ਧਰਮ ਦੀ
ਸਮੱਸਿਆ-6
ਜਪ-ਤਪ-ਹਠ ਕਰਮ ਅਧਾਰਿਤ ਨਕਲੀ
ਧਰਮ
ਜਪ, ਤਪ, ਹਠ ਕਰਮਾਂ ਆਧਾਰਿਤ ਨਕਲੀ
ਧਰਮ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀਆਂ ਲਾਈਨਾਂ ਸਾਂਝੀਆਂ
ਕਰਨੀਆਂ ਚਾਹੁੰਦਾ ਹਾਂ:
ਰੱਬ ਇੱਕ ਗੁੰਝਲਦਾਰ ਬੁਝਾਰਤ,
ਰੱਬ ਇੱਕ ਗੋਰਖਧੰਦਾ,
ਪੇਚ ਇਸਦੇ ਖੋਲ੍ਹਣ ਲੱਗਿਆਂ ਕਾਫਰ ਹੋ ਜਾਏ ਬੰਦਾ।
ਮਨੁੱਖ ਨੇ ਜੰਗਲੀ ਜੀਵਨ ਛੱਡ ਕੇ ਜਦੋਂ ਤੋਂ ਸਮਾਜਿਕ ਪ੍ਰਾਣੀ ਦੇ ਤੌਰ `ਤੇ ਵਿਚਰਨਾ ਸ਼ੁਰੂ ਕੀਤਾ
ਹੈ, ਓਦੋਂ ਤੋਂ ਹੀ ਉਸਨੇ ਜੀਵਨ ਦੇ ਵੱਖ-ਵੱਖ ਵਰਤਾਰਿਆਂ ਬਾਰੇ ਆਪਣੀ ਖੋਜ ਹਮੇਸ਼ਾਂ ਜਾਰੀ ਰੱਖੀ ਹੈ।
ਇਸ ਧਰਤੀ `ਤੇ ਵਾਪਰਦੇ ਵੱਖ-ਵੱਖ ਅਦਭੁੱਤ ਕੁਦਰਤੀ ਵਰਤਾਰਿਆਂ ਬਾਰੇ ਜਦੋਂ ਅਜੇ ਉਸਦੀ ਸੋਝੀ ਬਹੁਤੀ
ਵਿਕਸਤ ਨਹੀਂ ਹੋਈ ਸੀ ਤਾਂ ਉਸਦੇ ਸਮਝ ਨਾ ਆਉਣ ਵਾਲੀਆਂ ਘਟਨਾਵਾਂ ਨੂੰ ਉਹ ਕਿਸੇ ਅਦਿੱਖ ਸ਼ਕਤੀ
ਦੁਆਰਾ ਲਿਆਂਦੀਆਂ ਆਫਤਾਂ ਮੰਨ ਲੈਂਦਾ ਸੀ, ਉਸਨੂੰ ਅਜੇ ਕੁਦਰਤ ਦੇ ਅਟੱਲ ਨਿਯਮਾਂ ਦੀ ਸੋਝੀ ਨਹੀਂ
ਸੀ। ਇਸ ਲਈ ਉਹ ਹਰ ਕੁਦਰਤੀ ਆਫਤ, ਕੁਦਰਤੀ ਵਰਤਾਰੇ ਲਈ ਕੋਈ ਨਾ ਕੋਈ ਦੇਵੀ-ਦੇਵਤਾ ਘੜ ਕੇ ਉਸਦੀ
ਪੂਜਾ ਕਰਨ ਲੱਗ ਪੈਂਦਾ ਸੀ। ਉਨ੍ਹਾਂ ਸਮਿਆਂ ਤੋਂ ਹੀ ਇੱਕ ਪਾਸੇ ਇਹ ਸੋਚ ਵਿਕਸਤ ਹੁੰਦੀ ਰਹੀ ਕਿ
ਇਨ੍ਹਾਂ ਕੁਦਰਤੀ ਵਰਤਾਰਿਆਂ ਦੇ ਵਾਪਰਨ ਦੇ ਕੋਈ ਨਾ ਕੋਈ ਕਾਰਨ ਹੁੰਦੇ ਹਨ। ਜੇ ਉਹ ਕਾਰਨ ਲੱਭ ਲਏ
ਜਾਣ ਤਾਂ ਕੁਦਰਤੀ ਆਫਤਾਂ ਤੋਂ ਬਚਿਆ ਵੀ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਰੋਕਿਆ ਵੀ ਜਾ ਸਕਦਾ ਹੈ।
ਪਰ ਦੂਜੇ ਪਾਸੇ ਇਹ ਸੋਚ ਵੀ ਚਲਦੀ ਰਹੀ ਕਿ ਨਹੀਂ ਇਨ੍ਹਾਂ ਸਾਰੇ ਕੁਦਰਤੀ ਵਰਤਾਰਿਆਂ ਪਿੱਛੇ ਕੋਈ ਨਾ
ਕੋਈ ਅਜਿਹੀ ਸ਼ਕਤੀ ਹੈ, ਜੋ ਅਦਿੱਖ ਰੂਪ ਵਿੱਚ ਕਿਸੇ ਹੋਰ ਧਰਤੀ `ਤੇ ਬੈਠ ਕੇ ਇਸ ਧਰਤੀ ਨੂੰ ਚਲਾ
ਰਹੀ ਹੈ। ਮਨੁੱਖ ਦੀ ਸੂਝ ਇਸ ਧਰਤੀ ਤੋਂ ਹੋਰ ਅੱਗੇ ਕਿਤੇ ਅਜੇ ਵਿਕਸਤ ਨਹੀਂ ਹੋਈ ਸੀ, ਇਸ ਲਈ
ਉਸਨੂੰ ਉਪਰ ਸਿਰਫ ਅਸਮਾਨ (ਬੱਦਲ) ਹੀ ਦਿਸਦਾ ਸੀ ਤੇ ਇਹ ਵੀ ਸੱਚ ਹੈ ਕਿ ਅਸਮਾਨੀ ਬਿਜਲੀ, ਬੱਦਲਾਂ
ਦੀ ਗਰਜਣ, ਮੀਂਹ, ਹਨ੍ਹੇਰੀ, ਬਰਫ ਆਦਿ ਉਪਰੋਂ ਨਜ਼ਰ ਆਉਂਦੀ ਸੀ, ਇਸ ਨਾਲ ਮਨੁੱਖ ਦਾ ਇਹ ਭਰਮ ਪੱਕਾ
ਹੁੰਦਾ ਗਿਆ ਕਿ ਇਨ੍ਹਾਂ ਬੱਦਲਾਂ ਦੇ ਪਾਰ ਜ਼ਰੂਰ ਕੋਈ ਅਜਿਹਾ ਵਿਅਕਤੀ ਬੈਠਾ ਹੈ, ਜੋ ਸਾਡੀ ਇਸ ਧਰਤੀ
ਨੂੰ ਚਲਾ ਰਿਹਾ ਹੈ ਤੇ ਉਸ ਕੋਲ ਅਜਿਹੀਆਂ ਅਸੀਮ ਸ਼ਕਤੀਆਂ ਹਨ, ਜਿਸ ਨਾਲ ਉਹ ਇਸ ਧਰਤੀ ਤੇ ਕਿਸੇ
ਸਮੇਂ ਵੀ ਪਰਲੋ ਲਿਆ ਸਕਦਾ ਹੈ। ਇਸੇ ਸੋਚ ਵਿੱਚੋਂ ਹੀ ਉਪਰ ਬੈਠੇ ਰੱਬ ਦੀ ਹੋਂਦ ਵਿਕਸਤ ਹੋਈ, ਇਹੀ
ਵਜ੍ਹਾ ਹੈ ਕਿ ਅੱਜ ਵੀ ਬਹੁਤੇ ਧਰਮੀ ਲੋਕ ਅਕਸਰ ਗੱਲਾਂ ਵਿੱਚ ਰੱਬ ਨੂੰ ਉੱਪਰ ਵਾਲਾ ਹੀ ਕਹਿੰਦੇ
ਹਨ। ਅਰਦਾਸ ਜਾਂ ਫਰਿਆਦ ਵੀ ਉਪਰ ਨੂੰ ਹੱਥ ਚੁੱਕ ਕੇ ਹੀ ਕਰਦੇ ਹਨ। ਇਨ੍ਹਾਂ ਸਮਿਆਂ ਵਿੱਚ ਹੀ ਜਿਥੇ
ਖੋਜੀ ਬਿਰਤੀ ਦੇ ਲੋਕ ਕੁਦਰਤ ਵਿੱਚ ਵਾਪਰਦੀਆਂ ਘਟਨਾਵਾਂ ਜਾਂ ਵਰਤਾਰਿਆਂ ਦੇ ਕਾਰਨਾਂ ਦੀ ਖੋਜ ਕਰਦੇ
ਰਹੇ, ਉਥੇ ਦੂਜੇ ਪਾਸੇ ਅਜਿਹੀ ਸੋਚ ਵੀ ਨਾਲ ਹੀ ਵਿਕਸਤ ਹੋਈ ਕਿ ਇਨ੍ਹਾਂ ਵਰਤਾਰਿਆਂ ਪਿੱਛੇ ਲੁਕੀ
ਸ਼ਕਤੀ ਦੇ ਦੇਵੀ-ਦੇਵਤੇ ਬਣਾ ਕੇ ਜੇ ਪੂਜਾ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਖੁਸ਼ ਕੀਤਾ ਜਾ ਸਕਦਾ ਹੈ,
ਫਿਰ ਉਨ੍ਹਾਂ ਤੋਂ ਮਨਮਰਜ਼ੀ ਦੇ ਕੰਮ ਕਰਵਾਏ ਜਾ ਸਕਦੇ ਹਨ, ਉਨ੍ਹਾਂ ਦੀ ਕਰੋਪੀ ਤੋਂ ਬਚਿਆ ਜਾ ਸਕਦਾ
ਹੈ, ਬਾਅਦ ਵਿੱਚ ਇਸ ਅਦਿੱਖ ਸ਼ਕਤੀ ਦਾ ਨਾਮ ਹੀ ਰੱਬ
(God) ਰੱਖਿਆ ਗਿਆ ਤੇ ਫਿਰ ਬਾਅਦ ਵਿੱਚ ਰੱਬ ਦੇ
ਵੱਖ-ਵੱਖ ਨਾਮ ਪ੍ਰਚਲਤ ਹੋਏ ਅਤੇ ਇਹ ਵੀ ਮੰਨਿਆ ਗਿਆ ਕਿ ਉਸ ਸਰਬ ਸ਼ਕਤੀਮਾਨ ਰੱਬ ਨੇ ਇਸ ਸ੍ਰਿਸ਼ਟੀ
ਨੂੰ ਚਲਾਉਣ ਲਈ ਵੱਖ-ਵੱਖ ਮਹਿਕਮੇ, ਵੱਖ-ਵੱਖ ਦੇਵੀ-ਦੇਵਤਿਆਂ ਨੂੰ ਦਿੱਤੇ ਹੋਏ ਹਨ। ਜਿਨ੍ਹਾਂ ਨੂੰ
ਪੂਜਾ-ਪਾਠ ਨਾਲ ਖੁਸ਼ ਕਰਕੇ ਜਿੱਥੇ ਕੁਦਰਤੀ ਆਫਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਮਨੋ-ਮੰਗੀਆਂ
ਮੁਰਾਦਾਂ ਪਾਈਆਂ ਜਾ ਸਕਦੀਆਂ ਹਨ, ਉਥੇ ਇਨ੍ਹਾਂ ਸ਼ਕਤੀਆਂ ਦੇ ਕਰੋਪ ਤੋਂ ਵੀ ਬਚਿਆ ਜਾ ਸਕਦਾ ਹੈ।
ਬੇਸ਼ੱਕ ਇਹ ਸਭ ਮਨੁੱਖ ਦੀ ਅਣਵਿਕਸਤ ਬੁੱਧੀ ਤੇ ਅਗਿਆਨਤਾ ਵਿੱਚੋਂ ਹੀ ਨਿਕਲਿਆ ਸੀ, ਪਰ ਸਮਾਜ ਵਿਚਲੇ
ਚਲਾਕ ਵਰਗ (ਜਿਹੜਾ ਬਾਅਦ ਵਿੱਚ ਧਰਮ ਦਾ ਪੁਜਾਰੀ ਬਣਿਆ) ਨੇ ਮਨੁੱਖ ਦੀ ਇਸ ਡਰ ਤੇ ਲਾਲਚ ਦੀ
ਮਾਨਸਿਕਤਾ ਵਿੱਚੋਂ ਆਪਣੀ ਦੁਕਾਨਦਾਰੀ ਚਲਾਉਣੀ ਸ਼ੁਰੂ ਕੀਤੀ। ਮਨੁੱਖੀ ਇਤਿਹਾਸ ਨੂੰ ਜੇਕਰ ਪੜਚੋਲੀਆ
ਨਜ਼ਰ ਤੋਂ ਦੇਖਿਆ ਜਾਵੇ ਤਾਂ ਸਮਝ ਪੈਂਦੀ ਹੈ ਕਿ ਮਨੁੱਖ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਕਬੀਲਾ
ਪ੍ਰਥਾ ਸ਼ੁਰੂ ਹੋਈ ਸੀ ਤਾਂ ਸਰੀਰਕ ਤੌਰ `ਤੇ ਤਕੜੇ ਵਿਅਕਤੀ ਕਬੀਲਿਆਂ ਦੇ ਆਗੂ ਬਣ ਜਾਂਦੇ ਸਨ, ਉਹੀ
ਪ੍ਰਥਾ ਬਾਅਦ ਵਿੱਚ ਰਾਜ ਪ੍ਰਬੰਧ ਦੇ ਰੂਪ ਵਿੱਚ ਸਾਹਮਣੇ ਆਈ। ਸਮੇਂ ਨਾਲ ਜਿਥੇ ਇੱਕ ਪਾਸੇ ਸਰੀਰਕ
ਤੌਰ `ਤੇ ਤਕੜੇ ਵਿਅਕਤੀ ਕਬੀਲਾ ਮੁਖੀ ਜਾਂ ਰਾਜੇ (ਸ਼ਾਸਕ) ਬਣੇ, ਉਥੇ ਦਿਮਾਗੀ ਤੌਰ `ਤੇ ਵਿਕਸਤ (ਪਰ
ਸ਼ੈਤਾਨੀਅਤ ਦਿਮਾਗ ਵਾਲੇ) ਲੋਕ ਮਨੁੱਖ ਦੀ ਅਗਿਆਨਤਾ ਤੇ ਡਰ ਦਾ ਲਾਭ ਉਠਾ ਕੇ ਧਰਮ ਪੁਜਾਰੀ ਬਣੇ,
ਬਾਅਦ ਵਿੱਚ ਇਨ੍ਹਾਂ ਦੋਨਾਂ ਸ਼੍ਰੇਣੀਆਂ (ਸ਼ਾਸਕ ਤੇ ਪੁਜਾਰੀਆਂ) ਨੇ ਰਲ ਕੇ ਲੋਕਾਂ ਦਾ ਸੋਸ਼ਣ ਸ਼ੁਰੂ
ਕੀਤਾ, ਜਿਹੜਾ ਕਿ ਪਿਛਲੇ 5-6 ਹਜ਼ਾਰ ਸਾਲ ਤੋਂ ਬਦਸਤੂਰ ਜਾਰੀ ਹੈ। ਜੇ ਅੱਜ ਦੇ ਪ੍ਰਚੱਲਿਤ ਜਥੇਬੰਧਕ
ਧਰਮਾਂ ਦਾ ਇਤਿਹਾਸ ਫਰੋਲਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਸਾਰੇ ਧਰਮ ਉਸ ਸਮੇਂ ਦੇ ਸਮਾਜ ਵਿੱਚ
ਸ਼ਾਸਕ ਤੇ ਪੁਜਾਰੀ ਦੀ ਲੁੱਟ ਵਿਰੁੱਧ ਬਗਾਵਤ ਵਿੱਚੋਂ ਪੈਦਾ ਹੋਏ ਹਨ। ਪਰ ਸਾਰੇ ਧਰਮਾਂ ਦੀ ਸਮੱਸਿਆ
ਇਹ ਰਹੀ ਹੈ ਕਿ ਇਹ ਬਹੁਤਾ ਸਮਾਂ ਆਪਣੀ ਮੌਲਿਕਤਾ ਕਾਇਮ ਨਹੀਂ ਰੱਖ ਪਾਉਂਦੇ ਤੇ ਪੁਜਾਰੀ ਸ਼੍ਰੇਣੀ
ਨਵੇਂ ਰੂਪ ਵਿੱਚ ਇਨ੍ਹਾਂ ਧਰਮਾਂ `ਤੇ ਕਾਬਜ਼ ਹੋ ਜਾਂਦੀ ਹੈ। ਸਮੇਂ ਨਾਲ ਹਰ ਧਰਮ ਦੇ ਅਨੁਆਈ ਆਪਣੇ
ਕ੍ਰਾਂਤੀਕਾਰੀ ਪੈਗੰਬਰਾਂ ਦੀ ਮੌਲਿਕ ਵਿਚਾਰਧਾਰਾ ਨੂੰ ਭੁੱਲ-ਭੁਲਾ ਕੇ ਅਗਿਆਨਤਾ, ਡਰ ਤੇ ਲਾਲਚੀ
ਬਿਰਤੀ ਅਧੀਨ ਪੁਜਾਰੀ ਦੇ ਨਕਲੀ ਧਰਮਾਂ ਨੂੰ ਅਸਲੀ ਸਮਝ ਲੈਂਦੇ ਹਨ। ਅੱਜ ਹਰ ਧਰਮ, ਪੁਜਾਰੀ ਤੇ
ਸ਼ਾਸਕ ਦੇ ਗਠਜੋੜ ਦਾ ਸ਼ਿਕਾਰ ਹੋ ਕੇ ਮਨੁੱਖਤਾ ਦੀ ਲੁੱਟ ਦਾ ਸੰਦ ਬਣਿਆ ਹੋਇਆ ਹੈ।
ਇਹ ਸਾਰੀ ਭੂਮਿਕਾ ਦੇਣ ਦਾ ਮਕਸਦ ਸਿਰਫ ਇਹੀ ਸੀ ਕਿ ਜੇ ਅਸੀਂ ਧਰਮ ਦੇ ਇਤਿਹਾਸ ਨੂੰ ਸਮਝ ਸਕੀਏ ਤਾਂ
ਹੀ ਅਸੀਂ ਨਕਲੀ ਧਰਮਾਂ ਵਿੱਚੋਂ ਨਿਕਲ ਸਕਦੇ ਹਾਂ। ਸ਼ੁਰੂ ਵਿੱਚ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀਆਂ
ਲਾਈਨਾਂ ਵਿੱਚ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਰੱਬ ਇੱਕ ਅਜਿਹਾ ਗੋਰਖਧੰਦਾ ਹੈ ਕਿ ਇਸਨੂੰ ਮਨੁੱਖ
ਸਦੀਆਂ ਤੋਂ ਸਮਝਣ ਦਾ ਯਤਨ ਕਰ ਰਿਹਾ ਹੈ, ਪਰ ਅੱਜ ਤੱਕ ਕਿਸੇ ਦੇ ਸਮਝ ਨਹੀਂ ਆ ਸਕਿਆ। ਪੁਰਾਤਨ
ਮਨੁੱਖ ਨੇ ਪੁਜਾਰੀ ਵਰਗ ਮਗਰ ਲੱਗ ਕੇ ਰੱਬ ਦੀ ਹਸਤੀ ਨੂੰ ਕਿਸੇ ਹੋਰ ਅਸਮਾਨ (ਧਰਤੀ) ਤੇ ਤਾਂ ਕਲਪ
ਲਿਆ ਤੇ ਉਸਦੀ ਕ੍ਰਿਪਾ ਦਾ ਪਾਤਰ ਬਣਨ ਜਾਂ ਉਸਦੀ ਕ੍ਰੋਪੀ ਤੋਂ ਬਚਣ ਦੇ ਪਾਠ-ਪੂਜਾ ਰੂਪੀ ਸਾਧਨ ਵੀ
ਬਣਾ ਲਏ। ਪਰ ਉਸਦੇ ਮਨ ਵਿੱਚ ਉਸ ਅਦਿੱਖ ਸ਼ਕਤੀ ਨੂੰ ਮਿਲਣ, ਉਸਦੇ ਦਰਸ਼ਨ ਕਰਨ ਦੀ ਤਾਂਘ ਹਮੇਸ਼ਾਂ ਬਣੀ
ਰਹੀ। ਭਾਵੇਂ ਧਰਮ ਪੁਜਾਰੀ ਨੇ ਮਨੁੱਖੀ ਮਨ ਵਿੱਚ ਸਰਬ ਸ਼ਕਤੀਮਾਨ ਰੱਬ ਦੀ ਹੋਂਦ ਤਾਂ ਵਿਕਸਤ ਕਰ
ਦਿੱਤੀ ਸੀ, ਪਰ ਜਦੋਂ ਇਹ ਸਵਾਲ ਖੜ੍ਹੇ ਹੁੰਦੇ ਸਨ ਕਿ ਉਸਨੂੰ ਮਿਲਿਆ ਕਿਵੇਂ ਜਾਵੇ, ਉਸਦੇ ਦਰਸ਼ਨ
ਕਿਵੇਂ ਹੋਣ ਤਾਂ ਪੁਜਾਰੀ ਨੇ ਇਸਨੂੰ ਬੜਾ ਕਠਿਨ ਮਾਰਗ ਦੱਸ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਪਰ
ਹਠੀ (ਜਿਦੀ) ਵਿਅਕਤੀਆਂ ਤੋਂ ਪਿੱਛਾ ਛੁਡਾਉਣ ਲਈ ਇਸਨੇ ਰੱਬ ਨੂੰ ਪਾਉਣ, ਉਸਦੇ ਦਰਸ਼ਨ ਕਰਨ, ਆਪਣਾ
ਜੀਵਨ ਸਫਲਾ ਕਰਨ ਆਦਿ ਲਈ ਬੜੀਆਂ ਕਠਿਨ ਤਪੱਸਿਆਵਾਂ ਦੀ ਕਾਢ ਕੱਢੀ, ਜਿਥੋਂ ਜਪ, ਤਪ ਤੇ ਹਠ
ਕਰਮਾਂ ਅਧਾਰਿਤ ਨਕਲੀ ਧਰਮ ਵਿਕਸਤ ਹੋਇਆ। ਬੇਸ਼ੱਕ ਪੁਜਾਰੀ ਨੂੰ ਹਮੇਸ਼ਾਂ ਤੋਂ ਗਿਆਨ ਸੀ ਕਿ ਉਸ
ਵਲੋਂ ਤਾਂ ਆਪਣਾ ਧੰਦਾ ਚਲਾਉਣ ਲਈ ਸਿਰਫ ਕਲਪਿਤ ਰੱਬ ਹੀ ਚਿਤਰਿਆ ਹੋਇਆ ਹੈ, ਉਸਨੇ ਆਪ ਕਿਹੜੇ ਕੋਈ
ਦਰਸ਼ਨ ਕੀਤੇ ਸਨ। ਆਪ ਕਿਹੜਾ ਉਹ ਕਿਸੇ ਜਹਾਜ਼ ਵਿੱਚ ਬੈਠ ਕੇ ਜਾਂ ਉਡਾਰੀ ਮਾਰ ਕੇ ਸੱਤਵੇਂ ਅਸਮਾਨ
`ਤੇ ਗਿਆ ਸੀ, ਜਿਥੇ ਉਹ ਕਿਸੇ ਰੱਬ ਨੂੰ ਮਿਲ ਕੇ ਆਇਆ ਸੀ। ਇਹ ਤਾਂ ਉਸਨੇ ਮਨੁੱਖ ਦੇ ਕਮਜ਼ੋਰ ਮਨ ਦੀ
ਅਗਿਆਨਤਾ, ਡਰ ਤੇ ਲਾਲਚ ਦੀ ਬਿਰਤੀ ਵਿੱਚੋਂ ਪੈਦਾ ਹੋਈ ਸੋਚ ਨੂੰ ਵਿਕਸਤ ਕਰਕੇ ਸਮੇਂ ਦੇ ਸ਼ਾਸਕ ਨਾਲ
ਰਲ ਕੇ ਆਪਣੀ ਸਰਦਾਰੀ ਕਾਇਮ ਰੱਖਣ ਦੀ ਵਿਚਾਰਧਾਰਾ ਘੜੀ ਸੀ। ਪਰ ਸੱਚੇ ਦਿਲੋਂ ਰੱਬ ਦੀ ਖੋਜ ਕਰਨ ਦੇ
ਚਾਹਵਾਨਾਂ ਨੂੰ ਉਸਨੇ ਰੱਬ ਪਾਉਣ ਦੇ ਅਜਿਹੇ ਕਠਿਨ ਜਪ, ਤਪ ਤੇ ਕਰਮ ਦੱਸੇ ਕਿ ਸ਼ਰਧਾਲੂ ਮਨੁੱਖ
ਸਦੀਆਂ ਤੋਂ ਉਹ ਕਰਮ ਕਰਦਾ, ਇਸ ਸੰਸਾਰ ਤੋਂ ਚਲਾ ਜਾਂਦਾ ਹੈ, ਪਰ ਕਿਸੇ ਨੂੰ ਉਸਦਾ ਰੱਬ ਨਹੀਂ
ਮਿਲਦਾ। ਜੇ ਮਿਲਦਾ ਹੁੰਦਾ ਤਾਂ ਰੱਬ ਮਿਲਣ ਦੇ ਦਾਅਵੇ ਕਰਨ ਵਾਲਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਰੱਬ
ਨਾ ਮਿਲਦੇ, ਅਸਲ ਵਿੱਚ ਉਹ ਜਿਸਨੂੰ ਰੱਬ ਸਮਝਦੇ ਹਨ, ਉਹ ਸਿਰਫ ਉਨ੍ਹਾਂ ਦੇ ਮਨ ਦੀ ਇਮੈਜ਼ੀਨੇਸ਼ਨ
(mind created imagination)
ਤੋਂ ਵੱਧ ਕੁੱਝ ਨਹੀਂ ਹੁੰਦਾ। ਬਹੁਤ ਵਾਰ ਅਜਿਹੇ ਲੋਕਾਂ ਨੂੰ ਸਾਲਾਂ ਦੀ ਕਠਿਨ ਤਪੱਸਿਆ ਤੋਂ ਬਾਅਦ
ਜਦੋਂ ਕੁੱਝ ਨਹੀਂ ਮਿਲਦਾ ਤਾਂ ਉਹ ਸ਼ਰਮ ਮਾਰੇ ਸੱਚ ਕਹਿਣ ਤੋਂ ਡਰਦੇ ਪੁਜਾਰੀਆਂ ਵਾਂਗ ਧਰਮ ਦੇ ਨਾਮ
ਤੇ ਆਪਣਾ ਵੱਖਰਾ ਫਿਰਕਾ ਸ਼ੁਰੂ ਕਰ ਲੈਂਦੇ ਹਨ, ਪਰ ਸੱਚ ਲੋਕਾਂ ਤੱਕ ਨਹੀਂ ਆਉਣ ਦਿੰਦੇ, ਜਿਸ ਨਾਲ
ਰੱਬ ਰੂਪੀ ਗੁੰਝਲਦਾਰ ਬੁਝਾਰਤ ਸਦੀਆਂ ਤੋਂ ਉਸੇ ਤਰ੍ਹਾਂ ਬਣੀ ਹੋਈ ਹੈ। ਪਰ ਪੁਜਾਰੀ ਨੂੰ ਇਸਦਾ
ਦੋਹਰਾ ਲਾਭ ਹੁੰਦਾ ਹੈ, ਇੱਕ ਪਾਸੇ ਤਾਂ ਉਸਦੇ ਝੂਠ ਦੇ ਮਹੱਲ ਵਿਰੁੱਧ ਉਠਣ ਵਾਲੀ ਬਗਾਵਤ ਸਦਾ ਲਈ
ਚੁੱਪ ਹੋ ਜਾਂਦੀ ਹੈ ਤੇ ਦੂਜਾ ਉਸ ਵਿਅਕਤੀ ਦੇ ਇਸ ਸੰਸਾਰ ਤੋਂ ਜਾਣ ਬਾਅਦ ਉਸਦੇ ਨਵੇਂ ਫਿਰਕੇ ਵਿੱਚ
ਪੁਜਾਰੀ ਨਵੇਂ ਰੂਪ ਵਿੱਚ ਆ ਵੜਦਾ ਹੈ। ਪਰ ਜੇ ਕੋਈ ਵਿਅਕਤੀ ਸਾਲਾਂ ਬੱਧੀ ਭਾਰੀ ਜਪ ਤਪ ਕਰਕੇ
ਬਿਨਾਂ ਕਿਸੇ ਪ੍ਰਾਪਤੀ ਦੇ ਵਾਪਿਸ ਆ ਕੇ ਬਗਾਵਤ ਕਰਨ ਦੀ ਕੋਸ਼ਿਸ ਕਰੇ ਵੀ ਤਾਂ ਉਸਦੀ ਸ਼ਰਧਾ ਜਾਂ
ਤਪੱਸਿਆ `ਤੇ ਸ਼ੱਕ ਕਰਕੇ ਉਸਨੂੰ ਦੁਰਕਾਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਹ ਵਿਅਕਤੀ ਜਾਂ ਤੇ ਆਪਣੇ
ਕਠਿਨ ਤਪਾਂ ਵਿੱਚ ਹੀ ਅਨੰਦ ਲੈਣ ਲਗਦਾ ਹੈ ਤੇ ਇਸ ਜੰਜਾਲ `ਚੋਂ ਬਾਹਰ ਨਹੀਂ ਨਿਕਲਦਾ ਜਾਂ ਫਿਰ
ਬਗਾਵਤ ਕਰਕੇ ਇਹ ਰਸਤਾ ਛੱਡ ਕੇ ਲਾਂਭੇ ਹੋ ਜਾਂਦਾ ਹੈ ਭਾਵ ਨਾਸਤਿਕ ਹੋ ਜਾਂਦਾ ਹੈ, ਪਰ ਮਨੁੱਖਤਾ
ਨੂੰ ਪੁਜਾਰੀ ਦੇ ਭਰਮ ਜਾਲ ਤੋਂ ਮੁਕਤ ਕਰਨ ਲਈ ਯਤਨ ਨਹੀਂ ਕਰਦਾ। ਆਮ ਵਿਅਕਤੀ ਜਿਹੜਾ ਅਜਿਹੇ ਕਠਿਨ
ਜਪ-ਤਪ ਕਰਨ ਤੋਂ ਅਸਮਰਥ ਹੁੰਦਾ ਹੈ। ਉਹ ਧਰਮ ਪੁਜਾਰੀ ਨੂੰ ਰੱਬ ਦਾ ਵਿਚੋਲਾ ਮੰਨ ਕੇ ਉਸਦੇ ਕਹੇ
ਅਨੁਸਾਰ ਗ੍ਰਹਿਸਤ ਜਾਂ ਸਮਾਜ ਵਿੱਚ ਰਹਿ ਕੇ ਪੂਜਾ-ਪਾਠ ਜਾਂ ਕਰਮ-ਕਾਂਡ ਨਿਭਾਉਂਦਾ ਰਹਿੰਦਾ ਹੈ,
ਭਾਵੇਂ ਇਨ੍ਹਾਂ ਪੂਜਾ-ਪਾਠਾਂ ਨਾਲ ਉਸਨੂੰ ਕਦੇ ਕੋਈ ਲਾਭ ਨਹੀਂ ਹੁੰਦਾ, ਪਰ ਪੁਜਾਰੀ ਨੇ ਧਾਰਮਿਕ ਤੇ
ਸਮਾਜਿਕ ਬੰਧਨ ਅਜਿਹੇ ਢੰਗ ਨਾਲ ਪਾਏ ਹੁੰਦੇ ਹਨ ਕਿ ਉਹ ਨਾ ਚਾਹੁੰਦਾ ਹੋਇਆ ਵੀ ਕਰਮਕਾਂਡ, ਰੀਤਾਂ
ਰਸਮਾਂ ਕਰਦਾ, ਇਸ ਦੁਨੀਆਂ ਤੋਂ ਰੁਕਸਤ ਹੋ ਜਾਂਦਾ ਹੈ। ਇਸ ਤਰ੍ਹਾਂ ਪੁਜਾਰੀ ਦੀ ਲੁੱਟ
ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹਿੰਦੀ ਹੈ। ਕੁਦਰਤ ਦੇ ਅਟੱਲ ਨਿਯਮਾਂ ਤੋਂ ਬੇਖਬਰ ਮਨੁੱਖ ਪੁਜਾਰੀ ਦੀ
ਦੱਸੀ ਵਿਧੀ ਅਨੁਸਾਰ ਬੜੀ ਸ਼ਰਧਾ ਤੇ ਰੱਬ ਦੀ ਭੈ ਭਾਵਨੀ ਵਿੱਚ ਰਹਿ ਕੇ ਹਰ ਤਰ੍ਹਾਂ ਦੇ ਕਠਿਨ
ਜਪ-ਤਪ, ਕਰਮਕਾਂਡ, ਦਾਨ, ਤੀਰਥਾਂ ਦੇ ਇਸ਼ਨਾਨ ਕਰਦਾ ਰਹਿੰਦਾ ਹੈ। ਪਰ ਸ਼ਰਧਾ ਦੇ ਨਾਮ `ਤੇ ਉਸਨੂੰ
ਪੁਜਾਰੀ ਨੇ ਮਾਨਸਿਕ ਤੌਰ `ਤੇ ਇੰਨਾ ਗੁਲਾਮ ਬਣਾ ਲਿਆ ਹੁੰਦਾ ਹੈ ਕਿ ਉਹ ਸਾਰੀ ਉਮਰ ਕਰਮ, ਧਰਮ,
ਪੂਜਾ-ਪਾਠ ਕਰਕੇ ਖਾਲੀ ਹੱਥ ਹੁੰਦਾ ਹੋਇਆ ਵੀ ਕਦੇ ਪੁਜਾਰੀ ਖਿਲਾਫ ਬੋਲਣ ਜਾਂ ਖੜਨ ਦੀ ਜੁਰੱਅਤ
ਨਹੀਂ ਕਰਦਾ।
ਜੇ ਧਰਮਾਂ ਵਿੱਚ ਪ੍ਰਚੱਲਿਤ ਹਠ ਕਰਮਾਂ ਦੀ ਗੱਲ ਕਰੀਏ ਤਾਂ ਅਗਿਆਨੀ, ਡਰਪੋਕ ਤੇ ਲਾਲਚੀ ਮਨੁੱਖ
ਪੁਜਾਰੀ ਮਗਰ ਲੱਗ ਕੇ ਕੀ ਕੁੱਝ ਨਹੀਂ ਕਰਦਾ ਰਿਹਾ ਜਾਂ ਕਰ ਰਿਹਾ। ਰੱਬ ਦੀ ਪ੍ਰਾਪਤੀ, ਦੁਨਿਆਵੀ
ਸੁੱਖਾਂ ਦੀ ਪ੍ਰਾਪਤੀ, ਅਗਲੇ ਜਨਮਾਂ ਦੇ ਸੁੱਖਾਂ ਦੀ ਪ੍ਰਾਪਤੀ, ਸਵਰਗਾਂ ਦੇ ਲਾਲਚ, ਜਪ-ਤਪ ਜਾਂ
ਪੂਜਾ-ਪਾਠ ਨਾ ਕਰਨ ਤੋਂ ਰੱਬ ਦੀ ਕਰੋਪੀ ਹੋਣ ਦੇ ਡਰ, ਪ੍ਰਾਪਤ ਸੁੱਖ-ਸਹੂਲਤਾਂ ਖੁੱਸ ਜਾਣ ਜਾਂ
ਸਵਰਗਾਂ ਦੇ ਸੁੱਖ ਨਾ ਮਿਲਣ ਦੇ ਡਰ, ਨਰਕਾਂ ਦੇ ਡਰ ਆਦਿ ਕਰਕੇ ਮਨੁੱਖ ਘਰ ਪਰਿਵਾਰ ਛੱਡ ਕੇ
ਜੰਗਲਾਂ, ਪਹਾੜਾਂ ਵਿੱਚ ਜਾਨਵਰਾਂ ਵਾਂਗ ਘੁੰਮਦਾ ਰਿਹਾ, ਵਰਤ ਰੱਖ ਕੇ ਸਰੀਰ ਨੂੰ ਕਸ਼ਟ ਦਿੰਦਾ
ਰਿਹਾ, ਬਨਾਰਸ ਵਿੱਚ ਅਗਲੇ ਜਨਮ ਦੇ ਸੁੱਖਾਂ ਦੇ ਲਾਲਚ ਵਿੱਚ ਇਸ ਜੀਵਨ ਦੀ ਦੌਲਤ ਪੁਜਾਰੀਆਂ ਨੂੰ ਦੇ
ਕੇ ਮਰਨ ਸਮੇਂ ਆਪਣਾ ਸਰੀਰ ਆਰੇ ਨਾਲ ਕਟਵਾ ਲੈਂਦਾ ਰਿਹਾ, ਨੰਗੇ ਪੈਰੀਂ ਚੱਲ ਕੇ ਧਰਮ ਅਸਥਾਨਾਂ ਦੀ
ਯਾਤਰਾ ਕਰਦਾ ਰਿਹਾ, ਠੰਡੇ ਪਾਣੀ ਵਿੱਚ ਇੱਕ ਲੱਤ ਭਾਰ ਖੜ੍ਹੇ ਹੋ ਕੇ ਤਪੱਸਿਆ ਕਰਦਾ ਰਿਹਾ, ਰੱਬ ਦਾ
ਕੋਈ ਨਾਮ ਰੱਖ ਉਸਦਾ ਸਾਰੀ ਉਮਰ ਮੰਤਰ ਜਾਪ ਕਰਦਾ ਰਿਹਾ, ਆਪਣੇ ਸਰੀਰ ਨੂੰ ਭੁੱਖਾ ਰੱਖ ਕੇ ਸੁਕਾ
ਲੈਂਦਾ ਰਿਹਾ, ਰੱਬ ਨੂੰ ਪਾਉਣ ਲਈ ਪਸ਼ੂਆਂ ਵਾਂਗ ਨੰਗਾ ਘੁੰਮਦਾ ਰਿਹਾ (ਅੱਜ ਵੀ ਬਹੁਤ ਨਾਂਗੇ ਸਾਧ
ਮਿਲ ਜਾਂਦੇ ਹਨ), ਆਪਣੇ ਸਰੀਰ ਨੂੰ ਕਸ਼ਟ ਦੇਣ ਲਈ ਕੰਡਿਆਂ ਉੱਤੇ ਤੁਰਦਾ ਰਿਹਾ, ਅੰਗਾਰਿਆਂ `ਤੇ
ਤੁਰਦਾ ਰਿਹਾ, ਆਪਣੇ ਸਰੀਰ `ਤੇ ਕੋੜ੍ਹੇ ਮਾਰ ਕੇ ਲਹੂ ਲੁਹਾਣ ਹੁੰਦਾ ਰਿਹਾ, ਲੰਬਾ ਸਮਾਂ ਮੋਨ
ਧਾਰਦਾ ਰਿਹਾ, ਸਾਰੀ ਦੁਨੀਆ ਤੋਂ ਨਾਤਾ ਤੋੜ ਲੈਂਦਾ ਰਿਹਾ, ਮਿਰਤਕ ਪ੍ਰਾਣੀਆਂ ਨੂੰ ਗੁਰੂ ਦੇ ਚਰਨਾਂ
ਵਿੱਚ ਥਾਂ ਦਿਵਾਉਣ ਜਾਂ ਗਤੀ ਕਰਾਉਣ ਲਈ ਗੰਗਾ, ਹਰਿਦੁਆਰ, ਕੀਤਰਪੁਰ ਆਦਿ ਥਾਵਾਂ ਤੇ ਜਾਂਦਾ ਰਿਹਾ,
ਮਿਰਤਕਾਂ ਨੂੰ ਕਬਰਾਂ ਵਿੱਚ ਦੱਬ ਕੇ ਪਿਛਲੇ 3 ਹਜ਼ਾਰ ਸਾਲ ਤੋਂ ਕਿਆਮਤ ਦੀ ਉਡੀਕ ਕਰ ਰਿਹਾ ਹੈ ਤਾਂ
ਕਿ ਇੱਕ ਦਿਨ ਉਹ ਸਵਰਗਾਂ ਦੀਆਂ ਠੰਡੀਆਂ ਹਵਾਵਾਂ ਵਿੱਚ ਅੰਗੂਰਾਂ ਦੀ ਸ਼ਰਾਬ ਨਾਲ ਹੂਰਾਂ ਦਾ ਆਨੰਦ
ਮਾਣ ਸਕੇ। ਪਰ ਸਭ ਕੁੱਝ ਕਰਨ ਦੇ ਬਾਅਦ ਕਦੇ ਰੱਬ ਦੀ ਗੁੰਝਲਦਾਰ ਬੁਝਾਰਤ ਸਮਝ ਨਾ ਸਕਿਆ ਕਿਉਂਕਿ
ਸਮਝਣ ਵਾਲੇ ਰਸਤੇ ਉਹ ਕਦੇ ਤੁਰਿਆ ਹੀ ਨਹੀਂ, ਆਪਣੇ ਮਨ ਨੂੰ ਖੋਜੀ ਬਿਰਤੀ ਵਾਲਾ ਬਣਾ ਹੀ ਨਹੀਂ
ਸਕਿਆ, ਉਹ ਤਾਂ ਅੱਖਾਂ ਮੀਟ ਕੇ ਮੰਨਣ ਦੇ ਰਾਹਾਂ ਦਾ ਪਾਂਧੀ ਹੀ ਰਿਹਾ, ਜਿਹੜਾ ਕਿ ਪੁਜਾਰੀ ਨੂੰ
ਹਮੇਸ਼ਾਂ ਰਾਸ ਆਉਂਦਾ ਹੈ। ਜੇ ਧਾਰਮਿਕ ਦੁਨੀਆਂ ਦੇ ਇਨਕਲਾਬੀ ਮਹਾਂਪੁਰਸ਼ਾਂ ਨੇ ਗ੍ਰੰਥਾਂ ਰਾਹੀਂ
ਆਪਣਾ ਗਿਆਨ ਦਿੱਤਾ ਤਾਂ ਉਹ ਪੁਜਾਰੀਆਂ ਮਗਰ ਲੱਗ ਗ੍ਰੰਥਾਂ ਨੂੰ ਮੂਰਤੀਆਂ ਵਾਂਗ ਪੂਜਣ ਲੱਗਾ।
ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਧਰਮਾਂ ਵਿੱਚ ਰੱਬ ਨੂੰ ਪਾਉਣ ਲਈ ਜਾਂ ਸਵਰਗਾਂ ਦੇ
ਲਾਲਚ ਤੇ ਨਰਕਾਂ ਦੇ ਡਰ ਵਿੱਚ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਜਪ-ਤਪ, ਪੂਜਾ-ਪਾਠ ਕੀਤੇ ਜਾਂਦੇ
ਹਨ। ਪਰ ਕਦੇ ਕਿਸੇ ਨੂੰ ਨਾ ਪੁਜਾਰੀਆਂ ਵਾਲਾ ਰੱਬ ਮਿਲਿਆ ਤੇ ਨਾ ਹੀ ਕਦੇ ਕਿਸੇ ਨੂੰ ਸਵਰਗ ਦੇ
ਦਰਸ਼ਨ ਹੋਏ, ਦਰਸ਼ਨ ਹੋਣੇ ਵੀ ਕਿਵੇਂ ਸਨ, ਪੁਜਾਰੀ ਨੂੰ ਪਤਾ ਸੀ ਕਿ ਅੱਜ ਤੱਕ ਕਦੇ ਕੋਈ ਸਰੀਰਕ ਮੌਤ
ਤੋਂ ਬਾਅਦ ਮੁੜ ਕੇ ਵਾਪਸ ਨਹੀਂ ਆਇਆ, ਜੋ ਉਨ੍ਹਾਂ ਦੇ ਅਖੌਤੀ ਸਵਰਗਾਂ ਦੀ ਗਵਾਹੀ ਭਰ ਸਕੇ ਜਾਂ ਰੱਦ
ਕਰ ਸਕੇ। ਇਸੇ ਤਰ੍ਹਾਂ ਪੁਜਾਰੀਆਂ ਨੂੰ ਸਭ ਪਤਾ ਹੈ ਕਿ ਅਜਿਹਾ ਕੋਈ ਰੱਬ ਨਹੀਂ, ਜਿਹੜਾ ਕਿਸੇ
ਸੱਤਵੇਂ ਆਸਮਾਨ `ਤੇ ਬੈਠਾ ਹੈ। ਜਿਸਨੂੰ ਕਿਸੇ ਨੇ ਜਪ, ਤਪ ਰਾਹੀਂ ਮਿਲਣਾ ਹੈ, ਪਰ ਉਸਨੇ ਸ਼ਰਧਾ ਤੇ
ਵਿਸ਼ਵਾਸ ਦੇ ਨਾਮ ਤੇ ਅਖੌਤੀ ਧਰਮੀ ਮਨੁੱਖ ਨੂੰ ਮਾਨਸਿਕ ਤੌਰ `ਤੇ ਇੰਨਾ ਗੁਲਾਮ ਬਣਾਇਆ ਹੋਇਆ ਹੈ ਕਿ
ਸਾਰੀ ਸੱਚਾਈ ਸਾਹਮਣੇ ਹੋਣ ਦੇ ਬਾਵਜੂਦ ਉਹ ਸੱਚ ਕਹਿਣ ਦੀ ਹਿੰਮਤ ਨਹੀਂ ਕਰ ਪਾਉਂਦਾ, ਪੁਜਾਰੀ ਨੂੰ
ਸਵਾਲ ਕਰਨ ਦੀ ਜ਼ੁਰੱਅਤ ਨਹੀਂ ਕਰਦਾ।
ਅੱਜ ਦੇ ਸਾਰੇ ਪ੍ਰਚੱਲਿਤ ਜਥੇਬੰਧਕ ਧਰਮ, ਪੁਜਾਰੀਆਂ ਤੇ ਸ਼ਾਸਕਾਂ ਦੇ ਕੰਟਰੋਲ ਵਿੱਚ ਆ ਚੁੱਕੇ
ਹਨ। ਸੱਚੇ ਤੇ ਇਨਕਲਾਬੀ ਧਰਮ ਗੁਰੂਆਂ, ਮਹਾਂਪੁਰਸ਼ਾਂ ਜਾਂ ਪੀਰਾਂ-ਪੈਗੰਬਰਾਂ ਦੇ ਨਾਮ, ਉਹ ਆਪਣੀ
ਦੁਕਾਨਦਾਰੀ ਚਲਾਉਣ ਲਈ ਹੀ ਵਰਤਦੇ ਹਨ। ਪੈਗੰਬਰਾਂ ਦੇ ਧਰਮ ਗ੍ਰੰਥਾਂ ਰਾਹੀਂ ਮਨੁੱਖ ਨੂੰ ਸੋਝੀ ਦੇਣ
ਦੀ ਥਾਂ ਉਨ੍ਹਾਂ ਨੂੰ ਮੰਤਰ ਪਾਠਾਂ, ਸੁੱਖਣਾ ਪੂਰੀਆਂ ਕਰਨ ਆਦਿ ਦੇ ਨਾਮ ਤੇ ਪੈਸਾ ਇਕੱਠਾ ਕਰਨ ਲਈ
ਵਰਤਦੇ ਹਨ। ਧਰਮ ਗ੍ਰੰਥਾਂ ਵਿਚਲੇ ਗਿਆਨ ਨੂੰ ਮਨੁੱਖ ਨੂੰ ਸੂਝਵਾਨ ਬਣਾਉਣ ਲਈ ਵਰਤਣ ਦੀ ਥਾਂ
ਉਨ੍ਹਾਂ ਦਾ ਸੋਸ਼ਣ ਕਰਨ ਜਾਂ ਲੁੱਟਣ ਲਈ ਹੀ ਵਰਤਦੇ ਹਨ। ਮਨੁੱਖ ਇਨ੍ਹਾਂ ਨਕਲੀ ਧਰਮਾਂ ਵਿੱਚੋਂ
ਕਿਵੇਂ ਨਿਕਲੇ, ਇਹ ਬੜੀ ਗੰਭੀਰਤਾ ਨਾਲ ਵਿਚਾਰਨ ਦਾ ਵਿਸ਼ਾ ਹੈ। ਸਦੀਆਂ ਤੋਂ ਪੁਜਾਰੀ, ਮਨੁੱਖ ਦਾ
ਸੋਸ਼ਣ ਕਰਦਾ ਆ ਰਿਹਾ ਹੈ। ਹਰ ਧਰਮੀ ਪੁਰਸ਼ ਨੂੰ ਇਹ ਗੱਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ ਕਿ ਅਜਿਹਾ
ਕੋਈ ਰੱਬ ਨਹੀਂ ਹੋ ਸਕਦਾ, ਜਿਹੜਾ ਚਾਹੁੰਦਾ ਹੋਵੇ ਕਿ ਉਸਦਾ ਸ਼ਰਧਾਲੂ ਉਸਦੀ ਪ੍ਰਾਪਤੀ ਲਈ ਸਰੀਰ ਨੂੰ
ਕਸ਼ਟ ਦੇਵੇ, ਉਸਦੇ ਦਰਸ਼ਨਾਂ ਦੀ ਇੱਕ ਝਲਕ ਲਈ ਅਨਮੋਲ ਮਨੁੱਖਾ ਜੀਵਨ ਪਸ਼ੂਆਂ ਵਾਂਗ ਜੰਗਲਾਂ-ਪਹਾੜਾਂ
ਵਿੱਚ ਨੰਗਾ ਘੁੰਮ ਕੇ ਗੁਜ਼ਾਰ ਦੇਵੇ ਜਾਂ ਉਸਦੇ ਨਾਮ ਦੀ ਮਾਲਾ ਫੇਰਦਾ ਰਹੇ। ਸ਼ਰਧਾਲੂ ਪੁਰਸ਼ ਨੂੰ ਇਹ
ਵੀ ਸਮਝਣ ਦੀ ਲੋੜ ਹੈ ਕਿ ਰੱਬ ਕੋਈ ਰਿਸ਼ਵਤਖੋਰ ਨਹੀਂ ਕਿ ਉਹ ਤੁਹਾਡੇ ਕੰਮ ਪੂਜਾ-ਪਾਠ, ਮੰਤਰ-ਜਾਪ,
ਹਠ ਕਰਮ ਦੇ ਬਦਲੇ ਕਰ ਦੇਵੇਗਾ। ਜੇ ਰੱਬੀ ਹੁਕਮ
(Laws of Nature) ਇਸ ਤਰ੍ਹਾਂ ਚਲਦੇ ਜਾਂ
ਬਦਲਦੇ ਹੁੰਦੇ ਤਾਂ ਪੁਜਾਰੀ ਆਪਣੇ ਮੰਤਰਾਂ-ਜੰਤਰਾਂ, ਪੂਜਾ-ਪਾਠਾਂ, ਕਠਿਨ ਤਪਾਂ ਆਦਿ ਨਾਲ ਕਦੋਂ ਦਾ
ਰੱਬ ਨੂੰ ਵੀ ਵੇਚ ਚੁੱਕਾ ਹੁੰਦਾ। ਸਾਨੂੰ ਇਸ ਗੱਲ ਵਿੱਚ ਪੂਰਾ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਰੱਬ
ਦੇ ਹੁਕਮ ਅਟੱਲ ਹਨ, ਉਹ ਸਦੀਆਂ ਤੋਂ ਨਿਰਵਿਘਨ ਚੱਲਦੇ ਹਨ। ਕਿਸੇ ਦੇ ਪੂਜਾ-ਪਾਠ, ਮੰਤਰ-ਜਾਪ, ਹਠ
ਕਰਮਾਂ ਨਾਲ ਰੱਬ ਦੇ ਸਦੀਵੀ ਨਿਯਮਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੌਣ ਉਸਦੀ ਹੋਂਦ ਨੂੰ ਮੰਨਦਾ ਹੈ
ਤੇ ਕੌਣ ਨਹੀਂ ਮੰਨਦਾ। ਇਸ ਨਾਲ ਰੱਬੀ ਹੁਕਮਾਂ ਨੂੰ ਕੁੱਝ ਫਰਕ ਨਹੀਂ ਪੈਂਦਾ। ਉਸਦਾ ਹੁਕਮ ਸਭ ਤੇ
ਇੱਕ ਸਮਾਨ ਲਾਗੂ ਹੁੰਦਾ ਹੈ। ਰੱਬ ਦੀ ਰਜਾ ਜਾਂ ਭਾਣੇ ਵਿੱਚ ਰਹਿਣ ਵਾਲਾ ਮਨੁੱਖ ਹਮੇਸ਼ਾਂ ਸੁਖੀ ਹੈ
ਭਾਵੇਂ ਉਹ ਨਾਸਤਿਕ ਹੋਵੇ ਅਤੇ ਰੱਬੀ ਰਜ਼ਾ (Laws of
Nature) ਤੋਂ ਉਲਟ ਚੱਲਣ ਵਾਲਾ ਵਿਅਕਤੀ ਹਮੇਸ਼ਾਂ
ਦੁੱਖ ਪਾਉਂਦਾ ਹੈ, ਭਾਵੇਂ ਉਹ ਕਿੰਨਾ ਵੀ ਧਰਮੀ ਕਿਉਂ ਨਾ ਹੋਵੇ। ਧਰਮੀ ਮਨੁੱਖ ਉਹ ਨਹੀਂ ਜਿਹੜਾ
ਧਰਮ ਦੇ ਨਾਮ ਤੇ ਬਣੇ ਕਿਸੇ ਫਿਰਕੇ ਦੇ ਬੰਧਨਾਂ ਵਿੱਚ ਬੱਝਿਆ, ਪੁਜਾਰੀ ਦੀਆਂ ਬਣਾਈਆਂ
ਮਰਿਯਾਦਾਵਾਂ, ਕਰਮਕਾਂਡਾਂ, ਬਾਹਰੀ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਦਾ, ਪੂਜਾ-ਪਾਠ, ਭਜਨ-ਬੰਦਗੀ
ਆਦਿ ਕਰਦਾ ਹੈ, ਸਗੋਂ ਧਰਮੀ ਮਨੁੱਖ ਉਹ ਹੈ, ਜਿਹੜਾ ਸੱਚ ਦੇ ਮਾਰਗ ਦਾ ਪਾਂਧੀ ਹੈ, ਜਿਸਨੂੰ ਰੱਬੀ
ਹੁਕਮਾਂ ਦੀ ਸੋਝੀ ਹੋ ਚੁੱਕੀ ਹੈ, ਜਿਹੜਾ ਮੰਨਣ ਤੋਂ ਪਹਿਲਾਂ ਜਾਨਣ ਦੀ ਬਿਰਤੀ ਰੱਖਦਾ ਹੈ, ਜਿਸਦਾ
ਮਨ ਸੱਚ ਤੇ ਕੱਚ ਦਾ ਨਿਤਾਰਾ ਕਰਨ ਦੇ ਸਮਰੱਥ ਹੈ, ਜਿਹੜਾ ਅੱਖਾਂ ਮੀਟ ਕੇ ਨਹੀਂ ਅੱਖਾਂ ਤੇ ਦਿਮਾਗ
ਖੋਲ ਕੇ ਚਲਦਾ ਹੈ, ਜਿਹੜਾ ਸਮੁੱਚੀ ਮਾਨਵਤਾ ਵਿੱਚ ਰੱਬ ਦਾ ਨੂਰ ਦੇਖਦਾ ਹੈ, ਜਿਹੜਾ ਫਿਰਕਿਆਂ ਦੇ
ਬੰਧਨਾਂ ਦੀ ਸੋਚ ਤੋਂ ਆਜ਼ਾਦ ਸਰਬੱਤ ਦੇ ਭਲੇ ਦੀ ਸੋਚ ਦਾ ਹਾਮੀ ਹੈ। ਜਿਸਨੂੰ ਸਵਰਗਾਂ ਦੇ ਲਾਲਚ
ਵਿੱਚ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਨਰਕਾਂ ਦੇ ਡਰਾਵਿਆਂ ਤੋਂ ਪੁਜਾਰੀਆਂ
ਦੇ ਪੈਰੀਂ ਪੈਣਾ ਪੈਂਦਾ ਹੈ। ਉਹ ਤਾਂ ਇਨ੍ਹਾਂ ਦੋਨਾਂ ਅਵਸਥਾਵਾਂ ਤੋਂ ਉਪਰ ਉੱਠ ਚੁੱਕਾ ਹੁੰਦਾ ਹੈ।
ਪੁਜਾਰੀਆਂ ਦੇ ਕਲਪਿਤ ਰੱਬ ਨੂੰ ਪਾਉਣ ਦੇ ਪੂਜਾ-ਪਾਠਾਂ, ਜਪਾਂ-ਤਪਾਂ, ਹਠ ਕਰਮਾਂ, ਮਰਿਯਾਦਾਵਾਂ,
ਧਾਰਮਿਕ ਚਿੰਨ੍ਹਾਂ ਆਦਿ ਤੋਂ ਆਜ਼ਾਦ ਮਨੁੱਖ ਹੀ ਸੱਚਾ ਧਰਮੀ ਮਨੁੱਖ ਹੈ। ਜਿਹੜਾਂ ਵੀ ਮਨੁੱਖ
ਤੁਹਾਨੂੰ ਧਰਮ ਦੇ ਨਾਮ ਤੇ ਬੰਧਨਾਂ ਵਿੱਚ ਪਾਉਂਦਾ ਹੈ, ਸਮਝੋ ਉਹ ਪੁਜਾਰੀਆਂ ਦੇ ਨਕਲੀ ਧਰਮਾਂ ਦਾ
ਅਨੁਆਈ ਹੈ ਤੇ ਜਿਹੜਾ ਤੁਹਾਨੂੰ ਫਿਰਕਿਆਂ ਦੀ ਮਰਿਯਾਦਾ ਤੇ ਬੰਧਨਾਂ ਰੂਪੀ ਸੋਚ ਤੋਂ ਆਜ਼ਾਦ ਕਰਕੇ
ਸੱਚ ਦੇ ਮਾਰਗ ਤੇ ਪਾਉਂਦਾ ਹੈ, ਮਨੁੱਖਤਾਵਾਦੀ ਸੋਚ ਦਾ ਧਾਰਨੀ ਬਣਾਉਂਦਾ ਹੈ, ਸਰਬਤ ਦੇ ਭਲੇ ਦੇ
ਰਾਹ ਤੋਰਦਾ ਹੈ, ਉਹ ਹੀ ਸੱਚਾ ਧਰਮੀ ਪੁਰਸ਼ ਹੈ।
ਹਰਚਰਨ ਸਿੰਘ
ਪਰਹਾਰ (ਸੰਪਾਦਕ-ਮਾਸਿਕ ਸਿੱਖ ਵਿਰਸਾ, ਕੈਲਗਰੀ)
ਫੋਨ: 403-681-8689