.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਆਖਰੀ ਕਿਸ਼ਤ)

ਪ੍ਰੈਸ ਕਾਨਫਰੰਸ ਵਾਲੇ ਕਮਰੇ ਦੇ ਬਾਹਰ ਬਰਾਮਦੇ ਵਿੱਚ ਹੀ ਮੌਲਵੀ ਸਾਬ੍ਹ ਖੜੇ ਮਿਲ ਗਏ। ਉਨ੍ਹਾਂ ਅੱਗੇ ਵਧ ਕੇ ਬਲਦੇਵ ਸਿੰਘ ਨੂੰ ਜੱਫੀ ਵਿੱਚ ਲੈ ਲਿਆ ਤੇ ਗੱਲ ਲਗਦੇ ਹੋਏ ਬੋਲੇ, “ਸ਼ੁਕਰ ਹੈ ਖੁਦਾ ਕਾ ਕਿ ਆਪ ਮਹਿਫੂਜ਼ ਹੈਂ, ਹਮੇਂ ਤੋ ਆਪ ਕੀ ਬਹੁਤ ਫਿਕਰ ਹੋ ਰਹੀ ਥੀ। . . ਦੇਖੀਏ … ਕਿਤਨੀ ਬਦਕਿਸਮਤੀ ਹੈ ਇਸ ਮੁਲਕ ਕੀ, … ਕੈਸੀ ਸਿਆਸਤ ਖੇਲੀ ਜਾ ਰਹੀ ਹੈ ਯਹਾਂ ਕਿ ਭਾਈ ਕੇ ਹਾਥੋਂ ਭਾਈ ਕੋ ਮਰਵਾ ਦੀਆ। … ਬਹੁਤ ਜ਼ੁਲਮ ਹੂਆ ਹੈ ਸਰਦਾਰ ਸਾਬ੍ਹ, . . ਬਹੁਤ ਅਫਸੋਸ ਕੀ ਬਾਤ ਹੈ।” ਮੌਲਵੀ ਨੇ ਬਲਦੇਵ ਸਿੰਘ ਨੂੰ ਬਾਹਵਾਂ ਵਿੱਚ ਘੁੱਟ ਕੇ ਕਿਹਾ, ਮੌਲਵੀ ਦਾ ਹਰ ਲਫ਼ਜ਼ ਉਸ ਦੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਨਿਕਲਦਾ ਮਹਿਸੂਸ ਹੋ ਰਿਹਾ ਸੀ। ਅਸਲ ਵਿੱਚ ਚੌਧਰੀ ਤਾਂ ਅਜੇ ਵਾਪਸ ਨਹੀਂ ਸੀ ਆਇਆ, ਮੌਲਵੀ ਨੇ ਹੀ ਬੰਦੇ ਨੂੰ ਬਲਦੇਵ ਸਿੰਘ ਨੂੰ ਬੁਲਾਉਣ ਵਾਸਤੇ ਭੇਜਿਆ ਸੀ।
“ਹਾਂ ਮੌਲਵੀ ਸਾਬ੍ਹ, ਇਸ ਨਾਲੋਂ ਦੁਖਦਾਈ ਹੋਰ ਕੀ ਹੋ ਸਕਦਾ ਹੈ ਕਿ ਸਿਆਸਤ ਵਾਸਤੇ ਇਨਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਹੈ। ਇਸ ਦੇਸ਼ ਵਿੱਚ ਤਾਂ ਸਿਆਸਤ ਦਾ ਪੱਧਰ ਮਨੁੱਖੀ ਕਦਰਾਂ ਕੀਮਤਾਂ ਤੋਂ ਬਹੁਤ ਥਲੇ ਚਲਾ ਗਿਆ ਹੈ”, ਬਲਦੇਵ ਸਿੰਘ ਨੇ ਮੌਲਵੀ ਦੀ ਗਲਵੱਕੜੀ ਤੋਂ ਅਲੱਗ ਹੁੰਦੇ ਹੋਏ ਕਿਹਾ।
“ਸਰਦਾਰ ਸਾਬ੍ਹ, ਸਤਰ ਸਿਆਸਤ ਕਾ ਨਹੀਂ ਗਿਰਤਾ, ਇਨਸਾਨੋਂ ਕਾ ਗਿਰਤਾ ਹੈ। ਜਬ ਇਨਸਾਨੋਂ ਕਾ ਗਿਰਤਾ ਹੈ, ਤੋ ਸਿਆਸਤ ਤੋ ਖੁਦ ਹੀ ਨੀਚੇ ਗਿਰ ਜਾਤੀ ਹੈ, ਯਹਾਂ ਇਨਸਾਨੋਂ ਕਾ ਸਤਰ ਬਹੁਤ ਗਿਰ ਗਿਆ ਹੈ। ਕੱਲ ਤੱਕ ਅੰਗਰੇਜ਼ੋਂ ਕੋ ਕਹਿਤੇ ਥੇ ਕਿ ‘ਫਾੜੋ ਔਰ ਰਾਜ ਕਰੋ ਕੀ ਨੀਤੀ’ ਪਰ ਚਲ ਰਹੇ ਹੈਂ, ਆਜ ਖ਼ੁਦ ਉਸੀ ‘ਫਾੜੋ ਔਰ ਰਾਜ ਕਰੋ ਕੀ ਨੀਤੀ’ ਮੇਂ ਉਨ ਸੇ ਆਗੇ ਨਿਕਲ ਗਏ ਹੈਂ। ਇਤਨੇ ਜ਼ੁਲਮ ਤੋਂ ਅੰਗਰੇਜ਼ੋਂ ਨੇ ਆਪਣੇ ਦੋ ਸੌ ਸਾਲ ਕੇ ਰਾਜ ਮੇਂ ਅਪਨੇ ਗੁਲਾਮੋਂ ਪਰ ਨਹੀਂ ਕੀਏ ਜਿਤਨੇ ਇਨ ਅਹਿੰਸਾ ਕੇ ਪੁਜਾਰੀਓਂ ਨੇ 37 ਸਾਲ ਕੇ ਰਾਜ ਮੇਂ ਆਪਨੀ ਹੀ ਜਨਤਾ ਪਰ ਕਰ ਦੀਏ ਹੈਂ”, ਮੌਲਵੀ ਅੰਦਰੋਂ ਬਹੁਤ ਭਰਿਆ ਹੋਇਆ ਲਗਦਾ ਸੀ।
“ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਹ ਕੁਰਸੀ ਦੇ ਲਾਲਚ ਵਿੱਚ ਇਤਨਾ ਵੀ ਨਹੀਂ ਸੋਚਦੇ ਕਿ ਆਪਣੇ ਹੀ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਾਂ। ਇਹ ਇਨ੍ਹਾਂ ਦੀ ਸੰਸਾਰ ਤੋਂ ਵਖਰੀ ਨਵੀਂ ਨੀਤੀ ਹੈ ਕਿ ਕੁੱਟ ਕੇ ਵਫਾਦਾਰ ਬਨਾਉਣਾ ਚਾਹੁੰਦੇ ਹਨ। ਇਤਨਾ ਕਹਿਰ ਵਸਾ ਕੇ ਇਹ ਕੀ ਆਸ ਰਖਦੇ ਹਨ?” ਬਲਦੇਵ ਸਿੰਘ ਨੇ ਉਸ ਦੀਆਂ ਗੱਲਾਂ ਦੀ ਪ੍ਰੋੜਤਾ ਕੀਤੀ। ਦੁੱਖ ਤਾਂ ਭਰਿਆ ਹੀ ਪਿਆ ਸੀ ਉਸ ਦੇ ਹਰ ਸ਼ਬਦ `ਚੋਂ ਰੋਸ ਵੀ ਸਾਫ ਪਰਗੱਟ ਹੋ ਰਿਹਾ ਸੀ।
“ਬਿਲਕੁਲ ਸਹੀ ਫੁਰਮਾ ਰਹੇ ਹੈਂ ਆਪ। ਜਬ ਆਪ ਕੇ ਮੁਕੱਦਸ ਦਰਬਾਰ ਸਾਹਿਬ ਪਰ ਫ਼ੌਜ ਕਾ ਹਮਲਾ ਕੀਆ ਗਿਆ ਤੋ ਮੈਂ ਅਪਨੇ ਸਾਥੀਓਂ ਸੇ ਕਹਿ ਰਹਾ ਥਾ ਕਿ ਯੇਹ ਜਹਾਂ ਤੱਕ ਗਿਰ ਗਏ ਹੈਂ, ਅਬ ਯੇਹ ਹਮੇਂ ਭੀ ਨਹੀਂ ਛੋੜੇਂਗੇ। ਧੀਰੇ ਧੀਰੇ ਸਭੀ ਅਕਲੀਅਤੋਂ ਕੀ ਬਾਰੀ ਆਨੇ ਵਾਲੀ ਹੈ, ਹਮੇਂ ਭੀ ਐਸੀ ਹੀ ਕਿਸੀ ਕਾਰਵਾਈ ਕੇ ਲੀਏ ਤਿਆਰ ਰਹਿਨਾ ਚਾਹੀਏ, … ਪਰ ਯੇਹ ਨਹੀਂ ਮਾਲੂਮ ਥਾ ਕਿ ਅਭੀ ਇਨ ਕਾ ਦਿਲ ਨਹੀਂ ਭਰਾ, ਆਪ ਪਰ ਔਰ ਕਹਿਰ ਬਰਪਾਨਾ ਬਾਕੀ ਹੈ। … ਸਰਦਾਰ ਸਾਬ੍ਹ! ਹਮੇਂ ਤੋ ਯੇਹ ਸ਼ਾਂਤੀ ਕੀ ਅਪੀਲ ਔਰ ਸ਼ਾਂਤੀ ਮਾਰਚ ਭੀ ਪਾਖੰਡ ਲੱਗ ਰਹੇ ਹੈਂ ਕਿਉਂਕਿ ਪਰਸੋਂ ਰੋਜ਼ ਸੇ ਯਹੀ ਲੋਗ ਤੋ ਯੇਹ ਸਭ ਕਰਵਾ ਰਹੇ ਹੈਂ ਔਰ ਯਹੀ ਅਬ ਸ਼ਾਂਤੀ ਕੀ ਅਪੀਲ ਔਰ ਸ਼ਾਂਤੀ ਮਾਰਚ ਕਾ ਡਰਾਮਾ ਕਰ ਰਹੇ ਹੈਂ। ਹਮੇਂ ਤੋ ਯੇਹ ਬਤਾਇਆ ਕਿ ਆਪ ਚਾਹਤੇ ਹੈਂ ਕਿ ਸ਼ਾਂਤੀ ਕੀ ਅਪੀਲ ਕੀ ਜਾਏ ਤੋ ਹਮ ਆ ਗਏ ਵਰਨਾ ਹਮ ਕਭੀ ਨਹੀਂ ਆਤੇ”, ਮੌਲਵੀ ਹਰ ਗੱਲ ਬੜੀ ਸਪੱਸ਼ਟ ਕਰ ਰਿਹਾ ਸੀ। ਉਸ ਦਾ ਹਰ ਲਫ਼ਜ਼ ਸਚਾਈ ਦੀ ਹਾਮੀ ਭਰ ਰਿਹਾ ਸੀ।
“ਤੁਹਾਡੀ ਗੱਲ ਬਿਲਕੁਲ ਠੀਕ ਹੈ ਮੌਲਵੀ ਸਾਬ੍ਹ ਕਿ ਸਾਰੀਆਂ ਘੱਟ-ਗਿਣਤੀ ਕੌਮਾਂ ਇਨ੍ਹਾਂ ਦੇ ਨਿਸ਼ਾਨੇ ਤੇ ਹਨ, ਇਹ ਤਾਂ ਪਹਿਲਾ ਨਿਸ਼ਾਨਾ ਸਾਨੂੰ ਬਣਾਇਆ ਗਿਆ ਹੈ ਕਿਉਂਕਿ ਪਹਿਲਾਂ ਤਾਂ ਅਸੀਂ ਸਭ ਤੋਂ ਵਧੇਰੇ ਘੱਟ ਗਿਣਤੀ ਵਿੱਚ ਹਾਂ ਅਤੇ ਦੂਸਰਾ ਦੁਨੀਆਂ ਵਿੱਚ ਕੋਈ ਦੇਸ਼ ਨਹੀਂ ਜੋ ਸਾਡੇ ਵਾਸਤੇ ਹਾਅ ਦਾ ਨਾਹਰਾ ਮਾਰਨ ਵਾਲਾ ਹੋਵੇ।
ਮੈਨੂੰ ਇਹ ਵੀ ਪਤਾ ਹੈ ਇਹ ਸਾਰਾ ਜ਼ੁਲਮ ਇਨ੍ਹਾਂ ਕਾਂਗਰਸੀ ਆਗੂਆਂ ਨੇ ਹੀ ਕਰਵਾਇਆ ਹੈ …ਪਰ ਸਾਡੀ ਹਾਲਤ ਵੀ ਤਾਂ ਵੇਖੋ, …ਇਕੋ ਦਿਨ ਵਿੱਚ ਸੈਂਕੜੇ ਸਿੱਖਾਂ ਨੂੰ ਇਕੱਲੇ ਇਥੇ ਕਾਨਪੁਰ ਵਿੱਚ ਹੀ ਮਾਰ ਮੁਕਾਇਆ ਹੈ, ਬਾਕੀ ਜੋ ਮਾਲੀ ਨੁਕਸਾਨ ਕੀਤਾ ਹੈ ਉਸ ਦਾ ਤਾਂ ਹਿਸਾਬ ਹੀ ਕੋਈ ਨਹੀਂ”, ਕਹਿੰਦਿਆਂ ਬਲਦੇਵ ਸਿੰਘ ਦਾ ਮਨ ਭਰ ਆਇਆ ਤੇ ਉਸ ਦੀ ਅਵਾਜ਼ ਵਿੱਚੇ ਰੁੱਕ ਗਈ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਰੁਮਾਲ ਨਾਲ ਅੱਖਾਂ ਸਾਫ ਕਰਦੇ ਹੋਏ ਆਪਣੀ ਗੱਲ ਪੂਰੀ ਕੀਤੀ, “ਮੇਰੀ ਤਾਂ ਬਸ ਇਹੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਇਹ ਜ਼ੁਲਮ ਦੀ ਹਨੇਰੀ ਰੁਕੇ. . ।”
“ਵੁਹ ਤੋ ਬਿਲਕੁਲ ਠੀਕ ਹੈ ਸਰਦਾਰ ਜੀ, ਪਰ ਕੁਛ ਇਮਾਨਦਾਰੀ ਤੋ ਹੋਨੀ ਚਾਹੀਏ, ਜੋ ਇਨ ਮੇਂ ਬਿਲਕੁਲ ਨਹੀਂ ਹੈ। …ਅਭੀ ਦੇਖੀਏ ਕਰਫਿਊ ਕੇ ਪਾਸ ਉਨ੍ਹੀਂ ਲੋਗੋਂ ਕੋ ਦੀਏ ਜਾ ਰਹੇ ਹੈਂ ਜੋ ਅਭੀ ਤੱਕ ਲੂਟਮਾਰ ਕਰ ਰਹੇ ਥੇ ਔਰ ਸਿੱਖੋਂ ਕੇ ਕਤਲ ਕਰਵਾ ਰਹੇ ਥੇ। ਆਪ ਗਾਂਧੀਵਾਦੀ ਨੇਤਾ ਵਿਨੈਭਾਈ ਜੀ ਕੋ ਤੋ ਜਾਨਤੇ ਹੈਂ, ਕੈਸੇ ਧਰਮ ਨਿਰਪਕਸ਼ ਵਿਚਾਰੋਂ ਕੇ ਆਦਮੀਂ ਹੈਂ, ਉਨ ਕੋ ਕਰਫਿਊ ਪਾਸ ਨਹੀਂ ਦੀਆ ਗਿਆ, ਬਲਕਿ ਜਬ ਵੁਹ ਡੀ ਐਮ ਸੇ ਮਿਲਨੇ ਗਏ ਤੋ ਉਨ ਕੋ ਧਮਕਾਇਆ ਗਿਆ ਔਰ ਚੇਤਾਵਨੀ ਦੀ ਗਈ। ਅਨੰਦ ਮਾਧਵ ਜੀ ਜਿਨ੍ਹੋਂ ਨੇ ਦੇਸ਼ ਕੀ ਆਜ਼ਾਦੀ ਕੇ ਲੀਏ ਕੁਰਬਾਨੀਆਂ ਕੀ ਹੈਂ ਔਰ ਅਬ ਮਾਰਕਸਵਾਦੀ ਫਲਸਫੇ ਕੇ ਆਲਮ ਹੈਂ, ਉਨ ਕੋ ਮੈਜਿਸਟ੍ਰੇਟ ਕੇ ਹੁਕਮ ਪਰ ਮਾਰਾ-ਪੀਟਾ ਗਿਆ ਔਰ ਗ੍ਰਿਫਤਾਰ ਕਰ ਲੀਆ ਗਿਆ, …ਪਰ ਬਾਅਦ ਮੇਂ ਛੋੜ ਦੀਆ ਗਿਆ…।”
ਮੌਲਵੀ ਸਾਬ੍ਹ ਦੇ ਲਫਜ਼ ਅਜੇ ਵਿੱਚੇ ਸਨ ਕਿ ਚੌਧਰੀ ਕਮਰੇ ਵਿੱਚ ਦਾਖਲ ਹੋਇਆ ਤੇ ਉਨ੍ਹਾਂ ਵੱਲ ਹੀ ਵਧਿਆ। ਮੌਲਵੀ ਨਾਲ ਹੱਥ ਮਿਲਾਉਂਦਾ ਹੋਇਆ, ਆਪਣੇ ਪੀ ਏ ਬਿੰਦੇਸ਼ ਨੂੰ ਸੰਬੋਧਤ ਹੋਇਆ, “ਫਾਦਰ ਵਿਲਿਅਮ ਨਹੀਂ ਆਏ ਅਭੀ?”
“ਬਸ ਪਹੁੰਚਨੇ ਵਾਲੇ ਹੀ ਹੋਨੇ ਚਾਹੀਏ। ਕੁਛ ਦੇਰ ਪਹਿਲੇ ਟੈਲੀਫੋਨ ਸੇ ਪਤਾ ਕੀਆ ਥਾ, ਵੁਹ ਆਪਣੇ ਚਰਚ ਕੇ ਪਾਸ ਵਾਲੇ ਘਰ ਸੇ ਨਿਕਲ ਚੁਕੇ ਥੇ”, ਬਿੰਦੇਸ਼ ਨੇ ਵਾਪਸ ਜੁਆਬ ਦਿੱਤਾ।
ਅਸਲ ਵਿੱਚ ਹਾਲਾਤ ਦੀ ਨਾਜ਼ੁਕਤਾ ਕਾਰਨ ਬਲਦੇਵ ਸਿੰਘ ਨੂੰ ਤਾਂ ਚੌਧਰੀ ਘਰੋਂ ਨਾਲ ਲੈ ਆਇਆ ਸੀ ਪਰ ਮੌਲਵੀ ਸਾਬ੍ਹ ਅਤੇ ਪਾਦਰੀ ਵਿਲੀਅਮ ਨੇ ਆਪੇ ਪਹੁੰਚਣਾ ਸੀ, ਜਿਨ੍ਹਾਂ `ਚੋਂ ਮੌਲਵੀ ਸਾਬ੍ਹ ਤਾਂ ਪਹੁੰਚ ਚੁੱਕੇ ਸਨ ਅਤੇ ਪਾਦਰੀ ਵਿਲੀਅਮ ਦੀ ਇੰਤਜ਼ਾਰ ਹੋ ਰਹੀ ਸੀ।
“ਹਮੇਂ ਜਲਦੀ ਬੁਲਾ ਕਰ ਆਪ ਖੁਦ ਅਬ ਆ ਰਹੇ ਹੈਂ?” ਮੌਲਵੀ ਸਾਬ੍ਹ ਨੇ ਚੌਧਰੀ ਨੂੰ ਗਿਲਾ ਕੀਤਾ।
“ਨਹੀਂ ਮੌਲਵੀ ਸਾਬ੍ਹ! ਮੈਂ ਤੋ ਕਬ ਕਾ ਬਲਦੇਵ ਸਿੰਘ ਜੀ ਕੋ ਯਹਾਂ ਛੋੜ ਕਰ ਗਿਆ ਹੂੰ, ਅਸਲ ਮੇਂ ਮੁਝੇ ਏਕ ਦਮ ਨਵੀਨ ਮਾਰਕੀਟ ਕੀ ਤਰਫ ਭਾਗਨਾ ਪੜ ਗਿਆ”, ਚੌਧਰੀ ਨੇ ਸਫਾਈ ਦੇਂਦੇ ਹੋਏ ਕਿਹਾ।
“ਹਾਂ ਪਤਾ ਚਲਾ ਥਾ ਕਿ ਵਹਾਂ ਆਗ ਬਹੁਤ ਭੜਕ ਗਈ ਹੈ। ਅਬ ਕਿਆ ਹਾਲਾਤ ਹੈਂ ਵਹਾਂ?” ਮੌਲਵੀ ਨੇ ਜਗਿਆਸਾ ਵਿਖਾਉਂਦੇ ਹੋਏ ਪੁੱਛਿਆ।
“ਹਾਲਾਤ ਤੋ ਅੱਛੇ ਨਹੀਂ ਹੈਂ, ਕਈ ਆਗ ਬੁਝਾਨੇ ਕੇ ਦਮਕਲ ਲਗੇ ਹੂਏ ਹੈਂ ਪਰ ਆਗ ਕਾਬੂ ਮੇਂ ਨਹੀਂ ਆ ਰਹੀ ਬਲਕਿ ਬੜਤੀ ਹੀ ਜਾ ਰਹੀ ਹੈ”, ਚੌਧਰੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ।
“ਆਗ ਕਾਬੂ ਮੇਂ ਕੈਸੇ ਆਏਗੀ ਚੌਧਰੀ ਸਾਬ੍ਹ? ਆਪ ਕੇ ਫਾਇਰ ਬ੍ਰਿਗੇਡ ਕੇ ਮੁਲਾਜ਼ਿਮ ਭੀ ਤੋਂ ਇਮਾਨਦਾਰ ਨਹੀਂ ਹੈਂ, ਹਮੇਂ ਮਾਲੂਮ ਹੂਆ ਹੈ ਕਿ ਵੁਹ ਪਹਿਲੇ ਸੇ ਲੁਟੇ-ਪਿਟੇ ਸਿੱਖ ਭਾਈਓਂ ਸੇ ਪੈਸੇ ਲੇਕਰ ਆਗ ਬੁਝਾ ਰਹੇ ਹੈਂ, ਔਰ ਮੂੰਹ ਮਾਂਗੇ ਪੈਸੇ ਲੇ ਰਹੇ ਹੈਂ, ਯਹਾਂ ਤੱਕ ਕਿ ਕਿਸੀ ਸੇ ਉਨ੍ਹੋਂ ਨੇ ਯੇਹ ਸ਼ਰਤ ਰਖੀ ਕਿ ਦੁਕਾਨ ਕੀ ਆਗ ਇਸ ਸ਼ਰਤ ਪਰ ਬੁਝਾਏਂਗੇ ਕਿ ਜੋ ਚੀਜ਼ ਉਨ੍ਹੇਂ ਪਸੰਦ ਆਏਗੀ ਵੁਹ ਲੇ ਜਾਏਂਗੇ”, ਮੌਲਵੀ ਸਾਬ੍ਹ ਨੇ ਤਾਨ੍ਹਾ ਮਾਰਨ ਵਾਲੇ ਅੰਦਾਜ਼ ਵਿੱਚ ਕਿਹਾ।
ਚੌਧਰੀ ਨੂੰ ਸ਼ਾਇਦ ਮੌਲਵੀ ਸਾਬ੍ਹ ਦੀ ਗੱਲ ਚੰਗੀ ਨਹੀਂ ਸੀ ਲਗੀ, ਉਹ ਥੋੜ੍ਹਾ ਖਿਝਦਾ ਹੋਇਆ ਬੋਲਿਆ, “ਪਤਾ ਨਹੀਂ ਕੌਣ ਐਸੀ ਅਫਵਾਹੇਂ ਫੈਲਾ ਰਹਾ ਹੈ, ਹਮ ਨੇ ਤੋ ਵਹਾਂ ਐਸਾ ਕੁਛ ਦੇਖਾ-ਸੁਣਾ ਨਹੀਂ।”
ਮੌਲਵੀ ਸਾਬ੍ਹ ਦੇ ਕੁੱਝ ਜੁਆਬ ਦੇਣ ਤੋਂ ਪਹਿਲਾਂ ਹੀ ਬਲਦੇਵ ਸਿੰਘ ਬੋਲ ਪਿਆ, “ਹਰ ਜਗ੍ਹਾ ਦੀ ਤਰ੍ਹਾਂ, ਅੱਗ ਤਾਂ ਉਥੇ ਵੀ ਸਿੱਖਾਂ ਦੀਆਂ ਦੁਕਾਨਾਂ ਵਿੱਚ ਹੀ ਲਾਈ ਗਈ ਹੋਵੇਗੀ?
ਚੌਧਰੀ ਕੁੱਝ ਬੋਲਣ ਲੱਗਾ ਸੀ ਕਿ ਵਿੱਚੋਂ ਹੀ ਮੌਲਵੀ ਸਾਬ੍ਹ ਬੋਲ ਪਏ, “ਅਜੀ ਲਗਾਈ ਤੋ ਸਿੱਖੋਂ ਕੀ ਦੁਕਾਨੋਂ ਕੋ ਹੀ ਗਈ ਥੀ, ਅਬ ਆਗ ਤੋ ਆਗ ਹੈ, ਉਸਨੇ ਤੋ ਕੋਈ ਦੀਨ ਧਰਮ ਕਾ ਫਰਕ ਨਹੀਂ ਕਰਨਾ, …ਵੁਹ ਸਭੀ ਤਰਫ ਫੈਲ ਰਹੀ ਹੈ। …. ਅਬ ਇਸੀ ਬਾਤ ਕੀ ਤੋ ਪ੍ਰੇਸ਼ਾਨੀ ਹੋ ਰਹੀ ਹੈ।” ਮੌਲਵੀ ਨੇ ਤਿਰਸ਼ੀ ਅੱਖ ਨਾਲ ਚੌਧਰੀ ਵੱਲ ਵੇਖਦੇ ਹੋਏ ਕਿਹਾ। ਉਸ ਦੇ ਲਫਜ਼ਾਂ ਵਿੱਚ ਫੇਰ ਵਿਅੰਗ ਸੀ।
ਏਨੇ ਨੂੰ ਪਾਦਰੀ ਵਿਲੀਅਮ ਆਪਣੇ ਇੱਕ ਸਾਥੀ ਨਾਲ ਅੰਦਰ ਆਉਂਦੇ ਦਿਸੇ ਤੇ ਸਾਰੇ ਉਧਰ ਹੀ ਮੁੜ ਪਏ।
“ਬਸ ਆਪ ਕੀ ਹੀ ਇੰਤਜ਼ਾਰ ਹੋ ਰਹੀ ਥੀ”, ਚੌਧਰੀ ਨੇ ਉਸ ਦਾ ਸੁਆਗਤ ਕਰਦੇ ਹੋਏ ਕਿਹਾ ਤੇ ਫੇਰ ਸਾਰਿਆਂ ਨੇ ਵਾਰੀ ਵਾਰੀ ਉਸ ਨਾਲ ਹੱਥ ਮਿਲਾਇਆ।
ਅਜੇ ਇਹ ਮਿਲਣ ਦਾ ਸਿਲਸਿਲਾ ਚਲ ਹੀ ਰਿਹਾ ਸੀ ਕਿ ਬਿੰਦੇਸ਼ ਨੇ ਆਕੇ ਚੌਧਰੀ ਨੂੰ ਕਿਹਾ, “ਸਰ! ਪ੍ਰੈਸ ਵਾਲੇ ਇੰਤਜ਼ਾਰ ਕਰ ਰਹੇ ਹੈਂ।”
“ਹਾਂ, ਬਸ ਆ ਰਹੇ ਹੈਂ”, ਬਿੰਦੇਸ਼ ਨੂੰ ਜੁਆਬ ਦੇ ਕੇ ਚੌਧਰੀ ਬਾਕੀਆਂ ਵੱਲ ਮੁੜਿਆ, “ਹਮਨੇ ਸੋਚਾ ਤੋ ਥਾ ਕਿ ਪਹਿਲੇ ਆਪਸ ਮੇਂ ਕੁਛ ਸਲਾਹ ਮਸ਼ਵਰਾ ਕਰ ਲੇਂਗੇ ਕਿ ਕਿਆ ਬਾਤ ਕਰਨੀ ਹੈ, ਪਰ ਕਾਫੀ ਦੇਰ ਹੋ ਗਈ ਹੈ, ਅਬ ਪ੍ਰੈਸ ਕੋ ਔਰ ਇੰਤਜ਼ਾਰ ਕਰਵਾਨਾ ਠੀਕ ਨਹੀਂ ਹੋਗਾ। …. ਅਸਲ ਬਾਤ ਤੋ ਯਹੀ ਹੈ ਕਿ ਹਮ ਨੇ ਸ਼ਾਂਤੀ ਕੇ ਲੀਏ ਅਪੀਲ ਕਰਨੀ ਹੈ।” ਚੌਧਰੀ ਨੇ ਮੁੱਦੇ ਦੀ ਗੱਲ ਕੀਤੀ। ਬਾਕੀ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਹ ਪ੍ਰੈਸ ਕਾਨਫਰੰਸ ਵਾਲੇ ਕਮਰੇ ਵੱਲ ਤੁਰ ਪਏ।
ਸਭ ਤੋਂ ਪਹਿਲਾਂ ਚੌਧਰੀ ਨੇ ਪ੍ਰੈਸ ਦੇ ਨੁਮਾਂਇੰਦਿਆਂ ਨੂੰ ਜੀ ਆਇਆਂ ਆਖਿਆ ਤੇ ਫੇਰ ਅਗੋਂ ਗੱਲ ਸ਼ੁਰੂ ਕੀਤੀ, “ਹਮ ਆਜ ਬੜੇ ਦੁੱਖ ਕੇ ਮਾਹੌਲ ਮੇਂ, ਭਾਰੀ ਹ੍ਰਿਦੈ ਸੇ, ਆਪ ਕੋ ਸੰਬੋਧਤ ਹੋ ਰਹੇ ਹੈਂ, ਜਬ ਦੋ ਦਿਨ ਪਹਿਲੇ ਹਮਾਰੀ ਪ੍ਰਿਅ ਪ੍ਰਧਾਨ ਮੰਤਰੀ ਜੀ, ਜੋ ਕਿ ਦੇਸ਼ ਪਰੇਮ ਕੀ ਏਕ ਮਿਸਾਲ ਥੀਂ ਔਰ ਦੇਸ਼ ਕੀ ਜਨਤਾ ਜਿਨ੍ਹੇਂ ਦੇਵੀ ਕੀ ਤਰਹ ਪੂਜਤੀ ਥੀ, ਕੀ ਉਨ ਕੇ ਅਪਨੇ ਹੀ ਦੋ ਸਿੱਖ ਅੰਗ-ਰਕਸ਼ਕੋਂ ਨੇ ਨਿਰਮਮ ਹੱਤਿਆ ਕਰ ਦੀ, ਜਿਸ ਕੀ ਹਮ ਸਖ਼ਤ ਸ਼ਬਦੋਂ ਮੇਂ ਨਿੰਦਾ ਕਰਤੇ ਹੈਂ।” ਇਤਨਾ ਕਹਿ ਕੇ ਚੌਧਰੀ ਥੋੜ੍ਹਾ ਜਿਹਾ ਰੁਕਿਆ।
ਚੌਧਰੀ ਦੇ ਲਫ਼ਜ਼ਾਂ ਨੇ ਬਲਦੇਵ ਸਿੰਘ ਨੂੰ ਹੈਰਾਨ ਕਰ ਦਿੱਤਾ। ਉਸ ਮਹਿਸੂਸ ਕੀਤਾ ਕਿ ਸ਼ਾਂਤੀ ਅਪੀਲ ਦੇ ਨਾਂ ਤੇ ਉਸ ਨੂੰ ਫਸਾ ਲਿਆ ਗਿਆ ਹੈ। ਉਸ ਨੇ ਚੌਧਰੀ ਦੇ ਦੂਸਰੇ ਪਾਸੇ ਬੈਠੇ ਮੌਲਵੀ ਸਾਬ੍ਹ ਵੱਲ ਵੇਖਿਆ, ਉਨ੍ਹਾਂ ਦੇ ਚਿਹਰੇ ਤੇ ਇੱਕ ਵਿਅੰਗਮਈ ਮੁਸਕਾਨ ਸੀ। ਉਸ ਨੇ ਪੱਲ ਵਿੱਚ ਸੋਚ ਕੇ ਕੁੱਝ ਫੈਸਲਾ ਕੀਤਾ ਤੇ ਇਸ ਤੋਂ ਪਹਿਲਾਂ ਕਿ ਚੌਧਰੀ ਕੁੱਝ ਹੋਰ ਬੋਲਦਾ, ਉਹ ਛੇਤੀ ਨਾਲ ਬੋਲਿਆ, “ਚੌਧਰੀ ਸਾਬ੍ਹ, ਤੁਸੀਂ ਤਾਂ ਕਹਿੰਦੇ ਸੀ ਸ਼ਾਂਤੀ ਅਪੀਲ ਕਰਨੀ ਹੈ, ਪਰ ਤੁਸੀਂ ਤਾਂ ਸਗੋਂ ਭੜਕਾਉਣ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ?”
“ਸਰਦਾਰ ਜੀ, ਇਸ ਮੇਂ ਭੜਕਾਨੇ ਵਾਲੀ ਕੌਣ ਸੀ ਬਾਤ ਹੈ? ਦੇਖੀਏ ਪ੍ਰੈਸ ਵਾਲੋਂ ਸੇ ਬਾਤ ਕਰਨੇ ਕਾ ਕੁੱਛ ਤਰੀਕਾ ਹੋਤਾ ਹੈ, ਉਨ ਕੋ ਸਾਰੀ ਬਾਤ ਤੋ ਬਤਾਨੀ ਹੀ ਪੜੇਗੀ ਨਾ। ਅੱਬ ਪ੍ਰਧਾਨ ਮੰਤਰੀ ਜੀ ਕੀ ਨਿਰਮਮ ਹੱਤਿਆ ਕਾ ਬਤਾਨਾ, ਔਰ ਉਸ ਪੇ ਖੇਦ ਪ੍ਰਗੱਟ ਕਰਨਾ ਭੜਕਾਨਾ ਹੋ ਗਿਆ? ਜਨਤਾ ਹਮਾਰੀ ਬਾਤ ਪਰ ਨਹੀਂ ਬਲਕਿ ਆਪ ਕੀ ਇਨ੍ਹੀਂ ਬਾਤੋਂ ਪਰ ਭੜਕਤੀ ਹੈ ਜੋ ਆਪ ਲੋਗ ਉਨ ਕੀ ਨਿਰਮਮ ਹੱਤਿਆ ਪਰ ਖੇਦ ਭੀ ਨਹੀਂ ਪਰਗੱਟ ਕਰਨਾ ਚਾਹਤੇ। … ਆਪ ਜ਼ਰਾ ਸ਼ਾਂਤੀ ਰਖੀਏ ਹਮ ਵਹੀ ਸ਼ਾਂਤੀ ਅਪੀਲ ਹੀ ਕਰਨੇ ਵਾਲੇ ਹੈਂ”, ਚੌਧਰੀ ਨੇ ਟੇਢੀ ਅੱਖ ਨਾਲ ਬਲਦੇਵ ਸਿੰਘ ਵੱਲ ਵੇਖਦੇ ਹੋਏ ਕਿਹਾ। ਉਸ ਨੇ ਚਿਹਰੇ ਤੇ ਭਾਵੇਂ ਉਹੀ ਸਾਦਗੀ ਬਣਾ ਕੇ ਰਖਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਅੰਦਾਜ਼ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਬਲਦੇਵ ਸਿੰਘ ਦੀ ਗੱਲ ਦਾ ਬਹੁਤ ਗੁੱਸਾ ਲੱਗਾ ਹੈ।
ਬਲਦੇਵ ਸਿੰਘ ਫੇਰ ਕੁੱਝ ਬੋਲਣ ਲੱਗਾ ਸੀ ਕਿ ਖਿਆਲ ਆਇਆ ਕਿ ਹਾਲਾਤ ਮੁਤਾਬਕ ਕੁੱਝ ਸੰਜਮ ਰਖਣਾ ਹੀ ਠੀਕ ਹੋਵੇਗਾ ਤੇ ਉਸ ਨੇ ਆਪਣੇ ਆਪ ਨੂੰ ਰੋਕ ਲਿਆ।
ਚੌਧਰੀ ਫੇਰ ਪ੍ਰੈਸ ਦੇ ਨੁਮਾਂਇੰਦਿਆਂ ਵੱਲ ਮੁੜਦਾ ਹੋਇਆ ਬੋਲਿਆ, “ਕਿਉਂ ਕਿ ਦੇਸ਼ ਕੇ ਲੋਗ ਪ੍ਰਧਾਨ ਮੰਤਰੀ ਜੀ ਕੋ ਬਹੁਤ ਪਿਆਰ ਕਰਤੇ ਥੇ, ਉਨ ਕੀ ਹੱਤਿਆ ਸੇ ਸਭ ਕੇ ਮਨ ਆਹਤ ਹੂਏ ਹੈਂ ਜਿਸ ਸੇ ਸਾਰੇ ਦੇਸ਼ ਮੇਂ ਦੰਗੇ ਫੈਲ ਗਏ ਹੈਂ, ਜਿਨ ਕਾ ਕੁਛ ਅਸਰ ਕਾਨਪੁਰ ਮੇਂ ਭੀ ਹੂਆ ਹੈ …. ।”
ਪਤਾ ਨਹੀਂ ਚੌਧਰੀ ਦੀ ਗੱਲ ਅਜੇ ਮੁੱਕੀ ਵੀ ਸੀ ਕਿ ਨਹੀਂ ਕਿ ਬਲਦੇਵ ਸਿੰਘ ਫੇਰ ਵਿੱਚੋਂ ਹੀ ਬੋਲ ਪਿਆ, “ਚੌਧਰੀ ਸਾਬ੍ਹ, ਇਹ ਕੋਈ ਦੰਗੇ ਨਹੀਂ ਭੜਕੇ ਸਗੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਦੰਗੇ ਤਾਂ ਹੁੰਦੇ ਜੇ ਦੋ ਕੌਮਾਂ ਜਾਂ ਧੜੇ ਆਪਸ ਵਿੱਚ ਟਕਰਾ ਰਿਹੇ ਹੁੰਦੇ, ਇਥੇ ਤਾਂ ਘਰਾਂ ਵਿੱਚ ਬੈਠੇ ਸਿੱਖਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”
ਹੁਣ ਚੌਧਰੀ ਦਾ ਗੁੱਸਾ ਹੋਰ ਤੇਜ਼ ਹੋ ਗਿਆ, ਜੋ ਉਸ ਦੇ ਚਿਹਰੇ ਤੋਂ ਸਾਫ ਪਰਗੱਟ ਹੋ ਰਿਹਾ ਸੀ। “ਹਮੇਂ ਤੋ ਕਈ ਜਗ੍ਹੋਂ ਸੇ ਖ਼ਬਰੇਂ ਮਿਲੀ ਹੈਂ ਕਿ ਸਿੱਖੋਂ ਨੇ ਹਿੰਦੂਔਂ ਕੋ ਮਾਰਾ ਹੈ, ਕਈ ਹਿੰਦੂ ਜ਼ਖਮੀਂ ਹਾਲਤ ਮੇਂ ਹਸਪਤਾਲੋਂ ਮੇਂ ਪਹੁੰਚੇ ਹੈਂ, ਕਈਓਂ ਕੀ ਜਾਨੇਂ ਭੀ ਗਈ ਹੈਂ। ਫਿਰ ਕੁਛ ਹਿੰਦੂ ਲੋਗ ਤੋ ਤਬ ਭੜਕੇ ਹੈਂ ਜਬ ਸਿੱਖੋਂ ਨੇ ਖੁਸ਼ੀਆਂ ਮਨਾਤੇ ਹੂਏ ਮਿਠਾਈਆਂ ਬਾਂਟੀ ਹੈਂ, …ਯਹਾਂ ਤੱਕ ਕਿ ਸਿੱਖੋਂ ਕੇ ਜਥੇ ਤਲਵਾਰੇਂ ਲੇਕਰ ਸ਼ਹਿਰ ਮੇਂ ਘੂਮਨੇ ਕੀ ਖ਼ਬਰੇਂ ਮਿਲੀ ਹੈਂ”, ਉਹ ਕੁੱਝ ਖਿਝਦਾ ਹੋਇਅ ਬੋਲਿਆ।
“ਇਹ ਬਿਲਕੁਲ ਗ਼ਲਤ ਇਲਜ਼ਾਮ ਹੈ, ਲੋਕਾਂ ਨੂੰ ਭੜਕਾਉਣ ਵਾਸਤੇ ਐਸੀਆਂ ਅਫਵਾਹਾਂ ਉਡਾਈਆਂ ਗਈਆਂ ਹਨ। ਹਾਂ! ਇਹ ਹੋ ਸਕਦੈ ਕਿ ਹਮਲੇ ਵਿੱਚ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਿਸੇ ਸਿੱਖ ਕੋਲੋਂ ਕੋਈ ਜ਼ਖ਼ਮੀਂ ਹੋ ਗਿਆ ਹੋਵੇ ਜਾਂ ਮਾਰਿਆ ਵੀ ਗਿਆ ਹੋਵੇ। ਸੈਂਕੜਿਆਂ ਦੀ ਗਿਣਤੀ ਵਿੱਚ ਹਮਲਾਵਾਰ ਹੋ ਕੇ ਆਈ ਭੀੜ ਕੋਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਮੁਕਾਬਲਾ ਕਰਨਾ ਦੰਗੇ ਨਹੀਂ ਹੁੰਦੇ”, ਬਲਦੇਵ ਸਿੰਘ ਨੇ ਨਿਮ੍ਰਤਾ ਨਾਲ ਪਰ ਪੂਰੀ ਦ੍ਰਿੜਤਾ ਨਾਲ ਕਿਹਾ।
“ਅਬ ਆਪ ਤੋ ਆਪਣੀ ਕੌਮ ਕੀ ਵਕਾਲਤ ਕਰੇਂਗੇ ਹੀ। …ਇਸ ਮੇਂ ਤੋ ਕੋਈ ਸ਼ੱਕ ਨਹੀਂ ਕਿ ਸ਼ੁਰੂਆਤ ਤੋ ਸਿੱਖੋਂ ਨੇ ਹੀ ਕੀ ਹੈ, …ਅਬ ਯੇਹ ਮਤ ਕਹਿ ਦੇਨਾ ਕਿ ਪ੍ਰਧਾਨ ਮੰਤਰੀ ਜੀ ਕੋ ਸਿੱਖੋਂ ਨੇ ਨਹੀਂ ਮਾਰਾ”, ਚੌਧਰੀ ਨੇ ਵਿਅੰਗ ਕਸਿਆ। ਉਸ ਦੀ ਅਵਾਜ਼ ਕੁੱਝ ਹੋਰ ਤੇਜ਼ ਹੋ ਗਈ।
ਮੌਲਵੀ ਸਾਰੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ, ਉਸ ਨੇ ਸੋਚਿਆ ਕਿ ਜੇ ਇਹ ਆਪਸੀ ਝੜਪ ਵਾਲੀਆਂ ਗੱਲਾਂ ਅਖ਼ਬਾਰਾਂ ਵਿੱਚ ਛਪ ਗਈਆਂ ਤਾਂ ਸ਼ਹਿਰ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਨਾਲੇ ਉਸ ਨੂੰ ਹੈਰਾਨਗੀ ਹੋ ਰਹੀ ਸੀ ਕਿ ਇਨ੍ਹਾਂ ਦੋਨਾਂ ਦੀ ਭਾਸ਼ਾ ਤਾਂ ਸਦਾ ਇਕੋ ਹੁੰਦੀ ਸੀ, ਹੁਣ ਇੱਕ ਦਮ ਕਿਤਨਾ ਫਰਕ ਆ ਗਿਆ ਸੀ। ਚੌਧਰੀ ਦੇ ਚੁੱਪ ਕਰਦੇ ਹੀ ਉਹ ਛੇਤੀ ਨਾਲ ਬੋਲਿਆ, “ਦੇਖੀਏ! ਯੇਹ ਸਿੱਖੋਂ ਕੇ ਮਿਠਾਈ ਬਾਂਟਨੇ ਔਰ ਜਥੇ ਤਲਵਾਰੇਂ ਲੇਕਰ ਘੂੰਮਨੇ ਵਾਲੀ ਬਾਤੇਂ ਤੋ ਹਮ ਨੇ ਭੀ ਕਹੀਂ ਨਹੀਂ ਦੇਖੀ ਸੁਨੀ। ਯੇਹ ਤੋ ਅਫ਼ਵਾਹੇਂ ਹੀ ਲਗਤੀ ਹੈਂ, ਜੋ ਅਕਸਰ ਸ਼ਰਾਰਤੀ ਲੋਗ ਫੈਲਾ ਦੇਤੇ ਹੈਂ। ਸਾਥ ਮੇਂ, ਹਮ ਯਹਾਂ ਆਪਸ ਮੇਂ ਸ਼ਿਕਵੇ ਕਰਨੇ ਨਹੀਂ ਬਲਕਿ ਅਮਨ ਕੇ ਲੀਏ ਅਪੀਲ ਕਰਨੇ ਆਏ ਹੈਂ, ਇਸ ਲੀਏ ਮੁੱਦੇ ਕੀ ਬਾਤ ਹੀ ਕੀ ਜਾਏ ਤੋ ਅੱਛਾ ਹੋਗਾ।”
“ਹਾਂ ਬਿਲਕੁਲ ਠੀਕ ਹੈ, ਮੁੱਦੇ ਕੀ ਬਾਤ ਪਰ ਆਤੇ ਹੈਂ”, ਚੌਧਰੀ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ ਤੇ ਫੇਰ ਪ੍ਰੈਸ ਨੂੰ ਸੰਬੋਧਤ ਹੋ ਕੇ ਬੋਲਿਆ, “ਹਮ ਸਭੀ ਕੌਮੋਂ ਕੇ ਨੁਮਾਂਇੰਦੇ ਅਪਨੀ ਅਪਨੀ ਕੌਮ ਕੇ ਲੋਗੋਂ ਕੋ ਅਪੀਲ ਕਰਤੇ ਹੈਂ ਕਿ ਵੁਹ ਸੰਜਮ ਸੇ ਕਾਮ ਲੇਂ ਔਰ ਸ਼ਹਿਰ ਮੇਂ ਅਮਨ ਸ਼ਾਂਤੀ ਬਣਾ ਕਰ ਰੱਖੇਂ।”
“ਚੌਧਰੀ ਸਾਬ੍ਹ! ਗੱਲ ਫੇਰ ਕੁੱਝ ਠੀਕ ਨਹੀਂ ਹੋਈ, ਸਾਡੀ ਕੌਮ ਤੇ ਤਾਂ ਜ਼ੁਲਮ ਢਾਇਆ ਜਾ ਰਿਹਾ ਹੈ, ਘਰਾਂ ਵਿੱਚ ਬੈਠਿਆਂ ਨੂੰ ਕੋਹ-ਕੋਹ ਕੇ ਮਾਰਿਆ ਅਤੇ ਲੁਟਿਆ ਜਾ ਰਿਹਾ ਹੈ, ਮੈਂ ਉਨ੍ਹਾਂ ਨੂੰ ਸ਼ਾਂਤੀ ਰਖਣ ਦੀ ਅਪੀਲ ਕਾਹਦੀ ਕਰਨੀ ਹੈ? ਸ਼ਾਂਤੀ ਰਖਣ ਦੀ ਅਪੀਲ ਤਾਂ ਉਨ੍ਹਾਂ ਨੂੰ ਕਰਨ ਦੀ ਲੋੜ ਹੈ ਜੋ ਜ਼ੁਲਮ ਢਾਅ ਰਹੇ ਨੇ”, ਬਲਦੇਵ ਸਿੰਘ ਨੇ ਫੇਰ ਕੁੱਝ ਹੈਰਾਨਗੀ ਜਤਾਉਂਦੇ ਹੋਏ ਕਿਹਾ। ਉਸ ਦੇ ਬੋਲਾਂ ਵਿੱਚ ਹਲਕਾ ਜਿਹਾ ਸੁਭਾਵਕ ਤਿੱਖਾਪਨ ਆ ਗਿਆ ਸੀ।
ਚੌਧਰੀ ਨੇ ਬੜੀ ਕੈਰੀ ਅੱਖ ਨਾਲ ਉਸ ਵੱਲ ਵੇਖਿਆ, ਉਹ ਕੁੱਝ ਬੋਲਣ ਹੀ ਲੱਗਾ ਸੀ ਕਿ ਪਾਦਰੀ ਵਿਲੀਅਮ ਪਹਿਲਾਂ ਹੀ ਬੋਲ ਪਿਆ, “ਦੇਖੀਏ ਯਹਾਂ ਕਿਸੀ ਕੌਮ-ਧਰਮ ਕੀ ਬਾਤ ਨਹੀਂ ਹੈ, ਯਹਾਂ ਜੋ ਕਤਲੋ ਗ਼ਾਰਤ ਔਰ ਲੂਟਪਾਟ ਹੁਈ ਹੈ ਯਾ ਹੋ ਰਹੀ ਹੈ, …ਜੋ ਭਾਈ ਭਾਈ ਕਾ ਖੂਨ ਬਹਾ ਰਹਾ ਹੈ, ਹਮ ਉਸ ਕੀ ਨਿੰਦਾ ਕਰਤੇ ਹੈਂ ਔਰ ਹਮ ਸਭੀ ਮਿਲ ਕਰ, ਸਭੀ ਦੇਸ਼ ਵਾਸੀਓਂ ਸੇ ਅਪੀਲ ਕਰਤੇ ਹੈਂ ਕਿ ਵੁਹ ਅਮਨ-ਸ਼ਾਂਤੀ ਬਨਾਏ ਰੱਖੇਂ। ਜੋ ਹਮਾਰਾ ਸਦੀਓਂ ਕਾ ਭਾਈਚਾਰਾ ਹੈ, ਉਸ ਕੋ ਇਸ ਤਰ੍ਹਾਂ ਸੇ ਬਰਬਾਦ ਨਾ ਕਰੇਂ। ਯੇਹ ਇਸ ਦੇਸ਼ ਕੇ ਲੀਏ ਅੱਛਾ ਨਹੀਂ ਹੈ।”
ਇਸ ਤੋਂ ਪਹਿਲਾਂ ਕਿ ਹੋਰ ਕੋਈ ਕੁੱਝ ਬੋਲਦਾ, ਪਾਦਰੀ ਦੇ ਚੁੱਪ ਕਰਦੇ ਹੀ ਮੌਲਵੀ ਨੇ ਉਸ ਦੀ ਗੱਲ ਦੀ ਪ੍ਰੋੜਤਾ ਕਰ ਦਿੱਤੀ, “ਬਿਲਕੁਲ ਠੀਕ ਫੁਰਮਾਇਆ। ਮੇਰੀ ਪ੍ਰੈਸ ਸੇ ਯੇਹ ਇਲਤਜ਼ਾ ਹੈ ਕਿ ਵੁਹ ਹਮਾਰੀ ਯੇਹ ਅਪੀਲ ਦੇਸ਼ ਕੇ ਲੋਗੋਂ ਤੱਕ ਪਹੁੰਚਾ ਦੇਂ।” ਚੌਧਰੀ ਤੇ ਬਲਦੇਵ ਸਿੰਘ ਨੇ ਵੀ ਹਾਂ ਵਿੱਚ ਸਿਰ ਹਿਲਾਇਆ।
ਪ੍ਰੈਸ ਦੇ ਨੁਮਾਂਇੰਦੇ ਆਪਣੀਆਂ ਡਾਇਰੀਆਂ ਵਿੱਚ ਕੁੱਝ ਨੋਟ ਕਰਨ ਲੱਗ ਪਏ। ਜਦੋਂ ਉਨ੍ਹਾਂ ਸਿਰ ਉਪਰ ਚੁੱਕਿਆ ਤਾਂ ਚੌਧਰੀ ਫੇਰ ਬੋਲਿਆ, “ਏਕ ਬਾਤ ਔਰ ਹੈ, ਹਮ ਪ੍ਰਸ਼ਾਸਨ ਔਰ ਪੁਲੀਸ ਕੀ ਭੀ ਪ੍ਰਸ਼ੰਸਾ ਕਰਤੇ ਹੈਂ, ਜਿਨ੍ਹੋਂ ਨੇ ਏਕ ਹੀ ਦਿਨ ਮੇਂ ਇਤਨੇ ਭਾਰੀ ਦੰਗੋਂ ਕੋ ਕਾਬੂ ਮੇਂ ਕਰ ਲੀਆ ਹੈ।”
ਚੌਧਰੀ ਦੇ ਇਨ੍ਹਾਂ ਲਫ਼ਜ਼ਾਂ ਨੇ ਇੱਕ ਵਾਰੀ ਫੇਰ ਬਲਦੇਵ ਸਿੰਘ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਉਹ ਕੁੱਝ ਬੋਲਣ ਲਈ ਤਿਆਰ ਹੀ ਹੋ ਰਿਹਾ ਸੀ ਕਿ ਇੱਕ ਪਤੱਰਕਾਰ ਬੋਲ ਪਿਆ, “ਲੇਕਿਨ ਅਭੀ ਸ਼ਾਂਤੀ ਤੋ ਨਹੀਂ ਹੁਈ ਹੈ, ਆਜ ਸੁਬਹ ਭੀ ਵਿਜੇ ਨਗਰ ਚੌਂਕ ਪਰ ਦੋ ਸਿੱਖ ਨੌਜੁਆਨੋਂ ਕੋ ਪੀਟ-ਪੀਟ ਕਰ ਜ਼ਿੰਦਾ ਜਲਾ ਦੀਆ ਗਿਆ। ਲੂਟ-ਮਾਰ ਕੀ ਖਬਰੇਂ ਔਰ ਕਈ ਜਗਹ ਸੇ ਭੀ ਆ ਰਹੀ ਹੈਂ। ਔਰ ਤੋ ਔਰ ਜਿਨ ਲੋਗੋਂ ਕੋ ਸ਼੍ਰਨਾਰਥੀ ਕੈਂਪੋਂ ਮੇਂ ਭੇਜਾ ਗਿਆ ਹੈ ਉਨ ਕੇ ਘਰ ਭੀ ਲੂਟੇ ਜਾ ਰਹੇ ਹੈਂ?”
“ਦੇਖੀਏ ਐਸੀ ਛੁਟ-ਪੁਟ ਘਟਨਾਏਂ ਤੋ ਹੋਤੀ ਰਹਤੀ ਹੈਂ, ਲੇਕਿਨ ਫਿਰ ਭੀ ਕੱਲ ਕੇ ਜੋ ਹਾਲਾਤ ਹੈਂ ਉਨ ਕੋ ਦੇਖੀਏ ਤੋ ਕਾਫੀ ਹੱਦ ਤੱਕ ਹਾਲਾਤ ਬੇਹਤਰ ਹੂਏ ਹੈਂ ਇਸ ਲੀਏ ਪ੍ਰਸ਼ਾਸਨ ਔਰ ਪੁਲੀਸ ਕੀ ਤਾਰੀਫ ਤੋ ਕਰਨੀ ਪੜੇਗੀ”, ਚੌਧਰੀ ਨੇ ਗੱਲ ਨੂੰ ਸੰਭਾਲਦੇ ਹੋਏ ਕਿਹਾ।
ਹੁਣ ਤੱਕ ਬਲਦੇਵ ਸਿੰਘ ਨੇ ਵੀ ਆਪਣੇ ਆਪ ਨੂੰ ਬੋਲਣ ਲਈ ਤਿਆਰ ਕਰ ਲਿਆ ਸੀ, ਚੌਧਰੀ ਦੇ ਚੁੱਪ ਕਰਦੇ ਹੀ ਉਹ ਬੜੇ ਜੋਸ਼ ਨਾਲ ਬੋਲਿਆ, “ਬਿਲਕੁਲ ਗ਼ਲਤ ਹੈ, ਪੁਲੀਸ ਅਤੇ ਪ੍ਰਸ਼ਾਸਨ ਦੀ ਤਾਰੀਫ ਨਹੀਂ ਬਲਕਿ ਨਿਖੇਧੀ ਕਰਨੀ ਬਣਦੀ ਹੈ। ਅਸਲ ਵਿੱਚ ਸਾਰੇ ਹਾਲਾਤ ਹੀ ਪੁਲੀਸ ਅਤੇ ਪ੍ਰਸ਼ਾਸਨ ਨੇ ਵਿਗਾੜੇ ਹਨ। ਉਨ੍ਹਾਂ ਨੇ ਹੀ ਕਾਂਗਰਸੀ ਆਗੂਆਂ ਦੀ ਸ਼ਹਿ ਤੇ, ਗਰੀਬ ਬਸਤੀਆਂ ਦੇ ਲੋਕਾਂ ਨੂੰ ਭੜਕਾਇਆ ਅਤੇ ਲੁੱਟਮਾਰ ਕਰਨ ਤੇ ਕੋਈ ਕਾਰਵਾਈ ਨਾ ਕਰਨ ਦੀ ਤਸੱਲੀ ਦਿੱਤੀ ਹੈ। ਆਪ ਸਾਹਮਣੇ ਖਲੋ ਕੇ ਸਿੱਖਾਂ ਨੂੰ ਮਰਵਾਇਆ ਅਤੇ ਲੁਟਾਇਆ ਹੈ, ਬਹੁਤ ਸਾਰੀਆਂ ਐਸੀਆਂ ਕਾਰਵਾਈਆਂ ਵਿੱਚ ਪੁਲੀਸ ਦੇ ਮੁਲਾਜ਼ਮ ਆਪ ਸ਼ਾਮਲ ਹੋਏ ਹਨ, ਜਦੋਂ ਕਿਸੇ ਸਿੱਖ ਨੇ ਪੁਲੀਸ ਕੋਲੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ‘ਅਭੀ ਮਰੇ ਤੋ ਨਹੀਂ ਜਬ ਮਰ ਜਾਓਗੇ ਤੋ ਹਮ ਖੁਦ ਹੀ ਆ ਜਾਏਂਗੇ’, ਤੁਸੀਂ ਉਸ ਪੁਲੀਸ ਦੀ ਤਾਰੀਫ ਕਰ ਰਹੇ ਹੋ?
ਅਸਲ ਕਸੂਰਵਾਰ ਤਾਂ ਤੁਹਾਡਾ ਪ੍ਰਸ਼ਾਸਨ ਹੈ, ਜਿਸ ਨੇ ਤੁਹਾਡੇ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਅੱਖਾਂ ਬੰਦ ਕਰ ਲਈਆਂ ਨੇ ਅਤੇ ਦੰਗਾਈਆਂ ਨੂੰ ਉਤਸਾਹਤ ਕੀਤੈ। ਕਾਨਪੁਰ ਵਿੱਚ ਜੋ ਸੈਂਕੜੇ ਸਿੱਖਾਂ ਦੇ ਕਤਲ ਹੋਏ ਅਤੇ ਕਰੋੜਾਂ ਦੀ ਜਾਇਦਾਦ ਲੁੱਟੀ ਅਤੇ ਸਾੜੀ ਗਈ ਹੈ, ਉਸ ਦਾ ਅਸਲੀ ਜ਼ਿੰਮੇਵਾਰ ਤਾਂ ਡੀ ਐਮ ਬਰਜਿੰਦਰ ਹੈ। ਜੇ ਉਹ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਂਦਾ ਤਾਂ ਕਾਨਪੁਰ ਵਿੱਚ ਇਤਨਾ ਕੁੱਝ ਨਹੀਂ ਸੀ ਹੋਣਾ। ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਚਾਹੀਦਾ ਹੈ ਕਿ ਕਰਨਲ ਸਿੱਧੂ ਨੂੰ ਮੌਤ ਵਿੱਚ ਘਿਰਿਆ ਵੇਖ ਕੇ ਵੀ ਫ਼ੌਜ ਦੇ ਤਿੰਨ ਟਰੱਕ ਵਾਪਸ ਲੈ ਕੇ ਚਲਾ ਗਿਆ ਅਤੇ ਡਰਾਮਾ ਕਰ ਦਿੱਤਾ ਕਿ ਉਹ ਉਸ ਦੇ ਕਹਿਣ ਤੇ ਬਾਹਰ ਨਹੀਂ ਆਏ। ਅਸਲ ਵਿੱਚ ਉਹ ੳਨ੍ਹਾਂ ਨੂੰ ਬਚਾਉਣ ਨਹੀਂ, ਖਾਨਾ–ਪੂਰਤੀ ਕਰਨ ਗਿਆ ਸੀ। ਉਸ ਨੇ ਫ਼ੌਜ ਸਮੇਤ ਵਾਪਸ ਜਾ ਕੇ ਗੁੰਡਿਆਂ ਲਈ ਸਿੱਧਾ ਸੁਨੇਹਾ ਛੱਡ ਦਿੱਤਾ ਕਿ ਅਸੀਂ ਆਪਣਾ ਡਰਾਮਾਂ ਕਰ ਲਿਆ ਹੈ, ਹੁਣ ਤੁਸੀਂ ਜੋ ਮਰਜ਼ੀ ਕਰ ਲਓ।
ਸਾਡਾ ਇਸ ਪ੍ਰਸ਼ਾਸਨ ਅਤੇ ਪੁਲੀਸ ਤੇ ਬਿਲਕੁਲ ਕੋਈ ਵਿਸ਼ਵਾਸ ਨਹੀਂ ਰਿਹਾ, ਅਸੀਂ ਮੰਗ ਕਰਦੇ ਹਾਂ ਕਿ ਸ਼ਹਿਰ ਨੂੰ ਛੇਤੀ ਤੋਂ ਛੇਤੀ ਫ਼ੌਜ ਦੇ ਹਵਾਲੇ ਕੀਤਾ ਜਾਵੇ. .”, ਬਲਦੇਵ ਸਿੰਘ ਦੇ ਹਿਰਦੇ ਦੇ ਜ਼ਖ਼ਮ ਜਿਵੇਂ ਨਸੂਰ ਬਣ ਕੇ ਵੱਗ ਤੁਰੇ ਸਨ।
“ਸਰਦਾਰ ਜੀ! ਕਹਾਂ ਘੂੰਮ ਰਹੇ ਹੈਂ ਆਪ? ਫ਼ੌਜ ਤੋ ਸ਼ਹਿਰ ਮੇਂ ਕੱਲ ਸੁਬਹ ਕੀ ਆਈ ਹੁਈ ਹੈ”, ਚੌਧਰੀ ਨੇ ਫੇਰ ਮਜ਼ਾਕ ਉਡਾਉਣ ਦੇ ਲਹਿਜੇ ਵਿੱਚ ਕਿਹਾ।
‘ਮੈਨੂੰ ਪਤਾ ਹੈ ਕੱਲ ਸਵੇਰ ਦੀ ਆਈ ਹੋਈ ਹੈ, ਪਰ ਉਸ ਨੂੰ ਕੋਈ ਅਖਤਿਆਰ ਤਾਂ ਦਿੱਤੇ ਨਹੀਂ ਗਏ। ਬਸ ਵਿਖਾਉਣ ਲਈ ਤਮਾਸ਼ਾ ਕਰ ਦਿੱਤਾ ਕਿ ਫ਼ੌਜ ਬੁਲਾ ਲਈ ਹੈ। ਮੈਂ ਮੰਗ ਕਰਦਾ ਹਾਂ ਕਿ ਫ਼ੌਜ ਨੂੰ ਪੂਰੇ ਅਖਤਿਆਰ ਦਿੱਤੇ ਜਾਣ”, ਬਲਦੇਵ ਸਿੰਘ ਨੂੰ ਪੂਰਾ ਜੋਸ਼ ਆ ਗਿਆ ਸੀ।
“ਵਾਹ ਸਰਦਾਰ ਜੀ! ਜਬ ਸਰਕਾਰ ਨੇ ਅਖਤਿਆਰ ਦੀਏ ਥੇ, ਆਪ ਕੋ ਤਬ ਭੀ ਤਕਲੀਫ ਥੀ, ਅਬ ਨਹੀਂ ਦੀਏ ਤੋ ਭੀ ਚਿਲਾ ਰਹੇ ਹੈਂ?” ਚੌਧਰੀ ਨੇ ਵੀ ਕੁੱਝ ਤਿੱਖਾ ਹੁੰਦੇ ਹੋਏ ਕਿਹਾ।
“ਹਾਂ ਚੌਧਰੀ ਸਾਬ੍ਹ! ਜਦੋਂ ਸਾਡੇ ਤੇ ਚੜ੍ਹਾਉਣੀ ਸੀ ਤਾਂ ਇਤਨੇ ਅਖਤਿਆਰ ਦੇ ਦਿੱਤੇ ਕਿ ਉਨ੍ਹਾਂ ਸਾਡੇ ਗੁਰਧਾਮਾਂ, ਇਥੋਂ ਤੱਕ ਕੇ ਪਾਵਨ ਦਰਬਾਰ ਸਾਹਿਬ ਅਤੇ ਅਕਾਲ-ਤਖ਼ਤ ਸਾਹਿਬ ਨੂੰ ਵੀ ਨਹੀਂ ਬਖ਼ਸ਼ਿਆ ਤੇ ਹਜ਼ਾਰਾ ਬੇਗੁਨਾਹਾਂ ਦਾ ਖੂਨ ਵਗਾ ਦਿੱਤਾ ਸੋ ਅਲੱਗ। …ਹੁਣ ਜਦੋਂ ਆਪਣੀ ਵਾਰੀ ਆਈ ਤਾਂ ਸਿਰਫ ਡਰਾਮਾਂ ਕਰ ਦਿੱਤਾ?” ਬਲਦੇਵ ਸਿੰਘ ਨੇ ਵੀ ਵਿਅੰਗ ਕੱਸਿਆ।
ਮੌਲਵੀ ਸਾਬ੍ਹ ਤੇ ਪਾਦਰੀ ਵਿਲੀਅਮ ਹੈਰਾਨ ਹੋ ਕੇ ਵੇਖ ਰਹੇ ਸਨ। ਉਨ੍ਹਾਂ ਨੂੰ ਸ਼ਾਇਦ ਆਸ ਹੀ ਨਹੀਂ ਸੀ ਕਿ ਇਤਨੇ ਮਾੜੇ ਹਾਲਾਤ ਵਿੱਚ ਵੀ ਕੋਈ ਇਤਨੀ ਜੁਰਅਤ ਨਾਲ ਗੱਲ ਕਰ ਸਕਦਾ ਹੈ। ਪਰ ਮੌਲਵੀ ਸਾਬ੍ਹ ਨੂੰ ਚਿੰਤਾ ਜ਼ਰੂਰ ਸੀ ਕਿ ਬਲਦੇਵ ਸਿੰਘ ਨੇ ਕਾਂਗਰਸੀ ਆਗੂਆਂ, ਪੁਲੀਸ ਅਤੇ ਪ੍ਰਸ਼ਾਸਨ ਨੂੰ ਇਕੱਠਾ ਵੰਗਾਰ ਦਿੱਤੈ, ਇਨ੍ਹਾਂ ਇਹ ਸਭ ਸੌਖੇ ਹਜ਼ਮ ਨਹੀਂ ਕਰਨਾ। ਉਨ੍ਹਾਂ ਗੱਲ ਨੂੰ ਮੋੜ ਦੇਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, “ਦੇਖੀਏ ਇਸ ਬਾਤ ਕੀ ਤੋ ਹਮ ਭੀ ਤਾਮੀਮ ਕਰਤੇ ਹੈਂ ਕਿ ਪੁਲੀਸ ਔਰ ਪ੍ਰਸ਼ਾਸਨ ਨੇ ਆਪਣਾ ਫਰਜ਼ ਸਹੀ ਨਹੀਂ ਨਿਭਾਇਆ।”
ਚੌਧਰੀ ਕੁੱਝ ਬੋਲਣ ਲੱਗਾ ਸੀ ਕਿ ਇੱਕ ਹਿੰਦੀ ਅਖ਼ਬਾਰ ਦਾ ਪੱਤਰਕਾਰ ਬੋਲ ਪਿਆ, “ਸਰਦਾਰ ਜੀ ਹਮੇਂ ਆਪ ਸੇ ਏਕ ਪ੍ਰਸ਼ਨ ਪੂਛਨਾ ਹੈ?”
“ਜੀ ਕਹੀਏ”, ਬਲਦੇਵ ਸਿੰਘ ਨੇ ਇੱਕ ਦੱਮ ਨਿਮਰਤਾ ਵਿੱਚ ਆਉਂਦੇ ਹੋਏ ਕਿਹਾ।
“ਆਪ ਤੋ ਬਹੁਤ ਬਹਾਦੁਰ ਕੌਮ ਹੈ, ਬਹੁਤ ਕਿੱਸੇ ਸੁਣੇ ਹੈਂ ਆਪ ਲੋਗੋਂ ਸੇ ਹੀ, ਆਪ ਕੀ ਬਹਾਦਰੀ ਕੇ। ਅਬ, ਜਬ ਕੁਛ ਭੜਕੇ ਹੂਏ ਲੋਗੋਂ ਸੇ ਮੁਕਾਬਲੇ ਕੀ ਬਾਤ ਆਈ ਤੋ ਆਪ ਅੰਦਰ ਘੁਸੜ ਗਏ ਹੈਂ, ਇਸ ਤਰ੍ਹ ਚੀਖ ਰਹੇ ਹੈਂ, ਚਿਲਾ ਰਹੇ ਹੈਂ, ਅਬ ਆਪ ਕੀ ਬਹਾਦੁਰੀ ਕਹਾਂ ਗਈ?” ਉਸ ਦੇ ਸੁਆਲ ਵਿੱਚੋਂ ਸ਼ਰਾਰਤ ਫੁੱਟ-ਫੁੱਟ ਕੇ ਬਾਹਰ ਆ ਰਹੀ ਸੀ, ਜਿਵੇਂ ਉਸ ਨੇ ਜਾਣ ਬੁਝ ਕੇ ਬਲਦੇਵ ਸਿੰਘ ਬਲਕਿ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਵਾਸਤੇ ਇਹ ਸੁਆਲ ਕੀਤਾ ਸੀ।
ਬਲਦੇਵ ਸਿੰਘ ਦੇ ਚਿਹਰੇ ਤੇ ਇੱਕ ਵਾਰੀ ਫੇਰ ਰੋਹ ਭਰ ਆਇਆ, ਤੇ ਉਹ ਉਸੇ ਜੋਸ਼ ਨਾਲ ਬੋਲਿਆ, “ਕਿਸੇ ਪਰਿਵਾਰ ਨੂੰ ਔਰਤਾਂ ਬੱਚਿਆ ਸਮੇਤ ਘਰ ਵਿੱਚ ਘੇਰ ਕੇ ਮਾਰ ਦੇਣਾ ਕੋਈ ਬਹਾਦਰੀ ਨਹੀਂ ਹੁੰਦੀ, ਬਲਕਿ ਬੁਜ਼ਦਿਲੀ ਅਤੇ ਘਟੀਆਪਨ ਹੁੰਦਾ ਹੈ। ਬਹਾਦਰੀ ਦਾ ਪਤਾ ਤਾਂ ਸਾਮ੍ਹਣੇ ਆ ਕੇ ਮੈਦਾਨ ਵਿੱਚ ਲੜਨ ਨਾਲ ਲਗਦਾ ਹੈ। ਜੇ ਤੁਸੀਂ ਸਾਡੀ ਬਹਾਦਰੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਬੈਲਜੀਅਮ ਦੇ ਸ਼ਹਿਰ ਈਪਰ ਵਿੱਚ ਬਣੇ ਮੈਨਨ ਗੇਟ, ਨੈਸ਼ਨਲ ਵਾਰ ਮਿਉਜ਼ਿਅਮ ਤੋਂ ਪੁੱਛੋ, ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿੱਚ ਬਣੇ ਨੈਸ਼ਨਲ ਵਾਰ ਮੈਨੂਮੈਂਟ, ਫਰਾਂਸ ਦੇ ਸ਼ਹਿਰ ਇਊ ਚੈਪਲੇ ਵਿੱਚ ਬਣੇ ਵਾਰ ਮੈਮੋਰੀਅਲ ਜਾਂ ਬਰਤਾਨੀਆਂ ਦੇ ਲੰਡਨ ਵਿੱਚ ਬਣੇ ਇਮਪੀਰੀਅਲ ਵਾਰ ਮਿਉਜ਼ਿਅਮ ਤੇ ਹੋਰ ਅਜਿਹੀਆਂ ਦਰਜਨਾਂ ਯਾਦਗਾਰਾਂ ਤੋਂ ਪੁੱਛੋ, ਜਿਥੇ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਅਜ ਵੀ ਉਨ੍ਹਾਂ ਦੇ ਨਾਵਾਂ ਸਮੇਤ ਸੁਨਹਿਰੀ ਅੱਖਰਾਂ ਵਿੱਚ ਲਿੱਖੇ ਹਨ।
ਸਿੱਖਾਂ ਦੀ ਬਹਾਦਰੀ ਦਾ ਨਜ਼ਾਰਾ ਵੇਖਣ ਲਈ ਸਾਰਾਗੱੜ੍ਹੀ ਦੇ ਜੰਗ ਦਾ ਇਤਹਾਸ ਪੜ੍ਹ ਕੇ ਵੇਖੋ, ਜਿਥੇ ਸਿਰਫ ਬਾਈ (22) ਸਿੱਖ ਫੌਜੀਆਂ ਨੇ ਦਸ ਹਜ਼ਾਰ ਤੋਂ ਵਧੇਰੇ ਕਬਾਇਲੀਆਂ ਦਾ ਟਾਕਰਾ ਕੀਤਾ। ਜਿਨਾਂ ਚਿਰ ਇੱਕ ਸਿੱਖ ਫ਼ੌਜੀ ਵੀ ਜਿਊਂਦਾ ਰਿਹਾ, ਉਨ੍ਹਾਂ ਦੀ ਗੜ੍ਹੀ ਨੇੜੇ ਫੜਕਨ ਦੀ ਹਿੰਮਤ ਨਹੀਂ ਹੋਈ ਤੇ ਸਾਰਿਆਂ ਦੇ ਸ਼ਹੀਦ ਹੋਣ ਤੋ ਬਾਅਦ ਹੀ ਉਹ ਗੜ੍ਹੀ ਅੰਦਰ ਆ ਸਕੇ।
ਸਿੱਖਾਂ ਦੀ ਬਹਾਦਰੀ ਦਾ ਅੰਦਾਜ਼ਾ ਲਾਉਣ ਲਈ ਆਪਣੇ ਦੇਸ਼ ਦੀ ਅਜ਼ਾਦੀ ਦੇ ਜੰਗ ਦੇ ਅੰਕੜੇ ਵੇਖੋ, ਜਿਹੜੇ ਚੀਖ ਚੀਖ ਕੇ ਕਹਿ ਰਹੇ ਹਨ ਕਿ ਦੋ ਪ੍ਰਤੀਸ਼ਤ ਸਿੱਖਾਂ ਨੇ ਭਾਰਤ ਦੀ ਅਜ਼ਾਦੀ ਲਈ 84 ਪ੍ਰਤੀਸ਼ਤ ਤੋਂ ਵਧੇਰੇ ਕੁਰਬਾਨੀਆਂ ਕੀਤੀਆਂ ਹਨ।
ਸਿੱਖਾਂ ਦੀ ਬਹਾਦਰੀ ਦਾ ਨਮੂਨਾ ਵੇਖਣ ਲਈ ਭਾਰਤ ਦੀਆਂ ਸਰਹੱਦਾਂ ਕੋਲ ਜਾਓ, 1962 ਵਿੱਚ ਚੀਨ ਨਾਲ ਹੋਈ ਜੰਗ ਵਿੱਚ, 1965 ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਅਤੇ 1971 ਦੀ ਬੰਗਲਾ ਦੇਸ਼ ਦੀ ਜੰਗ ਵਿੱਚ, ਜਿਨ੍ਹਾਂ ਨੂੰ ਸਿੱਖ ਫ਼ੌਜੀਆਂ ਨੇ ਆਪਣੇ ਖੂਨ ਨਾਲ ਧੋ ਕੇ ਇਸ ਦੇਸ਼ ਦੀ ਆਨ, ਬਾਨ ਸ਼ਾਨ ਨੂੰ ਬਚਾਇਆ ਸੀ। ਇਹ ਸਰਹੱਦਾਂ ਅੱਜ ਵੀ ਸਿੱਖਾਂ ਦੀ ਬਹਾਦਰੀ ਦੇ ਸੋਹਲੇ ਗਾਉਂਦੀਆ ਹਨ…।” ਉਸ ਪੱਤਰਕਾਰ ਨੇ ਸਿੱਖਾਂ ਦੀ ਅਣਖ ਨੂੰ ਵੰਗਾਰ ਕੇ ਬਲਦੇਵ ਸਿੰਘ ਨੂੰ ਜੋਸ਼ ਨਾਲ ਭਰ ਦਿੱਤਾ ਸੀ, ਉਸ ਦਾ ਪਰਵਾਹ ਅਜੇ ਪੂਰੇ ਜ਼ੋਰ ਨਾਲ ਚਲ ਰਿਹਾ ਸੀ ਕਿ ਮੌਲਵੀ ਸਾਬ੍ਹ ਅਤੇ ਪਾਦਰੀ ਵਿਲੀਅਮ ਨੇ ਇੱਕ ਦੂਸਰੇ ਵੱਲ ਵੇਖ ਕੇ ਆਪਸ ਵਿੱਚ ਅੱਖਾਂ ਨਾਲ ਕੁੱਝ ਇਸ਼ਾਰਾ ਕੀਤਾ ਤੇ ਮੌਲਵੀ ਸਾਬ੍ਹ ਵਿੱਚੋਂ ਹੀ ਗੱਲ ਕੱਟ ਕੇ ਬੋਲੇ, “ਅਸਲ ਬਾਤ ਪੂਰੀ ਹੋ ਚੁੱਕੀ ਹੈ, ਅਬ ਖ਼ਤਮ ਕਰਨਾ ਚਾਹੀਏ।” ਤੇ ਇਸ ਦੇ ਨਾਲ ਹੀ ਦੋਨੋ ਉਠ ਕੇ ਖੜੋ ਗਏ। ਚੌਧਰੀ ਵੀ ਸ਼ਾਇਦ ਇਸੇ ਮੌਕੇ ਦੀ ਇੰਤਜ਼ਾਰ ਕਰ ਰਿਹਾ ਸੀ, ਉਹ ਵੀ ਇਹ ਕਹਿੰਦਾ ਹੋਇਆ ਉਠ ਖੜੋਤਾ ਕਿ ‘ਹਮੇਂ ਭੀ ਸ਼ਾਂਤੀ ਮਾਰਚ ਕੀ ਤਿਆਰੀ ਕਰਨੀ ਹੈ’।
ਬਾਹਰ ਨਿਕਲਦੇ ਹੋਏ ਮੌਲਵੀ ਸਾਬ੍ਹ ਨੇ ਬਲਦੇਵ ਸਿੰਘ ਨੂੰ ਜੱਫੀ ਵਿੱਚ ਲੈਂਦੇ ਹੋਏ ਕਿਹਾ, “ਹਮ ਤੋ ਕੁਛ ਔਰ ਹੀ ਸੋਚ ਕਰ ਆਏ ਥੇ, ਯਹਾਂ ਤੋ ਕੁਛ ਔਰ ਹੀ ਬਨ ਗਿਆ।”
“ਮੌਲਵੀ ਸਾਬ੍ਹ! ਇਹ ਤਾਂ ਜਾਣ ਕੇ ਮੈਨੂੰ ਨੀਵਾਂ…”, ਬਲਦੇਵ ਸਿੰਘ ਦੀ ਗੱਲ ਵਿੱਚੋਂ ਹੀ ਕੱਟ ਕੇ ਮੌਲਵੀ ਸਾਬ੍ਹ ਬੋਲ ਪਏ, “ਹਮ ਜਾਨਤੇ ਹੈਂ ਕਿ ਕੋਈ ਸਿੱਖ ਕੀ ਖੁਦ-ਦਾਰੀ ਪੇ ਚੋਟ ਮਾਰ ਦੇ ਤੋ ਸਿੱਖ ਕਭੀ ਬਰਦਾਸ਼ਤ ਨਹੀਂ ਕਰ ਸਕਤਾ। ਅੱਛਾ ਖੁੱਦਾ ਰਹਿਮ ਕਰੇ ਅਮਨ-ਅਮਾਨ ਹੋ ਔਰ ਆਪ ਭੀ ਸਲਾਮਤ ਰਹੇਂ”, ਕਹਿਕੇ ਉਹ ਆਪਣੇ ਇੰਤਜ਼ਾਰ ਕਰ ਰਹੇ ਸਾਥੀਆਂ ਨਾਲ ਤੁਰ ਗਿਆ ਤੇ ਨਾਲ ਹੀ ਪਾਦਰੀ ਵਿਲੀਅਮ ਹੱਥ ਮਿਲਾ ਕੇ ਆਪਣੇ ਸਾਥੀ ਨਾਲ ਕਾਰ ਵਿੱਚ ਬਹਿ ਗਿਆ।
ਚੌਧਰੀ ਨੇ ਆਪਣੇ ਪੀ ਏ ਬਿੰਦੇਸ਼ ਨੂੰ ਅਵਾਜ਼ ਮਾਰੀ ਤੇ ਕਿਹਾ, “ਅਬੇ ਡਰਾਈਵਰ ਕੋ ਬੋਲ, ਵੁਹ ਸਰਦਾਰ ਜੀ ਕੋ ਛੋੜ ਆਏ।” ਤੇ ਫੇਰ ਥੋੜ੍ਹਾ ਸੋਚ ਕੇ ਬੋਲਿਆ, “ਐਸਾ ਕਰ, ਤੂੰ ਸਾਥ ਚਲਾ ਜਾ, …ਇਨ ਕੋ ਹਿਫ਼ਾਜ਼ਤ ਸੇ ਘਰ ਪਹੁੰਚਾਨੇ ਕੀ ਜ਼ਿਮੇਂਦਾਰੀ ਹਮਾਰੀ ਹੈ।”
ਡਰਾਈਵਰ ਗੱਡੀ ਲੈ ਕੇ ਆ ਗਿਆ ਤਾਂ ਬਲਦੇਵ ਸਿੰਘ ਨਾਲ ਹੱਥ ਮਿਲਾਉਂਦਾ ਹੋਇਆ ਬੜੀ ਜ਼ਹਿਰੀਲੀ ਮੁਸਕਰਾਹਟ ਚਿਹਰੇ ਤੇ ਲਿਆ ਕੇ ਬੋਲਿਆ, “ਸਰਦਾਰ ਜੀ! ਪਾਨੀ ਮੇਂ ਰਹਿ ਕਰ ਮਗਰ ਸੇ ਬੈਰ ਨਹੀਂ ਲੇਨਾ ਚਾਹੀਏ। ਆਪਨੇ ਤੋ ਪ੍ਰਸ਼ਾਸਨ ਔਰ ਪੁਲੀਸ ਕੋ ਹੀ ਚੈਲੇਂਜ ਕਰ ਦੀਆ…ਡੀ ਐਮ ਕੋ ਭੀ ਨਹੀਂ ਛੋੜਾ।”
“ਚੌਧਰੀ ਸਾਬ੍ਹ! ਅਕਾਲ ਪੁਰਖ ਨੇ ਜਿਤਨੀ ਜ਼ਿੰਦਗੀ ਦਿੱਤੀ ਹੈ, ਅਸੀਂ ਸਿੱਖਾਂ ਨੇ ਇਜ਼ਤ ਔਰ ਗ਼ੈਰਤ ਨਾਲ ਜੀਣਾ ਹੀ ਸਿੱਖਿਆ ਹੈ”, ਬਲਦੇਵ ਸਿੰਘ ਨੇ ਘੁੱਟ ਕੇ ਹੱਥ ਫੜਦੇ ਹੋਏ ਕਿਹਾ ਤੇ ਫੇਰ ਵਾਪਸ ਮੁੜ ਕੇ ਬਿੰਦੇਸ਼ ਦੇ ਨਾਲ ਤੁਰ ਗਿਆ।
ਚੌਧਰੀ ਮੂੰਹੋਂ ਤਾਂ ਕੁੱਝ ਨਹੀਂ ਬੋਲਿਆ ਪਰ ਮਨ ਵਿੱਚ ਬਹੁਤ ਵੱਡੀ ਗਾਲ੍ਹ ਕੱਢ ਕੇ ਬੁੜਬੁੜਾਇਆ, “ਸਾਲੇ, ਤੇਰੀ ਗ਼ੈਰਤ ਔਰ ਇਜ਼ਤ ਕੋ ਤੋ ਅਬ ਮੈਂ ਦੇਖੂੰਗਾ।” ਇਸ ਤੋਂ ਬਾਅਦ ਉਹ ਸਰਕਟ ਹਾਊਸ ਦੇ ਦਫਤਰ ਵਾਲੇ ਅੰਦਰਲੇ ਕਮਰੇ ਵੱਚ ਚਲਾ ਗਿਆ ਤੇ ਦਰਵਾਜ਼ਾ ਬੰਦ ਕਰ ਕੇ ਇਕੱਲੇ ਕਿਸੇ ਨਾਲ ਲੰਬੀ ਗਲਬਾਤ ਵਿੱਚ ਰੁਝ ਗਿਆ।
ਇਸ ਵੇਲੇ ਸ੍ਰ. ਬਲਦੇਵ ਸਿੰਘ ਉਸ ਪ੍ਰੈਸ ਕਾਨਫਰੰਸ ਤੋਂ ਵਾਪਸ ਘਰ ਪਹੁੰਚਿਆ ਸੀ। ਘਰ ਦੇ ਅੰਦਰ ਵੜਦਿਆਂ ਹੀ ਬਲਦੇਵ ਸਿੰਘ ਦੇ ਚਿਹਰੇ ਦੀ ਪ੍ਰੇਸ਼ਾਨੀ ਗੁਰਮੀਤ ਕੌਰ ਨੇ ਮਹਿਸੂਸ ਕਰ ਲਈ ਸੀ। ਉਸ ਦੇ ਕੋਲ ਬੈਠਦੀ ਹੋਈ ਬੋਲੀ, “ਹੋਰ ਕੀ ਗੱਲ ਹੋਈ ਹੈ ਉਥੇ?”
“ਬਸ ਦਸਿਐ ਨਾ …ਸ਼ਾਤੀ ਦੀ ਅਪੀਲ ਕੀਤੀ ਏ ਤੇ ਮੈਂ ਜ਼ੋਰ ਦੇ ਕੇ ਆਖਿਐ ਕਿ ਸਾਡਾ ਪੁਲੀਸ ਅਤੇ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਰਿਹਾ ਇਸ ਲਈ ਫ਼ੌਜ ਨੂੰ ਪੂਰੇ ਅਖਤਿਆਰ ਦਿੱਤੇ ਜਾਣ”, ਬੱਬਲ ਪਾਣੀ ਲੈ ਕੇ ਆਈ ਸੀ, ਬਲਦੇਵ ਸਿੰਘ ਨੇ ਗਲਾਸ ਚੁਕਦੇ ਹੋਏ ਕਿਹਾ। ਉਹ ਰਸਤੇ ਵਿੱਚ ਸੋਚ ਕੇ ਆਇਆ ਸੀ ਕਿ ਘਰ ਔਰਤਾਂ ਨਾਲ ਇਸ ਤੋਂ ਵਧੇਰੇ ਗਲ ਨਹੀਂ ਕਰਨੀ।
“ਫੇਰ ਇਤਨੇ ਪ੍ਰੇਸ਼ਾਨ ਕਿਉਂ ਹੋ?” ਜੁਆਬ ਨਾਲ ਗੁਰਮੀਤ ਕੌਰ ਦੀ ਤਸੱਲੀ ਹੋਈ ਨਹੀਂ ਸੀ ਜਾਪਦੀ।
“ਮੀਤਾ, ਐਸੇ ਹਾਲਾਤ ਵਿੱਚ ਪ੍ਰੇਸ਼ਾਨੀ ਤਾਂ ਸੁਭਾਵਕ ਹੈ, ਨਾਲੇ ਕੁੱਝ ਤਬੀਅਤ ਵੀ ਸੁਸਤ ਹੈ”, ਬਲਦੇਵ ਸਿੰਘ ਨੇ ਉਸ ਦੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕੀਤੀ।
ਇਤਨੇ ਨੂੰ ਕੋਲ ਬੈਠਾ ਮੁਨੀਮ ਉਠਦਾ ਹੋਇਆ ਬੋਲਿਆ, “ਸਰਦਾਰ ਜੀ, ਆਗਿਆ ਹੋਵੇ ਤਾਂ ਹੁਣ ਮੈਂ ਚੱਲਾਂ?”
“ਹਾਂ ਹਾਂ ਮੁਨੀਮ ਜੀ, ਤੁਹਾਨੂੰ ਵੀ ਬਹੁਤ ਦੇਰ ਕਰਾ ਦਿੱਤੀ ਹੈ”, ਬਲਦੇਵ ਸਿੰਘ ਨੇ ਘੜੀ ਵੱਲ ਵੇਖਦੇ ਹੋਏ ਕਿਹਾ ਤੇ ਆਪ ਵੀ ਦਰਵਾਜ਼ਾਂ ਖੋਲ੍ਹਣ ਲਈ ਉਠ ਖੜੋਤਾ।
“ਨਹੀਂ ਜੀ, ਮੈਂ ਵੀ ਜਾ ਕੇ ਕਿਹੜੀ ਕਮਾਈ ਕਰਨੀ ਸੀ, ਬੱਸ ਦੇਰ ਹੋ ਜਾਵੇ ਤਾਂ ਹਾਲਾਤ ਖ਼ਰਾਬ ਹੋਨ ਕਾਰਨ ਘਰ ਦੇ ਚਿੰਤਾ ਕਰਨ ਲੱਗ ਜਾਂਦੇ ਹਨ”, ਮੁਨੀਮ ਨੇ ਸਾਈਕਲ ਚੁੱਕਦੇ ਹੋਏ ਕਿਹਾ।
ਦਰਵਾਜ਼ਾ ਬੰਦ ਕਰ ਕੇ ਬਲਦੇਵ ਸਿੰਘ ਵਾਪਸ ਆ ਕੇ ਬੈਠਾ ਤਾਂ ਗੁਰਮੀਤ ਕੌਰ ਫੇਰ ਬੋਲੀ, ਵੈਸੇ ਹੁਣ ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਹਨ?” ਉਸ ਦੀ ਜਗਿਆਸਾ ਅਜੇ ਮੁੱਕੀ ਨਹੀਂ ਸੀ।
“ਮੀਤਾ! …ਅਜੇ ਵੀ ਪੂਰੀ ਸ਼ਾਂਤੀ ਨਹੀਂ ਹੋਈ, …ਛੁੱਟ-ਪੁੱਟ ਵਾਰਦਾਤਾਂ ਹੋ ਹੀ ਰਹੀਆਂ ਨੇ, …ਪਰ ਕੱਲ ਨਾਲੋਂ ਤਾਂ ਕਾਫੀ ਫਰਕ ਹੈ”, ਬਲਦੇਵ ਸਿੰਘ ਨੇ ਕੁੱਝ ਰੁੱਕ-ਰੁੱਕ ਕੇ ਕਿਹਾ।
“ਚਲੋ, ਸ਼ੁਕਰ ਹੈ ਵਾਹਿਗੁਰੂ ਦਾ, ਬਸ ਹੁਣ ਹਰਮੀਤ ਦੀ ਸੁਖ-ਸਾਂਦ ਦੀ ਕੋਈ ਖ਼ਬਰ ਆ ਜਾਵੇ”, ਗੁਰਮੀਤ ਕੋਰ ਦੇ ਚਿਹਰੇ ਤੇ ਕਾਫੀ ਤਸੱਲੀ ਝਲਕ ਪਈ, ਪਰ ਸਾਫ ਪਤਾ ਲੱਗ ਰਿਹਾ ਸੀ ਕਿ ਉਸ ਦਾ ਧਿਆਨ ਅਜੇ ਵੀ ਹਰਮੀਤ ਵਿੱਚ ਹੀ ਹੈ।
“ਹਾਂ! ਜੇ ਇੰਝ ਹੀ ਅੱਗ ਮੱਠੀ ਪੈਂਦੀ ਜਾਵੇ ਤਾਂ …ਕੋਈ ਹੋਰ ਉਤੇ ਤੇਲ ਨਾ ਪਾ ਦੇਵੇ? ਇਥੇ ਮੁੜ ਲਾਂਬੂ ਲਾਉਣ ਵਾਲੇ ਵੀ ਤਾਂ ਬਥੇਰੇ ਸਰਗਰਮ ਫਿਰਦੇ ਨੇ”, ਬਲਦੇਵ ਸਿੰਘ ਨੇ ਸਿਰ ਹਿਲਾਉਂਦੇ ਹੋਏ ਕਿਹਾ। ਉਸ ਦੇ ਚਿਹਰੇ ਦੀ ਪ੍ਰੇਸ਼ਾਨੀ ਅਜੇ ਵੀ ਉਂਝੇ ਹੀ ਬਰਕਰਾਰ ਸੀ।
ਬੱਬਲ ਸ਼ਾਇਦ ਮਾਂ ਦੀ ਗੱਲ ਤੋਂ ਕਾਫੀ ਪ੍ਰਭਾਵਤ ਹੋ ਗਈ ਸੀ, ਉਹ ਵੀ ਤਸੱਲੀ ਜਤਾਉਂਦੀ ਹੋਈ ਬੋਲੀ, “ਚਲੋ ਫੇਰ, ਹੁਣ ਇਹ ਕ੍ਰਿਪਾਨਾਂ ਸੰਭਾਲ ਦੇਈਏ”, ਤੇ ਨਾਲ ਹੀ ਸਾਹਮਣੇ ਮੇਜ਼ ਤੇ ਪਈਆਂ ਕ੍ਰਿਪਾਨਾਂ ਵੱਲ ਵੇਖਿਆ।
“ਨਹੀਂ ਬੇਟਾ! ਐਸੀ ਭੁੱਲ ਨਾ ਕਰਿਆ ਜੇ। ਸਿੱਖ ਦੀ ਕ੍ਰਿਪਾਨ ਤਾਂ ਹਮੇਸ਼ਾਂ ਤਿਆਰ ਹੀ ਰਹਿਣੀ ਚਾਹੀਦੀ ਹੈ। ਸਾਡੀਆਂ ਸਮੱਸਿਆਵਾਂ ਹੀ ਉਦੋ ਸ਼ੁਰੂ ਹੁੰਦੀਆਂ ਨੇ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ”, ਬਲਦੇਵ ਸਿੰਘ ਨੇ ਚੇਤੰਨ ਕਰਦੇ ਹੋਏ ਕਿਹਾ।
ਬੱਬਲ ਨੇ ਕੋਈ ਜੁਆਬ ਤਾਂ ਨਹੀਂ ਦਿੱਤਾ ਪਰ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਪਿਤਾ ਨੇ ਸੱਚਮੁੱਚ ਬਹੁਤ ਵੱਡੀ ਸਚਾਈ ਆਖੀ ਹੈ।
“ਮੈਂ ਬਹੁਤ ਥੱਕ ਗਿਆਂ, ਸਿਰ ਵੀ ਬਹੁਤ ਭਾਰੀ ਹੈ। . . ਥੋੜ੍ਹੀ ਦੇਰ ਅਰਾਮ ਕਰ ਲਵਾਂ”, ਥੋੜ੍ਹਾ ਰੁੱਕ ਕੇ ਬਲਦੇਵ ਸਿੰਘ ਉਠਦਾ ਹੋਇਆ ਬੋਲਿਆ।
“ਉਹ ਤਾਂ ਹੋਣਾ ਹੀ ਹੈ, ਦੋ ਦਿਨ ਹੋ ਗਏ ਨੇ, ਤੁਸੀਂ ਤਾਂ ਪੱਲ ਵੀ ਸੌਂ ਕੇ ਨਹੀਂ ਵੇਖਿਆ। …ਚਾਹ ਬਣਾ ਦਿਆਂ ਜੇ?” ਗੁਰਮੀਤ ਕੌਰ ਨੇ ਉਸ ਦੇ ਚਿਹਰੇ ਵੱਲ ਵੇਖ ਕੇ ਚਿੰਤਾ ਜਤਾਉਂਦੇ ਹੋਏ ਪੁੱਛਿਆ।
“ਨਹੀਂ ਮੀਤਾ! ਇਸ ਵੇਲੇ ਚਾਹ ਦੀ ਨਹੀਂ, ਅਰਾਮ ਦੀ ਲੋੜ ਹੈ”, ਕਹਿਕੇ ਉਹ ਆਪਣੇ ਕਮਰੇ ਵੱਲ ਤੁਰ ਗਿਆ। ਲੇਟ ਕੇ ਥੋੜ੍ਹੀ ਦੇਰ ਕੁੱਝ ਸੋਚਦਾ ਰਿਹਾ ਪਰ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ।
ਉਧਰ ਸ਼ਾਂਤੀ ਮਾਰਚ ਦੀ ਪੂਰੀ ਤਿਆਰੀ ਹੋ ਗਈ ਸੀ। ਜਿਹੜੇ ਕਾਂਗਰਸੀ ਆਗੂ, ਵਰਕਰ ਅਤੇ ਗੁੰਡੇ ਸਵੇਰ ਤੱਕ ਸਿੱਖਾਂ ਦੀ ਲੁੱਟਮਾਰ ਅਤੇ ਕਤਲੋ-ਗ਼ਾਰਤ ਵਿੱਚ ਅੱਗੇ ਸਨ, ਉਹ ਹੁਣ ਸ਼ਾਂਤੀ ਮਾਰਚ ਵਾਸਤੇ ਵੀ ਸਭ ਤੋਂ ਅੱਗੇ ਸਨ, ਇਸੇ ਕਰਕੇ ਵਿਰੋਧੀ ਧਿਰ ਵਲੋਂ ਸ਼ਾਂਤੀ ਅਤੇ ਮੁੜ ਵਸੇਬੇ ਲਈ ਬਣਾਈ ਕਮੇਟੀ ਨੇ ਇਸ ਦਾ ਬਾਈਕਾਟ ਕੀਤਾ ਸੀ। ਨਵੇਂ ਨਾਹਰੇ ਘੜੇ ਜਾ ਰਹੇ ਸਨ।
ਚੌਧਰੀ ਉਥੇ ਪਹੁੰਚਿਆ ਤੇ ਬਿੰਦੇਸ਼ ਦੇ ਕੰਨ ਵਿੱਚ ਕੁੱਝ ਕਿਹਾ। ਸ਼ਾਂਤੀ ਮਾਰਚ ਤੁਰਿਆ ਪਰ ਬਹਤ ਸਾਰੇ ਗੁੰਡੇ ਦੋ ਤਿੰਨ ਟਰੱਕਾਂ ਵਿੱਚ ਭਰ ਕੇ ਅਲੱਗ ਪਾਸੇ ਹੀ ਤੁਰ ਪਏ ਪਰ ਕਿਸੇ ਕੋਈ ਖਾਸ ਧਿਆਨ ਨਹੀਂ ਦਿੱਤਾ।
ਕੁਝ ਦੇਰ ਬਾਅਦ ਹੀ ਇੱਕ ਵੱਡੀ ਭੀੜ ਬਲਦੇਵ ਸਿੰਘ ਦੇ ਘਰ ਦੇ ਨੇੜੇ ਇਕੱਠੀ ਹੋ ਗਈ। ਇੱਕ ਕਾਰ ਭੀੜ ਦੇ ਨੇੜੇ ਆ ਕੇ ਰੁਕੀ। ਉਸ ਦਾ ਸ਼ੀਸ਼ਾ ਖੋਲ੍ਹ ਕੇ ਕਿਸੇ ਨੇ ਭੀੜ ਦੇ ਆਗੂ ਨੂੰ ਬੁਲਾਇਆ। ਉਸ ਦੇ ਕਾਰ ਕੋਲ ਪਹੁੰਚਣ ਤੇ ਅੰਦਰੋਂ ਅਵਾਜ਼ ਆਈ, “ਜੋ ਬਤਾਇਆ ਥਾ ਯਾਦ ਹੈ ਨਾ?”
“ਹਾਂ ਜੀ, ਹਾਂ ਜੀ”, ਉਸ ਜੁਆਬ ਦਿੱਤਾ।
“ਹਾਂ ਬਸ, ਉਸ ਕੁਤੇ ਕੋ ਹੀ ਮਾਰਨਾ, . . ਛੋੜਨਾ ਨਹੀਂ ਸਾਲੇ ਕੋ, . . ਪਰ ਧਿਆਨ ਰਖਨਾ ਔਰਤੋਂ ਕੋ ਕੁਛ ਨਹੀਂ ਹੋਨਾ ਚਾਹੀਏ। ਵੈਸੇ ਬਹੁਤ ਮਾਲ ਮਿਲੇਗਾ ਯਹਾਂ, …ਵੁਹ ਆਪ ਮਜ਼ੇ ਕਰੋ…ਚਲੋ ਅਬ ਸ਼ੁਰੂ ਕਰੋ”, ਕਾਰ ਵਿੱਚੋਂ ਫੇਰ ਮੁਸਕਰਾ ਕੇ ਕਿਹਾ ਗਿਆ ਤੇ ਸ਼ੀਸ਼ਾ ਵਾਪਸ ਚੜ੍ਹਾ ਕੇ ਕਾਰ ਥੋੜ੍ਹੀ ਪਿੱਛੇ ਹਟ ਕੇ ਖੜੋ ਗਈ।
ਪਲਾਂ ਵਿੱਚ ਹੀ ਨਾਹਰੇ ਗੂੰਜਣ ਲੱਗ ਪਏ, ‘ਖੂਨ ਕਾ ਬਦਲਾ ਖੂਨ ਸੇ ਲੇਂਗੇ’, ਜਿਸ ਹਿੰਦੂ ਕਾ ਖੂਨ ਨਾ ਖੌਲਾ, ਖੂਨ ਨਹੀਂ ਵੁਹ ਪਾਣੀ ਹੈ’, ‘ਸਰਦਾਰ ਗੱਦਾਰ ਨਹੀਂ ਛੋੜੇਂਗੇ’ ਤੇ ਭੀੜ ਬਲਦੇਵ ਸਿੰਘ ਦੇ ਘਰ ਵੱਲ ਵਧਣ ਲੱਗ ਪਈ।
ਨਾਹਰਿਆਂ ਦੀ ਗੂੰਜ ਅਤੇ ਭੀੜ ਦਾ ਸ਼ੋਰ ਬਲਦੇਵ ਸਿੰਘ ਦੇ ਘਰ ਦੇ ਅੰਦਰ ਪਹੁੰਚ ਗਿਆ। ਬੱਬਲ ਤੇ ਗੁਰਮੀਤ ਕੌਰ ਇੱਕ ਦਮ ਹੈਰਾਨ ਰਹਿ ਗਈਆਂ ਤੇ ਗੁਰਮੀਤ ਪਤੀ ਵੱਲ ਦੌੜੀ। ਅਵਾਜ਼ ਬਲਦੇਵ ਸਿੰਘ ਨੇ ਵੀ ਸੁਣ ਲਈ ਸੀ ਤੇ ਉਹ ਹੜਬੜਾ ਕੇ ਉਠਿਆ, ਇਤਨੇ ਨੂੰ ਗੁਰਮੀਤ ਆ ਕੇ ਉਸ ਨਾਲ ਲਿਪਟ ਗਈ।
ਬਲਦੇਵ ਸਿੰਘ ਨੇ ਉਸ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ, “ਲੈ ਮੀਤਾ! ਦੋ ਦਿਨਾਂ ਤੋਂ ਉਡੀਕ ਰਹੇ ਸਾਂ, ਆ ਗਈ ਜੇ ਸਾਡੇ ਵੀ ‘ਪਾਪ ਕੀ ਜੰਞ’, ਸੁਆਗਤ ਲਈ ਤਿਆਰ ਹੋ ਜਾਓ।” ਬਲਦੇਵ ਸਿੰਘ ਦੇ ਚਿਹਰੇ ਤੇ ਇੱਕ ਅਲੌਕਿਕ ਜਲਾਲ ਆ ਗਿਆ ਸੀ।
“ਹਾਂ ਭਾਪਾ ਜੀ! ਪੂਰੀ ਤਰ੍ਹਾਂ ਤਿਆਰ ਹਾਂ ਸੁਆਗਤ ਲਈ”, ਸਾਹਮਣੇ ਤਿੰਨੇ ਕ੍ਰਿਪਾਨਾਂ ਹੱਥਾਂ ਵਿੱਚ ਚੁੱਕੀ ਖੜੀ ਬੱਬਲ ਨੇ ਕਿਹਾ। ਉਸ ਦੇ ਚਿਹਰੇ ਤੇ ਇੱਕ ਨਵਾਂ ਰੋਹ ਜਾਗ ਪਿਆ ਸੀ।
ਬੱਬਲ ਦੇ ਲਫਜ਼ਾਂ ਨੇ ਗੁਰਮੀਤ ਕੌਰ ਨੂੰ ਵੀ ਸੁਚੇਤ ਕਰ ਦਿੱਤਾ ਤੇ ਆਪਣੇ ਆਪ ਨੂੰ ਪਤੀ ਤੋਂ ਅਲੱਗ ਕਰਦੀ ਹੋਈ, ਬੜੀ ਜੁਰਅਤ ਨਾਲ ਬੋਲੀ, “ਹਾਂ ਸਰਦਾਰ ਜੀ, ਆ ਹੀ ਗਈ ਹੈ ਤਾਂ ਇਨ੍ਹਾਂ ਨੂੰ ਪੂਰਾ ਦਾਨ ਦੇ ਕੇ ਹੀ ਭੇਜਾਂਗੇ, ਵਾਹਿਗੁਰੂ ਆਪ ਹਿੰਮਤ ਬਖ਼ਸ਼ੇ, ਇਨ੍ਹਾਂ ਦੇ ਸੁਆਗਤ ਵਿੱਚ ਕੋਈ ਕਮੀਂ ਨਾ ਰਹਿ ਜਾਵੇ”, ਤੇ ਅਗੇ ਹੋ ਕੇ ਉਸ ਨੇ ਬੱਬਲ ਕੋਲੋਂ ਇੱਕ ਕ੍ਰਿਪਾਨ ਪਕੜ ਲਈ।
ਗੁਰਮੀਤ ਕੌਰ ਦੇ ਇੰਝ ਸੰਭਲਣ ਨਾਲ ਬਲਦੇਵ ਸਿੰਘ ਨੂੰ ਹੋਰ ਤਸੱਲੀ ਤੇ ਤਾਕਤ ਮਿਲੀ ਤੇ ਉਸ ਦੇ ਚਿਹਰੇ ਦਾ ਤੇਜ ਹੋਰ ਵੱਧ ਗਿਆ।
ਬਲਦੇਵ ਸਿੰਘ ਕ੍ਰਿਪਾਨ ਪਕੜਨ ਲਈ ਅਗੇ ਵਧਿਆ ਪਰ ਫੇਰ ਪਤਾ ਨਹੀਂ ਕੀ ਖਿਆਲ ਆਇਆ ਤੇ ਬੱਬਲ ਨੂੰ ਗਲਵਕੜੀ ਵਿੱਚ ਲੈਂਦਾ ਹੋਇਆ ਬੋਲਿਆ, “ਆਓ, ਇੱਕ ਆਖਰੀ ਵਾਰੀ ਸਾਰੇ ਮਿਲ ਲਈਏ ਤੇ ਤਿੰਨੇ ਆਪਸ ਵਿੱਚ ਲਿਪਟ ਗਏ।
ਬਾਹਰ ਦਰਵਾਜ਼ੇ ਤੇ ਥਪੇੜੇ ਵਜਣੇ ਸ਼ੁਰੂ ਹੋ ਗਏ। ਬਲਦੇਵ ਸਿੰਘ ਨੇ ਬੱਬਲ ਦਾ ਸਿਰ ਚੁੰਮਿਆਂ, ਛੇਤੀ ਨਾਲ ਅਲੱਗ ਹੁੰਦੇ ਹੋਏ ਕ੍ਰਿਪਾਨ ਫੜ ਲਈ ਤੇ ਤਿੰਨੇ ਬਾਹਰ ਵੱਲ ਦੌੜੇ। ਤਿੰਨਾਂ ਨੇ ਕ੍ਰਿਪਾਨਾਂ ਸੂਤ ਲਈਆਂ। ਬਲਦੇਵ ਸਿੰਘ ਤੇ ਗੁਰਮੀਤ ਕੌਰ ਦਰਵਾਜ਼ੇ ਦੇ ਦੋਵੇਂ ਪਾਸੇ ਖਲੋ ਗਏ। ਬੱਬਲ ਪਹਿਲਾਂ ਦਰਵਾਜ਼ੇ ਦੇ ਸਾਮ੍ਹਣੇ ਖੜੀ ਸੀ ਪਰ ਬਲਦੇਵ ਸਿੰਘ ਨੂੰ ਖਿਆਲ ਆਇਆ ਕਿ ਕਿਧਰੇ ਬਾਹਰੋਂ ਗੋਲੀ ਹੀ ਨਾ ਆ ਜਾਵੇ, ਉਸ ਨੇ ਬੱਬਲ ਨੂੰ ਇਸ਼ਾਰਾ ਕੀਤਾ ਤੇ ਉਹ ਵੀ ਮਾਂ ਦੇ ਨੇੜੇ ਹੋ ਗਈ।
ਦਰਵਾਜ਼ੇ ਤੇ ਜ਼ੋਰ ਜ਼ੋਰ ਦੇ ਥਪੇੜੇ ਪੈ ਰਹੇ ਸਨ ਜਿਵੇਂ ਕਿਸੇ ਭਾਰੀ ਚੀਜ਼ ਨਾਲ ਉਸ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਸੀ। ਨਾਹਰੇ ਤਾਂ ਗੂੰਜ ਹੀ ਰਹੇ ਸਨ ਨਾਲ ਬਾਹਰੋਂ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਬਕੀਆਂ ਜਾ ਰਹੀਆਂ ਸਨ।
ਬਲਦੇਵ ਸਿੰਘ ਨੂੰ ਕੁੱਝ ਧਿਆਨ ਆਇਆ ਤੇ ਬੋਲਿਆ, “ਇਨ੍ਹਾਂ ਦਾ ਸੁਆਗਤ ਕਰਨ ਦਾ ਸਹੀ ਮੌਕਾ ਸ਼ੁਰੂ ਵਿੱਚ ਹੀ ਹੈ, ਫੇਰ ਪਤਾ ਨਹੀਂ ਮੌਕਾ ਮਿਲੇ ਕਿ ਨਾ?” ਦੋਹਾਂ ਨੇ ਹਾਂ ਵਿੱਚ ਸਿਰ ਹਿਲਾਇਆ। ਤਿੰਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਜੋਸ਼ ਦਹਿਕ ਰਿਹਾ ਸੀ।
ਇਨੇ ਨੂੰ ਕਾੜ ਕਰਦਾ ਦਰਵਾਜ਼ਾ ਟੁੱਟ ਗਿਆ ਤੇ ਗੁੰਡੇ ਇੱਕ ਦਮ ਅੰਦਰ ਵੱਲ ਲਪਕੇ। ਬੱਬਲ ਨੇ ਉਚੀ ਸਾਰੀ ਜੈਕਾਰਾ ਛੱਡਿਆ, “ਬੋਲੇ ਸੋ ਨਿਹਾਲ” ਤੇ ਨਾਲ ਹੀ ਜਿਵੇਂ ਅਕਾਸ਼ ਚੋਂ ਕੋਈ ਬਿਜਲੀ ਕੜਕ ਪਈ ਹੋਵੇ, “ਸਤਿ ਸ੍ਰੀ ਅਕਾਲ” ਗਜਾਉਂਦੇ ਹੋਏ ਤਿੰਨੇ ਉਨ੍ਹਾਂ ਤੇ ਟੁੱਟ ਪਏ।
ਗੁੰਡਿਆਂ ਨੂੰ ਸ਼ਾਇਦ ਇਸ ਗੱਲ ਦੀ ਬਿਲਕੁਲ ਆਸ ਨਹੀਂ ਸੀ, ਕਈ ਚੀਕਾਂ ਨਿਕਲੀਆਂ, ਖੂਨ ਦੇ ਫੁਆਰੇ ਛੁੱਟੇ, ਗੁੰਡਿਆਂ ਵਿੱਚ ਭਾਜੜ ਪੈ ਗਈ ਤੇ ਉਹ ਪਿੱਛੇ ਨੂੰ ਦੌੜੇ। ਬੱਬਲ ਨੇ ਫੇਰ ਜੈਕਾਰਾ ਛੱਡਿਆ ਤੇ ਤਿੰਨਾਂ ਨੇ ਰੱਲ ਕੇ ਗੂੰਜ ਪਾ ਦਿੱਤੀ।
ਪਹਿਲਾ ਟੱਕਰਾ ਬਹੁਤ ਕਾਮਯਾਬ ਰਿਹਾ ਸੀ ਪਰ ਪਤਾ ਨਹੀਂ ਬੱਬਲ ਨੇ ਜਾਣ ਬੁਝ ਕੇ ਜੰਗਾਲੀ ਹੋਈ ਕ੍ਰਿਪਾਨ ਆਪਣੇ ਕੋਲ ਰਖੀ ਸੀ ਕਿ ਕੁਦਰਤੀ ਆ ਗਈ ਸੀ, ਉਹ ਕਿਸੇ ਚੀਜ਼ ਨਾਲ ਵੱਜ ਕੇ ਟੁੱਟ ਗਈ। ਤਿੰਨੇ ਆਪਣੀਆਂ ਪਹਿਲੇ ਵਾਲੀਆਂ ਪੁਜੀਸ਼ਨਾਂ ਵਿੱਚ ਆ ਗਏ ਸਨ ਪਰ ਬੱਬਲ ਨੂੰ ਖਾਲੀ ਹੱਥ ਵੇਖ ਕੇ ਬਲਦੇਵ ਸਿੰਘ ਕੁੱਝ ਪ੍ਰੇਸ਼ਾਨ ਹੋ ਗਿਆ। ਬੱਬਲ ਵੀ ਇਸ ਗਲੋਂ ਚੇਤੰਨ ਸੀ ਕਿ ਖਾਲੀ ਹੱਥ ਤਾਂ ਇਤਨੇ ਦੁਸ਼ਟਾਂ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ, ਇਸ ਲਈ ਕੋਈ ਹਥਿਆਰ ਲੱਭਣ ਲਈ ਉਹ ਆਪਣੇ ਕਮਰੇ ਵੱਲ ਦੌੜੀ। ਕੁੱਝ ਪੱਲ ਬੀਤ ਗਏ ਸ਼ਾਇਦ ਅਜੇ ਕੁੱਝ ਨਹੀਂ ਸੀ ਲੱਭਾ, ਬਲਦੇਵ ਸਿੰਘ ਨੂੰ ਪਤਾ ਨਹੀਂ ਕੀ ਖਿਆਲ ਆਇਆ ਕਿ ਉਸ ਨੇ ਜਾ ਕੇ ਬਾਹਰੋਂ ਕੁੰਡੀ ਲਗਾ ਦਿੱਤੀ।
ਬਾਹਰ ਗੁੰਡਿਆਂ ਦਾ ਆਗੂ ਕਾਰ ਵੱਲ ਦੌੜਿਆ, ਉਸ ਨੂੰ ਭੱਜਾ ਆਉਂਦਾ ਵੇਖ ਕੇ ਕਾਰ ਦਾ ਸ਼ੀਸ਼ਾਂ ਫੇਰ ਥੱਲੇ ਹੋ ਗਿਆ ਤੇ ਸਿਰ ਗੱਡੀ ਦੇ ਅੰਦਰ ਕਰ ਕੇ ਉਹ ਬੜੀ ਘਬਰਾਹਟ ਵਿੱਚ ਬੋਲਿਆ, “ਸਾਬ੍ਹ ਅੰਦਰ ਤੋ ਕਈ ਲੋਗ ਹੈਂ, ਤਲਵਾਰੋਂ ਕੇ ਸਾਥ।”
“ਅਬੇ ਕੋਈ ਭੀ ਨਹੀਂ, . . ਇਕੇਲਾ ਸਿੱਖੜਾ ਹੈ। …ਸਾਲੇ ਬੜੇ ਮਰਦ ਬਣੇ ਫਿਰਤੇ ਹੋ, …ਔਰਤੋਂ ਸੇ ਭਾਗ ਕੇ ਆ ਗਏ ਹੋ”, ਅੰਦਰੋਂ ਬੜੇ ਗੁੱਸੇ ਨਾਲ ਕਿਹਾ ਗਿਆ।
ਸ਼ਾਇਦ ਉਸ ਦੀ ਤਸੱਲੀ ਨਹੀਂ ਸੀ ਹੋਈ, ਉਹ ਉਂਝੇ ਹੀ ਘਬਰਾਇਆ ਹੋਇਆ ਬੋਲਿਆ, “ਨਹੀਂ ਸਾਬ੍ਹ, ਹਮਾਰੇ ਤੋ ਕਈ…. ।”
ਉਸ ਦੇ ਲਫਜ਼ ਅਜੇ ਵਿੱਚੇ ਹੀ ਸਨ ਕਿ ਅੰਦਰੋਂ ਫੇਰ ਜ਼ੋਰ ਦੀ ਫਟਕਾਰ ਪਾਈ ਗਈ, “ਅਬੇ ਬੋਲਾ ਨਾ …ਕੋਈ ਨਹੀਂ ਹੈ, ਅਕੇਲਾ ਸਿੱਖੜਾ ਹੈ ਔਰ ਦੋ ਔਰਤੇ ਹੈਂ। . . ਜਾਓ ਔਰ ਅਬ ਐਸੇ ਵਾਪਸ ਨਾ ਆਣਾ।”
ਡਾਂਟ ਖਾ ਕੇ ਉਹ ਵਾਪਸ ਆਪਣੇ ਸਾਥੀਆਂ ਕੋਲ ਆ ਗਿਆ। ਥੋੜ੍ਹੀ ਦੇਰ ਉਹ ਆਪਸ ਵਿੱਚ ਕੁੱਝ ਸਲਾਹ-ਮਸ਼ਵਰਾ ਕਰਦੇ ਰਹੇ, ਫੇਰ ਉਹ ਟਿੱਡੀ ਦਲ ਪਹਿਲਾਂ ਦੀ ਤਰ੍ਹਾਂ ਅਗੇ ਵਧਿਆ। ਇਸ ਵਾਰੀ ਉਨ੍ਹਾਂ ਨੀਤੀ ਵਿੱਚ ਕਾਫੀ ਤਬਦੀਲੀ ਕਰ ਲਈ ਸੀ, ਇੱਕ ਤਾਂ ਉਹ ਪਹਿਲੇ ਦੀ ਤਰ੍ਹਾਂ ਇੱਕ ਦਮ ਨਹੀਂ ਸੀ ਵਧੇ ਬਲਕਿ ਹੌਲੀ-ਹੋਲੀ ਸੰਭਲ ਕੇ ਜਾ ਰਹੇ ਸਨ। ਅੱਗੇ ਲੋਹੇ ਦੀਆਂ ਸੱਬਲਾਂ ਅਤੇ ਡਾਂਗਾਂ ਵਾਲੇ ਸਨ। ਉਨ੍ਹਾਂ ਸੱਬਲਾ ਅਗੇ ਸਿੱਧੀਆਂ ਕੀਤੀਆਂ ਹੋਈਆ ਸਨ ਜਾਂ ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਕੀਤੀਆਂ ਹੋਈਆਂ ਸਨ। ਉਨ੍ਹਾਂ ਦੇ ਦਰਵਾਜ਼ੇ ਅੰਦਰ ਪਹੁੰਚਦੇ ਹੀ ਬਲਦੇਵ ਸਿੰਘ ਨੇ ਜੈਕਾਰਾ ਛੱਡਿਆ, ਤੇ ਦੋਵੇਂ ਫਤਹਿ ਗਜਾਉਂਦੇ ਹੋਏ ਗੁੰਡਿਆਂ ਤੇ ਵਰ ਪਏ। ਬੱਬਲ ਜੋ ਬਾਹਰ ਆਉਣ ਲਈ ਲਗਾਤਾਰ ਦਰਵਾਜ਼ਾ ਖੜਕਾ ਰਹੀ ਸੀ ਨੇ ਅੰਦਰੋਂ ਹੀ ਪੂਰੀ ਗਰਮਜੋਸ਼ੀ ਨਾਲ ਜੈਕਾਰੇ ਦਾ ਜੁਆਬ ਦਿੱਤਾ।
ਇਸ ਵਾਰੀ ਕ੍ਰਿਪਾਨਾਂ ਦੀ ਖੜਕਾਰ ਬਹੁਤੀ ਸੁਣਾਈ ਦੇ ਰਹੀ ਸੀ ਕਿਉਂਕਿ ਉਨ੍ਹਾਂ ਦੇ ਬਹੁਤੇ ਵਾਰ ਲੋਹੇ ਦੀਆਂ ਸੱਬਲਾਂ ਤੇ ਹੀ ਵਜ ਰਹੇ ਸਨ ਫੇਰ ਵੀ ਵਿੱਚੋਂ ਕੋਈ ਚੀਕ ਸੁਣਾਈ ਦੇਂਦੀ ਤੇ ਨਾਲ ਹੀ ਖੂਨ ਦੀ ਧਾਰ ਵਿਖਾਈ ਦੇਂਦੀ। ਗੁਰਮੀਤ ਕੋਰ ਨੇ ਮਹਿਸੂਸ ਕੀਤਾ ਕਿ ਉਹ ਘਿਰਦੀ ਜਾ ਰਹੀ ਹੈ, ਉਸ ਨੇ ਇੱਕ ਭਰਪੂਰ ਵਾਰ ਸਾਹਮਣੇ ਆਏ ਗੁੰਡੇ ਤੇ ਕੀਤਾ ਪਰ ਵਾਰ ਸੱਬਲ ਤੇ ਵੱਜਾ। ਜ਼ੋਰ ਦੀ ਖੜਾਕ ਦੀ ਅਵਾਜ਼ ਆਈ ਤੇ ਉਸ ਦੀ ਕ੍ਰਿਪਾਨ ਵੀ ਟੁੱਟ ਗਈ। ਕੋਈ ਉਸ ਦੇ ਸਿਰ ਵਿੱਚ ਸੱਬਲ ਮਾਰਣ ਲੱਗਾ ਸੀ ਕਿ ਉਨ੍ਹਾਂ ਦੇ ਆਗੂ ਗੁੰਡੇ ਨੇ ਜ਼ੋਰ ਦੀ ਚੀਖ ਕੇ ਰੋਕ ਦਿੱਤਾ ਪਰ ਉਨ੍ਹਾਂ ਗੁਰਮੀਤ ਕੌਰ ਨੂੰ ਧੱਕ ਕੇ ਜ਼ੋਰ ਦੀ ਪਰੇ ਸੁੱਟਿਆ।
ਬਲਦੇਵ ਸਿੰਘ ਕਈ ਗੁੰਡਿਆਂ ਦਾ ਮੁਕਾਬਲਾ ਕਰ ਰਿਹਾ ਸੀ ਪਰ ਉਸ ਨੂੰ ਵੀ ਪੂਰੀ ਤਰ੍ਹਾਂ ਘੇਰਿਆ ਜਾ ਚੁੱਕਾ ਸੀ। ਉਸ ਨੇ ਗੁਰਮੀਤ ਕੌਰ ਦੀ ਕ੍ਰਿਪਾਨ ਟੁੱਟਦੀ ਵੇਖੀ ਤਾਂ ਧਿਆਨ ਉਧਰ ਚਲਾ ਗਿਆ, ਇਤਨੇ ਨੂੰ ਪਿੱਛੋਂ ਕਿਸੇ ਨੇ ਉਸ ਦੇ ਸਿਰ ਵਿੱਚ ਸੱਬਲ ਨਾਲ ਵਾਰ ਕੀਤਾ, ਉਸ ਦੇ ਮੂੰਹੋਂ ਉਚੀ ਸਾਰੀ ‘ਵਾਹਿਗੁਰੂ’ ਨਿਕਲਿਆ, ਕ੍ਰਿਪਾਨ ਹੱਥੋਂ ਛੁੱਟ ਗਈ, ਦੋਵੇਂ ਹੱਥ ਸਿਰ ਤੇ ਪਹੁੰਚ ਗਏ। ਉਹ ਚੱਕਰ ਖਾ ਕੇ ਡਿੱਗ ਰਿਹਾ ਸੀ ਕਿ ਕਿਸੇ ਨੇ ਇੱਕ ਟਾਇਰ ਉਸ ਦੇ ਗੱਲੇ ਵਿੱਚ ਪਾ ਦਿੱਤਾ ਤੇ ਨਾਲ ਹੀ ਕਿਸੇ ਨੇ ਉਤੇ ਤੇਲ ਪਾ ਕੇ ਅੱਗ ਲਾ ਦਿੱਤੀ। ਸਭ ਕੁੱਝ ਪੱਲ ਵਿੱਚ ਹੀ ਵਾਪਰ ਗਿਆ ਜਿਵੇਂ ਇਸ ਦੀ ਪੂਰੀ ਤਿਆਰੀ ਸੀ। ਗੁਰਮੀਤ ਕੌਰ ਨੇ ਸਭ ਕੁੱਝ ਵੇਖਿਆ ਪਰ ਉਸ ਦੇ ਸੰਭਲਣ ਤੱਕ ਭਾਣਾ ਵਾਪਰ ਚੁੱਕਾ ਸੀ। ਉਸ ਨੇ ਪਤੀ ਵੱਲ ਛਲਾਂਗ ਲਗਾਈ। ਦੋ ਤਿੰਨ ਗੁੰਡਿਆਂ ਨੇ ਉਸ ਨੂੰ ਜ਼ੋਰ ਦੀ ਧੱਕਾ ਦਿੱਤਾ, ਉਹ ਜਾਕੇ ਪੌੜੀ ਕੋਲ ਡਿੱਗੀ, ਸਿਰ ਪੌੜੀ ਨਾਲ ਵੱਜਾ, ਲਹੂ ਦੀ ਫੁਹਾਰ ਨਿਕਲੀ ਤੇ ਗੁਰਮੀਤ ਕੌਰ ਉਥੇ ਹੀ ਢੇਰ ਹੋ ਗਈ।
ਗੁੰਡਿਆਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਤੇ ਉਹ ਸਾਰੇ ਘੱਰ ਨੂੰ ਲੁੱਟਣ ਵਿੱਚ ਰੁਝ ਗਏ। ਜਿਸੇ ਦੇ ਜੋ ਹੱਥ ਆਉਂਦਾ ਲਈ ਜਾਂਦਾ ਸੀ, ਜੋ ਫਾਲਤੂ ਲਗਦਾ ਪਰ ਅੱਗ ਲਾਉਣ ਦੇ ਕੰਮ ਆ ਸਕਦਾ ਸੀ, ਉਸ ਨੂੰ ਸੜਦੇ ਹੋਏ ਬਲਦੇਵ ਸਿੰਘ ਉਤੇ ਸੁੱਟੀ ਜਾਂਦੇ। ਕੁੱਝ ਗੁੰਡਿਆਂ ਨੇ ਬੱਬਲ ਵਾਲੇ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਆਗੂ ਨੱਸਾ ਆਇਆ ਤੇ ਉਨ੍ਹਾਂ ਨੂੰ ਰੋਕ ਕੇ ਸਭ ਨੂੰ ਤਾੜਨਾ ਕੀਤੀ ਕਿ ਇਸ ਨੂੰ ਨਹੀਂ ਛੇੜਨਾ, ਇੰਝ ਹੀ ਰਹਿਣ ਦਿਓ।
ਉਨ੍ਹਾਂ ਦੇ ਆਗੂ ਨੇ ਬਲਦੇਵ ਸਿੰਘ ਦੇ ਕਮਰੇ ਵਿੱਚ ਜਾ ਕੇ ਅਲਮਾਰੀਆਂ ਦੇ ਤਾਲੇ ਤੋੜੇ ਤੇ ਕੀਮਤੀ ਸਮਾਨ ਜੇਬਾਂ ਵਿੱਚ ਭਰ ਕੇ ਬਾਹਰ ਨਿਕਲਿਆ। ਬਾਕੀ ਸਭ ਵੱਧ ਤੋਂ ਵੱਧ ਲੁਟਣ ਦੇ ਆਹਰ ਵਿੱਚ ਸਨ, ਉਹ ਬਾਹਰ ਕਾਰ ਕੋਲ ਗਿਆ, ਉਸ ਨੂੰ ਵੇਖ ਕੇ ਕਾਰ ਦੀ ਖਿੜਕੀ ਦਾ ਸ਼ੀਸ਼ਾ ਫੇਰ ਥੱਲੇ ਹੋ ਗਿਆ।
“ਹੋ ਗਿਆ ਸਰ”, ਉਸ ਨੇ ਕਾਰ ਦੇ ਅੰਦਰ ਝਾਕਦੇ ਹੋਏ ਕਿਹਾ। ਉਸ ਦੇ ਚਿਹਰੇ ਤੇ ਇੱਕ ਜੇਤੂ ਮੁਸਕਰਾਹਟ ਸੀ।
“ਸ਼ਾਬਾਸ਼, ਬਹੁਤ ਬੜੀਆ”, ਉਸ ਨੂੰ ਥਾਪੜਾ ਦਿੱਤਾ ਗਿਆ ਤੇ ਨਾਲ ਹੀ ਕਿਹਾ ਗਿਆ, “ਆਪਣੇ ਪਾਂਚ-ਚਾਰ ਖ਼ਾਸ ਆਦਮੀਂ ਰੋਕ ਲੋ, ਬਾਕੀਓਂ ਕੋ ਬੋਲੋ ਅਬ ਜਾਏਂ।”
“ਜੀ ਸਰ”, ਕਹਿਕੇ ਉਹ ਬਲਦੇਵ ਸਿੰਘ ਦੇ ਘਰ ਵੱਲ ਵਾਪਸ ਆ ਗਿਆ।
ਦਸ ਕੁ ਮਿੰਟ ਬਾਅਦ ਕਾਰ ਕੋਲ ਵਾਪਸ ਆ ਕੇ ਬੋਲਿਆ, “ਸਾਫ ਹੋ ਗਿਆ ਸਰ” ਤੇ ਨਾਲ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਚੌਧਰੀ ਹਰੀਸ਼ਰਨ ਬਾਹਰ ਨਿਕਲਿਆ, ਉਸ ਦੇ ਚਿਹਰੇ ਤੇ ਇੱਕ ਨਫਰਤ ਭਰੀ ਮੁਸਕਾਨ ਸੀ।
ਬਲਦੇਵ ਸਿੰਘ ਦੇ ਘਰ ਅੰਦਰ ਦਾਖਲ ਹੁੰਦੇ ਹੀ ਉਸ ਦੀ ਨਜ਼ਰ ਪੌੜੀਆਂ ਕੋਲ ਲਹੂ-ਲੁਹਾਨ, ਢੇਰ ਹੋਈ ਗੁਰਮੀਤ ਕੌਰ ਤੇ ਪਈ ਤੇ ਬੜੇ ਗੁੱਸੇ ਨਾਲ ਬੋਲਿਆ, “ਅਬੇ ਸਾਲੋ ਤੁਮ ਕੋ ਬੋਲਾ ਥਾ…”, ਅਜੇ ਉਸ ਦੇ ਲਫ਼ਜ਼ ਵਿੱਚੇ ਹੀ ਸਨ ਕਿ ਗੁੰਡਿਆਂ ਦਾ ਆਗੂ ਗਿੜਗੜਾਉਂਦਾ ਹੋਇਆ ਬੋਲਿਆ, “ਕਿਆ ਕਰਤੇ ਸਾਬ੍ਹ, ਕਾਬੂ ਹੀ ਨਹੀਂ ਆ ਰਹੀ ਥੀ, ਉਸ ਕੇ ਊਪਰ ਛਲਾਂਗ ਲਗਾ ਰਹੀ ਥੀ। ਪੀਛੇ ਧਕੇਲਾ ਤੋ ਸਰ ਸੀੜੀ ਸੇ ਬੱਜ ਗਿਆ”, ਉਸ ਨੇ ਆਪਣੀ ਸਫਾਈ ਦਿੱਤੀ।
ਚੌਧਰੀ ਦੇ ਚਿਹਰੇ ਤੇ ਇੰਝ ਭਾਵ ਆਏ ਜਿਵੇਂ ਕੋਈ ਕੀਮਤੀ ਖਜ਼ਾਨਾ ਉਸ ਕੋਲੋਂ ਖੁਸ ਗਿਆ ਹੋਵੇ। ਕੁੱਝ ਨਿਰਾਸਤ ਵਿੱਚ ਬੋਲਿਆ, “ਭੇਜ ਦੋ ਇਸ ਕੋ ਭੀ ਉਸ ਕੇ ਸਾਥ ਹੀ।”
ਉਸ ਦੇ ਇਸ਼ਾਰਾ ਕਰਨ ਦੀ ਦੇਰ ਸੀ, ਤਿੰਨ-ਚਾਰ ਗੁੰਡਿਆਂ ਨੇ ਗੁਰਮੀਤ ਕੋਰ ਨੂੰ ਚੁੱਕ ਕੇ ਉਸੇ ਅੱਗ ਵਿੱਚ ਬਲਦੇਵ ਸਿੰਘ ਦੇ ਉਤੇ ਸੁੱਟ ਦਿੱਤਾ।
ਚੌਧਰੀ ਵਾਪਸ ਮੁੜਿਆ ਤੇ ਪੁੱਛਿਆ, “ਵੁਹ ਛੁਟਕੀ ਕਹਾਂ ਹੈ?”
“ਅੰਦਰ ਕਮਰੇ ਮੇਂ”, ਉਸ ਨੇ ਬਾਹਰੋਂ ਕੁੰਡੀ ਲੱਗੇ ਬੰਦ ਕਮਰੇ ਵੱਲ ਇਸ਼ਾਰਾ ਕੀਤਾ।
ਚੌਧਰੀ ਦੇ ਚਿਹਰੇ ਤੇ ਇੱਕ ਵਾਰੀ ਫੇਰ ਮੁਸਕਰਾਹਟ ਆ ਗਈ। ਉਸ ਨੂੰ ਲੱਗਾ ਜਿਵੇਂ ਸ਼ਿਕਾਰ ਆਪੇ ਪਿੰਜਰੇ ਵਿੱਚ ਫਸ ਕੇ ਉਸ ਦੇ ਕਾਬੂ ਆ ਗਿਆ ਹੋਵੇ। ਆਪਣੇ ਆਦਮੀਆਂ ਨੂੰ ਇਸ਼ਾਰਾ ਕੀਤਾ ਕਿ ਉਹ ਸਭ ਪਾਸੇ ਹੋ ਜਾਣ ਤੇ ਜਾਕੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਦਰਵਾਜ਼ਾ ਧੱਕਿਆ। ਦਰਵਾਜ਼ਾ ਅੰਦਰੋਂ ਬੰਦ ਸੀ।
“ਬੱਬਲ ਦਰਵਾਜ਼ਾ ਖੋਲ੍ਹ”, ਉਸ ਨੇ ਦਰਵਾਜ਼ਾ ਥਪਥਪਾਉਂਦੇ ਹੋਏ ਕਿਹਾ। ਪਰ ਅੰਦਰੋਂ ਕੋਈ ਅਵਾਜ਼ ਨਹੀਂ ਆਈ। ਉਸ ਨੇ ਦੁਬਾਰਾ ਦਰਵਾਜ਼ਾ ਹੋਰ ਜ਼ੋਰ ਨਾਲ ਖੜਕਾਉਂਦੇ ਹੋਏ ਕਿਹਾ, “ਬੱਬਲ ਘਬਰਾ ਮਤ, ਦਰਵਾਜ਼ਾ ਖੋਲ੍ਹ ਦੇ। ਮੈਂ ਹੂੰ ਚੌਧਰੀ…ਹਰੀਸ਼ਰਨ।”
ਸਹਿਮੀ ਹੋਈ ਬੱਬਲ ਨੇ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਕਿਆ, ਸਾਮ੍ਹਨੇ ਚੌਧਰੀ ਇਕੱਲਾ ਖੜਾ ਸੀ। ਉਸ ਨੇ ਪੂਰਾ ਦਰਵਾਜ਼ਾ ਖੋਲ੍ਹ ਦਿੱਤਾ। ਨਾਲ ਹੀ ਉਸ ਦੀ ਨਜ਼ਰ ਸਾਮ੍ਹਣੇ ਧੂ ਧੂ ਕਰ ਕੇ ਸੜਦੇ ਮਾਤਾ ਪਿਤਾ ਤੇ ਪਈ ਤੇ ਉਸ ਦੀ ਚੀਖ ਨਿਕਲ ਗਈ। ਅਥਰੂਆਂ ਦਾ ਹੱੜ ਵੱਗ ਤੁਰਿਆ ਤੇ ਉਹ ਉਧਰ ਹੀ ਲਪਕੀ।
“ਪਗਲੀ ਹੋ ਗਈ ਹੈ?” ਕਹਿੰਦਿਆ ਚੌਧਰੀ ਨੇ ਉਸ ਨੂੰ ਘੁੱਟ ਕੇ ਬਾਹੋਂ ਫੜ ਲਿਆ ਤੇ ਕਮਰੇ ਦੇ ਅੰਦਰ ਖਿਚ ਲਿਆ। ਬੱਬਲ ਨੂੰ ਜਾਪਿਆ ਕਿ ਸਾਮ੍ਹਣੇ ਉਸ ਦਾ ਹਮਦਰਦ ਖੜਾ ਹੈ, ਉਸ ਨੂੰ ਇਸ ਵੇਲੇ ਕਿਸੇ ਮੋਢੇ ਦੀ ਬਹੁਤ ਜ਼ਰੂਰਤ ਸੀ।
“ਚਾਚਾ ਜੀ!”, ਉਸ ਦੀ ਚੀਖ ਵਰਗੀ ਅਵਾਜ਼ ਨਿਕਲੀ ਤੇ ਉਹ ਚੌਧਰੀ ਦੇ ਗਲੇ ਲੱਗ ਗਈ। ਚੌਧਰੀ ਨੇ ਵੀ ਉਸ ਨੂੰ ਚੰਗੀ ਤਰ੍ਹਾਂ ਨਾਲ ਘੁੱਟ ਲਿਆ ਤੇ ਪਿੱਠ ਤੇ ਹੱਥ ਫੇਰ ਕੇ ਹੌਂਸਲਾ ਦੇਂਦਾ ਹੋਇਆ ਬੋਲਿਆ, “ਘਬਰਾ ਮਤ ਜੋ ਹੋਨਾ ਥਾ ਹੋ ਗਿਆ, ਅਬ ਮੈਂ ਤੁਝੇ ਕੁੱਛ ਨਹੀਂ ਹੋਨੇ ਦੂੰਗਾ।”
ਪੱਲ ਵਿੱਚ ਹੀ ਬੱਬਲ ਨੇ ਮਹਿਸੂਸ ਕੀਤਾ ਕਿ ਚੌਧਰੀ ਦੇ ਹੱਥ ਉਸ ਦੇ ਬਦਨ ਨੂੰ ਟੋਹਣ ਲੱਗ ਪਏ ਸਨ, ਉਹ ਬਿਜਲੀ ਦੀ ਤੇਜ਼ੀ ਨਾਲ ਅਲੱਗ ਹੁੰਦੀ ਹੋਈ ਬੋਲੀ, “ਚਾਚਾ ਜੀ! ਤੁਸੀਂ…।”
ਚੌਧਰੀ ਨੇ ਝਪੱਟ ਕੇ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਾ ਦਿੱਤੀ ਤੇ ਉਸ ਵਲ ਪਲਟ ਕੇ ਸਮਝਾਉਣ ਵਾਲੇ ਅੰਦਾਜ਼ ਵਿੱਚ ਬੋਲਿਆ, “ਭੂਲ ਜਾ ਯੇਹ ਸਭ, …ਇਸ ਵਕਤ ਸਿਰਫ ਮੈਂ ਹੀ ਤੁਮਹੇਂ ਬਚਾ ਸਕਤਾ ਹੂੰ, …ਮੇਰੀ ਬਾਤ ਪਿਆਰ ਸੇ ਮਾਨ ਲੇ, …ਮੈਂ ਤੇਰਾ ਬਾਲ ਭੀ ਬਾਂਕਾ ਨਹੀਂ ਹੋਨੇ ਦੂੰਗਾ। . . ਨਹੀਂ ਤੋ…. ।”
ਹੁਣ ਤੱਕ ਬੱਬਲ ਸਭ ਕੁੱਝ ਸਮਝ ਚੁੱਕੀ ਸੀ। ਉਸ ਦਾ ਚਿਹਰਾ ਗੁੱਸੇ ਨਾਲ ਅੱਗ ਦਾ ਗੋਲਾ ਬਣ ਗਿਆ, ਅੱਖਾਂ `ਚੋਂ ਚਿੰਗਾਰੀਆਂ ਨਿਕਲਦੀਆਂ ਜਾਪਦੀਆਂ ਸਨ। ਸ਼ਾਇਦ ਉਸ ਨੇ ਹਰ ਹਾਲਾਤ ਦੇ ਟਾਕਰੇ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ।
ਸਪਨੀ ਵਾਂਗੂੰ ਫੁਫਕਾਰਦੀ ਹੋਈ ਬੋਲੀ, “ਜ਼ਿੰਦਗੀ ਮੌਤ ਤਾਂ ਮੇਰੇ ਵਾਹਿਗੁਰੂ ਦੇ ਹੱਥ ਹੈ, …ਪਰ ਮੇਰੇ ਜੀਂਦੇ ਜੀਅ ਤੂੰ ਆਪਣੀ ਗੰਦੀ ਵਾਸਨਾ ਕਦੇ ਨਹੀਂ ਪੂਰੀ ਕਰ ਸਕਦਾ …ਕੁੱਤੇ…” ਤੇ ਨਾਲ ਹੀ ਥਾੜ ਕਰਦਾ ਇੱਕ ਥੱਪੜ ਚੌਧਰੀ ਦੇ ਮੂੰਹ ਤੇ ਪਿਆ। ਜਿਵੇਂ ਕੋਈ ਵੱਡਾ ਪਟਾਕਾ ਚਲਣ ਦੀ ਅਵਾਜ਼ ਆਈ ਹੋਵੇ।
ਚੌਧਰੀ ਇਸ ਅਚਣਚੇਤੀ ਥੱਪੜ ਵਾਸਤੇ ਬਿਲਕੁਲ ਤਿਆਰ ਨਹੀਂ ਸੀ, ਇੱਕ ਵਾਰੀ ਤਾਂ ਪੂਰੀ ਤਰ੍ਹਾਂ ਬੌਂਦਲ ਗਿਆ। ਫੇਰ ਸੰਭਲ ਕੇ ਗੱਲ ਮਲਦਾ ਹੋਇਆ, ਬੇਸ਼ਰਮਾਂ ਵਾਂਗੂੰ ਹੱਸ ਕੇ ਬੋਲਿਆ, “ਅੱਛਾ! ਯੇਹ ਬਾਤ ਹੈ. . , ਤੋ ਠੀਕ ਹੈ, ਹਮੇਂ ਤੋ ਐਸਾ ਕਰਾਰਾ ਪਿਆਰ ਬਹੁਤ ਅੱਛਾ ਲਗਤਾ ਹੈ। …ਅਬ ਤੁਮ ਨੇ ਸ਼ੁਰੂਆਤ ਕਰ ਦੀ ਹੈ ਤੋ ਲੋ. .” ਤੇ ਨਾਲ ਹੀ ਉਸ ਨੇ ਦੋ ਤਿੰਨ ਥੱਪੜ ਬੱਬਲ ਦੇ ਜੜ ਦਿੱਤੇ।
ਇਸ ਤੋਂ ਪਹਿਲਾਂ ਕਿ ਬੱਬਲ ਸੰਭਲ ਪਾਂਦੀ, ਉਹ ਉਸ ਤੇ ਝਪਟ ਪਿਆ ਤੇ ਉਸ ਦੇ ਕਪੜੇ ਖਿਚਣ-ਫਾੜਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਬੱਬਲ ਬਰਾਬਰ ਮੁਕਾਬਲਾ ਕਰ ਰਹੀ ਸੀ ਦੋਵੇਂ ਗੁੱਥਮ-ਗੁੱਥਾ ਹੋਏ ਹੋਏ ਸਨ, ਪਰ ਚੌਧਰੀ ਮਾਰ ਖਾਂਦਾ ਵੀ ਕਪੜੇ ਫਾੜਨ ਦੀ ਕੋਸ਼ਿਸ਼ ਵਿੱਚ ਵਧੇਰੇ ਲੱਗਾ ਹੋਇਆ ਸੀ। ਬੱਬਲ ਉਸ ਦੀ ਨੀਯਤ ਨੂੰ ਸਮਝ ਗਈ ਤੇ ਮਹਿਸੂਸ ਕੀਤਾ ਕਿ ਉਹ ਕਾਫੀ ਹੱਦ ਤੱਕ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਿਹਾ ਹੈ।
ਸਾਹਮਣੇ ਚੌਧਰੀ ਦੀ ਖੱਬੀ ਬਾਂਹ ਆ ਗਈ ਤੇ ਉਸ ਨੇ ਜ਼ੋਰ ਦੀ ਉਸ ਦੇ ਚੱਕ ਵੱਢਿਆ। ਇੰਝ ਸੀ ਜਿਵੇਂ ਉਹ ਮਾਸ ਦੀ ਬੋਟੀ ਹੀ ਨੋਚ ਲਿਆਏਗੀ। ਚੌਧਰੀ ਦੀ ਜ਼ੋਰ ਨਾਲ ਚੀਕ ਨਿਕਲੀ ਪਰ ਸੰਭਲ ਕੇ ਉਸ ਨੇ ਸੱਜੇ ਹੱਥ ਨਾਲ ਬੱਬਲ ਦੇ ਮੂੰਹ ਤੇ ਜ਼ੋਰ ਦਾ ਮੁੱਕਾ ਮਾਰਿਆ। ਬੱਬਲ ਦੇ ਮੂੰਹ `ਚੋਂ ਖੂਨ ਵੱਗ ਪਿਆ ਤੇ ਚੱਕ ਛੁਟ ਗਿਆ।
ਚੌਧਰੀ ਜਿਵੇਂ ਪਾਗਲ ਹੋ ਗਿਆ ਸੀ, ਉਸ ਨੇ ਬੱਬਲ ਦੇ ਕਈ ਲੱਤਾਂ ਮੁੱਕੇ ਮਾਰੇ ਤੇ ਉਹ ਨਿਢਾਲ ਹੋ ਕੇ ਡਿੱਗ ਪਈ।
ਬਾਹਰ ਚੌਧਰੀ ਦੇ ਬੰਦਿਆਂ ਨੇ ਉਸ ਦੀ ਚੀਖ ਸੁਣੀ ਤਾਂ ਘਬਰਾ ਗਏ ਤੇ ਦਰਵਾਜ਼ਾ ਖੜਕਾਉਣ ਲੱਗ ਪਏ। ਚੌਧਰੀ ਨੇ ਜਾ ਕੇ ਥੋੜ੍ਹਾ ਜਿਹਾ ਦਰਵਾਜ਼ਾ ਖੋਲਿਆ ਤੇ ਖਿਝਦਾ ਹੋਇਆ ਬੋਲਿਆ, “ਅਬੇ ਕਿਆ ਹੈ?”
“ਸਰ, ਆਪ ਕੀ ਚੀਖ. . ?” ਅਜੇ ਲਫਜ਼ ਬੰਦੇ ਦੇ ਮੂੰਹ ਵਿੱਚ ਹੀ ਸਨ ਕਿ ਚੌਧਰੀ ਬੇਸ਼ਰਮਾਂ ਵਾਂਗੂੰ ਹਸਦਾ ਹੋਇਆ ਬੋਲਿਆ, “ਅਬੇ ਯੇਹ ਤੋ ਪਿਆਰ ਕੇ ਖੇਲ ਹੈਂ” ਤੇ ਫੇਰ ਕੁੱਝ ਗੁੱਸੇ ਨਾਲ ਬੋਲਿਆ, “ਬਸ, ਅਬ ਪ੍ਰੇਸ਼ਾਨ ਮਤ ਕਰਨਾ”, ਤੇ ਛੇਤੀ ਨਾਲ ਦਰਵਾਜ਼ਾ ਬੰਦ ਕਰਕੇ ਬੱਬਲ ਵੱਲ ਮੁੜਿਆ।
ਇਤਨੇ ਵਿੱਚ ਬੱਬਲ ਫੇਰ ਕੁੱਝ ਸੰਭਲ ਗਈ ਸੀ ਤੇ ਉਹ ਫੇਰ ਹਿੰਮਤ ਇਕੱਠੀ ਕਰ ਕੇ ਵਾਪਸ ਮੁੜਦੇ ਚੌਧਰੀ ਉਤੇ ਝੱਪਟ ਪਈ। ਚੌਧਰੀ ਤਾਂ ਸਮਝ ਰਿਹਾ ਸੀ ਕਿ ਉਹ ਮੋਰਚਾ ਜਿਤ ਚੁੱਕਾ ਹੈ, ਉਸ ਦੇ ਹਮਲੇ ਤੋਂ ਹੈਰਾਨ ਰਹਿ ਗਿਆ ਤੇ ਪਿੱਛੇ ਦੀਵਾਰ ਨਾਲ ਵੱਜਾ, ਸਿਰ ਦੀਵਾਰ ਨਾਲ ਟਕਰਾਉਣ ਨਾਲ ਮੱਥੇ ਤੇ ਹਲਕਾ ਜਿਹਾ ਜ਼ਖਮ ਹੋ ਗਿਆ ਪਰ ਇਸ ਨਾਲ ਉਹ ਹੋਰ ਬਿਫਰ ਪਿਆ। ਇਸ ਤੋਂ ਪਹਿਲਾਂ ਕਿ ਬੱਬਲ ਹੋਰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਦੀ, ਉਸ ਨੇ ਮੁੱਕਿਆਂ ਲੱਤਾਂ ਦੀ ਬਰਸਾਤ ਕਰ ਦਿੱਤੀ ਤੇ ਜ਼ੋਰ ਦੀ ਧੱਕਾ ਮਾਰਿਆ। ਬੱਬਲ ਇੱਕ ਢਿੱਗ ਵਾਂਗੂ ਪਰੇ ਨੁਕਰ ਵਿੱਚ ਜਾ ਡਿੱਗੀ। ਉਸ ਦੀ ਹਿੰਮਤ ਪੂਰੀ ਤਰ੍ਹਾਂ ਜੁਆਬ ਦੇ ਗਈ ਜਾਪਦੀ ਸੀ।
ਚੌਧਰੀ ਨੇ ਘੂਰ ਕੇ ਵੇਖਿਆ ਤੇ ਫੇਰ ਬੇਸ਼ਰਮਾਂ ਵਾਂਗੂੰ ਹਸਦਾ ਹੋਇਆ ਬੋਲਿਆ, “ਬੱਸ, ਹਮ ਨੇ ਤੋ ਪਹਿਲੇ ਹੀ ਕਹਾ ਥਾ. . ਪਿਆਰ ਸੇ ਮਾਨ ਜਾ”, ਤੇ ਨਾਲ ਹੀ ਹੌਲੀ ਹੌਲੀ ਉਸ ਵਲ ਵਧਣ ਲੱਗਾ। ਬੱਬਲ ਦੇ ਪਾਟੇ ਕਪੜਿਆਂ ਚੋਂ ਝਾਕਦੇ ਬਦਨ ਨੂੰ ਵੇਖ ਕੇ ਜਿਵੇਂ ਉਹ ਪਾਗਲ ਹੋ ਰਿਹਾ ਸੀ। ਉਸ ਨੂੰ ਅੱਗੇ ਆਉਂਦਾ ਵੇਖ ਕੇ ਬੱਬਲ ਘਬਰਾ ਗਈ ਤੇ ਫੇਰ ਕੁੱਝ ਹਿੰਮਤ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਅਚਾਨਕ ਉਸ ਦੇ ਹਿਰਦੇ ਚੋਂ ਅਰਦਾਸ ਨਿਕਲੀ, ‘ਵਾਹਿਗੁਰੂ’ ਆਪਣੀ ਬੱਚੀ ਦੀ ਪਤ ਦੀ ਰਖਿਆ ਕਰੋ’ ਤੇ ਨਾਲ ਉਚਾ ਹੋਣ ਦੀ ਕੋਸ਼ਿਸ਼ ਕੀਤੀ। ਅਚਾਨਕ ਉਸ ਦਾ ਹੱਥ ਗਲ ਪਈ ਛੋਟੀ ਕ੍ਰਿਪਾਨ ਨੂੰ ਲੱਗਾ ਤੇ ਉਸ ਦੇ ਕੰਨਾਂ ਵਿੱਚ ਪਾਹੁਲ ਛਕਣ ਵੇਲੇ ਪੰਜ ਪਿਆਰਿਆਂ ਵੱਲੋਂ ਕਹੇ ਇਹ ਸ਼ਬਦ ਗੂੰਜ ਗਏ, ‘ਸਤਿਗੁਰੂ ਨੇ ਮਜ਼ਲੂਮ ਦੀ ਮੱਦਦ ਅਤੇ ਆਪਣੀ ਅਣੱਖ ਦੀ ਰਖਿਆ ਵਾਸਤੇ ਸਾਨੂੰ ਸ਼ਸਤਰਧਾਰੀ ਬਣਾਇਆ ਹੈ’।
ਉਸ ਦੇ ਅੰਦਰ ਇੱਕ ਨਵੀਂ ਤਾਕਤ ਦਾ ਸੰਚਾਰ ਹੋ ਚੁੱਕਾ ਸੀ। ਉਸ ਨੇ ਚੇਹਰੇ ਤੇ ਤਾਂ ਕੋਈ ਭਾਵ ਨਹੀਂ ਆਉਣ ਦਿੱਤੇ ਪਰ ਕ੍ਰਿਪਾਨ ਦੇ ਮੁੱਠੇ ਨੂੰ ਘੁੱਟ ਕੇ ਫੜ ਲਿਆ। ਚੌਧਰੀ ਉਸੇ ਤਰ੍ਹਾਂ ਹਸਦਾ ਹੋਇਆ ਅਗੇ ਆਇਆ ਤੇ ਉਸ ਵੱਲ ਹੱਥ ਵਧਾ ਕੇ ਬੋਲਿਆ, “ਚਲ, ਅਬ ਆ ਜਾ।”
ਬੱਬਲ ਉਸੇ ਤਰ੍ਹਾਂ ਪਈ ਰਹੀ, ਚੌਧਰੀ ਨੇ ਸੋਚਿਆ ਕਿ ਸ਼ਾਇਦ ਇਤਨੀ ਨਿਢਾਲ ਹੋ ਚੁੱਕੀ ਹੈ ਕਿ ਉਸ ਕੋਲ ਉਠਣ ਦੀ ਹਿੰਮਤ ਨਹੀਂ, ਉਹ ਉਸ ਦੇ ਉਤੇ ਝੁਕਿਆ। ਇਤਨੇ ਨੂੰ ਜਿਵੇਂ ਅਕਾਸ਼ ਵਿੱਚ ਇੱਕ ਦਮ ਸੈਂਕੜੇ ਬਿਜਲੀਆਂ ਕੜਕ ਪਈਆਂ ਹੋਣ, ਬੱਬਲ ਦੀ ਛੋਟੀ ਕ੍ਰਿਪਾਨ ਮਿਆਨ ਚੋਂ ਬਾਹਰ ਆਈ ਤੇ ਅੱਖ ਦੇ ਫੋਰ ਵਿੱਚ ਹੀ ਚੌਧਰੀ ਦੇ ਪੇਟ ਵਿੱਚ ਵੜ ਗਈ।
ਉੱਚੀ ਸਾਰੀ ‘ਹਾਏ’ ਦੇ ਨਾਲ ਚੌਧਰੀ ਦੀ ਚੀਖ ਨਿਕਲੀ, ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦਾ ਜਾਂ ਸੰਭਲ ਪਾਂਦਾ, ਬਿਜਲੀ ਦੀ ਫੁਰਤੀ ਨਾਲ ਬੱਬਲ ਉਠੀ, ਉਸ ਦੇ ਅੰਦਰ ਇੱਕ ਅਲੌਕਿਕ ਜੋਸ਼ ਪੈਦਾ ਹੋ ਚੁੱਕਾ ਸੀ। ਕ੍ਰਿਪਾਨ ਚੌਧਰੀ ਦੇ ਢਿੱਡ ਚੋਂ ਬਾਹਰ ਆਉਂਦੀ ਤੇ ਪੱਲ ਵਿੱਚ ਹੀ ਫੇਰ ਉਸ ਦੇ ਬਦਨ ਨੂੰ ਚੀਰਦੀ ਹੋਈ ਅੰਦਰ ਜਾ ਵੜਦੀ।
ਪਲਾਂ ਵਿੱਚ ਹੀ ਉਸ ਨੇ ਕਈ ਵਾਰ ਕਰ ਦਿੱਤੇ। ਪਹਿਲੇ ਇੱਕ ਦੋ ਵਾਰਾਂ ਵਿੱਚ ਉਹ ‘ਹਾਏ-ਹਾਏ’ ਚੀਖਿਆ, ਤੇ ਫੇਰ ‘ਬਚਾਓ-ਬਚਾਓ’ ਚਿਲਾਇਆ ਤੇ ਫੇਰ ਸਦਾ ਲਈ ਸ਼ਾਂਤ ਹੋ ਗਿਆ।
ਬੱਬਲ ਦੀਆਂ ਅੱਖਾਂ `ਚੋਂ ਜ਼ਾਰ-ਜ਼ਾਰ ਅਥਰੂ ਵੱਗ ਰਹੇ ਸਨ ਪਰ ਹੱਥ ਅਕਾਲ-ਪੁਰਖ ਦੇ ਸ਼ੁਕਰਾਨੇ ਵਿੱਚ ਜੁੜੇ ਹੋਏ ਸਨ, ਕ੍ਰਿਪਾਨ ਉਨ੍ਹਾਂ ਦੇ ਵਿੱਚ ਘੁੱਟੀ ਹੋਈ ਸੀ ਤੇ ਫੇਰ ਉਹ ਨਿਢਾਲ ਹੋ ਕੇ ਹੇਠਾਂ ਬੈਠ ਗਈ।
ਬਾਹਰ ਚੌਧਰੀ ਦੇ ਆਦਮੀਂ ਅੰਦਰ ਦੇ ਹਾਲਾਤ ਦਾ ਅੰਦਾਜ਼ਾ ਲਗਾ ਕੇ ਚੁਸਕੀਆਂ ਲੈ ਰਹੇ ਸਨ। ਚੌਧਰੀ ਦੀ ਹਾਏ ਹਾਏ ਸੁਣ ਕੇ ਹੱਸੇ ਤੇ ਇੱਕ ਬੋਲਿਆ, “ਭਈਆ, ਆਜ ਤੋ ਬਹੁਤੇ ਹੀ ਕਰਾਰਾ ਪਿਆਰ ਹੋ ਰਹਾ ਹੈ।” ਅਜੇ ਲਫ਼ਜ਼ ਉਨ੍ਹਾਂ ਦੇ ਮੂੰਹ ਵਿੱਚ ਹੀ ਸਨ ਕਿ ਨਾਲ ਹੀ ਬਚਾਓ ਬਚਾਓ ਦੀ ਅਵਾਜ਼ ਆਈ ਤੇ ਉਹ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਵੇਖਣ ਲੱਗ ਪਏ ਜਿਵੇਂ ਪੁੱਛ ਰਹੇ ਹੋਣ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਦਾ ਆਗੂ ਬੋਲਿਆ, “ਅਬੇ, ਯੇਹ ਤੋ ਸਾਬ੍ਹ ਬਚਾਓ ਬਚਾਓ ਚਿਲਾ ਰਹੇ ਹੈਂ”, ਤੇ ਉਨ੍ਹਾਂ ਦਰਵਾਜ਼ਾ ਖੜਕਾਉਣਾ ਸ਼ੁਰੁ ਕਰ ਦਿੱਤਾ। ਜਦੋਂ ਕੋਈ ਜੁਆਬ ਨਹੀਂ ਆਇਆ ਤਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਬੱਬਲ ਉਸੇ ਤਰ੍ਹਾਂ ਨਿਢਾਲ ਹੋ ਕੇ ਬੈਠੀ ਸੀ। ਉਹ ਹਿੰਮਤ ਇਕੱਠੀ ਕਰ ਕੇ ਉਠੀ ਤੇ ਹੱਥ ਵਿਚਲੀ ਕਿਰਪਾਨ ਸਾਹਮਣੇ ਵੱਲ ਕਰ ਕੇ ਹੋਰ ਘੁੱਟ ਕੇ ਫੜ ਲਈ। ਸ਼ਾਇਦ ਬਾਹਰੋਂ ਗੁੰਡੇ ਦਰਵਾਜ਼ੇ ਤੇ ਜ਼ੋਰ ਜ਼ੋਰ ਦੀ ਸੱਬਲਾਂ ਮਾਰ ਰਹੇ ਸਨ। ਆਖਰ ਦਰਵਾਜ਼ਾ ਟੁੱਟ ਗਿਆ ਤੇ ਗੁੰਡੇ ਛੇਤੀ ਨਾਲ ਅੰਦਰ ਲਪਕੇ। ਉਨ੍ਹਾਂ ਹੈਰਾਨ ਹੋ ਕੇ ਚੌਧਰੀ ਦੀ ਲਾਸ਼ ਨੂੰ ਵੇਖਿਆ। ਅਜੇ ਉਹ ਸੰਭਲੇ ਨਹੀਂ ਸਨ ਕਿ ਫੇਰ ਬਿਜਲੀ ਦੀ ਤੇਜ਼ੀ ਨਾਲ ਬੱਬਲ ਦੌੜਦੀ ਹੋਈ ਆਈ ਤੇ ਕ੍ਰਿਪਾਨ ਇੱਕ ਬੰਦੇ ਦੀ ਵੱਖੀ ਵਿੱਚ ਘੋਪ ਦਿੱਤੀ। ਉਸ ਦੀ ਜ਼ਬਰਦਸਤ ਚੀਖ ਨਿਕਲੀ, ਜਿਸ ਨਾਲ ਬਾਕੀ ਵੀ ਸੁਚੇਤ ਹੋ ਗਏ। ਇਸ ਤੋਂ ਪਹਿਲਾਂ ਕਿ ਉਹ ਕੋਈ ਹੋਰ ਵਾਰ ਕਰ ਸਕਦੀ, ਦੋ ਤਿੰਨ ਸੱਬਲਾਂ ਉਠੀਆਂ ਤੇ ਉਸ ਦਾ ਸਿਰ ਪੂਰੀ ਤਰ੍ਹਾਂ ਫਿਸ ਗਿਆ ਤੇ ਲੋਥ ਭੁਵਾਂਟੀ ਖਾ ਕੇ ਥੱਲੇ ਡਿਗ ਪਈ।
ਚੌਧਰੀ ਦੀ ਲਾਸ਼ ਵੇਖ ਕੇ ਗੁੰਡੇ ਬਹੁਤ ਗੁੱਸੇ ਵਿੱਚ ਆ ਗਏ ਸਨ। ਉਨ੍ਹਾਂ ਬੱਬਲ ਦੀ ਲਾਸ਼ ਨੂੰ ਪੈਰਾਂ ਨਾਲ ਕੁੱਝ ਠੋਕਰਾਂ ਮਾਰੀਆਂ ਤੇ ਚੌਧਰੀ ਦੀ ਲਾਸ਼ ਚੁੱਕ ਕੇ ਬਾਹਰ ਨਿਕਲ ਗਏ। ਇੱਕ ਗੁੰਡੇ ਨੇ ਲਿਆ ਕੇ ਬੱਬਲ ਦੀ ਲਾਸ਼ ਉਤੇ ਤੇਲ ਛਿੜਕਿਆ ਤੇ ਬਾਹਰੋਂ ਬਲਦੀ ਅੱਗ `ਚੋਂ ਇੱਕ ਚੁਆਤੀ ਚੁੱਕ ਕੇ ਉਸ ਉਤੇ ਸੁੱਟ ਦਿੱਤੀ।
ਅੱਗ ਬੜੀ ਤੇਜ਼ੀ ਨਾਲ ਫੈਲਣ ਲੱਗ ਪਈ। ਸ਼ਾਇਦ ਮਾਤਾ ਪਿਤਾ ਆਪਣੀ ਬਹਾਦਰ ਬੱਚੀ ਨੂੰ ਗੋਦ ਵਿੱਚ ਲੈਣ ਲਈ ਉਤਾਵਲੇ ਸਨ। ਪਲਾਂ ਵਿੱਚ ਹੀ ਸਾਰਾ ਘਰ ਧੂ ਧੰ ਕਰ ਕੇ ਸੜਨ ਲਗ ਪਿਆ।
ਸਾਹਮਣੇ ਕਿਸੇ ਘਰ `ਚੋਂ ਰੇਡੀਓ `ਤੇ ਉੱਚੀ ਅਵਾਜ਼ ਵਿੱਚ ਗੀਤ ਵਜ ਰਿਹਾ ਸੀ, “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬਲੁਬਲੇਂ ਹੈਂ ਇਸ ਕੀ ਯੇਹ ਗੁਲਿਸਤਾਨ ਹਮਾਰਾ।” {ਸਮਾਪਤ}
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.