.

ਕੀ ਸੰਗ੍ਰਾਂਦ ਸਿੱਖਾਂ ਦਾ ਪਵਿਤਰ ਦਿਨ ਹੈ ਜਾਂ ਅਨਮੱਤੀਆਂ ਦਾ?

ਅਵਤਾਰ ਸਿੰਘ ਮਿਸ਼ਨਰੀ (5104325827)

ਸੰਗ੍ਰਾਂਦ ਜਾਂ ਸੰਕ੍ਰਾਂਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਸੰਗ੍ਯਾ ਹੈ-ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ, ਸੂਰਜ ਮਹੀਨੇ ਦਾ ਪਹਿਲਾ ਦਿਨ, ਪਹਿਲਾ ਪ੍ਰਵਿਸ਼ਟਾ। (ਮਹਾਨ ਕੋਸ਼) ਪਾਠਕ ਜਨੋ! ਸਾਰੇ ਦਿਨ ਦਿਹਾਰ ਸਮੇਂ ਨਾਲ ਹੀ ਸਬੰਧ ਰੱਖਦੇ ਹਨ। ਪੁਰਾਤਨ ਸਮੇਂ ਮਨੁੱਖ ਜੰਗਲਾਂ ਬੇਲਿਆਂ ਵਿੱਚ ਨੰਗਾ ਰਹਿੰਦਾ ਸੀ, ਬਨਾਸਪਤੀ ਦੇ ਫਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜਾਰਾ ਕਰਦਾ ਸੀ। ਜਿਉਂ ਜਿਉਂ ਮਨੁੱਖ ਦੀ ਬੁੱਧੀ ਨੇ ਵਿਕਾਸ ਕੀਤਾ ਹੈ ਤਿਉਂ ਤਿਉਂ ਹੀ ਉਹ ਸਭਿਅਕ ਹੋਈ ਗਿਆ। ਤਨ ਢੱਕਣ ਲੱਗ ਪਿਆ, ਮਾਸ ਸਬਜੀਆਂ ਪਕਾ ਕੇ ਖਾਣ ਲੱਗ ਪਿਆ। ਸਿਰ ਲੁਕਾਵੇ ਲਈ ਰਹਿਣ ਵਾਸਤੇ ਪਹਿਲੇ ਕੱਖਾਂ ਦੀਆਂ ਛੰਨਾਂ (ਛਪਰੀਆਂ), ਫਿਰ ਮਿੱਟੀ ਦੇ ਕੱਚੇ ਕੋਠੇ ਅਤੇ ਅੱਜ ਲੱਕੜ, ਇੱਟਾਂ, ਸੀਸ਼ੇ, ਸੀਮਿੰਟ ਆਦਿਕ ਮਟੀਰੀਅਲ ਦੇ ਬਣੇ ਪੱਕੇ ਮਕਾਨਾਂ ਵਿੱਚ ਰਹਿੰਦਾ ਹੈ।

ਆਪਣੇ ਰੋਜਾਨਾਂ ਜੀਵਨ ਨੂੰ ਸਮੇਂਬੱਧ ਕਰਨ ਲਈ ਸਮੇਂ ਦੀ ਵੰਡ ਕੀਤੀ ਗਈ। ਪਹਿਲਾਂ ਪਹਿਲ ਦਿਨੇ ਸੂਰਜ, ਰਾਤ ਨੂੰ ਚੰਦ ਤਾਰਿਆਂ ਦੀ ਪ੍ਰਛਾਵੇਂ ਬਦਲਣ ਦੀ ਗਤੀ ਅਨੁਸਾਰ ਸਮੇਂ (ਵੇਲੇ) ਦਾ ਹਿਸਾਬ ਰੱਖਦਾ ਸੀ। ਪਹਿਲੇ ਬਹੁਤੀ ਜਾਣਕਾਰੀ (ਗਿਆਨ) ਨਾਂ ਹੋਣ ਕਰਕੇ ਕੁਦਰਤੀ ਸੋਮੇਂ ਅੱਗ, ਹਵਾ, ਪਾਣੀ, ਪਸ਼ੂ ਪੰਛੀ, ਪਹਾੜ, ਚੰਦ, ਸੂਰਜ ਅਤੇ ਤਾਰੇ ਅਦਿਕਾਂ ਨੂੰ ਗੈਬੀ ਸ਼ਕਤੀਆਂ ਸਮਝ ਪੂਜਾ ਕਰਦਾ ਸੀ। ਹੌਲੀ ਹੌਲੀ ਹੋਰ ਵਿਕਸਤ ਹੋਇਆ, ਪਤੀ-ਪਤਨੀ ਬਣ ਪ੍ਰਵਾਰ ਬਣੇ, ਦਾਨੇ ਪੁਰਸ਼ ਪੈਦਾ ਹੋਏ, ਮਨੁੱਖੀ ਸਮਾਜ ਵਿੱਚ ਬੋਲੀ ਵਿਕਸਤ ਹੋਈ, ਉਨ੍ਹਾਂ ਨੇ ਵਿਦਿਆ (ਪੜ੍ਹਾਈ) ਵਿਕਸਤ ਕਿਤੀ। ਚੰਗੇ ਮੰਦੇ ਕਰਮਾਂ ਦਾ ਪਤਾ ਲੱਗਾ। ਚੰਗੇ ਕਰਮ ਧਰਮ ਸਮਝੇ ਗਏ ਅਤੇ ਮੰਦੇ ਪਾਪ। ਅਲੱਗ ਅਲੱਗ ਸਮਾਜ ਅਤੇ ਮਜਹਬ ਬਣ ਗਏ।

ਵਿਦਿਆਧਾਰੀ ਗਿਆਨਵਾਨ ਲੋਕ ਧਰਮੀ ਆਗੂ ਅਤੇ ਕਬੀਲਿਆਂ ਦੇ ਰਾਜੇ ਬਣ ਗਏ। ਆਂਮ ਪਰਜਾ ਅਗਿਆਨੀ ਹੀ ਸੀ। ਜਿਵੇਂ ਰਾਜੇ ਹੁਕਮ ਕਰਦੇ ਅਤੇ ਮਜਹਬੀ ਆਗੂ ਮਜਹਬ ਬਾਰੇ ਲੋਕਾਂ ਨੂੰ ਦਸਦੇ ਲੋਕ ਅੰਧਵਿਸ਼ਵਾਸ਼ ਵਿੱਚ ਉਵੇਂ ਹੀ ਕਰੀ ਜਾਂਦੇ। ਫਿਰ ਪੀਰ ਪੈਗੰਬਰ ਅਵਤਾਰ ਪੈਦਾ ਹੋਏ ਉਹ ਸਿਆਣੇ ਸਨ ਉਨ੍ਹਾਂ ਨੇ ਵੱਖ ਵੱਖ ਮਜਹਬਾਂ ਵਿੱਚ ਕਾਫੀ ਸੁਧਾਰ ਕੀਤਾ। ਸਮਾਂ ਪਾ ਕੇ ਉਨ੍ਹਾਂ ਦੇ ਜਾਂਨਸ਼ੀਨ ਧਰਮ ਆਗੂ ਬਣ ਕੇ ਵੱਖਰੀਆਂ ਵੱਖਰੀਆਂ ਮਰਯਾਦਾ ਚਲਾਉਣ ਲੱਗ ਪਏ। ਹਿੰਦੂਆਂ ਵਿੱਚ ਬ੍ਰਾਹਮਣ (ਪੰਡਿਤ) ਮੁਸਲਮਾਨਾਂ ਵਿੱਚ ਮੁੱਲਾਂ (ਕਾਜੀ) ਹੋਰ ਵਿਹਲੜ ਫਿਰਤੂ ਸਾਧ ਸਿੱਧ ਜੋਗੀ ਗ੍ਰਿਹਸਤ ਦੀਆਂ ਘਰੇਲੂ ਜੁਮੇਵਾਰੀਆਂ ਤੋਂ ਭਗੌੜੇ ਹੋ ਜੰਗਲਾਂ ਪਹਾੜਾਂ ਵਿੱਚ ਜਾ ਬੈਠੇ।

ਉਪ੍ਰੋਕਤ ਧਾਰਮਿਕ ਆਗੂਆਂ ਚੋਂ ਬ੍ਰਾਹਮਣ ਲੋਕਾਂ ਨੂੰ ਧਰਮ ਦੇ ਨਾਂ ਤੇ ਰੱਬ ਡਰਾਵੇ ਦੇ ਕੇ ਠੱਗਣ ਵਿੱਚ ਸਭ ਤੋਂ ਅੱਗੇ ਨਿਕਲ ਗਿਆ। ਇਸ ਨੇ 33 ਕਰੋੜ ਦੇਵੀ ਦੇਵਤੇ ਕਲਪਿਤ ਕਰ ਲਏ। ਉਨ੍ਹਾਂ ਦਾ ਵੱਖ ਵੱਖ ਢੰਗਾਂ ਨਾਲ ਪੂਜਨ ਸ਼ੁਰੂ ਕਰ ਦਿੱਤਾ। ਆਪਣੀ ਮਰਜੀ ਦੇ ਗ੍ਰੰਥ ਰਚੇ ਅਤੇ ਮਰਯਾਦਾ ਮਾਨਤਾਵਾਂ ਪੈਦਾ ਕੀਤੀਆਂ। ਵੱਖ ਵੱਖ ਕਰਮਕਾਂਡ ਚਲਾ ਦਿੱਤੇ। ਵੱਖ ਵੱਖ ਤਰ੍ਹਾਂ ਦੀ ਪੂਜਾ ਅਤੇ ਪਾਠ ਵਿਧੀਆਂ ਅਤੇ ਭੇਟਾ ਪੈਦਾ ਕਰ ਲਈਆਂ। ਕਈ ਤਰ੍ਹਾਂ ਦੇ ਤਿਉਹਾਰ ਸਿਰਜ ਲਏ ਤੇ ਉਹ ਵੀ ਬ੍ਰਾਹਮਣਾਂ, ਖੱਤਰੀਆਂ, ਵੈਸ਼ਾਂ ਅਤੇ ਸ਼ੂਦਰਾਂ ਦੇ ਵੱਖ ਵੱਖ। ਕਰਮਾਂ ਦੇ ਹਿਸਾਬ ਲਈ ਵਹੀ ਖਾਤੇ ਅਤੇ ਚੰਗੀ ਮਾੜੀ ਕਿਸਮਤ ਦੱਸ ਕੇ ਲੁੱਟਣ ਲਈ ਜੋਤਸ਼ੀ ਬਣ, ਜੰਤਰੀਆਂ ਲਿਖ ਲਈਆਂ। ਦਿਨ, ਰਾਤ, ਹਫਤਾ, ਮਹੀਨਾ, ਸਾਲ ਅਤੇ ਸਦੀਆਂ ਦੇ ਉਪਾਅ ਦੱਸਣ ਲੱਗ ਪਏ। ਮੰਗਲਵਾਰ, ਵੀਰਵਾਰ ਸਿਰ ਪਾਣੀ ਨਹੀਂ ਪਾਉਣਾ, ਫਲਾਨੀ ਦਿਸ਼ਾਂ ਵੱਲ ਨਹੀ ਜਾਣਾ, ਖੁਸ਼ੀ ਦੇ ਕਰਮ 12 ਵਜੇ ਤੋਂ ਪਹਿਲਾਂ ਅਤੇ ਗਮੀ ਦੇ 12 ਤੋਂ ਬਾਅਦ ਕਰਨੇ, ਪੁੰਨਿਆਂ, ਮੱਸਿਆ, ਪੰਚਕਾਂ ਅਤੇ ਸੰਗ੍ਰਾਂਦਾਂ ਸਿਰਜ ਲਈਆਂ। ਬੜੇ ਜੋਰ ਸ਼ੋਰ ਅਤੇ ਦਾਅਵੇ ਨਾਲ ਪ੍ਰਚਾਰ ਕੀਤਾ ਕਿ ਜੋ ਵੀ ਇਨ੍ਹਾਂ ਪਵਿਤਰ ਦਿਨਾਂ ਤੇ ਬ੍ਰਾਹਮਣਾਂ ਨੂੰ ਵੱਧ ਤੋਂ ਵੱਧ ਦਾਨ-ਪੁੰਨ ਕਰੇਗਾ ਉਸ ਨੂੰ ਪ੍ਰਲੋਕ ਵਿੱਚ ਚੰਗਾ ਫਲ ਮਿਲੇਗਾ।

ਹੁਣ ਆਪਾਂ ਸੰਗ੍ਰਾਦ ਬਾਰੇ ਵਿਚਾਰ ਕਰਦੇ ਹਾਂ। ਸੂਰਜ ਦੀਆਂ ਬਾਰਾਂ ਰਾਸਾਂ ਹਨ ਜਿਸ ਦਿਨ ਸੂਰਜ ਇਕ ਰਾਸ ਚੋਂ ਦੂਜੀ ਰਾਸ ਵਿੱਚ ਜਾਂਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਇਸ ਦਿਨ ਬ੍ਰਾਹਮਣ ਪੁਜਾਰੀ ਸ਼ਰਧਾਲੂਆਂ ਤੋਂ ਪਿਤਰ ਪੂਜਾ ਕਰਵਾਉਂਦੇ ਹਨ। ਸੂਰਜ ਵੱਲ ਮੂੰਹ ਕਰਕੇ 88 ਹਜਾਰ ਯੋਜਨ ਦੂਰ ਬੈਠੇ ਪਿਆਸੇ ਪਿਤਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਪੂਜਾ ਭੇਟਾ ਨਾਲ ਬ੍ਰਾਹਮਣ ਦੀ ਮੁੱਠੀ ਗਰਮ ਕੀਤੀ ਜਾਂਦੀ ਹੈ। ਇਸ ਲਈ ਲੋਕ ਸੰਗ੍ਰਾਂਦ ਵਾਲੇ ਦਿਨ ਨੂੰ ਪਵਿਤਰ ਸਮਝ ਕੇ ਅੰਨ੍ਹੇਵਾਹ ਭਾਰੀ ਗਿਣਤੀ ਵਿੱਚ ਮੰਦਰਾਂ ਤੀਰਥਾਂ ਆਦਿਕ ਥਾਵਾਂ ਤੇ ਜਾਂਦੇ ਹਨ।

ਜਦ 1469 ਈਸਵੀ ਵਿੱਚ ਜਗਤ ਰਹਿਬਰ ਬਾਬਾ ਨਾਨਕ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ। ਉਨ੍ਹਾਂ ਨੇ ਵੱਖ ਵੱਖ ਮਜਹਬਾਂ ਦੇ ਮਹਜਬੀ ਅਸਥਾਨਾਂ, ਤੀਰਥਾਂ ਅਦਿਕ ਤੇ ਜਾ ਕੇ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਫਜੂਲ ਦੀਆਂ ਕਰਮਕਾਂਡੀ, ਅੰਧਵਿਸ਼ਵਾਸ਼ੀ ਲੋਟੂ ਰੀਤਾਂ ਦੀ ਗੁਲਾਮੀ ਵਿੱਚੋਂ ਕੱਢਿਆ।

ਹਰਦੁਆਰ ਵਾਲੀ ਸਾਖੀ ਕਿ ਹੇ ਪਾਂਡਿਓ! ਜੇ ਮਨੋਕਲਪਤ 88 ਹਜਾਰ ਯੋਜਨ ਪਿਤਰ ਲੋਕ ਵਿੱਚ ਤੁਹਾਡਾ ਸੁੱਟਿਆ ਪਾਣੀ ਜਾ ਸਕਦਾ ਹੈ ਤਾਂ ਮੇਰਾ ਕਰਤਾਰਪੁਰ 300 ਕੋਹਾਂ ਤੇ ਕਿਉਂ ਨਹੀਂ? ਇਹ ਹੀ ਸਿਖਿਆ ਦਿੰਦੀ ਹੈ।

ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦਿੱਤਾ ਉਹ “ਗੁਰੂ ਗ੍ਰੰਥ ਸਾਹਿਬ” ਵਿੱਚ ਸੁਭਾਏਮਾਨ ਹੈ। ਜੋ ਫੋਕਟ ਅਤੇ ਲੋਟੂ ਕਰਮਕਾਂਡਾਂ ਤੋਂ ਬਚਣ ਦੀ ਸਿਖਿਆ ਦਿੰਦਾ ਹੈ। ਰੱਬੀ ਗਿਆਨ ਦਾ ਭੰਡਾਰ ਹੈ। ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵੀ ਸਦੀਵੀ ਸਾਂਇੰਟੇਫਿਕ ਹੈ। ਐਸਾ ਅਮੁੱਲ ਗਿਆਨ ਦਾ ਖਜਾਨਾਂ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਜੇ ਅਸੀਂ ਬ੍ਰਾਹਮਣੀ ਥੋਥੇ ਕਰਮਕਾਂਡਾਂ ਵਿੱਚ ਫਸੇ ਹੋਏ ਹਾਂ ਤਾਂ ਸੋਚੋ ਐਸਾ ਭਾਣਾ ਕਿਉਂ ਵਰਤਿਆ ਹੈ?

ਜਦ ਗੁਰੂ ਗਿਆਨ ਦੇ ਸੂਰਜ ਅੱਗੇ ਬ੍ਰਾਹਮਣੀ ਕਰਮਕਾਂਡਾਂ ਦਾ ਹਨੇਰਾ ਉੱਡਣ ਲੱਗ ਪਿਆ ਤਾਂ ਇਹ ਲੋਟੂ ਪੁਜਾਰੀ ਓਦੋਂ ਤਾਂ ਕੁਝ ਕਰ ਨਾਂ ਸੱਕੇ ਪਰ ਬਾਅਦ ਵਿੱਚ ਨਿਰਮਲੇ, ਉਦਾਸੀਆਂ ਦੇ ਰੂਪ ਵਿੱਚ ਸਿੱਖਾਂ ਵਿੱਚ ਘੁਸੜ ਕੇ ਗੁਰ ਸਿਧਾਂਤ, ਮਰਯਾਦਾ ਅਤੇ ਇਤਿਹਾਸ ਨੂੰ ਬ੍ਰਾਹਮਣੀ ਰਹੁ ਰੀਤਾਂ ਨਾਲ ਰਲ ਗਡ ਕਰਨ ਦੇ ਨਾਲ-ਨਾਲ ਡੇਰੇ ਸੰਪ੍ਰਦਾਵਾਂ ਬਣਾ, ਓਥੇ ਧਰਮ ਵਿਦਿਆ ਦੇ ਨਾਂ ਮਿਲਗੋਬੇ ਪ੍ਰਚਾਰਕ ਪੁਜਾਰੀ ਪੈਦਾ ਕਰਕੇ, ਸਿੱਖ ਗੁਰਦੁਆਰਿਆਂ ਵਿੱਚ ਆ ਵੜੇ। ਸੰਤਾਂ-ਸਾਧਾਂ ਦਾ ਰੂਪ ਧਾਰ ਕੇ ਸਨਾਤਨੀ ਪ੍ਰਚਾਰ ਕਰਨ ਲੱਗ ਪਏ। ਬਹੁਤ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਰਹੁਰੀਤਾਂ ਮਰਯਾਦਾ ਦੇ ਨਾਂ ਤੇ ਗੁਰਦੁਆਰਿਆਂ ਵਿੱਚ ਵੀ ਚਲਾ ਦਿੱਤੀਆਂ। ਗੁਰਬਾਣੀ ਵਿਚਾਰ ਦੀ ਥਾਂ ਭਜਨਾਂ ਵਾਲਾ ਕੱਚੀ ਬਾਣੀ ਦਾ ਕੀਰਤਨ, ਗਿਣਤੀ ਮਿਣਤੀ ਦੇ ਪਾਠ, ਧੂਪ, ਦੀਪ, ਨਾਰੀਆਲ ਕੁੰਭ ਘੜਾ, ਚੰਗਾ ਮੰਦਾ ਦਿਨ, ਦਿਸ਼ਾ, ਮਹੂਰਤ, ਧਰਤੀ ਜਾਗਦੀ-ਸੁੱਤੀ ਵਾਲਾ ਭਰਮ ਪਾ ਦਿੱਤਾ ਜੋ ਅਜੋਕੇ ਡੇਰਵਾਦੀ ਪ੍ਰਬੰਧਕ ਅਤੇ ਗ੍ਰੰਥੀ ਵੀ ਕਰ ਕਰਵਾ ਰਹੇ ਹਨ।

ਆਓ ਹੁਣ ਆਪਾਂ ਇਸ ਲੇਖ ਨੂੰ ਗੁਰਬਾਣੀ ਦੀ ਸਿਖਿਆ ਨਾਲ ਸੰਪੂਰਨ ਕਰੀਏ। ਗੁਰਬਾਣੀ ਦਾ ਚੰਗੇ ਮਾੜੇ ਦਿਨਾਂ, ਮਹੂਰਤਾਂ ਅਤੇ ਸੰਗ੍ਰਾਦਾਂ ਬਾਰੇ ਫੁਰਮਾਨ ਹੈ-ਸਤਿਗੁਰਿ ਬਾਝਹੁ ਅੰਧੁ ਅੰਧਾਰੁ॥ ਥਿਤੀ ਵਾਰ ਸੇਵਹਿ ਮੁਗਧ ਗਾਵਾਰੁ॥ (843) ਸਤਿਗੁਰਾਂ ਨੇ ਚੰਗੇ ਮਾੜੇ ਦਿਨ ਮੰਨ ਕੇ ਸੰਗ੍ਰਾਦਾਂ ਆਦਿਕ ਦੀ ਪੂਜਾ ਕਰਨ ਵਾਲਿਆਂ ਨੂੰ ਮੂਰਖ ਗਾਵਾਰ ਕਿਹਾ ਹੈ, ਇਹ ਬਹੁਤ ਵੱਡੀ ਫਿਟਕਾਰ ਹੈ। ਹੋਰ ਦੇਖੋ ਫੁਰਮਾਂਦੇ ਹਨ-ਸੋਈ ਦਿਵਸ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤੁ॥ ਜਿਤੁ ਦਿਨੁ ਵਿਸਰੈ ਪਾਰਬ੍ਰਹਮੁ ਫਿਟਿ ਭਰੇਰੀ ਰੁਤਿ॥ (318) ਸਾਰੇ ਦਿਨ ਰਾਤ ਮਹੀਨੇ ਚੰਗੇ ਹਨ ਜਦ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਇਕਲੱਲੀਆਂ ਪੁੰਨਿਆਂ, ਮਸਿਆਂ ਅਤੇ ਸੰਗ੍ਰਾਂਦਾਂ ਹੀ ਪਵਿਤਰ ਨਹੀਂ-ਸਭੇ ਰੁਤੀਂ ਚੰਗੀਆਂ ਜਾਂ ਸੱਚੇ ਸਿਉਂ ਨੇਹੁ॥ (1015) ਅਤੇ ਮਹਾ ਦਿਵਸ ਮ੍ਹੂਰਤ ਭਲੇ ਜਿਸ ਕਉ ਨਦਰਿ ਕਰੇਇ॥ (136) ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕਾਂ ਅਤੇ ਗ੍ਰੰਥੀਆਂ ਨੂੰ ਦਾਸ ਦੀ ਗੁਜਾਰਸ਼ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰਮਰਯਾਦਾ ਨੂੰ ਚਲਾਉਣ ਨਾਂ ਕਿ ਸੰਪ੍ਰਦਾਈਆਂ ਦੀ “ਡੇਰਵਾਦੀ ਮਰਯਾਦਾ” ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਮਰਯਾਦਾ ਨਾਲ ਮੇਲ ਨਹੀਂ ਖਾਂਦੀ। ਯਾਦ ਰੱਖਿਓ ਜਿਸ ਦਿਨ ਸਿੱਖਾਂ ਨੇ ਸੰਪ੍ਰਦਾਵਾਂ ਅਤੇ ਡੇਰੇ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਦੇ ਪੰਥ ਦੇ ਹੋ ਗਏ, ਉਸ ਦਿਨ ਗੁਰਦੁਆਰਿਆਂ ਵਿੱਚ ਧਰਮ ਦੇ ਨਾਂ ਤੇ ਕੀਤੇ ਜਾਂਦੇ ਬ੍ਰਾਹਮਣੀ ਅਤੇ ਸੰਪ੍ਰਦਾਈ ਕਰਮਕਾਂਡ ਖਤਮ ਹੋ ਜਾਣਗੇ। ਇਸ ਲਈ ਸਿੱਖ ਦੀ ਸੰਗ੍ਰਾਂਦ (ਪਵਿਤਰ ਦਿਨ) ਹਰ ਰੋਜ ਹੈ ਨਾਂ ਕਿ ਸੂਰਜ ਦੀ ਰਾਸ਼ੀ ਬਦਲਣ ਵਾਲਾ ਦਿਨ ਸੰਗਰਾਂਦ ਹੈ।




.