.

ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਡੀਲੇਡ

ਭਾਈ ਕਾਹਨ ਸਿੰਘ ਨਾਭਾ ਜੀ ਆਪਣੇ ਵਿਸ਼ਾਲ ਗ੍ਰੰਥ ‘ਮਹਾਨ ਕੋਸ਼’ ਵਿੱਚ ਲਿਖਦੇ ਹਨ:
ਸਿੱਖਾਂ ਦਾ ਧਰਮ ਮੰਦਰ। ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਧਰਮ ਮੰਦਰ ਦਾ ਨਾਂ ‘ਧਰਮਸ਼ਾਲਾ’ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਦੇ ਧਰਮ ਮੰਦਰ ਦੀ ‘ਹਰਿਮੰਦਰ’ ਸੰਗਿਆ ਥਾਪੀ ਅਰ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਮੇ ਧਰਮਸਾਲਾ ਦੀ ‘ਗੁਰਦੁਆਰਾ ‘ਸੰਗਿਆ ਹੋਈ ਹੈ।
ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲ਼ਿਆਂ ਲਈ ਗਿਆਨ ਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤੀ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਬਿਸਰਾਮ ਦਾ ਅਸਥਾਨ ਹੈ।
ਭਾਈ ਕਾਹਨ ਸਿੰਘ ਜੀ ਦੁਆਰਾ ਉਪ੍ਰੋਕਤ ਅਤੀ ਸੰਖੇਪ ਵਿਆਖਿਆ ਹੈ ਗੁਰਦਆਰੇ ਦੀ। ਅੱਜ ਵੀ ਦੇਸ ਅਤੇ ਪਰਦੇਸਾਂ ਵਿੱਚ ਜਿਥੇ ਜਿਥੇ ਵੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੈ ਓਥੇ ਓਥੇ ਹੀ ਪ੍ਰਬੰਧਕਾਂ ਵੱਲੋਂ, ਆਈਆਂ ਸੰਗਤਾਂ ਵਾਸਤੇ, ਯਥਾਸ਼ਕਤਿ ਸੇਵਾਵਾਂ ਮੁਹਈਆ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ।
ਸਤਿਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ, ਥਾਂ ਥਾਂ ਸਿੱਖ ਸੰਗਤਾਂ ਦੀ ਇਕਤੱਰਤਾ ਵਾਸਤੇ, ਇੱਕ ਸਾਂਝੇ ਧਰਮ ਸਥਾਨ ਦੀ ਕਾਇਮੀ ਦੀ ਮਰਯਾਦਾ ਚਲੀ ਆ ਰਹੀ ਹੈ। ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜਗਤ ਜਲੰਦੇ ਦੇ ਉਧਾਰ ਵਾਸਤੇ ਆਪਣੀਆਂ ਯਾਤਰਾਵਾਂ, ਜਿਨ੍ਹਾਂ ਨੂੰ ਜਨਮ ਸਾਖੀਆਂ ਵਿੱਚ ‘ਉਦਾਸੀਆਂ’ ਆਖਿਆ ਗਿਆ ਹੈ, ਦੌਰਾਨ ਜਿਥੇ ਜਿਥੇ ਵੀ ਗਏ ਓਥੇ ਜੋ ਉਹਨਾਂ ਦੇ ਉਪਦੇਸ਼ ਤੋਂ ਪ੍ਰਭਾਵਤ ਹੋ ਕੇ ਸ਼ਰਧਾਲੂ ਬਣੇ, ਉਹਨਾਂ ਦੀ ਸੰਗਤ ਥਾਪ ਕੇ, ਉਹਨਾਂ ਵਿਚੋਂ ਇੱਕ ਯੋਗ ਵਿਅਕਤੀ ਦੀ ਸੇਵਾ ਆਗੂ ਵਜੋਂ ਲਾਈ ਜਾਂਦੀ ਸੀ। ਜਿਥੇ ਤੇ ਆਪ ਜੀ ਵਧ ਸਮਾ ਰੁਕੇ ਓਥੇ ਤਾਂ ਆਪਣੀ ਦੇਖ ਰੇਖ ਹੇਠ ਧਰਮਸਾਲਾ ਦੀ ਉਸਾਰੀ ਕਰਵਾਈ ਅਤੇ ਜਿਥੋਂ ਛੇਤੀ ਹੀ ਉਹਨਾਂ ਨੂੰ ਅੱਗੇ ਜਾਣਾ ਪਿਆ ਓਥੇ ਦੀ ਸੰਗਤ ਨੂੰ ਧਰਮਸਾਲ ਦੀ ਉਸਾਰੀ ਵਾਸਤੇ ਆਗਿਆ ਕਰ ਗਏ। ਇਹ ਵੀ ਆਗਿਆ ਕਰਕੇ ਗਏ ਕਿ ਇਸ ਧਰਮਸਾਲਾ ਵਿੱਚ ਦੋਵੇਂ ਵੇਲ਼ੇ ਪ੍ਰਭੂ ਦੀ ਸਿਫ਼ਤਿ ਸਲਾਹ ਹੋਵੇ ਅਤੇ ਸੰਗਤ ਦੀ ਸਾਂਝੀ ਭਲਾਈ ਵਾਸਤੇ ਵਿਚਾਰ ਵਿਚਾਰੇ ਅਤੇ ਉਦਮ ਕੀਤੇ ਜਾਣ। ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਪੌਣੇ ਦੋ ਕੁ ਦਹਾਕਿਆਂ ਦੇ ਸਮੇ ਦੀ ਸਰੀਰਕ ਮੌਜੂਦਗੀ ਦੌਰਾਨ, ਰਾਵੀ ਦਰਿਆ ਦੇ ਸੱਜੇ ਕਿਨਾਰੇ ਉਪਰ, ਕਰਤਾਰ ਪੁਰ ਨਾਮੀ ਨਗਰ ਵਸਾ ਕੇ, ਓਥੇ ਧਰਮਸਾਲ ਉਸਾਰੀ। ਜਿਸ ਬਾਰੇ ਭਾਈ ਗੁਰਦਾਸ ਜੀ ਨੇ ਇਉਂ ਬਿਆਨਿਆ ਹੈ:
ਧਰਮਸਾਲ ਕਰਤਾਰ ਪੁਰ ਸਾਧ ਸੰਗਤ ਸਚਖੰਡ ਵਸਾਇਆ।
ਫਿਰ:
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੈ ਜਾਪੁ ਉਚਾਰਾ॥
ਆਖ ਕੇ ਉਸ ਸਥਾਨ ਦੀ ਧਾਰਮਿਕ ਮਰਯਾਦਾ ਬਾਰੇ ਇਸ਼ਾਰਾ ਕੀਤਾ ਹੈ।
ਇਸ ਲਈ ਜਿਥੇ ਜਿਥੇ ਗੁਰੂ ਪਿਆਰੇ ਗੁਰਸਿੱਖ ਗਏ ਹਨ ਓਥੇ ਓਥੇ ਹੀ, ਆਪਣੇ ਕਾਰ ਵਿਹਾਰ ਅਤੇ ਪਰਵਾਰ ਦੇ ਪ੍ਰਬੰਧ ਤੋਂ ਉਪ੍ਰੰਤ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉਸਾਰਨ ਲਈ ਉਦਮ ਕੀਤਾ ਅਤੇ ਕਰ ਰਹੇ ਹਨ। ਜਿਵੇਂ ਕਿ ਜੁਲਾਈ 1968 ਵਿੱਚ ਨੀਲ ਆਰਮ ਸਟਰਾਂਗ ਦੇ ਚੰਨ ਉਪਰ ਪੈਰ ਪਾਉਣ ਸਮੇ, ਪੰਜਾਬ ਦੀ ਇੱਕ ਸਿੱਖ ਵਿਰੋਧੀ ਅਖ਼ਬਾਰ ਨੇ, ਇੱਕ ਝੂਠਾ ਚੁਟਕਲਾ ਛਾਪਿਆ ਸੀ ਕਿ ਓਥੇ ਵੀ ਜਦੋਂ ਨੀਲ਼ ਆਰਮ ਸਟਰਾਂਗ ਨੇ ਇੱਕ ਸਿੱਖ ਨੂੰ ਵੇਖਿਆ ਤਾਂ ਉਸ ਨੇ ਉਸ ਸਿੱਖ ਨੂੰ ਹੈਰਾਨੀ ਨਾਲ਼ ਪੁੱਛਿਆ, “ਤੁਸੀਂ ਸਰਦਾਰ ਜੀ ਏਥੇ ਕਿਵੇ?” ਤਾਂ ਸਰਦਾਰ ਜੀ ਦਾ ਅੱਗੋਂ ਉਤਰ ਸੀ, “ਅਸੀਂ ਤਾਂ ਜੀ 47 ਵੇਲ਼ੇ ਸਿਧੇ ਏਧਰ ਹੀ ਆ ਗਏ ਸੀ। “1947 ਦੀ ਦੇਸ਼ ਵੰਡ ਸਮੇ ਤਕਰੀਬਨ 40% ਦੇ ਕਰੀਬ ਸਿੱਖ ਕੌਮ, ਆਪਣੇ ਘਰਾਂ ਤੋਂ ਉਜੜ ਕੇ ਦੂਰ ਦੁਰਾਡੇ ਥਾਵਾਂ ਉਪਰ, ਜਿਥੇ ਕਿਸੇ ਦੇ ਸਿੰਙ ਸਮਾਏ ਜਾ ਟਿਕੀ। ਇਸ ਤਰ੍ਹਾਂ ਰਹਿੰਦੀ ਕਸਰ ਇੰਦਰਾ ਗਾਂਧੀ ਦੀ ‘ਕਿਰਪਾ’ ਨੇ 1984 ਵਿੱਚ ਕਢ ਦਿਤੀ। ਉਸ ਦੀ ‘ਕਿਰਪਾ ਦ੍ਰਿਸ਼ਟੀ’ ਸਿੱਖ ਕੌਮ ਤੇ ਪਈ ਤਾਂ ਬਹੁਤ ਸਾਰੀ ਸਿੱਖ ਜਵਾਨੀ, ਪੰਜਾਬ ਪੁਲ਼ਸ ਅਤੇ ਹਿੰਦੁਸਤਾਨੀ ਫੌਜ ਦੇ ਜ਼ੁਲਮਾਂ ਤੋਂ ਬਚਣ ਲਈ, ਦੁਨੀਆਂ ਦੇ ਵੱਖ ਵੱਖ ਦੇਸਾਂ ਵਿੱਚ ਜਾ ਵਸੀ। ਮੇਰੀਆਂ ਯੂਰਪ ਦੀਆਂ ਦੋ ਯਾਤਰਾਵਾਂ (1975 ਅਤੇ 1977) ਸਮੇ ਜਦੋਂ ਕਿ ਨੈਰੋਬੀ ਤੋਂ ਬਾਅਦ ਕੇਵਲ ਲੰਡਨ ਵਿੱਚ ਹੀ ਗੁਰਦੁਆਰਾ ਸੀ, ਯੂਰਪ ਦੇ ਕਿਸੇ ਵੀ ਮੁਲਕ ਵਿੱਚ ਨਹੀਂ ਸੀ, ਓਥੇ ਹੁਣ ਯੂਰਪ ਦੇ ਤਕਰੀਬਨ ਹਰੇਕ ਦੇਸ ਦੇ ਹਰੇਕ ਸ਼ਹਿਰ ਵਿਚ, ਇੱਕ ਤੋਂ ਵਧ ਗੁਰਦੁਆਰਾ ਸਾਹਿਬ ਸਥਾਪਤ ਹੋ ਚੁੱਕੇ ਹਨ। ਅਜਿਹਾ ਕੇਵਲ ਹਿੰਦ ਸਰਕਾਰ ਦੇ ਜ਼ੁਲਮੀ ਚੱਕਰ ਤੋਂ ਬਚ ਕੇ ਆਏ ਕੁੱਝ ਸਿੱਖ ਨੌਜਵਾਨਾਂ ਦੀ ਬਦੌਲਤ ਹੀ ਹੋ ਸਕਿਆ।
ਅਜਿਹੇ ਕੌਮੀ ਕਾਰਜਾਂ ਦੀ ਪੂਰਤੀ ਹਿਤ ਹੀ, ਬਾਕੀ ਸਥਾਨਾਂ ਵਾਂਙ ਹੀ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਵੀ, ਸਮੇ ਦੀ ਲੋੜ ਨੂੰ ਮੁਖ ਰੱਖ ਕੇ, ਇੱਕ ਹੋਰ ਗੁਰਸਥਾਨ ਦੀ ਸਥਾਪਨਾ ਦੀ ਲੋੜ ਸਮਝੀ ਗਈ। ਉਹਨਾਂ ਸਾਲਾਂ ਵਿੱਚ ਏਥੇ ਬਹੁਤ ਸਾਰੇ ਵਿਦਿਆਰਥੀ ਪੰਜਾਬ ਤੋਂ ਆਏ ਹੋਏ ਸਨ। ਉਹਨਾਂ ਦੀ ਨਵੀਨਤਾ ਅਤੇ ਬਹੁਲਤਾ ਕਾਰਨ ਕੰਮ ਸਾਰਿਆਂ ਨੂੰ ਨਹੀਂ ਸਨ ਮਿਲ ਰਹੇ। ਫਿਰ ਦੇਸੋਂ ਨਵੇ ਆਏ ਹੋਣ ਕਰਕੇ ਉਹਨਾਂ ਨੂੰ ਘਰਾਂ ਦੀ ਯਾਦ ਵੀ ਸਤਾਉਂਦੀ ਸੀ। ਉਹਨਾਂ ਨੂੰ ਘਰੋਗੀ ਵਾਤਾਵਰਣ, ਸਿੱਖੀ, ਪੰਜਾਬੀ ਭੋਜਨ ਅਤੇ ਪੰਜਾਬੀ ਵਾਤਾਵਰਣ ਦੇਣ ਦੀ ਲੋੜ ਨੂੰ ਤੀਬਰਤਾ ਨਾਲ਼ ਮਹਿਸੂਸ ਕਰਦਿਆਂ ਹੋਇਆਂ, ਸ. ਮਹਾਂਬੀਰ ਸਿੰਘ ਗਰੇਵਾਲ ਨੇ, ਆਪਣੇ ਪਰਵਾਰਕ ਮੈਂਬਰਾਂ ਅਤੇ ਕੁੱਝ ਸਾਂਝੀ ਸੋਚ ਵਾਲ਼ੇ ਸੱਜਣਾਂ ਦੇ ਸਹਿਯੋਗ ਨਾਲ਼, ਇਸ ਪਾਸੇ ਉਦਮ ਆਰੰਭਿਆ। ਭਾਵੇਂ ਕਿ ਪਹਿਲਾਂ ਇੱਕ ਗੁਰਦੁਆਰਾ ਸਾਹਿਬ 1988 ਤੋਂ ਇਸ ਸ਼ਹਿਰ ਵਿੱਚ ਮੌਜੂਦ ਸੀ ਪਰ ਕਈ ਮਜਬੂਰੀਆਂ ਕਰਕੇ ਉਸ ਸਥਾਨ ਤੋਂ ਅਜਿਹੀਆਂ ਸੇਵਾਵਾਂ ਪ੍ਰਦਾਨ ਨਾ ਕੀਤੇ ਜਾ ਸਕਣ ਕਾਰਨ, ਇਸ ਸ਼ਹਿਰ ਵਿੱਚ ਇੱਕ ਹੋਰ ਸਾਂਝੇ ਗੁਰਸਥਾਨ ਦੀ ਸਥਾਪਨਾ ਦੀ ਲੋੜ ਸਮਝੀ ਗਈ ਜਿਸ ਦੁਆਰਾ ਅਜਿਹੀਆਂ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। ਦੇਸੋਂ ਆਏ ਸਿੱਖ ਬੱਚੇ/ਬੱਚੀਆਂ ਦੀ ਸਹੂਲਤ ਨੂੰ ਮੁਖ ਰੱਖਦਿਆਂ ਹੋਇਆਂ ਇਸ ਕਾਰਜ ਦੀ ਪੂਰਤੀ ਲਈ ‘ਗੁਰੂ ਨਾਨਕ ਸੋਸਾਇਟੀ ਆਫ਼ ਆਸਟ੍ਰੇਲੀਆ’ ਨਾਂ ਦੀ ਜਥੇਬੰਦੀ ਰਜਿਸਟਰ ਕਰਵਾ ਲਈ ਗਈ। ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ, ਜੁਲਾਈ 2005 ਵਿਚ, $457000. 00 ਦੀ ਕੀਮਤ ਵਾਲ਼ੀ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਸਬਅਰਬ ਐਲਨਬੀ ਗਾਰਡਨ ਵਿਚ, ਇੱਕ ਪੁਰਾਣੇ ਚਰਚ ਦੀ ਬਿਲਡਿੰਗ ਖਰੀਦ ਲਈ ਗਈ ਜਿਸ ਦਾ ਸਿਰਨਾਵਾਂ ਹੈ:
7A ਬਰਾਹਮ ਸਟਰੀਟ, ਐਲਨਬੀ ਗਾਰਡਨਜ਼ 5009.
11 ਨਵੰਬਰ 2005 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ੁਭ ਆਗਮਨ ਦਿਵਸ ਉਪਰ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਨੁਮਾਇੰਦੇ, ਆਨਰੇਬਲ ਮਾਈਕਲ ਐਟਕਿਨਸਨ ਐਮ. ਪੀ. ਦੁਆਰਾ ਸੋਸਾਇਟੀ ਅਤੇ ਗੁਰਦੁਆਰਾ ‘ਗੁਰੂ ਨਾਨਕ ਦਰਬਾਰ’ ਦਾ ਸ਼ੁਭ ਆਰੰਭ ਕਰ ਲਿਆ ਗਿਆ।
ਸਾਰਾ ਸਮਾ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਅਤੇ ਹਰ ਪ੍ਰਕਾਰ ਦੀਆਂ ਧਾਰਮਿਕ ਸੇਵਾਵਾਂ ਨਿਭਾਉਣ ਵਾਸਤੇ ਯੋਗ ਗ੍ਰੰਥੀ ਦੀ ਲੋੜ ਹੁੰਦੀ ਹੈ। ਇਸ ਕਾਰਜ ਲਈ ਸਰਦਾਰ ਗਰੇਵਾਲ ਜੀ ਨੇ, ਸੰਗਰੂਰ ਦੇ ਵਸਨੀਕ ਯੋਗ ਰਾਗੀ ਸਿੰਘ ਅਤੇ ਸਿੱਖ ਵਿਦਵਾਨ, ਗਿਆਨੀ ਪੁਸ਼ਪਿੰਦਰ ਸਿੰਘ ਜੀ ਦੀਆਂ ਸੇਵਾਵਾਂ ਪਰਾਪਤ ਕਰ ਲਈਆਂ। ਗਿਆਨੀ ਜੀ ਉਸ ਸਮੇ ਮਲੇਸ਼ੀਆ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸਨ। ਉਹਨਾਂ ਨੂੰ ਗ੍ਰੰਥੀ ਸਿੰਘ ਦੇ ਰੂਪ ਵਿੱਚ ਏਥੇ ਲਿਆਉਣ ਲਈ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਵਾਸਤੇ ਅਪਲਾਈ ਕੀਤਾ ਗਿਆ। ਇਸ ਦੌਰਾਨ ਕੁੱਝ ਸਮੇ ਲਈ ਰਿਵਰਲੈਂਡ ਤੋਂ ਭਾਈ ਰਵਿੰਦਰ ਸਿੰਘ ਜੀ ਦੀਵਾਨ ਸਮੇ ਸੇਵਾ ਨਿਭਾਉਣ ਲਈ ਆਉਂਦੇ ਰਹੇ। ਗਿ. ਪੁਸ਼ਪਿੰਦਰ ਸਿੰਘ ਜੀ ਦੀ ਇਮੀਗ੍ਰੇਸ਼ਨ ਦੀ ਕਾਰਵਾਈ ਸਿਰੇ ਚੜ੍ਹਨ ਵਿੱਚ ਦੇਰੀ ਲੱਗਦੀ ਵੇਖ ਕੇ, ਕੁੱਝ ਸਮੇ ਲਈ ਲੋਕਲ ਗੁਰਸਿਖਾਂ ਨੇ ਇਹ ਸੇਵਾ ਨਿਭਾਈ। ਪ੍ਰਬੰਧਕਾਂ ਦੇ ਲਗਾਤਾਰ ਯਤਨਾਂ ਕਰਕੇ ਆਖਰ ਗਿਆਨੀ ਪੁਸ਼ਪਿੰਦਰ ਸਿੰਘ ਜੀ ਆ ਗਏ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੁਚੱਜਤਾ ਸਹਿਤ ਸੰਭਾਲ਼ ਲਈ।
ਗੁਰਦੁਆਰਾ ਸਾਹਿਬ ਦੀ ਆਰੰਭਤਾ ਦੇ ਸਮੇ ਤੋਂ ਹੀ ਸ. ਮਹਾਂਬੀਰ ਸਿੰਘ ਗਰੇਵਾਲ਼ ਨੇ ਸੰਗਤਾਂ ਨੂੰ ਬੇਨਤੀ ਕਰ ਦਿਤੀ ਸੀ ਕਿ ਉਹ ਐਡੀਲੇਡ ਤੋਂ ਬਹੁਤ ਦੂਰ, ਪੋਰਟ ਅਗੱਸਤਾ ਵਿਖੇ ਰਹਿ ਰਹੇ ਹੋਣ ਕਰਕੇ, ਹਰੇਕ ਸਮੇ ਏਥੇ ਹਾਜਰ ਨਹੀਂ ਰਹਿ ਸਕਦੇ ਪਰ ਗੁਰਦੁਆਰਾ ਸਾਹਿਬ ਹਫ਼ਤੇ ਦੇ ਸਾਰੇ ਦਿਨ ਖੁਲ੍ਹਾ ਰਹੇਗਾ ਅਤੇ ਸੰਗਤਾਂ ਹਰ ਰੋਜ ਆ ਕੇ ਮੱਥਾ ਟੇਕ ਸਕਦੀਆਂ ਹਨ ਅਤੇ ਲੰਗਰ ਤਿਆਰ ਕਰਕੇ ਛਕ ਸਕਦੀਆਂ ਹਨ। ਸਮੇ ਅਤੇ ਦਿਨ ਦੀ ਕੋਈ ਪਾਬੰਦੀ ਨਹੀਂ। ਸੰਗਤਾਂ ਗਿਆਨੀ ਜੀ ਦੀ ਅਗਵਾਈ ਹੇਠ ਭਾਵੇਂ ਹਰ ਰੋਜ ਤਿੰਨੋ ਵੇਲੇ ਲੰਗਰ ਸਜਾਉਣ, ਖ਼ੁਦ ਛਕਣ ਅਤੇ ਬਾਕੀ ਸੰਗਤਾਂ ਨੂੰ ਵੀ ਛਕਾਉਣ। ਸੰਗਤ ਵਾਸਤੇ ਲੰਗਰ ਦੀ ਤਿਆਰੀ ਲਈ ਜੋ ਰਾਸ਼ਨ ਸਟੋਰ ਵਿੱਚ ਹੈ ਉਹ ਬਿਨਾ ਰੋਕ ਵਰਤ ਲਿਆ ਜਾਵੇ ਤੇ ਜੋ ਕੁੱਝ ਸਟੋਰ ਵਿੱਚ ਨਾ ਹੋਵੇ ਅਤੇ ਲੰਗਰ ਵਾਸਤੇ ਲੋੜੀਂਦਾ ਹੋਵੇ ਉਹ ਬਾਜਾਰ ਤੋਂ ਖ਼ਰੀਦ ਲਿਆ ਜਾਵੇ ਅਤੇ ਡੌਕਟ ਲਿਆ ਕੇ, ਉਸ ਦੇ ਬਣਦੇ ਪੈਸੇ ਗ੍ਰੰਥੀ ਜੀ ਪਾਸੋਂ ਪਰਾਪਤ ਕਰ ਲਏ ਜਾਇਆ ਕਰਨ। ਉਸ ਸਮੇ ਦੇਸੋਂ ਆਉਣ ਵਾਲ਼ੇ ਪੰਜਾਬੀ ਨੌਜਵਾਨ ਵਿਦਿਆਰਥੀ ਬੱਚੇ/ਬੱਚੀਆਂ ਵਾਸਤੇ ਇਹ ਬੜੀ ਭਾਰੀ ਸਰਬ ਪੱਖੀ ਸਹਾਇਤਾ ਸੀ। ਏਥੇ ਉਹ ਧਾਰਮਿਕ ਵਾਤਾਵਰਣ ਵਿਚ, ਗੁਰੂ ਘਰ ਦੀ ਛਤਰ ਛਾਇਆ ਅੰਦਰ, ਆਪਣੇ ਹੱਥੀਂ ਹਰ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਲੈ ਸਕਦੇ ਸਨ। ਉਹਨਾਂ ਨਵੇਂ ਆਏ ਨੌਜਵਾਨਾਂ ਨੂੰ, ਗੁਰਦੁਆਰਾ ਸਾਹਿਬ ਦੀ ਛਤਰ ਛਾਇਆ ਅਤੇ ਸੁਘੜ ਗ੍ਰੰਥੀ ਸਿੰਘਾਂ ਦੀ ਆਗਵਾਈ ਅੰਦਰ, ਆਪਣੇ ਵਰਗੇ ਹੋਰ ਨੌਜਵਾਨਾਂ ਦੀ ਸੰਗਤ ਅਤੇ ਸਾਂਝ ਦਾ ਅਨੰਦ ਮਾਨਣ ਦਾ ਮੌਕਾ ਮਿਲਣ ਲੱਗ ਪਿਆ। ਇਸ ਸਭ ਕਾਸੇ ਦੀ ਉਸ ਸਮੇ ਬਹੁਤ ਲੋੜ ਸੀ। ਅੱਜ ਭਾਵੇਂ ਕੁੱਝ ਕਾਰਨਾਂ ਕਰਕੇ ਅਜਿਹੀ ਲੋੜ ਏਨੀ ਤੀਬਰਤਾ ਨਾਲ਼ ਮਹਿਸੂਸ ਨਹੀਂ ਕੀਤੀ ਜਾਂਦੀ।
ਇਸ ਤੋਂ ਇਲਾਵਾ, ਸਿੱਖ ਸਮਾਜ ਦੀ ਇੱਕ ਹੋਰ ਪੱਖ ਤੋਂ ਭਲਾਈ ਨੂੰ ਵਿਚਾਰ ਵਿੱਚ ਰੱਖਦਿਆਂ ਹੋਇਆਂ, ਗੁਰਦੁਆਰਾ ਸਾਹਿਬ ਜੀ ਦੇ ਆਰੰਭ ਤੋਂ ਹੀ ਗਰੇਵਾਲ ਜੀ ਦਾ ਵਿਚਾਰ ਸੀ ਕਿ ਇਸ ਗੁਰਦੁਆਰਾ ਸਾਹਿਬ ਜੀ ਸੇਵਾ ਲਈ, ਇੱਕ ਨਹੀਂ ਪੰਜ ਗ੍ਰੰਥੀ ਸਿੰਘਾਂ ਦੀ ਸੇਵਾ ਪਰਾਪਤ ਕੀਤੀ ਜਾਵੇਗੀ ਕਿਉਂਕਿ ਇਕੋ ਗ੍ਰੰਥੀ ਸਿੰਘ ਸਾਰੇ ਸਮੇ ਲਈ ਸਾਰੀਆਂ ਸੇਵਾਵਾਂ ਨਹੀਂ ਨਿਭਾ ਸਕਦਾ। ਇਸ ਕਾਰਜ ਲਈ ਦੇਸ ਤੋਂ, ਜਿਥੇ ਕਿ ਸਿੱਖ ਵਿਦਵਾਨਾਂ ਅਤੇ ਧਾਰਮਿਕ ਸੇਵਾਦਾਰਾਂ ਦੀ ਬਹੁਲਤਾ ਹੈ, ਓਥੋਂ ਹੀ ਗ੍ਰੰਥੀ ਸਿੰਘ, ਪਰਵਾਰਾਂ ਸਮੇਤ ਪੱਕੇ ਤੌਰ ਤੇ ਏਥੇ ਇਮੀਗ੍ਰੇਸ਼ਨ ਦੁਆ ਕੇ ਲਿਆਂਦੇ ਜਾਣ। ਉਹਨਾਂ ਦੇ ਪਰਵਾਰਾਂ ਦੀ ਉਪਜੀਵਕਾ ਵਾਸਤੇ ਗੁਰਦੁਆਰਾ ਸਾਹਿਬ ਜੀ ਦੇ ਬਜਟ ਵਿਚੋਂ ਯੋਗ ਤਨਖਾਹਵਾਂ ਦਿਤੀਆਂ ਜਾਣ ਤਾਂ ਕਿ ਹੋਰ ਕਈ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਵਾਂਙ, ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ, ਆਪਣੀ ਉਪਜੀਵਕਾ ਕਮਾਉਣ ਦੀ ਮਜਬੂਰੀ ਨਾ ਹੋਵੇ ਤੇ ਉਹ ਰੋਜ਼ੀ ਤੋਂ ਬੇਫਿਕਰ ਹੋ ਕੇ ਆਪਣਾ ਸਾਰਾ ਸਮਾ ਸੰਗਤਾਂ ਦੀ ਸੇਵਾ ਵਿੱਚ ਹਾਜਰ ਰਹਿ ਸਕਣ। ਫਿਰ ਕੌਮੀ ਭਲਾਈ ਦੀ ਲੰਮੇਰੀ ਸੋਚ ਹੋਣ ਸਦਕਾ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕਾਂ ਦਾ ਇਹ ਵਿਚਾਰ ਸੀ ਅਤੇ ਅਜੇ ਵੀ ਹੈ ਅਤੇ ਉਹ ਇਸ ਸਬੰਧੀ ਕਰਮਸ਼ੀਲ ਵੀ ਹਨ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਦੌਰਾਨ, ਗ੍ਰੰਥੀ ਸਿੰਘ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ, ਜੋ ਵੀ ਅਗਲੇਰੀ ਕਿੱਤਾ ਮੁਖੀ ਵਿਦਿਆ ਪਰਾਪਤ ਕਰਨੀ ਚਾਹੁਣ ਉਹ ਅਜਿਹਾ ਕਰਨ ਲਈ ਪੂਰਨ ਤੌਰ ਤੇ ਆਜ਼ਾਦ ਹੋਣਗੇ। ਪ੍ਰਬੰਧਕਾਂ ਵੱਲੋਂ ਇਸ ਕਾਰਜ ਵਿੱਚ ਕਿਸੇ ਕਿਸਮ ਦੀ ਰੁਕਾਵਟ ਪਾਉਣ ਦੀ ਬਜਾਇ ਉਹਨਾਂ ਦੇ ਇਸ ਪਾਸੇ ਕੀਤੇ ਜਾਣ ਵਾਲ਼ੇ ਉਦਮ ਵਿੱਚ ਯੋਗ ਸਹਾਇਤਾ ਅਤੇ ਅਗਵਾਈ ਕੀਤੀ ਜਾਵੇਗੀ। ਉਹ ਚਾਹੁਣ ਤਾਂ ਖ਼ੁਦ ਨੂੰ ਇਸ ਦੇਸ਼ ਦੇ ਸਿੱਖ ਸਮਾਜ ਦੀਆਂ ਲੋੜਾਂ ਦੇ ਹਾਣੀ ਬਣਾਉਣ ਲਈ, ਆਪਣੇ ਅੰਗ੍ਰੇਜ਼ੀ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ਼ ਨਾਲ਼ ਇਸ ਦੇਸ਼ ਦੇ ਕਾਨੂੰਨ, ਰਹਿਣ ਸਹਿਣ, ਟੀਚਿੰਗ ਆਦਿ ਦੀ ਸਿਖਲਾਈ ਪਰਾਪਤ ਕਰ ਸਕਦੇ ਹਨ ਤਾਂ ਕਿ ਉਹ ਸਮਾਜ ਦੇ ਹਾਣੀ ਬਣ ਕੇ, ਏਥੋਂ ਦੇ ਵਸਨੀਕ ਸਿੱਖ ਪਰਵਾਰਾਂ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਯੋਗ ਅਗਵਾਈ ਕਰ ਸਕਣ। ਸਿੱਖਾਂ ਦੇ ਬੱਚਿਆਂ ਨੂੰ ਗੁਰਮੁਖੀ, ਪੰਜਾਬੀ, ਗੁਰਮਤਿ ਸੰਗੀਤ, ਕੀਰਤਨ ਆਦਿ ਦੀ ਸਿਖਲਾਈ ਕਰਵਾਉਣ ਵਾਸਤੇ, ਯੋਗ ਸਿੱਖ ਵਿਦਵਾਨਾਂ ਦੀ ਇਸ ਦੇਸ਼ ਵਿੱਚ ਬਹੁਤ ਲੋੜ ਹੈ। ਇਸ ਲੋੜ ਦੀ ਪੂਰਤੀ ਵਾਸਤੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਬੜੇ ਸਹਾਈ ਹੋ ਸਕਦੇ ਹਨ। ਇਸ ਕਾਰਜ ਨੂੰ ਸਫ਼ਲਤਾ ਸਹਿਤ ਨਿਭਾਉਣ ਵਾਸਤੇ ਉਹਨਾਂ ਨੂੰ ਇਸ ਦੇਸ਼ ਦੇ ਰਸਮੋ ਰਿਵਾਜ਼ ਦੀ ਜਾਣਕਾਰੀ ਹੋਣੀ ਵੀ ਬੜੀ ਜ਼ਰੂਰੀ ਹੈ।
ਗਰੇਵਾਲ ਸਾਹਿਬ ਦੀ ਅਜਿਹੀ ਕੌਮੀ ਭਲਾਈ ਦੀ ਦੂਰ ਦ੍ਰਿਸ਼ਟੀ ਕਾਬਲੇ ਤਾਰੀਫ਼ ਹੈ ਅਤੇ ਇਹ ਦੂਜੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵਾਸਤੇ ਰੀਸ ਕਰਨ ਯੋਗ ਵੀ ਹੈ। ਮੈਂ 1979 ਦੇ ਅਕਤੂਬਰ ਮਹੀਨੇ ਵਿੱਚ ਜਦੋਂ ਆਸਟ੍ਰੇਲੀਆ ਵਿੱਚ ਆਇਆ ਸੀ ਤੇ ਉਸ ਸਮੇ ਤੋਂ ਹੀ ਕੁੱਝ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ, ਜਿਨ੍ਹਾਂ ਵਿਚੋਂ ਕੁੱਝ ਬਾਰੇ ਮੇਰੀ ਜਾਣਕਾਰੀ ਹੈ, ਏਸੇ ਫਿਕਰ ਵਿੱਚ ਹੀ ਰਹਿੰਦੇ ਰਹੇ ਨੇ ਕਿ ਜੇਕਰ ਗ੍ਰੰਥੀ ਸਿੰਘ ਨੂੰ ਪੱਕਾ ਕਰਵਾ ਦਿਤਾ ਤਾਂ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਛੱਡ ਕੇ, ਬਾਹਰ ਚਲਿਆ ਜਾਵੇਗਾ। ਜੇ ਕਿਸੇ ਸਮੇ ਗ੍ਰੰਥੀ ਸਿੰਘ ਨੂੰ ਪੱਕਾ ਕਰਵਾਉਣ ਲਈ ਕੋਈ ਮਨੁਖਤਾ ਦਾ ਹਮਦਰਦੀ ਸੂਝਵਾਨ ਸੱਜਣ ਅਜਿਹੀ ਬੇਨਤੀ ਪ੍ਰਬੰਧਕਾਂ ਨੂੰ ਕਰਦਾ ਵੀ ਸੀ ਤਾਂ ਉਹਨਾਂ ਵੱਲੋਂ ਅਜਿਹਾ ਝੂਠਾ ਬਿਆਨ ਦੇ ਕੇ ਉਸ ਨੂੰ ਚੁੱਪ ਕਰਵਾ ਦਿਤਾ ਜਾਂਦਾ ਸੀ। ਉਹ ਬਿਆਨ ਇਹ ਹੁੰਦਾ ਸੀ ਕਿ ਜੇ ਗ੍ਰੰਥੀ ਸਿੰਘ ਨੂੰ ਪੱਕਾ ਕਰਵਾ ਦਿਤਾ ਤਾਂ ਉਹ ਗੁਰਦੁਆਰੇ ਦੀ ਸੇਵਾ ਛੱਡ ਕੇ ਬਾਹਰ ਨੌਕਰੀ ਕਰ ਲਵੇਗਾ ਅਤੇ ਫਿਰ ਅਸੀਂ ਏਨਾ ਚੰਗਾ ਗ੍ਰੰਥੀ ਸਿੰਘ ਹੋਰ ਕਿਥੋਂ ਲਭਾਂਗੇ? ਪਰ ਪਰਦੇ ਵਿੱਚ ਗੱਲ ਇਹ ਹੁੰਦੀ ਸੀ ਕਿ ਕਿਸੇ ਹੋਰ ਸਿੱਖ ਪਰਵਾਰ ਦਾ ਭਲਾ ਨਾ ਹੋ ਜਾਵੇ। ਪਰਦੇ ਵਿੱਚ ਇੱਕ ਇਹ ਵੀ ਘਟੀਆ ਸੋਚ ਕੰਮ ਕਰ ਰਹੀ ਹੁੰਦੀ ਸੀ ਕਿ ਜੇਕਰ ਗ੍ਰੰਥੀ ਸਿੰਘ ਪੱਕਾ ਹੋ ਗਿਆ ਤਾਂ ਉਹ ਅਸਾਡੀ ਈਨ ਦੇ ਅਧੀਨ ਨਹੀਂ ਰਹੇਗਾ ਸਗੋਂ ਸਵੈਮਾਨ ਸਹਿਤ ਆਪਣੀ ਆਜ਼ਾਦਾਨਾ ਸੋਚ ਅਨੁਸਾਰ ਸੇਵਾ ਨਿਭਾਉਣੀ ਸ਼ੁਰੂ ਕਰ ਦੇਵੇਗਾ। ਇਹ ਹਾਲਤ ਘਟੀਆ ਸੋਚ ਵਾਲੇ ਪ੍ਰਬੰਧਕਾਂ ਨੂੰ ਨਹੀਂ ਭਾਉਂਦੀ। ਇਹ ਸੋਚ ਕੁੱਝ ਪ੍ਰਬੰਧਕਾਂ ਦੀ ਸੋਚ ਉਪਰ ਏਥੋਂ ਤੱਕ ਹਾਵੀ ਹੋ ਚੁੱਕੀ ਸੀ ਅਤੇ ਹੈ ਕਿ ਉਹਨਾਂ ਨੇ ਪੱਕਾ ਗ੍ਰੰਥੀ ਸਿੰਘ ਰੱਖਣ ਦੀ ਬਜਾਇ, ਦੇਸ ਤੋਂ ਕੁੱਝ ਮਹੀਨਿਆਂ ਲਈ ਰਾਗੀ ਜਥੇ ਹੀ ਮੰਗਵਾਉਣੇ ਸ਼ੁਰੂ ਕਰ ਦਿਤੇ ਹਨ। ਸੋ “ਨਾ ਨੱਕ ਰਹੇ ਤੇ ਨਾ ਮੰਖੀ ਬਹੇ”। ਨਾ ਕੋਈ ਗ੍ਰੰਥੀ ਸਿੰਘ ਲੰਮੇ ਸਮੇ ਲਈ ਪੱਕੇ ਤੌਰ ਤੇ ਰੱਖਣ ਦੀ ਲੋੜ ਪਏ ਅਤੇ ਨਾ ਹੀ ਉਹ ਆਪਣੀ ਸਹੀ ਧਾਰਮਿਕ ਸੋਚ ਸਦਕਾ ਪ੍ਰਬੰਧਕਾਂ ਲਈ ਸਿਰਦਰਦੀ ਬਣ ਸਕੇ। ਇਉਂ ਗ੍ਰੰਥੀਆਂ ਤੋਂ ਪੈਦਾ ਹੋਣ ਵਾਲ਼ੀਆਂ ਸਮੱਸਿਆਵਾਂ ਦਾ ਸਦਾ ਲਈ ‘ਕੀਰਤਨ ਸੋਹਿਲਾ’ ਪੜ੍ਹ ਦਿਤਾ ਗਿਆ।
ਪ੍ਰਬੰਧਕਾਂ ਵੱਲੋਂ ਸਮੇ ਸਮੇ ਪੰਜਾਬ ਤੋਂ ਧਾਰਮਿਕ ਸ਼ਖ਼ਸੀਅਤਾਂ, ਰਾਗੀ ਜਥਿਆਂ, ਢਾਡੀ ਜਥਿਆਂ, ਕਥਾਕਾਰਾਂ ਆਦਿ ਨੂੰ ਬੁਲਾ ਕੇ, ਧਰਮ ਪ੍ਰਚਾਰ ਵਾਸਤੇ ਉਚੇਚੇ ਉਦਮ ਕੀਤੇ ਜਾਂਦੇ ਹਨ। ਬੱਚਿਆਂ ਵਿੱਚ ਸਿੱਖੀ ਸਿੱਖਿਆ ਦਾ ਸੰਚਾਰ ਕਰਨ ਦਾ ਉਦਮ ਵੀ ਕੀਤਾ ਜਾਂਦਾ ਹੈ।
ਇਸ ਸਮੇ ਗੁਰਦੁਆਰਾ ਸਾਹਿਬ ਵਿਖੇ ਮਾਨਤਾ ਪਰਾਪਤ ਪੰਜਾਬੀ ਸਕੂਲ ਵੀ ਚੱਲਦਾ ਹੈ ਅਤੇ ਹਰੇਕ ਹਫ਼ਤੇ ਪੰਜਾਬੀ ਸੀਨੀਅਰ ਸਿਟੀਜ਼ਨਜ਼ ਨੂੰ, ਉਹਨਾਂ ਦੇ ਘਰਾਂ ਤੋਂ ਵੈਨ ਉਪਰ ਸਵਾਰ ਕਰਾ ਕੇ, ਬਾਹਰ ਵੱਖ ਵੱਖ ਸਥਾਨਾਂ ਉਪਰ ਪਿਕਨਿਕ ਵਾਸਤੇ ਵੀ ਲਿਜਾਇਆ ਜਾਂਦਾ ਹੈ। ਪ੍ਰਬੰਧਕਾਂ ਵੱਲੋਂ ਇਸ ਤੋਂ ਇਲਾਵਾ ਵੀ, ਸਿੱਖ ਸਮਾਜ ਦੀ ਭਲਾਈ ਵਾਸਤੇ ਹੋਰ ਲਾਭਦਾਇਕ ਸਕੀਮਾਂ ਨੂੰ ਸਮੇ ਸਮੇ, ਪਰਾਪਤ ਹੋਣ ਵਾਲ਼ੇ ਵਸੀਲਿਆਂ ਅਨੁਸਾਰ, ਚਾਲੂ ਕਰਨ ਬਾਰੇ ਵਿਚਾਰ ਹੈ।
ਭਾਵੇਂ ਕਿ ਇਸ ਗੁਰਦੁਆਰਾ ਸਾਹਿਬ ਦੇ ਇਕਾ ਦੁੱਕਾ ਗ੍ਰੰਥੀ ਸਿੰਘਾਂ ਵੱਲੋਂ, ਪ੍ਰਬੰਧਕਾਂ ਦੀ ਸੋਚ ਅਨੁਸਾਰ, ਉਹਨਾਂ ਨੂੰ ਪੂਰਾ ਸਹਿਯੋਗ ਨਹੀਂ ਮਿਲ਼ਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਇਹ ਚੰਗਾ ਵਿਚਾਰ ਤਿਆਗਿਆ ਨਹੀਂ। ਇਸ ਦਾ ਸਬੂਤ ਇਹ ਹੈ ਕਿ ਦੋ ਗ੍ਰੰਥੀ ਸਿੰਘ ਇਸ ਸਮੇ ਸੇਵਾ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ, ਦੋ ਹੋਰ ਗ੍ਰੰਥੀ ਸਿੰਘ, ਭਾਈ ਦਰਸ਼ਨ ਸਿੰਘ ਜੀ ਅਤੇ ਭਾਈ ਸੁਖਬੀਰ ਸਿੰਘ ਜੀ, ਵੀ ਉਹਨਾਂ ਦੇ ਉਹਮ ਅਤੇ ਗੁਰਦੁਆਰਾ ਸਾਹਿਬ ਦੀ ਸਪੌਂਸਰਸ਼ਿਪ ਸਦਕਾ, ਏਥੇ ਪਹੁੰਚ ਕੇ ਸੇਵਾ ਸੰਭਾਲ਼ ਚੁੱਕੇ ਹਨ ਅਤੇ ਤੀਜੇ ਸਥਨ ਦੀ ਪੂਰਤੀ ਵਾਸਤੇ ਯੋਗ ਵਿਦਵਾਨ ਸੱਜਣ ਦੀ ਭਾਲ਼ ਕੀਤੀ ਜਾ ਰਹੀ ਹੈ।
ਇਸ ਸਮੇ ਇਸ ਸ਼ਹਿਰ ਤਿੰਨ ਗੁਰਦੁਆਰਾ ਸਾਹਿਬ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਵਿੱਚ ਭਰਪੂਰ ਹਿੱਸਾ ਪਾ ਰਹੇ ਹਨ। ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲ਼ਿਆਂ ਦੀ ਪ੍ਰੇਰਨਾ ਸਦਕਾ ਤਿੰਨੋ ਹੀ ਗੁਰਦੁਆਰਾ ਸਾਹਿਬ ਦੇ ਸੂਝਵਾਨ ਪ੍ਰਬੰਧਕਾਂ ਵੱਲੋਂ, ਸਾਂਝੇ ਕੌਮੀ ਕਾਰਜਾਂ ਲਈ ਮਿਲ਼ ਕੇ ਉਦਮ ਕਰਨ ਵਾਲ਼ੇ ਪਾਸੇ ਯਤਨ ਕੀਤੇ ਜਾ ਰਹੇ ਹਨ। ਰੱਬ ਦੀ ਰਹਿਮਤ ਹੋਵੇ ਤੇ ਇਹ ਕਾਰਜ ਹੋਰ ਵੀ ਸੁਚਾਰੂ ਰੂਪ ਵਿੱਚ ਅਤੇ ਤੇਜੀ ਨਾਲ਼ ਅਮਲ ਵਿੱਚ ਲਿਆਂਦੇ ਜਾ ਸਕਣ।
ਸੰਤੋਖ ਸਿੰਘ
.