.

ਕੀ ਤੁਸੀਂ ਭੇਸ ਬਦਲ ਕੇ ਰਾਤ ਨੂੰ ਕਿਸੇ ਪਰਾਈ ਇਸਤਰੀ ਦੇ ਘਰ ਜਾਣਾ ਚਾਹੁੰਦੇ ਹੋ?

ਜੇ ਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਅਤੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲੇਖ ਨੂੰ ਅਗਾਂਹ ਪੜ੍ਹਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿੱਚ ਤੁਹਾਡੇ ਕੰਮ ਦੀ ਗੱਲ ਨਹੀਂ ਹੋਵੇਗੀ। ਜੇ ਕਰ ਇਸ ਤਰ੍ਹਾਂ ਕਰਨਾ ਜਾ ਸੋਚਣਾ ਗਲਤ ਹੈ ਤਾਂ ਫਿਰ ਆਪਣੇ ਗੁਰੂ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਤੇ ਕਿਉਂ ਲਾਉਂਦੇ ਹੋ ਕਿ ਉਹ ਭੇਸ ਬਦਲ ਕੇ ਆਪ ਜਾਂਦੇ ਸਨ ਜਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਦੇ ਸਨ? ਦਸਮ ਗ੍ਰੰਥ ਵਿਚਲੇ ਤ੍ਰਿਆ ਚਰਿੱਤ੍ਰ ਅਥਵਾ ਚਰਿਤ੍ਰੋ ਪਾਖਿਆਨ ਦੇ ਚਰਿੱਤ੍ਰ ਨੰ: 21 ਤੋਂ 23 ਵਿਚਲੀ ਅਨੂਪ ਕੌਰ ਅਥਵਾ ਨੂਪ ਕੁਅਰਿ ਦੀ ਕਹਾਣੀ ਸਿੱਖ ਜਗਤ ਵਿੱਚ ਕਈ ਦਹਾਕਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਸਮ ਗ੍ਰੰਥ ਨੂੰ ਗੁਰੂ ਦੀ ਕ੍ਰਿਤ ਮੰਨਣ ਵਾਲੇ ਜਾਂ ਤਾਂ ਇਸ ਨੂੰ ਦਸਵੇਂ ਗੁਰੂ ਦੀ ਆਪ ਬੀਤੀ ਕਹਿੰਦੇ ਹਨ ਅਤੇ ਜਾਂ ਫਿਰ ਕਿਸੇ ਰਾਜੇ ਨਾਲ ਜੋੜਦੇ ਹਨ। ਰਾਗੀ ਦਰਸ਼ਨ ਸਿੰਘ ਨੂੰ ਕਥਿਤ ਤੌਰ ਤੇ ਕੋਈ ਕਥਿਤ ਛੇਕੂ ਜਿਹੀ ਕਾਰਵਾਈ ਦਾ ਕਾਰਨ ਵੀ ਇਸੇ ਕਹਾਣੀ ਨਾਲ ਜੁੜਿਆ ਹੋਇਆ ਹੈ। ਆਓ ਇਸ ਸਾਰੀ ਕਹਾਣੀ ਨੂੰ ਪੂਰਨ ਤੌਰ ਤੇ ਅਰਥਾਂ ਸਮੇਤ ਗੁਰਮਤਿ ਦੇ ਇੱਕ ਵੱਖਰੇ ਦ੍ਰਿਸ਼ਟੀ ਕੋਣ ਤੋਂ ਸਮਝਣ ਦਾ ਯਤਨ ਕਰੀਏ। ਪਹਿਲਾਂ ਇਹਨਾਂ ਤਿੰਨੇ ਚਰਿੱਤ੍ਰਾਂ ਦੀ ਪੂਰੀ ਲਿਖਤ ਅਰਥਾਂ ਸਮੇਤ ਪਾਈ ਜਾਂਦੀ ਹੈ, ਭਾਵੇਂ ਕਿ ਇਸ ਤਰ੍ਹਾਂ ਕਰਨ ਨਾਲ ਲੇਖ ਕਾਫ਼ੀ ਵੱਡਾ ਹੋ ਜਾਵੇਗਾ ਪਰ ਇਸ ਦੀ ਅਸਲੀਅਤ ਸਮਝਣ ਲਈ ਇਹ ਜਰੂਰੀ ਹੈ। ਪਹਿਲੀ ਅਰਥ/ਵਿਆਖਿਆ ਡਾ: ਰਤਨ ਸਿੰਘ ਜੱਗੀ ਵਲੋਂ ਕੀਤੀ ਗਈ ਹੈ ਅਤੇ ਦੂਜੀ ਪੰਡਿਤ ਨਰੈਣ ਸਿੰਘ ਗਿਆਨੀ ਦੀ ਹੈ। ਮੇਰੇ ਆਪਣੇ (ਲੇਖਕ) ਵਲੋਂ ਵੀ ਕਿਤੇ-ਕਿਤੇ ਕੁੱਝ ਟਿੱਪਣੀ ਨਾਲ ਹੀ ਲਾਲ ਅੱਖਰਾਂ ਵਿੱਚ ਕੀਤੀ ਜਾਂਦੀ ਰਹੇਗੀ। ਆਓ ਫਿਰ ਚਰਿੱਤ੍ਰ ਨੰ: 21 ਤੋਂ ਸ਼ੁਰੂ ਕਰੀਏ।

ਦੋਹਰਾ ॥

ਭੂਪ ਬੰਦ ਗ੍ਰਿਹ ਨਿਜੁ ਸੁਤਹਿ ਗਹਿ ਕਰਿ ਦਿਯੋ ਪਠਾਇ ॥ ਪ੍ਰਾਤ ਸਮੈ ਮੰਤ੍ਰੀ ਸਹਿਤ ਬਹੁਰੋ ਲਿਯੋ ਬੁਲਾਇ ॥੧॥

ਰਾਜੇ ਨੇ ਪੁੱਤਰ ਨੂੰ ਪਕੜ ਕੇ ਬੰਦੀਖਾਨੇ ਵਿੱਚ ਭੇਜ ਦਿੱਤਾ। ਸਵੇਰ ਵੇਲੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ। 1 (ਡਾ: ਰਤਨ ਸਿੰਘ ਜੱਗੀ)

ਰਾਜੇ ਨੇ ਆਪਣੇ ਪੁਤਰ ਨੂੰ ਫੜਕੇ ਜੇਹਲ ਵਿੱਚ ਭੇਜ ਦਿੱਤਾ ਅਤੇ ਸਵੇਰੇ ਵਜ਼ੀਰ ਸਮੇਤ ਉਹਨੂੰ ਸੱਦ ਲਿਆ। 1 (ਪੰਡਿਤ ਨਰੈਣ ਸਿੰਘ)

ਰੀਝ ਰਾਇ ਐਸੇ ਕਹ੍ਯੋ ਬਚਨ ਮੰਤ੍ਰਿਯਨ ਸੰਗ ॥ ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਰਹੁ ਪ੍ਰਸੰਗ ॥੨॥

ਰਾਜੇ ਨੇ ਪ੍ਰਸੱਨ ਹੋ ਕਿ ਮੰਤ੍ਰੀਆਂ ਨੂੰ ਇਸ ਤਰ੍ਹਾਂ ਕਿਹਾ ਕਿ ਚਤੁਰ ਇਸਤ੍ਰੀਆਂ ਅਤੇ ਪੁਰਸ਼ਾਂ ਦੇ ਚਰਿੱਤ੍ਰ-ਪ੍ਰਸੰਗ ਮੈਨੂੰ ਸੁਣਾਓ। 2

ਰਾਜੇ ਨੇ ਪ੍ਰਸੱਨ ਹੇ ਕੇ ਵਜ਼ੀਰ ਨੂੰ ਆਖਿਆ ਕਿ ਸਿਆਣੇ ਇਸਤ੍ਰੀ ਪੁਰਸ਼ਾਂ ਦੇ ਕੌਤਕਾਂ ਦੀ ਕਥਾ ਮੈਨੂੰ ਸੁਣਾਓ। 2

ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ ॥ ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ ॥੩॥

ਸਤਲੁਜ ਨਦੀ ਦੇ ਕੰਢੇ ਅੰਨਦਪੁਰ ਨਾਮ ਦਾ ਇੱਕ ਪਿੰਡ ਸੀ ਜੇ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿੱਚ ਸੀ। 3

ਸਤਿਲੁਜ ਦੇ ਕਿਨਾਰੇ ਅਨੰਦਪੁਰ ਨਾਮ ਦਾ ਇੱਕ ਪਿੰਡ ਸੀ, ਉਚਿਆਂ ਭਾਵ ਚੰਗਿਆਂ ਨੇਤ੍ਰਾਂ ਵਾਲੀ ਜੇਹੜੀ ਨੈਣਾਂ ਦੇਵੀ ਹੈ, ਉਹਦੇ ਪਾਸ ਵੱਸਦਾ ਹੈ, ਕਹਿਲੂਰ ਰਿਆਸਤ ਦੀ ਥਾਂ ਵਿਚ। 3

(ਟਿੱਪਣੀ:- ਇਹ ਜੋ ਭੂਗੋਲਿਕ ਜਾਣਕਾਰੀ ਅਨੰਦਪੁਰ ਬਾਰੇ ਦਿੱਤੀ ਹੈ ਇਹ ਤਾਂ ਉਹੀ ਹੋ ਸਕਦਾ ਹੈ ਜਿਹੜਾ ਕਿ ਗੁਰੂ ਜੀ ਨੇ ਵਸਾਇਆ ਸੀ। ਫਿਰ ਇੱਥੇ ਦਾ ਰਾਜਾ ਕੌਣ ਹੋ ਸਕਦਾ ਹੈ ਜਿਸ ਕੋਲ ਕਿ ਸਿੱਖ ਸੇਵਕ ਆਉਂਦੇ ਸਨ ਅਤੇ ਮਨ ਬਾਂਛਤ ਫਲ ਪ੍ਰਾਪਤ ਕਰਦੇ ਸਨ? ਇਹ ਹੁਣ ਅਗਾਂਹ ਪੜ੍ਹੋ।)

ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ ॥ ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ ॥੪॥

ਉਥੇ ਸਿੱਖ ਫ਼ਿਰਕੇ ( ‘ਸ਼ਾਖਾ’ ) ਦੇ ਬਹੁਤ ਲੋਕ ਪ੍ਰਸੰਨ ਚਿੱਤ ਨਾਲ ਆਉਂਦੇ ਸਨ ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ ਸਨ। 4

ਉਥੇ ਬਹੁਤ ਸਾਰੇ ਸਿੱਖ-ਸੇਵਕ ਖੁਸ਼ੀ ਨਾਲ ਆਉਂਦੇ ਸਨ ਅਤੇ ਮਨ-ਬਾਂਛਤ ਫਲ ਪ੍ਰਾਪਤ ਕਰਕੇ ਸੁਖ ਨਾਲ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਸਨ। 4

(ਟਿੱਪਣੀ:- ਸ: ਕਪੂਰ ਸਿੰਘ ਜੀ ਸਿਖ ਦੇ ਅਰਥ ਗੁਰੂ ਦੇ ਸਿੱਖ ਨਹੀਂ, ਨੌਕਰ ਕਰਦੇ ਹਨ ਅਤੇ ਉਹ ਇਸ ਕਹਾਣੀ ਨੂੰ ਮਨੋਕਲਿਪਤ ਮੰਨਦੇ ਹਨ ਪਰ ਇਸ ਦਾ ਲੇਖਕ ਗੁਰੂ ਨੂੰ ਹੀ ਮੰਨਦੇ ਹਨ। ਇਸ ਬਾਰੇ ਹੋਰ ਵਿਚਾਰ ਬਾਅਦ ਵਿੱਚ ਕੀਤੀ ਜਾਵੇਗੀ।)

ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ ॥ ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨ ॥੫॥

ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆ ਕੇ ਅਤੇ (ਉਥੋਂ ਦੇ) ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿੰਨ੍ਹੀ ਹੋਈ ਦੁਖੀ ਹੋ ਗਈ। 5

ਇਕ ਧਨਵਾਨ ਦੀ ਇਸਤ੍ਰੀ ਉਸ ਨਗਰ ਦੇ ਰਾਜੇ ਨੂੰ ਵੇਖ ਕੇ ਉਸ ਉਤੇ ਮੋਹਤ ਹੋ ਗਈ ਅਤੇ ਉਹਦੇ ਵਿਛੋੜੇ ਦੇ ਤੀਰਾਂ ਨਾਲ ਵਿੰਨ੍ਹੀ ਗਈ। 5

ਮਗਨ ਦਾਸ ਤਾ ਕੋ ਹੁਤੋ ਸੋ ਤਿਨ ਲਿਯੋ ਬੁਲਾਇ ॥ ਕਛੁਕ ਦਰਬ ਤਾ ਕੋ ਦਿਯੋ ਐਸੇ ਕਹਿਯੋ ਬਨਾਇ ॥੬॥

ਮਗਨ ਨਾ ਦਾ ਇੱਕ (ਵਿਆਕਤੀ) ਉਸ (ਰਾਜੇ) ਦਾ ਦਾਸ ਸੀ। ਉਸ ਨੂੰ ਉਸ ਨੇ ਬੁਲਾ ਲਿਆ। ਉਸ ਨੂੰ ਕੁੱਝ ਧਨ ਦੇ ਕੇ ਇਸ ਤਰ੍ਹਾਂ ਸਮਝਾਇਆ। 6

ਉਸ ਦਾ ਇੱਕ ਨੌਕਰ ਮਗਨ ਸੀ, ਉਹਨੇ ਉਸਨੂੰ ਬੁਲਾਇਆ ਅਤੇ ਕੁਛ ਧਨ ਦੇਕੇ ਇਸ ਤਰ੍ਹਾਂ ਸਮਝਾਕੇ ਆਖਿਆ। 6

ਨਗਰ ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ ॥ ਤਾਹਿ ਮਿਲੇ ਦੈਹੋ ਤੁਝੈ ਅਮਿਤ ਦਰਬ ਲੈ ਤੋਹਿ ॥੭॥

ਤੁਹਾਡੇ ਨਗਰ ਵਿੱਚ ਜੋ ਰਾਜਾ ਰਹਿੰਦਾ ਹੈ, ਮੈਨੂੰ ਉਸ ਨਾਲ ਮਿਲਾ ਦੇ। ਉਸ ਨਾਲ ਮੇਲ ਹੋ ਜਾਣ ਤੇ ਮੈਂ ਤੈਨੂੰ ਬਹੁਤ ਸਾਰਾ ਧਨ ਦਿਆਂਗੀ। 7

ਤੁਸੀਂ ਮੈਨੂੰ ਆਪਣੇ ਨਗਰ ਦੇ ਰਾਜੇ ਨਾਲ ਮਿਲਾ ਦਿਓ, ਉਹਦੇ ਨਾਲ ਮਿਲਾਪ ਹੋਣ ਤੇ ਮੈਂ ਤੁਹਾਨੂੰ ਬਹੁਤ ਸਾਰਾ ਧਨ ਦਿਆਂਗੀ। 7

ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ ॥ ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ ॥੮॥

ਮਗਨ ਧਨ ਦੇ ਲਾਲਚ ਵਿੱਚ ਲਗ ਕੇ ਰਾਜੇ ਕੋਲ ਆ ਗਿਆ। ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ। 8

ਮਗਨ ਧਨ ਦੇ ਲਾਲਚ ਵਿੱਚ ਆਕੇ ਰਾਜੇ ਪਾਸ ਆਇਆ, ਅਤੇ ਉਹਦੇ ਚਰਨਾਂ ਤੇ ਡਿਗਕੇ ਹੱਥ ਜੋੜਕੇ ਇਸ ਤਰ੍ਹਾਂ ਬੇਨਤੀ ਕੀਤੀ। 8

ਸਿਖ੍ਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ ॥ ਕਹੈ ਤੁਮੈ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ ॥੯॥

ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ। ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ। 9

ਆਪ ਜੋ ਮੰਤ੍ਰ ਸਿੱਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ, ਉਸਨੂੰ ਸਿੱਖਣ ਲਈ ਜਿਸ ਤਰ੍ਹਾਂ ਮੈਂ ਕਹਾਂ ਉਸ ਤਰ੍ਹਾਂ ਹੀ ਕਰੋ। 9

(ਟਿੱਪਣੀ:- ਜਿਹੜੇ ਸਿੱਖ ਇਸ ਨੂੰ ਗੁਰੂ ਦੀ ਆਪ ਬੀਤੀ ਕਹਿੰਦੇ ਹਨ ਕੀ ਉਹ ਇਹੋ ਦੱਸਣਾ ਚਾਹੁੰਦੇ ਹਨ ਕਿ ਗੁਰੂ ਜੀ ਅੰਦਰੋਂ ਆਤਮਿਕ ਪੱਖੋਂ ਬਹੁਤ ਹੀਣੇ ਸਨ ਅਤੇ ਉਹਨਾਂ ਨੂੰ ਕਿਸੇ ਖਾਸ ਮੰਤ੍ਰ ਦੀ ਥੁੜ ਮਹਿਸੂਸ ਹੁੰਦੀ ਸੀ ਜਿਹੜੀ ਕਿ ਰਾਤ ਨੂੰ ਭੇਸ ਬਦਲ ਕੇ ਕਿਸੇ ਹੋਰ ਇਸਤ੍ਰੀ ਕੋਲ ਜਾ ਕੇ ਉਹ ਮੰਤ੍ਰ ਸਿੱਖ ਕੇ ਪੂਰੀ ਹੋਣੀ ਸੀ। ਕੀ ਇਹ ਗੁਰਮਤਿ ਦਾ ਅੰਗ ਹੈ? ਹੜਦੂ ਲਾਹਨਤ ਹੈ ਅਜਿਹੀ ਸੋਚਣੀ ਦੇ। ਇਸ ਬਾਰੇ ਹੋਰ ਵਿਚਾਰ ਇਸ ਲੇਖ ਦੇ ਅੰਤ ਤੇ ਕੀਤੀ ਜਾਵੇਗੀ।)

ਭੁਜੰਗ ਛੰਦ ॥

ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥

ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ ਧਸ੍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ ॥੧੦॥

ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ। (ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ ਨ ਮੁੜਿਆ; ਸਿੱਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ। 10

ਉਹ ਰਾਜਾ ਤਪੱਸਵੀ ਦਾ ਭੇਸ ਧਾਰਕੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਤੁਰਿਆ। ਉਹ ਤੁਰਦਾ ਹੀ ਚਲਿਆ ਗਿਆ ਅਤੇ ਇਸ ਤਰ੍ਹਾਂ ਬਿਨਾਂ ਮੁੜੇ ਉਹ ਉਸ ਇਸਤ੍ਰੀ ਦੇ ਨਿਵਾਸ ਵਿੱਚ ਆ ਪਹੁੰਚਾ। 10

(ਟਿੱਪਣੀ:- ਕੀ ਕਿਤੇ ਇਹ ਵੀ ਉਹੋ ਹੀ ਭਗੌਤੀ/ਭਗਵਤੀ ਤਾਂ ਨਹੀਂ ਜਿਹੜੀ ਅਰਦਾਸ ਵਿੱਚ ਨਿੱਤ ਧਿਆਈ ਜਾਂਦੀ ਹੈ?)

ਚੌਪਈ ॥

ਲਖਿ ਤ੍ਰਿਯ ਤਾਹਿ ਸੁ ਭੇਖ ਬਨਾਯੋ ॥ ਫੂਲ ਪਾਨ ਅਰੁ ਕੈਫ ਮੰਗਾਯੋ ॥

ਆਗੇ ਟਰਿ ਤਾ ਕੋ ਤਿਨ ਲੀਨਾ ॥ ਚਿਤ ਕਾ ਸੋਕ ਦੂਰਿ ਕਰਿ ਦੀਨਾ ॥੧੧॥

ਇਸਤਰੀ ਨੇ ਉਸ ਨੂੰ ਵੇਖ ਕੇ (ਆਪਣਾ) ਸਰੂਪ ਸੰਵਾਰਿਆ। ਫੁਲ, ਪਾਨ ਅਤੇ ਸ਼ਰਾਬ ਮੰਗਾਈ। ਉਸ ਨੇ ਰਾਜੇ ਨੂੰ ਅਗੋਂ ਲਿਆ ਅਤੇ ਆਪਣੇ ਚਿਤ ਦਾ ਦੁਖ ਦੂਰ ਕਰ ਦਿੱਤਾ। 11

ਇਸਤ੍ਰੀ ਉਹਨੂੰ ਵੇਖਕੇ ਸਜ-ਧਜ ਗਈ ਅਤੇ ਉਹਨੇ ਉਹਦੇ ਲਈ ਫੁਲ, ਪਾਨ ਅਤੇ ਸ਼ਰਾਬ ਆਦਿ ਮੰਗਵਾਈ। ਆਪ ਅੱਗੇ ਹੋ ਕੇ ਉਹਨੇ ਉਹਦਾ ਸਵਾਗਤ ਕੀਤਾ ਅਤੇ ਮਨ ਦਾ ਦੁਖ ਦੂਰ ਕੀਤਾ। 11

ਦੋਹਰਾ ॥

ਬਸਤ੍ਰ ਪਹਿਰਿ ਬਹੁ ਮੋਲ ਕੇ ਅਤਿਥ ਭੇਸ ਕੋ ਡਾਰਿ ॥ ਤਵਨ ਸੇਜ ਸੋਭਿਤ ਕਰੀ ਉਤਮ ਭੇਖ ਸੁਧਾਰਿ ॥੧੨॥

ਰਾਜੇ ਨੇ ਸਾਧ ਦੇ ਭੇਸ ਨੂੰ ਉਤਾਰ ਕੇ ਵੱਡ ਮੁਲੇ ਬਸਤਰ ਪਾ ਲਏ। ਚੰਗੀ ਤਰ੍ਹਾਂ ਸੁਸਜਿਤ ਹੋ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ। 12

ਰਾਜੇ ਨੇ ਤਪੱਸਵੀਆਂ ਦੇ ਭੇਸ ਨੂੰ ਛੱਡਕੇ ਮੁੜ ਕੀਮਤੀ ਬਸਤ੍ਰ ਪਹਿਣੇ ਅਤੇ ਉਤਮ ਭੇਸ ਧਾਰਕੇ ਉਸ ਦੀ ਸੇਜ ਨੂੰ ਸੁੰਦਰ ਬਣਾਇਆ। 12

ਤਬ ਤਾ ਸੋ ਤ੍ਰਿਯ ਯੌ ਕਹੀ ਭੋਗ ਕਰਹੁ ਮੁਹਿ ਸਾਥ ॥ ਪਸੁ ਪਤਾਰਿ ਦੁਖ ਦੈ ਘਨੋ ਮੈ ਬੇਚੀ ਤਵ ਹਾਥ ॥੧੩॥

ਤਦ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਨਾਲ ਰਤੀ-ਕ੍ਰੀੜਾ ਕਰੋ ਕਿਉਂਕਿ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਮੈਨੂੰ ਬਹੁਤ ਦੁਖ ਦਿੱਤਾ ਹੈ, (ਇਸ ਲਈ) ਮੈਂ ਤੁਹਾਡੇ ਹੱਥ ਵਿੱਚ ਵਿਕ ਚੁੱਕੀ ਹਾਂ। 13

ਤਾਂ ਉਸ ਇਸਤ੍ਰੀ ਨੇ ਉਹਨੂੰ ਇਉਂ ਆਖਿਆ ਕਿ ਮੇਰੇ ਨਾਲ ਭੋਗ ਕਰੋ, ਕਿਉਂਕਿ ਮੈਂ ਕਾਮਦੇਵ ਤੋਂ ਦੁਖੀ ਹੋ ਕੇ ਤੁਹਾਡੇ ਹੱਥ ਵਿਕ ਚੁਕੀ ਹਾਂ। 13

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ॥ ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ ॥੧੪॥

ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿੱਚ ਵਿਚਾਰ ਕੀਤਾ ਕਿ (ਮੈਂ ਤਾਂ) ਮੰਤਰ ਲੈਣ ਆਇਆ ਸੀ, (ਪਰ ਇਥੇ ਤਾਂ) ਹੋਰ ਦੀ ਹੋਰ ਹੀ (ਗੱਲ) ਬਣ ਗਈ ਹੈ। 14

ਰਾਜੇ ਨੇ ਉਸ ਥਾਂ ਬੈਠਿਆਂ ਮਨ ਵਿੱਚ ਸੋਚਿਆ ਕਿ ਮੈਂ ਤਾਂ ਮੰਤ੍ਰ ਸਿੱਖਣ ਲਈ ਆਇਆ ਸੀ, ਇਹ ਤਾਂ ਕੁੱਝ ਹੋਰ ਦੀ ਹੋਰ ਹੀ ਗੱਲ ਬਣ ਗਈ ਏ। 14

ਅੜਿਲ ॥

ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ ॥ ਧਨੀ ਭਏ ਤੋ ਦੁਖ੍ਯਨ ਨਿਧਨ ਨ ਦੀਜਿਯੈ ॥

ਰੂਪ ਭਯੋ ਤੋ ਕਹਾ ਐਂਠ ਨਹਿ ਠਾਨਿਯੈ ॥ ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੧੫॥

(ਇਸਤਰੀ ਨੇ ਕਿਹਾ) ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, (ਫਿਰ ਵੀ) ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਧਨਵਾਨ ਹੋ ਗਏ ਤਾਂ ਨਿਰਧਨਾਂ ਨੂੰ ਦੁਖ ਨਹੀਂ ਦੇਣਾ ਚਾਹੀਦਾ। ਜੇ ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ ਚਾਹੀਦਾ। ਧਨ ਅਤੇ ਜੋਬਨ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ। 15

ਜਦੋਂ ਪੂਜਨੀਕ ਸਮਝੇ ਜਾਓ ਤਾਂ ਮਨ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ, ਧਨੀ ਹੋ ਕੇ ਗਰੀਬਾਂ ਨੂੰ ਦੁਖ ਨਹੀਂ ਦੇਣਾ ਚਾਹੀਦਾ, ਰੂਪਵਾਨ ਹੋ ਕੇ ਆਕੜਨਾ ਨਹੀਂ ਚਾਹੀਦਾ ਅਤੇ ਧਨ ਜੋਬਨ ਨੂੰ ਚਾਰ ਦਿਨਾਂ ਦਾ ਪਰਾਹੁਣਾ ਸਮਝਣਾ ਚਾਹੀਦਾ ਹੈ। 15

ਛੰਦ ॥

ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ ॥ ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ ॥

ਕਹਿਯੋ ਤੁਹਾਰੋ ਮਾਨਿ ਧਰਮ ਕੈਸੇ ਕੈ ਛੋਰੋ ॥ ਮਹਾ ਨਰਕ ਕੇ ਬੀਚ ਦੇਹ ਅਪਨੀ ਕ੍ਯੋ ਬੋਰੋ ॥੧੬॥

(ਰਾਜੇ ਨੇ ਕਿਹਾ) ਧਰਮ (ਕਰਮ) ਕਰਨ ਨਾਲ ਸ਼ੁਭ ਜਨਮ (ਪ੍ਰਾਪਤ ਹੁੰਦਾ ਹੈ) ਅਤੇ ਧਰਮ ਤੋਂ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ। ਧਰਮ (ਕਰਮ) ਕਰਨ ਨਾਲ ਧਨ ਅਤੇ ਧਾਮ (ਮਿਲਦੇ ਹਨ) ਅਤੇ ਧਰਮ (ਕਰਮ) ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ। ਤੇਰਾ ਕਿਹਾ ਮੰਨ ਕੇ (ਮੈਂ) ਧਰਮ ਨੂੰ ਕਿਸ ਤਰ੍ਹਾਂ ਛਡ ਦਿਆਂ ਅਤੇ ਆਪਣੀ ਦੇਹ ਨੂੰ ਮਹਾ ਨਰਕ ਵਿੱਚ ਕਿਉਂ ਡੋਬਾਂ। 16

ਇਸ ਜਨਮ ਵਿੱਚ ਧਰਮ ਦਾ ਕੰਮ ਕਰਨ ਲਈ ਸੁੰਦਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਧਰਮ ਵਿਚੋਂ ਹੀ ਧਨ ਧਾਮ ਤੇ ਰਾਜ ਦੀ ਸੋਭਾ ਵਧਦੀ ਹੈ। ਤੁਹਾਡਾ ਆਖਾ ਮੰਨਕੇ ਮੈਂ ਕਿਸ ਤਰ੍ਹਾਂ ਧਰਮ ਨੂੰ ਛੱਡਾਂ ਅਤੇ ਕਿਉਂ ਮੈਂ ਆਪਣੇ ਸਰੀਰ ਨੂੰ ਮਹਾਂ ਨਰਕ ਵਿੱਚ ਡੋਬਾਂ। 16

ਕਹਿਯੋ ਤੁਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ ॥ ਕੁਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋ ॥

ਛੋਰਿ ਬ੍ਯਾਹਿਤਾ ਨਾਰਿ ਕੇਲ ਤੋ ਸੋ ਨ ਕਮਾਊ ॥ ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ ॥੧੭॥

ਤੇਰਾ ਕਿਹਾ ਮੰਨ ਕੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਨਹੀਂ ਕਰਾਂਗਾ। ਕੁਲ ਨੂੰ ਕਲੰਕ ਲੱਗ ਜਾਣ ਕਰ ਕੇ (ਮੈਂ) ਮਨ ਵਿੱਚ ਬਹੁਤ ਡਰਦਾ ਹਾਂ। (ਮੈਂ ਆਪਣੀ) ਵਿਆਹੀ ਹੋਈ ਇਸਤਰੀ ਨੂੰ ਛੱਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ। (ਅਜਿਹਾ ਕਰਨ ਨਾਲ ਮੈਂ) ਧਰਮਰਾਜ ਦੀ ਸਭਾ ਵਿੱਚ ਸਥਾਨ ਕਿਸ ਤਰ੍ਹਾਂ ਪ੍ਰਾਪਤ ਕਰਾਂਗਾ। 17

ਤੁਹਾਡਾ ਕਿਹਾ ਮੰਨ ਕੇ ਮੈਂ ਤੁਹਾਡੇ ਨਾਲ ਭੋਗ ਨਹੀਂ ਕਰਾਂਗਾ ਅਤੇ ਕੁਲ ਨੂੰ ਕਲੰਕ ਲਗਣ ਦੇ ਡਰ ਤੋਂ ਮੈਂ ਮਨ ਵਿੱਚ ਜ਼ਰੂਰ ਡਰਾਂਗਾ। ਆਪਣੀ ਵਿਆਹੁਤਾ ਇਸਤ੍ਰੀ ਨੂੰ ਛੱਡ ਕੇ ਮੈਂ ਤੁਹਾਡੇ ਨਾਲ ਭੋਗ ਨਹੀਂ ਕਰਾਂਗਾ ਅਤੇ ਜੇ ਮੈਂ ਇਸ ਤਰ੍ਹਾਂ ਕਰਾਂਗਾ ਤਾਂ ਧਰਮਰਾਜ ਦੀ ਸਭਾ ਵਿੱਚ ਮੈਨੂੰ ਥਾਂ ਕਿਸ ਤਰ੍ਹਾਂ ਮਿਲੇਗੀ। 17

ਦੋਹਰਾ ॥

ਕਾਮਾਤੁਰ ਹ੍ਵੈ ਜੋ ਤ੍ਰਿਯਾ ਆਵਤ ਨਰ ਕੇ ਪਾਸ ॥ ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ ॥੧੮॥

(ਇਸਤਰੀ ਨੇ ਉਤਰ ਦਿੱਤਾ) ਕਾਮ ਤੋਂ ਦੁਖੀ ਹੋ ਕੇ ਜੇ (ਕੋਈ) ਇਸਤਰੀ ਮਰਦ ਕੋਲ ਆਉਂਦੀ ਹੈ, ਜੇ (ਮਰਦ ਉਸ ਨੂੰ) ਨਿਰਾਸ ਜਾਣ ਦਿੰਦਾ ਹੈ, (ਉਸ ਨੂੰ) ਮਹਾਨ ਨਰਕ ਵਿੱਚ ਸੁੱਟਣਾ ਚਾਹੀਦਾ ਹੈ। 18

ਕਾਮ ਦੀ ਦੁਖੀ ਕੀਤੀ ਹੋਈ ਇਸਤ੍ਰੀ ਜਦੋਂ ਪੁਰਸ਼ ਦੇ ਪਾਸ ਆਉਂਦੀ ਏ ਅਤੇ ਜੇ ਉਹ ਪੁਰਸ਼ ਉਸਨੂੰ ਨਿਰਾਸ ਭੇਜਦਾ ਹੈ ਤਾਂ ਉਸ ਪੁਰਸ਼ ਨੂੰ ਵੱਡੇ ਨਰਕ ਵਿੱਚ ਸੁਟਿਆ ਜਾਣਾ ਚਾਹੀਦਾ ਹੈ। 18

ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ ॥ ਤਾ ਸੋ ਰੀਝ ਰਮ੍ਯੋ ਚਹਤ ਲਾਜ ਨ ਆਵਤ ਤੋਹਿ ॥੧੯॥

(ਰਾਜੇ ਨੇ ਕਿਹਾ) (ਤੂੰ) ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ ਮੇਰੀ ਪੂਜਾ ਕਰਦੀ ਹੈਂ। ਉਸ (ਵਿਅਕਤੀ) ਨਾਲ ਰੀਝ ਕੇ ਤੂੰ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਲੱਜਾ ਨਹੀਂ ਆਉਂਦੀ। 19

ਲੋਕ ਮੇਰੇ ਪੈਰਾਂ ਤੇ ਡਿਗਦੇ ਨੇ ਅਤੇ ਮੇਰੀ ਪੂਜਾ ਕਰਦੇ ਨੇ ਮੈਂ ਪ੍ਰਸੰਨ ਹੋ ਕੇ ਤੇਰੇ ਨਾਲ ਭੋਗ ਕਰਾਂ, ਕੀ ਇਸ ਤਰ੍ਹਾਂ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ। 19

ਭੁਜੰਗ ਛੰਦ ॥

ਕ੍ਰਿਸਨ ਪੂਜ ਜਗ ਕੇ ਭਏ ਕੀਨੀ ਰਾਸਿ ਬਨਾਇ ॥ ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ ॥੨੦॥

(ਇਸਤਰੀ ਨੇ ਉਤਰ ਵਿੱਚ ਕਿਹਾ) ਕ੍ਰਿਸ਼ਨ ਜਗਤ ਵਿੱਚ ਪੂਜੇ ਜਾਂਦੇ ਸਨ, ਉਨ੍ਹਾਂ ਨੇ ਵੀ ਰਾਸ-ਲੀਲਾ ਰਚੀ ਸੀ। (ਉਹ) ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ (ਪਰ ਉਹ) ਨਰਕ ਵਿੱਚ ਨਹੀਂ ਪਏ। 20

ਕ੍ਰਿਸ਼ਨ ਭੀ ਸੰਸਾਰ ਲਈ ਪੂਜਨੀਕ ਸੀ, ਪਰ ਉਹਨੇ ਵੀ ਰਾਸ-ਲੀਲ੍ਹਾ ਕੀਤੀਆਂ। ਉਹਨੇ ਰਾਧਿਕਾ ਨਾਲ ਭੋਗ ਕੀਤਾ, ਉਹ ਨਰਕ ਵਿੱਚ ਨਹੀਂ ਗਏ। 20

ਪੰਚ ਤਤ ਲੈ ਬ੍ਰਹਮ ਕਰ ਕੀਨੀ ਨਰ ਕੀ ਦੇਹ ॥ ਕੀਯਾ ਆਪ ਹੀ ਤਿਨ ਬਿਖੈ ਇਸਤ੍ਰੀ ਪੁਰਖ ਸਨੇਹ ॥੨੧॥

ਬ੍ਰਹਮ (ਜਾਂ ਬ੍ਰਹਮਾ) ਨੇ ਪੰਜ ਤੱਤਾਂ ਤੋਂ ਮਰਦ ਦੀ ਦੇਹ ਬਣਾਈ ਹੈ ਅਤੇ ਆਪ ਹੀ ਉਸ ਵਿੱਚ ਇਸਤਰੀ-ਪੁਰਸ਼ ਦੇ ਪਿਆਰ ਦੀ ਵਿਵਸਥਾ ਕੀਤੀ ਹੈ। 21

ਪ੍ਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਤੋਂ ਪੁਰਸ਼ ਦਾ ਸਰੀਰ ਬਣਾਇਆ ਏ ਅਤੇ ਆਪ ਹੀ ਉਸ ਵਿੱਚ ਇਸਤ੍ਰੀ-ਪੁਰਸ਼ ਦੇ ਪ੍ਰਸਪਰ ਪਿਆਰ ਦੀ ਸਿਰਜਣਾ ਕੀਤੀ ਹੈ। 21

ਚੌਪਈ ॥

ਤਾ ਤੇ ਆਨ ਰਮੋ ਮੋਹਿ ਸੰਗਾ ॥ ਬ੍ਯਾਪਤ ਮੁਰ ਤਨ ਅਧਿਕ ਅਨੰਗਾ ॥

ਆਜ ਮਿਲੇ ਤੁਮਰੇ ਬਿਨੁ ਮਰਿਹੋ ॥ ਬਿਰਹਾਨਲ ਕੇ ਭੀਤਰਿ ਜਰਿਹੋ ॥੨੨॥

ਇਸ ਲਈ ਮੇਰੇ ਨਾਲ ਕਾਮ-ਕੇਲ ਕਰੋ, (ਕਿਉਂਕਿ) ਮੇਰੇ ਸਰੀਰ ਵਿੱਚ ਕਾਮ ਭਾਵ ਬਹੁਤ ਪਸਰ ਗਿਆ ਹੈ। ਅਜ ਤੁਹਾਡੇ ਨਾਲ ਸੰਯੋਗ ਪ੍ਰਾਪਤ ਕੀਤੇ ਬਿਨਾ ਮਰ ਜਾਵਾਂਗੀ ਅਤੇ ਵਿਯੋਗ ਦੀ ਅੱਗ ਵਿੱਚ ਸੜ ਜਾਵਾਂਗੀ। 22

ਇਸ ਲਈ ਮੇਰੇ ਨਾਲ ਭੋਗ ਕਰੋ, ਹੁਣ ਮੇਰੇ ਸਰੀਰ ਵਿੱਚ ਬਹੁਤ ਕਾਮ-ਚੇਸ਼ਟਾ ਵਧ ਗਈ ਹੈ। ਅਜ ਤੁਹਾਨੂੰ ਮਿਲਣ ਤੋਂ ਬਿਨਾ ਮੈਂ ਮਰ ਜਾਵਾਂਗੀ ਅਤੇ ਵਿਛੋੜੇ ਦੀ ਅੱਗ ਵਿੱਚ ਸੜ ਮਰਾਂਗੀ। 22

ਦੋਹਰਾ ॥

ਅੰਗ ਤੇ ਭਯੋ ਅਨੰਗ ਤੌ ਦੇਤ ਮੋਹਿ ਦੁਖ ਆਇ ॥ ਮਹਾ ਰੁਦ੍ਰ ਜੂ ਕੋ ਪਕਰਿ ਤਾਹਿ ਨ ਦਯੋ ਜਰਾਇ ॥੨੩॥

(ਮੇਰੇ) ਸਰੀਰ ਵਿੱਚ ਕਾਮ ਪਸਰ ਗਿਆ ਹੈ ਅਤੇ ਮੈਨੂੰ ਆ ਕੇ ਬਹੁਤ ਦੁਖ ਦਿੰਦਾ ਹੈ। ਉਸ ਨੂੰ ਸ਼ਿਵ ਜੀ ਨੇ ਪਕੜ ਕੇ ਸਾੜ ਹੀ ਕਿਉਂ ਨ ਦਿੱਤਾ (ਤਾਂ ਜੋ ਮੇਰੀ ਅਜਿਹੀ ਦਸ਼ਾ ਨ ਕਰ ਸਕਦਾ)। 23

ਮੇਰੇ ਅੰਗ ਤੋਂ ਕਾਮ ਪ੍ਰਗਟ ਹੋਇਆ ਹੈ, ਇਹ ਮੈਨੂੰ ਆ ਕੇ ਦੁਖ ਦੇਂਦਾ ਹੈ। ਸ਼ਿਵ ਜੀ ਮਹਾਰਾਜ ਨੇ ਇਸਨੂੰ ਫੜਕੇ ਸਾੜ ਹੀ ਕਿਉਂ ਨਾ ਸੁੱਟਿਆ। 23

ਛੰਦ ॥

ਧਰਹੁ ਧੀਰਜ ਮਨ ਬਾਲ ਮਦਨ ਤੁਮਰੋ ਕਸ ਕਰਿ ਹੈ ॥ ਮਹਾ ਰੁਦ੍ਰ ਕੋ ਧ੍ਯਾਨ ਧਰੋ ਮਨ ਬੀਚ ਸੁ ਡਰਿ ਹੈ ॥

ਹਮ ਨ ਤੁਮਾਰੇ ਸੰਗ ਭੋਗ ਰੁਚਿ ਮਾਨਿ ਕਰੈਗੇ ॥ ਤ੍ਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ ॥੨੪॥

(ਰਾਜੇ ਨੇ ਕਿਹਾ) ਹੇ ਬਾਲਾ! ਮਨ ਵਿੱਚ ਧੀਰਜ ਧਰ, ਕਾਮ ਦੇਵ ਤੇਰਾ ਕੀ ਕਰੇਗਾ? (ਤੂੰ) ਮਨ ਵਿੱਚ ਮਹਾ ਰੁਦ੍ਰ ਦਾ ਧਿਆਨ ਧਰ, ਉਹ ਡਰ ਜਾਵੇਗਾ। ਮੈਂ ਤੇਰੇ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਨਹੀਂ ਕਰਾਂਗਾ। (ਮੈਂ ਆਪਣੀ) ਧਰਮ ਪਤਨੀ ਨੂੰ ਛੱਡ ਕੇ ਤੈਨੂੰ ਕਦੇ ਵੀ ਨਹੀਂ ਵਰਾਂਗਾ। 24

ਹੇ ਇਸਤ੍ਰੀ! ਮਨ ਵਿੱਚ ਧੀਰਜ ਰਖ, ਕਾਮਦੇਵ ਤੇਰਾ ਕੁੱਝ ਨਹੀਂ ਕਰ ਸਕੇਗਾ, ਤੂੰ ਸ਼ਿਵਜੀ ਦਾ ਮਨ ਵਿੱਚ ਧਿਆਨ ਧਰ, ਉਹ ਡਰ ਜਾਏਗਾ। ਮੈਂ ਤੁਹਾਡੇ ਨਾਲ ਭੋਗ ਨਹੀਂ ਕਰਾਂਗਾ ਅਤੇ ਆਪਣੀ ਧਰਮ ਪਤਨੀ ਨੂੰ ਛੱਡ ਕੇ ਤੁਹਾਨੂੰ ਨਹੀਂ ਵਰਾਂਗਾ। 24

ਅੜਿਲ ॥

ਕਹਿਯੋ ਤਿਹਾਰੋ ਮਾਨਿ ਭੋਗ ਤੋਸੋ ਕ੍ਯੋ ਕਰਿਯੈ ॥ ਘੋਰ ਨਰਕ ਕੇ ਬੀਚ ਜਾਇ ਪਰਬੇ ਤੇ ਡਰਿਯੈ ॥

ਤਬ ਆਲਿੰਗਨ ਕਰੇ ਧਰਮ ਅਰਿ ਕੈ ਮੁਹਿ ਗਹਿ ਹੈ ॥ ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ ॥੨੫॥

ਤੇਰਾ ਕਿਹਾ ਮੰਨ ਕੇ (ਮੈਂ) ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ? (ਮੈਂ) ਭਿਆਨਕ ਨਰਕ ਵਿੱਚ ਜਾ ਪੈਣ ਤੋਂ ਡਰਦਾ ਹਾਂ। ਤੇਰੇ ਨਾਲ ਸੰਯੋਗ ਕਰਨ ਨਾਲ ਮੈਂ ਧਰਮ ਦੇ ਵੈਰੀ ਨੂੰ ਗ੍ਰਹਿਣ ਕਰਾਂਗਾ (ਅਰਥਾਤ ਧਰਮ ਦੇ ਉਲਟ ਕੰਮ ਕਰਾਂਗਾ)। (ਇਸ ਨਾਲ) ਜਗਤ ਵਿੱਚ ਨਿੱਤ ਮੇਰੇ ਅਪਜਸ ਦੀ ਕਥਾ ਚਲ ਪਏਗੀ। 25

ਤੁਹਾਡਾ ਕਹਿਆ ਮੰਨਕੇ ਤੁਹਾਡੇ ਨਾਲ ਭੋਗ ਕਿਉਂ ਕਰਾਂ? ਮੈਨੂੰ ਘੋਰ ਨਰਕ ਵਿੱਚ ਪੈਣ ਦਾ ਡਰ ਏ। ਤੁਹਾਡੇ ਨਾਲ ਸੰਬੰਧ ਕਰਨਾ ਧਰਮ ਨੂੰ ਦੁਸ਼ਮਣ ਸਮਝਣ ਦੇ ਬਰਾਬਰ ਹੋਵੇਗਾ ਅਤੇ ਮੇਰੀ ਨਿੰਦਾ ਦੀ ਕਥਾ ਇਸ ਸੰਸਾਰ ਵਿੱਚ ਸਦਾ ਚਲਦੀ ਰਵ੍ਹੇਗੀ। 25

ਚਲੈ ਨਿੰਦ ਕੀ ਕਥਾ ਬਕਤ੍ਰ ਕਸ ਤਿਸੈ ਦਿਖੈਹੋ ॥ ਧਰਮ ਰਾਜ ਕੀ ਸਭਾ ਜ੍ਵਾਬ ਕੈਸੇ ਕਰਿ ਦੈਹੌ ॥

ਛਾਡਿ ਯਰਾਨਾ ਬਾਲ ਖ੍ਯਾਲ ਹਮਰੇ ਨਹਿ ਪਰਿਯੈ ॥ ਕਹੀ ਸੁ ਹਮ ਸੋ ਕਹੀ ਬਹੁਰਿ ਯਹ ਕਹਿਯੋ ਨ ਕਰਿਯੈ ॥੨੬॥

ਨਿੰਦਿਆ ਦੀ ਕਥਾ ਚਲ ਪੈਣ ਨਾਲ (ਮੈਂ ਆਪਣਾ) ਮੂੰਹ (ਜਗਤ ਨੂੰ) ਕਿਵੇਂ ਦਿਖਾਵਾਂਗਾ। ਧਰਮਰਾਜ ਦੀ ਸਭਾ ਵਿੱਚ (ਸੁਆਲਾਂ ਦਾ) ਉੱਤਰ ਕਿਸ ਤਰ੍ਹਾਂ ਦਿਆਂਗਾ। ਹੇ ਬਾਲਾ! ਮੇਰੇ ਨਾਲ ਯਾਰਾਨਾ ਛੱਡ ਦੇ ਅਤੇ ਮੇਰੇ ਖਿਆਲ ਨ ਪੈ। (ਜੋ) ਮੈਨੂੰ ਕਹਿ ਦਿੱਤਾ, ਸੋ ਕਹਿ ਦਿੱਤਾ, ਫਿਰ (ਅਜਿਹਾ) ਕਹਿਣ ਦਾ (ਉਦਮ) ਨ ਕਰਨਾ। 26

ਨਿੰਦਾ ਦੀ ਕਥਾ ਚੱਲਣ ਤੇ ਮੈਂ ਸੰਸਾਰ ਨੂੰ ਕਿਸ ਤਰ੍ਹਾਂ ਮੂੰਹ ਵਿਖਾਵਾਂਗਾ? ਅਤੇ ਧਰਮਰਾਜ ਦੀ ਕਚਹਿਰੀ ਵਿੱਚ ਕਿਸ ਤਰ੍ਹਾਂ ਉੱਤਰ ਦਿਆਂਗਾ? ਹੇ ਸੁੰਦਰੀ! ਇਸ ਦੋਸਤੀ ਦਾ ਤੇ ਮੇਰਾ ਖਿਆਲ ਛੱਡੋ। ਹੁਣ ਤੱਕ ਮੈਨੂੰ ਜੋ ਕਹਿਆ ਸੋ ਕਹਿਆ, ਹੁਣ ਹੋਰ ਕੁੱਝ ਨਾ ਕਹਿਣਾ। 26

ਨੂਪ ਕੁਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ ॥ ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ ॥

ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮੁਖ ਕਰਿ ਹੈ ॥ ਤ੍ਰਾਸ ਤਿਹਾਰੇ ਸੌ ਸੁ ਅਧਿਕ ਚਿਤ ਭੀਤਰ ਡਰਿ ਹੈ ॥੨੭॥

ਨੂਪ ਕੁਅਰਿ (ਕੌਰ) ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਯਾ! (ਜੇ ਤੁਸੀਂ) ਮੇਰੇ ਨਾਲ ਭੋਗ ਕਰੋਂਗੇ ਤਾਂ ਨਰਕ ਵਿੱਚ ਨਹੀਂ ਪਵੋਗੇ, (ਇਸ ਲਈ) ਚਿਤ ਵਿੱਚ ਬਹੁਤ ਨ ਡਰੋ। ਤੁਹਾਡੀ ਨਿੰਦਿਆ ਲੋਕੀ ਕਿਵੇਂ ਮੂੰਹ ਨਾਲ ਕਰਨਗੇ (ਕਿਉਂਕਿ) ਉਹ ਤੁਹਾਡੇ ਡਰ ਤੋਂ ਮਨ ਵਿੱਚ ਬਹੁਤ ਭੈ ਭੀਤ ਹੁੰਦੇ ਹਨ। 27

ਅਨੂਪ ਕੁੰਵਰ ਨੇ ਕਿਹਾ ਕਿ ਹੇ ਪਿਆਰੇ! ਮੇਰੇ ਨਾਲ ਭੋਗ ਕਰੋ, ਆਪ ਨਰਕ ਵਿੱਚ ਨਹੀਂ ਜਾਓਗੇ ਅਤੇ ਵਿਅਰਥ ਹੀ ਇਸ ਵਿਚਾਰ ਤੋਂ ਨਾ ਡਰੋ। ਤੁਹਾਡੀ ਨਿੰਦਾ ਲੋਕ ਕਿਸ ਤਰ੍ਹਾਂ ਕਰਨਗੇ, ਕਿਉਂਕਿ ਉਹ ਤੁਹਾਡਾ ਬਹੁਤ ਡਰ ਮੰਨਦੇ ਨੇ। 27

ਤੌ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ ॥ ਜੌ ਲਖਿ ਹੈ ਕੋਊ ਬਾਤ ਤ੍ਰਾਸ ਤੋ ਮੋਨਿ ਰਹੈਂਗੇ ॥

ਆਜੁ ਹਮਾਰੇ ਸਾਥ ਮਿਤ੍ਰ ਰੁਚਿ ਸੌ ਰਤਿ ਕਰਿਯੈ ॥ ਹੋ ਨਾਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਿਯੈ ॥੨੮॥

ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ, ਜਦ (ਉਸ ਨੂੰ) ਭੇਦ ਪਤਾ ਲਗੇਗਾ। ਜੇ ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁਪ ਹੀ ਰਹੇਗਾ। ਹੇ ਮਿਤਰ! ਅਜ (ਤੁਸੀਂ) ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ, ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ ਕੇ ਚਲੇ ਜਾਓ। 28

ਫਿਰ ਤੁਹਾਡੀ ਨਿੰਦਾ ਤਾਂ ਕੋਈ ਦਤੋਂ ਕਰੇਗਾ ਜਦੋਂ ਕੋਈ ਇਸ ਭੇਦ ਨੂੰ ਸਮਝੇਗਾ ਅਤੇ ਫਿਰ ਜੇ ਕੋਈ ਜਾਨ ਭੀ ਲਵੇਗਾ ਤਾਂ ਮਾਰੇ ਡਰ ਦੇ ਚੁਪ ਰਹੇਗਾ। ਹੇ ਮਿਤਰ! ਅਜ ਤੁਸੀਂ ਮਨ ਕਰਕੇ ਮੇਰੇ ਨਾਲ ਭੋਗ ਕਰੋ ਨਹੀਂ ਤਾਂ ਮੇਰੀ ਲੱਤ-ਥੱਲਿਓਂ ਹੋ ਕੇ ਨਿਕਲ ਜਾਓ। 28

ਟਾਂਗ ਤਰੇ ਸੋ ਜਾਇ ਕੇਲ ਕੈ ਜਾਹਿ ਨ ਆਵੈ ॥ ਬੈਠਿ ਨਿਫੂੰਸਕ ਰਹੈ ਰੈਨਿ ਸਿਗਰੀ ਨ ਬਜਾਵੈ ॥

ਬਧੇ ਧਰਮ ਕੇ ਮੈ ਨ ਭੋਗ ਤੁਹਿ ਸਾਥ ਕਰਤ ਹੋ ॥ ਜਗ ਅਪਜਸ ਕੇ ਹੇਤ ਅਧਿਕ ਚਿਤ ਬੀਚ ਡਰਤ ਹੋ ॥੨੯॥

(ਰਾਜੇ ਨੇ ਉੱਤਰ ਦਿੱਤਾ) ਟੰਗ ਹੇਠੋਂ ਉਹ ਲੰਘ ਕੇ ਜਾਏ ਜਿਸ ਨੂੰ ਕਾਮ-ਕੇਲ ਕਰਨੀ ਨ ਆਉਂਦੀ ਹੋਏ। ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ ਕਾਮ-ਕ੍ਰੀੜਾ ਨ ਕਰੇ। ਮੈਂ ਤਾਂ ਧਰਮ ਦਾ ਬੰਨ੍ਹਿਆ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ (ਕਿਉਂਕਿ) ਜਗਤ ਦੇ ਅਪਜਸ ਕਰ ਕੇ ਮਨ ਵਿੱਚ ਬਹੁਤ ਡਰਦਾ ਹਾਂ। 29

ਲੱਤ ਥੱਲਿਓਂ ਉਹ ਜਾਇ, ਜਿਹੜਾ ਭੋਗ ਕਰਨਾ ਨਾ ਜਾਣਦਾ ਹੋਵੇ ਅਤੇ ਖੁਸਰੇ ਦੀ ਤਰ੍ਹਾਂ ਬਹਿਕੇ ਸਾਰੀ ਰਾਤ ਭੋਗ ਨ ਕਰ ਸਕਦਾ ਹੋਵੇ। ਮੈਂ ਤਾਂ ਧਰਮ ਦਾ ਬੱਧਾ ਤੁਹਾਡੇ ਨਾਲ ਭੋਗ ਨਹੀਂ ਕਰਾਂਗਾ ਅਤੇ ਸੰਸਾਰ ਦੀ ਨਿੰਦਾ-ਉਸਤਤ ਤੋਂ ਬਹੁਤ ਡਰ ਰਿਹਾ ਹਾਂ। 29

ਕੋਟਿ ਜਤਨ ਤੁਮ ਕਰੋ ਭਜੇ ਬਿਨੁ ਤੋਹਿ ਨ ਛੋਰੋ ॥ ਗਹਿ ਆਪਨ ਕਰ ਆਜੁ ਸਗਰ ਤੋ ਕੋ ਨਿਸ ਭੋਰੋ ॥

ਮੀਤ ਤਿਹਾਰੇ ਹੇਤ ਕਾਸਿ ਕਰਵਤ ਹੂੰ ਲੈਹੋ ॥ ਹੋ ਧਰਮਰਾਜ ਕੀ ਸਭਾ ਜ੍ਵਾਬ ਠਾਢੀ ਹ੍ਵੈ ਦੈਹੋ ॥੩੦॥

(ਅੱਗੋਂ ਇਸਤਰੀ ਕਹਿੰਦੀ ਹੈ) ਤੁਸੀਂ ਅਨੇਕਾਂ ਯਤਨ ਕਰ ਲਵੋ, (ਪਰ ਅੱਜ ਮੈਂ) ਬਿਨਾ ਰਤੀ-ਕੇਲ ਕੀਤੇ ਤੁਹਾਨੂੰ ਨਹੀਂ ਛੱਡਾਂਗੀ। ਅਜ ਮੈਂ ਆਪਣੇ ਹੱਥ ਨਾਲ ਤੁਹਾਨੂੰ ਪਕੜੀ ਰਖਾਂਗੀ ਅਤੇ ਸਾਰੀ ਰਾਤ ਰਤੀ-ਕ੍ਰੀੜਾ ਕਰਾਂਗੀ (ਅਰਥਾਂਤਰ ਸਾਰੀ ਰਾਤ ਤੋਂ ਸਵੇਰ ਤੱਕ ਤੁਹਾਨੂੰ ਆਪਣੇ ਹੱਥ ਨਾਲ ਪਕੜੀ ਰਖਾਂਗੀ) ਹੇ ਮਿਤਰ! ਤੁਹਾਡੇ ਲਈ (ਤਾਂ ਮੈਂ) ਕਾਸ਼ੀ ਵਿੱਚ ਆਰੇ (ਨਾਲ ਚੀਰੀ) ਜਾਵਾਂਗੀ। ਧਰਮਰਾਜ ਦੀ ਸਭਾ ਵਿੱਚ ਡਟ ਕੇ ਜਵਾਬ ਦਿਆਂਗੀ। 30

ਤੁਸੀਂ ਅਨੇਕਾਂ ਯਤਨ ਕਰ ਲੌ, ਪਰ ਅਜ ਮੈਂ ਤੁਹਾਨੂੰ ਭੋਗ ਕੀਤਿਆਂ ਬਿਨਾਂ ਨਹੀਂ ਛੱਡਾਂਗੀ। ਅਜ ਮੈਂ ਤੁਹਾਨੂੰ ਆਪਣੇ ਹੱਥ ਨਾਲ ਫੜਕੇ ਸਾਰੀ ਰਾਤ ਚੂਰ ਚੂਰ ਕਰਾਂਗੀ। ਹੇ ਮਿਤਰ! ਮੈਂ ਤੁਹਾਡੇ ਲਈ ਕਾਂਸ਼ੀ ਵਿੱਚ ਆਰੇ ਨਾਲ ਚੀਰੀ ਜਾਵਾਂਗੀ ਅਤੇ ਧਰਮਰਾਜ ਦੀ ਕਚਹਿਰੀ ਵਿੱਚ ਖੜੀ ਹੋ ਕੇ ਜਵਾਬ ਦਿਆਂਗੀ। 30

ਆਜੁ ਪਿਯਾ ਤਵ ਸੰਗ ਸੇਜੁ ਰੁਚਿ ਮਾਨ ਸੁਹੈ ਹੋ ॥ ਮਨ ਭਾਵਤ ਕੋ ਭੋਗ ਰੁਚਿਤ ਚਿਤ ਮਾਹਿ ਕਮੈ ਹੋ ॥

ਆਜੁ ਸੁ ਰਤਿ ਸਭ ਰੈਨਿ ਭੋਗ ਸੁੰਦਰ ਤਵ ਕਰਿਹੋ ॥ ਸਿਵ ਬੈਰੀ ਕੋ ਦਰਪ ਸਕਲ ਮਿਲਿ ਤੁਮੈ ਪ੍ਰਹਰਿਹੋ ॥੩੧॥

ਹੇ ਪ੍ਰਿਯ! ਅਜ ਤੁਹਾਡੇ ਨਾਲ ਰੁਚੀ ਪੂਰਬਕ ਸੇਜ ਮਾਣਾਂਗੀ। ਮਨ ਭਉਂਦੀ ਰਤੀ-ਕ੍ਰੀੜਾ ਰੁਚੀ ਪੂਰਬਕ ਕਮਾਵਾਂਗੀ। ਹੇ ਸੁੰਦਰ ਸਰੂਪ ਵਲੇ! ਅਜ ਸਾਰੀ ਰਾਤ ਪ੍ਰੇਮ ਸਹਿਤ ਮੈਂ ਤੁਹਾਡੇ ਨਾਲ ਕਾਮ-ਕੇਲ ਕਰਾਂਗੀ। ਤੁਹਾਡੇ ਨਾਲ ਮਿਲ ਕੇ ਸ਼ਿਵ ਦੇ ਵੈਰੀ ਕਾਮ ਦੇਵ ਦਾ ਸਾਰਾ ਹੰਕਾਰ ਖ਼ਤਮ ਕਰ ਦਿਆਂਗੀ। 31

ਹੇ ਪਿਆਰੇ! ਅਜ ਤੁਹਾਡੇ ਨਾਲ ਰੁਚੀ ਪੂਰਬਕ ਸੇਜਾ ਰਮਨ ਕਰਾਂਗੀ ਅਤੇ ਮਨ ਭਾਵਤ ਭੋਗ ਪ੍ਰੇਮ ਨਾਲ ਕਰਾਂਗੀ। ਅਜ ਰਾਤ ਤੁਹਾਡੇ ਨਾਲ ਭੋਗ ਕਰਕੇ ਮੈਂ ਤੁਹਾਡੀ ਸੁੰਦਰਤਾ ਨੂੰ ਹੋਰ ਵਧਾ ਦਿਆਂਗੀ ਅਤੇ ਤੁਹਾਡੇ ਨਾਲ ਮਿਲਕੇ ਕਾਮ ਦਾ ਹੰਕਾਰ ਭੀ ਨਾਸ ਕਰ ਦਿਆਂਗੀ। 31

ਰਾਇ ਬਾਚ ॥

ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ ॥ ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ ॥

ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ ॥ ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ ॥੩੨॥

ਰਾਇ ਨੇ ਕਿਹਾ: ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿੱਚ ਜਨਮ ਦਿੱਤਾ ਹੈ। ਫਿਰ ਸਾਡੀ ਕੁਲ ਨੂੰ ਜਗਤ ਵਿੱਚ ਬਹੁਤ ਮਾਣ ਦਿਵਾਇਆ ਹੈ। ਫਿਰ ਸਾਰਿਆਂ ਵਿੱਚ ਬੈਠ ਕੇ (ਮੈਂ) ਪੂਜਣਯੋਗ ਅਖਵਾਉਂਦਾ ਹਾਂ। (ਜੇ ਮੈਂ) ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ (ਤਾਂ) ਨੀਚ ਕੁਲ ਵਿੱਚ ਜਨਮ ਪਾਵਾਂਗਾ। 32

ਰਾਜੇ ਨੇ ਕਿਹਾ ਪਹਿਲਾਂ ਤਾਂ ਪ੍ਰਮੇਸ਼ਰ ਨੇ ਮੈਨੂੰ ਖੱਤਰੀ-ਕੁਲ ਵਿੱਚ ਜਨਮ ਦਿਤਾ ਹੈ, ਅਤੇ ਸਾਡੀ ਕੁਲ ਦਾ ਸੰਸਾਰ ਵਿੱਚ ਬਹੁਤ ਮਾਣ ਹੈ। ਫਿਰ ਸਾਰਿਆਂ ਵਿੱਚ ਬਹਿਕੇ ਮੈਂ ਆਪਣੇ ਆਪ ਨੂੰ ਪੂਜ-ਨੀਕ ਕਹਾਂਦਾ ਹਾਂ, ਹੁਣ ਜਦ ਮੈਂ ਤੇਰੇ ਨਾਲ ਭੋਗ ਕਰਦਾ ਹਾਂ ਤਾਂ ਮੈਂ ਨੀਚ ਕੁਲ ਵਿੱਚ ਜਨਮ ਲਵਾਂਗਾ। 32

ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ ॥ ਰਮੋ ਨ ਹਮ ਸੋ ਆਜੁ ਐਸ ਘਟਿ ਭਾਗ ਹਮਾਰੇ ॥

ਬਿਰਹ ਤਿਹਾਰੇ ਲਾਲ ਬੈਠਿ ਪਾਵਕ ਮੋ ਬਰਿਯੈ ॥ ਹੋ ਪੀਵ ਹਲਾਹਲ ਆਜੁ ਮਿਲੇ ਤੁਮਰੇ ਬਿਨੁ ਮਰਿਯੈ ॥੩੩॥

(ਇਸਤਰੀ ਨੇ ਕਿਹਾ) ਜਨਮ ਦੀ ਕੀ ਗੱਲ ਹੈ, (ਇਹ) ਸਭ ਜਨਮ ਤੁਹਾਡੇ ਹੀ ਬਣਾਏ ਹੋਏ ਹਨ। (ਜੇ ਤੁਸੀਂ) ਅਜ ਮੇਰੇ ਨਾਲ ਰਮਣ ਨਹੀਂ ਕਰੋਗੇ (ਤਾਂ ਮੈਂ) ਇਸ ਨੂੰ ਆਪਣੀ ਬਦਕਿਸਮਤੀ ਸਮਝਾਂਗੀ। ਹੇ ਲਾਲ! (ਮੈਂ) ਤੁਹਾਡੇ ਵਿਯੋਗ ਦੀ ਅੱਗ ਵਿੱਚ ਬੈਠ ਕੇ ਸੜ ਮਰਾਂਗੀ ਅਤੇ ਤੁਹਾਡੇ ਨਾਲ ਸੰਯੋਗ ਕੀਤੇ ਬਿਨਾ (ਮੈਂ) ਜ਼ਹਿਰ ਪੀ ਕੇ ਮਰ ਜਾਵਾਂਗੀ। 33

ਜਨਮ ਦੀ ਕੀ ਗੱਲ ਓ, ਇਹ ਸਾਰੇ ਤੁਹਾਡੇ ਹੀ ਬਣਾਏ ਹੋਏ ਨੇ। ਜੇ ਅਜ ਤੁਸੀਂ ਮੇਰੇ ਨਾਲ ਭੋਗ ਨਹੀਂ ਕਰੋਗੇ ਤਾਂ ਇਹ ਮੇਰੇ ਖੋਟੇ ਭਾਗ ਹੋਣਗੇ। ਮੈਂ ਤੁਹਾਡੇ ਵਿਛੋੜੇ ਦੀ ਅੱਗ ਵਿੱਚ ਹੀ ਸੜ ਜਾਵਾਂਗੀ ਅਤੇ ਤੁਹਾਡੇ ਮਿਲੇ ਬਗੈਰ ਜ਼ਹਿਰ ਪੀਕੇ ਮਰ ਜਾਵਾਂਗੀ। 33

ਦੋਹਰਾ ॥

ਰਾਇ ਡਰਿਯੋ ਜਉ ਦੈ ਮੁਝੈ ਸ੍ਰੀ ਭਗਵਤਿ ਕੀ ਆਨ ॥ ਸੰਕ ਤ੍ਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ ॥੩੪॥

ਰਾਜਾ (ਇਸ ਗੱਲੋਂ) ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ (ਦੀ ਸੌਂਹ) ਆਣ ਦੇਵੇ ਤਾਂ (ਮਜਬੂਰੀ ਵੱਸ) ਸੰਗ ਤਿਆਗ ਕੇ ਇਸ ਨਾਲ ਰਮਣ ਕਰ ਕੇ ਨਰਕ ਵਿੱਚ ਜਾਣਾ ਪਵੇਗਾ। 34

ਰਾਜਾ ਡਰ ਗਿਆ ਕਿ ਜੇ ਮੈਨੂੰ ਇਹ ਭਗਵਤੀ ਦੀ ਸੌਂਹ ਦੇ ਦੇਵੇਗੀ ਤਾਂ ਮੈਨੂੰ ਨਿਰ-ਸੰਕੋਚ ਹੋ ਕੇ ਇਹਦੇ ਨਾਲ ਰਮਣ ਕਰਨਾ ਪਵੇਗਾ ਅਤੇ ਨਰਕ ਵਿੱਚ ਜਾਣਾ ਪਵੇਗਾ। 34

ਚਿਤ ਕੇ ਸੋਕ ਨਿਵਰਤ ਕਰਿ ਰਮੋ ਹਮਾਰੇ ਸੰਗ ॥ ਮਿਲੇ ਤਿਹਾਰੇ ਬਿਨੁ ਅਧਿਕ ਬ੍ਯਾਪਤ ਮੋਹਿ ਅਨੰਗ ॥੩੫॥

(ਇਸਤਰੀ ਨੇ ਕਿਹਾ ਹੇ ਰਾਜਨ!) ਮੇਰੇ ਨਾਲ ਸੰਯੋਗ ਕਰ ਕੇ ਮਨ ਦੇ ਦੁਖ ਨੂੰ ਦੂਰ ਕਰ ਦਿਓ (ਕਿਉਂਕਿ) ਤੁਹਾਡਾ ਸੰਯੋਗ ਨ ਪ੍ਰਾਪਤ ਕਰਨ ਕਰ ਕੇ ਕਾਮ ਮੇਰੇ (ਸ਼ਰੀਰ ਵਿਚ) ਬਹੁਤ ਵਿਆਪਕ ਹੋ ਗਿਆ ਹੈ। 35

ਹੇ ਰਾਜਨ ਮਨ ਦਾ ਸ਼ੱਕ ਦੂਰ ਕਰਕੇ ਮੇਰੇ ਨਾਲ ਰਮਣ ਕਰੋ, ਕਿਉਂਕਿ ਤੁਹਾਨੂੰ ਮਿਲੇ ਬਿਨਾ ਕਾਮ ਮੈਨੂੰ ਬਹੁਤ ਪ੍ਰਭਾਵਤ ਕਰ ਰਿਹਾ ਹੈ। 35

ਨਰਕ ਪਰਨ ਤੇ ਮੈ ਡਰੋ ਕਰੋ ਨ ਤੁਮ ਸੋ ਸੰਗ ॥ ਤੋ ਤਨ ਮੋ ਤਨ ਕੈਸਊ ਬ੍ਯਾਪਤ ਅਧਿਕ ਅਨੰਗ ॥੩੬॥

(ਰਾਜੇ ਨੇ ਕਿਹਾ) ਨਰਕ ਵਿੱਚ ਪੈਣ ਤੋਂ ਡਰਦਾ ਹੋਇਆ ਮੈਂ ਤੇਰੇ ਨਾਲ ਸੰਗ ਨਹੀਂ ਕਰਾਂਗਾ ਭਾਵੇਂ ਤੇਰੇ ਅਤੇ ਮੇਰੇ ਤਨ ਵਿੱਚ ਕਿਤਨਾ ਹੀ ਅਧਿਕ ਕਾਮ (ਕਿਉਂ ਨ) ਵਿਆਪਤ ਹੋ ਜਾਏ। 36

ਤੁਹਾਡੇ ਅਤੇ ਮੇਰੇ ਸਰੀਰ ਵਿੱਚ ਭਾਵੇਂ ਕਿੰਨਾ ਹੀ ਅਧਿਕ ਕਾਮ ਕਿਉਂ ਨਾ ਬਿਆਪਤ ਹੋ ਜਾਏ, ਮੈਂ ਨਰਕ ਦੇ ਡਰ ਤੋਂ ਤੁਹਾਡੇ ਨਾਲ ਭੋਗ ਨਹੀਂ ਭੋਗਾਂਗਾ। 36

ਛੰਦ ॥

ਤਰੁਨ ਕਰਿਯੋ ਬਿਧਿ ਤੋਹਿ ਤਰੁਨਿ ਹੀ ਦੇਹ ਹਮਾਰੋ ॥ ਲਖੇ ਤੁਮੈ ਤਨ ਆਜੁ ਮਦਨ ਬਸਿ ਭਯੋ ਹਮਾਰੋ ॥

ਮਨ ਕੋ ਭਰਮ ਨਿਵਾਰਿ ਭੋਗ ਮੋਰੇ ਸੰਗਿ ਕਰਿਯੈ ॥ ਨਰਕ ਪਰਨ ਤੇ ਨੈਕ ਅਪਨ ਚਿਤ ਬੀਚ ਨ ਡਰਿਯੈ ॥੩੭॥

(ਇਸਤਰੀ ਨੇ ਕਿਹਾ) ਪਰਮਾਤਮਾ ਨੇ ਤੁਹਾਨੂੰ ਜਵਾਨ ਬਣਾਇਆ ਹੈ ਅਤੇ ਮੇਰੀ ਵੀ ਦੇਹ ਜਵਾਨ ਹੈ। ਤੁਹਾਡੇ ਸ਼ਰੀਰ ਨੂੰ ਵੇਖ ਕੇ ਅਜ ਮੇਰਾ (ਮਨ) ਕਾਮ ਦੇਵ ਦੇ ਵਸ ਵਿੱਚ ਹੋ ਗਿਆ ਹੈ। ਮਨ ਦਾ ਭਰਮ ਦੂਰ ਕਰ ਕੇ ਮੇਰੇ ਨਾਲ ਸੰਗ ਕਰੋ ਅਤੇ ਨਰਕ ਵਿੱਚ ਪੈਣ (ਦੀ ਗੱਲ) ਤੋਂ ਆਪਣੇ ਚਿਤ ਵਿੱਚ ਜ਼ਰਾ ਜਿੰਨਾ ਵੀ ਨ ਡਰੋ। 37

ਬਿਧਾਤਾ ਨੇ ਤੁਹਾਨੂੰ ਜੁਆਨ ਬਣਾਇਆ ਅਤੇ ਮੇਰਾ ਸਰੀਰ ਵੀ ਜੁਆਨ ਹੈ। ਤੁਹਾਨੂੰ ਵੇਖ ਕੇ ਮੇਰਾ ਮਨ ਕਾਮ-ਵੱਸ ਹੋ ਗਿਆ ਹੈ। ਮਨ ਦਾ ਭਰਮ ਦੂਰ ਕਰਕੇ ਮੇਰੇ ਨਾਲ ਭੋਗ ਕਰੋ ਅਤੇ ਨਰਕ ਪੈਣ ਦੇ ਡਰ ਤੋਂ ਮਨ ਵਿੱਚ ਬਿਲਕੁਲ ਨਾ ਡਰੋ। 37

ਦੋਹਰਾ ॥

ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨ ॥ ਤਵਨਿ ਤਰੁਨਿ ਗੁਰ ਤਵਨ ਕੀ ਲਾਗਤ ਸੁਤਾ ਸਮਾਨ ॥੩੮॥

(ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ (ਮੈਨੂੰ) ਪੂਜਣ ਯੋਗ ਜਾਣ ਕੇ ਮੇਰੇ ਵਲ ਆਉਂਦੀ ਹੈ, ਉਹ ਇਸਤਰੀ ਊਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ। 38

ਜਿਹੜੀ ਇਸਤ੍ਰੀ ਮੈਨੂੰ ਪੂਜਨੀਕ ਜਾਣਕੇ ਮੇਰੇ ਵੱਲ ਪੂਜਾ ਕਰਨ ਵਾਸਤੇ ਔਂਦੀ ਏ, ਉਹ ਇਸਤ੍ਰੀ ਮੇਰੇ ਗੁਰੂ ਦੀ ਧੀ ਬਰਾਬਰ ਲਗਦੀ ਹੈ। 38

ਛੰਦ ॥

ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ ॥ ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ ॥

ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ ॥ ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥

ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ ਉੜਕ ਤਕ ਨਹੀਂ ਨਿਭਾਉਂਦੀ। ਇੱਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, (ਉਹ ਉਸ ਅਗੇ) ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ। 39

ਇਸਤ੍ਰੀਆਂ ਨਾਲ ਪ੍ਰੇਮ ਦਾ ਕੀ ਕਹਿਣਾ, ਉਹ ਕਦੀ ਭੀ ਪ੍ਰੇਮ ਨਹੀਂ ਨਿਭਾਂਦੀਆਂ। ਇੱਕ ਪੁਰਸ਼ ਨੂੰ ਛੱਡ ਕੇ ਹੋਰ ਸੁੰਦਰ ਪੁਰਸ਼ਾਂ ਦੀ ਕਾਮਨਾ ਕਰਨ ਲਗਦੀਆਂ ਨੇ। ਜਿਸ ਭੀ ਜੁਆਨ ਆਦਮੀ ਨਾਲ ਇਸਤ੍ਰੀ ਜ਼ਿਆਦਾ ਪਿਆਰ ਵਿਖਾਂਦੀ ਏ, ਉਹਦੇ ਸਾਮ੍ਹਣੇ ਤੁਰੰਤ ਹੀ ਨਗਨ ਹੋ ਜਾਂਦੀ ਏ। ਉਸ ਇਸਤ੍ਰੀ ਨੂੰ ਜ਼ਰਾ ਵੀ ਸ਼ਰਮ ਨਹੀਂ ਹੁੰਦੀ। 39

(ਟਿੱਪਣੀ:- ਸਮੁੱਚੇ ਜਗਤ ਇਸਤ੍ਰੀ ਦੀ ਘੋਰ ਨਿੰਦਿਆ। ਕੀ ਕੋਈ ਦੁਨੀਆ ਤੇ ਐਸਾ ਪੁਰਸ਼ ਹੋਇਆ ਹੈ ਜਿਹੜਾ ਕਿ ਇਸਤ੍ਰੀ ਦੇ ਪੇਟੋਂ ਨਾ ਜੰਮਿਆ ਹੋਵੇ ਅਤੇ ਅਸਮਾਨ ਤੋਂ ਬਣਿਆ ਬਣਾਇਆ ਡਿੱਗਿਆ ਹੋਵੇ ਅਤੇ ਜਾਂ ਫਿਰ ਕਿਸੇ ਦਰਖ਼ਤ ਨੂੰ ਲੱਗਿਆ ਹੋਵੇ? ਕੀ ਗੁਰੂ ਜੀ ਅਜਿਹਾ ਗੰਦਾ ਸਾਹਿਤ ਲਿਖ ਸਕਦੇ ਸਨ? ਕੀ ਕੋਈ ਆਪਣੀ ਮਾਂ, ਭੈਣ ਜਾਂ ਧੀ ਪ੍ਰਤੀ ਅਜਿਹੀ ਸ਼ਬਦਾਵਲੀ ਵਰਤ ਸਕਦਾ ਹੈ? ਪਰ ਜਿਨ੍ਹਾਂ ਬੇਸ਼ਰਮਾਂ ਨੇ ਹੱਦ ਹੀ ਲਾਹੀ ਹੋਈ ਹੋਵੇ ਉਹਨਾ ਨੂੰ ਸਮਝਾਉਣਾ ਬਹੁਤ ਔਖਾ ਹੈ।)

ਦੋਹਰਾ ॥

ਕਹਾ ਕਰੌ ਕੈਸੇ ਬਚੌ ਹ੍ਰਿਦੈ ਨ ਉਪਜਤ ਸਾਤ ॥ ਤੋਹਿ ਮਾਰਿ ਕੈਸੇ ਜਿਯੋ ਬਚਨ ਨੇਹ ਕੇ ਨਾਤ ॥੪੦॥

ਕੀ ਕਰਾਂ, ਕਿਵੇਂ ਬਚਾਂ, ਮਨ ਵਿੱਚ ਸ਼ਾਂਤੀ ਪੈਦਾ ਨਹੀਂ ਹੁੰਦੀ। (ਮੈਂ) ਤੈਨੂੰ ਮਾਰ ਕੇ ਕਿਵੇਂ ਜੀਵਾਂ, (ਤੇਰੇ) ਬੋਲ ਪ੍ਰੇਮ ਨਾਲ ਭਿੰਨੇ ਹੋਏ ਹਨ। 40

ਕੀ ਕਰਾਂ? ਕਿਸ ਤਰ੍ਹਾਂ ਬਚਾਂ? ਮਨ ਅਸ਼ਾਤ ਹੋ ਗਿਆ ਹੈ, ਤੁਹਾਡੇ ਬਚਨ ਪ੍ਰੇਮ ਦੇ ਪ੍ਰਗਟ ਕਰਨ ਵਾਲੇ ਹਨ, ਤੁਹਾਨੂੰ ਮਾਰ ਕੇ ਮੈਂ ਕਿਸ ਤਰ੍ਹਾਂ ਜ਼ਿੰਦਾ ਰਵਾਂ? 40

ਚੌਪਈ ॥

ਰਾਇ ਚਿਤ ਇਹ ਭਾਤਿ ਬਿਚਾਰੋ ॥ ਇਹਾ ਸਿਖ ਕੋਊ ਨ ਹਮਾਰੋ ॥

ਯਾਹਿ ਭਜੇ ਮੇਰੋ ਧ੍ਰਮ ਜਾਈ ॥ ਭਾਜਿ ਚਲੌ ਤ੍ਰਿਯ ਦੇਤ ਗਹਾਈ ॥੪੧॥

ਰਾਜੇ ਨੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤਾ, ਇਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ। ਇਸ ਨਾਲ ਰਮਣ ਕਰਨ ਤੇ ਮੇਰਾ ਧਰਮ ਜਾਂਦਾ ਹੈ ਅਤੇ ਜੇ ਭਜਦਾ ਹਾਂ (ਤਾਂ ਇਹ) ਇਸਤਰੀ (ਮੈਨੂੰ) ਪਕੜਾ ਦੇਵੇਗੀ। 41

ਰਾਜੇ ਨੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਏਥੇ ਸਾਡਾ ਸੇਵਕ ਭੀ ਕੋਈ ਨਹੀਂ ਹੈ। ਜੇ ਮੈਂ ਇਹਦੇ ਨਾਲ ਭੋਗ ਕਰਦਾ ਹਾਂ ਤਾਂ ਮੇਰਾ ਧਰਮ ਜਾਂਦਾ ਹੈ ਅਤੇ ਜੇ ਮੈਂ ਭਜਦਾ ਹਾਂ ਤਾਂ ਇਹ ਇਸਤ੍ਰੀ ਮੈਨੂੰ ਫੜਾ ਦੇਵੇਗੀ। 41

ਤਾ ਤੇ ਯਾਕੀ ਉਸਤਤਿ ਕਰੋ ॥ ਚਰਿਤ ਖੇਲਿ ਯਾ ਕੋ ਪਰਹਰੋ ॥

ਬਿਨੁ ਰਤਿ ਕਰੈ ਤਰਨਿ ਜਿਯ ਮਾਰੈ ॥ ਕਵਨ ਸਿਖ੍ਯ ਮੁਹਿ ਆਨਿ ਉਬਾਰੈ ॥੪੨॥

ਇਸ ਲਈ ਇਸ ਦੀ ਉਸਤਤ ਕਰਾਂ ਅਤੇ ਇਸ ਨਾਲ ਚਰਿਤ੍ਰ ਖੇਡ ਕੇ (ਇਸ ਤੋਂ) ਪਿਛਾ ਛੁਡਾਵਾਂ। ਰਤੀ-ਕ੍ਰੀੜਾ ਕੀਤੇ ਬਿਨਾ (ਇਹ) ਇਸਤਰੀ ਜੀਉਂਦੇ ਮਾਰ ਦੇਵੇਗੀ। ਕੌਣ (ਅਜਿਹਾ) ਸਿੱਖ ਹੋਵੇ (ਜੋ) ਮੈਨੂੰ ਆ ਕੇ ਬਚਾ ਲਏ? 42

ਇਸ ਲਈ ਇਹਦੀ ਉਸਤਤ ਕਰੋ ਅਤੇ ਨਾਟਕ ਕਰਕੇ ਇਹਦਾ ਤਿਆਗ ਕਰੋ। ਬਿਨਾ ਭੋਗ ਕੀਤੇ ਇਹ ਇਸਤ੍ਰੀ ਮਾਰ ਦੇਵੇਗੀ, ਕਿੰਨਾ ਚੰਗਾ ਹੋਵੇ ਜੇ ਕੋਈ ਮੇਰਾ ਸਿੱਖ-ਸੇਵਕ ਆ ਕੇ ਮੈਨੂੰ ਬਚਾ ਲਵੇ। 42

ਅੜਿਲ ॥

ਧੰਨ੍ਯ ਤਰੁਨਿ ਤਵ ਰੂਪ ਧੰਨ੍ਯ ਪਿਤੁ ਮਾਤ ਤਿਹਾਰੋ ॥ ਧੰਨ੍ਯ ਤਿਹਾਰੇ ਦੇਸ ਧੰਨ੍ਯ ਪ੍ਰਤਿਪਾਲਨ ਹਾਰੋ ॥

ਧੰਨ੍ਯ ਕੁਅਰਿ ਤਵ ਬਕ੍ਰਤ ਅਧਿਕ ਜਾ ਮੈ ਛਬਿ ਛਾਜੈ ॥ ਹੋ ਜਲਜ ਸੂਰ ਅਰੁ ਚੰਦ੍ਰ ਦ੍ਰਪ ਕੰਦ੍ਰਪ ਲਖਿ ਭਾਜੈ ॥੪੩॥

ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ ਹਨ। ਤੇਰਾ ਦੇਸ ਧੰਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧੰਨ ਹੈ। ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ, (ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ ਹੈ। 43

ਹੇ ਇਸਤ੍ਰੀ! ਤੇਰਾ ਰੂਪ ਧੰਨ ਹੈ, ਤੇਰਾ ਮਾਤਾ ਪਿਤਾ ਵੀ ਧੰਨ ਹੈ, ਧੰਨ ਤੇਰਾ ਦੇਸ਼ ਹੈ, ਧੰਨ ਤੇਰਾ ਪਾਲਣਹਾਰ ਹੈ। ਹੇ ਸੁੰਦਰ ਇਸਤ੍ਰੀ! ਧੰਨ ਤੇਰਾ ਮੂੰਹ ਹੈ, ਜਿਸਦੇ ਉਤੇ ਬਹੁਤ ਸਾਰੀ ਉਪਮਾ ਬਿਰਾਜਦੀ ਹੈ ਭਾਵ ਮੂੰਹ ਬਹੁਤ ਸੁੰਦਰ ਹੈ। ਕੌਲ ਫੁਲ, ਸੂਰਜ, ਚੰਦ੍ਰਮਾ ਅਤੇ ਕਾਮ ਵਰਗਿਆਂ ਦਾ ਤੇਰੇ ਮੂੰਹ ਨੂੰ ਵੇਖ ਕੇ ਹੰਕਾਰ ਦੂਰ ਹੋ ਜਾਂਦਾ ਹੈ ਭਾਵ ਇਹ ਕਿ ਸਾਰੇ ਆਖਦੇ ਹਨ ਕਿ ਅਸੀਂ ਕੀ ਸੁੰਦਰ ਹਾਂ, ਇਸ ਇਸਤ੍ਰੀ ਦਾ ਮੂੰਹ ਤਾਂ ਸਾਡੇ ਨਾਲੋਂ ਵੀ ਸੋਹਣਾ ਹੈ। 43

ਸੁਭ ਸੁਹਾਗ ਤਨ ਭਰੇ ਚਾਰੁ ਚੰਚਲ ਚਖੁ ਸੋਹਹਿ ॥ ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹਹਿ ॥

ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੍ਰ ਤਿਹਾਰੇ ॥ ਹੋ ਅਤਿ ਅਸਚਰਜ ਕੀ ਬਾਤ ਚੁਭਤ ਨਹਿ ਹ੍ਰਿਦੈ ਹਮਾਰੇ ॥੪੪॥

(ਤੇਰਾ) ਸ਼ੁਭ ਸ਼ਰੀਰ ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ ਹਨ। ਪੰਛੀਆਂ, ਹਿਰਨਾਂ, ਯਕਸ਼ਾਂ, ਸੱਪਾਂ, ਦੈਂਤਾਂ, ਦੇਵਤਿਆਂ ਮੁਨੀਆਂ ਅਤੇ ਪੁਰਸ਼ਾਂ ਦਾ ਮਨ ਮੋਹ ਰਹੀ ਹੈਂ। ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ ਹਨ। ਪਰ ਬੜੇ ਅਸਚਰਜ ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿੱਚ ਨਹੀਂ ਚੁਭਦੇ। 44

ਤੇਰਾ ਸਰੀਰ ਅਤੇ ਚੰਚਲ ਨੈਣ ਸੋਹਣੇ ਹਨ। ਜਾਨਵਰ, ਹਿਰਨ, ਦੇਵਤਿਆਂ ਦੇ ਰਾਗੀ, ਸੱਪ, ਦੈਂਤ, ਦੇਵਤੇ ਤੇ ਆਦਮੀ ਤੂੰ ਇਹਨਾਂ ਸਾਰਿਆਂ ਦਾ ਮਨ ਮੋਹ ਲੈਣ ਵਾਲੀ ਹੈਂ। ਸ਼ਿਵਜੀ ਤੇ ਬ੍ਰਹਮਾ ਦੇ ਚਾਰੇ ਪੁੱਤਰ ਤੇਰੇ ਨੇਤਰਾਂ ਨੂੰ ਵੇਖ ਵੇਖ ਕੇ ਥੱਕ ਗਏ ਹਨ। ਬੜੇ ਹੀ ਅਸਚਰਜ ਦੀ ਗੱਲ ਏ ਕਿ ਜੇਹੜੇ ਤੇਰੇ ਇਸ ਤਰ੍ਹਾਂ ਦੇ ਨੇਤਰ ਹਨ, ਜਿਨ੍ਹਾਂ ਨੇ ਸਾਰੇ ਦੇਵਤਿਆਂ ਨੂੰ ਮੋਹ ਲਿਆ ਹੈ, ਪਰ ਇਹ ਨੇਤਰ ਮੇਰੇ ਮਨ ਵਿੱਚ ਨਹੀਂ ਚੁਭਦੇ। 44

ਸਵੈਯਾ ॥

ਪੌਢਤੀ ਅੰਕ ਪ੍ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨ ਭਾਖਤ ਜੀ ਕੋ ॥ ਕੇਲ ਕਮਾਤ ਬਹਾਤ ਸਦਾ ਨਿਸਿ ਮੈਨ ਕਲੋਲ ਨ ਲਾਗਤ ਫੀਕੋ ॥

ਜਾਗਤ ਲਾਜ ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ ॥ ਤਾ ਤੇ ਬਿਚਾਰਤ ਹੌ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ ॥੪੫॥

(ਇਸਤਰੀ ਕਹਿੰਦੀ ਹੈ) ਪ੍ਰੀਤਮ ਨੂੰ ਗਲਵਕੜੀ ਵਿੱਚ ਲੈ ਕੇ (ਮੈਂ) ਪਲੰਘ ਉਤੇ ਲੇਟ ਜਾਵਾਂਗੀ ਅਤੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਾਂਗੀ। ਕਾਮ-ਕ੍ਰੀੜਾ ਕਰਦਿਆਂ ਸਦਾ ਰਾਤ ਬੀਤ ਜਾਂਦੀ ਹੈ ਅਤੇ ਕਾਮ-ਕਲੋਲ ਫਿਕੇ ਨਹੀਂ ਲਗਦੇ। ਹੇ ਸਜਨੀ! ਜਾਗਣ ਤੇ (ਸਾਰੀਆਂ ਇਸਤਰੀਆਂ ਨੂੰ) ਬਹੁਤ ਲਾਜ ਲਗਦੀ ਹੈ। ਇਸ ਲਈ ਚਿਤ ਵਿੱਚ ਵਿਚਾਰ ਕਰਦੀ ਹਾਂ ਕਿ ਹੇ ਸਖੀ! ਇਸ ਜਾਗਣ ਨਾਲੋਂ ਤਾਂ ਸੌਣਾ ਚੰਗਾ ਹੈ। 45

ਹੇ ਪਿਆਰੇ! ਮੈਂ ਤੇਰੇ ਨਾਲ ਜੱਫੀ ਪਾ ਕੇ ਮੰਜੇ ਉਤੇ ਲੰਮੀ ਪੈ ਜਾਂਦੀ ਹਾਂ ਅਤੇ ਕਿਸੇ ਨੂੰ ਭੀ ਇਹ ਭੇਦ ਨਹੀਂ ਦੱਸਾਂਗੀ। ਇਸ ਤਰ੍ਹਾਂ ਕਰਦਿਆਂ ਹੀ ਸਾਰੀ ਰਾਤ ਬੀਤ ਜਾਂਦੀ ਹੈ, ਇਸ ਕਲੋਲ ਦੇ ਸਾਮ੍ਹਣੇ ਕਾਮਦੇਵ ਦੇ ਕਲੋਲ ਭੀ ਫਿਕੇ ਲਗਦੇ ਨੇ। ਸੁਪਨੇ ਤੋਂ ਜਾਗ ਕੇ ਸ਼ਰਮਿੰਦੀ ਹੁੰਦੀ ਹਾਂ ਅਤੇ ਡਰ ਵੀ ਲਗਦਾ ਏ। ਇਸ ਲਈ ਮਨ ਵਿੱਚ ਸੋਚਦੀ ਹਾਂ ਕਿ ਇਸ ਜਾਗਨ ਨਾਲੋਂ ਤਾਂ ਮੁੜ ਸੌਣਾ ਹੀ ਚੰਗਾ ਹੈ। 45

ਦੋਹਰਾ ॥ ਬਹੁਰ ਤ੍ਰਿਯਾ ਤਿਹ ਰਾਇ ਸੇ ਯੌ ਬਚ ਕਹਿਯੋ ਸੁਨਾਇ ॥ ਆਜ ਭੋਗ ਤੋ ਸੋ ਕਰੌ ਕੈ ਮਰਿਹੌ ਬਿਖੁ ਖਾਇ ॥੪੬॥

ਫਿਰ (ਉਸ) ਇਸਤਰੀ ਨੇ ਰਾਜੇ ਨੂੰ ਇਹ ਬੋਲ ਕਹਿ ਕੇ ਸੁਣਾਏ, ਮੈਂ ਅਜ ਤੇਰੇ ਨਾਲ ਭੋਗ ਕਰਾਂਗੀ, ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ। 46

ਫਿਰ ਉਸ ਇਸਤ੍ਰੀ ਨੇ ਰਾਜੇ ਨੂੰ ਸੁਣਾ ਕੇ ਆਖਿਆ ਕਿ ਜਾਂ ਤਾਂ ਮੈਂ ਅਜ ਤੇਰੇ ਨਾਲ ਭੋਗ ਕਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ। 46

ਬਿਸਿਖੀ ਬਰਾਬਰਿ ਨੈਨ ਤਵ ਬਿਧਨਾ ਧਰੇ ਬਨਾਇ ॥ ਲਾਜ ਕੌਚ ਮੋ ਕੌ ਦਯੋ ਚੁਭਤ ਨ ਤਾ ਤੇ ਆਇ ॥੪੭॥

ਵਿਧਾਤਾ ਨੇ ਤੇਰੇ ਨੈਣ ਤੀਰਾਂ ਵਰਗੇ ਬਣਾਏ ਹਨ, (ਪਰ) ਮੈਨੂੰ ਲਾਜ ਦਾ ਕਵਚ ਦਿੱਤਾ ਹੈ, ਇਸ ਲਈ ਮੈਨੂੰ ਆ ਕੇ ਚੁਭਦੇ ਨਹੀਂ ਹਨ। 47

ਤੁਹਾਡੇ ਨੈਣ ਵਿਧਾਤਾ ਨੇ ਤੀਰਾਂ ਦੀ ਤਰ੍ਹਾਂ ਬਣਾਏ ਨੇ, ਪਰੰਤੂ, (ਹੇ ਸੁੰਦਰੀ!) ਮੈਨੂੰ ਬਿਧਾਤਾ ਨੇ ਸ਼ਰਮ ਰੂਪੀ ਸੰਜੋਅ ਦਿੱਤੀ ਏ, ਇਸ ਲਈ ਮੈਨੂੰ ਇਹ ਨਹੀਂ ਚੁਭਦੇ। 47

ਬਨੇ ਠਨੇ ਆਵਤ ਘਨੇ ਹੇਰਤ ਹਰਤ ਗ੍ਯਾਨ ॥ ਭੋਗ ਕਰਨ ਕੌ ਕਛੁ ਨਹੀ ਡਹਕੂ ਬੇਰ ਸਮਾਨ ॥੪੮॥

ਤੇਰੇ ਨੈਣ ਬਹੁਤ ਹੀ ਸਜੇ ਸੰਵਰੇ ਹਨ ਅਤੇ ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ। (ਪਰ) ਗਲਘੋਟੂ ਬੇਰਾਂ ਵਾਂਗ (ਇਨ੍ਹਾਂ ਵਿਚ) ਸੰਯੋਗ ਕਰਨ ਲਈ ਕੋਈ (ਖਿਚ) ਨਹੀਂ ਹੈ। 48

ਤੁਹਾਡੇ ਨੇਤਰ ਸੁੰਦਰ ਹਨ ਅਤੇ ਵੇਖਦਿਆਂ ਹੀ ਗਿਆਨ ਨੂੰ ਨਾਸ ਕਰ ਦਿੰਦੇ ਹਨ, ਪਰ ਮੇਰੇ ਲਈ ਇਹ ਭੋਗ ਦੀ ਖਿੱਚ ਨਾ ਪਾਕੇ ਇੱਕ ਮਾਮੂਲੀ ਬੇਰ ਦੀ ਤਰ੍ਹਾਂ ਹਨ। 48

ਧੰਨ੍ਯ ਬੇਰ ਹਮ ਤੇ ਜਗਤ ਨਿਰਖਿ ਪਥਿਕ ਕੌ ਲੇਤ ॥ ਬਰਬਸ ਖੁਆਵਤ ਫਲ ਪਕਰਿ ਜਾਨ ਬਹੁਰਿ ਘਰ ਦੇਤ ॥੪੯॥

ਸਾਡੇ ਤੋਂ ਉਹ ਬੇਰ (ਬ੍ਰਿਛ) ਧੰਨ ਹੈ ਜੋ ਰਾਹੀਆਂ ਨੂੰ ਜਦੋਂ ਵੇਖ ਲੈਂਦਾ ਹੈ। (ਬੇਰ ਬ੍ਰਿਛ) ਮਲੋ ਜ਼ੋਰੀ ਪਕੜ ਕੇ ਫਲ ਖੁਆਉਂਦਾ ਹੈ ਅਤੇ ਫਿਰ ਘਰ ਜਾਣ ਦਿੰਦਾ ਹੈ। 49

ਸਾਡੇ ਨਾਲੋਂ ਉਹ ਬੇਰ ਧੰਨ ਹਨ, ਜਿਨ੍ਹਾਂ ਨੂੰ ਸਾਰਾ ਰਾਹੀ ਜਗਤ ਵੇਖਕੇ ਲੈਂਦਾ ਹੈ। ਬੇਰੀ ਦਾ ਦਰਖ਼ਤ ਬਦੋਬਦੀ ਫਲ ਫੜਕੇ ਰਾਹੀਆਂ ਨੂੰ ਖੁਆਉਂਦਾ ਹੈ ਤੇ ਫਿਰ ਘਰ ਜਾਣ ਦਿੰਦਾ ਹੈ। 49

ਅਟਪਟਾਇ ਬਾਤੇ ਕਰੈ ਮਿਲ੍ਯੋ ਚਹਤ ਪਿਯ ਸੰਗ ॥ ਮੈਨ ਬਾਨ ਬਾਲਾ ਬਿਧੀ ਬਿਰਹ ਬਿਕਲ ਭਯੋ ਅੰਗ ॥੫੦॥

(ਇਸ ਤਰ੍ਹਾਂ ਦੀਆਂ) ਅਟਪਟੀਆਂ ਗੱਲਾਂ ਕਰਦੀ ਹੋਈ (ਉਹ) ਪ੍ਰੀਤਮ ਦਾ ਸੰਯੋਗ ਚਾਹੁੰਦੀ ਹੈ। (ਉਹ) ਇਸਤਰੀ ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਗਈ ਹੈ ਅਤੇ ਵਿਯੋਗ ਕਰਕੇ (ਉਸ ਦੇ) ਅੰਗ ਵਿਆਕੁਲ ਹੋ ਗਏ ਹਨ। 50

ਇਸ ਤਰ੍ਹਾਂ ਊਟ-ਪਟਾਂਗ ਗੱਲਾਂ ਕਰਦੀ ਹੋਈ ਉਹ ਪਿਆਰੇ ਨੂੰ ਮਿਲਣ ਲਈ ਕਾਹਲੀ ਸੀ। ਉਸ ਇਸਤ੍ਰੀ ਦਾ ਅੰਗ ਅੰਗ ਵਿਆਕੁਲ ਸੀ, ਕਿਉਂਕਿ ਉਹ ਕਾਮ ਦੇ ਕਾਰਨ ਵਿਛੋੜੇ ਦੇ ਤੀਰਾਂ ਨਾਲ ਵਿੰਨ੍ਹੀ ਗਈ ਸੀ। 50

ਛੰਦ ॥

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥

(ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ, ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿੱਚ ਪ੍ਰਾਣ ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨ ਜਾਈਂ। 51

ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਤਦੋਂ ਤੋਂ ਹੀ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਕਿ ਹੇ ਪੁੱਤਰ! ਜਿੰਨਾ ਚਿਰ ਤੇਰੇ ਰਿਦੇ ਅੰਦਰ ਪ੍ਰਾਣ ਹਨ, ਉਤਨਾ ਚਿਰ ਤੂੰ ਇਹ ਧਾਰੀ ਰੱਖਣਾ ਹੈ ਕਿ ਆਪਣੀ ਇਸਤ੍ਰੀ ਦੇ ਨਾਲ ਤੂਂ ਰੋਜ਼ ਰੋਜ਼ ਪ੍ਰੇਮ ਵਧਾ, ਪਰ ਪਰਾਈ ਇਸਤ੍ਰੀ ਦੀ ਸੇਜਾ ਉਤੇ ਭੁੱਲਕੇ ਸੁਪਨੇ ਵਿੱਚ ਭੀ ਨਹੀਂ ਜਾਣਾ ਹੈ। 51

(ਟਿੱਪਣੀ:- ਜੇ ਕਰ ਪਰਾਈ ਇਸਤ੍ਰੀ ਦੀ ਸੇਜਾ ਉਤੇ ਭੁੱਲ ਕੇ ਵੀ ਸੁਪਨੇ ਵਿੱਚ ਨਹੀਂ ਜਾਣਾ ਸੀ ਤਾਂ ਫਿਰ ਇਹ ਯਾਦ ਕਿਉਂ ਨਹੀਂ ਰੱਖਿਆ? ਫਿਰ ਕਿਉਂ ਇਹ ਪਾਤਰ (ਕਥਿਤ ਰਾਜਾ ਜਾਂ ਕਈ ਭੇਖਧਾਰੀਆਂ ਅਨੁਸਾਰ ਦਸਵਾਂ ਗੁਰੂ) ਮੰਤ੍ਰ ਲੈਣ ਦੇ ਬਹਾਨੇ ਭੇਸ ਬਦਲ ਕੇ ਪਰਾਈ ਇਸਤ੍ਰੀ ਦੀ ਸੇਜ ਤੇ ਜਾ ਬੈਠਾ ਸੀ?

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ॥ ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ॥

ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥ ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥

(ਕਿਉਂਕਿ) ਪਰ ਨਾਰੀ ਦੇ ਸੰਯੋਗ ਕਾਰਨ ਇੰਦਰ ਨੇ ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ ਸਨ। ਪਰਾਈ ਨਾਰੀ ਦੇ ਸੰਯੋਗ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ। ਪਰ ਨਾਰੀ ਕਾਰਨ ਰਾਵਣ ਨੂੰ ਆਪਣੇ ਸਿਰ ਗਵਾਉਣੇ ਪਏ। (ਇਸੇ ਤਰ੍ਹਾਂ) ਪਰ ਨਾਰੀ ਲਈ ਕੌਰਵਾਂ ਦੀ ਸੈਨਾ ਮਾਰੀ ਗਈ ਸੀ। 52

ਪਰਾਈ ਇਸਤ੍ਰੀ ਨੂੰ ਭੋਗਿਆਂ ਇੰਦ੍ਰ ਨੇ ਹਜ਼ਾਰ ਭਗ ਪਾਏ ਸੀ। ਪਰਾਈ ਇਸਤ੍ਰੀ ਦੇ ਭੋਗਿਆਂ ਚੰਦ੍ਰਮਾ ਨੇ ਆਪਣੇ ਆਪ ਨੂੰ ਕਲੰਕ ਲਗਾ ਲਏ ਸੀ। ਪਰਾਈ ਇਸਤ੍ਰੀ ਦੇ ਵਾਸਤੇ ਦਸਾਂ ਸਿਰਾਂ ਵਾਲੇ ਰਾਵਣ ਨੇ ਆਪਣੇ ਸਿਰ ਗਵਾ ਲਏ ਸੀ। ਪਰਾਈ ਇਸਤ੍ਰੀ ਦੇ ਵਾਸਤੇ ਕੌਰਵਾਂ ਦਾ ਦਲ ਮਾਰਿਆ ਗਿਆ ਸੀ। 52

ਪਰ ਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ ॥ ਪਰ ਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ ॥

ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ ॥ ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ॥੫੩॥

ਪਰ ਨਾਰੀ ਨਾਲ ਕੀਤਾ ਪ੍ਰੇਮ ਤਿਖੀ ਛੁਰੀ ਦੇ ਸਮਾਨ ਸਮਝੋ। ਪਰ ਨਾਰੀ ਨਾਲ ਕੀਤੇ ਸੰਯੋਗ ਨੂੰ ਸ਼ਰੀਰ ਵਿੱਚ ਵਿਆਪੀ ਮੌਤ ਸਮਝੋ। ਜੋ ਪਰ ਨਾਰੀ ਨਾਲ ਸੰਯੋਗ ਕਰਦਾ ਹੈ, (ਉਸ ਨੂੰ) ਬਹੁਤ ਵੱਡਾ ਮੱਕਾਰ ( ‘ਹਰੀਫੀ’ ) ਸਮਝਣਾ ਚਾਹੀਦਾ ਹੈ। (ਉਹ ਵਿਆਕਤੀ) ਅੰਤ ਵਿੱਚ ਚੰਡਾਲ ( ‘ਲੇਂਡੀਂ) ਦੇ ਹੱਥੋਂ ਕੁੱਤੇ ਦੀ ਮੌਤ ਮਰਦਾ ਹੈ। 53

ਪਰਾਈ ਇਸਤ੍ਰੀ ਨਾਲ ਪ੍ਰੇਮ ਤਿੱਖੀ ਛੁਰੀ ਕਰਕੇ ਜਾਨੋ। ਪਰਾਈ ਇਸਤ੍ਰੀ ਨਾਲ ਪ੍ਰੇਮ ਦਾ ਅਰਥ ਮੌਤ ਦਾ ਆਉਣਾ ਸਮਝੋ। ਆਪਣੇ ਆਪ ਨੂੰ ਬਹੁਤ ਬਲ ਵਾਲੇ ਸਮਝਕੇ ਜੋ ਪਰਾਈ ਇਸਤ੍ਰੀ ਨਾਲ ਭੋਗ ਕਰਦੇ ਨੇ ਉਹ ਅੰਤ ਨੂੰ ਡਰਪੋਕ ਆਦਮੀ ਹੱਥੋਂ ਕੁਤੇ ਦੀ ਮੌਤ ਮਰਦੇ ਨੇ। 53

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ ॥ ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ ॥

ਸਿਖ੍ਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ ॥ ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥

ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। (ਮੈਂ) ਆਪਣੇ ਚਿਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ? 45

ਹੇ ਇਸਤ੍ਰੀ! ਸਾਡੇ ਪਾਸ ਦੇਸ਼-ਦੇਸ਼ਾਂਤਰਾਂ ਤੋਂ ਇਸਤ੍ਰੀਆਂ ਆਉਂਦੀਆਂ ਨੇ ਅਤੇ ਮਨ-ਭਾਉਂਦੇ ਵਰ ਮੰਗ ਕੇ ਸਾਨੂੰ ਗੁਰੂ ਜਾਣ ਕੇ ਸਿਰ ਝੁਕਾਂਉਂਦੀਆਂ ਨੇ। ਉਹ ਸਿੱਖ ਮੇਰੇ ਪੁੱਤਰ ਹਨ, ਸਿੱਖਾਂ ਦੀਆਂ ਇਸਤ੍ਰੀਆਂ ਮੇਰੀਆਂ ਧੀਆਂ ਹਨ। ਹੇ ਸੁੰਦਰੀ! ਤੂੰ ਹੀ ਦੱਸ, ਇਹਨਾ ਨਾਲ ਭੋਗ ਕਿਕੁਰ ਕੀਤਾ ਜਾਏ। 45

(ਟੱਪਣੀ:- ਸ: ਕਪੂਰ ਸਿੰਘ ਜੀ ਦੀ ਇਸ ਲਿਖਤ ਨੂੰ ਸਵੈ ਕ੍ਰਿਤ ਮੰਨਣ ਅਤੇ ਸਵੈ ਬੀਤੀ ਨਹੀਂ ਵਾਲੀ ਗੱਲ ਬਹੁਤੀ ਢੁਕਦੀ ਨਹੀਂ ਲਗਦੀ। ਸ਼ਬਦ ਜਾਲ ਤਾਂ ਉਸ ਨੇ ਬਹੁਤ ਬੁਣਿਆ ਹੈ ਪਰ ਸੱਚ ਤੇ ਉਹ ਪੂਰਾ ਉਤਰਦਾ ਨਹੀਂ ਲਗਦਾ। ਉਹਨਾਂ ਦੇ ਕਹਿਣ ਮੁਤਾਬਕ ਜੇ ਇਸ ਲਿਖਤ ਵਿੱਚ ਸਿੱਖ ਸ਼ਬਦ ਨੌਕਰਾਂ ਵਾਸਤੇ ਆਇਆ ਹੈ ਤਾਂ ਫਿਰ ਇੱਥੇ ਤਾਂ ਉਹ ਪੂਰਾ ਢੁਕਦਾ ਨਹੀਂ ਲਗਦਾ। ਜੇ ਸਿੱਖ ਦਾ ਮਤਲਬ ਨੌਕਰ ਮੰਨ ਲਈਏ ਤਾਂ ਫਿਰ ਉਹਨਾਂ ਦੇ ਘਰ ਵਾਲੀਆਂ ਤਾਂ ਨੌਕਰਾਣੀਆਂ ਬਣੀਆਂ। ਪਰ ਇੱਥੇ ਤਾਂ ਧੀਆਂ ਲਿਖਿਆ ਹੋਇਆ ਹੈ। ਦੋਹਾਂ ਨੇ ਅਰਥ ਧੀਆਂ ਹੀ ਕੀਤੇ ਹਨ। ਕੋਈ ਰਾਜਾ ਤਾਂ ਧੰਨ ਦੌਲਤ ਹੀ ਦੇ ਸਕਦਾ ਹੈ ਮਨ ਭਾਉਂਦੇ ਵਰ ਨਹੀਂ। ਉਂਜ ਸ਼ਾਇਦ ਹੀ ਦੁਨੀਆ ਤੇ ਕੋਈ ਰਾਜਾ ਹੋਇਆ ਹੋਵੇ ਜਿਹੜਾ ਕਿ ਸਾਰੀਆਂ ਇਸਤ੍ਰੀਆਂ ਨੂੰ ਆਪਣੀਆਂ ਧੀਆਂ ਸਮਾਨ ਸਮਝਦਾ ਹੋਵੇ)

ਚੌਪਈ ॥

ਬਚਨ ਸੁਨਤ ਕ੍ਰੁਧਿਤ ਤ੍ਰਿਯ ਭਈ ॥ ਜਰਿ ਬਰਿ ਆਠ ਟੂਕ ਹ੍ਵੈ ਗਈ ॥

ਅਬ ਹੀ ਚੋਰਿ ਚੋਰਿ ਕਹਿ ਉਠਿਹੌ ॥ ਤੁਹਿ ਕੋਪ ਕਰਿ ਮਾਰਿ ਹੀ ਸੁਟਿਹੌ ॥੫੫॥

(ਇਹ) ਬੋਲ ਸੁਣ ਕੇ (ਉਹ) ਇਸਤਰੀ ਕ੍ਰੋਧਿਤ ਹੋ ਗਈ। ਸੜ ਬਲ ਕੇ ਅੱਠ ਟੁਕੜੇ ਹੋ ਗਈ। (ਕਹਿਣ ਲੱਗੀ ਮੈਂ) ਹੁਣੇ ਚੋਰ ਚੋਰ ਕਹਿ ਕੇ ਰੌਲਾ ਪਾਂਦੀ ਹਾਂ ਅਤੇ (ਲੋਕੀਂ) ਕ੍ਰੋਧ ਕਰ ਕੇ ਤੈਨੂੰ ਮਾਰ ਹੀ ਸੁਟਣਗੇ। 55

ਇਸ ਬਚਨ ਸੁਣਕੇ ਇਸਤ੍ਰੀ ਗੁੱਸੇ ਹੋ ਉਠੀ ਅਤੇ ਸੜ ਬਲ ਕੇ ਅੱਠ ਟੋਟੇ ਹੋ ਗਈ। ਉਹ ਆਖਣ ਲੱਗੀ ਕਿ ਹੁਣੇ ਚੋਰ ਚੋਰ ਕਹਿਕੇ ਪੁਕਾਰਦੀ ਹਾਂ ਅਤੇ ਲੋਕ ਗੁੱਸੇ ਨਾਲ (ਤੈਨੂੰ) ਮਾਰ ਸੁੱਟਣਗੇ। 55

ਦੋਹਰਾ ॥

ਹਸਿ ਖੇਲੋ ਸੁਖ ਸੋ ਰਮੋ ਕਹਾ ਕਰਤ ਹੋ ਰੋਖ ॥ ਨੈਨ ਰਹੇ ਨਿਹੁਰਾਇ ਕ੍ਯੋ ਹੇਰਤ ਲਗਤ ਨ ਦੋਖ ॥੫੬॥

(ਤੁਸੀਂ) ਹਸਦੇ ਖੇਡਦੇ ਸੁਖ ਪੂਰਬਕ (ਮੇਰੇ ਨਾਲ) ਰਮਣ ਕਰੋ, ਕਿਉਂ (ਵਿਅਰਥ ਦਾ) ਰੋਸ ਕਰਦੇ ਹੋ। ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਹਨ। ਕੀ ਇਨ੍ਹਾਂ ਨੂੰ ਵੇਖ ਕੇ (ਤੁਹਾਨੂੰ) ਦੋਸ਼ ਨਹੀਂ ਲਗਦਾ। 56

ਤੁਸੀਂ ਹੱਸ ਖੇਡਕੇ ਅਨੰਦ-ਪੂਰਵਕ ਭੋਗ ਕਰੋ, ਕਿਉਂ ਗੁਸੇ ਹੁੰਦੇ ਓ? ਮੇਰੇ ਨੈਣ ਤੁਹਾਨੂੰ ਬੁਲਾ ਰਹੇ ਹਨ, ਕੀ ਇਹਨਾ ਨੂੰ ਵੇਖ ਕੇ ਤੁਹਾਨੂੰ ਦੁਖ ਨਹੀਂ ਹੁੰਦਾ। 56

ਯਾ ਤੇ ਹਮ ਹੇਰਤ ਨਹੀ ਸੁਨਿ ਸਿਖ ਹਮਾਰੇ ਬੈਨ ॥ ਲਖੇ ਲਗਨ ਲਗਿ ਜਾਇ ਜਿਨ ਬਡੇ ਬਿਰਹਿਯਾ ਨੈਨ ॥੫੭॥

(ਰਾਜੇ ਨੇ ਉੱਤਰ ਦਿੱਤਾ) ਇਸੇ ਲਈ ਤਾਂ ਮੈਂ ਵੇਖਦਾ ਨਹੀਂ। (ਤੂੰ) ਸਿੱਖਿਆ ਭਰੇ (ਮੇਰੇ) ਬਚਨ ਸੁਣ। ਕਿਤੇ ਵਿਯੋਗੇ ਹੋਏ ਇਨ੍ਹਾਂ ਨੈਣਾਂ ਨੂੰ ਵੇਖਣ ਨਾਲ ਹੀ ਲਗਨ ਨ ਲਗ ਜਾਏ। 57

ਇਸ ਲਈ ਹੇ ਸੁੰਦਰੀ! ਸਾਡੇ ਬਚਨ ਸੁਣ, ਮੈਂ ਤੇਰੇ ਵਲ ਨਹੀਂ ਵੇਖ ਰਿਹਾ, ਕਿਉਂਕਿ ਇਹ ਨੈਣ ਬੜੇ ਵਿਛੋੜੇ ਵਾਲੇ ਹੁੰਦੇ ਨੇ, ਕਿਤੇ ਵੇਖਦਿਆਂ ਵੇਖਦਿਆਂ ਲੱਗ ਹੀ ਨਾ ਜਾਣ। 57

ਛਪੈ ਛੰਦ ॥

ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ ॥ ਸੁਖੀ ਰਾਖਿਯਹੁ ਸਾਥ ਸਤ੍ਰੁ ਸਿਰ ਖੜਗ ਬਜੈਯਹੁ ॥

ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ ॥ ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਨ ਧਰਿਯਹੁ ॥

ਗੁਰ ਜਬ ਤੇ ਮੁਹਿ ਕਹਿਯੋ ਇਹੈ ਪ੍ਰਨ ਲਯੋ ਸੁ ਧਾਰੈ ॥ ਹੋ ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ ॥੫੮॥

ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰੱਖੋ। ਸਾਥੀਆਂ ਨੂੰ ਸੁਖੀ ਰੱਖੋ ਅਤੇ ਵੈਰੀਆਂ ਦੇ ਸਿਰ ਉਤੇ (ਸਦਾ) ਤਲਵਾਰ ਵਜਾਉਂਦੇ ਰਹੋ। ਲੋਕ ਲਾਜ ਨੂੰ ਛੱਡ ਕੇ ਕੋਈ ਕੰਮ ਨ ਕਰੋ। ਪਰ ਨਾਰੀ ਦੇ ਸੇਜ ਉਤੇ ਸੁਪਨੇ ਵਿੱਚ ਵੀ ਪੈਰ ਨ ਰਖੋ। ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, (ਉਦੋਂ ਤੋਂ ਮੈਂ) ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ। 58

ਬ੍ਰਾਹਮਣਾਂ ਨੂੰ ਦਾਨ ਦਿੱਤਾ ਜਾਂਦਾ ਏ ਤੇ ਖੋਟੇ ਆਦਮੀਆਂ ਨੂੰ ਅੱਖਾਂ ਵਿਖਾਈਆਂ ਜਾਂਦੀਆਂ ਨੇ। ਮਿੱਤਰਾਂ ਨੂੰ ਸੁੱਖ ਦਿੱਤਾ ਜਾਂਦਾ ਏ ਤੇ ਦੁਸ਼ਮਣਾਂ ਦੇ ਸਿਰ ਤੇ ਤਲਵਾਰ ਵਜਾ ਕੇ ਵਾਰ ਕੀਤਾ ਜਾਂਦਾ ਏ। ਲੋਕ-ਲੱਜਿਆ ਨੂੰ ਛੱਡ ਕੇ ਕੋਈ ਭੀ ਕੰਮ ਨਹੀਂ ਕੀਤਾ ਜਾਂਦਾ, ਇਸ ਲਈ ਪਰਾਈ ਇਸਤ੍ਰੀ ਦੀ ਸੇਜ ਤੇ ਸੁਪਨੇ ਵਿੱਚ ਭੀ ਭੁਲਕੇ ਪੈਰ ਨਹੀਂ ਰੱਖਣਾ ਚਾਹੀਦਾ, ਗੁਰੂ ਨੇ ਜਦੋਂ ਤੋਂ ਮੈਨੂੰ ਇਹ ਉਪ੍ਰੋਕਤ ਪ੍ਰਣ ਕਰਵਾਇਆ ਹੈ, ਤਦੋਂ ਤੋਂ ਪਰਾਇਆ ਧਨ ਮੇਰੇ ਲਈ ਪੱਥਰ ਦੇ ਸਮਾਨ ਅਤੇ ਪਰਾਈ ਇਸਤ੍ਰੀ ਮਾਤਾ ਦੇ ਸਮਾਨ ਹੈ। 58

(ਟਿੱਪਣੀ:- ਬ੍ਰਾਹਮਣਾਂ ਨੂੰ ਦਾਨ ਦੇਣ ਵਾਲੀ ਗੱਲ ਬਿੱਲਕੁੱਲ ਗੁਰਮਤਿ ਦੇ ਉਲਟ ਹੈ। ਜਿਸ ਬ੍ਰਾਹਮਣ ਬਾਰੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਵਿੱਚ ਕਹਿੰਦੇ ਹਨ ਕਿ ਉਹ ਮੱਥੇ ਤੇ ਟਿੱਕਾ ਲਾ ਕੇ, ਗੇਰੂਏ ਰੰਗ ਦੀ ਧੋਤੀ ਪਹਿਨ ਕੇ ਅਤੇ ਹੱਥ ਵਿੱਚ ਛੁਰੀ ਲੈ ਕੇ ਲੋਕਾਈ ਨੂੰ ਕੋਂਹਦਾ {ਜਗਤ ਕਸਾਈ} ਹੈ ਭਾਵ ਕਿ ਧਰਮ ਦੇ ਨਾਮ ਤੇ ਲੁਟਦਾ ਹੈ। ਉਹੀ ਗੁਰੂ ਨਾਨਕ ਦਸਮੇ ਜਾਮੇ ਵਿੱਚ ਜਾ ਕਿ ਕਿਵੇਂ ਕਹਿ ਸਕਦਾ ਹੈ ਕਿ ਬ੍ਰਾਹਮਣਾਂ ਨੂੰ ਦਾਨ ਦਿਓ? ਇੱਕ ਪਾਸੇ ਇਹ ਕਹਿਣਾ ਕਿ ਪਰਾਈ ਇਸਤ੍ਰੀ ਦੀ ਸੇਜ ਉਪਰ ਸੁਪਨੇ ਵਿੱਚ ਵੀ ਪੈਰ ਨਾ ਰੱਖੋ ਅਤੇ ਦੂਜੇ ਪਾਸੇ ਆਪ ਹੀ ਰਾਤ ਨੂੰ ਭੇਸ ਵਟਾ ਕੇ ਪਰਾਈ ਇਸਤ੍ਰੀ ਦੀ ਸੇਜਾ ਤੇ ਜਾ ਬੈਠਣਾ, ਇਹ ਆਪਾ ਵਿਰੋਧੀ ਗੱਲਾਂ ਹਨ ਜੋ ਕਿ ਦਸਮੇਂ ਗੁਰੂ ਜੀ ਬਿਲਕੁੱਲ ਨਹੀਂ ਕਰ ਸਕਦੇ ਜਾਂ ਲਿਖ ਸਕਦੇ।)

ਦੋਹਰਾ ॥

ਸੁਨਤ ਰਾਵ ਕੋ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ ॥ ਚੋਰ ਚੋਰ ਕਹਿ ਕੈ ਉਠੀ ਸਿਖ੍ਯਨ ਦਿਯੋ ਜਗਾਇ ॥੫੯॥

ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ ਅਤੇ ਚੋਰ ਚੋਰ ਕਹਿ ਕੇ (ਆਪਣੇ) ਸੇਵਕਾਂ ਨੂੰ ਜਗਾ ਦਿੱਤਾ। 59

ਰਾਜੇ ਦੇ ਬਚਨ ਸੁਣਕੇ ਇਸਤ੍ਰੀ ਨੇ ਮਨ ਵਿੱਚ ਬਹੁਤ ਗੁੱਸਾ ਕੀਤਾ ਅਤੇ `ਚੋਰ-ਚੋਰ’ ਆਖਕੇ ਉਹਨੇ ਸਾਰੇ ਸਿੱਖਾਂ ਨੂੰ ਜਗਾ ਦਿਤਾ। 59

ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਿਯੋ ਨਰ ਨਾਹਿ ॥ ਪਨੀ ਪਾਮਰੀ ਤਜਿ ਭਜ੍ਯੋ ਸੁਧਿ ਨ ਰਹੀ ਮਨ ਮਾਹਿ ॥੬੦॥

ਕੰਨਾਂ ਨਾਲ ਚੋਰ-ਚੋਰ ਦੇ ਬਚਨ ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿੱਚ ਪਾਣ ਦਾ ਇੱਕ ਵੱਡਾ ਚੋਲਾ) ਛਡ ਕੇ ਭੱਜ ਗਿਆ। 60

ਰਾਜਾ `ਚੋਰ-ਚੋਰ’ ਦੀ ਅਵਾਜ਼ ਕੰਨਾਂ ਨਾਲ ਸੁਣਕੇ ਬਹੁਤ ਡਰਿਆ ਅਤੇ ਸੁਧ-ਬੁਧ ਭੁਲਾਕੇ ਜੁੱਤੀ ਤੇ ਰੇਸ਼ਮੀ ਫਰਦ ਛੱਡਕੇ ਭਜ ਉਠਿਆ। 60

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। 21. 439

ਦੋਹਰਾ ॥

ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ ॥ ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ ॥੧॥

‘ਚੋਰ ਚੋਰ’ ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁਤੀ ਤੇ ਪਾਮਰੀ ਨੂੰ ਛੱਡ ਕੇ ਮਨ ਵਿੱਚ ਡਰਦਾ ਹੋਇਆ ਭਜ ਗਿਆ। 1

ਕੰਨਾ ਨਾਲ ਚੋਰ ਦੀ ਗੱਲ ਸੁਣਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਫਰਦ ਛੱਡ ਕੇ ਦੌੜਨ ਲਗਾ। 1

ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ ॥ ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ ॥੨॥

‘ਚੋਰ ਚੋਰ’ (ਦੀ ਅਵਾਜ਼) ਸੁਣ ਕੇ ਸਾਰੇ (ਸੇਵਕ) ਜਾਗ ਪਏ ਅਤੇ (ਉਨ੍ਹਾਂ ਨੇ) ਰਾਜੇ ਨੂੰ ਭੱਜਣ ਨ ਦਿੱਤਾ ਅਤੇ ਪੰਜ-ਸੱਤ ਕਦਮਾਂ ਉਤੇ ਜਲਦੀ ਹੀ ਆ ਮਿਲੇ। 2

ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਅਤੇ ਲੋਕਾਂ ਨੇ ਰਾਜੇ ਨੂੰ ਭੱਜਣ ਨਹੀਂ ਦਿਤਾ। ਪੰਜ-ਸੱਤ ਕਦਮਾਂ ਤੇ ਜਾ ਕੇ ਛੇਤੀਂ ਨਾਲ ਰਾਜੇ ਨੂੰ ਜਾ ਮਿਲੇ। 2

ਚੌਪਈ ॥

ਚੋਰ ਬਚਨ ਸਭ ਹੀ ਸੁਨਿ ਧਾਏ ॥ ਕਾਢੇ ਖੜਗ ਰਾਇ ਪ੍ਰਤਿ ਆਏ ॥ ਕੂਕਿ ਕਹੈ ਤੁਹਿ ਜਾਨ ਨ ਦੈਹੈ ॥ ਤੁਹਿ ਤਸਕਰ ਜਮਧਾਮ ਪਠੈ ਹੈ ॥੩॥

‘ਚੋਰ ਚੋਰ’ ਦੇ ਬੋਲ ਸੁਣ ਕੇ ਸਾਰੇ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤਿ ਵਧੇ। ਲਲਕਾਰ ਕੇ ਕਹਿਣ ਲੱਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ। 3

ਚੋਰ ਦੀ ਪੁਕਾਰ ਸੁਣਕੇ ਸਾਰੇ ਭੱਜੇ ਅਤੇ ਉਸ ਰਾਜੇ ਦੇ ਖਿਲਾਫ ਤਲਵਾਰਾਂ ਕਢ ਲਈਆਂ। ਉਹ ਲੋਕ ਪੁਕਾਰਨ ਲਗੇ ਕਿ ਤੈਨੂੰ ਜਾਣ ਨਹੀ ਦਿਆਂਗੇ। ਹੇ ਚੋਰ! ਤੈਨੂੰ ਜਮਲੋਕ ਭੇਜਾਂਗੇ। ੩

ਦੋਹਰਾ ॥

ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ ॥ ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ ॥੪॥

(ਰਾਜੇ ਨੂੰ) ਅਗੇ, ਪਿਛੇ ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ। ਰਾਜੇ ਨੂੰ (ਜਦ) ਭਜਣ ਲਈ ਕੋਈ ਰਸਤਾ ਨ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ। 4

ਅਗੇ-ਪਿਛੇ ਸੱਜੇ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ। ਰਾਜੇ ਜਤਨ ਤਾਂ ਬੁਹਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ। 4

ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ ॥ ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ ॥੫॥

ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। ਚੋਰ- ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ। 5

ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ ਚੋਰ ਆਖਕੇ ਦੋ-ਤਿੰਨ ਸੋਟੇ ਮਾਰਕੇ ਫੜ ਲਿਆ। 5

(ਟਿੱਪਣੀ:- ਇਸ ਪੰਜਵੇਂ ਬੰਦ ਵਿੱਚ ਡਾ: ਜੱਗੀ ਦੇ ਅਰਥਾਂ ਅਨੁਸਾਰ ਰਾਜੇ ਨੇ ਦਾੜ੍ਹੀ ਉਸ ਇਸਤਰੀ ਦੇ ਭਰਾ ਦੀ ਫੜੀ ਹੈ ਪਰ ਪੰਡਿਤ ਨਰੈਣ ਸਿੰਘ ਨੇ ਨਾਮ ਨਹੀਂ ਲਿਖਿਆ ਪਰ ਉਹ ਦਾੜ੍ਹੀ ਰਾਜੇ ਦੀ ਹੀ ਫੜਾਉਂਦਾ ਹੈ ਕਿਉਂਕਿ ਉਹ ਅਰਥ ਬਹੁ ਬਚਨ (ਲੋਕਾਂ ਨੇ) ਕਰਦਾ ਹੈ ਅਤੇ ਅਗਲੇ ਛੇਵੇਂ ਬੰਦ ਵਿੱਚ ਉਹ ਰਾਜੇ ਨੂੰ ਹੀ ਸੋਟੇ ਲੱਗਣ ਨਾਲ ਬੇਹੋਸ਼ ਹੋਣਾ ਲਿਖਦਾ ਹੈ। ਅਖੀਰਲੇ ਨੌਵੇਂ ਬੰਦ ਵਿੱਚ ਦੋਵੇਂ ਉਸ ਇਸਤਰੀ ਦੇ ਭਰਾ ਨੂੰ ਹੀ ਜੇਲ ਵਿੱਚ ਭੇਜਣਾ ਲਿਖਦੇ ਹਨ। ਉਂਜ ਤਾਂ ਇਹ ਸਾਰੀ ਕਹਾਣੀ ਝੂਠ ਤੇ ਅਧਾਰਤ ਹੈ। ਜੇ ਕਰ ਇਸ ਪੰਜਵੇਂ ਅਤੇ ਛੇਵੇਂ ਬੰਦ ਦੀ ਹੀ ਗੱਲ ਕਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ, ਕੀ ਉਸ ਇਸਤਰੀ ਦੇ ਨੌਕਰ ਉਸ ਦੇ ਭਰਾ ਨੂੰ ਨਹੀਂ ਸੀ ਜਾਣਦੇ? ਕੀ ਮੁਸ਼ਕਾਂ ਇਕੱਲੇ ਰਾਜੇ ਨੇ ਹੀ ਬੰਨੀਆਂ ਸਨ? ਕੀ ਉਹ ਰਾਜਾ ਇਕੱਲਾ ਹੀ ਫੜ ਕੇ ਉਸ ਨੂੰ ਜੇਲ ਵਿੱਚ ਲੈ ਗਿਆ ਸੀ? ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਫਿਰ ਕੀ ਉਸ ਨੂੰ ਰਾਜੇ ਨੇ ਆਪ ਹੀ ਆਪਣੇ ਮੋਢਿਆਂ ਤੇ ਚੁੱਕਿਆ ਸੀ? ਪਰ ਨੌਵੇਂ ਬੰਦ ਵਿੱਚ ਤਾਂ ਰਾਜੇ ਨੂੰ ਨਾਟਕ ਕਰਕੇ ਭੱਜਿਆ ਲਿਖਿਆ ਹੈ। ਕੀ ਇਸਤਰੀ ਦੇ ਉਹ ਨੌਕਰ ਵੀ ਰਾਜੇ ਨਾਲ ਹੀ ਮਿਲੇ ਹੋਏ ਸਨ, ਜਿਨ੍ਹਾਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ? ਇਹ ਅਤੇ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਹੀ ਸਵਾਲ ਖੜੇ ਹੁੰਦੇ ਹਨ।)

ਲਗੇ ਮੁਹਤਰੀ ਕੇ ਗਿਰਿਯੋ ਭੂਮਿ ਮੂਰਛਨਾ ਖਾਇ ॥ ਭੇਦ ਨ ਕਾਹੂੰ ਨਰ ਲਹਿਯੋ ਮੁਸਕੈ ਲਈ ਚੜਾਇ ॥੬॥

ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਆਕਤੀ ਨੇ ਵੀ ਭੇਦ ਨ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ। 6

ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਤੇ। ੬

ਲਾਤ ਮੁਸਟ ਬਾਜਨ ਲਗੀ ਸਿਖ੍ਯ ਪਹੁੰਚੇ ਆਇ ॥ ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਯੋ ਛੁਰਾਇ ॥੭॥

ਲੱਤਾਂ ਅਤੇ ਮੁੱਕੇ ਵਜਣ ਲੱਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ। (ਉਹ) ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨ ਸਕਿਆ। 7

ਲੱਤਾਂ ਮੁਕੀਆਂ ਚਲਣ ਲਗੀਆਂ ਤੇ ਹੋਰ ਸਿਖ-ਸੇਵਕ ਭੀ ਆ ਪਹੁੰਚੇ। ਇਸਤਰੀ ਭਰਾ-ਭਰਾ ਆਖ ਰਹੀ ਸੀ, ਉਹਨੂੰ ਕੋਈ ਭੀ ਨਾ ਛੁਡਾ ਸਕਿਆ। 7

ਚੌਪਈ ॥

ਜੂਤੀ ਬਹੁ ਤਿਹ ਮੂੰਡ ਲਗਾਈ ॥ ਮੁਸਕੈ ਤਾ ਕੀ ਐਠ ਚੜਾਈ ॥ ਬੰਦਸਾਲ ਤਿਹ ਦਿਯਾ ਪਠਾਈ ॥ ਆਨਿ ਆਪਨੀ ਸੇਜ ਸੁਹਾਈ ॥੮॥

ਉਸ ਦੇ ਸਿਰ ਉਤੇ ਬਹੁਤ ਜੁਤੀਆਂ ਮਾਰੀਆਂ ਅਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ। ਉਸ ਨੂੰ ਬੰਦੀਖਾਨੇ ਭੇਜ ਦਿੱਤਾ ਅਤੇ (ਇਸਤਰੀ) ਆਪਣੀ ਸੇਜ ਉਪਰ ਆ ਗਈ। 8

ਉਹਦੇ ਮੂੰਹ ਤੇ ਬਹੁਤ ਜੁੱਤੀਆਂ ਮਾਰੀਆਂ ਅਤੇ ਉਹਦੇ ਹੱਥ ਖਿੱਚਕੇ ਬੰਨ੍ਹ ਲਏ। ਉਹਨੂੰ ਜੇਹਲ ਭੇਜ ਦਿਤਾ ਅਤੇ ਉਹ ਇਸਤ੍ਰੀ ਭੀ ਆ ਕੇ ਆਪਣੀ ਸੇਜ ਉਤੇ ਸੌਂ ਗਈ। 8

ਇਹ ਛਲ ਖੇਲਿ ਰਾਇ ਭਜ ਆਯੋ ॥ ਬੰਦਸਾਲ ਤ੍ਰਿਯ ਭ੍ਰਾਤ ਪਠਾਯੋ ॥ ਸਿਖ੍ਯਨ ਭੇਦ ਅਭੇਦ ਨ ਪਾਯੋ ॥ ਵਾਹੀ ਕੌ ਤਸਕਰ ਠਹਰਾਯੋ ॥੯॥

ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ (ਉਥੋਂ) ਭਜ ਆਇਆ। ਬੰਦੀਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। (ਕੋਈ ਵੀ) ਸੇਵਕ ਭੇਦ ਨੂੰ ਨ ਸਮਝ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ। 9

ਇਸ ਤਰ੍ਹਾਂ ਇਹ ਨਾਟਕ ਖੇਡ ਕੇ ਰਾਜਾ ਦੌੜ ਆਇਆ ਅਤੇ ਜੇਹਲ ਵਿੱਚ ਉਸ ਇਸਤ੍ਰੀ ਦਾ ਭਰਾ ਭੇਜ ਦਿਤਾ ਗਿਆ। ਕੋਈ ਭੀ ਸੇਵਕ ਇਸ ਭੇਦ ਨੂੰ ਨਾ ਸਮਝ ਸਕਿਆ ਅਤੇ ਉਸ ਦੇ ਭਰਾ ਨੂੰ ਹੀ ਸਾਰਿਆਂ ਨੇ ਚੋਰ ਠਹਿਰਾ ਦਿਤਾ। 9

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨॥੪੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। 22

ਚੌਪਈ ॥

ਭਯੋ ਪ੍ਰਾਤ ਸਭ ਹੀ ਜਨ ਜਾਗੇ ॥ ਅਪਨੇ ਅਪਨੇ ਕਾਰਜ ਲਾਗੇ ॥ ਰਾਇ ਭਵਨ ਤੇ ਬਾਹਰ ਆਯੋ ॥ ਸਭਾ ਬੈਠ ਦੀਵਾਨ ਲਗਾਯੋ ॥੧॥

ਸਵੇਰ ਹੋਣ ਤੇ ਸਾਰੇ ਲੋਕ ਜਾਗੇ ਅਤੇ ਆਪਣੇ ਆਪਣੇ ਕੰਮ ਲਗ ਗਏ। ਰਾਜਾ ਮਹੱਲ ਤੋਂ ਬਾਹਰ ਆਇਆ ਅਤੇ ਸਭਾ ਵਿੱਚ ਬੈਠ ਕੇ (ਉਸ ਨੇ) ਦੀਵਾਨ ਲਗਾਇਆ। 1

ਸਵੇਰ ਹੁੰਦਿਆਂ ਹੀ ਸਾਰੇ ਲੋਕ ਜਾਗੇ ਅਤੇ ਆਪਣੇ ਆਪਣੇ ਕੰਮਾਂ ਤੇ ਲਗ ਗਏ। ਰਾਜਾ ਭੀ ਆਪਣੇ ਭਵਨ ਤੋਂ ਬਾਹਰ ਆਇਆ ਅਤੇ ਸਭਾ ਵਿੱਚ ਆ ਬੈਠਾ। 1

ਦੋਹਰਾ ॥

ਪ੍ਰਾਤ ਭਏ ਤਵਨੈ ਤ੍ਰਿਯਾ ਹਿਤ ਤਜਿ ਰਿਸ ਉਪਜਾਇ ॥ ਪਨੀ ਪਾਮਰੀ ਜੋ ਹੁਤੇ ਸਭਹਿਨ ਦਏ ਦਿਖਾਇ ॥੨॥

ਸਵੇਰ ਹੋਣ ਤੇ ਉਸ ਇਸਤਰੀ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਅਤੇ ਜੋ ਜੁੱਤੀ ਅਤੇ ਪਾਮਰੀ ਸੀ, ਸਭ ਨੂੰ ਵਿਖਾ ਦਿੱਤੀਆਂ। 2

ਸਵੇਰ ਵੇਲੇ ਉਸ ਇਸਤਰੀ ਨੇ ਪ੍ਰੇਮ ਨੂੰ ਛੱਡਕੇ ਗੁਸੇ ਨਾਲ ਉਹ ਜੁਤੇ ਤੇ ਰੇਸ਼ਮੀ ਫਰਦ ਸਭ ਨੂੰ ਦਿਖਾ ਦਿਤੇ। 2

ਚੌਪਈ ॥

ਰਾਇ ਸਭਾ ਮਹਿ ਬਚਨ ਉਚਾਰੇ ॥ ਪਨੀ ਪਾਮਰੀ ਹਰੇ ਹਮਾਰੇ ॥ ਤਾਹਿ ਸਿਖ੍ਯ ਜੋ ਹਮੈ ਬਤਾਵੈ ॥ ਤਾ ਤੇ ਕਾਲ ਨਿਕਟ ਨਹਿ ਆਵੈ ॥੩॥

(ਇਧਰ) ਰਾਜੇ ਨੇ ਸਭਾ ਵਿੱਚ ਬੋਲ ਕਹੇ ਕਿ (ਕਿਸੇ ਨੇ) ਸਾਡੀ ਜੁਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ। 3

ਇਧਰ ਰਾਜੇ ਨੇ ਸਭਾ ਵਿੱਚ ਆਖਿਆ ਕਿ ਕੋਈ ਸਾਡਾ ਜੁੱਤਾ ਤੇ ਰੇਸ਼ਮੀ ਫਰਦ ਚੋਰੀ ਕਰਕੇ ਲੈ ਗਿਆ ਹੈ। ਜੋ ਸੇਵਕ ਉਸ ਬਾਰੇ ਸਾਨੂੰ ਦਸੇਗਾ, ਕਾਲ ਉਹਦੇ ਨੇੜੇ ਨਹੀਂ ਆਵੇਗਾ। 3

(ਟਿੱਪਣੀ:- ਬਹੁਤ ਸੋਹਣੀ ਸਿੱਖਿਆ, ਪਹਿਲਾਂ ਰਾਤ ਨੂੰ ਭੇਸ ਬਦਲ ਕੇ ਪਰਾਈ ਇਸਤਰੀ ਕੋਲ ਜਾਣਾ ਅਤੇ ਉਥੇ ਜੁੱਤੀ ਅਤੇ ਪਾਮਰੀ ਛੱਡ ਕੇ ਭੱਜਣਾ, ਫਿਰ ਉਪਰ ਦੀ ਹੋਰ ਝੂਠ ਬੋਲਣਾ ਕਿ ਉਹ ਕਿਸੇ ਨੇ ਚੋਰੀ ਕਰ ਲਈਆਂ ਹਨ)

ਦੋਹਰਾ ॥ ਬਚਨ ਸੁਨਤ ਗੁਰ ਬਕ੍ਰਤ ਤੇ ਸਿਖ੍ਯ ਨ ਸਕੇ ਦੁਰਾਇ ॥ ਪਨੀ ਪਾਮਰੀ ਕੇ ਸਹਿਤ ਸੋ ਤ੍ਰਿਯ ਦਈ ਬਤਾਇ ॥੪॥

ਗੁਰੂ ਦੇ ਮੁਖ ਤੋਂ ਬੋਲ ਸੁਣ ਕੇ ਸੇਵਕ (ਗੱਲ ਨੂੰ) ਲੁਕਾ ਨ ਸਕੇ ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ ਦਿੱਤਾ। 8

ਗੁਰੂ ਦੇ ਮੂੰਹ ਤੋਂ ਇਹ ਬਚਨ ਸੁਣਕੇ ਸਿਖ ਛੁਪਾ ਨਾ ਸਕੇ ਅਤੇ ਜੁੱਤੀ ਤੇ ਫਰਦ ਸਮੇਤ ਉਸ ਇਸਤ੍ਰੀ ਦੇ ਬਾਰੇ ਵਿੱਚ ਦਸ ਦਿਤਾ। 4

ਚੌਪਈ ॥

ਤਬੈ ਰਾਇ ਯੌ ਬਚਨ ਉਚਾਰੇ ॥ ਗਹਿ ਲ੍ਯਾਵਹੁ ਤਿਹ ਤੀਰ ਹਮਾਰੇ ॥ ਪਨੀ ਪਾਮਰੀ ਸੰਗ ਲੈ ਐਯਹੁ ॥ ਮੋਰਿ ਕਹੇ ਬਿਨੁ ਤ੍ਰਾਸ ਨ ਦੈਯਹੁ ॥੫॥

ਤਦ ਰਾਜੇ ਨੇ ਇਸ ਤਰ੍ਹਾਂ ਕਿਹਾ ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲੈ ਆਓ। ਜੁਤੀ ਤੇ ਪਾਮਰੀ ਵੀ ਨਾਲ ਲਿਆਉਣਾ ਅਤੇ ਮੇਰੇ ਕਹੇ ਬਿਨਾ ਉਸ ਨੂੰ ਨਹੀਂ ਡਰਾਉਣਾ। 5

ਰਾਜੇ ਨੇ ਇੰਝ ਆਖਿਆ ਕਿ ਉਹਨੂੰ ਫੜਕੇ ਸਾਡੇ ਪਾਸ ਲੈ ਆਓ। ਫਰਦ ਤੇ ਜੁੱਤੀ ਭੀ ਨਾਲ ਹੀ ਲਈ ਆਉਣਾ, ਮੇਰੇ ਕਹੇ ਬਿਨਾਂ ਉਹਨੂੰ ਡਰਾਣਾ ਧਮਕਾਣਾ ਨਹੀਂ। 5

ਦੋਹਰਾ ॥ ਸੁਨਤ ਰਾਇ ਕੇ ਬਚਨ ਕੋ ਲੋਗ ਪਰੇ ਅਰਰਾਇ ॥ ਪਨੀ ਪਾਮਰੀ ਤ੍ਰਿਯ ਸਹਿਤ ਲ੍ਯਾਵਤ ਭਏ ਬਨਾਇ ॥੬॥

ਰਾਜੇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਨੂੰ ਲੈ ਆਏ। 6

ਰਾਜੇ ਦੇ ਬਚਨ ਸੁਣਕੇ ਲੋਕ ਪਾਹਰਿਆ ਪਾਹਰਿਆ ਕਰਦੇ ਟੁਟ ਪਏ ਅਤੇ ਫਰਦ ਤੇ ਜੁਤੇ ਸਮੇਤ ਉਸ ਇਸਤ੍ਰੀ ਨੂੰ ਲੈ ਆਏ। 6

ਅੜਿਲ ॥

ਕਹੁ ਸੁੰਦਰਿ ਕਿਹ ਕਾਜ ਬਸਤ੍ਰ ਤੈ ਹਰੇ ਹਮਾਰੇ ॥ ਦੇਖ ਭਟਨ ਕੀ ਭੀਰਿ ਤ੍ਰਾਸ ਉਪਜ੍ਯੋ ਨਹਿ ਥਾਰੇ ॥ ਜੋ ਚੋਰੀ ਜਨ ਕਰੈ ਕਹੌ ਤਾ ਕੌ ਕ੍ਯਾ ਕਰਿਯੈ ॥ ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ ਤੁਹਿ ਮਰਿਯੈ ॥੭॥

(ਰਾਜੇ ਨੇ ਕਿਹਾ) ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ। ਇਨ੍ਹਾਂ ਸੂਰਮਿਆਂ ਦੀ ਭੀੜ ਨੂੰ ਵੇਖ ਕੇ ਵੀ ਤੇਰੇ (ਮਨ ਵਿਚ) ਡਰ ਪੈਦਾ ਨਹੀਂ ਹੋਇਆ। ਜੋ ਆਦਮੀ ਚੋਰੀ ਕਰੇ, ਦਸੋ ਉਸ ਦਾ ਕੀ ਕੀਤਾ ਜਾਏ। (ਤੈਨੂੰ) ਇਸਤਰੀ ਜਾਣ ਕੇ ਛਡਦਾ ਹਾਂ, ਨਹੀਂ ਤਾਂ ਤੈਨੂੰ ਜਾਨੋ ਮਾਰ ਦੇਣਾ ਸੀ। 7

ਹੇ ਸੁੰਦਰੀ! ਦਸ, ਤੂੰ ਮੇਰੇ ਬਸਤ੍ਰ ਕਿਉਂ ਚਰਾਏ? ਇਹਨਾਂ ਸੂਰਮਿਆਂ (ਪਹਿਰੇਦਾਰਾਂ) ਦੀ ਭੀੜ ਵੇਖਕੇ ਭੀ ਤੈਨੂੰ ਡਰ ਨਹੀਂ ਲਗਿਆ। ਇਹ ਦਸ ਕਿ ਜੋ ਚੋਰੀ ਕਰੇ, ਉਹਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਏ? ਤੈਨੂੰ ਇਸਤ੍ਰੀ ਜਾਣ ਕੇ ਛੱਡ ਦਿੰਦਾ ਹਾਂ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ।

(ਟਿੱਪਣੀ:- ਆਮ ਕਹਾਵਤ ਹੁੰਦੀ ਹੈ ਕਿ, ‘ਨਾਲੇ ਚੋਰ ਨਾਲੇ ਚਤਰ’ ਅਤੇ ‘ਜ਼ੋਰਾਵਰਾਂ ਦਾ ਛੱਤੀਂ ਵੀਹੀ ਸੌ’ ਇਹ ਦੋਵੇਂ ਕਹਾਵਤਾਂ ਇਸ ਪਾਤਰ ਤੇ ਪੂਰੀਆਂ ਢੁਕਦੀਆਂ ਹਨ। ਇੱਕ ਪਾਸੇ ਤਾਂ ਇਹ ਰਾਤ ਨੂੰ ਪਹਿਲਾਂ ਭੇਸ ਬਦਲ ਕੇ ਪਰਾਈ ਇਸਤਰੀ ਕੋਲ ਜਾਂਦਾ ਹੈ ਅਤੇ ਫਿਰ ਆਪਣੀ ਜੁੱਤੀ ਅਤੇ ਪਾਮਰੀ ਛੱਡ ਕੇ ਭੱਜ ਆਉਂਦਾ ਹੈ। ਉਲਟਾ ਇਸਤਰੀ ਤੇ ਆਪਣੇ ਰਾਜੇ ਪੁਣੇ ਅਤੇ ਨੌਕਰਾਂ ਦਾ ਰੋਹਬ ਪਾਉਂਦਾ ਹੈ। ਪਰ ਆਪ ਝੂਠਾ ਹੋਣ ਕਰਕੇ ਅੰਦਰੋਂ ਹਿੱਲਿਆ ਹੋਇਆ ਹੈ, ਇਹ ਅਗਾਂਹ ਸਪਸ਼ਟ ਹੋ ਜਾਵੇਗਾ ਜਦੋਂ ਵੀਹ ਹਜ਼ਾਰ ਟਕੇ ਛਿਮਾਹੀ ਦੇ ਬੰਨ੍ਹ ਦਿੰਦਾ ਹੈ ਅਤੇ ਆਪਣਾ ਅਪਰਾਧ ਵੀ ਮੰਨ ਲੈਂਦਾ ਹੈ।)

ਦੋਹਰਾ ॥ ਪਰ ਪਿਯਰੀ ਮੁਖ ਪਰ ਗਈ ਨੈਨ ਰਹੀ ਨਿਹੁਰਾਇ ॥ ਧਰਕ ਧਰਕ ਛਤਿਯਾ ਕਰੈ ਬਚਨ ਨ ਭਾਖ੍ਯੋ ਜਾਇ ॥੮॥

ਉਸ ਦਾ ਮੂੰਹ ਪੀਲਾ ਪੈ ਗਿਆ ਅਤੇ ਅੱਖਾਂ ਨੀਵੀਆਂ ਹੋ ਗਈਆਂ। ਉਸ ਦੀ ਛਾਤੀ ਧੜਕਣ ਲੱਗੀ ਅਤੇ (ਮੂੰਹ ਵਿਚੋਂ) ਗੱਲ ਨਹੀਂ ਸੀ ਕੀਤੀ ਜਾ ਰਹੀ। 8

ਉਹਦਾ ਚੇਹਰਾ ਪੀਲਾ ਪੈ ਗਿਆ ਅਤੇ ਅੱਖਾਂ ਪਾੜ ਪਾੜ ਕੇ ਵੇਖਣ ਲੱਗੀ। ਉਹਦੀ ਛਾਤੀ ਧੜਕਣ ਲੱਗੀ ਅਤੇ ਉਹਦੇ ਮੂੰਹ ਤੋਂ ਬੋਲਿਆ ਨਹੀਂ ਜਾ ਰਿਹਾ ਸੀ। 8

ਅੜਿਲ ॥

ਹਮ ਪੂਛਹਿਗੇ ਯਾਹਿ ਨ ਤੁਮ ਕਛੁ ਭਾਖਿਯੋ ॥ ਯਾਹੀ ਕੈ ਘਰ ਮਾਹਿ ਭਲੀ ਬਿਧਿ ਰਾਖਿਯੋ ॥ ਨਿਰਨੌ ਕਰਿ ਹੈ ਏਕ ਇਕਾਂਤ ਬੁਲਾਇ ਕੈ ॥ ਹੋ ਤਬ ਦੈਹੈ ਇਹ ਜਾਨ ਹ੍ਰਿਦੈ ਸੁਖੁ ਪਾਇ ਕੈ ॥੯॥

ਅਸੀਂ ਇਸ ਨੂੰ ਪੁਛਾਂਗੇ, ਤੁਸੀਂ ਕੁੱਝ ਨਹੀਂ ਕਹਿਣਾ। (ਇਸ ਨੂੰ) ਇਸੇ ਦੇ ਘਰ ਵਿੱਚ ਚੰਗੀ ਤਰ੍ਹਾਂ ਰਖੋ। ਇੱਕ (ਦਿਨ) ਇਕਾਂਤ ਵਿੱਚ ਬੁਲਾ ਕੇ ਨਿਰਣਾ ਕਰਾਂਗੇ ਅਤੇ ਤਦ (ਇਸ ਨੂੰ) ਸੁਖ ਪੂਰਵਕ ਜਾਣ ਦਿਆਂਗੇ। 9

ਅਸੀਂ ਤੇਰੇ ਕੋਲੋਂ ਪੁਛ ਰਹੇ ਹਾਂ, ਪਰ ਤੂੰ ਕੁੱਝ ਨਹੀਂ ਦਸ ਰਹੀ। ਤੈਨੂੰ ਘਰ ਵਿੱਚ ਚੰਗੀ ਤਰ੍ਹਾਂ ਰਖਾਂਗੇ, ਠੀਕ ਹੈ ਤੇਰਾ ਫੈਸਲਾ ਇਕਾਂਤ ਵਿੱਚ ਕੀਤਾ ਜਾਏਗਾ ਅਤੇ ਤੈਨੂੰ ਬਿਨਾਂ ਕਿਸੇ ਦੁਖ ਦੇ ਜਾਣ ਦਿਤਾ ਜਾਏਗਾ। 9

ਚੌਪਈ ॥

ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ ॥ ਸਕਲ ਕਥਾ ਕਹਿ ਤਾਹਿ ਸੁਨਾਈ ॥ ਤੁਮ ਕੁਪਿ ਹਮ ਪਰਿ ਚਰਿਤ ਬਨਾਯੋ ॥ ਹਮਹੂੰ ਤੁਮ ਕਹ ਚਰਿਤ ਦਿਖਾਯੋ ॥੧੦॥

ਸਵੇਰ ਹੋਣ ਤੇ (ਉਸ) ਇਸਤਰੀ ਨੂੰ ਫਿਰ ਬੁਲਾਇਆ ਗਿਆ ਅਤੇ ਉਸ ਨੂੰ ਸਾਰੀ ਗੱਲ ਕਹਿ ਦਿੱਤੀ ਗਈ। ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾਇਆ ਸੀ। 10

ਸਵੇਰੇ ਉਸ ਇਸਤ੍ਰੀ ਨੂੰ ਫੇਰ ਬੁਲਾਇਆ ਗਿਆ ਅਤੇ ਉਹਨੂੰ ਸਭ ਕੁੱਝ ਦਸਿਆ ਗਿਆ। ਤੂੰ ਸਾਡੇ ਉਤੇ ਗੁਸੇ ਹੋ ਕੇ ਸਾਨੂੰ ਜਾਲ ਵਿੱਚ ਫਸਾਇਆ, ਪਰ ਅਸਾਂ ਭੀ ਤੈਨੂੰ ਚੱਕਰ ਵਿੱਚ ਪਾ ਦਿਤਾ। 10

ਤਾ ਕੋ ਭ੍ਰਾਤ ਬੰਦਿ ਤੇ ਛੋਰਿਯੋ ॥ ਭਾਤਿ ਭਾਤਿ ਤਿਹ ਤ੍ਰਿਯਹਿ ਨਿਹੋਰਿਯੋ ॥ ਬਹੁਰਿ ਐਸ ਜਿਯ ਕਬਹੂੰ ਨ ਧਰਿਯਹੁ ॥ ਮੋ ਅਪਰਾਧ ਛਿਮਾਪਨ ਕਰਿਯਹੁ ॥੧੧॥

ਉਸ ਦੇ ਭਰਾ ਨੂੰ ਬੰਦੀਖਾਨੇ ਵਿਚੋਂ ਛਡ ਦਿੱਤਾ। ਉਸ ਇਸਤਰੀ ਨੇ ਕਈ ਢੰਗਾਂ ਨਾਲ ਬੇਨਤੀ ਕੀਤੀ ਕਿ ਮੈਂ ਫਿਰ ਇਸ ਤਰ੍ਹਾਂ ਦਾ (ਵਿਚਾਰ) ਮਨ ਵਿੱਚ ਨਹੀਂ ਲਿਆਵਾਂਗੀ, ਹੁਣ ਮੇਰਾ ਦੋਸ਼ ਮਾਫ਼ ਕੀਤਾ ਜਾਏ। 11

ਉਹਦੇ ਭਰਾ ਨੂੰ ਜੇਲ ਵਿਚੋਂ ਛੱਡ ਦਿਤਾ ਅਤੇ ਉਸ ਇਸਤ੍ਰੀ ਨੂੰ ਕਈ ਤਰੀਕਿਆਂ ਨਾਲ ਸਮਝਾਇਆ ਗਿਆ। ਉਹਨੂੰ (ਰਾਜੇ ਨੇ) ਆਖਿਆ ਕਿ ਮੇਰਾ ਦੋਸ਼ ਮਾਫ ਕਰੋ ਅਤੇ ਦੁਬਾਰਾ ਕਦੀ ਇਸ ਤਰ੍ਹਾਂ ਦੀ ਗਲ ਮਨ ਵਿੱਚ ਨਾ ਲਿਆਉਣਾ। 11

ਦੋਹਰਾ ॥

ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥

ਹੇ ਇਸਤਰੀ! ਹੁਣ ਸਾਨੂੰ ਮਾਫ਼ ਕਰ, (ਮੈਂ) ਫਿਰ ਅਪਰਾਧ (ਰਾਧਿ) ਨਹੀਂ ਕਰਦਾ। ਉਸ (ਇਸਤਰੀ) ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ। 12

ਹੇ ਇਸਤ੍ਰੀ! ਹੁਣ ਮੈਨੂੰ ਮਾਫ ਕਰ, ਮੈਂ ਭੀ ਇਸ ਝਗੜੇ ਨੂੰ ਹੋਰ ਵਧਾਣਾ ਨਹੀਂ ਚਾਹੁੰਦਾ, ਇਸ ਪਿਛੋਂ ਇਸ ਇਸਤ੍ਰੀ ਨੂੰ ਵੀਹ ਹਜ਼ਾਰ ਟਕੇ ਛਿਮਾਹੀ ਦੇ ਬਨ੍ਹ ਦਿਤੇ ਗਏ। 12

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩॥੪੬੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। 23

ਉਪਰ ਤਿੰਨੇ ਚਰਿਤ੍ਰਾਂ 21-23 ਤੱਕ ਦਾ ਪੂਰਾ ਮੂਲ ਪਾਠ ਲਿਖ ਕੇ ਨਾਲ ਹੀ ਦੋ ਵਿਦਵਾਨਾਂ ਦੇ ਕੀਤੇ ਹੋਏ ਅਰਥ ਵੀ ਲਿਖ ਦਿੱਤੇ ਹਨ। ਇਹਨਾਂ ਵਿਚੋਂ ਇੱਕ ਵਿਦਵਾਨ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਹੈ ਅਤੇ ਦੂਸਰਾ ਡੇਰੇ ਦਾ। ਡੇਰੇਦਾਰ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਕਹਾਉਂਦਾ ਉਹ ਵੀ ਆਪਣੇ ਆਪ ਨੂੰ ‘ਵਿਦਯਾ ਮਾਰਤੰਡ’ ਲਿਖਦਾ ਹੈ। ਇਹਨਾਂ ਦੇ ਕੀਤੇ ਹੋਏ ਅਰਥਾਂ ਦੀ ਅਸੀਂ ਜਾਣ-ਬੁੱਝ ਕੇ ਕੋਈ ਵੀ ਲਗਾ-ਮਾਤਰ ਨਹੀਂ ਬਦਲੀ, ਅਚਾਨਕ ਹੀ ਕੋਈ ਗਲਤੀ ਹੋ ਗਈ ਹੋਵੇ ਤਾਂ ਕਹਿ ਨਹੀਂ ਸਕਦੇ। ਬੰਦਾਂ ਦੇ ਮੂਲ ਪਾਠ ਦੀ ਗਿਣਤੀ ਤੇ ਤਾਂ ਅਸੀਂ ਦੋ ਡੰਡੀਆਂ ਹੀ ਰਹਿਣ ਦਿੱਤੀਆਂ ਹਨ ਪਰ ਅਰਥਾਂ ਵਿੱਚ ਇੱਕ ਹੀ ਪਾਈ ਹੈ।

ਦਸਮ ਗ੍ਰੰਥ ਦੀਆਂ ਕੁੱਝ ਲਿਖਤਾਂ ਨੂੰ ਛੱਡ ਕੇ ਬਾਕੀ ਸਾਰਾ ਕੂੜ ਕਬਾੜ ਗੁਰਬਾਣੀ ਸਿੱਖਿਆ ਦੇ ਉਲਟ ਹੈ ਅਤੇ ਇਹ ਕਿਸੇ ਸਾਜ਼ਿਸ਼ ਅਧੀਨ ਸਿੱਖਾਂ ਦੇ ਗਲ ਮੜ੍ਹਿਆ ਗਿਆ ਹੈ। ਇਹੀ ਕਾਰਨ ਹੈ ਕਿ ਜਿਹੜੇ ਇਸ ਸਾਰੇ ਗ੍ਰੰਥ ਨੂੰ ਦਸਮ ਗੁਰੂ ਦੀ ਕਿਰਤ ਮੰਨਦੇ ਹਨ ਉਨ੍ਹਾਂ ਦੇ ਵਿਚਾਰ ਵੀ ਕਈ ਥਾਂਈਂ ਇੱਕ ਦੂਜੇ ਦੇ ਵਿਰੋਧੀ ਹਨ। ਇਸੇ ਤਰ੍ਹਾਂ ਦੇ ਹੀ ਦੋ ਵਿਰੋਧੀ ਵਿਚਾਰਾਂ ਵਾਲਿਆਂ ਦੇ ਦੋ ਲੇਖ ਅਸੀਂ ਇਸ ਲੇਖ ਦੇ ਹੇਠਾਂ ਪਾ ਰਹੇ ਹਾਂ। ਇਹ ਦੋਵੇਂ ਦਸਮ ਗ੍ਰੰਥੀਆਂ ਵਿੱਚ ਵਿਦਵਾਨ ਮੰਨੇ ਜਾਂਦੇ ਹਨ। ਇਨ੍ਹਾਂ ਵਿਚੋਂ ਇੱਕ ਹਨ, ਸ: ਕਪੂਰ ਸਿੰਘ ਜੀ ਸਾਚੀ ਸਾਖੀ ਵਾਲੇ ਅਤੇ ਦੂਸਰੇ ਹਨ, ਡਾ: ਹਰਭਜਨ ਸਿੰਘ ਜੀ। ਜਿੱਥੇ ਡਾ: ਹਰਭਜਨ ਸਿੰਘ ਜੀ ਇਨ੍ਹਾਂ ਤਿੰਨਾਂ ਚਰਿਤ੍ਰਾਂ ਨੂੰ ਗੁਰੂ ਦੀ ਆਪ ਬੀਤੀ ਸਮਝਦੇ ਹੋਏ ਇਨ੍ਹਾਂ ਨੂੰ ‘ਅੰਮ੍ਰਿਤ ਕਥਾ’ ਦਾ ਨਾਮ ਦਿੰਦੇ ਹਨ ਉਥੇ ਦੂਸਰੇ ਪਾਸੇ ਸ: ਕਪੂਰ ਸਿੰਘ ਜੀ ਇਨ੍ਹਾਂ ਚਰਿਤ੍ਰਾਂ ਨੂੰ ਗੁਰੂ ਦੀ ਨਿਰਾਦਰੀ ਮੰਨਦੇ ਹਨ। ਉਨ੍ਹਾਂ ਦੇ ਲਫਜ਼ਾਂ ਵਿਚ, “ਇਹ ਤਿੰਨੇ ਕਹਾਣੀਆਂ, ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਦਾ ਇਤਿਹਾਸਕ ਪਾਤ੍ਰ ਮੰਨੀਏ ਤਾਂ ਸਪਸ਼ਟ ਅਜਿਹੀਆਂ ਹਨ, ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ”। ਜਿਹੜੀਆਂ ਕਹਾਣੀਆਂ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ ਲਿਖੀਆਂ ਹੀ ਕੂੜ ਦੇ ਅਧਾਰ ਤੇ ਹੋਣ ਉਹਨਾਂ ਬਾਰੇ ਤਾਂ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਹੀ ਸਹਿਮਤੀ ਔਖੀ ਹੈ ਤਾਂ ਫਿਰ ਨਾ ਮੰਨਣ ਵਾਲੇ ਆਪਣੇ ਗੁਰੂ ਦੀ ਨਿਰਾਦਰੀ ਕਿਉਂ ਕਰਨ? ਜਿਹੜੇ ਇਹਨਾਂ ਚਰਿਤ੍ਰਾਂ ਨੂੰ ਗੁਰੂ ਦੀ ਆਪ ਬੀਤੀ ਸਮਝਦੇ ਹਨ ਉਹ ਜਾਣ-ਬੁੱਝ ਕੇ ਕਈ ਗੱਲਾਂ ਇਹਨਾਂ ਵਿਚੋਂ ਛੁਪਾ ਲੈਂਦੇ ਹਨ। ਜਿਵੇਂ ਡਾ: ਹਰਭਜਨ ਸਿੰਘ ਨੇ ਆਪਣੇ ਇਸ ਲੇਖ ਵਿੱਚ ਪਾਤਰ ਵਲੋਂ ਜੁੱਤੀ ਅਤੇ ਪਾਮਰੀ ਛੱਡ ਕੇ ਭੱਜਣ ਦਾ ਜ਼ਿਕਰ ਨਹੀਂ ਕੀਤਾ।

ਇਨ੍ਹਾਂ ਤਿੰਨੇ ਚਰਿਤ੍ਰਾਂ ਵਿਚਲੀ ਸਾਰੀ ਕਹਾਣੀ ਝੂਠ ਦੇ ਅਧਾਰਤ ਗੁਰਮਤਿ/ਗੁਰਬਾਣੀ ਵਿਰੋਧੀ ਹੈ। ਇਸ ਵਿਚਲੇ ਮੁੱਖ ਪਾਤਰ ਨੂੰ ਕਦੀ ਰਾਜਾ ਬਣਾ ਦਿੱਤਾ ਜਾਂਦਾ ਹੈ ਕਦੀ ਰਾਇ ਅਤੇ ਕਦੀ ਗੁਰੂ। ਕੁੱਝ ਕੁ ਜਰੂਰੀ ਗੱਲਾਂ ਤੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦਾ ਯਤਨ ਕਰਦੇ ਹਾਂ।

ਗੁਰਮਤਿ ਵਿੱਚ ਜੰਤ੍ਰ-ਮੰਤ੍ਰ:- ਗੁਰਬਾਣੀ ਕਿਸੇ ਜੰਤ੍ਰ-ਮੰਤ੍ਰ ਨਹੀਂ ਮੰਨਦੀ। ਜੇ ਕਰ ਕਿਸੇ ਮੰਤ੍ਰ ਪੜ੍ਹਨ ਨਾਲ ਹੀ ਕੰਮ ਬਣਦੇ ਹੁੰਦੇ ਤਾਂ ਫਿਰ ਵਿਦਿਆ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਕੋਈ ਮੰਤ੍ਰ ਪੜ੍ਹੋ ਤੇ ਕੰਮ ਕਾਰ ਸਵਾਰ ਲਓ। ਦੁਨੀਆ ਦੇ ਅਗਾਂਹ ਵਧੂ ਦੇਸ਼ ਤਾਂ ਐਵੇਂ ਹੀ ਯੂਨੀਵਰਸਿਟੀਆਂ ਬਣਾ ਕੇ ਜੀਵਨ ਨੂੰ ਸੌਖਾ ਬਣਾਉਣ ਲਈ ਨਵੀਆਂ ਖੋਜਾਂ ਲਈ ਪੈਸੇ ਬਰਬਾਦ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹੇ ਮੰਤ੍ਰਾਂ ਨੂੰ ਮੰਨਣ ਵਾਲੇ ਇਕੱਠੇ ਕਰ ਕੇ, ਉਨ੍ਹਾਂ ਤੋਂ ਮੰਤ੍ਰ ਪੜ੍ਹਾ ਕੇ ਕੋਈ ਨਵੀਂ ਖੋਜ ਕਰਵਾ ਲੈਣੀ ਚਾਹੀਦੀ ਹੈ। ਦੇਸ਼ ਦੀ ਰੱਖਿਆ ਵਾਸਤੇ ਐਵੇਂ ਹੀ ਅਰਬਾਂ-ਖਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ, ਕਿਉਂ ਨਹੀਂ ਕਿਸੇ ਮੰਤ੍ਰ ਨੂੰ ਪੜ੍ਹਨ ਮੰਨਣ ਵਾਲੇ ਤੋਂ ਕੋਈ ਸੇਵਾ ਲੈ ਲਈ ਜਾਂਦੀ ਤਾਂ ਕਿ ਕੋਈ ਮੰਤ੍ਰ ਪੜ੍ਹ ਕੇ ਵਿਰੋਧੀ ਫੌਜਾਂ ਦੇ ਸਿਪਾਹੀਆਂ ਨੂੰ ਰੋਕ ਦਿੰਦਾ, ਅੰਨ੍ਹੇ ਕਰ ਦਿੰਦਾ ਅਤੇ ਜਾਂ ਫਿਰ ਉਨ੍ਹਾਂ ਦੇ ਸਾਰੇ ਹਥਿਆਰ ਹੀ ਨਕਾਰਾ ਕਰ ਦਿੰਦਾ। ਜੇ ਕਰ ਐਸਾ ਹੋ ਸਕਦਾ ਹੁੰਦਾ ਤਾਂ ਫਿਰ ਇਹ ਗੱਲ ਤਾਂ ਬਾਬਰ ਦੇ ਹਮਲੇ ਵੇਲੇ ਜਰੂਰ ਹੋ ਜਾਣੀ ਸੀ, ਪਰ ਹੋਈ ਨਹੀਂ। ਤਾਂਹੀਓਂ ਤਾਂ ਗੁਰੂ ਨਾਨਕ ਨੇ ਬਾਬਰ ਬਾਣੀ ਦੇ ਸ਼ਬਦਾਂ ਵਿੱਚ ਅਜਿਹੇ ਪਖੰਡ ਵਾਦੀ/ਅੰਧਵਿਸ਼ਵਾਸੀਆਂ ਦੇ ਪਖੰਡ ਨੰਗੇ ਕੀਤੇ ਹਨ। ਯਾਰੋ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਪਖੰਡ ਵਾਲੇ ਮੰਤ੍ਰ ਦੀ ਖੰਡਣਾ ਪਹਿਲੇ ਗੁਰੂ ਨੇ ਹੀ ਕਰ ਦਿੱਤੀ ਸੀ, ਸਿੱਖ ਉਸੇ ਗੁਰੂ ਨੂੰ ਦਸਵੇਂ ਜਾਮੇ ਵਿੱਚ ਮੰਤ੍ਰ ਸਿੱਖਣ ਲਈ ਭੇਸ ਬਦਲਾ ਕੇ ਰਾਤ ਨੂੰ ਕਿਸੇ ਪਰਾਈ ਇਸਤ੍ਰੀ ਦੇ ਘਰ ਭੇਜਦੇ ਸ਼ਰਮ ਮਹਿਸੂਸ ਨਹੀਂ ਕਰਦੇ? ਫਿਰ ਝੂਠ ਬੋਲ ਕੇ ਕਹਿੰਦੇ ਹਨ ਕਿ ਉਹ ਮੰਤ੍ਰ ਸਿੱਖਣ ਨਹੀਂ ਸੀ ਗਏ ਉਹ ਤਾਂ ਕਾਮ ਵਿੱਚ ਅੰਨ੍ਹੀ ਹੋਈ ਇੱਕ ਇਸਤਰੀ ਨੂੰ ਸਿੱਖਿਆ ਦੇਣ ਗਏ ਸਨ। ਕੀ ਸਿੱਖਿਆ ਰਾਤ ਨੂੰ ਭੇਸ ਬਦਲ ਕੇ ਜਾ ਕੇ ਹੀ ਦੇਣੀ ਪੈਣੀ ਸੀ? ਇਹ ਕਹਾਣੀ ਤੁਰਦੀ ਹੀ ਮੰਤ੍ਰ ਵਾਲੀ ਗੱਲ ਤੋਂ ਹੈ ਕਿ ਉਹ ਪਾਤਰ ਝੱਟ-ਪੱਟ ਹੀ ਮੰਤ੍ਰ ਸਿੱਖਣ ਲਈ ਤਿਆਰ ਹੋ ਜਾਂਦਾ ਹੈ। ਗੁਰਬਾਣੀ ਵਿੱਚ ਮੰਤ੍ਰਾਂ ਸੰਬੰਧੀ ਕੁੱਝ ਪੰਗਤੀਆਂ:

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ॥ ਪੰਨਾ 767॥

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ॥ 1॥ ਰਹਾਉ॥ ਪੰਨਾ 817॥

ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ਪੰਨਾ 1035॥

ਮਨਮੁਖਿ ਭਰਮਿ ਭਵੈ ਬੇਬਾਣਿ॥ ਵੇਮਾਰਗਿ ਮੂਸੈ ਮੰਤ੍ਰਿ ਮਸਾਣਿ॥ ਸਬਦੁ ਨ ਚੀਨੈ, ਲਵੈ ਕੁਬਾਣਿ॥ ਨਾਨਕ, ਸਾਚਿ ਰਤੇ ਸੁਖੁ ਜਾਣਿ॥ 26॥ {ਪੰਨਾ 941}

ਜਾਤ-ਪਾਤ:- ਗੁਰਬਾਣੀ ਕਿਸੇ ਜਾਤ-ਪਾਤ ਜਾਂ ਕਿਸੇ ਉੱਚੀ ਕੁੱਲ ਨੂੰ ਕੋਈ ਵੀ ਮਹਾਨਤਾ ਨਹੀਂ ਦਿੰਦੀ ਪਰ ਇਸ ਕਹਾਣੀ ਵਿਚਲਾ ਪਾਤਰ ਆਪਣੀ ਉੱਚੀ ਕੁੱਲ ਹੋਣ ਦਾ ਮਾਣ ਕਰਦਾ ਹੈ ਅਤੇ ਅਗਾਂਹ ਵਾਲੇ ਜਨਮ ਵਿੱਚ ਨੀਵੀਂ ਜਾਤ ਵਿੱਚ ਪੈਦਾ ਹੋਣ ਬਾਰੇ ਕਹਿੰਦਾ ਹੈ। ਇਹ ਦੋਵੇਂ ਗੱਲਾਂ ਗੁਰਮਤਿ ਤੋਂ ਉਲਟ ਹਨ। ਨਾਂ ਤਾਂ ਗੁਰਬਾਣੀ ਕਿਸੇ ਜਾਤ-ਪਾਤ ਨੂੰ ਮੰਨਦੀ ਹੈ ਅਤੇ ਨਾਂ ਹੀ ਅੱਗੇ ਕਿਸੇ ਦੀ ਕੋਈ ਜਾਤ ਨਾਲ ਜਾਂਦੀ ਹੈ। ਇਸ ਲਈ ਇਹਨਾਂ ਨੂੰ ਲਿਖਣ ਵਾਲਾ ਦਸਵਾਂ ਗੁਰੂ ਬਿਲਕੁਲ ਨਹੀਂ ਹੋ ਸਕਦਾ। ਗੁਰਬਾਣੀ ਵਿਚੋਂ ਕੁੱਝ ਪੰਗਤੀਆਂ:

ਸਲੋਕ ਮ: 1॥ ਫਕੜ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਇ॥ 1॥ {ਪੰਨਾ 83}

ਪਵੜੀ॥ ਜਾਤੀ ਦੈ ਕਿਆ ਹਥਿ, ਸਚੁ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਐ॥ ਸਚੇ ਕੀ ਸਿਰਕਾਰ, ਜੁਗੁ ਜੁਗੁ ਜਾਣੀਐ॥ {ਪੰਨਾ 142}

ਅਰਥ: — (ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿੱਚ ਕੁੱਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ)। (ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ—ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿੱਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿੱਚ ਜਾਤਿ ਦਾ ਲਿਹਾਜ਼ ਨਹੀਂ ਹੋਇਆ)।

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ {ਪੰਨਾ 349}

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 3॥ {ਪੰਨਾ 469}

ਚਰਿਤ੍ਰਾਂ ਨਾਲ ਸੰਬੰਧਿਤ ਬੇਨਤੀ ਚੌਪਈ:- ਇਹ ਰਚਨਾ ਚਰਿਤ੍ਰਾਂ ਦੇ ਅਖੀਰ ਵਿੱਚ ਹੈ। ਇਸ ਵਿਚਲੀ ਸਿੱਖਿਆ ਗੁਰਮਤਿ ਅਨੁਸਾਰੀ ਨਹੀਂ ਹੈ। ਗੁਰਮਤਿ ਦੀ ਥੋੜੀ ਜਿਹੀ ਸੋਝੀ ਰੱਖਣ ਵਾਲਾ ਵੀ ਛੇਤੀਂ ਹੀ ਸਮਝ ਜਾਂਦਾ ਹੈ ਕਿ ਇਸ ਦਾ ਸਿਧਾਂਤ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ। ਪਰ ਪਤਾ ਨਹੀਂ ਕੀ ਮਜਬੂਰੀ ਸੀ ਕਿ ਇਸ ਨੂੰ ਨਿਤਨੇਮ ਵਿੱਚ ਸ਼ਾਮਲ ਕਰ ਦਿੱਤਾ ਗਿਆ। ਇਸ ਬਾਰੇ ਸਮੇਂ-ਸਮੇਂ ਅਵਾਜ਼ਾਂ ਉਠਦੀਆਂ ਰਹੀਆਂ ਹਨ ਪਰ ਸਭ ਤੋਂ ਜਬਰਦਸਤ ਅਵਾਜ਼ ਗਿਆਨੀ ਭਾਗ ਸਿੰਘ ਅੰਬਾਲਾ ਨੇ ਉਠਾਈ ਸੀ। ਜਿਸ ਨੂੰ ਕਥਿਤ ਤੌਰ ਤੇ ਪੁਜਾਰੀਆਂ ਨੇ ਛੇਕ ਦਿੱਤਾ ਸੀ। ਪਰ ਇਸ ਤਰ੍ਹਾਂ ਕਰਨ ਨਾਲ ਗੁਰਮਤਿ ਦੇ ਜਾਣੂਆਂ ਵਿੱਚ ਉਸ ਦਾ ਸਤਿਕਾਰ ਕੋਈ ਘਟਿਆ ਨਹੀਂ ਸਗੋਂ ਵਧਿਆ ਹੈ। ਕਈ ਵਾਰੀ ਵਿਦਵਾਨ ਜਾਣਦੇ ਹੋਏ ਵੀ ਕਿਸੇ ਮਸਲੇ ਬਾਰੇ ਚੁੱਪ ਰਹਿੰਦੇ ਹਨ। ਉਨ੍ਹਾਂ ਦੀਆਂ ਕਈ ਮਜਬੂਰੀਆਂ ਵੀ ਹੁੰਦੀਆਂ ਹਨ। ਜੇ ਕਰ ਉਹ ਕਿਸੇ ਵਿਵਾਦਤ ਮਸਲੇ ਬਾਰੇ ਆਪਣੇ ਵਿਚਾਰ ਖੁੱਲ ਕੇ ਦੇ ਦੇਣ ਤਾਂ ਉਨ੍ਹਾਂ ਦੇ ਹੋਰ ਕਈ ਜ਼ਰੂਰੀ ਕੰਮ ਪਿਛੇ ਪੈਣ ਦਾ ਡਰ ਬਣਿਆਂ ਰਹਿੰਦਾ ਹੈ। ਮਜਬੂਰੀ ਦੀ ਇੱਕ ਮਿਸਾਲ ਇਹ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਮੰਗਲਾ ਚਰਨ ਦੀ ਸਹੀ ਥਾਂ ਸੰਬੰਧੀ ਆਪਣੇ ਵਿਚਾਰ ਪਹਿਲੀ ਪੋਥੀ ਵਿੱਚ ਹੀ ਪਹਿਲੇ ਮੰਗਲਾ ਚਰਨ ਤੋਂ ਬਾਅਦ ਹੀ ਦੇਣ ਦੀ ਥਾਂ ਦਸਵੀਂ ਪੋਥੀ ਵਿੱਚ ਜਾ ਕੇ ਦਿੱਤੇ ਹਨ। ਜਦੋਂ ਇਸ ਬਾਰੇ ਮੈਂ ਪ੍ਰਿੰ: ਹਰਿਭਜਨ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵਿਦਵਾਨਾਂ ਦੀ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ। ਜੇ ਕਰ ਉਹ ਇਹੀ ਗੱਲ ਪਹਿਲੀ ਪੋਥੀ ਦੇ ਅਰੰਭ ਵਿੱਚ ਹੀ ਲਿਖ ਦਿੰਦੇ ਤਾਂ ਹੋ ਸਕਦਾ ਸੀ ਕਈ ਰੌਲਾ ਪਾ ਕੇ ਉਨ੍ਹਾਂ ਦਾ ਟੀਕਾ ਛਪਣ ਹੀ ਨਾ ਦਿੰਦੇ। ਫਿਰ ਉਨ੍ਹਾਂ ਦੀ ਕੀਤੀ ਹੋਈ ਇਤਨੀ ਮਿਹਨਤ ਅਜਾਈਂ ਹੀ ਚਲੇ ਜਾਣੀ ਸੀ ਅਤੇ ਜੋ ਸਿੱਖ ਉਸ ਟੀਕੇ ਤੋਂ ਹੁਣ ਲਾਭ ਲੈ ਰਹੇ ਹਨ ਉਹ ਸ਼ਾਇਦ ਵਾਂਝੇ ਹੀ ਰਹਿ ਜਾਂਦੇ।

ਸਿੱਖ ਪੰਥ ਵਿੱਚ ਦੋ ਵਿਦਵਾਨ ਐਸੇ ਹੋਏ ਹਨ ਜਿਨ੍ਹਾਂ ਨੇ ਕੇ ਬਾਕੀਆਂ ਨਾਲੋਂ ਕੁੱਝ ਵੱਖਰਾ ਅਤੇ ਵੱਡਾ ਕੰਮ ਕੀਤਾ ਹੈ। ਇਹ ਹਨ ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ। ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਅਤੇ ਗੁਰਮਤਿ ਮਾਰਤੰਡ ਤੇ ਪ੍ਰੋ: ਸਾਹਿਬ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਟੀਕਾ ਬਹੁਤ ਹੀ ਮਿਹਨਤ ਨਾਲ ਕੀਤਾ ਮਹਾਨ ਕੰਮ ਹੈ। ਪ੍ਰੋ: ਸਾਹਿਬ ਸਿੰਘ ਜੀ ਨੇ ਨਾਂ ਤਾਂ ਇਸ ਬੇਨਤੀ ਚੌਪਈ ਦੇ ਵਿਰੋਧ ਵਿੱਚ ਕੁੱਝ ਲਿਖਿਆ ਹੈ ਅਤੇ ਨਾ ਹੀ ਇਸ ਦੇ ਅਰਥ ਕੀਤੇ ਹਨ। ਪ੍ਰਿੰ: ਹਰਿਭਜਨ ਸਿੰਘ ਜੀ ਜਿਹੜੇ ਕਿ ਉਨ੍ਹਾਂ ਦੇ ਕਾਫ਼ੀ ਨੇੜੇ ਰਹੇ ਹਨ ਅਤੇ ਉਨ੍ਹਾਂ ਤੋਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪਿੰ: ਰਹੇ ਹਨ, ਉਨ੍ਹਾਂ ਦੇ ਦੱਸਣ ਮੁਤਾਬਕ ਪ੍ਰੋ: ਸਾਹਿਬ ਸਿੰਘ ਜੀ ਨਾਂ ਤਾਂ ਇਸ ਚੌਪਈ ਨੂੰ ਮੰਨਦੇ ਸਨ ਅਤੇ ਨਾ ਹੀ ਉਨ੍ਹਾਂ ਨੇ ਇਸ ਦਾ ਕੋਈ ਟੀਕਾ ਕੀਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਇਸ ਚੌਪਈ ਨੂੰ ਪਤਾ ਨਹੀਂ ਕਿਸ ਮਜਬੂਰੀ ਵਿੱਚ ਮੰਨਦੇ ਸਨ। ਉਹ ਅਸਿੱਧੇ ਤੌਰ ਤੇ ਤ੍ਰਿਆ ਚਰਿਤ੍ਰਾਂ ਨੂੰ ਰੱਦ ਵੀ ਕਰਦੇ ਹਨ ਪਰ ਇਸ ਨਾਲ ਸੰਬੰਧਿਤ ਚੌਪਈ ਦੇ ਹੱਕ ਵਿੱਚ ਵੀ ਲਿਖਦੇ ਹਨ। ਗੁਰਮਤਿ ਮਾਰਤੰਡ ਦੇ ਪਹਿਲੇ ਭਾਗ ਦੀ ਭੂਮਿਕਾ ਵਿੱਚ ਲਿਖਦੇ ਹਨ, “ਇਸ ਪਰ ਵੀ ਭਾਰੀ ਹੋਰ ਖੇਦ ਹੈ ਕਿ ਸਾਡੀ ਕੌਮ ਵਿੱਚ ਪਰਮਾਰਥ ਗਯਾਤਾ, ਸੱਤਯ ਦੇ ਖੋਜੀ ਵਿਦਵਾਨ ਬਹੁਤ ਹੀ ਘੱਟ ਹਨ, ਸਗੋਂ ਖੋਜੀਆਂ ਦੇ ਵੈਰੀ ਅਤੇ ਯਥਾਰਥ ਲਿਖਣ ਜਾਂ ਕਹਿਣ ਵਾਲਿਆਂ ਨੂੰ ਨਾਸਤਿਕ ਆਖਣ ਵਾਲਿਆਂ ਦੀ ਗਿਣਤੀ ਬਹੁਤੀ ਹੈ।” ਇਸ ਤੋਂ ਅੱਗੇ ਅਸੂਲ ਵਿਰੁੱਧ ਗੱਲਾਂ ਵਿੱਚ ਇਸਤ੍ਰੀ ਬਾਰੇ ਇਉਂ ਲਿਖਦੇ ਹਨ, “ਜਿਸ ਇਸਤ੍ਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ‘ਆਸਾ ਦੀ ਵਾਰ’ ਵਿੱਚ ਲਿਖਦੇ ਹਨ- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਅਤੇ ਭਾਈ ਗੁਰਦਾਸ ਜੀ ਪੰਜਵੀਂ ਵਾਰ ਵਿੱਚ ਲਿਖਦੇ ਹਨ- ਲੋਕ ਵੇਦ ਗੁਣ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ॥ ਗੁਰਮੁਖਿ ਸੁਖ ਫਲੁ ਨਿਹਚਉ ਨਾਰੀ॥ ਚਰਿਤ੍ਰੋਪਾਖਯਾਨ ਵਿੱਚ ਇਸਤ੍ਰੀ ਦੀ ਇਉਂ ਨਿੰਦਾ ਕੀਤੀ ਗਈ ਹੈ:- ਜਿਨਿ ਇਹ ਕਿਯੋ ਸਗਲ ਸੰਸਾਰੋ॥ ਵਹੈ ਪਛਾਨ ਭੇਦ ਤ੍ਰਿਯ ਹਾਰੋ॥ ਚਰਿਤ੍ਰ 312॥ ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛਤਾਨਯੋ ਇਨ ਕਰਤਾਰਾ॥ ਚਰਿਤ੍ਰ 322॥ ਚੰਚਲਾਨ ਕੇ ਚਰਿਤ ਕੋ ਸਕਤ ਨ ਕੋਊ ਵਿਚਾਰ॥ ਬ੍ਰਹਮ ਬਿਸਨ ਸ਼ਿਵ ਖਟ ਬਦਨ ਜਿਨਿ ਸਿਰਜੀ ਕਰਤਾਰ॥ ਚਰਿਤ੍ਰ 339॥” ਇਨ੍ਹਾਂ ਉਪਰ ਲਿਖੇ ਚਰਿਤ੍ਰਾਂ ਦੀ ਵਿਆਖਿਆ ਉਨ੍ਹਾਂ ਦੀ ਆਪਣੀ ਹੀ ਲਿਖਤ ਅਨੁਸਾਰ ਇਹ ਹੈ, “ਕਰਤਾਰ ਕਿਤਨਾ ਅਲਪਗਯ ਸਿੱਧ ਕੀਤਾ ਹੈ। ਇਸਤ੍ਰੀ ਰਚਣ ਵੇਲੇ ਕਰਤਾਰ ਨੂੰ ਪਤਾ ਨਹੀਂ ਸੀ ਕਿ ਮੈਨੂੰ ਇਸ ਨੂੰ ਰਚ ਕੇ ਪਛਤਾਉਣਾ ਪਊ। ਸਾਰੇ ਦਾਨਾਂ ਆਖਦੇ ਅਤੇ ਲਿਖਦੇ ਹਨ ਕਿ ਕਰਤਾਰ ਮਨ ਬੁੱਧਿ ਤੋਂ ਪਰ੍ਹੇ ਹੈ, ਪਰ ਇਸ ਕਥਨ ਅਨੁਸਾਰ ਇਸਤ੍ਰੀ ਦੇ ਚਰਿੱਤ੍ਰਾਂ ਦਾ ਭੇਤ ਕਰਤਾਰ ਨੂੰ ਭੀ ਨਹੀਂ ਮਿਲਦਾ”।

ਇਸ ਉੱਪਰਲੀ ਲਿਖਤ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਜੀ ਚਰਿਤ੍ਰਾਂ ਨੂੰ ਗੁਰਮਤਿ ਵਿਰੋਧੀ ਸਮਝਦੇ ਹਨ। ਇਹ ਦੋਵੇਂ ਬਹੁਤ ਹੀ ਸਤਿਕਾਰਤ ਵਿਦਵਾਨ ਹੋਏ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਕੋਈ ਗਲਤੀ ਨਹੀਂ ਕਰ ਸਕਦੇ ਅਤੇ ਨਾਂ ਹੀ ਇਹ ਸਾਡੇ ਕੋਈ ਗੁਰੂ ਹਨ ਕਿ ਇਨ੍ਹਾਂ ਦੀ ਹਰ ਗੱਲ ਸਾਡੇ ਲਈ ਮੰਨਣੀ ਲਾਜ਼ਮੀ ਹੈ। ਕਿਉਂਕਿ ਇਹ ਹੁਣ ਇਸ ਸੰਸਾਰ ਵਿੱਚ ਨਹੀਂ ਹਨ ਇਸ ਲਈ ਇਨ੍ਹਾਂ ਤੋਂ ਨਾ ਤਾਂ ਹੁਣ ਕੋਈ ਸਵਾਲ ਹੀ ਪੁੱਛਿਆ ਜਾ ਸਕਦਾ ਹੈ ਅਤੇ ਨਾ ਹੀ ਹੋਰ ਬਹੁਤਾ ਕੁੱਝ ਲਿਖਣਾ ਜਾਇਜ਼ ਹੈ। ਸਿੱਖਾਂ ਦੀ ਬਹੁ ਗਿਣਤੀ ਕਦੀ ਵੀ ਬਹੁਤੀ ਸਿਆਣੀ ਨਹੀਂ ਹੋਈ ਜੇ ਕਰ ਸਿਆਣੀ ਹੁੰਦੀ ਤਾਂ ਇਤਨੀ ਮਿਹਨਤ ਨਾਲ ਲਿਖਿਆ ਪ੍ਰੋ: ਸਾਹਿਬ ਸਿੰਘ ਦਾ ਟੀਕਾ ਸ਼੍ਰੋਮਣੀ ਕਮੇਟੀ ਜਾਂ ਹੋਰ ਸਿੱਖ ਛਾਪਦੇ ਪਰ ਉਹ ਇੱਕ ਅਕਲਮੰਦ ਨੇਕ ਹਿੰਦੂ ਨੂੰ ਹੀ ਕਿਉਂ ਛਾਪਣਾ ਪਿਆ ਸੀ। ਇਸ ਤੋਂ ਹੀ ਸਿੱਖਾਂ ਦੀ ਅਕਲ ਦਾ ਪਤਾ ਲੱਗ ਜਾਂਦਾ ਹੈ।

ਜਿਸ ਤਰ੍ਹਾਂ ਕਥਿਤ ਮਹਾਂਪੁਰਖਾਂ ਦੇ ਸ਼ਰਧਾਲੂ ਸਿੱਖਾਂ ਦੀ ਸੋਚਣੀ ਆਪਣੇ ਕਥਿਤ ਮਹਾਂਪੁਰਖਾਂ ਦੀ ਸੋਚਣੀ ਤੱਕ ਹੀ ਸੀਮਤ ਹੁੰਦੀ ਹੈ ਇਸ ਤਰ੍ਹਾਂ ਕਈ ਵਿਦਵਾਨਾਂ ਦੇ ਖਾਸ ਸ਼ਰਧਾਲੂਆਂ ਦੀ ਸੋਚਣੀ ਵੀ ਉਨ੍ਹਾਂ ਦੀਆਂ ਲਿਖਤਾਂ ਤੱਕ ਹੀ ਸੀਮਤ ਹੋ ਜਾਂਦੀ ਹੈ। ਕਈ ਵਿਦਵਾਨ ਵੀ ਦੂਸਰੇ ਵਿਦਵਾਨਾਂ ਨੂੰ ਆਪਣੇ ਤੋਂ ਥੋੜੇ ਜਿਹੇ ਵੱਖਰੇਵੇਂ ਕਾਰਨ ਹੱਦ ਦਰਜ਼ੇ ਤੱਕ ਭੰਡਣ ਵੀ ਚਲੇ ਜਾਂਦੇ ਹਨ। ਇਸ ਦੇ ਉਲਟ ਅਸੀਂ ਸਭ ਗੁਰਮਤਿ ਨੂੰ ਸਮਝਣ ਵਾਲੇ ਵਿਦਵਾਨਾਂ ਦਾ ਸਤਿਕਾਰ ਕਰਦੇ ਹਾਂ ਪਰ ਆਪਣੀ ਸੋਚਣੀ ਨੂੰ ਕਿਸੇ ਇੱਕ ਵਿਦਵਾਨ ਦੀ ਹੱਦ ਤੱਕ ਹੀ ਸੀਮਤ ਨਹੀਂ ਰੱਖਦੇ। ਗਿਆਨੀ ਗੁਰਦਿੱਤ ਸਿੰਘ ਨੇ ‘ਮੁੰਦਾਵਣੀ’ ਤੇ ਇੱਕ ਕਿਤਾਬ ਲਿਖੀ ਸੀ ਜੋ ਕਿ ਜਾਗਰੂਕ ਸਿੱਖਾਂ ਵਿੱਚ ਕਾਫ਼ੀ ਸਲਾਹੀ ਗਈ ਸੀ ਪਰ ਡੇਰਾਵਾਦੀਆਂ/ਪੁਜਾਰੀਆਂ ਨੂੰ ਉਹ ਮੁਆਫ਼ਕ ਨਹੀਂ ਬੈਠੀ। ਉਨ੍ਹਾਂ ਦੀ ਇੱਕ ਕਿਤਾਬ ਹੋਰ ਹੈ, ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਭਗਤ ਬਾਣੀ ਭਾਗ, ਜਿਸ ਵਿੱਚ ਵੀ ਉਨ੍ਹਾਂ ਨੇ ਕਾਫ਼ੀ ਖੋਜ ਕੀਤੀ ਹੈ ਪਰ ਨਾਲ ਹੀ ਉਸ ਕਿਤਾਬ ਵਿੱਚ ਪ੍ਰੋ: ਸਾਹਿਬ ਸਿੰਘ ਨੂੰ ਰੱਜ ਕੇ ਨਿੰਦਿਆ ਗਿਆ ਹੈ। ਪਤਾ ਕਿਉਂ? ਕਿਉਂਕਿ ਭਗਤਾਂ ਦੀ ਬਾਣੀ ਇਕੱਤਰ ਕਰਨ ਅਤੇ ਭਗਤਾਂ ਬਾਰੇ ਉਨ੍ਹਾਂ ਦੇ ਵਿਚਾਰ ਇਨ੍ਹਾਂ ਤੋਂ ਕੁੱਝ ਵੱਖਰੇ ਸਨ।

ਸ: ਕਪੂਰ ਸਿੰਘ ਜੀ ਇਸ ਚੌਪਈ ਨੂੰ ਚਰਿਤ੍ਰਾਂ ਦਾ ਹੀ ਸਾਹਿਤਕ ਭਾਗ ਮੰਨਦੇ ਹਨ। ਉਨ੍ਹਾਂ ਨੇ ਆਪਣੀ ਲਿਖਤ ਵਿੱਚ ਇਸ ਤਰ੍ਹਾਂ ਲਿਖਿਆ ਹੈ, “ਕਬਿਉਬਾਚ ਬੇਨਤੀ ਚੌਪਈ, ਜੋ ਕਿ ‘ਤ੍ਰਿਯ ਚਰਿਤ੍ਰ’ ਦਾ ਹੀ ਸਾਹਿਤਕ ਭਾਗ ਹੈ, ਵਿੱਚ ਭੀ ‘ਸਿੱਖ’ ਸ਼ਬਦ, ਨੌਕਰਾਂ ਚਾਕਰਾਂ ਦੇ ਅਰਥ ਵਿੱਚ ਹੀ, ਇਸੇ ਲੇਖਕ, ਗੁਰੂ ਸਾਹਿਬ ਨੇ, ਵਰਤਿਆ ਹੈ:-ਸੁਖੀ ਬਸੈ ਮੋਰੋ ਪਰਿਵਾਰਾ॥ ਸੇਵਕ ਸਿੱਖ ਸਭੈ ਕਰਤਾਰਾ”। ਸਾਡੀ ਸੋਚਣੀ ਮੁਤਾਬਕ ਇਸ ਤਰ੍ਹਾਂ ਦਾ ਲੱਚਰ ਸਾਹਿਤ ਦਸਵੇਂ ਗੁਰੂ ਦੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦਾ ਇਸ ਲਈ ਉਹ ਕਦੀ ਵੀ ਅਜਿਹੇ ਲੱਚਰ ਸਾਹਿਤ ਨੂੰ ਲਿਖਣ ਵਾਲੇ ਨਹੀਂ ਹੋ ਸਕਦੇ। ਇਸ ਚੌਪਈ ਵਿੱਚ ਸਾਰਾ ਕੁੱਝ ਹੀ ਸਿੱਖੀ ਸਿਧਾਂਤਾਂ ਦੇ ਉਲਟ ਹੈ। ਇਹ ਮਨਾ ਵਿੱਚ ਨਫ਼ਰਤ ਪੈਦਾ ਕਰਨ ਵਾਲੀ ਕਿਸੇ ਸਾਕਤ ਕਵੀ ਦੀ ਰਚਨਾ ਹੋ ਸਕਦੀ ਹੈ ਪਰ ਦਸਵੇਂ ਗੁਰੂ ਨਾਨਕ ਦੀ ਬਿੱਲਕੁੱਲ ਨਹੀਂ ਕਦੀ ਵੀ ਨਹੀਂ।

ਭਾਈ ਮਨੀ ਸਿੰਘ ਅਤੇ ਤ੍ਰਿਯਾ ਚਰਿਤ੍ਰ:- ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਨੂੰ ਇੱਕ ਚਿੱਠੀ ਲਿਖਦੇ ਹਨ ਜਿਸ ਵਿੱਚ ਕਿ ਦਸਮ ਗ੍ਰੰਥ ਦੀਆਂ ਲਿਖਤਾ ਨੂੰ ਭੇਜਣ ਦਾ ਜ਼ਿਕਰ ਮਿਲਦਾ ਹੈ। ਇਹ ਚਿੱਠੀ ਹੁਣ ਸਰਾਸਰ ਜਾਹਲੀ ਸਾਬਤ ਹੋ ਚੁੱਕੀ ਹੈ। ਇਸ ਚਿੱਠੀ ਦੀਆਂ ਕੁੱਝ ਲਾਈਨਾਂ ਇਹ ਹਨ, “ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ॥ ਉਨਾ ਵਿਚਿ ਸਾਹਿਬਾਂ ਦੇ 303 ਚਰਿਤੲ ਉਪਖਿਆਨ ਦੀ ਪੋਥੀ ਦੀ ਪੋਥੀ ਜੋ ਹੈ ਸੇ ਸੀਹਾ ਸਿੰਘ ਨੂੰ ਮਹਲ ਵਿਚਿ ਦੇਨਾ ਜੀ”॥ ਇਸ ਚਿੱਠੀ ਵਿੱਚ ਤਾਪ ਦੀ ਕਥਾ ਸੁਣਨ ਦਾ ਵੀ ਜ਼ਿਕਰ ਹੈ ਜੋ ਕਿ ਬਿਲਕੁਲ ਗੁਰਮਤਿ ਵਿਰੋਧੀ ਗੱਲ ਹੈ। ਪਰ ਜਦੋਂ ਗੁਰਮਤਿ ਅਤੇ ਗੁਰੂਆਂ ਬਾਰੇ ਕਿਸੇ ਲਿਖਤ ਰਾਹੀਂ ਕੋਈ ਭੰਬਲਭੂਸਾ ਖੜ੍ਹਾ ਕਰਨਾ ਹੋਵੇ ਤਾਂ ਫਿਰ ਉਸ ਲਿਖਤ ਨੂੰ ਕਿਸੇ ਮਹਾਨ ਸਿੱਖ ਨਾਲ ਜੋੜਨਾ ਜਰੂਰੀ ਹੈ। ਭਾਈ ਮਨੀ ਸਿੰਘ ਨਾਲ ਦਸਮ ਗ੍ਰੰਥ ਨੂੰ ਜੋੜਿਆ ਗਿਆ, ਭਗਤ ਮਾਲਾ ਨੂੰ ਜੋੜਿਆ ਗਿਆ ਅਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੂੰ ਵੀ ਜੋੜਿਆ ਗਿਆ ਹੈ। ਹੁਣ ਤੁਸੀਂ ਆਪ ਹੀ ਸੋਚੋ ਕਿ ਇਨ੍ਹਾਂ ਤਿੰਨਾਂ ਹੀ ਗ੍ਰੰਥਾਂ ਨੇ ਸਿੱਖੀ ਵਿੱਚ ਸ਼ਰਧਾ ਅਧੀਨ ਕਿੰਨੀ ਮਨਮਤ ਵਾੜ ਕੇ ਭੰਬਲਭੂਸਾ ਪੈਦਾ ਕੀਤਾ ਹੋਇਆ ਹੈ। ਇਸੇ ਤਰ੍ਹਾਂ ਹੀ ਇੱਕ ਫਰਜ਼ੀ ਪਾਤਰ ਬਾਲੇ ਨੂੰ ਗੁਰੂ ਨਾਨਕ ਦਾ ਸਾਥੀ ਬਣਾ ਕੇ, ਭਾਈ ਬਾਲੇ ਵਾਲੀ ਜਨਮ ਸਾਖੀ ਪ੍ਰਚਲਤ ਕੀਤੀ ਹੋਈ ਹੈ।

ਦਸਮ ਗ੍ਰੰਥ/ਚਰਿਤ੍ਰੋ ਪਾਖਿਆਨ ਅਤੇ ਬਿਮਾਰੀਆਂ:- ਚਰਿਤ੍ਰਾਂ ਨੂੰ ਦਸਵੇਂ ਗੁਰੂ ਦੀ ਆਪਣੀ ਲਿਖਤ ਅਤੇ ਆਪ ਬੀਤੀ ਦੇ ਕੱਟੜ ਹਮਾਇਤੀ ਇਹ ਵੀ ਕਹਿੰਦੇ ਹਨ ਕਿ ਜੇ ਕਰ ਇਨ੍ਹਾਂ ਚਰਿਤ੍ਰਾਂ ਦਾ ਪ੍ਰਚਾਰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਏਡਜ਼ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਦਸਮ ਗ੍ਰੰਥ ਨੂੰ ਮੰਨਣ ਵਾਲੇ ਕਈ ਐਸੇ ਵੀ ਹਨ ਜੋ ਇਹ ਪ੍ਰਚਾਰ ਕਰਦੇ ਹਨ ਕਿ ਫਲਾਨੇ ਨੂੰ ਆਹ ਬਿਮਾਰੀ ਲੱਗ ਗਈ ਹੈ ਅਤੇ ਧਿਮਕੜੇ ਨੂੰ ਆ ਲੱਗ ਗਈ ਹੈ ਕਿਉਂਕਿ ਇਸ ਦਸਮ ਗ੍ਰੰਥ ਦਾ ਵਿਰੋਧ ਕਰਦੇ ਸਨ। ਜੇ ਇਸ ਤਰ੍ਹਾਂ ਹੁੰਦਾ ਹੋਵੇ ਫਿਰ ਤਾਂ ਸਾਰੇ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਕੋਈ ਬਿਮਾਰੀ ਜ਼ਰੂਰ ਲੱਗਣੀ ਚਾਹੀਦੀ ਸੀ ਅਤੇ ਜਿਹੜੇ ਮੰਨਦੇ ਹਨ ਉਨ੍ਹਾਂ ਨੂੰ ਤਾਂ ਕੋਈ ਵੀ ਨਹੀਂ ਲੱਗਣੀ ਚਾਹੀਦੀ ਸੀ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੂੰ ਸਿਰਫ਼ ਮਾਨਸਿਕ ਰੋਗੀ ਹੀ ਕਿਹਾ ਜਾ ਸਕਦਾ ਹੈ। ਦੁਨੀਆ ਤੇ ਹਜ਼ਾਰਾਂ ਹੀ ਲੋਕ ਰੋਜ਼ ਮਰਦੇ ਹਨ, ਜੰਮਦੇ ਹਨ ਅਤੇ ਬਿਮਾਰੀਆਂ ਲਗਦੀਆਂ ਹਨ। ਕੀ ਇਨ੍ਹਾਂ ਸਾਰਿਆਂ ਨੂੰ ਹੀ ਦਸਮ ਗ੍ਰੰਥ ਦੀ ਜਾਣਕਾਰੀ ਹੁੰਦੀ ਹੈ? ਬਹੁਤਾ ਕਰਕੇ ਬਿਮਾਰੀਆਂ ਦਾ ਲੱਗਣਾ, ਪੌਣ ਪਾਣੀ, ਭੋਜਨ ਅਤੇ ਪਰਵਾਰ ਦੇ ਜ਼ੀਨਜ਼ ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਹੁਣ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਅਤੇ ਹਵਾ ਵਿੱਚ ਪ੍ਰਦੂਸ਼ਣ ਦੀ ਬਹੁਤਾਤ ਹੋਣ ਦੇ ਕਾਰਨ ਕੈਂਸਰ ਦੀ ਬਿਮਾਰੀ ਬਹੁਤ ਫੈਲ ਰਹੀ ਹੈ। ਹੋ ਸਕਦਾ ਹੈ ਕਿ ਕੱਲ ਨੂੰ ਕੋਈ ਅੰਧਵਿਸ਼ਵਾਸੀ ਡੇਰੇਦਾਰ ਇਸ ਦਾ ਸੰਬੰਧ ਵੀ ਦਸਮ ਗ੍ਰੰਥ ਨਾਲ ਹੀ ਜੋੜ ਦੇਵੇ। ਗਿ: ਸੰਤ ਸਿੰਘ ਮਸਕੀਨ ਵੀ ਦਸਮ ਗ੍ਰੰਥ ਦਾ ਕੱਟੜ ਹਮਾਇਤੀ ਸੀ ਅਤੇ ਉਸ ਦਾ ਅੰਤ ਵੀ ਕਿਸੇ ਬਿਮਾਰੀ ਨਾਲ ਹੀ ਹੋਇਆ ਸੀ। ਪਰ ਇਨ੍ਹਾਂ ਡੇਰੇਦਾਰ ਸਾਧਾਂ ਦੇ ਸ਼ਰਧਾਲੂਆਂ ਦੇ ਵੀ ਕੀ ਵੱਸ ਦਾ ਰੋਗ ਹੈ, ਜਦੋਂ ਕਿ ਖੁਦ ਇੱਕ ਵੱਡਾ ਡੇਰੇਦਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦਾ ਸੀ। ਉਹ ਡੇਰੇਦਾਰ ਆਪਣੀਆਂ ਲਿਖਤਾਂ ਵਿੱਚ ਇਸ ਤਰ੍ਹਾਂ ਦੀਆਂ ਕਈ ਗੱਲਾਂ ਲਿਖਦਾ ਹੈ ਕਿ ਫਲਾਨਾ ਰਾਗਮਾਲਾ ਦਾ ਵਿਰੋਧੀ ਸੀ ਉਹਨੂੰ ਆ ਬਿਮਾਰੀ ਲੱਗ ਗਈ ਸੀ ਅਤੇ ਫਲਾਨੇ ਦੀ ਅੰਤ ਵੇਲੇ ਜਾਨ ਨਹੀਂ ਸੀ ਨਿਕਲਦੀ। ਹਾਲਾਂ ਕਿ ਪ੍ਰੋ: ਇੰਦਰ ਸਿੰਘ ਘੱਗੇ ਦੀ ਲਿਖਤ ਮੁਤਾਬਕ ਉਹ ਡੇਰੇਦਾਰ ਖੁਦ ਕਿਸੇ ਬਿਮਾਰੀ ਕਾਰਨ, ਸ਼ਾਇਦ ਅਧਰੰਗ ਦੀ ਬਿਮਾਰੀ ਨਾਲ ਅਖੀਰਲੇ ਕਈ ਸਾਲ ਹੱਡ ਰਗੜਾ ਕੇ ਮਰਿਆ ਸੀ।

ਅਧਿਆਤਮਿਕਤਾ ਅਤੇ ਦਸਮ ਗ੍ਰੰਥ:- ਦਸਮ ਗ੍ਰੰਥ ਨੂੰ ਮੰਨਣ ਵਾਲੇ ਇੱਕ ਹੋਰ ਦਲੀਲ ਦਿੰਦੇ ਹਨ ਕਿ ਆਹ ਫਲਾਨੇ-ਫਲਾਨੇ ਮਹਾਂਪੁਰਖ ਬੜੇ ਅਧਿਆਤਮਿਕ ਹੋਏ ਹਨ। ਇਹ ਸਾਰੇ ਦਸਮ ਗ੍ਰੰਥ ਨੂੰ ਮੰਨਦੇ ਸਨ, ਇਸ ਲਈ ਇਹ ਦਸਮ ਗ੍ਰੰਥ ਦਸਵੇਂ ਗੁਰੂ ਦੀ ਹੀ ਲਿਖਤ ਹੈ। ਧਰਮ ਇੱਕ ਜੀਵਨ ਜਾਂਚ ਹੈ। ਚੰਗੇ ਸਦਾਚਾਰਕ ਗੁਣ ਧਾਰਨ ਕਰਨੇ, ਧਰਮ ਦੀ ਕਿਰਤ ਕਰਨੀ ਭਾਵ ਕਿ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਨੂੰ ਉਸ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਨਾ। ਸਭ ਨਾਲ ਇਕੋ ਜਿਹਾ ਵਰਤਾਓ ਕਰਨਾ। ਆਪਣਾ ਚਾਲ-ਚਲਣ ਉੱਚਾ ਰੱਖਣਾ। ਅਕਾਲ ਪੁਰਖ ਦੀ ਭੈ-ਭਾਵਨੀ ਵਿੱਚ ਰਹਿਣਾ ਕਿ ਉਹ ਸਦਾ ਹੀ ਸਾਡੇ ਅੰਦਰ ਬੈਠਾ ਸਾਡੇ ਚੰਗੇ ਮਾੜੇ ਕੰਮਾਂ ਨੂੰ ਦੇਖ ਰਿਹਾ ਹੈ। ਜਦੋਂ ਵੀ ਕੋਈ ਮਨ ਵਿੱਚ ਗਲਤ ਫੁਰਨਾ ਆਵੇ ਤਾਂ ਅਚੇਤ ਮਨ ਵਲੋਂ ਆਈ ਵਾਰਨਿੰਗ ਨੂੰ ਧਿਆਨ ਨਾਲ ਸੁਣੇ/ਵਿਚਾਰੇ। ਕੀ ਮੈਂ ਜੋ ਕਰਨ ਜਾ ਰਿਹਾ ਹਾਂ ਇਹ ਗਲਤ ਤੇ ਨਹੀਂ ਹੈ? ਅਜਿਹੇ ਗੁਣਾਂ ਨੂੰ ਧਾਰਨ ਕਰਨ ਵਾਲੇ ਨੂੰ ਅਸੀਂ ਧਰਮੀ ਕਹਿ ਸਕਦੇ ਹਾਂ। ਹੋਰ ਧਰਮ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ ਜੋ ਕਿ ਬਹੁਤੇ ਸਮਝੀ ਬੈਠੇ ਹਨ। ਫੌਜ ਅਤੇ ਪੁਲੀਸ ਦੀ ਵਰਦੀ ਵਾਂਗ ਧਰਮ ਦੇ ਕੱਪੜੇ ਵੀ ਇੱਕ ਵਰਦੀ ਹੀ ਹਨ ਇਸ ਤੋਂ ਵੱਧ ਨਹੀਂ। ਵਰਦੀ ਜ਼ਿੰਮੇਵਾਰੀ ਦਾ ਇੱਕ ਅਹਿਸਾਸ ਹੁੰਦਾ ਹੈ। ਇਹ ਜਰੂਰੀ ਨਹੀਂ ਕਿ ਜਿਹੜਾ ਬਾਹਰੋਂ ਦੇਖਣ ਨੂੰ ਧਰਮੀ ਲੱਗੇ, ਉਹ ਅੰਦਰੋਂ ਵੀ ਧਰਮੀ ਹੀ ਹੋਵੇਗਾ।

ਜੇ ਕਰ ਪੰਜਾਬ ਦੇ ਕਿਸੇ ਪਿੰਡ ਦੇ ਇੱਕ ਅਨਪੜ੍ਹ ਜੱਟ ਨੂੰ ਜਿਹੜਾ ਕਿ ਉੱਚੇ ਇਖਲਾਕ ਅਤੇ ਸਦਾਚਾਰਕ ਗੁਣਾਂ ਦਾ ਧਾਰਨੀ ਹੋਵੇ, ਕਿਹਾ ਜਾਵੇ ਕਿ ਭਾਈ ਤੂੰ ਰਾਤ ਨੂੰ ਭੇਸ ਬਦਲ ਕੇ ਕਿਸੇ ਪਰਾਈ ਇਸਤਰੀ ਕੋਲ ਜਾਣਾਂ ਚਾਹੇਂਗਾ। ਤਾਂ ਉਹ ਇਸ ਗੱਲ ਦੀ ਹਾਮੀ ਭਰਨ ਬਾਰੇ ਸੌ ਵਾਰੀ ਸੋਚੇਗਾ ਕਿ ਜੇ ਕਰ ਪਿੰਡ ਦੇ ਭਾਈਚਾਰੇ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਮੇਰੀ ਸਾਰੀ ਉਮਰ ਹੀ ਸ਼ਰਮਿੰਦਗੀ ਵਿੱਚ ਗੁਜ਼ਰੇਗੀ। ਉਹ ਅਜਿਹਾ ਕਰਨ ਲਈ ਕਦੀ ਵੀ ਹਾਂ ਨਹੀਂ ਕਰੇਗਾ। ਉਧਰ ਦੂਸਰੇ ਪਾਸੇ ਸਾਡੇ ਕਥਿਤ ਮਹਾਂਪੁਰਸ਼ ਆਪਣੇ ਗੁਰੂ ਤੇ ਹੀ ਅਜਿਹੇ ਇਲਜ਼ਾਮ ਲਾਈ ਜਾ ਰਹੇ ਹਨ ਕਿ ਉਹ ਭੇਸ ਬਦਲ ਕੇ ਰਾਤਾਂ ਨੂੰ ਕਿਸੇ ਪਰਾਈ ਇਸਤਰੀ ਕੋਲ ਤੁਰਿਆ ਫਿਰਦਾ ਸੀ ਜਾਂ ਅਜਿਹੀਆਂ ਕਥਾ-ਕਹਾਣੀਆਂ ਲਿਖਿਆ ਕਰਦਾ ਸੀ। ਸੋ ਅਜਿਹੀਆਂ ਸਾਰੀਆਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਸਾਰੇ ਕਥਿਤ ਮਹਾਂਪੁਰਸ਼ਾਂ ਦੀ ਅਧਿਆਤਮਿਕਤਾ ਰਲਾ ਕੇ ਇੱਕ ਪੇਂਡੂ ਅਨਪੜ੍ਹ ਜੱਟ ਜਿੰਨੀ ਵੀ ਨਹੀਂ ਹੋ ਸਕਦੀ ਜਿਹੜਾ ਕਿ ਸਦਾਚਾਰਕ ਗੁਣਾਂ ਦਾ ਧਾਰਨੀ ਹੋਵੇ ਭਾਵੇਂ ਉਸ ਨੂੰ ਗੁਰਬਾਣੀ ਦੀ ਕੋਈ ਪੰਗਤੀ ਵੀ ਯਾਦ ਨਾ ਹੋਵੇ। ਉਂਜ ਇਨ੍ਹਾਂ ਸਾਰੇ ਹੀ ਕਥਿਤ ਮਹਾਂਪੁਰਸ਼ਾਂ ਦਾ ਧਰਮ ਦੇ ਨਾਮ ਤੇ ਝੂਠ ਬੋਲਣਾ ਇੱਕ ਸ਼ੁਗਲ ਜਿਹਾ ਹੀ ਬਣ ਚੁੱਕਾ ਹੈ। ਮੈਂ ਪਹਿਲਾਂ ਵੀ ਆਪਣੀਆਂ ਲਿਖਤਾਂ ਵਿੱਚ ਲਿਖ ਚੁੱਕਾ ਹਾਂ ਕਿ ਇਹ ਸਾਰੇ ਹੀ ਕਥਿਤ ਮਹਾਂਪੁਰਸ਼ ਭੂਤਾਂ-ਪ੍ਰੇਤਾਂ ਦੀ ਹੋਂਦ ਨੂੰ ਮੰਨਦੇ ਹਨ, ਜੇ ਕਰ ਕੋਈ ਨਹੀਂ ਮੰਨਦਾ ਤਾਂ ਦੱਸੇ। ਭੂਤ-ਪ੍ਰੇਤ ਜੋ ਕਿ ਇੱਕ ਮਾਨਸਿਕ ਬਿਮਾਰੀ ਤੋਂ ਵੱਧ ਕੁੱਝ ਨਹੀਂ ਹੈ। ਭਾਵ ਕਿ ਇਨ੍ਹਾਂ ਕਥਿਤ ਮਹਾਂਪੁਰਸ਼ਾਂ ਦਾ ਧਰਮ ਤੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨਾ ਹੀ ਇਨ੍ਹਾਂ ਦੀ ਅਧਿਆਤਮਿਕਤਾ ਕਹੀ ਜਾ ਸਕਦੀ ਹੈ। ਚਲੋ ਜੇ ਮੇਰੀ ਗੱਲ ਤੇ ਕਿਸੇ ਨੂੰ ਨਹੀਂ ਯਕੀਨ ਤਾਂ ਜੇ ਕਰ ਇਹ ਆਪਣੀ ਗੱਲ ਨੂੰ ਸਹੀ ਸਿੱਧ ਕਰਨਾ ਚਾਹੁੰਦੇ ਹਨ ਤਾਂ ਲਗਭਗ ਸਾਰੀ ਦੁਨੀਆ ਵਿੱਚ ਹੀ ਤਰਕਸ਼ੀਲ ਸੁਸਾਇਟੀਆਂ ਬਣੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਇਨਾਮ ਵੀ ਰੱਖੇ ਹੋਏ ਹਨ। ਤਾਂ ਫਿਰ ਕਿਉਂ ਨਹੀਂ ਇਹ ਭੂਤਾਂ-ਪ੍ਰੇਤਾਂ ਦੀ ਹੋਂਦ ਨੂੰ ਸਿੱਧ ਕਰਕੇ ਇਨਾਮ ਜਿੱਤ ਲੈਂਦੇ ਅਤੇ ਆਪਣੇ ਕਥਿਤ ਮਹਾਂਪੁਰਸ਼ਾਂ ਨੂੰ ਸੱਚੇ ਸਿੱਧ ਕਰ ਲੈਂਦੇ। ਕੀ ਅਜਿਹਾ ਕਰਨ ਦੀ ਕਿਸੇ ਨੇ ਹਿੰਮਤ ਕੀਤੀ ਹੈ ਜਾਂ ਅਜਿਹਾ ਕਰਨਾ ਚਾਹੁੰਦੇ ਹਨ? ਆਪਣੀਆਂ ਕਥਾ ਕਹਾਣੀਆਂ ਅਤੇ ਲਿਖਤਾਂ ਵਿੱਚ ਭਾਵੇਂ ਜਿਤਨੀਆਂ ਮਰਜ਼ੀ ਗੱਪਾਂ ਛੱਡੀ ਜਾਣ। ਪਰ ਉਨ੍ਹਾਂ ਨੂੰ ਵੀ ਪਤਾ ਹੈ ਕਿ ਬਥੇਰੇ ਅਜਿਹੇ ਅੰਧਵਿਸ਼ਵਾਸੀ ਹਨ ਜਿਹੜੇ ਕਿ ਇਨ੍ਹਾਂ ਨੂੰ ਸੱਚ ਮੰਨਣ ਦਾ ਭਰਮ ਪਾਲੀ ਬੈਠੇ ਹਨ।

ਇਨ੍ਹਾਂ ਤਿੰਨਾਂ ਚਰਿਤ੍ਰਾਂ ਬਾਰੇ ਜੋ ਅਸਲੀਅਤ ਸੀ ਉਹ ਸਾਰੀ ਹੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਅਗਾਂਹ ਨਾਲ ਹੀ ਇਸ ਲੇਖ ਦੇ ਹੇਠਾਂ ਹੁਣ ਉਨ੍ਹਾਂ ਦੋ ਵਿਦਵਾਨਾਂ, ਡਾ: ਹਰਭਜਨ ਸਿੰਘ ਅਤੇ ਸ: ਕਪੂਰ ਸਿੰਘ ਦੇ ਲੇਖ ਵੀ ਪਾ ਰਿਹਾ ਹਾਂ ਜਿਹੜੇ ਕਿ ਇਨ੍ਹਾਂ ਚਰਿਤ੍ਰਾਂ ਨੂੰ ਗੁਰੂ ਦੀ ਲਿਖਤ ਮੰਨਦੇ ਹਨ। ਇਹ ਸਾਰਾ ਕੁੱਝ ਪੜ੍ਹ ਕੇ ਗੁਰਬਾਣੀ ਨੂੰ ਸਾਹਮਣੇ ਰੱਖ ਕੇ ਖੁਦ ਆਪ ਹੀ ਅੰਦਰਲੀ ਅਵਾਜ਼ ਨੂੰ ਸੁਣ ਕੇ ਵਿਚਾਰ ਲੈਣਾ ਕਿ ਕਿਹੜੀ ਗੱਲ ਸੱਚ ਤੇ ਜ਼ਿਆਦਾ ਢੁਕਦੀ ਹੈ। ਭਾਂਵੇਂ ਕਿ ਇਸ ਲੇਖ ਮੁੱਖ ਵਿਸ਼ਾਂ ਇਨ੍ਹਾਂ ਤਿੰਨ ਚਰਿਤ੍ਰਾਂ ਦੇ ਅਧਾਰ ਤੇ ਹੀ ਸੀ ਪਰ ਜਿਹੜੇ ਇਨ੍ਹਾਂ ਸਾਰੇ ਚਰਿਤ੍ਰਾਂ ਨੂੰ ਦਸਵੇਂ ਗੁਰੂ ਦੀ ਹੀ ਲਿਖਤ ਮੰਨਦੇ ਹਨ ਉਹ ਇਹ ਵੀ ਸੋਚਣ ਕਿ ਜਿਹੜੀਆਂ ਗੱਲਾਂ ਬਾਕੀ ਚਰਿਤ੍ਰਾਂ ਵਿੱਚ ਕੀਤੀਆਂ ਗਈਆਂ ਹਨ ਉਹ ਸੱਚ ਤੇ ਕਿਤਨੀਆਂ ਕੁ ਪੂਰੀਆਂ ਉਤਰਦੀਆਂ ਹਨ। ਇਸ ਵੇਲੇ ਕਨੇਡਾ ਵਿੱਚ 80% ਤੋਂ ਵੱਧ ਵਸੋਂ ਤੇ ਇਸਤਰੀਆਂ ਰਾਜ ਕਰ ਰਹੀਆਂ ਹਨ ਭਾਵ ਕਿ ਉਹ ਇਤਨੀ ਅਬਾਦੀ ਦੀਆਂ ਪਰੀਮੀਅਰਜ਼ ਹਨ। ਕਨੇਡਾ ਸਾਰੀ ਦੁਨੀਆ ਦੇ ਅਮੀਰ ਅਤੇ ਅਗਾਂਹ ਵਧੂ ਦੇਸ਼ਾਂ ਵਿਚੋਂ ਇੱਕ ਹੈ। ਦਸਮ ਗ੍ਰੰਥ ਦੇ ਚਰਿਤ੍ਰਾਂ ਦਾ ਲਿਖਾਰੀ ਤਾਂ ਇਸਤਰੀ ਨੂੰ ਬਣਾ ਕੇ ਅਕਾਲ ਪੁਰਖ ਨੂੰ ਪਛਤਾਉਂਦਾ ਦਸਦਾ ਹੈ ਅਤੇ ਇਨ੍ਹਾਂ ਦੇ ਭੇਤ ਨਾ ਸਮਝਣ ਦੀ ਗੱਲ ਵੀ ਕਰਦਾ ਹੈ। ਜੇ ਕਰ ਕੋਈ ਯੂ. ਐਨ. ਓ. ਵਿੱਚ ਇਹ ਦੱਸੇ ਕਿ ਸਿੱਖ ਇੱਕ ਪਾਸੇ ਆਪਣੇ ਧਰਮ ਨੂੰ ਸਚਾਈ ਭਰਪੂਰ ਸਾਰੀ ਦੁਨੀਆ ਦੇ ਮੰਨਣ ਵਾਲਾ ਧਰਮ ਕਹਿੰਦੇ ਹਨ ਅਤੇ ਦੂਜੇ ਪਾਸੇ ਆਪ ਹੀ ਕਹਿੰਦੇ ਹਨ ਕਿ ਸਾਡੇ ਦਸਵੇਂ ਗੁਰੂ ਦੇ ਸਾਰੀ ਦੁਨੀਆ ਦੀ ਲੱਗਭੱਗ ਅੱਧੀ ਵਸੋਂ, ਭਾਵ ਕਿ ਇਸਤਰੀਆਂ ਬਾਰੇ ਇਸ ਤਰ੍ਹਾਂ ਦੇ ਵਿਚਾਰ ਹਨ। ਤਾਂ ਸੋਚੋ ਕਿ ਅਸੀਂ ਆਪਣੇ ਗੁਰੂ ਦੀ ਇਜ਼ਤ ਕਰ ਰਹੇ ਹੋਵਾਂਗੇ ਜਾਂ ਬੇਇਜ਼ਤੀ।

ਮੱਖਣ ਸਿੰਘ ਪੁਰੇਵਾਲ,

ਫਰਵਰੀ 24, 2013.

(ਨੋਟ:- ਅਗਾਂਹ ਪਹਿਲਾ ਲੇਖ ਡਾ: ਹਰਭਜਨ ਸਿੰਘ ਦਾ ਹੈ ਅਤੇ ਦੂਸਰਾ ਸ: ਕਪੂਰ ਸਿੰਘ ਦਾ। ਇਨ੍ਹਾਂ ਦੇ ਲੇਖ ਹੂ-ਬ-ਹੂ ਛਾਪ ਰਹੇ ਹਾਂ। ਪਰ ਫਿਰ ਵੀ ਜੇ ਕਰ ਕੋਈ ਅਚਾਨਕ ਗਲਤੀ ਹੋ ਗਈ ਹੋਵੇ ਜਾਂ ਕੁੱਝ ਰਹਿ ਗਿਆ ਹੋਵੇ ਤਾਂ ਉਹ ਦੱਸਣ ਤੇ ਠੀਕ ਕਰ ਦਿੱਤਾ ਜਾਵੇਗਾ)

 

ਚਰਿਤਰੋਪਾਖਿਆਨ ਦੀ ਅਨੂਪ ਕੌਰ 

(ਅਸਲ ਕਹਾਣੀ, ਅਸਲ ਸੰਦੇਸ਼)

Dr. Harbhajan Singh (Patiala)

 ਸ਼੍ਰੀ ਦਸਮ ਗ੍ਰੰਥ ਵਿੱਚ ਅੰਕਿਤ ਨਾਰੀ-ਪੁਰਖ ਚਰਿਤ੍ਰਕਥਾਵਾਂ ਦੇ ਸੰਗ੍ਰਹਿ `ਚਰਿਤਰੋ ਪਾਖਿਆਨ’ ਦਾ 21 ਵਾਂ ਚਰਿਤ੍ਰ ਨਾ ਕੇਵਲ ਦਸਮ ਗ੍ਰੰਥ ਦੇ ਵਿਰੋਧੀਆਂ ਲਈ ਵਿਵਾਦਿਤ ਹੈ, ਬਲਕਿ ਹਿਮਾਇਤੀਆਂ ਵਿੱਚ ਵੀ ਵਿਵਾਦ ਦਾ ਮੁਦਾ ਬਣਿਆ ਹੋਇਆ ਹੈ, ਹਾਲਾਕਿ ਵਿਵਾਦ ਦੇ ਮੁਦੇ ਭਿੰਨ-ਭਿੰ ਨ ਹਨ। ਸ਼੍ਰੀ ਦਸਮ ਗ੍ਰੰਥ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਕਥਾ ਵਿੱਚ ਦਸਮ ਗ੍ਰੰਥ ਦੇ ਕਰਤਾ ਨੇ ਕਾਮੁਕ ਅਸ਼ਲੀਲਤਾ ਅਤੇ ਅਪਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕਰ ਕੇ ਉਨ੍ਹਾਂ ਦੇ ਵਿਅਕਤਿਤ੍ਵ ਨੂੰ ਜਾਣ-ਬੁਝ ਕੇ ਛੁਟਿਆਇਆ ਹੈ, ਇਸ ਕਾਰਨ ਸ਼੍ਰੀ ਗੁਰੂ ਜੀ ਨੂੰ ਇਨ੍ਹਾਂ ਕਥਾਵਾਂ ਦਾ ਕਰਤਾ ਨਹੀਂ ਕਿਹਾ ਜਾ ਸਕਦਾ। ਹਿਮਾਇਤੀਆਂ ਦਾ ਇੱਕ ਵਰਗ ਇਸ ਕਥਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੋਣ ਤੋਂ ਇਨਕਾਰੀ ਹੈ। ਉਸ ਦਾ ਮੁਖ ਤਰਕ ਇਹ ਹੈ ਕਿ ਇਸ ਕਥਾ ਵਿੱਚ ਕਿਤੇ ਵੀ ਸ਼੍ਰੀ ਗੁਰੂ ਜੀ ਦਾ ਨਾਮ ਨਹੀਂ ਆਇਆ, ਇਸ ਲਈ ਇਸ ਚਰਿਤ੍ਰ ਦੀ ਕਹਾਣੀ ਨਾਲ ਸ਼੍ਰੀ ਗੁਰੂ ਜੀ ਦਾ ਆਪਣਾ ਕੋਈ ਨਿਜੀ ਸੰਬੰਧ ਨਹੀਂ। ਹਾਂ! ਇਸ ਕਥਾ-ਸੰਗ੍ਰਹਿ ਦੇ ਰਚਣਹਾਰ ਜ਼ਰੂਰ ਸ੍ਰੀ ਗੁਰੂ ਜੀ ਹਨ। ਹਿਮਾਇਤੀਆਂ ਦਾ ਦੂਜਾ ਵਰਗ ਮੰਨਦਾ ਹੈ ਕਿ ਨਾ ਕੇਵਲ ਸਾਰੀਆਂ ਚਰਿਤ੍ਰ ਕਥਾਵਾਂ ਸ਼੍ਰੀ ਗੁਰੂ ਜੀ ਦੁਆਰਾ ਰਚਿਤ ਹਨ, ਬਲਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਰਚਿਤ ਕਥਾ ਦੇ ਇੱਕ ਪ੍ਰਮੁਖ ਪਾਤਰ ਵੀ ਹਨ ਅਤੇ ਇਸ ਕਥਾ ਵਿੱਚ ਕੁੱਝ ਵੀ ਅਜਿਹਾ ਨਹੀਂ, ਜੋ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਅਪਮਾਨਜਨਕ ਹੋਵੇ। ਵਿਰੋਧੀ ਪਖ ਅਤੇ ਹਿਮਾਇਤੀਆਂ ਦੇ ਦੂਜੇ ਵਰਗ ਵਿੱਚ ਇਹ ਸਹਿਮਤੀ ਹੈ ਕਿ ਇਸ ਕਥਾ ਨੂੰ ਸ਼੍ਰੀ ਗੁਰੂ ਜੀ ਨਾਲ ਸੰਬੰਧਿਤ ਕੀਤਾ ਗਿਆ ਹੈ, ਪਰ ਵਿਰੋਧੀ ਪਖ ਜਿਵੇਂ ਤਥਾਂ ਨੂੰ ਤਰੋੜ-ਮੋੜ ਕੇ ਸ਼੍ਰੀ ਗੁਰੂ ਜੀ ਵਾਸਤੇ ਅਪਮਾਨਜਨਕ ਸਥਿਤੀ ਨਿਰਮਿਤ ਕਰਦਾ ਹੈ, ਉਸ ਨਾਲ ਹਿਮਾਇਤੀਆਂ ਦਾ ਦੂਜਾ ਵਰਗ ਬਿਲਕੁਲ ਸਹਿਮਤ ਨਹੀਂ, ਉਸ ਨੂੰ ਇਹ ਕਥਾ ਗੁਰੂ ਵਾਸਤੇ ਬਹੁਤ ਗੌਰਵਸ਼ਾਲੀ ਲਗਦੀ ਹੈ। ਹਿਮਾਇਤੀਆਂ ਦਾ ਉਹ ਵਰਗ ਜਿਹੜਾ ਗੁਰੂ ਜੀ ਨੂੰ ਕਥਾ ਨਾਲੋਂ ਅਸੰਬੰਧਿਤ ਕਰਦਾ ਹੈ, ਉਸ ਦਾ ਬਲਹੀਣ ਵਿਚਾਰ ਵੀ ਕਿਤੇ ਨਾ ਕਿਤੇ ਇਹੋ ਸਵੀਕਾਰ ਕਰੀ ਬੈਠਾ ਹੈ ਕਿ ਜੇ ਇਸ ਨੂੰ ਸ਼੍ਰੀ ਗੁਰੂ ਜੀ ਨਾਲ ਸੰਬੰਧਿਤ ਕੀਤਾ, ਤਾਂ ਗੁਰੂ ਜੀ ਅਪਮਾਨਜਨਕ ਸਥਿਤੀ ਵਿੱਚ ਫਸ ਸਕਦੇ ਹਨ। ਅਸੀਂ ਇਸ ਲੇਖ ਵਿੱਚ ਕਥਾ ਦੇ ਆਧਾਰ ਤੇ ਸਮੁਚੀ ਸਥਿਤੀ ਦੀ ਪੁਨਰ-ਸਮੀਖਿਆ ਕਰਨੀ ਹੈ। ਸਾਡੇ ਵਿਚਾਰ-ਮੰਥਨ ਦੋ ਹੀ ਬਿੰਦੂਆਂ ਉਤੇ ਕੇਂਦ੍ਰਿਤ ਰਹੇਗਾ। ਇੱਕ ਇਹ ਕਿ ਇਸ ਕਥਾ ਦੇ ਪਾਤਰ ਸ਼੍ਰੀ ਗੁਰੂ ਜੀ ਹਨ ਜਾਂ ਨਹੀਂ। ਦੂਜਾ ਇਹ ਕਿ ਕੀ ਇਹ ਕਥਾ ਸ਼੍ਰੀ ਗੁ ਰੂ ਜੀ ਵਾਸਤੇ ਗੌਰਵਸ਼ਾਲੀ ਹੈ ਜਾਂ ਅਪਮਾਨ ਜਨਕ ?

ਪਹਿਲੇ ਪ੍ਰਸ਼ਨ ਦੇ ਹਲ ਵਾਸਤੇ ਕਥਾ ਵਿੱਚ ਦਰਸਾਏ ਨਾਂਵਾਂ, ਥਾਂਵਾਂ ਅਤੇ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ ਜਾਂ ਕੋਈ ਇਤਿਹਾਸਿਕ ਮਨੌਤ ਸਾਨੂੰ ਕਿਸੇ ਨਤੀਜੇ ਤੇ ਪਹੁੰਚਾ ਸਕਦੇ ਹਨ-

 1-ਇਸ ਕਥਾ ਵਿੱਚ ਸਥਾਨ ਦੇ ਨਾਮ ਅਤੇ ਉਸ ਦੀ ਸਥਿਤੀ ਦਾ ਵਰਣਨ ਕਰਦਿਆਂ ਲਿਖਿਆ ਹੈ-

 ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇੱਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ।

(ਅਰਥਾਤ ਸਤਲੁਜ ਨਦੀ ਦੇ ਕਿਨਾਰੇ ਆਨੰਦ ਪੁਰ ਨਾਮ ਦਾ ਇੱਕ ਪਿੰਡ ਸੀ, ਜੋ ਕਹਿਲੂਰ ਰਿਆਸਤ ਦੇ ਖੇਤਰ ਵਿੱਚ ਨੈਣਾਂ ਦੇਵੀ ਦੇ ਨੇੜੇ ਸੀ)। ਇਹ ਉਲੇਖ ਇਤਨਾ ਸਪਸ਼ਟ ਹੈ, ਜੋ ਸੰਦੇਹ ਨਹੀਂ ਰਹਿਣ ਦੇਂਦਾ ਕਿ ਕਥਾ ਵਿੱਚ ਵਰਣਿਤ ‘ਆਨੰਦਪੁਰ’ ਖ਼ਾਲਸੇ ਦੀ ਜਨਮ-ਭੂਮੀ ਤੋਂ ਭਿੰਨ ਕੋਈ ਹੋਰ ਦੂਜਾ ‘ਆਨੰਦਪੁਰ’ ਬਿਲਕੁਲ ਨਹੀਂ। ਗੁਰੂ ਤੇਗ਼ ਬਹਾਦੁਰ ਜੀ ਦੇ ਵਸਾਉਣ ਤੋਂ ਪਹਿਲਾਂ ਇਸ ਦਾ ਪੁਰਾਤਨ ਨਾਮ ‘ਮਾਖੋਵਾਲ’ ਸੀ। ਸੋ ਇਹ ਵੀ ਸਪਸ਼ਟ ਹੋ ਗਿਆ ਕਿ ਘਟਨਾ ਗੁਰੂ ਤੇਗ਼ ਬਹਾਦਰ ਜੀ ਦੇ ਆਨੰਦਪੁਰ ਵਸਾਉਣ ਤੋਂ ਪਿਛੇ ਨਹੀਂ ਜਾ ਸਕਦੀ, ਕਿਉਂਕਿ ਨੌਵੇਂ ਗੁਰੂ ਜੀ ਤੋਂ ਪਹਿਲਾਂ ਆਨੰਦਪੁਰ ਨਾਮ ਦੀ ਅਣਹੋਂਦ ਸੀ। ਇਸ ਕਥਾ ਦੇ ਕਾਲ ਨੂੰ 1696 ਈ. ਵਿੱਚ ਚਰਿਤ੍ਰਕਥਾਵਾਂ ਦੀ ਸੰਪੂਰਨਤਾ ਤੋਂ ਬਾਅਦ ਵੀ ਨਹੀਂ ਮੰਨਿਆ ਜਾ ਸਕਦਾ। ਸੋ ਇਹ ਸਥਿਤੀ ਇਸ ਕਥਾ ਦਾ ਕਾਲ ਨੌਵੇਂ ਅਤੇ ਦਸਵੇਂ ਪਾਤਸ਼ਾਹ ਤਕ ਸੀਮਿਤ ਕਰ ਦੇਂਦੀ ਹੈ।

2- ਕਥਾ ਵਿੱਚ ਅਗਲਾ ਮਹਤਵ ਪੂਰਨ ਉਲੇਖ ਇਹ ਮਿਲਦਾ ਹੈ ਕਿ ਘਟਨਾ ਸਮੇਂ ਇਹ ਆਨੰਦਪੁਰ ਸਿਖ ਪੰਥ ਦੀਆਂ ਗਤੀਵਿਧੀਆਂ ਦਾ ਕੇਂਦਰ ਸੀ, ਯਥਾ-

 ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ। ਮਨ ਬਾਛਤ ਮੁਖਿ ਮਾਂਗ ਬਰ ਜਾਤ ਗ੍ਰਿਹਨ ਸੁਖ ਪਾਇ।

 ਇਸ ਤੋਂ ਸਪਸ਼ਟ ਹੈ ਕਿ ਘਟਨਾ ਉਸ ਵੇਲੇ ਦੀ ਹੈ, ਜਦੋਂ ਆਨੰਦਪੁਰ ਸਿਖ ਪੰਥ ਦਾ ਕੇਂਦਰ ਸੀ। ਇਸ ਉਲੇਖ ਤੋਂ ਸਿਧ ਹੈ ਕਿ ਇਹ ਸਮਾਂ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਨਿਵਾਸ ਤੋਂ ਇਧਰ-ਉਧਰ ਨਹੀਂ ਕੀਤਾ ਜਾ ਸਕਦਾ।

3- ੳ. ਅਗਲਾ ਤਥ ਇਹ ਹੈ ਕਿ ਕਥਾ ਦਾ ਨਾਇਕ ਉਸ ਸਮੇਂ ਇਸ ਸ਼ਹਿਰ ਦਾ ਰਾਏ ਸੀ-

 ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੇਂ ਆਨਿ। ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨਿ।

 ਅ. ਉਹ ਰਾਏ ਸ਼੍ਰੀ ਭਗੌਤੀ (ਅਕਾਲ ਪੁਰਖ) ਦਾ ਉਪਾਸਕ ਸੀ-

 ਚਲਿਯੋਧਾਰਿ ਆਤੀਤ ਕੋ ਭੇਸ ਰਾਈ। ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ।

ਦਸਮ ਗ੍ਰ ਥ ਦੇ ਪਾਠ ਤੋਂ ਸਿਧ ਹੁੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ-ਪੁਰੁਖ ਨੂੰ ਵਾਰ-ਵਾਰ ਭਗਉਤੀ ਕਿਹਾ ਹੈ। ਗੁ ਰੂ- ਕਾਲ ਵਿੱਚ ਆਨੰਦਪੁਰ ਰਹਿਣ ਵਾਲਾ ਅਕਾਲ-ਪੁਰੁਖ ਦੇ ਇਸ ਨਾਮ ਦਾ ਉਪਾਸਕ ਰਾਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਉਨ੍ਹਾਂ ਨਾਲ ਹੀ ਸੰਬੰਧਿਤ ਹੋ ਸਕਦੀ ਹੈ।

ੲ. ਰਾਏ ਇੱਕ ਪੂਜਨੀਕ ਵਿਅਕਤੀ ਸੀ, ਕਿਉਂਕਿ ਅਨੂਪ ਕੌਰ ਕਹਿੰਦੀ ਹੈ-

 ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ। ਧਨੀ ਭਏ ਤੋ ਦਖ੍ਯਨ ਨਿਧਨ ਨ ਦੀਜਿਯੈ. .

 ਰਾਏ ਨੇ ਅਨੂਪ ਕੌਰ ਨੂੰ ਕਿਹਾ-

 ਪਾਇ ਪਰਤ ਮੋਰੋ ਸਦਾ ਪੂਜ ਕਰਤ ਹੈਂ ਮੋਹਿ।

 ਗੁਰੂ-ਕਾਲ ਵਿੱਚ ਆਨੰਦਪੁਰ ਸਾਹਿਬ ਵਿਖੇ ਪੂਜਯ ਵਿਅਕਤੀ ਕੇਵਲ ਗੁਰੂ ਮਹਾਰਾਜ ਸਨ, ਕੋਈ ਹੋਰ ਰਾਜਾ ਨਹੀਂ।

ਸ. ਉਸ ਆਨੰਦਪੁਰ ਦੇ ਰਾਏ ਲਈ ਧਰਮ ਸਰਬ-ਉਪਰ ਹੈ-

 ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ। ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ।

 ਧਰਮ ਪ੍ਰਤੀ ਇਸ ਵਚਨਬਧਤਾ ਵਾਲਾ ਆਦਰਸ਼ਕ ਅਧਿਆਤਮਵਾਦੀ ਉਸ ਸਮੇਂ ਗੁਰੂ ਜੀ ਹੀ ਹੋ ਸਕਦੇ ਹਨ।

ਹ. ਰਾਏ ਆਪਣੀ ਪਛਾਣ ਸਪਸ਼ਟ ਕਰਦਿਆਂ ਕਹਿੰਦਾ ਹੈ-

 ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ। ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ। ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ। ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ।

 ਉਕਤ ਪੰਕਤੀਆਂ ਦਸਦੀਆਂ ਹਨ ਕਿ ਰਾਏ ਦਾ ਸੰਬੰਧ ਛਤ੍ਰੀ-ਵੰਸ਼ ਨਾਲ ਹੈ। ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਉਸ ਗੁਰੂ-ਵੰਸ਼ ਨਾਲ ਵੀ ਸੰਬੰਧਿਤ ਹੈ, ਜਿਸ ਦਾ ਪ੍ਰਚੰਡ ਪ੍ਰਤਾਪ ਸਾਰੇ ਜਗਤ ਵਿੱਚ ਪਸਰਿਆ ਹੈ।

ਕ. ਰਾਏ ਦਾ ਪਿਤਾ ਪੂਜਯ ਗੁਰੂ ਹੈ, ਜਿਸ ਦੇ ਪਾਸ ਦੂਰੋਂ-ਨੇੜਿਓਂ ਚਲ ਕੇ ਸੰਗਤ ਇਕਤਰ ਹੁੰਦੀ ਹੈ। ਰਾਏ ਆਪਣੇ ਪਿਤਾ ਦੀ ਸਿਖਿਆ ਬਾਰੇ ਕਹਿੰਦਾ ਹੈ-

 ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। …. . ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ। ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ। ਸਿਖ੍ਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕਹੋ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।

 ਇਹ ਪੜ੍ਹ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ। ਸ਼੍ਰੀ ਦਸਮ ਗ੍ਰੰਥ ਦੇ ਹਿਮਾਇਤੀ ਵਰਗ ਦੇ ਮਨ ਵਿੱਚ ਇਹ ਰਤਾ ਵੀ ਸਹਿਮ ਨਹੀਂ ਹੋਣਾ ਚਾਹੀਦਾ ਕਿ ਇਸ ਚਰਿਤ੍ਰ ਨਾਲ ਜੁੜਿਆਂ ਸ਼੍ਰੀ ਗੁਰੂ ਜੀ ਦੀ ਮਹਾ-ਮਹਿਮਾ ਦੀ ਰੰਚਕ-ਮਾਤ੍ਰਵੀ ਹਾਨੀ ਹੋ ਸਕਦੀ ਹੈ। ਸਗੋਂ ਇਹ ਚਰਿਤ੍ਰ ਸ਼੍ਰੀ ਗੁਰੂ ਜੀ ਦੇ ਮਹਾਨ ਵਿਰਾਟ ਉਚ-ਆਚਰਣ ਦੀ ਇਤਿਹਾਸਿਕ ਮਿਸਾਲ ਹੈ। ਕਥਾ ਵਿੱਚ ਸ਼੍ਰੀ ਕ੍ਰਿਸ਼ਨ ਅਤੇ ਗੋਪੀਆਂ ਦੀ ਲੀਲਾ ਦਾ ਉਲੇਖ ਇਹ ਵੀ ਸਿਧ ਕਰ ਦੇਂਦਾ ਹੈ ਕਿ ਦੇਵੀ-ਦੇਵਤਿਆਂ ਦੇ ਕਾਮੁਕ-ਕੇਲ ਗੁਰੂ ਜੀ ਦੇ ਦ੍ਰਿਸ਼ਟੀਕੋਣ ਅਨੁਸਾਰ ਕੋਈ ਦੈਵੀ-ਕੌਤੁਕ ਨਹੀਂ, ਨਿਰੀ ਵਾਸ਼ਨਾਵਾਂ ਦੀ ਮੈਲ ਹੈ। ਇਹ ਕਥਾ ਦਸਦੀ ਹੈ ਕਿ ਸ਼੍ਰੀ ਦਸਮ ਗ੍ਰੰਥ ਦਾ ਰਾਮ-ਸ਼ਿਆਮ (ਗੁਰੂ ਗੋਬਿੰਦ ਸਿੰਘ) ਦੁਆਪਰ ਦੇ ਸ਼ਿਆਮ ਤੋਂ ਆਚਰਣ ਵਿੱਚ ਕਿਤੇ ਉਤਮ ਹੈ। ਸ਼੍ਰੀ ਕ੍ਰਿਸ਼ਣ ਰਾਧਾ ਦੀ ਪ੍ਰੀਤ ਵਿੱਚ ਕਾਮ-ਕੇਲੀਆਂ ਲਈ ਆਤੁਰ ਹਨ, ਜਦੋਂ ਕਿ ਸਾਡਾ ਕਲਗ਼ੀਆਂ ਵਾਲਾ ਬਾਦਸ਼ਾਹ ਦਰਵੇਸ਼ ਅਨੂਪ ਕੌਰ ਦੀ ਉਪਮਾ-ਰਹਿਤ ਸੁੰਦਰਤਾ ਅਤੇ ਅਸੀਮ ਕਾਮੁਕ ਖਿਚ ਦੇ ਮਦਨ-ਜਾਲ ਨੂੰ ਆਪਣੇ ਅਨੰਤ ਆਚਾਰ-ਬਲ ਨਾਲ ਤਾਰ-ਤਾਰ ਕਰ ਦੇਣ ਦੇ ਹਰ ਤਰ੍ਹਾਂ ਸਮਰਥ ਹੈ। ਸ਼੍ਰੀ ਕ੍ਰਿਸ਼ਣ ਵਿਆਹੁਤਾ ਰਾਧਾ ਦੇ ਕਾਮ ਨੂੰ ਉਤਸਾਹਿਤ ਕਰਦੇ ਹਨ, ਜਦੋਂ ਕਿ ਕਲਿਜੁਗ ਦੇ ਸ਼ਿਆਮ ਗੁਰੂ ਗੋਬਿੰਦ ਸਿੰਘ ਅਨੂਪ ਕੌਰ ਦੀ ਪ੍ਰਚੰਡ ਕਾਮ-ਉਤੇਜਨਾ ਨੂੰ ਆਪਣੇ ਅਮ੍ਰਿਤ ਬਚਨਾਂ ਨਾਲ ਸ਼ਾਂਤ ਕਰਨ ਵਾਲੇ ਬਲਸ਼ਾਲੀ ਕਾਮ-ਸੰਹਾਰਕ ਹਨ। ਪਰਤ੍ਰਿਯ ਨਾਲ ਕਾਮੁਕ ਸੰਬੰਧ ਉਨ੍ਹਾਂ ਲਈ ਅਵਤਾਰਾਂ ਵਾਂਗ ਮਨ-ਪਰਚਾਵਾ ਨਹੀਂ, ਬਲਕਿ ਹਰ-ਹਾਲ ਵਰਜਿਤ ਕਰਮ ਹੈ। ਉਹ ਮਿਸਾਲ ਕਾਇਮ ਕਰਦੇ ਹਨ ਕਿ ਜੇ ਹਰ ਪ੍ਰਕਾਰ ਦੀ ਬੇਵਸੀ ਹੋਵੇ, ਇਜ਼ਤ-ਮਾਨ, ਸਾਮਾਜਿਕ ਰੁਤਬਾ ਵੀ ਦਾਓ ਤੇ ਲਗ ਜਾਵੇ, ਤਾਂ ਵੀ ਵਿਅਕਤੀ ਨੇ ਇਕੋ ਸਿਮਰਨ ਕਰਨਾ ਹੈ- ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰਨ ਜੈ ਯਹੁ। ਇਹ ਚਰਿਤ੍ਰ-ਕਥਾ ਮਨੁੱਖ ਨੂੰ ਸਾਵਧਾਨ ਕਰਦੀ ਹੈ ਕਿ ਇੱਕ ਅਧਿਆਤਮਕ ਵਿਅਕਤੀ ਕੋਲ ਇਤਨਾ ਪ੍ਰਚੰਡ ਵਿਵੇਕ ਹੋਣਾ ਚਾਹੀਦਾ ਹੈ ਕਿ ਉਹ ਕਾਮ ਦੇ ਹਰ ਛਲਾਵੇ ਨੂੰ ਛਲਣ ਦੇ ਸਮਰਥ ਹੋਵੇ। ਪੁਰਾਤਨ ਸ਼ਿਆਮ ਵਾਂਗ ਕਾਮ ਹਥੋਂ ਠਗਿਆ ਵਿਅਕਤੀ ਅਸਲ ਛਲੀਆ ਨਹੀਂ, ਅਸਲ ਛਲੀਆ ਉਹ ਹੈ, ਜੋ ਕਾਮਦੇਵ ਦੇ ਹਰ ਫ਼ਰੇਬ ਉਤੇ ਵਿਜੈ ਪਾ ਸਕੇ। ਜਿਸ ਮਨੁੱਖ ਕੋਲ ਅਜਿਹਾ ਵਿਵੇਕ-ਬਲ ਨਹੀਂ ਜਾਂ ਜੋ ਵਿਅਕਤੀ ਕਾਮਦੇਵ ਅਗੇ ਬਲ-ਬੁਧੀ ਹਾਰ ਜਾਂਦਾ ਹੈ, ਉਸ ਦੀ ਹਾਲਤ ਉਸ ਚਿਤ੍ਰ ਸਿੰਘ ਵਰਗੀ ਹੋ ਸਕਦੀ ਹੈ, ਜੋ ਕਾਮ ਵਿੱਚ ਅੰਨ੍ਹਾ ਹੋਇਆ ਕੁਟਿਲਾ ਕਾਮਿਣੀ ਦੀ ਮਕਾਰੀ ਦੇ ਜਾਲ ਵਿੱਚ ਫਸ ਕੇ ਆਪਣੇ ਆਚਾਰਵੰਤ ਪੁਤਰ ਨੂੰ ਮਾਰਨ ਵਾਸਤੇ ਤੁਲਿਆ ਹੋਇਆ ਸੀ। ਸ਼੍ਰੀ ਦਸਮ ਗ੍ਰੰਥ ਦੇ ਆਲੋਚਕਾਂ ਨੇ ਆਪਣੀਆਂ ਗ਼ਲਤ-ਬਿਆਨੀਆਂ ਦੁਆਰਾ ਅਨੂਪ ਕੌਰ ਵਾਲੇ ਚਰਿਤ੍ਰ ਸੰਬੰਧੀ ਬਹੁਤ ਸੰਦੇਹ ਪੈਦਾ ਕੀਤੇ ਹਨ। ਇਨ੍ਹਾਂ ਦੇ ਨਿਵਾਰਨ ਵਾਸਤੇ ਪਾਠਕਾਂ ਸਾਹਮਣੇ ਪੂਰੀ ਕਹਾਣੀ ਪ੍ਰਸਤੁਤ ਕਰਨੀ ਆਵਸ਼ਕ ਹੋ ਗਈ ਹੈ। ਮੈਂ ਇਸ ਨੂੰ ਸਾਰ ਰੂਪ ਵਿੱਚ ਇਸ ਤਰ੍ਹਾਂ ਬਿਆਨ ਕਰਨ ਦਾ ਯਤਨ ਕਰਾਂਗਾ ਕਿ ਇਹ ਕਾਹਣੀ ਸੰਖਿਪਿਤ ਤਾਂ ਹੋਵੇ, ਪਰ ਕਿਸੇ ਮਹਤਵਪੂਰਨ ਅੰਗ ਦੀ ਹਾਨੀ ਤੋਂ ਵੀ ਮੁਕਤ ਹੋਵੇ। ਇਹ ਕਥਾ ਜੋ `ਚਰਿਤਰੋਪਾਖਿਆਨ’ ਦੇ ਤਿੰਨ ਚਰਿਤ੍ਰਾਂ (21 ਤੋਂ 23) ਵਿੱਚ ਪਸਰੀ ਹੋਈ ਹੈ, ਦਾ ਸੰਖੇਪ ਵਿਵਰਣ ਇਸ ਪ੍ਰ ਕਾਰ ਹੈ:

ਕਹਿਲੂਰ ਰਿਆਸਤ ਵਿੱਚ ਨੈਣਾਂ ਦੇਵੀ ਦੇ ਨੇੜੇ ਸਤਲੁਜ ਨਦੀ ਕੰਢੇ ਆਨੰਦਪੁਰ ਨਾਮ ਦਾ ਇੱਕ ਪਿੰਡ ਸੀ। ਇਥੇ ਸਿਖ ਪੰਥ ਦੇ ਲੋਕ ਬਹੁਤ ਉਤਸਾਹ ਸਹਿਤ ਆਉਂਦੇ ਸਨ ਅਤੇ ਆਪਣੇ ਗੁਰੂ ਤੋਂ ਵਡੀਆਂ ਬਰਕਤਾਂ ਪ੍ਰਾਪਤ ਕਰ ਕੇ ਖ਼ੁਸ਼ੀ ਨਾਲ ਘਰ ਜਾਂਦੇ ਸਨ। ਇੱਕ ਧਨਵਾਨ ਵਿਅਕਤੀ ਦੀ ਨੂਪ (ਅਨੂਪ) ਕੌਰ ਨਾਮੀ ਇਸਤ੍ਰੀ ਆਨੰਦਪੁਰ ਦੇ ਰਾਜੇ ਉਤੇ ਮੋਹਿਤ ਹੋ ਗਈ। ਉਸ ਨੇ ਰਾਜੇ ਦੇ ਮਗਨ ਨਾਮੀ ਇੱਕ ਸੇਵਕ ਨੂੰ ਕੁੱਝ ਪੈਸਿਆਂ ਦਾ ਲਾਲਚ ਦੇ ਕੇ ਆਖਿਆ ਕਿ ਉਹ ਆਪਣੇ ਮਾਲਿਕ ਨੂੰ ਇਹ ਕਹਿ ਕੇ ਮੇਰੇ ਕੋਲ ਭੇਜੇ ਕਿ ਜੋ ਮੰਤ੍ਰ ਉਹ ਸਿਖਣਾ ਚਾਹੁੰਦੇ ਹਨ, ਉਹ ਮੇਰੇ ਕੋਲ ਹੈ। ਰਾਜਾ ਸਾਧੂ ਦਾ ਰੂਪ ਧਾਰਨ ਕਰ ਕੇ ਅਕਾਲ-ਪੁ ਰਖ ਦਾ ਸਿਮਰਨ ਕਰਦਾ ਹੋਇਆ ਅਨੂਪ ਕੌਰ ਦੇ ਘਰ ਪਹੁੰਚ ਗਿਆ। ਉਸ ਨੇ ਸੰਨਿਆਸੀਆਂ ਵਾਲੇ ਵਸਤ੍ਰ ਉਤਾਰ ਕੇ ਆਪਣੀ ਸਾਧਾਰਨ ਵੇਸ਼-ਭੂਸਾ ਧਾਰਨ ਕੀਤੀ। ਰਾਜੇ ਨੂੰ ਆਉਂਦਾ ਵੇਖ ਕੇ ਅਨੂਪ ਕੌਰ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਅਤੇ ਰਾਜੇ ਦੀ ਸੇਵਾ ਵਾਸਤੇ ਫੁਲ, ਪਾਨ, ਸ਼ਰਾਬ ਆਦਿ ਭੇਟ ਕੀਤੀ। ਰਾਜੇ ਵਲੋਂ ਇਨ੍ਹਾਂ ਵਸਤਾਂ ਦੇ ਸੇਵਨ ਦਾ ਕੋਈ ਉਲੇਖ ਨਹੀਂ, ਕੇਵਲ ਅਨੂਪ ਕੌਰ ਵਲੋਂ ਭੇਟ ਕੀਤੇ ਜਾਣ ਦਾ ਉਲੇਖ ਹੈ। ਅਜਿਹੇ ਕਈ ਮਿਤਰ ਸਾਡੇ ਘਰਾਂ ਵਿੱਚ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਚਾਹ ਦਾ ਕੱਪ ਭੇਟ ਕਰੀਏ, ਤਾਂ ਉਹ ਕਹਿੰਦੇ ਹਨ ਕਿ ਮੈਂ ਚਾਹ ਬਿਲਕੁਲ ਨਹੀਂ ਪੀਂਦਾ। ਇਸਤ੍ਰੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਮੈਂ ਕਾਮਦੇਵ ਤੋਂ ਹਾਰ ਚੁਕੀ ਹਾਂ। ਤੁਹਾਡੇ ਰੂਪ ਅਤੇ ਵਿਅਕਤਿਤ੍ਵ ਸਾਹਮਣੇ ਵਿਕ ਚੁਕੀ ਹਾਂ। ਤੁਸੀਂ ਮੇਰੇ ਨਾਲ ਕਾਮੁਕ ਸੰਬੰਧ ਬਣਾਓ, ਮੈਂ ਤਾਂ ਹੀ ਬਚ ਸਕਦੀ ਹਾਂ। ਰਾਜਾ ਸਮਝਾਉਂਦਾ ਹੈ ਕਿ ਅਜਿਹਾ ਸੋਚਣਾ ਵੀ ਪਾਪ ਹੈ। ਤੂੰ ਮੇਰੀ ਸਿਖ ਹੈਂ ਅਤੇ ਸਿਖ ਨਾਲ ਗੁਰੂ ਦੇ ਅਜਿਹੇ ਸੰਬੰਧ ਅਯੋਗ ਹਨ, ਨਰਕ ਵਿੱਚ ਲਿਜਾਣ ਵਾਲੇ ਹਨ। ਪਰ ਉਹ ਇਸਤ੍ਰੀ ਆਪਣੇ ਹਠ ਉਤੇ ਅੜੀ, ਹਰ ਪ੍ਰਕਾਰ ਦੀਆਂ ਯੁਕਤੀਆਂ ਨਾਲ ਆਪਣੀ ਵਾਸ਼ਨਾ-ਤ੍ਰਿਪਤੀ ਨੂੰ ਯੋਗ ਠਹਿਰਾਉਂਦੀ, ਬੇਨਤੀਆਂ ਕਰਦੀ ਹੈ। ਜਿਤਨੇ ਬਲਸਾਲੀ ਸ਼ਬਦਾਂ ਵਿੱਚ ਉਹ ਆਪਣੀ ਕਾਮ-ਆਤੁਰਤਾ ਦੀ ਉਚਿਤਤਾ ਦਸ ਕੇ ਇਸ ਦੀ ਪੂਰਤੀ ਲਈ ਬੇਨਤੀਆਂ ਕਰਦੀ ਹੈ, ਰਾਜਾ ਉਸ ਤੋਂ ਕਿਤੇ ਵਧੀਕ ਬਲਸ਼ਾਲੀ ਸ਼ਬਦਾਂ ਵਿੱਚ ਅਜਿਹੇ ਅਯੋਗ ਸੰਬੰਧਾਂ ਦੀ ਨਿੰਦਾ ਕਰਦਾ ਹੈ। ਇੱਕ ਪਾਸੇ ਉਹ ਆਪਣੇ ਮਨ ਹੀ ਮਨ ਇਸ ਸੰਕਲਪ ਨੂੰ ਦ੍ਰਿੜ੍ਹ ਕਰਦਾ ਹੈ ਕਿ ਅਜਿਹੇ ਅਯੋਗ ਸੰਬੰਧ ਉਹ ਕਦੇ ਨਹੀਂ ਬਣਾਏ ਗਾ, ਦੂਜੇ ਪਾਸੇ ਉਸ ਇਸਤ੍ਰੀ ਦੀ ਹਰ ਯੁਕਤੀ ਨੂੰ ਅਨੁਚਿਤ ਦਰਸਾਉਂਦਿਆਂ ਪੂਰੀ ਮਾਨਵਤਾ ਨੂੰ ਅਜਿਹੇ ਸੰਬੰਧ ਬਣਾਉਣ ਤੋਂ ਵਰਜਿਤ ਕਰਦਾ ਹੈ। ਰਾਜੇ ਨੇ ਕਾਮੁਕ ਸੰਬੰਧਾਂ ਤੋਂ ਬਚਣ ਦੀ ਜੋ ਉਤਕ੍ਰਿਸ਼ਟ ਪ੍ਰੇਰਨਾ ਇਸ ਕਥਾ ਵਿੱਚ ਦਿਤੀ ਹੈ, ਉਹ ਸ਼ਾਇਦ ਹੀ ਕਿਸੇ ਹੋਰ ਸਾਹਿਤਿਕ ਜਾਂ ਅਧਿਆਤਮਕ ਗ੍ਰੰਥ ਵਿੱਚ ਮਿਲ ਸਕੇ। ਰਾਜੇ ਅਤੇ ਅਨੂਪ ਕੌਰ ਦੇ ਵਾਰਤਾਲਾਪ ਦੇ ਕੀਮਤੀ ਅੰਸ਼ ਮੈਂ ਮਗਰੋਂ ਪ੍ਰਸਤੁਤ ਕਰਾਂਗਾ। ਰਾਜੇ ਦਾ ਹਠ ਵੇਖ ਕੇ ਉਸ ਇਸਤ੍ਰੀ ਨੇ ਡਰਾਉਣ ਵਾਸਤੇ ਚੋ ਰ-ਚੋਰ ਕਹਿ ਕੇ ਸ਼ੋਰ ਮਚਾਇਆ। ਉਸ ਇਸਤ੍ਰੀ ਦੇ ਸੇਵਕ ਅਤੇ ਆਸ-ਪਾਸ ਦੇ ਲੋਕ ਜਾਗ ਪਏ ਅਤੇ ਉਨ੍ਹਾਂ ਨੇ ਰਾਜੇ ਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਵਿਚੋਂ ਕੁੱਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ “ਤੈਨੂ ਭਜਣ ਨਹੀਂ ਦੇਵਾਂਗੇ।” ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੇ ਸਿਰ ਉਤੋਂ ਪਗੜੀ ਲਾਹ ਦਿਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ ਉਸ ਨੂੰ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿਤਾ। ਸਵੇਰੇ ਅਨੂਪ ਕੌਰ ਨੇ ਇੱਕ ਹੋਰ ਚਾਲ ਚਲੀ। ਉਸ ਨੇ ਰਾਜੇ ਦੀ ਜੁਤੀ ਅਤੇ ਵਿਸ਼ੇਸ਼ ਚੋਲਾ ਵਿਖਾ ਕੇ ਲੋਕਾਂ ਨੂੰ ਕਹਿ ਦਿਤਾ ਕਿ ਅਸਲ ਵਿੱਚ ਰਾਜਾ ਹੀ ਮੇਰੇ ਘਰ ਚੋਰੀ ਕਰਨ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ। ਪਰ ਰਾਜੇ ਨੇ ਉਸ ਦੀ ਇਸ ਮਕਾਰੀ ਦਾ ਜਵਾਬ ਦੇਣ ਵਾਸਤੇ ਆਪਣੇ ਸਿਖ-ਸੇਵਕਾਂ ਨੂੰ ਕਿਹਾ ਕਿ ਸਾਡੀ ਜੁਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ। ਸਿਖਾਂ ਨੇ ਅਨੂਪ ਕੌਰ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਰਾਏ ਨੇ ਆਪਣੇ ਸਿਖਾਂ ਨੂੰ ਨਸੀਹਤ ਦਿਤੀ ਕਿ ਉਸ ਇਸਤ੍ਰੀ ਨਾਲ ਦੁਰ-ਵਿਵਹਾਰ ਬਿਲਕੁਲ ਨਹੀਂ ਕਰਨਾ। ਇਸਤ੍ਰੀ ਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ, ਤਾਂ ਉਸ ਦੀਆਂ ਅਖਾਂ ਨੀਵੀਆਂ ਹੋ ਗਈਆਂ। ਉਹ ਬਹੁਤ ਸ਼ਰਮਸਾਰ ਹੋਈ। ਰਾਏ ਨੇ ਸਿਖਾਂ ਨੂੰ ਕਿਹਾ ‘ਇਸ ਨੂੰ ਕੁੱਝ ਨਹੀਂ ਕਹਿਣਾ। ਕੇਵਲ ਇਸ ਦੇ ਘਰ ਵਿੱਚ ਹੀ ਇਸ ਨੂੰ ਨਜ਼ਰ ਬੰ ਦ ਕਰ ਦਿਓ। ਅਸੀਂ ਇਸ ਨੂੰ ਫਿਰ ਕਿਸੇ ਵਿਹਲੇ ਸਮੇਂ ਬੁਲਾ ਕੇ ਗਲ ਕਰਾਂਗੇ।’ ਅਗਲੀ ਸਵੇਰ ਇਸਤ੍ਰੀ ਨੂੰ ਬੁਲਾ ਕੇ ਰਾਏ ਨੇ ਕਿਹਾ ਤੂੰ ਕਾਮ-ਵਸ ਹੋ ਕੇ ਸਾਡੇ ਉਤੇ ਚਰਿਤ੍ਰ ਕੀਤਾ ਸੀ, ਇਸ ਲਈ ਸਾਨੂੰ ਵੀ ਚਰਿਤ੍ਰ ਕਰਨਾ ਪਿਆ। ਉਸ ਇਸਤ੍ਰੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਅਗੇ ਤੋਂ ਕਦੇ ਵੀ ਉਹ ਅਜਿਹੀ ਗੱਲ ਆਪਣੇ ਮਨ ਵਿੱਚ ਨਹੀਂ ਲਿਆਵੇਗੀ। ਉਸ ਦਾ ਦੋਸ਼ ਮੁਆਫ਼ ਕਰ ਦਿਤਾ ਜਾਵੇ। ਰਾਏ ਨੇ ਉਸ ਦੇ ਭਰਾ ਨੂੰ ਰਿਹਾ ਕਰਵਾ ਦਿਤਾ ਅਤੇ ਅਨੂਪ ਕੌਰ ਦੇ ਵਲ-ਛਲ ਤੋਂ ਬਚਾਓ ਹਿਤ ਜੋ ਕੌਤੁਕ ਕੀਤਾ, ਉਸ ਲਈ ਖਿਮਾ ਵੀ ਮੰਗੀ। ਅਨੂਪ ਕੌਰ ਰਾਜੇ ਦੀ ਸਿਖ ਹੋ ਗਈ ਅਤੇ ਰਾਜੇ ਵਲੋਂ ਉਸ ਦੇ ਗ਼ੁਜ਼ਰਾਨ ਵਾਸਤੇ ਹਰ ਛੇ ਮਹੀਨਿਆਂ ਬਾਅਦ ਵੀਹ ਹਜ਼ਾਰ ਟਕੇ ਦੇਣ ਦਾ ਪ੍ਰਬੰਧ ਕਰਵਾ ਦਿਤਾ। ਇਸ ਤੋਂ ਇਹ ਤਥ ਸਾਹਮਣੇ ਆਉਂਦਾ ਹੈ ਕਿ ਜੀਵਨ ਦਾ ਬਾਕੀ ਭਾਗ ਉਸ ਨੇ ਗੁਰੂ-ਚਰਨਾਂ ਵਿੱਚ ਰਹਿ ਕੇ ਸੇਵਾ- ਸਿਮਰਨ ਕਰਨ ਨੂੰ ਸਮਰਪਿਤ ਕਰ ਦਿਤਾ, ਨਹੀਂ ਤਾਂ ਧਨਵਾਨ ਦੀ ਪਤਨੀ ਹੋਣ ਕਰ ਕੇ ਉਸ ਨੂੰ ਕਿਸੇ ਗ਼ੁਜ਼ਾਰਾ-ਭੱਤੇ ਦੀ ਜ਼ਰੂਰਤ ਨਹੀਂ ਸੀ। ਸਿਖ ਇਤਿਹਾਸਕਾਰ ਇਸ ਕਥਾ ਨੂੰ ਸਿਖਿਆਦਾਇਕ ਕਾਲਪਨਿਕ ਕਥਾ ਨਹੀਂ ਮੰਨਦੇ, ਬਲਕਿ ਅਨੂਪ ਕੌਰ ਨੂੰ ਇੱਕ ਇਤਿਹਾਸਿਕ ਇਸਤ੍ਰੀ ਮੰਨਦੇ ਹਨ, ਜੋ ਉਕਤ ਘਟਨਾ ਤੋਂ ਬਾਅਦ ਗੁਰੂ ਜੀ ਦੀ ਸਚੀ-ਸੁਚੀ ਸੇਵਿਕਾ ਬਣ ਗਈ। ਸ਼ੇਰ ਮੁਹੰਮਦ ਖਾਂ ਮਲੇ ਰਕੋਟਲੀਏ ਨੇ ਜਦੋਂ ਉਸ ਦੀ ਪੱਤ ਲੁਟਣ ਦਾ ਯਤਨ ਕੀਤਾ, ਤਾਂ ਉਸ ਨੇ ਪ੍ਰਾਣ ਤਿਆਗ ਦਿਤੇ। ਸ਼ੇਰ ਮੁਹੰਮਦ ਨੇ ਆਪਣੇ ਪਾਪ ਨੂੰ ਛਿਪਾਉਣ ਵਾਸਤੇ ਉਸ ਦੀ ਲਾਸ਼ ਨੂੰ ਕਬਰ ਵਿੱਚ ਦਫ਼ਨ ਕਰ ਦਿਤਾ। ਬਾਬਾ ਬੰਦਾ ਸਿੰਘ ਦੇ ਮਲੇਰਕੋਟਲੇ ਉਤੇ ਹਮਲੇ ਸਮੇਂ, ਉਸ ਦਾ ਸਰੀਰ ਕਬਰ ਵਿਚੋਂ ਕਢਿਆ ਗਿਆ ਅਤੇ ਉਸ ਦਾ ਸਿਖ ਰੀਤੀਆਂ ਅਨੁਸਾਰ ਸੰਸਕਾਰ ਕੀਤਾ। ਚਰਚਿਤ ਤਿੰਨ ਚਰਿਤ੍ਰਾਂ ਵਿੱਚ ਅਨੂਪ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਦ ਕਾਮੁਕ-ਉਤੇਜਨਾ ਦੇ ਵਰਣਨ ਅਤੇ ਕਾਮ-ਮੁਕਤੀ ਪ੍ਰਾਪਤ ਕਰਨ ਲਈ ਉਚਤਮ ਪ੍ਰੇਰਨਾ ਪਖੋਂ ਇੱਕ ਅਤਿ-ਉਤਮ ਅਮ੍ਰਿਤ ਹੈ। ਜੇ ਸਿਖ ਫ਼ਜ਼ੂਲ ਦੇ ਝਗੜੇ ਛਡ ਕੇ ਇਸ ਕਥਾ ਵਿਚਲੇ ਸੰਵਾਦ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾ ਸਕਦੇ, ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿੱਚ ਅਭੂਤਪੂਰਵ ਵਾਧਾ ਹੋਣਾ ਸੀ। ਕਾਮ ਤੋਂ ਜਨਮੇ ਅਪਰਾਧਾਂ ਤੋਂ ਮਾਨਵ- ਸਮਾਜ ਨੂੰ ਮੁਕਤ ਕਰਨ ਵਾਸਤੇ ਇਸ ਤੋਂ ਚੰਗੇਰੀ ਰਚਨਾ ਲਭਣੀ ਮੁਸ਼ਕਿਲ ਹੈ। ਅਸੀਂ ਪਾਠਕਾਂ ਦੀ ਜਾਣਕਾਰੀ ਵਾਸਤੇ ਇਸ ਸੰਵਾਦ ਦੇ ਕੁੱਝ ਮਹਤਵ ਪੂਰਨ ਅੰਸ਼ ਪ੍ਰਸਤੁਤ ਕਰਦੇ ਹਾਂ। ਕਿਸੇ ਪੰਕਤੀ ਦੇ ਭਾਵ ਵਿੱਚ ਅਸਾਂ ਰਤਾ ਵੀ ਪਰਿਵਰਤਨ ਨਹੀਂ ਕੀਤਾ, ਹਾਂ ਇਸ ਨੂੰ ਸਿਧਾ-ਸਿਧਾ ਅਨੁਵਾਦ ਭਾਵੇਂ ਨਾ ਮੰ ਨਿਆ ਜਾਵੇ-

 ਅਨੂਪ ਕੌਰ:

ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਿਤ ਹਾਂ। ਤੁਹਾਡੇ ਤੋਂ ਵਿਕ ਚੁਕੀ ਹਾਂ। ਮੇਰੇ ਨਾਲ ਕਾਮ-ਭੋਗ ਕਰੋ। ਪੂਜਣਯੋਗ ਹੋ ਗਏ ਤਾਂ ਕੀ ਹੋਇਆ? ਧਨਵਾਨ (ਗੁਣਵੰਤ) ਹੋ, ਤਾਂ ਨਿਰਧਨਾਂ (ਔਗੁਣਵੰਤਿਆਂ) ਨੂੰ ਕਿਉਂ ਸਤਾਉਂਦੇ ਹੋ? ਇਹ ਠੀਕ ਹੈ, ਤੁਸੀਂ ਰੂਪਵੰਤ ਹੋ, ਪਰ ਅਭਿਮਾਨ ਕਿਉਂ ਕਰਦੇ ਹੋ? ਧਨ, ਜੋਬਨ ਆਖ਼ਿਰ ਚਾਰ ਦਿਨਾਂ ਦਾ ਪ੍ਰਾਹੁਣਾ ਹੈ।

 ਗੁਰੂਜੀ:

ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ। ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ। ਧਨ-ਧਾਮ ਧਰਮ ਤੋਂ ਮਿਲਦੇ ਹਨ। ਧਰਮ ਹੀ ਰਾਜ ਦੀ ਸ਼ੋਭਾ ਹੈ। ਤੇਰਾ ਕਿਹਾ ਮੰਨ ਕੇ ਧਰਮ ਦਾ ਤਿਆਗ ਕਿਉਂ ਕਰਾਂ? ਕਿਉਂ ਇਸ ਪਵਿਤ੍ਰ ਕਾਇਆ ਨੂੰ (ਕਾਮ ਦੇ) ਨਰਕ ਵਿੱਚ ਸੁਟਾਂ। ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ। ਮੈਂ ਆਪਣੀ ਕੁਲ ਨੂੰ ਕਿਉਂ ਦਾਗ਼ ਲਗਾਵਾਂ? ਮੈਂ ਵਿਆਹੁਤਾ ਪਤਨੀ ਨੂੰ ਤਿਆਗ ਕੇ ਤੇਰੇ ਨਾਲ ਕਦੇ ਵੀ ਭੋਗ ਨਹੀਂ ਕਰਾਂਗਾ। ਭੋਗ-ਵਿਲਾਸ ਕਰ ਕੇ ਮੈਂ ਧਰਮਰਾਜ ਦੀ ਸਭਾ ਵਿੱਚ ਕਿਵੇਂ ਸ਼ੋਭਾ ਪਾ ਸਕਾਂਗਾ?

 ਅਨੂਪ ਕੌਰ:

ਕਾਮਤੁਰ ਇਸਤ੍ਰੀ ਜੇ ਮਰਦ ਕੋਲ ਜਾਵੇ। ਉਹ ਉਸ ਨੂੰ ਨਿਰਾਸ਼ ਜਾਣ ਦੇਵੇ, ਤਾਂ ਉਸ ਨੂੰ ਮਹਾਨ ਨਰਕ ਵਿੱਚ ਹੀ ਸੁਟਣਾ ਚਾਹੀਦਾ ਹੈ।

 ਗੁਰੂਜੀ:

ਤੂੰ ਹਮੇਸ਼ਾ ਮੇਰੇ ਪੈਰੀਂ ਪੈਂਦੀ ਹੈਂ, ਮੇਰੀ ਪੂਜਾ ਕਰਦੀ ਹੈਂ। ਮੇਰੇ ਨਾਲ ਭੋਗ ਕਰਦਿਆਂ ਤੈਨੂੰ ਸ਼ਰਮ ਨਹੀਂ ਆਵੇਗੀ।

 ਅਨੂਪ ਕੌ ਰ:

ਸ਼੍ਰੀ ਕ੍ਰਿਸ਼ਣ ਵੀ ਜਗਤ ਵਿੱਚ ਪੂਜੇ ਜਾਂਦੇ ਸਨ, ਫਿਰ ਵੀ ਰਾਸ-ਲੀਲਾ ਰਚਦੇ ਸਨ। ਰਾਧਾ ਨਾਲ ਭੋਗ ਕਰ ਕੇ, ਉਹ ਤਾਂ ਨਹੀਂ ਨਰਕ ਵਿੱਚ ਚਲੇ ਗਏ। ਰੱਬ ਨੇ ਇਨਸਾਨ ਦੀ ਦੇਹੀ ਪੰਜ ਤਤਾਂ ਤੋਂ ਬਣਾਈ ਹੈ। ਕਾਮ-ਭੋਗਣ ਨਾਲ ਕੀ ਫ਼ਰਕ ਪੈਂਦਾ ਹੈ? ਇਸਤ੍ਰੀ-ਪੁਰੁਖ ਦੀ ਪ੍ਰੀਤ ਉਸੇ ਨੇ ਬਣਾਈ ਹੈ। ਮੇਰੇ ਸਰੀਰ ਵਿੱਚ ਕਾਮ-ਅਗਨੀ ਹੈ, ਉਸ ਨੂੰ ਤ੍ਰਿਪਤ ਕਰੋ। ਤੁਹਾਡੇ ਸੰਜੋਗ ਬਿਨਾ ਮੈਂ ਵਿਜੋਗ ਵਿੱਚ ਸੜ ਮਰਾਂਗੀ।

 ਗੁਰੂਜੀ:

ਹੇ ਜੋਬਨਵੰਤੀ! ਮਨ ਵਿੱਚ ਧੀਰਜ ਕਰ, ਕਾਮਦੇਵ ਤੇਰਾ ਕੀ ਵਿਗਾੜੇਗਾ? ਮਨ ਵਿੱਚ ਮਹਾ ਰੁਦ੍ਰ (ਪ੍ਰਭੂ) ਦਾ ਧਿਆਨ ਕਰ, ਤੇਰਾ ਕਾਮ ਦਾ ਸੰਤਾਪ ਨਸ਼ਟ ਹੋ ਜਾਵੇਗਾ। ਮੈਂ ਆਪਣੀ ਧਰਮ-ਪਤਨੀ ਤਿਆਗ ਕੇ ਨਾ ਤੈਨੂੰ ਪ੍ਰਣਾਵਾਂਗਾ, ਨਾ ਤੇਰੇ ਨਾਲ ਪ੍ਰੀਤ ਸਹਿਤ ਭੋਗ ਕਰਾਂਗਾ। ਤੇਰਾ ਕਿਹਾ ਮੰਨ ਕੇ ਕਾਮ-ਭੋਗ ਕਿਉਂ ਕਰਾਂ? ਕਿਉਂ ਨਰਕ ਵਿੱਚ ਜਾਵਾਂ? ਮੈਂ ਧਰਮ ਦੇ ਵੈਰੀ ਕਾਮ ਨੂੰ ਕਦੇ ਗ੍ਰਹਿਣ ਨਹੀਂ ਕਰ ਸਕਦਾ। ਕਾਮ ਵਿੱਚ (ਦੁਨੀਆਂ ਅੰਦਰ) ਮੇਰੇ ਅਪਜਸ ਦੀ ਕਥਾ ਚਲ ਪਵੇਗੀ। ਮੈਂ ਲੋਕਾਂ ਨੂੰ ਮੂੰ ਹ ਕਿਵੇਂ ਵਿਖਾਵਾਂਗਾ? ਧਰਮ ਰਾਜ ਨੂੰ ਜਵਾਬ ਕਿਵੇਂ ਦੇਵਾਂਗਾ? ਹੇ ਸੁੰਦਰੀ! ਮੇਰੇ ਨਾਲ ਇਸ਼ਕ ਦੇ ਵਿਚਾਰ ਛਡ ਦੇ। ਜੋ ਤੂੰ ਕਹਿ ਦਿਤਾ ਸੋ ਕਹਿ ਦਿਤਾ, ਫਿਰ ਅਜਿਹਾ ਕਹਿਣ ਦਾ ਕਦੇ ਸਾਹਸ ਨਾ ਕਰਨਾ।

 ਅਨੂਪ ਕੌ ਰ:

ਹੇ ਪ੍ਰੀਤਮ! ਮੇਰੇ ਨਾਲ ਭੋਗ ਕਰ ਕੇ ਨਰਕ ਵਿੱਚ ਨਹੀਂ ਜਾਓਗੇ। ਤੁਸੀਂ ਮਨ ਵਿਚੋਂ ਇਹ ਡਰ ਤਿਆਗ ਦਿਓ। ਲੋਕ ਤੁਹਾਡੀ ਨਿੰਦਾ ਨਹੀਂ ਕਰ ਸਕਦੇ, ਉਹ ਤੁਹਾਡੇ ਤੋਂ ਡਰਦੇ ਹਨ। ਫਿਰ ਜੇ ਕਿਸੇ ਨੂੰ ਪਤਾ ਲਗੇਗਾ, ਤਾਂ ਹੀ ਨਿੰਦਾ ਕਰੇਗਾ। ਜੇ ਕੋਈ ਜਾਣ ਵੀ ਲਵੇ, ਤੁਹਾਡੇ ਤੋਂ ਡਰ ਕੇ ਚੁਪ ਰਹੇਗਾ। ਭੋਗ ਨਾ ਕਰੋਗੇ, ਤਾਂ ਲੱਤ ਹੇਠੋਂ ਨਿਕਲਣਾ ਹੋਵੇਗਾ।

 ਗੁਰੂਜੀ:

ਲੱਤਾਂ ਹੇਠੋਂ ਉਹ ਨਿਕਲੇਗਾ, ਜੋ ਕਾਮ ਦੇ ਅਸਮਰਥ ਹੋਵੇ। ਨਪੁੰਸਕ ਹੋਵੇ। ਮੈਂ ਧਰਮ ਦਾ ਬੰਨ੍ਹਿਆ, ਲੋਕ ਮਰਯਾਦਾ ਦਾ ਬੰਨ੍ਹਿਆ ਕਾਮ-ਭੋਗ ਤੋਂ ਨਿਰਲਿਪਤ ਰਹਿੰਦਾ ਹਾਂ। ਕਿਸੇ ਸਰੀਰਿਕ ਹੀਣਤਾ ਕਾਰਨ ਨਹੀਂ॥

 ਅਨੂਪ ਕੌਰ:

ਤੁਸੀਂ ਅਨੇਕ ਯਤਨ ਕਰ ਕੇ ਵੀ ਇਥੋਂ ਭੋਗ-ਵਿਲਾਸ ਕੀਤੇ ਬਿਨਾ ਜਾ ਨਹੀਂ ਸਕਦੇ। ਅਜ ਰਾਤ ਕਾਮ-ਕ੍ਰੀੜਾ ਕਰਨੀ ਹੋਵੇਗੀ। ਤੁਹਾਡੇ ਲਈ ਮੈਂ ਕਾਸ਼ੀ ਵਿੱਚ ਆਰੇ ਨਾਲ ਚੀਰੇ ਜਾਣ ਵਾਸਤੇ ਤਿਆਰ ਹਾਂ। ਧਰਮਰਾਜ ਦੀ ਸਭਾ ਵਿੱਚ ਡਟ ਕੇ ਉਤਰ ਦੇ ਸਕਦੀ ਹਾਂ। ਅਜ ਦੀ ਰਾਤ ਮੈਂ ਰੁਚੀ ਪੂਰਵਕ ਤੁਹਾਡੇ ਨਾਲ ਕਾਮ-ਆਨੰਦ ਮਾਣਾਂਗੀ। ਤੁਹਾਡੇ ਸੰਜੋਗ ਨਾਲ ਮੈਂ ਅਜ ਸ਼ਿਵ ਦੇ ਵੈਰੀ ਕਾਮਦੇਵ ਦਾ ਅਹੰਕਾਰ ਤੋੜ ਦੇਵਾਂਗੀ।

 ਗੁਰੂਜੀ:

ਪਹਿਲਾਂ ਤਾਂ ਅਕਾਲ-ਪੁਰੁਖ ਨੇ ਮੈਨੂੰ ਖਤਰੀਆਂ ਦੀ ਸ਼੍ਰੇਸ਼ਠ ਕੁਲ ਵਿੱਚ ਪੈਦਾ ਕੀਤਾ ਹੈ। ਫਿਰ (ਗੁਰੁਗਦੀ ਤੇ ਵਿਰਾਜਮਾਨ ਕਰ ਕੇ) ਸਾਡੀ ਕੁਲ ਨੂੰ ਜਗਤ ਵਿੱਚ ਸਨਮਾਨ ਦਿਤਾ ਹੈ। ਮੈਂ ਸਾਰਿਆਂ ਵਿੱਚ ਬੈਠ ਕੇ ਪੂਜਣਯੋਗ ਅਖਵਾਉਂਦਾ ਹਾਂ। ਤੇਰੇ ਨਾਲ ਕਾਮ ਭੋਗ ਕੇ ਨੀਚ ਕੁਲ ਵਿੱਚ ਜਾਵਾਂਗਾ।

 ਅਨੂਪ ਕੌਰ:

ਜਨਮ ਦੀ ਕੀ ਗੱਲ ਹੈ? ਜਨਮ ਤਾਂ ਤੁਹਾਡੇ ਹੀ ਅਧੀਨ ਹਨ। ਜੇ ਅਜ ਮੇਰਾ ਸੰਗ ਨਾ ਕਰੋਗੇ, ਤਾਂ ਮੈਂ ਆਪਣੀ ਬਦਨਸੀਬੀ ਸਮਝਾਂਗੀ। ਤੁਹਾਡੇ ਵਿਜੋਗ ਵਿੱਚ ਸੜ ਮਰਾਂਗੀ, ਜ਼ਹਿਰ ਪੀ ਲਵਾਂਗੀ। ਮੇਰੇ ਨਾਲ ਸੰਜੋਗ ਕਰੋ, ਤਾਂ ਕਿ ਦਿਲ ਦਾ ਰੋਗ ਦੂਰ ਹੋਵੇ। ਤੁਹਾਡਾ ਸੰਗ ਨਹੀਂ ਮਿਲ ਰਿਹਾ, ਮੇਰੀ ਕਾਮ-ਅਗਨੀ ਭੜਕ ਰਹੀ ਹੈ।

 ਗੁਰੂਜੀ:

ਭਾਂਵੇਂ ਤੂੰ ਕਿਤਨੀ ਕਾਮਾਤੁਰ ਹੋ ਜਾਵੇਂ? ਮੈਂ ਇਹ ਪਾਪ ਨਹੀਂ ਕਰਾਂਗਾ।

 ਅਨੂਪ ਕੌਰ:

ਪਰਮੇਸ਼ਰ ਨੇ ਤੁਹਾਨੂੰ ਜਵਾਨੀ ਦਿਤੀ ਹੈ। ਮੈ ਂ ਵੀ ਜਵਾਨ ਹਾਂ। ਤੁਹਾਡੀ ਜਵਾਨੀ ਅਤੇ ਸੁੰਦਰਤਾ ਨੇ ਮਨ ਵਿੱਚ ਅਗ ਲਾ ਦਿਤੀ ਹੈ। ਸਭ ਸ਼ੰਕੇ ਛਡ ਕੇ ਮੇਰਾ ਸੰਗ ਮਾਣੋ।

 ਗੁਰੂਜੀ:

ਜੋ ਸੁੰਦਰੀ ਮੈਨੂੰ ਪੂਜਣਯੋਗ ਮੰਨ ਕੇ ਮੇਰੇ ਦਰਬਾਰ ਵਿੱਚ ਆਉਂਦੀ ਹੈ, ਉਹ ਮੇਰੀ ਪੁਤਰੀ ਸਮਾਨ ਹੈ। ਕਾਮ-ਅੰ ਧ ਇਸਤ੍ਰੀ ਦੀ ਪ੍ਰੀਤ ਝੂਠੀ ਹੈ, ਕਦੇ ਓੜਕ ਨਹੀਂ ਨਿਭਦੀ। ਇੱਕ ਮਰਦ ਛਡਿਆ, ਦੂਜਾ ਗ੍ਰਹਿਣ ਕਰ ਲਿਆ। ਇਹ ਕਾਹਦੀ ਪ੍ਰੀਤ ਹੈ, ਕੇਵਲ ਨੰਗਾ ਸਰੀਰ ਦੂਜੇ ਦੇ ਹਵਾਲੇ ਕਰਨ ਵਾਲਾ ਕਰਮ ਹੈ।

 ਅਨੂਪ ਕੌਰ:

ਕੀ ਕਰਾਂ? ਕਾਮ ਤੋਂ ਕਿਵੇਂ ਬਚਾਂ? ਮਨ ਸ਼ਾਂਤ ਨਹੀਂ ਹੁੰਦਾ। ਤੈਨੂੰ ਮਾਰ ਕੇ ਕਿਵੇਂ ਜੀਵਾਂ? ਤੇਰੇ ਬੋਲ ਬਹੁਤ ਰਸੀਲੇ ਲਗਦੇ ਹਨ।

 ਗੁਰੂਜੀ:

ਹੇ ਇਸਤ੍ਰੀ! ਤੇਰਾ ਰੂਪ ਧੰਨ ਹੈ। ਤੇਰੇ ਜਨਮ-ਦਾਤੇ ਧੰਨ ਹਨ। ਤੇਰਾ ਦੇਸ਼ ਧੰਨ ਹੈ। ਧੰਨ ਹੈ ਉਹ, ਜਿਸ ਨੇ ਤੇਰੀ ਪਾਲਣਾ ਕੀਤੀ। ਤੇਰਾ ਮੁਖੜਾ ਧੰਨ ਹੈ, ਜਿਸ ਦੀ ਸ਼ੋਭਾ ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮਦੇਵ ਦਾ ਅਹੰਕਾਰ ਚੂਰ ਹੋ ਜਾਂਦਾ ਹੈ। ਤੇਰਾ ਸੁੰਦਰ ਸਰੀਰ ਸੌਭਾਗਸ਼ਾਲੀ ਹੈ। ਤੇਰੇ ਸੋਹਣੇ ਚੰਚਲ ਨੈਣ ਸਜੀਲੇ ਹਨ। ਇਹ ਪੰਛੀਆਂ, ਹਿਰਣਾਂ, ਯਕਸ਼ਾਂ, ਸਪਾਂ, ਦੈਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਖਾਂ ਦਾ ਮਨ ਮੋਹ ਲੈਂਦੇ ਹਨ। ਸ਼ਿਵ ਅਤੇ ਬ੍ਰਹਮਾ ਦੇ ਚਾਰ ਪੁਤਰ ਤੇਰੇ ਨੈਣਾਂ ਨੂੰ ਵੇਖ ਕੇ ਥਕ ਗਏ ਹਨ। ਪਰ ਮੈਂ ਹੈਰਾਨ ਹਾਂ ਕਿ ਮੇਰੇ ਹਿਰਦੇ ਵਿੱਚ ਨਹੀਂ ਚੁਭਦੇ।

 ਅਨੂਪ ਕੌਰ:

ਮੈਂ ਤੁਹਾਡੇ ਨਾਲ ਬਿਸਤਰ ਉਤੇ ਲੇਟ ਕੇ ਵੀ ਕਿਸੇ ਨੂੰ ਕੁੱਝ ਨਹੀਂ ਦਸਾਂਗੀ। ਕਾਮ-ਲਿਪਤ ਹੋਇਆਂ ਸਾਰੀ ਰਾਤ ਇਉਂ ਪਲਾਂ ਵਿੱਚ ਗ਼ੁਜ਼ਰ ਜਾਵੇਗੀ। ਇਸ ਭੋਗ ਦਾ ਸਵਾਦ ਇਤਨਾ ਵੀ ਫਿਕਾ ਨਹੀਂ ਹੁੰਦਾ। ਹੇ ਸਜਣੀ! ਜਾਗਣ ਤੇ ਲਾਜ ਲਗਦੀ ਹੈ। ਜਾਗਣ ਨਾਲੋਂ ਬਸ ਅਜਿਹਾ ਸੌਣ ਹੀ ਚੰਗਾ ਹੈ। ਅਜ ਜਾਂ ਤੁਹਾਡਾ ਸੰਗ ਮਾਣਾਂਗੀ, ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।

 ਗੁਰੂਜੀ:

ਤੇਰੇ ਨੈਣ ਤੀਰ ਵਰਗੇ ਹਨ, ਪਰ ਮੇਰਾ ਕਵਚ ਹਯਾ ਹੈ। ਤੇਰੇ ਨੈਣ ਬਹੁਤ ਸਜੇ ਹਨ। ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ। ਪਰ ਇਹ ਤੀਰ ਮੇਰੇ ਦਿਲ ਵਿੱਚ ਨਹੀਂ ਖੁਭ ਸਕਦੇ। ਗਲਘੋਟੂ ਬੇਰਾਂ ਵਾਂਗ ਇਨ੍ਹਾਂ ਵਿੱਚ ਕੋਈ ਖਿਚ ਨਹੀਂ।

 ਅਨੂਪ ਕੌਰ:

ਤੁਹਾਡੇ ਤੋਂ ਤਾਂ ਬੇਰੀ ਹੀ ਧੰਨ ਹੈ। ਰਾਹੀਆਂ ਨੂੰ ਬੇਰ ਖੁਆ ਕੇ ਘਰ ਜਾਣ ਦੇਂਦੀ ਹੈ।

 ਗੁਰੂਜੀ:

ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਮੇਰੇ ਗੁਰੁਦੇਵ ਪਿਤਾ ਨੇ ਇਕੋ ਪ੍ਰਤਿਗਿਆ ਦ੍ਰਿੜ੍ਹ ਕਰਵਾਈ ਹੈ ਕਿ ਜਦੋਂ ਤਕ ਸਰੀਰ ਵਿੱਚ ਪ੍ਰਾਣ ਹਨ, ਆਪਣੀ ਇਸਤ੍ਰੀ ਨਾਲ ਪ੍ਰੀਤ ਵਧਾਉਂਦੇ ਰਹਿਣਾ, ਪਰ ਪਰਾਈ ਨਾਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨਾ ਜਾਣਾ। ਪਰਨਾਰੀ ਦੇ ਸੰਜੋਗ ਕਾਰਨ ਇੰਦ੍ਰ ਸਹਸ-ਭਗਾਂ ਦੇ ਨਿਸ਼ਾਨ ਨਾਲ ਕੁਰੂਪ ਹੋਇਆ। ਪਰਨਾਰੀ ਦੇ ਸੰਗ ਕਾਰਨ ਚੰਦ੍ਰਮਾ ਕਲੰਕਿਤ ਹੋਇਆ। ਪਰਨਾਰੀ ਕਾਰਨ ਰਾਵਣ ਮਾਰਿਆ ਗਿਆ। ਪਰਨਾਰੀ ਕਾਰਨ ਕੌਰਵਾਂ ਦੀ ਵਿਸ਼ਾਲ ਸੈਨਾ ਨਸ਼ਟ ਹੋ ਗਈ। ਪਰਨਾਰੀ ਦੀ ਪ੍ਰੀਤ ਤਿਖੀ ਛੁਰੀ ਸਮਝੋ। ਪਰਨਾਰੀ ਦਾ ਸੰਗ ਸਰੀਰਿਕ ਮੌਤ ਸਮਝੋ। ਪਰਨਾਰੀ ਭੋਗਣ ਵਲਾ ਮਕਾਰ ਹੁੰਦਾ ਹੈ। ਉਹ ਚੰਡਾਲ ਹਥੋਂ ਕੁਤੇ ਦੀ ਮੌਤ ਮਰਦਾ ਹੈ। ਮੇਰੇ ਪਿਤਾ ਨੇ ਕਿਹਾ ਸੀ- ਹੇ ਬਾਲਕ! ਸਾਡੇ ਕੋਲ ਦੂਰ ਦੇਸ਼ਾਂ ਤੋਂ ਨਾਰੀਆਂ ਆਉਂਦੀਆਂ ਹਨ। ਸਾਨੂੰ ਗੁਰੂ ਜਾਣ ਕੇ, ਸੀਸ ਝੁਕਾ ਕੇ ਮਨ-ਬਾਂਛਤ ਵਰਦਾਨ ਪਾਉਂਦੀਆਂ ਹਨ। ਤੂੰ ਹਮੇਸ਼ਾ ਸਿਖਾਂ ਨੂੰ ਪੁਤਰ ਅਤੇ ਇਸਤ੍ਰੀਆਂ ਨੂੰ ਪੁਤਰੀਆਂ ਸਮਝਣਾ। ਹੁਣ ਪਿਤਾ ਜੀ ਦੀ ਪੁਨੀਤ ਸਿਖਿਆ ਵਿਰੁਧ ਮੈਂ ਉਨ੍ਹਾਂ ਪੁਤਰੀਆਂ ਨਾਲ ਕਿਵੇਂ ਕਾਮਭੋਗ ਕਰ ਸਕਦਾ ਹਾਂ?

 ਅਨੂਪ ਕੌਰ:

ਤੁਸੀਂ ਹਸਦੇ ਖੇਡਦੇ ਸੁਖ ਪੂਰਵਕ ਮੇਰੇ ਨਾਲ ਆਨੰਦੇ ਮਾਣੋ, ਕਿਉਂ ਅਜਾਈਂ ਰੋਸ ਕਰਦੇ ਹੋ? ਕਿਉਂ ਫ਼ਜ਼ੂਲ ਵਿਚਾਰਾਂ ਵਿੱਚ ਪਏ ਹੋ? ਮੇਰੀਆਂ ਅਖਾਂ ਨੀਵੀਆਂ ਹੋ ਗਈਆਂ ਹਨ? ਇਨ੍ਹਾਂ ਨੂੰ ਲੱਜਿਤ ਕਰ ਕੇ ਤੁਹਾਨੂੰ ਕੋਈ ਪਾਪ ਨਹੀਂ ਲਗੇਗਾ?

 ਗੁਰੂਜੀ:

ਮੈਂ ਇਸੇ ਕਰ ਕੇ ਇਨ੍ਹਾਂ ਵਲ ਵੇਖਦਾ ਨਹੀਂ। ਕਿਤੇ ਵਿਜੋਗੇ ਨੈਣਾਂ ਵਿੱਚ ਮੇਰਾ ਵੀ ਚਿਤ ਨਾ ਲਗ ਜਾਵੇ? ਮੇਰੇ ਸਿਖਿਆ ਭਰੇ ਬਚਨ ਸੁਣ ‘ਬ੍ਰਾਹਮਣਾਂ ਅਰਥਾਤ ਗ਼ਰੀਬਾਂ ਨੂੰ ਦਾਨ ਦਿਓ। ਦੁਸ਼ਟਾਂ ਨੂੰ ਤਾੜ ਕੇ ਰਖੋ। ਸੇਵਕ-ਸਿਖਾਂ ਨੂੰ ਸੁਖੀ ਰਖੋ, ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਉਂਦੇ ਰਹੋ। ਲੋਕ-ਲਾਜ ਦਾ ਤਿਆਗ ਕਰ ਕੇ ਬੁਰੇ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਭੁਲ ਕੇ ਸੁਪਨੇ ਵਿੱਚ ਨਾ ਜਾਓ।’ ਮੇਰੇ ਤੋਂ ਜਦੋਂ ਦਾ ਗੁਰੂ-ਪਿਤਾ ਜੀ ਨੇ ਪ੍ਰਣ ਲਿਆ ਹੈ, ਮੇਰੇ ਲਈ ਪਰਾਇਆ ਧਨ ਪਥਰ ਸਮਾਨ ਹੈ ਅਤੇ ਪਰਾਈ ਇਸਤ੍ਰੀ ਮਾਤਾ ਸਮਾਨ। (ਇਸ ਲੰਬੇ ਸੰਵਾਦ ਤੋਂ ਬਾਅਦ ਅਨੂਪ ਕੌਰ ਚੋਰ-ਚੋਰ ਦਾ ਸ਼ੋਰ ਮਚਾਉਂਦੀ ਹੈ ਅਤੇ ਗੁਰੂ ਜੀ ਚਤੁਰਾਈ ਨਾਲ ਸਾਰੀਆਂ ਸਥਿਤੀਆਂ ਨੂੰ ਭੇਦ ਕੇ ਉਥੋਂ ਚਲੇ ਜਾਂਦੇ ਹਨ)। ਉਕਤ ਪਦਾਂ ਵਿੱਚ ਕਾਮਾਤੁਰ ਇਸਤ੍ਰੀ ਦਾ ਹਠ ਅਤੇ ਸਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ। ਇਸ ਅਮ੍ਰਿਤ ਕਥਾ ਵਿੱਚ ਕੁੱਝ ਵੀ ਅਜਿਹਾ ਨਹੀਂ, ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤ੍ਵ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ। ਕਹਾਣੀ ਦਸਦੀ ਹੈ ਕਿ ਕਿਸੇ ਵੀ ਪ੍ਰਸਥਿਤੀ ਵਿੱਚ ਧਰਮ ਦਾ ਪਰਿਪਾਲਣ ਕਰਨ ਤੋਂ ਪਿਛੇ ਨਹੀਂ ਹਟਣਾ ਚਾਹੀਦਾ। ਗੁਰੂਜੀ ਕਿਸੇ ਮੰਤ੍ਰ ਸਿਖਣ ਦੀ ਅਭਿਲਾਸ਼ਾ ਵਾਸਤੇ ਅਨੂਪ ਕੌਰ ਕੋਲ ਨਹੀਂ ਸੀ ਗਏ, ਬਲਕਿ ਮੰਤ੍ਰ-ਜਾਪਾਂ ਵਿੱਚ ਲਗੇ ਹੋਣ ਦਾ ਢੋਂਗ ਕਰਨ ਵਾਲਿਆਂ ਦੀ ਅਸਲ ਤਸਵੀਰ ਉਜਾਗਰ ਕਰਨ ਅਤੇ ਕਾਮ ਦੇ ਭਿਆਨਕ ਸਾਗਰ ਵਿੱਚ ਡੁਬਦੀ ਜਾ ਰਹੀ ਇੱਕ ਸੇਵਿਕਾ ਨੂੰ ਕਾਮ-ਮੁਕਤ ਕਰਨ ਵਾਸਤੇ ਉਹ ਅਨੂਪ ਕੌਰ ਦੇ ਨਿਵਾਸ `ਤੇ ਪੁਜੇ ਸਨ। ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਵਿੱਚ ਮੰਤ੍ਰ-ਜਾਪ ਕਰਨ ਵਾਲਿਆਂ ਨੂੰ ਘੁਗੂ, ਉਲੂ ਆਦਿ ਕਿਹਾ ਹੈ ਅਤੇ ਉਹ ਤੰਤ੍ਰ-ਮੰਤ੍ਰ ਵਿੱਚ ਵਿਸ਼ਵਾਸ ਕਰਨ ਵਾਲਿਆਂ ਤੋਂ, ਆਪਣੇ ਸਿਖਾਂ ਨੂੰ ਸਚੇਤ ਰਹਿਣ ਵਾਸਤੇ ਪ੍ਰੇਰਦੇ ਸਨ, ਇਸੇ ਲਈ ਉਹ ਆਪਣੇ ਸਾਧਾਰਨ ਲਿਬਾਸ ਵਿੱਚ ਅਨੂਪ ਕੌਰ ਦੇ ਗ੍ਰਿਹ ਵਿਖੇ ਨਹੀਂ ਗਏ, ਬਲਕਿ ਸਾਧੂ ਦੇ ਭੇਖ ਵਿੱਚ ਗਏ। ਇਸ ਚਰਿਤ੍ਰ ਦੇ ਆਰੰਭ ਵਿੱਚ ਕਿਹਾ ਹੈ ਕਿ ਰਾਜੇ ਚਿਤ੍ਰ ਸਿੰਘ ਨੇ ਮੰਤ੍ਰੀਆਂ ਨੂੰ ਕਿਹਾ ਕਿ ਉਹ ਚਤੁਰ ਨਰ-ਨਾਰੀਆਂ ਦੀਆਂ ਚਰਿਤ੍ਰ ਕਥਾਵਾਂ ਉਸ ਨੂੰ ਸੁਣਾਉਣ। ਇਸ ਵਾਕ ਤੋਂ ਸਪਸ਼ਟ ਹੈ ਕਿ ਇਹ ਕਥਾਵਾਂ ਔਰਤ ਦੀ ਤਸਵੀਰ ਵਿਗਾੜਨ ਵਾਲੀਆਂ ਨਹੀਂ, ਨਾ ਹੀ ਇਨ੍ਹਾਂ ਨੂੰ ਤ੍ਰਿਆ-ਚਰਿਤ੍ਰ ਕਹਿਣਾ ਉਚਿਤ ਹੈ। ਇਨ੍ਹਾਂ ਕਥਾਵਾਂ ਦਾ ਸੰਬੰਧ ਇਸਤ੍ਰੀ-ਪੁਰਖ ਦੋਹਾਂ ਨਾਲ ਹੈ। ਦੋਵੇਂ ਰਲ ਕੇ ਸਮਾਜ ਦੀ ਅਧੋਗਤੀ ਲਈ ਜ਼ਿਮੇਵਾਰ ਹਨ। ਦੋਹਾਂ ਦੇ ਸਹਿਯੋਗ ਨਾਲ ਸਮਾਜ ਦਾ ਉਥਾਨ ਹੋ ਸਕਦਾ ਹੈ। ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਨਿਸ਼ਠਾ ਸਹਿਤ ਪੜ੍ਹ ਕੇ ਵਿਚਾਰਨ ਦਾ ਉਦਮ ਆਪ ਕਰਨ ਤਾਂ ਕਿ ਕੁੱਝ ਵਿਕ੍ਰਿਤ ਮਾਨਸਿਕਤਾ ਵਾਲੇ ਲੋਕ ਉਨ੍ਹਾਂ ਨੂੰ ਗੁਮਰਾਹ ਨਾ ਕਰ ਸਕਣ। ਗੁਮਰਾਹ ਕਰਨ ਵਾਲੇ ਇਹ ਲੋਕ ਕਲ੍ਹ ਨੂੰ ਗੁਰੂਗ੍ਰੰਥ ਸਾਹਿਬ ਦੀ ਬਾਣੀ ਸੰਬੰਧੀ ਵੀ ਅਜਿਹੇ ਹੀ ਸ਼ੰਕੇ ਪੈਦਾ ਕਰ ਸਕਦੇ ਹਨ।


ਕਿੱਸਾ ਰੂਪ ਕੌਰ ਦਾ
ਸਿਰਦਾਰ ਕਪੂਰ ਸਿੰਘ ਜੀ, ਆਈ. ਸੀ. ਐਸ, ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ

‘ਗੁਰਮਤਿ ਪ੍ਰਕਾਸ਼` ਦੇ ਫਰਵਰੀ, 1959 ਅੰਕ ਵਿਚ, ਸ੍ਰ: ਰਾਮਪ੍ਰਕਾਸ਼ ਸਿੰਘ ਐਮ. ਏ. , ਐਲ-ਐਲ. ਬੀ, ਪ੍ਰੋਫੈਸਰ ਖਾਲਸਾ ਕਾਲਜ, ਅੰਮ੍ਰਿਤਸਰ ਦਾ ਇੱਕ ਲੇਖ `ਚਾਨਣ ਮੁਨਾਰਾ` ਦੇ ਸਿਰਨਾਵੇਂ ਹੇਠ ਛਪਿਆ ਹੈ, ਜਿਸ ਵਿੱਚ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਨੂੰ ‘ਮਹਾਂਪੁਰਖ, ਚਾਨਣ ਮੁਨਾਰੇ` ਦੀ ਨਿਆਂਈਂ ਸਿੱਧ ਕਰਨ ਹਿੱਤ ਲਿਖਿਆ ਹੈ: _
ਭਰ ਜੁਆਨੀ ਵਿੱਚ ਇੱਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਤੇ ਆਸ਼ਕ ਹੋ ਜਾਂਦੀ ਹੈ। ਆਪਜੀ ਨੂੰ ਘਰ ਬੁਲਾਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੂਰਾ ਯਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇੱਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ। ਆਪਜੀ ਨੂੰ ਸੰਬੋਧਨ ਕਰਕੇ ਆਖਦੀ ਹੈ: _ “ਤੁਸੀਂ ਮੇਰੇ ਜੁਆਨੀ ਤੇ ਮੇਰੇ ਹੁਸਨ ਦਾ ਅਪਮਾਨ ਕਰ ਰਹੇ ਹੋ। ਇੱਕ ਮੁਟਿਆਰ ਹੋਰ ਸਭ ਕੁੱਝ ਜਰ ਸਕਦੀ ਹੈ, ਪਰ ਹੁਸਨ ਤੇ ਜੁਆਨੀ ਦਾ ਅਪਮਾਨ ਉਸ ਤੋਂ ਜਰਿਆ ਨਹੀਂ ਜਾਂਦਾ। ਤੁਸੀਂ ਜਾਣਦੇ ਹੋਵੋਗੇ ਕਿ ਇਸੇ ਹੀ ਅਪਮਾਨ ਦਾ ਬਦਲਾ ਲੈਣ ਲਈ ਲੂਣਾ ਨੇ ਪੂਰਨ ਭਗਤ ਦਾ ਕੀ ਹਾਲ ਕੀਤਾ ਸੀ। ਲੂਣਾ ਦੀ ਰੂਹ ਇਸ ਵੇਲੇ ਮੇਰੇ ਵਿੱਚ ਪ੍ਰਵੇਸ਼ ਕਰ ਚੁਕੀ ਹੈ। …ਮੈਂ ਹੁਣੇ ਹੀ ਰੌਲਾ ਪਾਉਣ ਲੱਗੀ ਹਾਂ। ਮੈਂ ਚੀਕਾਂ ਮਾਰਾਂਗੀ ਤੇ ਕਹਾਂਗੀ ਕਿ ਇਸ…ਗੁਰੂ ਨੇ ਮੈਨੂੰ ਇਕੱਲਾ ਵੇਖ ਕੇ ਮੇਰੀ ਇੱਜ਼ਤ ਤੇ ਹੱਥ ਪਾਉਣ ਦਾ ਯਤਨ ਕੀਤਾ ਹੈ। …ਜੇ ਭਲੀ ਚਾਹੁੰਦੇ ਹੋ ਤਾਂ ਸਮਝੋ ਤੇ ਹੱਠ ਨਾ ਕਰੋ। …ਆਪਣੀ ਇੱਜ਼ਤ ਬਚਾਉ ਤੇ ਮੈਨੂੰ ਤਪਦੀ ਨੂੰ ਠਾਰੋ”। …ਪਰ ਸਤਿਗੁਰੂ ਘਬਰਾਏ ਨਹੀਂ…। ਬੋਲੇ ਸਾਧੋ…ਕਾਮ ਕ੍ਰੋਧੁ ਸੰਗਤਿ ਦੁਰਜਨ ਕੀ ਤਾਂ ਤੇ ਅਹਿਨਿਸਿ ਭਾਗਹੁ। …ਹੁਣ ਮੈਂ ਜਾਂਦਾ ਹਾਂ। ਇਸ ਤਰਾਂ ਦਸਮ ਪਿਤਾ ਉਸ ਦੇ ਜਾਲ ਚੋਂ ਅਡੋਲ ਹੀ ਨਿਕਲ ਗਏ। (ਸਫਾ 26-27)
ਲੇਖਕ ਡਬਲ ਗ੍ਰੈਜੂਏਟ, ਸਿੱਖ ਵਿਦਵਾਨ ਹੈ। ਕਾਨੂੰਨ ਤੇ ਨਿਆਂ ਦਾ ਸਨਾਤਕ ਹੈ, ਤੇ ਇਉਂ ਉਕਤੀ ਯੁਕਤੀ, ਪ੍ਰਤੱਖ, ਪ੍ਰਮਾਣ, ਉਪਮਾ, ਸ਼ਬਦ ਆਦਿ ਦੇ ਭੇਦ ਸਮਝਦਾ ਹੈ। ਖਾਲਸਾ ਕਾਲਜ ਦਾ ਪ੍ਰੋਫੈਸਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਤੇ ਚਰਿਤ੍ਰ ਲਖਸ਼ ਤੋਂ ਅਣਜਾਣ ਨਹੀਂ ਕਿਹਾ ਜਾ ਸਕਦਾ ਅਤੇ ਇਸ ਵਿਸ਼ੇ ਉਤੇ ਜੋ ਸਬੰਧਤ ਸਾਹਿਤ ਮੌਜੂਦ ਹੈ, ਉਸਤੋਂ ਵੀ ਲੇਖਕ ਅਗਿਆਤ ਨਹੀਂ ਮੰਨਿਆਂ ਜਾ ਸਕਦਾ। ਫੇਰ, ਇਹ ਲੇਖ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ ਪ੍ਰਮਾਣੀਕ ਰਸਾਲੇ ਵਿੱਚ ਛਪਿਆ ਹੈ, ਜਿਸ ਦੀਆਂ ਲਿਖਤਾਂ ਨੂੰ ਕਿ ਸਿੱਖ ਤੇ ਅਨਮਤ ਦੇ ਪੈਰੋਕਾਰ ਸਨਦ ਦੇ ਤੌਰ ਤੇ ਅਪਣਾ ਸਕਦੇ ਹਨ। ਕੀ ਸਮਝ ਕੇ ਵਿਦਵਾਨ ਲੇਖਕ ਨੇ ਇਸ ਕਹਾਣੀ ਨੂੰ ਜਿਹੜੀ ਕਿ ਲੋਕ ਵਾਰਤਾ
(Folklore) ਤੇ ਲੋਕ-ਸਾਹਿਤ (Folk literature) ਤੋਂ ਉਚੇਰਾ ਕੋਈ ਵਾਸਤਵਿਕ ਦਰਜ਼ਾ ਨਹੀਂ ਰੱਖਦੀ, ਇੱਕ ਇਤਿਹਾਸਕ ਘਟਨਾ ਸਵੀਕਾਰ ਕਰ ਲਿਆ ਹੈ?
ਬਸੋਖਤ ਅਕਲ ਜ਼ ਹੈਰਤ ਕਿਹ ਈਂਨ ਚਿਹ ਬੁਲਅਜਬੀਸਤ!
ਇਹ ਰੂਪ ਕੌਰ ‘ਸੁਨੱਖੀ ਤੇ ਮਾਲਦਾਰ ਮੁਟਿਆਰ` ਦੀ ਲੋਕ ਵਾਰਤਾ ਦਸਮ-ਗ੍ਰੰਥ ਸੰਹਿਤਾ ਦੇ ਉਸ ਅਧਿਆਇ ਵਿੱਚ ਦਰਜ਼ ਹੈ, ਜਿਸਨੂੰ ਕਿ ‘ਤ੍ਰਿਯਾ ਚਰਿਤ੍ਰ' ਆਖਿਆ ਜਾਂਦਾ ਹੈ। ‘ਅਥ ਪਖਯਾਨ ਚਰਿਤ੍ਰ ਲਿਖਯਤੇ` ਤੋਂ ਇਹ ਅਧਿਆਇ ਆਰੰਭ ਹੁੰਦਾ ਹੈ। ‘ਉਪਾਖਯਾਨ` ਸੰਸਕ੍ਰਿਤ ਸ਼ਬਦ ਦੇ ਅਰਥ ਕੋਸ਼ਾਂ ਵਿੱਚ ‘ਵਾਰਤਾ ਵਤ੍ਰ` ਦਿੱਤੇ ਹਨ, ਜਿਸਦੇ ਮਾਇਨੇ ਹਨ-ਲੌਕਿਕ ਕਹਾਣੀ
(Secular Story), ਇਤਿਹਾਸ, ਵਾਸਤਵਿਕ, ਸੱਚੀਂ ਮੁੱਚੀਂ ਵਾਪਰੀ ਹੋਈ ਘਟਨਾ ਸਾਹਿਤ, ਹਿਤਕਰ ਵਿਚਾਰਾਂ ਕਰਕੇ ਮਨੋਕਲਪਿਤ ਕੀਤੀ ਤੇ ਕਥੀ ਹੋਈ ਵਾਰਤਾ, (Fiction)। ਆਦਿ ਸਮਿਆਂ ਤੋਂ ਸਾਡੇ ਦੇਸ਼ ਦੀ ਪ੍ਰੰਪਰਾ ਵਿੱਚ ਕਥਾ ਕਥਨੀ ਨੂੰ ਦੋਂਹ ਭਾਗਾਂ ਵਿੱਚ ਵੰਡਿਆ ਹੋਇਆ ਹੈ, ਪ੍ਰਭੂਸੰਹਿਤਾ ਤੇ ਸੁਹਿਦ੍ਰ ਸੰਹਿਤਾ। ਵੇਦ ਪ੍ਰਭੂਸੰਹਿਤਾ ਹਨ ਤੇ ਪੁਰਾਣ ਪੂਰਵਵਤ੍ਰ, ਬੀਤ ਚੁੱਕੀਆਂ ਕਥਾ ਕਹਾਣੀਆਂ, ਸੁਹਿਦ੍ਰ ਸੰਹਿਤਾ ਹਨ। ਵੇਦ ਉਹ ਹਨ ਜਿਨ੍ਹਾਂ ਦਾ ਵਿਸ਼ਾ-ਵਸਤੂ ਤਿੰਨ ਕਾਲ ਸਤਯ ਹੈ, ਤੇ ਇਸ ਲਈ ਵੇਦ ਵਿਚਾਰ ਪ੍ਰਭੂ ਆਗਿਆ ਦਾ ਦਰਜ਼ਾ ਰੱਖਦੇ ਹਨ। ਸੁਹਿਦ੍ਰ ਸੰਹਿਤਾ ਦਾ ਦਿਸ਼ਾ-ਵਸਤੂ ਵਾਸਤਵਿਕ ਸਤਯ ਨਹੀਂ ਹੈ, ਇਸ ਲਈ ਉਹ ਮਿੱਤਰ, ਦੋਸਤ ਦੇ ਨੇਕ ਸਲਾਹ ਮਸ਼ਵਰੇ ਦੇ ਤੁੱਲ ਹੈ, ਜਿਸ ਨੂੰ ਸੁਣਨ ਵਿਚਾਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ। ਅਸਾਡੇ ਪੁਰਾਤਨ ਗ੍ਰੰਥਾਂ ਵਿੱਚ ਚਤ੍ਰਸ੍ਰਹ ਵਿਦਿਆ (Four branches of Knowledge) ਦਾ ਵਰਨਣ ਹੈ:
1. ਆਨਵਿਕਸ਼ੀ
(Logic, MetaPhysics)
2. ਤ੍ਰੈਯ
(Three Vedas)
3. ਵਾਰਤਾ
(Secular arts and fiction) ਅਤੇ
4. ਦੰਡਨੀਤੀ
(Politics, Statecraft etc.) ਤੇ ਉਪਾਖਯਾਨ, ਵਾਰਤਾ ਹੈ।
ਇਉਂ ਦਸਮ-ਗ੍ਰੰਥ ਵਿਚ, ‘ਤ੍ਰਿਯਾ ਚਰਿਤ੍ਰ` ਦੇ ਆਰੰਭ ਵਿੱਚ ਹੀ, ਇਸ ਸਾਰੇ ਅਧਿਆਇ ਨੂੰ ਜਿਸ ਵਿੱਚ ਕਿ ਪ੍ਰੋਫੈਸਰ ਰਾਮਪ੍ਰਕਾਸ਼ ਸਿੰਘ ਜੀ ਵਾਲੀ ‘ਰੂਪਕੋਅਰ` ਦੀ ਵਾਰਤਾ ਦਰਜ਼ ਹੈ, ਗੁਰੂ ਸਾਹਿਬ ਜੀ ਨੇ ਆਪ ਹੀ ‘ਪਖਯਾਨ ਚਰਿਤ੍ਰਲਿਖਯਤੇ` ਕਹਿ ਕੇ ਗੱਲ ਸਪਸ਼ਟ ਕਰ ਦਿੱਤੀ ਹੈ, ਕਿ ਰੂਪ ਕੌਰ ਦੀ ਕਥਾ ਇੱਕ ਮਨੋਕਲਪਤ ਕਹਾਣੀ ਕਿੱਸਾ ਹੈ, ਸੁਹਿਦ੍ਰਸੰਹਿਤਾ ਹੈ, ਜੋ ਕਿ ਮਨੋ ਵਿਲਾਸ ਲਈ ਤੇ ਹਿਤੋਪਦੇਸ਼, ਨਸੀਹਤ ਦੇਣ ਲਈ ਕਹੀ ਤੇ ਕਥਨੀ ਗਈ ਹੈ। ਇਉਂ ਦਸਮ-ਗ੍ਰੰਥ ਵਿੱਚ ਪਾਤਸ਼ਾਹ ਨੇ ‘ਤ੍ਰਿਯਾਚਰਿਤ੍ਰ` ਦੇ ਅੰਤ ਵਿਚ, ਸਮਾਪਤ ਭਾਗ (ਓਪਲਿੋਗੁੲ ਰਾਹੀਂ ਆਪ ਕਿਹਾ ਹੈ;
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ।। ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।। 404 (ਤ੍ਰਿਯਾ ਚਰਿਤ੍ਰ 405)
‘ਪਖਯਾਨ ਚਰਿਤ੍ਰ` ਅਥਵਾ ਤ੍ਰਿਯਾ ਚਰਿਤ੍ਰ ਨਾਮੀ ਅਧਿਆਇ ਵਿੱਚ ਪਹਿਲਾ ਚਰਿਤ੍ਰ ਯਾ ਵਾਰਤਾ ਇਸਤ੍ਰੀ ਦੇ ਵਿਰਾਟ ਰੂਪ
(MetaPhysical reality) ਦੀ ਹੈ, ਤੇ ਇਸ ਦੇ ਆਰੰਭ ਵਿੱਚ ਹੀ ਇਸਤ੍ਰੀ ਤੇ ਅਕਾਲ-ਪੁਰਖ ਨੂੰ ਅਭੇਦ ਕਰਕੇ ਦਰਸਾਇਆ ਹੈ:
ਤੁਹੀ ਖੜਗਧਾਰ ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।। …
ਤੁਹੀ ਬਿਸਨ ਤੂੰ ਬ੍ਰਹਮ ਤੂੰ ਰੁਦ੍ਰ ਰਾਜੈ।। ਤੁਹੀ ਬਿਸ੍ਵ ਮਾਤਾ ………………।।
ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ।। ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹਿ।। (1-3)
ਸਭਤੋਂ ਪਹਿਲਾ ਚਰਿਤ੍ਰ ਗੁਰੂ ਜੀ ਨੇ ਉਸ ਤ੍ਰਿਯਾ ਦਾ ਵਰਨਣ ਕੀਤਾ ਹੈ, ਜੋ ਅਕਾਲ ਪੁਰਖ, ਸਰਬਾਧਾਰ ਪਾਰਬ੍ਰਹਮ, ਸਿਸ਼ਟੀ ਦਾ ਕਰਤਾ ਹੈ ਅਤੇ ਫੇਰ,
ਤੁਹੀ ਜੋਗ ਮਾਯਾ ਤੁਹੀ ਜੋਗ ਬਾਨੀ।। (-2)
ਸਰਵਵਿਸ਼ਵ ਤੇ ਜੀਵ ਵਿੱਚ ਚੇਤਨਸੱਤਾ ਰੂਪ ਭੀ ਹੈ, ਜਿਸ ਸੱਤਾ ਦੀ ਪ੍ਰਤਿਭਾ ਦੇ ਆਸਰੇ ਕਵੀ, ਲਿਖਾਰੀ ਤੇ ਬੁੱਧਵਿਾਨ ਸਾਹਿਤਕ ਰਚਨਾ ਰਚਦੇ ਹਨ।
ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡ ਤੁਹੀ ਹੈ।।
ਕਾਰਨ ਈਸ ਕਲਾ ਕਮਲਾ ਹਰਿ ਅਦ੍ਰ ਸੁਤਾ ਜਹ ਦੇਖੋ ਉਹੀ ਹੈ।।
ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮੱਧਿ ਗੁਹੀ ਹੈ।। (ਚੰਡੀ ਚਰਿਤ੍ਰ ਉਕਤਿ ਬਿਲਾਸ, ਪੰ: 74)
ਇਹੋ ਅਨਾਦੀ ਤਿੰਨ ਕਾਲ ਸਤਯ ਸ਼ਕਤੀ ਇਸਤ੍ਰੀ ਦਾ ਦਿੱਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਨਣ ਕੀਤਾ ਹੈ ਅਤੇ ਇਸੇ ਸ਼ਕਤੀ ਦਾ ਕਿਰਦਾਰ ‘ਤ੍ਰਿਯਾ ਚਰਿਤ੍ਰ ਉਪਾਖਯਾਨ` ਦੇ ਪਹਿਲੇ ਚਰਿਤ੍ਰ ਦਸਮ-ਗ੍ਰੰਥ ਵਿੱਚ ਵਰਨਣ ਹੋਇਆ ਹੈ, ਜਿਸ ਵਿੱਚ ਕਿ ‘ਦੈਤ ਸੰਘਾਰਨ ਚੰਡ` ਦੀ ਵਾਰਤਾ ਕਹੀ ਹੈ, ਮਨੁੱਖ ਦੇ ਅੰਤਰ ਆਤਮੇ ਪ੍ਰੋਖ ਇਸਥਿਤ ਉਹ ਈਸ਼ਵਰੀ-ਸ਼ਕਤੀ ਹੈ, ਜਿਸ ਦੁਆਰਾ ਜੀਵ ਬਦੀ ਤੇ ਅਧਰਮ ਉਤੇ ਫਤਹਿ ਪਾਉਂਦਾ ਹੈ;
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ।। (ਪੰ: 441)
ਗੁਰਵਾਕ ਦਾ ਆਸ਼ਾ ਭੀ ਇਹੋ ਹੈ।
ਇਉਂ ਆਰੰਭ ਦਸਮ-ਗ੍ਰੰਥ ਦੀ ਉਸ ਰਚਨਾ ਦਾ ਹੁੰਦਾ ਹੈ, ਜੋ ਕਿ ਸਾਰੇ ਗ੍ਰੰਥ ਦਾ ਲੱਗ-ਭੱਗ ਅਰਧਭਾਗ ਹੈ ਤੇ ਕਥਾ ਇਉਂ ਤੁਰਦੀ ਹੈ:-
ਪ੍ਰਥਮ ਧਯਾਇ ਸ੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ।। ਮੋ ਘਟ ਮੈ ਤੁਮ ਹ੍ਵੈ ਨਦੀ ਉਪਜਹੁ ਬਾਕ ਤ੍ਰੰਗ।। 46. ।
ਇਥੇ ਭੀ ਸਪਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ, ਉਹ ਵਾਸਤਵਿਕ ਇਤਿਹਾਸ ਨਹੀਂ, ਮਨ ਰੂਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ ਹਨ। ਹੁਣ ‘ਤ੍ਰਿਯਾ ਚਰਿਤ੍ਰ` ਆਰੰਭ ਕਰਦੇ ਹਨ:
ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ।। …ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਯੋ ਸੁਧਾਰਿ।। …
ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ।। …ਨਿਰਖ ਰਾਇ ਅਟਕਤਿ ਭਈ………………।।
ਬਰੀ ਰਾਇ ਸੁਖ ਪਾਇ ਮਨ ਦੁੰਦਭਿ ਢੋਲ ਬਜਾਇ।। 5. । …ਬਹੁਤ ਬਰਸ ਸੰਗ ਅਪਸਰਾ ਭੂਪਤਿ ਮਾਨੇ ਭੋਗ।।
ਬਹੁਰਿ ਅਪਸਰਾ ਇੰਦ੍ਰ ਕੇ ਜਾਤ ਭਈ ਉਡਿ ਲੋਗ।। 7. ।
ਚਿਤ੍ਰਵਤੀ ਨਗਰ ਵਿੱਚ ਚਿਤ੍ਰ ਸਿੰਘ ਨਾਮੀ ਇੱਕ ਅਨੂਪਮ ਸੁੰਦ੍ਰ ਰਾਜਾ ਸੀ, ਜਿਸ ਉਤੇ ਇੱਕ ਅਪਸਰਾ ਮੋਹਿਤ ਹੋ ਗਈ ਤੇ ਕਈ ਵਰ੍ਹੇ ਉਸਦੀ ਵਹੁਟੀ ਬਣਕੇ ਰਾਜੇ ਨਾਲ ਰਹੀ। ਇੱਕ ਪੁੱਤ੍ਰ ਭੀ ਜਨਮਿਆਂ ਇਸ ਸੰਜੋਗ ਵਿਚੋਂ, ਪਰ ਫੇਰ ਅਪਸਰਾ ਆਪਣੇ ਮਨੁੱਸ਼ ਪ੍ਰੇਮੀ ਨੂੰ ਛੱਡ ਕੇ, ਆਪਣੇ ਅਸਲੀ ਘਰ, ਇੰਦ੍ਰ ਲੋਕ ਚਲੀ ਗਈ।
ਇਹ ਕਹਾਣੀ ਸੰਸਾਰ ਭਰ ਦੇ ‘ਗ੍ਰੰਥ ਸਾਹਿਤ` ਦੀ ਪਹਿਲੀ ਕਹਾਣੀ ਹੈ, ਤੇ ਰਿਗ ਵੇਦ (10. 95) ਵਿੱਚ ਉਰਵਸੀ ਤੇ ਪੁਰੂਰਵਾ ਦੇ ਨਾਵਾਂ ਨਾਲ ਅੰਕਿਤ ਕੀਤੀ ਹੋਈ ਹੈ। ਰਿਗ ਵੇਦ ਦੇ ਦਸਵੇਂ ਮੰਡਲ ਵਿੱਚ ਅੰਕਿਤ ਵਾਕਯੋਵਾਕ ਦੇ ਅਨੁਸਾਰ ਜਦੋਂ ਪੁਰੂਰਵਾ, ਉਰਵਸ਼ੀ ਦੀ ਜੁਦਾਈ ਵਿੱਚ ਅਤੀ ਬਿਹਬਲ ਹੋ ਜਾਂਦਾ ਹੈ, ਅਤੇ ਆਤਮਘਾਤ ਦਾ ਨਿਸ਼ਚਾ ਕਰਦਾ ਹੈ, ਤਾਂ ਉਰਵਸ਼ੀ ਸੁਰਲੋਕ ਤੋਂ ਮ੍ਰਿਤੂਲੋਕ ਵਿੱਚ ਉਤਰਦੀ ਹੈ, ਤੇ ਪੁਰੂਰਵਾ ਨੂੰ ਕਹਿੰਦੀ ਹੈ;
ਪੁਰੂਰਵਾ, ਮਰਨ ਨਿਸ਼ਚਾ ਤਿਆਗ ਦਿਉ, ਆਤਮਘਾਤ ਨ ਕਰੋ, ਨਿਰਦਈ ਬਨ ਜੀਵਾਂ ਦੀ ਭੇਟਾ ਆਪਣਾ ਸਰੀਰ ਮਤ ਕਰੋ। ਤ੍ਰਿਯਾ ਦੀ ਮਿੱਤ੍ਰਤਾ ਤਿੰਨ ਕਾਲ ਅਸਥਿਰ ਹੈ, ਕਿਉਂ ਜੁ ਉਨ੍ਹਾਂ ਦਾ ਹਿਰਦਾ ਬਿੱਜੂ, ਮੁਰਦਾਖੋਰ ਦਾ ਹੈ। (--ਰਿਚ, 15.)
ਇਸਤ੍ਰੀ ਦੇ ਮਨ ਤੇ ਚਰਿਤ੍ਰ ਦਾ ਇਹ ਵਿਸ਼ਲੇਸ਼ਨ ਤੇ ਜਾਇਜ਼ਾ ਰਿਗ ਵੇਦ ਵਿੱਚ ਅੰਕਿਤ ਹੈ, ਅਤੇ ਇਸਤ੍ਰੀ ਦੀ ਆਤਮਕ ਕੂਤ ਤੇ ਸਮਾਜਕ ਸਥਾਨ, ਨੀਵਾਂ ਤੇ ਘਟੀਆ ਦਰਜ਼ੇ ਦਾ, ਜੋ ਕਿ ਹਿੰਦੂ ਸ਼ਾਸਤ੍ਰਾਂ ਗ੍ਰੰਥਾਂ ਵਿੱਚ ਪ੍ਰਮਾਣੀਕ ਮੰਨਿਆਂ ਗਿਆ ਹੈ, ਅਤੇ ਜੋ ਪਿਛਲੇਰੀਆਂ ਸਹੱਸ੍ਰਾਬਦੀਆਂ ਵਿੱਚ ਵਰਤੋਂ ਵਿੱਚ ਲਿਆਂਦਾ ਗਿਆ ਹੈ, ਉਸ ਸਾਰੀ ਵਿਚਾਰਧਾਰਾ ਤੇ ਸਥਿਤੀ
(Doctrine And prActice)ਦਾ ਮੂਲ ਗਰਭ ਇਹੋ ਵਾਕਯੋਵਾਕ ਹੀ ਹੈ। ਗੁਰੂ ਨਾਨਕ ਨੇ ਜਦੋਂ ਬਚਨ ਕੀਤਾ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (ਵਾਰ ਆਸਾ ਮ: 1)
ਤਾਂ ਸੰਕੇਤ ਇਸ ਰਿਗ ਵੇਦ ਵਿਚੋਂ ਉਗਮੀ ਤੇ ਪਿਛਲੇਰੀਆਂ ਕਈ ਸਹੰਸ੍ਰਾਬਦੀਆਂ ਵਿੱਚ ਪ੍ਰਪੱਕ ਹੋ ਚੁੱਕੀ ਵਿਚਾਰਧਾਰਾ ਤੇ ਸਥਿਤੀ ਵੱਲ ਹੀ ਸੀ, ਤੇ ਨਿਸ਼ਾਨਾ ਇਸ ਦਾ ਵਿਰੋਧ ਤੇ ਨਿਰੋਧ ਕਰਨਾ ਹੀ ਸੀ, ਜੋ ਵਿਚਾਰਧਾਰਾ ਤੇ ਸਥਿਤੀ ਨ ਕੇਵਲ ਹਿੰਦੂ ਸਮਾਜ, ਸਗੋਂ ਸੰਸਾਰ ਦੇ ਮਹਾਨ ਸਾਮੀ ਸਮਾਜਾਂ, ਈਸਾਈ, ਮੂਸਾਈ ਤੇ ਮੁਸਲਮ ਸਮਾਜਾਂ ਦੀ ਭੀ ਬੁਨਿਆਦੀ ਕਮਜ਼ੋਰੀ ਦਾ ਕਾਰਣ ਹਜ਼ਾਰਾਂ ਵਰ੍ਹੇ ਬਣੀ ਰਹੀ ਹੈ, ਅਤੇ ਜਿਸ ਦੇ ਹਾਨੀਕਾਰਕ ਪਰਿਣਾਮ ਦੀ ਸੋਝੀ ਕਿਤੇ ਹੁਣ ਉਨ੍ਹੀਵੀਂ ਸਦੀ ਵਿੱਚ ਸੰਸਾਰ ਨੂੰ ਪਈ ਹੈ।
ਚਿਤ੍ਰ ਸਿੰਘ, ਦਸਮ-ਗ੍ਰੰਥ ਦੇ ‘ਤ੍ਰਿਯਾ ਚਰਿਤ੍ਰ` ਵਿੱਚ ਪੁਰੂਰਵਾ ਦੇ ਪਰਛਾਵੇਂ ਪੁਣੇ ਤੋਂ ਕੰਮ ਲੈਂਦਾ ਹੈ, ਅਤੇ ਅਪਸਰਾ ਦੇ ਅਲੋਪ ਹੋ ਜਾਣ ਉਤੇ;
ਤਿਹ ਬਿਨੁ ਭੂਪਤਿ ਦੁਖਿਤ ਹ੍ਵੈ ਮੰਤ੍ਰੀ ਲਏ ਬੁਲਾਇ।। ਚਿਤ੍ਰ ਚਿੱਤ੍ਰ ਤਾ ਕੋ ਤੁਰਿਤ ਦੇਸਨ ਦਯੋ ਪਠਾਇ।। 8. ।
ਉਸ ਅਪੱਸਰਾ ਦੀ ਮੂਰਤ ਮਣਾ ਕੇ, ਆਪਣੇ ਜਸੂਸ ਬਾਹਰ-ਅੰਦਰ ਦੇਸ਼ਾਂ ਬਿਦੇਸ਼ਾਂ ਵਿੱਚ ਭੇਜ ਦਿੱਤੇ ਕਿ ਇਹੋ ਜਿਹੀ ਸੁੰਦਰ ਤ੍ਰੀਮਤ ਲੱਭੋ। ਉਨ੍ਹਾਂ ਜਸੂਸਾਂ ਨੇ,
ਖੋਜਤ ਓਡਛ ਨਾਥ ਕੇ ਲਹੀ ਕੰਨਿਆਂ ਏਕ।। ਰੂਪ ਸਕਲ ਸਮ ਅਪਸਰਾ ਤਾਂ ਤੇ ਗੁਨਨ ਬਿਸੇਖ।। 9. ।
ਉੜੀਸਾ ਦੇਸ਼ ਦੇ ਰਾਜੇ ਦੀ ਧੀ ਜਾ ਲੱਭੀ, ਜੋ ਕਿ ਸੁੰਦਰ ਤਾਂ ਅਪਸਰਾ ਵਰਗੀ ਹੀ, ਪਰ ਗੁਣਾਂ ਵਿੱਚ ਅਪੱਸਰਾ ਨਾਲੋਂ ਵੱਧ ਸੀ, ਭਾਵ ਇਹ ਹੀ ਹੈ ਕਿ ਵਿਦਿਆ, ਕਲਾ ਆਦਿ ਵਿੱਚ ਅਪੱਸਰਾ ਨਾਲੋਂ ਵਧੇਰੇ ਪ੍ਰਬੀਨ ਸੀ, ਕਿਉਂ ਜੋ ਪਤੀਬ੍ਰਤ ਧਰਮ ਤਾਂ ਇਸ ‘ਓਡਛਨਾਥ` ਕੰਨਿਆਂ ਦਾ ਭੀ ਇਸ ਅਪੱਸਰਾ ਅਥਵਾ ਉਰਵਸੀ ਨਾਲੋਂ ਕੋਈ ਵਧੇਰੇ ਪ੍ਰਪੱਕ ਨਹੀਂ ਸੀ।
ਖੈਰ ਦਸਮ-ਗ੍ਰੰਥ ਵਿੱਚ ਅੰਕਿਤ ਕਥਾ ਇਉਂ ਹੈ, ਕਿ ਇਸ ਉੜੀਸੇ ਦੀ ਰਾਜਕੁਮਾਰੀ ਨੂੰ ਚਿੱਤ੍ਰ ਸਿੰਘ ਨੇ ਖੋਹ ਲਿਆਂਦਾ। ਇਸ ਯੁਧ ਵਿੱਚ ਚਿੱਤ੍ਰ ਸਿੰਘ ਦਾ ਯੁਵਰਾਜ, ਹਨਿਵਤਿ ਸਿੰਘ, ਸੰਗ੍ਰਾਮਸ਼ਾਹ ਯਾ ਫੌਜਾਂ ਦਾ ਕਮਾਣ ਅਫਸਰ ਸੀ; ਚਿੱਤ੍ਰ ਸਿੰਘ ਆਪ ਰਣ ਤੱਤੇ ਵਿੱਚ ਹੋ ਕੇ ਨਹੀਂ ਲੜਿਆ;
ਹਨਿਵਤਿ ਸਿੰਘ ਆਗੇ ਕਿਯੌ ਅਮਿਤ ਸੈਨ ਦੇ ਸਾਥ।। ਚਿੱਤ੍ਰ ਸਿੰਘ ਪਾਛੈ ਰਹਯੋ ਗਹੈ ਬਰਛਿਯਾ ਹਾਥ।। 14. ।
ਫੇਰ,
ਮਾਰਿ ਓਡਛਾ ਰਾਇ ਕੋ ਲਈ ਸੁਤਾ ਤਿਹ ਜੀਤ।। ਬਰੀ ਰਾਇ ਸੁਖ ਪਾਇ ਮਨ ਮਾਨ ਸਾਸਤ੍ਰ ਕੀ ਰੀਤਿ।। 17. ।
ਧੱਕੇ ਨਾਲ ਪਰਾਈ ਧੀ ਖੋਹ ਕੇ ਵਿਆਹ ਲੈਣੀ, ‘ਸੁਖ ਪਾਇ ਮਨ` ਇਹ ‘ਸਾਸਤ੍ਰ ਕੀ ਰੀਤਿ` ਹੈ। ਮਨੂ ਧਰਮ ਸ਼ਾਸਤ੍ਰ ਵਿੱਚ ਅਸ਼ਟ ਵਿਵਾਹ ਵਿਧਾਨ ਹਨ;
1. ਬ੍ਰਾਹਮਣ ਵਿਵਾਹ: ਵਰ ਨੂੰ ਘਰ ਬੁਲਾ ਕੇ ਕੰਨਿਆਂ ਦੇਣੀ
2. ਦੇਵ ਵਿਵਾਹ: ਯੱਗ ਕਰਵਾਉਣ ਵਾਲੇ ਨੂੰ ਕੰਨਿਆਂ ਦੇਣੀ
3. ਆਰਸ਼: ਵਰ ਤੋਂ ਬੈਲ ਆਦਿ ਕੀਮਤ ਲੈਕੇ ਕੰਨਿਆਂ ਦੇਣੀ
ਜਿਸ ਬਾਬਤ ਕਿ ਸਾਡੇ ਰਹਿਤਨਾਮਿਆਂ ਵਿੱਚ ਲਿਖਿਆ ਹੈ, ਕਿ, ‘ਧੀ ਭੈਣ ਕਾ ਪੈਸਾ ਲੇਈ, ਪਾਤਤ ਸਿੱਖ ਹੋਤ ਹੈ ਸੇਈ`।
4. ਪ੍ਰਾਜਾਪਤਯ: ਕੁੜੀ ਤੇ ਮੁੰਡੇ ਦਾ ਪਰਸਪਰ ਰਜ਼ਾਮੰਦੀ ਨਾਲ ਵਿਆਹ, ਜਿਸਨੂੰ ਅੱਜ ਕੱਲ ਪ੍ਰੇਮ ਸੰਯੋਗ
(Love marriage) ਆਖੀਦਾ ਹੈ, ਤੇ ਜਿਸ ਦਾ ਰੂਪਾਂਤ੍ਰ ਅਦਾਲਤੀ ਸ਼ਾਦੀ ਹੈ।
5. ਗਾਂਧਰਵ ਵਿਵਾਹ: ਜਿੱਥੇ ਤੇ ਜਦੋਂ ਮਨ ਕੀਤਾ ਸੰਯੋਗ ਕਰ ਲਿਆ, ਜਿਸਦਾ ਰੂਪਾਂਤ੍ਰ ਕਿ ਆਧੁਨਿਕ ਸੰਗਤ ਵਿਵਾਹ
(Companionate marriage) ਹੈ, ਜਿਸਦਾ ਪ੍ਰਚਾਰ ਕਿ ਬਰਟ੍ਰੰਡ ਰਸਲ ਨੇ ਕੀਤਾ ਹੈ।
6. ਆਸੁਰ: ਧੀ ਲੈਣੀ ਤੇ ਦੇਣੀ (ਵੱਟਾ), ਜਿਸਦਾ ਰਿਵਾਜ ਕਿ ਅੱਜ ਤੱਕ ਅਸਾਡੇ ਦੇਸ਼ ਦੀਆਂ ਕਈ ਜਾਤੀਆਂ ਵਿੱਚ ਹੈ।
7. ਰਾਕਸ਼ਸ਼ ਵਿਵਾਹ: ਯੁੱਧ ਵਿੱਚ ਜਿੱਤ ਕੇ ਕੰਨਿਆਂ ਵਰ ਲੈਣੀ, ਜਿਸ ਤਰ੍ਹਾਂ ਕਿ ਅਸਾਡੇ ਪਾਤ੍ਰ ਚਿਤ੍ਰ ਸਿੰਘ ਨੇ ਕੀਤਾ ਅਤੇ ਜਿਵੇਂ ਕਿ ਬਿਦੇਸ਼ੀ ਤੁਰਕ ਜਰਵਾਣੇ ਅਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨਾਲ ਕਈ ਸੌ ਵਰ੍ਹੇ ਕਰਦੇ ਚਲੇ ਆਏ ਸਨ ਅਤੇ ਜਿਸ ਤੋਂ ਸਿੰਘਾਂ ਨੂੰ ਦਸਮ ਪਾਤਸ਼ਾਹ ਨੇ ਇਉਂ ਕਹਿ ਕੇ ਵਰਜਿਆ ਸੀ, ਕਿ ‘ਤੁਰਕਾਂ ਜਰਵਾਣਿਆਂ ਦੀ ਰੀਸ ਨਾ ਕਰਨ, ਕਿਉਂ ਜੁ ਸਿੰਘ-ਆਦਰਸ਼ ਉਚੇਰੇ ਹਨ`;
ਹਮ ਲੇ ਜਾਨੋ ਪੰਥ ਉਚੇਰੇ। ਨਹੀਂ ਅਧੌਗਤਿ ਬਿਖੈ ਪੁਚਾਵੈਂ (ਗੁਰ ਪ੍ਰਤਾਪ ਸੂਰਜ, ਰੁਤ 6 ਅੰਸੂ 20)
ਪਪਪਪ 8. ਪੈਸ਼ਾਚ ਵਿਵਾਹ: ਰੋਂਦੀ ਕੁਰਲਾਂਦੀ ਕੰਨਿਆਂ ਖੋਹ ਕੇ ਲੈ ਜਾਣੀ, ਜਿਵੇਂ ਕ੍ਰਿਸ਼ਨ ਜੀ ਰੁਕਮਣੀ ਨੂੰ ਦੇਵ ਪੂਜਾ ਕਰਦੀ ਨੂੰ ਖੋਹ ਕੇ ਲੈ ਗਏ ਸਨ ਤੇ ਜਿਵੇਂ 1947 ਦੀ ਦੇਸ਼ ਵੰਡ ਵੇਲੇ ਹਜ਼ਾਰਾਂ ਕੰਨਿਆਂ ਖੋਹ ਲਈਆਂ ਗਈਆਂ। ਇਹ ਅੱਠੇ ਤਰੀਕੇ ਕੰਨਿਆਂ ਵਰਨ ਦੇ ‘ਸ਼ਾਸਤ੍ਰ ਕੀ ਰੀਤਿ` ਹੈ, ਤੇ ਇਸੇ ਲਈ ਚਿਤ੍ਰ ਸਿੰਘ ਨੇ ਉੜੀਸਾ ਦੀ ਰਾਜਕੁਮਾਰੀ, ਜਿਸਦਾ ਕਿ ਨਾਮ ਚਿਤ੍ਰਮਤੀ ਸੀ, ਨੂੰ ਨਿਸ਼ਚਿੰਤ ਹੋਕੇ, ‘ਸੁਖ ਪਾਇ ਮਨ` ਵਿਆਹ ਲਿਆ। ਪਰ ਚਿਤ੍ਰਮਤੀ, ਚਿਤ੍ਰ ਸਿੰਘ ਦੀ ਵਿਆਹੁਤਾ ਇਸਤ੍ਰੀ ਤਾਂ ਬਣ ਗਈ, ਪਰ ਇਸਦਾ ਭਾਵ ਇਹ ਨਹੀਂ ਕਿ ਪਤਿਬ੍ਰਤ ਧਰਮ ਵਿੱਚ ਭੀ ਪ੍ਰਪੱਕ ਹੋ ਗਈ;
ਹਨਿਵਤਿ ਸਿੰਘਹਿ ਸੋ ਰਹੈ ਚਿਤਵਤ ਆਠੋ ਜਾਮ।। 18. ।
ਅੱਠੇ ਪਹਿਰ ਆਪਣੇ ਮਤ੍ਰੇਏ ਪੁਤ੍ਰ ਹਨਵਤ ਸਿੰਘ ਦਾ ਧਿਆਨ ਹੀ ਆਪਣੇ ਮਨ ਵਿੱਚ ਵਸਾਈ ਰੱਖੇ। ਗੱਲ ਕੀ ਚਿਤ੍ਰਮਤੀ ਰਾਜ ਕੁਮਾਰ ਨੂੰ ਕਿਸੇ ਬਹਾਨੇ ਆਪਣੇ ਕੋਲ ਲੈ ਆਈ।
ਚੋਰਿ ਚਤੁਰਿ ਚਿਤ ਲਯੋ ਕਹੋ ਕਸ ਕੀਜੀਐ।। (---23)
{ਸਾਹਮਣੇ ਬੈਠ ਕੇ ਦਿਲ ਕੋ ਜੋ ਚੁਰਾਏ ਕੋਈ। ਐਸੀ ਚੋਰੀ ਕਾ ਪਤਾ ਖਾਕ ਲਗਾਏ ਕੋਈ}
ਅਤਿ ਸਰੂਪ ਸੁੰਦਰ ਸਰਸ ਮਨੋ ਮੈਨ ਕੇ ਐਨ।। ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ।। 24. ।
ਰਾਜ ਕੁਮਾਰ ਜੀ ਤੁਹਾਡੇ ਨੈਣ, ਸੁੰਦਰ, ਰਸੀਲੇ, ਮਾਨੋ ਮੈਨਿਕਾ ਆਪੱਸਰਾ ਦੀਆਂ ਅੱਖਾਂ ਹਨ, ਇਸੇ ਲਈ ਇਹ ਮੋਮਨਾਂ ਨੂੰ (ਯਾ ਮੇਰੇ ਮਨ ਨੂੰ) ਸਦਾ ਮੋਂਹਦੇ ਹਨ। ਇਹੋ ਜਿਹੇ ਕਾਵਿ ਮਈ ਬਿਲਾਸ ਦੇ ਬਹੁਤ ਬਚਨ ਚਿਤ੍ਰਮਤੀ ਨੇ ਆਪਣੇ ਰਾਜ ਕੁਮਾਰ ਮਤ੍ਰੇਏ ਪੁੱਤ੍ਰ ਨਾਲ ਕੀਤੇ, ਪਰ
ਵਾਂ ਕੀ ਕਹੀ ਨ ਨ੍ਰਿਪਸੁਤ ਮਾਨੀ।। ਚਿਤ੍ਰਮਤੀ ਤਬ ਭਈ ਖਿਸਾਨੀ।। ---28. ।
ਬੱਸ, ਫਿਰ ਜਿਵੇਂ ਕਿ ਰਾਮਪ੍ਰਕਾਸ਼ ਸਿੰਘ ਜੀ ਨੇ ਲਿਖਿਆ ਹੈ, ਚਿਤ੍ਰਮਤੀ ਨੇ ਜਾਤਾ, ਕਿ ਮੇਰੀ ਜੁਆਨੀ ਤੇ ਹੁਸਨ ਦਾ ਅਪਮਾਨ ਹੋਇਆ ਹੈ ਅਤੇ;
ਚਿਤ੍ਰ ਸਿੰਘ ਪੈ ਜਾਇ ਪੁਕਾਰੇ।। ਬਡੋ ਦੁਸ਼ਟ ਇਹ ਪੁਤ੍ਰ ਤੁਹਾਰੇ।। 28. ।
ਫਾਰਿ ਚੀਰ ਕਰ ਆਪਨੇ ਮੁਖ ਨਖ ਘਾਇ ਲਗਾਇ।। ਰਾਜਾ ਕੋ ਰੋਖਿਤ ਕਿਯੌ ਤਨ ਕੇ ਚਿਹਨ ਦਿਖਾਇ।। 29. ।
ਆਪਣੇ ਬਸਤਰ ਆਪ ਹੀ ਫਾੜ ਲਏ ਤੇ ਆਪ ਹੀ ਨਹੁੰਆਂ ਨਾਲ ਆਪਣੇ ਮੂੰਹ ਉਤੇ ਘਾਉ ਕਰ ਲਏ ਤੇ ਆਪਣੇ ਪਤੀ ਨੂੰ ਜਾ ਆਖਿਉਸ ਕਿ ਤੇਰਾ ਪੁੱਤ੍ਰ ਦੜਾ ਦੁਸ਼ਟ ਹੈ।
ਬਚਨ ਸੁਨਤ ਕ੍ਰੋਧਿਤ ਨ੍ਰਿਪ ਭਯੋ।। ਮਾਰਨ ਹੇਤ ਸੁਤਹਿ ਲੈ ਗਯੋ।।
ਮੰਤ੍ਰਿਨ ਆਨਿ ਰਾਵ ਸਮੁਝਾਯੋ।। ਤ੍ਰਿਯਾ ਚਰਿਤ੍ਰ ਨ ਕਿਨਹੂੰ ਪਾਯੋ।। 30. ।
ਰਾਜੇ ਨੇ ਆਪਣੇ ਪੁੱਤ੍ਰ ਦੇ ਕਤਲ ਦਾ ਹੁਕਮ ਦੇ ਦਿੱਤਾ ਪਰ ਵਜ਼ੀਰਾਂ ਨੇ ਸਮਝਾਇਆ, ਕਿ, ਹੇ ਰਾਜਨ! ਇਸਤ੍ਰੀ ਦਾ ਚਰਿਤ੍ਰ ਬੜਾ ਡੂੰਘਾ ਹੈ, ਇਸ ਦੀਆਂ ਗੱਲਾਂ ਵਿੱਚ ਝੱਟਪੱਟ ਨਹੀਂ ਆ ਜਾਈਦਾ।
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੁਤਿਯ ਚਰਿਤ੍ਰ ਸਮਾਪਤਮ-ਸਤੁਸੁਭਮਸਤੁ।
ਇਹ ਦਸਮ-ਗ੍ਰੰਥ ਦੇ ‘ਤ੍ਰਿਯਾ ਚਰਿਤ੍ਰ` ਨਾਮੀ ਭਾਗ ਦਾ ਦੂਜਾ ਅਧਿਆਇ ਹੈ ਅਤੇ ਅੱਗੇ ਜੋ ‘ਤ੍ਰਿਯਾ ਚਰਿਤ੍ਰ` ਦੀਆਂ ਕਹਾਣੀਆਂ ਆਉਂਦੀਆਂ ਹਨ, ਉਹ ‘ਮੰਤ੍ਰੀ ਭੂਪ ਸੰਬਾਦੇ`, ਰਾਜਾ ਚਿਤ੍ਰ ਸਿੰਘ ਤੇ ਉਸਦੇ ਵਜ਼ੀਰ ਦੀ ਆਪੋ ਵਿੱਚ ਦੀ ਗੱਲ-ਬਾਤ ਹੈ, ਕੋਈ ਵਾਸਤਵਿਕ ਇਤਿਹਾਸ ਨਹੀਂ ਹੈ।
ਇਥੇ ਦੋ ਗੱਲਾਂ ਕਥਨਯੋਗ ਹਨ: ਮਾਤਾ ਪੁੱਤ੍ਰ ਦੇ ਵਿਭਚਾਰ ਦਾ ਵਿਸ਼ਾ ਲੋਕਵਾਰਤਾ ਵਿੱਚ ਪਹਾੜਾਂ ਵਾਂਗ ਪੁਰਾਤਨ ਹੈ। ਯੂਨਾਨੀਆਂ ਦੀ ਊਯਦੀਪਸ
(Oedepus) ਦੀ ਵਾਰਤਾ ਦਾ ਸਾਰੰਸ਼ (Motif) ਇਹ ਵਿਭਚਾਰ ਹੀ ਹੈ, ਜਿਸਦੇ ਆਧਾਰ ਤੇ ਆਧੁਨਿਕ ਮਹਾਂਵਿਗਿਆਨੀ ‘ਫਰਾਇਡ`(Freud) ਨੇ ਊਦੀਪਸ ਮਾਨਸਕ ਰੋਗ (Oedepus Complex)ਦੀ ਉਲੇਖਨਾ ਕੀਤੀ ਹੈ। ਇਹ ਵਾਰਤਾ ਸਾਰੰਸ਼ ਵਿੱਚ ਇੱਕ ਤੋਂ ਵੱਧ ਥਾਂ ਮੌਜੂਦ ਹੈ। ਪਰ ਸਾਊ (Sophisticated)ਭਾਰਤੀ ਪ੍ਰੰਪਰਾ ਤੇ ਲੋਕਵਾਰਤਾ ਵਿੱਚ ਇਹ ਮਨੋਬ੍ਰਤੀ ਸਾਰੰਸ਼ ਮਤ੍ਰੇਈ ਮਾਂ ਦੀ ਯੁਵਕ ਪੁਤ੍ਰ ਨਾਲ ਵਿਭਚਾਰ ਦੀ ਇੱਛਾ ਦਾ ਰੂਪ ਧਾਰਨ ਕਰ ਗਿਆ ਹੈ, ਘੱਟੋ ਘੱਟ, ਲੋਕ-ਸਾਹਿਤ ਤੇ ਗ੍ਰੰਥ-ਸਾਹਿਤ ਵਿਚ। ਦਸਮ-ਗ੍ਰੰਥ ਦੇ ਤ੍ਰਿਯਾ-ਚਰਿਤ੍ਰ ਦੀ ਵੱਡੀ ਕਹਾਣੀ, ਜਿਸ ਵਿਚੋਂ ਕਿ ਬਾਕੀ ਦੀਆਂ ਕਹਾਣੀਆਂ ਜੋ ਕਿ 400 ਕੁ ਹਨ, ਨਿਕਲਦੀਆਂ ਹਨ, ਦਾ ਮਨੋਬ੍ਰਤੀ ਸਾਰੰਸ਼ ਇਹ ਊਦੀਪਸ ਮਾਨਸਕ ਰੋਗ ਹੀ ਹੈ, ਜਿਸਨੂੰ ਆਧਾਰ ਬਣਾ ਕੇ ਮਨਾਲੋਚਨਾ (Psychoanalysis) ਦੇ ਵਿਗਿਆਨੀ, ਮਨੁੱਖ ਦੇ ਸਮੁੱਚੇ ਚਰਿਤ੍ਰ ਨੂੰ ਉਲੇਖਣ ਤੇ ਦਰਸਾਉਣ ਦੇ ਯਤਨ ਕਰਦੇ ਹਨ। ਇਉਂ ਵਿਚਾਰਿਆਂ ਤ੍ਰਿਯਾ ਚਰਿਤ੍ਰ ਦੇ ਕਰਤਾ ਨੇ ਚਿਤ੍ਰਮਤੀ ਤੇ ਹਨਿਵਤਿ ਸਿੰਘ ਦੀ ਕਹਾਣੀ ਨੂੰ ਆਧਾਰ ਬਣਾ ਕੇ ਜਿਹੜਾ ਬਾਕੀ 400 ਕਹਾਣੀਆਂ ਨੂੰ ਇਸ ਸੰਦੂਕ ਵਿੱਚ ਬੰਦ ਕੀਤਾ ਹੈ, ਇਸਦਾ ਗੋਹਯ ਰਹੱਸਯ ਬੜਾ ਮਹਾਨ ਪ੍ਰਤੀਤ ਹੋ ਆਉਂਦਾ ਹੈ। ਉਂਜ, ਇੱਕ ਕਹਾਣੀ ਕਥਾ ਨੂੰ ਅਵਿਲੰਭ ਬਣਾ ਕੇ, ਉਸ ਨਾਲ
ਅਨੇਕ ਹੋਰ ਕਥਾ ਕਹਾਣੀਆਂ ਟੁੰਗਣ ਦੀ ਪ੍ਰਪਾਟੀ ਸਾਡੇ ਦੇਸ਼ ਦੀ ਸਾਹਿਤ ਪ੍ਰੰਪਰਾ ਵਿੱਚ ਬਹੁਤ-ਬਹੁਤ ਪੁਰਾਣੀ ਹੈ। ਪੰਡਤ ਗੁਣਾਡਯ ਦੀ ਰਚਿਤ ‘ਬ੍ਰਹਤਕਥਾ` ਜੋ ਕਿ ਅਲੋਪ ਹੋ ਚੁੱਕੀ ਹੈ, ਅਤੇ ਜਿਸ ਬਾਬਤ ਕਿ ਡਾ: ਕੀਥ ਕਹਿੰਦਾ ਹੈ, ਕਿ ਇਸ ਦੀ ਸਾਹਿਤਕ ਮਹਾਨਤਾ ਰਾਮਾਇਣ ਤੇ ਮਹਾਂਭਾਰਤ ਨਾਲੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਸੀ,
(See A History of Sanskrit Literature, by Dr.Keith. p[266) ਅਤੇ ਜਿਸਦੇ ਕਿ ਸੱਤ ਲੱਖ ਲੋਕ ਸ਼ਲੋਕ ਸਨ, ਜਿਨ੍ਹਾਂ ਦਾ ਕਿ ਭੋਰ ਚੋਰ ਕਸ਼ੇਮੇਂਦ੍ਰ ਦੀ ‘ਬ੍ਰਹਮਕਥਾਮੰਜਰੀ` (1063-66 ਅ. ਧ) ਤੇ ਸੋਮ ਦੇਵ ਦੀ ‘ਕਥਾ ਸਰਿਤ-ਸਾਗਰ` (1081 ਅ. ਧ) ਹਨ, ਦੀ ਸਾਹਿਤਕ ਬਣਤਰ ਇਵੇਂ ਹੀ ਹੈ ਕਿ ਇੱਕ ਵੱਡੀ ਕਹਾਣੀ ਆਰੰਭ ਕਰਕੇ, ਬਾਕੀ ਅਨੇਕ ਕਹਾਣੀਆਂ ਉਸ ਵਿੱਚ ਪਾਈ ਗਏ। ‘ਕਥਾ ਸਰਿਤ-ਸਾਗਰ` ਦੀ ‘ਵੈਤਾਲਪੰਚਵਿਸਤੀ` ਅਤੇ ਵਿਸ਼ਨੂੰ ਸ਼ਰਮਾ ਦੇ ‘ਪੰਚਤੰਤ੍ਰ` ਵਿੱਚ ਇਹੋ ਪ੍ਰਪਾਟੀ, ਇੱਕ ਕਹਾਣੀ ਨਾਲ ਅਨੇਕ ਵਿਲੋਕਤ੍ਰੀਆਂ ਕਹਾਣੀਆਂ ਟੁੰਗ ਦੇਣ ਦੀ, ਵਰਤੀ ਗਈ ਹੈ ਤੇ ਇਥੋਂ ਹੀ ਅਰਬੀ ਲਿਖਾਰੀਆਂ ਨੇ ਮਾਂਗਵੀਂ ਲੈਕੇ ‘ਅਲਫਲੈਲਾ` ਆਦਿ ਪੁਸਤਕਾਂ ਵਿੱਚ ਵਰਤੀ ਹੈ, ਜਿਥੋਂ ਕਿ ਇਹ ਸਾਰੇ ਯੂਰਪ ਵਿੱਚ ਫੈਲੀ। ਪਰ ਦਸਮ-ਗ੍ਰੰਥ ਦੇ ਤ੍ਰਿਯਾ ਚਰਿਤ੍ਰ ਵਾਲਾ ਉਪਰੋਕਤ ਮਨੋਬ੍ਰਤੀ ਗੋਹਯਰਹੱਸ ਹੋਰ ਕਿਤੇ ਨਹੀਂ ਹੈ।
ਦੂਜੀ ਗੱਲ ਕਰਨ ਯੋਗ ਇਹ ਹੈ ਕਿ ਇਹੋ ਮਾਤਾ-ਪੁੱਤ੍ਰ ਵਿਭਚਾਰ ਦੀ ਕਹਾਣੀ ਅਨੇਕਾਂ ਢੰਗਾਂ ਨਾਲ, ਸਮਾਂ ਸਥਾਨ ਬਦਲ ਕੇ, ਅਸਾਡੇ ਦੇਸ਼ ਦੀਆਂ ਅਨੇਕ ਭਾਸ਼ਾਵਾਂ ਵਿੱਚ ਵਰਨੀ ਹੋਈ ਹੈ, ਜਿਹਾ ਕਿ ਉੜੀਆ ਅਤੇ ਤਾਮਿਲ ਵਿਚ। ਪੰਜਾਬੀ ਵਿੱਚ ਪੂਰਨ ਭਗਤ ਦੀ ਕਹਾਣੀ ਇਸੇ ਵਾਰਤਾ ਦਾ ਸਪਸ਼ਟ ਨਕਸ਼ ਹੈ,
ਅਲਫ ਆਖ ਸਾਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਏ। (ਸ਼ੀਹਰਫੀ ਕਾਦਰਯਾਰ)
ਇਹ ਦੋ ਗੱਲਾਂ ਤੇ ਤੀਜੀ ਇੱਕ ਹੋਰ ਗੱਲ, ਅਸਾਡੇ ਦੇਸ਼ ਦੇ ਲੋਕ-ਸਾਹਿਤ ਅਤੇ ਗ੍ਰੰਥ-ਸਾਹਿਤ ਬਾਰੇ ਨਾ ਸਮਝਣ ਦੇ ਕਾਰਨ ਹੀ, ਅਨੇਕ ਲੋਕਾਂ ਵਿੱਚ ਅਤੇ ਸ੍ਰਦਾਰ ਰਾਮਪ੍ਰਕਾਸ਼ ਸਿੰਘ ਜੀ ਜਿਹੇ ਵਿਦਵਾਨਾਂ ਵਿੱਚ ਭੀ ਇਹ ਹਾਨੀਕਾਰਕ ਭੁਲੇਖਾ ਪ੍ਰਚੱਲਤ ਹੋ ਗਿਆ ਹੈ, ਕਿ ਦਸਮ-ਗ੍ਰੰਥ ਦੇ ‘ਤ੍ਰਿਯਾ ਚਰਿਤ੍ਰ` ਵਿੱਚ ਬਿਆਨੀ ਹੋਈ ‘ਰੂਪਕੋਇਰ` ਦੀ ਕਹਾਣੀ, ਗੁਰੂ ਗੋਬਿੰਦ ਸਿੰਘ, ‘ਤ੍ਰਿਯਾ ਚਰਿਤ੍ਰ` ਦੇ ਕਰਤਾ ਦੀ, ਸ੍ਵੈਜੀਵਨੀ ਤੇ ਇਤਿਹਾਸ ਦਾ ਭਾਗ ਹੈ। ਇਹ ਤੀਜਾ ਕਾਰਨ, ਅੱਗੇ ਚੱਲ ਕੇ, ਰੂਪ ਕੌਰ ਦੀ ਕਹਾਣੀ ਦੀ ਚੀਰ ਫਾੜ ਕਰਨ ਵੇਲੇ ਦੱਸਾਂਗੇ।
ਕਹਾਣੀ ਇਉਂ ਚੱਲਦੀ ਹੈ ਕਿ ਜਿਸ ਵੇਲੇ ਚਿਤ੍ਰ ਸਿੰਘ ਦਾ ਮੰਤ੍ਰੀ ਉਸ ਨੂੰ ਵੀਹ ਤ੍ਰਿਯਾ ਚਰਿਤ੍ਰ ਸੁਣਾ ਚੁੱਕਿਆ ਤਾਂ;
ਰੀਝ ਰਾਇ ਐਸੇ ਕਹਿਯੋ ਬਚਨ ਮੰਤ੍ਰਿਯਨ ਸੰਗ।। ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਹਹੁ ਪ੍ਰਸੰਗ।। 2. ।
ਰਾਜਾ ਕਹਿਣ ਲੱਗਾ ਕਿ ਹੁਣ ਕੋਈ ਐਸੀ ਕਹਾਣੀ ਸੁਣਾਉ, ਜਿਸ ਵਿੱਚ ਪੁਰਸ਼ ਨੇ ਇਸਤ੍ਰੀ ਨਾਲ ਚਰਿਤ੍ਰ ਖੇਡਿਆ ਹੋਵੇ।
ਤਦ ਮੰਤ੍ਰੀ 21ਵੀਂ ਤੇ 22ਵੀਂ ਕਹਾਣੀ ਤ੍ਰਿਯਾ ਚਰਿਤ੍ਰ ਦੀ ਸੁਣਾ ਕੇ, ਉਸ ਕਹਾਣੀ ਦਾ ਅੰਤ 23ਵੀਂ ਕਹਾਣੀ ਤੇ ਕਰਦਾ ਹੈ, ਜਿਸ ਵਿੱਚ ਕਿ ਪੁਰਖ ਚਲਾਕੀ ਨਾਲ ਇਸਤ੍ਰੀ ਨੂੰ ਮਾਤ ਦੇ ਦਿੰਦਾ ਹੈ ਅਤੇ ਇਹ 23ਵੀਂ ਕਹਾਣੀ, ‘ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੁਪ ਸੰਬਾਦੇ…`
ਇਹ 21ਵੀਂ, 22ਵੀਂ ਤੇ 23ਵੀਂ ਕਹਾਣੀ ਹੀ ‘ਰੂਪ ਕੋਅਰ` ਦਾ ਕਿੱਸਾ ਹੈ, ਜਿਸਨੂੰ ਸ਼ਰਧਾ ਪੂਰਤ ਪਰ ਸਾਹਿਤ ਰਚਨਾਂ ਦੇ ਰੂਪਾਂਤ੍ਰਾਂ ਤੋਂ ਅਣਜਾਣ ਸਿੱਖ, ਗੁਰੂ ਗੋਬਿੰਦ ਸਿੰਘ, ਕਰਤਾ ‘ਤ੍ਰਿਯਾ ਚਰਿਤ੍ਰ` ਦੀ, ਸ੍ਵੈ-ਜੀਵਨੀ ਇਤਿਹਾਸ ਸਮਝ ਲੈਂਦੇ ਹਨ, ਅਤੇ ਪੁਸਤਕ ਕਰਤਾ ਜੋ ਮੁੜ ਮੁੜ `ਚਰਿਤ੍ਰ ਪਖਯਾਨੇ` ‘ਭੂਪ ਮੰਤ੍ਰੀ ਸੰਬਾਦੇ` ਦਾ ਹੋਕਾ ਦੇਈ ਜਾਂਦਾ ਹੈ, ਉਸ ਨੂੰ ਅਣਡਿੱਠ ਕਰੀ ਜਾਂਦੇ ਹਨ।
ਇਹ ਤਿੰਨੇ ਕਹਾਣੀਆਂ, ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਦਾ ਇਤਿਹਾਸਕ ਪਾਤ੍ਰ ਮੰਨੀਏਂ ਤਾਂ ਸਪਸ਼ਟ ਅਜਿਹੀਆਂ ਹਨ, ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ, ਅਤੇ ਉਨ੍ਹਾਂ ਦਾ ਚਰਿਤ੍ਰ ਜੋ ਇਨ੍ਹਾਂ ਕਹਾਣੀਆਂ ਨੂੰ ਇਤਿਹਾਸਕ ਘਟਨਾ ਮੰਨਣ ਕਰਕੇ ਉਘੜਦਾ ਹੈ, ਉਹ ਕੋਈ ਉਤੇਜਨ-ਜਨਕ
(Inspiring) ਨਹੀਂ ਅਤੇ ਨਾਂ ਹੀ ਉਹ ਗੁਰੂ ਮਹਾਰਾਜ ਦੇ ਪ੍ਰਮਾਣੀਕ ਜੀਵਨ ਚਰਿਤ੍ਰ ਨਾਲ ਮੇਲ ਖਾਂਦਾ ਹੈ।
ਫੇਰ, ਕਿਉਂ ਕਈ ਸਿੱਖ, ਇਨ੍ਹਾਂ ਤਿੰਨਾਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਾਸਤਵਿਕ ਇਤਿਹਾਸ ਮੰਨਦੇ ਹਨ, ਅਤੇ ਕਿਉਂ ਪ੍ਰੋਫੈਸਰ ਰਾਮਪ੍ਰਕਾਸ਼ ਸਿੰਘ ਜੀ ਜਿਹੇ ਵਿਦਵਾਨ ਭੀ ਇਸੇ ਹਾਨੀਕਾਰਕ ਭੁਲੇਖੇ ਵਿੱਚ ਫਸੇ ਪਏ ਹੋਏ ਹਨ?
ਇਸਦੇ ਦੋਂਹ ਕਾਰਨਾ ਬਾਬਤ ਉਤੇ ਕਹਿ ਆਏ ਹਾਂ, (1) ਤ੍ਰਿਯਾ ਚਰਿਤ੍ਰ ਲੌਕਿਕ ਸਾਹਿਤ ਹੈ, ਗੁਰਬਾਣੀ ਅਥਵਾ ਗੁਰਵਾਕ, ਜਿਵੇਂ ਕਿ ਬਚਿਤ੍ਰ ਨਾਟਕ ਹੈ, ਇਹ ਨਹੀਂ ਹੈ। ਇਹ ਲੌਕਿਕ ਗ੍ਰੰਥ
(Secular fiction) ਇੱਕ ਬੜੇ ਮਹਾਨ ਇਤਿਹਾਸਕ ਤੇ ਸਾਹਿਤਕ ਪਛੋਕੜ ਦੀ ਹਾਮਲ ਹੈ ਅਤੇ ਇਸ ਲਈ ਇਹ ਨਿਜਕ੍ਰਿਤ (Self -Composed) ਤਾਂ ਹੈ, ਪਰ ਸ੍ਵੈ-ਕ੍ਰਿਤ (Original writing) ਨਹੀਂ ਹੈ। ਇਸ ਦੀਆਂ ਕਹਾਣੀਆਂ ਤੇ ਕਥਾ ਵਸਤੂ ਅਸਾਡੇ ਦੇਸ਼ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਲੋਕ ਸਾਹਿਤ, ਲੋਕ ਵਾਰਤਾ ਅਤੇ ਗ੍ਰੰਥ ਸਾਹਿਤ ਵਿਚੋਂ ਮਾਂਗਵਾਂ ਲਿਆ ਗਿਆ ਹੈ। (2) ਤ੍ਰਿਯਾ ਚਰਿਤ੍ਰ ਦੀ ਰਚਨਾ ਸ਼ੈਲੀ (Literary form) ਭੀ ਇਵੇਂ ਹੀ ਪ੍ਰਾਚੀਨ ਤੇ ਮਾਂਗਵੀਂ ਹੈ, ਜਿਵੇਂ ਕਿ ਇਸਦੀ ਕਥਾ-ਵਸਤੂ। ਇਨ੍ਹਾਂ ਦੋਹਾਂ ਗੱਲਾਂ ਨਾਲ ਭਲੀ ਭਾਂਤੀ ਵਾਕਫੀ ਪਰਿਚੈ ਨਾਂ ਹੋਣਾ ਹੀ ਕਾਰਨ ਇਸ ਭੁਲੇਖੇ ਦਾ ਹੈ, ਕਿ ‘ਗੁਰੂ ਕ੍ਰਿਤ` ਰਚਨਾ, ਅਵੱਸ਼ ਗੁਰਬਾਣੀ ਯਾ ਗੁਰਵਾਕ ਹੀ ਹੋ ਸਕਦਾ ਹੈ, ਲੌਕਿਕ ਸਾਹਿਤ (Secular fiction) ਨਹੀਂ।
ਇਕ ਹੋਰ ਤੀਜੇ ਕਾਰਨ ਨੇ, ਜਿਸਦਾ ਕਿ ਸਬੰਧ ਭੀ ਸਾਹਿਤ ਕਲਾ ਭੇਦਾਂ
(Literary technique) ਨਾਲ ਹੈ, ਇਸ ਭੁਲੇਖੇ ਨੂੰ ਪ੍ਰਪੱਕ ਕੀਤਾ ਹੈ, ਉਹ ਹੈ ਸਾਹਿਤ ਲਿਖਾਰੀ ਦਾ ਆਪਣੀ ਰਚਨਾ ਵਿੱਚ ਸਥਾਨਕ ਰੰਗ ਭਰਨ ਦਾ ਗੁਣ। ਹਰ ਪ੍ਰਕਾਰ ਦੇ ਕੋਮਲ ਹੁਨਰਾਂ ਦਾ ਅੰਤਿਮ ਨਿਸ਼ਾਨਾ ਇਹੋ ਹੁੰਦਾ ਕਿ ਕੋਮਲ ਰਚਨਾ (Artistic creation) ਦੁਆਰਾ ਅਜਿਹਾ ਰੂਪ ਵਿਦਮਾਨ ਕੀਤਾ ਜਾਵੇ, ਜਿਸ ਨਾਲ ਦਰਸ਼ਕ ਨੂੰ ਸਰਵਤ੍ਰ ਸਤਯ ਦਾ ਭੁਲੇਖਾ ਪਵੇ। ਮਨੋਕਲਪਤ ਵਾਸਤਵ-ਨਿਰਾਧਾਰ ਰਚਨਾ ਇਉਂ ਦਿਸ ਆਵੇ ਕਿ ਇਹ ਸ੍ਵਤਾਹ ਸਤਯ ਹੈ, ਐਵੇਂ ਕਥਨੀ ਮਾਤ੍ਰ ਮਾਯਾਧਾਰ ਦ੍ਰਿਸ਼ ਰੂਪ ਨਹੀਂ। ਜਿਸ ਹੱਦ ਤੱਕ ਕਲਾਕਾਰ ਇਹ ਇੰਦ੍ਰਜਾਲ ਰਚਨ ਵਿੱਚ ਸਫਲ ਹੁੰਦਾ ਹੈ, ਉਸ ਹੱਦ ਤੱਕ ਉਸਦੀ ਕਲਾ ਤੇ ਕ੍ਰਿਤ ਕਾਮਯਾਬ ਕਹੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ, ਜਿਥੇ ਗੁਰੂ ਅਵਤਾਰ, ਜਨਮ ਤੋਂ ਸਰਵਸਿਧਿ ਦੇ ਧਾਰਣੀ, ਮੁਕੰਦ ਤੇ ਮੁਕਤੀ ਪੱਥ ਦਰਸ਼ਕ ਜਯੋਤੀ ਤੇ ਗੁਰਬਾਣੀ ਦੇ ਪੈਗੰਬਰ ਸਨ, ਉਥੇ ਇੱਕ ਮਹਾਨ ਕਲਾਕਾਰ ਤੇ ਧੁਰੰਧਰ ਵਿਦਵਾਨ ਭੀ ਸਨ। ਉਹ ਜਾਣਦੇ ਸਨ ਕਿ ਮਾਯਾ ਚਰਿਤ੍ਰ ਤੇ ਰੂਪ ਨਿਰਮਿਤ ਕਰਨਾ, ਜਿੰਨ੍ਹਾਂ ਤੋਂ ਕਿ ਵਾਸਤਵਿਕ ਸਤਯ ਦਾ ਅਤੁੱਟ ਭੁਲੇਖਾ ਪਵੇ, ਇਹੋ ਉਚੀ ਕਲਾ ਦਾ ਆਸ਼ਾ ਹੈ। ਤਾਹੀਉਂ ਤਾਂ ਗੁਰੂ ਨੇ ਕਲਾਕਾਰ ਦੀ ਪ੍ਰਤਿਭਾ ਬਾਰੇ ਕਿਹਾ ਹੈ ਕਿ ‘ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ`। ਇਸ ਆਸ਼ਾ ਪੂਰਤੀ ਲਈ ਕਲਾਕਾਰ ਆਪਣੀ ਰਚਨਾ ਵਿੱਚ ਸਥਾਨਿਕ ਤੇ ਇਤਿਹਾਸਕ ਰੰਗ ਭਰਦੇ ਹਨ, ਤਾਂ ਜੁ ਉਨ੍ਹਾਂ ਦੀ ਰਚਨਾ ਆਪਣੇ ਅੰਤਿਮ ਆਸ਼ੇ ਵਿੱਚ ਸਫਲ ਹੋਵੇ। ਪਿੱਛੇ ਜੋ ਕਾਦਰਯਾਰ ਦੀ ਸੀਹਰਫੀ ਦੀ ਤੁਕ ਦਿੱਤੀ ਹੈ, ‘ਅਲਫ ਆਖ ਸਾਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਦੇ ਜਾਇਆ ਏ`। ਇਸ ਵਿੱਚ ‘ਸਿਆਲਕੋਟ` ‘ਪੂਰਨ` ਤੇ ‘ਸ਼ਾਲਵਾਹਨ` ਸਥਾਨਿਕ, ਵਾਸਤਵਿਕ ਤੇ ਇਤਿਹਾਸਕ ਰੰਗ ਕਵੀ ਨੇ ਭਰੇ ਹਨ। ‘ਸਿਆਲਕੋਟ` ਪੰਜਾਬ ਦਾ ਪ੍ਰਸਿੱਧ ਨਗਰ ਹੈ ਤੇ ਕਾਦਰਯਾਰ ਦੀ ‘ਸੀਹਰਫੀ` ਪੰਜਾਬੀ ਵਿੱਚ ਪੰਜਾਬੀਆਂ ਲਈ ਲਿਖੀ ਗਈ। ਇਸ ਤਰ੍ਹਾਂ ਮਾਤ-ਪੁੱਤ੍ਰ ਵਿਭਚਾਰ ਦੀ ਇਸ ਵਿਸ਼ਵ ਪ੍ਰਚੱਲਤ ਪ੍ਰਾਚੀਨ ਕਹਾਣੀ ਦੇ ਭਾਰਤੀ ਰੂਪਾਂਤ੍ਰ ਨੂੰ ਸਥਾਨਿਕ ਪਛੋਕੜ ਕਵੀ ਨੇ ਦਿੱਤਾ ਹੈ। ‘ਪੂਰਨ` ਨਾਮ ਵਾਸਤਵਿਕ ਰੰਗ ਹੈ, ਕਿਉਂ ਕਿ ਇਹ ਇੱਕ ਆਮ ਪੰਜਾਬੀ ਨਾਮ ਹੈ, ਅਤੇ ‘ਸ਼ਾਲਵਾਹਨ` ਰਾਜਾ ਭਾਰਤੀ ਇਤਿਹਾਸ ਵਿੱਚ ਹੋਇਆ ਤਾਂ ਹੈ, ਪਰ ‘ਸਿਆਲਕੋਟ` ਉਸਦੀ ਰਾਜਧਾਨੀ ਨਹੀਂ ਸੀ, ਅਤੇ ਨਾ ਉਸਦਾ ਨਿਵਾਸ ਅਸਥਾਨ। ਐਵੇਂ ਰਾਜ ਪ੍ਰਬੰਧ ਕੇਂਦਰ ਸੀ, ਜਿਵੇਂ ਪਸ਼ੌਰ ਮਹਾਰਾਜਾ ਰਣਜੀਤ ਸਿੰਘ ਦਾ ਸੀ, ਪਰ ਕਾਦਰਯਾਰ ਦਾ ਮੰਤਵ ਕੇਵਲ ਇਸ ਜਗਤ ਪ੍ਰਸਿੱਧ ਤੇ ਵਿਸ਼ਵ ਪ੍ਰਚੱਲਤ ਕਿੱਸੇ ਨੂੰ ਇਤਿਹਾਸਕ ਰੰਗ ਦੇਣਾ ਸੀ, ਤਾਂ ਜੁ ਉਸਦੀ ਕਾਵਿ-ਰਚਨਾ ਦਾ ਮਾਯਾ ਜਾਲ ਅਸਲੀ ਹੋ ਭਾਸੇ, ਜੋ ਕਿ ਹਰ ਕਲਾ ਦਾ ਮੁੱਖ ਮੰਤਵ ਹੁੰਦਾ ਹੈ। ਇਸ ਤੋਂ ਇਹ ਅਨੁਮਾਨਣਾ ਕਿ ਮਹਾਰਾਜਾ ਸ਼ਾਲਵਾਹਨ, ਜਿਸ ਤੋਂ ਕਿ ਅੱਜ ਤੋਂ 1880 ਵਰ੍ਹੇ ਪਹਿਲੋਂ ਸ਼ਾਕਾ ਸੰਮਤ ਆਰੰਭ ਹੋਇਆ ਅਤੇ ਜਿਸਦੀ ਰਾਜਧਾਨੀ ਪ੍ਰਤਿਸ਼ਠਾਨ (ਦੱਖਣ) ਸੀ, ਉਹ ਸਿਆਲਕੋਟ ਰਹਿੰਦਾ ਸੀ ਤੇ ਲੂਣਾ ਚਮਿਆਰੀ ਵਿਆਹ ਲਿਆਇਆ ਸੀ, ਇੱਕ ਭਾਰੀ ਭੁੱਲ ਹੋਵੇਗੀ ਤੇ ਅਨੁਮਾਨਣ ਵਾਲੇ ਦੀ ਅਵਿੱਦਿਆ ਦਾ ਸਬੂਤ ਭੀ।
‘ਤ੍ਰਿਯਾ ਚਰਿਤ੍ਰ` ਦੀ 21ਵੀਂ, 22ਵੀਂ ਤੇ 23ਵੀਂ ਸਾਖੀ ਵਿਚ, ਇਸ ਗ੍ਰੰਥ ਦੇ ਕਰਤਾ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਹੁਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਕੇ ਭਰਿਆ ਹੈ, ਉਸ ਤੋਂ ਹੀ ਅਣਜਾਣ ਆਦਮੀ ਭੁਲੇਖਾ ਖਾਕੇ ਇਉਂ ਅਨੁਮਾਣਦੇ ਹਨ, ਕਿ ਕਰਤਾ, ਆਪਣੇ ਜੀਵਨ ਦੀ ਇਤਿਹਾਸਕ ਘਟਨਾ ਬਿਆਨ ਕਰ ਰਿਹਾ ਹੈ। ਦਸਮ ਗੁਰੂ ਮਹਾਰਾਜ ਦੀ ਬਹੁਪੱਖੀ ਸ਼ਖਸੀਅਤ ਨੇ ਇਸ ਬੱਜਰ ਭੁਲੇਖੇ ਨੂੰ ਹੋਰ ਪ੍ਰਪੱਕ ਕੀਤਾ ਹੈ, ਜਿਸ ਕਾਰਨ ਕਿ ਸ਼ਰਧਾ-ਯੁਕਤ ਸਿੱਖ ਇਉਂ ਸਮਝਦੇ ਹਨ, ਕਿ ਇਹ ਵਾਕ ਗੁਰੂ ਦੇ ਹਨ, ਅਤੇ ਇਸ ਲਈ ਹਰ ਪਹਿਲੂ ਤੋਂ ਤਿੰਨ ਕਾਲ ਸਤਯ ਹਨ।
ਇਹ ਹੈ ਤੀਜਾ ਕਾਰਨ, ਪ੍ਰੋਫੈਸਰ ਰਾਮਪ੍ਰਕਾਸ਼ ਸਿੰਘ ਜੀ ਵਰਗੇ ਵਿਦਵਾਨਾਂ ਦਾ ਇਸ ਭੁਲੇਖੇ ਵਿੱਚ ਫਸ ਜਾਣ ਦਾ, ਕਿ ਰੂਪ ਕੌਰ ਦੀ ਕਹਾਣੀ, ਇਸਦੇ ਕਰਤਾ ਦੀ ਇਤਿਹਾਸਕ ਘਟਨਾ ਹੈ, ਮਨੋਕਲਪਿਤ ਵਾਰਤਾ ਨਹੀਂ। ਉਹ ਸਾਹਿਤ ਕਲਾ ਭੇਦ
(Literary technique) ਨੂੰ ਯਥਾਰਥ ਵਰਨਣ ਸਮਝਣ ਦੀ ਭੁੱਲ ਕਰਦੇ ਹਨ।
ਗੁਰੂ ਗੋਬੰਦ ਸਿੰਘ ਜੀ ਨੇ ਇਸ ਸਾਹਿਤ ਕਲਾ ਦੇ ਭੇਦ ਨੂੰ ਇਨ੍ਹਾਂ ਤਿੰਨਾਂ ਚਰਿਤ੍ਰਾਂ, 21, 22 ਤੇ 23 ਵਿਚ, ਐਸੀ ਚਤੁਰਤਾ ਨਾਲ ਵਰਤਿਆ ਹੈ, ਕਿ ਸਾਧਾਰਣ ਪੁਰਸ਼ ਦਾ ਭੁਲੇਖਾ ਖਾ ਜਾਣਾ ਅਚੰਭੇ ਦੀ ਗੱਲ ਨਹੀਂ ਭਾਸਦੀ। ਤਾਂਹੀ ਤਾਂ ਗੁਰੂ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ, ‘ਸੁਣੈ ਮੂੜ ਚਿੱਤ ਲਾਇ ਚਤੁਰਤਾ ਆਵਈ`। ਭਾਵ ਇਹ ਕਿ ਤ੍ਰਿਯਾ ਚਰਿਤ੍ਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ, ‘ਚਿੱਤ ਲਾਇ`, ਵਿਚਾਰੋ ਤਾਂ ਭੇਦ ਖੁੱਲਣਗੇ, ਜਿਸ ਨਾਲ ਪਾਠਕ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ।
ਤੀਰ ਸਤੁੱਦ੍ਰਵ ਕੇ ਹੁਤੋ ਪੁਰ ਆਨੰਦ ਇੱਕ ਗਾਂਉ।। ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ।। 3. ।
ਇਹ, ਸਤਲੁਜ ਦੇ ਕੰਢੇ ਨੈਣਾ ਦੇਵੀ ਦੇ ਟਿੱਲੇ ਕੋਲ, ਕਾਹਲੂਰ ਰਾਜ ਵਿਚ, ਆਨੰਦਪੁਰ ਨਾਮੀ ਪਿੰਡ ਉਹੋ ਹੈ, ਜੋ ਭੰਗਾਣੀ ਦੇ ਯੁੱਧ ਉਪ੍ਰਾਂਤ ਦਸਮ ਪਾਤਸ਼ਾਹ ਨੇ ਆਣ ਵਸਾਇਆ ਸੀ।
ਕਾਹਲੂਰ ਮੈ ਬਾਂਧਿਯੋ ਆਨ ਅਨੰਦਪੁਰ ਗਾਂਵ।। (ਪੰ: 62)
ਹੁਣ ਅਜਿਹੇ ਮਹਾਨ ਤੇ ਪ੍ਰਸਿੱਧ ਨਗਰ ਵਿੱਚ ਵਾਪਰੀ ਘਟਨਾ, ‘ਤ੍ਰਿਯਾ ਚਰਿਤ`੍ਰ ਦਾ ਕਰਤਾ, ਵਰਨਣ ਕਰਨ ਲੱਗਾ ਹੈ, ਤਾਂ ਕਿਹੜਾ ਸ੍ਰੋਤਾ ਹੈ ਜੋ ਆਪਣੀਆਂ ਬਿਰਤੀਆਂ ਇਕਾਗਰ ਕਰਕੇ, ਹਿਤ ਚਿੱਤ ਲਾਕੇ ਨਾ ਸੁਣੇਗਾ? ਬੱਸ ਇਹੋ ਨਿਸ਼ਾਨਾ ਸੀ, ਕਰਤਾ ਦਾ, ਪਾਠਕਾਂ ਸਰੋਤਿਆਂ ਦਾ ਧਿਆਨ ਇਕਾਗਰ ਕਰ ਲੈਣ ਦਾ ਤੇ ਇਸ ਵਿੱਚ ਉਹ ਸਫਲ ਹੋਇਆ ਹੈ। ਹੋਰ, ਇਸ ਤੋਂ ਅੱਗੇ ਕਹੀ ਜਾਣ ਵਾਲੀ ਕਹਾਣੀ ਦਾ ਆਨੰਦਪੁਰ, ਖਾਲਸੇ ਦੀ ਜਨਮ ਭੂਮੀ ਦੀ ਤਾਰੀਖ ਨਾਲ, ਕੋਈ ਸਿੱਧਾ ਯਾ ਅਸਿੱਧਾ ਸੰਬੰਧ ਨਹੀਂ ਹੈ।
ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ।। ਹੇਰਿ ਰਾਇ ਪੀੜਤ ਭਈ ਬਧੀ ਬਿਰਹਾ ਕੇ ਬਾਨ।। 5. ।
ਕਿਸੇ ਅਮੀਰ ਆਦਮੀ ਦੀ ਵਹੁਟੀ, ਜਿਸਦੇ ਪਤੀ ਨੂੰ ਕਿ ਦਫਤਰ ਵਾਲਿਆਂ ਨੇ ਛੁੱਟੀ ਨਹੀਂ ਦਿੱਤੀ ਹੋਵੇਗੀ, ਆਨੰਦਪੁਰ ਆਈ ਤੇ ਉਥੋਂ ਦੇ ‘ਰਾਇ` ਨੂੰ ਦੇਖਦੇ ਸਾਰ ਮੋਹਿਤ ਤੇ ਬ੍ਰਿਹਾ ਵਿੱਚ ਬਿਹਬਲ ਹੋ ਗਈ। ਆਪਣੇ ਨੌਕਰਾਂ ਨੂੰ ਕਹਿਣ ਲੱਗੀ, ਜਿਵੇਂ ਕਿਵੇਂ ਹੋਵੇ, ਇਸ ਰਾਜੇ ਨੂੰ ਮੇਰੇ ਘਰ ਲੈ ਆਉ, ‘ਨਗਰ ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ`।। ਉਸ ਤੀਵੀਂ, ਜਿਸਦਾ ਨਾਮ ਕਿ ਰੂਪ ਕੌਰ ਸੀ, ਯਾ ਜੋ ਸ਼ਹਿਜਾਦੀਆਂ ਵਰਗੀ ਰੂਪਵਤੀ ਸੀ, ਦੇ ਨੌਕਰ ਰਾਜੇ ਨੂੰ ਕਹਿਣ ਲੱਗੇ, ਜੇ ਤੂੰ ਮੰਤ੍ਰ ਸਿੱਖਣਾ ਚਾਹੁੰਦਾ ਹੈਂ, ਜਿਸਦੀ ਕਿ ਤੂੰ ਢੂੰਡ ਵਿੱਚ ਹੈਂ, ਤਾਂ ਜਿਵੇਂ ਅਸੀਂ ਕਹੀਏ ਤੇ ਜਿੱਥੇ ਕਹੀਏ, ਉਥੇ ਚੱਲ। ਜਿਸ ਗੁਰੂ ਘਰ ਦੀ ਸਿੱਖਿਆ ਹੈ, ਕਿ
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮ ਰਿਦੈ ਮਨੁ ਮਾਨਿਆ।। (ਪੰ: 766)
ਉਹ ਗੁਰੂ ਇਹ “ਰਾਇ” ਕਿਵੇਂ ਹੋ ਸਕਦਾ ਹੈ? , ਸਿਦਕਵਾਨ ਸਿੱਖ ਇਉਂ ਵਿਚਾਰਨ!
ਖੈਰ, ‘ਰਾਇ` ਸਾਹਿਬ ਸਾਧੂ ਦਾ ਭੇਖ ਬਣਾ ਕੇ ਰਾਤ੍ਰੀ ਦੇ ਸਮੇਂ ਰੂਪ ਕੌਰ ਦੇ ਡੇਰੇ ਤੇ ਪੁੱਜ ਗਏ, ਤਾਂ ਇਸਨੇ ਮਨ ਦੀ ਮੁਰਾਦ ਪੂਰੀ ਹੋਈ ਜਾਣ, ਵਸਤ੍ਰ ਭੂਖਣ ਸਜਾ ਲਏ ਅਤੇ ‘ਰਾਇ` ਸਾਹਿਬ ਵਾਸਤੇ:
ਫੂਲ ਪਾਨ ਅਰੁ ਕੈਫ ਮੰਗਾਯੋ।। …ਆਗੇ ਟਰਿ ਤਾ ਕੋ ਤਿਨ ਲੀਨਾ।। (---11)
ਪਾਨ ਬਾਬਤ ਦਸਮ ਗੁਰੂ ਦਾ ਰਹਿਤਨਾਮਿਆਂ ਦੁਆਰਾ ਹੁਕਮ ਹੈ, ਕਿ, “ਸਿੱਖ ਹੋਇ ਕਰ ਪਾਨ ਖਾਇ ਸੋ ਭੀ ਤਨਖਾਹੀਆ”, ਪਰ ਇਸ ਕਹਾਣੀ ਦੇ ਪਾਤ੍ਰ ਨੇ ਅਗਾਂਹ ਵਧ ਕੇ ‘ਆਗੇ ਟਰਿ` ਪਾਨ ਤੇ ਅਫੀਮ ਮਿਲੀ ਸ਼ਰਾਬ ਫੜ੍ਹ ਕੇ ਛੱਕ ਲਈ।
ਕੈਫ ਛਕਿਆ ਹੋਇਆ ਹੋਵੇ, ਪਾਨ ਦਾ ਬੀੜਾ ਮੂੰਹ ਵਿੱਚ ਹੋਵੇ ਤੇ ਮੰਚ ਪੁਸ਼ਪ ਸ਼ਸੋਭਤ ਹੋਵੇ ਤਾਂ ‘ਤ੍ਰਿਯਾ` ਇਉਂ ਨ ਕਹਿੰਦੀ ਤਾਂ ਹੋਰ ਕੀ ਕਰਦੀ?
ਤਬ ਤਾ ਸੋ ਤ੍ਰਿਯ ਯੋ ਕਹੀ ਭੋਗ ਕਰਹੁ ਮੋਹਿ ਸਾਥ।। (---13. ।)
‘ਰਾਇ` ਸਾਹਿਬ ਐਵੇਂ ਹੈਰਾਨ ਹੁੰਦੇ ਪਏ ਹਨ ਕਿ,
ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ।। 14. ।
ਹੁਣ ਅੱਗੇ ‘ਰਾਇ` ਸਾਹਿਬ ਤੇ ਰੂਪ ਕੌਰ ਵਿਚਕਾਰ ਜੋਗੀ ਤੇ ਸਹਿਤੀ ਦੇ ਸੁਆਲ ਜੁਆਬ ਸ਼ੁਰੂ ਹੁੰਦੇ ਹਨ:-
ਸੁਆਲ: ਕਹਯੋ ਤੁਹਾਰੋ ਮਾਨਿ ਭੋਗ ਤੋ ਸੋ ਨਹਿ ਕਰਿਹੋ।। …ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊਂ? ।। 17. ।
ਜੁਆਬ: ਕਾਮਾਤੁਰ ਹ੍ਵੈ ਜੋ ਤ੍ਰਿਯਾ ਆਵਤ ਨਰ ਕੇ ਪਾਸ।। ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ।। 18. ।
ਸੁਆਲ: ਪਾਂਇ ਪਰਤ ਮੋਰੇ ਸਦਾ ਪੂਜ ਕਹਿਤ ਹੈ ਮੋਹਿ।। ਤਾ ਸੋ ਰੀਝ ਰਮਯੋ ਚਹਤ ਲਾਜ ਨ ਆਵਤ ਤੋਹਿ? ।। 19. ।
ਜੁਆਬ: ਕ੍ਰਿਸਨ ਪੂਜ ਜਗ ਕੇ ਭਏ ਕੀਨੀ ਰਾਸਿ ਬਨਾਇ।। ਭੋਗ ਰਾਧਕਾ ਸੋ ਕਰੇ ਪਰੇ ਨਰਕ ਨਹਿ ਜਾਇ।। 20. ।
ਗੱਲ ਕੀ, ‘ਤ੍ਰਿਯਾ` ਰੂਪੀ ਸਹਿਤੀ ਨੇ ‘ਰਾਇ` ਰੂਪੀ ਜੋਗੀ ਰਾਂਝੇ ਨੂੰ ਨਿਰੁਤ੍ਰ ਕਰ ਦਿੱਤਾ, ਇਉਂ ਕਹਿ ਕੇ:
ਪੰਚ ਤੱਤ ਲੈ ਬ੍ਰਹਮ ਕਰ ਕੀਨੀ ਨਰ ਕੀ ਦੇਹ।। ਕੀਯਾ ਆਪ ਹੀ ਤਿਨ ਬਿਖੈ ਇਸਤ੍ਰੀ ਪੁਰਖ ਸਨੇਹ।। 21. ।
ਕਾਤਹਉਲਬੁਰਹਾਨ, ਸ਼ੰਕਾਸਮਾਧਾਨਕ ਸਤਿਗੁਰੂ ਗੋਬਿੰਦ ਸਿੰਘ ਜਿਨ੍ਹਾਂ ਉਤੇ ਉਕਤੀ ਯੁਕਤੀ ਸੰਬਾਦ ਦੁਆਰਾ ਵਿਜੈ ਪ੍ਰਾਪਤ ਕਰਨ ਦੀ ਸ਼ਕਤੀ ਮ੍ਰਿਤੂ ਲੋਕ, ਦੇਵ ਲੋਕ ਤੇ ਪਾਤਾਲ ਲੋਕ ਵਿਚ, ਕਿਸੇ ਜੀਵ ਨੂੰ ਨਹੀਂ ਸੀ, ਜਿਨ੍ਹਾਂ ਦੀ ਦੁਪਹਿਰ ਦੇ ਸੂਰਜਵਤ ਤੇਜਮਈ ਕ੍ਰਾਂਤੀ ਵੱਲ ਕੋਈ ਝਾਕ ਨਹੀਂ ਸੀ ਸਕਦਾ, ‘ਦੁਰਨਰਿੱਛ ਦਰਸ਼ਨ ਸਤਿਗੁਰ ਕੇ`, ਇਹ ਉਪ੍ਰੋਕਤ ਫੋਕੀਆਂ ਗੱਲਾਂ ਰੂਪ ਕੌਰ ਉਨ੍ਹਾਂ ਨਾਲ ਕਰ ਰਹੀ ਸੀ? , ਬੁੱਧੀਵਾਨਾ ਨੂੰ ਇਉਂ ਵਿਚਾਰ ਕਰਨਾ ਯੋਗ ਹੈ।
‘ਰਾਇ` ਸਾਹਿਬ ਨੂੰ ਜੱਕੋ ਤੱਕਿਆਂ ਵਿੱਚ ਦੇਖ ਕੇ ‘ਰੂਪ ਕੌਰ` ਨੇ ਇੱਕ ਹੋਰ ਤੀਰ ਛੱਡਿਆ:
ਆਜੁ ਹਮਾਰੇ ਸਾਥ ਮਿੱਤ੍ਰ ਰੁਚਿ ਸੌ ਰਤਿ ਕਰਿਯੈ।। ਹੋ ਨਾਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਯੈ।। 28. ।
ਨਹੀਂ ਤਾਂ ਮੇਰੇ ਨਾਲ ਭੋਗ ਕਰੋ, ਯਾ ਮੰਨ ਲਉ, ਕਿ ਤੁਸੀਂ ਨਾਮਰਦ ਹੋ ਤੇ ਮੇਰੀ ਟੰਗ ਹੇਠੋਂ ਨਿਕਲ ਜਾਉ। ਇਹ ਚੈਲੰਜ ਸੁਣ ਕੇ:
ਰਾਇ ਚਿੱਤ ਇਹ ਭਾਤਿ ਬਿਚਾਰੋ।। ਇਹਾਂ ਸਿੱਖ ਕੋਈ ਨ ਹਮਾਰੋ।। …41. । …ਕਵਨ ਸਿਖਯ ਮੋਹਿ ਆਨਿ ਉਬਾਰੈ।। 42. ।
ਇਥੇ ਤਾਂ ਕੋਈ ‘ਸਿੱਖਯ` ਨੇੜੇ ਨਹੀਂ ਜਿਹੜਾ ਮੈਨੂੰ ਬਚਾ ਲਵੇ, ਕੀ ਇਹ ਵਿਚਾਰ ਉਸ ਗੁਰੂ ਗੋਬਿੰਦ ਸਿੰਘ ਦੇ ਹਨ? , ਜਿਨ੍ਹਾਂ ਬਾਬਤ ਕਿਹਾ ਹੈ:
ਜਾਹਿ ਸੰਗ੍ਰਾਮ ਬਾਰਤਾ ਹੋਇ, ਸ਼ਸਤ੍ਰ ਪ੍ਰਹਾਰਨ ਕਰਹਿ ਬਖਾਨ। ਤਹ ਪ੍ਰਥਮ ਗਿਨਤੀ ਮਹਿ ਸਗਰੇ, ਕਲਗੀਧਰ ਕੋ ਗਿਨਹ ਮਹਾਨ।
ਸ਼ਰਲ ਸੁਭਾ ਸ਼ਰਧਾਲੂ ਸਿੱਖ ਇਉਂ ਨਹੀਂ ਵਿਚਾਰਦੇ। ‘ਸਿੱਖਯ` ਸ਼ਬਦ ਤੋਂ ਧੋਖਾ ਖਾਕੇ ਸਮਝਦੇ ਹਨ ਕਿ ‘ਸਿੱਖ` ਤਾਂ ਗੁਰੂ ਦੇ ਹੀ ਹੁੰਦੇ ਹਨ। ‘ਸਿੱਖਯ` ਸ਼ਬਦ ਇਥੇ, ‘ਨੌਕਰ`, ‘ਮੁਲਾਜ਼ਮ` ਦੇ ਅਰਥਾਂ ਵਿੱਚ ਆਇਆ ਹੈ ਅਤੇ ਇਨ੍ਹਾਂ ਹੀ ਅਰਥਾਂ ਵਿੱਚ ਇਹ ‘ਸਿੱਖਯ` ਸ਼ਬਦ ਅੱਗੇ ਜਾਕੇ ਭੀ ਵਰਤਿਆ ਹੋਇਆ ਹੈ, ਜਿੱਥੇ ਕਿਹਾ ਹੈ, ਕਿ ਰੂਪ ਕੌਰ ਨੇ `ਚੋਰ ਚੋਰ` ਦਾ ਰੌਲਾ ਪਾਕੇ ਆਪਣੇ ਨੌਕਰ ਜਗਾ ਦਿੱਤੇ,
ਚੋਰ ਚੋਰ ਕਹਿ ਕੈ ਉਠੀ ਸਿੱਖਯਨ ਦਿਯੋ ਜਗਾਇ।। (---59. ।
ਕਬਿਉਬਾਚ ਬੇਨਤੀ ਚੌਪਈ, ਜੋ ਕਿ ‘ਤ੍ਰਿਯ ਚਰਿਤ੍ਰ` ਦਾ ਹੀ ਸਾਹਿਤਕ ਭਾਗ ਹੈ, ਵਿੱਚ ਭੀ ‘ਸਿੱਖ` ਸ਼ਬਦ, ਨੌਕਰਾਂ ਚਾਕਰਾਂ ਦੇ ਅਰਥ ਵਿੱਚ ਹੀ, ਇਸੇ ਲੇਖਕ, ਗੁਰੂ ਸਾਹਿਬ ਨੇ, ਵਰਤਿਆ ਹੈ: _ ‘ਸੁਖੀ ਬਸੈ ਮੋਰੋ ਪਰਿਵਾਰਾ।। ਸੇਵਕ ਸਿੱਖ ਸਭੈ ਕਰਤਾਰਾ`।।
ਇਥੇ ‘ਸਿੱਖ` ਦੇ ਅਰਥ ਸਿੱਖ ਮੱਤ ਦਾ ਧਾਰਣੀ ਨਹੀਂ ਹਨ, ਨੌਕਰ ਚਾਕਰ, ਨਾਲ ਰਹਿ ਕੇ ਸੇਵਾ ਵਾਲੇ, ਹਨ। ਐਸੇ ਅਰਥ ਭੇਦਾਂ ਬਾਬਤ ਹੀ ਕਿਹਾ ਹੈ, ਕਿ:
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।।
ਜੇ ‘ਤ੍ਰਿਯਾ ਚਰਿਤ੍ਰ` ਵਰਗੇ ਗ੍ਰੰਥ-ਸਾਹਿਤ ਨੂੰ ਗੌਹ ਨਾਲ ਨਾ ਵੀਚਾਰੀਏ ਤਾਂ, ਚਤੁਰਤਾ ਦੀ ਥਾਂ ਬੁੱਧੀ ਤੇ ਮਨ ਵਿੱਚ ਗਿਲਾਨੀ ਆਉਂਦੀ ਹੈ।
‘ਤ੍ਰਿਯਾ ਚਰਿਤ੍ਰ` ਦੇ ਕਰਤਾ ਨੇ ਇਥੇ ‘ਸਿੱਖਯ` ਪਦ, ਬਹੁ ਭਾਵਾਰਥ ਵਾਚਕ, ਭੀ ਜਾਣ ਬੁੱਝ ਕੇ ਵਰਤਿਆ ਹੈ, ਤਾਂ ਜੁ ਇਹ ਕਹਾਣੀ ਆਰੰਭਣ ਵੇਲੇ, ‘ਆਨੰਦਪੁਰ` ਦਾ ਜ਼ਿਕਰ ਕਰਕੇ, ਜਿਹੜਾ ਮਾਯਾਜਾਲ ਤਣਿਆਂ ਸੀ, ਉਸਨੂੰ ਕੁੱਝ ਸਹਾਰਾ ਮਿਲੇ। ਕਥਾ ਦੇ ਇਸ ਥਾਂ ਤੇ ਆਕੇ ਇਸ ਸਹਾਰੇ ਦੀ ਲੋੜ ਡਾਢੀ ਵਧ ਗਈ ਸੀ, ਕਿਉਂ ਜੁ ਸਰਲ ਤੋਂ ਸਰਲ ਸੁਭਾ ਪਾਠਕ, ਸ੍ਰੋਤਾ ਭੀ ਇਥੇ ਆਕੇ ਚੈਤੰਨ ਹੋ ਉਠਦਾ ਹੈ, ਕਿ ਇਹ ਜੰਤ੍ਰ ਮੰਤ੍ਰ ਲਈ ਭੇਸ ਬਦਲਣ ਵਾਲੀ ਹਸਤੀ, ਹੁੱਕੇ ਸ਼ਰਾਬਾਂ ਪੀਣ ਵਾਲਾ, ਅਵਾਰਾ ਤ੍ਰੀਮਤਾਂ ਦੇ ਪੰਜੇ ਵਿੱਚ ਫਸ ਜਾਣ ਵਾਲਾ ‘ਰਾਇ` ਅਨੰਦਪੁਰਾਧੀਸ਼, ਗੁਰੂ ਨਹੀਂ ਹੋ ਸਕਦਾ। ਪਰ ਕਲਾ ਦੀ ਆਸ਼ਾ ਪੂਰਤੀ ਲਈ ਇਹ ਅਤਿ ਜ਼ਰੂਰੀ ਹੈ ਕਿ ਪਾਠਕ, ਸ੍ਰੋਤੇ ਕਾਵਿ ਕਲਾ ਦੇ ਮਾਯਜਾਲ ਦੀ ਨੀਦ੍ਰ ਤੋਂ ਅੰਤ ਤੱਕ ਜਾਗਰਤ ਨਾ ਹੋਣ, ਤਾਂ ਜੁ ਅੰਤ ਨੂੰ ਜਦੋਂ ਉਨ੍ਹਾਂ ਦੀ ਮਨ ਦੀ ਅੱਖ ਖੁੱਲੇ, ਤਾਂ ਕਲਾ ਦਾ ਅਸਰ ਹੋ ਚੁੱਕਾ ਹੋਵੇ, ਤੇ ਕਲਕਾਰ, ਜੋ ਭਾਵ ਚੈਤੰਨਤਾ ਤੇ ਮਾਨਸਿਕ ਪਰਿਵਰਤਨ ਪਾਠਕਾਂ ਅੰਦਰ ਉਪਜਾਣਾ ਚਾਹੁੰਦਾ ਹੈ, ਹੋਂਦ ਵਿੱਚ ਆ ਚੁੱਕੀ ਹੋਵੇ। ਇਸੇ ਨੂੰ ਅਰਸਤੂ (ਅਰਸਿਟੋਟਲੲ) ਮਲਨਵ੍ਰਿਤੀ ਕਹਿੰਦਾ ਹੈ, ਜੋ ਕਿ ਹਰ ਉਚੀ ਕਲਾ ਦਾ ਅੰਤਿਮ ਨਿਸ਼ਾਨਾ ਹੈ।
ਅੰਤ ਵਿੱਚ ‘ਰੂਪ ਕੌਰ` ਨੇ ਡਰਾਇਆ ਕਿ ਕਿਵੇਂ ਭੀ ਨਹੀਂ ਮੰਨਦੇ ਤਾਂ:
ਅਬ ਹੀ ਚੋਰ ਚੋਰ ਕਹਿ ਉਠਹੌ।। ਤੁਹਿ ਕੋ ਪਕਰ ਮਾਰ ਹੀ ਸੁਟਿਹੌ।। 55. ।
ਫੇਰ `ਚੋਰ ਚੋਰ` ਦਾ ਰੌਲਾ ਪਾਕੇ ਆਪਣੇ ਡੇਰੇ ਦੇ ‘ਸਿੱਖਯਨ` ਜਗਾ ਦਿੱਤੇ ਅਤੇ ‘ਰਾਇ` ਸਾਹਿਬ ਆਪਣੀ ਜੁੱਤੀ ਧੋਤੀ ਛੱਡ ਕੇ ਨੱਸ ਗਏ। ਇਉਂ ‘ਇਕੀਸਮੋ ਚਰਿਤ੍ਰ ਸਮਾਪਤ` ਹੁੰਦਾ ਹੈ। ਹੁਣ ਬਾਈਵਾਂ ਚਰਿਤ੍ਰ ਬੱਸ ਇਤਨਾ ਹੀ ਹੈ ਕਿ:
ਚੋਰ ਬਚਨ ਸਭ ਹੀ ਸੁਨਿ ਧਾਇ।। ਕਾਢੇ ਖੜਗ ਰਾਇ ਪ੍ਰਤਿ ਆਇ।। …ਆਗੇ ਪਾਛੇ ਦਾਹਿਨੇ ਘੇਰਿ ਦਸੋ ਦਿਸ ਲੀਨ।। …
ਲਾਤ ਮੁਸਟ ਬਾਜਨ ਲਗੀ ਸਿੱਖਯ ਪਹੂੰਚੇ ਆਇ।। ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਯੋ ਛੁਰਾਇ।। 7. ।
‘ਰਾਇ` ਆਪ ਤਾਂ ਰੌਲੇ ਗੌਲੇ ਵਿੱਚ ਬਚ ਕੇ ਨਿਕਲ ਗਿਆ ਤੇ ਰੂਪ ਕੌਰ ਦਾ ਭਾਈ ਲੋਕਾਂ ਨੇ ਚੋਰ ਜਾਣ ਕੇ ਫੜ ਲਿਆ ਤੇ ਮਾਰਿਆ ਕੁਟਿਆ ਤੇ ਅੰਤ ਨੂੰ ਹਵਾਲਾਤੇ ਪਾ ਦਿੱਤਾ। ਇਹ ‘ਤ੍ਰਿਯਾ ਚਰਿਤ੍ਰ ਮੰਤ੍ਰੀ ਭੂਪ ਸੰਬਾਦੇ ਬਾਈਸਵੋਂ ਚਰਿਤ੍ਰ ਸਮਾਪਤ` ਹੈ।
ਦੋ ਗੱਲਾਂ ਉਤੇ ਦੱਸ ਆਏ ਹਾਂ, ਜਿਨ੍ਹਾਂ ਤੋਂ ਸਾਧਾਰਣ ਬ੍ਰਿਤੀ ਅਤੇ ਸਾਹਿਤ ਰਚਨਾ ਭੇਦਾਂ ਤੋਂ ਅਣਜਾਣ ਪਾਠਕ ਨੂੰ ਇਹ ਇਕੀਵਾਂ ਬਾਈਵਾਂ ਚਰਿਤ੍ਰ ਪੜ੍ਹ ਕੇ ਇਹ ਭੁਲੇਖਾ ਪੈਂਦਾ ਹੈ, ਕਿ ਇਹ ਕਹਾਣੀਆਂ ਕਰਤਾ ਦੀਆਂ ਸ੍ਵੈਜੀਵਨੀਆਂ ਹਨ, ਇੱਕ ‘ਆਨੰਦਪੁਰ` ਦਾ ਸਥਾਨਕ ਰੰਗ ਅਤੇ ਦੂਜਾ ‘ਸਿੱਖਯ` ‘ਗੁਰ`ੂ ਆਦਿਕ ਸ਼ਬਦ, ਜੋ ਕਿ ਨੌਕਰਾਂ ਚਾਕਰਾਂ ਅਤੇ ‘ਰਾਇ` ਸੰਬੋਧਕ ਹਨ। ਇੱਕ ਤੀਜੀ ਗੱਲ ਇਸ ਬਾਈਵੇਂ ਚਰਿਤ੍ਰ ਵਿੱਚ ਹੋਰ ਹੈ, ਜਿਸਨੇ ਇਸ ਸਾਹਿਤਕ ਮਾਯਾ
(lLiterAry illusion) ਨੂੰ ਹੋਰ ਵੀ ਪਕੇਰਾ ਰੂਪ ਦੇ ਦਿੱਤਾ ਹੈ।
ਇਸੇ ਬਾਈਵੇਂ ਚਰਿਤ੍ਰ ਵਿਚ, ‘ਰੂਪ ਕੌਰ` ਅਤੇ ‘ਰਾਇ` ਦੇ ਵਾਕਯੋਵਾਕ ਯਾ ਸਵਾਲਾਂ ਜਵਾਬਾਂ ਦੇ ਰੂਪ ਵਿਚ, ਉਹ ਗੁਰਵਾਕ ਦਰਜ਼ ਹਨ, ਜਿਹੜੇ ਕਿ ਕਿਸੇ ਸ਼ਰਧਾਵਾਨ ਤੇ ਹਿਤਕਰ ਜੱਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੇਠਲੀਆਂ ਪਾਉੇੜੀਆਂ ਦੀ ਉਪਰਲੀ ਮਹਿਰਾਬ ਉਤੇ ਲਿਖੇ ਹੋਏ ਸਨ ਅਤੇ ਜਿੰਨ੍ਹਾਂ ਨੂੰ ਚਿਰੰਕਾਲ ਤੋਂ ਅਨੇਕ ਸਿੱਖ ਸ਼ਰਧਾਲੂ ਹਰ ਰੋਜ਼ ਪੜ੍ਹਦੇ ਸਨ, ਉਹ ਵਾਕ ਹਨ:-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।। ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ।। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜਯਹੁ।। 51. । …
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ।। ਮਨ ਬਾਂਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ।।
ਸਿੱਖਯ ਪੁੱਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ।। ਹੋ ਕਹੁ ਸੁੰਦਰਿ ਤੁਹਿ ਸਾਥ ਗਵਨ ਕੈਸੇ ਕਰ ਕਰਿਯੈ।। 54. ।
ਇਹ ਛੰਦ ‘ਤ੍ਰਿਯਾ ਚਰਿਤ੍ਰ` ਨਾਮੀ ਗ੍ਰੰਥ ਦਾ, ਨਿਰਸੰਸੇ ਵਾਸਤਵਿਕ ਹੈ। ਇਹ ਇਤਿਹਾਸ ਹੈ ਕਿ ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਪੁੱਤ੍ਰ ਗੁਰੂ ਗੋਬਿੰਦ ਸਿੰਘ ਨੂੰ ਉਪ੍ਰੋਕਤ ਉਪਦੇਸ਼ ਦਿੱਤਾ, ਜਿਸਨੂੰ ਕਿ ਹਿਤੋਪਦੇਸ਼ ਨਮਿਤ ‘ਤ੍ਰਿਯਾ ਚਰਿਤ੍ਰ` ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ। ਇਸ ਤੋਂ ਇਹ ਭਾਵ ਕੱਢਣਾ ਕਿ, ਕਿਉਂਕਿ ਇਹ ਛੰਦ ਵਾਸਤਵਿਕ ਘਟਨਾ ਅਧਾਰਿਤ ਹੈ, ਇਸ ਲਈ ਬਾਈਵੇਂ ਚਰਿਤ੍ਰ ਦੀ ਕਥਾ ਮਨੋਕਲਪਿਤ ਸਾਹਿਤ ਨਹੀਂ, ਸਗੋਂ ਇਤਿਹਾਸਕ ਵਰਨਣ ਹੈ, ਜਿਸਦੇ ਪਾਤ੍ਰ ਕਿ ‘ਤ੍ਰਿਯਾ ਚਰਿਤ੍ਰ` ਦੇ ਕਰਤਾ, ਆਪ ਗੁਰੂ ਗੋਬਿੰਦ ਸਿੰਘ ਜੀ ਹਨ, ਸਾਹਿਤ ਰਚਨਾ ਭੇਦਾਂ ਤੋਂ ਅਗਿਆਨਤਾ ਦਾ ਸੂਚਕ ਹੈ। ਅੱਠਵੀਂ ਸਦੀ ਬਗਦਾਦ ਵਿੱਚ ਰਚੀ ਗਈ ਅਰਬੀ ਭਾਸ਼ਾ ਦੀ ‘ਅਲਫ ਲੈਲਾ`, ਗਿਆਰਵੀਂ ਸਦੀ ਦੀ ਸੰਸਕ੍ਰਿਤ ਦੀ ਪੁਸਤਕ ‘ਕਥਾਸਰਿਤ ਸਾਗਰ`, ਤੇਰ੍ਹਵੀਂ ਸਦੀ ਦੀ ਫਾਰਸੀ ਦੀ ਪ੍ਰਸਿਧ ਪੁਸਤਕ ‘ਬੁਸਤਾਨ`, ਵਿੱਚ ਇਹ ਰਚਨਾ ਭੇਦ
(Literary technique) ਆਮ ਵਰਤੀ ਗਈ ਹੈ, ਜਿਥੇ ਕਿ ਕਥਾ ਕਹਾਣੀ ਵਿੱਚ ਆਇਆ ਕੋਈ ਨੁਕਤਾ ਵਿਸਤਾਰ ਕਰਨ ਦੇ ਆਸ਼ੇ ਨਾਲ, ਹੋਰਨਾ ਕਵੀਆਂ ਦੇ ਕਿਸੇ ਹੋਰ ਪ੍ਰਸੰਗ ਪ੍ਰਥਾਇ ਕਹੇ ਹੋਏ ਕਾਵਿ ਟੋਟੇ, ਕਥਾ ਕਹਾਣੀ ਦੇ ਪਾਤ੍ਰਾਂ ਦੇ ਮੂੰਹ ਵਿੱਚ ਪਾ ਦਿੱਤੇ ਗਏ ਹਨ, ਅਤੇ ਇਸ ਨੂੰ ਦੋਸ਼ ਨਾ, ਸਗੋਂ ਕਾਵਿ ਕਲਾ ਦਾ ਗੁਣ ਸਮਝਿਆ ਗਿਆ ਹੈ। ਅਠਾਰ੍ਹਵੀਂ ਸਦੀ ਦੀ ਕ੍ਰਿਤ ‘ਹੀਰ ਵਾਰਸਸ਼ਾਹ` ਵਿੱਚ ਕੁਰਾਨ ਸ਼ਰੀਫ ਦੀਆਂ ਤੁਕਾਂ ਤੇ ਟੋਟੇ ਇਸੇ ਢੰਗ ਨਾਲ ਆਮ ਵਰਤੇ ਗਏ ਹਨ, ਜਿਸ ਤੋਂ ਕਿਸੇ ਨੇ ਇਹ ਭੁੱਲ ਕੇ ਭੀ ਨਹੀਂ ਅਨੁਮਾਨਿਆਂ ਕਿ ਹੀਰ ਰਾਂਝੇ ਦੀ ਪ੍ਰੇਮ ਕਥਾ ਹਜ਼ਰਤ ਮੁਹੰਮਦ ਸਾਹਿਬ ਯਾ ਅੱਲਾ ਦੀ ਸ੍ਵੈਜੀਵਨੀ ਨਾਲ ਇਤਿਹਾਸਕ ਸੰਬੰਧ ਰੱਖਦੀ ਹੈ, ਜਿਵੇਂ ਕਿ ਸਰਲਸੁਭਾ ਸ਼ਰਧਾਵਾਨ ਸਿੱਖ ਯਾ ਪ੍ਰੋਫੈਸਰ ਰਾਮਪ੍ਰਕਾਸ਼ ਸਿੰਘ ਜੀ ਸਮਝੀ ਫਿਰਦੇ ਹਨ। ਵਾਰਸਸ਼ਾਹ ਦਾ ਇਹ ਦਾਹਵਾ ਕਿ ਉਸਨੇ ਕੁਰਾਨ ਸ਼ਰੀਫ ਦੀਆਂ ਤੁਕਾਂ ਹੀਰ ਰਾਂਝੇ ਦੀ ਪ੍ਰੇਮ ਵਾਰਤਾ ਵਿੱਚ ਵਰਤ ਕੇ ਉਨ੍ਹਾਂ ਤੁਕਾਂ ਦੇ ਪ੍ਰਯਾਯ ਲਿਖੇ ਹਨ ਤੇ ਤਸ਼ਰੀਹ ਕੀਤੀ ਹੈ।
ਇਹ ਕੁਰਾਨ ਸ਼ਰੀਫ ਦੇ ਮਾਇਨੇ ਨੇ ਜਿਹੜੇ ਸ਼ਿਅਰ ਮੀਆਂ ਵਾਰਸਸ਼ਾਹ ਦੇ ਨੇ।
ਇਉਂ ਹੀ ਇਸ ਉਪ੍ਰੋਕਤ ਗੁਰਵਾਕ ਛੰਦ ਦੇ ‘ਤ੍ਰਿਯਾ ਚਰਿਤ੍ਰ` ਦੀ ਬਾਈਵੀਂ ਕਹਾਣੀ ਵਿੱਚ ਗੁੰਦੇ ਜਾਣ ਬਾਰੇ ਜਾਨਣਾ ਤੇ ਸਮਝਣਾ ਉਚਿਤ ਹੈ।
ਅਸਾਂ ਇਸ ਲੇਖ ਵਿੱਚ ਇਉਂ ਕਿਹਾ ਹੈ ਕਿ:
1.’ਤ੍ਰਿਯਾ ਚਰਿਤ੍ਰ` ਦੀ ਸਾਹਿਤਕ ਪ੍ਰਣਾਲੀ ਦਾ ਪਿਛੋਕੜ ਬਹੁਤ ਪ੍ਰਾਚੀਨ ਤੇ ਨਿਰੋਲ ਭਾਰਤੀ ਹੈ, ਜਿਸ ਦੀਆਂ ਜੜ੍ਹਾਂ ਕਿ ਰਿਗ ਵੇਦ ਵਿੱਚ ਹਨ।
2.’ਤ੍ਰਿਯਾ ਚਰਿਤ੍ਰ` ਲੌਕਿਕ ਸਾਹਿਤ ਹੈ, ਗੁਰਬਾਣੀ ਅਥਵਾ ਗੁਰਵਾਕ ਨਹੀਂ ਹੈ।
3. ਇਕੀਵੀਂ, ਬਾਈਵੀਂ ਤੇ ਤੇਈਵੀਂ ਸਾਖੀਆਂ ਜਿਨ੍ਹਾਂ ਵਿਚ, ਜੋ ਕਿ ‘ਰੂਪ ਕੋਅਰ` ਨਾ ਨੂਪ ਕੌਰ ਦੀ ਕਹਾਣੀ ਦਿੱਤੀ ਹੋਈ ਹੈ, ਉਹ ਸ੍ਵੈਜੀਵਨੀ ਯਾ ਇਤਿਹਾਸ ਅਧਾਰਿਤ ਨਹੀਂ, ਮਨੋਕਲਪਿਤ ਰਚਨਾ ਹੈ। ਸੱਚ ਤਾਂ ਇਹ ਹੈ, ਕਿ ਇਹ ਤਿੰਨੇ ਕਹਾਣੀਆਂ, ਪਿੰਜਰ ਰੂਪ ਵਿਚ, ਅਰਬੀ ਦੀ ਅੱਠਵੀਂ ਸਦੀ ਦੀ ਪੁਸਤਕ ‘ਅਲਫਲੈਲਾ` ਵਿੱਚ ਮੌਜੂਦ ਹਨ।
4.’ਅਨੰਦਪੁਰ`, ‘ਸਿਖਯ`, ‘ਗੁਰੂ` ਆਦਿ ਵਿਸ਼ੇਸ਼ ਵਰਨਣ, ਇਨ੍ਹਾਂ ਕਹਾਣੀਆਂ ਵਿੱਚ ਸਥਾਨਕ ਤੇ ਵਾਸਤਵਿਕ ਰੰਗ ਭਰਨ ਲਈ ਕੀਤਾ ਗਿਆ ਹੈ, ਜੋ ਕਿ ਸਾਹਿਤ ਰਚਨਾ ਭੇਦਾਂ ਦੇ ਐਨ ਅਨੁਕੂਲ ਹੈ, ਅਤੇ ਉਚੀ ਕਲਾ ਦੇ ਉਚ ਆਸ਼ਿਆਂ ਦੀ ਪੂਰਤੀ ਲਈ ਕੀਤਾ ਗਿਆ ਹੈ।
5.’ਸੁਧ ਜਬ ਤੇ ਹਮ ਧਰੀ` ਛੰਦ ਇਤਿਹਾਸ ਅਧਾਰਿਤ ਹੈ, ਪਰ ਇਸਦੀ ‘ਤ੍ਰਿਯਾ ਚਰਿਤ੍ਰ` ਦੀਆਂ ਕਹਾਣੀਆਂ ਵਿੱਚ ਗੋਂਦ ਦਾ ਕਦਾਚਿਤ ਇਹ ਭਾਵ ਨਹੀਂ ਨਿਕਲਦਾ, ਕਿ ਇਨ੍ਹਾਂ ਕਹਾਣੀਆਂ ਦੀ ਕਥਾ ਵਸਤੂ ਇਤਿਹਾਸਕ ਹੈ, ਅਤੇ ਇਨ੍ਹਾਂ ਦਾ ਮੁੱਖ ਪਾਤ੍ਰ, ਕਰਤਾ ਆਪ ਹੈ।
ਇਹ ਪੰਜ ਨੁਕਤੇ ਅਸਾਂ ਇਸ ਲੇਖ ਵਿੱਚ ਸਿੱਧ ਕਰਨ ਦਾ ਯਤਨ ਕੀਤਾ ਹੈ, ਜਿਨ੍ਹਾਂ ਨੂੰ ਸਮਝੇ ਤੋਂ ਬਿਨਾਂ, ਇਸ ਪ੍ਰਕਾਰ ਦੇ ਹਾਨੀਕਾਰਕ ਭੁਲੇਖੇ, ਜਿਵੇਂ ਕਿ ਪ੍ਰੋਫੈਸਰ ਰਾਮਪ੍ਰਕਾਸ਼ ਸਿੰਘ ਜੀ ਦਾ ਲੇਖ, ਨਵਿਰਤ ਨਹੀਂ ਹੋ ਸਕਦੇ।
(ਸ਼੍ਰੋ. ਗੁ. ਪ੍ਰ. ਕ. ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਗੁਰਮਤਿ ਪ੍ਰਕਾਸ਼ ਅਕਤੂਬਰ, 1993 ਵਿਚੋਂ ਧੰਨਵਾਦ ਸਹਿਤ



(ਨੋਟ:- ਸਾਡਾ ਇਹ ਲੇਖ 24 ਫਰਵਰੀ ਨੂੰ ਛਪਣ ਤੋਂ ਬਾਅਦ ‘ਸਿੱਖ ਮਾਰਗ’ ਦੇ ਪਾਠਕਾਂ ਨੇ ਇਸ ਬਾਰੇ ਜੋ ਵਿਚਾਰ ਦਿੱਤੇ ਹਨ ਉਨ੍ਹਾਂ ਨੂੰ ਹੇਠਾਂ ਪਾਇਆ ਜਾ ਰਿਹਾ ਹੈ। ਭਾਂਵੇਂ ਕਿ ਪਾਠਕਾਂ ਦੇ ਇਹ ਵਿਚਾਰ ਪਾਠਕਾਂ ਦੇ ਪੰਨੇ ਤੇ ਛਪ ਚੁੱਕੇ ਹਨ ਪਰ ਇਹ ਵਿਚਾਰ ਦਸਮ ਗ੍ਰੰਥ ਦੇ ਕਿਸੇ ਖਾਸ ਮੁੱਦੇ ਨਾਲ ਸੰਬੰਧਿਤ ਹੋਣ ਕਰਕੇ ਇਸ ਲੇਖ ਨਾਲ ਵੀ ਪਾਏ ਜਾ ਰਹੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਵੀ ਪਾਠਕ ਨੂੰ ਇਸ ਵਿਸ਼ੇ ਨਾਲ ਸੰਬੰਧਿਤ ਵੱਧ ਤੋਂ ਵੱਧ ਜਾਣਕਾਰੀ ਇਕੋ ਥਾਂ ਤੇ ਮਿਲ ਸਕੇ-ਸੰਪਾਦਕ।)

(28/02/13)
ਸਰਵਜੀਤ ਸਿੰਘ

ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ

ਸਿੱਖ ਮਾਰਗ ਦੇ ਸੰਪਾਦਕ ਨੇ ਆਪਣੇ ਲੇਖ ‘ਕੀ ਤੁਸੀਂ ਭੇਸ ਬਦਲ ਕੇ ਰਾਤ ਨੂੰ ਕਿਸੇ ਪਰਾਈ ਇਸਤਰੀ ਦੇ ਘਰ ਜਾਣਾ ਚਾਹੁੰਦੇ ਹੋ’? ਵਿੱਚ ਅਖੌਤੀ ਦਸਮ ਗ੍ਰੰਥ ‘ਚ ਦਰਜ ਇਕ ਕਹਾਣੀ, ਜਿਸ ਨੂੰ ਆਮ ਤੌਰ ਤੇ ਨੂਪ ਕੌਰ ਜਾਂ ਅਨੂਪ ਕੌਰ ਦੀ ਕਹਾਣੀ ਕਿਹਾ ਜਾਂਦਾ ਹੈ, ਦਾ ਬਹੁਤ ਹੀ ਵਿਸਥਾਰ ਨਾਲ ਵਰਨਣ ਕੀਤਾ ਹੈ। ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 838 ਤੋਂ 844 ਤੱਕ ਦਰਜ ਚਰਿਤ੍ਰ ਨੰ: 21, 22 ਅਤੇ 23, ਜਿਸ ਦੇ ਕੁਲ (60+9+12) 81 ਛੰਦ ਹਨ, ਦੋ ਵਿਦਵਾਨਾਂ ਵੱਲੋਂ ਕੀਤੇ ਗਏ ਅਰਥ ਵੀ ਹੁ-ਬਹੂ ਲਿਖਣ ਦੇ ਨਾਲ-ਨਾਲ ਕੁਝ ਟਿੱਪਣੀਆਂ ਵੀ ਕੀਤੀਆਂ ਹਨ। ਚਰਿਤ੍ਰ ਨੰ: 22 ਦੇ ਛੰਦ ਨੰ: ੫, “ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ ॥ ਚੋਰ ਚੋਰ ਕਰਿ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ” ਦੇ ਅਰਥਾਂ ਨਾਲ ਕੀਤੀ ਗਈ ਟਿੱਪਣੀ ਦੇ ਸਬੰਧੀ ਬੇਨਤੀ ਹੈ ਕਿ ਡਾ: ਜੱਗੀ ਜੀ ਦੇ ਮੁਤਾਬਕ ਤਾਂ ਦਾੜ੍ਹੀ ਔਰਤ ਦੇ ਭਰਾ ਦੀ ਫੜੀ ਜਾਂਦੀ ਹੈ। ਗਿਆਨੀ ਨਰੈਣ ਸਿੰਘ ਮੁਤਾਬਕ “ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ” (ਕਿਸ ਦੀ?) ਅਗਲੀ ਪੰਗਤੀ “ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ” ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਦਾਹੜੀ ਵੀ ਰਾਜੇ ਦੀ ਹੀ ਫੜੀ ਗਈ ਸੀ।

ਡਾ ਹਰਭਜਨ ਸਿੰਘ ਨੇ ਵੀ ਇਸ ਪੰਗਤੀ ਦੇ ਗਲਤ ਅਰਥ ਹੀ ਕੀਤੇ ਹਨ, “ਜਦੋਂ ਘਿਰੇ ਹੋਏ ਰਾਜੇ ਨੂੰ ਬਚਾਓ ਦਾ ਕੋਈ ਤਰੀਕਾ ਨਾ ਦਿਸਿਆ, ਤਾਂ ਉਸ ਨੇ ਅਨੂਪ ਕੌਰ ਦੇ ਭਾਈ ਦੀ ਪਗੜੀ ਲਾਹ ਦਿੱਤੀ ਅਤੇ ਉਸ ਨੂੰ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ। ਲੋਕਾਂ ਨੇ ਉਸ ਨੂੰ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ-ਕੁਟਾਈ ਕਰ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਉਸ ਨੂੰ ਜੇਲ੍ਹ ਭੇਜ ਦਿੱਤਾ”।

ਆਓ ਹੁਣ ਵੇਖੀਏ; ਡਾ: ਜੋਧ ਸਿੰਘ ਨੇ ਇਨ੍ਹਾਂ ਪੰਗਤੀਆਂ ਦੇ ਅਰਥ ਕੀ ਅਰਥ ਕੀਤੇ ਹਨ, “ਆਗੇ ਪੀਛੇ, ਦਾਏ ਬਾਏ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋਂ ਕੀਆ ਪਰ ਭਾਗਨੇ ਕੇ ਲੀਏ ਕੋਈ ਰਾਸਤਾ ਨਹੀਨ ਬਚਾ॥4॥ ਲੋਗੋ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ ਚੋਰ ਕਹ ਕਰ ਦੋ ਤੀਨ ਡੰਡੇ ਮਾਰਕਰ ਪਕੜ ਲੀਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ ਕੋਈ ਭੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ (ਸੈਚੀ ਤੀਜੀ ਪੰਨਾ 227)

ਉਪ੍ਰੋਕਤ ਵਾਰਤਾ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਦਾਹੜੀ ਰਾਜੇ ਦੀ ਹੀ ਪੜੀ ਗਈ ਸੀ। ਪੋ: ਦਰਸ਼ਨ ਸਿੰਘ ਜੀ ਨੇ, ਜਿਨ੍ਹਾਂ ਲਈ ਇਸ ਚਰਿਤ੍ਰ ਦੀ ਕਥਾਂ ਧਰਮ `ਚ ਛੇਕੇ ਜਾਣ ਦਾ ਕਾਰਨ ਬਣੀ ਸੀ, ਇਸੇ ਕਹਾਣੀ ਦੀ ਅਸਲੀਅਤ ਹੀ ਬਿਆਨ ਕੀਤੀ ਸੀ। ਅਨੰਦ ਕਾਰਜ ਵੇਲੇ ਪ੍ਰਚਾਰਕਾਂ ਵੱਲੋਂ ਸੁਭਾਗ ਜੋੜੀ ਨੂੰ, ਗ੍ਰਿਸਤ ਧਰਮ ਦਾ ਉਦੇਸ਼ ਦੇਣ ਵੇਲੇ ਅਕਸਰ ਹੀ ਇਸ ਚਰਿਤ੍ਰ `ਚ ‘ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ’ ਪੰਗਤੀਆਂ ਸੁਣਾਈਆਂ ਜਾਦੀਆਂ ਹਨ ਅਤੇ ਇਸ ਨੂੰ ਗੁਰੂ ਜੀ ਦਾ ਉਪਦੇਸ਼ ਦੱਸਿਆ ਜਾਂਦਾ ਹੈ।

ਆਓ! ਗੱਲ ਦੀ ਤਹਿ ਤਾਈ ਪੁੱਜਣ ਲਈ ਹੋਰ ਵਿਦਵਾਨਾਂ ਦੇ ਵਿਚਾਰ ਵੀ ਜਾਣ ਲਈਏ;

ਗਿਆਨੀ ਸ਼ਵਿੰਦਰ ਸਿੰਘ ਨੇ 23 ਫਰਵਰੀ 2008 ਵਿਚ ਸੈਕਰਾਮੈਂਟੋ (ਕੈਲੇਫੋਰਨੀਆਂ) ਵਿਖੇ ਇਕ ਸੈਮੀਨਾਰ ਵਿੱਚ ਅਨੂਪ ਕੌਰ ਵਾਲੀ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਦੱਸਿਆ ਕਿਹਾ, “ਸੋ ਥੋੜਾ ਜੇਹਾ ਜਿਕਰ ਮੈਂ ਚਤ੍ਰਿਰਾਂ ਦੇ ਬਾਰੇ ਕਹਾਂ... ਜਿਹੜੇ ਚਤ੍ਰਿਰਾਂ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁੱਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਤ੍ਰਿਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾਂ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਲਣ ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈਂ ਛਲ ਕੇ ਵਿਖਾਉਣੀ ਆਂ... ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋਂ ਫੇਰ ਸਾਨੂੰ ਪ੍ਰੇਰਿਆ, ਅਸੀਂ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾਂ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਣਾ ਜਾਂ ਮੇਰੀ ਲੱਤ ਥੱਲੋ ਲੱਘ ਜਾਹ ਨਹੀਂ ਤੇ ਮੇਰੀ ਗੱਲ ਮੰਨ ਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾਂ ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈਂ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ...ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾਂ ਹੋਵੇ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿੱਖਿਆ ਦੇਣੀ”।

ਗਿਆਨੀ ਗੁਰਬਚਨ ਸਿੰਘ ਫ਼ਤਿਹ ਦਿਵਸ (2006) ਤੇ ਬੋਲਦਿਆਂ ਕਿਹਾ ਸੀ, “ਦਸਮ ਗ੍ਰੰਥ ਦੀ ਪ੍ਰਮਾਣਿਕਤਾ ਦੇ ਵਾਸਤੇ ਜੇ ਕੁਝ ਪੜ੍ਹਨਾ ਹੋਵੇ ਤਾਂ ਪਿਆਰਾ ਸਿੰਘ ਪਦਮ ਨੇ ਬਹੁਤ ਸੁੰਦਰ ਬਚਨ ਲਿਖੇ ਹਨ ਉਹ ਆਪ ਸਾਰੇ ਪੜ੍ਹ ਸਕਦੇ ਹੋ”।

ਆਓ ਪਿਆਰਾ ਸਿੰਘ ਪਦਮ ਦੇ ਸੁੰਦਰ ਬਚਨਾਂ ਦੇ ਦਰਸ਼ਨ ਕਰੀਏ, “ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125) ਯਾਦ ਰਹੇ ਪਿਆਰਾ ਸਿੰਘ ਪਦਮ ਦੀ ਇਸ ਕਿਤਾਬ ‘ਚ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦਾ ਵੀ ਪ੍ਰਸੰਸਾ ਪੱਤਰ ਲੱਗਾ ਹੋਇਆ ਹੈ। (ਪੰਨਾ 7)

‘ਦਸਮ ਗ੍ਰੰਥ ਦਰਪਣ’ ਦਾ ਲਿਖਾਰੀ ਗਿਆਨੀ ਹਰਬੰਸ ਸਿੰਘ ਵੀ ਇਸ ਕਹਾਣੀ ਨੂੰ ਗੁਰੂ ਜੀ ਦੀ ਆਪ ਬੀਤੀ ਹੀ ਮੰਨਦਾ ਹੈ। “ਇਸੇ ਤਰ੍ਹਾਂ ਹੋਰ ਗੁਰਸਿਖਾਂ ਨੂੰ ਹਜ਼ੂਰ ਮਾਇਆ ਬਖਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ ਸਿਖ ਸੇਵਕ ਜਿਹੜੇ ਬਾਹਰੋਂ ਦੂਰੋਂ ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ। ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮੁਖੀ ਸਿਖਾਂ ਦੇ ਪ੍ਰਬੰਧ ਵਿਚ ਵੱਖੋ ਵੱਖ ਥਾਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੇ ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਾਜ਼ਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿਤਾ ‘ਛਿਮਾ ਕਰੋਂ ਅਬ ਤ੍ਰਿਯਾ ਤੁਮੇ ਬਹੁਰ ਨਾ ਕਰੀਯਹੁ ਰਾਂਧ’ ਤਾਂ ਹਜ਼ੂਰ ਉਸ ਨਾਲ ਭਿਮਨ ਭੇਦ ਕਿਉਂ ਵਰਤਦੇ”। (ਪੰਨਾ 315)

ਪਾਠਕ ਧਿਆਨ ਦੇਣ, ਅਸਲ ਲਿਖਤ ‘ਚ ਇਹ ਪੰਗਤੀ ਇਓ ਹੈ; ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥ ਗਿਆਨੀ ਹਰਬੰਸ ਸਿੰਘ ਨੇ ‘ਹਮੈ’ ਨੂੰ ‘ਤੁਮੇ’ ਲਿਖਿਆ ਹੈ।

ਗਿਆਨੀ ਈਸ਼ਰ ਸਿੰਘ ‘ਦਸਮ ਗੁਰੂ ਗ੍ਰੰਥ ਸਾਹਿਬ ਦੇ ਖੰਡਨ ਦਾ ਖੰਡਨ’ ਦੇ ਪ੍ਰਕਰਣ 21 ‘ਨੂਪ ਕੁਅਰਿ’ ਨੂੰ ਗੁਰੂ ਜੀ ਨਾਲ ਹੀ ਜੋੜਦਾ ਹੈ। “ ਐਨ ਇਸੇ ਤਰ੍ਹਾਂ ਸ੍ਰੀ ਦਸਮੇਸ਼ ਜੀ ਨੇ ਨੂਪ ਕੁਅਰਿ ਦੇ ਘਰ ਪੁਜਕੇ ਇਹ ਕੌਤ ਰਚਕੇ ਸਿੱਖਿਆ ਦਿੱਤੀ ਹੈ” (ਪੰਨਾ 194)

ਸ਼੍ਰੋਮਣੀ ਕਮੇਟੀ ਦਾ ਰੀਸਰਚ ਸਕਾਲਰ ਅਤੇ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਮੂਰਤ’ ਦਾ ਲੇਖਕ ਰਣਧੀਰ ਸਿੰਘ ਲਿਖਦਾ ਹੈ, “ਚਰਿਤ੍ਰੋਪਾਕਯਾਨ ਗ੍ਰੰਥ- ਸਮਮਤ ਸਤਾਰਾ ਸੈ ੪੭-੮ ਬਿੱ: (੧੬੯੦-੯੧) ਵਿਚ ਜਦੋਂ ਦਸਮੇਸ਼ ਪਿਤਾ ਜੋਗੀ ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦੀਵਾਲੀ ਦੇ ਮੇਲਿਆ ਪੁਰ ‘ਛਜਿਆ’ ਰਾਮਜਨੀ ਤੇ ‘ਅਨੂਪ ਕੋਰ’ ਲਾਹੋਰੀ ਖਤ੍ਰੇਟੀ ਆਦਿ ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਇਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ , ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ। ਲੇਕਿਨ ਸਿੱਖਾਂ ਨੂੰ ਐਸੇ ਛਲ-ਛਿੱਦ੍ਰਾਂ ਤੋਂ ਬਚਣ ਦੀ ਸਿੱਖਿਆ ਦੇਣ ਦੇ ਖਿਆਲ ਨਾਲ, ਉਨਾਂ ਹੀ ਦਿਨਾਂ ਤੋਂ ਨਰ-ਨਾਰੀਆਂ ਦੇ ਚਲਨ ਸਮਬਮਧੀ ਪਕਾਣੇ ਕਲਮ-ਬਮਦ ਕਰਨੇ ਅਰੰਭ ਦਿੱਤੇ” (ਪੰਨਾ ੨੧)

‘ਦਸਮ ਗੁਰ ਗਿਰਾ ਸਰਵੇਖਣ’ ਦਾ ਲਿਖਾਰੀ ਗਿਆਨੀ ਮਹਾਂ ਸਿੰਘ ਲਿਖਦਾ ਹੈ, “ਇਹ ਠੀਕ ਹੈ ਕਿ ਇਹਨਾਂ ਕਹਾਣੀਆਂ ਵਿਚ ਨੰਗੇਜ ਬੀ ਬਹੁਤ ਥਾਈ ਹੈ ਪਰ ਏਹ ਕਹਾਣੀਆਂ ਕਾਮ ਵਾਸਨਾ ਨੂੰ ਪ੍ਰਚਲਤ ਕਰਨ ਲਈ ਨਹੀਂ ਪਰ ਐਸੇ ਛਲ, ਫਰੇਬਾਂ, ਧੋਖਿਆਂ ਤੇ ਚਲਾਕੀਆਂ ਦੇ ਕਰਤਬਾ ਤੋਂ ਸੁਚੇਤ ਤੇ ਬਚਕੇ ਰਹਿਣ ਦੀ ਪ੍ਰੇਰਨਾ ਲੈਣ ਹਿਤ ਹਨ, ਇਸੇ ਹੀ ਰਚਨਾ ਵਿਚ ਕਲਗੀਧਰ ਪਾਤਸ਼ਾਹ ਜੀ ਸੰਬੰਧੀ ਬੀ ਇਕ, ਵਾਰਤਾ ਹੈ ਜਿਸ ਵਿਚ ਵਰਣਿਤ ਹੈ ਕਿ ਕਲਗੀਧਰ ਜੀ ਨੇ ਦੱਸਿਆ ਕਿ ਸਾਡੇ ਪਿਤਾ ਨੇ ਸਾਨੂੰ ਸਿਖ੍ਯਾ ਦਿਤੀ ਸੀ:-

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ । ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜਈਅਹੁ। (ਪੰਨਾ 31)

ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼‘ ਫਰਵਰੀ, 1959 ਅੰਕ ਵਿਚ, ਪ੍ਰੋ: ਰਾਮ ਪ੍ਰਕਾਸ਼ ਸਿੰਘ ਐਮ. ਏ. ਐਲ-ਐਲ. ਬੀ ਖਾਲਸਾ ਕਾਲਜ ਅੰਮ੍ਰਿਤਸਰ, ਆਪਣੇ ਲੇਖ ‘ਚਾਨਣ ਮੁਨਾਰਾ’ ਵਿਚ ਲਿਖਦੇ ਹਨ, “ਭਰ ਜੁਆਨੀ ਵਿਚ ਇਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਜੇ ਆਸ਼ਕ ਹੋ ਜਾਂਦੀ ਹੈ। ਆਪ ਜੀ ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੁਰਾ ਜਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ ਛਡਦੀ ਹੈ”। (ਪੰਨਾ 26) ਯਾਦ ਰਹੇ, ਪੋ: ਰਾਮ ਪ੍ਰਕਾਸ਼ ਸਿੰਘ ਦੇ ਇਸੇ ਲੇਖ ਦੇ ਸਬੰਧ ਵਿਚ ਹੀ ਸਰਦਾਰ ਕਪੂਰ ਸਿੰਘ ਨੇ ‘ਕਿੱਸਾ ਰੂਪ ਕੌਰ ਦਾ’ ਲਿਖਿਆ ਸੀ।

ਸਾਰੀ ਕਹਾਣੀ ਦਾ ਤੱਤ ਸਾਰ ਇਹ ਹੈ ਕਿ ਗੁਰੂ ਜੀ ਆਪਣੇ ਸਿੱਖਾਂ ਨੂੰ ਇਹ ਉਪਦੇਸ ਦੇਣ ਲਈ, ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ” ਹੀ ਇਹ ਤਰੱਦਦ ਕੀਤਾ ਸੀ। ਅਸਲ ਕਹਾਣੀ ਮੁਤਾਬਿਕ ਇਹ ਸਿੱਖਿਆ ਗੁਰੂ ਤੇਗ ਬਹਾਦਰ ਜੀ ਵੱਲੋਂ ਬਾਲਕ ਗੋਬਿੰਦ ਰਾਏ ਨੂੰ ਦਿੱਤੀ ਗਈ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ 9 ਸਾਲ ਦੇ ਸਪੁੱਤਰ ਨੂੰ ਅਜੇਹੀ ਸਿੱਖਿਆ ਦੇਣ ਦੀ ਲੋੜ ਕਿਉਂ ਪਈ? ਜੇ ਇਸ ਨੂੰ ਮੰਨ ਲਿਆ ਜਾਵੇ ਕਿ ਇਹ ਪੰਗਤੀਆਂ ਗੁਰੂ ਜੀ ਦੀਆ ਹੀ ਲਿਖੀਆਂ ਅਤੇ ਉਚਾਰਿਆਂ ਹੋਈਆਂ ਹਨ ਤਾਂ ਫੇਰ ਆਪਣੀ ਜੁੱਤੀ ਅਤੇ ਚਾਦਰ ਛੱਡ ਕੇ ਚੋਰਾਂ ਵਾਂਗੂ ਭਜਣ ਵਾਲਾ ਕੌਣ ਹੋਇਆ?

ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’॥ 60॥

ਫਿਰ ਅਨੂਪ ਕੌਰ ਤੋਂ ਮਾਫ਼ੀ ਮੰਗਣ ਵਾਲਾ ਅਤੇ ਉਸ ਨੂੰ 40000 ਟਕਾਂ ਸਲਾਨਾ ਦੇਣ ਵਾਲ ਕੌਣ ਹੈ? ਅਸਲ ਕਹਾਣੀ `ਚ ਜਿਹੜਾ ਪਾਤਰ ਇਹ ਪੰਗਤੀਆਂ “ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ” ਉਚਾਰਨ ਕਰਦਾ ਹੈ ਉਹ ਪਾਤਰ ਹੀ  ਆਪਣੀ ਜੁੱਤੀ ਅਤੇ ਚਾਦਰ ਛੱਡ ਕੇ ਚੋਰਾਂ ਵਾਂਗੂ ਭਜਦਾ ਹੈ। ਡਾ: ਜੋਧ ਸਿੰਘ ਮੁਤਾਬਕ ਉਸੇ ਦੀ ਹੀ ਦਹਾੜੀ ਫੜੀ ਜਾਂਦੀ ਹੈ ਅਤੇ ਪੱਗ ਲਾ ਲਈ ਜਾਂਦੀ ਹੈ। “ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ”

ਸਤਿਕਾਰ ਯੋਗ ਪਾਠਕੋ, ਇਹ ਹੈ ਅਖੌਤੀ ਗ੍ਰੰਥ ਦੇ ਅਖੌਤੀ ਵਿਦਵਾਨਾਂ ਦੀ ਅਸਲੀਅਤ, ਜੋ ਦੁਨੀਆ ਭਰ ਦੇ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਨੱਥੀ ਕਰਨ ਦਾ ਕੋਝਾ ਯਤਨ ਕਰ ਰਹੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਆਪ, ਇਸ ਵਿਸ਼ੇ ਬਾਰੇ ਮੇਰੇ ਨਾਲੋਂ ਵੀ ਵੱਧ ਚਿੰਤਤ ਹੋਵੋਗੇ। ਅਜੇਹਾ ਅਨਰਥ ਹੁੰਦਾ ਦੇਖ ਕੇ ਚੁਪ ਰਹਿਣ ਨਾਲ ਜ਼ਮੀਰ ਦੇ ਮਰ ਜਾਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਸਾਰੇ ਪਾਠਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਪ੍ਰੋਕਤ ਵਾਰਤਾ ਨੂੰ ਪੜ੍ਹਨ ਤੋਂ ਪਿੱਛੋਂ ਆਪ ਜੀ ਜਿਸ ਵੀ ਨਤੀਜੇ ਤੇ ਪਹੁੰਚੋ, ਆਪਣੀ ਰਾਏ ਜਰੂਰ ਸਾਂਝੀ ਕਰਨੀ ਜੀ।

ਧੰਨਵਾਦ ਸਰਵਜੀਤ ਸਿੰਘ


(27/02/13)
ਗੁਰਇੰਦਰ ਸਿੰਘ ਪਾਲ

“ਕੀ ਤੁਸੀਂ ਭੇਸ ਬਦਲ ਕੇ ਰਾਤ ਨੂੰ……?”

ਫ਼ਰਵਰੀ 24 ਨੂੰ ਸੰਪਾਦਕ ਦਾ ਲਿਖਿਆ ਉਕਤ ਲੇਖ ‘ਸਿੱਖ ਮਾਰਗ’ `ਤੇ ਪ੍ਰਕਾਸ਼ਿਤ ਹੋਇਆ ਹੈ। ਇਸ ਦੇ ਨਾਲ ਹੀ ਦੋ ਹੋਰ ਲੇਖ {ਇਕ ਡਾ: ਹਰਭਜਨ ਸਿੰਘ (ਪਟਿਆਲਾ) ਦਾ ਤੇ ਇੱਕ ਸ: ਕਪੂਰ ਸਿੰਘ ਦਾ} ਵੀ ਪਾਏ ਗਏ ਹਨ। ਇਨ੍ਹਾਂ ਤਿੰਨਾਂ ਲੇਖਾਂ ਵਿੱਚ ਅਖਾਉਤੀ ਦਸਮ ਗ੍ਰੰਥ ਵਿੱਚੋਂ `ਚਰਿਤ੍ਰੋ ਪਾਖਿਆਨ’ ਦੇ ਚਰਿਤ੍ਰ ਨੰ: 21, 22 ਤੇ 23 ਉੱਤੇ ਚਰਚਾ ਕੀਤੀ ਗਈ ਹੈ। ਡਾ: ਹਰਭਜਨ ਸਿੰਘ ਦੀ ‘ਖੋਜ’ ਦੋ ਨੁਕਤਿਆਂ ਉੱਤੇ ਕੇਂਦ੍ਰਿਤ ਹੈ: ਪਹਿਲਾ, ‘ਕੀ ਇਨ੍ਹਾਂ ਚਰਿਤ੍ਰਾਂ ਦਾ ਪਾਤਰ ਗੁ: ਗੋਬਿੰਦ ਸਿੰਘ ਜੀ ਹਨ ਜਾਂ ਨਹੀਂ?’ ਅਤੇ ਦੂਜਾ, ‘ਕੀ ਇਹ ਕਥਾ ਸ਼੍ਰੀ ਗੁਰੂ ਜੀ ਵਾਸਤੇ ਗੌਰਵਮਈ ਹੈ ਜਾਂ ਅਪਮਾਨਜਨਕ?’

ਇਸ ‘ਬੁੱਧੀਜੀਵੀ’ ਡਾ: ਦੀ ‘ਖੋਜ’ ਅਨੁਸਾਰ “ਇਸ ਕਹਾਣੀ ਦਾ ਨਾਇਕ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਕੋਈ ਹੋਰ ਨਹੀਂ”। ਅਤੇ, “ਇਹ ਕਹਾਣੀ ‘ਅਤਿ-ਉਤਮ ਅਮ੍ਰਿਤ ਕਥਾ’ ਹੈ ਜੋ ਗੁਰੂ ਜੀ ਦਾ ਗੌਰਵ ਵਧਾਉਂਦੀ ਹੈ” !

ਹਰਭਜਨ ਸਿੰਘ ਆਪਣੇ ਲੇਖ ਵਿੱਚ ਗੁਰਮਤਿ-ਵਿਰੋਧੀ ਕਈ ਤੱਥਾਂ ਨੂੰ ਜਾਣ-ਬੁਝ ਕੇ ਨਜ਼ਰ-ਅੰਦਾਜ਼ ਕਰ ਗਿਆ ਹੈ, ਜਿਵੇਂ ਕਿ: ਗੁਰੂ ਜੀ ਦੀ ਮੰਤ੍ਰ ਸਿੱਖਣ ਦੀ ਅਭਿਲਾਸ਼ਾ, ਸੱਚ ਛੁਪਾਉਣ ਲਈ ਭੇਖ ਧਾਰਨ ਕਰਨਾ, ਮੰਤ੍ਰ ਸਿੱਖਣ ਵਾਸਤੇ ਰਾਤ ਦਾ ਸਮਾਂ ਹੀ ਯੋਗ ਸਮਝਣਾ, ਭਗਵਤੀ ਸਿਮਰਨ ਕਰਨਾ, ਨਸ਼ਾ-ਨੋਸ਼ੀ, ਨੂਪ ਕੁਅਰਿ ਦੇ ਰੌਲਾ ਪਾਉਣ `ਤੇ ਝੂਠ ਬੋਲਣਾ, ਦਾੜ੍ਹੀ ਪੁੱਟਵਾਉਣੀ ਅਤੇ ਪੱਗ ਉਤਰਵਾਉਣੀ, ਛਲ-ਕਪਟ ਨਾਲ ਲੋਕਾਂ ਨੂੰ ਚਕਮਾ ਦੇ ਕੇ ਬੁਜ਼ਦਿਲ ਚੋਰਾਂ ਵਾਂਗ ਜੁੱਤੀ ਤੇ ਕਪੜੇ ਛੱਡ ਕੇ ਦੌੜ ਜਾਣਾ, ਇਨ੍ਹਾਂ ਵਸਤਾਂ ਦੇ ਚੋਰੀ ਹੋ ਜਾਣ ਦਾ ਕਪਟ ਕਰਨਾ, ਨੂਪ ਕੁਅਰਿ ਨੂੰ ਵੀਹ ਹਜ਼ਾਰ ਟਕੇ ਛਿਮਾਹੀ ਦੇਣੇ ਅਤੇ ਬ੍ਰਾਹਮਣਾਂ ਨੂੰ ਦਾਨ ਦੇਣ ਦੀ ਸਿੱਖਿਆ ਆਦਿ! ਪਾਠਕ ਸੱਜਨੋਂ! ਕੀ ਇਹ ਸਾਰੀਆਂ ਕਾਲੀਆਂ ਕਰਤੂਤਾਂ ਗੁਰੂ ਜੀ ਦੀਆਂ ਹੋ ਸਕਦੀਆਂ ਹਨ? ਜੇ ਕੋਈ ਵਿਚਾਰਕ ਇਸ ਪ੍ਰਸ਼ਨ ਦਾ ਜਵਾਬ ‘ਹਾਂ’ ਵਿੱਚ ਦਿੰਦਾ ਹੈ, ਤਾਂ ਉਸ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਠੋਸ ਤੇ ਢੁੱਕਵੀਆਂ ਦਲੀਲਾਂ ਨਾਲ ਇਸ ‘ਹਾਂ’ ਨੂੰ ਸਾਬਤ ਕਰੇ! ਅਤੇ ਜੇ ਜਵਾਬ ‘ਨਾਂਹ’ ਹੀ ਹੈ ਤਾਂ ਸਪਸ਼ਟ ਹੈ ਕਿ ਹਰਭਜਨ ਸਿੰਘ ਸੁਹਿਰਦਤਾ ਤੋਂ ਕੋਰਾ ਹੈ ਅਤੇ ਕਿਸੇ ਲਾਲਚ ਅਧੀਨ ਤੇ ਸਵਾਰਥ-ਵੱਸ ਆਪਣੀ ਜ਼ਮੀਰ ਵੇਚ ਚੁੱਕਿਆ ਹੈ!

ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਕਥਾ ਵਿੱਚ ਇੱਕ ਅਨਮੋਲ ਸਿੱਖਿਆ ਹੈ: “ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥” ਪਰੰਤੂ ਕੀ ਇਹ ਸਿੱਖਿਆ ਦੇਣ ਵਾਲੇ ਦੇ ਹਿਰਦੇ ਵਿੱਚ ਉਪਰੋਕਤ ਕਾਲੀਆਂ ਕਰਤੂਤਾਂ ਦੀ ਮੈਲ ਦਾ ਹੋਣਾ ਸੰਭਵ ਹੈ? ਇਹ ਵਿਚਾਰਨ ਵਾਲੀ ਗੱਲ ਹੈ!

ਸ: ਕਪੂਰ ਸਿੰਘ, ਆਪਣੀ ਬਹੁਪਖੀ ਵਿਦਵਤਾ ਦਾ ਪ੍ਰਦਰਸ਼ਨ ਕਰਦੇ ਹੋਏ, ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਸਵੀਕਾਰਦੇ ਹਨ, ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਦੇ ਹਨ, ਇਸ ਕਥਾ ਨੂੰ ਗਲਪ (fiction) ਕਹਿੰਦੇ ਹਨ ਅਤੇ, ਉਪਰੋਕਤ ਦਰਸਾਈਆਂ ‘ਕਰਤੂਤਾਂ’ ਦੇ ਹਵਾਲੇ ਨਾਲ ਉਹ ਲਿਖਦੇ ਹਨ, “ਇਸ ਕਥਾ ਦਾ ਪਾਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣਾ ਉਨ੍ਹਾਂ ਦੀ ਭਰਪੂਰ ਨਿਰਾਦਰੀ ਹੈ”।

ਫੂਲ ਪਾਨ ਅਰੁ ਕੈਫ ਮੰਗਾਯੋ॥ … ਆਗੇ ਟਰਿ ਤਾ ਕੋ ਤਿਨ ਲੀਨ॥ ਦਾ ਅਰਥ ਸ: ਕਪੂਰ ਸਿੰਘ ਇਉਂ ਕਰਦੇ ਹਨ: “ਪਾਤ੍ਰ ਨੇ ਅਗਾਂਹ ਵਧ ਕੇ ‘ਆਗੇ ਟਰਿ’ ਪਾਨ ਤੇ ਅਫੀਮ ਮਿਲੀ ਸ਼ਰਾਬ ਫੜ੍ਹ ਕੇ ਛੱਕ ਲਈ”।

ਉਨ੍ਹਾਂ ਨੇ ‘ਸਿੱਖ’ ਦਾ ਅਰਥ ‘ਨੌਕਰ ਚਾਕਰ’ ਕੀਤਾ ਹੈ! ਜੋ ਕਿ ਘੋਰ ਅਨਰਥ ਹੈ! ਇਹ ਅਨਰਥ ਸ਼ਾਇਦ ਹੀ ਕਿਸੇ ਪਾਠਕ ਨੂੰ ਹਜ਼ਮ ਹੋ ਸਕੇਗਾ!

ਡਾ: ਹਰਭਜਨ ਸਿੰਘ ਤੇ ਸ: ਕਪੂਰ ਸਿੰਘ ਨੇ ਆਪਣੇ ਲੇਖਾਂ ਵਿੱਚ ਗੁਰਮਤਿ ਦੇ ਸਿਧਾਂਤਾਂ ਨੂੰ ਪਰੋਖੇ ਰੱਖਿਆ ਹੈ! ਕੀ ਇਹ ਇਨ੍ਹਾਂ ਲੇਖਕਾਂ ਦੀ ਕੁਟਿਲਤਾ ਨਹੀਂ? ਇਨ੍ਹਾਂ ਦੋਨਾਂ ਲੇਖਕਾਂ ਦੇ ਲੇਖਾਂ ਨੂੰ ਪੜ੍ਹ ਕੇ ਪਾਠਕ ਕੋਈ ਸੇਧ ਪਾਉਣ ਦੀ ਬਜਾਏ ਮਾਨਸਿਕ ਉਲਝਣ ਵਿੱਚ ਉਲਝ ਕੇ ਰਹਿ ਜਾਂਦਾ ਹੈ!

ਸ: ਮੱਖਣ ਸਿੰਘ ਪੁਰੇਵਾਲ ਨੇ ਪਾਠਕਾਂ ਦੇ ਨਿਰੀਖਣ ਵਾਸਤੇ ਪਹਿਲਾਂ ਇਨ੍ਹਾਂ ਤਿੰਨਾਂ ਚਰਿਤ੍ਰਾਂ ਦਾ ਮੂਲ ਪਾਠ ਅਤੇ ਅਰਥ ਦਿੱਤੇ ਹਨ। ਇਨ੍ਹਾਂ ਅਰਥਾਂ ਵਿੱਚ ਥਾਂ ਥਾਂ `ਤੇ 10-11 ਟਿੱਪਣੀਆਂ ਅਤੇ ਅੰਤ ਵਿੱਚ ਚਾਰ ਉਪ-ਸਿਰਲੇਖਾਂ ਹੇਠ ਲੇਖ ਦਾ ਸਾਰੰਸ਼ ਹੈ। ਇਨ੍ਹਾਂ ਟਿੱਪਣੀਆ ਤੇ ਨਿਸ਼ਕਰਸ਼ ਵਿੱਚ ਨਿੱਗਰ ਦਲੀਲਾਂ ਨਾਲ ਕਥਾ ਦੇ ਮੂਲ ਪਾਠ ਅਤੇ ਦੂਜੇ ਦੋ ਲੇਖਾਂ ਵਿੱਚ ਵਿਆਪਕ ਗੁਰੁਮਤਿ-ਵਿਰੋਧੀ ਅੰਸ਼ਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਦਾ ਦਲੀਲ-ਯੁਕਤ ਖੰਡਨ ਕੀਤਾ ਹੈ। ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਵਾਸਤੇ ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਵੀ ਲਿਆ ਹੈ। ਇਸ ਵਾਸਤੇ ਉਸ ਦੇ ਵਿਚਾਰਾਂ ਉੱਤੇ ਨਾਂਹ-ਪਖੀ ਕਿੰਤੂ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ!

ਪਾਠਕ ਸੱਜਨੋਂ! ਸਾਡਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਤਿੰਨਾਂ ਲੇਖਾਂ ਦਾ ਅਧਿਐਨ ਕਰਕੇ ਫ਼ੈਸਲਾ ਕਰੀਏ ਕਿ ਕੀ ਅਸੀਂ ਅਖੌਤੀ ਦਸਮ ਗ੍ਰੰਥ ਦੀ ਦਲਦਲ ਵਿੱਚੋਂ ਨਿਕਲ ਕੇ ਗੁਰੂ (ਗ੍ਰੰਥ) ਦੇ ਲੜ ਲੱਗਣਾ ਹੈ ਜਾਂ ਸੁਆਰਥੀ ਤੇ ਕਪਟੀ ‘ਵਿਦਵਾਨਾਂ’ ਦੀਆਂ ਲਿਖਤਾਂ ਦੇ ਪ੍ਰਭਾਵ ਹੇਠ ਗੁਰੂ ਵੱਲੋਂ ਮੂੰਹ ਮੋੜ ਕੇ ਅੰਧਵਿਸ਼ਵਾਸ ਦੀ ਅੰਨ੍ਹੀ ਖਾਈ ਵਿੱਚ ਹੀ ਡਿੱਗੇ ਰਹਿਣਾ ਹੈ!

ਗੁਰਇੰਦਰ ਸਿੰਘ ਪਾਲ

ਫ਼ਰਵਰੀ 27, 2013.




.