਰਦੇ ਦਿਖਾਇਆ ਗਿਆ ਹੈ ਤਾਂ ਕਿ ਦੱਸਿਆ ਜਾ ਸਕੇ ਕਿ ਇਨ੍ਹਾਂ ਭਾਰੀ
ਤਪੱਸਿਆਵਾਂ ਨਾਲ ਉਨ੍ਹਾਂ ਕੋਲ ਕੁਦਰਤ ਦੇ ਅਟੱਲ ਨਿਯਮਾਂ ਨੂੰ ਉਲਟਾਉਣ ਦੀਆਂ ਸ਼ਕਤੀਆਂ ਸਨ, ਇਹ
ਸ਼ਕਤੀਆਂ ਉਨ੍ਹਾਂ ਭਾਰੀ ਤਪਾਂ ਨਾਲ ਪ੍ਰਾਪਤ ਕਰ ਲਈਆਂ ਸਨ। ਹੁਣ ਤੁਸੀਂ ਪੁਜਾਰੀ ਦੁਆਰਾ ਦੱਸੀ
ਮਰਿਯਾਦਾ ਅਨੁਸਾਰ ਪੂਜਾ-ਪਾਠ ਕਰਾਓ, ਕਰਮ-ਕਾਂਡ ਨਿਭਾਉ, ਤੁਹਾਨੂੰ ਸਭ ਮਨੋ ਮੰਗੀਆਂ ਮੁਰਾਦਾਂ
ਮਿਲਣਗੀਆਂ, ਤੁਹਾਡੇ ਵਿਰੋਧੀਆਂ ਦਾ ਸਰਬਨਾਸ਼ ਹੋ ਜਾਵੇਗਾ। ਸ਼ਾਇਦ ਹੀ ਕਿਸੇ ਧਰਮ ਦਾ ਗੰ੍ਰਥ
ਗੈਰ-ਕੁਦਰਤੀ ਕਰਾਮਾਤੀ ਕਥਾ-ਕਹਾਣੀਆਂ ਤੋਂ ਬਚਿਆ ਹੋਵੇ, ਜੇ ਕੋਈ ਬਚਿਆ ਵੀ ਹੋਵੇ ਤਾਂ ਉਸਦੇ ਨਾਲ
ਅਨੇਕਾਂ ਹੋਰ ਨਕਲੀ ਗ੍ਰੰਥ ਪੁਜਾਰੀਆਂ ਵਲੋਂ ਲਿਖ ਕੇ ਪ੍ਰਚਾਰੇ ਜਾਂਦੇ ਹਨ ਤਾਂ ਕਿ ਸ਼ਰਧਾਲੂ ਮਨੁੱਖ
ਦਾ ਅਜਿਹੀਆਂ ਅਖੌਤੀ ਕਰਾਮਾਤਾਂ, ਗੈਬੀ ਸ਼ਕਤੀਆਂ ਤੇ ਇਨ੍ਹਾਂ ਨੂੰ ਵੱਸ ਕਰਨ ਜਾਂ ਇਨ੍ਹਾਂ ਦੇ ਉਪਯੋਗ
ਆਪਣੇ ਹੱਕ ਵਿੱਚ ਕਰਨ ਤੇ ਵਿਰੋਧੀਆਂ ਦੇ ਵਿਰੁੱਧ ਕਰਨ ਵਿੱਚ ਬਣਿਆ ਰਹੇ। ਧਰਮਾਂ ਦੀ ਦੁਨੀਆਂ ਵਿੱਚ
ਤੁਹਾਨੂੰ ਜੰਤਰਾਂ, ਮੰਤਰਾਂ, ਤੰਤਰਾਂ, ਕਰਾਮਾਤਾਂ, ਗੈਬੀ ਸ਼ਕਤੀਆਂ, ਗੈਬੀ ਰੂਹਾਂ ਵੱਸ ਕਰਨ, ਆਦਿ
ਦੇ ਅਨੇਕਾਂ ਸ਼ਾਸਤਰ, ਗ੍ਰੰਥ, ਸ਼ਰਧਾ ਪੂਰਨ ਤੇ ਦੁੱਖ ਹਰਨ ਵਾਲੇ ਗੁਟਕੇ ਮਿਲ ਜਾਂਦੇ ਹਨ। ਜਿਨ੍ਹਾਂ
ਵਿੱਚ ਵੱਖ-ਵੱਖ ਵਿਧੀਆਂ ਰਾਹੀਂ ਰਿਧੀਆਂ-ਸਿਧੀਆਂ, ਕਰਾਮਾਤੀ ਸ਼ਕਤੀਆਂ ਹਾਸਿਲ ਕਰਨ ਦੇ ਢੰਗ ਤਰੀਕੇ,
ਪੂਜਾ-ਪਾਠ ਦੇ ਸਾਧਨ, ਜਪ-ਤਪ ਕਰਨ ਦੇ ਸਾਧਨ ਆਦਿ ਦੱਸੇ ਹੁੰਦੇ ਹਨ ਤਾਂ ਕਿ ਮਨੁੱਖ ਇਨ੍ਹਾਂ
ਮੰਤਰਾਂ-ਜੰਤਰਾਂ ਦੀਆਂ ਸ਼ਕਤੀਆਂ ਨਾਲ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ ਸਕੇ, ਆਪਣੇ ਵਿਗੜੇ ਕਾਰਜ
ਸਵਾਰ ਸਕੇ, ਦੂਜੇ ਲੋਕਾਂ ਤੇ ਆਪਣਾ ਪ੍ਰਭਾਵ ਬਣਾ ਸਕੇ, ਨਾਲ ਹੀ ਨਾਲ ਆਪਣੇ ਵਿਰੋਧੀਆਂ ਨੂੰ ਚਿੱਤ
ਕਰ ਸਕੇ, ਉਨ੍ਹਾਂ ਦਾ ਆਪਣੇ ਲਾਭ ਲਈ ਨੁਕਸਾਨ ਕਰ ਸਕੇ।
ਪੁਜਾਰੀਆਂ ਦੇ ਨਕਲੀ ਧਰਮਾਂ ਦੇ ਇਤਿਹਾਸ ਨੂੰ ਪੜ੍ਹਨ ਤੋਂ ਇਹ ਸਮਝ ਵੀ ਪੈਂਦੀ ਹੈ ਕਿ ਗੈਬੀ ਤੇ
ਕਰਾਮਾਤੀ ਸ਼ਕਤੀਆਂ ਦਾ ਭੁਲੇਖਾ ਪਾ ਕੇ (ਜਿਹੜਾ ਕੇ ਆਮ ਤੌਰ `ਤੇ ਜਾਦੂ ਦਾ ਟਰਿਕ, ਹੱਥ ਦੀ ਸਫਾਈ
ਜਾਂ ਸਾਇੰਸ ਦਾ ਕੋਈ ਪ੍ਰਯੋਗ ਹੀ ਹੁੰਦਾ ਹੈ) ਪ੍ਰਸਿੱਧੀ ਹਾਸਿਲ ਕਰ ਬੈਠੇ ਤਾਂਤਰਿਕਾਂ, ਸਾਧਾਂ,
ਸਿੱਧਾਂ, ਬ੍ਰਹਮ ਗਿਆਨੀਆਂ, ਯੋਗੀਆਂ ਆਦਿ ਨੇ ਹੋ ਸਕਦਾ ਕਿਸੇ ਇੱਕਾ-ਦੁੱਕਾ ਵਿਅਕਤੀ ਦਾ ਕੋਈ ਕੰਮ
ਸੰਵਾਰ ਦਿੱਤਾ ਹੋਵੇ (ਹੋ ਸਕਦਾ ਉਹ ਕੰਮ ਕੁਦਰਤੀ ਹੋ ਗਿਆ ਹੋਵੇ ਜਾਂ ਉਸ ਪਿਛੇਂ ਕੋਈ ਹੋਰ ਕਾਰਨ
ਹੋਵੇ), ਪਰ ਇਨ੍ਹਾਂ ਵਿੱਚੋਂ ਕਿਸੇ ਨੇ ਕਦੇ ਕੋਈ ਅਜਿਹਾ ਉਦਮ ਨਹੀਂ ਕੀਤਾ, ਜਿਸ ਤੋਂ ਸਮੂਹ ਜਗਤ ਦੀ
ਭਲਾਈ ਹੋਈ ਹੋਵੇ, ਨਾ ਹੀ ਇਨ੍ਹਾਂ ਵਿਚੋਂ ਅਜੇ ਤੱਕ ਕੋਈ ਮਨੁੱਖ ਮੰਤਰਾਂ-ਜੰਤਰਾਂ ਰਾਹੀਂ ਕੋਈ ਕਾਰਜ
ਰਾਸ ਕਰਨ ਦਾ ਜਾਂ ਕਿਸੇ ਦਾ ਨੁਕਸਾਨ ਕਰਨ ਦਾ ਸਰਬਸਾਂਝਾ ਸਿਧਾਂਤ ਹੀ ਦੇ ਸਕੇ ਹਨ। ਜਿਸ ਤਰ੍ਹਾਂ
ਸਾਇੰਸਦਾਨ, ਮਨੁੱਖ ਨੂੰ ਸਾਰੀ ਦੁਨੀਆਂ ਵਿੱਚ ਵਰਤਣ ਲਈ ਸਰਬ ਸਾਂਝੇ ਸਿਧਾਂਤ ਬਖਸ਼ਦੇ ਹਨ। ਜਿਸਨੂੰ
ਵਰਤ ਕੇ, ਪ੍ਰਯੋਗ ਕਰਕੇ ਦੁਨੀਆਂ ਵਿੱਚ ਕਿਤੇ ਵੀ ਕੋਈ ਵਿਅਕਤੀ ਲਾਭ ਉਠਾ ਸਕਦਾ ਹੈ।
ਅਨੇਕਾਂ ਧਰਮ ਸਥਾਨਾਂ `ਤੇ ਅਜਿਹੇ ਸਾਧਾਂ-ਸੰਤਾਂ-ਤਾਂਤਰਿਕਾਂ ਆਦਿ ਨੇ ਜੰਤਰਾਂ-ਮੰਤਰਾਂ,
ਜਾਦੂ-ਟੂਣਿਆਂ ਆਦਿ ਨਾਲ ਲੋਕਾਂ ਦੇ ਰੋਗ ਕੱਟਣ, ਮਨੋਇੱਛਤ ਫਲ ਪ੍ਰਾਪਤ ਕਰਨ, ਸਾਰੀਆਂ ਮੁਸੀਬਤਾਂ ਦੇ
ਹੱਲ ਆਦਿ ਦਾ ਭਰਮ ਬਣਾਇਆ ਹੋਇਆ ਹੈ। ਲੱਖਾਂ ਲੋਕ ਦੁਨੀਆਂ ਭਰ ਵਿੱਚ ਅਜਿਹੇ ਸਥਾਨਾਂ `ਤੇ ਜਾ ਕੇ
ਮੱਥੇ ਰਗੜਦੇ ਹਨ, ਜਪ-ਤਪ ਕਰਦੇ ਹਨ, ਵਿਧੀ ਅਨੁਸਾਰ ਪੂਜਾ-ਪਾਠ ਕਰਦੇ ਹਨ, ਸਿਰ ਮਾਰ-ਮਾਰ ਨੱਚਦੇ
ਹਨ, ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਨ, ਮੰਤਰੇ ਹੋਏ ਧਾਗੇ ਤਬੀਤ, ਪਾਣੀ ਆਦਿ ਲਿਆਉਂਦੇ ਹਨ। ਫਿਰ
ਅਜਿਹੇ ਪੁਜਾਰੀਆਂ ਦੇ ਸ਼ਰਧਾਲੂ ਆਪਣੇ ਦੁੱਖ ਕੱਟ ਹੋਣ, ਸੁੱਖਣਾ ਪੂਰੀ ਹੋਣ, ਸਰਰਿਕ ਰੋਗ ਕੱਟੇ ਜਾਣ
ਦੀਆਂ ਕਹਾਣੀਆਂ ਵੀ ਸੁਣਾਉਂਦੇ ਹਨ। ਪਰ ਇਨ੍ਹਾਂ ਤਾਂਤਰਿਕਾਂ, ਬਾਬਿਆਂ ਦਾ ਇਲਾਜ ਸਿਰਫ ਡੇਰੇ ਤੱਕ
ਹੀ ਸੀਮਤ ਹੁੰਦਾ ਹੈ। ਉਨ੍ਹਾਂ ਦੇ ਮੰਤਰਾਂ-ਜੰਤਰਾਂ ਦੀ ਵਿਧੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜ੍ਹਾ
ਕੇ ਸਾਰੀ ਮਨੁੱਖਤਾ ਦਾ ਭਲਾ ਕਿਉਂ ਨਹੀਂ ਕੀਤਾ ਜਾਂਦਾ? ਅਸਲ ਵਿੱਚ ਉਥੇ ਭਰਮ ਗ੍ਰਸੇ, ਮਾਨਸਿਕ ਹੀਣੇ
ਤੇ ਮੰਦ ਬੁੱਧੀ ਲੋਕ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਹੀ ਬੀਮਾਰ ਹੋਣ ਤੇ ਠੀਕ ਹੋਣ ਦਾ ਭਰਮ ਹੁੰਦਾ
ਹੈ। ਉਨ੍ਹਾਂ ਵਿਚੋਂ ਬਹੁਤਿਆਂ ਦੀਆ ਬੀਮਾਰੀਆਂ ਵੀ ਅਸਲ ਵਿੱਚ ਮਾਨਸਿਕ ਹੀ ਹੁੰਦੀਆਂ ਹਨ। ਇਹੀ
ਵਜ੍ਹਾ ਹੈ ਕਿ ਵਿਗਿਆਨੀਆਂ ਦੀਆਂ ਖੋਜਾਂ ਨਾਲ ਬਣਾਈਆਂ ਦਵਾਈਆਂ ਦੀ ਵਰਤੋਂ ਕਰਕੇ ਡਾਕਟਰਾਂ ਵਲੋਂ
ਰੋਜ਼ਾਨਾ ਲੱਖਾਂ ਲੋਕਾਂ ਦੇ ਇਲਾਜ ਕੀਤੇ ਜਾਂਦੇ ਹਨ, ਸਰਜਰੀਆਂ ਹੁੰਦੀਆਂ ਹਨ, ਲੋਕ ਮੌਤ ਦੇ ਮੂੰਹ
ਵਿਚੋਂ ਬਚ ਆਉਂਦੇ ਹਨ ਤੇ ਦੁਨੀਆ ਭਰ ਵਿੱਚ ਸਾਇੰਸਦਾਨਾਂ ਦੀਆਂ ਖੋਜਾਂ ਨੂੰ ਸਰਕਾਰੀ ਪੱਧਰ `ਤੇ
ਮਾਨਤਾ ਮਿਲੀ ਹੁੰਦੀ ਹੈ, ਪਰ ਅਜੇ ਤੱਕ ਕਿਸੇ ਤਾਂਤਰਿਕ, ਯੋਗੀ, ਸੰਨਿਆਸੀ, ਬ੍ਰਹਮ ਗਿਆਨੀ ਦੇ
ਜਾਣੂ-ਟੂਣੇ, ਜੰਤਰ-ਮੰਤਰ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ, ਕਿਉਂਕਿ ਇਹ ਸਭ ਮਨੁੱਖ ਦੇ ਮਾਨਸਿਕ
ਭਰਮ ਦੀ ਉਪਜ ਹਨ ਤੇ ਉਸਦੇ ਭਰਮ ਦਾ ਲਾਭ ਉਠਾ ਕੇ ਹੀ ਉਹ ਮਨੁੱਖ ਨੂੰ ਲੁੱਟਦੇ ਹਨ। ਬੇਸ਼ੱਕ
ਜੰਤਰਾਂ-ਮੰਤਰਾਂ ਦੀਆਂ ਕਰਾਮਾਤੀ ਸ਼ਕਤੀਆਂ ਦੀ ਭਰਮਾਰ ਵੇਦਾਂ, ਸ਼ਾਸਤਰਾਂ, ਧਰਮ ਗ੍ਰੰਥਾਂ, ਪੁਰਾਣਾਂ
ਆਦਿ ਵਿੱਚ ਮਿਲਦੀ ਹੈ, ਪਰ ਇਨ੍ਹਾਂ ਦੇ ਜੰਤਰ-ਮੰਤਰ ਰੂਪੀ ਟੋਟਕਿਆਂ ਨੂੰ ਕਦੇ ਕਿਸੇ ਸਕੂਲ, ਕਾਲਜ,
ਯੂਨੀਵਰਸਿਟੀ ਦੇ ਸਿਲੇਬਸ ਵਿੱਚ ਮਾਨਤਾ ਨਹੀਂ ਮਿਲ ਸਕੀ ਕਿਉਂਕਿ ਇਹ ਸਿਰਫ ਭਰਮ ਜਾਲ ਹੈ। ਇਸ ਵਿੱਚ
ਕੋਈ ਸਫਾਈ ਨਹੀਂ ਹੈ।
ਅਸਲ ਵਿੱਚ ਅਜਿਹੇ ਟੂਣੇਹਾਰ, ਮਦਾਰੀਆਂ, ਸਿਧਾਂ, ਤਾਂਤਰਿਕਾਂ ਦੀ ਕਥਿਤ ਕਰਾਮਾਤੀ ਸ਼ਕਤੀ ਪ੍ਰਤੀ
ਅਗਿਆਨੀ ਸ਼ਰਧਾਲੂਆਂ ਤੇ ਮਾਨਸਿਕ ਰੋਗੀਆਂ ਦਾ ਬਣਿਆ ਵਿਸ਼ਵਾਸ ਤੇ ਸ਼ਰਧਾ ਹੀ ਕਦੇ ਕਦਾਈਂ ਕੋਈ ਰੋਗ ਹਟਾ
ਦਿੰਦੀ ਹੈ ਜਾਂ ਕੋਈ ਕੰਮ ਪੂਰਾ ਹੋ ਜਾਂਦਾ, ਪਰ ਅਜਿਹੀਆਂ ਭਰਮ ਗ੍ਰਸੀਆਂ ਸੱਚਾਈਆਂ ਤੋਂ ਟਪਲਾ ਖਾ
ਕੇ ਭਰਮੀ ਲੋਕ ਹਜ਼ਾਰਾਂ ਸਾਲਾਂ ਤੋਂ ਯੋਗੀਆਂ ਦੇ ਮੱਠਾਂ, ਪੀਰਾਂ-ਫਕੀਰਾਂ ਦੀਆਂ ਦਰਗਾਹਾਂ, ਕਥਿਤ
ਸਿਆਣਿਆਂ ਦੇ ਦਰਬਾਰਾਂ ਤੇ ਤਾਂਤਰਿਕਾਂ ਦੇ ਡੇਰਿਆਂ ਤੋਂ ਆਪਣੇ ਦੁੱਖਾਂ ਦੀ ਨਵਿਰਤੀ ਦਾ ਇਲਾਜ
ਲੱਭਦੇ, ਭਟਕਦੇ ਫਿਰਦੇ, ਲੁੱਟ ਹੁੰਦੇ ਆ ਰਹੇ ਹਨ। ਪਰ ਇਨ੍ਹਾਂ ਨੇ ਕਦੇ ਵੀ ਮਨੁੱਖਤਾ ਦੇ ਸਾਂਝੇ
ਦੁੱਖਾਂ-ਦਰਦਾਂ, ਮੁਸੀਬਤਾਂ, ਰੋਗਾਂ, ਗੁਲਾਮੀਆਂ, ਜ਼ੁਲਮਾਂ ਦੀ ਨਵਿਰਤੀ ਲਈ ਆਪਣੇ ਜੰਤਰਾਂ-ਮੰਤਰਾਂ
ਦੀ ਵਰਤੋਂ ਨਹੀਂ ਕੀਤੀ, ਕਰ ਵੀ ਨਹੀਂ ਸਕਦੇ ਕਿਉਂਕਿ ਇਹ ਸਭ ਧਰਮ ਦੇ ਨਾਂ `ਤੇ ਬਣਾਇਆ ਭਰਮਜਾਲ ਹੀ
ਹੈ। ਪੁਜਾਰੀ ਧਰਮ ਗ੍ਰੰਥਾਂ ਵਿਚਲੇ ਕੁਦਰਤ ਦੇ ਗਿਆਨ, ਮਨ ਜਾਂ ਆਤਮਾ ਦੇ ਗਿਆਨ, ਮਨੁੱਖ ਨੂੰ ਅਜਿਹੇ
ਭਰਮਾਂ ਤੋਂ ਮੁਕਤ ਕਰਨ ਵਾਲੇ ਗਿਆਨ ਨੂੰ ਵੀ ਮੰਤਰ ਬਣਾ ਕੇ, ਅਖੰਡ ਜਾਪ ਕਰਨ ਦਾ ਭਰਮ ਪਾ ਕੇ, ਧਰਮ
ਗ੍ਰੰਥਾਂ ਦੇ ਪਾਠਾਂ ਦੀ ਲੜੀਆਂ ਚਲਾ ਕੇ, ਗ੍ਰੰਥਾਂ ਵਿਚਲੇ ਸ਼ਬਦਾਂ ਦੇ ਮੰਤਰ ਬਣਾ ਕੇ ਅਜਪਾ-ਜਾਪ
ਕਰਨ, ਸਿਮਰਨ ਕਰਨ, ਜਪ-ਤਪ ਕਰਨ ਆਦਿ ਲਈ ਵਰਤਣ ਤੋਂ ਵੀ ਗੁਰੇਜ ਨਹੀਂ ਕਰਦੇ। ਪੁਜਾਰੀਆਂ ਨੇ ਮਨੁੱਖ
ਦੀ ਮੱਤ ਅਜਿਹੀ ਮਾਰੀ ਹੋਈ ਹੈ ਕਿ ਉਹ ਧਰਮ ਗ੍ਰੰਥਾਂ ਵਿਚਲੇ ਸੱਚੇ ਤੇ ਰੱਬੀ ਗਿਆਨ ਨੂੰ ਵਿਚਾਰਨ ਤੇ
ਸੱਚ ਦੇ ਮਾਰਗ `ਤੇ ਤੁਰਨ ਦੀ ਥਾਂ, ਇਨ੍ਹਾਂ ਦੇ ਅਖੰਡ ਪਾਠਾਂ, ਪਾਠਾਂ ਦੀਆਂ ਲੜੀਆਂ, ਮੰਤਰ ਪਾਠਾਂ,
ਅਜਪਾ-ਜਾਪਾਂ, ਜਪ-ਤਪ ਸਮਾਗਮਾਂ ਵਿੱਚ ਫਸ ਕੇ ਆਪਣਾ ਸਮਾਂ ਤੇ ਧਨ ਹੀ ਖਰਾਬ ਨਹੀਂ ਕਰ ਰਿਹਾ, ਸਗੋਂ
ਪੁਜਾਰੀਆਂ, ਸਾਧਾਂ, ਤਾਂਤਰਿਕਾਂ ਕੋਲੋਂ ਆਪਣਾ ਸਰੀਰਕ, ਮਾਨਸਿਕ ਤੇ ਆਰਥਿਕ ਸੋਸ਼ਣ ਵੀ ਕਰਵਾ ਰਿਹਾ
ਹੈ।
ਸਾਨੂੰ ਇਹ ਗੱਲ ਬੜੇ ਧਿਆਨ ਨਾਲ ਸਮਝ ਕੇ ਆਪਣੇ ਦਿਲੋ-ਦਿਮਾਗ ਵਿੱਚ ਵਸਾ ਲੈਣੀ ਚਾਹੀਦੀ ਹੈ ਕਿ ਇਸ
ਦਿਸਦੇ ਜਾਂ ਅਣਦਿਸਦੇ ਸੰਸਾਰ ਵਿੱਚ ਜੋ ਕੁੱਝ ਵੀ ਵਾਪਰ ਰਿਹਾ ਹੈ, ਉਹ ਕੁਦਰਤ ਦੇ ਅਟੱਲ ਨਿਯਮਾਂ
ਅਨੁਸਾਰ ਹੈ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਇਨ੍ਹਾਂ ਨੂੰ ਸਮਝ ਕੇ ਇਨ੍ਹਾਂ ਤੋਂ ਲਾਹਾ
ਲਿਆ ਜਾ ਸਕਦਾ ਹੈ ਤੇ ਇਨ੍ਹਾਂ ਤੋਂ ਉਲਟ ਜਾ ਕੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਵੀ ਜਾ ਸਕਦਾ ਹੈ।
ਪਰ ਇਨ੍ਹਾਂ ਅਟੱਲ ਨਿਯਮਾਂ ਨੂੰ ਕਿਸੇ ਮੰਤਰ-ਜੰਤਰ-ਤੰਤਰ, ਜਾਦੂ-ਟੂਣੇ, ਧਾਗੇ-ਤਵੀਤ ਨਾਲ ਨਾ ਬਦਲਿਆ
ਜਾ ਸਕਦਾ ਹੈ, ਨਾ ਹੀ ਕਿਸੇ ਦਾ ਫਾਇਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਿਸੇ ਦਾ ਨੁਕਸਾਨ ਕੀਤਾ ਜਾ
ਸਕਦਾ ਹੈ। ਇਹ ਸਭ ਪੁਜਾਰੀਆਂ ਦਾ ਵਿਛਾਇਆ ਭਰਮ ਜਾਲ ਹੀ ਹੈ। ਇਸ ਭਰਮ ਜਾਲ ਤੋਂ ਬਚਣ ਲਈ, ਇਸ
ਵਿੱਚੋਂ ਨਿਕਲਣਾ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝੀਏ। ਕੋਈ
ਪੂਜਾ-ਪਾਠ, ਮੰਤਰ-ਜੰਤਰ, ਜਪ-ਤਪ, ਮੰਤਰ ਰਟਨ ਆਦਿ ਕੁਦਰਤ ਦੇ ਕਿਸੇ ਨਿਯਮ ਨੂੰ ਬਣਾਉਣ ਜਾਂ ਬਦਲਣ
ਦੀ ਸਮਰੱਥਾ ਨਹੀਂ ਰੱਖਦੇ। ਸਾਨੂੰ ਪੁਜਾਰੀਆਂ ਦੇ ਭਰਮ ਜਾਲ ਤੋਂ ਮੁਕਤ ਹੋਣ ਲਈ ਗਿਆਨਵਾਨ ਹੋਣ ਦੀ
ਲੋੜ ਹੈ। ਜ਼ਿੰਦਗੀ ਵਿੱਚ ਕੋਈ ਮੁਸੀਬਤ ਬਣ ਆਵੇ ਤਾਂ ਸਿਰ ਸੁੱਟ ਕੇ, ਅੱਖਾਂ ਮੀਟ ਕੇ ਕਿਸੇ ਦੇ
ਪੈਰਾਂ ਵਿੱਚ ਸਿਰ ਰੱਖ ਦੇਣਾ ਤੇ ਕਿਸੇ ਮੰਤਰ-ਜੰਤਰ ਦੀ ਕਰਾਮਾਤ ਦਾ ਭਰਮ ਪਾਲਣਾ ਬੜਾ ਸੌਖਾ ਰਸਤਾ
ਹੈ, ਪਰ ਜੀਵਨ ਦੀਆਂ ਸਮੱਸਿਆਵਾਂ ਨੂੰ ਸਮਝਣਾ, ਉਨ੍ਹਾਂ ਦਾ ਸਮਾਧਾਨ ਖੋਜਣਾ, ਜੀਵਨ ਦੀਆਂ ਚੁਨੌਤੀਆਂ
ਦਾ ਮੁਕਾਬਲਾ ਕਰਨਾ, ਥੋੜਾ ਜਿਹਾ ਔਖਾ ਮਾਰਗ ਹੈ, ਇਸੇ ਲਈ ਅਖੌਤੀ ਪੀਰਾਂ, ਸਾਧਾਂ, ਤਾਂਤਰਿਕਾਂ ਦੇ
ਡੇਰਿਆਂ ਤੇ ਬਥੇਰੀਆਂ ਭੀੜਾਂ ਮਿਲ ਜਾਂਦੀਆਂ ਹਨ, ਪਰ ਆਪਣੀ ਸਮਰੱਥਾ ਦੇ ਬਲ `ਤੇ ਜੀਵਨ ਦੀਆਂ
ਚੁਣੌਤੀਆਂ ਦਾ ਮੁਕਾਬਲਾ ਕਰਨ ਵਾਲੇ ਥੋੜੇ ਹੁੰਦੇ ਹਨ। ਇਹ ਅਸੀਂ ਦੇਖਣਾ ਹੈ ਕਿ ਅਸੀਂ ਭੇਡਾਂ ਦੇ
ਵੱਗ ਬਣਨਾ ਹੈ ਜਾਂ ਆਪਣਾ ਰਸਤਾ ਆਪ ਬਣਾ ਕੇ ਹੋਰਨਾਂ ਲਈ ਵੀ ਰਾਹ ਪੱਧਰਾ ਕਰਨਾ ਹੈ। ਹੁਣ ਸਮਾਂ ਆ
ਗਿਆ ਹੈ ਕਿ ਅਸੀਂ ਇਨ੍ਹਾਂ ਅਖੌਤੀ ਸਾਧਾਂ, ਸੰਤਾਂ, ਬ੍ਰਹਮ ਗਿਆਨੀਆਂ, ਪੀਰਾਂ, ਤਾਂਤਰਿਕਾਂ,
ਪੁਜਾਰੀਆਂ, ਜੋਤਸ਼ੀਆਂ ਆਦਿ ਨੁੰ ਦੱਸੀਏ ਕਿ ਬਥੇਰੀ ਹੋ ਚੁੱਕੀ ਤੁਹਾਡੀ ਬਕਵਾਸ, ਹੁਣ ਅਸੀਂ ਤੁਹਾਡੇ
ਧੋਖਿਆਂ ਵਿੱਚ ਨਹੀਂ ਫਸਣਾ, ਸਾਨੂੰ ਕੁਦਰਤ ਦੇ ਅਟੱਲ ਨਿਯਮਾਂ ਦੀ ਸੋਝੀ ਹੋ ਚੁੱਕੀ ਹੈ, ਜੇ ਹੈ ਤਾਂ
ਦਿਖਾਉ ਆਪਣੀ ਕਰਾਮਾਤ, ਵਰਤੋ ਆਪਣੇ ਜੰਤਰ, ਮੰਤਰ, ਤੰਤਰ ਤੇ ਕਰੋ ਮਨੁੱਖਤਾ ਦਾ ਭਲਾ, ਕਰੋ ਮਨੁੱਖਤਾ
ਦੇ ਸਾਂਝੇ ਦੁੱਖਾਂ, ਦਰਦਾਂ ਦਾ ਛੁਟਕਾਰਾ, ਨਹੀਂ ਤੇ ਧਰਮ ਦੇ ਨਾਮ ਤੇ ਬਣਾਈਆਂ ਆਪਣੀਆਂ ਦੁਕਾਨਾਂ
ਬੰਦ ਕਰੋ ਤੇ ਸਾਡੇ ਵਾਂਗ ਆਪਣੇ ਤੇ ਆਪਣੇ ਪਰਿਵਾਰ ਦੀ ਪਾਲਨਾ ਲਈ ਹੱਥੀਂ ਕਿਰਤ ਕਰੋ। ਹੁਣ ਅਸੀਂ
ਤੁਹਾਡੇ ਝੂਠੇ ਝਾਂਸਿਆਂ ਵਿੱਚ ਨਹੀਂ ਫਸਣਾ। ਸਮਾਜ ਵਿੱਚ ਜਾਗਰੂਕ ਤੇ ਮਾਨਸਿਕ ਤੌਰ ਤੇ ਬਲਵਾਨ
ਲੋਕਾਂ ਨੂੰ ਆਮ ਲੋਕਾਂ ਦੀ ਮਾਨਸਿਕਤਾ ਇਸ ਪੱਧਰ ਤੇ ਲਿਆਉਣ ਲਈ ਯਤਨ ਕਰਨ ਦੀ ਲੋੜ ਹੈ, ਤਾਂ ਹੀ
ਅਸੀਂ ਸੋਸ਼ਣ ਰਹਿਤ ਸਮਾਜ ਸਿਰਜ ਸਕਦੇ ਹਾਂ।