.

ਸ੍ਰਿਸ਼ਟੀ ਰਚਨਾ

ਹਾਕਮ ਸਿੰਘ

ਧਾਰਮਕ ਸੋਚ ਮਨੁੱਖ ਵਿਚ ਸ੍ਰਿਸ਼ਟੀ ਅਤੇ ਮਨੁੱਖਤਾ ਦੇ ਕਰਤੇ ਬਾਰੇ ਜਾਨਣ ਦੀ ਉਤਸੁਕਤਾ ਦਾ ਪਰਿਣਾਮ ਹੈ। ਮੁੱਢ ਕਦੀਮ ਤੋਂ ਸਿਆਣੇ ਅਤੇ ਦਾਨਿਸ਼ਵਰ ਜਿਗਿਆਸੂ ਮਾਨਵਤਾ ਅਤੇ ਸ੍ਰਿਸ਼ਟੀ ਦੇ ਕਰਤੇ ਬਾਰੇ ਭਰੋਸੇ ਯੋਗ ਜਾਣਕਾਰੀ ਪ੍ਰਾਪਤ ਕਰਨ ਦੇ ਅਭਲਾਸ਼ੀ ਰਹੇ ਹਨ। ਸ੍ਰਿਸ਼ਟੀ ਅਤੇ ਜੀਵਨ ਦੇ ਅਰੰਭ ਅਤੇ ਮਨੋਰਥ ਬਾਰੇ ਪ੍ਰਭੂ ਦੇ ਵਰੋਸਾਏ ਭਗਤ ਜਨ, ਰਿਸ਼ੀ, ਮੁਨੀ, ਧਰਮ ਸ਼ਾਸਤਰੀ, ਫ਼ਿਲਾਸਫ਼ਰ ਅਤੇ ਵਿਗਿਆਨੀ ਵਿਭਿੰਨ ਪ੍ਰਕਾਰ ਦੇ ਵਿਚਾਰ ਪ੍ਰਗਟ ਕਰਦੇ ਆ ਰਹੇ ਹਨ। ਧਰਮ ਸ੍ਰਿਸ਼ਟੀ ਨੂੰ ਪ੍ਰਭੂ ਜਾਂ ਕਿਸੇ ਅਦਿੱਖ ਸ਼ਕਤੀ ਦੀ ਕਿਰਤ ਜਾਂ ਕ੍ਰਿਸ਼ਮਾ ਮੰਨਦਾ ਹੈ ਇਸ ਲਈ ਹਰ ਧਰਮ ਵਿਚ ਸ੍ਰਿਸ਼ਟੀ ਦੀ ਉਤਪਤੀ ਅਤੇ ਬਣਤਰ ਦਾ ਵਰਣਨ ਕੀਤਾ ਹੋਇਆ ਹੈ। ਆਇੰਸਟਾਇਨ ਦੇ ਰੈਲੀਟੇਵਿਟੀ ਸਿਧਾਂਤ ਦੀ ਖੋਜ ਉਪਰੰਤ ਵਿਗਿਆਨੀ ਵੀ ਸ੍ਰਿਸ਼ਟੀ ਦੀ ਉਤਪਤੀ ਦੇ ਅਨੁਮਾਨ ਬਾਰੇ ਇੱਕ ਮਤ ਹੋ ਗਏ ਹਨ, ਜਿਸ ਨੂੰ ਉਹ ਬਿੱਗ ਬੈਂਗ ਦਾ ਨਾਂ ਦਿੰਦੇ ਹਨ। ਗੁਰਮਤਿ, ਸ੍ਰਿਸ਼ਟੀ ਨੂੰ ਪ੍ਰਭੂ ਦੀ ਕਿਰਤ ਮੰਨਦੀ ਹੈ ਅਤੇ ਮਨੁੱਖਤਾ ਨੂੰ ਇਸ ਦੀ ਅਸਲੀਅਤ ਅਤੇ ਮਨੁੱਖਾ ਜੀਵਨ ਦੇ ਮਨੋਰਥ ਬਾਰੇ ਸੂਝ ਬਖ਼ਸ਼ਦੀ ਹੈ।
ਸ੍ਰਿਸ਼ਟੀ ਰਚਨਾ ਬਾਰੇ ਧਰਮ, ਫ਼ਿਲਾਸਫ਼ੀ ਅਤੇ ਵਿਗਿਆਨ ਦੀ ਪਹੁੰਚ ਵਿਚ ਮੂਲ਼ ਅੰਤਰ ਹਨ। ਬਹੁਤੇ ਧਰਮ, ਸ੍ਰਿਸ਼ਟੀ ਦੇ ਰਚਣਹਾਰ ਪ੍ਰਭੂ ਦੀ ਮਹਾਨਤਾ ਅਤੇ ਉਪਕਾਰ ਦਾ ਵਿਖਿਆਨ ਕਰਕੇ ਉਸ ਦੀ ਉਪਾਸਨਾ ਕਰਨ ਦਾ ਉਪਦੇਸ਼ ਕਰਦੇ ਹਨ, ਪਰ ਵਿਗਿਆਨ ਅਤੇ ਫ਼ਲਸਫਾ ਪ੍ਰਭੂ ਜਾਂ ਕਿਸੇ ਸਿਰਜਣਾਤਮਕ ਸ਼ਕਤੀ ਦੀ ਹੋਂਦ ਦੇ ਵਿਸ਼ਵਾਸ ਦੀ ਪ੍ਰੋੜ੍ਹਤਾ ਨਹੀਂ ਕਰਦੇ। ਧਰਮ ਪ੍ਰਭੂ ਪ੍ਰਾਪਤੀ ਦੀ ਕਿਰਿਆ ਦਾ ਮਾਰਗ ਹੈ ਜਦੋਂ ਕਿ ਵਿਗਿਆਨ ਪਦਾਰਥਕ ਜਗਤ ਵਿਚ ਵਰਤ ਰਹੇ ਕੁਦਰਤੀ ਨਿਯਮਾਂ ਦੀ ਜਾਣਕਾਰੀ ਹੈ। ਧਰਮ ਮਨੁੱਖ ਨੂੰ ਅਧਿਆਤਮਿਕ ਵਿਚਾਰਧਾਰਾ ਤੇ ਆਧਾਰਤ ਨਿਰਮਾਣ ਸਦਾਚਾਰਕ ਜੀਵਨ ਜੀਉਣ ਲਈ ਪ੍ਰੇਰਿਤ ਕਰਦਾ ਹੈ ਭਾਵੇਂ ਸਿਆਸਤਦਾਨ ਧਾਰਮਕ ਉਪਦੇਸ਼ ਨੂੰ ਦੂਸ਼ਿਤ ਕਰਕੇ ਸ਼ਰਧਾਲੂਆਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਵਿਗਿਆਨਕ ਖੋਜ ਦੇ ਸਿਟਿਆਂ ਦੀ ਵਰਤੋਂ ਜੀਵਨ ਦੀ ਗਤੀ ਨੂੰ ਤੇਜ਼ ਕਰਦੀ, ਮਾਨਸਕ ਤਣਾਓ ਵਧਾਉਂਦੀ ਅਤੇ ਵਿਹਲ ਨੂੰ ਘੱਟ ਕਰਦੀ ਹੈ। ਵਿਗਿਆਨਕ ਸੋਚ ਮਨੁੱਖੀ ਰਿਸ਼ਤਿਆਂ ਵਿਚ ਭਰੋਸਾ ਘਟਾ ਕੇ ਪ੍ਰਵਾਰ ਅਤੇ ਸਮਾਜ ਵਿਚ ਤ੍ਰੇੜਾਂ ਪਾਉਂਦੀ ਹੈ। ਵਿਗਿਆਨਕ ਜਾਣਕਾਰੀ ਨੇ ਮਨੁੱਖ ਦੀ ਸਮਾਜਕ ਅਤੇ ਆਰਥਕ ਸਵੈ ਅਧੀਨਤਾ ਨੂੰ ਸੰਕੁਚਿਤ ਕਰਕੇ ਮਨੁੱਖੀ ਜੀਵਨ ਵਿਚ ਸ਼ਾਸਨ ਅਤੇ ਕਾਰਪੋਰੇਸ਼ਨਾਂ ਦੇ ਇਖਤਿਆਰ ਵਧਾ ਦਿੱਤੇ ਹਨ। ਵਿਗਿਆਨਕ ਕਾਢਾਂ ਨੇ ਆਮ ਲੋਕਾਂ ਦੇ ਜੀਵਨ ਵਿਚ ਸਰੀਰਕ ਸੁੱਖ ਦੀਆਂ ਸੁਵਿਧਾਵਾਂ ਵਿਚ ਨਿੱਗਰ ਵਾਧਾ ਕੀਤਾ ਹੈ ਅਤੇ ਜੀਵਨ ਢੰਗ ਬਦਲ ਛਡਿਆ ਹੈ। ਬੀਤੇ ਸਮਿਆਂ ਵਿਚ ਸਰੀਰਕ ਆਰਾਮ ਦੀਆਂ ਸੁਵਿਧਾਵਾਂ ਦੀ ਘਾਟ ਹੁੰਦੀ ਸੀ, ਅਤੇ ਕਿਸਾਨ, ਕਾਰੀਗਰ, ਵਪਾਰੀ ਅਤੇ ਆਮ ਲੋਕ ਭੋਲੇ ਹੁੰਦੇ ਸਨ ਅਤੇ ਰੱਬ ਦੇ ਭਰੋਸੇ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਰੱਖਦੇ ਸਨ। ਜਦੋਂ ਤੋਂ ਵਿਗਿਆਨੀਆਂ ਨੇ ਪਦਾਰਥ ਨਾਲ ਸਬੰਧਿਤ ਕੁਦਰਤੀ ਨੇਮਾਂ ਅਤੇ ਵਰਤਾਰੇ ਨੂੰ ਸਮਝ ਕੇ ਮਨੁੱਖਤਾ ਦੀ ਪਰਕ੍ਰਿਤਕ ਯੋਗਤਾ ਵਿਚ ਵਾਧਾ ਕੀਤਾ ਹੈ ਮਨੁੱਖਾਂ ਵਿਚੋਂ ਭੋਲਾ ਪਨ ਲੋਪ ਹੁੰਦਾ ਜਾ ਰਿਹਾ ਹੈ ਅਤੇ ਸਰੀਰਕ ਸੁਵਿਧਾਵਾਂ ਲਈ ਭੱਜ ਦੌੜ ਵੱਧ ਗਈ ਹੈ। ਇਥੇ ਇਹ ਤੱਥ ਵੀ ਵਰਣਨਯੋਗ ਹੈ ਕਿ ਵਿਗਿਆਨਕ ਖੋਜਾਂ ਸਰਕਾਰਾਂ, ਯੂਨੀਵਰਸਿਟੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਹੀ ਕਰਵਾਉਣ ਦੇ ਸਮਰਥ ਹੁੰਦੀਆਂ ਹਨ, ਇਸ ਲਈ ਉਹ ਖੋਜ ਦੇ ਸਿਟਿਆਂ ਤੋਂ ਪ੍ਰਾਪਤ ਜਾਣਕਾਰੀ ਨੂੰ ਆਪਣੀ ਸੰਪਤੀ ਸਮਝਦੀਆਂ ਹਨ ਅਤੇ ਉਸ ਨੂੰ ਆਪਣੀ ਸ਼ਕਤੀ, ਸਮਰਥਾ ਅਤੇ ਧਨ ਵਧਾਉਣ ਲਈ ਵਰਤਦੀਆਂ ਹਨ।
ਵਿਗਿਆਨੀਆਂ ਦਾ ਬ੍ਰਹਮੰਡ ਦੀ ਉਤਪਤੀ ਦਾ ਅਨੁਮਾਨ ਉਹਨਾਂ ਦੇ ਬਿੱਗ ਬੈਂਗ ਸਿਧਾਂਤ ਵਿਚ ਦਿੱਤਾ ਹੋਇਆ ਹੈ। ਇਸ ਸਿਧਾਂਤ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ ਤਕਰੀਬਨ ਖ਼ਬਰਾਂ ਸਾਲ ਪਹਿਲੋਂ
(13.77 billion years) ਇਕ ਧਮਾਕੇ ਨਾਲ ਹੋਈ ਮੰਨੀ ਜਾਂਦੀ ਹੈ। ਪ੍ਰਾਰੰਭਕ ਕਿਣਕੇ ਨੂੰ ਵਿਗਿਆਨੀ ਇਕਾਈ (Singularity) ਦਾ ਨਾਂ ਦਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਕਿਣਕੇ ਦਾ ਆਕਾਰ ਇਕ ਪੈਸੇ ਜਿੰਨਾ ਸੀ ਅਤੇ ਇਹ ਬਿਨਾ ਕਿਸੇ ਥਾਂ, ਸਮੇਂ ਅਤੇ ਕਾਰਨ ਦੇ ਕੇਵਲ ਧਮਾਕਾ ਕਰਨ ਲਈ ਹੀ ਪ੍ਰਗਟ ਹੋਇਆ ਸੀ। ਇਹ ਧਮਾਕਾ ਇਕ ਬ੍ਰਹਿਮੰਡੀ ਉਪ-ਪਰਮਾਣੂ ਗੇਂਦ ਤੋਂ ਹੋਇਆ ਮੰਨਿਆ ਜਾਂਦਾ ਹੈ ਜਿਸ ਨਾਲ ਸਥਾਨ, ਸਮਾਂ, ਪਦਾਰਥ ਅਤੇ ਊਰਜਾ ਹਰ ਪਾਸੇ ਫੈਲ ਗਏ ਅਤੇ ਤਾਰੇ, ਗ੍ਰਿਹ ਅਤੇ ਆਕਾਸ਼ ਗੰਗਾਵਾਂ ਹੋਂਦ ਵਿਚ ਆਈਆਂ। ਬ੍ਰਹਮੰਡ ਨਿਰੰਤਰ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚ ਬੇਅੰਤ ਲੋਕ ਪਰਲੋਕ (Universes) ਹਨ। ਬ੍ਰਹਮੰਡ ਵਿਚ ਬਹੁਤੀ ਮਾਤਰਾ ਪ੍ਰਕਾਸ਼਼ ਹੀਣ ਪਦਾਰਥ ਅਤੇ ਊਰਜਾ (Dark matter and Dark energy) ਦੀ ਹੈ ਜਿਸ ਨੂੰ ਮਨੁੱਖ ਅਨੁਭਵ ਨਹੀਂ ਕਰ ਸਕਦਾ। ਜੀਵਨ ਦਾ ਅਰੰਭ ਗੈਸ, ਪਾਣੀ ਅਤੇ ਤਰਲ ਪਦਾਰਥਾਂ ਤੋਂ ਹੋਇਆ ਮੰਨਿਆ ਜਾਂਦਾ ਹੈ ਅਤੇ ਜੀਵਨ ਦੇ ਵਿਕਾਸ ਬਾਰੇ ਚਾਰਲਸ ਡਾਰਵਿਨ ਦਾ ਕੁਦਰਤੀ ਚੋਣ ਤੋਂ ਵਿਕਾਸ ਸਿਧਾਂਤ ਪ੍ਰਸਿੱਧ ਹੈ। ਇਸ ਸਿਧਾਂਤ ਅਨੁਸਾਰ ਮਨੁੱਖ ਜੂਨੀ ਨੂੰ ਦੁਜੇ ਜੀਵਾਂ ਤੋਂ ਵਿਕਸਤ ਹੋਇਆ ਮੰਨਿਆ ਜਾਂਦਾ ਹੈ। ਡੀ. ਐਨ. ਏ. ਅਣੂ (DNA Molecule) ਦੀ ਖੋਜ ਦੇ ਸਿੱਟੇ ਵਜੋਂ ਡੀ. ਐਨ. ਏ. ਕੋਡ ਦੀ ਆਨੁਵੰਸ਼ਕ ਭਾਸ਼ਾ ਦੀ ਸੂਝ ਨੇ, ਜੋ ਸਜੀਵੀ ਸੈੱਲ ਦੀ ਜਾਣਕਾਰੀ ਦਾ ਸੰਚਾਰ ਸਾਧਨ ਹੈ, ਵਿਗਿਆਨੀਆਂ ਵਿਚ ਵਿਕਾਸ ਸਿਧਾਂਤ ਅਤੇ ਸ੍ਰਿਸ਼ਟੀ ਰਚਨਾ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਹਨ। ਬਹੁਤੇ ਵਿਗਿਆਨੀ ਬਿੱਗ ਬੈਂਗ ਵਿਚ ਸਮੇਂ ਦੇ ਮਾਪ ਦੰਡਾਂ ਅਤੇ ਕੁੱਝ ਵਿਚਾਰਾਂ ਨੂੰ ਹਿੰਦੂ ਧਰਮ ਦੇ ਸ੍ਰਿਸ਼ਟੀ ਰਚਨਾ ਬਾਰੇ ਵਿਸ਼ਵਾਸਾਂ ਦੇ ਨੇੜੇ ਸਮਝਦੇ ਹਨ।
ਸ੍ਰਿਸ਼ਟੀ ਰਚਨਾ ਬਾਰੇ ਗੁਰਮਤਿ ਵਿਚਾਰਧਾਰਾ ਦੇ ਵਰਣਨ ਤੋਂ ਪਹਿਲੋਂ ਕੁੱਝ ਧਰਮਾਂ ਦੇ ਵਿਸ਼ਵਾਸਾਂ ਤੇ ਸਰਸਰੀ ਨਜ਼ਰ ਮਾਰ ਲੈਣੀ ਅਣ ਉਚਿਤ ਨਹੀਂ ਹੋਵੇਗੀ।

ਜ਼ਰਦੁਸ਼ਤ ਧਰਮ ਵਿਚ ਸ੍ਰਿਸ਼ਟੀ ਰਚਨਾ ਬਾਰੇ ਇਹ ਕਹਾਣੀ ਪ੍ਰਚਲਤ ਹੈ ਕਿ ਸ੍ਰਿਸ਼ਟੀ ਦੇ ਅਰੰਭ ਦੇ ੩੦੦੦ ਸਾਲਾਂ ਵਿਚ ਸਰਵ ਸ੍ਰੇਸ਼ਠ ਦੇਵਤੇ, ਉਪਕਾਰ ਦੇ ਸਿਧਾਂਤ, ਸੰਸਾਰ ਦੇ ਕਰਤੇ ਅਤੇ ਮਾਨਵਤਾ ਦੇ ਰਾਖੇ, ਅਹੁਰਮਯ ਨੇ ਪਾਰਸੀ ਬਣਾਏ ਅਤੇ ਸ੍ਰਿਸ਼ਟੀ ਦੀ ਰਚਨਾ ਕੀਤੀ। ਉਸ ਨੇ ਅਹੁਰਮਨ ਦੀ ਵਿਰੋਧਤਾ ਦਾ ਟਾਕਰਾ ਕਰਨ ਲਈ ਨਿਰਜੀਵ ਅਤੇ ਨਿਹਚਲ ਸੁੰਨ ਦਾ ਹਥਿਆਰ ਵਰਤ ਕੇ ਉਸ ਨੂੰ ਅਧੀਨ ਕੀਤਾ ਅਤੇ ੩੦੦੦ ਸਾਲ ਲਈ ਸੁਲਾ ਦਿੱਤਾ। ਓਸ ਸਮੇ ਅਹੁਰਮਯ ਨੇ ਦੈਵੀ ਪੁਰਸ਼ ਅਤੇ ਪਦਾਰਥਕ ਜਗਤ ਦੇ ਮੌਲਕ ਅੰਸ਼ ਸਿਰਜੇ, ਜਿਨ੍ਹਾਂ ਵਿਚ ਆਕਾਸ਼਼, ਪਾਣੀ, ਧਰਤੀ, ਪੌਦੇ, ਪਵਿਤਰ ਸਫੇਦ ਪਰਵੀਨ ਨਾਮੀ ਬਲ੍ਹਦ, ਅਤੇ ਬ੍ਰਹਿਮੰਡੀ ਮਨੁੱਖ ਸਨ, ਅਤੇ ਓਥੇ ਸੱਚ ਦਾ ਪਸਾਰਾ ਕੀਤਾ ਤਾਂ ਜੋ ਅਹੁਰਮਨ ਸ੍ਰਿਸ਼ਟੀ ਤੱਕ ਪੁਜ ਕੇ ਉਸ ਨੂੰ ਨਸ਼ਟ ਨਾ ਕਰ ਸਕੇ। ਜ਼ਰਦੁਸ਼ਤ ਧਰਮ ਸੰਸਾਰ ਨੂੰ ਇਕ ਤਸ਼ਤਰੀ ਜੈਸਾ ਆਕਾਰ ਸਮਝਦਾ ਹੈ ਜਿਸ ਦੇ ਕੰਢੇ ਤੇ ਵਿਸ਼ਾਲ ਪਰਬਤਾਂ ਦੀ ਇਕ ਲੜੀ ਹੈ ਜਿਸ ਵਿਚ ਕੇਂਦਰੀ ਟੀਸੀ ਉਭਰੀ ਹੋਈ ਹੈ, ਰਾਤ ਨੂੰ ਸੂਰਜ ਦੀ ਰੋਸ਼ਨੀ ਨੂੰ ਤਾਰੇ ਘੇਰਾ ਪਾ ਕੇ ਰੋਕਦੇ ਹਨ, ਸੰਸਾਰ ਦੁਆਲੇ ਦੋ ਦਰਿਆਵਾਂ ਨੇ ਘੇਰਾ ਪਾਇਆ ਹੋਇਆ ਹੈ ਜਿਨ੍ਹਾਂ ਵਿਚ ਦੇਵਤੇ ਮਨੁੱਖ ਦੀ ਰਖਿਆ ਲਈ ਦੈਂਤਾਂ ਨਾਲ ਯੁੱਧ ਕਰਕੇ ਸੋਕੇ ਅਤੇ ਕਾਲ ਨੂੰ ਰੋਕਦੇ ਹਨ।
ਈਸਾਈ ਧਰਮ ਦਾ ਸ੍ਰਿਸ਼ਟੀ ਰਚਨਾ ਬਾਰੇ ਵਿਚਾਰ ਯਹੂਦੀ ਧਰਮ ਦੀ ਵਿਚਾਰਧਾਰਾ ਦਾ ਹੀ ਵਿਕਸਤ ਰੂਪ ਹੈ। ਇਜ਼ਰਾਇਲੀਆਂ ਦਾ ਵਿਸ਼ਵਾਸ ਸੀ ਕਿ ਬ੍ਰਹਿਮੰਡ ਪਾਣੀ ਵਿਚ ਤੈਰਦੀ ਚਪਟੀ ਗੋਲ ਤਵੇ ਜੈਸੀ ਪਰਿਥਵੀ ਹੈ ਜਿਸ ਦੇ ਉਪਰ ਸੁਰਗ ਹੈ ਅਤੇ ਥੱਲੇ ਨਰਕ ਹੈ। ਬਾਈਬਲ ਦੀ ਪੁਰਾਣੀ ਸ਼ਾਖ
(Old Testament) ਦੀ ਪਹਿਲੀ ਪੁਸਤਕ, ਜੈਨਸਿਸ (Genesis) ਦੇ ਮੁੱਢ ਵਿਚ ਵਰਨਨ ਹੈ: “ਸ਼ੁਰੂ ਵਿਚ ਪ੍ਰਭੂ ਨੇ ਸੁਰਗ ਅਤੇ ਪਰਿਥਵੀ ਦੀ ਰਚਨਾ ਕੀਤੀ”। ਬਾਈਬਲ ਦੀ ਨਵੀਂ ਸ਼ਾਖ (New Testament) ਵਿਚ ਯਿਸ੍ਹੂ ਮਸੀਹ ਨੂੰ ਸਿਰਜਨਾਤਮਕ ਵਾਕ ਨਾਲ ਅਭੇਦ ਦੱਸਿਆ ਗਿਆ ਹੈ। ਬਾਈਬਲ ਦਾ ਕਥਨ ਹੈ, “ਸ਼ੁਰੂ ਵਿਚ ਵਾਕ ਸੀ, ਅਤੇ ਵਾਕ ਪ੍ਰਭੂ ਨਾਲ ਸੀ, ਅਤੇ ਵਾਕ ਪ੍ਰਭੂ ਸੀ”। (In the beginning was the Word, and the Word was with God, and the Word was God) ਈਸਾਈ ਮਤ ਪ੍ਰਭੂ ਨੂੰ ਹਰ ਵਸਤੂ ਦਾ ਸਿਰਜਣਹਾਰਾਂ ਅਤੇ ਪਾਲਨ ਪੋਸ਼ਨ ਕਰਨ ਵਾਲਾ ਮੰਨਦਾ ਹੈ। ਇਸ ਮਤ ਅਨੁਸਾਰ ਉਪਰ ਸੁਰਗ ਹੈ, ਦਰਮਿਆਨ ਵਿਚ ਪਰਿਥਵੀ ਅਤੇ ਥੱਲੇ ਨਰਕ ਹੈ।
ਇਸਲਾਮ ਬ੍ਰਹਿਮੰਡ ਨੂੰ ਦੋ ਹਿਸਿਆਂ ਵਿਚ ਵੰਡਦਾ ਹੈ: ਪਹਿਲਾ, ਅਦਿੱਖ ਬ੍ਰਹਿਮੰਡ ਹੈ ਜਿਸ ਵਿਚ ਅੱਲਾ, ਫ਼ਰਿਸ਼ਤੇ, ਬਹਿਸ਼ਤ, ਦੋਜ਼ਖ਼, ਸਤ ਅਸਮਾਨ ਅਤੇ ਇਲਾਹੀ ਤਖਤ ਹਨ, ਅਤੇ ਦੂਜਾ, ਅਨੁਭਵੀ ਬ੍ਰਹਮੰਡ ਹੈ ਜੋ ਪੰਜ ਇੰਦਰੀਆਂ ਦੁਆਰਾ ਗ੍ਰਹਿਣ ਕੀਤਾ ਜਾ ਸਕਦਾ ਹੈ। ਜਾਂ ਇਉਂ ਕਹੋ ਕਿ ਬ੍ਰਹਮੰਡ ਸੁਰਗ-ਨਰਕ ਅਤੇ ਪਰਿਥਵੀ ਵਿਚ ਵੰਡਿਆ ਹੋਇਆ ਹੈ। ਇਸਲਾਮ ਅਨੁਸਾਰ ਅੱਲਾ ਨੇ ਸ੍ਰਿਸ਼ਟੀ ਦੀ ਰਚਨਾ ਆਪਣੇ ਆਪ ਨੂੰ ਪ੍ਰਗਟਾਉਣ ਲਈ ਕੀਤੀ ਹੈ ਤਾਂ ਜੋ ਮਨੁੱਖ ਨੂੰ ਉਸ ਦੀ ਹੋਂਦ ਅਤੇ ਸਮਰਥਾ ਦਾ ਗਿਆਨ ਹੋ ਸਕੇ।
ਬੁੱਧ ਧਰਮ ਦੀ ਵਿਭਾਜਵਾਦ ਪ੍ਰੰਪਰਾ ਅਨੁਸਾਰ ਸ੍ਰਿਸ਼ਟੀ ਦੀ ਅਸਲੀਅਤ ਨੂੰ ਦਿਵਯਾਚਖੂ
(Divyacaksus) ਹੀ ਜਾਣ ਸਕਦੇ ਹਨ ਕਿਉਂਕਿ ਉਹੋ ਐਸੀ ਦੈਵੀ ਨਜ਼ਰ ਦੇ ਮਾਲਕ ਹੁੰਦੇ ਹਨ ਜੋ ਬੁੱਧ ਜਾਂ ਅਰ੍ਹੰਤ ਦੀ ਨਜ਼ਰ ਦੇ ਸਮਾਨ ਹੁੰਦੀ ਹੈ ਅਤੇ ਜਿਸ ਤੋਂ ਸੰਸਾਰ ਅਤੇ ਜੀਵਾਂ ਦੇ ਜਨਮ, ਮਰਨ ਅਤੇ ਪੁਨਰ ਜਨਮ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਹ ਵਿਚਾਰ ਸ੍ਰਿਸ਼ਟੀ ਦਾ ਪ੍ਰਤੀਕ ਆਤਮਕ ਵਰਣਨ ਹੈ। ਬੁੱਧ ਧਰਮ ਅਨੁਸਾਰ ਬ੍ਰਹਮੰਡ ਦੇ ਬਹੁਤ ਸਾਰੇ ਭਾਗ ਜਾਂ ਲੋਕ ਹਨ। ਇਹਨਾਂ ਲੋਕਾਂ ਦਾ ਕਿਸੇ ਥਾਂ ਨਾਲ ਸਬੰਧ ਨਹੀਂ ਹੈ ਇਹ ਤੇ ਵਾਸਤਵ ਵਿਚ ਮਾਨਸਿਕ ਅਵਸਥਾਵਾਂ ਦਾ ਪ੍ਰਗਟਾਵਾ ਹਨ। ਬੁੱਧ ਧਰਮ ਨਰਕਾਂ ਸੁਰਗਾਂ ਦੀ ਹੋਂਦ ਵਿਚ ਵਿਸ਼ਵਾਸ ਰੱਖਦਾ ਹੈ।
ਜੈਨ ਧਰਮ ਬ੍ਰਹਮੰਡ ਨੂੰ ਕਈ ਭਾਗਾਂ ਜਾਂ ਲੋਕਾਂ ਵਿਚ ਵੰਡਦਾ ਹੈ। ਹਰ ਲੋਕ ਵਿਚ ਜੀਵ, ਪਦਾਰਥ, ਸਥਾਨ, ਸਮਾਂ, ਆਦਿ ਹੁੰਦੇ ਹਨ। ਬ੍ਰਹਮੰਡ ਦੇ ਇਹਨਾਂ ਲੋਕਾਂ ਦਾ ਜਨਮ ਨਹੀਂ ਹੋਇਆ ਹੈ, ਨਾ ਹੀ ਇਹ ਕਿਸੇ ਸ਼ਕਤੀ ਨੇ ਸਿਰਜੇ ਹਨ ਅਤੇ ਨਾ ਹੀ ਇਹਨਾਂ ਦਾ ਕੋਈ ਅੰਤ ਹੈ। ਇਹ ਤੇ ਆਦਿ ਤੋਂ ਹੀ ਇਸੇ ਤਰ੍ਹਾਂ ਚਲੇ ਆ ਰਹੇ ਹਨ। ਜੈਨ ਧਰਮ ਸ੍ਰਿਸ਼ਟੀ ਦੇ ਅਰੰਭ ਅਤੇ ਅੰਤ ਨੂੰ ਨਹੀਂ ਸਵੀਕਾਰਦਾ। ਜੈਨ ਗ੍ਰੰਥ ਸ੍ਰਿਸ਼ਟੀ ਨੂੰ ਇਕ ਪੁਰਸ਼਼ ਚਿਤਰਦੇ ਹਨ, ਐਸਾ ਪੁਰਸ਼਼ ਜੋ ਲੱਤਾਂ ਚੌੜੀਆਂ ਕਰੀ ਖੜ੍ਹਾ ਹੈ ਅਤੇ ਜਿਸ ਨੇ ਆਪਣੀਆਂ ਬਾਂਹਵਾਂ ਆਪਣੀ ਕਮਰ ਤੇ ਰੱਖੀਆਂ ਹੋਈਆਂ ਹਨ। ਜੈਨ ਧਰਮ ਅਨੁਸਾਰ ਸ੍ਰਿਸ਼ਟੀ ਉਪਰੋਂ ਚੌੜੀ, ਵਿਚਾਲਿਓਂ ਸੰਕੁਚਿਤ ਅਤੇ ਥੱਲਿਉਂ ਚੌੜੀ ਹੈ।
ਤਾਓਵਾਦ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲੋਂ “ਵੁਜਾ” ਜਾਂ “ਤਾਓ” ਸੀ, ਇਕ ਐਸੀ ਇਕਾਈ ਜਿਸ ਵਿਚ ਕੋਈ ਜੁੰਬਸ਼ ਜਾਂ ਹਿਲਜੁਲ ਨਹੀਂ ਸੀ। “ਤਾਓ” ਤੋਂ “ਤਾਜੀ” ਨਾਮੀ ਕੰਬਣੀ ਉਪਜੀ ਜਿਸ ਤੋਂ ‘ਯਿਨ” ਅਤੇ “ਯੈਂਗ” ਇਕ ਦੂਜੇ ਦੇ ਪੂਰਕ ਪੱਖ ਹੋਂਦ ਵਿਚ ਆਏ, ਜਿਸ ਤੋਂ ਸ੍ਰਿਸ਼ਟੀ ਦੀ ਅਰੰਭਤਾ ਹੋਈ।
ਰਿਗ ਵੇਦ ਦੇ ਨਾਸਾਦੀਆ ਸੂਕਤ ਵਿਚ ਸ੍ਰਿਸ਼ਟੀ ਰਚਨਾ ਦਾ ਇਕ ਅਦਭੁਤ ਅਤੇ ਰਹੱਸਮਈ ਵਰਣਨ ਹੈ, ਜਿਸ ਦਾ ਅਰੰਭ ਇਸ ਪ੍ਰਕਾਰ ਹੈ: “ਅਜੇ ਨਾ ਹੋਂਦ ਸੀ ਨਾ ਅਣਹੋਂਦ ਸੀ। ਕੀ ਛੁਪਿਆ ਸੀ? ਅਤੇ ਕਿਥੇ? ਕਿਸ ਦੀ ਨਜ਼ਰਸਾਨੀ ਵਿਚ? ਵਾਸਤਵ ਵਿਚ ਕੌਣ ਜਾਣਦਾ ਹੈ? ਕੌਣ ਕਹਿ ਸਕਦਾ ਹੈ? ਕਿਧਰੋਂ ਇਹ ਜਨਮਿਆ ਸੀ ਅਤੇ ਸ੍ਰਿਸ਼ਟੀ ਕਿਥੋਂ ਆਈ?” ਅਤੇ ਇਸ ਸੂਤਕ ਦਾ ਅੰਤ ਇਸ ਪ੍ਰਕਾਰ ਹੈ: “ਕੋਈ ਨਹੀਂ ਜਾਣ ਸਕਦਾ ਕਿ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ, ਅਤੇ ਕੀ (ਇਹ) ਉਸ ਨੇ ਉਤਪੰਨ ਕੀਤੀ ਹੈ ਜਾਂ ਨਹੀਂ। ਓਹ ਜੋ ਊਚੇ ਸੁਰਗ ਵਿਚ ਬੈਠਾ ਸਭ ਕੁੱਝ ਵੇਖ ਰਿਹਾ ਹੈ। ਕੇਵਲ ਉਹੋ ਜਾਣਦਾ ਹੈ ਜਾਂ ਸ਼ਾਇਦ ਓਹ ਵੀ ਨਹੀਂ ਜਾਣਦਾ।“ ਰਿਗ ਵੇਦ ਵਿਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਇਕ ਸੱਚਾ ਦੈਵੀ ਸਿਧਾਂਤ ਆਪਣੇ ਆਪ ਨੂੰ ਦੈਵੀ ਸ਼ਬਦ ਜਾਂ ਵਾਕ ਵਜੋਂ ਸਾਕਾਰ ਕਰਦਾ ਹੋਇਆ ਓਸ ਸ੍ਰਿਸ਼ਟੀ ਨੂੰ ਜਨਮ ਦਿੰਦਾ ਹੈ, ਜਿਸ ਨੂੰ ਅਸੀਂ ਜਾਣਦੇ ਹਾਂ। ਇਸ ਤੋਂ ਇਲਾਵਾ ਰਿਗ ਵੇਦ ਵਿਚ ਹਿਰਨਯਗਰਭ ਦਾ ਵਰਣਨ ਵੀ ਕੀਤਾ ਹੋਇਆ ਹੈ ਜਿਸ ਦਾ ਅਰਥ ਸੋਨੇ ਦੇ ਅੰਡੇ ਤੋਂ ਹੋਣ ਵਾਲਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਹਿਰਨਯਗਰਭ ਦਾ ਵਿਖਿਆਨ ਇਸ ਪਰਕਾਰ ਕੀਤਾ ਹੈ: “ਰਿਗ ਵੇਦ ਵਿਚ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਹਿਰਨਯਗਰਭ ਹੋਇਆ, ਇਹ ਸਾਰੇ ਜੀਵਾਂ ਦਾ ਮਾਲਕ, ਆਕਾਸ਼ ਤੇ ਧਰਤੀ ਦਾ ਥੰਮ, ਸਰੀਰ ਅਤੇ ਆਤਮਾ ਦਾ ਦਾਤਾ, ਦੇਵਤਿਆਂ ਦਾ ਦੇਵਤਾ ਅਤੇ ਸਾਰੇ ਜੀਵਾਂ ਵਿਚ ਆਤਮਾ ਬਖ਼ਸ਼ਣ ਵਾਲਾ ਹੈ”। ਅਤੇ, “ਮਨੁ ਲਿਖਦਾ ਹੈ ਕਿ ਹਿਰਨਯਗਰਭ ਨਾਮ ਬ੍ਰਹਮਾ ਦਾ ਹੈ, ਜੋ ਸੂਰਜ ਜੇਹਾ ਪ੍ਰਕਾਸ਼ਕ ਇਕ ਸੁਨਹਿਰੀ ਅੰਡੇ ਵਿਚੋਂ ਪਹਿਲੇ ਪਹਿਲ ਪੈਦਾ ਹੋਇਆ, ਇੱਕ ਸਾਲ ਅੰਡੇ ਦੇ ਅੰਦਰ ਰਹਿ ਕੇ ਬ੍ਰਹਮਾ ਨੇ ਆਪਣੇ ਚਿੱਤ ਦੀ ਇੱਛਾ ਅਨੁਸਾਰ ਉਸ ਨੂੰ ਦੋ ਹਿਸਿਆ ਵਿਚ ਕਰ ਦਿੱਤਾ, ਜਿਨ੍ਹਾਂ ਵਿਚੋਂ ਇੱਕ ਭਾਗ ਸਵਰਗ ਲੋਕ ਅਤੇ ਦੂਜਾ ਪ੍ਰਿਥਵੀ ਹੋਈ”।
ਫਿਲਾਸਫਰਾਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਬਾਰੇ ਆਪਣੇ ਅਨੁਮਾਨ ਲਾਏ ਹਨ। ਯੂਨਾਨੀ ਫ਼ਿਲਾਸਫ਼ਰਾਂ ਅਤੇ ਯੂਰਪੀਏ ਧਰਮ ਸ਼ਾਸਤਰੀਆਂ ਨੇ ਵਿਭਿੰਨ ਪ੍ਰਕਾਰ ਦੇ ਵਿਚਾਰ ਪ੍ਰਗਟ ਕੀਤੇ ਹਨ। ਪੰਜਵੀਂ ਸ਼ਤਾਬਦੀ ਦੇ ਇਕ ਪਾਰਮਨੀਡੇਜ਼
(Parmenides) ਨਾਮੀ ਯੂਨਾਨੀ ਫ਼ਿਲਾਸਫ਼ਰ ਨੇ ਸ੍ਰਿਸ਼ਟੀ ਦੀ ਉਤਪਤੀ ਬਾਰੇ ਅਲੌਕਿਕ ਵਿਚਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਸਾਰੀ ਤਬਦੀਲੀ ਇਕ ਭਰਮ ਹੈ ਅਤੇ ਸੱਚੀ ਬੁਨਿਆਦੀ ਵਾਸਤਵਿਕਤਾ ਸਦੀਵੀ ਹੈ, ਨਿਹਚਲ ਹੈ ਅਤੇ ਇਕ ਸੁਭਾ ਵਾਲੀ ਹੈ। ਉਹ ਇਸ ਅਸਲੀਅਤ ਨੂੰ “ਇੱਕੋ” ਆਖਦਾ ਹੈ। ਭਾਰਤੀ ਦਰਸ਼ਨ ਦੀਆਂ ਛੇ ਪ੍ਰਣਾਲੀਆਂ, ਵਿਸ਼ੇਸ਼ਿਕ, ਨਯਾਯ, ਸਾਂਖ, ਯੋਗ, ਮੀਮਾਸਾਂ ਅਤੇ ਵੇਦਾਂਤ ਵਿਚ ਵੀ ਸ੍ਰਿਸ਼ਟੀ ਅਤੇ ਉਸ ਦੀ ਉਤਪਤੀ ਬਾਰੇ ਵੱਖੋ ਵੱਖਰੇ ਵਿਚਾਰ ਮਿਲਦੇ ਹਨ। ਵੇਦਾਂਤ ਅਨੁਸਾਰ ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦੁਆਰਾ ਸਭ ਕੁੱਝ ਉਪਜਿਆ ਹੈ। ਮਾਇਆ ਨਾਲ ਸਬੰਧਿਤ ਬ੍ਰਹਮ ਈਸ਼ਵਰ ਹੈ ਅਤੇ ਅਵਿਦਿਆ ਨਾਲ ਸਬੰਧਿਤ ਬ੍ਰਹਮ ਜੀਵ ਹੈ। ਜੀਵ ਅਬਿਨਾਸੀ ਅਤੇ ਇੱਕ ਹੈ ਪਰ ਮਾਇਆ ਅਤੇ ਅਗਿਆਨਤਾ ਕਰਕੇ ਉਹ ਅਨੇਕ ਅਤੇ ਬ੍ਰਹਮ ਤੋਂ ਭਿੰਨ ਭਾਸਦਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਅਵਿਦਿਆ ਦੇ ਪ੍ਰਭਾਵ ਦਾ ਅੰਤ ਹੋ ਜਾਂਦਾ ਹੈ ਅਤੇ ਬ੍ਰਹਮ ਦੀ ਏਕਤਾ ਦੀ ਸੂਝ ਪੈ ਜਾਂਦੀ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਮਾਰੂ ਰਾਗ ਵਿਚ ਪ੍ਰਭੂ ਦੇ ਸੋਹਿਲੇ ਗਾਇਨ ਕਰਦੇ ਹੋਏ ਵਿਸਮਾਦ ਵਿਚ ਆ ਕੇ ਇਹ ਸ਼ਬਦ ਉਚਾਰਨ ਕੀਤਾ ਹੈ। “ਅਰਬਦ ਨਰਬਦ ਧੁੰਧੂਕਾਰਾ। ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨੁ ਰੈਨਿ ਨ ਚੰਦ ਨ ਸੂਰਜ ਸੁੰਨਿ ਸਮਾਧਿ ਲਗਾਇਦਾ॥੧॥ ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥੨॥ ਨਾ ਤਦਿ ਸੁਰਗੁ ਮਛ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ ਸੁਰਗੁ ਨਹੀਂ ਜਮਣੁ ਮਰਨਾ ਨ ਕੋ ਅਇ ਨ ਜਾਇਦਾ॥੩॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨ ਕੋ ਦੁਖੁ ਸੁਖ ਪਾਇਦਾ॥੪॥ ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖ ਵਾਸੀ॥ ਜੋਗੀ ਜੰਗਮ ਭੇਖੁ ਨ ਕੋਈ ਨ ਕੋ ਨਾਥ ਕਹਾਇਦਾ॥੫॥ ਜਪ ਤਪ ਸੰਜਮ ਨ ਬ੍ਰਤ ਪੂਜਾ॥ ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਏ ਵਿਗਸੈ ਆਪੇ ਕੀਮਤਿ ਪਾਇਦਾ॥੬॥ ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੋਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥੭॥ ਕਰਮ ਧਰਮ ਨਹੀ ਮਾਇਆ ਮਾਖੀ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨ ਕੋ ਕਿਸੈ ਧਿਆਇਦਾ॥੮॥ ਨਿੰਦਿ ਬਿੰਦਿ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖ ਨਾ ਮਾਛਿੰਦੋ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨ ਕੋ ਗਣਤ ਗਣਾਇਦਾ॥੯॥ ਵਰਨ ਭੇਖ ਨਹੀਂ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥ ਹੋਮ ਜਗੁ ਨਹੀਂ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥੧੦॥ ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥੧੧॥ ਭਾਉ ਨ ਭਗਤੀ ਨ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥੧੨॥ ਬੇਦ ਕਤੇਬ ਨ ਸਿਮ੍ਰਿਤਿ ਸਾਸਤ॥ ਪਾਠ ਪੁਰਾਣ ੳੇਦੈ ਨਹੀ ਆਸਤ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖ ਲਖਾਇਦਾ॥ ੧੩॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥ ਵਿਰਲੇ ਕਉ ਗੁਰ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥੧੫। ਤਾ ਕਾ ਅੰਤੁ ਨ ਜਾਣੈ ਕੋਈ। ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥੧੬॥” (ਪੰ ੧੦੩੫-੩੬);
ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਰਚਨਾ ਤੋਂ ਪਹਿਲੋਂ ਜੋ ਸੁੰਨ ਅਵਸਥਾ ਸੀ, ਜਿਸ ਨੂੰ ਅਫੁਰ ਅਵਸਥਾ ਵੀ ਆਖਦੇ ਹਨ, ਉਸ ਦਾ ਵਿਸਤ੍ਰਤ ਵਰਣਨ ਕੀਤਾ ਹੈ। ਉਸ ਅਵਸਥਾ ਵਿਚ ਕੇਵਲ ਪ੍ਰਭੂ ਦੀ ਹੀ ਆਪਣੇ ਆਪ ਤੋਂ ਹੋਂਦ ਸੀ ਅਤੇ ਸ੍ਰਿਸ਼ਟੀ ਦੀ ਸਿਰਜਨਾ ਪ੍ਰਭੂ ਨੇ ਆਪਣੇ ਹੁਕਮ ਵਿਚ ਕੀਤੀ ਹੈ। ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੋ ਲੋਕ ਉਸ ਦੇ ਪ੍ਰੇਮ ਦੇ ਰੰਗ ਵਿਚ ਰੰਗੇ ਹੁੰਦੇ ਹਨ ਉਹੋ ਉਸ ਦੀ ਬੇਅੰਤਤਾ ਤੋਂ ਅਸਚਰਜ ਹੋ ਕੇ ਉਸ ਦੇ ਗੁਣ ਗਾਇਨ ਕਰਦੇ ਹਨ। ਗੁਰਬਾਣੀ ਵਿਚ ਸੁੰਨ ਅਵਸਥਾ ਦਾ ਹੋਰ ਵਰਣਨ ਵੀ ਇਸ ਪ੍ਰਕਾਰ ਕੀਤਾ ਹੋਇਆ ਹੈ: “ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥” (ਪੰ: ੧੦੩੭); ਅਤੇ “ਅਪਣਾ ਆਪ ਉਪਾਇਓਨੁ ਤਦਹੁ ਹੋੁਰ ਨ ਕੋਈ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥ ਤਦਹੁ ਆਕਾਸ ਨ ਪਾਤਾਲੁ ਹੈ ਨ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨ ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥” (ਪੰ: ੫੦੯) ਅਤੇ “ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ। ਧੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥੧॥ ਜੁਗ ਛਤੀਹ ਤਿਨੈ ਵਰਤਾਏ॥ ਜਿਉ ਤਿਸੁ ਭਾਣਾ ਤਿਵੈ ਚਲਾਏ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥੨॥” (ਪੰ: ੧੦੨੬)।
ਸੁੰਨ ਅਵਸਥਾ ਵਿਚ ਪ੍ਰਭੂ ਨੇ “ਜਾ ਤਿਸੁ ਭਾਣਾ ਤਾ ਜਗਤੁ ਉਪਾਇਆ”, ਬ੍ਰਹਮਾ, ਵਿਸ਼ਨੂੰ, ਅਤੇ ਮਹੇਸ਼਼ ਪੈਦਾ ਕੀਤੇ, ਪੌਣ, ਪਾਣੀ, ਅਗਨੀ ਬਣਾਏ ਅਤੇ ਜੀਵਾਂ ਦੀ ਸਿਰਜਨਾ ਕੀਤੀ। ਇਸ ਦੇ ਨਾਲ ਹੀ ਜੱਗ ਵਿਚ ਮਾਇਆ ਅਤੇ ਮੋਹ ਦਾ ਪਸਾਰਾ ਕਰ ਦਿੱਤਾ, ਅਤੇ ਖੰਡ, ਬ੍ਰਹਮੰਡ ਅਤੇ ਪਾਤਾਲ ਰਚ ਕੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ। ਗੁਰਬਾਣੀ ਸੁੰਨ ਅਵਸਥਾ ਤੋਂ ਸ੍ਰਿਸ਼ਟੀ ਸਿਰਜਨਾ ਦੀ ਪ੍ਰਕਿਰਿਆ ਅਤੇ ਪ੍ਰਭੂ ਦੀ ਸਰਬ ਵਿਆਪਕਤਾ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ: “ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥ ਸੁੰਨਹ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲਿਆ ਭਰਮੁ ਚੁਕਾਇਦਾ॥੩॥ ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥ ਸੁੰਨਹੁ ਰਾਤ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ॥ ਗੁਰਮੁਖਿ ਨਿਜ ਘਰੁ ਪਾਇਦਾ॥੮॥ …. ਸੁੰਨਹੁ ਸਪਤ ਪਾਤਲ ਉਪਾਏ॥ ਸੁੰਨਹੁ ਭਵਨ ਰਖੇ ਲਿਵ ਲਾਏ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥ …. ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ੳੇਪਾਇ ਕੀਆ ਪਾਸਾਰਾ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੩॥ ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥ ….. ਸਤਿਗੁਰ ਤੇ ਪਾਏ ਵਚਿਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥ ਨਾਨਕ ਨਿਰਮਲ ਨਾਦੁ ਸਬਦੁ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥ ੧੭॥ (ਪੰ: ੧੦੩੭-੩੮)
ਸੁੰਨ ਅਵਸਥਾ ਤੋਂ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਅੰਦਰ ਹੋਂਦ ਵਿਚ ਆਈ ਹੈ ਅਤੇ ਇਹ ਉਸ ਨੇ ਕਦੋਂ ਸਿਰਜੀ ਇਸ ਬਾਰੇ ਉਹੋ ਜਾਣਦਾ ਹੈ। ਗੁਰਬਾਣੀ ਦੇ ਕਥਨ ਹਨ: “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰ: ੧ ); “ਕਵਣੁ ਸੁ ਵੇਲਾ ਵਖਤ ਕਵਣੁ ਕਵਣ ਥਿਤਿ ਕਵਣੁ ਵਾਰੁ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ ਵੇਲ ਨ ਪਾਇਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆ ਜਿ ਲਿਖਿਨ ਲੇਖੁ ਕੁਰਾਣ॥ ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ ਜਾ ਕਰਤ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰ: ੪); ਹੁਕਮੀ ਸਭੋ ਉਪਜਿਹ ਹੁਕਮੀ ਕਾਰ ਕਮਾਹਿ॥ ਹੁਕਮੀ ਕਾਲੇ ਵਸਿ ਹੈ ਹੁਕਮੀ ਸਾਚਿ ਸਮਾਹਿ॥ ਨਾਨਕ ਜੋ ਤਿਸੁ ਭਾਵੈ ਸੋ ਥੀਏ ਇਨਾ ਜੰਤਾਂ ਵਸਿ ਕਿਛੁ ਨਾਹਿ॥ (ਪੰ: ੫੫)। ਕੁਦਰਤਿ ਵੀ ਪ੍ਰਭੂ ਨੇ ਹੀ ਸਾਜੀ ਹੈ: “ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥” (ਪੰ: ੪੬੪); “ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥” (ਪੰ: ੫੮੦)। ਸਾਰੀ ਸ੍ਰਿਸ਼ਟੀ ਨਿਯਮਬੱਧ ਕੀਤੀ ਹੋਈ ਹੈ। “ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥” (ਪੰ: ੨੬੮)।
ਸ੍ਰਿਸ਼ਟੀ ਦਾ ਇਕ ਮਹੱਤਵਪੂਰਨ ਲੱਛਣ ਹੈ ਜਿਸ ਨੂੰ ਗੁਰਬਾਣੀ ਮਾਇਆ ਅਤੇ ਇਸ ਤੋਂ ਉਪਜਿਆ ਦੂਜਾ ਭਾਵ ਆਖਦੀ ਹੈ। “ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ॥” (ਪੰ: ੬੭); “ਛਛੇ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ ਗੁਰੂ ਮਿਲਿਆ॥”(ਪੰ: ੪੩੩)। ਸਿਧਾਂ ਨਾਲ ਵਾਰਤਾਲਾਪ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਸ੍ਰਿਸ਼ਟੀ ਦੀ ਰਚਨਾ ਹਉਮੈ ਤੋਂ ਹੋਈ ਦੱਸਦੇ ਹਨ: “ ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥ ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਿਰਿਐ ਦੁਖੁ ਪਾਈ॥” (ਪੰ: ੯੪੬)। ਆਸਾ ਦੀ ਵਾਰ ਵਿਚ ਵੀ ਨਾਨਕ ਪਾਤਸ਼ਾਹ ਨੇ ਹਉਮੈ ਤੋਂ ਜਗਤ ਅਤੇ ਮਨੁੱਖ ਦੀ ਉਤਪਤੀ ਦਾ ਜ਼ਿਕਰ ਕੀਤਾ ਹੈ: “ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ” (ਪੰ: ੪੬੬); “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥” (ਪੰ: ੯੨੧)। ਹਉਮੈ ਵਿਚ ਦੂਜਾ ਭਾਓ ਉਪਜਦਾ ਹੈ: “ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ॥” (ਪੰ: ੯੪੮); “ਦੂਜੈ ਭਾਇ ਅਗਿਆਨੁ ਦੁਹੇਲਾ॥” (ਪੰ: ੨੨੬); ਤੇ “ਦੂਜੈ ਭਾਇ ਸੁਤੇ ਕਬਹੂ ਨ ਜਾਗਹਿ ਮਾਇਆ ਮੋਹ ਪਿਆਰ॥” (ਪੰ: ੮੫੨) ਅਤੇ “ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲ ਰਚਾਇਆ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥ ਬ੍ਰਹਮਾ, ਬਿਸਨੁ, ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ॥” (ਪੰ: ੫੦੯)। ਪ੍ਰਭੂ ਦੇ ਸਿਰਜੇ ਸੰਸਾਰ ਵਿਚ ਦੂਜੇ ਭਾਓ ਦਾ ਵਰਤਾਰਾ ਹੈ। ਪ੍ਰਭੂ ਭਾਵੇਂ ਇਕ ਹੈ ਪਰ ਉਸ ਦੀ ਕਿਰਤ ਵਿਚ ਮਾਇਆ ਦੇ ਪ੍ਰਭਾਵ ਕਾਰਨ ਦਵੈਤ ਭਾਵਨਾ ਅਤੇ ਅਨੇਕਤਾ ਵਰਤ ਰਹੀ ਹੈ। ਸਚ-ਝੂਠ, ਪਾਪ-ਪੁੰਨ, ਦੁਖ-ਸੁਖ, ਸੰਜੋਗ-ਵਿਜੋਗ, ਊਚ-ਨੀਚ, ਅਮੀਰ-ਗਰੀਬ, ਦਿਨ-ਰਾਤ, ਸਵੇਰ-ਸ਼ਾਮ, ਸਰਦੀ-ਗਰਮੀ, ਕਿਰਿਆ-ਪ੍ਰਤੀ ਕਿਰਿਆ, ਆਦਿ ਸਭ ਦਵੈਤ ਭਾਵਨਾ ਦੀ ਉਪਜ ਹਨ। ਦਵੈਤ ਭਾਵਨਾ ਵਿਚ ਮਨੁੱਖ ਕਰਤੇ ਅਤੇ ਉਸ ਦੀ ਕਿਰਤ ਦੇ ਭੇਦ ਨੂੰ ਨਹੀਂ ਜਾਣ ਪਾਉਂਦਾ ਅਤੇ ਤ੍ਰੈ ਗੁਣੀ ਸੰਸਾਰ ਵਿਚ ਮਾਇਆ ਦੇ ਛਲਾਵੇ ਨੂੰ ਹੀ ਸੱਚ ਸਮਝੀ ਜਾਂਦਾ ਹੈ। ਕਿਉਂਕਿ ਸਾਰੀ ਕਾਇਨਾਤ ਨਿਰੰਤਰ ਬਦਲ ਰਹੀ ਹੈ। ਜੋ ਮਨੁੱਖ ਨੂੰ ਦਿਖਾਈ ਦਿੰਦਾ ਹੈ ਉਹ ਬੀਤ ਚੁਕਿਆ ਹੋਣ ਕਰਕੇ ਹੁੰਦਾ ਨਹੀਂ ਹੈ, ਅਤੇ ਜੋ ਹੁੰਦਾ ਹੈ ਉਹ ਦਿਖਾਈ ਨਹੀਂ ਦਿੰਦਾ। ਇਹ ਇਕ ਸਾਧਾਰਣ ਜਿਹਾ ਤੱਥ ਹੈ ਜਿਸ ਨੂੰ ਲੋਕ ਅਕਸਰ ਸਵੀਕਾਰ ਨਹੀਂ ਕਰਦੇ। ਵਿਗਿਆਨੀ ਦੱਸਦੇ ਹਨ ਕਿ ਰੋਸ਼ਨੀ ਇਕ ਸਕਿੰਟ ਵਿਚ ੧੮੬,੦੦੦ ਮੀਲ ਤੈਹ ਕਰਦੀ ਹੈ, ਸੋ ਜੋ ਚੀਜ਼ ਅਸੀਂ ਦੇਖਦੇ ਹਾਂ ਉਸ ਤੋਂ ਰੋਸ਼ਨੀ ਨੂੰ ਸਾਡੀ ਨਜ਼ਰ ਤਕ ਪੁੱਜਣ ਵਿਚ ਸਮਾਂ ਲਗਦਾ ਹੈ, ਇਸ ਸਮੇ ਵਿਚ ਉਹ ਚੀਜ਼ ਬਦਲ ਗਈ ਹੁੰਦੀ ਹੈ। ਅਸੀਂ ਖਤਮ ਹੋ ਚੁਕੀ ਚੀਜ਼ ਨੂੰ ਦੇਖ ਰਹੇ ਹੁੰਦੇ ਹਾਂ ਅਤੇ ਸਮਝਦੇ ਹਾਂ ਕਿ ਇਹੋ ਅਸਲ ਹੈ ਜਦੋਂ ਕਿ ਅਸਲ ਨੂੰ ਦੇਖਣ ਦੀ ਸਾਡੇ ਵਿਚ ਯੋਗਤਾ ਨਹੀਂ ਹੁੰਦੀ। ਜਿਵੇਂ ਕਿਸੇ ਬਚੇ ਦੇ ਜਨਮ, ਵੱਡਾ ਅਤੇ ਜੁਆਨ ਹੋਣ ਨਾਲ ਪਏ ਫਰਕ ਨੂੰ ਤੇ ਅਸੀਂ ਅਨੁਭਵ ਕਰ ਸਕਦੇ ਹਾਂ ਪਰ ਇਕ ਪਲ ਵਿਚ ਪਏ ਫਰਕ ਨੂੰ ਅਨੁਭਵ ਕਰਨ ਦੀ ਯੋਗਤਾ ਸਾਡੇ ਵਿਚ ਨਹੀਂ ਹੈ। ਤਦੇ ਤੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਦਿਖਾਈ ਦੇ ਰਿਹਾ ਸੰਸਾਰ ਝੂਠਾ, ਸੁਪਨਾ ਜਾਂ ਪਰਛਾਵਾਂ ਹੈ, ਇਸ ਦੇ ਅਸਲੇ ਨੂੰ ਦੇਖਣ ਦਾ ਜਤਨ ਕਰੋ ਕਿਉਂਕਿ ਇਸ ਵਿਚ ਸਮਾਇਆ ਜੋ ਅਸਲ ਪ੍ਰਭੂ ਹੈ ਉਹੋ ਸੱਚ ਹੈ। ਕਈ ਵਿਚਾਰਕ ਸੰਸਾਰ ਨੂੰ ਭਰਮ ਆਖਦੇ ਹਨ। ਗੁਰਬਾਣੀ ਸੰਸਾਰ ਨੂੰ ਭਰਮ ਨਹੀਂ ਮੰਨਦੀ ਕਿਉਂਕਿ ਇਸ ਵਿਚ ਸਤਿ ਪ੍ਰਭੂ ਸਮਾਇਆ ਹੋਇਆ ਹੈ ਪਰ ਉਸ ਦਾ ਵਾਸ ਚੌਥੇ ਪਦ ਵਿਚ ਹੈ ਜਿਥੇ ਮਨੁੱਖ ਦੀ ਪਹੁੰਚ ਨਹੀਂ ਹੈ। ਇਹੋ ਮਨੁੱਖਾ ਜਾਤੀ ਦੀ ਵਾਸਤਵਿਕਤਾ ਹੈ ਅਤੇ ਉਸ ਦੀ ਤ੍ਰਾਸਦੀ ਵੀ।
ਸੰਸਾਰ ਅਤੇ ਮਨੁੱਖ ਪ੍ਰਭੂ ਦੀ ਕਿਰਤ ਹਨ, ਹਉਮੈ ਦੀ ਉਪਜ ਹਨ, ਮਾਇਆ ਦੇ ਪ੍ਰਭਾਵ ਅਧੀਨ ਵਿਚਰਦੇ ਹਨ, ਅਤੇ ਇਹਨਾਂ ਵਿਚ ਦੂਜੇ ਭਾਵ ਦਾ ਵਰਤਾਰਾ ਹੈ। ਦੂਜੇ ਭਾਵ ਅਧੀਨ ਨਕਲ ਜਾਂ ਪਰਛਾਵਾਂ ਅਸਲ ਜਾਪਦਾ ਹੈ ਕਿਉਂਕਿ ਮਨੁੱਖ ਵਿਚ ਅਸਲ ਨੂੰ ਵੇਖਣ ਦੀ ਯੋਗਤਾ ਨਹੀਂ ਹੁੰਦੀ। ਪ੍ਰਭੂ ਦੀ ਸਾਰੀ ਕਾਇਨਾਤ ਚਲਾਇਮਾਨ ਕਿਰਤ ਹੈ, ਹਰ ਪਲ ਬਦਲ ਰਹੀ ਹੈ, ਜੰਮਣ ਮਰਨ ਦੇ ਗੇੜ ਵਿਚ ਪਈ ਹੋਈ ਹੈ। ਕੇਵਲ ਪ੍ਰਭੂ ਹੀ ਨਿਹਚਲ ਅਤੇ ਸਤਿ ਹੈ। ਸਾਰੀ ਕਾਇਨਾਤ ਵਿਚ ਜੰਮਣ-ਮਰਨ ਦੀ ਪ੍ਰਕ੍ਰਿਆ ਨਿਰੰਤਰ ਚਲ ਰਹੀ ਹੈ। ਬੀਤ ਗਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਉਸ ਨੂੰ ਪੂਰੀ ਤਰ੍ਹਾਂ ਜਾਨਣਾ ਸੰਭਵ ਨਹੀਂ। ਜੋ ਭਵਿੱਖ ਵਿਚ ਵਾਪਰਨਾ ਹੈ ਉਸਦੀ ਮਨੁੱਖ ਨੂੰ ਸੂਝ ਨਹੀਂ ਹੁੰਦੀ। ਵਰਤਮਾਨ ਮਨੁੱਖ ਦੇ ਰੂਬਰੂ ਹੁੰਦੇ ਹੋਏ ਵੀ ਉਸ ਦੇ ਵਸ ਵਿਚ ਨਹੀਂ ਹੁੰਦਾ। ਕਿਉਂਕਿ ਮਨੁੱਖ ਦਾ ਜੀਵਨ ਤੇ ਪਹਿਲੋਂ ਹੀ ਉਸ ਲਈ ਉਲੀਕਿਆ ਹੁੰਦਾ ਹੈ। ਉਹ ਕਦੋਂ, ਕਿਸ ਥਾਂ, ਕਿਹੜੇ ਮਾਪਿਆਂ ਅਤੇ ਕੈਸੀ ਹਾਲਤ ਵਿਚ ਜਨਮੇਂ ਗਾ, ਉਸ ਦੀ ਪਰਵਰਿਸ਼਼ ਤੇ ਪੜ੍ਹਾਈ ਕਿਥੇ ਹੋਵੇਗੀ, ਉਸ ਦੇ ਮਿੱਤਰ ਕੌਣ ਹੋਣਗੇ ਅਤੇ ਉਸ ਦਾ ਕਿੱਤਾ ਅਤੇ ਵਾਤਾਵਰਣ ਕੈਸਾ ਹੋਵੇਗਾ ਇਹ ਸਭ ਕੁੱਝ ਉਸ ਲਈ ਕੁਦਰਤ ਵੱਲੋਂ ਨਿਰਧਾਰਤ ਕੀਤਾ ਹੁੰਦਾ ਹੈ। ਭਾਵੇਂ ਮਨੁੱਖ ਨੂੰ ਇਹ ਭਰਮ ਰਹਿੰਦਾ ਹੈ ਕਿ ਉਸ ਨੇ ਆਪਣੇ ਜੀਵਨ ਦੀ ਮੰਜ਼ਲ ਖੁੱਦ ਚੁਣੀ ਹੈ। ਗੁਰਬਾਣੀ ਦੇ ਕਥਨ ਹਨ: “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥” (ਪੰ: ੧); “ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥” (ਪੰ: ੮)। ਦਰ ਅਸਲ ਪ੍ਰਭੂ ਨੇ ਮਨੁੱਖ ਨੂੰ ਕੇਵਲ ਆਪਣੇ ਨਿਜੀ ਜੀਵਨ ਵਿਚ ਕਰਮ ਕਰਨ ਦੀ ਖੁਲ੍ਹ ਬਖਸ਼ੀ ਹੋਈ ਹੈ ਅਤੇ ਉਸ ਦੇ ਕਰਮਾਂ ਦਾ ਫਲ ਆਪਣੇ ਹੱਥ ਰਖਿਆ ਹੋਇਆ ਹੈ। ਕਰਮ ਦੀ ਚੋਣ ਕਰਨ ਅਤੇ ਉਸ ਨੂੰ ਨੇਪਰੇ ਚਾੜ੍ਹਨ ਲਗਿਆਂ ਮਨੁੱਖ ਨੂੰ ਸਮਾਜ ਅਤੇ ਕਨੂੰਨ ਤੋਂ ਇਲਾਵਾ ਹੋਰ ਕਿਸੇ ਦੀ ਚਿੰਤਾ ਨਹੀਂ ਹੁੰਦੀ। ਮਨੁੱਖ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਨ ਲਈ ਕਰਮ ਕਰਦਾ ਹੈ ਜਾਂ ਆਪਣੇ ਸਰੀਰ ਤੋਂ ਉਪਜੀਆਂ ਲੋੜਾਂ ਅਤੇ ਸਵਾਰਥੀ ਇੱਛਾਵਾਂ ਦੀ ਪੂਰਤੀ ਲਈ ਇਹ ਨਿਰਨਾ ਲੈਣ ਦੀ ਉਸ ਨੂੰ ਖੁਲ੍ਹ ਹੈ। ਪਰ ਸਵਾਰਥੀ ਇੱਛਾਵਾਂ ਦੀ ਪੂਰਤੀ ਲਈ ਕੀਤੇ ਕਰਮ ਮਨੁੱਖ ਨੂੰ ਸਵਾਰਥ ਦੇ ਰਾਹ ਪਾ ਕੇ ਪ੍ਰਭੂ ਦੀ ਯਾਦ ਤੋਂ ਦੂਰ ਕਰਦੇ ਚਲੇ ਜਾਂਦੇ ਹਨ ਅਤੇ ਦੁਖ ਦਾ ਕਾਰਨ ਬਣ ਜਾਂਦੇ ਹਨ।
ਮਨ ਇਕ ਵਚਿੱਤਰ ਅਸਤਿਤਵ ਹੈ ਜਿਸ ਬਾਰੇ ਸਦੀਆਂ ਤੋਂ ਵਿਭਿੰਨ ਪ੍ਰਕਾਰ ਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਰਹੇ ਹਨ। ਸਾਧਾਰਣ ਲੋਕ, ਫ਼ਿਲਾਸਫ਼ਰ, ਵਿਗਿਆਨੀ, ਸਮਾਜ ਸ਼ਾਸਤਰੀ, ਸਮਾਜਕ ਆਗੂ, ਸਾਹਿਤਕਾਰ, ਅਤੇ ਧਰਮੀ ਬੰਦੇ ਮਨ ਨੂੰ ਸਮਝਣ, ਬਹਿਲਾਉਣ, ਖੁਸ਼ ਰੱਖਣ, ਤ੍ਰਿਪਤ ਕਰਨ ਅਤੇ ਵਸ ਕਰਨ ਬਾਰੇ ਆਪੋ ਆਪਣੀ ਰਾਏ ਅਤੇ ਅਨੁਭਵ ਦਾ ਪ੍ਰਗਟਾਵਾ ਕਰਦੇ ਰਹੇ ਹਨ। ਪਦਾਰਥਵਾਦੀ ਮਨ ਦੀ ਸੁਤੰਤਰ ਹੋਂਦ ਨੂੰ ਸਵੀਕਾਰ ਨਹੀਂ ਕਰਦੇ, ਉਹ ਮਨ ਅਤੇ ਚੇਤਨਤਾ ਨੂੰ ਪਦਾਰਥ ਦੀ ਉਪਜ ਮੰਨਦੇ ਹਨ ਅਤੇ ਮਨ ਨੂੰ ਖੁਸ਼ ਰੱਖਣਾ ਜੀਵਨ ਦਾ ਮਨੋਰਥ ਪ੍ਰਚਾਰਦੇ ਹਨ। ਚਾਰਵਾਕ ਦਾ ਲੋਕਾਯਾਤ ਦਰਸ਼ਨ ਅਤੇ ਕਾਰਲ ਮਾਰਕਸ ਦਾ ਮਾਰਕਸਵਾਦ ਐਸੀ ਵਿਚਾਰਧਾਰਾ ਦੇ ਮੁੱਦਈ ਹਨ। ਯੂਰਪੀਏ ਰਿਨਾਏਸੈਂਸ ਤੋਂ ਪ੍ਰਭਾਵਤ ਫਿਲਾਸਫਰ ਅਨੰਦਵਾਦ
(Hedonism) ਨੂੰ ਜੀਵਨ ਦਾ ਮਨੋਰਥ ਮੰਨਦੇ ਹਨ। ਇਸੇ ਵਿਚਾਰਧਾਰਾ ਤੋਂ ਪ੍ਰਭਾਵਤ ਐਡਮ ਸਮਿਥ ਅਤੇ ਕਾਰਲ ਮਾਰਕਸ ਦਾ ਪੂੰਜੀਵਾਦੀ ਆਰਥਕ ਸਿਧਾਂਤ ਮਨ ਦੀ ਤ੍ਰਿਪਤੀ ਲਈ ਮਨੁੱਖੀ ਲੋੜਾਂ ਅਤੇ ਇਹਨਾਂ ਤੋਂ ਉਪਜੀਆਂ ਇੱਛਾਵਾਂ ਦੀ ਪੂਰਤੀ ਨੂੰ ਅਰਥ ਪ੍ਰਬੰਧ ਦਾ ਮੁੱਖ ਮਨੋਰਥ ਕਰਾਰ ਦਿੰਦਾ ਹੈ। ਪਰ ਸਰੀਰ ਦੀਆਂ ਪਦਾਰਥਕ ਲੋੜਾਂ ਅਤੇ ਇੱਛਾਵਾਂ ਪੂਰੀਆਂ ਹੋਣ ਨਾਲ ਮਨ ਨੂੰ ਸੰਤੋਖ ਅਤੇ ਸੁਖ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਇੱਛਾਵਾਂ ਦੀ ਪੂਰਤੀ ਮਨ ਨੂੰ ਸੁਖੀ ਕਰਨ ਦੀ ਥਾਂ ਉਸ ਵਿਚ ਹੋਰ ਇੱਛਾਵਾਂ ਉਤੇਜਿਤ ਕਰ ਕੇ ਉਸ ਦੀ ਚਿੰਤਾ ਵਧਾ ਦਿੰਦੀ ਹੈ। ਮਨੋਵਿਗਿਆਨੀ ਮਨੁੱਖੀ ਮਨ ਦੀਆਂ ਭਾਵਨਾਵਾਂ, ਸੁਪਨਿਆਂ, ਚੇਤਨਤਾ ਅਤੇ ਅਵਚੇਤਨ ਦੇ ਆਧਾਰ ਤੇ ਕਾਮ ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਨੁੱਖੀ ਖ਼ਸਲਤ ਮੰਨਦੇ ਹਨ ਅਤੇ ਮਨ ਨੂੰ ਮਰਜ਼ੀ ਕਰਨ ਦੀ ਖੁਲ੍ਹ ਦੇਣ ਦੇ ਹਾਮੀ ਹਨ। ਉਹ ਮਨ ਦੀ ਭਟਕਣ ਨੂੰ ਇਕ ਸੁਭਾਵਕ ਮਨੁੱਖੀ ਵਿਹਾਰ ਸਮਝਦੇ ਹਨ। ਸਮਾਜ ਸ਼ਾਸਤਰੀਆਂ ਦੀਆਂ ਖੋਜਾਂ ਦਾ ਮਨੋਰਥ ਸਮਾਜਕ ਅਤੇ ਸਭਿਆਚਾਰਕ ਗਤੀਵਿਧੀਆਂ, ਜਿਵੇਂ ਸਿੱਖਿਆ, ਰਾਜ, ਕਨੂੰਨ, ਅਰਥ ਵਿਵਸਥਾ, ਆਦਿ ਰਾਹੀਂ ਮਨੁੱਖਾ ਜੀਵਨ ਨੂੰ ਸੌਖਾ ਅਤੇ ਸੁਤੰਤਰ ਬਣਾਉਣ ਅਤੇ ਮਨ ਨੂੰ ਖੁੱਸ਼ ਰੱਖਣ ਦੇ ਢੰਗਾਂ ਦੀ ਨਿਸ਼ਾਨਦੇਹੀ ਕਰਨਾ ਹੈ। ਕਈ ਉਦਯੋਗਪਤੀ ਅਤੇ ਸਿਆਸੀ ਆਗੂ ਸਮਾਜ ਵਿਚ ਨੰਗੇਜ, ਹਿੰਸਾ, ਨਸ਼ੇ ਅਤੇ ਜੁਰਮ ਨੂੰ ਮਨੁੱਖੀ ਆਜ਼ਾਦੀ ਦਾ ਪ੍ਰਤੀਕ ਮੰਨ ਕੇ ਇਹਨਾਂ ਦੀ ਪ੍ਰਦਰਸ਼ਨੀ ਰਾਹੀਂ ਉਤੇਜਨਾ ਨੂੰ ਮਨ ਪ੍ਰਚਾਵੇ ਦਾ ਸਾਧਨ ਪ੍ਰਚਾਰਦੇ ਹਨ। ਮਨੁੱਖ ਆਪਣੇ ਮਨੋਰੰਜਨ ਅਤੇ ਮਨ ਪ੍ਰਚਾਵੇ ਲਈ ਵਿਭਿੰਨ ਪ੍ਰਕਾਰ ਦੀਆਂ ਖੇਡਾਂ, ਤਮਾਸ਼ਿਆਂ, ਨਾਚ ਗਾਣਿਆਂ, ਮੇਲਿਆਂ, ਕੁੰਭਾਂ, ਜਲਸੇ ਜਲੂਸਾਂ, ਸਾਹਿਤਕ ਸੰਮੇਲਨਾਂ, ਚਿਤ੍ਰ ਪ੍ਰਦਰਸ਼ਨੀਆਂ, ਖੇਡ ਮੁਕਾਬਲਿਆਂ, ਜੂਇਆਂ, ਯਾਤਰਾਵਾਂ, ਆਦਿ ਵਿਚ ਭਾਗ ਲੈ ਕੇ ਮਨ ਨੂੰ ਖੁੱਸ਼ ਰੱਖਣ ਦੀ ਕਾਮਨਾ ਕਰਦਾ ਹੈ। ਉਹ ਆਪਣੇ ਵਿਹਲੇ ਸਮੇਂ ਨੂੰ ਮਨ ਦੀ ਖੁਸ਼ੀ ਲਈ ਹਾਬੀਆਂ, ਕਹਾਣੀਆਂ, ਕਵਿਤਾਵਾਂ, ਨਾਵਲਾਂ, ਫਿਲਮਾਂ ਅਤੇ ਹੋਰ ਸ਼ੁਗ਼ਲਾਂ ਦੇ ਰੁਝੇਵਿਆਂ ਵਿਚ ਸਫਰ ਕਰਦਾ ਹੈ। ਸੰਸਾਰ ਦੇ ਬਹੁਤੇ ਵਿਅਕਤੀ ਮਨ ਦੀ ਖੁਸ਼ੀ ਲਈ ਤਨ ਦੀਆਂ ਪਦਾਰਥਕ ਲੋੜਾਂ ਪੂਰੀਆਂ ਕਰਨ, ਐਸ਼ੋ-ਇਸ਼ਰਤ ਕਰਵਾਉਣ ਅਤੇ ਮਨੋਰੰਜਨ ਦੇ ਸਾਧਨ ਲੱਭਣ ਵਿਚ ਲੱਗੇ ਰਹਿੰਦੇ ਹਨ ਪਰ ਮਨ ਦੀ ਖੁਸ਼ੀ ਲਈ ਰਚਿਆ ਏਡਾ ਵੱਡਾ ਅਡੰਬਰ ਵੀ ਸਥਾਈ ਸੁੱਖ ਦੇਣ ਵਿਚ ਸਫਲ ਨਹੀਂ ਹੁੰਦਾ। ਗੁਰਬਾਣੀ ਦੇ ਫੁਰਮਾਨ ਹਨ: “ਸੁਖ ਕਉ ਮਾਗੈ ਸਭ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੁਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖ ਹੋਇ॥” (ਪੰ: ੫੭); “ਕਾਮ ਕਰੋਧੁ ਸਬਲ ਸੰਸਾਰਾ॥ ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ॥” (ਪੰ: ੧੦੬੦) ਅਤੇ ਦੁਖੀ ਦੁਨੀ ਸਹੇੜੀਐ ਜਾਇ ਤਾ ਲਗਹਿ ਦੁਖ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ॥ ਰੂਪੀ ਭੁਖ ਨ ਉਤਰੈ ਜਾ ਦੇਖਾ ਤਾ ਭੁਖ॥ ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ॥” (ਪੰ: ੧੨੮੭)। ਇਹ ਜਾਣ ਕੇ ਕਿ ਸੰਸਾਰਕ ਪਦਾਰਥਾਂ ਲਈ ਦੌੜ ਭੱਜ ਕਰਨ ਨਾਲ ਦੁੱਖ ਹੀ ਪੱਲੇ ਪੈਂਦਾ ਹੈ ਧਾਰਮਕ ਬਿਰਤੀ ਵਾਲੇ ਵਿਅਕਤੀ ਤਨ ਦੀਆਂ ਲੋੜਾਂ ਅਤੇ ਇੱਛਾਵਾਂ ਦਾ ਤਿਆਗ ਕਰ ਕੇ ਮਨ ਨੂੰ ਵਸ ਕਰਨ ਅਤੇ ਪ੍ਰਭੂ ਦੀ ਬੰਦਗੀ ਵਿਚ ਲਾਉਣ ਦਾ ਜਤਨ ਕਰਦੇ ਹਨ। ਕਈ ਵਿਅਕਤੀ ਪ੍ਰਵਾਰ ਤਿਆਗ ਕੇ ਜੰਗਲਾਂ ਵਿਚ ਚਲੇ ਜਾਂਦੇ ਹਨ, ਕਈ ਕਪੜਿਆਂ ਦਾ ਤਿਆਗ ਕਰ ਵਿਭੂਤੀ ਮਲ ਕੇ ਨੰਗੇ ਫਿਰਦੇ ਹਨ, ਕਈ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਨ, ਈਸਾਈ ਪਾਦਰੀ ਪਰਵਾਰਿਕ ਜੀਵਨ ਤਿਆਗ ਦਿੰਦੇ ਹਨ, ਸੂਫੀ ਸਮਾਜਕ ਬੰਧਨਾਂ ਤੋਂ ਮੁਕਤ ਹੋ ਕੇ ਮਸਤ ਜੀਵਨ ਨੂੰ ਅੱਲਾ ਦੀ ਬੰਦਗੀ ਸਮਝਦੇ ਹਨ ਅਤੇ ਕਈ ਧਾਰਮਕ ਰਹਿਤ ਦੀ ਪਾਲਣਾ ਨੂੰ ਪ੍ਰਭੂ ਦੀ ਭਗਤੀ ਸਮਝਦੇ ਹਨ। ਪਰ ਤਨ ਦੀਆਂ ਲੋੜਾਂ ਤਿਆਗਣ ਨਾਲ ਮਨ ਵਸ ਵਿਚ ਨਹੀਂ ਆਉਂਦਾ ਕਿਉਂਕਿ ਮਨ ਤਨ ਦੇ ਅਧੀਨ ਨਹੀਂ ਹੁੰਦਾ ਅਤੇ ਤਨ ਵਿਚ ਰਹਿੰਦਾ ਹੋਇਆ ਵੀ ਤਨ ਦੇ ਵਸ ਵਿਚ ਨਹੀਂ ਹੁੰਦਾ। ਮਨ ਤੇ ਪ੍ਰਭੂ ਰੂਪ ਅਸਤਿਤਵ ਹੈ ਜਿਸ ਦਾ ਸੁਭਾ ਤਨ ਤੋਂ ਬਹੁਤ ਭਿੰਨ ਹੈ ਅਤੇ ਜੋ ਵਾਸਤਵ ਵਿਚ ਆਪਣੇ ਅਸਲੇ ਤੋਂ ਵਿਛੜ ਕੇ ਮਾਇਆ ਦਾ ਭਰਮਾਇਆ ਭਟਕਦਾ ਫਿਰਦਾ ਹੈ।
ਗੁਰਬਾਣੀ ਮਨ ਦੀ ਅਧਿਆਤਮਿਕ ਮਹੱਤਤਾ ਦਾ ਵਿਸਤ੍ਰਤ ਵਰਣਨ ਕਰਦੀ ਹੈ। ਮਨ ਬਾਰੇ ਗੁਰਬਾਣੀ ਦਾ ਦ੍ਰਿਸ਼ਟੀਕੋਣ ਸੰਸਾਰਕ ਦ੍ਰਿਸ਼ਟੀਕੋਣ ਨਾਲੋਂ ਬਹੁਤ ਭਿੰਨ ਅਤੇ ਕਿਸੇ ਹੱਦ ਤੱਕ ਉਲਟ ਹੈ। ਸਰੀਰ ਨਾਲ ਜੁੜ ਕੇ ਮਨ ਜੀਵ ਨੂੰ ਮਾਨਸ (ਮਨ+ਸਰੀਰ) ਬਣਾਉਂਦਾ ਹੈ। ਮਨ ਦੀ ਹੋਂਦ ਕਾਰਨ ਹੀ ਮਨੁੱਖ ਦੂਜੇ ਜੀਵਾਂ ਨਾਲੋਂ ਵਖਰਾ ਹੈ ਪਰ ਮਨ ਮਨੁੱਖ ਦੇ ਵਸ ਵਿਚ ਨਹੀਂ ਹੁੰਦਾ। ਮਨ ਪ੍ਰਭੂ ਦਾ ਅੰਸ਼ ਅਤੇ ਆਤਮ ਸਰੂਪ ਹੈ। ਗੁਰਬਾਣੀ ਦਾ ਕਥਨ ਹੈ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣੁ॥” (ਪੰ:੪੪੧); “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲ ਸਾਚੇ ਰਾਚਾ॥” (ਪੰ: ੬੮੬) ਅਤੇ “ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ॥” (ਪੰ: ੯੪੫)। ਮਨ ਪਦਾਰਥਕ ਸਰੀਰ ਨਹੀਂ ਹੈ, ਇਹ ਸਰੀਰ ਵਾਂਗ ਮਰਦਾ-ਜੰਮਦਾ ਨਹੀਂ ਅਤੇ ਨਾ ਹੀ ਬੁੱਢਾ ਹੁੰਦਾ ਜਾਂ ਬਦਲਦਾ ਹੈ। ਇਹ ਚੇਤਨਤਾ ਅਤੇ ਕਰਮ ਸ਼ਕਤੀ ਦਾ ਐਸਾ ਸੋਮਾ ਹੈ ਜੋ ਸਰੀਰ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦਾ। ਕਬੀਰ ਸਾਹਿਬ ਮਨ ਦੇ ਗੁਣਾਂ ਦਾ ਵਰਣਨ ਕਰਦੇ ਹੋਏ ਫੁਰਮਾਨ ਕਰਦੇ ਹਨ: “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨ ਪੰਚਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ। ਤਉ ਤੀਨਿ ਲੋਕ ਕੀ ਬਾਤੈ ਕਹੈ॥” (ਪੰ: ੩੪੨)। ਮਨ ਮਾਇਆ ਨਾਲ ਮਿਲ ਕੇ ਮਾਇਆ ਰੂਪ ਹੋ ਜਾਂਦਾ ਹੈ, ਪ੍ਰਭੂ ਨਾਲ ਮਿਲ ਕੇ ਹਰੀ ਰੂਪ ਹੋ ਜਾਂਦਾ ਹੈ, ਸਰੀਰ ਨਾਲ ਮਿਲ ਕੇ ਸਰੀਰ ਰੂਪ ਹੋ ਜਾਂਦਾ ਹੈ, ਅਤੇ ਜਦੋਂ ਇਹ ਵਸ ਵਿਚ ਆ ਕੇ ਟਿਕ ਜਾਂਦਾ ਹੈ ਤਾਂ ਸਰਬ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈ। ਦਰ ਅਸਲ ਪ੍ਰਭੂ ਨੇ ਮਨੁੱਖੀ ਮਨ ਨੂੰ ਸੱਚ ਦਾ ਵਪਾਰ ਕਰਨ ਲਈ ਤਨ ਰੂਪੀ ਹੱਟੀ ਦਾ ਮਾਲਕ ਵਣਜਾਰਾ ਬਣਾ ਕੇ ਭੇਜਿਆ ਹੈ: “ਤਨੁ ਹਟੜੀ ਇਹੁ ਮਨ ਵਣਜਾਰਾ॥ ਨਾਨਕ ਸਹਜੈ ਸਚੁ ਵਾਪਾਰਾ॥” (ਪੰ: ੯੪੨)। ਪਰ ਮਾਇਆ ਦਾ ਭਰਮਾਇਆ ਮਨ ਤਨ ਰੂਪੀ ਹੱਟੀ ਦਾ ਮਾਲਕ ਵਣਜਾਰਾ ਬਨਣ ਦੀ ਥਾਂ ਤਨ ਦਾ ਦਾਸ ਬਨਣ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ ਅਤੇ ਤਨ ਦੀਆਂ ਭੌਤਕ ਲੋੜਾਂ ਅਤੇ ਉਹਨਾਂ ਤੋਂ ਉਪਜੀਆਂ ਇੱਛਾਵਾਂ ਦੀ ਪੂਰਤੀ ਨੂੰ ਜੀਵਨ ਦਾ ਮਨੋਰਥ ਬਣਾ ਲੈਂਦਾ ਹੈ। ਮਾਇਆ ਦਾ ਪ੍ਰਭਾਵ ਹਟਣ ਨਾਲ ਹੀ ਮਨ ਆਪਣੇ ਅਸਲੇ, ਆਤਮਾ ਰੂਪੀ ਪ੍ਰਭੂ ਨਾਲ ਇਕ ਮਿਕ ਹੋਣ ਦੇ ਯੋਗ ਬਣ ਸਕਦਾ ਹੈ। ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਮਨ ਨੂੰ ਆਪਣੇ ਆਪ ਨੂੰ ਸਾਧਣ, ਵੱਸ ਕਰਨ, ਜਾਂ ਮਾਰਨ ਦੀ ਲੋੜ ਪੈਂਦੀ ਹੈ। ਮਨ ਨੂੰ ਮਾਰਨਾ ਬਹੁਤ ਔਖਾ ਹੈ ਕਿਉਂਕਿ ਕੇਵਲ ਮਨ ਹੀ ਮਨ ਨੂੰ ਮਾਰ ਸਕਦਾ ਹੈ। ਗੁਰਬਾਣੀ ਦੇ ਕਥਨ ਹਨ: “ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥ (ਪੰ: ੧੦੮੯); “ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ॥” (ਪੰ: ੧੧੨੫) ਅਤੇ “ਸਬਦਿ ਮੁਏ ਮਨੁ ਮਨ ਤੇ ਮਾਰਿਆ॥ ਠਾਕਿ ਰਹੇ ਮਨੁ ਸਾਚੈ ਧਾਰਿਆ॥” ਮਨ ਦੇ ਤਿੰਨ ਰੂਪਾਂ, ਮਾਇਆ ਰੂਪ, ਸਰੀਰ ਰੂਪ ਅਤੇ ਪ੍ਰਭੂ ਰੂਪ ਵਿਚੋਂ ਕਿਹੜਾ ਰੂਪ ਮਨ ਨੂੰ ਮਾਰਨ ਦੀ ਸਮਰਥਾ ਰਖਦਾ ਹੈ? ਮਾਇਆ ਰੂਪੀ ਮਨ ਤੇ ਮਾਇਆ ਦੀ ਸੰਗਤ ਵਿਚ ਆਪ ਭਟਕਦਾ ਫਿਰਦਾ ਹੈ: ਗੁਰਬਾਣੀ ਦਾ ਫਰਮਾਨ ਹੈ: “ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲ ਪਾਇ॥” (ਪੰ: ੧੩੬੯)। ਅਤੇ ਸਰੀਰ ਰੂਪੀ ਮਨ ਬਾਰੇ ਗੁਰਬਾਣੀ ਦਾ ਕਥਨ ਹੈ: “ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥” (ਪੰ: ੩੧)। ਕੇਵਲ ਪ੍ਰਭੂ ਰੂਪੀ ਮਨ ਹੀ ਮਾਇਆ ਦੇ ਪ੍ਰਭਾਵ ਅਤੇ ਸਰੀਰ ਦੀਆਂ ਚਿੰਤਾਵਾਂ ਤੋਂ ਉਪਰ ਉਠ ਕੇ ਆਪਣੇ ਮੂਲ ਪ੍ਰਭੂ ਵਿਚ ਲੀਨ ਹੋਣ ਦੇ ਸਮਰਥ ਹੈ ਅਤੇ ਮਨ ਨੂੰ ਮਾਰਨ ਯੋਗ ਹੈ। ਜਾਂ ਇਊਂ ਕਹੋ ਕਿ ਪ੍ਰਭੂ, ਜਾਂ ਗੁਰੂ ਹੀ ਮਨ ਨੂੰ ਮਾਰਨ ਵਿਚ ਸਹਾਇਕ ਹੋ ਸਕਦਾ ਹੈ ਕਿਊਂਕੇ “ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹਿਦਿਸਿ ਫਿਰ ਆਵੈ॥ ਜਾਂ ਆਪੇ ਨਦਰ ਕਰੇ ਹਰਿ ਪ੍ਰਭੁ ਸਾਚਾ ਮਨ ਗੁਰਮੁਖਿ ਤਤਕਾਲ ਵਸਿ ਆਵੈ॥” (ਪੰ: ੧੨੬੦); “ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ॥” (ਪੰ: ੨੮੯) ਅਤੇ “ਮਨ ਕੀ ਪਰਤੀਤ ਮਨ ਤੇ ਪਾਈ॥ ਪੂਰੇ ਗੁਰ ਤੇ ਸਬਦਿ ਬੁਝਾਈ॥” (ਪੰ: ੭੯੮)। ਜੇਕਰ ਪ੍ਰਭੂ ਦੀ ਬਖਸ਼ਿਸ਼ ਹੋ ਜਾਵੇ ਤਾਂ ਮਨ ਆਪਣੇ ਆਪ ਨੂੰ ਵਸ ਕਰਨ ਦੇ ਸਮਰਥ ਹੋ ਜਾਂਦਾ ਹੈ। ਇਸ ਲਈ ਮਨ ਨੂੰ ਪ੍ਰਭੂ ਅੱਗੇ ਅਰਦਾਸ ਕਰਨੀ ਬਣਦੀ ਹੈ। ਪ੍ਰਚਲਤ ਰਹਿਤ ਦੀ ਅਰਦਾਸ ਵਿਚ “ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ” ਅਤੇ “ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ” ਦੀ ਬੇਨਤੀ ਹੈ ਪਰ ਮਨ ਵਸ ਕਰਨ ਲਈ ਪ੍ਰਭੂ ਅੱਗੇ ਬੇਨਤੀ ਨਹੀਂ ਹੈ। ਪ੍ਰਚਲਤ ਰਹਿਤ ਦੀ ਅਰਦਾਸ ਸੰਤੋਖ ਜਨਕ ਨਹੀਂ ਹੈ ਇਸ ਲਈ ਮਨ ਵਸ ਕਰਨ ਵਾਸਤੇ ਪ੍ਰਭੂ ਅੱਗੇ ਮਨੋਂ ਅਰਦਾਸ ਕਰਨੀ ਚਾਹੀਦੀ ਹੈ। ਪਰਉਪਕਾਰੀ ਪ੍ਰਭੂ ਨੇ ਮਨੁੱਖ ਨੂੰ ਕਰਮ ਕਰਨ ਵਿਚ ਖ਼ੁਦਮੁਖ਼ਤਾਰੀ ਬਖਸ਼ੀ ਹੋਈ ਹੈ ਅਤੇ ਜਿਹੜਾ ਮਨੁੱਖ ਪ੍ਰਭੂ ਦੇ ਹੁਕਮ ਵਿਚ ਚਲਣ ਦਾ ਮਾਰਗ ਇਖਤਿਆਰ ਕਰ ਲੈਂਦਾ ਹੈ ਪ੍ਰਭੂ ਉਸ ਦੀ ਸਹਾਇਤਾ ਕਰਦਾ ਹੈ।




.