. |
|
ਪੋਪ ਫਰਾਂਸਿਸ ਦੀ ਚੋਣ ਤੇ ਕੈਥੋਲਿਕ ਚਰਚ!
ਹਰਚਰਨ ਸਿੰਘ ਪਰਹਾਰ (ਐਡੀਟਰ ਸਿੱਖ ਵਿਰਸਾ)
ਫੋਨ: 403-681-8689
200 ਤੋਂ ਵੱਧ ਦੇਸ਼ਾਂ ਦੇ 2. 2 ਬਿਲੀਅਨ ਲੋਕਾਂ ਦੇ ਵਿਸ਼ਵਾਸ਼ ਵਾਲੇ ਸਭ ਤੋਂ
ਵੱਡੇ ਈਸਾਈ ਧਰਮ ਦੇ ਬਹੁ-ਗਿਣਤੀ ਫਿਰਕੇ ਕੈਥੋਲਿਕ ਚਰਚ ਦੇ ਮੁਖੀ ਪੋਪ ਦੀ ਚੋਣ ਵਿੱਚ ਪੋਪ ਫਰਾਂਸਿਸ
76 ਸਾਲ ਦੀ ਉਮਰ ਵਿੱਚ 13 ਮਾਰਚ, 2013 ਨੂੰ ਨਵੇਂ ਪੋਪ ਚੁਣੇ ਗਏ। ਕੈਥੋਲਿਕ ਚਰਚ ਦੇ 266ਵੇਂ
ਮੁਖੀ ਵਜੋਂ ਪੋਪ ਫਰਾਂਸਿਸ ਦੀ ਚੋਣ 85 ਸਾਲਾ ਪੋਪ ਬੈਨਡਿਕਟ ਦੇ ਅਸਤੀਫੇ ਤੋਂ ਬਾਅਦ ਕੀਤੀ ਗਈ।
ਇਸਾਈ ਮੱਤ ਵਿੱਚ ਪੋਪ ਦੀ ਪ੍ਰੰਪਰਾ ਸੰਨ 33 ਵਿੱਚ ਪੋਪ ਸੇਂਟ ਪੀਟਰ ਤੋਂ ਸ਼ੁਰੂ ਹੋਈ ਸੀ। ਸੇਂਟ
ਪੀਟਰ, ਇਸਾਈ ਧਰਮ ਦੇ ਪੈਗੰਬਰ ਜੀਸਸ ਦੇ ਮੁਢਲੇ 12 ਚੇਲਿਆਂ ਵਿਚੋਂ ਇੱਕ ਸੀ, ਜਿਸਨੂੰ ਸੰਨ 67
ਵਿੱਚ ਰੋਮ ਦੇ ਰਾਜੇ ਨੀਰੋ ਵਲੋਂ ਜੀਸਸ ਵਾਂਗ ਸੂਲੀ ਤੇ ਚਾੜ੍ਹ ਦਿੱਤਾ ਗਿਆ ਸੀ। ਉਸ ਤੋਂ ਬਾਅਦ
ਸੇਂਟ ਲੂਈਸ ਸੰਨ 67 ਤੋਂ 76 ਤੱਕ ਦੂਜਾ ਪੋਪ ਬਣਿਆ ਤੇ ਇਸ ਤਰ੍ਹਾਂ ਇਹ ਪ੍ਰੰਪਰਾ 2000 ਸਾਲਾਂ ਤੋਂ
ਚੱਲ ਰਹੀ ਹੈ। ਸੰਸਾਰ ਪੱਧਰ ਤੇ ਪੋਪ ਨੂੰ ਸਭ ਤੋਂ ਵੱਧ ਸਤਿਕਾਰਤ ਤੇ ਸ਼ਕਤੀਸ਼ਾਲੀ ਵਿਅਕਤੀ ਮੰਨਿਆ
ਜਾਂਦਾ ਰਿਹਾ ਹੈ, ਪਰ ਪੋਪ ਦਾ ਅੱਜ ਨਾ ਹੀ ਉਹ ਸਤਿਕਾਰ ਹੈ ਤੇ ਨਾ ਹੀ ਉਤਨਾ ਪ੍ਰਭਾਵਸ਼ਾਲੀ ਸਥਾਨ ਹੀ
ਹੈ। ਪੋਪ ਫਰਾਂਸਿਸ ਪਹਿਲਾ ਅਜਿਹਾ ਪੋਪ ਬਣਿਆ ਹੈ, ਜੋ ਕਿ ਯੂਰਪ ਤੋਂ ਬਾਹਰ ਸਾਊਥ ਅਮਰੀਕਨ
(Letin America)
ਦੇਸ਼ ਅਰਜਨਟਾਈਨਾ ਦਾ ਵਾਸੀ ਹੈ।
ਪੋਪ ਦੇ ਵੈਟੀਕਨ ਸਥਿਤ ਦਫਤਰ ਨੂੰ ਪਾਪੇਸੀ ( Papacy)
ਕਿਹਾ ਜਾਂਦਾ ਹੈ। ਪੋਪ ਨੂੰ ਵੈਟੀਕਨ ਸਿਟੀ ਦਾ ਮੁਖੀ ਵੀ ਮੰਨਿਆ ਜਾਂਦਾ ਹੈ। ਵੈਟੀਕਨ ਬੇਸ਼ਕ ਇੱਕ
ਸ਼ਹਿਰ ਹੀ ਹੈ, ਪਰ ਇਸਨੂੰ ਅਜ਼ਾਦ ਦੇਸ਼ ਦਾ ਦਰਜਾ ਹਾਸਿਲ ਹੈ। ਬੇਸ਼ਕ ਪੋਪ ਪਿਛਲੀਆਂ ਸਦੀਆਂ ਵਿੱਚ
ਦੁਨੀਆਂ ਭਰ ਤੇ ਖਾਸਕਰ ਯੂਰਪ ਵਿੱਚ ਰਾਜਸੀ ਪ੍ਰਭਾਵ ਵੀ ਰੱਖਦਾ ਸੀ, ਪਰ ਹੌਲੀ ਹੌਲੀ ਪੋਪ ਦਾ
ਅਧਿਕਾਰ ਖੇਤਰ ਸਿਰਫ ਧਾਰਮਿਕ ਮਾਮਲਿਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਵੈਟੀਕਨ ਸਿਟੀ ਨੂੰ ਆਜ਼ਾਦ
ਦੇਸ਼ ਦਾ ਦਰਜਾ ਪਹਿਲੀ ਵਾਰ 1929 ਵਿੱਚ ਪੋਪ ਪੀਊਸ XI
ਤੇ ਇਟਲੀ ਦੇ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਮੁਖੀ ਮਿ. ਮੂਸੋਲਿਨੀ ਵਿਚਕਾਰ ਇੱਕ ਹੋਏ ਸਮਝੌਤੇ ਤਹਿਤ
ਦਿੱਤਾ ਗਿਆ ਸੀ। ਵੈਟੀਕਨ ਸਿਟੀ ਦੁਨੀਆਂ ਦਾ ਸਭ ਤੋਂ ਛੋਟਾ ਤੇ ਘੱਟ ਅਬਾਦੀ ਵਾਲਾ ਆਜ਼ਾਦ ਦੇਸ਼ ਹੈ।
ਜਿਸ ਦਾ ਖੇਤਰ ਸਿਰਫ 110 ਏਕੜ ਅਤੇ ਆਬਾਦੀ 1000 ਤੋਂ ਵੀ ਘੱਟ ਹੈ। ਵੈਟੀਕਨ ਦਾ ਪ੍ਰਬੰਧ ਚਲਾਉਣ ਲਈ
ਪੋਪ ਵਲੋਂ ਆਪਣੇ ਕਾਰਡੀਨਲਜ਼ ਵਿਚੋਂ 7 ਨੂੰ 5 ਸਾਲ ਦੀ ਮਿਆਦ ਵਾਸਤੇ ਪ੍ਰਬੰਧ ਚਲਾਉਣ ਲਈ ਚੁਣਿਆ
ਜਾਂਦਾ ਹੈ। ਜਿਨ੍ਹਾਂ ਵਿੱਚ ਇੱਕ ਪ੍ਰੈਜ਼ੀਡੈਂਟ, ਇੱਕ ਜਨਰਲ ਸੈਕਟਰੀ ਅਤੇ ਇੱਕ ਵਾਈਸ ਜਨਰਲ ਸੈਕਟਰੀ
ਹੁੰਦਾ ਹੈ। ਕਨੂੰਨੀ ਮਸਲਿਆਂ ਦੇ ਹੱਲ ਲਈ ਇੱਕ ਅਪੀਲ ਕੋਰਟ ਹੁੰਦੀ ਹੈ। ਬੇਸ਼ਕ ਵੈਟੀਕਨ ਦੀ ਆਪਣੀ
ਫੌਜ ਜਾਂ ਪੁਲੀਸ ਤੇ ਨਹੀਂ ਹੈ, ਪਰ 134 ਮੈਂਬਰਾਂ ਦੀ ਗਾਰਡ ਫੋਰਸ ਹੁੰਦੀ ਹੈ, ਜੋ ਸਵਿਟਰਜ਼ਰਲੈਂਡ
ਦੀ ਫੌਜ ਵਲੋਂ ਟਰੇਂਡ ਕੀਤੇ ਗਾਰਡ ਹੁੰਦੇ ਹਨ ਜੋ ਕਿ ਪੱਕੇ ਕੈਥੋਲਿਕ, 19 ਤੋਂ 30 ਸਾਲ ਦੀ ਉਮਰ
ਦੇ, ਅਣਵਿਆਹੇ ਤੇ ਘੱਟੋ-ਘੱਟ 5 ਫੁੱਟ 9 ਇੰਚ ਕੱਦ ਵਾਲੇ ਮਰਦ ਹੋਣੇ ਚਾਹੀਦੇ ਹਨ। ਜਿਨ੍ਹਾਂ ਕੋਲ
ਸਿਰਫ ਛੋਟੇ ਹਥਿਆਰ (ਪਿਸਤੌਲ ਵਰਗੇ) ਜਾਂ ਇੱਕ ਖਾਸ ਤਰ੍ਹਾਂ ਦੀ ਡਾਂਗ (ਜਿਸ ਨੂੰ ਹਾਲਬਰਡ
ਕਿਹਾ ਜਾਂਦਾ ਹੈ, ਜਿਸ ਦੇ ਦੋਨੋਂ ਪਾਸੇ ਨੋਕੀਲੇ ਹੁੰਦੇ ਹਨ) ਹੋ ਸਕਦੇ ਹਨ। ਵੈਕਟੀਕਨ ਦੀ ਆਪਣੀ
ਕੋਈ ਕਰਾਂਸੀ ਵੀ ਨਹੀ ਹੈ, ਹੁਣ 2002 ਤੋਂ ਯੂਰੋ ਕਰੰਸੀ ਵਰਤੀ ਜਾਂਦੀ ਹੈ। ਵੈਟੀਕਨ ਨੂੰ ਚਲਾਉਣ ਲਈ
ਵੈਟੀਕਨ ਮਿਊਜ਼ੀਅਮ ਦੇਖਣ ਆਉਂਦੇ ਸੈਲਾਨੀਆਂ ਤੋਂ ਟਿਕਟਾਂ ਰਾਹੀਂ ਯੂਰੋ ਇਕੱਠੇ ਕਰਨ ਤੋਂ ਇਲਾਵਾ ਪੋਪ
ਵਲੋਂ ਆਪਣੀਆਂ ਡਾਕ ਟਿਕਟਾਂ, ਕੁਲੈਕਸ਼ਨ ਸਿੱਕੇ, ਮਾਡਲਸ, ਸੈਲਾਨੀ ਮੋਮੈਂਟੋ ਜਾਂ ਹੋਰ ਧਾਰਮਿਕ
ਸਮਗਰੀ ਪਬਲਿਸ਼ ਕਰਕੇ ਵੇਚੀ ਜਾਂਦੀ ਹੈ। ਵੈਟੀਕਨ ਵਿੱਚ ਤਕਰੀਬਨ 2000 ਵਿਅਕਤੀ ਕੰਮ ਕਰਦੇ ਹਨ, ਜੋ
ਕਿ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਆ ਕੇ ਕੰਮ ਕਰਦੇ ਹਨ, ਪਰ ਉੱਥੇ ਨਹੀਂ ਰਹਿੰਦੇ। ਵੈਟੀਕਨ ਦੀ
ਨਾਗਰਿਕਤਾ ਵਾਲੇ ਪੋਪ ਸਮੇਤ ਸਿਰਫ 557 ਲੋਕ ਹਨ।
ਪੋਪ ਨੂੰ ਚੁਣਨ ਲਈ 120 ਮਰਦ ਕਾਰਡੀਨਲਜ਼ ਹੁੰਦੇ ਹਨ, ਜਿਨ੍ਹਾਂ ਦੀ ਉਮਰ 80
ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਆਮ ਤੌਰ ਤੇ ਇਹ ਕਾਰਡੀਨਲਜ਼ ਨਵੇਂ ਪੋਪ ਦੀ ਚੋਣ ਪਹਿਲੇ ਪੋਪ ਦੀ
ਮੌਤ ਹੋਣ ਤੋਂ ਬਾਅਦ ਜਾਂ ਅਸਤੀਫਾ ਦੇਣ ਦੀ ਸੂਰਤ ਵਿੱਚ ਕਰਦੀ ਹੈ। ਇਸ ਚੋਣ ਵਿੱਚ 75% ਤੋਂ ਵੱਧ
ਵੋਟਾਂ ਲੈਣ ਵਾਲੇ ਕਾਰਡੀਨਲ ਨੂੰ ਪੋਪ ਚੁਣਿਆ ਜਾਂਦਾ ਹੈ, ਪਰ ਜੇ ਕਈ ਚੋਣ ਪ੍ਰੀਕ੍ਰਿਆਵਾਂ ਤੋਂ
ਬਾਅਦ ਵੀ ਕਿਸੇ ਕਾਰਡੀਨਲ ਨੂੰ 75% ਸੀਕਰੇਟ ਵੋਟਾਂ ਨਾ ਮਿਲਣ ਤੇ 51% ਵੋਟਾਂ ਲੈਣ ਵਾਲੇ ਨੂੰ ਵੀ
ਪੋਪ ਚੁਣਿਆ ਜਾ ਸਕਦਾ ਹੈ। ਪਰ ਕਿਹੜਾ ਪੋਪ ਕਿਸ ਤਰ੍ਹਾਂ ਚੁਣਿਆ ਗਿਆ, ਇਸ ਬਾਰੇ ਪਬਲਿਕ ਨੂੰ ਨਹੀਂ
ਦੱਸਿਆ ਜਾਂਦਾ। ਪਬਲਿਕ ਨੂੰ ਨਵੇਂ ਚੁਣੇ ਪੋਪ ਦਾ ਹੀ ਐਲਾਨ ਕੀਤਾ ਜਾਂਦਾ ਹੈ। ਆਮ ਤੌਰ ਤੇ ਨਵਾਂ
ਚੁਣਿਆ ਪੋਪ ਆਪਣਾ ਨਾਮ ਬਦਲ ਲੈਂਦਾ ਹੈ।
ਕੈਥੋਲਿਕ ਪ੍ਰੰਪਰਾ ਦੇ ਅਨੁਸਾਰ ਵੱਡੇ ਪਾਦਰੀ, ਕਾਰਡੀਨਲਜ਼, ਬਿਸ਼ਪ ਤੇ ਪੋਪ
ਆਮ ਤੌਰ ਤੇ ਅਣਵਿਆਹੇ ਹੁੰਦੇ ਹਨ। ਹੁਣ ਤੱਕ ਚੁਣੇ ਗਏ 266 ਪੋਪਾਂ ਵਿਚੋਂ ਸਿਰਫ 39 ਵਿਆਹੇ ਹੋਏ
ਸਨ। ਪਰ ਇਨ੍ਹਾਂ ਵਿਚੋਂ ਵੀ ਕਿਸੇ ਨੇ ਪੋਪ ਬਣਨ ਤੋਂ ਬਾਅਦ ਵਿਆਹ ਨਹੀਂ ਕਰਾਇਆ ਸੀ। ਵਿਆਹ ਨਾ
ਕਰਾਉਣ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਜੀਸਸ ਨੇ ਵਿਆਹ ਨਹੀਂ ਕਰਾਇਆ ਸੀ। ਇਸ ਲਈ
ਜੀਸਸ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਵਾਲਿਆਂ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਦੂਜਾ ਕਾਰਨ
ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਨੇ ਧਰਮ ਦੀ, ਸਮਾਜ ਦੀ, ਮਨੁੱਖਤਾ ਦੀ ਸੇਵਾ ਕਰਨੀ ਹੋਵੇ, ਉਸਨੂੰ
ਆਪਣੀਆਂ ਵਿਆਹਕ ਜਿੰਮੇਵਾਰੀਆਂ ਤਿਆਗਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਪੂਰੀ ਤਰ੍ਹਾਂ ਸੇਵਾ ਕਰ ਸਕੇ।
ਪਰ ਕਾਮ ਮਨੁੱਖੀ ਸਰੀਰ ਵਿੱਚ ਕੁਦਰਤ ਵਲੋਂ ਬਣਾਇਆ ਅਜਿਹਾ ਵੇਗ ਹੁੰਦਾ ਹੈ, ਜਿਸ ਤੋਂ ਬਚਣਾ ਬੜਾ
ਮੁਸ਼ਕਲ ਹੁੰਦਾ ਹੈ ਜਾਂ ਇਸ ਨੂੰ ਕੰਟਰੋਲ ਕਰਨਾ ਬੜਾ ਔਖਾ ਕਾਰਜ ਹੈ, ਜਾਂ ਇਉਂ ਕਹੋ ਕਿ ਕੁਦਰਤ ਦੇ
ਉਲਟ ਜਾਣ ਵਾਲੀ ਗੱਲ ਹੈ, ਖਾਸਕਰ ਮਰਦਾਂ ਲਈ। ਇਹੀ ਵਜ੍ਹਾ ਹੈ ਕਿ ਸਮੇਂ ਸਮੇਂ ਚਰਚਾਂ ਦੇ ਪੁਜਾਰੀਆਂ
ਅਤੇ ਬਿਸ਼ਪਾਂ ਤੇ ਗੈਰ ਔਰਤਾਂ ਨਾਲ ਸਰੀਰਕ ਸਬੰਧਾਂ ਆਦਿ ਦੇ ਹੀ ਦੋਸ਼ ਨਹੀਂ ਲਗਦੇ ਰਹੇ ਸਗੋਂ ਕਾਮ
ਪੀੜ੍ਹਤ ਇਨ੍ਹਾਂ ਪਾਦਰੀਆਂ ਤੇ ਬੱਚਿਆਂ ਅਤੇ ਮਰਦਾਂ ਨਾਲ ਸਰੀਰਕ ਸਬੰਧਾਂ ਦੇ ਕਿੱਸੇ ਅਕਸਰ ਸੁਰਖੀਆਂ
ਵਿੱਚ ਆਉਂਦੇ ਰਹਿੰਦੇ ਹਨ।
ਇਸ ਵਕਤ ਬੱਚਿਆਂ, ਔਰਤਾਂ, ਮਰਦਾਂ ਆਦਿ ਨਾਲ ਸਬੰਧਤ ਜ਼ਬਰਦਸਤੀ ਸੈਕਸ ਸਬੰਧ
ਬਣਾਉਣ ਵਾਲੇ ਪਾਦਰੀਆਂ ਖਿਲਾਫ ਸਿਰਫ ਅਮਰੀਕਾ ਵਿੱਚ ਹੀ 3000 ਤੋਂ ਵੱਧ ਕੇਸ ਚਲਦੇ ਹਨ। ਸਾਲ 1998
ਵਿੱਚ ਰੋਮਨ ਕੈਥੋਲਿਕ ਚਰਚ ਡੈਲਸ ਵਲੋਂ ਅਜਿਹੇ ਕੇਸਾਂ ਵਿੱਚ ਧਰਮ ਦੇ ਨਾਮ ਤੇ ਇਕੱਠੇ ਕੀਤੇ ਪੈਸੇ
ਵਿਚੋਂ 31 ਮਿਲੀਅਨ ਡਾਲਰ ਕੋਰਟ ਵਲੋਂ ਪਾਦਰੀਆਂ ਨੂੰ ਲਾਏ ਗਏ ਜੁਰਮਾਨੇ ਦੇ ਰੂਪ ਵਿੱਚ 12
ਵਿਅਕਤੀਆਂ ਨੂੰ ਅਦਾ ਕੀਤੇ ਗਏ ਸਨ। ਇਸੇ ਤਰ੍ਹਾਂ ਅਮਰੀਕਾ ਦੀਆਂ ਵੱਖ-ਵੱਖ ਅਦਾਲਤਾਂ ਵਲੋਂ
2003-2009 ਤੱਕ ਦੋਸ਼ੀ ਪਾਦਰੀਆਂ ਨੂੰ 1551 ਪੀੜ੍ਹਤਾਂ ( Victoms)
ਦੇ 375 ਕੇਸਾਂ ਵਿੱਚ 1. 1 ਬਿਲੀਅਨ ਡਾਲਰ ਜੁਰਮਾਨੇ ਹੋਏ ਸਨ। ਐਸੋਸੀਏਟਡ ਪ੍ਰੈਸ ਦੀ ਇੱਕ ਰਿਪੋਰਟ
ਅਨੁਸਾਰ 1950 ਤੋਂ 2007 ਤੱਕ 57 ਸਾਲਾਂ ਵਿੱਚ ਚਰਚਾਂ ਨੂੰ 2 ਬਿਲੀਅਨ ਤੋਂ ਜ਼ਿਆਦਾ ਡਾਲਰ ਸੈਕਸ
ਕੇਸਾਂ ਵਿੱਚ ਜੁਰਮਾਨੇ ਦੇ ਰੂਪ ਵਿੱਚ ਦੇਣੇ ਪਏ ਸਨ। ਬੀ. ਬੀ. ਸੀ. ਦੀ ਇੱਕ ਰਿਪੋਰਟ ਅਨੁਸਾਰ ਇਸ
ਵਕਤ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਚਰਚਾਂ ਦੇ ਪਾਦਰੀਆਂ, ਬਿਸ਼ਪਾਂ ਆਦਿ ਤੇ ਬਲਾਤਕਾਰ (Rape),
ਸਰੀਰਕ ਛੇੜਖਾਨੀ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸੈਕਸ, ਮਰਦ ਪਾਦਰੀਆਂ ਵਲੋਂ ਮੁੰਡਿਆਂ (Boys)
ਨਾਲ ਸੈਕਸ ਆਦਿ ਦੇ ਹਜ਼ਾਰਾਂ ਕੇਸਾਂ ਤੋਂ ਇਲਾਵਾ, ਇਨ੍ਹਾਂ ਪਾਦਰੀਆਂ ਦੇ ਸਤਾਏ ਲੋਕਾਂ ਵਲੋਂ ਕੀਤੀਆਂ
ਖੁਦਕੁਸ਼ੀਆਂ ਦੇ ਸੈਂਕੜੇ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਬੱਚਿਆਂ (ਖਾਸਕਰ ਮੁੰਡਿਆਂ)
ਨਾਲ ਬਦਫੈਲੀ ਦੇ ਕੇਸਾਂ ਵਿੱਚ 23% ਦਸ ਸਾਲ ਤੋਂ ਘੱਟ ਉਮਰ ਦੇ, 51% ਗਿਆਰਾਂ ਤੋਂ ਚੌਦਾਂ ਸਾਲ ਤੇ
16% ਪੰਦਰਾਂ ਤੋਂ ਸਤਾਰਾਂ ਸਾਲਾਂ ਦੇ ਸਨ। ਦੁਨੀਆਂ ਭਰ ਵਿੱਚ ਵਸਦੀ 2. 2 ਬਿਲੀਅਨ ਕੈਥੋਲਿਕ ਅਬਾਦੀ
ਵਿੱਚ ਧਰਮ ਪ੍ਰਚਾਰ ਲਈ 1 ਲੱਖ ਤੋਂ ਉੱਪਰ ਪਾਦਰੀ ਜਾਂ ਬਿਸ਼ਪ ਹਨ, ਜਿਨ੍ਹਾਂ ਵਿਚੋਂ 5000 ਤੋਂ ਵੱਧ
ਪਾਦਰੀਆਂ ਤੇ 10, 000 ਤੋਂ ਵੱਧ ਸੈਕਸ ਨਾਲ ਸਬੰਧਤ ਕੇਸ ਚੱਲ ਰਹੇ ਹਨ।
ਕੈਥੋਲਿਕ ਧਰਮ ਦੇ ਪ੍ਰਚਾਰਕਾਂ ਵਲੋਂ ਬਾਹਰੀ ਤੌਰ ਤੇ ਭਾਵੇਂ ਹਮੇਸ਼ਾਂ ਪਿਆਰ
ਤੇ ਸ਼ਾਂਤੀ ਦਾ ਉਪਦੇਸ਼ ਹੀ ਦਿੱਤਾ ਜਾਂਦਾ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹੋਰ ਵੱਡੇ
ਧਰਮਾਂ ਵਾਂਗ ਚਰਚ ਦੇ ਪੁਜਾਰੀਆਂ ਤੇ ਪੋਪ ਨੇ ਮੌਕੇ ਦੀਆਂ ਹਕੂਮਤਾਂ ਨਾਲ ਰਲ ਕੇ ਗੈਰ-ਈਸਾਈ ਲੋਕਾਂ
ਦਾ ਦੁਨੀਆਂ ਭਰ ਵਿੱਚ ਘਾਣ ਕੀਤਾ ਹੈ।
ਸਾਊਥ ਏਸ਼ੀਆ ਦੇ ਲੋਕਾਂ ਵਿੱਚ ਬੇਸ਼ਕ
ਇਤਿਹਾਸਕ ਤੌਰ ਤੇ ਇਸਲਾਮਿਕ ਮੁੱਲਾਂ ਮੁਲਾਣਿਆਂ ਤੇ ਮੁਸਲਿਮ ਸ਼ਾਸਕਾਂ ਨੂੰ ਹੀ ਜਾਲਮ ਸਮਝਿਆ ਜਾਂਦਾ
ਹੈ, ਪਰ ਯੂਰਪ, ਸੈਂਟਰਲ ਏਸ਼ੀਆ, ਅਮਰੀਕਨ ਤੇ ਅਫਰੀਕਨ ਦੇਸ਼ਾਂ ਵਿੱਚ ਕੈਥੋਲਿਕ ਪਾਦਰੀਆਂ ਨੇ ਗੋਰੇ
ਬਸਤੀਵਾਦੀ ਹਾਕਮਾਂ ਨਾਲ ਰਲ ਕੇ ਗੈਰ ਇਸਾਈਆਂ ਤੇ ਘੱਟ ਜੁਲਮ ਨਹੀਂ ਢਾਹੇ। ਉਨ੍ਹਾਂ ਦੇਸ਼ਾਂ ਦੇ
ਇਤਿਹਾਸ ਦੀਆਂ ਕਿਤਾਬਾਂ ਅਜਿਹੇ ਜੁਲਮਾਂ ਦੀ ਦਾਸਤਾਨ ਨਾਲ ਭਰੀਆਂ ਪਈਆਂ ਹਨ। ਜੀਸਸ ਨੂੰ ਸ਼ਹੀਦ ਕਰਨ
ਵਾਲੇ ਯਹੂਦੀ ਹਾਕਮਾਂ ਦੇ ਨਾਮ ਤੇ ਆਮ ਯਹੂਦੀ ਲੋਕਾਂ ਤੇ ਕ੍ਰਿਸਚੀਅਨਾਂ ਦੇ ਜੁਲਮਾਂ ਦੀ ਦਾਸਤਾਨ
ਬੜੀ ਲੰਬੀ ਹੈ। ਭੈੜੀਆਂ ਰੂਹਾਂ (Witchs)
ਦੇ ਨਾਮ ਤੇ ਲੱਖਾਂ ਗੈਰ ਇਸਾਈ ਔਰਤਾਂ ਨੂੰ 13ਵੀਂ ਤੋਂ 16ਵੀਂ ਸਦੀ ਤੱਕ ਪੋਪ ਦੇ ਹੁਕਮਾਂ ਤੇ
ਜਿੰਦਾ ਜਲਾ ਦਿੱਤਾ ਜਾਂਦਾ ਸੀ।
ਪੋਪ ਤੇ ਕੈਥੋਲਿਕ ਚਰਚ ਦੇ ਵੱਡੇ ਪਾਦਰੀਆਂ ਦੇ ਧਰਮ ਦੇ ਨਾਮ ਤੇ ਕੀਤੇ
ਘਿਨਾਉਣੇ ਤੇ ਮਨੁੱਖਤਾ ਵਿਰੋਧੀ ਕਾਰੇ ਸਭ ਨੂੰ ਸ਼ਰਮਸਾਰ ਕਰ ਰਹੇ ਹਨ। ਗਿਨੀਜ਼ ਬੁੱਕ ਆਫ ਵਰਲਡ
ਰਿਕਾਰਡ ਅਨੁਸਾਰ ਚੀਨ ਵਿੱਚ 1850 ਤੋਂ 1864 ਤੱਕ ਚੱਲੀ ਸਿਵਲ ਵਾਰ ਵਿੱਚ 20 ਮਿਲੀਅਨ ਲੋਕ ਮਾਰੇ
ਗਏ ਸਨ, ਜੋ ਕਿ ਇਤਿਹਾਸ ਦਾ ਸਭ ਤੋਂ ਵੱਡਾ ਤੇ ਘਿਨਾਉਣਾ ਕਾਂਡ ਸੀ। ਜਿਸਦਾ ਮੁੱਖ ਕਾਰਨ ਇਹ ਸੀ ਕਿ
ਹੌਂਗ ਕੁਆਨ ( Hong Xiuquan)
ਨੇ ਕ੍ਰਿਸਚੀਅਨ ਧਰਮ ਅਪਨਾ ਲਿਆ ਸੀ ਤੇ ਉਸ ਨੇ ਆਪਣਾ ਰੱਬੀ ਰਾਜ (Jesus
Heavenly Kingdom) ਸਥਾਪਤ ਕਰਨ ਲਈ ਚੀਨ ਦੇ
ਲੋਕਾਂ ਦੇ ਵਿਸ਼ਵਾਸ਼ ਵਾਲੇ ਰੱਬ ਸ਼ੰਗਦੀ (Shangdi,
the High God of Classical China) ਦੇ
ਅਨੁਯਾਈਆਂ ਨੂੰ ਮਾਰਨਾ ਵੱਢਣਾ ਸ਼ੁਰੂ ਕਰ ਦਿੱਤਾ ਸੀ। ਪੋਪ ਡਾਮਾਸਸ ਦੇ ਸਮੇਂ ਸੰਨ 366 ਤੋਂ 384
ਦੌਰਾਨ ਚਰਚ ਲਈ ਫੰਡ ਇਕੱਠਾ ਕਰਨ ਵਾਸਤੇ ਗੈਰ ਇਸਾਈ ਔਰਤਾਂ ਤੇ ਬੱਚਿਆਂ ਨੂੰ ਗੁਲਾਮੀ ਕਰਨ ਲਈ
ਵੇਚਿਆ ਜਾਂਦਾ ਸੀ। ਫਿਰ ਗੁਲਾਮ ਔਰਤਾਂ ਤੋਂ ਸਰੀਰ ਵੇਚਣ
(Prostitution)
ਦਾ ਧੰਦਾ ਵੀ ਕਰਾਇਆ ਜਾਂਦਾ ਰਿਹਾ। ਸੰਨ 904 ਤੋਂ 911 ਤੱਕ ਬਣੇ ਪੋਪ ਸਾਰਗੀਅਸ ਨੇ ਆਪਣੇ ਤੋਂ
ਪਹਿਲੇ ਪੋਪ ਲੀਉ ਨੂੰ ਆਪਣੇ ਹੱਥੀਂ ਮਾਰ ਕੇ ਗੱਦੀ ਹਾਸਿਲ ਕੀਤੀ ਸੀ। ਸੰਨ 1032 ਤੋਂ 1048 ਤੱਕ
ਬਣੇ ਪੋਪ ਬੈਨਡਿਕਟ-IX
ਨੂੰ ਕੈਥੋਲਿਕ ਚਰਚ ਵਿੱਚ ਆਪਣੀਆਂ ਰੰਗੀਨੀਆਂ, ਨਜਾਇਜ ਸਬੰਧਾਂ, ਰੇਪ, ਚੋਰੀਆਂ ਆਦਿ ਲਈ ਯਾਦ ਕੀਤਾ
ਜਾਂਦਾ ਹੈ। ਉਸ ਨੂੰ ਇਸਦੀਆਂ ਇਨ੍ਹਾਂ ਕਰਤੂਤਾਂ ਕਾਰਨ ਧੱਕੇ ਨਾਲ ਪੈਸਾ ਦੇ ਕੇ ਲਾਹਿਆ ਗਿਆ ਸੀ।
ਇਸੇ ਤਰ੍ਹਾਂ 1846 ਤੋਂ 1878 ਤੱਕ ਬਣੇ ਪੋਪ ਪੀਓਸ-IX
ਦਾ ਨਾਮ ਅਮਰੀਕਾ ਦੇ ਰਾਸ਼ਟਰਪਤੀ ਐਬਰਾਹਿਮ ਲਿੰਕਨ ਦੇ ਕਤਲ ਵਿੱਚ ਮੰਨਿਆ ਜਾਂਦਾ ਹੈ। ਜਿਸਨੂੰ 15
ਅਪਰੈਲ, 1865 ਨੂੰ ਕਤਲ ਕੀਤਾ ਗਿਆ ਸੀ। ਇਹ ਦੋਸ਼ ਵੀ ਲਗਦੇ ਰਹੇ ਹਨ ਕਿ ਮਿ: ਲਿੰਕਨ ਨੂੰ ਮਾਰਨ ਲਈ
ਨਾ ਸਿਰਫ ਸਾਜਿਸ਼ ਪੋਪ ਦੇ ਦਫਤਰ ਤੋਂ ਘੜੀ ਗਈ ਸੀ, ਸਗੋਂ ਫੰਡ ਵੀ ਉੱਥੋਂ ਹੀ ਮੁਹੱਈਆ ਕਰਵਾਏ ਗਏ
ਸਨ। ਇਤਿਹਾਸ ਵਿੱਚ ਇਹ ਜ਼ਿਕਰ ਵੀ ਮਿਲਦਾ ਹੈ ਕਿ ਸੰਨ 1088 ਤੋਂ 1099 ਤੱਕ ਬਣੇ ਪੋਪ ਅਰਬਨ-II
ਦੇ ਹੁਕਮਾਂ ਨਾਲ ਬਲਗਾਰੀਆ, ਯੋਗੋਸਲਾਵੀਆ, ਤੁਰਕੀ, ਸੀਰੀਆ, ਫਲਸਤੀਨ ਆਦਿ ਅਨੇਕਾਂ ਦੇਸ਼ਾਂ ਵਿੱਚ 10
ਮਿਲੀਅਨ ਗੈਰ ਇਸਾਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚਿਆਂ
ਦੀ ਸੀ। ਇਸੇ ਤਰ੍ਹਾਂ ਗੈਰ ਇਸਾਈ ਲੋਕਾਂ ਦੇ ਕਤਲੇਆਮ ਜਾਂ ਇਸਾਈ ਧਰਮ ਵਿੱਚ ਪ੍ਰਵਿਰਤਤ ਕਰਨ ਦੇ
ਵਾਕਿਆਤ ਪੋਪ ਬੈਨੀਫੇਸ-IIX
(1294-1303), ਪੋਪ ਜੌਹਨ-XXIII
(1410-1415) ਦੇ ਸਮੇਂ ਦੌਰਾਨ ਵੀ ਮਿਲਦੇ ਹਨ। ਜੌਹਨ ਕੌਰਨਵੈਲ ਦੀ ਕਿਤਾਬ ‘ਹਿਟਲਰ ਦਾ ਪੋਪ,
ਸੀਕਰੇਟ ਹਿਸਟਰੀ ਆਫ ਪੋਪ ਪੀਊਸ-XII’
ਅਨੁਸਾਰ ਸੰਨ 1939 ਤੋਂ 1958 ਤੱਕ ਬਣੇ ਪੋਪ ਪੀਊਸ-XII
ਦੇ ਨਾਜ਼ੀ ਹਿਟਲਰ ਨਾਲ ਸਿੱਧੇ ਸਬੰਧ ਸਨ ਤੇ ਉਸਦੀ ਸਲਾਹ ਤੇ ਹਿਟਲਰ ਨੇ ਸਾਰੇ ਯੂਰਪ ਵਿੱਚ 60 ਲੱਖ
ਯਹੂਦੀਆਂ ਸਮੇਤ ਘੱਟ ਗਿਣਤੀ ਨਾਨ-ਕੈਥੋਲਿਕ ਲੋਕਾਂ ਨੂੰ ਗੈਸ ਚੈਂਬਰਾਂ ਤੇ ਕੰਸਟਰੇਸ਼ਨ ਕੈਂਪਾਂ ਵਿੱਚ
ਮੌਤ ਦੇ ਘਾਟ ਉਤਾਰਿਆ ਸੀ। ਇਸੇ ਤਰ੍ਹਾਂ ਸੰਨ 1978 ਤੋਂ 2005 ਤੱਕ ਪੌਲਿਸ਼ ਮੂਲ ਦੇ ਪੋਪ ਰਹੇ ਜੌਹਨ
ਪਾਲ-II,
1940 ਵਿੱਚ ਨਾਜੀ ਕੈਂਪਾਂ ਨੂੰ ਸਾਈਨਾਈਡ ਗੈਸ ਵੇਚਣ ਵਾਲੇ ਨਾ ਸਿਰਫ ਸੇਲਜ਼ਮੈਨ ਹੀ ਸਨ, ਸਗੋਂ ਉਸ
ਕੰਪਨੀ ਵਿੱਚ ਕੈਮਿਸਟ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਸਨ, ਜਿੱਥੋਂ ਨਾਜੀ ਗੈਸ ਕੈਂਪਾਂ ਨੂੰ
ਯਹੂਦੀਆਂ ਤੇ ਘੱਟ ਗਿਣਤੀ ਲੋਕਾਂ ਨੂੰ ਮਾਰਨ ਲਈ ਸਾਈਨਾਈਡ ਗੈਸ (ਜ਼ਹਿਰ) ਭੇਜੀ ਜਾਂਦੀ ਸੀ। ਇਸੇ
ਤਰ੍ਹਾਂ ਪਿਛਲੇ ਮਹੀਨੇ ਪੋਪ ਦੇ ਅਹੁਦੇ ਤੋਂ ਹਟੇ ਪੋਪ ਬੈਨਡਿਕਟ-XVI
ਨਾਜੀ ਹਿਟਲਰ ਦੀ ਯੂਥ ਆਰਮੀ ਦੇ ਮੈਂਬਰ ਰਹੇ ਸਨ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਰੇ ਧਰਮਾਂ ਵਿੱਚ ਧਾਰਮਿਕ
ਕੱਟੜਤਾ ਆਪਣੇ ਧਰਮ ਵਿਰੋਧੀਆਂ, ਰਾਜਸੀ ਵਿਰੋਧੀਆਂ ਨੂੰ ਹੀ ਨਹੀਂ ਕੁਚਲਦੀ ਰਹੀ, ਸਗੋਂ ਉਸ ਦੌਰ
ਵਿੱਚ ਅਨੇਕਾਂ ਸਾਇੰਸਦਾਨਾਂ ਨੂੰ ਵੀ ਚਰਚ ਵਲੋਂ ਤਸੀਹੇ ਤੇ ਮੌਤ ਦੀਆਂ ਸਜਾਵਾਂ ਦਿੱਤੀਆਂ ਗਈਆਂ।
ਦੇਖਣਾ ਇਹ ਹੈ ਕਿ ਜੌਰਜ ਮੈਰੀਉ ਬਰਗੋਗਲੀਉ ਨਵਾਂ ਨਾਮ ਪੋਪ ਫਰਾਂਸਿਸ, ਕੈਥੋਲਿਕ ਚਰਚ ਨੂੰ ਕਿਸ
ਦਿਸ਼ਾ ਵਿੱਚ ਲਿਜਾਂਦੇ ਹਨ। ਪਿਛਲੇ ਪੋਪਾਂ ਵਲੋਂ ਸਮੇਂ ਸਮੇਂ ਚਰਚ ਵਲੋਂ ਪਿਛਲੇ ਸਮੇਂ ਪਿਛਲੇ ਸਮੇਂ
ਵਿੱਚ ਮਨੁੱਖਤਾ ਵਿਰੋਧੀ ਕੁਕਰਮਾਂ ਲਈ ਅਨੇਕਾਂ ਵਾਰ ਮੁਆਫੀ ਮੰਗੀ ਗਈ ਹੈ। ਸੁਣਨ ਵਿੱਚ ਆ ਰਿਹਾ ਹੈ
ਕਿ ਨਵਾਂ ਪੋਪ ਫਰਾਂਸਿਸ ਵੀ ਪਹਿਲੇ ਪੋਪਾਂ ਵਾਂਗ ਅਬੌਰਸ਼ਨ, ਗੇਅ, ਲੈਸਬੀਅਨ, ਹੱਕਾਂ ਦੇ ਮੁੱਦੇ ਤੇ
ਪੁਰਾਣੀ ਪਹੁੰਚ ਦੇ ਹੀ ਧਾਰਨੀ ਹਨ। ਬੇਸ਼ੱਕ ਉਨ੍ਹਾਂ ਦੇ ਯਹੂਦੀ ਤੇ ਮੁਸਲਮਾਨ ਲੀਡਰਸ਼ਿਪ ਨਾਲ ਵੀ
ਚੰਗੇ ਸਬੰਧ ਹਨ, ਇਸੇ ਲਈ ਉਨ੍ਹਾਂ ਨੇ ਪੋਪ ਫਰਾਂਸਿਸ ਦੀ ਚੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪਰ
ਉਹ ਅਜੇ ਪਾਦਰੀਆਂ ਦੇ ਕੁਆਰੇ ਰਹਿਣ ਦੀ ਵਕਾਲਤ ਕਰਦੇ ਹਨ, ਭਾਵੇਂ ਪਾਦਰੀਆਂ ਦੇ ਸੈਕਸ ਸਕੈਂਡਲਾਂ ਦੇ
ਹਜਾਰਾਂ ਕੇਸ ਕੋਰਟਾਂ ਵਿੱਚ ਹਨ ਤੇ ਧਰਮ ਤੇ ਚੈਰਿਟੀ ਦੇ ਨਾਮ ਤੇ ਇਕੱਠੇ ਕੀਤੇ ਬਿਲੀਅਨਜ਼ ਡਾਲਰ
ਜੁਰਮਾਨਿਆਂ ਦੇ ਭੁਗਤਾਨ ਲਈ ਚਰਚ ਵਲੋਂ ਦਿੱਤੇ ਗਏ ਹਨ। ਉਹ ਸੇਮ ਸੈਕਸ ਮੈਰਿਜ ਦੇ ਪਹਿਲੇ ਪਾਦਰੀਆਂ
ਵਾਂਗ ਅਜੇ ਵਿਰੋਧੀ ਹਨ। ਭਾਵੇਂ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਨਾਲ ਸਤਿਕਾਰ ਨਾਲ
ਪੇਸ਼ ਆਉਣਾ ਚਾਹੀਦਾ ਹੈ। 12 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਸਾਊਥ ਅਮਰੀਕਾ (ਲੈਟਿਨ ਅਮਰੀਕਾ) ਦੇ
ਵਾਸੀ ਹੋਣ ਨਾਤੇ ਵਰਲਡ ਸਿਆਸਤ ਵਿੱਚ ਉਨ੍ਹਾਂ ਤੋਂ ਬਦਲਾਅ ਦੀ ਆਸ ਰੱਖੀ ਜਾ ਰਹੀ ਹੈ। ਭਾਵੇਂ ਚਰਚ
ਵਿੱਚ ਅਜੇ ਵੀ ਵੱਡੇ ਸੁਧਾਰਾਂ ਦੀ ਆਸ ਰੱਖੀ ਜਾ ਰਹੀ ਹੈ, ਜਿਨ੍ਹਾਂ ਵਿੱਚ ਔਰਤਾਂ ਦੇ ਪਾਦਰੀ, ਬਿਸ਼ਪ
ਜਾਂ ਪੋਪ ਬਣਨ ਵਿੱਚ ਰੁਕਾਵਟਾਂ ਦਾ ਮੁੱਦਾ। ਵੈਟੀਕਨ ਵਿੱਚ ਅਜੇ ਤੱਕ ਪੋਪ ਚੋਣ ਵਾਲੇ ਕਾਰਡੀਨਲਜ਼
ਵਿੱਚ ਔਰਤ ਸ਼ਾਮਿਲ ਨਹੀਂ ਹੋ ਸਕਦੀ, ਨਾ ਹੀ 2000 ਸਾਲ ਦੇ ਇਤਿਹਾਸ ਵਿੱਚ ਚੁਣੇ 266 ਪੋਪਾਂ ਵਿਚੋਂ
ਇੱਕ ਵੀ ਔਰਤ ਨਹੀਂ ਹੈ। ਸ਼ਾਇਦ ਇਸ ਲਈ ਦਿੱਲੀ ਅਜੇ ਦੂਰ ਹੈ।
|
. |