.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਨੌਵਾਂ

ਅਕਾਲ ਪੁਰਖ ਨੂੰ ਗੁਰਬਾਣੀ ਦੁਆਰਾ ਕਿਵੇਂ ਸਮਝਣਾ ਹੈ?

ਕੀ ਵੱਖ ਵੱਖ ਪ੍ਰਕਾਰ ਦੀਆਂ ਜੁਗਤੀਆਂ ਧਾਰਨ ਕਰਨ ਨਾਲ ਰੱਬ ਜੀ ਦੀ ਪ੍ਰਾਪਤੀ ਹੈ?

ਸਿੱਖੀ ਦੀ ਅਰੰਭਤਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਹੋਈ ਹੈ। ਬਾਕੀ ਨੌਂ ਗੁਰੂ ਸਾਹਿਬਾਨ ਜੀ ਨੇ ਦੋ ਸੌ ਉਨਤਾਲੀ ਸਾਲ ਇਸ ਦੀ ਪ੍ਰਪੱਕਤਾ ਤੇ ਲਗਾ ਦਿੱਤੇ। ਸਿੱਖੀ ਇੱਕ ਪ੍ਰਚਾਰਕ ਧਰਮ ਹੈ। ਇਸ ਵਿੱਚ ਇੱਕ ਪ੍ਰਮਾਤਮਾ ਦੀ ਭਗਤੀ, ਮਨੁੱਖੀ ਭਾਈਚਾਰੇ ਲਈ ਮੁਕੰਮਲ ਭਰਾਤਰੀ-ਭਾਵ, ਸੇਵਾ, ਬੀਰਤਾ, ਜੱਥਬੰਦੀ ਤੇ ਕੁਰਬਾਨੀ ਇਸ ਦੇ ਵਿਸ਼ੇਸ਼ ਗੁਣ ਹਨ। ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਨੇ ਸਮਾਜਕ, ਰਾਜਨੀਤਿਕ ਤੇ ਧਾਰਮਿਕ ਖੇਤਰ ਵਿੱਚ ਇਨਕਲਾਬੀ ਸੋਚ ਪੈਦਾ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਭਰਾਤਰੀ-ਭਾਵ ਨੂੰ ਪਿਆਰ ਗਲਵੱਕੜੀ ਵਿੱਚ ਲੈਂਦਿਆਂ ਹਰ ਉਸ ਖ਼ਿਆਲ ਨੂੰ ਆਪਣੇ ਨਾਲ ਸਥਾਨ ਦਿੱਤਾ ਜਿਸ ਵਿੱਚ ਕ੍ਰਾਂਤੀ ਕਾਰੀ ਸੋਚ ਉਭਰਦੀ ਨਜ਼ਰ ਆਉਂਦੀ ਸੀ। ਬ੍ਰਹਾਮਣੀ ਸਮਾਜ ਵਲੋਂ ਲਿਤਾੜੇ, ਮਨੁੱਖੀ ਹੱਕਾਂ ਤੋਂ ਵਾਂਝੇ ਕੀਤੇ, ਸ਼ੂਦਰ ਭਾਈਚਾਰੇ ਨੂੰ ਆਪਣੇ ਨਾਲ ਬਿਠਾ ਕੇ ਨਵੀਂ ਕ੍ਰਾਂਤੀ ਪੈਦਾ ਕੀਤੀ। ਇੱਕ ਨਵੀਂ ਸੋਚ ਨੇ ਜਨਮ ਲਿਆ ਜੋ ਨਵੇਂ ਨਿਰੋਏ ਸਮਾਜ ਵਿੱਚ ਤਬਦੀਲ ਹੋਈ। ਇਸ ਨਿੰਰਕਾਰੀ ਸੋਚ ਨੂੰ ਹਲੇਮੀ ਰਾਜ ਤਥਾ ਬੇਗ਼ਮਪੁਰਾ ਜਾਂ ਸਾਖਸ਼ੱਤ ਰੂਪ ਵਿੱਚ ਕਰਤਾਰਪੁਰ ਦੇ ਨਾਵਾਂ ਨਾਲ ਪ੍ਰਗਟ ਕੀਤਾ। ਅਜੇਹੀ ਕ੍ਰਾਂਤੀਕਾਰੀ ਸੋਚ ਆਉਣ ਨਾਲ ਭਾਰਤੀ ਭਾਈਚਾਰੇ ਵਿੱਚ ਗੈਰਤ, ਅਣਖ, ਸਵੈਮਾਨ ਨਾਲ ਜ਼ਿੰਦਗੀ ਜਿਉਣ ਦੀ ਜਾਚ ਆਈ। ਨਾਨਕਈ ਫਲਸਫੇ ਨੇ ਸਵੈਪੜਚੋਲ ਲਈ ਮਨੁੱਖਤਾ ਨੂੰ ਜਾਗਰਤ ਕੀਤਾ। ਅਜੇਹੀ ਇਨਕਲਾਬੀ ਸੋਚ ਵਿਚੋਂ ਕਰਮ-ਕਾਂਡ, ਪਖੰਡ, ਆਪਾਧਾਪੀ, ਪੱਥਰੀ ਦੇਵ ਪੂਜਾ, ਪੁਜਾਰੀਵਾਦ, ਤੀਰਥ-ਇਸ਼ਨਾਨ, ਫੋਕਟ ਦੀਆਂ ਸਮਾਧੀਆਂ, ਅਗਿਆਨਤਾ ਤੇ ਹੋਰ ਕਈ ਪ੍ਰਕਾਰ ਦੇ ਭਰਮਾਂ ਨੂੰ ਇਕਵੱਢਿਓਂ ਰੱਦ ਕੀਤਾ। ਸ਼ਹੀਦੀਆਂ ਦੇ ਦਰਿਆ ਵਗੇ, ਮੈਦਾਨ ਵਿੱਚ ਖੰਡੇ ਖੜਕੇ, ਲੁੱਟ-ਘਸੁੱਟ ਕਰਨ ਵਾਲੀਆਂ ਧਾੜ੍ਹਾਂ ਨੂੰ ਦਿਨੇ ਤਾਰੇ ਦਿਖਾਏ। ਜ਼ਾਲਮ ਹਮਲਾਵਰਾਂ ਦੀ ਸਦੀਆਂ ਤੋਂ ਹੁੰਦੀ ਲੁੱਟ ਨੂੰ ਠੱਲ ਪਾਈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਈ ਪ੍ਰਕਾਰ ਚਣੌਤੀਆਂ ਸਨ। ਭਾਰਤੀ ਲੋਕਾਂ ਦੇ ਪਰਵਾਰਕ ਜੀਅ ਹੀ ਆਪਸ ਵਿੱਚ ਵੰਡੇ ਹੋਏ ਸਨ। ਜਿੰਨੇ ਘਰ ਦੇ ਜੀਅ ਸਨ ਓਨੇ ਹੀ ਉਹਨਾਂ ਦੇ ਦੇਵਤੇ ਭਾਵ ਰੱਬ ਸਨ। ਭਾਰਤੀ ਲੋਕਾਂ ਵਿੱਚ ਪਰਚਾਰ ਕਰਨ ਵਾਲੇ ਆਗੂ ਮਾਨਸਕ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਸਨ ਕੋਈ ਜੰਗਲ਼ਾਂ ਵਿੱਚ ਰੱਬ ਨੂੰ ਲੱਭਣ ਲਈ ਤੁਰਿਆ ਜਾ ਰਿਹਾ ਸੀ। ਕੋਈ ਮੰਗ ਕੇ ਖਾਣ ਨੂੰ ਹੀ ਸਵਰਗ ਦੱਸ ਰਿਹਾ ਸੀ। ਇਹਨਾਂ ਧਾਰਮਕ ਆਗੂਆਂ ਵਿਚੋਂ ਬਹੁਤੇ ਗ੍ਰਹਿਸਤੀ ਜ਼ਿੰਦਗੀ ਤੋਂ ਭਗੋੜੇ ਸਨ। ਕੋਈ ਨੰਗੇ ਰਹਿਣ ਨੂੰ ਰੱਬ ਦੀ ਪ੍ਰਾਪਤੀ ਗਿਣ ਰਿਹਾ ਸੀ, ਕੋਈ ਤੀਰਥਾਂ ਦੇ ਇਸ਼ਨਾਨ ਨੂੰ ਰੱਬੀ ਹੁਕਮ ਸਮਝ ਰਿਹਾ ਸੀ ਤੇ ਕੋਈ ਸਵਾਹ ਪਿੰਡੇ ਤੇ ਮਲ਼ ਕੇ ਰੱਬ ਨੂੰ ਲੱਭਣ ਚੜਿਆ ਹੋਇਆ ਸੀ। ਕੋਈ ਸਿਰ ਦੀਆਂ ਜਟਾਂ ਵਧਾ ਕੇ ਰੱਬ ਨਾਲ ਸਿੱਧੀਆਂ ਗੱਲ ਕਰਨ ਦੇ ਆਹਰ ਵਿੱਚ ਲੱਗਿਆ ਹੋਇਆ ਸੀ ਤੇ ਕੋਈ ਸਵਾਸਾਂ ਨੂੰ ਅੰਦਰ ਬਾਹਰ ਕਰਕੇ ਰੱਬੀ ਕਰਾਮਾਤਾਂ ਪ੍ਰਾਪਤ ਕਰਨ ਦੇ ਚੱਕਰਾਂ ਵਿੱਚ ਪਿਆ ਹੋੲਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਧਾਰਮਕ ਵਰਗ ਵਲੋਂ ਫੈਲਾਏ ਕਰਮ-ਕਾਂਡੀ ਜਾਲ ਦੀ ਤਾਰ ਤਾਰ ਕਰ ਦਿੱਤੀ ਤੇ ਜਪੁ ਬਾਣੀ ਦੀਆਂ ਅਰੰਭਕ ਤੁਕਾਂ ਵਿੱਚ ਹੀ ਸੁਨੇਹਾ ਦੇ ਦਿੱਤਾ ਕਿ ਅਜੇਹੇ ਕਰਮ-ਕਾਂਡ ਨਿਭਾਉਣ ਨਾਲ ਰਬ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ—

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ॥

ਭੁਖਿਆ ਭੁਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥

ਜਪੁ ਬਾਣੀ ਪੰਨਾ ੧

ਧਰਮ ਦੀ ਦੁਨੀਆਂ ਵਿੱਚ ਸਰੀਰਕ ਇਸ਼ਨਾਨ, ਅੱਖਾਂ ਮੀਚ ਕੇ ਸਮਾਧੀਆਂ ਲਗਾਉਣੀਆਂ, ਦੁਨੀਆਂ ਦੀ ਸਾਰੀ ਧੰਨ ਦੌਲਤ ਨੂੰ ਇਕੱਠਿਆਂ ਕਰਕੇ ਵਿਖਾਵੇ ਦੇ ਧਰਮ ਕਾਰਜ ਕਰਨੇ ਅਤੇ ਪੁਜਾਰੀ ਵਲੋਂ ਰੱਬ ਜੀ ਨੂੰ ਭੁਲੇਖਾ ਪਾਊ ਚਲਾਕੀਆਂ ਕਰਨ ਨਾਲ ਕਰਮ-ਕਾਂਡ ਨਿਭਾਉਣੇ ਇਵੇਂ ਰੱਬ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਮ ਕਰਕੇ ਰੱਬ ਦੀ ਪ੍ਰਾਪਤੀ ਲਈ ਇਹ ਚਾਰ ਗੱਲਾਂ ਮੰਨੀਆਂ ਹੋਈਆਂ ਸਨ। ਜਿੰਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੁੱਢੋਂ ਨਿਕਾਰਿਆ ਹੈ। ਸਵਾਲ ਪੈਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਦੱਸੇ ਗਏ ਰੱਬ ਨੂੰ ਅਸਾਂ ਕਿਸ ਤਰ੍ਹਾਂ ਦੇਖਣਾ ਜਾਂ ਸਮਝਣਾ ਹੈ। ਰਾਗ ਸੋਰਠਿ ਵਿੱਚ ਗੁਰੂ ਸਾਹਿਬ ਜੀ ਖ਼ਿਆਲ ਦੇਂਦਿਆਂ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੂੰ ਦੇਖਣਾ ਭਾਵ ਉਸਦੇ ਗੁਣਾਂ ਨੂੰ ਸਮਝਣ ਲਈ ਗੁਰਬਾਣੀ ਵਿਚਲੇ ਸਿਧਾਂਤ ਨਾਲ ਸਾਂਝ ਪਉਣ ਲਈ ਯਤਨਸ਼ੀਲ ਹੋਣਾ ਪਏਗਾ—ਜੇਹਾ ਕਿ ਅਗੰਮੀ ਫਰਮਾਣ ਹੈ—

ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ॥

ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ॥ ੧॥

ਘਟਿ ਘਟਿ ਰਵਿ ਰਹਿਆ ਬਨਵਾਰੀ॥

ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ॥ ਰਹਾਉ॥

ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ॥

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ॥ ੨॥

ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ॥

ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ॥ ੩॥

ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ॥

ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ॥ ੪॥

ਰਾਗ ਸੋਰਠਿ ਮਹਲਾ ੧ ਪੰਨਾ ੫੯੭

ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ। ਪਾਣੀ ਵਿੱਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ !) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ।

ਇਸ ਸ਼ਬਦ ਵਿੱਚ ਕੁੱਲ ਪੰਜ ਬੰਦ ਹਨ। ਰਹਾਉ ਦੇ ਬੰਦ ਵਿੱਚ ਹਰੇਕ ਥਾਂ `ਤੇ ਪ੍ਰਮਾਤਮਾ ਲੁਕਿਆ ਹੋਇਆ ਹੈ ਭਾਵ ਹਰ ਥਾਂ `ਤੇ ਸਰਬ ਵਿਆਪਕ ਹੈ। ਗੁਰੂ ਸਾਹਿਬ ਜੀ ਤਗ਼ੀਦ ਕਰਦੇ ਹਨ ਕਿ ਹੇ ਮੇਰੇ ਮਨ! ਗੁਰੂ ਦੇ ਸਬਦ ਰਾਂਹੀ ਉਸ ਨੂੰ ਦੇਖਣ ਦਾ ਯਤਨ ਕਰ ਭਾਵ ਸਮਝਣ ਦਾ ਯਤਨ ਕਰ। ਇਸ ਵਿਚਾਰ ਦਾ ਭਾਵ ਅਰਥ ਹੈ ਕਿ ਗੁਰ-ਉਪਦੇਸ਼ ਅਨੁਸਾਰੀ ਹੋ ਕੇ ਚੱਲਣਾ ਹੀ ਰੱਬੀ ਦੀਦਾਰ ਹੈ। ਮੁੱਖ ਤੌਰ ਗੁਰ ਉਪਦੇਸ਼ ਦਾ ਭਾਵ ਹੈ ਬੁਰਿਆਈਆਂ ਨੂੰ ਤਿਆਗਣਾ ਤੇ ਚੰਗਿਆਈਆਂ ਨੂੰ ਇਕੱਠਾ ਕਰਨਾ। ਆਪਣੇ ਆਪ ਨੂੰ ਇਸ ਨਿਯਮ ਵਿੱਚ ਲਿਆਉਣਾ ਹੈ।

ਸ਼ਬਦ ਦੇ ਪਹਿਲੇ ਬੰਦ ਵਿੱਚ ‘ਮਤਿ ਪੂਰਾ’ ਦਾ ਸਕੰਲਪ ਕੀਤਾ ਹੈ ਜਿਸ ਦਾ ਅਰਥ ਹੈ ਕਿ ਰੱਬ ਜੀ ਕਦੇ ਵੀ ਖੁੰਝਦੇ ਨਹੀਂ ਹਨ ਭਾਵ ਰੱਬ ਜੀ ਨੂੰ ਕਦੇ ਕਿਸੇ ਚੀਜ਼ ਦਾ ਚੇਤਾ ਨਹੀਂ ਭੁੱਲਦਾ। ‘ਮਤਿ ਪੂਰਾ’ ਸ਼ਬਦ ਵਿੱਚ ਇੱਕ ਬੱਝਵੇਂ ਨਿਯਮ ਦੀ ਪਕਿਆਈ ਦਰਸਾਈ ਗਈ ਹੈ। ਜਿਸ ਤਰ੍ਹਾਂ ਪਤਝੜ੍ਹ ਆਉਂਦੀ ਤੇ ਫਿਰ ਦਰੱਖਤਾਂ ਦੀਆਂ ਟਹਿਣੀਆਂ ਵਿਚੋਂ ਪੱਤੇ ਵੀ ਨਿਕਲਦੇ ਹਨ। ਹੁਣ ਜੇ ਮੈਂ ਕਹਾਂ ਕਿ ਹੇ ਰੱਬ ਜੀ ਇਹ ਪੱਤੇ ਕਦੇ ਵੀ ਨਹੀਂ ਝੜਨੇ ਚਾਹੀਦੇ ਤਾਂ ਸਾਡੇ ਕਹਿਣ ਅਨੁਸਾਰ ਇਹਨਾਂ ਪੱਤਿਆਂ ਨੇ ਝੜਨੋਂ ਰੁਕਣਾ ਨਹੀਂ ਹੈ। ਹੁਣ ਜੇ ਸਾਡੀ ਮੰਗ ਹੋਵੇ ਕਿ ਰੱਬ ਜੀ ਹੁਣੇ ਹਨੇਰੀ ਆਉਣੀ ਚਾਹੀਦੀ ਹੈ ਤਾਂ ਇਹ ਸਾਡੀ ਮੰਗ ਬਿਲਕੁਲ ਗਲਤ ਹੋਵੇਗੀ, ਕਿਉਂ ਕਿ ਹਨੇਰੀ ਨੇ ਸਾਡੇ ਕਹੇ `ਤੇ ਨਾ ਆਉਣਾ ਹੈ ਨਾ ਰੁਕਣਾ ਹੈ। ਗਲੈਲੀਓ ਨੇ ਕਿਹਾ ਬੇਸ਼ੱਕ ਧਰਮ ਦੇ ਪੁਜਾਰੀਓ ਤੁਸੀਂ ਕਹੋ ਕਿ ਧਰਤੀ ਨਹੀਂ ਸਗੋਂ ਸੂਰਜ ਘੁੰਮਦਾ ਹੈ ਮੇਰੇ ਤੇ ਤੁਹਾਡੇ ਕਹਿਣ ਅਨੁਸਾਰ ਹੁਣ ਧਰਤੀ ਨੇ ਰੁਕਣਾ ਨਹੀਂ ਹੈ, ਕਿਉਂ ਕਿ ਮੈਨੂੰ ਇਸ ਦੀ ਸਮਝ ਆ ਗਈ ਹੈ, ਧਰਤੀ ਨੇ ਘੁੰਮੀ ਹੀ ਜਾਣਾ ਹੈ। ਦਰ ਅਸਲ ਪਹਿਲੇ ਬੰਦ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਅਸੀਂ ਆਪਣੀ ਮਰਜ਼ੀ ਅਨੁਸਾਰ ਕੁਦਰਤੀ ਨਿਯਮਾਵਲੀ ਨੂੰ ਬਦਲ ਨਹੀਂ ਸਕਦੇ। ਹਾਂ ਸਦੀਵ ਕਾਲ ਹੁਕਮ ਤਥਾ ਨਿਯਮ ਵਿੱਚ ਰਹਿੰਦਿਆਂ ਹੀ ਅਸੀਂ ਕਈ ਲਭਤਾਂ ਕੁਦਰਤ ਵਿਚੋਂ ਲੱਭ ਸਕਦੇ ਹਾਂ।

ਸ਼ਬਦ ਦੇ ਦੂਸਰੇ ਬੰਦ ਵਿੱਚ ਰੱਬੀ ਉਪਦੇਸ਼ ਦੀ ਪ੍ਰੱਪਕਤਾ ਸਬੰਧੀ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਨੂੰ ਹਰ ਥਾਂ `ਤੇ ਉਸ ਦਾ ਹੁਕਮ ਚੱਲਦਾ ਦਿਸ ਰਿਹਾ ਹੈ ਇਹ ਹੁਕਮ ਕਦੇ ਜੂਨਾਂ ਵਿੱਚ ਨਹੀਂ ਆਉਂਦਾ ਭਾਵ ਰੱਬ ਜੀ ਦਾ ਹੁਕਮ ਤਥਾ ਉਸ ਦਾ ਨਿਯਮ ਬਦਲਦਾ ਨਹੀਂ ਹੈ। ਅਜੇਹੇ ਗੁਣਾਂ ਰੂਪੀ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿਚੋਂ ਲੱਭਣ ਦਾ ਯਤਨ ਕਰ। ਹਿਰਦੇ ਵਿਚੋਂ ਲੱਭਣ ਸਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਸਾਰਿਆਂ ਨੂੰ ਭਰਾਤਰੀ ਭਾਵ ਨਾਲ ਦੇਖਣਾ, ਦਵੈਸ਼ ਭਾਵਨਾ ਨੂੰ ਖਤਮ ਕਰਨਾ, ਆਪਸੀ ਪਿਆਰ ਦੀ ਭਾਵਨਾ ਦਾ ਜਨਮ ਹੋਣਾ ਸਤਿਗੁਰ ਦਾ ਇਲਾਹੀ ਉਪਦੇਸ਼ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਜਦੋਂ ਅਸੀਂ ਰੱਬੀ ਗੁਣਾਂ ਅਨੁਸਾਰੀ ਹੋ ਕੇ ਵਿਚਰਦੇ ਤਾਂ ਇੱਕ ਆਤਮਕ ਅਨੰਦ ਦੀ ਪ੍ਰਾਪਤੀ ਦਾ ਪ੍ਰਗਟਾਅ ਹੁੰਦਾ ਹੈ। ਨਿਰੰਕਾਰੀ ਗੁਣਾਂ ਨੂੰ ਵਿਸਾਰਿਆਂ ਆਤਮਕ ਮੌਤ ਹੈ। ਸਤਿਗੁਰ ਦੇ ਉਪਦੇਸ਼ ਜਿਸ ਨੂੰ ਸਾਤਿਗੁਰ ਦੀ ਮਤ ਕਿਹਾ ਹੈ ਇਸ `ਤੇ ਤੁਰਨ ਵਾਲਾ ਜਿੱਥੇ ਵਿਕਾਰੀ ਬਿਰਤੀ ਤੋਂ ਮੁਕਤ ਹੁੰਦਾ ਹੈ ਓੱਥੇ ਜੀਵਨ ਦੇ ਉਚਤਮ ਪਦ ਨੂੰ ਪ੍ਰਾਪਤ ਕਰਦਾ ਹੈ।

ਸਬਦ ਦੇ ਚੌਥੇ ਬੰਦ ਵਿੱਚ ਗਿਆਨ ਦੇ ਪ੍ਰਗਟ ਹੋਣ ਦੀ ਅਵਸਥਾ ਰੱਖੀ ਗਈ ਹੈ। ਜੇ ਬੰਦਾ ਸਹੀ ਸ਼ੁਭ ਗਿਆਨ ਦੀਆਂ ਪਉੜੀਆਂ ਚੜ੍ਹਨੀਆਂ ਸਿੱਖ ਲਏ ਤਾਂ ਕਿਸੇ ਦਾ ਹੱਕ ਖੋਹਣ ਦੀ ਬਜਾਏ ਕਿਸੇ ਦਾ ਦਰਦ ਵੰਡਾਏਗਾ ਆਪਣਾ ਕੰਮ ਇਮਨਦਾਰੀ ਨਾਲ ਕਰੇਗਾ। ਚੋਰੀ-ਜਾਰੀ, ਵਿਕਾਰੀ ਬਿਰਤੀ ਦਾ ਤਿਆਗ ਕਰੇਗਾ। ਇੱਕ ਉਹਨਾਂ ਪਾਸ ਵੀ ਗਿਆਨ ਹੈ ਜੋ ਨਕਲੀ ਦਵਾਈਆਂ ਤਿਆਰ ਕਰਦੇ ਹਨ ਜਿਸ ਨਾਲ ਘਟੀਆ ਵਪਾਰੀ ਬਿਰਤੀ ਧੰਨ-ਦੌਲਤ ਨਾਲ ਮਾਲਾਮਾਲ ਤਾਂ ਹੋ ਸਕਦਾ ਹੈ ਪਰ ਮਨੁੱਖਤਾ ਦਾ ਉਹ ਜ਼ਰੂਰ ਘਾਣ ਕਰ ਰਿਹਾ ਹੁੰਦਾ ਹੈ। ਦੂਸਰਾ ਗਿਆਨ ਜੋ ਰੱਬੀ ਭੈ-ਭਾਵਨੀ ਵਿੱਚ ਤੁਰ ਕੇ ਆਪਣੇ ਮੁਨਾਫੇ ਨੂੰ ਘੱਟ ਦੇਖਦਾ ਹੈ ਤੇ ਦੁਨੀਆਂ ਦੇ ਭਲੇ ਦੀ ਗੱਲ ਵੱਧ ਸੋਚਦਾ ਹੈ ਉਹ ਹੀ ਗਿਰਾਵਟ ਵਾਲੀ ਮਾਇਆ ਵਲੋਂ ਕਿਨਾਰਾ ਕਰੇਗਾ। ਇਸ ਨੂੰ ਮਾਇਆ ਦੇ ਬੰਧਨ ਤੋੜਨ ਦੀ ਗੱਲ ਕੀਤੀ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖੀ ਸੁਭਾਅ ਵਿੱਚ ਆਤਮਕ ਗਿਆਨ ਦੀ ਚਮਕ ਪੈਦਾ ਹੁੰਦੀ ਹੈ ਜੋ ਸਾਡੇ ਨਿਤਾ ਪ੍ਰਤੀ ਵਰਤੋਂ ਵਿਹਾਰ ਰਾਂਹੀ ਪ੍ਰਗਟ ਹੁੰਦੀ ਹੈ।

ਬਾਹਰਲੇ ਮੁਲਕਾਂ ਵਿੱਚ ਡਾਲਰ ਸਟੋਰ ਹੁੰਦੇ ਹਨ ਜਿੰਨ੍ਹਾਂ ਵਿੱਚ ਹਰੇਕ ਚੀਜ਼ ਇੱਕ ਡਾਲਰ ਦੀ ਹੁੰਦੀ ਹੈ। ਜੇ ਸਟੋਰ ਦਾ ਮਾਲਕ ਵਿਕਣ ਵਾਲੀਆਂ ਚੀਜ਼ਾਂ ਨੂੰ ਗਹਕ ਦੇ ਸਾਹਮਣੇ ਨਹੀਂ ਰੱਖਦਾ ਤਾਂ ਉਸ ਦੀਆਂ ਚੀਜ਼ਾਂ ਅੰਦਰ ਪਈਆਂ ਪਈਆਂ ਹੀ ਖਰਾਬ ਹੋ ਜਾਂਦੀਆਂ ਹਨ। ਹਰੇਕ ਮਨੁੱਖੀ ਸੁਭਾਅ ਵਿੱਚ ਰੱਬੀ ਗੁਣ ਹਨ ਪਰ ਗੁਰਮਤਿ ਅਨੁਸਾਰ ਇਹ ਰੱਬੀ ਗੁਣ ਗੁਰ-ਗਿਆਨ ਰਾਂਹੀ ਪ੍ਰਗਟ ਹੁੰਦੇ ਹਨ।

ਇਸ ਸ਼ਬਦ ਦੀ ਵਿਚਾਰ ਤੋਂ ਪਤਾ ਚੱਲਦਾ ਹੈ ਕਿ ਰੱਬ ਜੀ ਦੇ ਹੁਕਮ ਜਾਂ ਸਦੀਵ ਕਾਲ ਕੁਦਰਤੀ ਨਿਯਮਾਂ ਦੀ ਸਮਝ ਗੁਰ ਉਪਦੇਸ਼ ਵਿਚੋਂ ਆਉਂਦੀ ਹੈ ਤੇ ਇਹ ਉਪਦੇਸ਼ ਸਾਡੇ ਸੁਭਾਅ ਵਿੱਚ ਸ਼ੁਭ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੋਣਾ ਹੈ। ਇਸ ਗਿਆਨ ਵਿਚੋਂ ਚੰਗੇ ਨਾਗਰਿਕਾਂ ਦੀ ਉਤਪਤੀ ਹੁੰਦੀ ਹੈ ਜੋ ਨਿਰੋਏ ਸਮਾਜ ਦਾ ਵਿਸਥਾਰ ਕਰਦੇ ਹਨ ਜੋ ਹਲੇਮੀ ਰਾਜ ਦਾ ਪ੍ਰਗਟਾਵਾ ਹੈ।

ਜ਼ਿੰਦਗੀ ਦੇ ਉੱਖੜੇ ਹੋਏ ਰਾਹ `ਤੇ ਪਏ, ਤੇ ਬਾਹਰੋਂ ਦਿਸਣ ਵਾਲੇ ਧਾਰਮਕ ਅਗੂਆਂ ਦੀ ਬਿਰਤੀ ਦਾ ਵਿਸ਼ਲੇਸ਼ਣ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿੱਚ ਫਰਮਾਉਂਦੇ—

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ਚਾਰੇ ਕੁੰਡਾ ਢੂਢੀਆ ਕੋ ਨੀਮੀੑ ਮੈਡਾ॥

ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ॥ ੧॥

ਦਰੁ ਬੀਭਾ ਮੈ ਨੀਮਿੑ ਕੋ ਕੈ ਕਰੀ ਸਲਾਮੁ॥ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ॥ ੧॥ ਰਹਾਉ॥

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ॥ ੨॥

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ॥ ਗੁਰ ਕਾ ਸਬਦੁ ਨ ਚੀਨੑਹੀ ਤਤੁ ਸਾਰੁ ਨਿਰੰਤਰ॥ ੩॥

ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ॥ ਅੰਤਰਿ ਵਸਤੁ ਨ ਜਾਣਨੀੑ ਘਟਿ ਬ੍ਰਹਮੁ ਲੁਕਾਣਾ॥ ੪॥

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ॥ ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ॥ ੫॥

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ॥ ੬॥

ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ॥

ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ॥ ੭॥

ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ॥ ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ॥ ੮॥

ਰਾਗ ਆਸਾ ਮਹਲਾ ੧ ਪੰਨਾ ੪੧੯

--ਕਿ ਸਾਰੀ ਦੁਨੀਆਂ ਦੇਖਣ ਉਪਰੰਤ ਮੈਂ ਇਸ ਨਤੀਜੇ `ਤੇ ਪਹੁੰਚਿਆ ਹਾਂ ਕਿ ਰੱਬ ਵਰਗਾ ਸਹਾਇਕ ਹੋਰ ਕੋਈ ਵੀ ਨਹੀਂ ਹੈ। ਇਹਨਾਂ ਤੁਕਾਂ ਵਿੱਚ ਰੱਬੀ ਹੁਕਮ ਅਨੁਸਾਰ ਚੱਲਣ ਦੀ ਤਮੱਨਾ ਰੱਖੀ ਗਈ ਹੈ। ਰੱਬ ਜੀ ਦਾ ਸੇਵਕ ਤਾਂ ਹੀ ਬਣਿਆ ਰਹਿ ਸਕੀਦਾ ਹੈ ਜੇ ਉਸ ਅਨੁਸਾਰੀ ਹੋ ਕੇ ਚਲਿਆ ਜਾਏ। ਅਧਿਆਪਕ ਵੀ ਓਸੇ ਬੱਚੇ ਨਾਲ ਹੀ ਪਿਆਰ ਕਰਦਾ ਹੈ ਜੋ ਅਧਿਆਪਕ ਅਨੁਸਾਰੀ ਹੋ ਚਲਣ ਨੂੰ ਤਰਜੀਹ ਦੇਂਦਾ ਹੈ।

ਬਹੁਤੀ ਦਫ਼ਾ ਦੇਖਿਆ ਹੈ ਕਿ ਅਸੀਂ ਰੱਬੀ ਨਿਯਮ ਨੂੰ ਤੋੜ ਕੇ ਅੱਗੇ ਨਿਕਲਣ ਦੇ ਯਤਨ ਵਿੱਚ ਹੁੰਦੇ ਹਾਂ। ਜਿਸ ਤਰ੍ਹਾਂ ਅਸੀਂ ਸਮਝ ਲਿਆ ਹੈ ਕਿ ਸ਼ਾਇਦ ਸਾਧਾਂ ਪਾਸੋਂ ਅਰਦਾਸਾਂ ਕਰਾਉਣ ਨਾਲ ਸਾਡੇ ਘਰ ਵਿੱਚ ਮੁੰਡਾ ਹੀ ਪੈਦਾ ਹੋਏਗਾ। ਕੌਣ ਇਹਨਾਂ ਨੂੰ ਸਮਝਾਵੇ ਕਿ ਕੁਦਰਤੀ ਕੰਮ ਵਿੱਚ ਇਹਨਾਂ ਸਾਧਾਂ ਦਾ ਕੋਈ ਯੋਗਦਾਨ ਨਹੀਂ ਹੈ। ਫਿਰ ਇਹਨਾਂ ਪਾਸੋਂ ਅਰਦਾਸਾਂ ਕਰਾ ਕੇ ਰੱਬੀ ਨਿਯਮਾਵਲੀ ਨੂੰ ਕਿਉਂ ਤੋੜਨ ਦਾ ਯਤਨ ਕਰ ਰਹੇ ਹਾਂ।

ਜਿਹੜੇ ਆਪ ਰੋਟੀ ਕਮਾਉਣ ਤੋਂ ਕਿਨਾਰਾ ਕਰੀ ਬੈਠੇ ਹਨ, ਲੋਕ ਉਹਨਾਂ ਪਾਸੋਂ ਆਪਣੇ ਕਾਰੋਬਾਰ ਵਧਾਉਣ ਦੀਆਂ ਅਰਦਾਸਾਂ ਕਰਾਉਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਇਹ ਸਿੱਧ ਜੋਗੀ ਤਾਂ ਆਪ ਵਿਚਾਰੇ ਮੰਗ ਖਾਣੇ ਹਨ ਤੁਹਾਨੂੰ ਇਹ ਕੀ ਲੈ ਕੇ ਦੇ ਸਕਦੇ ਹਨ।

ਗੰਦੀਆਂ ਲੀਰਾਂ ਪਹਿਨਣ ਵਾਲੇ ਵਿਚਾਰੇ ਮੰਗ ਕੇ ਰੋਟੀ ਖਾਣ ਨੂੰ ਤਰਜੀਹ ਦੇਂਦੇ ਹਨ। ਕਦੇ ਇਹਨਾਂ ਨੇ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ। ਇਹਨਾਂ ਕਦੇ ਇੱਕ ਰਸ ਵਾਲੀ ਸ੍ਰਸ਼ੇਟ ਅਸਲੀਅਤ ਨੂੰ ਨਹੀਂ ਖੋਜਿਆ।

ਲੋਕਾਂ ਦੇ ਹੱਥ ਦੇਖਣ ਵਾਲੇ, ਆਪਣੇ ਜੋਤਿਸ਼ ਦੀ ਵਿਦਿਆ ਦੁਆਰਾ ਲੋਕਾਂ ਨੂੰ ਭਵਿੱਖਤ ਦੱਸਣ ਵਾਲੇ, ਪਾਠਾਂ ਦੀਆਂ ਵਿਧੀਆਂ ਸਮਝਾਉਣ ਵਾਲੇ ਅਜੇਹੇ ਪਾਖੰਡੀ ਲੋਕਾਂ ਨੇ ਆਪਣੇ ਹਿਰਦੇ ਵਿਚੋਂ ਰੱਬ ਦੀ ਭਾਲ ਕੀਤੀ ਹੀ ਨਹੀਂ ਹੈ ਭਾਵ ਰੱਬੀ ਗੁਣਾਂ ਦੀ ਪਹਿਛਾਣ ਹੀ ਨਹੀਂ ਕੀਤੀ।

ਕੋਈ ਤੀਰਥਾਂ `ਤੇ ਜਾ ਕੇ ਜੱਬ ਕਰ ਰਿਹਾ ਹੈ, ਕੋਈ ਅੱਗਾਂ ਬਾਲ ਕੇ ਧੂਣੀਆਂ ਲਾਈ ਬੈਠਾ ਹੈ। ਤਪ ਕਰਨ ਵਾਲੇ ਵਿੱਚ ਠੰਢਕ ਆਉਣੀ ਚਾਹੀਦੀ ਸੀ ਪਰ ਇਹ ਅਗਨੀ ਦੇ ਤਪ ਨਾਲੋਂ ਵੀ ਵੱਧ ਤਪਿਆ ਬੈਠਾ ਹੈ। ਅਜੇਹਾ ਤਪੀਆ `ਤੇ ਇੰਜ ਲੱਗਦਾ ਹੈ ਜਿਵੇਂ ਅੱਗ ਦੀਆਂ ਲਾਟਾਂ `ਤੇ ਬੈਠਾ ਹੋਵੇ। ਕਦੇ ਆਤਮਕ ਜੀਵਨ ਦੀ ਖੋਜ ਕਰਨਗੇ ਤਾਂ ਹੀ ਕਿਸੇ ਕਿਨਾਰੇ ਲੱਗਣਗੇ।

ਸਿੱਖੀ ਵਿੱਚ ਵੀ ਅਜੇਹੇ ਸਾਧਾਂ ਦੀ ਦਿਨ-ਬ-ਦਿਨ ਭਰਮਾਰ ਹੁੰਦੀ ਜਾ ਰਹੀ ਹੈ ਕਿ ਅਸਾਂ ਵਿਆਹ ਨਹੀਂ ਕਰਾਇਆ। ਇਸ ਲਈ ਅਸੀਂ ਆਮ ਲੁਕਾਈ ਨਾਲੋਂ ਸ੍ਰਸ਼ੇਟ ਹਾਂ। ਅਜੇਹੇ ਜਤੀ ਕੇਵਲ ਭਟਕਣਾ ਦਾ ਹੀ ਸ਼ਿਕਾਰ ਹਨ ਇਸ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ। ਬੰਦਾ ਇਹਨਾਂ ਨੂੰ ਪੁੱਛੇ ਕਿ ਤੁਹਾਡੇ ਮਾਂ ਬਾਪ ਦਾ ਵਿਆਹ ਨਾ ਹੁੰਦਾ ਤਾਂ ਤੁਸੀਂ ਕਿਥੋਂ ਆਉਣਾ ਸੀ? ਹੁਣ ਤੁਸੀਂ ਕਹਿੰਦੇ ਹੋ ਕੇ ਵਿਆਹ ਨਹੀਂ ਕਰਾਉਣਾ ਚਾਹੀਦਾ ਕਿਉਂ ਕਿ ਰੱਬ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ। ਅਜੇਹੀ ਸੋਚ ਨੂੰ ਲਾਹਨਤੀ ਹੀ ਕਿਹਾ ਜਾ ਸਕਦਾ ਹੈ। ਐਸੇ ਸਮਾਜ ਦੇ ਬਾਗੀ ਆਪਣੇ ਖ਼ਿਆਲਾਂ ਅਨੁਸਾਰ ਹੀ ਜਨਮ ਮਰਣ ਦੇ ਗੇੜ ਵਿੱਚ ਪਏ ਹੋਏ ਹਨ। ਇਹਨਾਂ ਵਿਚਾਰਿਆਂ `ਤੇ ਤਰਸ ਹੀ ਆਉਂਦਾ ਹੈ।

ਗ੍ਰਹਿਸਤੀ ਜੀਵਨ ਵਿੱਚ ਵਿਚਰ ਕੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ ਰੱਬ ਦੀ ਬਣਾਈ ਹੋਈ ਖ਼ਲਕਤ ਦੀ ਸੇਵਾ ਕਰਦੇ ਹਨ। ਰੱਬ ਦੀ ਖਿੜੀ ਹੋਈ ਫਲਵਾੜੀ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ। ਹਰ ਵੇਲੇ ਰੱਬੀ ਭੈ-ਭਾਵਨੀ ਵਿੱਚ ਵਿਚਰ ਕਿ ਆਪਣੇ ਆਪ ਨੂੰ ਨਿਯਮਬੱਧ ਕਰਦੇ ਹਨ ਅਸਲ ਵਿੱਚ ਇਹਨਾਂ ਨੇ ਹੀ ਅਸਲੀ ਅੰਦਰਲੇ ਰੱਬ ਜੀ ਦੀ ਪਹਿਚਾਣ ਕੀਤੀ ਹੈ।

ਇਸ ਅਸਲੀਅਤ ਦੀ ਪਛਾਣ ਗੁਰ-ਗਿਆਨ ਵਿੱਚ ਰੱਖੀ ਗਈ ਹੈ— “ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ”॥

ਭਟਕਣਾ ਵਾਲੀ ਬਿਰਤੀ ਨੂੰ ਗੁਰੂ ਜੀ ਉਪਦੇਸ਼ ਦੇਂਦੇ ਹਨ ਕਿ ਭਲ਼ਿਆ:

(ਜਿਸ ਨੂੰ ਪਰਮਾਤਮਾ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਆਪ) ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ। ਉਸ ਨੇ ਆਪਣੇ ਅੰਦਰੋਂ ਮਾਇਆ ਦੀ ਮਮਤਾ ਦੂਰ ਕਰ ਦਿੱਤੀ, ਮਾਇਆ ਦਾ ਮੋਹ ਤਿਆਗ ਦਿੱਤਾ। ਉਹ ਉਸ ਘਰ ਵਿੱਚ ਆ ਟਿਕਿਆ ਜੇਹੜਾ ਸਦਾ ਲਈ ਉਸ ਦਾ ਆਪਣਾ ਬਣ ਗਿਆ (ਪ੍ਰਭੂ-ਚਰਨਾਂ ਵਿੱਚ ਲੀਨ ਹੋ ਗਿਆ)। ੧

ਰੱਬ ਜੀ ਦਾ ਦੀਦਾਰ ਭਾਵ ਉਸ ਦੀ ਸਮਝ ਕੇਵਲ ਗੁਰ-ਗਿਆਨ ਵਿਚੋਂ ਹੈ ਨਾ ਕਿ ਸਰੀਰ ਨੂੰ ਦੁੱਖ ਦੇਣੇ ਹਨ, ਵੱਖ ਵੱਖ ਤਰੀਕਿਆਂ ਨਾਲ ਆਪਣੇ ਸਰੀਰ ਨੂੰ ਦੁੱਖ ਦੇਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਧਰਮੀ ਨਹੀਂ ਮੰਨਦੇ ਸਗੋਂ ਸਮਝਾਉਂਦੇ ਹਨ ਕਿ ਪ੍ਰਮਾਤਮਾ ਦੀ ਦੈਵੀ ਗੁਣਾਂ ਵਾਲੀ ਜੋਤ ਤੁਹਾਡੇ ਹਿਰਦੇ ਵਿੱਚ ਹੀ ਹੈ ਪਰ ਇਹ ਦੈਵੀ ਗੁਣਾਂ ਵਾਲੀ ਜੋਤ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਦੇਵੇ ਨਾਲ ਜਗਾਉਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਤੁਖਾਰੀ ਰਾਗ ਵਿੱਚ ਇਲਾਹੀ ਫੁਰਮਾਣ ਹੈ---

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ॥

ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ॥

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ॥

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ॥

ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ॥

ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ॥ ੧॥

ਤੁਖਾਰੀ ਮਹਲਾ ੧ ਪੰਨਾ ੧੧੧੧

ਹੇ ਭਾਈ ! ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿੱਚ ਆਪਣਾ) ਪਰਕਾਸ਼ ਕਰ ਰਿਹਾ ਹੈ । ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ ? ਹੇ ਭਾਈ ! ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ । ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ । ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿੱਚ ਵਸਾਂਦਾ ਹੈ । ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ । ਹੇ ਭਾਈ ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ । ਹੇ ਨਾਨਕ ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ । ੧।

ਸਾਰੇ ਸੰਸਾਰ ਨੂੰ ਜਿਹੜਾ ਪ੍ਰਭੂ ਪ੍ਰਕਾਸ਼ ਕਰ ਰਿਹਾ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਦੇ ਸ਼ਬਦ ਰਾਂਹੀ ਹੀ ਦੇਖਣਾ ਸੰਭਵ ਹੈ। ਗੁਰ-ਸ਼ਬਦ ਰਾਂਹੀ ਇਹ ਹਿਰਦੇ ਵਿੱਚ ਪਏ ਹੋਏ ਗੁਣਾਂ ਸਬੰਧੀ ਗਿਆਨ ਆਉਂਦਾ ਹੈ ਤੇ ਗੁਣਾਂ ਨਾਲ ਸਰੀਰ ਦੇ ਇੰਦ੍ਰੇ ਵਿਕਾਰਾਂ ਵਲੋਂ ਦੂਰੀ ਬਣਾਉਂਦੇ ਹਨ। ਆਤਮਕ ਗੁਣਾਂ ਨੂੰ ਖਾ ਜਾਣ ਵਾਲੇ ਵਿਕਾਰਾਂ `ਤੇ ਪਕੜ ਪਾ ਲੈਂਦਾ ਹੈ। ਭੈ-ਭਾਵਨੀ ਵਾਲੇ ਆਤਮਕ ਗੁਣਾਂ ਨਾਲ ਮਾਨਸਿਕ ਵਿਕਾਸ ਹੁੰਦਾ ਹੈ। ਇਹ ਰੱਬੀ ਵਿਕਾਸ ਸਾਡੇ ਵਤੀਰੇ ਤੋਂ ਪ੍ਰਗਟ ਹੋਣਾ ਹੈ। ਅੰਦਰਲੀ ਹਉਮੇ ਨੂੰ ਖਤਮ ਕਰਨਾ ਰੱਬੀ ਚਰਨਾ ਵਿੱਚ ਜੁੜਨਾ ਹੈ।

ਬਾਬਾ ਅਮਰਦਾਸ ਜੀ ਨੇ ਰੱਬ ਦੀ ਪ੍ਰਾਪਤੀ ਲਈ ਕਈ ਵਾਰੀ ਗੰਗਾ ਦੀ ਯਾਤਰਾ ਕੀਤੀ ਓੜਕ ਜਦੋਂ ਸਦੀਵ-ਕਾਲ ਦੈਵੀ ਗੁਣਾਂ ਦੀ ਸਮਝ ਗੁਰ-ਸ਼ਬਦ ਵਿਚੋਂ ਮਿਲੀ ਤਾਂ ਉਹਨਾਂ ਸਮਝਾਇਆ ਕਿ ਅੰਦਰਲੀ ਹਉਮੇ ਦੀ ਮੈਲ ਤਾਂ ਹੀ ਉੱਤਰ ਸਕਦੀ ਹੈ ਜੇ ਗੁਰੂ ਸਬਦ ਦੀ ਵਿਚਾਰਧਾਰਾ ਨੂੰ ਆਪਣੇ ਮਨ ਦਾ ਹਿੱਸਾ ਬਣਾਇਆ ਜਾਏ।

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ॥

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ॥ ੧

ਸਿਰੀ ਰਾਗੁ ਮਹਲਾ ੩ ਪੰਨਾ ੩੭

ਅੰਤਰ-ਆਤਮੇ ਦੇ ਸੁੱਖ ਦੀ ਗੱਲ ਕਰਦਿਆਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਸਤਿਗਰ ਦੇ ਭਾਣੇ ਅਨੁਸਾਰ ਹੋ ਕੇ ਜ਼ਿੰਦਗੀ ਦੇ ਕਿਸੇ ਵੀ ਮਹੱਤਵ ਨੂੰ ਸਮਝਿਆ ਜਾ ਸਕਦਾ—ਤੇ ਇਹ ਹੀ ਰੱਬੀ ਮਿਲਾਪ ਦੀ ਸਿੱਖਰ ਹੈ-

ਮਨ ਮੇਰੇ, ਸਤਿਗੁਰ ਕੈ ਭਾਣੈ ਚਲੁ॥

ਨਿਜ ਘਰਿ ਵਸਿਹ, ਅੰਮ੍ਰਿਤ ਪੀਵਹਿ, ਤਾ ਸੁਖ ਲਹਹਿ ਮਹਲੁ॥ ੧॥ ਰਹਾਉ॥

ਸਿਰੀ ਰਾਗੁ ਮਹਲਾ ੩ ਪੰਨਾ ੩੭

ਰੱਬੀ ਗਿਆਨ ਵਾਲੀਆਂ ਧਾਰਮਕ ਪੁਸਤਕਾਂ ਦੱਸਦੀਆਂ ਹਨ ਕਿ ਮਨ ਹੱਠ ਕਰਕੇ ਰੱਬ ਜੀ ਦੀ ਪ੍ਰਾਪਤੀ ਨਹੀਂ ਹੈ ਇਹ `ਤੇ ਕੇਵਲ ਗੁਰਬਾਣੀ ਸ਼ਬਦ ਨੂੰ ਸਮਝਿਆਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਸਕਦੀ ਹੈ—

ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ॥

ਮਨ ਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ॥

ਪਉੜੀ ਪੰਨਾ ੮੬

ਅਕਾਲ ਪੁਰਖ ਨੂੰ ਆਪਣੇ ਨੇੜੇ ਜਾਨਣ ਦਾ ਯਤਨ ਤਾਂ ਹੀ ਹੋ ਸਕਦਾ ਹੈ ਜੇ ਗੁਰ-ਸ਼ਬਦ ਰਾਂਹੀ ਆਪਣੇ ਹਿਰਦੇ ਨੂੰ ਸਮਝਣ ਦਾ ਯਤਨ ਕਰਾਂਗਾ---

ਸਦਾ ਹਜੂਰਿ, ਦੂਰਿ ਨ ਜਾਣਹੁ॥ ਗੁਰ ਸਬਦੀ ਹਰਿ ਅੰਤਰਿ ਪਛਾਣਹੁ॥

ਮਾਝ ਮਹਲਾ ੩ ਪੰਨਾ ੧੧੬

ਤਿੰਨ ਵਿਚਾਰ ਸਪੱਸ਼ਟ ਹੁੰਦੇ ਹਨ। ਇੱਕ ਗੁਰ, ਦੂਜਾ ਗੁਰੂ ਦਾ ਗਿਆਨ ਜੋ ਗੁਰ-ਸ਼ਬਦ ਵਿਚੋਂ ਮਿਲਦਾ ਹੈ ਤੇ ਤੀਜਾ ਇਸ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਨਾਲ ਰੱਬੀ ਮਿਲਾਪ ਦੀ ਉੱਚਤਾ ਹੈ—

ਘਟਿ ਘਟਿ ਰਮਈਆ ਰਮਤ ਰਾਮਰਾਇ ਗੁਰ ਸਬਦਿ ਗੁਰੂ ਲਿਵ ਲਾਗੇ॥

ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ॥ ੨॥

ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ॥

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ॥ ੩॥

ਗਉੜੀ ਪੂਰਬੀ ਮਹਲਾ ੪ ਪੰਨਾ ੧੭੨

ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿੱਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ। ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ। ੨। ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿੱਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ। ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ। ੨।

ਗੁਰ-ਸ਼ਬਦ ਰਾਂਹੀ ਪ੍ਰਮਾਤਮਾ ਨੂੰ ਦੇਖਣ ਦੇ ਕੁੱਝ ਹੋਰ ਗੁਰਬਾਣੀ ਪ੍ਰਮਾਣ ਵੀ ਸਮਝੀਏ—

ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ॥

ਗਉੜੀ ਮਾਝ ਮਹਲਾ ੪ ਪੰਨਾ ੧੭੪

ਸਹਜ ਕੇਲ, ਅਨਦ ਖੇਲ, ਰਹੇ ਫੇਰ, ਭਏ ਮੇਲ॥ ਨਾਨਕ ਗੁਰ ਸਬਦਿ ਪਰਾਤੋ॥ ੩॥

ਗਉੜੀ ਮਹਲਾ ੫ ਪੰਨਾ ੨੧੪-- ਹੇ ਨਾਨਕ ! (ਆਖ—ਹੇ ਜੋਗੀ ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿੱਚ ਪ੍ਰੋਇਆ ਜਾਂਦਾ ਹੈ। ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। ੩ ---

ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ॥

ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ, ਪਾਈਐ ਗੁਰ ਕੈ ਹੇਤਿ ਅਪਾਰਿ॥ ੮॥

ਆਸਾ ਮਹਲਾ ੩ ਪੰਨਾ ੪੨੭—

ਹੇ ਭਾਈ ! ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਚਾਰ ਕਰ। ਹੇ ਨਾਨਕ ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿੱਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ।

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ॥

ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ॥ ਰਹਾਉ॥

ਸੋਰਠਿ ਮਹਲਾ ੩ ਪੰਨਾ ੬੦੦—

ਹੇ ਮੇਰੇ ਮਨ ! (ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿੱਚ ਦੰਡ ਸਹਿੰਦਾ ਹੈ। ਰਹਾਉ ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ॥

ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ॥ ੨॥ ---

ਮੈਂ ਤੇਰੇ ਦਰ ਤੋਂ ਹੋਰ ਕੀਹ ਮੰਗਾਂ ? ਤੈਨੂੰ ਹੋਰ ਕੀਹ ਆਖਾਂ ਜੋ ਤੂੰ ਸੁਣੇਂ ? ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਮੈਂ ਤੇਰੇ ਦਰਸਨ ਦੀ ਪਿਆਸੀ ਹਾਂ। ਤੂੰ ਸਦਾ-ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈਂ। ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਭੀ ਗੁਰੂ ਦੀ ਸਰਨ ਪਾ ਕੇ ਮਿਲ। ੨।

ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ਗੁਰ ਸਬਦ ਦੀ ਵਿਚਾਰ ਹੀ ਹੈ—ਜੇਹਾ ਕਿ—

ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ ਸੁਣਾਵੈ ਤਤੁ ਨ ਚੀਨੀ॥

ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ॥ ੨॥

ਰਾਮ ਕਲੀ ਮਹਲਾ ੧ ਪੰਨਾ ੯੦੫---

(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ, (ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ। ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ। ੨।

ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ॥

ਤੁਖਾਰੀ ਮਹਲਾ ੪ ਪੰਨਾ ੧੧੧੪—

ਹੇ ਭਾਈ ! ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ । ਮੈਂ ਗੁਰੂ ਤੋਂ ਸਦਕੇ ਹਾਂ ।

ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ॥

ਪਉੜੀ ਪੰਨਾ ੧੩੧੫--- ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ। --

ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ॥

ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ॥

ਪਨਾ ੧੪੧੫-- ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿੱਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ। ਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।

ਇਹਨਾਂ ਗੁਰਬਾਣੀ ਪ੍ਰਮਾਣਾਂ ਰਾਂਹੀ ਅਸਾਂ ਦੇਖਣ ਸਮਝਣ ਦਾ ਯਤਨ ਕੀਤਾ ਹੈ ਕਿ ਗੁਰ-ਸ਼ਬਦ ਦੀ ਵਿਚਾਰ ਦੁਆਰਾ ਰੱਬੀ ਗੁਣਾਂ ਦੀ ਉਸਦੇ ਸਦੀਵ ਹੁਕਮ ਦੀ ਤੇ ਸਦੀਵ ਕਾਲ ਨਿਯਮ ਦੀ ਸਮਝ ਆਉਂਦੀ ਹੈ। ਇਹਨਾਂ ਗੁਣਾਂ ਨੂੰ ਅਪਨਾਇਆਂ ਆਤਮਕ ਸੂਝ ਦਾ ਪ੍ਰਗਟਾਅ ਹੁੰਦਾ ਹੈ। ਇਹ ਸਾਰਾ ਕੁੱਝ ਸਾਡੇ ਸੁਭਾਅ ਵਿਚੋਂ ਹੀ ਦਿਸਣਾ ਚਾਹੀਦਾ ਹੈ। ਜੀਵਨ ਜੁਗਤ ਦੀ ਉੱਚਤਾ ਦਾ ਨਾਂ ਪ੍ਰਮਾਤਮਾ ਹੈ ਜੋ ਸਚਿਆਰ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ---

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫॥ {ਪੰਨਾ ੪੪੧}




.