.

(ਸੰਪਾਦਕੀ ਨੋਟ:- ‘ਸਿੱਖ ਵਿਰਸਾ’ ਕੈਲਗਰੀ, ਕਨੇਡਾ ਤੋਂ ਲਗਭਗ ਪਿਛਲੇ 17 ਸਾਲਾਂ ਤੋਂ ਛਪਣ ਵਾਲਾ ਮਾਸਕ ਪੱਤਰ ਹੈ। ਇਸ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਾਨੂੰ ਆਪਣੇ ਲਿਖੇ ਹੋਏ ਕੁੱਝ ਲੇਖ ਭੇਜੇ ਹਨ ਜਿਹਨਾ ਨੂੰ ਹਫਤਾਵਾਰੀ ‘ਸਿੱਖ ਮਾਰਗ’ ਤੇ ਪਾਇਆ ਜਾਵੇਗਾ। ਉਂਜ ਤਾਂ ਅਸੀਂ ਪਹਿਲਾਂ ਛਪੇ ਹੋਏ ਲੇਖ ਪਉਣ ਤੋਂ ਸੰਕੋਚ ਕਰਦੇ ਹਾਂ ਪਰ ਇਹ ਲੇਖ ਕਿਸੇ ਖਾਸ ਨੁਕਤਿਆਂ ਨੂੰ ਲੈ ਕੇ ਲਿਖੇ ਗਏ ਹਨ ਅਤੇ ਉਹ ‘ਸਿੱਖ ਮਾਰਗ’ ਦੇ ਪਾਠਕਾਂ ਤੋਂ ਇਹਨਾ ਵਾਰੇ ਰਾਇ ਲੈਣੀ ਚਾਹੁੰਦੇ ਹਨ। ਇਸ ਲਈ ਇਹਨਾ ਨੂੰ ‘ਸਿੱਖ ਮਾਰਗ’ ਤੇ ਪਾਇਆ ਜਾ ਰਿਹਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੁਮਿੰਟਸ/ਰਾਇ ਫੇਸਬੁੱਕ, ਯਾਹੂ, ਹੌਟਮੇਲ ਤੇ ਲੌਗ ਕਰਕੇ ਇਸ ਲੇਖ ਹੇਠਾਂ ਪਉਣ ਅਤੇ ਜਾਂ ਫਿਰ ਸਾਨੂੰ ਈ-ਮੇਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨ)

ਧਰਮ ਦੀ ਸਮੱਸਿਆ-3
ਲੋਭ-ਲਾਲਚ ਆਧਾਰਿਤ ਨਕਲੀ ਧਰਮ

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)

‘ਧਰਮ ਦੀ ਸਮੱਸਿਆ’ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀਂ ਚਰਚਾ ਕੀਤੀ ਸੀ ਕਿ ਧਰਮ ਦੀਆਂ ਦੋ ਵੱਡੀਆਂ ਸਮੱਸਿਆਵਾਂ ਧਰਮ ਦੀ ਕੁਦਰਤ ਬਾਰੇ ਫਿਲਾਸਫੀ ਤੇ ਧਰਮ ਪੁਜਾਰੀਆਂ ਵਲੋਂ ਬਣਾਈ ਮਰਿਯਾਦਾ ਨੂੰ ਸਦੀਵੀ ਸੱਚ ਮੰਨਣਾ ਹੈ। ਜਦਕਿ ਕੁਦਰਤ ਇੰਨੀ ਬੇਅੰਤ ਹੈ ਕਿ ਇਸਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਹਰ ਧਰਮ ਕੁਦਰਤ ਦਾ ਅੰਤ ਪਾਉਣ ਦਾ ਦਾਅਵਾ ਹਜ਼ਾਰਾਂ ਸਾਲਾਂ ਤੋਂ ਕਰਦਾ ਆ ਰਿਹਾ ਹੈ ਤੇ ਧਰਮ ਗ੍ਰੰਥਾਂ ਦੇ ਵਿਚਾਰਾਂ ਨੂੰ ਰੱਬੀ ਬਾਣੀ ਕਹਿ ਕੇ ਇਸ ਤੇ ਕਿਸੇ ਤਰ੍ਹਾਂ ਦੀ ਵੀ ਚਰਚਾ ਕਰਨ ਤੇ ਪਾਬੰਦੀ ਲਗਾਉਂਦਾ ਹੈ, ਇਸ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਕਾਫਿਰ ਜਾਂ ਧਰਮ ਵਿਰੋਧੀ ਨਾਸਤਿਕ ਕਹਿ ਕੇ ਭੰਡਿਆ ਜਾਂਦਾ ਹੈ। ਇਸੇ ਤਰ੍ਹਾਂ ਧਰਮ ਪੁਜਾਰੀ ਆਪਣੀਆਂ ਬਣਾਈਆਂ ਮਰਿਯਾਦਾਵਾਂ ਰੂਪੀ ਬੇੜੀਆਂ ਵਿੱਚ ਮਨੁੱਖ ਨੂੰ ਜਕੜਨ ਲਈ ਇਸ ਨੂੰ ਅੰਤਿਮ ਸੱਚਾਈ ਜਾਂ ਰੱਬ ਦੀ ਬਣਾਈ ਮਰਿਯਾਦਾ ਬਣਾ ਕੇ ਪੇਸ਼ ਕਰਦਾ ਹੈ। ਇਸ ਕਾਰਨ ਸਾਰੇ ਧਰਮ ਸਮਾਂ ਪਾ ਕੇ ਪਿਛਾਂਹ ਖਿੱਚੂ ਸੋਚ ਦੇ ਧਾਰਨੀ ਬਣ ਜਾਂਦੇ ਹਨ। ਆਪਣੀ ਇਸ ਪਿਛਾਂਹ ਖਿੱਚੂ ਸੋਚ ਨਾਲ ਉਹ ਮਨੁੱਖ ਨੂੰ ਮਾਨਸਿਕ ਗੁਲਾਮ ਬਣਾਉਂਦੇ ਹਨ।
ਇਸੇ ਲੇਖ ਲੜੀ ਦੇ ਦੂਜੇ ਹਿੱਸੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਧਰਮਾਂ ਦੀਆਂ ਉੱਪਰ ਦੱਸੀਆਂ ਦੋ ਵੱਡੀਆਂ ਸਮੱਸਿਆਵਾਂ ਤੋਂ ਇਲਾਵਾ ਹੋਰ ਅਨੇਕਾਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਧਰਮਾਂ ਵਿੱਚ ਪੈਦਾ ਹੋ ਚੁੱਕੇ ਨਕਲੀ ਧਰਮ ਹਨ। ਇਨ੍ਹਾਂ ਨਕਲੀ ਧਰਮਾਂ ਵਿੱਚੋਂ ਡਰ ਆਧਾਰਿਤ ਨਕਲੀ ਧਰਮ, ਅਗਿਆਨਤਾ ਆਧਾਰਿਤ ਨਕਲੀ ਧਰਮ, ਸ਼ਰਧਾ ਤੇ ਵਿਸ਼ਵਾਸ ਆਧਾਰਿਤ ਨਕਲੀ ਧਰਮ, ਕਰਮਕਾਂਡ ਆਧਾਰਿਤ ਨਕਲੀ ਧਰਮ ਆਦਿ ਦੀ ਚਰਚਾ ਕੀਤੀ ਸੀ।
ਹੁਣ ਅਸੀਂ ਲੋਭ-ਲਾਲਚ ਆਧਾਰਿਤ ਨਕਲੀ ਧਰਮ ਦੀ ਚਰਚਾ ਕਰਾਂਗੇ। ਵੱਖ-ਵੱਖ ਧਰਮਾਂ ਵਿੱਚ ਮਨੁੱਖੀ ਮਨ ਦੀਆਂ ਪੰਜ ਪ੍ਰਮੁੱਖ ਕਮਜ਼ੋਰੀਆਂ ਵਿੱਚੋਂ ਲੋਭ ਨੂੰ ਇੱਕ ਪ੍ਰਮੁੱਖ ਕਮਜ਼ੋਰੀ ਮੰਨਿਆ ਗਿਆ ਹੈ। ਲੋਭ ਨੂੰ ਸਭ ਧਰਮਾਂ ਵਲੋਂ ਨਿੰਦਿਆਂ ਜਾਂਦਾ ਹੈ, ਲੋਭ ਬਾਰੇ ਧਰਮ ਗ੍ਰੰਥਾਂ ਵਿੱਚ ਅਨੇਕਾਂ ਕੁੱਝ ਲਿਖਿਆ ਮਿਲਦਾ ਹੈ। ਮਨੁੱਖ ਨੇ ਜੰਗਲੀ ਜੀਵਨ `ਚੋਂ ਨਿਕਲ ਕੇ ਜਦੋਂ ਤੋਂ ਜੀਣਾ ਸਿੱਖਿਆ ਹੈ, ਲੋਭ ਇਸਦੀ ਜ਼ਿੰਦਗੀ ਦਾ ਹਮੇਸ਼ਾਂ ਅਹਿਮ ਅੰਗ ਰਿਹਾ ਹੈ। ਜੰਗਲੀ ਜੀਵਨ ਦੇ ਦੌਰ ਵਿੱਚ ਮਨੁੱਖ ਵੀ ਹੋਰ ਜਾਨਵਰਾਂ ਵਾਂਗ ਆਪਣੀ ਭੁੱਖ ਅਨੁਸਾਰ ਖਾ ਕੇ ਗੁਜ਼ਾਰਾ ਕਰਨ ਵਾਲਾ ਜੀਵ ਸੀ, ਪਰ ਜਿਉਂ ਹੀ ਇਸਨੇ ਸਭਿਅਕ ਮਨੁੱਖ ਦੇ ਤੌਰ `ਤੇ ਜੀਣਾ ਸ਼ੁਰੂ ਕੀਤਾ, ਇਹ ਲੋਭ ਹੀ ਸੀ ਜਿਸਨੇ ਇਸਨੂੰ ਕੱਲ੍ਹ ਲਈ ਇਕੱਠਾ ਕਰਨ ਵੱਲ ਪ੍ਰੇਰਿਆ, ਫਿਰ ਇਹ ਕੱਲ ਤੋਂ ਪਰਸੋਂ ਤੇ ਫਿਰ ਅੱਗੇ ਹੀ ਅੱਗੇ ਤੁਰਦਾ ਅਗਲੀਆਂ ਪੁਸ਼ਤਾਂ ਲਈ ਵੀ ਇਕੱਠਾ ਕਰਨ ਲੱਗ ਪਿਆ। ਅਸਲ ਵਿੱਚ ਲੋਭ ਮਨੁੱਖ ਦੀ ਭਵਿੱਖ ਦੀ ਚਿੰਤਾ ਵਿੱਚੋਂ ਨਿਕਲਿਆ ਹੈ, ਉਸਨੂੰ ਅੱਜ ਨਾਲੋਂ ਕੱਲ ਦਾ ਜ਼ਿਆਦਾ ਫਿਕਰ ਹੈ। ਉਸਨੂੰ ਇਹ ਭੁੱਲ ਹੀ ਜਾਂਦਾ ਹੈ ਕਿ ਉਸਦੇ ਆਪਣੇ ਵਜੂਦ ਸਮੇਤ ਸਭ ਕੁੱਝ ਇਥੇ ਹੀ ਪੈਦਾ ਹੋਇਆ ਹੈ, ਇਥੇ ਹੀ ਖਤਮ ਹੋ ਜਾਵੇਗਾ। ਕੁੱਝ ਵੀ ਨਾ ਕਦੇ ਵਧਦਾ ਹੈ ਤੇ ਨਾ ਹੀ ਘਟਦਾ ਹੈ। ਕਰੋੜਾਂ ਸਾਲਾਂ ਤੋਂ ਇਥੇ ਰਹਿਣ ਵਾਲੇ ਖਾਂਦੇ ਥੱਕ ਗਏ ਹੋਣਗੇ, ਪਰ ਇਥੇ ਕੁੱਝ ਵੀ ਘਟਿਆ ਨਹੀਂ। ਸਾਇੰਸ ਦੀਆਂ ਖੋਜਾਂ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਮੈਟਰ ਕਦੇ ਵੀ ਨਾ ਘਟਦਾ ਹੈ ਤੇ ਨਾ ਹੀ ਵਧਦਾ ਹੈ, ਸਿਰਫ ਸ਼ਕਲ ਹੀ ਬਦਲਦਾ ਹੈ। ਇਹ ਸਾਰਾ ਪਸਾਰਾ ਇੱਕ ਵਾਰ ਹੀ ਪਸਰ ਗਿਆ ਸੀ। ਅਸੀਂ ਆਪਣੇ ਜੀਵਨ ਵਿੱਚ ਲੋੜ ਅਨੁਸਾਰ ਵਰਤ ਸਕਦੇ ਸੀ, ਪਰ ਮਨੁੱਖ ਦੀ ਲੋਭੀ ਬਿਰਤੀ ਨੇ ਹੀ ਬਹੁਤਾ ਇਕੱਠਾ ਕਰਨ ਦੀ ਦੌੜ ਸ਼ੁਰੂ ਕੀਤੀ, ਜਿਸ ਨਾਲ ਪਹਿਲੇ ਦੌਰ ਵਿੱਚ ਤਕੜੇ ਵਿਅਕਤੀ ਜਿਥੇ ਆਪਣੇ ਬੱਲ ਨਾਲ ਜਾਂ ਦਿਮਾਗ ਨਾਲ ਜ਼ਿਆਦਾ ਇਕੱਠਾ ਕਰ ਲੈਂਦੇ ਸਨ, ਉਥੇ ਬਾਅਦ ਵਿੱਚ ਇਹ ਤਕੜੇ ਵਿਅਕਤੀ ਆਪਣੇ ਗਰੁੱਪ ਜਾਂ ਕਬੀਲੇ ਬਣਾ ਕੇ ਕਮਜ਼ੋਰਾਂ ਤੇ ਹਮਲੇ ਕਰਕੇ ਖੋਹਣ ਲੱਗੇ। ਇਸੇ ਸੋਚ ਨੇ ਬਾਅਦ ਵਿੱਚ ਸਰੀਰਕ ਤੌਰ ਤੇ ਕਮਜ਼ੋਰਾਂ ਨੂੰ ਆਪਣੇ ਗੁਲਾਮ ਬਣਾ ਕੇ ਆਪਣੇ ਲਈ ਵੱਧ ਇਕੱਠਾ ਕਰਨ ਤੇ ਰਾਜ ਕਰਨ ਦੀ ਦੌੜ ਸ਼ੁਰੂ ਕੀਤੀ। ਜਿਸ ਨਾਲ ਸਮਾਜ ਵਿੱਚ ਕਾਣੀ ਵੰਡ ਸ਼ੁਰੂ ਹੋਈ।
ਧਰਮ ਗੁਰੂਆਂ ਨੇ ਮਨੁੱਖ ਨੂੰ ਹਮੇਸ਼ਾਂ ਲੋਭ ਤੋਂ ਬਚਣ ਤੇ ਸਬਰ ਸੰਤੋਖ ਨਾਲ ਜੀਣ ਦਾ ਸੰਦੇਸ਼ ਦਿੱਤਾ ਹੈ। ਹਜ਼ਾਰਾਂ ਧਰਮ ਗੁਰੂਆਂ ਦੇ ਹਜ਼ਾਰਾਂ ਸਾਲਾਂ ਦੇ ਪ੍ਰਚਾਰ ਵੀ ਮਨੁੱਖ ਨੂੰ ਸਬਰ ਸੰਤੋਖ ਵਾਲੀ ਜੀਵਨ ਜਾਚ ਨਹੀਂ ਦੇ ਸਕੇ। ਮਨੁੱਖ ਜਿਵੇਂ ਜਿਵੇਂ ਸੱਭਿਅਕ ਹੋਇਆ, ਤਿਵੇਂ ਤਿਵੇਂ ਹੀ ਉਹ ਹੋਰ ਲੋਭੀ ਲਾਲਚੀ ਹੁੰਦਾ ਗਿਆ। ਜਦੋਂ ਅਸੀਂ ਧਰਮ ਗ੍ਰੰਥ ਪੜ੍ਹਦੇ ਹਾਂ ਤੇ ਲੋਭ ਨੂੰ ਬੜਾ ਘਟੀਆ ਬਣਾ ਕੇ ਪੇਸ਼ ਕੀਤਾ ਗਿਆ ਦੇਖਦੇ ਹਾਂ, ਇਸਨੂੰ ਵੱਡੇ ਵਿਕਾਰਾਂ ਵਿੱਚ ਵੀ ਰੱਖਿਆ ਗਿਆ ਹੈ। ਪਰ ਇਸਦੇ ਬਾਵਜੂਦ ਵੀ ਮਨੁੱਖ ਸਬਰ, ਸੰਤੋਖ, ਵੰਡ ਕੇ ਛਕਣ ਵਾਲਾ, ਦੂਜਿਆਂ ਦੀ ਮੱਦਦ ਕਰਨ ਵਾਲਾ, ਸਰਬੱਤ ਦਾ ਭਲਾ ਮੰਗਣ ਵਾਲਾ ਕਿਉਂ ਨਹੀਂ ਬਣ ਸਕਿਆ? ਧਰਮ ਦੀਆਂ ਸਮੱਸਿਆਵਾਂ ਦੀ ਜਦੋਂ ਮੈਂ ਖੋਜ ਕਰ ਰਿਹਾ ਸੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਅਸਲ ਵਿੱਚ ਧਰਮ ਹੀ ਮਨੁੱਖ ਨੂੰ ਲੋਭੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਬੇਸ਼ੱਕ ਧਰਮ ਗ੍ਰੰਥ ਜੋ ਮਰਜ਼ੀ ਕਹਿਣ, ਪਰ ਧਰਮ ਪੁਜਾਰੀ ਮਨੁੱਖ ਨੂੰ ਲੋਭੀ ਬਣਾਉਂਦੇ ਤੇ ਬਣਾਏ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਮਨੁੱਖ ਦੀ ਇਸ ਕਮਜ਼ੋਰੀ ਨੂੰ ਧਰਮ ਪੁਜਾਰੀ ਖੂਬ ਸਮਝਦਾ ਹੈ ਤੇ ਉਸਦਾ ਪੂਰਾ ਲਾਭ ਉਠਾਉਂਦਾ ਹੈ। ਭਵਿੱਖ ਪ੍ਰਤੀ ਮਨੁੱਖ ਦੀ ਚਿੰਤਾ ਵਿਚੋਂ ਹੀ ਜੋਤਿਸ਼ ਵਰਗਾ ਅਗਿਆਨ ਪੈਦਾ ਹੋਇਆ ਤੇ ਅੱਜ ਦੇ ਸਾਇੰਸੀ ਯੁੱਗ ਵਿੱਚ ਇਹ ਆਪਣਾ ਅਗਿਆਨ ਬਾਖੂਬੀ ਫੈਲਾ ਰਿਹਾ ਹੈ। ਮਨੁੱਖ ਲੋਭ ਵੱਸ, ਜਦੋਂ ਬਹੁਤਾ ਇਕੱਠਾ ਕਰਨ, ਦੂਜਿਆਂ ਦਾ ਹੱਕ ਮਾਰਨ, ਦੂਜਿਆਂ ਦਾ ਹੱਕ ਖੋਹਣ ਦੇ ਰਾਹ ਪੈਂਦਾ ਹੈ ਤੇ ਜਦੋਂ ਉਹ ਕਾਮਯਾਬ ਨਹੀਂ ਹੁੰਦਾ ਤਾਂ ਧਰਮ ਉਸਨੂੰ ਆਪਣੀ ਅਰਦਾਸ ਦਾ ਠੁੰਮਣ ਦਿੰਦਾ ਹੈ। ਮਨੁੱਖ ਜਦੋਂ ਲੋਭ ਵੱਸ ਹੋਰ ਇਕੱਠਾ ਕਰਨ ਜਾਂ ਜਿਹੜਾ ਇਕੱਠਾ ਕੀਤਾ ਹੋਇਆ, ਉਸਦੇ ਖੁਸ ਜਾਣ ਦੇ ਡਰੋਂ, ਜਦੋਂ ਧਰਮ ਦੀ ਸ਼ਰਨ ਜਾਂਦਾ ਹੈ ਤਾਂ ਧਰਮ ਪੁਜਾਰੀ ਉਸਨੂੰ ਧਰਮ ਗੁਰੂਆਂ ਵਲੋਂ ਦੱਸੇ ਸੱਚ ਦੇ ਮਾਰਗ ਤੇ ਪਾਉਣ ਦੀ ਥਾਂ ਕਹਿੰਦਾ ਹੈ ਕਿ ਮੈਨੂੰ ਡਾਲਰ ਚੜ੍ਹਾ, ਮੈਂ ਤੇਰੇ ਲਈ ਪ੍ਰਾਰਥਨਾ ਕਰਦਾ ਹਾਂ, ਅਰਦਾਸ ਕਰਦਾ ਹਾਂ, ਰੱਬ ਅੱਗੇ ਸਿਫਾਰਸ਼ ਕਰਦਾ ਹਾਂ, ਦਿਲੋਂ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਫਲਾਣੇ ਪੀਰ ਦੀ ਕਬਰ ਤੇ ਸੁੱਖਣਾ ਸੁੱਖ, ਫਲਾਣੇ ਤੀਰਥ ਵਿੱਚ ਸੱਚੇ ਦਿਲੋਂ ਮੱਸਿਆ ਜਾਂ ਸੰਗਰਾਂਦ ਨੂੰ ਇਸ਼ਨਾਨ ਕਰ, ਫਲਾਣੇ ਸਥਾਨ `ਤੇ ਚੱਲ ਰਹੀ ਲੜੀ ਵਿੱਚ ਅਖੰਡ ਪਾਠ ਬੁੱਕ ਕਰਵਾ, ਤੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਵੱਖ-ਵੱਖ ਧਰਮ ਅਸਥਾਨਾਂ ਤੇ ਅਜਿਹੇ ਬੋਰਡ ਲੱਗੇ ਤੁਹਾਨੂੰ ਮਿਲਣਗੇ ਕਿ ਇਥੇ ਸੁੱਖਣਾ ਸੁੱਖਣ ਨਾਲ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਲੋਭੀ ਮਨੁੱਖ ਧਰਮ ਪੁਜਾਰੀਆਂ ਵਲੋਂ ਸੁੱਟੇ ਜਾਂਦੇ ਇਸ ਲੁਭਾਵਣੇ ਜਾਲ ਵਿੱਚ ਆਸਾਨੀ ਨਾਲ ਫਸ ਜਾਂਦਾ ਹੈ। ਕਦੇ ਕਿਸੇ ਨੇ ਕਿਸੇ ਅਜਿਹੇ ਸਥਾਨ, ਜਿਥੇ ਸੁੱਖਣਾ ਪੂਰੀਆਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਜਾ ਕੇ ਸਰਵੇ ਕਰਨ ਦੀ ਜ਼ੁਰੱਅਤ ਨਹੀਂ ਕੀਤੀ ਕਿ ਕਿੰਨੇ ਵਿਅਕਤੀਆਂ ਨੇ ਸੁੱਖਣਾ ਸੁੱਖੀ ਸੀ, ਕਿੰਨਿਆਂ ਦੀ ਪੂਰੀ ਹੋਈ? ਇਸੇ ਤਰ੍ਹਾਂ ਕਦੇ ਕਿਸੇ ਨੇ ਕਿਸੇ ਧਰਮ ਪੁਜਾਰੀ ਵਲੋਂ ਕੀਤੀਆਂ ਜਾਂਦੀਆਂ ਅਰਦਾਸਾਂ ਵਿੱਚੋਂ ਕਿੰਨੀਆਂ ਪੂਰੀਆਂ ਹੁੰਦੀਆਂ ਹਨ, ਬਾਰੇ ਹਿਸਾਬ ਨਹੀਂ ਲਾਇਆ। ਮੇਰਾ ਵਿਸ਼ਵਾਸ਼ ਹੈ ਕਿ ਜੇਕਰ ਅਜਿਹਾ ਯਤਨ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਜੋ ਕੁੱਝ ਵੀ ਕਿਸੇ ਨੂੰ ਮਿਲਿਆ ਹੋਵੇਗਾ, ਉਸਦੇ ਆਪਣੇ ਯਤਨਾਂ ਨਾਲ ਹੀ ਮਿਲਿਆ ਹੋਵੇਗਾ, ਕਿਸੇ ਅਰਦਾਸ ਜਾਂ ਸੁੱਖਣਾ ਨਾਲ ਨਹੀਂ। ਇਹ ਜੋ ਮਿਲਿਆ ਹੈ, ਉਹ ਵੈਸੇ ਵੀ ਮਿਲ ਜਾਣਾ ਸੀ, ਜੇ ਨਾ ਵੀ ਸੁੱਖਿਆ ਜਾਂਦਾ, ਨਾ ਵੀ ਅਰਦਾਸ ਕੀਤੀ ਜਾਂਦੀ, ਨਾ ਵੀ ਕੋਈ ਮੰਤਰ ਪਾਠ ਕਰਾਇਆ ਜਾਂਦਾ। ਧਰਮ ਪੁਜਾਰੀ ਲੋਭੀ ਮਨੁੱਖ ਨਾਲ ਇੱਕ ਹੋਰ ਚਲਾਕੀ ਖੇਡਦਾ ਹੈ ਕਿ ਜਦ ਲੋਭੀ ਆਪਣੀ ਪਾਪਾਂ ਨਾਲ ਕੀਤੀ ਕਮਾਈ, ਦੂਜਿਆਂ ਦਾ ਹੱਕ ਮਾਰ ਕੇ ਇਕੱਠਾ ਕੀਤਾ ਧਨ, ਦੂਜਿਆਂ ਤੋਂ ਜਬਰੀ ਖੋਹੀ ਮਾਇਆ ਲੈ ਕੇ ਧਰਮ ਮੰਦਰ ਜਾਂਦਾ ਹੈ ਤਾਂ ਉਸਨੂੰ ਦਾਨੀ, ਮਹਾਂਦਾਨੀ ਦਾ ਖਿਤਾਬ ਹੀ ਨਹੀਂ ਦਿੰਦਾ, ਸਗੋਂ ਸਰੋਪੇ ਵੀ ਦਿੰਦਾ ਹੈ। ਅੱਜ ਦਿਸਦੇ ਵੱਡੇ-ਵੱਡੇ ਧਰਮ ਮੰਦਰ ਆਮ ਕਿਰਤੀ ਮਨੁੱਖ ਦੀ ਮਿਹਨਤ ਨਾਲ ਕੀਤੀ ਕਮਾਈ ਨਾਲ ਨਹੀਂ ਬਣੇ ਹੋਏ, ਸਗੋਂ ਧਨਾਢਾਂ ਦੇ ਦਾਨ ਨਾਲ ਬਣੇ ਹੋਏ ਹਨ।
ਇੱਕ ਪਾਸੇ ਧਰਮ ਲੋਭ ਲਾਲਚ ਦਾ ਵਿਰੋਧ ਕਰਦਾ ਹੈ, ਦੂਜੇ ਪਾਸੇ ਲੋਭੀਆਂ ਨੂੰ ਦਾਨੀ ਹੋਣ ਦਾ ਖਿਤਾਬ ਦਿੰਦਾ ਹੈ। ਉਸ ਦੇ ਲੋਭ ਨੂੰ ਪੱਠੇ ਪਾਉਣ ਲਈ ਝੂਠੀਆਂ ਅਰਦਾਸਾਂ ਕਰਦਾ ਹੈ। ਮਨੁੱਖੀ ਇਤਿਹਾਸ ਵਿੱਚ ਕਦੇ ਅਜਿਹਾ ਭਾਣਾ ਅੱਜ ਤੱਕ ਨਹੀਂ ਵਰਤਿਆ ਕਿ ਕਿਸੇ ਧਰਮ ਪੁਜਾਰੀ ਨੇ ਕਿਸੇ ਲੋਭੀ ਦੀ, ਕਿਸੇ ਧਨਾਢ ਦੀ, ਕਿਸੇ ਸਰਮਾਏਦਾਰ ਦੀ ਅਰਦਾਸ ਕਰਨ ਤੋਂ ਨਾਂਹ ਕੀਤੀ ਹੋਵੇ, ਜਾਂ ਉਸਦੀ ਪਾਪਾਂ ਦੀ ਕਮਾਈ ਦਾ ਦਾਨ ਲੇਣ ਤੋਂ ਨਾਂਹ ਕੀਤੀ ਹੋਵੇ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਧਰਮ ਮੰਦਰ ਚਲਦੇ ਹੀ ਲੋਭੀਆਂ, ਲਾਲਚੀਆਂ, ਧਨਾਢਾਂ, ਸਰਮਾਏਦਾਰਾਂ ਦੇ ਸਿਰ `ਤੇ ਹਨ। ਆਪਣੇ ਧਰਮ ਗ੍ਰੰਥਾਂ ਵਿੱਚ ਲੋਭ ਵਿਰੁੱਧ ਲਿਖੇ ਹੋਣ ਦੇ ਬਾਵਜੂਦ ਵੀ ਧਰਮ ਪੁਜਾਰੀ ਮਨੁੱਖ ਦੀ ਇਸ ਕਮਜ਼ੋਰੀ ਜਾਂ ਲਾਲਚ ਨੂੰ ਵਧਾਉਣ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਉਹ ਆਪਣੇ ਇਸ਼ਟ ਸਾਹਮਣੇ ਖੜ੍ਹ ਕੇ ਝੂਠੀਆਂ ਅਰਦਾਸਾਂ ਕਰਦੇ ਹਨ ਤੇ ਮਨੁੱਖ ਨੂੰ ਝੂਠੀਆਂ ਤਸੱਲੀਆਂ ਦਿੰਦੇ ਹਨ। ਅੰਦਰੋਂ ਉਨ੍ਹਾਂ ਨੂੰ ਪੂਰਾ ਪਤਾ ਹੁੰਦਾ ਹੈ ਕਿ ਕੌਣ ਰੱਬ ਤੇ ਕਿਹੜਾ ਰੱਬ, ਜਿਸ ਤੋਂ ਉਹ ਡਰਨ।
ਅਸਲ ਵਿੱਚ ਧਰਮ ਪੁਜਾਰੀਆਂ ਦਾ ਆਪਣਾ ਲੋਭ ਹੀ ਮਨੁੱਖ ਨੂੰ ਲੋਭੀ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਮਨੁੱਖੀ ਮਨ ਦੀਆਂ ਕਮਜੋਰੀਆਂ ਵਿੱਚ ਮੌਤ ਦਾ ਡਰ ਇੱਕ ਵੱਡਾ ਡਰ ਹੈ। ਬੇਸ਼ੱਕ ਹਰ ਇਨਸਾਨ ਨੂੰ ਪਤਾ ਹੈ ਕਿ ਜੋ ਵੀ ਪੈਦਾ ਹੁੰਦਾ ਹੈ, ਉਸ ਨੇ ਇੱਕ ਦਿਨ ਖਤਮ ਹੋ ਜਾਣਾ ਹੈ, ਇਸਦੇ ਵਿੱਚ ਮਨੁੱਖ ਦਾ ਕੋਈ ਜੋਰ ਨਹੀਂ ਹੈ। ਮਨੁੱਖ ਲੱਖ ਕੋਸ਼ਿਸ਼ ਵੀ ਕਰੇ, ਉਹ ਮੌਤ ਤੋਂ ਬਚ ਨਹੀਂ ਸਕਦਾ। ਪਰ ਧਰਮ ਪੁਜਾਰੀ ਮਨੁੱਖ ਵਿਚੋਂ ਮੌਤ ਦਾ ਭੈਅ ਕੱਢ ਕੇ ਉਸਨੂੰ ਸਦੀਵੀ ਕੁਦਰਤੀ ਨਿਯਮ ਦੀ ਸੋਝੀ ਕਰਾਉਣ ਦੀ ਥਾਂ ਉਸਨੂੰ ਮਰਨ ਬਾਅਦ ਸਵਰਗਾਂ ਦਾ ਲੋਭ ਦਿੰਦਾ ਹੈ, ਉਸ ਅਨੁਸਾਰ ਦੱਸੀ ਪੂਜਾ ਪਾਠ, ਦਾਨ ਦੱਛਣਾ, ਮੰਤਰ ਜਾਪ ਆਦਿ ਨਾ ਕਰਨ ਤੇ ਨਰਕਾਂ ਦੇ ਡਰਾਵੇ ਦਿੰਦਾ ਹੈ, ਇਸ ਤਰ੍ਹਾਂ ਉਸਦਾ ਸਦੀਵੀ ਲੁੱਟ ਦਾ ਧੰਦਾ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ। ਉਸ ਕੋਲ ਮਨੁੱਖ ਦੀ ਡਰ ਤੇ ਲੋਭ ਦੀ ਕਮਜੋਰੀ ਦਾ ਫਾਇਦਾ ਉਠਾਉਣ ਦੇ ਅਨੇਕਾਂ ਤਰੀਕੇ ਹਨ। ਹਾਲਾਂਕਿ ਉਸ ਨੂੰ ਸਭ ਪਤਾ ਹੁੰਦਾ ਹੈ ਕਿ ਕਿਹੜਾ ਸਵਰਗ ਤੇ ਕਿਹੜਾ ਨਰਕ? ਉਸਨੇ ਕਿਹੜਾ ਜਾ ਕੇ ਦੇਖਿਆ ਹੈ। ਬੱਸ ਇਸੇ ਤਰ੍ਹਾਂ ਸਦੀਆਂ ਤੋਂ ਘੜੀਆਂ ਘੜਾਈਆਂ ਝੂਠੀਆਂ ਕਹਾਣੀਆਂ ਸੁਣਾਈ ਜਾ ਰਿਹਾ ਹੈ।
ਧਰਮ ਦਾ ਕੰਮ ਮਨੁੱਖ ਨੂੰ ਲੋਭ ਲਾਲਚ ਦੀ ਬਿਰਤੀ ਤੋਂ ਹਟਾ ਕੇ ਸੱਚ ਦੇ ਮਾਰਗ ਪਾਉਣਾ ਸੀ, ਪਰ ਅੱਜ ਦਾ ਹਰ ਧਰਮ ਮਨੁੱਖ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦਾ ਹੈ ਜਿਵੇਂ ਅਰਦਾਸ ਨਾਲ ਔਲਾਦ ਦੀ ਪ੍ਰਾਪਤੀ, ਸੁੱਖਣਾ ਸੁੱਖ ਕੇ ਮਨੋਕਾਮਨਾਵਾਂ ਪ੍ਰਾਪਤ ਕਰਨੀਆਂ, ਮੰਤਰ ਜਾਪ ਨਾਲ ਆਪਣਾ ਲਾਭ ਤੇ ਵਿਰੋਧੀ ਦਾ ਨੁਕਸਾਨ ਕਰਨਾ, ਕਿਸੇ ਖਾਸ ਥਾਂ ਨੂੰ ਸਖਤ ਜਾਂ ਕਰਨੀ ਵਾਲੇ ਦੱਸ ਕੇ, ਉੱਥੋਂ ਮੁੰਹ ਮੰਗੀਆਂ ਮੁਰਾਦਾਂ ਪੂਰੀਆਂ ਹੋਣ ਦਾ ਭਰਮ ਆਦਿ। ਪਰ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਕਿਸੇ ਪੂਜਾ ਪਾਠ, ਮੰਤਰ ਜੰਤਰ, ਭਜਨ ਬੰਦਗੀ, ਸਿਮਰਨ, ਜਪ-ਤਪ, ਕਠਨ ਤਪੱਸਿਆ ਆਦਿ ਨਾਲ ਕੁੱਝ ਨਹੀਂ ਵਾਪਰਦਾ। ਇਨ੍ਹਾਂ ਸਭ ਸਾਧਨਾਂ ਨਾਲ ਤੁਹਾਡੇ ਸਰੀਰ ਤੇ ਚੰਗਾ ਮਾੜਾ ਅਸਰ ਤੇ ਹੋ ਸਕਦਾ ਹੈ, ਪਰ ਕੋਈ ਵਸਤੂ ਪ੍ਰਾਪਤ ਹੋਵੇ, ਇਹ ਭਰਮ ਤੋਂ ਵੱਧ ਕੁੱਝ ਨਹੀਂ ਹੈ। ਇਸ ਸ੍ਰਿਸਟੀ ਵਿੱਚ ਸਭ ਕੁੱਝ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਹੀ ਵਾਪਰਦਾ ਹੈ। ਇਹ ਨਿਯਮ ਬਦਲੇ ਨਹੀਂ ਜਾ ਸਕਦੇ, ਇਨ੍ਹਾਂ ਨੂੰ ਸਮਝ ਕੇ, ਖੋਜ ਕਰਕੇ, ਇਨ੍ਹਾਂ ਨੂੰ ਹੱਕ ਜਾਂ ਵਿਰੋਧ ਵਿੱਚ ਵਰਤਿਆ ਜਾ ਸਕਦਾ ਹੈ। ਬਹੁਤ ਕੁੱਝ ਅਜਿਹਾ ਵੀ ਵਾਪਰਦਾ ਹੈ, ਜਿਸ ਬਾਰੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਕੋਈ ਕਰਾਮਾਤ ਕਿਸੇ ਅਦਿੱਖ ਸ਼ਕਤੀ ਜਾਂ ਕਿਸੇ ਮੰਤਰ ਜੰਤਰ ਦੇ ਅਸਰ ਕਾਰਨ ਹੋਈ ਹੈ, ਪਰ ਅਜਿਹਾ ਨਹੀਂ ਹੁੰਦਾ, ਅਸਲ ਵਿੱਚ ਸਭ ਕੁੱਝ ਵਾਪਰਦਾ ਕੁਦਰਤ ਦੇ ਨਿਯਮ ਅਨੁਸਾਰ ਹੀ ਹੈ, ਪਰ ਸਾਨੂੰ ਕਈ ਨਿਯਮਾਂ ਦੀ ਅਜੇ ਸਮਝ ਨਹੀਂ। ਜਦੋਂ ਕੁੱਝ ਅਜਿਹਾ ਵਾਪਰ ਜਾਂਦਾ ਹੈ, ਜਿਸ ਬਾਰੇ ਸਾਨੂੰ ਅਜੇ ਸੋਝੀ ਨਹੀਂ, ਧਰਮ ਪੁਜਾਰੀ ਉਨ੍ਹਾਂ ਨੂੰ ਕਰਾਮਾਤ ਨਾਲ ਜੋੜ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦਾ ਹੈ। ਹੁਣ ਇਸਦਾ ਹੱਲ ਕੀ ਹੋਵੇ। ਮਨੁੱਖ ਲੋਭ ਲਾਲਚ ਦੀ ਬਿਰਤੀ ਕਿਵੇਂ ਤਿਆਗੇ? ਕਿਵੇਂ ਉਸਦਾ ਜੀਵਨ ਸਬਰ ਸੰਤੋਖ ਭਰਪੂਰ ਹੋ ਜਾਵੇ? ਇਸਦਾ ਪੁਜਾਰੀਆਂ ਆਧਾਰਿਤ ਪ੍ਰਚਲਤ ਜਥੇਬੰਦਕ ਧਰਮਾਂ ਕੋਲ ਜਵਾਬ ਨਹੀਂ ਹੈ। ਪਰ ਉਨ੍ਹਾਂ ਦੇ ਧਰਮ ਗ੍ਰੰਥਾਂ ਵਿਚੋਂ ਜਰੂਰ ਕੁੱਝ ਮਿਲ ਸਕਦਾ ਹੈ। ਪਰ ਹਰ ਧਰਮ ਦਾ ਪੁਜਾਰੀ ਆਮ ਸ਼ਰਧਾਲੂ ਨੂੰ ਧਰਮ ਗ੍ਰੰਥਾਂ ਤੋਂ ਦੂਰ ਹੀ ਰੱਖਦਾ ਹੈ। ਉਹ ਆਪਣੀ ਬਣਾਈ ਮਰਿਯਾਦਾ ਵਿੱਚ ਹੀ ਉਸਨੂੰ ਉਲਝਾਈ ਰੱਖਦਾ ਹੈ।
ਧਰਮ ਪੁਜਾਰੀਆਂ ਵਲੋਂ ਲੋਭ ਲਾਲਚ ਅਧਾਰਿਤ ਖੜ੍ਹੇ ਕੀਤੇ ਇਸ ਨਕਲੀ ਧਰਮ ਵਿਚੋਂ ਨਿਕਲਣ ਲਈ ਇਹ ਜਰੂਰੀ ਹੈ ਕਿ ਮਨੁੱਖ ਇਹ ਚੰਗੀ ਤਰ੍ਹਾਂ ਜਾਣ ਲਵੇ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਧੀਨ ਚੱਲ ਰਿਹਾ ਹੈ, ਇਹ ਨਿਯਮ ਬਦਲੇ ਨਹੀਂ ਜਾ ਸਕਦੇ, ਇਨ੍ਹਾਂ ਨੂੰ ਆਪਣੀ ਖੋਜ ਜਾਂ ਪਹਿਲੀਆਂ ਖੋਜਾਂ ਦੇ ਅਧਾਰ ਤੇ ਸਮਝਿਆ ਜਾ ਸਕਦਾ ਹੈ। ਇਸ ਲਈ ਪੁਜਾਰੀਆਂ ਵਲੋਂ ਪੂਜਾ, ਪਾਠ, ਸਿਮਰਨ, ਦਾਨ, ਦੱਛਣਾ, ਮੰਤਰ ਜੰਤਰ ਨਾਲ ਕੁੱਝ ਕਰ ਸਕਣ, ਕਿਸੇ ਦੇ ਲੋਭ ਨੂੰ ਪੂਰਾ ਕਰਨ, ਕੋਈ ਕਰਾਮਾਤ ਕਰਨ ਦੇ ਦਾਅਵੇ ਥੋਥੇ ਹਨ, ਇਨ੍ਹਾਂ ਵਿੱਚ ਕੋਈ ਸਚਾਈ ਨਹੀਂ। ਸਾਨੂੰ ਆਪਣੀ ਯੋਗਤਾ ਤੇ ਅਕਲ ਅਨੁਸਾਰ ਜੀਵਨ ਦੇ ਹਰ ਖੇਤਰ ਵਿੱਚ ਤਰੱਕੀ ਲਈ ਬੇਸ਼ੱਕ ਯਤਨ ਕਰਦੇ ਰਹਿਣਾ ਚਾਹੀਦਾ ਹੈ, ਪਰ ਜੋ ਹੈ ਉਸ ਵਿੱਚ ਸਬਰ ਸੰਤੋਖ ਨਾਲ ਰਹਿਣ ਦੀ ਜੀਵਨ ਜਾਚ ਵੀ ਸਿੱਖਣ ਦੀ ਲੋੜ ਹੈ। ਆਪਣੇ ਯਤਨਾਂ ਨਾਲ ਸਭ ਕੁੱਝ ਪ੍ਰਾਪਤ ਕਰਨ ਵਿੱਚ ਕੁੱਝ ਮਾੜਾ ਨਹੀਂ, ਪਰ ਨਾਲ ਹੀ ਇਹ ਸਦੀਵੀ ਸੱਚ ਵੀ ਸਾਡੇ ਸਾਹਮਣੇ ਰਹਿਣਾ ਚਾਹੀਦਾ ਹੈ ਕਿ ਧਰਤੀ ਤੇ ਸਾਡਾ ਸਦੀਵੀ ਬਸੇਰਾ ਨਹੀਂ ਹੈ, ਇਸ ਜਗਤ ਤਮਾਸ਼ੇ ਵਿੱਚ ਸਾਡੀ ਖੇਡ ਥੋੜੇ ਸਮੇਂ ਦੀ ਹੀ ਹੈ, ਇਸ ਲਈ ਥੋੜੇ ਪਰ ਕੀਮਤੀ ਸਮੇਂ ਨੂੰ ਕਿਸ ਤਰ੍ਹਾਂ ਆਪਾਂ ਅਨੰਦਮਈ ਬਣਾ ਸਕੀਏ, ਇਸ ਲਈ ਆਪਾ ਚੀਨਣ ਦੀ ਲੋੜ ਹੈ, ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਲੋਭ ਰੂਪੀ ਵਿਕਾਰ ਬਾਹਰ ਨਹੀਂ ਹੈ, ਇਹ ਸਾਡੇ ਅੰਦਰ ਹੀ ਹੈ ਤੇ ਇਸ ਦਾ ਇਲਾਜ ਵੀ ਸਾਡੇ ਅੰਦਰੋਂ ਹੀ ਹੋਵੇਗਾ। ਬਾਹਰੀ ਧਾਰਮਿਕ ਕਰਮਕਾਂਡ ਸਾਡਾ ਕੁੱਝ ਸੰਵਾਰ ਨਹੀਂ ਸਕਣਗੇ। ਬੇਸ਼ੱਕ ਪਦਾਰਥ ਬਾਹਰ ਹੈ, ਜਿਸਦੀ ਪ੍ਰਾਪਤੀ ਦਾ ਲਾਲਚ ਹੈ, ਪਰ ਲਾਲਚ ਅੰਦਰ ਹੈ, ਇਸ ਲਈ ਜੇ ਕਦੇ ਅਸੀਂ ਕੁੱਝ ਸਮਾਂ ਕੱਢ ਕੇ ਆਪਣੇ ਅੰਦਰ ਝਾਤੀ ਮਾਰਨੀ ਸਿੱਖ ਲਈਏ ਤਾਂ ਸਭ ਵਿਕਾਰਾਂ ਤੋਂ ਮੁਕਤੀ ਮਿਲ ਸਕਦੀ ਹੈ, ਪੁਜਾਰੀਆਂ ਦੇ ਬਾਹਰੀ ਧਰਮ ਮੰਦਰਾਂ ਵਿਚੋਂ ਕੁੱਝ ਵੀ ਹਾਸਿਲ ਨਹੀਂ ਹੋ ਸਕੇਗਾ। ਪੁਜਾਰੀਆਂ ਦੇ ਬਣਾਏ ਧਰਮ ਅਸਥਾਨਾਂ ਵਿੱਚ ਹਜਾਰਾਂ ਸਾਲਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਮੱਥੇ ਰਗੜਦਾ, ਪੂਜਾ ਪਾਠ ਕਰਦਾ, ਭਜਨ ਬੰਦਗੀ ਕਰਦਾ, ਮਰਿਯਾਦਾ ਅਨੁਸਾਰ ਕਰਮ ਕਾਂਡ ਕਰਦਾ ਮਨੁੱਖ ਅੱਗੇ ਤੋਂ ਅੱਗੇ ਲੋਭੀ ਤੇ ਲਾਲਚੀ ਹੀ ਬਣਦਾ ਗਿਆ ਹੈ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮਨੁੱਖ ਪੁਜਾਰੀਆਂ ਦੇ ਬਣਾਏ ਇਨ੍ਹਾਂ ਧਰਮਾਂ ਤੇ ਧਰਮ ਮੰਦਰਾਂ ਦਾ ਖਹਿੜਾ ਛੱਡ ਕੇ ਆਪਣੇ ਅੰਦਰ ਝਾਤੀ ਮਾਰਨ, ਆਪਾ ਚੀਨਣ ਦੇ ਰਾਹ ਤੁਰੇ ਤਾਂ ਹੀ ਸੱਚ ਦੇ ਮਾਰਗ ਦਾ ਪਾਂਧੀ ਬਣ ਸਕਦਾ ਹੈ।
(ਚਲਦਾ)




.