.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਚੌਥੀ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਖੰਡ ਦੂਜਾ (ਸਾਂਝੀਵਾਲਤਾ ਅਤੇ ਸਿੱਖ ਲਹਿਰ)

(ਗੁਰੂ ਦਰ ਦੀ ਅਤੇ ‘ਇਕੋ ਇੱਕ ਸਦੀਵੀ ਸ਼ਬਦ ਗੁਰੂ’ ਦੀ ਛਤਰ ਛਾਇਆ ਹੇਠ ‘ਸੱਚ ਧਰਮ’, ‘ਮਨੁੱਖੀ ਸਮਾਨਤਾ’ ਅਤੇ ‘ਸਾਂਝੀਵਾਲਤਾ’ ਵਾਲੀ ਅਜਿਹੀ ਦੇਣ ਹੈ ਜਿਸ ਦਾ ਨਾ ਬਦਲ ਹੈ, ਨਾ ਸਾਨੀ ਤੇ ਨਾ ਤੋੜ। ਗੁਰਬਾਣੀ ਰਾਹੀਂ ਪਾਤਸ਼ਾਹ ਦੀ ਸੰਸਾਰ ਨੂੰ ਅਜਿਹੀ ਅਨੂਠੀ, ਨਿਵੇਕਲੀ ਤੇ ਇਕੋ ਇੱਕ ਦੇਣ ਦਾ ਹੀ ਸਿੱਟਾ ਹੈ ਕਿ ਸੰਸਾਰ ਨੇ ਗੁਰਬਾਣੀ ਵਾਲੇ ਸੱਚ ਨੂੰ ਅਪਣਾਇਆ ਤੇ ਇਸ ਤੋਂ ਆਪਣਾ ਆਪ ਕੁਰਬਾਨ ਤੱਕ ਕਰਣ ਵਾਲੇ ਵੀ ਪੈਦਾ ਕਰ ਦਿੱਤੇ। ਦਰਅਸਲ ਹੱਥਲੇ ਵਿਸ਼ੇ ਸਿੱਖ ਧਰਮ, ਧਰਮ ਵੀ ਹੈ ਅਤੇ ਸਿੱਖ ਲਹਿਰ ਵੀ” ਦੇ ਇਸ ਦੂਜੇ ਖੰਡ `ਚ ਅਸਾਂ ਇਸੇ ਸਚਾਈ ਦੇ ਦਰਸ਼ਨ ਕਰਨੇ ਹਨ)

ਤਾਂ ਤੇ ਪੁਸਤਕ ਦੇ ‘ਪਹਿਲੇ ਖੰਡ’ `ਚ ਭਲੀ ਪ੍ਰਕਾਰ ਦੇਖ ਚੁੱਕੇ ਹਾਂ ਕਿ ਸਿੱਖ ਧਰਮ ਆਪਣੇ ਆਪ `ਚ ਕੇਵਲ ਸਰਵੋਤਮ ਧਰਮ ਹੀ ਨਹੀਂ ਬਲਕਿ ਆਦਿ ਜੁਗਾਦੀ ਧਰਮ ਵੀ ਹੈ। ਇਸ ਤਰ੍ਹਾਂ ਇਹ ਧਰਮ ਆਦਿ ਕਾਲ ਤੋਂ ਅਕਾਲਪੁਰਖ ਵੱਲੋਂ ਨਿਯਤ ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ ਇਕੋ ਇੱਕ ਤੇ ਮਨੁੱਖ ਮਾਤ੍ਰ ਦਾ ਮੂਲ ਧਰਮ ਵੀ ਹੈ। ਇਸੇ ਲਈ ਗੁਰਦੇਵ, ਮਨੁੱਖ ਨੂੰ ਇਸ ਇਲਾਹੀ ਤੇ ਰੱਬੀ ਧਰਮ ਸਬੰਧੀ ਜਾਗ੍ਰਿਤ ਕਰਣ ਲਈ ਦੇਸ਼, ਵਿਦੇਸ਼, ਦੂਰ ਦੁਰਾਡੇ ਬਲਕਿ ਉਸ ਸਮੇਂ ਪ੍ਰਚਲਤ ਹਰੇਕ ਧਰਮ ਦੇ ਆਗੂ ਜਿਵੇਂ ਪੰਡਿਤਾਂ, ਮੌਲਵੀਆਂ, ਕਾਜ਼ੀਆਂ, ਜੈਨੀ ਸਰੇਵੜਿਆਂ ਤੇ ਜੋਗੀਆਂ ਆਦਿ ਤੱਕ ਵੀ ਪੁੱਜੇ। ਇਸ ਤਰ੍ਹਾਂ ਗੁਰਦੇਵ ਨੇ ਹਰੇਕ ਧਰਮ ਦੇ ਆਗੂ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦਾ ਧਰਮੀ ਹੋਣਾ, ਉਨ੍ਹਾਂ ਦੇ ਬਾਹਰਲੇ ਪਹਿਰਾਵੇ ਜਾਂ ਉਪਰਲੇ ਕਰਮਕਾਂਡਾਂ ਤੱਕ ਹੀ ਸਿਮਟ ਕੇ ਰਹਿ ਚੁੱਕਾ ਹੈ; ਜਦਕਿ ਉਨ੍ਹਾਂ `ਚੋਂ ਕਿਸੇ ਦੇ ਵੀ ਜੀਵਨ ਅੰਦਰ ਸੱਚ ਧਰਮ ਦੀ ਹੋਂਦ ਹੀ ਬਾਕੀ ਨਹੀਂ ਰਹੀ।

ਇਸ ਤਰ੍ਹਾਂ ਗੁਰਦੇਵ ਨੇ ਉਸੇ ਸੱਚ ਧਰਮ ਨੂੰ ਗੁਰਬਾਣੀ ਦੇ ਪ੍ਰਕਾਸ਼ ਰਾਹੀਂ ਸੰਸਾਰ ਭਰ `ਚ ਮੁੜ ਪ੍ਰਗਟ ਕੀਤਾ। ਗੁਰਦੇਵ ਨੇ ਉਸੇ ਸੱਚ ਧਰਮ ਨੂੰ ਇੱਕ ਲਹਿਰ ਦਾ ਰੂਪ ਬਖ਼ਸ਼ਿਆ ਤੇ ਉਸ ਲਹਿਰ ਚਪੰ ਪ੍ਰਗਟ ਹੋ ਰਹੇ ਧਰਮ ਨੂੰ ਨਾਮ ਦਿੱਤਾ “ਸਿੱਖ ਧਰਮ”। ਇਸਦੇ ਲਈ ਗੁਰਦੇਵ ਨੇ ਗੁਰਬਾਣੀ `ਚ ਵੀ ਬਾਰ ਬਾਰ ਪੱਕਾ ਕੀਤਾ ਹੈ ਕਿ ਗੁਰਬਾਣੀ ਦੀ ਸਿੱਖਿਆ `ਤੇ ਚਲਣ ਵਾਲੇ ਹੀ ਸਿੱਖ ਹਨ ਤੇ ਬਾਕੀ ਸਿੱਖ ਨਹੀਂ ਹਨ ਜਿਵੇਂ “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ” (ਪੰ: ੬੦੧)। ਉਪ੍ਰੰਤ ਸਿੱਖਾਂ ਦਾ ਫ਼ੈਲਾਅ ਤੇ ਇਨ੍ਹਾਂ ਦੇ ਸਿੱਖੀ ਕਿਰਦਾਰ ਤੋਂ ਪੈਦਾ ਹੋਈ ਖੁਸ਼ਬੂ ਤੇ ਜੀਵਨ ਜਾਚ ਵਾਲੀ ਖਿੱਚ ਹੀ, ਆਪਣੇ ਆਪ `ਚ ਸਿੱਖ ਲਹਿਰ ਦਾ ਫੈਲਾਅ ਤੇ ਵਿਸਤਾਰ ਵੀ ਬਣੀ।

ਇਸ ਤਰ੍ਹਾਂ ਗੁਰਬਾਣੀ ਵਿਚਾਰਧਾਰਾ ਵਾਲੀ ਇਸ ਲਹਿਰ ਦੇ ਵਿਸਤਾਰ ਸਦਕਾ, ਉਨ੍ਹਾਂ ਸ਼੍ਰਧਾਲੂਆਂ `ਚੋਂ ਹੀ ਬਹੁਤਿਆਂ ਦਾ ਆਪਣੇ ਇਲਾਹੀ ਤੇ ਕੇਸਾਧਾਰੀ ਸਰੂਪ `ਚ ਉਜਾਗਰ ਹੁੰਦੇ ਜਾਣਾ, ਕੁਦਰਤੀ ਸੀ। ਕਾਰਨ, ਜਦੋਂ ਮਨੁੱਖ ਨੂੰ ਕਰਤੇ ਦੀ ਰਜ਼ਾ ਵਾਲੀ ਗੱਲ ਸਮਝ `ਚ ਆਉਣੀ ਸ਼ੁਰੂ ਹੁੰਦੀ ਹੈ ਤਾਂ ਉਸ ਨੂੰ ਇਹ ਸਮਝ ਵੀ ਆ ਜਾਂਦੀ ਹੈ ਕਿ ਕੇਸਾਂ ਵਾਲਾ ਸਰੂਪ ਹੀ ਮਨੁੱਖਾ ਸਰੀਰ ਦੀ ਅਸਲ ਪਹਿਚਾਣ ਹੈ ਜੋ ਕਰਤੇ ਵੱਲੋਂ ਘੜੀ ਹੋਈ ਹੈ।

ਜਦਕਿ ਇਸ ਤੋਂ ਇਲਾਵਾ ਕੇਸਾਂ ਵਾਲੇ ਸਰੂਪ ਦੀ ਕੱਟ ਵੱਢ ਕਰਣੀ, ਮਨੁੱਖ ਦੀ ਆਪਣੀ ਹੂੜਮੱਤ ਦਾ ਨਤੀਜਾ ਹੈ ਪ੍ਰਭੂ ਦੀ ਰਜ਼ਾ `ਚ ਜੀਵਨ ਜੀਉਣਾ ਨਹੀਂ। ਇਸੇ ਤਰ੍ਹਾਂ ਸੰਨਿਆਸੀ, ਬੈਰਾਗੀ ਆਦਿ ਅਤੇ ਸਾਧੂਆਂ, ਸੰਤਾਂ ਆਦਿ ਵਾਲੇ ਪਹਿਰਾਵੇ ਵੀ, ਜੇਕਰ ਜੀਵਨ ਅੰਦਰ ਸੱਚ ਧਰਮ ਦੀ ਹੋਂਦ ਨਹੀਂ ਤਾਂ ਉਹ ਵੀ ਪ੍ਰਭੂ ਦੀ ਰਜ਼ਾ `ਚ ਚਲਣਾ ਨਹੀਂ ਹਨ; ਬਲਕਿ ਉਹ ਵੀ ਨਿਰੇ ਪੁਰੇ ਭੇਖ ਹੀ ਹੁੰਦੇ ਹਨ। ਉਪ੍ਰੰਤ ਇਹ ਵੀ ਕਿ ਗੁਰਬਾਣੀ ਗਿਆਨ ਵੱਲ ਵਧਣ ਵਾਲਾ ਮਨੁੱਖ ਇਸ ਪੱਖੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਲੋਕਾਈ ਰਾਹੀਂ ਨਿਰਾ ਪੁਰਾ ਕੇਸਾਧਾਰੀ ਸਰੂਪ `ਚ ਆ ਜਾਣਾ ਵੀ ਸਿੱਖ ਹੋਣਾ ਨਹੀਂ, ਜਦ ਤੱਕ ਕਿ ਕਿਸੇ ਦੇ ਜੀਵਨ ਅੰਦਰ ਗੁਰਬਾਣੀ ਤੋਂ ਪ੍ਰਗਟ ਹੋਇਆ ਸਿੱਖੀ ਕਿਰਦਾਰ ਤੇ ਸਿੱਖੀ ਰਹਿਣੀ ਨਹੀਂ। ਸਪਸ਼ਟ ਹੈ ਕਿ ਕੇਸਾਧਾਰੀ ਸਰੂਪ, ਸਿੱਖ ਧਰਮ ਦਾ ਅਣਿਖੜਵਾਂ ਅੰਗ ਤਾਂ ਜ਼ਰੂਰ ਹੈ ਪਰ ਗੁਰੂ ਪਾਤਸ਼ਾਹ ਦੀ ਸਿੱਖੀ ਪੱਖੋਂ ਇਹ ਵੀ ਸਭਕੁਝ ਨਹੀਂ ਹੈ।

ਸਿੱਖ ਧਰਮ ਦਾ ਮੂਲ ਹੈ, ਸਿੱਖ ਲਹਿਰ- ਸ਼ੱਕ ਨਹੀਂ ਕਿ ਪਹਿਲੇ ਪਾਤਸ਼ਾਹ ਤੋਂ ਪਹਿਲਾਂ ਜਦੋਂ ਅਜੇ ਅਜੋਕੇ ਸਿੱਖ ਧਰਮ ਦਾ ਵਜੂਦ ਵੀ ਨਹੀਂ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਰਾਹੀਂ ਸੱਚ ਧਰਮ ਦੇ ਪ੍ਰਚਾਰ ਸਦਕਾ ਪਹਿਲਾਂ ਸਿੱਖ ਲਹਿਰ ਹੀ ਪੈਦਾ ਹੋਈ ਸੀ, ਨਾ ਕਿ ਸਿੱਖ ਧਰਮ। ਉਪ੍ਰੰਤ ਇਸੇ ਸਿੱਖ ਲਹਿਰ ਚੋਂ, ਨਾਲ ਨਾਲ ਸਿੱਖ ਧਰਮ ਦਾ ਵਿਕਾਸ ਵੀ ਹੁੰਦਾ ਗਿਆ। ਇਸ ਤਰ੍ਹਾਂ ਸਪਸ਼ਟ ਹੈ ਕਿ ਇਹ ਦੋਵੇਂ ਪੱਖ ਸਿੱਖ ਧਰਮ ਦੇ ਹੀ ਹਨ ਭਾਵ ‘ਸਿੱਖ ਧਰਮ ਅਤੇ ਸਿੱਖ ਲਹਿਰ’। ਦੋਵੇਂ ਸਦਾ ਤੋਂ ਨਾਲ ਨਾਲ ਚੱਲੇ ਤੇ ਵਧੇ ਫੁਲੇ। ਤਾਂ ਤੇ ਸਿੱਖ ਲਹਿਰ ਅਤੇ ਸਿੱਖ ਧਰਮ ਦੋਵੇਂ ਇੱਕ ਦੂਜੇ ਦੇ ਪੂਰਕ ਹਨ, ਵੱਖ-ਵੱਖ ਨਹੀਂ। ਇੱਕ ਤੋਂ ਬਿਨਾ ਦੂਜੇ ਦਾ ਕੁੱਝ ਵੀ ਵਜੂਦ ਨਹੀਂ। ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਬਾਣੀ ਆਧਾਰਤ ਸਿੱਖੀ ਕਿਰਦਾਰ ਤੋਂ ਸਿੱਖ ਲਹਿਰ ਨੇ ਪ੍ਰਫ਼ੁਲਤ ਹੋਣਾ ਹੈ, ਉਪ੍ਰੰਤ ਉਸੇ ਸਿੱਖ ਲਹਿਰ ਚੋਂ ਨਾਲ ਨਾਲ ਸਿੱਖ ਧਰਮ ਨੇ ਪ੍ਰਗਟ ਹੋਣਾ ਤੇ ਵਧਣਾ ਫੁਲਣਾ ਹੈ।

ਦੇਖਿਆ ਜਾਵੇ ਤਾਂ ਅੱਜ ਸਿੱਖ ਧਰਮ ਦੇ ਲਗਾਤਾਰ ਤੇ ਤੇਜ਼ੀ ਨਾਲ ਪਿਛੇ ਜਾਣ ਦਾ ਮੁੱਖ ਕਾਰਨ ਵੀ ਅਜੋਕੇ ਸਿੱਖਾਂ ਦੇ ਜੀਵਨ ਅੰਦਰ ਗੁਰਬਾਣੀ ਜੀਵਨ ਤੇ ਕਿਰਦਾਰ ਦੀ ਘਾਟ ਦਾ ਹੋਣਾ ਹੀ ਹੈ। ਅਜਿਹੇ ਹਾਲਾਤ `ਚ, ਸਿੱਖ ਲਹਿਰ ਨੇ ਤਾਂ ਕੀ ਪਣਪਣਾ ਹੈ ਬਲਕਿ ਅਜੋਕੇ ਸਿੱਖਾਂ ਨੂੰ ਤਾਂ ਸਿੱਖ ਧਰਮ ਦੇ ਵਜੂਦ ਨੂੰ ਕਾਇਮ ਰਖਣ ਦੇ ਵੀ ਲਾਲੇ ਪਏ ਹੋਏ ਹਨ। ਤਾਂ ਤੇ ਇਸ ਅਤਿ ਦੇ ਭਿਅੰਕਰ ਪੰਥਕ ਦੁਖਾਂਤ ਤੇ ਹਾਲਾਤ ਤੋਂ ਬਾਅਦ ਵੀ ਕੌਮ ਕਦੋਂ ਤੱਕ ਇਸ ਪੱਖੋਂ ਘੂਕ ਨਿੰਦਰੇ ਸੁੱਤੀ ਰਵੇਗੀ ਅਤੇ ਆਪਣੇ ਅਜੋਕੇ ਕਿਰਦਾਰ ਨੂੰ ਨਹੀਂ ਘੋਖੇਗੀ, ਇਹ ਤਾਂ ਕਰਤਾਪੁਰਖ ਹੀ ਜਾਣਦਾ ਹੈ।

ਇਸ ਪੱਖੋਂ ਥੋੜਾ ਹੋਰ ਗਹਿਰਾਈ `ਚ ਜਾਵਾਂਗੇ ਤਾਂ ਇਹ ਵੀ ਸਾਬਤ ਹੋ ਜਾਵੇਗਾ ਕਿ ਆਪਣੇ ਅਰੰਭ ਕਾਲ `ਚ ਇਹ ਸਿੱਖ ਧਰਮ ਵੀ ਨਿਰੋਲ ਲਹਿਰ ਦੇ ਰੂਪ `ਚ ਹੀ ਉਭਰਿਆ ਸੀ। ਇਹ ਤਾਂ ਗੁਰੂ ਪਾਤਸ਼ਾਹੀਆਂ ਦਾ ਨਿਜੀ ਕਿਰਦਾਰ ਤੇ ਘਾਲ ਕਮਾਈ ਸੀ ਜੋ ਇਸ ਲਹਿਰ ਨੇ ਬਾਕਾਇਦਾ ਇੱਕ ਸੁਲਝੇ ਹੋਏ ਧਰਮ ਦਾ ਰੂਪ ਧਾਰਨ ਕਰ ਲਿਆ। ਬਲਕਿ ਜਿਹੜੇ ਸ਼੍ਰਧਾਲੂ ਅਜੇ ਵੀ ਸਿੱਖ ਨਹੀਂ ਸਨ ਸਜੇ, ਉਨ੍ਹਾਂ ਦੇ ਮਨ ਅੰਦਰ ਵੀ ਇਸ ਨਵੇਂ ਉਭਰ ਰਹੇ ਸਿੱਖ ਧਰਮ ਪ੍ਰਤੀ ਅਤਿ ਦਾ ਸਤਿਕਾਰ ਤੇ ਖਿੱਚ ਸੀ, ਉਦੋਂ ਅੱਜ ਵਾਲੇ ਹਾਲਾਤ ਉੱਕਾ ਤੇ ਕਦੇ ਵੀ ਨਹੀਂ ਸਨ।

ਇਹੀ ਕਾਰਨ ਸੀ ਜੋ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ `ਚ ਹੀ, ਇਸ ਗੁਰਬਾਣੀ ਆਧਾਰਤ ਸੱਚ ਧਰਮ ਦੇ ਪ੍ਰਕਾਸ਼ ਕਾਰਨ ਬੇਅੰਤ ਲੋਕਾਈ ਨੇ ਪਾਤਸ਼ਾਹ ਪਾਸੋਂ `ਚਰਣਪਾਹੁਲ’ ਲੈ ਕੇ ਗੁਰਬਾਣੀ ਸਿਖਿਆ ਤੇ ਚਲਣ ਦਾ ਪ੍ਰਣ ਲਿਆ ਤੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ। ਜਦਕਿ ਵਿਸ਼ੇ ਦੇ ਅਰੰਭ `ਚ ਇਹ ਹਵਾਲਾ ਵੀ ਦੇ ਚੁੱਕੇ ਤੇ ਸਪਸ਼ਟ ਕਰ ਚੁੱਕੇ ਹਾਂ ਕਿ (੧) ਗ਼ੈਰ ਸਿੱਖ ਬਲਕਿ ਮੁਸਲਮਾਨ ਲਿਖਾਰੀ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ, ਗੁਰੂ ਨਾਨਕ ਸਾਹਿਬ ਨੇ ਅਪਣੇ ਜੀਵਨ ਕਾਲ `ਚ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ ਜਦਕਿ ਅੱਜ ਤਾਂ ਸਿੱਖਾਂ ਦੀ ਕੁਲ ਗਿਣਤੀ ਵੀ ਤਿੰਨ ਕਰੋੜ ਨਹੀਂ

(੨) ਉਪ੍ਰੰਤ ਇਤਨਾ ਹੀ ਨਹੀਂ ਬਲਕਿ ਦਸਵੇਂ ਪਾਤਸ਼ਾਹ ਦੇ ਜੀਵਨ ਕਾਲ ਤੱਕ ਇਸ ਧਰਮ ਦਾ ਤੇਜ਼ੀ ਨਾਲ ਵਿਸਤਾਰ ਹੁੰਦਾ ਰਿਹਾ। ਫ਼ਿਰ ਇਹੀ ਨਹੀਂ ਉਸ ਤੋਂ ਕਾਫ਼ੀ ਸਮਾਂ ਬਾਅਦ ਤੱਕ ਦੇ ਇਤਿਹਾਸ ਚੋਂ ਵੀ ਇਸ ਸੱਚ ਧਰਮ ਦੀ ਲਹਿਰ ਦੇ ਵਿਸਤਾਰ ਤੇ ਪ੍ਰਭਾਵ ਨੂੰ ਪਹਿਚਾਣਿਆ ਤੇ ਦੇਖਿਆ ਸਕਦਾ ਹੈ। ਫ਼ਰਖਸੀਅਰ, ਯਾਹਯਾ ਖਾਂ ਤੇ ਮੀਰ ਮੰਨੂ ਦੇ ਜ਼ਮਾਨੇ `ਚ ਵੀ ਜਦੋਂ ਸਿੱਖਾਂ `ਤੇ ਜ਼ੁਲਮ ਦੀ ਇੰਤਹਾ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ, ਸਿੱਖਾਂ ਦਾ ਵਾਸਾ ਵੀ ਸ਼ਹਿਰਾਂ `ਚ ਨਹੀਂ ਬਲਕਿ ਜੰਗਲਾਂ, ਮਰੂਥਲਾਂ, ਪਹਾੜਾਂ ਆਦਿ `ਚ ਤੇ ਘੋੜਿਆਂ ਦੀਆਂ ਕਾਠੀਆਂ `ਤੇ ਹੀ ਸੀ ਤਾਂ ਉਸ ਭਿਆਨਕ ਦੌਰ `ਚ ਵੀ ਨਿੱਤ ‘ਖੰਡੇ ਦੀ ਪਾਹੁਲ’ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲੇ ਤੇ ਸਿੱਖ ਸਜ ਕੇ ਸ਼ਹੀਦੀਆਂ ਪਾਉਣ ਵਾਲਿਆਂ ਕਾਰਨ ਹੀ ਇਹ ਪ੍ਰਚਲਣ ਵੀ ਸੀ ਕਿ “ਮਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ॥ ਜਿਉਂ ਜਿਉਂ ਮੰਨੂੰ ਕੱਟਦਾ, ਅਸੀਂ ਦੂਨ ਸਵਾਏ ਹੋਏ”।

ਦਰਅਸਲ ਇਹ ਸਾਰੀ ਕਰਾਮਾਤ ਸੀ ਗੁਰਬਾਣੀ ਜੀਵਨ ਦੇ ਉਸੇ ਸੱਚ ਧਰਮ ਦੀ, ਜੋ ਲੋਕਾਈ ਨੂੰ ਹਰ ਸਮੇਂ ਆਪਣੇ ਵੱਲ ਖਿੱਚ ਪਾ ਰਹੀ ਸੀ। ਇਹੀ ਹੈ ਸਿੱਖ ਧਰਮ ਦੀ ਸਾਂਝੀਵਾਲਤਾ ਤੇ ਸਿੱਖ ਲਹਿਰ ਦੇ ਪ੍ਰਗਟਾਵੇ ਦੀ ਇੱਕ ਝਲਕ। ਬਲਕਿ ਸਬੰਧਤ ਵਿਸ਼ੇ ਸਬੰਧੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ `ਚੋਂ ਵੀ ਬਹੁਤੇਰੇ ਫ਼ੁਰਮਾਨ ਪ੍ਰਾਪਤ ਹਨ, ਜੋ ਸਾਬਤ ਕਰਦੇ ਹਨ ਕਿ ਸਿੱਖ ਧਰਮ ਤੇ ਸਿੱਖ ਲਹਿਰ ਨੇ ਇਕਲੇ ਗੁਰੂ ਨਾਨਕ ਸਾਹਿਬ ਦੇ ਸਮੇਂ `ਚ ਹੀ ਸੰਸਾਰ ਭਰ `ਚ ਆਪਣੀਆਂ ਜੜ੍ਹਾਂ ਪੱਕੀਅ ਕਰ ਲਈਆਂ ਸਨ ਜਿਵੇਂ:-

“ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭)

ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ `ਚੋਂ ਹੀ ਕੁੱਝ ਹੋਰ:-

“ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ” (ਭਾ: ਗੁ: ੧/੩੧)

“ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ” (ਭਾ: ਗੁ: ੧/੩੭)

ਬਲਕਿ ਭਾਈ ਸਾਹਿਬ ਨੇ ਇਸੇ ਪਹਿਲੀ ਵਾਰ ਦੀ ਪਉੜੀ ੩੪ ਤਾਂ ਪੂਰੀ ਦੀ ਪੂਰੀ ਹੀ ਇਸੇ ਇਤਿਹਾਸਕ ਸੱਚ ਨੂੰ ਪ੍ਰਗਟ ਕਰ ਰਹੀ ਹੈ ਜਿਵੇਂ:-

“ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥

ਜਿਥੇ ਜਾਈ ਜਗਤ ਵਿੱਚ ਬਾਬੇ ਬਾਝ ਨ ਖਾਲੀ ਜਾਈ॥

ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ॥

ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ॥

ਬੁਕਿਆ ਸਿੰਘ ਉਜਾੜ ਵਿੱਚ ਸਬ ਮਿਰਗਾਵਲ ਭੰਨੀ ਜਾਈ॥

ਚੜ੍ਹਿਆ ਚੰਦ ਨ ਲੁਕਈ ਕਢ ਕੁਨਾਲੀ ਜੋਤ ਛਪਾਈ॥

ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ॥

ਜਗ ਅੰਦਰ ਕੁਦਰਤ ਵਰਤਾਈ” (ਭਾ: ਗੁ: ੨੬/੨੧) ਉਪ੍ਰੰਤ

“ਸਿਧ ਨਾਥ ਅਵਤਾਰ ਸਭ ਗੋਸਟਿ ਕਰਿ ਕਰਿ ਕੰਨ ਫੜਾਇਆ॥

ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ” (ਭਾ: ਗੁ: ੨੬/੨੧) ਅਤੇ ਹੋਰ

“ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ” (ਭਾ: ਗੁ: ੧/੪੫) ਇਤਿਆਦ

ਇਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਸੁਮੇਰ ਪਰਬਤ ਦੀਆਂ ਠੰਡੀਆਂ ਉਚਾਈਆਂ ਸਮੇਤ ਪੂਰੇ ਭਾਰਤ ਉਪ੍ਰੰਤ ਲੰਕਾ, ਮੱਕਾ, ਮਦੀਨਾ, ਬਗ਼ਦਾਦ, ਚੀਨ, ਬ੍ਰਹਮਾ, ਰੂਸ ਆਦਿ ਕਈ ਦੇਸ਼ਾਂ `ਚ ਪੁੱਜ ਕੇ ਵੀ ਇਸ ਸੱਚ ਧਰਮ ਤੋਂ ਸੰਸਾਰ ਨੂੰ ਕਾਇਲ ਕੀਤਾ ਅਤੇ ਨਿਵਾਇਆ। ਗੁਰਦੇਵ ਨੇ ਹਰਦੁਆਰ, ਗਇਯਾ, ਕੁਰਖੇਤ੍ਰ, ਪ੍ਰਯਾਗ ਆਦਿ ਹਰੇਕ ਵੱਡੇ ਤੋਂ ਵੱਡੇ ਮੇਲੇ ਬਲਕਿ ਦੂਰ ਦੁਰਾਡੇ ਭਾਵ ਮੱਕੇ ਮਦੀਨੇ ਤੱਕ ਵੀ ਹੱਜ ਦੇ ਸਮੇਂ, ਮੁਕਦੀ ਗੱਲ ਕਿ ਵੱਡੇ ਵੱਡੇ ਇਕੱਠਾਂ `ਚ ਪੁੱਜ ਕੇ ਸਿੱਖ ਧਰਮ ਨੂੰ ਪ੍ਰਗਟ ਹੀ ਨਹੀਂ ਕੀਤਾ ਬਲਕਿ ਇਸ ਨੂੰ ਇਕੋ ਇਸ ਸੱਚ ਧਰਮ ਵਜੋਂ ਸਾਬਤ ਵੀ ਕੀਤਾ।

ਪਹਿਲੇ ਜਾਮੇ ਸਮੇ ਹੀ ਪਾਤਸ਼ਾਹ ਰਾਹੀਂ ਸਿੱਖ ਧਰਮ ਅਥਵਾ ਇਸ ਸੱਚ ਤੇ ਇਲਾਹੀ ਧਰਮ ਦੇ ਪ੍ਰਸਾਰ ਅਤੇ ਵਿਸ਼ੇ ਨਾਲ ਸਬੰਧਤ ਗੁਰਬਾਣੀ ਫ਼ੁਰਮਾਨਾਂ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਉਸ ਸਮੇਂ ਵੀ ਲਗਭਗ ਸਮੂਹ ਧਰਮਾਂ ਦੇ ਆਗੂ ਚਾਹੇ ਮੌਲਾਣੇ, ਬ੍ਰਾਹਮਣ, ਜੋਗੀ, ਜੈਨੀ ਜਾਂ ਕੁੱਝ ਵੀ ਸਨ, ਸਾਰਿਆਂ ਕੋਲ ਆਪਣੇ ਆਪਣੇ ਧਰਮਾਂ ਦੇ ਲਿਬਾਸ ਹੀ ਬਾਕੀ ਰਹਿ ਚੁੱਕੇ ਸਨ, ਜਦਕਿ ਉਨ੍ਹਾਂ ਸਾਰਿਆਂ ਅੰਦਰੋਂ ਸੱਚ ਧਰਮ ਦੀ ਹੋਂਦ ਅਲੋਪ ਹੋ ਚੁੱਕੀ ਹੋਈ ਸੀ। ਜਿਵੇਂ:-

“ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ” (ਪੰ: ੧੪੫) ਅਥਵਾ

“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ”

ਇਸ ਤਰ੍ਹਾਂ ਜਦੋਂ ਧਾਰਮਿਕ ਆਗੂਆਂ ਦਾ ਅਪਣਾ ਇਹ ਹਾਲ ਹੋਵੇ ਤਾਂ ਸਪਸ਼ਟ ਹੈ ਲੋਕਾਈ ਤੱਕ ਸੱਚ ਧਰਮ ਨਹੀਂ ਬਲਕਿ ਧਰਮ ਦੇ ਪਰਦੇ `ਚ ਪੁੱਜਦੇ ਹਨ ਫੋਕਟ ਕਰਮਕਾਂਡ, ਰਹੁ ਰੀਤਾਂ, ਗੁਮਰਾਹਕੁਣ ਪ੍ਰੰਪਰਾਂਵਾ ਤੇ ਪਖੰਡ ਕਰਮ ਆਦਿ। ਇਸ ਦੇ ਨਾਲ ਨਾਲ ਸੌਖੀ ਕੀਤੀ ਜਾਂਦਾ ਹੈ ਮਜਬੂਰ ਤੇ ਅਗਿਆਨਤਾ ਦਾ ਸ਼ਿਕਾਰ ਲੋਕਾਈ ਦਾ ਵਧ ਤੋਂ ਵਧ ਸ਼ੋਸ਼ਣ ਤੇ ਉਸ ਤੋਂ ਲੁੱਟ ਖੋਹ। ਜਦਕਿ ਗੁਰਦੇਵ ਨੇ ਇਸ ਸਚਾਈ ਨੂੰ ਸੰਸਾਰ ਸਾਹਮਣੇ ਕੇਵਲ ਨੰਗਾ ਹੀ ਨਹੀਂ ਕੀਤਾ ਬਲਕਿ ਅਸਲੀਅਤ ਕੀ ਹੋਣੀ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਜਿਵੇਂ:-

“ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥

ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥

ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ” (ਪੰ: ੬੬੨)

ਇਹ ਅਤੇ ਇਸ ਵਿਸ਼ੇ ਨਾਲ ਸਬੰਧਤ ਗੁਰਬਾਣੀ `ਚ ਹੋਰ ਵੀ ਅਨੇਕਾਂ ਫ਼ੁਰਮਾਨ ਪ੍ਰਾਪਤ ਹਨ। ਉਪ੍ਰੰਤ, ਇਹ ਵੀ ਗੁਰਮੱਤ ਤੇ ਗੁਰਬਾਣੀ ਪ੍ਰਚਾਰ, ਪ੍ਰਸਾਰ ਅਤੇ ਸੱਚ ਧਰਮ ਦੀ ਇਸ ਲਹਿਰ ਦਾ ਬੇਅੰਤ ਵਿਸਤਾਰ ਤੇ ਪ੍ਰਭਾਵ ਹੀ ਸੀ, ਜਦੋਂ ਦਸਵੇਂ ਪਾਤਸ਼ਾਹ ਨੇ ਨੰਗੀ ਤਲਵਾਰ ਦੀ ਧਾਰ `ਤੇ ਸਿੱਖਾਂ ਦਾ ਇਮਤਿਹਾਨ ਲਿਆ ਤਾਂ ਉਸ `ਤੇ ਨਿਤਰਣ ਵਾਲੇ ਪੰਜ ਪਿਆਰੇ ਵੀ ਭਾਰਤ ਦੇ ਦੂਰ ਦੁਰਾਡੇ ਤੇ ਭਿੰਨ ਭਿੰਨ ਪ੍ਰਾਂਤਾਂ `ਚੋਂ ਹੀ ਆਏ ਹੋਏ ਸਨ। ਫ਼ਿਰ ਇਤਨਾ ਹੀ ਨਹੀਂ ਬਲਕਿ ਉਨ੍ਹਾਂ ਪੰਜਾਂ `ਚੋਂ ਵੀ ਚਾਰ ਉਨ੍ਹਾਂ ਅਖੌਤੀ ਸ਼ੂਦਰ ਜਾਤੀਆਂ `ਚੋਂ ਸਨ ਜਿਨ੍ਹਾਂ ਦੇ ਵਡੇਰੇ ਬਹੁਤਾ ਕਰਕੇ ਪੰਜਵੇ ਤੇ ਛੇਵੇਂ ਜਾਮੇ ਸਮੇਂ ਸਿੱਖ ਲਹਿਰ `ਚ ਸ਼ਾਮਲ ਹੋਏ ਤੇ ਇਸ ਅੰਦਰਲੀ ਸਾਂਝੀਵਾਲਤਾ ਦਾ ਪ੍ਰਭਾਵ ਲੈ ਕੇ ਅਤੇ ਸਿਖ ਲਹਿਰ ਦੀ ਖੁਸ਼ਬੂ ਤੋਂ ਹੀ ਸਿੱਖ ਸਜ ਗਏ ਸਨ। ਫ਼ਿਰ ਉਨ੍ਹਾਂ ਸਾਰਿਆਂ ਦੇ ਜੀਵਨ ਅੰਦਰੋਂ ਗੁਰਬਾਣੀ ਦੀ ਸਿੱਖੀ ਵੀ ਕਿਸ ਉੱਤਮ ਦਰਜੇ ਦੀ ਪ੍ਰਗਟ ਹੋਈ, ਉਸ ਦੇ ਲਈ ਵੀ ਇਤਿਹਾਸ ਗਵਾਹ ਹੈ।

ਦਰਅਸਲ ਭਾਈ ਮਨਸੁਖ, ਭਾਈ ਕਲਿਆਣਾ, ਭਾਈ ਮੰਝ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਬਿਧੀ ਚੰਦ ਅਤੇ ਲਖਾਂ ਗੁਰੂ ਕੇ ਲਾਲ ਅਤੇ ਬੀਬੀਆਂ ਜਿਹੜੇ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਲਗਾਤਾਰ ਸਿੱਖ ਸਜਦੇ ਆ ਰਹੇ ਸਨ। ਉਪ੍ਰੰਤ ਬੇਅੰਤ ਮਰਜੀਵੜੇ ਜਿਹੜੇ ਛੇਵੇਂ ਤੇ ਦਸਵੇਂ ਜਾਮੇ ਸਮੇਂ ਜ਼ਾਲਮਾਂ ਨਾਲ ਜੰਗਾਂ ਜੁਧਾਂ `ਚ ਲੜਦੇ ਹੋਏ ਸ਼ਹੀਦ ਹੋਏ। ਇਸ ਤਰ੍ਹਾਂ ਉਹ ਤੇ ਉਨ੍ਹਾਂ `ਚੋਂ ਬਹੁਤਿਆਂ ਦੇ ਵਡੇਰੇ ਵੀ ਉਹੀ ਸਨ ਜੋ ਜਨਮਾਂਦਰੂ ਸਿੱਖ ਨਹੀਂ ਸਨ ਬਲਕਿ ਸਿੱਖੀ ਲਹਿਰ ਦੀ ਹੀ ਕਰਾਮਾਤ ਤੇ ਦੇਣ ਸਨ।

ਇਹੀ ਨਹੀਂ, ਫ਼ਿਰ ਉਹ ਸੱਜਨ ਵੀ ਸਿੱਖ ਲਹਿਰ ਦੀ ਹੀ ਦੇਣ ਅਤੇ ਸਿੱਖ ਧਰਮ ਦੇ ਅਣਿਖੜਵੇਂ ਅੰਗ ਹਨ ਜਿਹੜੇ ਜੀਵਨ ਭਰ ਸਿੱਖ ਤਾਂ ਨਹੀਂ ਸਜੇ ਪਰ ਜਿਨ੍ਹਾਂ ਦਾ ਰੋਮ ਰੋਮ ਗੁਰੂ ਦਰ ਅਤੇ ਸਿੱਖੀ ਜੀਵਨ ਅਥਵਾ ਗੁਰਬਾਣੀ ਵਿਚਾਰਧਾਰਾ ਤੋਂ ਕੁਰਬਾਨ ਸੀ। ਗੁਰੂ ਸਾਹਿਬਾਨ ਦੇ ਜੀਵਨ ਕਾਲ `ਚ ਹੀ ਲੈ ਲਵੀਏ ਤਾਂ ਪੀਰ ਬੁਧੂ ਸ਼ਾਹ ਜਿਸ ਨੇ ਆਪਣੇ ਚਾਰ ਪੁਤ੍ਰਾਂ ਤੇ ਸੱਤ ਸੌ ਮੁਰੀਦਾਂ ਤੱਕ ਨੂੰ ਗੁਰਦੇਵ ਦੇ ਚਰਨਾਂ `ਚ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਪੀਰ ਬੁਧੂ ਸ਼ਾਹ ਦੀ ਇਹ ਕੋਈ ਛੋਟੀ ਜਿਹੀ ਕੁਰਬਾਣੀ ਨਹੀਂ ਸੀ, ਜਿਸ ਨੂੰ ਕਿ ਭੁਲਾਇਆ ਜਾ ਸਕੇ। ਬਲਕਿ ਇਥੋਂ ਤੱਕ ਵੀ ਕਿ ਉਸ ਵੱਲੋਂ ਸਿੱਖ ਧਰਮ ਪ੍ਰਤੀ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਵੀ ਪੀਰ ਬੁਧੂ ਸ਼ਾਹ ਨੇ ਉਨ੍ਹਾਂ ਦਰਿੰਦਿਆਂ ਤੇ ਜ਼ਾਲਮਾਂ ਹੱਥੋਂ, ਆਪਣੇ ਅਤੇ ਆਪਣੇ ਪੂਰੇ ਪ੍ਰਵਾਰ ਦੀ ਤਸੀਹੇ ਭਰਪੂਰ ਮੌਤ ਤੱਕ ਤਾਂ ਕਬੂਲ ਕਰ ਲਈ ਪਰ ਸੱਚ ਧਰਮ `ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ ਤੇ ਨਾ ਆਖ਼ਰੀ ਸੁਆਸਾਂ ਤੱਕ ਗੁਰੂ ਦਰ ਵੱਲ ਪਿੱਠ ਹੀ ਕੀਤੀ।

ਉਪ੍ਰੰਤ ਇਸੇ ਗਿਣਤੀ `ਚ ਆਉਂਦੇ ਹਨ, ਗੁਰ ਦਰ ਤੋਂ ਵਾਰੇ ਵਾਰੇ ਜਾਣ ਵਾਲੇ ਤੇ ਗੁਰਬਾਣੀ ਵਾਲੇ ਸੱਚ ਧਰਮ ਦੇ ਦਿਵਾਨੇ ਭਾਈ ਮੋਤੀ ਲਾਲ ਮਹਿਰਾ, ਦਿਵਾਨ ਟੋਡਰ ਮੱਲ ਤੇ ਅਜਿਹੇ ਬੇਅੰਤ ਗ਼ੈਰ ਸਿੱਖ। ਬਲਕਿ ਇਸ ਪੱਖੋਂ ਪੰਜਵੇਂ ਪਾਤਸ਼ਾਹ ਦੇ ਸਮੇਂ ਨਾਲ ਸਬੰਧਤ ਸਾਈਂ ਮੀਆਂ ਮੀਰ ਤੇ ਪਹਿਲੇ ਪਾਤਸ਼ਾਹ ਨਾਲ ਸਬੰਧਤ ਰਾਇ ਬੁਲਾਰ ਆਦਿ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਜਦਕਿ ਇਹ ਤਾਂ ਕੇਵਲ ਗਿਣਤੀ ਦੇ ਹੀ ਕੁੱਝ ਹੀ ਨਾਮ ਹਨ, ਨਹੀਂ ਤਾਂ ਇਹ ਗਿਣਤੀ ਵੀ ਅਨੰਤ ਹੈ। ਜਦਕਿ ਇਹ ਸਭ ਵੀ ਗੁਰਬਾਣੀ ਦਾ ਮੁਜਸਮਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲੇ ਗੁਰਬਾਣੀ ਵਾਲੇ ਸੱਚ ਅਤੇ ਉਸੇ ਤੋਂ ਪ੍ਰਗਟ ਹੋਈ ਸਿੱਖ ਲਹਿਰ ਦੀ ਮਿਕਨਾਤੀਸੀ ਖਿੱਚ ਦਾ ਹੀ ਕਮਾਲ ਸੀ।

ਇਸ ਤਰ੍ਹਾਂ ਇਤਿਹਾਸਕ ਸਚਾਈ ਵੀ ਇਹੀ ਹੈ ਕਿ ਇਹ ਸਾਰੇ ਉਹੀ ਸੱਜਨ ਸਨ ਜਿਹੜੇ ਪਹਿਲਾਂ ਸਿੱਖੀ ਲਹਿਰ ਦਾ ਹਿੱਸਾ ਬਣੇ, ਸ਼੍ਰਧਾਲੂਆਂ ਦੇ ਰੂਪ `ਚ ਸਿੱਖ ਧਰਮ ਦੇ ਨੇੜੇ ਆਉਂਦੇ ਰਹੇ ਉਪ੍ਰੰਤ ਉਨ੍ਹਾਂ `ਚੋਂ ਬਹੁਤੇ ਸਿੱਖ ਸਜ ਜਾਂਦੇ ਜਾਂ ਭਾਈ ਮੋਤੀ ਲਾਲ ਮਹਿਰਾ ਵਾਂਙ ਜ਼ਾਹਿਰਾ ਗ਼ੈਰ ਸਿੱਖ ਰਹਿ ਕੇ ਵੀ, ਸਿੱਖੀ ਤੋਂ ਆਪਣਾ ਆਪ ਕੁਰਬਾਣ ਕਰਦੇ ਰਹੇ। ਦਰਅਸਲ ਇਹ ਸਭ ਗੁਰਬਾਣੀ ਦੀ ਉਹ ਚੁੰਬਕੀ ਤੇ ਸਾਂਝੀਵਾਲਤਾ ਵਾਲੀ ਦੇਣ ਹੀ ਹੈ ਜੋ ਬਿਨਾ ਵਿਤਕਰਾ ਧਰਮ, ਦੇਸ਼, ਲਿੰਗ, ਨਸਲ, ਜਾਤ-ਵਰਣ, ਗੋਰਾ-ਕਾਲਾ ਮਨੁੱਖ-ਮਨੁੱਖ ਅੰਦਰੋਂ ਸਾਰੇ ਭਰਮ ਭੇਦ ਮੁਕਾਅ ਕੇ ਪੂਰੇ ਸੰਸਾਰ ਨੂੰ ਆਪਣੀ ਗਲਵਕੜੀ ਲੈਣ ਦੀ ਤਾਕਤ ਰਖਦੀ ਹੈ। ਗੁਰਬਾਣੀ ਦੀ ਉਹ ਮਿਕਨਾਤੀਸੀ ਤਾਕਤ ਜੋ ਬਿਨਾ ਕਿਸੇ ਤਰ੍ਹਾਂ ਸੰਕੀਰਣਤਾ ਅਤੇ ਅਜਿਹੀਆਂ ਹਦਬੰਦੀਆਂ ਦੇ, ਪੂਰੇ ਸੰਸਾਰ ਨੂੰ ਇੱਕ ਪ੍ਰਵਾਰ ਦੇ ਰੂਪ `ਚ ਪ੍ਰਗਟ ਕਰ ਸਕਦੀ ਹੈ ਅਤੇ ਇਸ ਨੇ ਅਜਿਹਾ ਕੀਤਾ ਵੀ।

ਇਸ ਲਈ ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਇਆ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਜੀਵਨ ਹੀ ਸਿੱਖ ਧਰਮ ਅਤੇ ਸਿੱਖ ਧਰਮ ਦੇ ਵਿਸਤਾਰ ਭਾਵ ਸਿੱਖ ਲਹਿਰ ਦਾ ਜ਼ਾਮਨ ਹੈ। ਦਰਅਸਲ ਗੁਰਬਾਣੀ, ਸਿੱਖੀ ਜੀਵਨ ਲਈ, ਸਿੱਖ ਜੀਵਨ ਦੇ ਸਿਧਾਂਤ ਹਨ ਤੇ ਸਿੱਖੀ, ਉਨ੍ਹਾਂ ਸਿਧਾਂਤਾਂ ਤੇ ਆਧਾਰਤ ਚੱਲ ਰਿਹਾ ਜੀਵਨ। ਜੇ ਕਰ ਸੱਚਮੁਚ ਅੱਜ ਵੀ ਠੀਕ ਉਸੇ ਤਰ੍ਹਾਂ ਸਿੱਖ ਦਾ ਜੀਵਨ ਸਿੱਖੀ ਸਿਧਾਂਤਾਂ ਤੇ ਗੁਰਬਾਣੀ `ਤੇ ਆਧਾਰਿਤ ਹੋ ਜਾਵੇ ਤਾਂ ਸਮਾਜਿਕ ਤੇ ਸੰਸਾਰਿਕ ਤੌਰ `ਤੇ ਉਸ ਦਾ ਪ੍ਰਗਟਾਵਾ ਅੱਜ ਵੀ ਆਪਣੇ ਆਪ ਅਤੇ ਉਸੇ ਤਰ੍ਹਾਂ ਹੀ ਹੋ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਦਿਖਾਵੇ ਦੇ ਸੰਤਾ, ਸਾਧਾਂ, ਭਗਤਾਂ ਆਦਿ ਵਾਲੇ ਭੇਖਾਂ ਦੀ ਵੀ ਲੋੜ ਨਹੀਂ ਰਹਿੰਦੀ। ਜਦਕਿ ਅਜਿਹੇ ਸਿੱਖੀ ਜੀਵਨ ਦੇ ਪ੍ਰਗਟਾਵੇ ਦੀ ਝਲਕ ਅਸੀਂ ਇਸੇ ਪੁਸਤਕ ਦੇ ਅਰੰਭ ਤੋਂ ਹੀ ਦੇਖਦੇ ਆ ਰਹੇ ਹਾਂ।

ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਆਧਾਰਤ ਸਿੱਖ ਧਰਮ, ਉਸ ਇਲਾਹੀ ਤੇ ਇਕੋ ਇੱਕ ਆਦਿ ਜੁਗਦੀ ਸੱਚ ਧਰਮ ਦਾ ਹੀ ਪ੍ਰਗਟਾਵਾ ਹੈ, ਜਿਹੜਾ ਮਨੁੱਖਾ ਜੀਵਨ ਦਾ ਮੂਲ ਧਰਮ ਹੈ। ਇਹੀ ਕਾਰਨ ਹੈ ਕਿ ਗੁਰੂ ਪਾਤਸ਼ਾਹੀਆਂ ਦੇ ਸਮੇਂ `ਚ ਹੀ ਇਸ ਧਰਮ ਦਾ ਇਤਨੀ ਤੇਜ਼ੀ ਨਾਲ ਫ਼ੈਲਾਅ ਹੋਇਆ ਕਿ ਦੇਸ਼-ਵਿਦੇਸ਼ਾਂ `ਚ ਵੀ ਸਿੱਖ ਧਰਮ ਨੇ ਆਪਣੀ ਜਗ੍ਹਾ ਬਨਾ ਲਈ। ਕੁੱਝ ਸਦੀਆਂ ਦੇ ਇਤਿਹਾਸ `ਚ ਹੀ ਸੰਸਾਰ ਤੱਲ `ਤੇ, ਗੁਰਬਾਣੀ ਵਿਚਾਰਧਾਰਾ ਤੋਂ ਕੁਰਬਾਨ ਹੋਣ ਵਾਲੇ ਬਲਕਿ ਸ਼ਹੀਦੀਆਂ ਤੱਕ ਪਾਉਣ ਵਾਲੇ, ਲਖਾਂ ਨਹੀਂ ਕਰੋੜਾਂ ਦੀ ਗਿਣਤੀ `ਚ, ਸਿੱਖੀ ਸ਼ਮਾਂ ਦੇ ਪ੍ਰਵਾਣੇ ਪੈਦਾ ਹੋ ਗਏ। ਕੁੱਝ ਹੀ ਸਮੇਂ `ਚ ਇਸ ਧਰਮ ਦੀ ਹੋਂਦ ਵੀ ਪੂਰੇ ਸੰਸਾਰ `ਚ ਪ੍ਰਗਟ ਹੋ ਗਈ। ਇਸ ਦੇ ਸੰਪੂਰਣ ਕੇਸਾਧਾਰੀ ਤੇ ਦਸਤਾਰ ਧਾਰੀ ਸਿੱਖੀ ਸਰੂਪ ਦਾ ਪ੍ਰਭਾਵ ਤੇ ਇਸ ਧਰਮ ਅੰਦਰੋਂ ਇਲਾਹੀ ਗੁਣਾਂ ਦੀ ਖੁਸ਼ਬੂ ਨੇ ਸੰਸਾਰ ਭਰ `ਤੇ ਆਪਣੀ ਛਾਪ ਕਾਇਮ ਕਰ ਲਈ। #04 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.