.

ਪੰਚਮ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ

ਦਾਤੂ ਜੀ ਤੋਂ ਇਹ ਵਾਰਤਾ ਸੁਣਨ ਉਪਰੰਤ ਉਸ ਦੀ ਇਹ ਇਛਿਆ- “ਮੇਰੀ ਇਹ ਪ੍ਰਭ ਪੂਰੋ ਆਸਾ। ਜਾਵੋਂ ਅਬ ਗੁਰ ਨਾਨਕ ਪਾਸਾ” - ਪੂਰੀ ਕਰਦਿਆਂ ਸਤਿਗੁਰੂ ਜੀ ਨੇ ਇਉਂ ਫ਼ੁਰਮਾਇਆ:-

ਦੋਹਰਾ॥ ਗੁਰ ਅਰਜਨ ਜੀ ਤਬ ਕਹਾ ਕਛੁ ਦਿਨ ਰਹੇ ਪ੍ਰਾਨ। ਬਹੁਰਿ ਜੋਤਿ ਗੁਰ ਜੋਤਿ ਮਿਲੈ ਨ ਸੰਸਾ ਮਾਨ॥ 281॥

ਫਿਰ ਖਡੂਰ ਸਾਹਿਬੋਂ ਤੁਰਨ ਲਗਿਆਂ, ਪਹਿਲਾਂ ਲਿਖਾਰੀ ਨੇਂ ਸਿੱਖਾਂ ਦੇ ਅੰਦਰ ਰੁੱਖ ਅਤੇ ਕੰਧਾਂ ਕੋਠਿਆਂ ਦੀ ਪੂਜਾ ਕਰਦੇ ਰਹਿਣ ਦਾ ਰਿਵਾਜ ਪੱਕਾ ਕਰੀ ਰਖਣ ਲਈ ਪੰਚਮ ਪਾਤਸ਼ਾਹ ਜੀ ਨੂੰ ਉਹ ਸੇਵਾ ਨਿਭਾਉਂਦਿਆਂ ਦਰਸਾ ਲਿਆ:--

ਐਸ ਬਚਨ ਕਹਿ ਸ੍ਰੀ ਗੁਰੂ ਤਾ ਤੇ ਵਿਦਿਆ ਪਾਇ।

ਜਾਇ ਕਰੀਰ ਬੰਦਨ ਕਰੀ ਪੁਨਿ ਦਰਬਾਰ ਦਿਖਾਇ॥ 282॥

ਚੌਪਈ॥ ਗੁਰ ਅਰਜਨ ਜੀ ਬਿਨਤੀ ਉਚਾਰੀ। ਹੇ ਪ੍ਰਭ ਗੁਰ ਅੰਗਦ ਸੁਖਧਾਰੀ।

ਦਾਸ ਜਾਨਿ ਪ੍ਰਭ ਕਿਰਪਾ ਧਰੋ। ਅਪਨੇ ਕਾਜ ਗੁਰ ਅੰਗਦ ਕਰੋ॥ 283॥

ਅਸ ਕਹਿ ਚਰਨ ਬੰਦਨਾ ਕੀਨੀ। ਕੀਨ ਪਰਿਕ੍ਰਮਾ ਹੋਇ ਅਧੀਨੀ

ਕਰਿ ਪ੍ਰਣਾਮ ਤਬ ਬਚਨ ਸੁਨਏ। ਤਬ ਦਾਸੂ ਬਹੁ ਬਿਨਤੀ ਕਏ॥ 284॥

ਕਥਿਤ ਕਿੱਲੇ ਤੋਂ ਬਣੇ ਕਰੀਰ ਦੇ ਰੁੱਖ ਨੂੰ ਪ੍ਰਣਾਮ ਕਰਕੇ ਉਸ ਥਾਂ ਪੁੱਜੇ ਜਿਥੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀਵਾਨ ਸਜਾਇਆ ਕਰਦੇ ਸਨ। ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਕਿ, ‘ਹੇ ਸੁਖਾਂ ਦੇ ਦਾਤੇ ਗੁਰੂ ਅੰਗਦ ਸਾਹਿਬ ਜੀਓ! ਦਾਸ ਜਾਣ ਕੇ ਮੇਰੇ ਤੇ ਕ੍ਰਿਪਾ ਬਣਾਈ ਰੱਖਣੀ’ - ਫਿਰ ਬੜੀ ਨਿਮਰਤਾ ਨਾਲ ਉਨ੍ਹਾਂ ਕੋਠਿਆਂ ਦੀਆਂ ਪਰਿਕ੍ਰਮਾਂ ਕੀਤੀਆਂ। ਡੰਦੌਤਾਂ ਕਰਕੇ ਜਦੋਂ ਵਿਹਲੇ ਹੋਏ ਤਾਂ ਦਾਸੂ ਨੇ ਕੁੱਝ ਦਿਨ ਠਹਿਰਨ ਲਈ ਬੇਨਤੀ ਕੀਤੀ ਪਰ ਸਤਿਗੁਰੂ ਜੀ ਨੇ, ਪੌਥੀਆਂ ਵਾਲੇ ਖਾਸੇ ਨੂੰ ਮੋਢੇ ਤੇ ਚੁਕਿਆ ਅਤੇ ਵਾਜਿਆਂ ਗਾਜਿਆਂ ਦੀ ਘਣਘੋਰ ਵਿੱਚ ਨੰਗੇ ਪੈਰੀਂ ਸ੍ਰੀ ਅੰਮ੍ਰਿਤਸਰ ਵਲ ਨੂੰ ਤੁਰ ਪਏ। ਦੋ ਪਹਿਰ ਦਿਨ ਰਹਿੰਦੇ ਅੰਮ੍ਰਿਤ ਸਰੋਵਰ ਤੋਂ, ਦੋ ਕੋਹ ਤੇ ਠਹਿਰਨ ਦਾ ਹੁਕਮ ਹੋ ਗਿਆ। ਏਥੇ ਸਤਿਗੁਰੂ ਜੀ ਨੇ ਇਸ਼ਨਾਨ ਕਰਕੇ ਹਰ ਪ੍ਰਕਾਰ ਨਾਲ (ਬ੍ਰਾਹਮਣੀ ਸੁੱਚਮ) ਕੀਤੀ ਅਤੇ ਥੋਹੜਾ ਸਮਾ (ਗੁਰਮਤਿ ਵਿਰੋਧੀ) ਸਮਾਧੀ ਲਾ ਕੇ ਬੈਠ ਗਏ, ਯਥਾ:- ਡੇਰਾ ਤਹ ਕਰਿ ਸ੍ਰੀ ਗੁਰੂ ਸਭੈ ਸੌਚ ਤਬ ਕੀਨ। ਮਜਨ ਕਰਿ ਬੈਠੇ ਪ੍ਰਭੂ ਕਛਕ ਧਯਾਨ ਮੈ ਲੀਨ॥ 289॥

ਲੋਕ ਵਿਖਾਵੇ ਵਾਲੀ ਉਚੇਚੀ ਸਮਾਧੀ ਲਾ ਬੈਠਣ ਬਾਰੇ ਅਸੀ ਪਿੱਛੇ ਕਈ ਥਾਂਈ ਗੁਰਮਤਿ ਵਿਚਾਰਾਂ ਲਿਖ ਆਏ ਹਾਂ। ਜਿਹੜੇ ਸਤਿਗੁਰੂ ਜੀ ਕਾਰ-ਵਿਹਾਰ ਕਰਦੇ ਸਮੇ ਵੀ ਅਕਾਲ ਪੁਰਖ ਨਾਲੋਂ ਵਿਛੁਨਾ ਮੌਤ ਬਰਾਬਰ ਸਮਝਦੇ ਸਨ ਉਹ ਬ੍ਰਾਹਮਣੀ ਸੁੱਚਮ ਗ੍ਰਸਿਆ ਇਸ਼ਨਾਨ ਪਾਨ ਕਰਦੇ ਹੋਏ ਸਮਾਧੀ ਕਿਉਂ ਲਾਉਣ ਲਾਉਂਦੇ?

ਜਦੋਂ ਅੱਧੀ ਘੜੀ ਦਿਨ ਰਹਿੰਦਾ ਸੀ ਤਾਂ ਸਤਿਗੁਰੂ ਜੀ ਨੇ ਕਮਰਕੱਸਾ ਕੀਤਾ ਅਤੇ ਸੰਖਾ ਆਦ ਦੀਆਂ ਧੁਨੀਆਂ ਤੇ ਨਗਾਰਿਆਂ ਦੀ ਗੜਗੱਜ ਵਿੱਚ ਪੋਥੀਆਂ ਦੀ ਪਾਲਕੀ ਚੁੱਕ ਕੇ ਨੰਗੇ ਪੈਰੀਂ ਅੰਿਮ੍ਰਤ ਸਰੋਵਰ ਆ ਪੁੱਜੇ। ਸਰੋਵਰ ਸਮੇਤ ਕੰਧਾ ਕੋਠਿਆਂ ਅਤੇ ਥੜ੍ਹੇ ਦੀਆਂ ਪਕ੍ਰਿਮਾ ਕਰਕੇ ਨਮਸਕਾਰਾਂ ਕੀਤੀਆਂ ਤੇ ਥੋਹੜਾ ਸਮਾ ਬੈਠੇ ਰਹੇ। ਮਾਤਾ ਗੰਗਾ ਜੀ, ਸਤਿਗੁਰਾਂ ਨੂੰ ਮਿਲ ਕੇ ਅਤੀ ਪਰਸ਼ੰਨ ਹੋਏ। ਅਗਲੇ ਦਿਨ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਜਾਗੇ ਅਤੇ:-

ਜਾਮ ਨਿਸਾ ਰਹਿ ਸ੍ਰੀ ਗੁਰ ਜਾਗੇ। ਗੁਰ ਨਾਨਕ ਕੇ ਰਸ ਮਹਿ ਪਾਗੇ।

ਸਭੀ ਸੌਚ ਮੁਖ ਮੱਜਨ ਕੀਨਾ। ਦੀਨਾ ਨਾਥ ਪ੍ਰਭੂ ਪਰਬੀਨਾ॥ 305॥

ਪਦ ਅਰਥ:-ਜਾਮ. . =ਪਹਰ ਰਾਤ ਰਹਿੰਦੀ। ਰਸ. . =ਪ੍ਰੇਮ ਰਸ ਵਿੱਚ ਮਗਨ ਹੋ ਗਏ। ਸੌ=ਬ੍ਰਾਮਣੀ ਸੁੱਚਮ (-ਰੂਪ ਭਰਮ)। ਦੀਨਾ ਨਾਥ=ਗ਼ਰੀਬਾਂ ਦੇ ਮਾਲਕ। ਪ੍ਰਥਮ ਕੂਪ ਪਰਿ ਮਜਨ ਠਾਨਾ। ਦੁਖਭੰਜਨ ਤਬ ਕੀਨ ਸਨਾਨਾ। ਬੈਠੇ ਤਹਾਂ ਧਯਾਨ ਲਗਾਏ। ਅਜਪਾ ਜਾਪ ਗੁਰ ਮੰਤ੍ਰ ਧਯਾਏ॥ 306॥

ਪ੍ਰਿਥਮ. . =ਪਹਿਲਾਂ ਖੁਹ ਤੇ ਇਸ਼ਨਾਨ ਕੀਤਾ। (ਕੀ ਲੋੜ ਸੀ?) ਕਿਉਂਕਿ ਸਤਿਗੁਰੂ ਜੀ ਲਈ ਸਭ ਤੋਂ ਉਚਾ ਸੁੱਚਾ ਤਾਂ ਉਹ ਹੈ, ਜਿਸ ਦੇ ਹਿਰਦੇ ਵਿੱਚ ਪ੍ਰਾਤਮਾ ਦੀ ਸਦੀਵੀ ਯਾਦ ਨੇ ਡੇਰਾ ਲਾ ਲੈਣ ਨਾਲ ਉਹ ਨੀਚਾਂ ਦਾ ਸੇਵਕ ਬਣ ਗਿਆ - “ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ॥ 4 ॥ 4 ॥” {862} -ਕੀ, ਲਿਖਾਰੀ ਦਾ ਭਾਵ ਇਹ ਹੈ ਪੰਚਮ ਪਾਤਸ਼ਾਹ ਜੀ, (ਬਿਨਾ ਇਸ਼ਨਾਨ ਤੋਂ, ਉਂਜ ਆਪਣੇ ਆਪ ਵਿੱਚ ਹੀ) ਸਭ ਤੋ ਉਚੇ ਅਤੇ ਸਰਬ-ਸ੍ਰੇਸ਼ਟ ਸੁਚੇ ਨਹੀਂ ਸਨ ਬਣ ਚੁੱਕੇ ਹੋਏ, ਜੋ ਪਿੰਡਾ ਧੋ ਕੇ ਸੁੱਚੇ ਬਣ ਰਹੇ ਸਨ? ਕੀ, ਪੰਚਮ ਪਾਤਸ਼ਾਹੀ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ- “ਮਃ 1॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ 2 ॥” {472} ਭੁੱਲ-ਭੁਲਾ ਚੁੱਕੇ ਹੋਏ ਸਨ ਜੋ (ਲਿਖਾਰੀ ਅਨੁਸਾਰ ਉਹ) ਪਿੰਡਾ ਧੋ ਕੇ ਸੁੱਚੇ ਬਣਦੇ ਰਹੇ?

ਏਵੇਂ ਹੀ “ਅਜਪਾ ਜਾਪ ਗੁਰ ਮੰਤ੍ਰ ਧਯਾਏ॥” ਪੰਗਤੀ ਵੀ ਗੁਰਬਾਣੀ ਤੋਂ ਅਗਿਆਨੀ ਗੁਰਸਿੱਖਾਂ ਦੇ ਮਨ ਵਿੱਚ ਬ੍ਰਾਮਣੀ ਸੋਚ ਦੀ ਉਪਜ ਕਿਸੇ ਵੇਦ-ਮੰਤ੍ਰ ਦੇ ਵਿਧੀ ਅਨੁਸਾਰ ਜਾਪ ਦਾ ਭਰਮ ਪੈਦਾ ਕਰਦੀ ਹੈ। ਅਜੇਹੀਆਂ ਬੇ ਮੁਹਾਰੀਆਂ ਲਿਖਤਾ ਤੋਂ ਹੀ ਪਖੰਡੀ ਡੇਰੇ ਦਾਰਾਂ ਨੇ ਕਈ ਪ੍ਰਕਾਰ ਦੇ ਜਾਪ ਪ੍ਰਚਲਤ ਕੀਤੇ ਹੋਏ ਹਨ। ਗੁਰਬਾਣੀ ਵਿੱਚ ਆਏ ਉਨ੍ਹਾਂ ਗੁਰੂ ਸ਼ਬਦਾਂ ਦੇ ਦਰਸ਼ਨ ਜਿਨ੍ਹਾਂ ਵਿੱਚ “ਅਜਪਾ ਜਾਪ” ਲਫ਼ਜ਼ਾਂ ਦੀ ਵਰਤੋਂ ਕੀਤੀ ਹੋਈ ਹੈ:-

41- ਦੁਆਦਸੀ ਦਇਆ ਦਾਨੁ ਕਰਿ ਜਾਣੈ॥ ਬਾਹਰਿ ਜਾਤੋ ਭੀਤਰਿ ਆਣੈ॥ ਬਰਤੀ ਬਰਤ ਰਹੈ ਨਿਹਕਾਮ॥

ਅਜਪਾ ਜਾਪੁ ਜਪੈ ਮੁਖਿ ਨਾਮ॥ ਤੀਨਿ ਭਵਣ ਮਹਿ ਏਕੋ ਜਾਣੈ॥ ਸਭਿ ਸੁਚਿ ਸੰਜਮ ਸਾਚੁ ਪਛਾਣੈ॥ 16 {ਬਿਲਾਵਲੁ ਮਹਲਾ 1 ਥਿਤੀ ਘਰੁ 10 ਜਤਿ- 840}

ਅਰਥ:-ਹੇ ਭਾਈ! (ਕਰਮਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ‘ਅਜਪਾ ਜਾਪ’ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆ ਵਿਚ) ਪਿਆਰ ਵੰਡਣਾ ਜਾਣਦਾ ਹੈ, ਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ, ਜਿਹੜਾ ਮਨੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ, ਅਤੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ। ਜਿਹੜਾ ਮਨੁੱਖ ਸਾਰੇ ਸੰਸਾਰ ਵਿੱਚ ਇੱਕ ਪ੍ਰਭੂ ਨੂੰ ਹੀ ਵੱਸਦਾ ਸਮਝਦਾ ਹੈ, ਅਤੇ ਉਸ ਸਦਾ-ਥਿਰ ਪਰਮਾਤਮਾ ਨਾਲ ਡੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿੱਤਰਤਾ ਦੇ ਸਾਰੇ ਉੱਦਮ ਕਰਿ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿੱਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ। 16. ਸਪੱਸ਼ਟ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਗੁਰੂ ਸ਼ਬਦ ਵਿਚ, ਉਚੇਚੇ ਅਜਪਾ ਜਾਪ ਨੂੰ ਕਰਮ-ਕਾਂਡ ਦਾ ਹਿੱਸਾ ਹੀ ਮੰਨਿਆਂ ਹੈ।

ਗਾਥਾ ਅੱਗੇ ਤੁਰੀ--

ਦੋਹਰਾ॥ ਨਿਸਾ ਗਈ ਰਵਿ ਆਯੋ ਭਈ ਲੋਇ ਸੰਸਾਰਿ। ਸ੍ਰੀ ਦਰਬਾਰ ਬੰਦਨ ਕਰੀ ਸ੍ਰੀ ਗੁਰ ਰੂਪ ਮੁਰਾਰਿ॥ 307॥

ਵਡੀ ਪਰਿਕ੍ਰਮਾ ਕਰਿ ਸ੍ਰੀ ਪ੍ਰਭੁ ਆਏ ਥੜੇ ਸੁਖਮਾਨ।

ਪੋਥੀਅਨ ਕੋ ਬੰਦਨ ਕਰੀ ਸ੍ਰੀ ਗੁਰ ਕ੍ਰਿਪਾ ਨਿਧਾਨ॥ 308॥

ਸਾਡੀ ਸਾਰੀ ਗੁਰਮਤਿ ਵਿਰੋਧੀ ਮਰਯਾਦਾ ਅਜੇਹੇ ਪੰਥ ਘਾਤਕ ਗ੍ਰੰਥਾਂ ਤੋਂ ਹੀ ਬਣਦੀ ਆਈ ਹੈ। ਪਹਿਲਾਂ ਖੂਹ ਦੇ ਪਾਣੀ ਨਾਲ ਸੌਚ ਪਵਿਤ੍ਰਾ ਫਿਰ, ਦੁਖਭੰਜਨੀ ਬੇਰੀ ਹੇਠਲੇ ਸਰੋਵਰ ਦੇ ਜਲ ਵਿੱਚ ਇਸ਼ਨਾਨ, ਕੰਧਾਂ ਕੋਠਿਆਂ ਦੀਆਂ ਪਰਿਕ੍ਰਮਾ, ਅਤੇ, ਜਿਵੇ ਹਿੰਦੂਆਂ ਦੇ ਦੇਵਤੇ ਇੱਕ ਦੂਜੇ ਦੇ ਧਿਆਨ ਵਿੱਚ ਜੁੜਦੇ (ਵੇਖੋ ਰਾਮਾਇਣ ਗਾਥਾ ਦੀ ਮੂਵੀ ਵਿਚ-ਸ਼ਿਵ ਜੀ ਸ੍ਰੀ ਰਾਮ ਜੀ ਦੇ ਅਤੇ ਸ੍ਰੀ ਰਾਮ ਜੀ ਸ਼ਿਵ ਜੀ ਦੇ ਧਿਆਨ ਵਿੱਚ ਸਮਾਧੀ ਅਸਥਿਤ ਹੁੰਦੇ ਬ੍ਰਾਹਮਣ ਨੇ ਆਪ ਦਰਸਾਏ ਹੋਏ ਹਨ।) ਉਵੇਂ ਹੀ ਪਰਮਾਤਮਾ ਦੇ ਥਾਂ, ਗੁਰੂ ਸਾਹਿਬਾਨ ਵੀ ਕੰਧਾਂ ਕੋਠਿਆਂ ਦੇ ਨਾਲ ਪਹਿਲੇ ਸਤਿਗੁਰੂ ਜੀ ਦਾ ਧਿਆਨ ਧਰਦੇ, ਮੰਗਾਂ ਮੰਗਦੇ, ਲਿਖਾਰੀ ਲਗਾਤਾਰ ਦਰਸਾਈ ਆ ਰਿਹਾ ਹੈ। ਜਦ ਕਿ, ਗੁਰਬਾਣੀ ਇਨ੍ਹਾਂ ਸਾਰੀਆਂ ਕਰਮਕਾਂਡੀ ਰਸਮਾ ਦਾ ਵਿਰੋਧ ਕਰ ਰਹੀ ਹੈ। (ਇਹ ਗੁਰਮਤਿ-ਗਿਆਨ ਪ੍ਰਾਪਤ ਕਰਨ ਲਈ ਕਿ, ਕਰਮਕਾਂਡ ਕੀ ਹੁੰਦਾ ਹੈ ਅਤੇ ਭਰਮ ਦੀਆਂ ਹੱਦਾਂ ਕਿੱਡੀਆਂ ਕੁ ਹਨ- ‘ਪੁਸਤਕ ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’, ਭਾਗ ਤੀਜਾ ਤੇ ਚੌਥਾਂ ਪੜ੍ਹਨ ਦੀ ਖੇਚਲ ਝੱਲਣੀ ਪੈਣੀ ਹੈ} ਪਰਿਕ੍ਰਮਾ ਦੀ ਗੱਲ ਤਾਂ ਦੂਰ ਰਹੀ ਸਤਿਗੁਰੂ ਜੀ ਤਾਂ ਸੁਅਰਥ ਸਿੱਧੀ ਦੀ ਲਾਲਸਾ ਨਾਲ ਨਿਉਂ ਨਿਊ ਨਮਸਕਾਰਾਂ ਕਰਨ ਨੂੰ ਅਥਵਾ ਕਿਸੇ ਮਾਇਕ ਕਾਮਨਾ ਨਾਲ ਲੰਮੇ ਪੈ ਪੈ ਡੰਡੌਤਾਂ ਕਰਨੀਆਂ ਵੀ ਸਤਿਗੁਰੂ ਸਾਹਿਬ ਜੀ ਨੂੰ ਮੁੱਢੋਂ ਹੀ ਨਹੀਂ ਸਨ ਭਾਈਆਂ। ਸ੍ਰੀ ਆਸਾ ਜੀ ਦੀ ਵਾਰ 14ਵੀਂ ਪਉੜੀ ਦਾ ਪਹਿਲਾ ਸਲੋਕ:--

42- ਸਲੋਕੁ ਮਃ 1॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ 1॥ {473} ਅਰਥ:-ਸਿਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ। (ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਨਾਲ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ (ਕਿਤ=ਕਿਉਂ, ਕਿਸ ਵਜਾਹ) ਕਿਉ ਜਾਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ ਲੰਮਾ ਤੇ ਮੋਟਾ ਹੈ, ਪਰ (ਇਸ ਦੇ ਫਲ ਫਿੱਕੇ ਤੇ ਬੇਸੁਆਦੇ ਹੁੰਦੇ ਹਨ, ਅਤੇ ਪੱਤਰ ਵੀ ਕਿਸੇ ਕੰਮ ਨਹੀਂ ਆਉਂਦੇ। ਹੇ ਨਾਨਕ! (ਅਹੰਕਾਰ ਰਹਿਤ) ਨੀਵੇਂ ਰਹਿਣ ਵਿੱਚ ਮਿਠਾਸ ਹੈ, (ਮਠਿੇ ਸੁਭਾ ਵਿੱਚ ਅਹੰਕਾਰ ਰਹਿਤ)) ਨੀਵਾਂ ਰਹਿਣਾ ਸਾਰੇ ਗੁਣਾ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ। (ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਹੀ ਲਿਫ਼ਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ, (ਇਹ ਵੀ ਵੇਖ ਲਵੋ ਕਿ) ਜੇ ਤੱਕੜੀ ਉਤੇ ਾਂਰ ਕੇ ਤੋਲਿਆ ਜਾਵੇ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਵੇ ਤਾਂ ਵੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, ਭਾਵ, ਜੋ ਲਿਫ਼ਦਾ ਹੈ ਉਹ ਵੱਡਾ ਗਿਣੀਦਾ ਹੈ)। (ਪਰ ਨਿਉਂਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾ ਦੇਣਾ ਨਿਉਣਾ ਨਹੀਂ ਹੈ, ਜੇ ਸਰੀਰ ਦੇ ਨੀਵਾਂ ਹੋ ਗਿਆ ਮੰਨ ਲਈ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਹੈ, ਲਿਫ਼ ਕੇ ਦੋਹਰਾ ਹੋ ਜਾਂਦਾ ਹੈ, ਜੇ ਸਰੀਰ ਨਵਾ ਦਿੱਤਾ ਜਾਵੇ ਪਰ ਅੰਦਰੋਂ ਖੋਟ ਹੋਵੇ ਤਾਂ ਸੀਸ ਨਿਵਾਉਣ ਦਾ ਕੋਈ ਲਾਭ ਅਰਥ ਨਹੀਂ ਹੈ। 1.

ਮਨ ਕਰਕੇ ਇੱਜ਼ਤ ਅਦਬ ਸਤਿਕਾਰ ਕੀਤਾ ਜਾਣ ਦੀ ਲੋੜ ਹੈ। ਲੋਕ ਵਿਖਾਵੇ ਵਾਲਾ ਸਰੀਰ ਦੇ ਕਿਸੇ ਵੀ ਕਰਮ ਨੂੰ ਧਰਮ ਮੰਨਣਾ ਕਰਮਕਾਂਡੀ ਮਨੁੱਖ ਦੀ ਨਿਸ਼ਾਨੀ ਹੈ। ਜਿਹੜਾ ਰੋਗੀ ਤੁਰ ਫਿਰ ਹੀ ਨਹੀਂ ਸਕਦਾ ਉਹ ਪਰਕਰਮਾ ਕਰਨ ਤੋਂ ਬਿਨਾਂ ਉਹ ਤਾਂ ਅਵਗਤ ਹੀ ਰਿਹਾ? ਕੁਟਲ ਲਿਖਾਰੀ ਸਤਿਗੁਰੂ ਜੀ ਤੋਂ ਇਹ ਗੁਰਮਤਿ ਵਿਰੋਧੀ ਕਰਮ ਕਿਸ ਯੋਜਨਾ ਅਧੀਨ ਕਰਵਾ ਰਿਹਾ ਹੈ? ਯਾਦ ਰਹੇ ਕਿ, ਬਾਲੇ ਦੀ ਜਨਮ ਸਾਖੀ ਤੋ ਲੈ ਕੇ ਲਗ-ਪਗ ਸਾਰੇ ਪੁਰਾਤਨ ਗ੍ਰੰਥਾਂ ਦੇ ਇਹ ਲਿਖਾਰੀੇ ਖ਼ਾਲਸਾ ਜੀ ਨੂੰ ਆਪਣੇ ਗੁਰਦੇਵ ਜੀ ਦੇ ਅਨੂਪਮ “: 1” ਤੋਂ ਤੋੜ ਲੈਣ ਵਿੱਚ ਪੂਰੀ ਤਰ੍ਹਾਂ ਸਫ਼ਲ ਹੋ ਚੁੱਕੇ ਹਨ। ਬ੍ਰਾਹਮਣੀ ਕੁਟਲਤਾ ਸਿੱਖ ਪੰਥ ਦੀ ਮਰਯਾਦਾ ਦਾ ਹਿੱਸਾ ਬਣਾ ਦੇਣ ਵਿੱਚ ਸਫ਼ਲ ਬਿੱਪ੍ਰ ਨੇ ਸਾਰੇ ਪੰਥ ਦਾ ਮੁਢਲਾ ਆਚਰਨ ਵਿਗਾੜ ਕੇ ਰੱਖ ਦਿੱਤਾ ਹੈ। ਕਦੇ ਇਸ ਦੂਲੇ ਪੰਥ ਵਿਚੋਂ ਕੁਟਲਤਾ ਲੱਭਣੀ ਅਸੰਭਵ ਬਣੀ ਹੋਈ ਸੀ। ਮਾਇਕ ਚੜ੍ਹਤ ਚੜਾਵੇ ਵਾਲੀਆਂ ਮਨੋ ਕਸੁੱਧਿਆਂ ਨਾਲ ਕੀਤੀਆਂ ਪਰਿਕ੍ਰਮਾ ਤੇ ਕੀਤੀਆਂ ਡੰਡੌਤਾਂ ਦਾ ਹੀ ਨਤੀਜਾ ਹੈ ਕਿ ਅੱਜ ਸਿੱਖਾਂ ਵਿੱਚ ਕਰਣੀ ਤੇ ਕਥਨੀ ਦਾ ਪੂਰਾ ਗੁਰਸਿੱਖ ਮਿਲਣਾ, ਦੁਰਲੱਭ ਹੋ ਚੁੱਕਾ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.