.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਦਸਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਭੁਗਤਿ ਗਿਆਨੁ ਦਇਆ ਭੰਡਾਰਣਿ” - ਫ਼ਿਰ ਇਹ ਵੀ ਸਮਝਣਾ ਹੈ ਕਿ ਇਸ ਤੋਂ ਬਾਅਦ ਇਮਾਨਦਾਰੀ ਨਾਲ ਇਨ੍ਹਾਂ ਆਦੇਸ਼ਾਂ ਨੂੰ ਗੁਰੂ ਦੇ ਨਿਰਮਲ ਭਉ `ਚ ਰਹਿਕੇ ਅਪਨਾਉਣ ਵਾਲਿਆਂ ਦੇ ਜੀਵਨ ਵੀ ਇਕੋ ਜਿਹੇ ਤਿਆਰ ਨਹੀਂ ਹੋਣਗੇ, ਕਿਉਂਕਿ ਇਹ ਵੀ ਕਰਤੇ ਦਾ ਹੀ ਵਿਧਾਨ ਹੈ। ਸਮਝਣ ਦਾ ਵਿਸ਼ਾ ਤਾਂ ਇਹ ਹੈ ਕਿ ਫ਼ਿਰ ਨਿਜੀ ਤੇ ਆਪਸੀ ਟੋਕਾ-ਟਾਕੀ ਤੇ ਕਿਉਂ ਕਿੰਤੂ ਕਿਉਂ ਤੇ ਕਾਹਦਾ? ਬਲਕਿ ਗੁਰਦੇਵ ਨੇ ਤਾਂ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਗੁਰੂ ਆਦੇਸ਼ਾਂ ਤੇ ਸਾਂਝੀਆਂ ਕੜੀਆਂ ਨੂੰ ਵੰਡਦੇ ਸਮੇਂ ਵੀ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਅਤੇ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਆਦਿ ਗੁਰ ਫ਼ੁਰਮਾਨਾਂ ਨੂੰ ਆਪਣੀ ਸੋਝੀ ਅਤੇ ਅਮਲ `ਚ ਰਖਣਾ ਤੇ ਲਿਆਉਣਾ ਹੈ।

ਅਜਿਹੇ ਗੁਰ ਫ਼ੁਰਮਾਨਾ ਦੇ ਨਾਲ ਨਾਲ ਗੁਰਬਾਣੀ `ਚ ਹੀ ਇਸ ਵਿਸ਼ੇ ਸਬੰਧੀ ਗੁਰਦੇਵ ਇਹ ਵੀ ਫ਼ੁਰਮਾਅ ਰਹੇ ਹਨ ਕਿ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ)। ਇਸ ਦੇ ਅਰਥ ਭਾਵ ਹਨ ਕਿ “ਐ ਗੁਰੂ ਕੇ ਸਿੱਖ! ਜੇ ਕਰ ਤੇਰੇ ਕੋਲ ਗਿਆਨ ਦਾ ਚੂਰਮਾ ਹੋਵੇ ਤਾਂ ਇਹ ਵੀ ਜ਼ਰੂਰੀ ਹੈ ਕਿ ਤੇਰੇ ਕੋਲ ਵਰਤਾਵੀ ਵੀ ਦਇਆ ਹੀ ਹੋਵੇ। ਉਪ੍ਰੰਤ ਇਹ ਦਇਆ ਵੀ ਕਿਸ ਤਰ੍ਹਾਂ ਦੀ ਹੋਵੇ ਜਿਸ ਲਈ ਗੁਰਬਾਣੀ `ਚ ਸਪਸ਼ਟ ਸੇਧ ਹੈ ਜਿਵੇਂ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦) ਕਿਉਂਕਿ “ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” (ਪੰ: ੪੭੦ ਉਹੀ)। ਜਦਕਿ ਦੂਜੇ ਪਾਸੇ “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ” (ਪੰ: ੪੭੩) ਵਾਲਾ ਵਿਹਾਰ ਵੀ ਨਹੀਂ ਹੋਣਾ। ਸਪਸ਼ਟ ਹੈ ਕਿ ਇਹ ਗੁਰਬਾਣੀ ਸੇਧਾਂ, ਗੁਰਬਾਣੀ ਦੇ ਪ੍ਰਚਾਰਕ ਲਈ ਤਾਂ ਹੈਣ ਹੀ ਬਲਕਿ ਬਿਨਾ ਵਿਤਕਰਾ ਸਮੂਚੇ ਮਨੁੱਖ ਮਾਤ੍ਰ ਲਈ ਹਨ ਨਾ ਕਿ ਕੁੱਝ ਬੰਦਿਆਂ ਜਾਂ ਖਾਸ ਸਮੁਦਾਯ ਲਈ।

“ਅਵਰ ਉਪਦੇਸੈ ਆਪਿ ਨ ਕਰੈ” -ਇਹ ਵੱਖਰੀ ਗੱਲ ਹੈ ਕਿ ਇਹ ਤੇ ਅਜਿਹੇ ਗੁਰਬਾਣੀ ਫ਼ੁਰਮਾਨ ਖਾਸਕਰ ਗੁਰਬਾਣੀ ਦੇ ਪ੍ਰਚਾਰਕਾਂ, ਰਾਗੀ ਸਿੰਘਾਂ, ਕਥਾਵਾਚਕਾਂ, ਗੁਰਦੁਆਰਾ ਪ੍ਰਬੰਧਕਾਂ ਤੇ ਪੰਥਕ ਆਗੂਆਂ ਦੇ ਆਪਣੇ ਜੀਵਨ, ਰਹਿਣੀ ਤੇ ਅਮਲ `ਚ ਹੋਣੇ ਬਹੁਤ ਜ਼ਰੂਰੀ ਹਨ। ਜਦ ਤੱਕ ਅਜਿਹਾ ਨਹੀਂ ਹੁੰਦਾ ਅਤੇ ਇਸਦੇ ਉਲਟ ਜੇਕਰ ਇਹ ਸੱਜਨ ਆਪ ਹੀ ਧੜੇਬੰਦੀਆਂ, ਰਾਜਨੀਤੀ, ਇੱਕ ਦੂਜੇ `ਤੇ ਚਿੱਕੜ ਉਛਾਲਣ, ਟੰਗ ਖਿੱਚੀ ਉਪ੍ਰੰਤ ਨਿਜੀ ਤੇ ਆਪਸੀ ਟੋਕਾ-ਟਾਕੀ ਆਦਿ `ਚ ਹੀ ਫ਼ਸੇ ਰਹਿਣਗੇ ਤਾਂ ਉਨੀਂ ਦੇਰ ਨਾ ਪੰਥ ਭਾਵ ਸਿੱਖ ਧਰਮ `ਚ ਪੈਦਾ ਹੋ ਚੁੱਕੀ ਅੰਦਰੂਨੀ ਪਾਟੋ ਧਾੜ ਨੂੰ ਨਾ ਰੋਕਿਆ ਜਾ ਸਕਦਾ ਹੈ ਤੇ ਨਾ ਸੰਸਾਰ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਨੇੜੇ ਲਿਆਂਦਾ ਤੇ ਸਿੱਖ ਲਹਿਰ ਨੂੰ ਹੀ ਫੈਲਾਇਆ ਜਾ ਸਕਦਾ ਹੈ।

ਸਪਸ਼ਟ ਹੈ ਜਦੋਂ ਤੱਕ ਸਿੱਖ ਪ੍ਰਚਾਰਕਾਂ, ਪ੍ਰਬੰਧਕਾਂ ਤੇ ਪੰਥਕ ਆਗੂਆਂ ਦੇ ਨਿਜੀ ਜੀਵਨ `ਤੇ ਅਮਲ `ਚ ਗੁਰਬਾਣੀ ਆਧਾਰਤ ਇਹ ਸਾਂਝੀਆਂ ਕੜੀਆਂ ਨਹੀਂ ਹਨ ਤਾਂ ਉਨ੍ਹਾਂ ਬਾਰੇ ਵੀ ਗੁਰਬਾਣੀ ਦਾ ਫ਼ੈਸਲਾ ਹੈ “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ” (ਅੰ: ੨੬੯)। ਉਸ ਦੇ ਨਾਲ ਨਾਲ ਇਹ ਵੀ ਕਿ ਉਦੋਂ ਤੱਕ ਭਾਵੇਂ ਜਿਤਨੇ ਚਾਹੋ ਕੀਰਤਨ ਦਰਬਾਰ, ਗੁਰਮੱਤ ਸਮਾਗਮ, ਨਗਰ ਕੀਰਤਨ ਤੇ ਸ਼ਤਾਬਦੀਆਂ ਆਦਿ ਮਨਾਅ ਲਈਆਂ ਜਾਣ, ਉਤਨੀ ਦੇਰ ਨਾ ਸਿੱਖ ਧਰਮ ਦੀ ਸੰਭਾਲ ਹੋ ਸਕਦੀ ਹੈ, ਨਾ ਸਿੱਖ ਲਹਿਰ ਦੀ ਅਤੇ ਨਾ ਸਿੱਖ ਧਰਮ ਦਾ ਫੈਲਾਅ ਹੀ ਸੰਭਵ ਹੈ। ਅੱਜ ਤਾਂ ਸਿੱਖਾਂ ਵਿਚਾਲੇ ਪੈਦਾ ਹੋ ਚੁੱਕੀ ਆਪਸੀ ਪਾਟੋਧਾੜ ਤੇ ਬਿਖਰਾਵ ਪੰਥ ਦੀ ਉਪਰਲੀ ਤੈਅ ਤੋਂ ਲੈ ਕੇ ਨੀਵੀਂ ਤੋਂ ਨੀਵੀਂ ਅਤੇ ਇਕੱਲੇ ਇੱਕਲੇ ਸਿੱਖ ਦੀ ਪੱਧਰ ਤੱਕ ਵੀ ਪੁੱਜ ਚੁੱਕਾ ਹੈ।

ਆਲਮ ਇਹ ਹੋ ਚੁੱਕਾ ਹੈ ਕਿ ਜੇ ਕਿਧਰੇ ਦੋ ਸਿੱਖ ਵੀ ਆਪਸ `ਚ ਸਿੱਖੀ ਦੀ ਕੋਈ ਗੱਲ ਕਰਦੇ ਹਨ ਤਾਂ ਦੇਖਦੇ ਦੇਖਦੇ ਉਨ੍ਹਾਂ ਵਿਚਕਾਰ ਵੀ ਇੱਕ ਦੰਮ ਖਚਾਤਾਣੀ, ਲੜਾਈ ਝਗੜਾ ਪੈਦਾ ਹੋ ਜਾਂਦਾ ਹੈ। ਕਿਉਂਕਿ ਦੋਨਾਂ `ਚੋਂ ਹਰੇਕ ਆਪਣੇ ਆਪ ਨੂੰ ਪੱਕਾ, ਚੰਗਾ ਤੇ ਸਮਝਦਾਰ ਸਿੱਖ ਮੰਨ ਰਿਹਾ ਹੁੰਦਾ ਹੈ ਅਤੇ ਦੂਜੇ ਨੂੰ ਆਪਣੇ ਮੁਕਾਬਲੇ ਅਨਜਾਣ ਤੇ ਨਾਸਮਝ ਦੱਸ ਰਿਹਾ ਹੁੰਦਾ ਹੈ। ਜਦਕਿ ਇਸ ਵਿਸ਼ੇ ਸਬੰਧੀ ਗੁਰਬਾਣੀ ਨੇ ਸਾਨੂੰ ਤੇ ਖਾਸਕਰ ਪ੍ਰਚਾੲਕਾਂ ਨੂੰ ਜੋ ਸੇਧ ਬਖ਼ਸ਼ੀ ਹੈ ਤਾਂ ਉਸ ਦਾ ਜ਼ਿਕਰ ਵੀ ਆ ਚੁੱਕਾ ਹੈ। ਇਸ ਤਰ੍ਹਾਂ ਉਹ ਸੇਧ ਹੈ ਕਿ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (ਪੰ: ੭੨੮)। ਇਸ ਤਰ੍ਹਾਂ ਸਪਸ਼ਟ ਹੈ ਕਿ ਅੱਜ ਸਿੱਖ ਦੀ ਸੋਚਣੀ-ਕਰਣੀ ਤੇ ਦੂਜੇ ਪਾਸੇ ਗੁਰਬਾਣੀ ਅਨੁਸਾਰ ਸਿੱਖੀ ਜੀਵਨ ਪੱਖੋਂ ਸਾਡੀ ਜੋ ਰਹਿਣੀ ਹੋਣੀ ਚਾਹੀਦੀ ਹੈ, ਦੋਨਾਂ ਵਿਚਕਾਰ ਵੱਡਾ ਫ਼ਰਕ ਤੇ ਪਾੜਾ ਆਇਆ ਹੋਇਆ ਹੈ।

ਇਸ ਤੋਂ ਬਾਅਦ ਸਾਡੇ ਸਾਰਿਆਂ ਲਈ ਇਨ੍ਹਾਂ ਗੁਰਬਾਣੀ ਸੇਧਾਂ ਤੇ ਗੁਰਬਾਣੀ ਆਦੇਸ਼ਾਂ ਦੀ ਵਰਤੋਂ ਲਈ ਜੋ ਗੁਰਬਾਣੀ ਆਧਾਰ ਹੈ ਉਹ ਹੈ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਅਤੇ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਆਦਿ ਗੁਰ ਫ਼ੁਰਮਾਨ। ਜਦਕਿ ਇਹ ਫ਼ੁਰਮਾਨ ਵੀ ਸਮੂਚੀ ਮਾਨਵਤਾ ਲਈ ਸਾਂਝੀਆਂ ਕੜੀਆਂ ਹੀ ਹਨ ਜਿਨ੍ਹਾਂ `ਤੇ ਕੀਤੇ ਹੋਏ ਅਮਲ ਨੇ ਹੀ, ਸਿੱਖ ਨੂੰ ਸਿੱਖ ਧਰਮ ਦੇ ਨੇੜੇ ਲਿਆਉਣਾ ਹੈ। ਉਪ੍ਰੰਤ ਇਨ੍ਹਾਂ ਤੋਂ ਹੀ ਸੰਸਾਰ `ਚ ਗੁਰੂ ਕੀ ਸਿੱਖੀ ਨੇ ਆਪਣੀਆਂ ਜੜ੍ਹਾਂ ਪੱਕੀਆਂ ਕਰਣੀਆਂ, ਸਿੱਖੀ ਦੀ ਖੁਸ਼ਬੂ ਬਲਕਿ ਸਿੱਖ ਲਹਿਰ ਨੂੰ ਵੀ ਵਿਸਤਾਰ ਮਿਲਣਾ ਹੈ।

ਸਪਸ਼ਟ ਹੈ ਜੇ ਕਰ ਸਿੱਖ ਅਤੇ ਖਾਸਕਰ ਸਿੱਖ ਪ੍ਰਚਾਰਕ ਦੇ ਜੀਵਨ ਅੰਦਰੋਂ ਗੁਰਬਾਣੀ ਰਾਹੀਂ ਪ੍ਰਗਟ ਅਜਿਹੀਆਂ ਸਾਂਝੀਆਂ ਕੜੀਆਂ ਤੇ ਸੇਧਾਂ ਉਜਾਗਰ ਹੋ ਜਾਣ, ਉਨ੍ਹਾਂ ਦੇ ਜੀਵਨ ਅੰਦਰ ਇਨ੍ਹਾਂ `ਤੇ ਅਮਲ ਹੋਵੇ ਤਾਂ ਨਾ ਕੌਮ ਅੰਦਰ, ਨਾ ਨਿਜੀ ਤੇ ਨਾਂ ਆਪਸੀ ਟੋਕਾ-ਟਾਕੀ ਤੇ ਕਿਉਂ-ਪ੍ਰੰਤੂ ਹੀ ਰਵੇਗੀ ਤੇ ਨਾ ਪੰਥ `ਚ ਨਿੱਤ ਵਾਧੇ `ਤੇ ਜਾ ਰਹੀ ਪਾਟੋਧਾੜ ਹੀ ਵਧੇਗੀ। ਉਹ ਬਿਖਰਾਵ ਜਿਹੜਾ ਅੱਜ ਪੂਰੇ ਪੰਥ ਅੰਦਰ ਸ਼ਿਖਰਾਂ ਤੇ ਪੁੱਜਾ ਹੋਇਆ ਹੈ ਤੇ ਦਿਨੋ ਦਿਨ ਤੇਜ਼ੀ ਨਾਲ ਵਾਧੇ `ਤੇ ਹੈ। ਇਸ ਸਾਰੀ ਬਿਮਾਰੀ ਦਾ ਮੁੱਖ ਕਾਰਨ ਹੀ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਵਾਲਾ ਰੋਗ ਹੀ ਹੈ ਜੋ ਅੱਜ ਪੂਰੇ ਪੰਥ `ਚ ਆਪਣੀਆਂ ਜੜ੍ਹਾਂ ਜਮਾਈ ਬੈਠਾ ਹੈ।

“ਸਚੁ ਪੁਰਾਣਾ ਹੋਵੈ ਨਾਹੀ” -ਇਸ ਸਬੰਧ `ਚ ਸਮਝਣ ਦਾ ਮੁੱਖ ਵਿਸ਼ਾ ਇਹ ਹੈ ਕਿ ਗੁਰਬਾਣੀ ਆਦੇਸ਼ ਤਾਂ ਸਦਾ ਉਹੀ ਰਹਿਣੇ ਹਨ। ਇਹ ਸੇਧਾਂ ਤੇ ਆਦੇਸ਼ ਤਾਂ “ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੈ॥ ਨਾਨਕ ਸਾਹਿਬੁ ਸਚੋ ਸਚਾ, ਤਿਚਰੁ ਜਾਪੀ ਜਾਪੈ” (ਅੰ: ੯੫੫) ਅਨੁਸਾਰ ਜੁਗੋ ਜੁਗ ਅਟੱਲ ਹਨ ਤੇ ਇਨ੍ਹਾਂ ਨੇ ਸਦੀਵਕਾਲ ਲਈ ਮਨੁੱਖਾ ਜੀਵਨ ਦੀ ਅਗਵਾਹੀ ਕਰਣੀ ਹੈ। ਇਸ ਦੇ ਬਾਵਜੂਦ ਕੁਦਰਤ ਦਾ ਨੇਮ ਇਹ ਵੀ ਹੈ ਕਿ ਹਰੇਕ ਦਾ ਜੀਵਨ ਵੀ ਆਪਣਾ ਆਪਣਾ ਤੇ ਫ਼ਰਕ ਵਾਲਾ ਤਿਆਰ ਹੋਣਾ ਹੈ। ਇਸੇ ਲਈ ਕਿਉਂਕਿ ਗੁਰਦੇਵ ਨੇ ਆਪਣੇ ਦਸਾਂ ਜਾਮਿਆਂ `ਚ ਹੀ ਇਸ ਨੂੰ ਸੰਗਤੀ ਤੇ ਜਮਾਤੀ ਧਰਮ ਬਣਾਇਆ ਤੇ ਕਾਇਮ ਕੀਤਾ ਹੈ। ਇਕੱਲੇ ਇਕੱਲੇ ਨੂੰ ਨਹੀਂ ਬਲਕਿ ਸਾਰਿਆਂ ਨੂੰ ਗੁਰਬਾਣੀ ਆਦੇਸ਼ਾਂ ਤੇ ਸਿੱਖਆ ਤੇ ਚਲਣ ਲਈ ਆਵਾਜ਼ ਮਾਰੀ ਤੇ ਪ੍ਰੇਰਿਆ ਹੈ। ਉਪ੍ਰੰਤ ਗੁਰਦੇਵ ਨੇ ਤਾਂ ਵੀ ਕਿਸੇ ਦੇ ਨਿਜੀ ਜੀਵਨ `ਤੇ ਕਦੇ ਵੀ ਕਿਉਂ-ਕਿੰਤੂ ਨਹੀਂ ਕੀਤਾ। ਬਲਕਿ ਉਥੇ ਵੀ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ, ਇਹੁ ਬਿਰਦੁ ਸੁਆਮੀ ਸੰਦਾ” (ਪੰ: ੫੪੪) ਵਾਲਾ ਗੁਰਬਾਣੀ ਸਿਧਾਂਤ ਹੀ ਬਖ਼ਸ਼ਿਆ, ਆਪ ਵਰਤਿਆ ਤੇ ਵਰਤਵਾਇਆ ਵੀ।

ਜਦਕਿ ਅੱਜ ਜੋ ਕੌਮ ਦੀ ਤਬਾਹੀ ਹੋ ਰਹੀ ਹੈ, ਉਹ ਇਸ ਧਰਮ ਦੇ ਅਖਵਾਉਣ ਵਾਲਿਆਂ ਵਿਚਕਾਰ ਨਿਜੀ ਤੇ ਆਪਸੀ ਟੋਕਾ-ਟਾਕੀ ਦੀ ਹੋ ਚੁੱਕੀ ਇੰਤਹਾ ਹੀ ਹੈ। ਇਸੇ ਦਾ ਨਤੀਜਾ ਆ ਰਿਹਾ ਹੈ ਕਿ ਅੱਜ ਸਿੱਖ ਅਖਵਾਉਣ ਵਾਲਿਆਂ ਨੇ ਇਸ ਪੱਖ ਤੋਂ ਸੰਸਾਰ ਨੂੰ ਆਪਣੇ ਨੇੜੇ ਤਾਂ ਕੀ ਲਿਆਉਣਾ ਹੈ, ਇਸ ਦੇ ਉਲਟ ਆਪਸ `ਚ ਦੋ ਵੀ ਸਿੱਖ ਇੱਕ ਦੂਜੇ ਦੇ ਨੇੜੇ ਨਹੀਂ ਆ ਪਾ ਰਹੇ। ਸੱਚ ਇਹੀ ਹੈ, ਜੇ ਕਰ ਅੱਜ ਵੀ, ਬਿਨਾ ਢਿੱਲ ਆਪਣੀ ਆਪਣੀ ਧਾਰਮਿਕ ਰਹਿਣੀ ਪੱਖੋਂ, ਸਿੱਖਾਂ ਵਿਚਕਾਰ ਸ਼ਿਖਰਾਂ `ਤੇ ਪੁੱਜ ਚੁੱਕੀ ਆਪਸੀ ਤੇ ਨਿਜੀ ਟੋਕਾ-ਟਾਕੀ ਨੂੰ ਲਗ਼ਾਮ ਪੈ ਜਾਵੇ ਤਾਂ ਘਟੋਘਟ ਸਮੂਚਾ ਪੰਥ ਤੇ ਹਰੇਕ ਸਿੱਖ ਅੱਜ ਵੀ ਇੱਕ ਦੂਜੇ ਦੇ ਨੇੜੇ ਆ ਸਕਦਾ ਹੈ।

“ਗੁਰ ਕੀ ਮਤਿ ਤੂੰ ਲੇਹਿ ਇਆਨੇ” - ਹੁਣ ਤੱਕ ਦਿੱਤੇ ਜਾ ਚੁੱਕੇ ਵੇਰਵੇ ਤੋਂ ਸਪਸ਼ਟ ਹੋ ਚੁੱਕਾ ਹੋਵੇਗਾ ਕਿ ਸਿੱਖ ਧਰਮ ਦੀ ਕਿਸ ਮੂਲ ਪੀੜਾ ਨੂੰ ਪ੍ਰਗਟ ਕਰਣ ਲਈ ਸਾਨੂੰ ਇਸ ਆਪਸੀ ਟੋਕਾ ਟਾਕੀ ਵਾਲੇ ਵਿਸ਼ੇ ਨੂੰ ਉਜਾਗਰ ਕਰਣ ਦੀ ਵਧੇਰੇ ਲੋੜ ਪਈ। ਸ਼ੱਕ ਨਹੀਂ ਕਿ ਸਿੱਖ ਧਰਮ ਦਾ ਆਧਾਰ ਕੇਵਲ ਤੇ ਕੇਵਲ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਇਲਾਹੀ ਤੇ ਰੱਬੀ ਗਿਆਨ (ਜੋਤ) ਹੀ ਹੈ। ਉਪ੍ਰੰਤ ਉਸੇ ਗਿਆਨ ਤੋਂ ਪ੍ਰਗਟ ਹੋਣ ਵਾਲੀ ‘ਸਿੱਖ ਜੀਵਨ ਜਾਚ’ (way of life) ਅਥਵਾ (ਜੁਗਤ) ਤੇ ਇਹੀ ਹੈ ਸਿੱਖੀ ਜੀਵਨ ਜੀਊਣ ਦਾ ਅਸਲੀ ਢੰਗ।

ਇਸ ਤੋਂ ਇਲਾਵਾ ਹੁਣ ਤੱਕ ਇਹ ਵੀ ਸਮਝ ਚੁੱਕੇ ਹਾਂ ਕਿ ਸਿੱਖੀ ਜੀਵਨ `ਚ ਗੁਰਬਾਣੀ ਆਧਾਰਤ ਜੋਤ ਤੇ ਜੁਗਤ ਇਹ ਦੋਵੇਂ ਵਿਸ਼ੇ ਸਦੀਵੀ ਤੇ ਸਦਾ ਥਿਰ ਅਤੇ ਅਬਦਲਵੇਂ ਹਨ। ਇਹੀ ਹੈ ਸਿੱਖ ਧਰਮ ਦਾ ਮੂਲ ਇਸੇ ਲਈ ਅਸਾਂ ਵੀ ਸਿੱਖ ਧਰਮ ਸਬੰਧੀ ਹੱਥਲੇ ਵਿਸ਼ੇ ਦਾ ਅਰੰਭ ਵੀ ਇੱਥੋਂ ਹੀ ਕੀਤਾ ਸੀ। ਇਸ ਤਰ੍ਹਾਂ ਸਪਸ਼ਟ ਹੈ ਕਿ ਸਿੱਖੀ ਜੀਵਨ, ਆਪਣੇ ਆਪ `ਚ ਇੱਕੋ ਇੱਕ ਅਜਿਹੀ ਜੀਵਨ ਜਾਚ ਹੈ ਕਿ ਸਿੱਖ ਨੇ ਜੀਵਨ ਭਰ ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ।

ਤਾਂ ਤੇ ਗੁਰੂ ਕੇ ਸਿੱਖ ਦਾ ਜੀਵਨ? - ਇਸ ਤਰ੍ਹਾਂ ਸਿੱਖ ਬਲਕਿ ਹਰੇਕ ਮਨੁੱਖ ਕੋਲ ਜੀਵਨ ਜੀਊਣ ਦੇ ਦੋ ਹੀ ਮਾਰਗ ਤੇ ਉਨ੍ਹਾਂ ਦੇ ਦੋ ਹੀ ਵਿਰੋਧੀ ਨਤੀਜੇ ਵੀ ਹਨ ਭਾਵ ਗੁਰਮੁਖੀ ਜੀਵਨ ਤੇ ਮਨਮੁਖੀ ਜੀਵਨ। ਜਿਵੇਂ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ” (ਪੰ: ੨੮੮) ਅਥਵਾ “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ” (ਪੰ: ੮੦੧)। ਇਸ ਲਈ ਜਾਂ ਤਾਂ ਉਸ ਨੇ “ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ” (ਪੰ: ੭੬੩) ਅਨੁਸਾਰ ਆਪਣੇ ਜੀਵਨ ਨੂੰ ਤਿਆਰ ਕਰਣਾ ਹੈ। ਇਸ ਤੋਂ ਬਾਅਦ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਇਹੀ ਹੈ ਗੁਰਬਾਣੀ ਦੀ ਕਸਵੱਟੀ ਜਿਸ `ਤੇ ਕਿਸੇ ਦੇ ਜੀਵਨ ਨੂੰ ਕੱਸਿਆ ਜਾਣਾ ਹੈ। ਇਸ ਤਰ੍ਹਾਂ ਜਾਂ ਤਾਂ ੳੇੁਸ ਨੇ ਗੁਰੂ ਦਰ `ਤੇ “ਕੇ ਨੇੜੈ” ਭਾਵ ਪ੍ਰਵਾਨ ਹੋਣਾ ਹੈ। ਉਪ੍ਰੰਤ ਜੇ ਅਜਿਹਾ ਨਾ ਕਰਕੇ ਮਨਮਤੀਆ ਜੀਵਨ ਜੀਵਿਆ ਤਾਂ “ਕੇ ਦੂਰਿ” ਭਾਵ ਵਾਪਿਸ ਭਿੰਨ ਭਿੰਨ ਜੂਨਾਂ `ਚ ਹੀ ਧੱਕੇ ਜਾਣਾ ਹੈ। ਜਿਸਦਾ ਅਰਥ ਹੈ ਮੁੜ ਜਨਮ ਮਰਨ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪੈਣਾ। ਜੂਨਾਂ-ਗਰਭਾਂ ਦੇ ਉਸੇ ਗੇੜ `ਚ ਜਿਸ ਚੋਂ ਆਜ਼ਾਦ ਕਰ ਕੇ ਅਕਾਲ ਪੁਰਖ ਨੇ ਸਾਨੂੰ ਇਹ ਮਨੁੱਖਾ ਜਨਮ ਵਾਲਾ ਅਵਸਰ ਤੇ ਵਾਰੀ ਬਖ਼ਸ਼ੀ ਹੁੰਦੀ ਹੈ।

“ਅੰਦਰਹੁ ਝੂਠੇ ਪੈਜ ਬਾਹਰਿ” -ਉਂਜ ਭਾਵੇਂ ਕੋਈ ਵੀ ਦੂਜਿਆਂ ਨੂੰ, ਆਪਣੇ ਆਪ ਲਈ ਬਹੁਤ ਵੱਧੀਆ ਸਿੱਖ ਹੋਣ ਦਾ ਚਾਹੇ ਜਿਨਾਂ ਵੀ ਪ੍ਰਭਾਵ ਦਿੰਦਾ ਫ਼ਿਰੇ ਪਰ ਗੁਰੂ ਦਰ `ਤੇ ਕਿਸੇ ਲਈ ਮਾਪਦੰਡ ਦੋ ਨਹੀਂ ਹਨ। ਗੁਰੂ ਦਰ `ਤੇ ਤਾਂ “ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਅਤੇ ਕਰਤੇ ਦੇ ਦਰ `ਤੇ ਪ੍ਰਵਾਨ ਹੋਣ ਲਈ ਤਾਂ “ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ” ਉਪ੍ਰੰਤ ਕਰਮੀ ਆਪੋ ਆਪਣੀ” ਅਨੁਸਾਰ “ਕੇ ਨੇੜੈ” ਜਾਂ “ਕੇ ਦੂਰਿ” ਹੀ ਹਨ। ਇਸ ਤਰ੍ਹਾਂ ਜੇ ਕੋਈ ਗੁਰੂ ਕਾ ਸਿੱਖ ਵੀ ਅਖਵਾਏ ਤੇ ਗੁਰਬਾਣੀ ਆਦੇਸ਼ਾਂ ਅਨੁਸਾਰ ਵੀ ਨਾ ਚੱਲੇ ਤਾਂ ਉਸ ਲਈ ਕੇ ਨੇੜੈ” ਵਾਲੀ ਨਹੀਂ ਬਲਕਿ ਗੁਰਬਾਣੀ ਦੀ ਕਸਵੱਟੀ `ਤੇ “ਕੇ ਦੂਰਿ” ਵਾਲਾ ਵਿਸ਼ਾ ਹੀ ਲਾਗੂ ਹੋਵੇਗਾ।

ਇਹ ਵੀ ਦੇਖ ਚੁੱਕੇ ਹਾਂ ਗੁਰਬਾਣੀ `ਚ “ਕੇ ਦੂਰਿ” ਵਾਲੇ ਵਿਸ਼ੇ ਸੰਬੰਧੀ ਵੀ ਸਪਸ਼ਟ ਫ਼ੈਸਲਾ ਹੈ ਜਿਵੇਂ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ” (ਪੰ: ੮੦੧)। ਇਸੇ ਤਰ੍ਹਾਂ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪)। ਜਾਂ ਫ਼ਿਰ “ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ” (ਪੰ: ੪੭੪)। ਇਸ ਲਈ ਗੁਰੂ ਦੇ ਸੱਚ ਨਿਆਂ ਦੀ ਕਸਵੱਟੀ `ਤੇ ਜੇ ਕਰ ਅਸਾਂ ਸੱਚਾ ਸਿੱਖ ਸਾਬਤ ਹੋਣਾ ਹੈ ਤਾਂ ਸਾਡਾ ਜੀਵਨ “ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ…” (ਪੰ: ੪੭੪) ਵਾਲਾ ਹੀ ਹੋਣਾ ਜ਼ਰੂਰੀ ਹੈ।

ਇਥੇ ਤਾਂ ਗੁਰੂ ਕੇ ਸਿੱਖ ਲਈ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ….” (ਪੰ: ੬੬੭) ਅਤੇ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)। ਇਸ ਤਰ੍ਹਾਂ ਜੇ ਸਤਿਗੁਰ ਦੇ ਨਿਰਮਲ ਭਉ `ਚ ਰਹਿੰਦੇ ਹੋਏ ਅਜਿਹਾ ਹੀ ਹੋ ਰਿਹਾ ਹੈ ਤਾਂ ਕੋਈ ਕਾਰਨ ਨਹੀਂ ਕਿ ਅਜਿਹੇ ਗੁਰੂ ਕੇ ਸਿੱਖਾਂ ਦੇ ਜੀਵਨ `ਚੋਂ ਸਿੱਖ ਧਰਮ ਦੀ ਖ਼ੁਸ਼ਬੂ ਨਾ ਆਵੇ ਤੇ ਸਿੱਖ ਧਰਮ ਨਾ ਫ਼ੈਲੇ। ਉਪ੍ਰੰਤ ਇਹ ਵੀ ਕਿ ਇਸ ਤਰ੍ਹਾਂ ਵੱਡੀ ਗਿਣਤੀ `ਚ ਨਿੱਤ ਸਿੱਖ ਧਰਮ ਦੇ ਪ੍ਰਸ਼ੰਸਕ ਦੇ ਸ਼੍ਰਧਾਲੂ ਪੈਦਾ ਨਾ ਹੋਣ। ਫ਼ਿਰ ਉਨ੍ਹਾਂ ਸ਼੍ਰਧਾਲੂਆਂ `ਚੋਂ ਹੀ ਬੇਅੰਤ ਸਿੱਖ ਵੀ ਸਜਦੇ ਜਾਣ। ਦਰਅਸਲ ਇਹੀ ਹੈ ਗੁਰੂ ਕੀ ਸਿੱਖੀ, ਸਿੱਖੀ ਦਾ ਫੈਲਾਅ ਅਤੇ ਸਿੱਖ ਲਹਿਰ ਵਿਚਾਲੇ ਨਿੱਤ ਦੇ ਵਾਧੇ ਦਾ ਹੋਣਾ।

ਕੇਵਲ ਵਿਸ਼ੇ ਨੂੰ ਸਮਝਣ ਲਈ ਹੀ ਅਜਿਹੀ ਸਿੱਖ ਰਹਿਣੀ ਤੇ ਸਿੱਖੀ ਜੀਵਨ ਨੂੰ ਅਸਾਂ ਇੱਥੇ ‘ਸਿੱਖ ਧਰਮ ਦਾ ਦੂਜਾ ਖੰਡ’ ਕਿਹਾ ਸੀ। ਭਾਵ ਸਿੱਖੀ ਜੀਵਨ ਦਾ ਅਜਿਹਾ ਪ੍ਰਗਟਾਵਾ ਜਿਸ ਦਾ ਸਿੱਧਾ ਸਬੰਧ ਹੀ ਆਪਣੇ ਮੂਲ ‘ਸਿੱਖ ਧਰਮ’ ਭਾਵ ਗੁਰਬਾਣੀ ਸੇਧ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਨਾਲ ਹੈ। ਇਸੇ ਲਈ ਗੁਰਦੇਵ ਦਾ ਸਿੱਖ ਲਈ ਆਦੇਸ਼ ਹੈ “ਗੁਰ ਕੀ ਮਤਿ ਤੂੰ ਲੇਹਿ ਇਆਨੇ” (ਪੰ੨੮੮) ਅਤੇ ਉਸ ਦਾ ਨਤੀਜਾ ਹੋਵੇਗਾ ਕਿ “ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਉਹੀ ਪੰ: ੨੮੮)। ਇਸ ਤਰ੍ਹਾਂ ਅਸੀਂ ਜੀਉਂਦੇ ਜੀਅ ਵੀ ਟਿਕਾਅ ਵਾਲਾ, ਵਿਕਾਰ ਰਹਿਤ ਤੇ ਸੰਤੋਖੀ ਜੀਵਨ ਬਤੀਤ ਕਰਾਂਗੇ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਕਰਤੇ ਪ੍ਰਭੂ `ਚ ਅਭੇਦ ਹੋ ਜਾਂਵਾਂਗੇ ਤੇ ਮੁੜ ਜਨਮ ਮਰਨ ਦੇ ਗੇੜ `ਚ ਵੀ ਨਹੀਂ ਆਂਵਾਂਗੇ।

ਇਸ ਦੇ ਉਲਟ ਜੇ ਅਸਾਂ ਗੁਰੂ ਦੀ ਮੱਤ ਅਨੁਸਾਰ ਨਹੀਂ ਚਲਣਾ, ਆਪਣੀ ਮਨਮਤ ਤੇ ਹੂੜਮੱਤ ਆਦਿ ਹੀ ਕਰਣੀ ਹੈ ਤਾਂ “ਭਗਤਿ ਬਿਨਾ ਬਹੁ ਡੂਬੇ ਸਿਆਨੇ” (ਉਹੀ ਪੰ: ੨੮੮) ਵਾਲੀ ਗੱਲ ਵੀ ਸਾਡੇ `ਤੇ ਹੀ ਲਾਗੂ ਹੁੰਦੀ ਹੈ। ਇਸ ਤਰ੍ਹਾਂ ਜਦੋਂ ਵੀ ਗੁਰਦੇਵ ਨੇ ਗੁਰਬਾਣੀ `ਚ ਕਿਸੇ ਨੂੰ ‘ਇਆਣਾ’ ਕਿਹਾ ਹੈ ਜਿਵੇਂ ਕਿ ਇਥੇ “ਗੁਰ ਕੀ ਮਤਿ ਤੂੰ ਲੇਹਿ ਇਆਨੇ” (ਪੰ: ੨੮੮) ਤਾਂ ਗੁਰਬਾਣੀ `ਚ ਇਆਨੇ ਦਾ ਅਰਥ ਵੀ ਇੱਕੋ ਹੀ ਹੈ ਤੇ ਉਹ ਹੈ ਮਨਮਤੀਆ ਅਥਵਾ ਗੁਰੂ ਦੀ ਗੱਲ ਨਾ ਮੰਨ-ਸੁਣ ਕੇ ਆਪਣੇ ਮਨ (ਇਆਣੇ) ਪਿੱਛੇ ਟੁਰਣ ਵਾਲਾ।

ਇਸੇ ਤਰ੍ਹਾਂ ਗੁਰਬਾਣੀ `ਚੋਂ ਲਫ਼ਜ਼ ਇਆਨੇ ਨੂੰ ਸਪਸ਼ਟ ਕਰਣ ਲਈ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਵੀ ਲੈਂਦੇ ਹਾਂ ਜਿਵੇਂ “ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ” (ਪੰ: ੨੬੬) ਅਤੇ “ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ” (ਪੰ: ੪੭੪) ਹੋਰ “ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ॥ ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ” (ਪੰ: ੪੭੪) ਆਦਿ ਇਸ ਸੰਬੰਧੀ `ਚ ਵੀ ਬੇਅੰਤ ਗੁਰਬਾਣੀ ਫ਼ੁਰਮਾਨ।

ਤਾਂ ਤੇ ਪੰਥ ਦੇ ਸਨਮੁਖ ਵੱਡੀ ਚੁਣੌਤੀ? -ਕੇਵਲ ਵਿਸ਼ੇ ਨੂੰ ਸਮਝਣ ਲਈ ਹੀ ਇਥੇ ਅਸਾਂ ਸਿੱਖ ਧਰਮ ਨਾਲ ਸਬੰਧਤ ਕਰਕੇ ਇਹ ਖੰਡਾਂ ਵਾਲੀ ਗੱਲ ਕੀਤੀ ਹੈ। ਮੂਲ ਰੂਪ `ਚ ਸਿੱਖ ਧਰਮ ਦਾ ਇੱਕੋ ਧੁਰਾ ਹੈ ਤੇ ਉਹ ਹੈ ਗੁਰਬਾਣੀ ਤੋਂ ਪ੍ਰਗਟ ਸੱਚ ਧਰਮ ਦਾ ਸਦੀਵੀ ਗਿਆਨ (ਜੋਤ) ਤੇ ਉਸ ਗਿਆਨ ਤੋਂ ਪ੍ਰਗਟ ਹੋਣ ਵਾਲੀ ਸਿੱਖ ਲਈ ਜੀਵਨ ਜੁਗਤ ਅਥਵਾ ਜੀਵਨ ਜੀਊਣ ਦਾ ਢੰਗ। ਇਸੇ ਨੂੰ ਇਥੇ ਅਸਾਂ ਸਿੱਖ ਧਰਮ ਦਾ ਪਹਿਲਾ ਤੇ ਦੂਜਾ ਖੰਡ ਕਹਿਕੇ ਵੀ ਬਿਆਣਿਆ ਹੈ।

ਇਸ ਤਰ੍ਹਾਂ ਇਥੇ ‘ਸਿੱਖ ਧਰਮ ਦਾ ਦੂਜਾ ਖੰਡ’ ਸੀ ਸਿੱਖੀ ਜੀਵਨ ਦਾ ਪ੍ਰਗਟਾਵਾ ਤੇ ਉਸ ਤੋਂ ਪੈਦਾ ਹੋਣ ਵਾਲੀ ਸਿੱਖ ਲਹਿਰ ਜਿਸ ਦਾ ਸਿੱਧਾ ਸਬੰਧ ਹੀ ਆਪਣੇ ਮੂਲ, ‘ਸਿੱਖ ਧਰਮ ਦੇ ਪਹਿਲੇ ਖੰਡ’ ਭਾਵ ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਨਾਲ ਹੋਵੇੲ। ਜੇ ਕਰ ਸਚਮੁਚ ਸਤਿਗੁਰਾਂ ਦੇ ਨਿਰਮਲ ਭਉ `ਚ ਰਹਿੰਦੇ, ਅਜਿਹਾ ਹੀ ਹੋ ਰਿਹਾ ਹੈ ਤੇ ਸਿੱਖ ਦਾ ਜੀਵਨ ਦੂਜੇ ਖੰਡ ਅਨੁਸਾਰ ਹੈ; ਤਾਂ ਕੋਈ ਕਾਰਨ ਨਹੀਂ ਕਿ ਅਜਿਹੇ ਗੁਰੂ ਕੇ ਸਿੱਖਾਂ ਦੇ ਜੀਵਨ `ਚੋਂ ਸਿੱਖ ਧਰਮ ਦੇ ਸ਼੍ਰਾਧਾਲੂ, ਹਮਦਰਦ ਤੇ ਪ੍ਰਸ਼ੰਸਕ ਪੈਦਾ ਨਾ ਹੋਣ ਜਾਂ ਸਿੱਖ ਧਰਮ ਦੀ ਸੰਸਾਰ ਭਰ `ਚ ਹਰ ਪਾਸੇ ਖ਼ੁਸ਼ਬੂ ਤੇ ਮਹਿਮਾ ਨਾ ਫੈਲੇ। ਉਪ੍ਰੰਤ ਇਨ੍ਹਾਂ ਸ਼੍ਰਧਾਲੂਆਂ, ਹਮਦਰਦਾਂ, ਪ੍ਰਸ਼ੰਸਕਾ `ਚੋ ਨਿੱਤ ਨਵੇਂ ਸੱਜਨ ਵਾਲੇ ਸਿੱਖਾਂ ਦੀ ਗਿਣਤੀ ਨਾ ਵੱਧੇ ਅਤੇ ਦਿਨ ਦੁਗਨਾ ਰਾਤ ਚੌਗਣੀ ਸਿੱਖ ਲਹਿਰ ਨਾ ਫੈਲੇ।

“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) -ਗਹਿਰਾਈ ਤੋਂ ਘੋਖਿਆ ਜਾਏ ਤਾਂ ਇੱਥੇ ਸਿੱਖ ਧਰਮ ਦੇ ਪਹਿਲੇ ਦੋ ਖੰਡਾਂ `ਚੋਂ ਪਹਿਲਾ ਖੰਡ ਤਾਂ ਹੈ ਹੀ ਸਿੱਖ ਧਰਮ ਦਾ ਮੂਲ, ਗੁਰਬਾਣੀ ਵਿਚਾਰਧਾਰਾ। ਇਸ ਤੋਂ ਬਾਅਦ ਇੱਕਲਾ ਤੇ ਖਾਸਕਰ ਸਿੱਖ ਧਰਮ ਦਾ ਇਹ ਦੂਜਾ ਖੰਡ ਹੀ ਹੈ ਜਿਸ ਬਾਰੇ ਹਰੇਕ ਸਿੱਖ ਨੂੰ ਹਰ ਸਮੇਂ ਸੁਚੇਤ ਰਹਿਣ ਅਤੇ ਆਪਣੇ ਆਪ ਨੂੰ “ਬੰਦੇ ਖੋਜੁ ਦਿਲ ਹਰ ਰੋਜ” ਅਨੁਸਾਰ ਘੋਖਣ ਤੇ ਵਿਚਾਰਣ ਦੀ ਲੋੜ ਹੈ ਕਿ ਉਹ ਸਿੱਖ ਅਖਵਾ ਕੇ ਵੀ ਸਿੱਖੀ ਪੱਖੋਂ ਕਿੱਥੇ ਖੜਾ ਹੈ? ਉਹ ਸਿੱਖੀ ਜੀਵਨ ਦੇ ਨੇੜੇ ਵਿਚਰ ਰਿਹਾ ਹੈ ਜਾਂ ਟੁੱਟ ਕੇ?

“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭) ਕੀ ਕੌਮ ਅੱਜ ਸਚਮੁੱਚ ਆਪਣੇ ਇਥੇ ਬਿਆਣੇ ਦੂਜੇ ਖੰਡ ਪ੍ਰਤੀ ਸਮ੍ਰਪਿਤ ਹੈ? ਜਾਂ ਲਾਪ੍ਰਵਾਹੀਆਂ, ਆਪਹੁਦਰੇਪਣ, ਹੂੜਮੱਤਾਂ, ਮਨਮੱਤਾਂ, ਅਣਮੱਤਾ, ਵਿਪਰਨ ਰੀਤਾਂ ਤੇ ਆਪਸੀ ਟੋਕਾ ਟਾਕੀ ਵਾਲੇ ਸੁਭਾਅ ਦਾ ਹੀ ਸ਼ਿਕਾਰ ਹੈ। ਕਿਉਂਕਿ ਕੌਮ ਲਈ ਇਹ ਦੂਜਾ ਖੰਡ ਹੀ ਪੂਰੀ ਤਰ੍ਹਾਂ ਜ਼ਿਮੇਵਾਰ ਹੈ ਕੌਮ ਦੀ ਸੰਭਾਲ ਲਈ ਵੀ ਤੇ ਤੱਬਾਹੀ ਲਈ ਵੀ। ਇਸ ਤਰ੍ਹਾਂ ਅਸਾਂ ਗੁਰਬਾਣੀ ਸੇਧ `ਚ ਸੰਗਤੀ ਜੀਵਨ ਤਿਆਰ ਕਰਣਾ ਹੈ ਬਜਾਏ ਆਪਸੀ ਟੋਕਾ ਟਾਕੀ ਵਾਲੇ ਰਸਤੇ ਦੇ। ਉਪ੍ਰੰਤ ਤੀਜਾ, ਚੌਥਾ, ਪੰਜਵਾਂ ਖੰਡ ਤਾਂ ਹੈਣ ਹੀ ਪਹਿਲੇ ਤੇ ਦੂਜੇ ਖੰਡ `ਤੇ ਆਧਾਰਿਤ ਸਿੱਖ ਧਰਮ ਤੇ ਸਿੱਖ ਲਹਿਰ ਦੇ ਫੈਲਾਅ ਨਾਲ ਸਬੰਧਤ।

ਇਸ ਲਈ, ਇਸ ਮੂਲ ਵਿਸ਼ੇ “ਸਿੱਖ ਧਰਮ ਤੇ ਸਿੱਖੀ ਲਹਿਰ” `ਚ ਦਿੱਤੇ ਜਾ ਰਹੇ ਵੇਰਵੇ ਅਨੁਸਾਰ ਸੰਗਤ ਆਪਣੇ ਆਪ ਨੂੰ ਪਰਖੇ, ਘੋਖੇ ਤੇ ਵਿਚਾਰੇ ਕਿ ਅੱਜ ਉਹ ਕਿੱਥੇ ਖੜੀ ਹੈ ਤੇ ਉਸ ਦਾ ਕਾਰਨ ਕੀ ਹੈ? ਕੀ ਅਜੋਕੀ ਪੰਥਕ ਅਧੋਗਤੀ ਲਈ ਨਿਰਾ ਪੁਰਾ ਵਿਰੋਧੀ ਤਾਕਤਾਂ ਜਾਂ ਬਾਹਰੀ ਪ੍ਰਭਾਵਾਂ ਨੂੰ ਦੋਸ਼ ਦੇ ਕੇ ਸੁਰਖਰੂ ਹੋਇਆ ਜਾ ਸਕਦਾ ਹੈ? ਜੇ ਸਿੱਖ ਵਿਰੋਧੀਆਂ ਨੂੰ ਦੋਸ਼ ਦਿੰਦੇ ਹਾਂ ਤਾਂ ਵਿਰੋਧੀ ਤਾਕਤਾਂ ਤਾਂ ਪਹਿਲੇ ਜਾਮੇ ਤੋਂ ਹੀ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸਦੇ ਲਈ ਜੇ ਪਛਮੀ ਸਭਿਅਤਾ ਤੇ ਟੀ: ਵੀ: ਆਦਿ ਦੇ ਪ੍ਰਭਾਵਾਂ ਨੂੰ ਦੋਸ਼ ਦਿੰਦੇ ਹਾਂ ਤਾਂ ਸਮੇਂ ਸਮੇਂ ਨਾਲ ਉਹ ਵੀ ਕੇਵਲ ਰੰਗ ਹੀ ਬਦਲਦੇ ਹਨ। ਨਹੀਂ ਤਾਂ ਪੰਥ ਲਈ ਅਜਿਹੇ ਪ੍ਰਭਾਵ ਵੀ ਸਦਾ ਤੋਂ ਕਿਸੇ ਨਾ ਕਿਸੇ ਰੂਪ `ਚ ਰਹਿੰਦੇ ਆਏ ਤੇ ਰਹਿਣਗੇ ਵੀ। ਬੱਸ ਪੰਥ ਲਈ ਜੇਕਰ ਲੋੜ ਹੈ ਤਾਂ ਉਹ ਇਹ ਹੈ ਕਿ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” ਭਾਵ ਗੁਰੂ ਆਦੇਸ਼ਾਂ ਪ੍ਰਤੀ ਸੁਚੇਤ ਰਹਿਣ ਦੀ ਤੇ ਤਨੋ ਮਨੋ ਉਨ੍ਹਾਂ ਦੀ ਕਮਾਈ ਕਰਣ ਉਪ੍ਰੰਤ ਉਨ੍ਹਾਂ ਦੇ ਆਧਾਰ `ਤੇ ਆਪਣੇ ਆਪ ਨੂੰ ਘੋਖਣ ਦੀ।

ਇਸ ਸਬੰਧ `ਚ ਇੱਕ ਹੋਰ ਵਿਸ਼ਾ ਵੀ, ਜੋ ਵਿਸ਼ੇਸ਼ ਧਿਆਨ ਮੰਗਦਾ ਹੈ ਤੇ ਜਿਸ ਪ੍ਰਤੀ ਅਸੀਂ ਅਰੰਭ ਤੋਂ ਹੀ ਜ਼ਿਕਰ ਵੀ ਕਰਦੇ ਆ ਰਹੇ ਹਾਂ। ਉਹ ਵਿਸ਼ਾ ਹੈ ਨਿਜੀ ਟੋਕਾ-ਟਾਕੀ, ਜਿਸ ਤੋਂ ਹਰੇਕ ਦੇ ਨਿਜੀ ਸਨਮਾਨ (Self Respect & Eago) `ਤੇ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਅਨੁਸਾਰ ਵੱਡੀ ਸੱਟ ਵਜਦੀ ਹੈ। ਜਦਕਿ ਗੁਰਦੇਵ ਨੇ ਗੁਰਬਾਣੀ `ਚ ਹੀ ਇਸ ਦਾ ਬਹੁਤ ਵਾਰ ਵਰਨਣ ਕੀਤਾ ਤੇ ਇਸ ਦਾ ਸਪਸ਼ਟ ਹੱਲ ਸਾਧ ਸੰਗਤ ਵੀ ਬਖ਼ਸ਼ਿਆ ਹੈ ਭਾਵ ਗੁਰਬਾਣੀ ਦੀ ਰੋਸ਼ਨੀ `ਚ ਆਪਸੀ ਵਿਚਾਰ ਵਿਟਾਂਦਰਾ। ਗੁਰਬਾਣੀ ਦੀ ਸ਼ਬਦਾਵਲੀ `ਚ ਇਸੇ ਨੂੰ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਅਤੇ ਨਾਲ ਹੀ ਸਤਿਸੰਗਤ ਦੀ ਵਿਆਖਿਆ ਵੀ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਵਾਲੀ ਹੀ ਹੈ, ਇਸ ਤਰ੍ਹਾਂ ਗੁਰਦੇਵ ਨੇ ਹਰੇਕ ਇਕੱਠ ਨੂੰ ਵੀ ਸਤਿਸੰਗਤ ਨਹੀਂ ਮੰਨਿਆ। ਗੁਰਦੇਵ ਨੇ ਤਾਂ ਸਾਧਸੰਗਤ ਵਾਲਾ ਰਸਤਾ ਦੇ ਕੇ, ਨਿਜੀ ਟੋਕਾ-ਟਾਕੀ ਵਾਲੇ ਸੁਭਾਅ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਇਸ ਦੇ ਉਲਟ ਇਹੀ ਘਾਟ ਅੱਜ ਸਿੱਖਾਂ `ਚ ਸ਼ਿਖਰਾਂ `ਤੇ ਪੁੱਜੀ ਹੋਈ ਹੈ ਜੋ ਸਿੱਖ ਧਰਮ ਦੀ ਤਬਾਹੀ ਦਾ ਵੱਡਾ ਕਾਰਨ ਵੀ ਬਣੀ ਹੋਈ ਹੈ।

ਅਜੋਕਾ ਸਿੱਖ ਕਿੱਥੇ ਖੜਾ ਹੈ? ਜਿਨ੍ਹਾਂ ਮੂਲ ਲੋੜਾਂ ਤੇ ਸਾਂਝੀਆਂ ਕੜੀਆਂ ਦੀ ਹਰੇਕ ਮਨੁੱਖ ਨਾਲ ਸਾਂਝ ਹੈ ਦਰਅਸਲ ਉਸੇ ਹੀ ਵਾਧੇ ਨੇ ਅੱਜ ਸੰਸਾਰ ਤਲ `ਤੇ ਇਸਾਈ ਮੱਤ ਦੇ ਘੇਰੇ ਨੂੰ ਇਨਾਂ ਵਿਸ਼ਾਲ ਕੀਤਾ ਹੈ ਕਿ ਅੱਜ ਇਸਾਈ ਮੱਤ ਲਗਭਗ ਅੱਧੀ ਤੋਂ ਵਧ ਦੁਨਿਆ `ਤੇ ਛਾ ਚੁੱਕਾ ਹੈ। ਉਪ੍ਰੰਤ ਉਨ੍ਹਾਂ ਦਾ ਇਹ ਵਾਧਾ ਵੀ ਹਰ ਸਮੇਂ ਹੋ ਰਿਹਾ ਹੈ। ਬੱਸ ਉਨ੍ਹਾਂ `ਚ ਇਹੀ ਵੱਡਾ ਗੁਣ ਹੈ ਕਿ ਜਿੱਥੇ ਕੋਈ ਜ਼ਰੂਰਤ ਮੰਦ ਇਲਾਕਾ ਜਾਂ ਮਨੁੱਖ ਦੇਖਿਆ ਤਾਂ ਉਸ ਦੀ ਮਦਦ ਨੂੰ ਟੁਰ ਪਏ ਅਤੇ ਮਦਦ ਵੀ ਕਰ ਦਿੱਤੀ। ਜਦਕਿ ਉਨ੍ਹਾਂ ਨੇ ਉਸ ਮਨੁੱਖ ਤੋਂ ਜਾਂ ਉਨ੍ਹਾਂ ਲੋਕਾਂ ਤੋਂ ਕੇਵਲ ਇਹੀ ਵਾਇਦਾ ਲੈਣਾ ਹੁੰਦਾ ਹੈ ਕਿ ਉਹ ਸੱਜਨ ਜਾਂ ਇਲਾਕਾ ਇਸਾਈ ਪ੍ਰਵਾਰ `ਚ ਸ਼ਾਮਿਲ ਹੋ ਜਾਵੇਗਾ।

ਸੰਸਾਰ ਤਲ `ਤੇ ਕੋਈ ਵੀ ਮਨੁੱਖ ਕਿਸੇ ਉਲਟੇ ਹਾਲਾਤ `ਚ ਫ਼ਸਿਆ ਮਿਲ ਜਾਵੇ ਤਾਂ ਉਹ ਲੋਕ, ਉਸ ਨਾਲ ਇਤਨੀ ਵੱਧ ਹਮਦਰਦੀ ਨਾਲ ਪੇਸ਼ ਆਉਂਦੇ ਹਨ ਜਿਵੇਂ ਕਿ ਸਬੰਧਤ ਮਨੁੱਖ ਉਨ੍ਹਾਂ ਦਾ ਆਪਣਾ ਹੀ ਕੋਈ ਸਗਾ-ਸਬੰਧੀ ਤੇ ਮਿਤ੍ਰ ਹੈ ਤੇ ਇਸੇ ਤਰ੍ਹਾਂ ਇਸ ਪੱਖੋਂ ਹੋਰ ਬਹੁਤ ਕੁਝ। ਇਸ ਤਰ੍ਹਾਂ ਉਨ੍ਹਾਂ ਦਾ ਹਰੇਕ ਕਿੱਤਾ ਚਾਹੇ ਰਾਜਸੀ ਹੋਵੇ ਜਾਂ ਸਾਧਾਰਣ ਤਲ ਦਾ, ਇੰਡਸਟਰੀ ਚਲਾ ਰਹੇ ਹੋਣ ਜਾਂ ਹਸਪਤਾਲ। ਉਥੇ ਉਨ੍ਹਾਂ ਦੇ, ਇਸ ਪੱਖੋਂ ਉਚੇਚੀ ਵਿਦਿਆ ਪ੍ਰਾਪਤ (Well traind) ਅਜਿਹੇ ਮਿਠਬੋਲੜੇ, ਦੂਜਿਆਂ ਲਈ ਹਮਦਰਦੀ ਨਾਲ ਭਰੇ ਹੋਏ ਤੇ ਆਪਣੇਪਣ ਦੇ ਵਤੀਰੇ ਆਦਿ ਵਾਲੇ ਲੋਕਾਂ (staff) ਨੂੰ ਸਹਿਜੇ ਹੀ ਦੇਖਿਆ ਤੇ ਮਿਲਿਆ ਜਾ ਸਕਦਾ ਹੈ। ਉਹ ਤਾਂ ਬਲਕਿ ਹਰੇਕ ਬੀਮਾਰ ਤੇ ਪੀੜਤ ਦੇ ਮਨ `ਚ ਵੀ ਇਸਾਈ ਮੱਤ ਪ੍ਰਤੀ ਇਤਨੀ ਠੰਡਕ ਪੈਦਾ ਕਰ ਦਿੰਦੇ ਹਨ ਕਿ ਆਮ ਮਨੁੱਖ ਵੀ ਤਨੋ ਮਨੋ ਇਸਾਈ ਮੱਤ ਦਾ ਹੀ ਪ੍ਰਸ਼ੰਸਕ ਬਣ ਜਾਂਦਾ ਹੈ। ਜਦਕਿ ਗੁਰੂ ਦਰ `ਤੇ ਤਾਂ ਇਹ ਵਿਸ਼ਾ ਵੀ ਨਹੀਂ ਕਿ ਉਹ ਜਿਸਦੀ ਮਦਦ ਜਾਂ ਜਿਸ ਨਾਲ ਹਮਦਰਦੀ ਕਰ ਰਹੇ ਹਨ, ਉਸ ਤੋਂ ਬਾਅਦ ਉਹ ਸਿੱਖ ਧਰਮ `ਚ ਵੀ ਜ਼ਰੂਰ ਆਵੇ ਜਾਂ ਆਉਣ।

ਇਤਨਾ ਹੀ ਨਹੀਂ ਅਜੋਕੇ ਇਸਾਈਆਂ ਵਾਲੀ ਇਸੇ ਚੀਜ਼ ਨੂੰ ਰਾਧਾ ਸੁਆਮੀਆਂ, ਨਿਰੰਕਾਰੀਆਂ, ਸੌਦਾ ਸਾਧ, ਨੂਰਮਹਲੀਆਂ, ਭਨਿਆਰਿਆ ਆਦਿ ਭਾਵ ਕਿਸੇ ਵੀ ਅਜਿਹੇ ਗੁਰੂਡੰਮ ਦੇ ਅਦਾਰੇ `ਚ ਜਾ ਕੇ ਘੋਖਿਆ ਤੇ ਪਹਿਚਾਣਿਆ ਜਾ ਸਕਦਾ ਹੈ। ਹਾਲਾਂਕਿ ਇਹ ਸਾਰੇ ਲੋਕ ਸਿੱਖਾਂ `ਚੋਂ ਹੀ ਵੱਖ ਹੋਏ ਤੇ ਕੁਰਾਹੇ ਪਏ ਹੋਏ ਹਨ, ਪਰ ਉਨ੍ਹਾਂ ਵਿਚਕਾਰ ਉਨ੍ਹਾਂ ਦੇ ਨਿੱਤ ਦੇ ਵਾਧੇ ਦਾ ਮੂਲ ਵੀ, ਉਨ੍ਹਾਂ ਪਾਸ ਗੁਰੂ ਨਾਨਕ ਦਰ ਤੇ ਗੁਰਬਾਣੀ ਤੋਂ ਮਨੁੱਖ ਮਾਤ੍ਰ ਲਈ ਸੰਭਾਲੀਆਂ ਹੋਈਆਂ ਇਹ ਸਾਂਝੀਆਂ ਕੜੀਆਂ ਹੀ ਹਨ। ਉਨ੍ਹਾਂ ਸਾਰਿਆਂ ਅੰਦਰ ਵੀ ਇਤਨਾ ਅਨੁਸ਼ਾਸਨ, ਮਿਠਬੋਲੜਾ ਸੁਭਾਅ ਹੈ ਕਿ ਜੇ ਕੋਈ ਮਨੁੱਖ ਉਨ੍ਹਾਂ ਦਾ ਗੁਰ ਭਾਈ ਹੋਵੇ ਤਾਂ, ਉਸ ਦੀ ਅੱਗੇ ਵੱਧ ਕੇ ਇਸ ਤਰ੍ਹਾਂ ਮਦਦ ਕਰਦੇ ਹਨ ਜਿਵੇਂ ਕਿ ਉਹ ਉਨ੍ਹਾਂ ਦਾ ਆਪਣਾ ਹੀ ਹੋਵੇ। ਇਸੇ ਤੋਂ ਉਨ੍ਹਾਂ ਸੰਗਠਨਾ ਅੰਦਰ ਵੀ ਕੋਈ ਦੱਬਿਆ, ਕੁਚਲਿਆ ਜਾਂ ਅਜਿਹਾ ਗ਼ਰੀਬ ਇਨਸਾਨ ਨਹੀਂ ਮਿਲੇਗਾ ਜੋ ਰੋਟੀ, ਕਪੜਾ ਤੇ ਮਕਾਨ, ਭਾਵ ਮਨੁੱਖਾ ਜੀਵਨ ਦੀਆਂ ਮੂਲ ਲੋੜਾਂ ਤੋਂ ਹੀ ਥੁੜਿਆ ਹੋਵੇ। ਜਦਕਿ ਇਸ ਗੁਣ ਦਾ ਮੂਲ ਰੂਪ `ਚ ਅਰੰਭ ਹੋਇਆ ਹੀ ਗੁਰੂ ਦਰ ਤੋਂ ਹੈ ਕਿਧਰੋਂ ਬਾਹਰੋਂ ਨਹੀਂ, ਤਾਂ ਵੀ ਅਜੋਕਾ ਸਿੱਖ ਕਿੱਥੇ ਖੜਾ ਹੈ?

ਹਾਲਾਂਕਿ ਮਨੁੱਖ-ਮਨੁੱਖ ਵਿਚਕਾਰ ਅਜਿਹੇ ਸਾਰੇ ਇਨਸਾਨੀ ਗੁਣਾਂ ਤੇ ਇਨ੍ਹਾਂ ਸਾਂਝੀਆਂ ਕੜੀਆਂ ਦੇ ਸ੍ਰੋਤ ਹਨ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਤੇ ਕੋਈ ਵੀ ਦੂਜਾ ਨਹੀਂ। ਜਿਸ ਗੁਰੂ ਦੇ ਦਾਅਵੇਦਾਰ ਬਣੇ ਬੈਠੇ, ਅੱਜ ਅਸੀਂ ਗੁਰਬਾਣੀ ਦੇ ਇਸ ਮੂਲ ਪੱਖ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਆਦਿ ਨੂੰ ਹੀ ਪੂਰੀ ਤਰ੍ਹਾਂ ਵਿਸਾਰੀ ਬੈਠੇ ਹਾਂ। ਫ਼ਿਰ ਚਾਹੇ ਅਜੋਕੇ ਸਿੱਖ ਧਰਮ ਵਿਚਲੇ ਗੁਰਦੁਆਰਾ ਪ੍ਰਬੰਧਕ ਹਨ, ਪੰਥਕ ਆਗੂ ਹਣ, ਰਾਗੀ, ਢਾਡੀ, ਕਥਾਵਾਚਕ, ਗ੍ਰੰਥੀ ਸਾਹਿਬਾਨ, ਸੇਵਾਦਾਰ ਉਪ੍ਰੰਤ ਕੌਮ ਦੇ ਲਿਖਾਰੀ ਤੇ ਭਾਵੇਂ ਸਾਧਾਰਨ ਸਿੱਖ ਵੱਸੋਂ। ਇਸ ਵੱਕਤ ਸਿੱਖਾਂ ਵਿਚਕਾਰ ਆਪਣੇ ਇਨ੍ਹਾਂ ਮੂਲ ਤੇ ਗੁਰਬਾਣੀ ਰਾਹੀਂ ਪ੍ਰਗਟ ਗੁਣਾਂ ਤੋਂ ਦੂਰ, ਆਪਸੀ ਟੋਕਾ ਟਾਕੀ ਦਾ ਹੀ ਬੋਲਬਾਲਾ ਹੈ। ਇਸ ਤਰ੍ਹਾਂ ਅਜੋਕਾ ਗੁਰੂ ਕਾ ਸਿੱਖ, ਗੁਰਬਾਣੀ ਦੀ ਛਤਰ ਛਾਇਆ ਹੇਠ ਅਪਣੇ ਸੰਗਤੀ ਧਰਮ ਵਾਲੀ ਵਿਰਾਸਤ ਤੋਂ ਹੀ ਕੋਹਾਂ ਦੂਰ ਹੋਇਆ ਪਿਆ ਹੈ।

ਸਭ ਤੋਂ ਵੱਡਾ ਤੇ ਵਿਸ਼ੇ ਨਾਲ ਸਬੰਧਤ ਸਿੱਖ ਮਸਲਾ-ਜੇ ਕਰ ਪਹਿਚਾਨਣ ਦਾ ਯਤਨ ਕੀਤਾ ਜਾਵੇ ਤਾਂ ਅੱਜ ਪੂਰੀ ਤਰ੍ਹਾਂ ਬਿਖਰ ਚੁੱਕੇ ਸਿੱਖ ਧਰਮ ਦੀ ਸੰਭਾਲ ਵਾਲੇ ਪਾਸੇ ਇਹ ਛੋਟਾ ਮਸਲਾ ਨਹੀਂ ਬਲਕਿ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਮਸਲਾ ਹੀ ਇਹੀ ਹੈ। ਇਸ ਨੂੰ ਸਮਝਣ ਤੇ ਇਸ ਦੇ ਹੱਲ ਵੱਲ ਟੁਰਣ ਲਈ ਹੀ ਹਰੇਕ ਪੰਥ ਦਰਦੀ ਦਾ ਮੁੱਖ ਫ਼ਰਜ਼ ਬਣਦਾ ਹੈ। ਲੋੜ ਹੈ ਕਿ ਇਸ ਸਬੰਧੀ ਵੱਖ ਵੱਖ ਪੰਥਕ ਪਹਿਲੂਆਂ `ਤੇ ਹਦੋਂ ਵੱਧ ਕੇ ਠਰੰਮੇ ਤੇ ਠੰਡੇ ਦਿਮਾਗ਼ ਨਾਲ ਵਿਚਾਰ ਕੀਤਾ ਜਾਵੇ ਪਰ ਉਹ ਵੀ ਪ੍ਰਚਲਤ ਪੰਥਕ ਚਲਣ `ਚੋਂ ਲਾਂਭੇ ਹੋ ਕੇ। ਇਸ ਵਿਸ਼ੇ ਨੂੰ ਅਤੀ ਗੰਭੀਰਤਾ ਨਾਲ ਅਤੇ ਨਿਰੋਲ ਗੁਰਬਾਣੀ ਆਧਾਰ `ਤੇ ਵਿਚਾਰਣ ਤੇ ਘੋਖਣ ਦੀ ਲੋੜ ਹੈ।

ਦੇਖਣਾ ਇਹ ਹੈ ਕੱਲ ਤੱਕ ਜਿੱਥੇ ਸੰਸਾਰ ਦੇ ਹਰੇਕ ਵਰਗ ਤੇ ਧਰਮ ਦਾ ਬੰਦਾ ਆਪਣੇ ਆਪ `ਚ ਸਿੱਖ ਅਖਵਾਉਣ `ਤੇ ਸਿੱਖ ਹੋਣ `ਚ ਫ਼ਖ਼ਰ ਮਹਿਸੂਸ ਕਰਦਾ ਸੀ; ਅੱਜ ਉਹੀ ਮਨੁੱਖ, ਸਿੱਖ ਧਰਮ ਨੂੰ ਆਪਣੇ ਤੋਂ ਵੱਖਰਾ ਤੇ ਵਖ੍ਰੇਵੇਂ ਦੀ ਨਜ਼ਰ ਨਾਲ ਕਿਉਂ ਦੇਖ ਰਿਹਾ ਹੈ? ਜਦਕਿ ਗੁਰਬਾਣੀ ਵਾਲੇ ਖਜ਼ਾਨੇ ਕਾਰਨ ਸਿੱਖ ਧਰਮ ਦੀ ਜੜ੍ਹ `ਚ ਤਾਂ ਹੈਣ ਹੀ ਮਨੁੱਖਾ ਜੀਵਨ ਦੀਆਂ ਉਹੀ ਸਾਂਝੀਆਂ ਕੜੀਆਂ। ਇਸ ਤਰ੍ਹਾਂ ਸਿੱਖ ਧਰਮ ਦੀ ਤਾਂ ਬੁਨਿਆਦ ਹੀ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ” (ਪੰ: ੧੩) ਅਥਵਾ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯) ਆਦਿ ਗੁਰਬਾਣੀ ਸਿਧਾਂਤ ਹਨ। ਅਜਿਹੇ ਸਿਧਾਂਤ ਜਿਨ੍ਹਾਂ ਦੀ ਅੱਜ ਦੂਜੇ ਵਰਤੋਂ ਕਰਕੇ ਸੰਸਾਰ ਦੀ ਮੋਹਰਲੀ ਕੱਤਾਰ `ਚ ਸ਼ਾਮਲ ਹੋ ਰਹੇ ਹਨ ਪਰ ਸਿੱਖ ਪਿਛੇ ਤੋਂ ਪਿਛੇ ਹੀ ਜਾ ਰਿਹਾ ਹੈ।

ਇਸ ਤਰ੍ਹਾਂ ਜੇ ਦੂਰ ਨਾ ਵੀ ਜਾਵੀਏ ਅਤੇ ਜੇਕਰ ਪੂਰੀ ਇਮਾਨਦਾਰੀ ਤੇ ਸਿੱਖੀ ਦਰਦ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਪ੍ਰਤੱਖ ਹੋ ਜਾਵੇਗਾ ਕਿ ਸਚਮੁਚ ਕੱਲ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਇਹ ਮੱਤ ਮਾਨਵਤਾ ਵਿਚਕਾਰ ਇੱਕ ਅਜਿਹੀ ਨਿਆਰੀ ਤੇ ਨਿਵੇਕਲੀ ਲਹਿਰ ਤੇ ਕੜੀ ਸੀ ਜਿਸ ਨੂੰ ਸਾਰੇ ਸਤਿਕਾਰ ਦੀ ਨਜ਼ਰ ਨਾਲ ਵੇਖ ਰਹੇ ਸਨ। ਜਿਥੋਂ ਤੱਕ ਵੀ ਸਿੱਖ ਧਰਮ ਦੀ ਖੂਸ਼ਬੂ ਪੁੱਜਦੀ, ਹਰ ਕੋਈ ਇਸ ਨੂੰ ਆਪਣੇ ਜ਼ਖਮਾਂ `ਤੇ ਮਰਹਮ ਮਹਿਸੂਸ ਕਰਦਾ।

ਇਸ ਤੋਂ ਬਾਅਦ ਉਹ ਮਨੁੱਖ ਭਾਵੇਂ ਕਿਸੇ ਵੀ ਧਰਮ ਜਾਂ ਦੇਸ਼ ਦਾ ਵਾਸੀ ਕਿਉਂ ਨਾ ਹੁੰਦਾ। ਕਾਲਾ ਜਾਂ ਗੋਰਾ, ਅਮੀਰ ਜਾਂ ਗ਼ਰੀਬ, ਇਸਤ੍ਰੀ ਜਾਂ ਪੁਰਖ, ਅਖੌਤੀ ਉੱਚ ਜਾਤੀ ਜਾਂ ਨੀਵੀਂ, ਜਾਤੀ ਦਾ, ਧੰਨਾਢ ਜਾਂ ਕੰਗਾਲ, ਦਲਿੱਤ ਜਾਂ ਉੱਚ ਸ਼੍ਰੇਣੀ ਨਾਲ ਸਬੰਧਤ; ਹਰ ਕਿਸੇ ਨੂੰ ਇਹੀ ਮਹਿਸੂਸ ਹੁੰਦਾ ਕਿ ਗੁਰਬਾਣੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਜਿਹੜੀ ਵੀ ਗੱਲ ਕਰ ਰਹੇ ਹਨ, ਉਸ ਦੇ ਹਿੱਤ ਤੇ ਹਮਦਰਦੀ `ਚ ਹੀ ਹੈ, ਅਤੇ ਉਸੇ ਦੀ ਸੰਭਾਲ ਲਈ ਹੀ ਕਰ ਰਹੇ ਹਨ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ, ਉਸ ਦੀ ਦੁਖਦੀ ਰਗ `ਤੇ ਹੀ ਫ਼ਾਇਆ ਰੱਖ ਰਹੇ ਹਨ। ਇਸ ਤੋਂ ਬਾਅਦ ਉਹ ਸਿੱਖ ਧਰਮ ਨੂੰ ਅਪਣਾਵੇ ਜਾਂ ਨਾ ਅਪਣਾਵੇ ਇਹ ਵੱਖਰੀ ਗੱਲ ਹੈ ਪਰ ਸਿੱਖ ਲਹਿਰ ਨੂੰ ਉਹ ਆਪਣੇ ਹੀ ਭਲੇ ਲਈ ਮਹਿਸੂਸ ਕਰਦਾ। ਸਿਵਾਏ “ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ” (ਪੰ: ੪੬੬) ਅਨੁਸਾਰ ਕੁੱਝ ਜਨੂੰਨੀਆਂ ਤੇ ਤੰਗ ਨਜ਼ਰ ਲੋਕਾਂ ਦੇ ਜੋ ਬਦੀਆਂ ਦੇ ਰੂਪ `ਚ ਹਮੇਸ਼ਾਂ ਤੋਂ ਸੰਸਾਰ `ਚ ਪੈਦਾ ਹੁੰਦੇ ਆਏ ਹਨ ਤੇ ਹੁੰਦੇ ਰਹਿਣਗੇ ਵੀ।

ਗੁਰਬਾਣੀ ਦੀ ਬਖ਼ਸ਼ਿਸ਼ ਸਾਂਝੀਆਂ ਕੜੀਆਂ ਅਤੇ ਅਜੋਕਾ ਗੁਰੂ ਕਾ ਪੰਥ? - ਦਰਅਸਲ ਚੱਲ ਰਹੇ ਪ੍ਰਕਰਣ `ਚ ਅਸੀਂ ਗੁਰਬਾਣੀ ਤੋਂ ਪ੍ਰਗਟ ਕੁੱਝ ਅਜਿਹੀਆਂ ਸਾਂਝੀਆਂ ਕੜੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਸਬੰਧ ਕੁੱਝ ਲੋਕਾਂ ਨਾਲ ਜਾਂ ਅਜੋਕੇ ਸਿੱਖਾਂ ਨਾਲ ਹੀ ਨਹੀਂ ਬਲਕਿ ਸਮੂਚੇ ਮਨੁੱਖ ਮਾਤ੍ਰ ਨਾਲ ਹੈ। ਸ਼ੱਕ ਨਹੀਂ ਜਿਸ ਵਿਸਤਾਰ ਤੇ ਚੇਤਾਵਣੀਆਂ ਸਹਿਤ ਗੁਰਦੇਵ ਨੇ ਗੁਰਬਾਣੀ `ਚ ਇਨ੍ਹਾਂ ਸਾਂਝੀਆਂ ਕੜੀਆਂ ਨੂੰ ਲਿਆ ਹੈ ਸਚਮੁੱਚ ਜੇ ਕਰ ਅੱਜ ਵੀ ਗੁਰੂ ਕਾ ਪੰਥ ਇਨ੍ਹਾਂ ਸਾਂਝੀਆਂ ਕੜੀਆਂ ਬਾਰੇ ਸੁਚੇਤ ਅਤੇ ਇੱਕ ਹੋ ਜਾਵੇ ਤਾਂ ਪੰਥ `ਚ ਆ ਚੁੱਕੇ ਨਿਘਾਰ ਅਤੇ ਪੰਥ ਵਿਚਾਲੇ ਦਿਨੋ ਦਿਨ ਵੱਧ ਰਹੇ ਬਿਖਰਾਵ ਨੂੰ ਖ਼ਤਮ ਹੁੰਦੇ ਵੀ ਉੱਕਾ ਦੇਰ ਨਹੀਂ ਲਗੇਗੀ। #10 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.