(ਸੰਪਾਦਕੀ ਨੋਟ:- ‘ਸਿੱਖ ਵਿਰਸਾ’ ਕੈਲਗਰੀ, ਕਨੇਡਾ ਤੋਂ ਲਗਭਗ ਪਿਛਲੇ 17 ਸਾਲਾਂ ਤੋਂ ਛਪਣ
ਵਾਲਾ ਮਾਸਕ ਪੱਤਰ ਹੈ। ਇਸ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਵਲੋਂ ਭੇਜੀ ਗਈ ਇਹ ਪੰਜਵੀਂ ਕਿਸ਼ਤ ਹੈ। ਉਂਜ ਤਾਂ ਅਸੀਂ ਪਹਿਲਾਂ ਛਪੇ
ਹੋਏ ਲੇਖ ਪਉਣ ਤੋਂ ਸੰਕੋਚ ਕਰਦੇ ਹਾਂ ਪਰ ਇਹ ਲੇਖ ਕਿਸੇ ਖਾਸ ਨੁਕਤਿਆਂ ਨੂੰ ਲੈ ਕੇ ਲਿਖੇ ਗਏ ਹਨ
ਅਤੇ ਉਹ ‘ਸਿੱਖ ਮਾਰਗ’ ਸਮੇਤ ਵੱਧ ਤੋਂ ਵੱਧ ਪਾਠਕਾਂ ਤੋਂ ਇਹਨਾ ਵਾਰੇ ਰਾਇ ਲੈਣੀ ਚਾਹੁੰਦੇ ਹਨ। ਇਸ ਲਈ ਇਹਨਾ ਨੂੰ
‘ਸਿੱਖ ਮਾਰਗ’ ਤੇ ਪਾਇਆ ਜਾ ਰਿਹਾ ਹੈ। )
ਧਰਮ ਦੀ
ਸਮੱਸਿਆ-5
ਪੁੰਨ-ਪਾਪ ਆਧਾਰਿਤ ਨਕਲੀ ਧਰਮ
ਹਰਚਰਨ ਸਿੰਘ ਪਰਹਾਰ
(ਸੰਪਾਦਕ-ਮਾਸਿਕ ਸਿੱਖ ਵਿਰਸਾ, ਕੈਲਗਰੀ)
ਫੋਨ: 403-681-8689
ਨਕਲੀ ਧਰਮਾਂ ਦੀ ਲੜੀ ਵਿੱਚ
‘ਪੁੰਨ-ਪਾਪ ਆਧਾਰਿਤ ਨਕਲੀ ਧਰਮ’ ਦਾ ਵੀ ਅਹਿਮ ਸਥਾਨ ਹੈ। ਨਕਲੀ ਧਰਮਾਂ ਦੀ ਇਸ ਖੋਜ ਦੌਰਾਨ
ਮੈਂ ਹੈਰਾਨ ਹੋ ਰਿਹਾ ਹਾਂ ਕਿ ਅਸਲੀ ਧਰਮ ਤਾਂ ਨਕਲੀ ਧਰਮਾਂ ਵਿੱਚ ਅਲੋਪ ਹੀ ਹੋ ਚੁੱਕਾ ਹੈ। ਆਮ
ਸ਼ਰਧਾਲੂ ਤਾਂ ਇਨ੍ਹਾਂ ਨਕਲੀ ਧਰਮਾਂ ਨੂੰ ਹੀ ਅਸਲੀ ਸਮਝ ਰਿਹਾ ਹੈ। ਪੁਜਾਰੀਆਂ ਨੇ ਸ਼ਰਧਾਲੂਆਂ ਦੀ
ਅਜਿਹੀ ਮੱਤ ਮਾਰੀ ਹੋਈ ਹੈ ਕਿ ਉਹ ਤਾਂ ਇਨ੍ਹਾਂ ਨਕਲੀ ਧਰਮਾਂ ਨੂੰ ਹੀ ਅਸਲੀ ਮੰਨ ਕੇ ਆਪਣਾ
ਤਨ-ਮਨ-ਧਨ ਕੁਰਬਾਨ ਕਰੀ ਬੈਠੇ ਹਨ। ਉਨ੍ਹਾਂ ਦੇ ਤਾਂ ਇਹ ਚਿੱਤ ਚੇਤੇ ਵੀ ਨਹੀਂ ਕਿ ਉਹ ਜਿਸਨੂੰ ਧਰਮ
ਸਮਝ ਰਹੇ ਹਨ, ਉਹ ਤਾਂ ਪੁਜਾਰੀਆਂ ਦੁਆਰਾ ਬਣਾਏ ਹੋਏ ਨਕਲੀ ਧਰਮ ਹਨ। ਇਹ ਧਰਮ ਨਹੀਂ ਸਗੋਂ ਰੱਬ ਦੇ
ਨਾਂ `ਤੇ ਪੁਜਾਰੀਆਂ ਦੀਆਂ ਬਣਾਈਆਂ ਜਥੇਬੰਧਕ ਦੁਕਾਨਾਂ ਹਨ। ਮਨੁੱਖ ਆਮ ਤੌਰ `ਤੇ ਕਿਸੇ ਦੁਕਾਨ ਤੋਂ
ਜਦੋਂ ਸੌਦਾ ਲੈਣ ਜਾਂਦਾ ਹੈ ਤਾਂ ਪੈਸੇ ਦੇ ਕੇ ਆਪਣੀ ਲੋੜ ਦੀ ਚੀਜ਼ ਖਰੀਦ ਲਿਆਉਂਦਾ ਹੈ। ਮਜ਼ੇ ਦੀ
ਗੱਲ ਹੈ ਕਿ ਧਰਮ ਦੇ ਨਾਂ `ਤੇ ਬਣੀਆਂ ਇਨ੍ਹਾਂ ਨਕਲੀ ਦੁਕਾਨਾਂ ਤੇ ਮਨੁੱਖ ਆਪਣਾ ਤਨ, ਮਨ, ਧਨ
ਨਿਸ਼ਾਵਰ ਕਰਕੇ ਖਾਲੀ ਹੱਥ ਮੁੜ ਆਉਂਦਾ ਹੈ ਤੇ ਉਸਦੇ ਪੱਲੇ ਭਵਿੱਖ ਦੇ ਝੂਠੇ ਲਾਰੇ ਤੇ ਮਾਨਸਿਕ ਰੋਗ
ਹੀ ਪੈਂਦੇ ਹਨ। ਬਹੁਤੇ ਸ਼ਰਧਾਲੂ ਤਾਂ ਸਾਰੀ ਉਮਰ ਨਕਲੀ ਧਰਮਾਂ ਦੀਆਂ ਇਨ੍ਹਾਂ ਦੁਕਾਨਾਂ `ਤੇ ਹੀ
ਆਪਣਾ ਤਨ, ਮਨ, ਧਨ ਵਾਰ ਕੇ ਜੁਆਰੀਆਂ ਵਾਂਗ ਖਾਲੀ ਹੱਥ ਝਾੜ ਕੇ ਇਸ ਜਹਾਨ ਤੋਂ ਚਲਦੇ ਬਣਦੇ ਹਨ ਤੇ
ਉਹ ਕਦੇ ਇਹ ਸੋਚਣ ਦੀ ਹਿੰਮਤ ਹੀ ਨਹੀਂ ਕਰ ਪਾਉਂਦੇ ਕਿ ਕੰਪੀਟੀਸ਼ਨ ਵਿੱਚ ਬਣੀ ਕਿਸੇ ਹੋਰ ਦੁਕਾਨ ਦਾ
ਸੌਦਾ ਵੀ ਵੇਖ ਲਈਏ। ਹਰ ਧਰਮ ਪੁਜਾਰੀ ਆਪਣੇ ਸ਼ਰਧਾਲੂਆਂ ਨੂੰ ਇਸ ਢੰਗ ਨਾਲ ਤਿਆਰ ਕਰਦਾ ਹੈ ਕਿ ਉਹ
ਸਿਰ ਸੁੱਟ ਕੇ, ਅੱਖਾਂ ਮੀਟ ਕੇ, ਹੱਥ ਜੋੜ ਕੇ, ਬਿਨਾਂ ਕਿਸੇ ਹੀਲ-ਹੁੱਜਤ, ਕਿੰਤੂ-ਪ੍ਰੰਤੂ,
ਸਵਾਲ-ਜਵਾਬ ਦੇ ਧਰਮ ਦੀ ਪੁਜਾਰੀਆਂ ਦੁਆਰਾ ਬਣਾਈ ਮਰਿਯਾਦਾ ਤੇ ਕਿਰਿਆ ਕਾਂਡ ਨੂੰ ਨਿਭਾਉਂਦਾ ਰਹੇ।
ਇਸ ਲੇਖ ਲੜੀ ਦਾ ਮਕਸਦ ਮਨੁੱਖ ਨੂੰ ਇਹ ਸੋਚਣ ਲਾਉਣਾ ਹੈ ਕਿ ਕੁਦਰਤ ਨੇ ਤੁਹਾਨੂੰ ਦਿਮਾਗ ਦਿੱਤਾ ਹੈ
ਤੇ ਤੁਸੀਂ ਉਸਦੀ ਯੋਗ ਵਰਤੋਂ ਕਰਕੇ ਅਸਲੀ ਤੇ ਨਕਲੀ ਦੀ ਪਛਾਣ ਕਰ ਸਕਦੇ ਹੋ। ਜਦ ਤੱਕ ਮਨੁੱਖ
ਪੀੜ੍ਹੀ-ਦਰ-ਪੀੜ੍ਹੀ ਬਣੇ ਵਿਸ਼ਵਾਸ਼ਾਂ, ਪ੍ਰੰਪਰਾਵਾਂ, ਮਰਿਯਾਦਾਵਾਂ ਤੇ ਸਵਾਲ ਨਹੀਂ ਕਰਦਾ, ਕਿੰਤੂ
ਨਹੀਂ ਕਰਦਾ, ਉਹ ਕਦੇ ਵੀ ਅਸਲੀ ਧਰਮ ਦਾ ਰਾਹੀ ਨਹੀਂ ਬਣ ਸਕਦਾ। ਹੁਣ ਜਦੋਂ ਅਸੀਂ ‘ਪੁੰਨ ਪਾਪ
ਆਧਾਰਿਤ ਨਕਲੀ ਧਰਮ’ ਦੀ ਚਰਚਾ ਕਰ ਰਹੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ
ਪੁੰਨ ਜਾਂ ਪਾਪ ਕਹਿੰਦੇ ਕਿਸਨੂੰ ਹਨ। ਇਸ ਦੁਨੀਆਂ ਵਿੱਚ ਮਨੁੱਖ ਨੇ ਜਦੋਂ ਤੋਂ ਜੰਗਲੀ ਜੀਵਨ ਛੱਡ
ਕੇ ਸਮਾਜਿਕ ਪ੍ਰਾਣੀ ਦੇ ਤੌਰ `ਤੇ ਜੀਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਸਨੇ ਆਪਣੇ-ਆਪਣੇ ਦਾਇਰੇ
ਵਿੱਚ ਅਨੇਕਾਂ ਤਰ੍ਹਾਂ ਦੀਆਂ ਧਾਰਨਾਵਾਂ, ਰੀਤ-ਰਸਮਾਂ, ਕਰਮ ਕਾਂਡ, ਵਿਸ਼ਵਾਸ਼ ਆਦਿ ਵਿਕਸਤ ਕੀਤੇ ਹੋਏ
ਹਨ ਤੇ ਕਰਦਾ ਆ ਰਿਹਾ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਰੀਤੀ-ਰਿਵਾਜ਼ ਜਾਂ ਮਰਿਯਾਦਾਵਾਂ ਧਰਮ ਆਧਾਰਿਤ
ਹਨ ਤੇ ਬਹੁਤ ਸਾਰੇ ਸਮਾਜਿਕ ਜਾਂ ਸੱਭਿਆਚਾਰਕ ਕਦਰਾਂ ਕੀਮਤਾਂ ਆਧਾਰਿਤ ਹਨ। ਇਹ ਰੀਤੀ ਰਿਵਾਜ਼ ਤੇ
ਮਰਿਯਾਦਾਵਾਂ ਵੱਖ-ਵੱਖ ਸਮਾਜਾਂ, ਕਬੀਲਿਆਂ, ਫਿਰਕਿਆਂ, ਧਰਮਾਂ, ਦੇਸ਼ਾਂ ਆਦਿ ਵਿੱਚ ਸਮੇਂ, ਸਥਾਨ,
ਮੌਸਮ ਆਦਿ ਅਨੁਸਾਰ ਵੱਖ-ਵੱਖ ਹਨ। ਜਿਹੜਾ ਵੀ ਵਿਅਕਤੀ ਆਪਣੇ ਸਮਾਜ, ਧਰਮ, ਫਿਰਕੇ ਦੇ ਦਾਇਰੇ ਵਿੱਚ
ਰਹਿ ਕੇ ਇਨ੍ਹਾਂ ਰੀਤਾਂ-ਰਸਮਾਂ, ਕਰਮਕਾਂਡਾਂ, ਮਰਿਯਾਦਾਵਾਂ, ਵਿਸ਼ਵਾਸ਼ਾਂ ਆਦਿ ਨੂੰ ਬਿਨਾਂ ਕਿਸੇ
ਹੀਲ ਹੁੱਜਤ ਦੇ ਸਿਰ ਸੁੱਟ ਕੇ ਸਾਰੀ ਉਮਰ ਮੰਨਦਾ ਰਹੇ, ਉਸਨੂੰ ਧਰਮੀ ਜਾਂ ਪੁੰਨੀ ਮਨੁੱਖ ਮੰਨਿਆ
ਜਾਂਦਾ ਹੈ। ਇਨ੍ਹਾਂ ਰਸਮਾਂ ਨੂੰ ਨਿਭਾਉਣ ਨੂੰ ਪੁੰਨ ਦਾ ਕਰਮ ਮੰਨਿਆ ਜਾਂਦਾ ਹੈ, ਪਰ ਜਿਹੜਾ
ਵਿਅਕਤੀ ਇਨ੍ਹਾਂ ਤੋਂ ਬਗਾਵਤ ਕਰ ਦੇਵੇ, ਇਨ੍ਹਾਂ ਨੂੰ ਨਾ ਮੰਨੇ, ਇਨ੍ਹਾਂ ਨੂੰ ਫੋਕਟ ਜਾਂ ਨਕਲੀ
ਮੰਨ ਕੇ ਰੱਦ ਕਰਨ ਦੇ ਰਾਹੇ ਪੈ ਜਾਵੇ, ਉਸਨੂੰ ਅਧਰਮੀ ਜਾਂ ਪਾਪੀ ਮੰਨਿਆ ਜਾਦਾ ਹੈ। ਵੱਖ-ਵੱਖ
ਧਰਮਾਂ ਤੇ ਵੱਖ-ਵੱਖ ਸਮਾਜਾਂ ਵਿੱਚ ਪੁੰਨ ਤੇ ਪਾਪ ਦੀ ਵੱਖਰੀ-ਵੱਖਰੀ ਪਰਿਭਾਸ਼ਾ ਹੈ। ਕਿਸੇ ਇੱਕ ਧਰਮ
ਜਾਂ ਸਮਾਜ ਵਿੱਚ ਪੁੰਨ ਮੰਨਿਆ ਜਾਂਦਾ ਕਰਮ, ਕਿਸੇ ਦੂਜੇ ਧਰਮ ਵਿੱਚ ਪਾਪ ਹੋ ਸਕਦਾ ਹੈ ਜਾਂ ਇਸ ਤੋਂ
ਉਲਟ ਵੀ ਹੋ ਸਕਦਾ ਹੈ। ਪੁੰਨ-ਪਾਪ ਦੀ ਕੋਈ ਯੂਨੀਵਰਸਲ (ਸਰਬ ਪ੍ਰਵਾਨਤ) ਪਰਿਭਾਸ਼ਾ ਅਜੇ ਤੱਕ ਸਥਾਪਿਤ
ਨਹੀਂ ਕੀਤੀ ਜਾ ਸਕੀ ਤੇ ਨਾ ਹੀ ਹੋ ਸਕਦੀ ਹੈ। ਪਰ ਕਿਸੇ ਹੱਦ ਤੱਕ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ
ਦੇ ਸੰਵਿਧਾਨਾਂ ਵਿੱਚ ਕੁੱਝ ਕਰਮਾਂ (ਕੰਮਾਂ) ਨੂੰ ਕਰਾਈਮ ਮੰਨਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ
ਉਨ੍ਹਾਂ ਕਰਮਾਂ ਨੂੰ ਹੀ ਪਾਪ ਕਿਹਾ ਜਾ ਸਕਦਾ ਹੈ ਅਤੇ ਸੰਵਿਧਾਨਾਂ ਦੇ ਦਾਇਰੇ ਵਿੱਚ ਰਹਿ ਕੇ ਕੀਤੇ
ਕੰਮਾਂ ਨੂੰ ਅਸੀਂ ਪੁੰਨ ਕਰਮ ਕਹਿ ਸਕਦੇ ਹਾਂ। ਪਰ ਸੰਵਿਧਾਨ ਦਾ ਇੱਕ ਪੱਖ ਇਹ ਵੀ ਹੈ ਕਿ ਸੰਵਿਧਾਨ
ਤੁਹਾਡੇ ਕਿਸੇ ਕੁਕਰਮ ਨੂੰ ਓਦੋਂ ਤੱਕ ਸੰਵਿਧਾਨ ਵਿਰੋਧੀ ਕਰਾਈਮ ਨਹੀਂ ਮੰਨਦਾ, ਜਦੋਂ ਤੱਕ ਉਸ ਨਾਲ
ਕਿਸੇ ਦੂਜੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ, ਭਾਵ ਉਨ੍ਹਾਂ ਕੁਕਰਮਾਂ ਨੂੰ ਹੀ ਸੰਵਿਧਾਨ ਕਰਾਈਮ
ਮੰਨਦਾ ਹੈ, ਜਿਹੜੇ ਕਰਮ ਕੋਈ ਮਨੁੱਖ ਆਪਣੇ ਕਰਮ ਇੰਦਰਿਆਂ ਨਾਲ ਦੂਜੇ ਦਾ ਨੁਕਸਾਨ ਪਹੁੰਚਾਣ ਲਈ
ਕਰਦਾ ਹੋਵੇ। ਜਦੋਂ ਤੱਕ ਤੁਹਾਡੇ ਕਿਸੇ ਕਰਮ ਦਾ ਪ੍ਰਭਾਵ ਦੂਜੇ ਤੇ ਨਹੀਂ ਪੈਂਦਾ, ਆਮ ਤੌਰ `ਤੇ
ਕਨੂੰਨ ਦਖਲ ਨਹੀਂ ਦਿੰਦਾ। ਜਿਸਦਾ ਮਤਲਬ ਹੋਇਆ ਕਿ ਆਪਣੇ ਮਨ (ਦਿਮਾਗ) ਅੰਦਰ ਕਿਸੇ ਬਾਰੇ ਬੁਰੀ
ਭਾਵਨਾ, ਵੈਰ ਭਾਵਨਾ, ਈਰਖਾ, ਨਫਰਤ, ਸਾੜ੍ਹਾ, ਕ੍ਰੋਧ ਆਦਿ ਰੱਖਣ ਨਾਲ ਕਨੂੰਨ ਕੋਈ ਦਖਲ ਅੰਦਾਜ਼ੀ
ਨਹੀਂ ਕਰਦਾ, ਜਦੋਂ ਤੱਕ ਤੁਸੀਂ ਉਸ ਭਾਵਨਾ ਅਧੀਨ ਸਰੀਰਕ ਤੌਰ `ਤੇ ਕੋਈ ਕਰਮ ਕਰਕੇ ਕਿਸੇ ਦਾ
ਨੁਕਸਾਨ ਨਹੀਂ ਕਰਦੇ। ਇਸ ਤੋਂ ਉਲਟ ਅਸਲੀ ਧਰਮ ਦਾ ਮੁੱਖ ਵਿਸ਼ਾ ਹੀ ਇਹ ਹੈ ਕਿ ਮਨੁੱਖ ਆਪਣੇ ਮਨ
(ਦਿਮਾਗ) ਵਿੱਚ ਉਹ ਵਿਚਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ, ਵੈਰ, ਵਿਰੋਧ ਆਦਿ)
ਪੈਦਾ ਹੀ ਨਾ ਹੋਣ ਦੇਵੇ ਕਿ ਦਿਮਾਗ ਇਨ੍ਹਾਂ ਦੇ ਪ੍ਰਭਾਵ ਵਿੱਚ ਕਰਮ ਇੰਦਰਿਆਂ ਤੋਂ ਅਜਿਹਾ ਕੋਈ
ਕੁਕਰਮ ਕਰਾਵੇ ਕਿ ਮਨੁੱਖ ਕਨੂੰਨ ਦੇ ਸ਼ਿਕੰਜੇ ਵਿੱਚ ਫਸ ਜਾਵੇ। ਇਸ ਲਈ ਅਸਲੀ ਧਰਮ ਤੇ ਕਾਨੂੰਨ ਦਾ
ਆਪਣਾ ਵੱਖਰਾ-ਵੱਖਰਾ ਕਾਰਜ ਖੇਤਰ ਹੈ। ਜਿਸਨੂੰ ਇਵੇਂ ਵੀ ਕਹਿ ਸਕਦੇ ਹਾਂ ਕਿ ਕਨੂੰਨ ਦਾ ਕੰਮ ਉਦੋਂ
ਸ਼ੁਰੂ ਹੁੰਦਾ ਹੈ, ਜਦੋਂ ਧਰਮ ਫੇਲ੍ਹ ਹੋ ਜਾਂਦਾ ਹੈ। ਧਰਮ ਦਾ ਖੇਤਰ ਮਨ ਨੂੰ ਸਾਧਣ ਦਾ ਕਾਰਜ ਹੈ,
ਮਨੁੱਖੀ ਮਨ ਕਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ, ਦਵੈਸ਼, ਸਾੜ੍ਹਾ ਆਦਿ
ਬਿਰਤੀਆਂ `ਚੋਂ ਨਿਕਲ ਕੇ ਸਬਰ, ਸੰਤੋਖ, ਸੰਜ਼ਮ, ਪਿਆਰ, ਨਿਮਰਤਾ ਆਦਿ ਦੇ ਭਾਵ ਵਿੱਚ ਆ ਜਾਵੇ।
ਜਿਸ ਤਰ੍ਹਾਂ ਕਿ ਅਸੀਂ ਉਪਰ ਜ਼ਿਕਰ ਕੀਤਾ ਸੀ ਕਿ ਪੁੰਨ-ਪਾਪ ਦੀ ਕੋਈ ਪੱਕੀ ਪਰਿਭਾਸ਼ਾ ਨਹੀਂ ਹੈ, ਹਰ
ਸਮਾਜ ਤੇ ਧਰਮ ਦਾ ਪੁੰਨ-ਪਾਪ ਬਾਰੇ ਆਪਣਾ-ਆਪਣਾ ਨਜ਼ਰੀਆ ਹੈ। ਇਨ੍ਹਾਂ ਕਰਮਾਂ ਨੂੰ ਹੀ ਬਹੁਤੀ ਵਾਰੀ
ਪੁਜਾਰੀਆਂ ਵਲੋਂ ਪਾਪ ਕਹਿ ਕੇ ਸ਼ਰਧਾਲੂਆਂ ਨੂੰ ਡਰਾਇਆ ਜਾਂਦਾ ਹੈ ਤੇ ਪੁੰਨ ਦੇ ਨਾਮ ਤੇ ਭਵਿੱਖ ਦੇ
ਲਾਰੇ ਲਾਏ ਜਾਂਦੇ ਹਨ। ਜੇ ਇਨ੍ਹਾਂ ਪੁੰਨ-ਪਾਪ ਦੇ ਕਰਮਾਂ ਨੂੰ ਵਿਚਾਰਿਆ ਜਾਵੇ ਤਾਂ ਪਤਾ ਚੱਲੇਗਾ
ਕਿ ਇਹ ਸਿਰਫ ਰੀਤੀ-ਰਿਵਾਜ ਜਾਂ ਵਿਸ਼ਵਾਸ਼ ਹੀ ਹੁੰਦੇ ਹਨ, ਜੋ ਕਿਸੇ ਸਮੇਂ ਕਿਸੇ ਸਮਾਜ ਜਾਂ ਧਰਮ
ਵਿੱਚ ਪ੍ਰਚੱਲਿਤ ਹੋ ਗਏ ਜਾਂ ਕਰ ਦਿੱਤੇ ਗਏ ਸਨ, ਪਰ ਉਨ੍ਹਾਂ ਦਾ ਪੁੰਨ-ਪਾਪ ਜਾਂ ਚੰਗੇ-ਮਾੜੇ ਨਾਲ
ਕੋਈ ਸਬੰਧ ਨਹੀਂ ਹੁੰਦਾ। ਪਰ ਪੁਜਾਰੀ ਹਮੇਸ਼ਾਂ ਸ਼ਰਧਾਲੂਆਂ ਨੂੰ ਕੁੱਝ ਕਰਮਾਂ ਨੂੰ ਪੁੰਨ ਦੇ ਕਰਮ
ਦੱਸ ਕੇ ਜਨਮ ਤੋਂ ਮਰਨ ਅਤੇ ਕਈ ਵਾਰ ਮਰਨ ਤੋਂ ਬਾਅਦ ਤੱਕ ਲੁੱਟਦਾ ਰਹਿੰਦਾ ਹੈ ਤੇ ਜਾਂ ਫਿਰ ਪਾਪ
ਕਰਮ ਕਹਿ ਪੂਜਾ-ਪਾਠ ਕਰਾਉਣ ਦੇ ਨਾਮ ਤੇ ਲੁੱਟਦਾ ਹੈ।
ਜੇ ਅਸੀਂ ਵੱਖ-ਵੱਖ ਸਮਾਜਾਂ ਤੇ ਧਰਮਾਂ ਦਾ ਅਧਿਐਨ ਕਰੀਏ ਤਾਂ ਪਤਾ ਚੱਲੇਗਾ ਕਿ ਇੱਕ ਸਮਾਜ ਵਿੱਚ
ਪ੍ਰਚੱਲਿਤ ਬਹੁਤ ਸਾਰੇ ਰੀਤੀ-ਰਿਵਾਜ, ਕਰਮ ਕਾਂਡ, ਵਿਸਵਾਸ਼ ਆਦਿ ਜੇ ਪੁੰਨ ਕਰਮ ਹੁੰਦੇ ਹਨ ਤਾਂ
ਦੂਜੇ ਸਮਾਜ ਵਿੱਚ ਉਹੀ ਪਾਪ ਕਰਮ ਹੋ ਸਕਦੇ ਹਨ। ਜੇ ਪਹਿਲਾਂ ਅਸੀਂ ਧਰਮਾਂ ਦੀ ਹੀ ਗੱਲ ਕਰੀਏ ਤਾਂ
ਆਮ ਤੌਰ `ਤੇ ਤਕਰੀਬਨ ਸਾਰੇ ਧਰਮ ਇੱਕ ਰੱਬ ਵਿੱਚ ਵਿਸ਼ਵਾਸ ਕਰਦੇ ਹਨ, ਭਾਵੇਂ ਉਨ੍ਹਾਂ ਦਾ ਉਸ ਰੱਬ
ਬਾਰੇ ਨਜ਼ਰੀਆ ਵੱਖਰਾ-ਵੱਖਰਾ ਹੈ। ਇੱਕ ਹਿੰਦੂ ਧਰਮ ਦਾ ਅਨੁਆਈ ਰੱਬ ਦੀ ਮੂਰਤੀ ਬਣਾ ਕੇ ਪੂਜਾ ਕਰਦਾ
ਹੈ, ਉਸ ਲਈ ਉਹ ਪੁੰਨ ਦਾ ਕਰਮ ਹੈ, ਪਰ ਇਹੀ ਕਰਮ ਕੋਈ ਸਿੱਖ ਸੋਚ ਵੀ ਨਹੀਂ ਸਕਦਾ, ਉਸ ਲਈ ਮੂਰਤੀ
ਪੂਜਾ ਕਰਨੀ ਧਰਮ ਵਿਰੋਧੀ ਪਾਪ ਕਰਮ ਹੈ ਤੇ ਮੁਸਲਮਾਨ ਤਾਂ ਮੂਰਤੀ ਪੂਜਾ ਕਰਨ ਨਾਲ ਕਾਫਰ ਹੀ ਬਣ
ਜਾਂਦਾ ਹੈ। ਇਸੇ ਤਰ੍ਹਾਂ ਪੱਥਰ ਪੂਜਾ ਤੋਂ ਇਲਾਵਾ ਮਨੁੱਖ ਦੀ ਪੂਜਾ, ਦਰੱਖਤਾਂ ਦੀ ਪੂਜਾ, ਜਾਨਵਰਾਂ
ਦੀ ਪੂਜਾ ਹਿੰਦੁਆਂ ਲਈ ਧਰਮ ਦਾ ਕਰਮ ਜਾਂ ਪੁੰਨ ਕਰਮ ਹੈ, ਉਥੇ ਮੁਸਲਮਾਨਾਂ ਲਈ ਇਹ ਸਭ ਪਾਪ ਦੀ
ਨਿਆਂਈ ਹਨ। ਇਸੇ ਤਰ੍ਹਾਂ ਧਰਮਾਂ ਦੇ ਚਿੰਨ੍ਹਾਂ ਦੀ ਗੱਲ ਹੈ, ਸੁੰਨਤ ਤੋਂ ਬਿਨਾਂ ਕੋਈ ਵਿਅਕਤੀ
ਮੁਸਲਮਾਨ ਨਹੀਂ ਹੋ ਸਕਦਾ, ਪਰ ਕਿਸੇ ਹਿੰਦੂ ਜਾਂ ਸਿੱਖ ਲਈ ਸੁੰਨਤ ਕਰਾਉਣੀ ਪਾਪ ਕਰਮ ਹੈ। ਇਸੇ
ਤਰ੍ਹਾਂ ਜੇ ਸਿੱਖ ਲਈ ਜਨੇਊ ਪਾਉਣਾ ਪਾਪ ਤੋਂ ਘੱਟ ਨਹੀਂ ਤਾਂ ਮੁਸਲਮਾਨ ਲਈ ਪੰਜ ਕੱਕਾਰ ਪਾਉਣੇ
ਜਹੱਨਮ (ਨਰਕ) ਜਾਣ ਬਰਾਬਰ ਹੈ। ਇੱਕ ਸਿੱਖ ਦਾ ਬੱਚਾ ਵਾਲ ਕੱਟਣ ਨਾਲ ਪਤਿਤ ਹੋ ਜਾਂਦਾ ਹੈ ਤੇ
ਹਿੰਦੂ ਦਾ ਬੱਚਾ ਭੱਦਣ (ਪੂਰੀ ਤਰ੍ਹਾਂ ਸਿਰ ਸ਼ੇਵ ਕਰਨ) ਕਰਾਏ ਤੋਂ ਬਿਨਾਂ ਸੱਚਾ ਹਿੰਦੂ ਨਹੀਂ ਬਣ
ਸਕਦਾ। ਇਸੇ ਤਰ੍ਹਾਂ ਵਿਅਕਤੀ ਦੀ ਮੌਤ ਹੋਣ ਤੇ ਜੇ ਉਸਨੂੰ ਧਰਤੀ ਵਿੱਚ ਦੱਬਣਾ ਪਵੇ ਤਾਂ
ਹਿੰਦੂਆਂ-ਸਿੱਖਾਂ ਲਈ ਇਹ ਪਾਪ ਕਰਮ ਤੋਂ ਘੱਟ ਨਹੀਂ ਕਿਉਂਕਿ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ
ਹਰਿਦੁਆਰ ਜਾਂ ਕੀਰਤਪੁਰ ਦੇ ਪਾਣੀ ਵਿੱਚ ਰੋੜ੍ਹਨ ਤੋਂ ਬਿਨਾਂ ਮਨੁੱਖ ਦੀ ਮੁਕਤੀ ਨਹੀਂ ਹੋ ਸਕਦੀ।
ਪਰ ਜੇ ਕਿਸੇ ਮੁਸਲਮਾਨ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰ ਦਿੱਤਾ ਜਾਵੇ ਤਾਂ ਸਮਝੋ ਉਹ ਤਾਂ
ਸਿੱਧਾ ਨਰਕਾਂ ਵਿੱਚ ਹੀ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਇਸਾਈ ਔਰਤ ਲਈ ਸਕਰਟ ਪਾਉਣੀ ਧਾਰਮਿਕ
ਪਹਿਰਾਵਾ ਹੋ ਸਕਦੀ ਹੈ, ਪਰ ਬੁਰਕਾ ਪਾਉਣ ਬਾਰੇ ਉਹ ਸੋਚ ਵੀ ਨਹੀਂ ਸਕਦੀ, ਪਰ ਇਸਦੇ ਉਲਟ ਇੱਕ
ਮੁਸਲਮਾਨ ਔਰਤ ਲਈ ਸਕਰਟ ਪਾਉਣੀ ਹਰਾਮ ਖਾਣ ਤੋਂ ਘੱਟ ਨਹੀਂ ਤੇ ਬੁਰਕਾ ਪਾਉਣਾ ਜੰਨਤ ਦਾ ਦਰਵਾਜ਼ਾ
ਹੈ। ਇਸੇ ਤਰ੍ਹਾਂ ਖਾਣ-ਪੀਣ ਦੇ ਮਾਮਲੇ ਵਿੱਚ ਵੀ ਜੇ ਹਿੰਦੂਆਂ-ਸਿੱਖਾਂ ਲਈ ਗਾਂ ਖਾਣੀ ਹਰਾਮ ਹੈ
ਤਾਂ ਮੁਸਲਮਾਨਾਂ ਲਈ ਸੂਰ ਖਾਣਾ ਨਰਕ ਦੇ ਦਰਵਾਜ਼ੇ ਤੋਂ ਘੱਟ ਨਹੀਂ। ਹੋਰ ਤਾਂ ਹੋਰ ਸਿੱਖਾਂ ਲਈ ਜੇ
ਹਲਾਲ ਖਾਣਾ ਧਰਮ ਵਿਰੋਧੀ ਹੈ ਤਾਂ ਮੁਸਲਮਾਨਾਂ ਲਈ ਝਟਕਾ ਜਾਂ ਆਮ ਮੀਟ ਖਾਣਾ ਪਾਪ ਕਰਮ ਹੈ, ਇਸੇ
ਤਰ੍ਹਾਂ ਯਹੂਦੀਆਂ ਲਈ ਕੋਸ਼ਰ (ਉਨ੍ਹਾਂ ਦੇ ਧਰਮ ਗ੍ਰੰਥ ਦੇ ਮੰਤਰ ਪੜ੍ਹ ਕੇ ਤਿਆਰ ਕੀਤਾ ਮੀਟ) ਤੋਂ
ਇਲਾਵਾ ਕੋਈ ਹੋਰ ਮੀਟ ਖਾਣਾ, ਪਾਪ ਕਰਮ ਹੈ। ਬੁੱਧਾਂ ਲਈ ਜੀਵ ਹੱਤਿਆ ਕਰਨਾ ਹੀ ਪਾਪ ਹੈ ਤੇ ਜੈਨੀ
ਤਾਂ ਮੂੰਹ ਤੇ ਕੱਪੜਾ ਬੰਨ੍ਹੀ ਤੇ ਹੱਥ ਵਿੱਚ ਝਾੜੂ ਫੜੀ ਦੇਖੇ ਜਾ ਸਕਦੇ ਹਨ ਤਾਂ ਕਿ ਕੋਈ ਵਾਇਰਸ
ਜਾਂ ਛੋਟਾ ਮੋਟਾ ਕੀੜਾ ਮਕੌੜਾ ਨਾ ਮਰ ਜਾਵੇ ਅਤੇ ਉਹ ਹਰ ਤਰ੍ਹਾਂ ਦੇ ਪਾਪ ਤੋਂ ਬਚਣਾ ਚਾਹੁੰਦੇ ਹਨ।
ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਤੋਂ ਪਤਾ ਲੱਗਦਾ
ਹੈ ਕਿ ਕੁੱਝ ਵੀ ਪਾਪ ਜਾਂ ਪੁੰਨ ਨਹੀਂ ਹੈ, ਇਹ ਸਿਰਫ ਪੁਜਾਰੀਆਂ ਵਲੋਂ ਸ਼ੁਰੂ ਕੀਤੀਆਂ ਕੁੱਝ
ਰੀਤਾਂ-ਰਸਮਾਂ ਹਨ, ਜੋ ਉਨ੍ਹਾਂ ਨੇ ਇਸ ਲਈ ਸ਼ੁਰੂ ਕੀਤੀਆਂ ਹੁੰਦੀਆਂ ਤਾਂ ਕਿ ਲੋਕ ਪੁੰਨ-ਪਾਪ ਦੇ
ਚੱਕਰ ਵਿੱਚ ਫਸ ਕੇ ਇੱਕ ਦੂਜੇ ਨਾਲ ਮਨੁੱਖਤਾਵਾਦੀ ਸਾਂਝ ਨਾ ਬਣਾ ਸਕਣ। ਉਹ ਆਪਣੇ ਆਪਣੇ ਫਿਰਕੇ ਦੇ
ਦਾਇਰੇ ਵਿੱਚ ਰਹਿ ਕੇ ਆਪਣੇ ਆਪਣੇ ਪੁਜਾਰੀ ਦੇ ਦੱਸੇ ਅਨੁਸਾਰ ਪੂਜਾ-ਪਾਠ ਕਰਦੇ ਰਹਿਣ ਤੇ ਉਨ੍ਹਾਂ
ਦੀ ਰੱਬ ਦੇ ਨਾਮ ਤੇ ਦੁਕਾਨਦਾਰੀ ਚੱਲਦੀ ਰਹੇ ਤੇ ਉਨ੍ਹਾਂ ਵਲੋਂ ਬਣਾਏ ਪਾਪ-ਪੁੰਨ ਵਿੱਚ ਫਸਿਆ
ਮਨੁੱਖ ਕਦੇ ਵੀ ਫਿਰਕਿਆਂ ਦੀ ਸੋਚ ਵਿਚੋਂ ਬਾਹਰ ਨਾ ਨਿਕਲ ਸਕੇ। ਉਹ ਕਦੇ ਇਹ ਸੋਚਣ ਦੇ ਸਮਰੱਥ ਨਾ
ਹੋ ਸਕੇ ਕਿ ਇੱਕ ਰੱਬ ਦੀ ਬਣਾਈ ਇਸ ਸ੍ਰਿਸ਼ਟੀ ਵਿੱਚ ਰੱਬ ਦੇ ਨਿਯਮ ਸਭ ਜਗ੍ਹਾ ਇਕਸਾਰ ਹੀ ਲਾਗੂ
ਹੁੰਦੇ ਹਨ। ਸ੍ਰਿਸ਼ਟੀ ਦਾ ਇਹ ਪਸਾਰਾ ਸਭ ਜਗ੍ਹਾ ਇੱਕ ਬੱਝਵੇਂ, ਨਾ ਬਦਲਣ ਵਾਲੇ ਨਿਯਮਾਂ ਵਿੱਚ
ਚੱਲਦਾ ਹੈ। ਇਸ ਲਈ ਜੇ ਕੁੱਝ ਪੁੰਨ-ਪਾਪ ਹੈ ਤਾਂ ਉਹ ਸਾਰਿਆਂ ਲਈ ਇਕੋ ਹੀ ਹੈ। ਹਿੰਦੂਆਂ, ਸਿੱਖਾਂ,
ਮੁਸਲਮਾਨਾਂ, ਇਸਾਈਆਂ, ਬੋਧੀਆਂ, ਜੈਨੀਆਂ, ਯਹੂਦੀਆਂ, ਗੋਰਿਆਂ, ਕਾਲਿਆਂ, ਚੀਨਿਆਂ, ਨਾਸਤਿਕਾਂ,
ਆਸਤਿਕਾਂ ਆਦਿ ਲਈ ਪੁੰਨ ਜਾਂ ਪਾਪ ਵੱਖਰੇ ਨਹੀਂ ਹੋ ਸਕਦੇ। ਜੇ ਕੁੱਝ ਪੁੰਨ ਹੈ ਤਾਂ ਸਭ ਲਈ ਉਹ
ਪੁੰਨ ਹੈ, ਜੇ ਪਾਪ ਹੈ ਤਾਂ ਸਭ ਲਈ ਪਾਪ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਦੇਸ਼ ਦੇ ਕਨੂੰਨ
ਅਨੁਸਾਰ ਜੇਕਰ ਕੋਈ ਕਰਮ ਅਪਰਾਧ ਹੈ ਤਾਂ ਸਭ ਲਈ ਉਹ ਅਪਰਾਧ ਹੀ ਹੈ, ਅਪਰਾਧ ਦਾ ਸਬੰਧ ਕਿਸੇ ਦੇ
ਧਰਮ, ਜਾਤ, ਨਸਲ, ਰੰਗ, ਲਿੰਗ ਨਾਲ ਨਹੀਂ ਹੁੰਦਾ, ਇਸੇ ਤਰ੍ਹਾਂ ਪਾਪ-ਪੁੰਨ ਵੀ ਜੇਕਰ ਹੈ ਤਾਂ ਉਹ
ਸਭ ਲਈ ਪਾਪ-ਪੁੰਨ ਹੈ, ਨਾ ਕਿ ਹਿੰਦੂਆਂ ਲਈ ਪੁੰਨ, ਸਿੱਖਾਂ ਲਈ ਪਾਪ ਹੈ ਜਾਂ ਮੁਸਲਮਾਨਾਂ ਲਈ ਪਾਪ,
ਇਸਾਈਆਂ ਲਈ ਪੁੰਨ ਹੈ। ਜੇਕਰ ਅਜਿਹਾ ਹੈ ਤਾਂ ਸਮਝੋ ਕਿ ਇਹ ਪੁਜਾਰੀਆਂ ਵਲੋਂ ਮਨੁੱਖਤਾ ਵਿੱਚ ਵੰਡ
ਪਾ ਕੇ ਆਪਣੀ ਸਰਦਾਰੀ ਚੱਲਦੀ ਰੱਖਣ ਦੇ ਸਾਧਨਾਂ ਤੋਂ ਵੱਧ ਕੁੱਝ ਨਹੀਂ। ਕੋਈ ਵੀ ਅਜਿਹਾ ਪਾਪ-ਪੁੰਨ
ਨਹੀਂ ਹੋ ਸਕਦਾ, ਜੋ ਸਭ ਲਈ ਇੱਕ ਸਮਾਨ ਨਾ ਹੋਵੇ। ਸਭ ਧਰਮਾਂ ਦੇ ਪੁਜਾਰੀ ਕੁੱਝ ਗੱਲਾਂ ਤੇ ਇਕਮਤ
ਹਨ ਕਿ ਮਨੁੱਖ ਨੂੰ ਧਰਮ ਦੇ ਨਾਮ ਤੇ ਲੁੱਟਣ ਲਈ ਉਨ੍ਹਾਂ ਨੂੰ ਅੱਖ ਮੀਟ ਕੇ ਮਰਿਯਾਦਾ ਮੰਨਣ ਵਾਲੇ
ਸ਼ਰਧਾਲੂ ਬਣਾਇਆ ਜਾਵੇ, ਉਸੇ ਨੂੰ ਵੱਧ ਤੋਂ ਵੱਧ ਅਗਿਆਨਤਾ ਵਿੱਚ ਰੱਖਿਆ ਜਾਵੇ, ਲੋਭੀ ਸ਼ਰਧਾਲੂਆਂ
ਝੂਠੀਆਂ ਕਰਾਮਾਤੀ ਕਹਾਣੀਆਂ ਦੇ ਲਾਰਿਆਂ ਦਾ ਲਾਲਚ ਦਿੱਤਾ ਜਾਵੇ, ਰੱਬ ਦਾ ਡਰ ਪਾ ਕੇ ਡਰਾਇਆ ਜਾਵੇ।
ਜੇ ਧਰਮਾਂ ਤੋਂ ਇਲਾਵਾ ਵੱਖ-ਵੱਖ ਸਮਾਜਾਂ ਵਿੱਚ ਪ੍ਰਚੱਲਿਤ ਰੀਤੀ-ਰਿਵਾਜ਼ਾਂ ਨੂੰ ਦੇਖੀਏ ਤਾਂ ਇਸ
ਬਾਰੇ ਵੀ ਸਮਾਜ ਦੇ ਚੌਧਰੀਆਂ ਵਲੋਂ ਪੁੰਨ-ਪਾਪ ਦੇ ਬੰਧਨ ਪਾਏ ਹੋਏ ਹਨ। ਸਮਾਜ ਦੇ ਰੀਤੀ-ਰਿਵਾਜ਼ਾਂ,
ਸੱਭਿਆਚਾਰਕ ਮਾਨਤਾਵਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਰੱਖਣ ਲਈ ਪਾਪ ਪੁੰਨ ਦੇ ਡਰਾਵੇ ਦਿੱਤੇ
ਜਾਂਦੇ ਹਨ। ਜਦ ਕਿ ਇਨ੍ਹਾਂ ਦਾ ਪਾਪ ਪੁੰਨ ਨਾਲ ਕੋਈ ਸਬੰਧ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਨੂੰ
ਕਰਨ ਜਾਂ ਨਾ ਕਰਨ ਨਾਲ ਮਨੁੱਖ ਦੀ ਸ਼ਖਸੀਅਤ ਵਿੱਚ ਕੋਈ ਫਰਕ ਪੈਂਦਾ ਹੈ। ਜਿਸ ਤਰ੍ਹਾਂ ਹਿੰਦੂ ਤੇ
ਸਿੱਖ ਸਮਾਜਾਂ ਵਿੱਚ ਮੁੰਡੇ-ਕੁੜੀ ਦੇ ਵਿਆਹ ਲਈ ਦੂਰ-ਦੂਰ ਤੱਕ ਰਿਸ਼ਤੇਦਾਰਾਂ ਦੇ ਗੋਤ ਦੇਖੇ ਜਾਂਦੇ
ਹਨ, ਜਾਤ ਬਰਾਦਰੀ ਵੇਖੀ ਜਾਂਦੀ ਹੈ, ਨੀਵੀਂ ਜਾਤ ਵਿੱਚ ਜਾਂ ਆਪਣੇ ਗੋਤ ਵਿੱਚ ਵਿਆਹ ਕਰਨ ਨੂੰ ਪਾਪ
ਤੋਂ ਘੱਟ ਨਹੀਂ ਸਮਝਿਆ ਜਾਂਦਾ, ਕਤਲ ਤੱਕ ਹੋ ਜਾਂਦੇ ਹਨ, ਸਮਾਜਿਕ ਬਾਈਕਾਟ ਆਮ ਜਿਹੀ ਗੱਲ ਹੈ,
ਜਦਕਿ ਗੁਆਂਢ ਵਿੱਚ ਰਹਿੰਦੇ ਮੁਸਲਮਾਨਾਂ ਲਈ ਆਪਣੇ ਚਾਚਿਆਂ, ਤਾਇਆਂ, ਭੂਆਂ ਜਾਂ ਹੋਰ ਰਿਸ਼ਤੇਦਾਰਾਂ
ਦੇ ਮੁੰਡੇ-ਕੁੜੀਆਂ ਦੇ ਵਿਆਹ ਪੁੰਨ ਦਾ ਕਰਮ ਹਨ। ਉਹ ਆਪਣੇ ਰਿਸ਼ਤੇਦਾਰਾਂ ਤੋਂ ਬਾਹਰ ਵਿਆਹਾਂ ਨੂੰ
ਚੰਗਾ ਨਹੀਂ ਸਮਝਦੇ। ਪਰ ਹਿੰਦੂਆਂ, ਸਿੱਖਾਂ ਲਈ ਅਜਿਹਾ ਸੋਚਣਾ ਵੀ ਪਾਪ ਹੈ। ਉਹ ਤਾਂ ਪਿੰਡ ਦੀ
ਕੁੜੀ ਜਾਂ ਆਪਣੇ ਗੋਤ ਦੀ ਕੁੜੀ ਨੂੰ ਵੀ ਭੈਣ ਮੰਨਦੇ ਹਨ। ਇਸੇ ਤਰ੍ਹਾਂ ਇਸਾਈਆਂ, ਮੁਸਲਮਾਨਾਂ ਵਿੱਚ
ਸੁੱਚ-ਭਿੱਟ ਦਾ ਕੋਈ ਸੰਕਲਪ ਹੀ ਨਹੀਂ ਹੈ, ਜਦਕਿ ਹਿੰਦੂਆਂ ਤੇ ਸਿੱਖਾਂ ਵਿੱਚ ਸੁੱਚ ਭਿੱਟ ਨੂੰ ਬੜਾ
ਅਹਿਮ ਸਥਾਨ ਹੈ, ਭਾਡਿਆਂ ਨੂੰ ਸੁੱਚੇ ਕਰਨ ਦਾ ਭਰਮ, ਕਿਸੇ ਦੇ ਹੱਥ ਲੱਗਣ ਨਾਲ ਸਰੀਰ, ਵਸਤੂਆਂ,
ਖਾਣ-ਪੀਣ ਦੀਆਂ ਚੀਜ਼ਾਂ ਜੂਠੀਆਂ ਹੋਣ ਦਾ ਭਰਮ ਆਮ ਹੀ ਪ੍ਰਚੱਲਿਤ ਹੈ। ਕਈ ਬ੍ਰਾਹਮਣ ਸਿਰਫ
ਬ੍ਰਾਹਮਣਾਂ ਹੱਥੋਂ ਹੀ ਖਾਣਾ ਖਾਂਦੇ ਹਨ। ਇਸੇ ਤਰ੍ਹਾਂ ਕਈ ਅੰਮ੍ਰਿਤਧਾਰੀ ਖਾਲਸੇ ਵੀ ਬ੍ਰਾਹਮਣਾਂ
ਵਾਂਗ ਸਿਰਫ ਅੰਮ੍ਰਿਤਧਾਰੀਆਂ ਹੱਥੋਂ ਬਣਿਆ ਹੀ ਖਾਂਦੇ ਹਨ, ਦੂਜਿਆਂ ਹੱਥੋਂ ਖਾਣ ਨਾਲ ਭਿੱਟੇ ਜਾਂਦੇ
ਹਨ। ਜਦਕਿ ਉਨ੍ਹਾਂ ਦਾ ਮਨ ਅੰਦਰੋਂ ਨਫਰਤ ਨਾਲ ਭਿਟਿਆ ਹੁੰਦਾ ਹੈ। ਇਸਾਈਆਂ ਦੀ ਧਾਰਮਿਕ ਪੁਸਤਕ
‘ਬਾਈਬਲ’ ਆਮ ਮੋਟਲਾਂ, ਹੋਟਲਾਂ, ਇਥੋਂ ਤੱਕ ਕਿ ਵਾਸ਼ਰੂਮਾਂ ਵਿੱਚ ਵੀ ਤੁਹਾਨੂੰ ਮਿਲੇਗੀ, ਉਨ੍ਹਾਂ
ਦੀ ਸੋਚ ਹੈ ਕਿ ਬੰਦਾ ਚੰਗੀ ਪੁਸਤਕ ਕਿਤੇ ਬੈਠ ਕੇ ਵੀ ਪੜ੍ਹ ਸਕਦਾ ਹੈ, ਪਰ ਸਿੱਖਾਂ ਲਈ ਬਾਣੀ ਦੇ
ਗੁਟਕੇ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਸੁੱਚੇ ਕਰਨੇ, ਸਿਰ ਢੱਕਣਾ, ਜੁੱਤੀ ਲਾਹੁਣੀ ਆਦਿ ਦਾ
ਭਾਰੀ ਭਰਮ ਪਾਇਆ ਜਾਂਦਾ ਹੈ। ਉਸ ਲਈ ਗੁਟਕੇ ਦਾ ਕਿਸੇ ਹੋਟਲ, ਮੋਟਲ ਵਿੱਚ ਹੋਣਾ ਪਾਪ ਕਰਮ ਤੋਂ ਘੱਟ
ਨਹੀਂ। ਇਸੇ ਤਰ੍ਹਾਂ ਇਸਾਈ ਆਪਣੇ ਚਰਚਾਂ ਵਿੱਚ ਜੁੱਤੀਆਂ ਪਾ ਕੇ ਕੁਰਸੀਆਂ ਤੇ ਬੈਠਦੇ ਹਨ ਤੇ ਆਪਣਾ
ਪੂਜਾ ਪਾਠ ਕਰਦੇ ਹਨ। ਜਦਕਿ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਲਈ ਆਪਣੇ ਧਰਮ ਅਸਥਾਨਾਂ ਵਿੱਚ ਜੁੱਤੀ
ਪਾਉਣਾ, ਨੰਗੇ ਸਿਰ ਜਾਣਾ, ਕੁਰਸੀ ਆਦਿ `ਤੇ ਬੈਠਣਾ ਨਿਰਾਦਰੀ ਭਰਿਆ ਪਾਪ ਕਰਮ ਹੈ। ਸਿੱਖਾਂ ਵਿੱਚ
ਤਾਂ ਲੰਗਰ ਵਿੱਚ ਕੁਰਸੀਆਂ ਤੇ ਬੈਠਣ ਦੇ ਮੁੱਦੇ ਤੇ ਲੜਾਈਆਂ ਹੋ ਚੁੱਕੀਆਂ ਹਨ। ਜਿਥੇ ਸਿੱਖ ਆਪਣੇ
ਧਰਮ ਅਸਥਾਨਾਂ ਵਿੱਚ ਸਾਜ਼ਾਂ ਨਾਲ ਰਾਗਾਂ ਵਿੱਚ ਕੀਰਤਨ ਕਰਨ ਨੂੰ ਧਰਮ ਦਾ ਕਰਮ ਸਮਝਦੇ ਹਨ, ਉਥੇ
ਮੁਸਲਮਾਨ ਆਪਣੇ ਧਰਮ ਅਸਥਾਨ ਵਿੱਚ ਰਾਗ ਵਜਾਉਣ ਨੂੰ ਪਾਪ ਕਰਮ ਮੰਨਦੇ ਹਨ। ਇਸੇ ਤਰ੍ਹਾਂ
ਗੁਰਦੁਆਰਿਆਂ ਵਿੱਚ ਭਜਨ ਬੰਦਗੀ ਕਰਨ ਸਮੇਂ ਤਾੜੀਆਂ ਵਜਾਉਣੀਆਂ ਜਾਂ ਨੱਚਣਾ ਪਾਪ ਕਰਮ ਹੈ, ਪਰ
ਹਿੰਦੂਆਂ ਤੇ ਮੁਸਲਮਾਨਾਂ ਦੇ ਸੂਫੀ ਫਿਰਕਿਆਂ ਵਿੱਚ ਤਾੜੀਆਂ ਵਜਾਉਣੀਆਂ, ਘੁੰਗਰੂ ਬੰਨ੍ਹ ਕੇ ਨੱਚਣਾ
ਰੱਬ ਦੀ ਇਬਾਦਤ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ ਧਾਰਮਿਕ ਤੌਰ `ਤੇ ਜਿੱਥੇ ਹਰ ਤਰ੍ਹਾਂ ਦੇ ਨਸ਼ਿਆਂ
ਦੇ ਸੇਵਨ ਨੂੰ ਪਾਪ ਕਰਮ ਮੰਨਿਆ ਜਾਂਦਾ ਹੈ, ਉਥੇ ਮੁਸਲਮਾਨਾਂ ਵਿੱਚ ਸ਼ਰਾਬ ਦੀ ਮਨਾਹੀ, ਪਰ ਤੰਬਾਕੂ
ਪੀਣ ਵਾਲੇ ਮੁਸਲਮਾਨ ਆਮ ਹੀ ਮਿਲਣਗੇ। ਇਸਾਈਆਂ ਵਿੱਚ ਬਹੁਤੇ ਸ਼ਰਾਬ ਤੇ ਤੰਬਾਕੂ ਦੋਨੇ ਵਰਤਦੇ ਹਨ,
ਹਿੰਦੂਆਂ ਦੇ ਕਈ ਫਿਰਕੇ ਰੱਬ ਨੂੰ ਪਾਉਣ ਲਈ ਚਰਸ, ਗਾਂਜਾ, ਭੰਗ ਆਦਿ ਵਰਤਦੇ ਹਨ। ਸਿੱਖਾਂ ਵਿੱਚ ਵੀ
ਨਿਹੰਗ ਭੰਗ ਦਾ ਪ੍ਰਸ਼ਾਦ ਵਰਤਾਉਂਦੇ ਹਨ। ਫਿਰ ਭਲਾ ਪੁੰਨ ਕੀ ਤੇ ਪਾਪ ਕੀ ਹੋਇਆ?
ਇਹ ਸਾਰਾ ਕੁੱਝ ਦੱਸਣ ਤੋਂ ਭਾਵ ਇਹ ਹੈ ਕਿ ਇਸ ਦੁਨੀਆਂ ਵਿੱਚ ਕੁੱਝ ਵੀ ਪੁੰਨ ਨਹੀਂ ਤੇ ਕੁੱਝ ਵੀ
ਪਾਪ ਨਹੀਂ। ਇਹ ਪੁਜਾਰੀਆਂ ਵਲੋਂ ਪਾਏ ਭਰਮ ਹੀ ਹਨ। ਜੋ ਕੁੱਝ ਵੀ ਤੁਹਾਡੇ ਸਰੀਰ ਜਾਂ ਮਨ ਲਈ
ਲਾਹੇਵੰਦ ਨਾ ਹੋਵੇ, ਉਹ ਗਲਤ ਹੈ ਤੇ ਜੋ ਤੁਹਾਡੇ ਸਰੀਰ ਤੇ ਮਨ ਲਈ ਠੀਕ ਹੈ, ਉਹ ਸਭ ਠੀਕ ਹੈ। ਦੂਜਾ
ਜੋ ਕੁੱਝ ਵੀ ਕਨੂੰਨ ਦੇ ਅਨੁਸਾਰ ਅਪਰਾਧ ਹੈ, ਉਹੀ ਪਾਪ ਕਰਮ ਹੈ ਤੇ ਜੋ ਕਰਮ ਮਨੁੱਖ ਕਨੂੰਨ ਦੇ
ਦਾਇਰੇ ਵਿੱਚ ਰਹਿ ਕੇ ਕਰਦਾ ਹੈ, ਉਹੀ ਪੁੰਨ ਹੈ। ਸਾਨੂੰ ਹਮੇਸ਼ਾਂ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ
ਅਜਿਹਾ ਖਾਣ ਪੀਣ ਰੱਖੀਏ, ਜਿਸ ਨਾਲ ਸਰੀਰ ਰਿਸ਼ਟ-ਪੁਸ਼ਟ ਰਹੇ। ਇਸੇ ਤਰ੍ਹਾਂ ਅਜਿਹੀ ਸੋਚ ਰੱਖਣੀ
ਚਾਹੀਦੀ ਹੈ ਕਿ ਸਾਡਾ ਮਨ ਤੰਦਰੁਸਤ ਰਹੇ। ਪੁਜਾਰੀਆਂ ਦੇ ਪਾਪ-ਪੁੰਨ ਵਾਲੇ ਨਕਲੀ ਧਰਮਾਂ `ਚੋਂ
ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਫਿਰਕਿਆਂ ਦੀ ਸੋਚ ਤੋਂ ਆਜ਼ਾਦ ਹੋ ਕੇ ਮਾਨਵਤਾਵਾਦੀ ਸੋਚ ਅਪਣਾਈਏ।
ਉਹੀ ਪੁੰਨ ਹੈ, ਜੋ ਸਭ ਲਈ ਪੁੰਨ ਹੈ, ਉਹੀ ਪਾਪ ਹੈ ਜੋ ਸਭ ਲਈ ਪਾਪ ਹੈ। ਜਿਹੜਾ ਇੱਕ ਲਈ ਪੁੰਨ ਹੈ
ਤੇ ਦੂਜੇ ਲਈ ਪਾਪ ਹੈ, ਉਹ ਭਰਮ ਹੈ, ਭਰਮ ਵਿੱਚ ਫਸਿਆ ਮਨੁੱਖ ਕਦੇ ਸੱਚੇ ਧਰਮ ਦਾ ਪਾਂਧੀ ਨਹੀਂ ਹੋ
ਸਕਦਾ। ਜਿਥੇ ਨਕਲੀ ਧਰਮ ਮਨੁੱਖ ਨੂੰ ਭਰਮਾਂ ਵਿੱਚ ਪਾਉਂਦਾ ਹੈ, ਉਥੇ ਅਸਲੀ ਧਰਮ ਭਰਮ ਤੋਂ ਮੁਕਤੀ
ਵਿੱਚ ਹੈ। ਨਕਲੀ ਧਰਮਾਂ ਦੀ ਸੰਕੀਰਣ ਸੋਚ ਵਿੱਚ ਫਸਿਆ ਮਨੁੱਖ ਕਦੇ ਵੀ ਸੱਚਾ ਧਰਮੀ ਨਹੀਂ ਹੋ ਸਕਦਾ।
ਸੱਚੇ ਧਰਮੀ ਪੁਰਸ਼ ਨੂੰ ਨਾ ਕਿਸੇ ਅਖੌਤੀ ਪੁੰਨ ਦਾ ਲਾਲਚ ਹੁੰਦਾ ਹੈ ਤੇ ਨਾ ਹੀ ਕਿਸੇ ਅਖੌਤੀ ਪਾਪ
ਦਾ ਡਰ ਹੀ ਹੁੰਦਾ ਹੈ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਸਦੇ ਹੁਕਮ ਵਿੱਚ ਸਬਰ, ਸੰਤੋਖ, ਪਿਆਰ ਦਾ
ਜੀਵਨ ਬਸਰ ਕਰਨਾ, ਪੁੰਨ-ਪਾਪ ਦੇ ਭੈਅ ਤੋਂ ਮੁਕਤ ਹੋਣਾ, ਆਪਣੇ ਦੇਸ਼ ਦੇ ਕਾਨੂੰਨ ਦੇ ਦਾਇਰੇ ਵਿੱਚ
ਰਹਿ ਕੇ ਚੰਗੇ ਸ਼ਹਿਰੀ ਬਣਨਾ ਤੇ ਆਪਣੇ ਅੰਦਰੋਂ ਦੂਜਿਆਂ ਲਈ ਨਫਰਤ, ਈਰਖਾ, ਸਾੜਾ, ਵੈਰ, ਵਿਰੋਧ ਆਦਿ
ਭਾਵਨਾਵਾਂ ਨੂੰ ਛੱਡ ਕੇ ਸਭ ਵਿੱਚ ਰੱਬੀ ਜੋਤ ਦੇਖਣੀ ਹੀ ਅਸਲੀ ਧਰਮ ਹੈ ਤੇ ਇਨ੍ਹਾਂ ਵਿਕਾਰਾਂ ਤੋਂ
ਰਹਿਤ ਮਨੁੱਖ ਹੀ ਅਸਲੀ ਧਰਮੀ ਹੈ। ਨਕਲੀ ਧਰਮਾਂ ਦੀ ਫਿਰਕੂ ਸੋਚ ਤੋਂ ਉੱਪਰ ਉਠ ਕੇ ਮਨੁੱਖਤਾਵਾਦੀ,
ਸਰਬੱਤ ਦੇ ਭਲੇ, ਸਭ ਨੂੰ ਇੱਕ ਰੱਬ ਦੇ ਬੰਦੇ ਸਮਝ ਕੇ ਪਿਆਰ ਕਰਨਾ ਹੀ ਪੁੰਨ ਹੈ ਤੇ ਇਹ ਹੀ ਅਸਲੀ
ਧਰਮ ਹੈ।