.

ਜਾਗਰੁਕਾਂ ਦੀ ਏਕਤਾ
(ਡਾ ਗੁਰਮੀਤ ਸਿੰਘ ਬਰਸਾਲ, ਸੈਨਹੋਜੇ)


ਏਕਤਾ ਵਿੱਚ ਬਲ ਹੈ। ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ , ਬਿਲਕੁਲ ਉਸੇ ਤਰਾਂ ਜਿਵੇਂ ਸਵੇਰੇ ਸ਼ਾਮ ਗੁਰਬਾਣੀ ਦਾ ਨਿਤਨੇਮ ਕਰਦੇ/ਸੁਣਦੇ ਆ ਰਹੇ ਹਾਂ। ਕਦੇ ਵੀ ਇਹਨਾਂ ਨਿਤਨੇਮ ਵਿੱਚ ਪੜ੍ਹੀਆਂ ਸੁਣੀਆਂ ਜਾ ਰਹੀਆਂ ਬਾਣੀਆਂ ਵਿਚਲੇ ਉਪਦੇਸ਼ਾਂ ਨੂੰ ਸਮਝ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਨਿਤਨੇਮੀ ਹੋਣ ਦਾ ਭਰਮ ਪਾਲ ਗੁਰੂ ਦੇ ਹੁਕਮ ਨੂੰ ਅਣਸੁਣਿਆ ਕਰ ਛੱਡਿਆ। ਗੁਰੂ ਦਾ ਹੁਕਮ ਸੀ ਸਵੇਰੇ ਸ਼ਾਮ ਬਾਣੀ ਦੇ ਉਪਦੇਸ਼ ਸੁਣਨਾ ਅਤੇ ਸਾਰਾ ਦਿਨ ਉਹਨਾਂ ਤੇ ਚਲਣ ਦੀ ਕੋਸ਼ਿਸ਼ ਕਰਨਾ ਅਰਥਾਤ ਕੇਵਲ ਸਵੇਰੇ ਸ਼ਾਮ ਗੁਰ ਉਪਦੇਸ਼ਾਂ ਦਾ ਨਿਤਨੇਮ ਕਰਨ ਨਾਲ ਹੀ ਨਹੀਂ ਸਰਨਾਂ ਸਗੋਂ ਸਾਰਾ ਦਿਨ ਉਸੇ ਬਾਣੀ ਦੇ ਅੰਗ ਸੰਗ ਰਹਿਕੇ ਯਾਨੀ ਵਿਚਾਰ ਅਤੇ ਧਾਰ ਕੇ ਸਵਾਸ ਸਵਾਸ ਗੁਰ ਉਪਦੇਸ਼ਾਂ ਅਨੁਸਾਰ ਸਫਲ ਕਰਨ ਦਾ ਪਰਿਆਸ ਯਾਰੀ ਰੱਖਣਾ ਹੈ। ਪਰ ਅਸੀਂ ਇਹਨਾਂ ਗੁਰੂ ਉਪਦੇਸ਼ਾਂ ਨੂੰ ਕੇਵਲ ਕਰਮ-ਕਾਂਢ ਵਜੋਂ ਹੀ ਅਪਣਾਉਣ ਨੂੰ ਸਿੱਖ ਹੋਣਾ ਸਮਝ ਲਿਆ ।
ਲੋਕ ਕਹਾਣੀ ਹੈ ਕਿ ਕਿਸੇ ਨੇ ਆਪਣੇ ਰੱਖੇ ਹੋਏ ਤੋਤਿਆਂ ਨੂੰ ਇਹ ਰਟਾ ਦਿੱਤਾ ਕਿ “ਸ਼ਿਕਾਰੀ ਆਵੇਗਾ, ਜਾਲ਼ ਵਿਛਾਵੇਗਾ, ਦਾਣਾ ਪਾਵੇਗਾ, ਦਾਣਾ ਨਹੀਂ ਖਾਣਾ”। ਸਾਰੇ ਤੋਤੇ ਹਰ ਰੋਜ ਹੀ ਇਹ ਸਿਖਿਆ ਰਟਣ ਲੱਗੇ। ਇਕ ਦਿਨ ਸ਼ਿਕਾਰੀ ਆਇਆ ਅਤੇ ਜਾਲ ਵਿੱਚ ਤੋਤੇ ਫਸਾਕੇ ਤੁਰਦਾ ਬਣਿਆ। ਫਸੇ ਹੋਏ ਤੋਤੇ ਅਜੇ ਵੀ ਉਹੀ ਰਟੀ ਹੋਈ ਸਿੱਖਿਆ ਮੁੜ ਮੁੜ ਪੜ੍ਹੀ ਜਾ ਰਹੇ ਸਨ। ਇਹੀ ਹਾਲ ਸਾਡੀ ਕੌਮ ਦਾ ਹੈ। ਗੁਰੂ ਜੀ ਨੇ ਜਿਨਾਂ ਗੱਲਾਂ ਤੋਂ ਸਾਨੂੰ ਹੋੜਿਆ ਸੀ ਅਸੀਂ ਉਹੀ ਗੱਲਾਂ ਨਾਲੇ ਕਰੀ ਜਾ ਰਹੇ ਹਾਂ ਨਾਲੇ ਗੁਰੂ ਜੀ ਦੇ ਉਪਦੇਸ਼ ਪੜ੍ਹੀ ਜਾ ਰਹੇ ਹਾਂ। ਇਸਦਾ ਮਤਲਬ ਇਹ ਵੀ ਨਹੀਂ ਕਿ ਸਾਨੂੰ ਗੁਰਬਾਣੀ ਦਾ ਨਿਤਨੇਮ ਛੱਡ ਦੇਣਾ ਚਾਹੀਦਾ ਹੈ। ਸਿੱਖ ਦਾ ਦਿਨ ਹੀ ਗੁਰੂ ਉਪਦੇਸ਼ ਪੜਨ/ਸੁਨਣ/ਵਿਚਾਰਨ ਨਾਲ ਸ਼ੁਰੂ ਹੁੰਦਾ ਹੈ ਅਤੇ ਬਾਕੀ ਦਾ ਦਿਨ ਗੁਰੂ ਉਪਦੇਸ਼ਾਂ ਮੁਤਾਬਕ ਕਿਰਤ-ਵਿਰਤ ਕਰਦਿਆਂ ਗੁਰੂ ਦਾ ਹੁਕਮ ਕਮਾਉਣ ਵਿੱਚ ਲੰਘਣਾ ਚਾਹੀਦਾ ਹੈ। ਕਿਸੇ ਨੂੰ ਇਹ ਦੱਸਣ ਦੀ ਜਰੂਰਤ ਨਹੀਂ ਹੈ ਕਿ ਮੈਂ ਨਿਤਨੇਮੀਂ ਹਾਂ, ਸਗੋਂ ਸਾਡੇ ਜੀਵਨ ਵਿੱਚ ਉਤਰੀ ਬਾਣੀ ਅਤੇ ਵਿਵਹਾਰ ਦੇਖ ਅਗਲਾ ਸਮਝ ਲੈਂਦਾ ਕਿ ਇਸਦੇ ਅੰਦਰ ਗੁਰੂ ਦੀ ਬਾਣੀ ਹੈ ਜਾਂ ਨਹੀਂ। ਅੱਜ ਕਲ ਕਈ ਦੇਖਣ ਨੂੰ ਬੜੇ ਦਰਸ਼ਣੀ ਸਿੱਖ ਜਾਪਣਗੇ, ਫਤਿਹ ਵੀ ਉਹ ਗੱਜ-ਬੱਜ ਕੇ ਬਲਾਉਂਦੇ ਦਿਖਣਗੇ, ਪਰ ਨਿੱਜੀ ਵਰਤੋਂ-ਵਿਹਾਰ ਵਿੱਚ ਉਹਨਾਂ ਦੀ ਬੋਲੀ ਅੱਤ ਰੁੱਖੀ, ਭੈੜੀ ਅਤੇ ਦਿਖ ਰਹੇ ਕਿਰਦਾਰ ਦੇ ਵਿਪਰੀਤ ਹੋਵੇਗੀ। ਗੁਰਬਾਣੀ ਦੀ ਮੀਠਾਸ ਪੀਣ ਵਾਲੇ ਦੀ ਬੋਲੀ ਮਿੱਠੀ, ਸਹਿਣਸ਼ੀਲ ਅਤੇ ਨਿਮਰਤਾ ਭਰਪੂਰ ਬਣ ਜਾਂਦੀ ਹੈ। ਅਗਰ ਮਨ ਵਿੱਚ ਕੁੜੱਤਣ ਅਤੇ ਸੁਭਾਅ ਵਿੱਚ ਤਲਖੀ ਹੈ ਤਾਂ ਸਮਝੋ ਗੁਰਬਾਣੀ ਦਾ ਰਸ ਅੰਦਰ ਨਹੀਂ ਗਿਆ, ਸਗੋਂ ਗੁਰਬਾਣੀ ਦੀਆਂ ਕੁਰਲੀਆਂ ਹੀ ਕੀਤੀਆਂ ਹਨ ।
ਅਜੋਕਾ ਯੁੱਗ ਗਿਆਨ ਦਾ ਯੁੱਗ ਹੈ। ਨਵੀਂ ਤੋਂ ਨਵੀਂ ਤਕਨੀਕ ਦੀ ਵਰਤੋਂ ਨਾਲ ਸ਼ਰੀਰਕ ਅਤੇ ਮਾਨਸਿਕ ਸੁਖ ਲਈ ਹਰ ਰੋਜ ਨਵੀਆਂ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਗੁਰਬਾਣੀ ਗਿਆਨ ਨੂੰ ਸ਼ਰੀਰਕ ਅਤੇ ਮਾਨਸਿਕ ਸੁੱਖਾਂ ਲਈ ਸਰਬੋਤਮ ਸਮਝਣ ਵਾਲੇ ਲੋਕ ਜਦੋਂ ਧਰਮ ਦੇ ਨਾਂ ਤੇ ਹੋ ਰਹੇ ਕਰਮ-ਕਾਂਢ ਨੂੰ ਛੱਡ ਸੱਚੇ ਸੁੱਖਾਂ ਲਈ ਵਿਵਹਾਰਕ ਰੂਪ ਵਿੱਚ ਗੁਰਬਾਣੀ ਅਪਣਾਉਣ ਦੀ ਗਲ ਕਰਦੇ ਹਨ ਤਾਂ ਉਹ ਅਜੋਕੀ ਭਾਸ਼ਾ ਅਨੁਸਾਰ ਜਾਗਰੂਕ/ਜਾਗਰੂਪ ਅਖਵਾਉਂਦੇ ਹਨ। ਗੁਰਬਾਣੀ ਉਪਦੇਸ਼ਾਂ ਦੇ ਅਰਥ ਗੁਰਬਾਣੀ ਅਨੁਸਾਰ ਸਮਝਕੇ ਖੁਦ ਜਾਗਣ ਵਾਲੇ ਅਤੇ ਅੱਗੇ ਜਗਾਉਣ ਵਾਲੇ ਜਾਗਰੂਕ/ਜਾਗਰੂਪ ਸਿੱਖਾਂ ਦੀ ਗਿਣਤੀ ਹਮੇਸ਼ਾਂ ਥੋੜੀ ਹੀ ਹੁੰਦੀ ਹੈ। ਜਿਆਦਾਤਰ ਸਿੱਖ ਅਖਵਾਉਣ ਵਾਲਿਆਂ ਨੇ ਤਾਂ ਗੁਰਬਾਣੀ ਨੂੰ ਅਨਮਤੀ ਮਜ਼ਹਬਾਂ ਦੇ ਕਹੇ ਜਾਂਦੇ ਮੰਤਰਾਂ ਵਾਂਗ ਗੁਰਮੁਖੀ/ਪੰਜਾਬੀ ਵਿੱਚ ਵੀ ਉਸੇ ਤਰਾਂ ਮੰਤਰਾਂ ਵਜੋਂ ਹੀ ਕਿਸੇ ਸ਼ਰੀਰਕ ਸੁੱਖ ਵਾਲੀ ਅਖੌਤੀ ਕਾਰਜ ਸਿੱਧੀ ਲਈ ਵਰਤੇ ਜਾਣ ਵਾਲਾ ਆਸਾਨ ਮਾਧਿਅਮ ਹੀ ਸਮਝਿਆ ਹੋਇਆ ਹੈ ਜੋ ਕਿ ਹਰ ਤਰਾਂ ਦੇ ਡੇਰਾਬਾਦ ਅਤੇ ਪਾਖੰਡਬਾਦ ਦਾ ਆਧਾਰ ਬਣ ਜਾਂਦਾ ਹੈ। ਸਭ ਜਾਣਦੇ ਹਨ ਕਿ ਧਰਮ ਦਾ ਭਾਵ ਧਾਰਣ ਕਰਨਾ ਹੁੰਦਾ ਹੈ ਪਰ ਇਸ ਸੰਸਾਰ ਤੇ ਧਰਮ ਨੂੰ ਧੰਦਾ ਬਣਾਉਣ ਵਾਲੇ ਚਲਾਕ ਲੋਗ ਗੁਣਾਂ ਨੂੰ ਧਾਰਨ ਕਰਨ/ਕਰਵਾਉਣ ਨਾਲੋਂ ਗੁਣਾਂ ਦੇ ਰੱਟੇ ਲਗਵਾਕੇ ਕੇਵਲ ਭੋਗ ਪਾਉਣਾਂ ਹੀ ਆਪਦੇ ਧੰਦੇ ਅਨਕੂਲ ਮੰਨਦੇ ਹਨ। ਬਿਨਾਂ ਕੁਝ ਸਮਝਣ ਸਮਝਾਉਣ ਤੋਂ ਸਿਰਫ ਸਿਰ ਮਾਰਕੇ ਹਾਂ ਪੱਖੀ ਹੁੰਘਾਰਾ ਭਰਨ ਵਾਲਾ ਅੰਨ੍ਹਾਂ ਸ਼ਰਧਾਲੂ ਹੀ ਇਹਨਾਂ ਦੇ ਧੰਦੇ ਲਈ ਲਾਭਦਾਇਕ ਗਾਹਕ ਹੁੰਦਾ ਹੈ।
ਕਈ ਜਾਗਰੁਕ ਗਰੁੱਪ ਇੱਕ ਹੀ ਝਟਕੇ ਖਰੇ ਸੱਚ ਦੇ ਹਾਮੀ ਹਨ ਜਦ ਕਿ ਕਈ ਗਰੁੱਪ ਇਸ ਉਲਝੀ ਤਾਣੀ ਲਈ ਪੜਾਅ ਵਾਰ ਚੱਲਣਾ ਜਿਆਦਾ ਅਸਰਦਾਰ ਸਮਝਦੇ ਹਨ। ਦੋਨੋ ਤਰਾਂ ਦੇ ਗਰੁੱਪ ਸਾਂਝੀ ਮੰਜਿਲ ਹੁੰਦਿਆਂ ਇਕ ਦੂਜੇ ਦੀ ਨੀਤੀ ਨੂੰ ਸਮਝਦੇ ਹੋਏ ਵੀ ਇਕ ਦੂਜੇ ਦੀ ਵਿਰੋਧਤਾ ਕਰਕੇ ਡੇਰਾਦਾਰਾਂ ਦਾ ਕੰਮ ਆਸਾਨ ਕਰੀ ਜਾ ਰਹੇ ਹਨ। ਦੂਜੇ ਪਾਸੇ ਕਰਮਕਾਂਢੀ ਸੋਚ ਸੈਂਕੜੇ ਵਖਰੇਵਿਆਂ ਦੇ ਕਾਰਣ ਵੀ ਜਾਗਰੁਕਾਂ ਖਿਲਾਫ ਇੱਕ ਮੁੱਠ ਹੈ। ਜਾਗਰੁਕਾਂ ਦੀਆਂ ਜਿਆਦਾਤਰ ਸਮਾਨਤਾਵਾਂ ਵੀ ਇਹਨਾਂ ਨੂੰ ਇਕੱਠੇ ਕਰਨ ਵਿੱਚ ਅਸਮਰੱਥ ਹਨ ਜਦ ਕਿ ਜਾਪ ਰਹੇ ਕੁਝ ਕੁ ਫਰਕ ਹੀ ਇਹਨਾਂ ਨੂੰ ਇਕ ਦੂਜੇ ਕੋਲੋਂ ਦੂਰ ਕਰਨ ਵਿੱਚ ਸਹਾਈ ਹੋ ਜਾਂਦੇ ਹਨ। ਕਈ ਵਾਰ ਇਹ ਇਸੇ ਤਰਾਂ ਦੇ ਨੀਤੀ ਮਾਰਕਾ ਫਰਕਾਂ ਨੂੰ ਸਭ ਤੋਂ ਵੱਡੀ ਵਿਰੋਧਤਾ ਜਾਣ ਸਭ ਡੇਰੇਦਾਰਾ ਜਾਂ ਕਰਮਕਾਂਢੀਆਂ ਨਾਲੋਂ ਇਕ ਦੂਜੇ ਖਿਲਾਫ ਹੀ ਲਿਖਣ/ਭੰਡੀ ਪ੍ਰਚਾਰ ਨੂੰ ਜਾਗਰੁਕਤਾ ਫੈਲਾਣਾ ਅਰਥਾਤ ਸਹੀ ਪੰਥ ਦੀ ਸੇਵਾ ਮੰਨ ਬੈਠਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਹਰ ਜਾਗਰੁਕ ਗਰੁੱਪ ਵਿੱਚ ਕੁਝ ਕੁ ਅਜਿਹੀ ਸੋਚਣੀ ਵਾਲੇ ਵੀ ਹੁੰਦੇ ਹੀ ਹਨ ਜੋ ਦੂਸਰੇ ਦੇ ਗੁਣਾਂ ਦੀ ਸਾਂਝ ਕਰਨ ਨਾਲੋਂ ਆਪਣੇ ਵਿਚਾਰਾਂ ਨਾਲ ਨਾ ਮਿਲਦੇ ਵਿਚਾਰਾਂ ਨੂੰ ਹੀ ਨਿਸ਼ਾਨਾਂ ਬਣਾ ਵਿਰੋਧੀ ਹੋਣ ਦਾ ਭਰਮ ਪਾਲ਼ ਬੈਠਦੇ ਹਨ। ਕਈ ਵਾਰ ਅਜਿਹਾ ਵੀ ਦੇਖਿਆ ਗਿਆ ਹੈ ਕਿ ਕਿਸੇ ਗਰੁੱਪ ਦਾ ਇਕ ਲਿਖਾਰੀ ਆਪਣੇ ਹੀ ਗਰੁੱਪ ਵਿੱਚ ਨਿਧੜਕ ਲਿਖਾਰੀ ਅਖਵਾਉਣ ਲਈ, ਆਪਣੀ ਲਕੀਰ ਵੱਡੀ ਕਰਨ ਦੀ ਚਾਹਤ ਵਿੱਚ ਦੂਸਰੇ ਦੀ ਲਕੀਰ ਛੋਟੀ ਕਰਨ ਦੀ ਨੀਤੀ ਤਹਿਤ ਹੀ ਲਿਖਦਾ ਹੈ ਜਿਸ ਦੇ ਨਤੀਜੇ ਵਜੋਂ ਦੂਜੇ ਗਰੁੱਪ ਦੇ ਬੰਦੇ ਇਸ ਲਿਖਤ ਦਾ ਜਵਾਬ ਦੇਣ ਲਈ ਉਸ ਤੋਂ ਵੀ ਅੱਗੇ ਵਧਦੇ ਹਨ। ਇਸ ਤਰਾਂ ਦੇ ਭਰਾ ਮਾਰੂ ਕਲਮੀਂ ਯੁੱਧ ਦਾ ਸੱਦਾ ਅਕਸਰ ਮੀਡੀਆ ਵਿੱਚ ਛਪਦਾ ਹੀ ਰਹਿੰਦਾ ਹੈ। ਕਈ ਵਾਰ ਮੀਡੀਆ ਵੀ ਅਜਿਹੀਆਂ ਭਰਾ ਮਾਰੂ ਲੜਾਈ ਛੇੜਨ ਵਾਲੀਆਂ ਚਿੱਠੀਆਂ ਨੂੰ ਆਪਣੇ ਮੰਚ ਦੀ ਮਸ਼ਹੂਰੀ ਲਈ ਵਰਤ ਰਿਹਾ ਹੁੰਦਾ ਹੈ। ਇਸ ਤਰਾਂ ਇਹ ਜਾਗਰੂਕ ਜਾਣੇ-ਅਣਜਾਣੇ ਇਕ ਤਾਂ ਆਪਣੀ ਤਾਕਤ ਅਜਿਹੇ ਪਰਿਵਾਰਕ ਜੋਰ ਅਜਮਾਊ ਲੜਾਈ ਵਿੱਚ ਨਸ਼ਟ ਕਰਦੇ ਹਨ ਦੂਜਾ ਅਜਿਹੇ ਜਾਗਰੁਕਾਂ ਨਾਲ ਨਵੇਂ ਜੁੜ ਰਹੇ ਬੰਦੇ ਵੀ ਦੂਰ ਜਾਣ ਲਗਦੇ ਹਨ ਜਿਸ ਨਾਲ ਡੇਰੇਦਾਰੀ ਕਰਮਕਾਂਢੀ ਸੋਚ ਬਿਨਾਂ ਕੁਝ ਕੀਤੇ ਆਪਣੀ, ਆਪਣੇ ਆਪ ਵਧ ਰਹੀ ਤਾਕਤ ਦੇਖਕੇ ਹੱਸ ਰਹੀ ਹੁੰਦੀ ਹੈ।
ਕਿਸੇ ਸਾਂਝੇ ਪਲੇਟਫਾਰਮ ਦੀ ਘਾਟ ਕਾਰਣ ਜਾਗਰੂਕ ਵਰਗ ਇਕੱਠਿਆਂ ਤੁਰਨ ਤੋਂ ਇਨਕਾਰੀ ਜਾਪਦਾ ਹੈ। ਅਗਰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸਿੱਖਾਂ ਵਿੱਚ ਨਾਂ ਜਾਗਰੁਕਾਂ ਦੀ ਕਮੀਂ ਹੈ ਨਾਂ ਜਾਗਰੁਕ ਸੰਸਥਾਂਵਾਂ ਦੀ। ਨਾਂ ਜਾਗਰੁਕ ਵਿਦਵਾਨਾਂ ਦੀ ਕਮੀਂ ਹੈ ਨਾਂ ਜਾਗਰੁਕ ਪਰਚਾਰਕਾਂ ਦੀ। ਅਗਰ ਕਮੀਂ ਹੈ ਤਾਂ ਖੁਦ ਨੂੰ ਲੋਕਾਂ ਦੀ ਨਿਗਾਹ ਵਿੱਚ ਨਾ ਦਿਖਣ ਯੋਗ ਕਿਸੇ ਮੋਤੀਆਂ ਦੀ ਮਾਲਾ ਵਿਚਲੇ ਧਾਗੇ ਵਾਂਗ ਸਭ ਜਾਗਰੁਕਾਂ ਨੂੰ ਇਕ ਪਲੇਟ ਫਾਰਮ ਤੇ ਲਿਆ ਕੇ ਸਾਂਝਿਆਂ ਖੜਾ ਕਰਨ ਵਾਲੀ ਗੁਰਮਤੀ ਜੁਗਤਿ ਤੇ ਚੱਲਣ ਵਾਲੇ ਹਉਮੇ ਰਹਿਤ ਨਿਸ਼ਕਾਮ ਆਗੂਆਂ ਦੀ। ਹਰ ਕੋਈ ਚਾਹੁੰਦਾ ਹੈ ਸਭ ਜਾਗਰੂਕ ਇਕੱਠੇ ਤਾਂ ਹੋਣੇ ਚਾਹੀਦੇ ਹਨ ਪਰ ਸਾਡੇ ਝੰਡੇ ਥੱਲੇ। ਪਹਿਲਾਂ ਜੱਥੇਬੰਦੀ ਬਣਾਕੇ ਬਾਕੀਆਂ ਨੂੰ ਇਸਦੇ ਨਾਲ ਜੁੜਨ ਦਾ ਸੱਦਾ ਏਕਤਾ ਦੀ ਕੋਸ਼ਿਸ਼ ਤਾਂ ਜਾਪਦਾ ਹੈ ਪਰ ਸਮੇਂ ਅਨੁਸਾਰ ਵਿਵਹਾਰਕ ਨਹੀਂ ਜਾਪਦਾ। ਸਮੇਂ ਦੀ ਨਜਾਕਤ ਸਮਝਦਿਆਂ ਹਰ ਜਾਗਰੂਕ ਗਰੁੱਪ ਨੂੰ ਨਾਲ ਤੋਰਨ ਲਈ ਉਸਦੇ ਗਰੁੱਪ ਨੂੰ ਹੀ ਨਾਲ ਲੈ ਕੇ ਪੰਚ ਪ੍ਰਧਾਨੀ ਅਗਵਾਈ ਵਾਲਾ ਸਮੇਂ ਅਨਕੂਲ ਭਾਈਚਾਰਕ ਸਾਂਝ ਪੈਦਾ ਕਰਦਾ ਵੱਡਾ ਫਰੰਟ/ਬੋਰਡ ਬਣਾਉਣ ਦੀ ਲੋੜ ਹੈ, ਜਿਸ ਦਾ ਕੋਈ ਘੱਟੋ ਘੱਟ ਸਾਂਝਾ ਅਧਾਰ ਨਿਸ਼ਚਿਤ ਕਰਿਆ ਜਾਵੇ। ਕਿਸੇ ਕੇਂਦਰੀ ਜਾਗਰੂਕ ਜੱਥੇਬੰਦੀ ਦੀ ਘਾਟ ਕਾਰਨ ਹੀ ਅੱਜ ਸਭ ਜਾਗਰੁਕ ਗਰੁੱਪਾਂ ਦੇ ਮੂੰਹ ਇਕ ਦੂਜੇ ਦੇ ਉਲਟ ਹਨ। ਹਰ ਕੋਈ ਇੱਕ ਦੋ ਨੁਕਤਿਆਂ ਦੇ ਵਖਰੇਵੇਂ ਕਾਰਣ ਹੀ ਇਕ ਦੂਜੇ ਨਾਲ ਚਲਣੋਂ ਅਸਮਰੱਥ ਜਾਪਦਾ ਹੈ। ਖੁਦ ਨੂੰ ਪੰਥਕ ਤੇ ਦੂਜੇ ਨੂੰ ਨਾਸਤਿਕ ਕਹਿਣਾ ਬੱਚਿਆਂ ਵਾਲਾ ਸ਼ੁਗਲ ਹੀ ਬਣ ਚੁੱਕਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਜਨੇਊ ਪਾਉਣੋਂ ਇਨਕਾਰ ਕੀਤਾ ਤਾਂ ਸਦੀਆਂ ਦੀ ਮਨੌਤ ਤੋੜਨ ਕਾਰਣ ਸਭ ਨੂੰ ਨਾਸਤਿਕ ਹੀ ਜਾਪੇ ਸਨ। ਸਭ ਜਾਣਦੇ ਹਨ ਕਿ ਜਦੋਂ ਵੀ ਕੋਈ ਕਿਸੇ ਦੂਸਰੇ ਨੂੰ ਨਾਸਤਿਕ ਆਖ ਰਿਹਾ ਹੁੰਦਾ ਹੈ ਤਾਂ ਇਕ ਤਰਾਂ ਨਾਲ ਆਪਣੇ ਆਪ ਨੂੰ ਆਸਤਕ ਸਾਬਤ ਕਰ ਰਿਹਾ ਹੁੰਦਾ ਹੈ। ਜਿੱਥੋਂ ਤੱਕ ਦਿਮਾਗ ਨੂੰ ਗਲ ਸਮਝ ਆ ਜਾਵੇ ਉਥੋਂ ਤੱਕ ਤੱਤ ਗੁਰਮਤਿ ਅਤੇ ਜਿਹੜੀ ਦਿਮਾਗ ਦੇ ਦਾਇਰੇ ਤੋਂ ਪਰੇ ਹੁੰਦੀ ਹੈ ਉਸਨੂੰ ਨਾਸਤਿਕਤਾ ਦਾ ਆਰੰਭ ਅਤੇ ਗੁਰਮਤਿ ਦੇ ਮੁਢਲੇ ਸਿਧਾਂਤਾਂ ਦਾ ਘਾਣ ਜਾਪਣ ਲਗਦਾ ਹੈ। ਆਪਣੀ ਸੋਚ ਧਰਮ ਦੇ ਘੇਰੇ ਅੰਦਰ ਅਤੇ ਦੂਜੇ ਦੀ ਸੋਚ ਧਰਮ ਦਾ ਬੁਨਿਆਦੀ ਢਾਂਚਾ ਹਲਾਉਂਦੀ ਜਾਪਦੀ ਹੈ। ਅਜਿਹੀ ਆਪਣੇ ਮੂੰਹੋਂ ਮੀਆਂ ਮਿੱਠੂ ਵਾਲੀ ਗੱਲ ਸਾਡੇ ਤੋਂ ਮੈਂ/ਹਉਮੇ ਹੀ ਕਰਵਾ ਰਹੀ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ ਕਿ ਹਉਮੇ ਅਤੇ ਨਾਮ ਇਕੱਠੇ ਨਹੀਂ ਵਸਦੇ। ਦੂਜੇ ਗਰੁੱਪ ਦੁਆਰਾ ਕਰੇ ਗਏ ਕਿਸੇ ਵਧੀਆ ਕੰਮ ਦੀ ਸਰਾਹਨਾਂ ਕਰਨ ਨਾਲੋਂ ਉਸ ਗਰੁੱਪ ਵਲੋਂ ਹੋਈ ਕਿਸੇ ਗਲਤੀ ਨੂੰ ਫੜਕੇ ਸਾਰੇ ਕੰਮ ਨੂੰ ਹੀ ਭੰਡਣ ਦਾ ਨਜਰੀਆ ਭਾਰੂ ਹੋ ਗਿਆ ਹੈ। ਆਨੇ ਬਹਾਨੇ ਦੂਜੀ ਧਿਰ ਨੂੰ ਇਸ਼ਾਰਿਆਂ ਨਾਲ ਤਾਹਨੇ ਮਿਹਣੇ ਦੇਣੇ ਆਪਦੇ ਗਰੁੱਪ ਨਾਲ ਵਫਾਦਾਰੀ ਪ੍ਰਗਟਾਉਣ ਦਾ ਢੰਗ ਬਣ ਗਿਆ ਹੈ। ਅਕਸਰ ਹੀ ਕਿਸੇ ਏਕਤਾ ਦੀ ਅਪੀਲ ਸਮੇ ਦੂਜੇ ਨੂੰ ਅੜਿੱਕਾ ਸਾਹਿਬ ਸਾਬਤ ਕਰਨਾ ਅਤੇ ਆਪਣੇ ਆਪ ਨੂੰ ਏਕਤਾ ਲਈ ਸ਼ੁਹਿਰਦ ਹੋਣਾ ਦਰਸਾਉਣਾ ਵੀ ਸਾਡਾ ਸੁਭਾਅ ਦਾ ਇੱਕ ਹਿੱਸਾ ਬਣ ਚੁੱਕਾ ਹੈ।
ਅਗਰ ਗਿਣਤੀ ਕਰੀ ਜਾਵੇ ਤਾਂ ਇਸ ਵੇਲੇ ਅਨੇਕਾਂ ਜਾਗਰੁਕ ਵਿਦਵਾਨ, ਜਾਗਰੁਕ ਪਰਚਾਰਕ, ਜਾਗਰੁਕ ਸੰਸਥਾਵਾਂ, ਜਾਗਰੁਕ ਅਖਵਾਰ, ਜਾਗਰੁਕ ਵੈਬਸਾਈਟਾਂ ਹਨ। ਲੋੜ ਇਸ ਗਲ ਦੀ ਹੈ ਕਿ ਇਹਨਾਂ ਨੂੰ ਇਕ ਮੰਚ ਤੇ ਕਿੰਝ ਲਿਆਂਦਾ ਜਾਵੇ। ਅਗਰ ਸਾਰੇ ਜਾਗਰੁਕ ਅਖਵਾਰ ਅਤੇ ਵੈੱਬਸਾਈਟਾਂ ਜਾਗਰੁਕਤਾ ਲਹਿਰ ਦੇ ਵਖਰੇਵਿਆਂ ਨੂੰ ਇਕ ਪਰਿਵਾਰ ਦੀਆਂ ਅੰਦਰੂਨੀ ਊਣਤਾਈਆਂ ਸਮਝ ਇਹਨਾਂ ਵਖਰੇਵਿਆਂ ਨੂੰ ਕੇਵਲ ਜਾਗਰੁਕ ਪਰਿਵਾਰ ਨਾਲ ਹੀ ਬੈਠਕੇ ਹੱਲ ਕਰਨ ਦੀ ਮਨਸ਼ਾ ਨਾਲ ਸੰਗਤੀ ਤੌਰ ਤੇ ਪੇਸ਼ ਕਰਨੋ/ਜਨਤਕ ਕਰਨੋ ਹਟਕੇ ਕੇਵਲ ਜਾਗਰੁਕਾਂ ਦੇ ਸਹਿਮਤ ਦਾਇਰੇ ਦੀਆਂ ਗਤੀਵਿਧੀਆਂ ਦੇ ਗੁਣਾਂ ਦੀ ਸਾਂਝ ਪਾਉਣਾ ਸ਼ੁਰੂ ਕਰ ਦੇਣ ਤਾਂ ਇਕ ਵੱਡੇ ਮੀਡੀਏ ਦੀ ਘਾਟ ਰਲ਼-ਮਿਲ਼ ਪੂਰੀ ਕੀਤੀ ਜਾ ਸਕਦੀ ਹੈ। ਜਿਨੀ ਵੀ ਕੋਈ ਸੇਵਾ ਕਰਦਾ ਹੈ ਸਵੀਕਾਰ ਕਰ ਲੈਣੀ ਚਾਹੀਦੀ ਹੈ। ਇਹ ਦੇਖਿਆ ਗਿਆ ਹੈ ਕਿ ਅੱਜ ਦਾ ਵਿਦਵਾਨ ਆਪਣੀ ਨਿੱਜੀ ਵਿਦਵਤਾ ਦੇ ਘੇਰੇ ਵਿੱਚ ਵਿਚਰਦਾ ਹੈ ਅਤੇ ਪਰਚਾਰਕ ਆਪਣੀ ਸੰਸਥਾ ਦੀ ਨਿਯਮਾਵਲੀ ਦੇ ਘੇਰੇ ਅੰਦਰ। ਅਜਿਹੇ ਸਮੇਂ ਅਗਰ ਸਭ ਜਾਗਰੁਕਾਂ ਨੂੰ ਇਕ ਝੰਡੇ ਥੱਲੇ ਵਿਚਰਦਾ ਤੱਕਣਾ ਹੈ ਤਾਂ ਸਭ ਕਲਮਾਂ ਨੂੰ ਜਾਗਰੂਕ ਵਿਦਵਾਨਾਂ, ਜਾਗਰੁਕ ਪਰਚਾਰਕਾਂ, ਜਾਗਰੁਕ ਸੰਸਥਾਵਾਂ ਦੇ ਵਿਰੋਧ ਵਿੱਚ ਚੱਲਣਾ ਛੱਡਣਾ ਪਵੇਗਾ ਅਤੇ ਕੇਵਲ ਗੁਣਾਂ ਦੀ ਸ਼ਾਂਝ ਵਲ ਕਦਮ ਪੁੱਟਣੇ ਪੈਣਗੇ। ਪਰਿਵਾਰਕ ਭਿੰਨਤਾਵਾਂ ਵੀ ਪਰਿਵਾਰਿਕ ਦਾਇਰੇ ਵਿੱਚ ਆਕੇ ਗੁਰਮਤਿ ਜੁਗਤ ਨਾਲ ਘਟਾਈਆਂ ਜਾ ਸਕਦੀਆਂ ਹਨ। ਬਹੁਤ ਸਾਰੇ ਜਾਗਰੂਕ ਅਤੇ ਸੰਸ਼ਥਾਵਾਂ ਅਕਸਰ ਇਹ ਕਹਿੰਦੀਆਂ ਹਨ ਕਿ ਸਿਧਾਂਤ ਤੋਂ ਹਟਕੇ ਏਕਤਾ ਦਾ ਕੋਈ ਫਾਇਦਾ ਨਹੀਂ। ਇਹ ਗਲ ਠੀਕ ਵੀ ਹੈ। ਪਰ ਕਿਸੇ ਕਾਰਣ ਸਮਾਂਨੰਤਰ ਚਲ ਰਹੀ ਕਿਸੇ ਸੰਸਥਾ ਨਾਲ ਏਕਤਾ ਨਹੀਂ ਕਰੀ ਜਾ ਸਕਦੀ ਤਾਂ ਘੱਟੋ ਘੱਟ ਉਸ ਸੰਸਥਾ ਦੀ ਵਿਰੋਧਤਾ ਤਾਂ ਨਾਂ ਕਰੀਏ। ਉਸਨੂੰ ਉਸਦੇ ਤਰੀਕੇ ਅਤੇ ਨੀਤੀ ਨਾਲ ਕੰਮ ਕਰਨ ਦੇਈਏ ਆਪ ਆਪਣੇ ਤਰੀਕੇ ਕੰਮ ਕਰਦੇ ਜਾਈਏ। ਇਸ ਨਾਲ ਜਾਗਰੁਕਾਂ ਦੇ ਵਿਰੋਧੀਆਂ ਦਾ ਕੰਮ ਅਸਾਨ ਕਰਨ ਵਿੱਚ ਮਦਦਗਾਰ ਤਾਂ ਨਹੀਂ ਬਣਾਂਗੇ ਅਤੇ ਨਾਂ ਹੀ ਆਪਣਿਆਂ ਦੀਆਂ ਲੱਤਾਂ ਖਿਚਕੇ ਸਾਂਝੇ ਕੰਮ ਨੂੰ ਪੁੱਠਾ ਗੇੜਾ ਦੇਣ ਦੇ ਭਾਗੀਦਾਰ ਬਣਾਂਗੇ। ਇਕ ਪਾਸੇ ਬਹੁਤ ਵੱਡਾ ਮਜ਼ਹਬੀ-ਰਾਜਨੀਤਕ ਸਦੀਆਂ ਤੋਂ ਹਰ ਹੀਲਾ, ਹਰ ਨੀਤੀ ਵਰਤਕੇ ਮਨੁੱਖੀ ਮਨਾਂ ਤੇ ਪਕੜ ਬਣਾਈ ਬੈਠਾ ਬਹੁਸੰਮਤੀ ਵਾਲਾ ਗੱਠਜੋੜ ਹੈ, ਦੂਜੇ ਪਾਸੇ ਕੁਝ ਕੁ ਆਪਸ ਵਿੱਚ ਹੀ ਸਿੰਗ ਫਸਾਈ ਬੈਠੇ ਜਾਗਰੁਕ ਧੜੇ ਜੋ ਸਥਾਪਤੀ ਦੀ ਹਰ ਤਰਾਂ ਦੀ ਜਾਗਰੁਕਤਾ ਵਿਰੋਧੀ, ਲੁਕਾਈ ਨੂੰ ਸਦੀਆਂ ਤੱਕ ਮਾਨਸਿਕ ਗੁਲਾਮ ਬਣਾ ਆਪਣਾ ਉੱਲੂ ਸਿੱਧਾ ਕਰਨ ਵਾਲੀ ਦੂਰ ਅੰਦੇਸ਼ੀ ਨੀਤੀ ਤੋਂ ਬੇਖਬਰ ਹਨ।




.