.

ਚਉਰਾਸੀ ਲੱਖ ਜੂਨ

ਵੀਰ ਭੁਪਿੰਦਰ ਸਿੰਘ

ਆਮ ਤੌਰ ’ਤੇ ਮਨੁੱਖ ਅਤੇ ਪਸ਼ੂ-ਪੰਛੀਆਂ ਨੂੰ ਅਲਗ-ਅਲਗ ਜੂਨ ਸਮਝਿਆ ਜਾਂਦਾ ਹੈ। ਸਰੀਰਕ ਰੂਪ ’ਚ ਵੀ ਵੇਖਣ ਨੂੰ ‘ਮਨੁੱਖ’ ਅਤੇ ‘ਪਸ਼ੂ ਪੰਛੀ’ ਵੱਖੋ-ਵੱਖਰੇ ਹਨ। ਮਨੁੱਖ ਭਾਵੇਂ ਆਪਣੇ ਆਪ ਨੂੰ ‘ਮਨੁੱਖ’ ਪਿਆ ਸਮਝੇ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਰੀਏ ’ਚ ਕਰਨੀਆਂ ਕਰਕੇ, ਸੋਚਣੀ ਕਰਕੇ, ਉਹ ਮਨੁੱਖ ਨਹੀਂ ਹੈ। ਆਓ ਗੁਰਬਾਣੀ ਰਾਹੀਂ ਵਿਚਾਰੀਏ, ਕਿਉਂ ਅਤੇ ਕਿਵੇਂ :-

  • 1. ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ। ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418)

  • ਭਾਵ ਜਿਨ੍ਹਾਂ ਮਨੁੱਖਾਂ ਨੇ ਸਤਿਗੁਰ ਅਨੁਸਾਰ ਸਵੈ-ਪੜਚੋਲ ਕਰਕੇ ਆਪਣੀਆਂ ਕਰਨੀਆਂ ਨੂੰ ਸੋਧਿਆ ਨਹੀਂ ਹੈ ਉਹ ਦਿਸਦੇ ਭਾਵੇਂ ਮਨੁੱਖ ਹਨ ਪਰ ਕਰਨੀਆਂ ਕਰਕੇ ਪਸ਼ੂ ਢੋਰ ਗਵਾਰ ਹਨ।

  • 2. ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ।। ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 1284) ਭਾਵ ਬਾਹਰੋਂ ਚਮੜੀ ਕੇਵਲ ਮਨੁੱਖਾਂ ਵਾਲੀ ਹੈ ਪਰ ਅੰਦਰੋਂ ਪਸ਼ੂ ਹਨ।

  • 3. ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 547) ਭਾਵ ਰਤਨ ਵਰਗੀ ਮਤ ਤਿਆਗ ਕੇ ਨੀਵੀਂ ਮਤ ਕਾਰਨ ਪਸ਼ੂ ਹੈ।

  • 4. ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 983) ਭਾਵ ਲੋਭ ਕਾਰਨ ਹਲਕੇ ਕੁੱਤੇ ਦੀ ਨਿਆਈਂ ਹੈ।

  • 5. ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1132) ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ ਪਰ ਆਪਣੇ ਆਪ ਨੂੰ ਪਛਾਣਦਾ ਨਹੀਂ ਹੈ।

  • 6. ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278) ਭਾਵ ਜਦੋਂ ਮਨੁੱਖ ਕਿਸੇ ਵੀ ਕਿਸਮ ਦੇ ਰਾਜ ਅਭਿਮਾਨ ਕਾਰਨ ਦੂਜਿਆਂ ਤੇ ਹਾਵੀ ਹੁੰਦਾ ਹੈ, ਉਹ ਆਤਮਕ ਤੌਰ ’ਤੇ ਹੁਣੇ ਹੀ, ਅੱਜ ਹੀ ਕੁੱਤੇ ਦੀ ਨਿਆਈਂ ਨਰਕ ਵਿਚ ਹੈ।

  • 7. ਬਿਨੁ ਸਿਮਰਨ ਕੂਕਰ ਹਰਕਾਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 239) ਰੱਬੀ ਗੁਣਾਂ ਤੋਂ ਬਿਨਾ ਮਨੁੱਖ ਹਰਕਾਏ ਕੁੱਤੇ ਦੀ ਨਿਆਈਂ ਹੈ।

  • 8. ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ।। ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 1428) ਜੋ ਸੱਚ ਨਾਲ ਨਹੀਂ ਜੁੜਦਾ ਮਾਨੋ ਉਸ ਦਾ ਤਨ ਸੂਕਰ ਅਤੇ ਸੁਆਨ ਹੀ ਹੈ।

  • 9. ਬਿਨੁ ਸਿਮਰਨ ਗਰਧਭ ਕੀ ਨਿਆਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 239) ਸੱਚ ਤੋਂ ਮੁਨਕਰ ਮਨੁੱਖ ਗਧੇ ਦੀ ਨਿਆਈਂ ਹੀ ਹੈ।

  • 10. ਜੋ ਨ ਸੁਨਹਿ ਜਸੁ ਪਰਮਾਨੰਦਾ।। ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 188) ਭਾਵ ਜੋ ਮਨੁੱਖ ਪ੍ਰਭੂ ਜਸ ਨਹੀਂ ਸੁਣਦਾ ਉਹ ਪਸੂ-ਪੰਖੀ ਤੇ ਤ੍ਰਿਗਦ ਜੋਨ ਤੋਂ ਵੀ ਮੰਦਾ ਹੈ।

  • 11. ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ।। (ਗੁਰੂ ਗ੍ਰੰਥ ਸਾਹਿਬ, ਪੰਨਾ : 1411) ਭਾਵ ਹੰਕਾਰ ਕਾਰਨ ਮਨੁੱਖ ਹੁਣੇ ਹੀ ਖੋਤੇ ਦੀ ਨਿਆਈਂ ਹੈ।

  • 12. ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 751) ਆਪਣਾ ਮੂਲ ਨ ਬੁਝਨ ਵਾਲਾ ਮਨੁੱਖ ਪਸ਼ੂ ਢੋਰ ਹੀ ਹੈ।

  • 13. ਹਰਿ ਬਿਸਰਤ ਸੋ ਮੂਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 407)

  • 14. ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 251)

  • 15. ਕੂਕਰ ਸੂਕਰ ਕਹੀਅਹਿ ਕੂੜਿਆਰਾ।। ਭਉਕਿ ਮਰਹਿ ਭਉ ਭਉ ਭਉ ਹਾਰਾ। (ਗੁਰੂ ਗ੍ਰੰਥ ਸਾਹਿਬ, ਪੰਨਾ : 1029)

  • 16. ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ।। ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1356)

  • ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਐਸੇ ਅਨੇਕਾਂ ਪਰਮਾਣ ਹਨ ਜਿਨ੍ਹਾਂ ਵਿਚ ਪ੍ਰੋਢਾਵਾਦੀ ਢੰਗ (vernaculars, metaphors) ਨਾਲ ਪਸ਼ੂ ਪੰਛੀਆਂ ਦੇ ਲਫਜ਼ ਵਰਤ ਕੇ ਮਨੁੱਖ ਨੂੰ ‘ਸਤਿਗੁਰ’ ਦ੍ਰਿੜ ਕਰਵਾਇਆ ਹੈ ਕਿ ਮਨੁੱਖ ‘ਕਰਤੂਤਾਂ ਪਸ਼ੂਆਂ ਵਾਲੀਆਂ’ ਕਰਦਾ ਹੈ ਪਰ ‘ਮਾਨਸ ਜਾਤ’ ਹੈ।

    ਗੁਰ ਸੇਵਾ ਤੇ ਭਗਤਿ ਕਮਾਈ।। ਤਬ ਇਹ ਮਾਨਸ ਦੇਹੀ ਪਾਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1159)

    ਦੇ ਭਾਵ ਅਰਥ ਹਨ ਕਿ ਜੇ ਕਰ ਮਨੁੱਖ ਸੱਚੇ ਗਿਆਨ, ਸਤਿਗੁਰ (universal truth) ਅਨੁਸਾਰ ਜਿਊਂਦਾ ਹੈ ਤਾਂ ਮਾਨੋ ਉਸਨੇ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ ਵਰਨਾ ਮਨੁੱਖੀ ਸਰੀਰ ਪ੍ਰਾਪਤ ਕਰਕੇ ਵੀ ਉਹ ਕਰਤੂਤਾਂ ਕਾਰਨ ਪਸ਼ੂ ਹੀ ਹੈ। ਭਾਵ ਇਹ ਨਿਕਲਿਆ ਕਿ ਮਨੁੱਖ ਕੋਲ ਮਨੁੱਖਾਂ ਵਾਲੀ ਚਮੜੀ ਤਾਂ ਹੈ ਪਰ ਅੰਦਰੋਂ (ਬਿਰਤੀ ਕਾਰਨ, ਸੋਚ ਕਾਰਨ) ਪਸ਼ੂ, ਪੰਛੀ, ਸੱਪ, ਖੋਤਾ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਪ੍ਰੋਢਾਵਾਦੀ ਢੰਗ ਵਰਤ ਕੇ ਆਤਮਕ ਅਤੇ ਮਾਨਸਕ ਅਵਸਥਾ ਦੀਆਂ ਜੂਨੀਆਂ ਨੂੰ ਬਿਆਨ ਕਰਦੇ ਹੋਏ ਮਨੁੱਖ ਨੂੰ ‘ਉੱਚੀ ਕਰਨੀ’ ਵੱਲ ਪ੍ਰੇਰਿਤ ਕਰਦੀ ਹੈ।

    ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। (ਗੁਰੂ ਗ੍ਰੰਥ ਸਾਹਿਬ, ਪੰਨਾ : 1428)

    ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪੰਕਤੀ ਅਨੁਸਾਰ ਕੁੱਤਾ ਵੀ ਚੰਗਾ ਹੈ ਪਰ ਜਿਹੜਾ ਮਨੁੱਖ ਇਨਸਾਨੀਅਤ ਭਰਪੂਰ ਜ਼ਿੰਦਗੀ ਨਾ ਜਿਊ ਕੇ ਪਸ਼ੂਆਂ ਵਾਲੀਆਂ ਕਰਤੂਤਾਂ ਕਰਦਾ ਹੈ ਉਸ ਦੀ ਮਨੁੱਖਾ ਜੂਨ ਵੀ ਬੇਕਾਰ ਹੈ। ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ।। ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 489)

    ਗੁਰਬਾਣੀ ’ਚ ਐਸੇ ਅਨੇਕ ਪ੍ਰਮਾਣ ਹਨ ਜੋ ਇਹ ਦ੍ਰਿੜਾਉਂਦੇ ਹਨ ਕਿ ‘ਮਨੁੱਖਾ ਸਰੀਰ’ ਨੂੰ ‘ਮਾਨਸ ਜੂਨ’ ਨਹੀਂ ਕਹਿੰਦੇ ਹਨ ਬਲਕਿ ਮਾੜੀਆਂ ਕਰਤੂਤਾਂ ਵਾਲਾ ਮਨੁੱਖ ਮਾਨੋ ਆਤਮਕ/ਮਾਨਸਕ ਰੂਪ ’ਚ ਹੁਣੇ ‘ਪਸ਼ੂ ਪੰਛੀ’ ਦੀ ਜੂਨ ਵਿਚ ਹੀ ਪਿਆ ਹੈ। ਸਤਿਗੁਰ ਅਨੁਸਾਰ ‘ਉੱਚੀ ਜੀਵਨੀ ਵਾਲੇ ਮਨੁੱਖ’ ਬਣਨ ਨਾਲ ਜੋ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ਉਸਨੂੰ ‘ਮਾਨਸ ਜੂਨ’ ਆਖੀਦਾ ਹੈ, ਇਹ ਸੋਝੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ।




    .