.

ਗੁਰਬਾਣੀ ਅਰਥਾਂ ਦੀ ਪ੍ਰਸੰਗਕਤਾ


ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਇੱਕ(੧) ਦੇ ਫਲਸਫੇ ਨੂੰ ਪ੍ਰਭਾਸ਼ਿਤ ਕਰਦੀ ਹੋਣ ਕਾਰਣ ਅਰਥ ਵੀ ਇੱਕ (੧) ਦੇ ਫਲਸਫੇ ਤਹਿਤ ਹੀ ਕਰਨੇ ਬਣਦੇ ਹਨ ਪਰ ਗੁਰਬਾਣੀ ਦੇ ਵਿਆਖਿਆਕਾਰ ਅਕਸਰ ਅਰਥ ਕਰਨ ਵੇਲੇ ਭਿੰਨ ਭਿੰਨ ਵਿਚਾਰ-ਧਾਰਾਵਾਂ ਦੇ ਪਰਭਾਵ ਨਾਲ ਅਤੇ ਅਰਥਾਂ ਨੂੰ ਕਿਸੇ ਸ਼ਬਦ ਕੋਸ਼ ਦੀ ਨਿਰਭਰਤਾ ਨਾਲ ਭਿੰਨ ਭਿੰਨ ਅਰਥ ਕਰਦੇ ਦਿਖਾਈ ਦਿੰਦੇ ਹਨ। ਗੁਰਬਾਣੀ ਦੇ ਕਾਵਿ ਰੂਪ ਵਿੱਚ ਹੋਣ ਕਾਰਣ ਪੜ੍ਹਨ ਵਾਲੇ ਦੀ ਕਾਵਿ ਨਿਯਮਾਂ ਤੋਂ ਅਣਜਾਣਤਾ ਅਤੇ ਨਿੱਝੀ ਸਮਝ ਹੀ ਆਪਦੇ ਅਨੁਕੂਲ ਅਰਥ ਤੈਅ ਕਰ ਜਾਂਦੀ ਹੈ। ਭਾਵੇਂ ਗੁਰਬਾਣੀ ਲਿਖਣ ਸਮੇ ਇਹ ਸਥਾਨਿਕ ਲੋਕਾਂ ਦੀ ਸਮਝ ਅਨੁਸਾਰੀ ਸੀ ਪਰ ਸਮੇ ਦੇ ਬਦਲਦਿਆਂ ਇਸ ਦੀ ਬੋਲੀ ਅਤੇ ਸ਼ਬਦਾਂ ਦਾ ਜਨ ਸਧਾਰਣ ਦੀ ਬੋਲੀ ਨਾਲੋਂ ਫਰਕ ਪੈ ਜਾਣਾ ਕੁਦਰਤੀ ਸੀ।
ਅਕਸਰ ਕਿਹਾ ਜਾਂਦਾ ਹੈ ਕਿ ਗੁਰਬਾਣੀ ਤਾਂ ਅਥਾਹ ਸਮੁੰਦਰ ਹੈ ਜੋ ਵੀ ਇਸ ਵਿੱਚ ਜਿਤਨੀ ਡੁੰਘਾਈ ਅਤੇ ਨਜ਼ਰੀਏ ਨਾਲ ਚੁੱਭੀ ਮਾਰਦਾ ਹੈ ਉਤਨੇ ਹੀ ਅਨਮੋਲ ਵਿਚਾਰਾਂ ਦੇ ਹੀਰੇ-ਮੋਤੀ ਕੱਢ ਲਿਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਕਹਾਣੀ ਜਾਂ ਜੀਵਨੀ ਨਹੀਂ ਸਗੋਂ ਗੁਰੂਆਂ ਭਗਤਾਂ ਦੇ ਸੈਕੜੇ ਸਾਲਾਂ ਵਿੱਚ ਜੀਵਨ ਨੂੰ ਕਰਤੇ ਨਾਲ ਇੱਕ ਕਰਕੇ ਕਮਾਏ ਨਿਯਮ ਅਤੇ ਗੁਰਮਤਿ ਦਾ ਸਦਾ ਸਥਿਰ ਰਹਿਣ ਵਾਲਾ ਫਲਸਫਾ ਹੈ। ਗੁਰਮਤਿ ਦੇ ਸਿਧਾਂਤ ਸਦੀਵ ਕਾਲ ਤੱਕ ਸੱਚ ਰਹਿਣ ਵਾਲੇ ਹਨ ਜੋ ਕਦੇ ਵੀ ਬਦਲ ਨਹੀਂ ਸਕਦੇ ਇਸ ਤਰਾਂ ਇਹਨਾਂ ਦੀ ਵਿਆਖਿਆ ਵੀ ਸੱਚ ਅਤੇ ਇੱਕ ਹੈ ਅਤੇ ਸਦਾ ਲਈ ਸੱਚ ਅਤੇ ਇੱਕ ਹੀ ਰਹਿਣੀ ਚਾਹੀਦੀ ਹੈ। ਕਿਸੇ ਵੇਲੇ ਵੇਦਾਂ ਪੁਰਾਣਾ ਆਦਿ ਨੂੰ ਪੜਨ ਵਾਲਿਆਂ ਨੂੰ ਹੀ ਵਿਦਵਾਨ ਸਮਝਿਆ ਜਾਂਦਾ ਹੋਣ ਕਾਰਣ ਸੰਪਰਦਾਈ ਸੋਚ ਵਾਲੇ ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਵੀ ਵੈਦਿਕ ਜਾਂ ਪੁਰਾਣਿਕ ਅਰਥ ਹੀ ਕਰਦੇ ਸਨ ਜੋ ਇੱਕ (੧) ਦੇ ਫਲਸਫੇ ਦੇ ਵਿਰੁੱਧ ਜਾ ਖੜਦੇ ਸਨ। ਅਜਿਹੀ ਸੋਚ ਦਾ ਕਰਤਾ ਸੈ ਭੰ (ਸਵੈ ਭੰ), ਅਜੂਨੀ ਅਤੇ ਕਿਰਤ ਵਿੱਚ ਪੂਰਿਆ/ਇੱਕ ਮਿੱਕ ਹੋਇਆ ਬ੍ਰਹਿਮੰਡ ਵਿੱਚ ਇਕਸਾਰ ਵਿਚਰਨ ਵਾਲਾ ਨਹੀਂ ਸੀ ਸਗੋਂ ਧਰਤੀ ਤੋਂ ਉੱਪਰ ਕਿਸੇ ਆਸਮਾਨ ਤੇ ਬੈਠਾ ਆਪਣੇ ਪੂਰੇ ਵਿਭਾਗ ਰਾਹੀਂ ਇਕੱਲੇ ਇਕੱਲੇ ਮਨੁੱਖ ਦੇ ਕਰੇ ਕਰਮਾਂ ਦਾ ਫੈਸਲਾ ਆਵਾਗਵਣ ਰਾਹੀਂ ਨਿਸ਼ਚਿਤ ਕਰਦਾ, ਇਕ ਬਾਦਸ਼ਾਹ ਵਾਂਗ ਸੀ ਜਿਸ ਨੂੰ ਵਿਚੋਲਿਆਂ ਦੀ ਮਦਦ ਨਾਲ ਪੂਜਾ ਅਰਚਨਾ ਰਾਹੀਂ ਖੁਸ਼ਾਮਦ ਕਰਕੇ ਫੈਸਲੇ ਬਦਲਵਾਏ ਅਤੇ ਸੰਸਾਰਿਕ ਲਾਭ ਲਏ ਜਾ ਸਕਦੇ ਸਨ। ਅਜਿਹੀ ਸੋਚ ਅਧੀਨ ਗੁਰਬਾਣੀ ਦੇ ਅਰਥ ਕਰਨ ਵਾਲੇ ਵੀ ਇਸੇ ਭਾਵਨਾ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਦੇ ਸਨ।
ਇਸ ਦੇ ਉਲਟ ਇੱਕ (੧) ਦਾ ਸਿਧਾਂਤ ਸਮੁੱਚੇ ਬ੍ਰਹਿਮੰਡ ਵਿੱਚ ਅਕਾਲਪੁਰਖ ਨੂੰ ਇਕ ਅਟੱਲ ਨਿਯਮ ਵਜੋਂ, ਜਨਮ ਮਰਨ ਰਹਿਤ, ਇਕਸਾਰ ਸ਼ਕਤੀ ਰੂਪ ਵਿੱਚ ਵਿਚਰਦਾ ਤੱਕਦਾ ਹੈ ਭਾਵੇਂ ਸਾਡੀ ਧਰਤੀ ਹੋਵੇ ਜਾਂ ਲੱਖਾਂ ਪ੍ਰਕਾਸ਼ ਸਾਲਾਂ ਦੂਰ ਕੋਈ ਹੋਰ ਧਰਤੀ ਹੋਵੇ। ਜਿਓਂ ਜਿਓਂ ਵਿਚਾਰ ਅਤੇ ਸੰਚਾਰ ਦੇ ਸਾਧਨ ਵਧੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਦਾ ਪ੍ਰਵਾਹ ਤੇਜ ਹੋ ਗਿਆ। ਗੁਰਬਾਣੀ ਦੇ ਅਰਥ ਕਿਸੇ ਨਿਸ਼ਚਿਤ ਵਿਆਖਿਆ ਪ੍ਰਣਾਲੀ ਤੋਂ ਬਾਹਰ ਆਕੇ ਗੁਰਬਾਣੀ ਵਿੱਚੋਂ ਹੀ ਪ੍ਰਗਟ ਹੋ ਰਹੇ ਅਰਥਾਂ ਨਾਲ ਹੀ ਹੋਣ ਲੱਗੇ। ਸਥਾਪਿਤ ਵਿਆਖਿਆ ਪ੍ਰਣਾਲੀਆਂ ਅਗਲੇਰੀ ਮੰਜਿਲ ਵੱਲ ਇਸ਼ਾਰਾ ਕਰਦੀਆਂ ਜਾਪੀਆਂ। ਕਿਸੇ ਵੇਲੇ ਗੁਰਸ਼ਬਦਾਂ ਦੇ ਕੇਵਲ ਸ਼ਾਬਦਿਕ ਅਰਥ ਹੀ ਕੀਤੇ ਜਾਂਦੇ ਸਨ। ਹੌਲੀ ਹੌਲੀ ਸ਼ਬਦ ਅਰਥਾਂ ਦੇ ਨਾਲ ਭਾਵ ਅਰਥ ਵੀ ਵਿਚਾਰਨੇ ਸ਼ੁਰੂ ਹੋਏ। ਕਿਸੇ ਵੇਲੇ ਗੁਰਸ਼ਬਦ ਵਿੱਚ ਆਈ ਹਰ ਸਤਰ ਨੂੰ ਗੁਰਮਤਿ ਦਾ ਫਲਸਫਾ ਸਮਝ ਲਿਆ ਜਾਂਦਾ ਸੀ ਜਿਸ ਨਾਲ ਕਈ ਵਾਰ ਅਨਮਤੀ ਵਿਚਾਰਧਾਰਾ ਵੀ ਗੁਰਸ਼ਬਦਾਂ ਨਾਲ ਸਹੀ ਸਾਬਿਤ ਕਰ ਦਿੱਤੀ ਜਾਂਦੀ ਸੀ। ਹੌਲੀ ਹੌਲੀ ਇਹ ਵੀ ਸਮਝ ਆਉਣ ਲੱਗਾ ਕਿ ਕਈ ਥਾਂਈਂ ਗੁਰ ਸ਼ਬਦ ਸਵਾਲ ਜਵਾਬ ਦੇ ਰੂਪ ਵਿੱਚ ਹਨ ਅਤੇ ਕਈ ਜਗਹ ਗੁਰਮਤਿ ਵਿਚਾਰਧਾਰਾ ਪ੍ਰਗਟਾਉਣ ਲਈ ਸਮਾਜ ਵਿੱਚ ਪ੍ਰਚਲਤ ਹੋਈਆਂ ਧਾਰਨਾਵਾਂ ਅਤੇ ਪ੍ਰਚਲਤ ਮੁਹਾਵਰੇ ਵੀ ਇਸ਼ਾਰੇ ਵਜੋਂ ਵਰਤੇ ਗਏ ਹਨ। ਕਈ ਜਗਹ ਅਨਮਤਾਂ ਦੀਆਂ ਸਮਾਜ ਵਿੱਚ ਪ੍ਰਚਲਤ ਹੋ ਚੁੱਕੀਆਂ ਧਾਰਨਾਵਾਂ ਨੂੰ ਹੂ-ਬਹੂ ਲਿਖਕੇ ਸ਼ਬਦ ਦੇ ਅਖੀਰ ਜਾਂ ਰਹਾਓ ਦੀ ਤੁਕ ਨਾਲ ਗੁਰਮਤਿ ਵਿਚਾਰਧਾਰਾ ਦੱਸੀ ਗਈ ਹੈ ਪਰ ਕਈ ਵਾਰ ਗੁਰਬਾਣੀ ਰਮਝਾਂ ਸਮਝਣ ਤੋਂ ਅਸਮਰੱਥ ਜਗਿਆਸੂ ਹਰ ਸਤਰ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਦਰਸਾ ਕੇ ਹਰ ਸਤਰ ਨੂੰ ਹੀ ਗੁਰਮਤਿ ਫਲਸਫਾ ਸਮਝ ਬੈਠਦੇ ਸਨ। ਸੋ ਇਸ ਤਰਾਂ ਬਾਬੇ ਨਾਨਕ ਦੀ ਨਿਆਰੀ ਇਨਕਲਾਬੀ ਵਿਚਾਰਧਾਰਾ ਵੈਦਿਕ ਐਨਕਾਂ ਨਾਲ ਪੜੀ ਜਾ ਰਹੀ ਸੀ। ਇਸ ਤਰਾਂ ਪ੍ਰਤੀਤ ਹੁੰਦਾ ਸੀ ਕਿ ਗੁਰਬਾਣੀ ਵਿੱਚ ਨਵਾਂ ਕੁਝ ਵੀ ਨਹੀਂ ਹੈ ਸਗੋਂ ਪਰਾਚੀਨ ਵੇਦਾਂ ਦਾ ਹੀ ਸਾਰ ਹੈ ।
ਹੌਲੀ ਹੌਲੀ ਗੁਰਬਾਣੀ ਦਾ ਆਦਿ ਸੱਚ, ਜੁਗਾਦਿ ਸੱਚ ਵਾਲਾ ਸੰਕਲਪ ਜਗਿਆਸੂਆਂ ਦੇ ਮਨਾਂ ਵਿੱਚ ਪ੍ਰਗਟ ਹੋਣ ਲੱਗਾ। ਪ੍ਰਿਥਵੀ ਤੇ ਮੌਲਿਆ ਸਮੁੱਚਾ ਜੀਵ ਬਹੁਤ ਵੱਡੇ ਅਕਾਲਪੁਰਖ ਦੀ ਬਹੁਤ ਵੱਡੀ ਕਾਇਨਾਤ ਦਾ ਇਕ ਜ਼ੱਰਾ ਜਾਪਣ ਲੱਗਾ। ਬ੍ਰਹਿਮੰਡ ਦੇ ਅਟੱਲ ਨਿਯਮ ਅਕਾਲਪੁਰਖ ਦੇ ਹੁਕਮ ਭਾਸਣ ਲੱਗੇ। ਪੁਜਾਰੀਆਂ ਦੁਆਰਾ ਆਪਣੇ ਸਵਾਰਥ ਹਿੱਤ ਮਨੁੱਖ ਦੀ ਇੱਛਾ ਪੂਰਤੀ ਲਈ ਕੁਦਰਤ ਦੇ ਨਿਯਮਾਂ ਦੀ ਅਖਾਉਤੀ ਪੂਜਾ ਦਾ ਬਣਾਇਆ ਮੱਕੜ ਜਾਲ ਟੁੱਟਣ ਲੱਗਾ। ਗੁਰੂ ਨਾਨਕ ਸਾਹਿਬ ਦਾ ਇੱਕ ਜੋਤ ਅਤੇ ਸਾਂਝੀਵਾਲਤਾ ਦਾ ਅਰਥ ਸਮਝ ਆਉਣ ਲੱਗਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਕਿਸੇ ਅਨਮਤੀ ਆਵਾਗਵਣ ਰਾਹੀਂ ਨਰਕਾਂ ਦੇ ਡਰ ਜਾਂ ਸਵਰਗਾਂ ਦੇ ਲਾਲਚ ਨਾਲੋਂ ਜਿਓਂਦੇ ਜੀਅ ਪ੍ਰੇਮ ਦਾ ਵਿਸਮਾਦੀ ਮਾਰਗ ਜਾਪਣ ਲੱਗੀਆਂ। ਸ਼ਬਦ ਗੁਰੂ ਅਤੇ ਸੁਰਤ ਦਾ ਚੇਲਾ ਹੋ ਜਾਣ ਦੀ ਸਮਝ ਦੇਹ ਧਾਰੀ ਵਿਚੋਲਿਆਂ ਨੂੰ ਖਤਮ ਕਰਦੀ ਜਾਪੀ। ਕਿਸੇ ਕਰਮਕਾਂਢ ਰਾਹੀਂ ਰੱਬ ਨੂੰ ਰਿਝਾਕੇ ਖੁਸ਼ੀ ਦਾ ਭਰਮ ਪਾਲਣ ਨਾਲੋਂ, ਹਰ ਇਨਸਾਨ ਅੰਦਰ ਉਸੇ ਦੀ ਜੋਤ ਅਨੁਭਵ ਕਰ, ਸਭ ਉਸੇ ਦਾ ਪਸਾਰਾ ਜਾਣ, ਲੋੜਵੰਦਾ ਦੀ ਹਰ ਸੰਭਵ ਆਪਣੇ ਹੱਥਾਂ ਨਾਲ ਮਦਦ ਕਰਨੀ ਹੀ ਪ੍ਰਭੂ ਨਾਲ ਇੱਕਮਿੱਕਤਾ ਦਾ ਲਖਾਇਕ ਜਾਪਣ ਲੱਗੀ। ਕਰਤੇ ਦੀ ਕੁਦਰਤ ਦੇ ਨਿਯਮਾਂ ਨੂੰ ਲੱਭ ਕੇ ਕਿਰਤ ਦੀ ਸੇਵਾ ਲਈ ਉਹਨਾਂ ਨਿਯਮਾਂ ਦੀ ਵਰਤੋਂ ਕਰਨ ਵਾਲੇ ਵਿਗਿਆਨੀ ਰੱਬ ਜੀ ਦੇ ਭਗਤ ਜਾਪਣ ਲੱਗੇ। ਕਰਤੇ ਦੀ ਕਿਰਤ ਦੀ ਸੱਚੀ ਸੇਵਾ ਹੀ ਕਰਤੇ ਦੀ ਅਸਲ ਭਗਤੀ ਮਹਿਸੂਸ ਹੋਣ ਲੱਗੀ। ਗੁਰੂ ਬਾਬੇ ਦੀਆਂ ਸਿਖਿਆਵਾਂ ਹਰ ਤਰਾਂ ਦੇ ਆਉਣ ਵਾਲੇ ਗਿਆਨ ਵਿਗਿਆਨ ਦੇ ਯੁਗਾਂ ਲਈ ਸੱਚ ਤਰਕ ਦੀ ਹਰ ਕਸਵੱਟੀ ਤੇ ਪੂਰੀਆਂ ਉੱਤਰਦੀਆਂ ਅਤੇ ਵਿਗਿਆਨ ਦੀ ਸੁਚੱਜੀ ਵਰਤੋਂ ਲਈ ਰਾਹ ਦਿਸੇਰਾ ਦਿਖਣ ਲੱਗੀਆਂ। ਜਾਣੇ ਅਣਜਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਬਰਾਬਰ ਲਿਆਂਦੇ ਜਾ ਰਹੇ ਹੋਰ ਗ੍ਰੰਥ ਨਾਨਕ ਬਾਣੀ ਸਾਹਮਣੇ ਫਲਸਫੇ, ਬੋਲੀ, ਬਣਤਰ, ਸੱਚ-ਵਿਵੇਕ, ਗੁਰਬਾਣੀ-ਨਿਯਮਾਂ ਅਤੇ ਸਰਬੱਤ ਦੇ ਭਲੇ ਦੀ ਬ੍ਰਹਿਮੰਡੀ ਵਿਚਾਰਧਾਰਾ ਪੱਖੋਂ ਬਹੁਤ ਦੂਰ ਰਹਿ ਗਏ। ਗੈਰ ਕੁਦਰਤੀ ਵਰਤਾਰੇ ਅਤੇ ਕ੍ਰਿਸ਼ਮਿਆਂ ਦੀਆਂ ਲੁਭਾਵਣੀਆਂ ਕਹਾਣੀਆਂ ਬਾਬੇ ਨਾਨਕ ਦੀ ਦਰਸਾਈ ਸੱਚ-ਤਰਕ ਤਹਿਤ ਵਿਗਸ ਰਹੀ ਸੋਚ ਨੇ ਬਾਲ ਜਗਤ ਦੀਆਂ ਪਰੀ ਕਹਾਣੀਆਂ ਵਾਂਗ ਕਿਤੇ ਡੂੰਘੀਆਂ ਦੱਬ ਦਿੱਤੀਆਂ। ਸੋ ਅਜਿਹੇ ਵਿਚਾਰਧਾਰਕ ਸੰਘਰਸ਼ ਮਈ ਸਮੇ ਵਿੱਚ ਅੰਧਵਿਸ਼ਵਾਸ, ਕੁਦਰਤ ਵਿਰੋਧੀ ਅਤੇ ਕਰਿਸ਼ਮਿਆਂ ਦੀ ਲੰਮੇ ਸਮੇ ਤੋਂ ਸੰਮੋਹਣ ਕੀਤੀ ਮਨੁੱਖੀ ਸੋਚ ਦੁਆਰਾ, ਆਪਣੇ ਖਤਮ ਹੋਣ ਜਾ ਰਹੇ ਪ੍ਰਭਾਵ ਨੂੰ ਦੇਖ ਆਨੇ-ਬਹਾਨੇ ਨਾਸਤਿਕਤਾ ਦਾ ਡਰ ਦੇ ਕੇ ਅਤੇ ਬਣ ਚੁੱਕੀਆਂ ਪਰੰਪਰਾਵਾਂ ਦੀ ਆੜ ਬਣਾ,ਬਾਬੇ ਨਾਨਕ ਦੀ ਸੋਚ ਅਨੁਸਾਰ ਜਾਗਰੁਕ ਹੁੰਦੇ ਜਾ ਰਹੇ ਮਨਾਂ ਵਿੱਚ, ਮਜ਼ਹਬੀ ਅਤੇ ਰਾਜਨੀਤਿਕ ਗੱਠਜੋੜ ਦੀ ਸਥਾਪਤੀ ਹੇਠ ਮੁੜ ਪੈਰ ਜਮਾਉਣ ਦੀ ਤਾਕ ਰੱਖਣਾ ਅਚੰਭਿਤ ਨਹੀਂ ਹੈ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)




.