.

ਮੂਲ ਮੰਤ੍ਰ ਦੀ ਵਿਆਖਿਆ

ਮੂਲ ਮੰਤ੍ਰ :- ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ|| ਮੂਲ ਮੰਤ੍ਰ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦਾ ਸਰੂਪ ਬਿਆਨ ਕੀਤਾ ਹੈ|
ਅਰਥ:- ਅਕਾਲ ਪੁਰਖ ਇੱਕ ਹੈ ਜੋ ਅਨੇਕਤਾ ਵਿੱਚ (ਓਅੰਕਾਰ) ਸ੍ਰਿਸ਼ਟੀ ਦਾ ਰਚਨਹਾਰ ਹੈ| ਉਸ ਦਾ ਨਾਮ ‘ਸਤਿ’ ਹੋਂਦ ਵਾਲਾ ਹੈ (ਕਲਪਨਾ ਮਾਤ੍ਰ ਨਹੀਂ)| ਉਹ ਸਦਾ ਥਿਰ ਹੈ| ਉਹ ਸਭ ਵਿੱਚ ਵਿਆਪਕ ਹੈ| ਡਰ ਤੋਂ ਰਹਿਤ ਹੈ| ਵੈਰ- ਰਹਿਤ ਹੈ| ਕਾਲ -ਰਹਿਤ ਹੈ| ਉਸ ਦਾ ਸਰੂਪ ਨਾਸ-ਰਹਿਤ ਹੈ| ਉਹ ਸ਼ਕਤੀ ਹੈ, ਕੋਈ ਨਿਰਜਿੰਦ ਮਸ਼ੀਨ ਨਹੀਂ, ਉਹ ਹੋਂਦ ਵਾਲੀ ਚੇਤਨ ਸ਼ਕਤੀ ਹੈ| ਚੇਤਨ ਹਸਤੀ ਹੈ| ਉਸ ਦਾ ਵਜੂਦ ਹੋਰ ਜੀਵਾਂ ਦੀ ਤਰ੍ਹਾਂ ਜਨਮ ਵਿੱਚ ਨਹੀਂ ਆਉਂਦਾ| ਉਸ ਦੇ ਵਜੂਦ ਦਾ ਕੋਈ ਕਾਰਨ ਨਹੀਂ, ਉਹ ਤਾਂ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ| ਜੋਤੀ ਸਰੂਪ ਹੈ-ਉਸ ਦੀ ਚੇਤਨਤਾ ਆਪਣੇ ਆਪ ਤੋਂ ਹੈ| ਉਹ ਸਤਿ ਸਰੂਪ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ|
ਵਿਆਖਿਆ:-
੧:- ਗੁਰੂ ਜੀ ਨੇ ਆਪਣੇ ਅਕਾਲ ਪੁਰਖ ਦਾ ਲਖਾਇਕ ‘੧’ ਨੂੰ ‘ਅੰਕ’ ਕਰਕੇ ਵਰਤਿਆ ਹੈ| ਇਹ ‘੧’ ਸੰਖਿਆ ਵਾਚਕ ਵਿਸ਼ੇਸ਼ਣ ਨਹੀਂ ਬਲਕਿ ਨਾਂਵ ਹੈ| ‘੧’ ਇਹ ਵੀ ਦਸਦਾ ਹੈ ਕਿ ਸ੍ਰਿਸ਼ਟੀ ਦਾ ਮੂਲ ‘0’ ਸ਼ੂਨ ( ਅਣਹੋਂਦ) ਨਹੀਂ, ਪਰ ਹੋਂਦ ਵਾਲਾ ਸਰੂਪ ਹੈ ਜੋ ‘੧’ ਹੈ| ਉਹ ਇੱਕ ਅਦੁਤੀ ਇੱਕ ਹੈ| “ ਗੁਣੁ ਇਹੋ ਹੋਰੁ ਨਾਹੀ ਕੋਇ|| ਨਾ ਕੋ ਹੋਆ ਨਾ ਕੋ ਹੋਇ|| “ (ਆਸਾ ਮਹਲਾ ੧) | ਉਸ ਦਾ ਵੱਡਾ ਗੁਣ ਇਹੋ ਹੈ ਕਿ ਉਸ ਵਰਗਾ ਹੋਰ ਕੋਈ ਨਹੀਂ, ਨਾ ਕੋਈ ਹੋਇਆ ਹੈ ਨਾ ਹੋਵਗੇ| ਉਹ ਇੱਕ ਹੈ ਤੇ ਉਸ ਵਰਗਾ ਇੱਕ ਉਹ ਆਪ ਹੀ ਹੈ, ਹੋਰ ਕੋਈ ਨਹੀਂ|
ੴ:- ਓਅੰਕਾਰ= ਪਰਮਾਤਮਾ, ਦਿਸਦੀ ਅਨਦਿਸਦੀ ਸ੍ਰਿਸ਼ਟੀ ਦਾ ਰਚਨਹਾਰ| “ਓਅੰਕਾਰੁ ਕੀਆ ਜਿਨਿ ਚਿਤਿ|| ਓਅੰਕਾਰਿ ਸੈਲ ਜੁਗ ਭਏ||” (ਰਾਮਕਲੀ ਮਹਲਾ ੧)| ਓਅੰਕਾਰ ਨੇ ਚੇਤਨ ਸ੍ਰਿਸ਼ਟੀ ਰਚੀ| ਓਅੰਕਾਰ ਤੋਂ ਦੇਸ ਤੇ ਕਾਲ ਰਚੇ ਗਏ, ਜੜ੍ਹ ਸ੍ਰਿਸ਼ਟੀ ਰਚੀ ਗਈ| ਇਨ੍ਹਾਂ ਬਾਣੀ ਵਾਕਾਂ ਵਿੱਚ ਗੁਰੂ ਸਾਹਿਬ ਨੇ ਆਪ ਹੀ(ੴ ) ਦਾ ਉਚਾਰਨ(੧ਓਅੰਕਾਰ) ਬੰਨ੍ਹ ਦਿੱਤਾ ਹੈ| ਇਸ ਦਾ ਉਚਾਰਨ (੧ਓਂਮਕਾਰ ਜਾਂ ਏਕਮਕਾਰ) ਕਰਨਾ ਗਲਤ ਹੈ| ਸਨਾਤਨ ਧਰਮ ਵਿੱਚ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰਚਨਹਾਰ, ਵਿਸ਼ਨੂੰ ਪਾਲਣ ਵਾਲਾ, ਮਹਾਂਦੇਵ (ਸ਼ਿਵ ਜੀ) ਨੂੰ ਸੰਘਾਰਣ ਵਾਲਾ ਮੰਨਦੇ ਹਨ| ਗੁਰੂ ਜੀ ਨੇ ਓਅੰਕਾਰ ਦੇ ਮੁਹਰੇ ‘੧’ ਲਿਖਕੇ ਸਪਸ਼ਟ ਕਰ ਦਿੱਤਾ ਹੈ ਕਿ ਓਅੰਕਾਰ ਦੀਆਂ ਵੰਡੀਆਂ ਨਹੀਂ ਪੈ ਸਕਦੀਆਂ, ਉਹ ਇੱਕ ਹੀ ਇੱਕ ਹੈ, ਉਹੀ ਪੈਦਾ ਕਰਨ ਵਾਲਾ ਹੈ, ਉਹੀ ਪਾਲਣ ਵਾਲਾ ਹੈ ਅਤੇ ਉਹੀ ਸੰਘਾਰਣ ਵਾਲਾ ਹੈ| ‘ਕਾਰ’ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ, ਇਸ ਦੇ ਅਰਥ ਹਨ ਲਗਾਤਾਰ, ਇੱਕ ਰਸ ਵਿਆਪਕ ਜਿਸਤਰ੍ਹਾਂ ਧੁਨਿ=ਆਵਾਜ਼, ਧੁਨਿਕਾਰ=ਲਗਾਤਾਰ ਇੱਕ ਰਸ ਆਵਾਜ਼| ਓਅੰ +ਕਾਰ= ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿਆਪਕ ਪਰਮਾਤਮਾ|
ਸਤਿਨਾਮੁ:- ਸਤਿ= ਜੋ ਬਦਲਦਾ ਨਹੀਂ ਹੈ, ਕਦੇ ਦੁਤੀਆ ਨਹੀਂ ਹੈ; ਨਾਮੁ= ਜਿਸ ਪਦ ਨਾਲ ਕਿਸੇ ਨੂੰ ਹੋਰਨਾਂ ਤੋਂ ਵਿਸ਼ੇਸ਼ਤਾ ਦੇ ਕੇ ਸੱਦਿਆ ਜਾਏ| “ਕਿਰਤਮ ਨਾਮ ਕਥੇ ਤੇਰੇ ਜਿਹਬਾ|| ਸਤਿਨਾਮੁ ਤੇਰਾ ਪਰਾ ਪੂਰਬਲਾ||”( ਮਾਰੂ ਸੋਹਲੇ ਮਹਲਾ ਪ)|| ਹੇ ਅਕਾਲ ਪੁਰਖ! ਸਾਡੀ ਜੀਵਾਂ ਦੀ ਜੀਭ ਤੇਰੇ ਉਹ ਨਾਮ ਆਖਦੀ ਹੈ ਜਿਹੜੇ ਤੇਰੇ ਗੁਣਾਂ ਕਰਕੇ ਰੱਖੇ ਗਏ ਹਨ ਜਿਸਤਰ੍ਹਾਂ ‘ਗੋਪਾਲ’, ਪ੍ਰਿਥਵੀ ਦੀ ਪਾਲਨਾ ਕਰਨ ਵਾਲਾ| ਪਰ ‘ਸਤਿਨਾਮ ‘ ਤੇਰਾ ਮੁੱਢ ਕਦੀਮੀ ਦਾ ਨਾਮ ਹੈ| ਭਾਵ ਤੂੰ ਹੋਂਦ ਵਾਲਾ ਹੈਂ, ਤੂੰ ਉਦੋਂ ਵੀ ਹੈ ਸੀ ਜਦ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ| ਸਿੱਖੀ ਵਿੱਚ ‘ਨਾਮੁ ‘, ਵਾਹਿਗੁਰੂ ਜੀ ਨਾਲ ਅਭੇਦ ਉਸ ਦੀ ਕੋਈ ਆਪਣੀ ਕਲਾ ਵਿਆਪਕ ਵਸਤੂ ਹੈ| ਉਸ ਵਾਂਗੂ ਮਾਇਆ ਰਹਿਤ ਅਤੇ ਅਲਖ ਹੈ| ਉਸ ਨੂੰ ਲਖਣਾ ਹੈ ਤੇ ਲਖਤਾ ਗੁਰੂ ਤੋਂ ਮਿਲਦੀ ਹੈ| ਨਾਮ ਨਿਰਾ ਸੰਗਯਾ ਮਾਤ੍ਰ ਨਹੀਂ, ਨਾਮ ਜਪ ਹੈ| ਨਾਮ ਸਿਮਰਨ ਹੈ| ਨਾਮ ਲਿਵ ਹੈ| ਅਕਾਲ ਪੁਰਖ ਦੀ ਸਿਫਤ ਸਲਾਹ, ਅਕਾਲ ਪੁਰਖ ਦੇ ਗੁਣ, ਜੋ ਵਿਸਥਾਰ ਵਿੱਚ ਗੁਰਬਾਣੀ ਵਿੱਚ ਉਚਾਰੇ ਗਏ ਹਨ, ਗਾਇਨ ਤੇ ਪਿਆਰ ਨਾਲ ਪਾਠ ਕਰਨ ਨਾਲ ਮਨ ਦੀ ਮੈਲ ਉਤਰਦੀ ਹੈ:- “ਗੁਨ ਗਾਵਤ ਤੇਰੀ ਉਤਰਸਿ ਮੈਲੁ|| “ (ਸੁਖਮਨੀ)| ਵਾਹਿਗੁਰੂ ਦੀ ਸਿਫਤ ਸਲਾਹ, ਕੀਰਤਨ, ਉਸ ਅਗੇ ਬੇਨਤੀ, ਉਸ ਦਾ ਸ਼ੁਕਰ, ਗੁਰ ਮੰਤ੍ਰ ਦਾ ਜਪ; ਇਹ ਜਗਆਸੂ ਨੂੰ, “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ|| “ ( ਜਪੁਜੀ ਸਾਹਿਬ ) ਅਤੇ “ ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ|| “ (ਰਾਮਕਲੀ ਮਹਲਾ ੩ ), ਵਾਲੀ ਆਤਮਕ ਅਵਸਥਾ ਤਕ ਲੈ ਜਾਂਦਾ ਹੈ| ਹੁਕਮ ਦੀ ਸੋਝੀ ਪੈਣ ਨਾਲ, ਹਉਮੈ ਟੁੱਟਣ ਨਾਲ, ਭਾਣੇ ਵਿੱਚ ਰਹਿਣ ਨਾਲ, ਗੁਰਬਾਣੀ ਦੇ ਉਪਦੇਸ਼ ਮੁਤਾਬਿਕ ਜੀਵਨ ਢਾਲਣ ਨਾਲ, ਨਾਮ ਦਾ ਪ੍ਰੇਮੀ ਨਾਮੀ ( = ਵਾਹਿਗੁਰੂ ) ਨਾਲ ਤਦਰੂਪ ਹੋ ਜਾਂਦਾ ਹੈ|
ਕਰਤਾ ਪੁਰਖੁ:- ਕਰਤਾ=ਰਚਨ ਵਾਲਾ; ਪੁਰਖੁ= ਸਰਬ ਵਿਆਪਕ| ਇੱਕ ਕਰਤਾ ਉਹ ਹੁੰਦਾ ਹੈ ਜੋ ਸਾਮਗਰੀ ਬਾਹਰੋਂ ਲੈ ਕੇ ਕੁਝ ਬਣਾਉਂਦਾ ਹੈ ਜਿਸਤਰ੍ਹਾਂ ਰਾਜ ਮਿਸਤਰੀ ਘਰ ਬਣਾਉਂਦਾ ਹੈ ਪਰ ਬਨਾਉਂਣ ਦੇ ਬਾਅਦ ਉਸ ਦਾ ਘਰ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ| ਦੂਜਾ ਉਹ ਕਰਤਾ ਹੈ ਜੋ ਸਾਮਗਰੀ ਆਪਣੇ ਅੰਦਰੋਂ ਹੀ ਕੱਢਦਾ ਹੈ ਕੁਝ ਬਨਾਉਣ ਲਈ ਜਿਸਤਰ੍ਹਾਂ ਮਕੜੀ ਆਪਣੇ ਅੰਦਰੋਂ ਹੀ ਤਾਰ ਕੱਢ ਕੇ ਜਾਲ ਬੁਣ ਕੇ ਘਰ ਬਣਾਉਂਦੀ ਹੈ ਤੇ ਉਸ ਵਿੱਚ ਰਹਿੰਦੀ ਵੀ ਹੈ| ਅਕਾਲ ਪੁਰਖ ਇਨ੍ਹਾਂ ਦੂਹਾਂ ਤੋਂ ਅਲਗ ਤਰ੍ਹਾਂ ਦਾ ਕਰਤਾ ਹੈ| ਉਹ ਤਾਂ ਆਪਣੇ ਹੁਕਮ ਮਾਤ੍ਰ ਜਾਂ ਵਾਕ ਕਰਨ ਨਾਲ ਦਿਖਦੀ ਅਨਦਿਖਦੀ ਰਚਨਾ ਰਚ ਦੇਂਦਾ ਹੈ| “ਕੀਤਾ ਪਸਾਉ ਏਕੋ ਕਵਾਉ|| “ ਅਤੇ “ਹੁਕਮੀ ਹੋਵਨਿ ਆਕਾਰ|| “ (ਜਪੁਜੀ)| ‘ ਕਰਤਾ ‘ ਦੇ ਨਾਲ ‘ ਪੁਰਖੁ ‘ ਕਹਿ ਕੇ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਵਾਹਿਗੁਰੂ ਸ੍ਰਿਸ਼ਟੀ ਰਚ ਕੇ ਆਪ ਕਿਤੇ ਅਲਗ ਥਲਗ ਨਹੀਂ ਜਾ ਬੈਠਾ, ਉਹ ਆਪਣੀ ਰਚਨਾ ਵਿੱਚ ਵਿਆਪਕ ਹੈ| ਉਹ ਕਾਦਿਰ ਕਰਤਾ ਹੈ| “ ਨਾਨਕ ਜੰਤ ਉਪਾਇਕੇ ਸੰਮਾਲੇ ਸਭਨਾਹ|| “ (ਵਾਰ ਆਸਾ ਮਹਲਾ ੧)| ਰਚਨਹਾਰ ਅਤੇ ਕਾਦਿਰ ਹੋਣ ਕਰ ਕੇ ਪਾਲਣਾ ਉਸ ਦਾ ਬਿਰਦ ਬਣ ਜਾਂਦਾ ਹੈ|
ਨਿਰਭਉ :- ਨਿਰਭਉ =ਡਰ ਰਹਿਤ| “ ਤਿਸ ਤੇ ਊਪਰਿ ਨਾਹੀ ਕੋਇ|| ਕਉਣ ਡਰੈ ਡਰੁ ਕਿਸਕਾ ਹੋਇ|| “ (ਬਿਲਾਵਲ ਮਹਲਾ ੩ )|| ਅਕਾਲ ਪੁਰਖ ਦੇ ਬਰਾਬਰ ਦਾ ਕੋਈ ਨਹੀਂ ਇਸ ਲਈ ਉਸ ਨੂੰ ਭਉ ਕਾਹਦਾ ? ਸਿੱਖ ਜਦ ਨਿਰਭਉ ਦੀ ਅਰਾਧਨਾ ਕਰਦਾ ਹੈ ਤਾਂ ਆਪ ਵੀ ਨਿਰਭਉ ਹੋ ਜਾਂਦਾ ਹੈ| “ਨਿਰਭਉ ਜਪੈ ਸਗਲ ਭਉ ਮਿਟੈ||” (ਸੁਖਮਨੀ)| ਭਜਨ ਕਰਨ ਨਾਲ ਖੋਟਾ ਭੈ (ਸੰਕਲਪ ਵਿਕਲਪ ਵਹਿਮਾਂ ਭਰਮਾਂ ਦਾ ਭੈ) ਮਿਟ ਜਾਂਦਾ ਹੈ| ( ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੈ ਦਾ ਉਪਦੇਸ਼ ਹੈ ਪਰ ਇਹ ਖਰਾ ਭੈ ਹੈ ਜੋ ਕੀਤੇ ਕਰਮਾ ਦਾ ਭੈ ਹੈ ਅਤੇ ਚੰਗੇ ਪਾਸੇ ਲਗਣ ਲਈ ਤੇ ਭਜਨ ਕਰਨ ਲਈ ਪ੍ਰੇਰਦਾ ਹੈ| ਖਰਾ ਭੈ ਬੁੱਧੀ ਦੀ ਮੈਲ ਦੂਰ ਕਰਦਾ ਹੈ| ਮਨ ਨਿਰਮਲ ਹੋ ਜਾਂਦਾ ਹੈ| ਪਰਮਾਤਮਾ ਨਿਰਮਲ ਮਨ ਵਿੱਚ ਹੀ ਵਸਦਾ ਹੈ| “ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ|| ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ||” - ਸਲੋਕ ਭਗਤ ਕਬੀਰ ਜੀ )
ਨਿਰਵੈਰੁ:- ਨਿਰਵੈਰੁ = ਵੈਰ ਰਹਿਤ| ਅਕਾਲ ਪੁਰਖ ਦਾ ਕੋਈ ਸ਼ਰੀਕ ਨਹੀਂ, ਵੈਰ ਕਿਸ ਨਾਲ ? “ ਤਿਸਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ|| “ (ਵਾਰ ਵਡਹੰਸੁ ਮਹਲਾ ੩)| ਵਾਹਿਗੁਰੂ ਸਾਡੇ ਕਰਮਾ ਦਾ ਫਲ ਪ੍ਰਦਾਤਾ ਤਾਂ ਹੈ ਪਰ ਵੈਰੀ ਨਹੀਂ| ਉਹ ਤਾਂ ਪ੍ਰੇਮ ਸਰੂਪ ਹੈ, ਰਾਤ ਦਿਨ ਜੀਵਾਂ ਦੀ ਸੰਭਾਲ ਕਰਦਾ ਹੈ| “ ਨਾਨਕ ਜੰਤ ਉਪਾਇਕੇ ਸੰਮਾਲੇ ਸਭਨਹ “ ( ਵਾਰ ਆਸਾ ਮਹਲਾ ੧ )| ਦੁਖ ਸੁਖ ਸਾਡੇ ਪੂਰਬਲੇ ਕਰਮਾ ਦਾ ਫਲ ਹੈ| “ ਸੁਖੁ ਦੁਖੁ ਪੁਰਬ ਜਨਮ ਕੇ ਕੀਏ| “ (ਮਾਰੂ ਸੋਹਲੇ ਮਹਲਾ ੧)| ਦੁਖ ਪੀੜਾ ਨੂੰ ਪਰਮਾਤਮਾ ਦੇ ਵੈਰ ਭਾਵ ਤੋਂ ਨਹੀਂ ਸਮਝਣਾ ਚਾਹੀਦਾ, ਉਹ ਆਪਣੇ ਕੀਤੇ ਦਾ ਫਲ ਸਮਝਣਾ ਠੀਕ ਹੈ| “ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨਾ ਦੀਜੈ ਅਵਰ ਜਨਾ||” (ਆਸਾ ਮਹਲਾ ੧ )| ਗੁਰਮਤਿ ਦਾ ਪਰਮੇਸ਼ਰ ਵੈਰ ਭਾਵ ਤੋਂ ਰਹਿਤ ਹੈ| “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ|| ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮ ਰੀ||” (ਧਨਾਸਰੀ ਭਗਤ ਤ੍ਰਿਲੋਚਨ ਜੀ )| ਹੇ ਭੁਲੜ ਮੂਰਖ ਜਿੰਦੇ ! ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ ? ਪਾਪ ਪੁੰਨ ਤੇਰੇ ਆਪਣੇ ਕੀਤੇ ਹੋਏ ਕੰਮ ਹਨ, ਜਿਨ੍ਹਾਂ ਕਰਕੇ ਸੁਖ ਦੁਖ ਭੋਗ ਰਹੀ ਹੈਂ|
ਅਕਾਲ ਮੂਰਤਿ:- ਅਕਾਲ ਮੂਰਤਿ=ਮੌਤ ਰਹਿਤ ਹਸਤੀ| “ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ||” (ਮਾਰੂ ਮਹਲਾ ੧ ਸੋਹਲੇ)| ਅਕਾਲ ਨਾਲ ‘ ਮੂਰਤਿ ‘ ਲਗਾ ਕੇ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ ਅਕਾਲ ‘ ਹੋਣ ਕਰਕੇ ਉਹ ਅਨਹੋਂਦ ਨਹੀਂ ਹੋ ਜਾਂਦਾ, ਉਸ ਦੀ ਹੋਂਦ ਹੈ, ਉਹ ਮੌਤ-ਰਹਿਤ ਹੈ ਪਰ ਹਸਤੀ ਵਾਲਾ ਹੈ| ਮੂਰਤਿ=ਹੋਂਦ, ਹਸਤੀ|
ਅਜੂਨੀ:- ਅਜੂਨੀ=ਜੂਨ ਜਾਂ ਜਨਮ ਮਰਨ ਤੋਂ ਰਹਿਤ| ਵਾਹਿਗੁਰੂ ਦੇ ਵਜੂਦ ਦਾ ਕੋਈ ਕਾਰਣ ਨਹੀਂ| ਉਹ ਤਾਂ ਆਪ ਸਭ ਕਾਰਣਾ ਦਾ ਕਾਰਣ ਹੈ| “ ਤੁਮ ਸਮਰਥਾ ਕਾਰਨ ਕਰਨ||” ( ਬਿਲਾਵਲ ਮਹਲਾ ਪ )| ਜੋ ਸਭ ਦਾ ਕਾਰਣ ਹੈ ਉਹ ਕਿਸੇ ਦੀ ਕਿਰਤ ਨਹੀਂ ਹੋ ਸਕਦਾ| ਅਕਾਲ ਪੁਰਖ ਜੂਨਾਂ ਵਿੱਚ ਨਹੀਂ ਪੈਂਦਾ|
ਸੈਭੰ:- ਸੈਭੰ=ਆਪਣੇ ਆਪ ਹੀ ਪ੍ਰਕਾਸ਼ ਸਰੂਪ| ਉਸ ਨੂੰ ਕੋਈ ਹੋਰ ਪ੍ਰਕਾਸ਼ਣ ਵਾਲਾ ਨਹੀਂ ਹੈ| ਉਹ ਜੋਤਿ ਸਰੂਪ ਹੈ| ਉਸ ਦੀ ਜੋਤਿ ਸਭ ਵਿੱਚ ਹੈ| “ਸਭ ਮਹਿ ਜੋਤਿ ਜੋਤਿ ਹੈ ਸੋਇ||” ( ਧਨਾਸਰੀ ਮਹਲਾ ੧ )| “ ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ||”( ਵਾਰ ਆਸਾ ਮਹਲਾ ੧)| ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਹੈ|
ਗੁਰ :- ਗੁਰ=ਗੁਰਮੰਤ੍ਰ ਦਾ ਦਾਤਾ, ਦੀਖਆ ਦਾ ਸੋਮਾ| ਗੁਰ ਦਾ ‘ ਰ ‘ ਮੁਕਤਾ ਹੋਣ ਕਰਕੇ ਸਮਾਸ ਹੈ; ਅਰਥ;- ਗੁਰੂ ਦਾ, ਗੁਰੂ ਦੀ| ਗੁਰਸਿਖੀ ਵਿੱਚ ਇਹ ਪਦ ਦਸੋਂ ਗੁਰੂ ਸਾਹਿਬਾਨ ਲਈ ਮਖ਼ਸੂਸ ਹੈ| ਦਸਾਂ ਗੁਰੂ ਸਾਹਿਬਾਂ ਦੇ ਸਰੀਰ-ਤਿਆਗ ਮਗਰੋਂ ਗਿਰਆਈ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਰੱਖੀ ਗਈ ਤੇ ਪੰਥ ਉਨ੍ਹਾਂ ਦੀ ਤਾਬਿਆ ਗੁਰੂ ਕੀਤਾ ਗਿਆ, ਸੋ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਬਿਆ ਹੋਕੇ ਦੀਖਿਆ ਦੇਣ, ਖੰਡੇ ਬਾਟੇ ਦਾ ਅੰਮ੍ਰਿਤ ਛੱਕਾਣ, ‘ਵਾਹਿਗੁਰੂ’ ਗੁਰਮੰਤ੍ਰ ਦੇਣ ਦਾ ਕਾਰਜ ਕਰਦੇ ਹਨ| “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ( ਭਾਈ ਗੁਰਦਾਸ ਵਾਰ ੧੩-੨ ) | ਸਿੱਖੀ ਵਿੱਚ ਇਹ ਮਰਯਾਦਾ ਤੋੜਣ ਦਾ ਕਿਸੇ ਨੂੰ ਹੱਕ ਨਹੀਂ| ਕੋਈ ਸਿੱਖ ਚਾਹੇ ਕਿਤਨਾ ਪਾਰਗਿਰਾਮੀ ਹੋਵੇ, ਦਸਾਂ ਗੁਰੂ ਸਾਹਿਬਾਂ ਦੇ ਤੁੱਲ ਮੰਨਣਾ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੋਂ ਇਨਕਾਰ ਕਰਨਾ, ਗੁਰਮਤਿ ਨਹੀਂ ਹੈ|
ਗੁਰ ਪ੍ਰਸਾਦਿ:- ਪ੍ਰਸਾਦਿ=ਮਿਹਰ ਨਾਲ, ਕ੍ਰਿਪਾ ਨਾਲ| ( “ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ||” ( ਰਾਮਕਲੀ ਸਦੁ)| ( ਗੁਰੂ ਅਮਰਦਾਸ ਨੇ) ਗੁਰੂ ਨਾਨਕ ਤੇ ਗੁਰੂ ਅੰਗਦ ਦੀ ਕ੍ਰਿਪਾ ਨਾਲ ਉਤਮ ਪਦਵੀ ਪਾ ਲਈ| ) ਗੁਰ ਪ੍ਰਸਾਦਿ= ਅਕਾਲ ਪੁਰਖ, ਜਿਸ ਦਾ ਸਰੂਪ ਮੂਲ ਮੰਤ੍ਰ ਵਿੱਚ ਬਿਆਨ ਕੀਤਾ ਗਿਆ ਹੈ, ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ|
ਨੋਟ:- ਮੂਲ ਮੰਤ੍ਰ ੴ ਤੋਂ ਲੈ ਕੇ ਗੁਰ ਪ੍ਰਸਾਦਿ ਤਕ ਹੀ ਹੈ| ਇਸ ਤੋਂ ਅਗੇ ‘ || ਜਪੁ|| ‘ ਲਿਖਿਆ ਹੈ, ਇਹ ਜਪੁਜੀ ਸਾਹਿਬ ਬਾਣੀ ਦਾ ਨਾਂ ਹੈ, ਮੂਲ ਮੰਤ੍ਰ ਦਾ ਹਿੱਸਾ ਨਹੀਂ| ਇਸ ਤੋਂ ਅਗੇ “ਆਦਿ ਸਚੁ ਜੁਗਾਦਿ ਸਚੁ|| ਹੈ ਭੀ ਸਚੁ ਨਾਨਕ ਹੋਸੀ ਭੀ ਸਚੁ|| “ ਹੈ| ਇਹ ਵੀ ਮੂਲ ਮੰਤ੍ਰ ਦਾ ਹਿੱਸਾ ਨਹੀਂ| ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਜਾਂ ਰਾਗਾਂ ਦੇ ਸ਼ੁਰੂ ਵਿੱਚ ਮੂਲ ਮੰਤ੍ਰ ਲਿਖਿਆ ਗਿਆ ਹੈ, ਪਰ ਇਸ ਦੇ ਨਾਲ “|| ਜਪੁ|| ਆਦਿ ਸਚੁ ਜੁਗਾਦਿ ਸਚੁ|| ਹੈ ਭੀ ਸਚੁ ਨਾਨਕ ਹੋਸੀ ਭੀ ਸਚੁ|| “ ਨਹੀਂ ਲਿਖਿਆ ਗਿਆ| ਜੇ ਇਹ ਮੂਲ ਮੰਤ੍ਰ ਦਾ ਹਿੱਸਾ ਹੁੰਦਾ ਤਾਂ ਇਹ ਜ਼ਰੂਰ ਨਾਲ ਲਿਖਿਆ ਹੁੰਦਾ|
ਸੁਰਜਨ ਸਿੰਘ-919041409041




.