.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਧਰਮਰਾਜ ਦਾ ਸੰਕਲਪ

(ਭਾਗ ਤੀਜਾ)


ਗੁਰਬਾਣੀ ਵਿੱਚ ਧਰਮਰਾਜ ਦੇ ਸੰਕਲਪ ਦੀ ਇਸ ਲੇਖ ਲੜੀ ਵਿੱਚ ਪਾਠਕ ਪਿਛਲੇ ਅੰਕਾਂ ਵਿੱਚ ਇਹ ਪੜ੍ਹ ਚੁਕੇ ਹਨ ਕਿ ਧਰਮਰਾਜ ਸੰਬੰਧੀ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਕੀ ਧਾਰਨਾ ਸੀ ਅਤੇ ਗੁਰਬਾਣੀ ਵਿੱਚ ਇਸ ਧਾਰਨਾ ਸੰਬੰਧੀ ਕੀ ਦ੍ਰਿਸ਼ਟੀਕੋਣ ਹੈ। ਗੁਰਬਾਣੀ ਦੇ ਦ੍ਰਿਸ਼ਟੀਕੋਣ ਦੇ ਨਾਲ ਹੀ ਗੁਰਬਾਣੀ ਵਿੱਚ ਕਈ ਥਾਈਂ ਆਏ ਧਰਮਰਾਜ ਦੇ ਹਵਾਲਿਆਂ ਦੀ ਸੰਖੇਪ ਵਿੱਚ ਚਰਚਾ ਕਰਦਿਆਂ ਇਸ ਪਹਿਲੂ ਨੂੰ ਵਿਚਾਰਿਆ ਹੈ ਕਿ ਇਹਨਾਂ ਹਵਾਲਿਆਂ ਵਿੱਚ ਧਰਮਰਾਜ ਤੋਂ ਕੀ ਭਾਵ ਹੈ; ਅਰਥਾਤ ਸੰਬੰਧਤ ਫ਼ਰਮਾਨਾਂ ਵਿੱਚ ਧਰਮਰਾਜ ਸ਼ਬਦ ਕਿਸ ਪ੍ਰਕਰਣ ਵਿੱਚ ਆਇਆ ਹੈ। ਇਸ ਪ੍ਰਕਰਣ ਨੂੰ ਹੀ ਅੱਗੇ ਤੋਰਦੇ ਹੋਏ ਗੁਰਬਾਣੀ ਦੇ ਹੋਰ ਫ਼ਰਮਾਨਾਂ ਵਿੱਚ ਜਿੱਥੇ ਧਰਮਰਾਜ ਸ਼ਬਦ ਆਇਆ ਹੈ, ਇਸ ਦੇ ਭਾਵ ਨੂੰ ਪਾਠਕਾਂ ਨਾਲ ਸਾਂਝਿਆਂ ਕਰ ਰਹੇ ਹਾਂ।
ਪ੍ਰਭੂ ਦੀ ਰਚਨਾ ਦਾ ਹਰੇਕ ਅੰਗ ਉਸ ਦੇ ਹੁਕਮ ਵਿੱਚ ਹੈ, ਦੇ ਪ੍ਰਸੰਗ ਵਿੱਚ: ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ (ਪੰਨਾ 6) ਅਰਥ: (ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ `ਤੇ (ਖਲੋ ਕੇ) ਤੈਨੂੰ ਵਡਿਆ ਰਿਹਾ ਹੈ।
ਸਤਿਗੁਰੂ ਦੀ ਸੰਗਤਿ ਦੀ ਮਹਿਮਾ ਦਰਸਾਉਣ ਦੇ ਪ੍ਰਕਰਣ ਵਿਚ:- ਸਾਧਸੰਗਿ ਧਰਮ ਰਾਇ ਕਰੇ ਸੇਵਾ॥ (ਪੰਨਾ 271) ਅਰਥ: ਸਾਧੂ ਜਨਾਂ ਦੀ ਸੰਗਤਿ ਵਿੱਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ
‘ਹਰਿ ਜੂ ਅਹੰਕਾਰ ਨ ਭਾਵਈ’ ਦਾ ਭਾਵ ਦਰਸਾਉਣ ਦੇ ਪ੍ਰਸੰਗ ਵਿਚ:-ਕਿਸੈ ਨ ਬਦੈ ਆਪਿ ਅਹੰਕਾਰੀ॥ ਧਰਮ ਰਾਇ ਤਿਸੁ ਕਰੇ ਖੁਆਰੀ॥ (ਪੰਨਾ 278) ਅਰਥ: (ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ, ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।
ਮਾਇਆ ਦੇ ਮੋਹ ਵਿੱਚ ਫਸਿਆਂ ਮਨੁੱਖ ਨੂੰ ਆਤਮਕ ਸੰਤਾਪ ਭੋਗਣਾ ਪੈਂਦਾ ਹੈ, ਦਾ ਭਾਵ ਦਰਸਾਉਣ ਦੇ ਪ੍ਰਸੰਗ ਵਿਚ:- ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮ ਰਾਇ ਦੇਇ ਸਜਾਇ॥ (ਪੰਨਾ 278) ਅਰਥ: ਜਦ ਤਕ ਬੰਦਾ ਮਾਇਆ {ਵਿਕਾਰਾਂ} ਦੇ ਮੋਹ ਵਿੱਚ ਗ਼ਰਕ ਰਹਿੰਦਾ ਹੈ, ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।
ਨੋਟ: ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਮਾਇਆ ਦੇ ਮੋਹ ਵਿੱਚ ਗ਼ਰਕ ਪ੍ਰਾਣੀਆਂ ਨੂੰ ਇਸ ਜੀਵਨ ਵਿੱਚ ਹੀ ਧਰਮਰਾਜ ਵਲੋਂ ਸਜ਼ਾ ਦੀ ਗੱਲ ਕਰ ਰਹੇ ਹਨ ਨਾ ਕਿ ਮਰਨ ਉਪਰੰਤ। ਜਦ ਕੋਈ ਪ੍ਰਾਣੀ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਧਰਮਰਾਜ ਦੇ ਡੰਡ ਤੋਂ ਵੀ ਮੁਕਤ ਹੋ ਜਾਂਦਾ ਹੈ। ਭਾਵ, ਵਿਕਾਰਾਂ ਤੋਂ ਰਹਿਤ ਹੋ ਕੇ ਸੱਚੀ-ਸੁੱਚੀ ਜ਼ਿੰਦਗੀ ਗੁਜ਼ਾਰਦਾ ਹੋਇਆ ਇਨਸਾਨੀਅਤ ਭਰਪੂਰ ਜੀਵਨ ਜੀਊਂਣ ਲੱਗ ਪੈਂਦਾ ਹੈ
ਸਤ ਪੁਰਸ਼ਾਂ ਦੀ ਨਿੰਦਿਆਂ ਕਰਨ ਵਾਲਿਆਂ ਦੀ ਦੁਰਦਸ਼ਾ ਦੇ ਪ੍ਰਕਰਣ `ਚ:- ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ॥ (ਪੰਨਾ 316) ਅਰਥ: ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ)।
ਮਨੁੱਖ ਨੂੰ ਸਿਮਰਨ ਦੀ ਮਹੱਤਤਾ ਦ੍ਰਿੜ ਕਰਵਾਉਣ ਦੇ ਪ੍ਰਸੰਗ ਵਿਚ:- ਨਰਕ ਨ ਡੀਠੜਿਆ ਸਿਮਰਤ ਨਾਰਾਇਣ॥ ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ॥ (ਪੰਨਾ 460) ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ। ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।
‘ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ’ ਦੇ ਪ੍ਰਸੰਗ ਵਿੱਚ: ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ॥ ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ॥ (ਪੰਨਾ 588) ਅਰਥ: ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ, (ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ।
ਸ਼ਾਖ਼ਾਂ ਨੂੰ ਫੜਨ ਦੀ ਥਾਂ ਮੁੱਢ ਨੂੰ ਫੜਨ ਦੀ ਪ੍ਰੇਰਨਾ ਦੇ ਪ੍ਰਸੰਗ ਵਿੱਚ: ਹਰਿ ਜੀਉ ਕੀ ਹੈ ਸਭ ਸਿਰਕਾਰਾ॥ ਏਹੁ ਜਮੁ ਕਿਆ ਕਰੇ ਵਿਚਾਰਾ॥ ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ॥ 8॥ (ਪੰਨਾ 1054) ਅਰਥ: ਹੇ ਭਾਈ! ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿੱਚ ਹੈ (ਜਮਰਾਜ ਭੀ ਪਰਮਾਤਮਾ ਦੀ ਹੀ ਰਈਅਤ ਹੈ), ਪਰਮਾਤਮਾ ਦੇ ਹੁਕਮ ਤੋਂ ਬਿਨਾ ਜਮਰਾਜ ਵਿਚਾਰਾ ਕੁੱਝ ਨਹੀਂ ਕਰ ਸਕਦਾ। ਜਮਰਾਜ ਭੀ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ, ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ।
ਧਰਮਰਾਜ ਸੰਬੰਧੀ ਪ੍ਰਚਲਤ ਧਾਰਨਾ ਅਤੇ ਗੁਰਬਾਣੀ ਵਿੱਚ ਧਰਮਰਾਜ ਦੇ ਹਵਾਲਿਆਂ ਦੀ ਸੰਖੇਪ ਚਰਚਾ ਉਪਰੰਤ ਇਸ ਵਿਸ਼ੇ ਨਾਲ ਸੰਬੰਧਤ ਹੋਰ ਫ਼ਰਮਾਨਾਂ ਦੇ ਭਾਵਾਰਥ ਦੀ ਚਰਚਾ ਕਰ ਰਹੇ ਹਾਂ ਤਾਂ ਕਿ ਪਾਠਕ ਇਸ ਸੰਕਲਪ ਨੂੰ ਸਮਝ ਸਕਣ।
ਸਿਰ ਊਪਰਿ ਠਾਢੋ ਧਰਮ ਰਾਇ: ਆਸਾ ਬੰਧੀ ਮੂਰਖ ਦੇਹ॥ ਕਾਮ ਕ੍ਰੋਧ ਲਪਟਿਓ ਅਸਨੇਹ॥ ਸਿਰ ਊਪਰਿ ਠਾਢੋ ਧਰਮ ਰਾਇ॥ ਮੀਠੀ ਕਰਿ ਕਰਿ ਬਿਖਿਆ ਖਾਇ॥ (ਪੰਨਾ 178) ਅਰਥ: ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ) ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ।
ਧਰਮਰਾਜ ਦੀ ਪਰਜਾ: ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥ ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ॥ ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ॥ 2॥ (ਪੰਨਾ 38) ਅਰਥ: ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿੱਚ (ਫਸਿਆ ਰਹਿੰਦਾ) ਹੈ। ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿੱਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ। ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ)। 2.
ਧਰਮਰਾਜ ਦਾ ਲੇਖ: ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ॥ ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ॥ (ਪੰਨਾ 78) ਅਰਥ: ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ। ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿੱਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ।
ਧਰਮਰਾਜ ਦੀ ਕਾਨ: ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ॥ ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ॥ (ਪੰਨਾ 1326) ਅਰਥ: ਹੇ ਭਾਈ! ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤਿ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ। (ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤਿ ਵਿੱਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿੱਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ।
ਧਰਮਰਾਜ ਦੇ ਦੂਤਾਂ ਦਾ ਦੇਖਣਾ: ਇਹ ਕਾਰਜਿ ਤੇਰੇ ਜਾਹਿ ਬਿਕਾਰ॥ ਸਿਮਰਤ ਰਾਮ ਨਾਹੀ ਜਮ ਮਾਰ॥ ਧਰਮ ਰਾਇ ਕੇ ਦੂਤ ਨ ਜੋਹੈ॥ ਮਾਇਆ ਮਗਨ ਨ ਕਛੂਐ ਮੋਹੈ॥ (ਪੰਨਾ 185) ਅਰਥ: (ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ। ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ, (ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ, ਤੂੰ ਮਾਇਆ (ਦੇ ਮੋਹ) ਵਿੱਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ। 2.
ਧਰਮਰਾਜ ਦੇ ਦੂਤਾਂ ਦਾ ਨਾ ਦੇਖਣਾ: ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ ਜੋਹਹਿ ਦੂਤ ਧਰਮਰਾਇ॥ 1॥ ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥ 1॥ ਰਹਾਉ॥ (ਪੰਨਾ 195) ਅਰਥ: (ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ। (ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿੱਚ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰੇਂਗਾ। 1. ਰਹਾਉ। (ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ, ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿੱਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ)।
(ਨੋਟ: ਇਸ ਜਨਮ ਵਿੱਚ ਹੀ ਕ੍ਰੋੜਾਂ ਜੂਨਾਂ ਵਿੱਚ ਭਟਕਣ ਤੋਂ ਭਾਵ ਹੈ ਨਾ ਕਿ ਮਰਨ ਮਗਰੋਂ: ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ॥ ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ॥ (ਪੰਨਾ 1360) ਅਰਥ: (ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, (ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿੱਚ ਪਏ ਭਟਕਦੇ ਹਨ।)
ਧਰਮਰਾਜ ਦੀ ਸਜ਼ਾ: ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ॥ 3॥ (ਪੰਨਾ 491) ਅਰਥ: (ਹੇ ਭਾਈ!) ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ, ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ (ਉਹ ਮਾਇਆ ਦੇ ਮੋਹ ਵਿੱਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ।
ਧਰਮਰਾਜ ਦੀ ਸਜ਼ਾ ਦਾ ਰੂਪ: ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ॥ (ਪੰਨਾ 731) ਅਰਥ: ਹੇ ਭਾਈ! ਦੁਨੀਆਂ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ।
ਧਰਮਰਾਜ ਦੇ ਵਸ ਪੈਣਾ: ਜਉ ਪੈ ਰਾਮ ਰਾਮ ਰਤਿ ਨਾਹੀ॥ ਤੇ ਸਭਿ ਧਰਮ ਰਾਇ ਕੈ ਜਾਹੀ॥ 1॥ (ਪੰਨਾ 324) ਅਰਥ: ਜੇਕਰ ਉਹਨਾਂ ਦੇ (ਰਸਮੀ ਕਰਮ ਕਾਂਡ ਕਰਨ ਵਾਲਿਆਂ ਦੇ) ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।
ਜਮ ਤੀਰੁ: ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ॥ ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ॥ ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ॥ (ਪੰਨਾ 57) ਅਰਥ: (ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)। (ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿੱਚ ਆ ਪਰਗਟਦਾ ਹੈ (ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿੱਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ)।
ਜਮਕਾਲੁ ਸਹਹਿ ਸਿਰਿ ਡੰਡਾ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ॥ (ਪੰਨਾ 13) ਅਰਥ: ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ। ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ)।
ਜਮੁ ਮਾਰਿ ਕਰੈ ਖੁਲਹਾਨੁ: ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ॥ ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ॥ ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ॥ (ਪੰਨਾ 21) ਅਰਥ: ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਖ਼ੁਆਰ ਹੁੰਦਾ ਹੈ। ਮਾਇਆ ਵਾਲੀ ਭਟਕਣਾ ਵਿੱਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ।
ਜਮ ਜੰਦਾਰੁ: ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ॥ ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ॥ ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ॥ (ਪੰਨਾ 22) ਅਰਥ: (ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ। ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ। (ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।
ਜਮ ਜਾਲੇ: ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ॥ ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ॥ ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ॥ (ਪੰਨਾ 30) ਅਰਥ: ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)। ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ, ਉਹ ਸਦਾ ਜਮ ਦੇ ਜਾਲ ਵਿੱਚ ਜਮ ਦੀ ਤੱਕ ਵਿੱਚ ਰਹਿੰਦੇ ਹਨ। ਕਦੇ ਸੁਪਨੇ ਵਿੱਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ।
ਜਮਪੁਰਿ: ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ॥ ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ॥ ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ॥ (ਪੰਨਾ 36) ਅਰਥ: (ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ। (ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿੱਚ ਹੀ ਮਗਨ ਰਹਿੰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ।
ਜਮ ਕੀ ਫਾਸ: ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ॥ (ਪੰਨਾ 44) ਅਰਥ: ਸਾਧ ਸੰਗਤਿ ਵਿੱਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ {ਭਾਵ ਵਿਕਾਰਾਂ ਦੀ} ਫਾਹੀ ਕੱਟੀ ਜਾਂਦੀ ਹੈ।
ਬਿਕਟ ਜਮ ਭਇਆ: ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ॥ ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ॥ ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ॥ (ਪੰਨਾ 47) ਅਰਥ: ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ।
ਜਮੁ ਡਰਪੈ: ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥ (ਪੰਨਾ 57) ਅਰਥ: ਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ (ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤਿ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ। (ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ?
ਚੱਲਦਾ




.