(ਸੰਪਾਦਕੀ ਨੋਟ:- ‘ਸਿੱਖ
ਵਿਰਸਾ’ ਕੈਲਗਰੀ, ਕਨੇਡਾ ਤੋਂ ਲਗਭਗ ਪਿਛਲੇ 17 ਸਾਲਾਂ ਤੋਂ ਛਪਣ ਵਾਲਾ ਮਾਸਕ ਪੱਤਰ ਹੈ। ਇਸ ਦੇ
ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਾਨੂੰ ਆਪਣੇ ਲਿਖੇ ਹੋਏ ਕੁੱਝ ਲੇਖ ਭੇਜੇ ਹਨ ਜਿਹਨਾ ਨੂੰ
ਹਫਤਾਵਾਰੀ ‘ਸਿੱਖ ਮਾਰਗ’ ਤੇ ਪਾਇਆ ਜਾਵੇਗਾ। ਉਂਜ ਤਾਂ ਅਸੀਂ ਪਹਿਲਾਂ ਛਪੇ ਹੋਏ ਲੇਖ ਪਉਣ ਤੋਂ
ਸੰਕੋਚ ਕਰਦੇ ਹਾਂ ਪਰ ਇਹ ਲੇਖ ਕਿਸੇ ਖਾਸ ਨੁਕਤਿਆਂ ਨੂੰ ਲੈ ਕੇ ਲਿਖੇ ਗਏ ਹਨ ਅਤੇ ਉਹ ‘ਸਿੱਖ
ਮਾਰਗ’ ਦੇ ਪਾਠਕਾਂ ਤੋਂ ਇਹਨਾ ਵਾਰੇ ਰਾਇ ਲੈਣੀ ਚਾਹੁੰਦੇ ਹਨ। ਇਸ ਲਈ ਇਹਨਾ ਨੂੰ ‘ਸਿੱਖ ਮਾਰਗ’ ਤੇ
ਪਾਇਆ ਜਾ ਰਿਹਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੁਮਿੰਟਸ/ਰਾਇ ਫੇਸਬੁੱਕ, ਯਾਹੂ,
ਹੌਟਮੇਲ ਤੇ ਲੌਗ ਕਰਕੇ ਇਸ ਲੇਖ ਹੇਠਾਂ ਪਉਣ ਅਤੇ ਜਾਂ ਫਿਰ ਸਾਨੂੰ ਈ-ਮੇਲ ਰਾਹੀਂ ਭੇਜਣ ਦੀ
ਕ੍ਰਿਪਾਲਤਾ ਕਰਨ)
ਧਰਮ ਦੀ
ਸਮੱਸਿਆ-4
ਕਰਾਮਾਤਾਂ ਆਧਾਰਿਤ ਨਕਲੀ ਧਰਮ
ਨਕਲੀ ਧਰਮਾਂ ਦੀ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਅਸੀਂ ‘ਲੋਭ-ਲਾਲਚ ਅਧਾਰਿਤ ਨਕਲੀ ਧਰਮ’ ਦੀ ਚਰਚਾ
ਵਿੱਚ ਜਾਣਿਆ ਸੀ ਕਿ ਮਨੁੱਖ ਦੀ ਲੋਭੀ ਪ੍ਰਵਿਰਤੀ, ਜਿਥੇ ਉਸਨੂੰ ਹੋਰ ਇਕੱਠਾ ਕਰਨ ਤੇ ਦੂਜਿਆਂ ਦਾ
ਹੱਕ ਮਾਰਨ ਦੇ ਕੁਰਾਹੇ ਪਾਉਂਦੀ ਹੈ, ਉਥੇ ਮਨੁੱਖ ਦੀ ਹਮੇਸ਼ਾਂ ਇਹ ਸੋਚ ਹੁੰਦੀ ਹੈ ਕਿ ਕੁੱਝ ਨਾ
ਕੁੱਝ ਅਜਿਹਾ ਵਾਪਰ ਜਾਵੇ ਕਿ ਉਸਨੂੰ ਸਭ ਕੁੱਝ ਬਿਨਾਂ ਕੁੱਝ ਕੀਤਿਆਂ ਮਿਲ ਜਾਵੇ। ਉਹ ਆਸ ਕਰਦਾ ਹੈ
ਕਿ ਉਸਦੀਆਂ ਸਾਰੀਆਂ ਆਸਾਂ ਉਮੰਗਾਂ ਛਿੰਨ ਭਰ ਵਿੱਚ ਪੂਰੀਆਂ ਹੋ ਜਾਣ, ਉਸਦੇ ਸਭ ਦੁੱਖ, ਚਿੰਤਾਵਾਂ
ਚੁਟਕੀ ਮਾਰਨ ਨਾਲ ਛੂ ਮੰਤਰ ਹੋ ਜਾਣ। ਕੁੱਝ ਅਜਿਹਾ ਵਾਪਰ ਜਾਵੇ ਕਿ ਉਸਨੂੰ ਸਾਰੀਆਂ ਦੁਨਿਆਵੀ
ਸਹੂਲਤਾਂ ਤੇ ਪਦਾਰਥਾਂ ਦੇ ਨਾਲ-ਨਾਲ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਬਿਨਾਂ ਕਿਸੇ ਮਿਹਨਤ ਮੁਸ਼ੱਕਤ
ਦੇ ਮਿਲ ਜਾਣ। ਉਸਦੀ ਇਸ ਸੋਚ ਵਿਚੋਂ ਹੀ ਕਰਾਮਾਤ, ਚਮਤਕਾਰ ਆਦਿ ਸ਼ਬਦ ਨਿਕਲੇ ਹਨ। ਕਰਾਮਾਤ ਦਾ
ਅੱਖਰੀ ਅਰਥ ਇਤਨਾ ਕੁ ਹੀ ਹੈ ਕਿ ਕੁੱਝ ਅਜਿਹਾ ਵਾਪਰ ਜਾਣਾ, ਜੋ ਕਿ ਮਨੁੱਖ ਦੀ ਬੁੱਧੀ ਤੋਂ ਪਰ੍ਹੇ
ਦੀ ਗੱਲ ਹੋਵੇ ਜਾਂ ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ ਕੁੱਝ ਅਜਿਹਾ ਵਾਪਰ ਜਾਣਾ ਜਿਸ ਬਾਰੇ ਮਨੁੱਖ
ਕਦੇ ਸੋਚ ਵੀ ਨਾ ਸਕਦਾ ਹੋਵੇ। ਧਰਮ ਪੁਜਾਰੀ ਮਨੁੱਖ ਦੀ ਇਸ ਪ੍ਰਵਿਰਤੀ ਨੂੰ ਭਲੀ ਭਾਂਤ ਜਾਣਦਾ ਹੈ,
ਉਸਨੇ ਆਪਣੇ ਧਰਮ ਗ੍ਰੰਥਾਂ ਵਿੱਚ, ਆਪਣੇ ਧਰਮ ਗੁਰੂਆਂ ਬਾਰੇ ਹਜ਼ਾਰਾਂ ਅਜਿਹੀਆਂ ਕਥਾ ਕਹਾਣੀਆਂ
ਪਾਈਆਂ ਹੋਈਆਂ ਹਨ ਕਿ ਮਨੁੱਖ ਨੂੰ ਇਹ ਵਿਸ਼ਵਾਸ਼ ਹੋ ਜਾਵੇ ਕਿ ਧਰਮ ਗੁਰੂਆਂ ਨੂੰ ਰੱਬ ਵਲੋਂ ਕੁੱਝ
ਅਜਿਹੀਆਂ ਗੈਬੀ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ, ਜਿਸ ਨਾਲ ਉਹ ਕੁਦਰਤ ਦੇ ਅਟੱਲ ਨਿਯਮਾਂ ਦੇ ਉਲਟ
ਕੁੱਝ ਵੀ ਅਣਹੋਣੀ ਵਰਤਾ ਸਕਦੇ ਹਨ। ਜਿਸ ਸ਼ਰਧਾਲੂ ਨੂੰ ਚਾਹੁਣ ਮਨੋ ਮੰਗੀਆਂ ਮੁਰਾਦਾਂ ਦੇ ਕੇ ਮਾਲਾ
ਮਾਲ ਕਰ ਸਕਦੇ ਹਨ ਤੇ ਜਿਸ ਅਸ਼ਰਧਕ ਨੂੰ ਚਾਹੁਣ ਕੰਗਾਲ ਬਣਾ ਸਕਦੇ ਹਨ, ਉਸਦਾ ਅੱਖ ਦੇ ਫੋਰ ਵਿੱਚ
ਨੁਕਸਾਨ ਕਰ ਸਕਦੇ ਹਨ। ਧਰਮ ਪੁਜਾਰੀ ਮਨੁੱਖ ਨੂੰ ਇਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਧਰਮ ਗੁਰੂਆਂ ਦੇ
ਅੱਖਰੀ ਗਿਆਨ ਰੂਪੀ ਮੰਤਰ ਦਾ ਅਗਰ ਸ਼ਰਧਾਲੂ, ਪੁਜਾਰੀ ਦੁਆਰਾ ਦੱਸੀ ਮਰਿਯਾਦਾ ਅਨੁਸਾਰ ਸ਼ਰਧਾ ਨਾਲ
ਜਾਪ ਕਰਨਗੇ, ਵਿਧੀ ਅਨੁਸਾਰ ਪੂਜਾ ਪਾਠ ਕਰਨ ਕਰਨਗੇ ਤਾਂ ਅਜਿਹਾ ਚਮਤਕਾਰ ਵਾਪਰੇਗਾ ਕਿ ਸ਼ਰਧਾਲੂ
ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਮਨੋਕਮਾਨਾਵਾਂ ਪੂਰੀਆਂ ਹੋ ਜਾਣਗੀਆਂ, ਸਭ ਦੁਨਿਆਵੀ
ਸੁੱਖ ਸਹੂਲਤਾਂ ਮਿਲ ਜਾਣਗੀਆਂ, ਇਥੇ ਹੀ ਬੱਸ ਨਹੀਂ, ਇਸ ਜਨਮ ਤੋਂ ਬਾਅਦ ਅਗਲਾ ਜਨਮ ਵੀ ਸੰਵਰ
ਜਾਵੇਗਾ, ਸਵਰਗਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਖਾਸ ਸਥਾਨ ਮਿਲੇਗਾ ਆਦਿ ਆਦਿ।
ਮਨੁੱਖ ਨੇ ਲੱਖਾਂ ਸਾਲਾਂ ਦੇ ਸਹਿਜ ਵਿਕਾਸ ਨਾਲ ਹੌਲੀ-ਹੌਲੀ ਇਹ ਜਾਣਿਆ ਹੈ ਕਿ ਸ੍ਰਿਸ਼ਟੀ ਦੇ ਇਸ
ਦਿਸਦੇ ਪਸਾਰੇ ਵਿੱਚ ਸਭ ਕੁੱਝ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ, ਕੁੱਝ ਵੀ ਇਸ ਨਿਯਮ ਤੋਂ
ਬਾਹਰ ਨਹੀਂ ਹੈ। ਇਨ੍ਹਾਂ ਵੱਖ-ਵੱਖ ਨਿਯਮਾਂ ਦੇ ਸਮੂਹ ਨੂੰ ਹੀ ਕੁਦਰਤ ਦੇ ਨਿਯਮ ਕਿਹਾ ਜਾਂਦਾ ਹੈ।
ਅਸਲ ਵਿੱਚ ਉਹ ਸ਼ਕਤੀ ਜੋ ਇਸ ਸ੍ਰਿਸਟੀ ਨੂੰ ਚਲਦੀ ਰੱਖਣ ਲਈ ਗਤੀ ਪ੍ਰਦਾਨ ਕਰਦੀ ਹੈ, ਉਸਨੂੰ ਕੁੱਝ
ਧਰਮਾਂ ਨੇ ਰੱਬ ਦਾ ਨਾਮ ਦਿੱਤਾ ਹੈ, ਪਰ ਬਹੁਤੇ ਧਰਮਾਂ ਦਾ ਰੱਬ ਇੱਕ ਕਲਪਿਤ ਵਿਅਕਤੀ ਤੋਂ ਵੱਧ
ਕੁੱਝ ਨਹੀਂ, ਜੋ ਕਿ ਕਿਸੇ ਕਲਪਿਤ ਗ੍ਰਹਿ (ਅਸਮਾਨ) ਤੇ ਬੈਠਾ, ਇਸ ਸ੍ਰਿਸਟੀ ਨੂੰ ਚਲਾ ਰਿਹਾ ਹੈ।
ਪਰ ਸਚਾਈ ਇਹੀ ਹੈ ਕਿ ਕੁਦਰਤ ਦੇ ਇਹ ਨਿਯਮ ਲੱਖਾਂ-ਕਰੋੜਾਂ ਸਾਲਾਂ ਤੋਂ ਨਿਰਵਿਘਨ ਚੱਲ ਰਹੇ ਹਨ,
ਇਨ੍ਹਾਂ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਉਂਦੀ। ਕਿਸੇ ਦੇ ਪੂਜਾ-ਪਾਠ, ਮੰਤਰ ਜਾਪ, ਪੁੰਨ-ਪਾਪ ਨਾਲ
ਇਨ੍ਹਾਂ ਨਿਯਮਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੱਖਾਂ ਸਾਲਾਂ ਤੋਂ ਇਸ ਸ੍ਰਿਸਟੀ ਵਿੱਚ ਜਨਮ-ਮਰਨ ਦੀ
ਖੇਡ ਨਿਰਵਿਘਨ ਚੱਲ ਰਹੀ ਹੈ, ਪੁਰਾਣਾ ਖਤਮ ਹੁੰਦਾ ਰਹਿੰਦਾ ਹੈ ਤੇ ਨਵਾਂ ਬਣਦਾ ਰਹਿੰਦਾ ਹੈ। ਇਥੇ
ਕੁੱਝ ਵੀ ਪੈਦਾ ਨਹੀਂ ਹੁੰਦਾ ਤੇ ਕੁੱਝ ਵੀ ਖਤਮ ਨਹੀਂ ਹੁੰਦਾ, ਸਭ ਕੁੱਝ ਰੀਸਾਈਕਲ ਹੀ ਹੋ ਰਿਹਾ
ਹੈ। ਕੁੱਝ ਵੀ ਇਥੇ ਨਾ ਬਾਹਰੋਂ ਆ ਰਿਹਾ ਹੈ ਤੇ ਨਾ ਹੀ ਬਾਹਰ ਕਿਤੇ ਜਾ ਰਿਹਾ ਹੈ। ਸਭ ਕੁੱਝ
ਪਹਿਲਾਂ ਹੀ ਇਥੇ ਮੌਜੂਦ ਹੈ ਤੇ ਇਥੇ ਹੀ ਰਹੇਗਾ। ਸਾਡੇ ਖਾਣ ਜਾਂ ਵਰਤਣ ਨਾਲ ਕੁੱਝ ਵੀ ਨਾ ਘਟਦਾ ਹੈ
ਤੇ ਨਾ ਹੀ ਸਾਡੇ ਕੁੱਝ ਬਣਾਉਣ ਨਾਲ ਵਧਦਾ ਹੈ। ਇਹ ਸਭ ਸਾਡਾ ਭਰਮ ਹੀ ਹੈ। ਇਸੇ ਤਰ੍ਹਾਂ ਇਹ ਵੀ
ਸਾਡੇ ਮਨਾਂ ਵਿੱਚ ਧਰਮ ਪੁਜਾਰੀਆਂ ਵਲੋਂ ਪਾਇਆ ਭਰਮ ਹੀ ਹੈ ਕਿ ਕਿਸੇ ਮੰਤਰ-ਜੰਤਰ, ਟੂਣੇ-ਟਾਮਣੇ,
ਪੂਜਾ-ਪਾਠ ਆਦਿ ਨਾਲ ਕੁੱਝ ਵਾਪਰ ਸਕਦਾ ਹੈ। ਕਿਸੇ ਦੀ ਅਖੌਤੀ ਗੈਬੀ ਸ਼ਕਤੀ ਜਾਂ ਆਤਮਿਕ ਸ਼ਕਤੀ ਨਾਲ
ਕੁੱਝ ਵੀ ਵਾਪਰ ਨਹੀਂ ਸਕਦਾ। ਜੋ ਕੁੱਝ ਵੀ ਵਾਪਰ ਰਿਹਾ ਹੈ, ਉਹ ਸਭ ਨਿਯਮ ਰੂਪੀ ਹੁਕਮ ਵਿੱਚ ਹੀ
ਵਾਪਰ ਰਿਹਾ ਹੈ। ਉਸਨੂੰ ਸਮਝ ਕੇ ਬਹੁਤ ਕੁੱਝ ਬਦਲਿਆ ਜਾ ਸਕਦਾ ਹੈ, ਬਹੁਤ ਕੁੱਝ ਨਵਾਂ ਪੈਦਾ ਕੀਤਾ
ਜਾ ਸਕਦਾ ਹੈ, ਬਹੁਤ ਕੁੱਝ ਖਤਮ ਕੀਤਾ ਜਾ ਸਕਦਾ ਹੈ, ਪਰ ਫਿਰ ਵੀ ਸਭ ਕੁੱਝ ਇਥੋਂ ਹੀ ਪੈਦਾ ਹੋਵੇਗਾ
ਤੇ ਇਥੇ ਹੀ ਰਹੇਗਾ, ਬਸ ਇੱਕ ਦਿਨ ਰੀਸਾਈਕਲ ਹੋ ਜਾਵੇਗਾ। ਇਹ ਬਿਲਕੁਲ ਸੰਭਵ ਹੈ ਕਿ ਸਾਨੂੰ ਕੁਦਰਤ
ਦੇ ਬੇਅੰਤ ਨਿਯਮਾਂ ਵਿਚੋਂ ਬਹੁਤਿਆਂ ਦੀ ਅਜੇ ਸੋਝੀ ਨਾ ਹੋਵੇ, ਤੇ ਜੋ ਅੱਜ ਅਸੀਂ ਕੁੱਝ ਅਜਿਹਾ
ਕਿਸੇ ਕਰਾਮਾਤ ਰਾਹੀਂ ਵਾਪਰਨ ਬਾਰੇ ਸੋਚਦੇ ਹਾਂ, ਕੱਲ੍ਹ ਨੂੰ ਅਸੀਂ ਅਜਿਹਾ ਕੁੱਝ ਕਿਸੇ ਨਿਯਮ ਵਿੱਚ
ਕਰਨ ਦੇ ਸਮਰੱਥ ਹੋ ਸਕੀਏ। ਇਹ ਸੰਭਵ ਹੈ ਕਿ ਕੁੱਝ ਸਦੀਆਂ ਪਹਿਲਾਂ ਧਰਤੀ ਤੇ ਵਿਚਰਦਾ ਪ੍ਰਾਣੀ ਹਵਾ
ਵਿੱਚ ਉੜਨ ਬਾਰੇ ਸੋਚਦਾ ਹੋਵੇ, ਆਪਣੀ ਆਵਾਜ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਣ ਬਾਰੇ ਸੋਚਦਾ
ਹੋਵੇ, ਇੱਕ ਥਾਂ ਤੇ ਬੈਠਾ ਹੀ ਆਪਣੀ ਗੱਲ ਦੂਜੀ ਜਗ੍ਹਾ ਪਹੁੰਚਾਣ ਬਾਰੇ ਸੋਚਦਾ ਹੋਵੇ, ਅਗਰ ਕੋਈ
ਵਿਅਕਤੀ ਅਜਿਹਾ ਹੋ ਸਕਣ ਬਾਰੇ ਕਹਿੰਦਾ ਹੋਵੇ ਤਾਂ ਇਹ ਗੱਲ ਕਰਾਮਾਤ ਤੋਂ ਘੱਟ ਨਹੀਂ ਸੀ, ਪਰ ਅੱਜ
ਦੇ ਮਨੁੱਖ ਕੋਲ ਹਵਾਈ ਜਹਾਜ, ਰੇਡੀਉ, ਟੀ. ਵੀ. , ਟੈਲੀਫੋਨ, ਸੈੱਲ ਫੋਨ, ਸੈਟੇਲਾਈਟ, ਈਮੇਲ,
ਫੈਕਸ, ਕੰਪਿਊਟਰ, ਇੰਟਰਨੈਟ ਆਦਿ ਅਨੇਕਾਂ ਯੰਤਰ ਹਨ, ਜੋ ਅਜਿਹਾ ਸਭ ਕੁੱਝ ਕਰਨ ਦੇ ਸਮਰਥ ਹਨ, ਜੋ
ਅੱਜ ਤੋਂ 100 ਸਾਲ ਪਹਿਲਾਂ ਸ਼ਾਇਦ ਸੰਭਵ ਹੀ ਨਹੀਂ ਸੀ, ਉਸ ਸਮੇਂ ਦੇ ਮਨੁੱਖ ਲਈ ਇਹ ਸਭ ਸੋਚਣਾ
ਚਮਤਕਾਰ ਤੋਂ ਘੱਟ ਨਹੀਂ ਸੀ। ਖੋਜੀ ਮਨੁੱਖ ਨੇ ਆਪਣੀ ਅਕਲ ਤੇ ਸੂਝ-ਬੂਝ ਨਾਲ ਕੁਦਰਤ ਦੇ ਬੇਅੰਤ
ਨਿਯਮਾਂ ਨੂੰ ਸਮਝ ਕੇ ਅਨੇਕਾਂ ਕਾਢਾਂ ਕੱਢੀਆਂ ਹਨ ਤੇ ਮਨੁੱਖ ਲਈ ਹਜਾਰਾਂ ਸਹੂਲਤਾਂ ਪੈਦਾ ਕੀਤੀਆਂ
ਹਨ। ਜਿਨ੍ਹਾਂ ਸਹੂਲਤਾਂ ਤੇ ਵਸਤਾਂ ਦੀ ਪ੍ਰਾਪਤੀ ਲਈ ਮਨੁੱਖ ਲੱਖਾਂ ਸਾਲ ਤਾਂਘਦਾ ਰਿਹਾ, ਧਰਮ
ਪੁਜਾਰੀਆਂ ਮਗਰ ਲੱਗ ਕੇ ਜੰਗਲਾਂ ਪਹਾੜਾਂ ਵਿੱਚ ਭਟਕਦਾ ਰਿਹਾ, ਕਠਿਨ ਜਪ-ਤਪ ਕਰਦਾ ਰਿਹਾ, ਵਿਧੀ
ਨਾਲ ਪੂਜਾ ਪਾਠ ਕਰਦਾ ਰਿਹਾ, ਅਗਰ ਇਹ ਸੁੱਖ ਸਹੂਲਤਾਂ ਇਸ ਜਨਮ ਵਿੱਚ ਨਹੀਂ ਮਿਲੀਆਂ ਤਾਂ ਪੁਜਾਰੀ
ਦੇ ਕਲਪਿਤ ਸਵਰਗਾਂ, ਜੰਨਤਾਂ, ਸਚਖੰਡਾਂ ਵਿੱਚ ਮਿਲਣ ਦੇ ਸੁਪਨੇ ਦੇਖਦਾ ਰਿਹਾ, ਉਹ ਸਭ ਕੁੱਝ
ਸਾਇੰਸਦਾਨਾਂ ਨੇ ਆਪਣੀ ਮਿਹਨਤ ਤੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਮੁਹਈਆ ਕਰਾ ਦਿੱਤਾ ਤੇ ਲਗਾਤਾਰ
ਕਰਾਉਂਦਾ ਜਾ ਰਿਹਾ ਹੈ। ਪਰ ਬਦਕਿਸਮਤੀ ਦਾ ਆਲਮ ਇਹ ਹੈ ਕਿ ਧਰਮ ਪੁਜਾਰੀਆਂ ਨੇ ਹਜਾਰਾਂ ਸਾਲਾਂ ਦੇ
ਪ੍ਰਚਾਰ ਨਾਲ ਮਨੁੱਖ ਨੂੰ ਮਾਨਸਿਕ ਤੌਰ ਤੇ ਇਤਨਾ ਗੁਲਾਮ ਬਣਾ ਲਿਆ ਹੈ ਕਿ ਸਾਇੰਸਦਾਨਾਂ ਵਲੋਂ
ਮੁਹੱਈਆ ਕਰਾਈਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਮਾਣਦੇ ਨਾਸ਼ੁਕਰੇ ਮਨੁੱਖ ਨੇ ਉਨ੍ਹਾਂ ਸਾਇੰਸਦਾਨਾਂ
ਦੀ ਘਾਲ ਕਮਾਈ ਲਈ ਕਦੇ ਸ਼ੁਕਰਾਨੇ ਦੇ ਦੋ ਸ਼ਬਦ ਨਹੀਂ ਕਹੇ, ਉਸਦੀ ਸ਼ੁਭਕਾਮਨਾ ਲਈ ਕਦੇ ਅਰਦਾਸ ਨਹੀਂ
ਕੀਤੀ। ਪਰ ਕਿਸੇ ਵੀ ਚਲਾਕ, ਮੱਕਾਰ, ਪਾਖੰਡੀ ਸਾਧ, ਪੁਜਾਰੀ ਆਦਿ ਦੇ ਕਿਸੇ ਵੀ ਕਲਪਿਤ ਲੁਭਾਵਣੇ
ਸਬਜ਼ਬਾਗ ਤੇ ਫੋਕੀਆਂ ਮਨਘੜਤ ਕਥਾ ਕਹਾਣੀਆਂ ਸੁਣ ਕੇ ਉਸਦੇ ਚਰਨੀਂ ਪੈ ਜਾਂਦਾ ਹੈ। ਕਿਸੇ ਐਕਸੀਡੈਂਟ
ਜਾਂ ਜਾਨ ਲੇਵਾ ਬੀਮਾਰੀ ਤੋਂ ਬਚਾ ਲਿਆਉਂਦੇ ਡਾਕਟਰ ਦਾ ਸ਼ੁਕਰਾਨਾ ਕਰਨ ਜਾਂ ਗੁਣ ਗਾਉਣ ਦੀ ਥਾਂ ਧਰਮ
ਮੰਦਰਾਂ ਵਿੱਚ ਕਿਸੇ ਕਲਪਿਤ ਰੱਬ ਦੇ ਸ਼ੁਕਰਾਨੇ ਕਰਦਾ, ਯੱਗ ਕਰਾਉਂਦਾ, ਲੰਗਰ ਲਗਾਉਂਦਾ, ਪੂਜਾ ਪਾਠ
ਕਰਦਾ, ਮੂਰਤੀਆਂ ਅੱਗੇ ਨੱਕ ਰਗੜਦਾ ਫਿਰਦਾ ਹੈ। ਜਦੋਂ ਕੋਈ ਬਿਪਤਾ ਪੈਂਦੀ ਹੈ ਤਾਂ ਨੰਬਰ ਤੇ 911
ਡਾਇਲ ਕਰਦਾ ਹੈ ਤੇ ਸਹਾਇਤਾ ਵੀ ਉਥੋਂ ਹੀ ਲੈਂਦਾ ਹੈ, ਪਰ ਸ਼ੁਕਰਾਨੇ ਲਈ ਅਖੰਡ ਪਾਠ ਗੁਰਦੁਆਰੇ
ਕਰਾਉਂਦਾ ਹੈ। ਕਿਤਨੀ ਬਚਿੱਤਰ ਬਾਤ ਹੈ ਕਿ ਬਿਪਤਾ ਵੇਲੇ ਕਦੇ ਕੋਈ ਸ਼ਰਧਾਲੂ ਕਿਸੇ ਧਰਮ ਮੰਦਰ ਵਿੱਚ
ਕਿਸੇ ਪੁਜਾਰੀ ਤੋਂ ਮੱਦਦ ਲਈ ਫੋਨ ਨਹੀਂ ਕਰਦਾ, ਪਰ ਜਦੋਂ ਸਾਰਾ ਕੁੱਝ ਸਹੀ ਸਲਾਮਤ ਹੋ ਜਾਂਦਾ ਹੈ
ਤਾਂ ਸ਼ੁਕਰਾਨਾ ਧਰਮ ਮੰਦਰ ਵਿੱਚ ਕਰਨ ਜਾਂਦਾ ਹੈ, ਚੜ੍ਹਾਵੇ ਧਰਮ ਮੰਦਰਾਂ ਵਿੱਚ ਪੁਜਾਰੀਆਂ ਨੂੰ
ਚੜ੍ਹਾਉਂਦਾ ਹੈ। ਕਦੇ ਉਨ੍ਹਾਂ ਏਜੰਸੀਆਂ ਨੂੰ ਡੋਨੇਸ਼ਨ ਦੇਣ ਨਹੀਂ ਜਾਂਦਾ, ਜੋ ਦਿਨ ਰਾਤ ਇੱਕ ਕਰਕੇ
ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਮੌਤ ਦੇ ਮੂਹੋਂ ਬਚਾ ਕੇ ਸਹੀ ਸਲਾਮਤ ਘਰ ਪਹੁੰਚਾਣ ਵਾਲੇ ਡਾਕਟਰ
ਜਾਂ ਨਰਸਾਂ ਦਾ ਧੰਨਵਾਦ ਕਰਨਾ ਤਾਂ ਮਨੁੱਖ ਬੇਸ਼ਕ ਭੁੱਲ ਜਾਵੇ, ਪਰ ਹਸਪਤਾਲੋਂ ਘਰ ਦੇ ਰਸਤੇ ਵਿੱਚ
ਪੈਂਦੇ ਧਰਮ ਅਸਥਾਨ ਤੇ ਕਲਪਿਤ ਰੱਬ ਦਾ ਸ਼ੁਕਰਾਨਾ ਕਰਨਾ ਜਾਂ ਪੁਜਾਰੀ ਨੂੰ ਚੜ੍ਹਾਵਾ ਚੜ੍ਹਾਉਣਾ,
ਸ਼ੁਕਰਾਨੇ ਦੇ ਅਰਦਾਸ ਕਰਾਉਣਾ ਕਦੇ ਨਹੀਂ ਭੁੱਲਦਾ।
ਨਕਲੀ ਧਰਮਾਂ ਦੀ ਚਰਚਾ ਦੇ ਪਿਛਲੇ ਭਾਗਾਂ ਵਿੱਚ ਅਸੀਂ ਇਹ ਵੀ ਵਿਚਾਰਿਆ ਸੀ ਕਿ ਮਨੁੱਖ ਆਮ ਤੌਰ ਤੇ
ਸੁਭਾੳ ਪੱਖੋਂ ਆਲਸੀ ਹੈ, ਉਹ ਪ੍ਰਾਪਤ ਤਾਂ ਅਕਸਰ ਬਹੁਤ ਕੁੱਝ ਕਰਨਾ ਚਾਹੁੰਦਾ ਹੈ, ਪਰ ਉਸਨੂੰ
ਪ੍ਰਾਪਤ ਕਰਨ ਲਈ ਉਤਨੀ ਮਿਹਨਤ ਜਾਂ ਜੱਦੋ-ਜਹਿਦ ਨਹੀਂ ਕਰਨਾ ਚਾਹੁੰਦਾ। ਉਹ ਚਾਹੁੰਦਾ ਹੈ ਕਿ ਕੁੱਝ
ਨਾ ਕੁੱਝ ਅਜਿਹਾ ਵਾਪਰਦਾ ਰਹੇ ਕਿ ਬਿਨਾਂ ਕੁੱਝ ਕੀਤਿਆਂ ਸਭ ਕੁੱਝ ਮਿਲਦਾ ਰਹੇ। ਇਸ ਲਈ ਉਹ ਅਕਸਰ
ਅਜਿਹੇ ਸਹਾਰੇ ਦੀ ਭਾਲ ਵਿੱਚ ਰਹਿੰਦਾ ਹੈ ਕਿ ਕੋਈ ਉਸਦੇ ਸਿਰ ਤੇ ਗੈਬੀ ਸ਼ਕਤੀਆਂ ਵਾਲਾ ਬਖਸ਼ਿਸ਼ ਭਰਿਆ
ਹੱਥ ਰੱਖ ਦੇਵੇ, ਜਿਸ ਨਾਲ ਉਸਦੇ ਸਭ ਦੁੱਖ ਦਲਿਦਰ ਦੂਰ ਹੋ ਜਾਣ, ਸਭ ਮਨੋ-ਕਾਮਨਾਵਾਂ ਪੂਰੀਆਂ ਹੋ
ਜਾਣ। ਧਰਮ ਪੁਜਾਰੀ ਮਨੁੱਖ ਦੀ ਇਸ ਪ੍ਰਵਿਰਤੀ ਨੂੰ ਖੂਬ ਜਾਣਦੇ ਹਨ। ਇਸ ਲਈ ਉਨ੍ਹਾਂ ਨੇ ਆਪਣੀ ਮਰਜੀ
ਦੇ ਰੱਬ ਘੜੇ ਹੋਏ ਹਨ, ਵੱਖ-ਵੱਖ ਮੰਗਾਂ ਦੀ ਪੂਰਤੀ ਲਈ ਵੱਖ-ਵੱਖ ਤਰ੍ਹਾਂ ਦੇ ਦੇਵੀ-ਦੇਵਤੇ ਬਣਾਏ
ਹੋਏ ਹਨ। ਫਿਰ ਉਨ੍ਹਾਂ ਦੇਵੀ-ਦੇਵਤਿਆਂ, ਗੁਰੂਆਂ, ਪੀਰਾਂ, ਪੈਗੰਬਰਾਂ ਦੇ ਨਾਮ ਨਾਲ ਅਜਿਹੀਆਂ
ਕਹਾਣੀਆਂ ਘੜੀਆਂ ਹੋਈਆਂ ਹਨ ਕਿ ਇਹ ਸਾਰੇ ਗੁਰੂ ਪੀਰ ਪੈਗੰਬਰ ਇਸ ਧਰਤੀ ਤੇ ਰੱਬ ਵਲੋਂ ਖਾਸ
ਕਰਾਮਾਤੀ ਸ਼ਕਤੀਆਂ ਲੈ ਕੇ ਭੇਜੇ ਹੁੰਦੇ ਹਨ। ਜਿਹੜਾ ਸ਼ਰਧਾਲੂ ਨਿਸ਼ਚਾ ਰੱਖ ਕੇ, ਪੁਜਾਰੀ ਦੁਆਰਾ ਦੱਸੀ
ਵਿਧੀ ਅਨੁਸਾਰ ਪੂਜਾ ਪਾਠ ਕਰਦਾ ਹੈ, ਉਹ ਫਿਰ ਪੀਰ ਤੋਂ ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦਾ ਹੈ ਤੇ
ਜਿਹੜਾ ਅਜਿਹਾ ਨਹੀਂ ਕਰਦਾ ਉਸ ਤੇ ਰੱਬ ਕ੍ਰੋਪੀ ਕਰ ਸਕਦਾ ਹੈ। ਧਰਮ ਗ੍ਰੰਥਾਂ ਵਿੱਚ ਕੁਦਰਤ ਦੇ
ਅਟੱਲ ਨਿਯਮਾਂ ਦੇ ਉਲਟ ਅਜਿਹੀਆਂ ਕਥਾ ਕਹਾਣੀਆਂ ਵੀ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ਕਿ ਧਰਮ ਗੁਰੂ
ਮਦਾਰੀਆਂ ਵਾਂਗ ਅੱਖ ਦੇ ਫੋਰ ਵਿੱਚ ਜੋ ਚਾਹੁਣ ਕਰਕੇ ਦਿਖਾ ਦੇਣ। ਇਥੋਂ ਤੱਕ ਕਿ ਬਹੁਤ ਸਾਰੇ ਧਰਮਾਂ
ਵਿੱਚ ਕਿਸੇ ਵਿਅਕਤੀ ਦੇ ਪੀਰ, ਪੈਗੰਬਰ, ਗੁਰੂ ਹੋਣ ਦੀ ਨਿਸ਼ਾਨੀ ਹੀ ਇਹ ਮੰਨੀ ਜਾਂਦੀ ਹੈ ਕਿ ਉਸ
ਕੋਲ ਅਜਿਹੀਆਂ ਅਸੀਮ ਗੈਬੀ ਸ਼ਕਤੀਆਂ ਹੋਣ, ਜਿਹੜੀਆਂ ਉਹ ਸਮਾਂ ਆਉਣ ਤੇ ਆਪਣੇ ਸਰਧਾਲੂਆਂ ਦੀਆਂ
ਮਨੋਕਾਮਨਾਵਾਂ ਪੂਰੀਆਂ ਕਰਨ, ਉਨ੍ਹਾਂ ਦੇ ਦੁੱਖ ਸੰਤਾਪ ਦੂਰ ਕਰਨ, ਉਨ੍ਹਾਂ ਨੂੰ ਖੁਸ਼ੀਆਂ ਬਖਸ਼ਣ ਜਾਂ
ਉਨ੍ਹਾਂ ਦੇ ਵਿਰੋਧੀਆਂ ਦਾ ਨੁਕਸਾਨ ਕਰਨ ਲਈ ਵਰਤ ਸਕੇ। ਪੁਜਾਰੀ ਜਿਤਨਾ ਕਰਾਮਾਤੀ ਸ਼ਕਤੀਆਂ ਦਾ ਕੂੜ
ਕੁਬਾੜ ਧਰਮ ਗੁਰੂ ਨਾਲ ਜੋੜ ਦੇਵੇ, ਉਤਨੀ ਉਸਦੀ ਦੁਕਾਨਦਾਰੀ ਵੱਧ ਚਲਦੀ ਹੈ। ਪੁਜਾਰੀ ਹੌਲੀ-ਹੌਲੀ
ਅਜਿਹੀਆਂ ਕਥਾ ਕਹਾਣੀਆਂ ਰਾਹੀਂ ਆਪਣੇ ਰਹਿਬਰਾਂ ਦੀ ਸ਼ਰਧਾਲੂਆਂ ਵਿੱਚ ਅਜਿਹੀ ਸਾਖ ਬਣਾਉਂਦੇ ਹਨ ਕਿ
ਆਮ ਸ਼ਰਧਾਲੂ ਇਹ ਮੰਨਣ ਲਈ ਮਜਬੂਰ ਹੋ ਜਾਵੇ ਕਿ ਉਸਨੂੰ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਦੁੱਖ ਤਕਲੀਫ
ਆਵੇ ਤਾਂ ਉਹ ਡਾਵਾਂਡੋਲ ਹੋ ਕੇ ਪੁਜਾਰੀ ਕੋਲ ਅਰਦਾਸ ਬੇਨਤੀ ਲਈ ਆਵੇ। ਪੁਜਾਰੀ ਸ਼ਰਧਾਲੂਆਂ ਦੇ ਮਨਾਂ
ਵਿੱਚ ਸ਼ਰਧਾ ਦੇ ਅਜਿਹੇ ਬੀਜ ਬੀਜਦਾ ਹੈ ਕਿ ਸ਼ਰਧਾਲੂ ਸਾਰੀ ਉਮਰ ਇਹੀ ਸਮਝਦਾ ਹੈ ਕਿ ਪੁਜਾਰੀ, ਰੱਬ
ਤੇ ਗੁਰੂ ਵਿੱਚ ਵਿਚੋਲੇ ਦਾ ਕੰਮ ਕਰਦਾ ਹੈ। ਇਸ ਲਈ ਪੁਜਾਰੀ ਜੋ ਪੂਜਾ ਪਾਠ ਦੀ ਵਿਧੀ ਦੱਸਦਾ ਹੈ,
ਉਸਨੂੰ ਸ਼ਰਧਾ ਨਾਲ ਕਰਨ ਤੇ ਮਨੁੱਖ ਦਾ ਕਲਿਆਣ ਹੋ ਸਕਦਾ ਹੈ, ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ
ਹੋ ਸਕਦਾ ਹੈ। ਹਜਾਰਾਂ ਸਾਲਾਂ ਤੋਂ ਪੁਜਾਰੀਆਂ ਨੇ ਧਰਮ ਗੁਰੂਆਂ ਦੇ ਨਾਮ ਤੇ ਅਜਿਹੀਆਂ ਮਨਘੜਤ
ਕਰਾਮਾਤੀ ਕਹਾਣੀਆਂ ਧਰਮ ਗ੍ਰੰਥਾਂ ਵਿੱਚ ਪਾਈਆਂ ਹੋਈਆਂ ਹਨ। ਜਿਸ ਧਰਮ ਵਿੱਚ ਧਰਮ ਗੁਰੂ ਦੀ
ਫਿਲਾਸਫੀ ਵਿੱਚ ਮਿਲਾਵਟ ਸੰਭਵ ਨਾ ਹੋਵੇ, ਉਥੇ ਪੁਜਾਰੀ ਉਨ੍ਹਾਂ ਦੇ ਨਾਮ ਤੇ ਅਨੇਕਾਂ ਹੋਰ ਕਰਾਮਾਤੀ
ਕਹਾਣੀਆਂ ਨਾਲ ਭਰਪੂਰ ਨਕਲੀ ਗ੍ਰੰਥ ਤਿਆਰ ਕਰ ਲੈਂਦੇ ਹਨ।
ਅਸਲ ਵਿੱਚ ਅੱਜ ਦੇ ਬਹੁਤੇ ਧਰਮਾਂ ਤੇ ਧਰਮ ਗ੍ਰੰਥਾਂ ਵਿਚੋਂ ਜੇ ਅਖੌਤੀ ਕਰਾਮਾਤੀ ਕਥਾ ਕਹਾਣੀਆਂ
ਕੱਢ ਦਿੱਤੀਆਂ ਜਾਣ ਜਾਂ ਉਨ੍ਹਾਂ ਸਾਰੀਆਂ ਕਹਾਣੀਆਂ ਨੂੰ ਤਰਕ, ਦਲੀਲ ਤੇ ਵਿਗਿਆਨ ਦੀ ਕਸਵੱਟੀ ਤੇ
ਪਰਖਣ ਦੀ ਇਜ਼ਾਜਤ ਦੇ ਦਿੱਤੀ ਜਾਵੇ ਤਾਂ ਬਹੁਤੇ ਧਰਮਾਂ ਪੱਲੇ ਕੁੱਝ ਨਹੀਂ ਰਹੇਗਾ। ਇਸੇ ਲਈ ਹਰ ਧਰਮ
ਪੁਜਾਰੀ ਅਕਸਰ ਇਹ ਪ੍ਰਚਾਰ ਕਰਦਾ ਹੈ ਕਿ ਸਾਡੇ ਧਰਮ ਗ੍ਰੰਥ ਵਿੱਚ ਜੋ ਕੁੱਝ ਲਿਖਿਆ ਹੈ, ਉਹ ਸਭ
ਸੱਚੋ-ਸੱਚ ਹੈ, ਇਸ ਵਿਚਲਾ ਸਾਰਾ ਗਿਆਨ ਰੱਬ ਵਲੋਂ ਸਾਡੇ ਤੱਕ ਸਿੱਧਾ ਪਹੁੰਚਾ ਦਿੱਤਾ ਗਿਆ ਹੈ। ਇਸ
ਲਈ ਕਿਸੇ ਨੂੰ ਇਸ ਤੇ ਕਿਸੇ ਤਰ੍ਹਾਂ ਦਾ ਸ਼ੰਕਾ ਕਰਨ, ਕਿੰਤੂ-ਪ੍ਰੰਤੂ ਕਰਨ, ਕੋਈ ਸਵਾਲ ਕਰਨ, ਕੋਈ
ਤਰਕ ਦਲੀਲ ਦੇਣ ਦਾ ਹੱਕ ਨਹੀਂ। ਸ਼ਰਧਾ ਨਾਲ ਸਿਰ ਝੁਕਾ ਦੇਣਾ ਹੀ ਧਰਮ ਹੈ। ਧਰਮ ਪੁਜਾਰੀਆਂ ਨੂੰ ਪਤਾ
ਹੁੰਦਾ ਹੈ ਕਿ ਅਗਰ ਧਰਮ ਗ੍ਰੰਥਾਂ ਤੇ ਤਰਕ ਦਲੀਲ ਨਾਲ ਵਿਚਾਰ ਕਰਨ ਦੀ ਇਜ਼ਾਜਤ ਦੇ ਦਿੱਤੀ ਜਾਵੇ ਤਾਂ
ਧਰਮ ਦੇ ਨਾਮ ਤੇ ਖੜਾ ਕੀਤਾ ਸਾਰਾ ਅਡੰਬਰ ਨੰਗਾ ਹੋ ਜਾਵੇਗਾ, ਕੋਈ ਫਿਰ ਪੁਜਾਰੀਆਂ ਦੇ ਨਕਲੀ ਧਰਮ
ਤੇ ਯਕੀਨ ਨਹੀਂ ਕਰੇਗਾ। ਪੁਜਾਰੀਆਂ ਨੂੰ ਪਤਾ ਹੈ ਕਿ ਜੇ ਸ਼ਰਧਾਲੂਆਂ ਨੂੰ ਇਹ ਗੱਲ ਸਮਝ ਪੈ ਜਾਵੇ ਕਿ
ਕਿਸੇ ਵਿਅਕਤੀ ਵਿਸ਼ੇਸ਼ ਕੋਲ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ, ਕੁਦਰਤ ਦੇ ਨਿਯਮਾਂ ਤੋਂ ਉਲਟ ਕੋਈ
ਕਰਾਮਾਤ ਕਰਨ ਦੀ ਸਮਰੱਥਾ ਨਹੀਂ ਹੁੰਦੀ, ਸਾਰੇ ਵਿਅਕਤੀ ਇਸ ਸੰਸਾਰ ਵਿੱਚ ਇਕੋ ਢੰਗ ਨਾਲ ਪੈਦਾ
ਹੁੰਦੇ ਹਨ, ਕੋਈ ਕਿਤਿਉਂ ਡਾਊਨਲੋਡ ਨਹੀਂ ਹੁੰਦਾ ਤੇ ਸਭ ਨੂੰ ਬੋਲਣ ਸਮੇਤ ਸਭ ਕੁੱਝ ਇਥੇ ਹੀ
ਸਿੱਖਣਾ ਪੈਂਦਾ ਹੈ। ਕਿਸੇ ਵਿਅਕਤੀ ਨੂੰ ਕਿਸੇ ਰੱਬ ਨੇ ਕਦੇ ਕੋਈ ਵਿਸ਼ੇਸ਼ ਸ਼ਕਤੀਆਂ ਦੇ ਕੇ ਨਹੀਂ
ਭੇਜਿਆ ਹੁੰਦਾ। ਜਿਹੜੇ ਵੀ ਲੋਕ ਇਸ ਧਰਤੀ ਤੇ ਧਰਮ, ਸਿਆਸਤ ਜਾਂ ਕਿਸੇ ਹੋਰ ਖੇਤਰ ਵਿੱਚ ਰਾਜ ਕਰਦੇ
ਹਨ, ਉਹ ਆਪਣੀ ਦਿਮਾਗੀ ਸਿਆਣਪ ਜਾਂ ਸਰੀਰਕ ਬੱਲ ਨਾਲ ਹੀ ਕਰਦੇ ਰਹੇ ਹਨ ਤੇ ਕਰ ਰਹੇ ਹਨ। ਪਰ
ਪੁਜਾਰੀ ਮਨੁੱਖ ਨੂੰ ਬਚਪਨ ਤੋਂ ਹੀ ਅਜਿਹੀ ਗੁੜ੍ਹਤੀ ਦਿੰਦਾ ਹੈ ਕਿ ਧਰਮ ਗੁਰੂਆਂ ਵਿੱਚ ਹੀ
ਕਰਾਮਾਤੀ ਸ਼ਕਤੀਆਂ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਦੇ ਬੋਲਾਂ ਰੂਪੀ ਗ੍ਰੰਥਾਂ ਵਿੱਚ ਵੀ ਅਜਿਹੀਆਂ
ਸ਼ਕਤੀਆਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਮੰਤਰ ਜਾਪ ਨਾਲ ਨਾ ਸਿਰਫ ਸ਼ਰਧਾਲੂ ਆਪਣੀਆ ਮਨੋ ਕਾਮਨਾਵਾਂ
ਪੂਰੀਆਂ ਕਰ ਸਕਦੇ ਹਨ, ਸਗੋਂ ਉਨ੍ਹਾਂ ਵਿੱਚ ਵੀ ਅਨੇਕਾਂ ਰਿਧੀਆਂ ਸਿਧੀਆਂ ਆ ਜਾਂਦੀਆਂ ਹਨ। ਇਥੋਂ
ਤੱਕ ਕੇ ਧਰਮ ਗੁਰੂਆਂ ਦੀਆਂ ਚਰਨ ਛੋਹ ਪ੍ਰਾਪਤ ਥਾਵਾਂ ਤੇ ਵਸਤੂਆਂ ਵੀ ਕਰਾਮਾਤੀ ਬਣ ਜਾਂਦੀਆਂ ਹਨ।
ਜਿਨ੍ਹਾਂ ਦੇ ਦਰਸ਼ਨ ਕਰਨ, ਸ਼ਰਧਾ ਨਾਲ ਯਾਤਰਾ ਕਰਨ ਨਾਲ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ
ਹਨ, ਸਰੀਰਕ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ। ਧਰਮਾਂ ਵਿੱਚ ਬਹੁਤ ਸਾਰੇ ਅਸਥਾਨਾਂ ਬਾਰੇ ਅਜਿਹਾ
ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਇਹ ਬੜੀ ਕਰਨੀ ਵਾਲੀ, ਸ਼ਕਤੀ ਵਾਲੀ, ਸਖਤ ਜਗ੍ਹਾ ਹੈ, ਇਸ ਬਾਰੇ
ਗਲਤ ਪ੍ਰਚਾਰ ਕਰਨ ਵਾਲੇ, ਅਸਥਾਨ ਦੀ ਬੇਅਦਬੀ ਕਰਨ ਵਾਲੇ, ਅਸਥਾਨ ਦੀ ਸ਼ਕਤੀ ਨੂੰ ਚੈਲਿੰਜ ਕਰਨ ਵਾਲੇ
ਦਾ ਸਰੀਰਕ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਧਰਮ ਅਸਥਾਨ ਨਾਲ ਬਣੇ ਸਰੋਵਰਾਂ ਬਾਰੇ
ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਥੇ ਸ਼ਰਧਾ ਨਾਲ ਮੱਸਿਆ, ਸੰਗਰਾਂਦ ਜਾਂ ਖਾਸ ਮੌਕਿਆਂ ਤੇ ਇਸ਼ਨਾਨ
ਕਰਨ ਨਾਲ ਸਰੀਰਕ ਬੀਮਾਰੀਆਂ ਦੂਰ ਹੁੰਦੀਆਂ ਹਨ, ਸੁੱਖਣਾ ਪੂਰੀਆਂ ਹੁੰਦੀਆਂ ਹਨ। ਕਦੇ ਕਿਸੇ ਧਰਮ
ਪੁਜਾਰੀ ਨੇ ਇਨ੍ਹਾਂ ਕਰਾਮਾਤੀ ਸਰੋਵਰਾਂ, ਕਰਾਮਾਤੀ ਅਸਥਾਨਾਂ, ਕਰਾਮਾਤੀ ਮੰਤਰਾਂ ਦੇ ਜਾਪ ਆਦਿ ਨਾਲ
ਸੁੱਖੀਆਂ ਜਾਂਦੀਆਂ ਸੁੱਖਣਾ ਬਾਰੇ ਕਿਸੇ ਨੂੰ ਸਰਵੇ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਕਿ ਕਿਤਨੇ
ਸ਼ਰਧਾਲੂਆਂ ਨੇ ਸੁੱਖਣਾ ਸੁੱਖੀ ਸੀ ਤੇ ਕਿਤਨਿਆਂ ਦੀ ਪੂਰੀ ਹੋਈ। ਮੇਰਾ ਪੂਰਾ ਯਕੀਨ ਹੈ ਕਿ ਜੇ ਕਦੇ
ਪੁਜਾਰੀ ਇਮਾਨਦਾਰੀ ਨਾਲ ਅਜਿਹੇ ਸਰਵੇ ਕਰਾਉਣ ਦੀ ਇਜ਼ਾਜਤ ਦੇਣ ਤਾਂ ਬਹੁਤੇ ਸਰਧਾਲੂਆਂ ਦਾ ਇਨ੍ਹਾਂ
ਕਰਾਮਤੀ ਸਥਾਨਾਂ ਬਾਰੇ ਬਣਿਆ ਵਿਸ਼ਵਾਸ਼ ਖਤਮ ਹੋਣ ਵਿੱਚ ਪਲ ਨਹੀਂ ਲੱਗੇਗਾ। ਪਰ ਪੁਜਾਰੀ ਆਪਣੀ
ਦੁਕਾਨਦਾਰੀ ਚਲਦੀ ਰੱਖਣ ਲਈ ਇਸਦੀ ਕਦੇ ਇਜ਼ਾਜਤ ਨਹੀਂ ਦੇਣਗੇ।
ਧਰਮ ਪੁਜਾਰੀ ਮਨੁੱਖ ਨੂੰ ਸ਼ਰਧਾ ਦੇ ਨਾਮ ਤੇ ਇਸ ਤਰ੍ਹਾਂ ਉਲਝਾਉਂਦੇ ਹਨ ਕਿ ਮਨੁੱਖ ਦਾ ਮਾਨਸਿਕ
ਵਿਕਾਸ ਨਾ ਹੋਵੇ। ਉਹ ਧਰਮ ਦੇ ਇਨ੍ਹਾਂ ਅਖੌਤੀ ਕ੍ਰਿਸ਼ਮਿਆਂ ਤੇ ਵਿਸ਼ਵਾਸ਼ ਕਰਦਾ ਰਹੇ। ਉਨ੍ਹਾਂ ਨੂੰ
ਪੂਰੀ ਸਮਝ ਹੈ ਕਿ ਜੇ ਸ਼ਰਧਾਲੂ ਅਜ਼ਾਦੀ ਨਾਲ ਸੋਚਣ ਦੇ ਸਮਰੱਥ ਹੋ ਗਏ ਤਾਂ ਕਰਾਮਾਤਾਂ ਅਧਾਰਿਤ ਨਕਲੀ
ਧਰਮ ਬਹੁਤਾ ਚਿਰ ਟਿਕ ਨਹੀਂ ਸਕੇਗਾ। ਪੁਜਾਰੀਆਂ ਦੇ ਇਸ ਨਕਲੀ ਧਰਮ ਵਿਚੋਂ ਸ਼ਰਧਾਲੂਆਂ ਨੂੰ ਕੱਢਣ ਦਾ
ਆਸਾਨ ਤਰੀਕਾ ਇਹੀ ਹੈ ਕਿ ਜੇ ਉਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ
ਇਥੇ ਕੁੱਝ ਨਹੀਂ ਵਾਪਰਦਾ, ਉਨ੍ਹਾਂ ਨੂੰ ਸਮਝ ਕੇ ਆਪਾਂ ਅਨੇਕਾਂ ਲਾਭ ਉਠਾ ਸਕਦੇ ਹਾਂ, ਆਪਣਾ ਤੇ
ਸਮਾਜ ਦਾ ਜੀਵਨ ਸੌਖਾ ਕਰ ਸਕਦੇ ਹਾਂ। ਇਸ ਸ੍ਰਿਸਟੀ ਵਿੱਚ ਨਾ ਕਦੇ ਇਨ੍ਹਾਂ ਅਟੱਲ ਨਿਯਮਾਂ ਤੋਂ ਉਲਟ
ਕਦੇ ਕੁੱਝ ਵਾਪਰਿਆ ਹੈ ਤੇ ਨਾ ਹੀ ਵਾਪਰ ਸਕਦਾ ਹੈ। ਕਦੇ ਕਿਸੇ ਗੁਰੂ, ਪੀਰ, ਰਹਿਬਰ, ਪੈਗੰਬਰ,
ਸਾਧ, ਸੰਤ, ਬ੍ਰਹਮ ਗਿਆਨੀ ਕੋਲ ਨਾ ਕਦੇ ਕੋਈ ਅਲੌਕਿਕ ਗੈਬੀ ਸ਼ਕਤੀ ਸੀ ਤੇ ਨਾ ਹੀ ਹੈ। ਕੋਈ ਕਿਸੇ
ਅਖੌਤੀ ਗੈਬੀ ਜਾਂ ਆਤਮਿਕ ਸ਼ਕਤੀ ਨਾਲ ਨਾ ਹੀ ਕਿਸੇ ਦਾ ਕੋਈ ਭਲਾ ਕਰ ਸਕਦਾ ਹੈ ਤੇ ਨਾ ਹੀ ਕੋਈ
ਨੁਕਸਾਨ ਕਰ ਸਕਦਾ ਹੈ। ਜਿਹੜਾ ਅਜਿਹਾ ਕਹਿੰਦਾ ਹੈ, ਸਮਝੋ ਉਹ ਪਾਖੰਡੀ ਹੈ ਤੇ ਤੁਹਾਡੀ ਅਗਿਆਨਤਾ ਦਾ
ਲਾਭ ਉਠਾ ਕੇ ਆਪਣੀ ਧਰਮ ਅਧਾਰਿਤ ਦੁਕਾਨਦਾਰੀ ਚਲਦੀ ਰੱਖਣਾ ਚਾਹੁੰਦਾ ਹੈ। ਧਰਮ ਗ੍ਰੰਥਾਂ ਵਿਚਲੀਆਂ
ਵਰ ਸਰਾਪਾਂ ਦੀਆਂ ਕਰਾਮਾਤੀ ਕਥਾ ਕਹਾਣੀਆਂ ਪੁਜਾਰੀਆਂ ਦੀ ਘੜੀਆਂ ਸਭ ਨਕਲੀ ਹੁੰਦੀਆਂ ਹਨ। ਇਸ
ਦਿਸਦੀ ਸ੍ਰਿਸ਼ਟੀ ਵਿੱਚ ਜੇ ਕੋਈ ਵੀ ਕ੍ਰਿਸ਼ਮਾ ਵਾਪਰਦਾ ਹੈ ਤਾਂ ਉਹ ਸਿਰਫ ਕੁਦਰਤ ਦੇ ਅਟੱਲ ਨਿਯਮਾਂ
ਵਿੱਚ ਹੀ ਵਾਪਰਦਾ ਹੈ। ਸਾਇੰਸਦਾਨਾਂ ਨੇ ਕੁਦਰਤ ਦੇ ਮੈਟਰ ਜਾਂ ਸਰੀਰ ਬਾਰੇ ਨਿਯਮਾਂ ਨੂੰ ਸਮਝ
ਕੇ ਅਨੇਕਾਂ ਕਰਾਮਾਤਾਂ ਕੀਤੀਆਂ ਹਨ, ਜਿਨ੍ਹਾਂ ਦੇ ਲਾਭ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਉਠਾਉਂਦੇ
ਹਾਂ, ਪਰ ਕਦੇ ਕੋਈ ਅਖੌਤੀ ਧਾਰਮਿਕ ਸ਼ਰਧਾਲੂ ਉਨ੍ਹਾਂ ਸਾਇੰਸਦਾਨਾਂ ਦਾ ਧੰਨਵਾਦ ਨਹੀਂ ਕਰਦਾ,
ਉਨ੍ਹਾਂ ਦੇ ਨਾਮ ਦੀ ਮਾਲਾ ਨਹੀਂ ਫੇਰਦਾ, ਉਨ੍ਹਾਂ ਦਾ ਕਦੇ ਕਿਤੇ ਮੰਦਰ ਨਹੀਂ ਦੇਖਿਆ, ਕਿਤਨਾ
ਅਕ੍ਰਿਤਘਣ ਹੈ ਇਹ ਅਖੌਤੀ ਧਾਰਮਿਕ ਵਿਅਕਤੀ, ਜਿਨ੍ਹਾਂ ਦੀਆਂ ਖੋਜਾਂ ਦਾ ਲਾਭ ਸਾਰਾ ਦਿਨ ਉਠਾਉਂਦਾ
ਹੈ, ਉਨ੍ਹਾਂ ਦੇ ਖਿਲਾਫ ਬੋਲਦਾ ਹੈ ਤੇ ਜੋ ਇਸਨੂੰ ਗੁੰਮਰਾਹ ਕਰਕੇ ਲੁੱਟਦੇ ਹਨ, ਉਨ੍ਹਾਂ ਦੇ ਪੈਰ
ਧੋ ਕੇ ਪੀਂਦਾ ਹੈ।
ਦੁਨੀਆਂ ਵਿੱਚ ਅਨੇਕਾਂ ਹੱਥ ਜਾਂ ਨਜ਼ਰ ਦੀ ਸਫਾਈ ਨਾਲ ਟਰਿਕ (ਕਰਤਬ) ਕਰਕੇ ਮਨੁੱਖ ਨੂੰ ਹੈਰਾਨ ਕਰ
ਦੇਣ ਵਾਲੇ ਮਦਾਰੀ (ਯਾਦੂਗਰ) ਹਨ, ਜੋ ਮਨੁੱਖ ਦਾ ਮਨੋਰੰਜਨ ਕਰਦੇ ਹਨ। ਸਾਡੇ ਸਾਹਮਣੇ ਰੋਜ਼ਾਨਾ
ਸਾਇੰਸਦਾਨ ਨਵੇਂ ਨਵੇਂ ਕ੍ਰਿਸ਼ਮੇ ਕਰਕੇ ਮਨੁੱਖਤਾ ਦਾ ਭਲਾ ਕਰਦੇ ਹਨ। ਪਰ ਕਦੇ ਕਿਸੇ ਮਦਾਰੀ ਜਾਂ
ਸਾਇੰਸਦਾਨ ਨੇ ਦਾਅਵਾ ਨਹੀਂ ਕੀਤਾ ਕਿ ਉਸ ਕੋਲ ਕੋਈ ਗੈਬੀ ਸ਼ਕਤੀ ਹੈ, ਪਰ ਸਿਰਫ ਉਹ ਮਦਾਰੀ ਹੀ
ਅਜਿਹੇ ਦਾਅਵੇ ਕਰਦੇ ਹਨ, ਜਿਨ੍ਹਾਂ ਨੇ ਧਰਮ ਦਾ ਚੋਲਾ ਪਾਇਆ ਹੁੰਦਾ ਹੈ। ਅੱਜ ਦਾ ਮਨੁੱਖ ਜੋ
ਦੁਨਿਆਵੀ ਸੁੱਖ ਸਹੂਲਤਾਂ ਮਾਣਦਾ ਹੈ, ਉਹ ਸਭ ਸਾਇੰਸਦਾਨਾਂ ਦੀਆਂ ਹਾਜ਼ਾਰਾਂ ਸਾਲਾਂ ਦੀਆਂ ਲਗਾਤਾਰ
ਕੀਤੀਆਂ ਘਾਲਣਾਵਾਂ ਦਾ ਨਤੀਜਾ ਹੈ, ਅੱਜ ਸਾਡੇ ਜੀਵਨ ਵਿਚੋਂ ਸਾਇੰਸ ਦੀਆਂ ਖੋਜਾਂ ਅਧਾਰਿਤ ਸਾਰੀਆਂ
ਸੁੱਖ ਸਹੂਲਤਾਂ ਕੱਢ ਦਿੱਤੀਆਂ ਜਾਣ ਤਾਂ ਸ਼ਾਇਦ ਮਨੁੱਖ ਦਾ ਧਰਤੀ ਤੇ ਇੱਕ ਦਿਨ ਵੀ ਜੀਣਾ ਮੁਸ਼ਕਿਲ ਹੋ
ਜਾਵੇ, ਪਰ ਦੂਜੇ ਪਾਸੇ ਅਗਰ ਮਨੁੱਖ ਦੇ ਜੀਵਨ ਵਿਚੋਂ ਨਕਲੀ ਧਰਮਾਂ ਨੂੰ ਕੱਢ ਦਿੱਤਾ ਜਾਵੇ ਤਾਂ
ਸਾਰੀ ਮਨੁੱਖਤਾ ਦਿਨਾਂ ਵਿੱਚ ਹੀ ਸੌਖੀ ਹੋ ਸਕਦੀ ਹੈ ਤੇ ਜ਼ਿੰਦਗੀ ਦਾ ਆਨੰਦ ਮਾਣ ਸਕਦੀ ਹੈ। ਪਿਛਲੇ
5000 ਸਾਲ ਦਾ ਧਰਮਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਨ੍ਹਾਂ ਅਖੌਤੀ ਨਕਲੀ ਧਰਮਾਂ ਤੇ ਧਰਮ
ਗੁਰੂਆਂ ਨੇ ਮਨੁੱਖਤਾ ਨੂੰ ਕਰਾਮਾਤਾਂ ਦੇ ਝੂਠੇ ਲਾਰਿਆਂ ਤੋਂ ਵੱਧ ਕੁੱਝ ਨਹੀਂ ਦਿੱਤਾ, ਮਨੁੱਖ ਨੂੰ
ਮਾਨਸਿਕ ਤੌਰ ਤੇ ਬੌਨਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕੁਦਰਤ ਦੀਆਂ ਖੋਜਾਂ ਕਰਕੇ ਮਨੁੱਖ ਨੂੰ
ਸੁੱਖ ਸਹੂਲਤਾਂ ਪ੍ਰਦਾਨ ਕਰ ਰਹੇ ਵਿਗਿਆਨੀਆਂ ਦੇ ਰਾਹ ਵਿੱਚ ਹਮੇਸ਼ਾਂ ਰੋੜੇ ਅਟਕਾਏ ਹਨ। ਧਰਮ
ਪੁਜਾਰੀਆਂ ਦੇ ਹਜ਼ਾਰਾਂ ਸਾਲਾਂ ਦੇ ਧਰਮ ਗ੍ਰੰਥਾਂ ਦੇ ਪੂਜਾ ਪਾਠ ਜਾਂ ਰੱਬ ਦੇ ਨਾਮ ਤੇ ਦਿੱਤੇ
ਜਾਂਦੇ ਮੰਤਰ ਜਾਪ ਮਨੁੱਖ ਦਾ ਕੁੱਝ ਵੀ ਸੰਵਾਰ ਨਹੀਂ ਸਕੇ, ਸਗੋਂ ਮਨੁੱਖ ਨੂੰ ਮਾਨਸਿਕ ਰੋਗੀ ਬਣਾਉਣ
ਵਿੱਚ ਹੀ ਸਹਾਈ ਹੋਏ ਹਨ। ਧਰਮ ਪੁਜਾਰੀਆਂ ਨੇ ਆਪਣੇ ਸ਼ਰਧਾਲੂਆਂ ਨੂੰ ਮਾਨਸਿਕ ਤੌਰ ਤੇ ਇਤਨੇ ਨਿਤਾਣੇ
ਬਣਾ ਦਿੱਤਾ ਹੈ ਕਿ ਲੱਖਾਂ ਵਾਰੀ ਮੰਤਰ ਜਾਪ, ਪੂਜਾ ਪਾਠ ਕਰਨ ਤੋਂ ਬਾਅਦ ਵੀ ਕੋਈ ਪ੍ਰਾਪਤੀ ਨਾ ਹੋਣ
ਤੇ ਵੀ ਕੋਈ ਸ਼ਰਧਾਲੂ, ਕਦੇ ਕਿਸੇ ਪੁਜਾਰੀ, ਸਾਧ ਸੰਤ ਅੱਗੇ ਜ਼ੁਰਅਤ ਨਾਲ ਕਹਿ ਨਹੀਂ ਸਕਿਆ ਕਿ ਤੇਰਾ
ਮੰਤਰ ਝੂਠਾ ਹੈ, ਤੇਰੀ ਪੂਜਾ ਪਾਠ ਧੋਖਾ ਹੈ, ਤੇਰੇ ਕਰਾਮਾਤੀ ਦਾਅਵੇ ਥੋਥੇ ਹਨ। ਸਗੋਂ ਸੀਲ ਸ਼ਰਧਾਲੂ
ਇੱਕ ਧਰਮ ਪੁਜਾਰੀ ਤੋਂ ਸਰੀਰਕ, ਮਾਨਸਿਕ, ਆਰਥਿਕ ਲੁੱਟ ਹੋਣ ਤੋਂ ਬਾਅਦ ਫਿਰ ਦੂਜੇ ਪੁਜਾਰੀ ਦੇ
ਚਰਨਾਂ ਵਿੱਚ ਲੁੱਟ ਹੋਣ ਲਈ ਪਿਆ ਹੁੰਦਾ ਹੈ ਕਿਉਂਕਿ ਉਸਨੂੰ ਸ਼ਰਧਾ, ਅਸਥਾ, ਭਰੋਸਾ, ਸ਼ੰਕਾ ਨਾ ਕਰਨ
ਦੀ ਅਜਿਹੀ ਗੁੜ੍ਹਤੀ ਮਿਲੀ ਹੁੰਦੀ ਹੈ, ਉਹ ਸਾਰੀ ਉਮਰ ਸਿਰ ਚੁੱਕਣ ਦੀ ਦਲੇਰੀ ਨਹੀਂ ਕਰ ਪਉਂਦਾ ਤੇ
ਇੱਕ ਗੁਰੂ ਤੋਂ ਦੂਜੇ ਦੇ ਦਰ ਤੇ ਮੱਥੇ ਰਗੜਦਾ ਰਹਿੰਦਾ ਹੈ।
ਅੱਖਾਂ ਮੀਟ ਕੇ ਸ਼ਰਧਾ ਨਾਲ ਕਿਸੇ ਵੀ ਪਾਖੰਡੀ ਅੱਗੇ ਸਿਰ ਝੁਕਾ ਦੇਣਾ, ਕਿਸੇ ਵੀ ਸਾਧ ਸੰਤ ਦੇ
ਕਰਾਮਤਾਂ ਦੇ ਝੂਠੇ ਲਾਰਿਆਂ ਨੂੰ ਚੈਲਿੰਜ ਕਰਨ ਦੀ ਥਾਂ ਸੱਚੋ-ਸੱਚ ਮੰਨ ਲੈਣਾ, ਸ਼ਰਧਾ ਦੇ ਝੂਠੇ ਨਸ਼ੇ
ਵਿੱਚ ਜੀਣਾ ਬੜਾ ਸੌਖਾ ਰਾਹ ਹੈ, ਪਰ ਭੀੜ ਵਿਚੋਂ ਬਾਹਰ ਨਿਕਲ ਕੇ ਝੂਠੀਆਂ ਕਰਾਮਾਤੀ ਕਥਾ ਕਹਾਣੀਆਂ,
ਕਰਾਮਾਤੀ ਅਸਥਾਨਾਂ, ਕਰਾਮਤੀ ਮੰਤਰਾਂ ਆਦਿ ਨੂੰ ਚੈਲਿੰਜ ਕਰਨਾ, ਉਨ੍ਹਾਂ ਨੂੰ ਦਲੀਲ, ਤਰਕ ਤੇ
ਵਿਗਿਆਨ ਦੀ ਕਸਵੱਟੀ ਤੇ ਪਰਖ ਕੇ ਰੱਦ ਕਰਨਾ, ਸੌਖਾ ਕਾਰਜ ਨਹੀਂ, ਬੜੀ ਹਿੰਮਤ ਚਾਹੀਦੀ ਹੈ। ਉਹ
ਹਿੰਮਤ ਹੀ ਪੁਜਾਰੀਆਂ ਨੇ ਮਨੁੱਖ ਵਿਚੋਂ ਖਤਮ ਕਰ ਦਿੱਤੀ ਹੈ। ਪਰ ਜੇ ਅਸੀਂ ਮਨੁੱਖਤਾ ਨੂੰ ਇਨ੍ਹਾਂ
ਨਕਲੀ ਪੁਜਾਰੀਆਂ, ਨਕਲੀ ਗੁਰੂਆਂ ਦੀ ਚੁੰਗਲ ਵਿਚੋਂ ਕੱਢਣਾ ਹੈ ਤਾਂ ਫਿਰ ਜਾਗਰੂਕ ਤੇ ਵਿਗਿਆਨਕ ਸੋਚ
ਦੇ ਧਾਰਨੀ ਲੋਕਾਂ ਨੂੰ ਅੱਗੇ ਆਉਣਾ ਹੀ ਪਵੇਗਾ। ਸਾਨੂੰ ਸੱਚ ਦਾ ਦੀਪਕ ਜਗਾ ਰਹੇ, ਅਸਲੀ ਧਰਮ
(ਕੁਦਰਤ ਦੇ ਨਿਯਮਾਂ ਨੂੰ ਜਾਨਣ) ਦੇ ਪੈਰੋਕਾਰਾਂ ਦਾ ਸਾਥ ਦੇਣਾ ਪਵੇਗਾ ਤਾਂ ਹੀ ਅਸੀਂ ਨਕਲੀ ਧਰਮਾਂ
ਤੋਂ ਮਨੁੱਖ ਦੀ ਬੰਦ ਖਲਾਸੀ ਕਰਾ ਸਕਦੇ ਹਾਂ। ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਉਸਤੋਂ ਲਾਭ ਉਠਾ
ਕੇ, ਮਨੁੱਖਤਾ ਦੇ ਭਲੇ ਦੀ ਸੋਚ ਨਾਲ ਸਬਰ ਸੰਤੋਖ ਦਾ ਜੀਵਨ ਜੀਣਾ ਹੀ ਸਾਰੀ ਮਨੁੱਖਤਾ ਦਾ ਅਸਲੀ ਧਰਮ
ਹੋ ਸਕਦਾ ਹੈ। ਇਹ ਤਾਂ ਹੀ ਸੰਭਵ ਹੈ ਕਿ ਜੇ ਅਸੀਂ ਆਪਣੇ ਅੰਦਰ ਗਿਆਨ ਦੇ ਦੀਪਕ ਬਾਲੀਏ, ਪੁਜਾਰੀਆਂ
ਵਲੋਂ ਸ਼ਰਧਾ ਦੇ ਨਾਮ ਤੇ ਖੁੰਡੀ ਕੀਤੀ ਸੋਚ ਨੂੰ ਤਰਕ, ਦਲੀਲ ਤੇ ਵਿਗਿਆਨ ਦੀ ਸਾਣ ਚਾੜ੍ਹੀਏ। ਅਜਿਹੇ
ਯਤਨਾਂ ਨਾਲ ਹੀ ਅਸੀਂ ਨਕਲੀ ਧਰਮਾਂ ਦੇ ਕੂੜ ਪਸਾਰੇ ਵਿਚੋਂ ਆਪ ਨਿਕਲ ਸਕਦੇ ਹਾਂ ਤੇ ਮਨੁੱਖਤਾ ਨੂੰ
ਕੱਢ ਸਕਦੇ ਹਾਂ।