.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਅਠਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਗੁਰਮੱਤ ਦਾ ਪ੍ਰਚਾਰ ਤੇ ਪ੍ਰਸਾਰ … ਗੁਰੂ ਜਾਮਿਆਂ ਸਮੇਂ- ਮੂਲ ਰੂਪ `ਚ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)। ਸਪਸ਼ਟ ਹੈ ਕਿ ਗੁਰਬਾਣੀ ਸਿਧਾਂਤ ਅਨੁਸਾਰ ‘ਸਤਿਗੁਰੂ ਤਾਂ ਸਦਾ ਸਦਾ’ ਭਾਵ ‘ਸਤਿਗੁਰੂ’ ਉਹੀ ਹੈ ਜਿਹੜਾ ਜਨਮ ਮਰਨ `ਚ ਨਹੀਂ ਆਉਂਦਾ ਕਿਉਂਕਿ ‘ਸਤਿ’ ਦੇ ਅਰਥ ਹੀ ਸਦਾ ਥਿਰ ਹਨ। ਫ਼ਿਰ ਵੀ ਇਥੇ ਸਾਡਾ ਇਸ਼ਾਰਾ ਕੇਵਲ ‘ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਦੇ ਜੀਵਨ ਕਾਲ ਦੇ ਸਮੇਂ ਤੱਕ ਹੀ ਸੀਮਤ ਹੈ। ਇਹ ਵੀ ਕਿ ਬੇਸ਼ੱਕ ਗੁਰੂ ਸਾਹਿਬਾਨ ਦੇ ਜੀਵਨ ਕਾਲ `ਚ ਗੁਰਮੱਤ ਪ੍ਰਚਾਰ ਦੀ ਕੁੱਝ ਝਲਕ ਪਹਿਲਾਂ ਵੀ ਆ ਚੁੱਕੀ ਹੈ; ਫ਼ਿਰ ਵੀ ਇਸ ਸਬੰਧੀ ਕੁੱਝ ਹੋਰ ਵੇਰਵੇ ਵੀ:-

(ੳ) ਪਹਿਲੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਕੁਲ 19 ਰਾਗਾਂ `ਚ ਰਚੀ। ਇਨ੍ਹਾਂ ਉਨ੍ਹੀਂ ਰਾਗਾਂ `ਚੋਂ ਕੇਵਲ ਇੱਕ ਰਾਗ ਦੁਪਹਿਰ ਦਾ ਹੈ ਜਦਕਿ ਬਾਕੀ ਅਠਾਰ੍ਹਾਂ ਰਾਗ ਸਵੇਰ ਤੇ ਸ਼ਾਮ ਦੇ ਹਨ। ਜਿਸ ਤੋਂ ਸਪਸ਼ਟ ਹੈ ਕਿ ਪਾਤਸ਼ਾਹ ਦੋਵੇਂ ਵਕਤ, ਸਤਿਸੰਗ ਰਾਹੀਂ ਰੱਬੀ ਬਾਣੀ ਦਾ ਪ੍ਰਵਾਹ ਚਲਾਇਆ ਕਰਦੇ ਸਨ। ਖੋਜ ਕੀਤਿਆਂ, ਇਸ ਤੋਂ ਇੱਕ ਹੋਰ ਵਿਸ਼ਾ ਵੀ ਸਪਸ਼ਟ ਹੈ। ਉਹ, ਕਿ ਪਾਤਸ਼ਾਹ ਕੇਵਲ ਇਕੋ ਹੀ ਸ਼ਬਦ ਦਾ ਗਾਇਣ ਕਰਦੇ ਤੇ ਉਸੇ ਸ਼ਬਦ ਵਿਚਲੇ ਸਿਧਾਂਤ ਤੇ ਵਿਚਾਰਧਾਰਾ ਨੂੰ ਸੰਗਤਾਂ ਤੱਕ ਪੂਰੀ ਤਰ੍ਹਾਂ ਸਪਸ਼ਟ ਕਰਦੇ। ਉਦੋਂ ਭਾਵ ਗੁਰਦੇਵ ਦੇ ਸਮੇਂ, ਅੱਜ ਦੀ ਤਰ੍ਹਾਂ ‘ਕਥਾ’, ‘ਕੀਰਤਨ’ ਤੇ ਸਿਮਰਨ ਆਦਿ ਵੱਖ ਵੱਖ ਵਿਸ਼ੇ ਨਹੀਂ ਸਨ। ਇਸ ਤਰ੍ਹਾਂ ਉਸ ਸਮੇਂ ਇਨ੍ਹਾਂ ਸੇਵਾਵਾਂ ਲਈ ਵੱਖ ਵੱਖ ਪ੍ਰਚਾਰਕ ਵੀ ਨਹੀਂ ਸਨ ਹੁੰਦੇ। ਉਂਜ ਵੀ, ਸਮੁਚੀ ਗੁਰਬਾਣੀ `ਚ ਕਥਾ, ਕੀਰਤਨ, ਸਿਮਰਨ ਭਾਵ ਅਜਿਹੀ ਸਮੂਹ ਸ਼ਬਦਾਵਲੀ ਪ੍ਰਭੂ ਦੀ ਸਿਫ਼ਤ-ਸਲਾਹ ਦੇ ਅਰਥਾਂ `ਚ ਹੀ ਆਈ ਹੈ, ਵੱਖ ਵੱਖ ਢੰਗਾਂ ਲਈ ਜਾਂ ਵੱਖ ਵੱਖ ਅਰਥਾਂ `ਚ ਨਹੀਂ ਆਈ।

ਉਸ ਤਰ੍ਹਾਂ ਵੀ, ਕਾਵਿ ਢੰਗ `ਚ ਉਚਾਰਣ ਕੀਤੀ ਕੋਈ ਵੀ ਰਚਨਾ ਪੂਰੀ ਤਰ੍ਹਾਂ ਤਾਂ ਹੀ ਸਪਸ਼ਟ ਹੋ ਸਕਦੀ ਹੈ ਜਦੋਂ ਉਸ ਦੇ ਮੂਲ ਅਰਥ, ਉਸਦਾ ਸੰਖੇਪ, ਭਾਵ ਅਰਥ ਤੇ ਵਿਆਖਿਆ ਨੂੰ ਵੱਖ ਵੱਖ ਕਰ ਕੇ ਲਿਆ ਜਾਵੇ। ਇਸੇ ਲਈ ਅੱਜ ਵੀ ਸਕੂਲਾਂ-ਕਾਲਜਾਂ ਦੀ ਪੜ੍ਹਾਈ `ਚ, ਜਦੋਂ ਕਵਿਤਾ ਦੇ ਵਿਸ਼ੇ ਨੂੰ ਲਿਆ ਜਾਂਦਾ ਹੈ ਤਾਂ ਉਸ ਦੇ ‘ਭਾਵਅਰਥ’, ‘ਅਰਥ’ ਤੇ ‘ਵਿਆਖਿਆ’ ਤੇ ਸੰਖੇਪ (Summery) ਚਾਰੇ ਵਿਸ਼ੇ ਵੱਖ ਵੱਖ ਲਏ ਜਾਂਦੇ ਹਨ। ਗੁਰੂ ਪਾਤਸ਼ਾਹ ਦਾ ਵੀ ਗੁਰਬਾਣੀ ਦੇ ਪ੍ਰਚਾਰ ਵਾਸਤੇ ਇਹੀ ਤਰੀਕਾ ਸੀ। ਅਜਿਹਾ ਬਿਲਕੁਲ ਨਹੀਂ ਸੀ ਕਿ ਇਕੋ ਸਮੇਂ ਤਿੰਨ-ਤਿੰਨ ਜਾਂ ਚਾਰ-ਚਾਰ ਸ਼ਬਦਾਂ ਦਾ ਕੀਰਤਨ ਕਰ ਲਿਆ, ਭਾਵੇਂ ਸੰਗਤ ਨੂੰ ਉਨ੍ਹਾਂ `ਚੋਂ ਇੱਕ ਸ਼ਬਦ ਵੀ ਸਪਸ਼ਟ ਨਾ ਆਈ ਹੋਵੇ। ਇਸ ਤੋਂ ਬਾਅਦ ਕਥਾ, ਦੂਜਾ ਕਰ ਰਿਹਾ ਹੈ ਫ਼ਿਰ ਉਹ ਵੀ, ਸ਼ਬਦ ਤੋਂ ਬਾਹਿਰ ਭਾਵੇਂ ਬਹੁਤੀਆਂ ਇਧਰ ਉਧਰ ਦੀਆਂ ਬਾਤਾਂ ਹੀ ਕਰ ਰਿਹਾ ਹੋਵੇ। ਅੱਜ ਨਾ ਤਾਂ ਬਹੁਤੇ ਰਾਗੀ ਸੱਜਨਾਂ ਦਾ ਬਾਣੀ ਦੇ ਅਰਥ-ਸਿਧਾਂਤ ਨਾਲ ਕੁੱਝ ਲੈਣਾ ਦੇਣਾ ਹੈ ਤੇ ਨਾ ਬਹੁਤੇ ਕਥਾਵਾਚਕਾਂ ਲਈ ਹੀ ਤਿਆਰੀ ਜਾਂ ਪੜ੍ਹਾਈ ਜ਼ਰੂਰੀ ਹੈ, ਜਦਕਿ ਪੰਥ ਨੂੰ ਇਸ ਸਾਰੇ ਵਿਸ਼ੇ ਵੱਲ ਉਚੇਚੇ ਧਿਆਨ ਦੇਣ ਦੀ ਲੋੜ ਹੈ।

(ਅ) ਉਦੋਂ ਨਿੱਤ ਨਵੇਂ ਪ੍ਰਚਾਰ ਕੇਂਦਰ ਪਰ ਅੱਜ? - ਹੋਰ ਲਵੋ! ਪਹਿਲੇ, ਦੂਜੇ, ਤੀਜੇ, ਚੌਥੇ ਅੰਤ ਦਸਵੇਂ ਪਾਤਸ਼ਾਹ ਤੀਕ, ਹਮੇਸ਼ਾਂ ਇੱਕ ਤੋਂ ਬਾਅਦ ਇੱਕ ਤੇ ਹਰੇਕ ਵਾਰ ਨਵਾਂ ਪ੍ਰਚਾਰ ਕੇਂਦਰ ਕਾਇਮ ਕੀਤਾ ਜਾਂਦਾ ਰਿਹਾ। ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ-ਰਾਮਦਾਸ (ਅੱਜ ਸ੍ਰੀ ਅੰਮ੍ਰਿਤਸਰ), ਉਪ੍ਰੰਤ ਤਰਨਤਾਰਨ, ਕੀਰਤਪੁਰ ਸਾਹਿਬ, ਬਾਬਾ ਬਕਾਲਾ, ਚੱਕ ਨਾਨਕੀ (ਬਾਅਦ `ਚ ਅਨੰਦਪੁਰ ਸਾਹਿਬ), ਪੋਂਟਾ ਸਾਹਿਬ, ਇਹ ਸਾਰੇ ਕੇਂਦਰ ਇਸੇ ਲੜੀ `ਚ ਆਉਂਦੇ ਹਨ।

(ੲ) ਵੇਖਣ ਦੀ ਗੱਲ ਇਹ ਵੀ ਹੈ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਸ ਇਲਾਹੀ ਧਰਮ ਦਾ ਪ੍ਰਚਾਰ, ਅੱਜ ਦੀ ਤਰ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ `ਚ ਬੱਝਾ ਹੋਇਆ ਤੇ ਸੀਮਤ ਨਹੀਂ ਸੀ। ਬਲਕਿ ਜਿਵੇਂ ਕਿ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ, ਉਦੋਂ ਨਿੱਤ ਨਵੇਂ ਨਵੇਂ ਤੇ ਲਗਾਤਾਰ ਗੁਰਮੱਤ ਪ੍ਰਚਾਰ ਦੇ ਕੇਂਦਰ ਸਥਾਪਤ ਕੀਤੇ ਜਾਂਦੇ ਸਨ। ਫ਼ਿਰ ਵੀ ਗੁਰਮੱਤ ਦਾ ਪ੍ਰਚਾਰ ਇਨ੍ਹਾਂ ਪ੍ਰਚਾਰ ਕੇਂਦਰਾਂ ਤੋਂ ਬਾਹਿਰ ਪਹੁੰਚ ਕੇ ਆਮ ਲੋਕਾਈ ਵਿਚਕਾਰ ਵੀ ਕੀਤਾ ਜਾਂਦਾ ਸੀ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ, ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ, ਕੁੱਝ ਇਲਾਕੇ ਹੀ ਨਹੀਂ ਬਲਕਿ ਸਾਰਾ ਸੰਸਾਰ ਸੀ। ਜਿੱਥੇ ਕਿਤੇ ਵੀ ਕੋਈ ਵੱਡਾ ਇਕੱਠ, ਮੇਲਾ ਤੇ ਬੇਸ਼ੱਕ ਅਨਮੱਤੀ ਤਿਉਹਾਰ ਹੁੰਦਾ, ਗੁਰਦੇਵ ਉਥੇ ਪੁਜਦੇ। ਹਰਦੁਆਰ, ਜਗਨਨਾਥ ਪੁਰੀ, ਵੈਸ਼ਨੋ ਦੇਵੀ, ਪ੍ਰਯਾਗ, ਕੁਰੂਖੇਤਰ, ਬਨਾਰਸ, ਮੱਕਾ, ਮਦੀਨਾ, ਅਚਲ ਬਟਾਲਾ ਆਦਿ `ਚ ਸਮੇਂ ਸਮੇਂ ਨਾਲ ਹੁੰਦੇ ਇਕੱਠ ਤੇ ਗੁਰਦੇਵ ਦਾ ਉਥੇ ਪੁਜਣਾ, ਇਸੇ ਲੜੀ `ਚ ਆਉਂਦੇ ਹਨ।

(ਸ) ਉਪ੍ਰੰਤ ਗੁਰੂ ਹਸਤੀਆਂ ਰਾਹੀਂ ਸਿੱਖ ਧਰਮ ਦੇ ਪ੍ਰਸਾਰ ਲਈ ਇੰਨ੍ਹਾਂ ਇਕੱਠਾਂ ਦਾ ਵੀ ਪੂਰਾ ਪੂਰਾ ਲਾਭ ਲਿਆ ਜਾਂਦਾ ਸੀ। ਕਾਰਨ ਇਹ ਕਿ ਪਾਤਸ਼ਾਹ ਜਿਸ ਸੱਚ ਧਰਮ ਦਾ ਪ੍ਰਚਾਰ ਕਰ ਰਹੇ ਸਨ, ਇਹ ਧਰਮ ਸਾਰੀ ਮਾਨਵਤਾ ਦਾ ਮੂਲ ਧਰਮ ਹੈ ਅਤੇ ਗੁਰਦੇਵ ਨੇ ਤਾਂ “ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ” (ਭਾ: ਗੁ: ੧/੨੪) ਅਨੁਸਾਰ ਭੁਲਿਆਂ ਨੂੰ ਰਾਹੇ ਪਾਉਣਾ ਸੀ।

ਫ਼ਿਰ ਇਨਾਂ ਹੀ ਨਹੀਂ ਗੁਰੂ ਪਾਤਸ਼ਾਹ ਜਿੱਥੇ ਜਾਂਦੇ ਉਥੇ ਦੀਆਂ ਸੰਗਤਾਂ ਲਈ ਯੋਗ ਪ੍ਰਚਾਰਕ ਵੀ ਥਾਪ ਦਿੰਦੇ। ਗਰਦੇਵ, ਸੰਗਤਾਂ ਨੂੰ ਕਦੇ ਬੇਸਹਾਰਾ ਨਹੀਂ ਸਨ ਛੱਡਦੇ। ਉਦੋਂ ਗੁਰਦੇਵ ਜਗ੍ਹਾ-ਜਗ੍ਹਾ `ਤੇ ਸੰਗਤਾਂ ਕਾਇਮ ਕਰਦੇ ਨਾ ਕਿ ਗੁਰਦੁਆਰੇ। ਇਸ ਦਾ ਸਪਸ਼ਟ ਮਤਲਬ ਸੀ ਕਿ ਪ੍ਰਚਾਰਕ ਨੇ ਲੋੜ ਅਨੁਸਾਰ ਸੰਗਤਾਂ `ਚ ਪੁੱਜ ਕੇ ਸਿੱਖੀ ਪ੍ਰਚਾਰ ਦੀ ਗੱਲ ਆਪ ਕਰਣੀ ਤੇ ਸੁਨਾਉਣੀ ਹੁੰਦੀ ਹੈ। ਇਹ ਨਹੀਂ ਕਿ ਪ੍ਰਚਾਰਕ ਨੇ ਖੁਦ ਕਿਧਰੇ ਅਤੇ ਇਕੋ ਜਗ੍ਹਾ ਕੇਂਦ੍ਰਤ ਹੋ ਜਾਣਾ ਹੁੰਦਾ ਹੈ ਤਾ ਕਿ ਸੰਗਤਾਂ ਆਪ ਚੱਲ ਕੇ ਉਸ ਕੋਲ ਪੁਜਣ।

(ਹ) ਪਹਿਲੇ ਪਾਤਸ਼ਾਹ ਤੋਂ ਬਾਅਦ ਦੂਜੇ ਪਾਤਸ਼ਾਹ ਦਾ ਪ੍ਰਚਾਰ ਦੌਰਾ ਬੇਸ਼ੱਕ ਕੁੱਝ ਛੋਟਾ ਸੀ ਪਰ ਤੀਜੇ ਪਾਤਸ਼ਾਹ ਦਾ ਪ੍ਰਚਾਰ ਦੌਰਾ ਵੀ ਬਹੁਤ ਲਮਾਂ ਚੌੜਾ ਤੇ ਵੱਡੇ ਇਕੱਠਾਂ ਸਮੇਂ ਵਿਸ਼ੇਸ਼ ਪਹੁੰਚ ਵਾਲਾ ਸੀ। ਬਲਕਿ ਤੀਜੇ ਪਾਤਸ਼ਾਹ ਨੇ ਪ੍ਰਚਾਰ ਪ੍ਰਬੰਧ `ਚ ਇੱਕ ਹੋਰ ਨਵਾਂ ਵਾਧਾ ਕੀਤਾ। ਆਪ ਨੇ ਉਸ ਸਮੇਂ ਦੇ ਭਾਰਤ ਦੇ 22 ਸੂਬਿਆਂ `ਚ 22 ਮੰਜੀਆਂ ਅਤੇ 52 ਪੀੜ੍ਹੇ ਭਾਵ ਪ੍ਰਚਾਰਕ ਥਾਪੇ ਪਰ ਗੁਰਦੁਆਰੇ ਫਿਰ ਵੀ ਕਾਇਮ ਨਹੀਂ ਸਨ ਕੀਤੇ। ਕਿਉਂਕਿ ਸਿੱਖੀ ਦੇ ਸੱਚ ਧਰਮ ਦਾ ਪ੍ਰਚਾਰ ਗੁਰਦੁਆਰਿਆਂ ਅਥਵਾ ਚਾਰਦਿਵਾਰੀਆਂ `ਚ ਕੇਂਦ੍ਰਤ ਹੋ ਕੇ ਕਰਣਾ ਸੰਭਵ ਹੀ ਨਹੀਂ ਸੀ। ਉਂਜ ਵੀ ਗੁਰਦੁਆਰਿਆਂ `ਚ ਤਾਂ ਉਹੀ ਪੁੱਜੇਗਾ ਜਿਸ ਦੀ ਇੱਕ ਜਾਂ ਦੂਜੇ ਢੰਗ ਸਿੱਖੀ ਨਾਲ ਸਾਂਝ ਬਣ ਚੁੱਕੀ ਹੋਵੇ। ਸੰਗਤਾਂ ਨੇ ਤਾਂ ਬਾਹਰੋਂ ਆਮ ਲੋਕਾਈ `ਚੋਂ ਹੀ ਤਿਆਰ ਹੋਣਾ ਹੁੰਦਾ ਹੈ। ਆਮ ਲੋਕਾਈ, ਜਿਹੜੀ ਕਿ ਆਪਣੇ ਆਪ ਨੂੰ ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਸਰੇਵੜੇ ਜਾਂ ਕੁੱਝ ਵੀ ਮੰਨੀ ਬੈਠੀ ਹੈ, ਉਸ ਕੋਲ ਪੁੱਜ ਕੇ ਹੀ ਸਿੱਖੀ ਤੇ ਗੁਰਬਾਣੀ ਵਾਲੇ ਸੱਚ ਧਰਮ ਦੀ ਖੁਸ਼ਬੂ ਪਹੁੰਚਾਉਣੀ ਪਵੇਗੀ।

(ਕ) ਇਸ ਦੇ ਉਲਟ, ਜੇ ਪ੍ਰਚਾਰ ਜਾਂ ਪ੍ਰਚਾਰਕ ਹੀ ਕੇਂਦ੍ਰਤ ਹੋ ਗਿਆ ਤਾਂ ਉਨ੍ਹਾਂ ਬਾਹਰਲਿਆਂ ਤੀਕ ਸਿੱਖੀ ਦੀ ਖੁਸ਼ਬੂ ਪੁਜੇਗੀ ਵੀ ਕਿਵੇਂ? ਉਪ੍ਰੰਤ ਗੁਰਦੁਆਰਿਆਂ `ਚ ਤਾਂ ਅੱਜ ਅਸੀਂ ਪ੍ਰਬੰਧ ਜਾਂ ਪ੍ਰਬੰਧਕ ਨੂੰ ਦੋਸ਼ ਦੇ ਸਕਦੇ ਹਾਂ ਕਿ ਉਹ ਸਾਡੇ `ਤੇ ਪਾਬੰਦੀਆਂ ਲਗਾਂਦੇ ਹਨ, ਉਥੇ ਅਸੀਂ ਆਪਣੇ ਮਨ ਦੇ ਸ਼ੰਕੇ-ਸੁਆਲ ਤੇ ਗੁਰਬਾਣੀ ਨਾਲ ਸਬੰਧਤ ਵਿਸ਼ੇ ਨੂੰ ਖੁੱਲ੍ਹ ਕੇ ਕਹਿ, ਸਮਝ ਤੇ ਸਮਝਾ ਸਕਦੇ। ਉਂਜ ਵੀ ਆਮ ਲੋਕਾਈ ਤੀਕ ਪੁਜਣਾ ਤਾਂ ਹੈ ਹੀ ਪ੍ਰਚਾਰਕ ਦਾ ਆਪਣਾ ਵਿਸ਼ਾ, ਜਿਹੜਾ ਕਿ ਅੱਜ ਪੂਰੀ ਤਰ੍ਹਾਂ ਮੁੱਕਾ ਪਿਆ ਹੈ। ਯੋਗ ਅਤੇ ਗੁਰਮੱਤ ਪ੍ਰਪੱਕ ਜੀਵਨ ਵਾਲੇ ਮਿੱਠਬੋਲੜੇ ਪ੍ਰਚਾਰਕਾਂ ਨੂੰ ਆਪ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਦਰਅਸਲ ਇਹੀ ਹੈ ਸਿੱਖ ਲਹਿਰ ਦੀ ਬੁਨਿਆਦ ਅਤੇ ਇਸ ਸਿੱਖ ਲਹਿਰ ਤੇ ਸਿੱਖ ਧਰਮ ਨੂੰ ਫ਼ੈਲਾਉਣ ਦਾ ਸਭ ਤੋਂ ਉੱਤਮ ਤੇ ਅਸਲ ਢੰਗ।

(ਖ) ਬਲਕਿ ਤੀਜੇ ਪਾਤਸ਼ਾਹ ਦੀਆਂ ਪ੍ਰਚਾਰ ਫੇਰੀਆਂ ਦਾ ਬਲਕਿ ਉਨ੍ਹਾਂ ਰਾਹੀਂ ਅਨਮੱਤੀ ਵਿਸ਼ੇਸ਼ ਪੁਰਬ “ਅਭੀਚ” ਸਮੇਂ ਗੁਰਮੱਤ ਪ੍ਰਚਾਰ ਲਈ ਉਚੇਚੇ ਪ੍ਰਯਾਗ ਪੁਜਣਾ, ਇਸਦਾ ਖੁੱਲਾ ਡੁੱਲਾ ਜ਼ਿਕਰ ਤਾਂ ਚੌਥੇ ਪਾਤਸ਼ਾਹ ਦੀ ਬਾਣੀ `ਚ ਵੀ ਆਇਆ ਹੈ। ਉਪ੍ਰੰਤ ਚੌਥੇ ਪਾਤਸ਼ਾਹ ਦੀ ਪ੍ਰਚਾਰ ਫੇਰੀ ਤੇ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਪ੍ਰਚਾਰ ਫੇਰੀ ਤਾਂ ਕੌਮੀ ਉਸਰੀਏ (Nation Builder) ਦੇ ਰੂਪ `ਚ ਉਭਰੀ ਹੈ। ਆਪ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪਾਦਨਾ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ ਸਾਹਿਬ (ਜਲੰਧਰ), ਬਾਉਲੀ ਸਾਹਿਬ ਲਾਹੌਰ ਆਦਿ ਸਿੱਖੀ ਦੇ ਹੋਰ ਵੀ ਕਈ ਨਵੇਂ ਪ੍ਰਚਾਰ ਕੇਂਦ੍ਰ ਬਣਾਏ; ਉਪ੍ਰੰਤ ਸੰਗਤਾਂ ਸਹੂਲਿਅਤ ਲਈ ਇਸ ਸਬੰਧ ਅੰਮ੍ਰਿਤਸਰ, ਸੰਤੋਖ ਸਰ, ਰਾਮਸਰ ਆਦਿ ਸਰੋਵਰ ਵੀ ਕਾਇਮ ਕੀਤੇ। ਛੇਵੇਂ ਪਾਤਸ਼ਾਹ ਨੇ ਵੀ ਕੀਰਤਪੁਰ ਤੇ ਰੂਪ ਨਗਰ ਆਦਿ ਗੁਰਮੱਤ ਪ੍ਰਚਾਰ ਦੇ ਕੇਂਦਰ ਵਸਾਏ ਜਦਕਿ ਆਪ ਵੀ ਅੰਮ੍ਰਿਤਸਰ ਸਮੇਤ ਕਿਧਰੇ ਤੇ ਕਦੇ ਵੀ ਨਹੀਂ ਟਿਕੇ। ਹਮੇਸ਼ਾਂ ਪ੍ਰਚਾਰ ਦੌਰਿਆਂ ਉਪਰ ਹੀ ਰਹੇ। ਸਤਵੇਂ ਪਾਤਸ਼ਾਹ ਦੇ ਜੀਵਨ `ਚੋਂ ਵੀ ਗੁਰਮੱਤ ਪ੍ਰਚਾਰ ਸਬੰਧੀ ਅਜਿਹੇ ਭਰਵੇਂ ਦਰਸ਼ਨ ਹੁੰਦੇ ਹਨ। ਉਪ੍ਰੰਤ ਅਠਵੇਂ ਪਾਤਸ਼ਾਹ ਵੇਲੇ ਬੇਸ਼ੱਕ ਜਿੰਨਾਂ ਸਮਾਂ ਬਹੁਤਾ ਘੱਟ ਸਮਾਂ ਸੀ, ਤਾਂ ਵੀ ਜਿਤਨਾ ਬਣਿਆ ਉਹ ਵੀ ਇਸੇ ਗਿਣਤੀ `ਚ ਆਉਂਦਾ ਹੈ। ਨੌਵੇਂ ਪਾਤਸ਼ਾਹ ਬਾਰੇ ਤਾਂ ਭੱਟ ਵਹੀਆਂ ਵੀ ਗਵਾਹੀ ਭਰਦੀਆਂ ਹਨ ਕਿ ਗੁਰਗੱਦੀ ਪ੍ਰਾਪਤੀ ਤੋਂ ਲਗਭਗ ਤੀਹ ਸਾਲ ਪਹਿਲਾਂ ਤੋਂ ਅਰੰਭ ਕਰਕੇ, ਅੰਤ ਸ਼ਹੀਦੀ ਦੇ ਸਮੇਂ ਤੀਕ ਆਪ ਵੀ ਪ੍ਰਚਾਰ ਦੌਰਿਆਂ `ਤੇ ਹੀ ਰਹੇ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ, ਨੌਵੇਂ ਪਾਤਸ਼ਾਹ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਵਾਲਾ ਦੌਰਾ ਵੀ ਸਭ ਤੋਂ ਵੱਡਾ ਦੌਰਾ ਸੀ। ਦਸਵੇਂ ਪਾਤਸ਼ਾਹ ਵੇਲੇ ਜੰਗਾਂ ਜੁਧਾਂ ਤੋ ਇਲਾਵਾ ਜਿੰਨਾਂ ਸਮਾਂ ਪ੍ਰਾਪਤ ਹੋਇਆ, ਦਸਮੇਸ਼ ਪਿਤਾ ਵੀ ਅਨੰਦਪੁਰ ਸਾਹਿਬ ਤੀਕ ਸੀਮਿਤ ਹੋ ਕੇ ਕਦੇ ਨਹੀਂ ਸਨ ਬੈਠੇ। ਚਮਕੌਰ ਦੀ ਗੜ੍ਹੀ, ਮੁਕਤਸਰ ਦੀ ਢਾਬ, ਸਾਬੋ ਕੀ ਤਲਵੰਡੀ ਵਿਖੇ ਭਾਈ ਡੱਲੇ ਕੋਲ, ਉਪ੍ਰੰਤ ਗੁਰਦੇਵ ਦਾ ਦੱਖਣ ਸ੍ਰੀ ਨਾਂਦੇੜ ਪੁੱਜਣਾ, ਪਾਤਸ਼ਾਹ ਰਾਹੀਂ ਪਹਿਲਾਂ ਤੋਂ ਕੀਤੇ ਜਾ ਚੁੱਕੇ ਪ੍ਰਚਾਰ ਦੌਰਿਆਂ ਦਾ ਹੀ ਨਤੀਜਾ ਸਨ।

(ਗ) ਫ਼ਿਰ ਤੀਜੇ ਪਾਤਸ਼ਾਹ ਸਮੇਂ 22 ਮੰਜੀਆਂ 52 ਪੀੜ੍ਹੇ, ਚੌਥੇ ਤੇ ਪੰਜਵੇਂ ਪਾਤਸ਼ਾਹ ਸਮੇਂ ਮਸੰਦ ਪ੍ਰਥਾ ਜਿਹੜੀ ਦਸਵੇਂ ਪਾਤਸ਼ਾਹ ਤੀਕ ਕਾਇਮ ਰਹੀ। ਇਹ ਸਾਰੇ ਸਿੱਖੀ ਦੇ ਚਲਦੇ ਫਿਰਦੇ ਪ੍ਰਚਾਰ ਕੇਂਦ੍ਰ ਸਨ, ਭਾਵ ਪ੍ਰਚਾਰਕ ਖ਼ੁਦ ਕਦੇ ਵੀ ਕੇਂਦ੍ਰਤ ਹੋ ਕੇ ਨਹੀਂ ਸਨ ਬੈਠੇ ਰਹਿੰਦੇ। ਫਿਰ ਛੇਵੇਂ ਪਾਤਸ਼ਾਹ ਸਮੇਂ ਵੀ ਪ੍ਰਚਾਰਕ ਥਾਪੇ ਗਏ; ਵੱਖਰੀ ਗੱਲ ਹੈ ਕਿ ਅਜੋਕੇ ਵਿਗੜੇ ਪ੍ਰਚਾਰ ਪ੍ਰੰਬਧ `ਚ, ਉਨ੍ਹਾਂ `ਚੋਂ ਕਈਆਂ ਦੇ ਵਾਰਿਸ ਤੇ ਰਿਸ਼ਤੇਦਾਰ ਤਾਂ ਆਪਣੀਆਂ ਆਪਣੀਆਂ ਗੱਦੀਆ ਕਾਇਮ ਕਰਕੇ, ਆਪਣੇ ਉਨ੍ਹਾਂ ਬਜ਼ੁਰਗਾਂ ਦੇ ਨਾਮ ਦੇ ਚੈਕ ਕੈਸ਼ ਕਰਵਾ ਰਹੇ ਹਨ ਤੇ ਸੰਗਤਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ। ਕਈ ਹਾਲਤਾਂ `ਚ ਤਾਂ ਪੰਥਕ ਜਥੇਬੰਦੀ ਨੂੰ ਖੇਰੂੰ ਖੇਰੂੰ ਕਰਣ ਦਾ ਕਾਰਨ ਵੀ ਉਹ ਲੋਕ ਵੀ ਬਣੇ ਰਹੇ ਹਨ। ਜਦਕਿ ਇਨ੍ਹਾਂ ਗੱਦੀਦਾਰਾਂ ਦਾ ਛੇਵੇਂ ਤੋਂ ਬਾਅਦ ਦਸਵੇਂ ਪਾਤਸ਼ਾਹ ਤੀਕ ਇਤਿਹਾਸ `ਚ ਕਿਧਰੇ ਜ਼ਿਕਰ ਨਹੀਂ ਮਿਲਦਾ। ਮੂਲ ਰੂਪ `ਚ ਗੁਰੂ ਦਰਬਾਰ ਵੱਲੋਂ, ਇਹ ਗੱਦੀਆਂ ਨਹੀਂ, ਸਮੇਂ ਸਮੇਂ `ਤੇ ਪ੍ਰਚਾਰਕ ਹੀ ਥਾਪੇ ਜਾਂਦੇ ਸਨ, ਇਹ ਕਿਸੇ ਲਈ ਵੀ ਪ੍ਰਵਾਰਕ ਵਿਸ਼ਾ ਕਦੇ ਵੀ ਨਹੀਂ ਸਨ।

‘ਦਬਿਸਤਾਨ ਮੁਜ਼ਾਹਿਬ’ ਤੇ ਸਿੱਖ ਧਰਮ? -ਇਕ ਸੂਚਨਾ ਮੁਤਾਬਕ ‘ਦਬਿਸਤਾਨ ਮੁਜ਼ਾਹਿਬ’ ਦੇ ਲਿਖਾਰੀ ‘ਮੁਹਸਨ ਫ਼ਾਨੀ’ ਨੇ ਵੀ ਆਪਣੀ ਲਿਖਤ `ਚ ਇਸ ਗੱਲ ਦਾ ਭਰਵਾਂ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹਰੇਕ ਆਉਣ ਵਾਲੇ ਗੁਰੂ ਜਾਮੇ ਸਮੇਂ ਗੁਰੂ ਕੇ ਸਿੱਖਾਂ ਦੀ ਗਿਣਤੀ `ਚ ਸਮੇਂ ਸਮੇਂ ਨਾਲ ਭਰਵਾਂ ਵਾਧਾ ਹੋਇਆ।

ਇਹ ਵੀ ਠੀਕ ਹੈ ਕਿ ਪੁਸਤਕ ‘ਦਬਿਸਤਾਨ ਮੁਜ਼ਾਹਿਬ’ ਦਾ ਮੂਲ ਪਰਸ਼ਿਅਨ ਭਾਸ਼ਾ `ਚ ਹੈ। ਇਸ ਤਰ੍ਹਾਂ ਇਹ ਵੀ ਕਿ ਪੁਸਤਕ ‘ਦਬਿਸਤਾਨ ਮੁਜ਼ਾਹਿਬ’ ਦਾ ਅੰਗ੍ਰੇਜ਼ੀ ਅਨੁਵਾਦ ਸੰਨ ੧੭੮੯ `ਚ ਹੋਇਆ। ਉਪ੍ਰੰਤ ਸੰਨ ੧੮੦੯ `ਚ ਇਸ ਦਾ ਅਨੁਵਾਦ ਜਰਮਨ ਭਾਸ਼ਾ `ਚ ਵੀ ਹੋਇਆ। ਇਹੀ ਨਹੀਂ, ਸੰਨ ੧੮੦੯ `ਚ ਹੀ ਕਲਕੱਤੇ ਤੋਂ ਇਸ ਦਾ ਮੂਲ ਤੇ ਭਰੋਸੇਯੋਗ ਸੰਸਕਰਣ ਭਾਰਤ `ਚ ਵੀ ਛਪਿਆ ਜਿਸ ਦੇ ਪ੍ਰਕਾਸ਼ਕ ਮਿ: ਨਜ਼ਰ ਅਸਰਫ਼ ਸਨ। ਜਦਕਿ ਇਹ ਵੀ ਸੂਚਨਾ ਹੈ ਕਿ ਪੰਜਵੇਂ ਪਾਤਸ਼ਾਹ ਸਮੇਂ ਤਾਂ ਗੁਰੂ ਕੇ ਸਿੱਖਾਂ ਦੀ ਗਿਣਤੀ ਬਹੁਤ ਵਧ ਚੁੱਕੀ ਸੀ। ਮੁਹਸਨ ਫ਼ਾਨੀ ਅਨੁਸਾਰ ਵੀ ਖਾਸਕਰ ਭਾਰਤ ਦਾ ਕੋਈ ਵੀ ਮੁਗ਼ਲ ਸ਼ਾਸਤ ਸ਼ਹਿਰ ਨਹੀਂ ਸੀ ਬਚਿਆਂ ਜਿੱਥੇ ਵੱਡੀ ਗਿਣਤੀ `ਚ ਸਿੱਖ ਵੱਸੋਂ ਨਹੀਂ ਸੀ ਫ਼ੈਲ ਚੁੱਕੀ।

ਇਸ ਤਰ੍ਹਾਂ ਇੱਕ ਅੰਦਾਜ਼ੇ ਮੁਤਾਬਕ ਯਕੀਨਣ ਉਸ ਵੇਲੇ ਦੂਜਿਆਂ ਦੀਆਂ ਇਨ੍ਹਾਂ ਲਿਖਤਾਂ `ਚ ਸਿੱਖਾਂ ਸਬੰਧੀ ਇਨ੍ਹਾਂ ਗਿਣਤੀਆਂ `ਚ ਸਿੱਖ ਸ਼੍ਰਧਾਲੂਆਂ ਤੇ ਸੰਪੂਰਣ ਸਿੱਖ ਲਹਿਰ ਨੂੰ ਵੀ ਸਿੱਖ ਵੱਸੋਂ ਹੀ ਬਿਆਨਿਆ ਗਿਆ ਹੋਵੇਗਾ। ਕਿਉਂਕਿ ਇਸ `ਚ ਵੀ ਸ਼ੱਕ ਨਹੀਂ ਕਿ ਪਹਿਲੇ ਜਾਮੇ ਤੋਂ ਹੀ ਸਿੱਖਾਂ ਦੀ ਮੂਲ ਗਿਣਤੀ ਤੋਂ ਵਧ ਸਿੱਖ ਸ਼੍ਰਧਾਲੂਆਂ ਦੀ ਗਿਣਤੀ ਤੇ ਸਿੱਖ ਲਹਿਰ ਵੀ ਵਧੇਰੇ ਪ੍ਰਬਲ ਰਹੀ ਹੈ। ਇਸ ਤਰ੍ਹਾਂ ਇੱਕ ਤੋਂ ਬਾਅਦ ਦੂਜੇ ਭਾਵ ਹਰੇਕ ਗੁਰੂ ਵਿਅਕਤੀ ਸਮੇਂ ਸਿੱਖਾਂ ਦੀ ਗਿਣਤੀ ਦੇ ਨਾਲੋ ਨਾਲ ਵਧਦੇ ਜਾਣ ਦਾ ਜ਼ਿਕਰ ਡਾਕਟਰ ਗੰਡਾ ਸਿੰਘ ਨੇ ਵੀ ਆਪਣੇ ਸੰਕਲਣ ਤੇ ਸੰਪਾਦਿਤ ਪੁਸਤਕ ‘ਮਾਖ਼ਜ਼-ਏ-ਤਵਰੀਖ- ਏ ਸਿਖਾਂ’ ਦੇ ਪੰਨਾ ੩੩ (ਤੇਤੀ) `ਤੇ ਕੀਤਾ ਹੈ। ਜਦਕਿ ਡਾਕਟਰ ਗੰਡਾ ਸਿੰਘ ਦੀ ਇਸ ਪੁਸਤਕ ਨੂੰ ਵੀ ਮੁਹਸਨ ਫ਼ਾਨੀ ਦੀ ਰਚਨਾ ‘ਦਬਿਸਤਾਨ ਮਜ਼ਾਹਿਬ’ ਦਾ ਹੀ ਇੱਕ ਮਜ਼ਬੂਤ ਸਰੋਤ ਮੰਣਿਆ ਜਾਂਦਾ ਹੈ।

ਸਿੱਖ ਲਹਿਰ ਕਿਵੇਂ ਤੇ ਕਿਸ ਤਰ੍ਹਾਂ ਕਾਇਮ ਰਹੀ? - ਇਸ ਸਾਰੇ ਵਿਸ਼ੇ ਨੂੰ ਰੋਸ਼ਨੀ `ਚ ਲਿਆਉਣ ਦਾ ਮਕਸਦ, ਉਸ ਇਤਿਹਾਸਕ ਸਚਾਈ ਨੂੰ ਸਮਝਣ ਦਾ ਯਤਨ ਕਰਣਾ ਹੈ ਕਿ ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ ਆਦਿ ਨਵੇਂ ਪ੍ਰਚਾਰ ਕੇਂਦ੍ਰ ਤਾਂ ਕਾਇਮ ਕੀਤੇ ਗਏ ਸਨ, ਪਰ ਸਿੱਖੀ ਦੇ ਪ੍ਰਚਾਰ ਨੂੰ ਇਨ੍ਹਾਂ ਪ੍ਰਚਾਰ ਕੇਂਦ੍ਰਾਂ `ਚ ਵੀ ਕਦੇ ਕੇਂਦ੍ਰਿਤ ਨਹੀਂ ਕੀਤਾ ਗਿਆ। ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਦਾ ਕੇਂਦਰ ਹਮੇਸ਼ਾਂ ਸਮੁਚੀ ਮਾਨਵਤਾ ਅਤੇ ਲੋਕਾਈ ਦੇ ਵੱਡੇ ਵੱਡੇ ਇਕੱਠ ਅੱਥਵਾ ਪੂਰਾ ਸੰਸਾਰ ਹੀ ਰਿਹਾ। ਜਦਕਿ ਦਸਵੇਂ ਜਾਮੇਂ ਤੋਂ ਬਾਅਦ ਅਸਾਂ ਆਪਣੀ ਇਹ ਮੂਲ ਪਰਿਪਾਟੀ ਹੀ ਭੁਲਾ ਦਿੱਤੀ ਹੈ। ਸਿੱਖੀ ਪ੍ਰਚਾਰ-ਅਜਿਹਾ ਵਿਸ਼ਾ ਹੈ ਹੀ ਨਹੀਂ ਜਿਸ ਨੂੰ ਕੇਵਲ ਕੁੱਝ ਇਮਾਰਤਾਂ ਤੀਕ ਸੀਮਿਤ ਕਰਕੇ, ਸਿੱਖੀ ਪ੍ਰਚਾਰ ਦੀ ਲਹਿਰ ਨੂੰ ਫੈਲਾਇਆ-ਪ੍ਰਚਾਰਿਆ ਤੇ ਇਸ ਨੂੰ ਸਦਾ ਲਈ ਜੀਵਤ ਰਖਿਆ ਜਾ ਸਕਦਾ ਹੋਵੇ। ਕਾਰਨ, ਸਿੱਖ ਭਾਵ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਣ ਵਾਲੇ ਸੱਚ ਧਰਮ ਨੇ ਤਾਂ ਪਹਿਲਾਂ ਸਿੱਖ ਲਹਿਰ ਦੇ ਰੂਪ `ਚ ਹੀ ਪਣਪਣਾ ਤੇ ਮਜ਼ਬੂਤ ਹੋਣਾ ਹੈ, ਜਦਕਿ ਉਸ ਚੋਂ ਸਿੱਖ ਤਾਂ ਬਾਅਦ `ਚ ਹੀ ਸਜਨੇ ਹਨ। ਇਸ ਸਬੰਧ `ਚ ਯੋਗ ਸੇਧ ਸਾਨੂੰ ਗੁਰੂ ਜਾਮਿਆਂ ਦੇ ਇਤਿਹਾਸ ਤੋਂ ਹੀ ਲੈਣੀ ਪਵੇਗੀ।

ਸਿੱਖ ਧਰਮ ਦੇ ਅਜਿਹੇ ਪ੍ਰਚਾਰ ਪ੍ਰਬੰਧ ਦੇ ਕੁੱਝ ਵਿਸ਼ੇਸ਼ ਲਾਭ-ਇਹ ਵੀ ਸੱਚ ਹੈ ਕਿ ਅਜਿਹੇ ਚਲਦੇ ਫ਼ਿਰਦੇ ਸਿੱਖੀ ਪ੍ਰਚਾਰ ਵਾਲੇ ਢੰਗ ਦੇ ਕੁੱਝ ਹੋਰ ਵੱਡੇ ਲਾਭ ਵੀ ਸਨ। ਇਸ ਦਾ ਪਹਿਲਾ ਤੇ ਸਭ ਤੋਂ ਵੱਡਾ ਲਾਭ ਹੈ ਕਿ ਅਜਿਹੇ ਪ੍ਰਚਾਰ ਢੰਗ ਨਾਲ ਸਿੱਖ ਧਰਮ ਅਤੇ ਗੁਰਬਾਣੀ ਵਿਚਾਰਧਾਰਾ ਦਾ ਕੇਵਲ ਪ੍ਰਚਾਰ-ਪ੍ਰਸਾਰ ਹੀ ਨਹੀਂ ਬਲਕਿ ਇਸ ਨਾਲ ਸਿੱਖ ਲਹਿਰ ਨੂੰ ਵੀ ਭਰਵੀਂ ਤਾਕਤ ਮਿਲਦੀ ਹੈ, ਇਸ `ਚ ਨਿਤ ਨਵਾਂ ਵਾਧਾ ਵੀ ਹੁੰਦਾ ਹੈ। ਇਸ ਦਾ ਦੂਜਾ ਵੱਡਾ ਲਾਭ ਹੈ ਕਿ ਇਸ ਪ੍ਰਚਾਰ ਢੰਗ `ਚ ਕਦੇ ਕੋਈ ਪ੍ਰਬੰਧਕੀ ਰੁਕਾਵਟ ਵੀ ਨਹੀਂ ਆ ਸਕਦੀ। ਜਦਕਿ ਅਜਿਹੇ ਪ੍ਰਚਾਰ ਢੰਗ ਦੌਰਾਨ ਇਹ ਜ਼ਰੂਰੀ ਹੈ ਕਿ ਬਾਹਰ ਦੇ ਖੁੱਲ੍ਹੇ ਪ੍ਰਚਾਰ ਕੇਂਦ੍ਰਾਂ `ਚ, ਮੌਜੂਦਾ ਗੁਰਦੁਆਰੇ ਵਿਚਲੇ ਸਤਿਕਾਰ ਵਾਲਾ ਢੰਗ ਨਹੀਂ ਚੱਲ ਸਕਦਾ। ਇਹ ਗੱਲ ਵੱਖਰੀ ਹੈ ਕਿ ਅਜਿਹੇ ਸਮੇਂ ਸ਼ਬਦਾਂ ਦੀ ਟੇਕ ਲੈਣ ਵਾਸਤੇ ਸਾਜ਼ਾਂ ਨੂੰ, ਵਿੱਚ ਵਿੱਚ, ਦੂਜੇ ਸੱਜਨਾਂ ਰਾਹੀਂ ਵਰਤਿਆ ਜਾਵੇ ਅਤੇ ਅਜਿਹਾ ਹੁੰਦਾ ਵੀ ਰਿਹਾ ਹੈ।

ਤੀਜਾ, ਸਿੱਖੀ ਪ੍ਰਚਾਰ ਦੇ ਇਸ ਢੰਗ `ਚ ਅਜਿਹਾ ਕਰਣਾ ਹੋਰ ਵੀ ਲਾਹੇਵੰਦ ਹੋਵੇਗਾ ਜੇ ਕਰ ਯੋਗ ਪ੍ਰਚਾਰਕ ਆਪਣਾ-ਆਪਣਾ ਮੰਚ ਕਾਇਮ ਕਰਣ ਦੇ ਨਾਲ, ਸਮੇਂ ਸਮੇਂ ਨਾਲ ਆਪਣੇ ਪ੍ਰਚਾਰ ਖੇਤ੍ਰਾਂ ਦਾ ਅਦਲ ਬਦਲ ਵੀ ਕਰਦੇ ਰਹਿਣ। ਇਸ ਤਰ੍ਹਾਂ ਇਹ ਗੱਲ ਹੋਰ ਵੀ ਵਧੀਆ ਸਾਬਤ ਹੋਵੇਗੀ। ਯੋਗ ਪ੍ਰਚਾਰਕ ਤੋਂ ਭਾਵ ਹੈ-ਸਿੱਖੀ ਦਾ ਪ੍ਰਚਾਰਕ ਮਿੱਠਬੋਲੜਾ, ਗੁਰਬਾਣੀ ਸੋਝੀ ਤੇ ਗੁਰਬਾਣੀ ਜੀਵਨ ਵਾਲਾ, ਪਾਹੁਲਧਾਰੀ, ਅਜੋਕੇ ਟੈਕਨੀਕਲ-ਇਲੈਕਟ੍ਰਾਨਕ ਮੀਡੀਏ ਦਾ ਪੂਰਾ ਲਾਭ ਉਠਾਉਣ ਯੋਗ ਹੋਵੇ। ਉਹ ਸਬੰਧਤ ਇਲਾਕਾ, ਦੇਸ਼-ਸਥਾਨ ਤੇ ਉਥੋਂ ਦੀ ਲੋਕਾਈ ਦੇ ਰਹਿਨ ਸਹਿਨ, ਚਾਲ ਚਲਣ, ਸੁਭਾਅ ਤੇ ਸੋਚਨੀ ਦੀ ਪੂਰੀ ਜਾਣਕਾਰੀ ਰਖਦਾ ਹੋਵੇ। ਜਿਨ੍ਹਾਂ ਧਰਮਾਂ ਵਿਚਕਾਰ ਉਹ ਵਿਚਰ ਰਿਹਾ ਹੋਵੇ, ਉਨ੍ਹਾਂ ਧਰਮਾਂ ਦਾ ਤੁਲਨਾਤਮਕ ਗਿਆਨ ਦੇ ਨਾਲ ਨਾਲ ਉਹ ਸੰਸਾਰਕ ਵਿੱਦਿਆ `ਚ ਵੀ ਨਿਪੁੰਨ ਹੋਵੇ।

ਇਹ ਵੀ ਜ਼ਰੂਰੀ ਹੋਵੇਗਾ ਕਿ ਅਜਿਹੇ ਪ੍ਰਚਾਰਕ ਆਪਸ `ਚ ਵਿਚਾਰ-ਵਿਟਾਂਦਰੇ ਕਰਣ ਲਈ ਸਾਂਝਾ ਮੰਚ ਵੀ ਰਖਦੇ ਹੋਣ ਤਾਂ ਜੋ ਉਨ੍ਹਾਂ ਰਾਹੀਂ ਪ੍ਰਚਾਰੀ ਜਾ ਰਹੀ ਗੁਰਮੱਤ ਵਿਚਾਰਧਾਰਾ ਇੱਕ ਦੂਜੇ ਲਈ ਕਾਟਵੀਂ ਨ ਹੋਵੇ ਜਾਂ ਗੁਰਬਾਣੀ ਦਾਇਰੇ ਤੇ ਆਸ਼ੇ ਤੋਂ ਬਾਹਿਰ ਨਾ ਜਾਂਦੀ ਹੋਵੇ। ਅਜਿਹੇ ਪ੍ਰਚਾਰ ਪ੍ਰਬੰਧ ਲਈ ਅੱਜ ਸਾਨੂੰ ਸੰਸਾਰ ਪੱਧਰ ਦੇ ਅਤੇ ਨਾਲ ਨਾਲ ਅੰਗ੍ਰੇਜ਼ੀ ਭਾਸ਼ਾ `ਚ ਨਿਪੁੰਨ ਬੁਲਾਰੇ ਤਿਆਰ ਕਰਣ ਦੀ ਵੀ ਲੋੜ ਹੈ; ਇਸ ਤੋਂ ਸਿੱਖ ਜੀਵਨ `ਚ ਮਜ਼ਬੂਤੀ ਤਾਂ ਆਵੇਗੀ ਹੀ ਜਦਕਿ ਨਾਲ ਨਾਲ ਸਿੱਖੀ ਲਹਿਰ ਦਾ ਵੀ ਲਗਾਤਰ ਫੈਲਾਅ ਹੋਵੇਗਾ।

ਖੰਡ ਚੌਥਾ (ਗੁਰਬਾਣੀ ਅਧਾਰਤ ਕੁੱਝ ਸਾਂਝੀਆਂ ਕੜੀਆਂ)

ਮਨੁੱਖ ਭਾਵੇਂ ਕਿਸੇ ਵੀ ਧਰਮ ਜਾਂ ਦੇਸ਼ ਦਾ ਵਾਸੀ ਹੋਵੇ। ਕਾਲਾ ਹੋਵੇ ਜਾਂ ਗੋਰਾ, ਅਮੀਰ ਹੋਵੇ ਜਾਂ ਗ਼ਰੀਬ; ਬਾਦਸ਼ਾਹ ਹੋਵੇ ਜਾਂ ਰੰਕ; ਇਸਤ੍ਰੀ ਹੋਵੇ ਜਾਂ ਪੁਰਖ; ਅਖੌਤੀ ਉੱਚੀ ਜਾਤ ਦਾ ਹੋਵੇ ਜਾਂ ਨੀਵੀਂ, ਜ਼ੋਰਾਵਰ ਹੋਵੇ ਜਾਂ ਦਲਿੱਤ ਤੇ ਮਜ਼ਲੂਮ। ਇਥੋਂ ਤੱਕ ਕਿ ਚਾਹੇ ਕੋਈ ਦੁਰਾਚਾਰੀ; ਵਿਭਚਾਰੀ, ਇਆਸ਼ੀ ਜੀਵਨ ਵਾਲਾ ਹੋਵੇ ਜਾਂ ਉੱਚੇ ਆਚਰਨ ਵਾਲਾ ਤੇ ਸਦਾਚਾਰੀ। ਹੋਰ ਤਾਂ ਹੋਰ ਜਦੋਂ ਕੋਈ ਹਮਾਲਾਵਰ ਤੇ ਵੈਰੀ ਵੀ ਜੰਗ ਦੇ ਮੈਦਾਨ `ਚ ਫਟੱੜ ਤੇ ਜ਼ਖਮੀ ਹੋਣ ਬਾਅਦ, ਵਿਰੋਧੀਆਂ ਦੀ ਪੱਕੜ `ਚ ਆ ਜਾਵੇ ਅਥਵਾ ਬੇਸ਼ੱਕ ਕੋਈ ਵੱਡਾ ਜ਼ਾਲਮ ਵੀ ਕਿਸੇ ਕਾਰਨ ਅਸਹਾਇ ਅਵਸਥਾ `ਚ ਪੁੱਜ ਜਾਵੇ ਤਾਂ ਵੀ ਇਹ ਕੁਦਰਤੀ ਨਿਯਮ ਹੈ ਕਿ ਹਰੇਕ ਮਨੁੱਖ ਵਿਚਕਾਰ ਕੁੱਝ ਲੋੜਾਂ ਤੇ ਕੜੀਆਂ ਸਾਂਝੀਆਂ ਹੁੰਦੀਆਂ ਹਨ। ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਇਹ ਲੋੜਾਂ ਤੇ ਕੜੀਆਂ ਕਿਹੜੀਆਂ ਤੇ ਕਿਸ ਤਰ੍ਹਾਂ ਦੀਆਂ ਹਨ? ਦਰਅਸਲ ਇਸ ਸੁਆਲ ਦਾ ਜੁਆਬ ਵੀ ਮਿਲੇਗਾ ਤਾਂ ਗੁਰਬਾਣੀ ਵਿਚਾਰਧਾਰਾ `ਚੋਂ ਹੀ। ਤਾਂ ਤੇ ਕੇਵਲ ਇੱਕ ਸਰਸਰੀ ਨਜ਼ਰ `ਚ ਹੀ ਸਹੀ ਪਰ ਸਮੂਚੇ ਮਨੁੱਖਾ ਜੀਵਨ ਨਾਲ ਸਬੰਧਤ ਇਹ ਸਾਂਝੀਆਂ ਲੋੜਾਂ ਤੇ ਕੜੀਆਂ ਕੁੱਝ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ:-

ਦੂਜਿਆਂ ਕੋਲੋਂ ਇਜ਼ਤ (Self Respect) ਦੀ ਉਮੀਦ ਰਖਣਾ ਤੇ ਹਰੇਕ ਦੀ ਆਪਣੀ ਈਗੋ।

ਹਰੇਕ ਨਾਲ ਬੋਲਚਾਲ `ਚ ਨਮ੍ਰਤਾ ਤੇ ਮਿਠਾਸ ਦੀ ਲੋੜ।

ਦੂਜਿਆਂ ਵੱਲੋਂ ਹਮਦਰਦੀ ਤੇ ਆਪਣੇ ਪਣ ਦੀ ਉਮੀਦ ਰਖਣੀ।

ਬਿਨਾ ਵਿਤਕਰਾ ਦੂਜਿਆਂ ਬਲਕਿ ਅਣਮੱਤੀਆਂ ਲਈ ਵੀ ਪਿਆਰ ਦੀ ਭਾਵਨਾ।

ਮਜਬੂਰ ਤੇ ਮਜ਼ਲੂਮ ਦੀ ਵੇਲੇ ਸਿਰ ਮਦਦ।

ਸੰਗਤੀ ਅਨੁਸ਼ਾਸਨ ਉਪ੍ਰੰਤ ਮਨੁੱਖੀ ਸਮਾਨਤਾ ਦੀ ਭਾਵਨਾ ਆਦਿ।

ਗਹਿਰਾਈ ਤੋਂ ਦੇਖਾਂਗੇ ਤਾਂ ਸਮਝ ਆ ਜਾਵੇਗੀ ਕਿ ਸੰਸਾਰ ਦਾ ਚਾਹੇ ਕੋਈ ਵੀ ਕੋਣਾ-ਨੁੱਕਰ ਕਿਉਂ ਨਾ ਹੋਵੇ ਪਰ ਹਰੇਕ ਮਨੁੱਖ ਵਿਚਕਾਰ ਕੇਵਲ ਇਹੀ ਨਹੀਂ ਬਲਕਿ ਅਜਿਹੀਆਂ ਬੇਅੰਤ ਕੜੀਆਂ ਬਿਲਕੁਲ ਸਾਂਝੀਆਂ ਹੁੰਦੀਆਂ ਹਨ। ਉੇਸੇ ਦਾ ਨਤੀਜਾ ਹੁੰਦਾ ਹੈ ਕਿ ਵਿਚਾਰਧਾਰਾ ਤੇ ਧਾਰਮਿਕ ਵਿਸ਼ਵਾਸ ਪਿਛੇ ਰਹਿ ਜਾਂਦੇ ਹਨ ਤੇ ਇਹ ਕੜੀਆਂ ਸਾਹਮਣੇ ਤੇ ਉਪਰ ਆ ਜਾਂਦੀਆਂ ਹਨ। ਜਦਕਿ ਗੁਰਬਾਣੀ ਅੰਦਰ ਮਨੁੱਖ ਮਾਤ੍ਰ ਲਈ ਅਜਿਹੇ ਸਾਰੇ ਉਪਦੇਸ਼ ਸੇਧਾਂ ਤੇ ਇਸ ਤਰ੍ਹਾਂ ਦੇ ਆਦੇਸ਼ ਤੇ ਉਪਦੇਸ਼ ਬਾਰ ਬਾਰ ਦਿੱਤੇ ਹੋਏ ਹਨ। ਫ਼ਿਰ ਜੇਕਰ ਫ਼ਰਕ ਹੈ ਤਾਂ ਸਾਡੇ ਅਮਲ `ਚ। ਗੁਰੂ ਦੇ ਸਿੱਖ ਹੋਣ ਦੇ ਨਾਤੇ ਭਾਵੇਂ ਅਸੀਂ ਸਾਰੇ ਮੱਥਾ ਤਾਂ ‘ਗੁਰੂ ਗ੍ਰੰਥ ਸਾਹਿਬ ਜੀ ਦੇ’ ਚਰਨਾਂ `ਚ ਹੀ ਟੇਕ ਰਹੇ ਹਾਂ। ਇਥੋਂ ਤੱਕ ਕਿ ਗੁਰਬਾਣੀ ਵਿਚਲੇ ਉਨ੍ਹਾਂ ਆਦੇਸ਼ਾਂ ਤੇ ਉਪਦੇਸ਼ਾਂ ਨੂੰ ਵਧ ਚੜ੍ਹ ਕੇ ਸਾਜ਼ਾਂ ਨਾਲ ਪੜ੍ਹ ਵੀ ਰਹੇ ਹਾਂ। ਬਲਕਿ ਸਬੰਧਤ ਗੁਰ ਫ਼ੁਰਮਾਨਾਂ ਨੂੰ ਆਪਣੀਆਂ ਕਥਾਵਾਂ ਤੇ ਵਖਿਆਣਾ `ਚ ਵੀ ਅਨੇਕਾਂ ਵਾਰ ਵਰਤੋਂ `ਚ ਲਿਆਉਂਦੇ ਹਾਂ ਪਰ ਸਾਡੀ ਅਜੋਕੀ ਰਹਿਣੀ ਚੋਂ ਇਹ ਸਭ ਪੂਰੀ ਤਰ੍ਹਾਂ ਮੁੱਕੇ ਪਏ ਹਨ। ਤਾਂ ਤੇ ਗੁਰਬਾਣੀ ਦੇ ਕੁੱਝ ਵਿਸ਼ੇਸ਼ ਤੇ ਸੁਨਹਿਰੀ ਅਸੂਲ ਜਿਵੇਂ:-

ਭਾਵ ਗੁਰਬਾਣੀ ਦੇ ਕੁੱਝ ਸੁਨਹਿਰੀ ਅਸੂਲ ਅਤੇ ਸਾਂਝੀਆਂ ਕੜੀਆਂ-ਜਿਸ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਅਸੀਂ ਨਿੱਤ ਮੱਥਾ ਟੇਕਦੇ ਹਾਂ, ਜੇ ਕਰ ਉਨ੍ਹਾਂ ਰਾਹੀਂ ਸੰਸਾਰ ਨੂੰ ਬਖ਼ਸ਼ੇ ਤੇ ਪ੍ਰਗਟ ਕੀਤੇ, ਅਜਿਹੇ ਸੁਨਿਹਰੀ ਅਸੂਲਾਂ ਦੀ ਗਿਣਤੀ ਹੀ ਕਰਣ ਲਗੀਏ ਤਾਂ ਇਹ ਗਿਣਤੀ ਵੀ ਅਮੁੱਕ ਹੈ। ਫ਼ਿਰ ਵੀ ਹੱਥਲੇ ਵਿਸ਼ੇ ਨਾਲ ਸਬੰਧਤ, ਇਥੇ ਕੇਵਲ ਗੁਰਬਾਣੀ ਵਿਚਲੇ ਕੁੱਝ ਅਜਿਹੇ ਸੁਨਿਹਰੀ ਅਸੂਲਾਂ ਤੇ ਸਾਂਝੀਆਂ ਕੜੀਆਂ `ਤੇ ਹੀ ਸਰਸਰੀ ਝਾਤ ਪਾ ਰਹੇ ਹਾਂ ਤਾ ਕਿ ਮੂਲ ਵਿਸ਼ਾ ਸਮਝ `ਚ ਆ ਸਕੇ ਜਿਵੇਂ:-

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩)

“ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨)

“ਭਾਖਿਆ ਭਾਉ ਅਪਾਰੁ” (ਬਾਣੀ ਜਪੁ)

“ਆਈ ਪੰਥੀ ਸਗਲ ਜਮਾਤੀ” (ਬਾਣੀ ਜਪੁ)

“ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ)

“ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ” (ਪੰ: ੬੭੧)

“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧)

“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ…” (ਬਾਣੀ ਜਪੁ)

“ਉਲਾਹਨੋ ਮੈ ਕਾਹੂ ਨ ਦੀਓ” (ਪੰ: ੯੭੮)

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦)

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: ੧੨੪੫)

“ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ” (ਪੰ: ੬੭੪)

“ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪)

“ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬)

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭)

“ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯)

ਉਪ੍ਰੰਤ ਜੇਕਰ ਇਤਨੀਆਂ ਹੀ ਸਾਂਝੀਆਂ ਕੜੀਆਂ ਨਾਲ ਸਬੰਧਤ ਅਤੇ ਕੁੱਝ ਹੀ ਵੇਰਵਾ ਦੇਣਾ ਹੋਵੇ ਤਾਂ ਵੀ ਗੁਰਬਾਣੀ ਆਧਾਰਤ ਇਨ੍ਹਾਂ ਸੰਬਧੀ ਵੱਡੇ ਵੱਡੇ ਗ੍ਰੰਥ ਲਿਖਣ ਦੀ ਲੋੜ ਹੈ। ਜਦਕਿ ਇਥੇ ਤੇ ਅੱਗੇ ਕੇਵਲ ਵਿਸ਼ੇ ਨੂੰ ਸਮਝਣ ਲਈ ਕੁੱਝ ਇਸ਼ਾਰੇ ਹੀ ਦੇਣ ਦਾ ਕੁੱਝ ਜਤਣ ਕਰ ਰਹੇ ਹਾਂ।

ਗੁਰੂ ਨਾਨਕ ਮੱਤ ਦੀਆਂ ਇਹ ਸਾਂਝੀਆਂ ਕੜੀਆਂ-ਇਸ ਤੋਂ ਬਾਅਦ ਇਹ ਵੀ ਦੇਖਣਾ ਹੈ ਕਿ ਮਨੁੱਖ ਦੀਆਂ ਇਨ੍ਹਾਂ ਸਾਂਝੀਆਂ ਕੜੀਆਂ ਵੱਲ ਸਭ ਤੋਂ ਪਹਿਲਾਂ ਜੇਕਰ ਕਿਸੇ ਧਿਆਨ ਦਿੱਤਾ, ਉਨ੍ਹਾਂ ਦੀ ਵਿਆਖਿਆ ਕੀਤੀ ਤੇ ਇਸ ਪੱਖੋਂ ਮਨੁੱਖ ਮਾਤ੍ਰ ਦੀ ਸੰਭਾਲ ਕੀਤੀ ਹੈ ਤਾਂ ਉਹ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੇ ਹੀ ਕੀਤੀ ਹੈ। ਇਥੋਂ ਤੱਕ ਕਿ ਦਸੋਂ ਪਾਤਸ਼ਾਹੀਆਂ ਨੇ ਆਪਣੇ ਆਪਣੇ ਜੀਵਨ ਕਾਲ `ਚ ਆਪਣੀ ਕਰਣੀ ਉਪ੍ਰੰਤ ਸਬੰਧਤ ਸਿਧਾਂਤਾਂ-ਆਦੇਸ਼ਾਂ ਦੀ ਵਿਆਖਿਆ ਰਾਹੀਂ ਮਨੁੱਖ ਮਾਤ੍ਰ ਦੇ ਜੀਵਨ ਨੂੰ ਇਨ੍ਹਾਂ ਨਾਲ ਜੋੜਿਆ ਵੀ। ਨਾਲ ਨਾਲ ਸੰਗਤਾਂ ਰਾਹੀਂ ਵੀ, ਇਨ੍ਹਾਂ ਸਾਂਝੀਆਂ ਕੜੀਆਂ ਦੀ ਕੀਤੀ ਜਾ ਰਹੀ ਵਰਤੋਂ ਵੱਲ ਪੂਰਾ ਪੂਰਾ ਧਿਆਣ ਦਿੱਤਾ। ਇਹੀ ਕਾਰਨ ਸੀ ਕਿ ਕਾਫ਼ੀ ਸਮਾਂ ਬਾਅਦ ਤੱਕ ਅਨੇਕਾਂ ਸਿੱਖਾਂ ਨੇ ਆਪਣੇ ਜੀਵਨ ਤੇ ਕਰਣੀ `ਚੋਂ ਇਨ੍ਹਾਂ ਕੜੀਆਂ ਨੂੰ ਪ੍ਰਗਟ ਵੀ ਕੀਤਾ। ਬੇਸ਼ੱਕ ਉਸੇ ਗੁਰਬਾਣੀ ਪ੍ਰਚਾਰ ਵਾਲੇ ਸੱਚ ਦਾ ਕੁੱਝ ਪ੍ਰਭਾਵ ਅੱਜ ਤੱਕ ਵੀ ਕਈ ਸਿੱਖਾਂ ਦੇ ਜੀਵਨ ਅੰਦਰੋਂ ਮਿਲ ਜਾਂਦਾ ਹੈ ਪਰ ਉਹ ਕੇਵਲ ਪਨੀਰੀ ਦਰ ਪਨੀਰੀ ਹੈ ਜਦਕਿ ਸਿੱਖ ਧਰਮ ਦੇ ਅਜੋਕੇ ਪ੍ਰਚਾਰ ਵਾਲੇ ਪਾਸਿਓਂ ਨਹੀਂ ਆ ਰਿਹਾ।

ਗਹਿਰਾਈ ਤੋਂ ਦੇਖਿਆ ਜਾਵੇ ਤਾਂ ਮੋਟੇ ਤੌਰ ਤੇ ਮਨੁੱਖ ਦੀਆਂ ਇਨ੍ਹਾਂ ਸਾਂਝੀਆਂ ਕੜੀਆਂ ਨੂੰ ਜਾਂ ਤਾਂ ਸਿੱਖ ਅੱਜ ਪੂਰੀ ਤਰ੍ਹਾਂ ਵਿਸਾਰ ਚੁੱਕਾ ਹੈ। ਜਦਕਿ ਗੁਰਬਾਣੀ ਦਾ ਮੁੱਖ ਪ੍ਰਗਟਾਵਾ ਹੋਣ ਕਾਰਨ, ਇਹ ਕੜੀਆਂ ਹੀ ਸਿੱਖ ਧਰਮ ਦੀ ਬੁਨਿਆਦ ਹਨ। ਬਲਕਿ ਜਿਵੇਂ ਅਰਜ਼ ਕਰ ਚੁੱਕੇ ਹਾਂ, ਅਜੋਕਾ ਸਿੱਖ ਉਨ੍ਹਾਂ ਹੀ ਕੜੀਆਂ ਨਾਲ ਸਬੰਧਤ ਗੁਰਬਾਣੀ ਪ੍ਰਨਾਣਾਂ ਤੇ ਸ਼ਬਦਾਂ ਨੂੰ ਸਾਜ਼ਾਂ `ਤੇ ਬੜਾ ਮਸਤ ਹੋ ਕੇ ਗਾਉਂਦਾ ਪੜ੍ਹਦਾ ਅਤੇ ਇਨ੍ਹਾਂ ਨੂੰ ਵਰਤ ਵੀ ਰਿਹਾ ਹੈ। ਦੁਖ ਤਾਂ ਇਹ ਹੈ ਕਿ ਅੱਜ ਇਸ ਕੋਲ ਇਨ੍ਹਾਂ ਦਾ ਅਮਲ ਪੂਰੀ ਤਰ੍ਹਾਂ ਮੁੱਕਾ ਪਿਆ ਹੈ। ਕਾਸ਼! ਅੱਜ ਦਾ ਸਿੱਖ ਪ੍ਰਚਾਰਕ ਘਟੋ ਘਟ ਇਨ੍ਹਾਂ ਨੂੰ ਹੀ ਆਪਣੀ ਵਿਰਾਸਤ ਵਜੋਂ ਆਪਣੇ ਜੀਵਨ `ਚ ਸੰਭਾਲੇ ਤੇ ਇਸ ਤਰ੍ਹਾਂ ਸੰਗਤਾਂ ਵਿਚਕਾਰ ਇਨ੍ਹਾਂ ਨੂੰ ਵੰਡੇ। ਇਸ ਤੋਂ ਬਾਅਦ ਕੋਈ ਵੱਜਾ ਨਹੀਂ ਕਿ ਸਿੱਖ ਮੱਤ ਫ਼ਿਰ ਤੋਂ ਆਪਣੀਆਂ ਉਨ੍ਹਾਂ ਹੀ ਬੁਲੰਦੀਆਂ ਨੂੰ ਫ਼ਿਰ ਤੋਂ ਪ੍ਰਾਪਤ ਨਾ ਕਰ ਲਵੇ। ਕਿਉਂਕਿ ਇਹ ਕੜੀਆਂ ਹੀ ਅਸਲ `ਚ ਇਸਦੇ ਨਿਜੀ ਜੀਵਨ ਤੋਂ ਇਲਾਵਾ ਮਨੁੱਖ ਮਾਤ੍ਰ ਲਈ ਸਿੱਖ ਦਾ ਸਮਾਜਿਕ ਜੀਵਨ ਵੀ ਹਨ।

ਸਾਝੀਆ ਕੜੀਆਂ ਤੇ ਅਣਮੱਤ? -ਇੱਕ ਅੰਦਾਜ਼ੇ ਮੁਤਾਬਕ ਅੱਜ ਸੰਸਾਰ ਭਰ `ਚੋਂ ਇਸਾਈ ਮੱਤ ਅਜਿਹਾ ਮੱਤ ਹੈ ਜਿਸ ਦੇ ਪੈਰੋਕਾਰ ਲਗਭਗ ਅੱਧੀ ਤੋਂ ਵਧ ਦੁਨੀਆਂ `ਚ ਫੈਲ ਚੁੱਕੇ ਹਨ। ਹੋਰ ਤਾਂ ਹੋਰ, ਅੱਜ ਪੁਲਾੜ, ਡਾਕਟਰੀ, ਵਿਗਿਆਨਕ ਖੋਜਾਂ, ਖੇਤੀ ਬਾੜੀ, ਆਰਥਕ, ਟੈਕਨੀਕਲ ਭਾਵ ਹਰ ਪੱਖੋਂ ਸੰਸਾਰ ਭਰ ਦਾ ਸਭ ਤੋਂ ਅਮੀਰ ਦੇਸ਼ ਅਮ੍ਰੀਕਾ ਹੈ ਤੇ ਉਹ ਵੀ ਇਸਾਈ ਦੇਸ਼ ਹੈ। ਫ਼ਿਰ ਕੇਵਲ ਉਥੋਂ ਦੀ ਬਹੁਤੀ ਵੱਸੋਂ ਹੀ ਨਹੀਂ ਬਲਕਿ ਸ਼ਾਸਕ ਦਲ ਵੀ ਇਸਾਈ ਮੱਤ ਦਾ ਹੀ ਧਾਰਣੀ ਹੈ, ਭਾਵ ਉਥੇ ਹਕੂਮਤ ਵੀ ਇਸਾਈ ਮੱਤ ਦੀ ਹੀ ਹੈ। ਜਦਕਿ ਵਿਦਵਾਨਾਂ ਅਨੁਸਾਰ ਸੰਸਾਰ `ਚ ਇਸਾਈ ਮੱਤ ਦੀ ਇਹ ਚੱੜ੍ਹਤ ਵੀ ਬਹੁਤ ਪੁਰਾਨੇ ਸਮੇਂ ਤੋਂ ਨਹੀਂ। ਉਨ੍ਹਾਂ ਦੀ ਇਹ ਤਰੱਕੀ ਵੀ ਅਚਾਨਕ ਤੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਭਾਵ ਗੁਰਬਾਣੀ ਦੇ ਪ੍ਰਕਾਸ਼ ਤੋਂ ਬਾਅਦ ਹੀ ਹੋਈ ਹੈ

ਉਨ੍ਹਾਂ ਵਿਦਵਾਨਾਂ ਅਨੁਸਾਰ ਉਹ ਵੀ ਇਸ ਲਈ ਹੋਈ ਕਿ ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਇਹ ਮੂਲ਼ ਲੋੜਾਂ ਤੇ ਸਾਂਝੀਆਂ ਕੜੀਆਂ ਜਿਵੇਂ ਦੂਜਿਆਂ ਲਈ ਹਮਦਰਦੀ, ਆਪਣਾਪਣ, ਸਾਰਿਆਂ ਨਾਲ ਪਿਆਰ, ਮਜਬੂਰੀ ਵੇਲੇ ਕਿਸੇ ਦੀ ਮਦਦ; ਇਸ ਤੋਂ ਬਾਅਦ ਉਸ ਫ਼ਿਰਕੇ ਦੇ ਵਿਚਕਾਰ ਜਾ ਕੇ ਆਪਸੀ ਮਿਠਬੋਲੜਾ ਤੇ ਅਨੁਸ਼ਾਸਤ ਵਿਹਾਰ ਆਦਿ ਇਹ ਸਭ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਥਵਾ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲੈ ਕੇ ਹੀ ਆਪਣੇ ਘਰ `ਚ ਸਥਾਪਤ ਕੀਤਾ ਹੈ।

ਕਾਸ਼! ਗੁਰਬਾਣੀ ਦੇ ਵਾਰਿਸ ਅਤੇ ਅਲੰਬਰਦਾਰ ਅਖਵਾਉਣ ਵਾਲੀ ਸਿੱਖ ਕੌਮ ਨੇ ਵੀ, ਆਪਣੇ ਘਰ ਵਿਚਲੇ ਇਸ ਬਹੁਮੱਲੇ ਖਜ਼ਾਨੇ ਨੂੰ ਇਸ ਪੱਖੋਂ ਸੰਭਾਲਿਆ ਹੁੰਦਾ। ਤਾਂ ਤੇ ਬੇਸ਼ੱਕ ਗੁਰਬਾਣੀ ਵਿਚਲੀਆਂ ਇਨ੍ਹਾਂ ਸਾਂਝੀਆਂ ਕੜੀਆਂ ਅਤੇ ਉਨ੍ਹਾਂ `ਚੋਂ ਵੀ ਕੇਵਲ ਕੁੱਝ `ਤੇ ਹੀ, ਅਤੀ ਸੰਖੇਪ ਵੇਰਵੇ ਸਹਿਤ ਝਾਤ ਪਾ ਰਹੇ ਹਾਂ: #08SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.