.

ਸੱਚੀ ਗੱਲ

ਅੱਜ ਦੇ ਸਮੇਂ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੁਨੀਆ ਨੂੰ ਹਰ ਪਾਸੇ ਤੋਂ ਅਗਵਾਈ ਕਰ ਰਹੇ ਹਨ। ਸੰਸਾਰ ਗੁਰਬਾਣੀ ਦੇ ਸੱਚ ਨੂੰ ਮੰਨ ਚੁੱਕਾ ਹੈ। ਉਸਨੂੰ ਇਸ ਕਵਿਤਾ ਦੇ ਰੂਪ ਵਿੱਚ “ਸੱਚੀ ਗੱਲ ਸੋਲਾਂ ਆਨੇ” ਦੇ ਟਾਈਟਲ ਹੇਠ ਦਾਸ ਨੇ ਦੱਸਣ ਦਾ ਜਤਨ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਮਹਾਨਤਾ ਹੈ।
ਸੱਚੀ ਗੱਲ ਸੋਲਾਂ ਆਨੇ ਦਿੱਲ ਵਿੱਚੋਂ ਭੁੱਲਣੀ ਨਾਂ ਬੈਠਕੇ ਇਕਾਂਤ ਵਿੱਚ ਗੌਰ ਨਾਲ ਵਿਚਾਰਿਓ।
ਦੁਨੀਆ ਤੇ ਹੋਰ ਹੈਨੀ ਜਿਹਦੀ ਮੈ ਮਿਸਾਲ ਦੇਵਾਂ ਸ਼੍ਰੀ ਗੁਰੁ ਗ੍ਰੰਥ ਜੇਹਾ ਸਾਹਿਬ ਮੇਰੇ ਪਿਆਰਿਓ।
ਗਿਆਨ ਦਾ ਖਜਾਨਾ ਅਤੇ ਹਾਜਰਾ ਹਜੂਰ ਗੁਰੂ ਜਾਗਤ ਹੈ ਜੋਤ ਮੌਜ ਰਸੀਆਂ ਨੇ ਮਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 1.
ਬਾਈਬਲ, ਕੁਰਾਨ, ਗੀਤਾ, ਵੇਦ ਤੇ ਕਤੇਬ ਚਾਰੇ ਵੱਖ ਵੱਖ ਰੱਬ ਬਾਰੇ ਦਿੰਦੇ ਉਪਦੇਸ਼ ਜੀ।
ਅੱਲਾ, ਰਾਮ ਗੌਡ ਤੇ ਰਹੀਮ ਪ੍ਰਮਾਤਮਾ’ ਚ ਪਾਈ ਬੈਠੇ ਵੱਟਾਂ ਨਾਲੇ ਵੱਡੀ ਬੈਠੇ ਦੇਸ਼ ਜੀ।
ਲੰਦਨ ਕਨੇਡਾ ਤੇ ਜਪਾਨ ਅਮਰੀਕਾ ਤੱਕ, ਬਾਣੀ ਪ੍ਰਕਾਸ਼ ਹੋਕੇ ਤੋੜੇ ਵੰਡ ਕਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 2.
ਸਧਨਾ ਕਸਾਈ ਜੱਟ ਧੰਨਾ, ਸੈਣ ਨਾਈ ਫੇਰ ਨਾਮਦੇਵ ਛੀਬਾ ਤੇ ਕਬੀਰ ਜੀ ਜੁਲਾਹੇ ਨੇ।
ਸੱਤਾ ਬਲਵੰਡਾ ਡੂਮ, ਭੱਟਾਂ ਦੇ ਸਵੈਈਏ ਪਾਕੇ ਭੀਖਣ ਫਰੀਦ ਪੀਪਾ ਇੱਕੋ ਥਾਂ ਬਿਠਾਹੇ ਨੇ।
ਤੋੜ ਦਿਤੀ ਜਾਤ-ਪਾਤ ਛੁਤ-ਛਾਤ ਊਚ-ਨੀਚ ਸੁੱਚ-ਭਿੱਟ ਪਾਸੇ ਛੱਡ ਵਿੱਥਾਂ ਨੂੰ ਮਿਟਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 3.
ਵਲੀ, ਪੀਰ ਸੰਤ-ਸਾਧ ਗੌਸ ਤੇ ਪੈਕੰਬਰਾਂ ਤੇ ਲੱਛਣ ਪਰਖ ਵਾਲੇ ਸਾਫ ਸਮਝਾਉਦੀ ਏ।
ਹਿੰਦੂ, ਸਿੱਖ, ਜੈਨੀ ਬੋਧੀ, ਪਾਰਸੀ ਯਹੂਦੀ ਇਸਾਈ, ਮੁਸਲਮਾਨ ਰਲ ਬੈਠੋ, ਏਕ ਲੜ ਲਾਉਦੀ ਏ।
ਨੂਰ ਵਿੱਚੋ ਪੈਦਾ ਹੋਏ, ਰੱਬ ਦੇ ਹਾਂ ਜੀਵ ਅਸੀ ਸਾਰੇ ਮਜ੍ਹਬਾਂ ਦੇ ਵਿੱਚ ਏਕਤਾ ਕਰਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 4.
ਚੌਰਾਸੀ ਤੋਂ ਜਨਮ ਤੱਕ, ਜਨਮ ਤੋਂ ਮਰਨ ਤੱਕ, ਮਰਨ ਤੋਂ ਅਗਾਹ ਤੱਕ, ਪੂਰਾ ਵਿਸਤਾਰ ਜੀ।
ਪੁੰਨ-ਪਾਪ, ਸੁਰਗ-ਨਰਕ, ਕਾਮ-ਕ੍ਰੋਧ, ਸੋਗ-ਹਰਖ, ਏਨਾ ਵਿੱਚ ਕੀ ਫਰਕ, ਦੇਵਦੀਂ ਵਿਚਾਰ ਜੀ।
ਕੀ ਸਾਉਣਾ ਜਾਗਣਾ ਕੀ, ਕੀ ਖਾਣਾ ਪਹਿਨਣਾ ਕੀ, ਪੜਕੇ ਤਾਂ ਵੇਖ ਜੇ ਤੂੰ ਜਿੰਦਗੀ ਬਣਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 5.
ਦੁੱਖ-ਭੁੱਖ, ਚਿੰਤਾ ਰੋਗ ਰਿਹਾ ਜੋ ਵਿਕਾਰ ਭੋਗ, ਮਨ ਦੇ ਕਲੇਸ਼ ਤੇਰੇ ਪਲਾਂ ਵਿੱਚ ਨਾਸ਼ ਕਰੇ।
ਰੱਖੀ ਹੈ ਸ਼ਰਤ ਇੱਕ, ਪੜਕੇ ਅਮਲ ਕਰ, ਫੇਰ ਵੇਖੀਂ ਘਰ ਤੇਰੇ ਖੁਸ਼ੀਆਂ ਦਾ ਵਾਸ ਕਰੇ।
ਪੜ੍ਹ-ਪੜ੍ਹ ਗੱਡੀਆਂ ਨੂੰ ਲੱਦ ਕੇ ਨਾ ਕੰਮ ਸਰੇ ਲੇਖੇ ਵਿੱਚ ਇੱਕੋ ਗੱਲ ਨਾਮ ਵਾਲੀ ਆਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 6.
ਮਾਤਾ-ਪਿਤਾ ਭੈਣ-ਭਾਈ, ਔਰਤ ਉਲਾਦ ਤੇਰੀ, ਭਾਵੇਂ ਰੱਜ-ਰੱਜ ਤੈਨੂੰ ਕਰਦੇ ਪਿਆਰ ਨੇ।
ਮੋਹ’ ਚ ਭੁਲਾਕੇ, ਨਾਤਾ ਰੱਬ ਨਾਲੋ ਤੋੜ ਦਿੰਦੇ, ਝੂਠੇ ਨੇ ਸਬੰਧੀ ਤੇਰੇ ਮਤਲਬੀ ਯਾਰ ਨੇ।
ਡੰਕੇ ਦੀ ਚੋਟ ਨਾਲ ਬਾਣੀ ਤੈਨੂੰ ਦੱਸਦੀ ਏ, ਹੋਸ਼ ਨੂੰ ਸੰਭਾਲ ਬੰਦੇ ਮੱਤ ਜੇ ਸਿਆਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 7.
ਵਹਿਮ-ਭਰਮ, ਕਰਮ-ਕਾਂਡ, ਅੰਧ-ਵਿਸ਼ਵਾਸ਼ ਕੱਢੇ, ਦੁੱਧ ਪੀਣੇ ਵਿਹਲੜਾਂ ਤੇ ਲੋਟੂਆਂ ਨੂੰ ਟੋਕ ਦੇਵੇ।
ਉਤੋਂ ਜੋ ਸਲਾਮ ਕਰੇ, ਦਿਲੋ ਨ ਕਬੂਲ ਕਰੇ, ਸੁਰਤੀ ਦੀ ਅੱਖ ਉਹਦੀ ਮੁੱਢ ਵਿੱਚੋਂ ਰੋਕ ਦੇਵੇ।
ਕਰੇ ਨ ਲਿਹਾਜ ਭੋਰਾ, ਸੱਚ ਦੀ ਆਵਾਜ ਦੇਕੇ ਦੁੱਧ ਤਾਈ ਦੁੱਧ ਦੱਸੇ, ਪਾਣੀ ਤਾਈ ਪਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 8.
ਜਾਣੋ ਨ ਕਿਤਾਬ ਵੀਰੋ, ਗੁਰੁ ਦਾ ਖਿਤਾਬ ਵੀਰੋ, ਝੁਕਗੇ ਨਵਾਬ ਵੀਰੋ, ਲੈਣ ਜੋ ਸਲਾਮੀਆਂ।
ਆਪਣੇ ਦਿਮਾਗ ਨਾਲ, ਬਣਕੇ ਸਿਆਣੇ ਕਈ, ਨਿੰਦਿਆ ਤੇ ਬਹਿਸ ਨਾਲ ਕੱਢਦੇ ਨੇ ਖਾਮੀਆਂ।
ਬੁੱਧੀ ਮੰਡਲੇ ਦੀ ਕੈਦ ਵਿਚੋਂ, ਬਾਹਰ ਹੋਕੇ ਵੇਖ ਕੇਰਾਂ, ਮਸਤੀ ਦੇ ਰੰਗ ਵਿੱਚ ਜਿੰਨਾ ਨੇ ਏਹ ਜਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 9.
ਬਜਾਜੀ ਦੀ ਦੁਕਾਨ ਉਤੇ, ਨਿਕਾ ਜਿਹਾ ਬਿੰਡਾ ਬਹਿਕੇ ਬਣ ਸਕਦਾ ਨੀ ਕਦੇ ਭੁਲਕੇ ਬਜਾਜ ਜੀ।
ਮੱਖੀ ਕੋਲ ਫਸ ਜਾਵੇ, ਮੱਕੜੀ ਭਲੇਖੇ ਨਾਲ, ਕਿਵੇਂ ਆਖ ਦੇਈਏ ਏਹ ਮਾਸ ਖੋਰਾ ਬਾਜ ਜੀ।
ਲੋੜ ਨੀ ਪ੍ਰਤੱਖ ਨੂੰ ਪ੍ਰਮਾਣ ਕੋਈ ਦੇਵਣੇ ਦੀ ਜੱਗ ਜਾਹਰ ਗੱਲ ਵੀਰੋ ਕੇਹੜਾ ਏਹ ਕਹਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 10.
ਸਤਿਗੁਰ ਦਇਆ ਨਿਧਿ, ਮਹਿਮਾਂ ਅਗਾਧ ਬੌਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ।
ਕੁਝ ਨਾ ਲੁਕਾਕੇ ਰੱਖੇ ਗਾਫ਼ਿਲਾ ਯਕੀਂਨ ਰੱਖ ਦੁੱਧ ਪੁਤ ਰਿਧਿ ਸਿਧਿ ਸਭੇ ਫਲ ਦੇਤ ਹੈ।
ਸੱਚੇ ਦਿਲੋਂ ਖੋਜ ਬਾਣੀ, ਸਿੱਧਾ ਤੈਨੂੰ ਰਾਹ ਦੱਸੂ, ਕਿਹੜੇ ਨਾਮ ਨਾਲ ਕਿਦਾਂ ਸੁਰਤੀ ਟਿਕਾਣੀ ਐ।
ਕਰੋ ਸਤਿਕਾਰ ਭਾਈ ਦੇਹ ਜਾਣ ਗੁਰੂਆਂ ਦੀ ਸਾਰਿਆ ਦਾ ਸਾਂਝਾ ਗੁਰੁ ਇੱਕੋ ਗੁਰਬਾਣੀ ਐ। 11.
ਏਨਾ ਮਹਾਨ ਖਜਾਨਾ ਹੁੰਦਿਆ ਹੋਇਆ ਸਾਨੂੰ ਕਿਸੇ ਸਹਾਰੇ ਦੀ ਲੌੜ ਤਾਂ ਰਹਿ ਨਹੀਂ ਜਾਦੀਂ। ਸਾਨੂੰ ਖੁਦ ਬਾਣੀ ਪੜਨ ਦੀ ਹਿਦਾਇਤ ਹੈ ਤਾਂ ਕਿ ਕੋਈ ਵੀ ਸਿੱਖ ਅਨਪੜ ਨ ਰਹੇ। ਕਿਉਕਿ ਪੜਾਈ ਬਿਨਾ ਬਾਣੀ ਦੀ ਸਮਝ ਨੀ ਆਉਣੀ। ਪਰ ਅੱਜ ਕੁੱਝ ਵਿਹਲੜ ਤੇ ਪਾਖੰਡੀ ਲੋਕ ਬਾਣੀ ਦਾ ਸੱਚ ਜਾਣ ਬੁੱਝ ਕੇ ਛੁਪਾ ਰਹੇ ਹਨ ਜਿਥੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਦੇ ਹਨ। ਉਥੇ ਉਹ ਇਸ ਮਾਹਨ ਸੱਚ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਇੰਨੇ ਮਹਾਨ ਫਲਸਫੇ ਗੁਰੂ ਮੰਨਣ ਵਾਲੇ ਹੀ ਲੋਕ ਵੇਖੋ ਕਿਵੇ ਲੜੀਆਂ ਕੋਤਰੀਆਂ ਰਾਂਹੀ ਘੋਰ ਬੇਅਦਬੀ ਕਰ ਰਹੇ ਹਨ। ਬਾਣੀ ਨੂੰ ਜਗਤ ਗੁਰੂ ਕਹਿਣ ਵਾਲੇ ਲੋਕ ਹੀ ਨਗਰ ਕੀਰਤਨਾਂ ਰਾਹੀ ਮਹਾਨ ਫਲਸਫੇ ਨੂੰ ਗਲੀਆਂ ਵਿੱਚ ਲਈ ਫਿਰਦੇ ਹਨ। ਸਭ ਤੋਂ ਵੱਡੀ ਤਰਾਸਦੀ ਹੈ। ਅਖੰਡ ਪਾਠ ਦੇ ਨਾਮ ਤੇ ਹੁੰਦੀ ਬੇਅਦਬੀ। ਇੱਕ ਵਾਰ ਮੇਰੇ ਪਿੰਡ ਦੇ ਚੌਰਸਤੇ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾ ਦਿੱਤਾ ਅਖੇ ਸੁਖਸਾਂਤੀ ਤੇ ਐਕਸੀਡੈਂਟ ਨਾਲ ਮੌਤਾਂ ਨ ਹੋਣ ਇੱਕ ਬਿੰਦਰ ਨਾਮ ਦਾ ਦਰਜੀ ਦਾਸ ਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਇਹ ਕੀ ਕਰੀ ਜਾਂਦੇ ਨੇ। ਚਾਰ ਕਰਮ ਅੱਗੇ ਗੁਰਦਵਾਰਾ ਸਾਹਿਬ ਹੈ ਜੇ ਕਰਨਾ ਹੀ ਸੀ। ਉਥੇ ਕਰ ਲੈਂਦੇ ਕੀ ਗੁਰਦਵਾਰੇ ਜਾਕੇ ਰੇਂਜ ਘੱਟ ਜਾਂਦੀ ਹੈ। ਸੱਚੀ ਗੱਲ ਸਮਰਥ ਗੁਰੂ ਤੇ ਆਪ ਹੀ ਸਵਾਲੀਆਂ ਨਿਸ਼ਾਨ ਲਾ ਰਹੇ ਹਾਂ। ਅਖੰਡ ਪਾਠ ਦੇ ਨਾਮ ਤੇ ਹੋ ਰਹੀ ਘੋਰ ਬੇਅਦਬੀ ਕਿਸੇ ਗੁਰਮੁਖ ਨੇ ਬਾਬਾ ਜੀ ਨੇ ਕੱਲੇ ਨਾਂ ਦੀ ਕਵਿਤਾ ਰਾਹੀ ਬਿਆਨ ਕੀਤੀ ਸੀ। ਉਸੇ ਹੀ ਵਿਸ਼ੇ ਥੋੜਾ ਜਿਹਾ ਹੋਰ ਖੋਲ ਹੇਠ ਕਵਿਤਾ ਰਾਹੀ ਦੱਸਿਆ ਹੈ। ਕਿ ਕੋਈ ਹੋਰ ਨਹੀਂ ਅਸੀ ਖੁਦ ਹੀ ਬਾਣੀ ਦਾ ਰੱਜ ਕੇ ਨਿਰਾਦਰ ਕਰ ਰਹੇ ਹਾਂ।
2. ਤਾਬਿਆ ਗੁਰੁ ਸਾਹਿਬ ਦੀ
1. ਸੋਹਣਾ ਦਿਨ ਸ਼ਗਨਾ ਦਾ ਆਇਆ। ਸਿੱਖ ਨੇ ਅਖੰਡ ਪਾਠ ਕਰਵਾਇਆ।
ਕੀਤੀ ਘਰ ਦੀ ਖੁਬ ਤਿਆਰੀ। ਲਿਆਦੀ ਫੇਰ ਬਾਬੇ ਦੀ ਸੁਆਰੀ। ਵਧੀਆ ਕਰੀ ਵਿਛਾਈ ਜੀ।
ਸੋਹਣੇ ਇਤਰ ਸੈਂਟ ਹੈ ਛਿੜਕੇ ਸੋਹਣੀ ਮਹਿਕ ਖਿਡਾਈ ਜੀ।
ਜਦ ਭਾਈ ਨੇ ਵਾਕ ਸੁਣਾਇਆ। ਅੱਖਰ ਕਿਸੇ ਨ ਕੰਨ ਵਿੱਚ ਪਾਇਆ।
ਜਪੁਜੀ ਸਾਹਿਬ ਨ ਹੋਇਆ ਪੂਰਾ। ਤੁਰਪੇ ਛੱਡਕੇ ਵਿੱਚ ਅਧੂਰਾ। ਬਾਹਰ ਜਾ ਮੰਜੇ ਮੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ। 1.
2. ਦੇਗ ਸੀ ਮਗਰ ਜਾ ਜਾਕੇ ਵੰਡੀ। ਖਾ ਖਾ ਮਨਮੁੱਖ ਕਰਦੇ ਭੰਡੀ।
ਆਖਣ ਗਰਮ ਕਹਿਣ ਕਈ ਠੰਡੀ। ਕਰਕੇ ਆਪ ਗੁਰੁ ਵੱਲ ਕੰਡੀ। ਪਾਉਣ ਤਿਊੜੀਆਂ ਮੱਥੇ ਜੀ।
ਦੇਗ ਤਾਂ ਕਿਨਕਾ ਵਾਧੂ ਹੁੰਦੀ ਭਾਲਦੇ ਖੁੱਲੇ ਗੱਫੇ ਜੀ।
ਸਾਰਾ ਟੱਬਰ ਵਿਦੇਸ਼ੀ ਰਹਿੰਦਾ। ਕੋਲੇ ਜਾ ਜਾ ਹਰ ਕੋਈ ਬਹਿੰਦਾ।
ਭੁਲਕੇ ਕੋਲ ਗੁਰਾਂ ਦੇ ਜਾਂਦੇ। ਧੁਪਾਂ ਕੱਠੀਆਂ ਪੰਜ ਸੱਤ ਲਾਂਦੇ। ਧੂੰਏ ਤੋਂ ਦਮ ਘੁੱਟ ਚਲੇ ਐ।
ਤਾਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
3. ਬੈਠੇ ਰੰਗ ਮਹਿਫਲਾਂ ਲਾਕੇ। ਸੁਣਦਾ ਕੋਈ ਪਾਠ ਨ ਜਾਕੇ।
ਕੁੱਤਾ ਜਾ ਅੰਦਰ ਹੈ ਵੜਦਾ। ਪਾਠੀ ਚੁੱਕ ਹਥੌੜੀ ਜੜਦਾ। ਪਹਿਰਦਾਰ ਵੀ ਕੋਈ ਨੀ।
ਕਈ ਤਾਂ ਗਲ ਪਿਆ ਢੋਲ ਵਜਾਉਦੇ ਮਨ ਵਿੱਚ ਸ਼ਰਧਾ ਕੋਈ ਨੀ।
ਫੈਸ਼ਨ ਟੋਹਰ ਸਿਰਾਂ ਤੋਂ ਨੰਗੇ। ਮਾਇਆ ਸਪਨੀ ਨੇ ਹੈ ਡੰਗੇ।
ਬੱਚੇ ਉੱਚੀ ਸ਼ੋਰ ਮਚਾਉਦੇ। ਦੋੜਾਂ ਵਿਹੜੇ ਵਿੱਚ ਲਗਾਉਦੇ। ਖੇਡਣ ਕ੍ਰਿਕਟ ਬੱਲੇ ਐ।
ਤਾਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇੱਕਲੇ ਐ।
4. ਭੱਜੇ ਫਿਰਦੇ ਨੋਕਰ ਚਾਕਰ। ਕਰਦੇ ਸਭਦੀ ਰਲਕੇ ਖਾਤਿਰ।
ਬੁੱਢੜਾ ਬਲਗਮ ਸੁੱਟਦਾ ਆਇਆ। ਉਹ ਵੀ ਬੋਲਾ ਕੰਨਾ ਦਾ।
ਉਧਰ ਬੜਾ ਧਮੱਚੜ ਪਾਇਆ ਚੌਂਤਰੇ ੳੱਤੇ ਰੰਨਾ ਦਾ।
ਤੁੜਕੇ ਲਗਦੇ ਸਬਜੀਆਂ ਦਾਲਾਂ। ਸੁੱਟੀਆਂ ਖਾਣ ਪੀਣ ਤੇ ਲਾਲਾਂ।
ਸੇਵਾ ਦੀ ਥਾਂ ਚਮਚਾਗੀਰੀ। ਕਰੇ ਵਿਖਾਵਾ ਕਿਵੇ ਅਮੀਰੀ। ਕਰਦੇ ਕੰਮ ਅਵੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
5. ਲਾਗੇ ਕਮਰਾ ਚਲਦਾ ਟੀ. ਵੀ। ਕੱਠੇ ਬੈਠੇ ਬਾਪ ਤੇ ਧੀ ਵੀ।
ਚਲਦੇ ਸੀਰੀਅਲ ਗੰਦੇ ਗਾਣੇ। ਵੇਖੋ ਵਰਤਗੇ ਕਿਹੜੇ ਭਾਣੇ। ਸੁਰ ਵਿੱਚ ਸੁਰਾਂ ਮਿਲਾਵਣ ਜੀ।
ਉਂਝ ਤਾਂ ਲਾਊਡ ਸਪੀਕਰ ਲਾਕੇ ਪਿੰਡ ਨੂੰ ਪਾਠ ਸੁਣਾਵਣ ਜੀ।
ਜਿਥੇ ਸ਼ਰਮ ਧਰਮ ਸਭ ਨਸੇ। ਸਮਝਲੋ ਉੱਥੇ ਕਲਜੁੱਗ ਵੱਸੇ।
ਏਦੂੰ ਨਾ ਹੀ ਪਾਠ ਕਰਾਉਦੇਂ। ਪਾਪ ਨ ਸਿਰ ਦੇ ਉੱਤੇ ਚੜਾਉਦੇ। ਹਉਮੈ ਨੇ ਦੱਬਲੇ ਥੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
6. ਹੋ ਗਿਆ ਟਾਇਮ ਰੌਲ ਦਾ ਪੂਰਾ। ਮਾਰਿਆ ਭਾਈ ਸਾਹਿਬ ਖਘੂੰਰਾ।
ਭੋਰਾ ਧਿਆਨ ਕਿਸੇ ਨਾ ਕੀਤਾ। ਗੁੱਸੇ ਵਿੱਚ ਹੈ ਭਰਿਆ ਪੀਤਾ। ਹੁਣ ਤਾਂ ਮਸਾਂ ਹੀ ਬਹਿੰਦਾ ਸੀ। ਸੁਰਤੀ ਬਾਣੀ ਨਾਲੋ ਟੁੱਟਦੀ ਬਿੰਦ-ਬਿੰਦ ਪਾਸੇ ਲੈਦਾ ਸੀ।
ਪਾਠੀ ਕਿਸੇ ਨ ਆਣ ਉਠਾਇਆ। ਘੰਟੇ ਮਗਰੋਂ ਆਪੇ ਨ੍ਹਾਇਆ।
ਉਸਲਵੱਟੇ ਜਾਪੀਆ ਲੈਦਾ। ਰਾਮ ਨਾਲ ਬੈਹਜਾ ਆਣ ਇੱਕ ਕਹਿੰਦਾ। ਬੰਦੇ ਅਸੀਂ ਸੱਦਣ ਘੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
7. ਸਾਹਮਣੇ ਗੁਰੁ ਸਾਹਿਬ ਦੇ ਆਕੇ। ਤੁਰਗੇ ਮੂਵੀ ਕੈਮਰਾ ਲਾਕੇ।
ਸਤਿਗੁਰ ਜਾਗੇ ਤਿੰਨ ਦਿਹਾੜੇ। ਸੇਵਕ ਮਾਰਦੇ ਰਹੇ ਘੁਰਾੜੇ। ਕਰਦੇ ਕੰਮ ਵਿਖਾਵੇ ਦੇ।
ਪ੍ਰਭੂ ਪ੍ਰੇਮ ਭਗਤ ਦਾ ਭੁੱਖਾ ਵੱਸ ਵਿੱਚ ਨਹੀਂ ਛਲਾਵੇ ਦੇ।
ਕਾਰਜ ਰਾਸ ਅਜੇਹੇ ਹੋਣੇ। ਸਾਂਭਣ ਰਿਸ਼ਤੇਦਾਰ ਪ੍ਰਾਹੁਣੇ।
ਸੂਰਜ ਚੜਿਆ ਪੂੰਝਦੇ ਗਿੱਡਾਂ। ਖਾਕੇ ਚਾਹ ਦੇ ਨਾਲ ਬ੍ਰਿੱਡਾਂ। ਹੋਏ ਅਕਲ ਦੇ ਝੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ
8. ਉਠਕੇ ਸੱਤ ਵਜੇ ਮਾਲਕ ਕਹਿੰਦਾ। ਮੇਰੇ ਮਨ ਵਿੱਚ ਸੰਸਾ ਰਹਿੰਦਾ।
ਬਾਬਾ ਫਰੀਦ ਸਾਹਿਬ ਦੀ ਬਾਣੀ। ਭਾਈ ਜੀ ਕਿੰਨੇ ਕ ਵਜੇ ਸੁਨਾਣੀ। ਨਾਲ ਸਲੋਕ ਕਬੀਰ ਦੇ।
ਯਾਨੀ ਸੁਣਕੇ ਸ਼ਾਤੀ ਆਉਦੀ ਜਾਂਦੇ ਦਿਲ ਨੂੰ ਚੀਰਦੇ।
ਚਲਦੇ ਭੱਟਾਂ ਦੇ ਸਵਈਏ। ਚਲਦੇ ਪਾਠ ਚੋਂ ਕਿਸਤਰਾਂ ਕਹੀਏ।
ਹੁਣ ਤਾਂ ਭੋਗ ਪੈਣ ਦੀ ਤਿਆਰੀ। ਤੁਸਾਂ ਤਾਂ ਸੁਤਿਆਂ ਰਾਤ ਗੁਜਾਰੀ ਪੈਣਾ ਹੁਣ ਕੀ ਪੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
9. ਥੋੜਾ ਜਿਹਾ ਭੋਗ ਲੇਟ ਹੀ ਪਾਉਣਾ। ਭਾਈ ਜੀ ਮੈਂ ਤਾਂ ਅਜੇ ਹੈ ਨਾਹੁਣਾ।
ਨਾਹ੍ਹਕੇ ਕਰਨ ਚੌਰ ਦੀ ਸੇਵਾ। ਰਾਗੀਆਂ ਦੇਤਾ ਮਿੰਟ ਵਿੱਚ ਮੇਵਾ। ਇਹ ਗੁਰਸਿੱਖ ਸਿਆਣੇ ਜੀ।
ਕਰਦੇ ਗਊ ਗਰੀਬ ਦੀ ਸੇਵਾ ਸਾਰਾ ਨਗਰ ਹੀ ਜਾਣੇ ਜੀ।
ਭੋਗ ਦੇ ਮਗਰੋ ਢਾਣਾ ਰਲਿਆ। ਬੱਸ ਫਿਰ ਦੌਰ ਪਿਆਲਾ ਚਲਿਆ।
ਗੁਰੁ ਨੂੰ ਛੱਡਣ ਨ ਕੋਈ ਆਉਦੇ। ਆਪੌ ਆਪਣਾ ਦਾਹ ਚਲਾਉਦੇ। ਜਿਹੜੇ ਸਬਰ ਤੋਂ ਹੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
10. ਕੀਤੇ ਬੁੱਕ ਪੈਲੇਸ ਵਿੱਚ ਫੇਰੇ। ਸੱਦਲੇ ਗੁਰੁ ਸਾਹਿਬ ਜੀ ਸਵੇਰੇ।
ਬਾਰਾਂ ਵੱਜਗੇ ਜੰਨ ਨਹੀਂ ਆਈ। ਅੱਕਕੇ ਲੰਮਾ ਪੈਗਿਆ ਭਾਈ। ਕਹਿੰਦਾ ਇਹ ਕੰਮ ਭੈੜਾ ਹੈ।
ਜੇਕਰ ਮੱਤ ਦੀ ਗੱਲ ਸਮਝਾਈਏ। ਅੱਗੋਂ ਬੋਲਦੇ ਵੈੜਾ ਹੈ।
ਆਗੀ ਜੰਨ ਤੇ ਜੁੜੀਆਂ ਕੁੜੀਆਂ। ਜਾਵਣ ਸਣੇ ਜੁੱਤੀਆਂ ਬੁੜੀਆਂ।
ਗੁਰੁ ਸਾਹਿਬ ਦਾ ਕੋਈ ਡਰ ਨਾ। ਆਖਣ ਮੂੰਹ ਸੂਰਜ ਵੱਲ ਕਰਨਾ। ਸੁਣਦਾ ਕੋਈ ਨ ਗੱਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
11. ਸਿਹਰਾ ਮੁੱਕਟ ਤੇ ਕਲਗੀ ਲਾਈ। ਲਾਇਆ ਤਿਲਕ ਜੈ ਮਾਲਾ ਪਾਈ।
ਜਾਨੀ ਆਣ ਮਾਰਦੇ ਲੇਰਾਂ। ਬਾਬਾ ਬਹੁਤ ਨ ਲਾਈ ਦੇਰਾਂ। ਮਗਰੋਂ ਸਿੰਗਰ ਲੱਗਣੇ ਐ।
ਥੋੜਾ ਜਿਹਾ ਛੇਤੀ ਕੰਮ ਮੁਕਾਦੀਂ। ਸਾਨੂੰ ਪੰਜ ਛੇ ਵੱਜਣੇ ਐ।
ਪੜਤੇ ਨੰਦ ਤੇ ਲਾੜਾ ਰਹਿਗਿਆ। ਜਾਨੀਆਂ ਵਿੱਚ ਘੜਮੱਸ ਸੀ ਪੈ ਗਿਆ।
ਸਾਰਾ ਕੱਠ ਸਗਨ ਦੇਣ ਲੱਗਿਆ। ਕਰਦੇ ਘੋਰ ਗੁਰਾਂ ਦੀ ਅਵੱਗਿਆ ਕੁੱਝ ਲੜਕੇ ਮਨ ਚਲੇ ਐ।
ਤਬਿਆ ਗੁਰੁ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ।
12 ਏਨਾ ਅੇਵੇਂ ਨ ਹੰਕਾਰੋ। ਵੀਰੋ ਆਪਣਾ ਹੱਥ ਅਕਲ ਨੂੰ ਮਾਰੋ।
ਗੁਰੁ ਦੇ ਸਦਕਾ ਮਿਲੀ ਸਰਦਾਰੀ। ਗੁਰੁ ਨੂੰ ਭੁਲਕੇ ਮਿਲੂ ਖੁਆਰੀ। ਵੀਰੋ ਹੋਸ਼ ਸੰਭਾਲੋ ਬਈ
ਆਪਾਂ ਗੁਨਹਗਾਰ ਹਾਂ ਸਾਰੇ ਇੱਕ ਦੂਜੇ ਨ ਟਾਲੋ ਬਈ।
ਜੇ ਕਰ ਨਹੀਂ ਸਕਦੇ ਆਦਰ। ਇਹ ਵੀ ਹੱਕ ਕਰੋ ਨਿਰਾਦਰ।
“ਗਾਫਿਲ” ਮੰਨਲਾ ਗੁਰੁ ਦਾ ਭਾਣਾ। ਨਹੀਂ ਤਾਂ ਪਊ ਤੈਨੂੰ ਪਛੁਤਾਣਾ। ਸੱਚੀ ਗੱਲ ਟਿਕਾਣੇ ਦੀ।
ਆਉਲਾ ਖਾਧਾ ਮਗਰੋ ਦੱਸਦਾ ਦਿਤੀ ਮੱਤ ਸਿਆਣੇ ਦੀ।
ਇਹ ਹਾਲਾਤ ਤਾਂ ਘਰਾਂ ਵਿੱਚ ਗੁਰਦਵਾਰਿਆ ਜਾਂ ਪਬਲਿਕ ਥਾਵਾਂ ਤੇ ਹੋ ਚੁੱਕੇ ਹਨ। ਸਮਝ ਨੀ ਆਉਦੀ ਪੂਰਨ ਹੋਸ਼ ਵਿੱਚ ਲਿਆਉਣ ਵਾਲੀ ਮਹਾਨ ਬਾਣੀ ਨਾਲ ਸਰਾਸਾਰ ਬੇਇਨਸਾਫੀ। ਪਰਮ ਹੋਸ਼ ਵਿੱਚ ਆਉਣ ਦੀ ਬਜਾਏ ਅਸੀਂ ਅਗਿਆਨਤਾ ਵਿੱਚ ਬੇਹੋਸ਼ ਹੋ ਰਹੇ ਹਾਂ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਦਿੱਤਾ ਸੀ ਕਿ ਕੁੱਝ ਸਮਾਂ ਬਾਣੀ ਰਾਹੀ ਪਰਮ ਸੱਚ ਨਾਲ ਇਕਮਿਕ ਹੋ ਸਕੀਏ। ਉਹ ਵੀ ਗੁਰਦਵਾਰਿਆ ਵਿੱਚ ਵੱਖ ਵੱਖ ਬਾਣੀਆਂ ਇੱਕੋ ਵੇਲੇ ਸਪੀਕਰਾਂ ਰਾਹੀ ਫੁੱਲ ਅਵਾਜ ਵਿੱਚ ਸੁਣਾ ਸੁਣਾ ਕੇ ਸਾਂਤੀ ਪ੍ਰਾਪਤ ਹੋਣ ਦੀ ਬਜਾਏ। ਸਾਂਤੀ ਭੰਗ ਕਰਨ ਦਾ ਰੋਲ ਅਦਾ ਕਰ ਰਹੇ ਹਾਂ। ਵੇਖੋ ਉਹ ਲੰਮੇ ਜਿਹੇ ਸਪੀਕਰ ਅੰਦਰ ਬੈਠੀ ਸੰਗਤ ਨੂੰ ਤਾਂ ਕੁੱਝ ਸਮਝਾ ਨਹੀਂ ਰਹੇ ਹੁੰਦੇ ਦੂਜਿਆਂ ਦੋ ਦੋ ਪਿੰਡਾਂ ਵਿੱਚ ਅਵਾਜ ਸੁਣਾ ਰਹੇ ਹੁੰਦੇ ਹਨ।
ਵੀਰ ਮੇਰਿਓ ਤੁਸੀ ਕਿਸੇ ਨੂੰ ਪੁਛਣ ਦੀ ਬਜਾਏ ਗੁਰੂ ਸਾਹਿਬ ਦੀ ਬਾਣੀ ਨੂੰ ਪੜਕੇ ਪੁਛੋ ਕਿਤੇ ਵੀ ਗੁਰੂਬਾਣੀ ਇਸ ਤਰਾਂ ਕਰਨ ਦੀ ਇਜਾਜਤ ਦਿੰਦੀ ਹੈ। ਜਦ ਆਪਹੀ ਆਪਣੇ ਬਾਪ ਨਾਲ ਮਾੜਾ ਵਰਤਾਵ ਕਰਾਂਗੇ। ਤੇ ਜੇ ਬੇਗਾਨੇ ਸਾਡੇ ਬਾਪ ਨੂੰ ਕੁੱਝ ਕਹਿਣ ਜਾਂ ਧੱਕੇ ਮਾਰ ਦੇਣ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਅਸੀ ਹੀ ਗੁਰਬਾਣੀ ਦਾ ਸਤਿਕਾਰ ਕਾਇਮ ਕਰਨਾ ਹੈ। ਪਰ ਹੁਣ ਤਾਂ ਇਸਤੋਂ ਵੀ ਹੱਦ ਹੋ ਗਈ ਹੈ। ਸਿੱਖੀ ਦੇ ਪਰਚਾਰ ਕੇਂਦਰ ਹਨ ਸਾਡੇ ਗੁਰਦਵਾਰੇ। ਉਥੋਂ ਦੇ ਪ੍ਰਬੰਧਕ ਹੋਰ ਲੰਮੀ ਛਾਲ ਮਾਰ ਗਏ ਹਨ। ਜਿਵੇਂ ਰੈਡੀਮੇਡ ਸਮਾਨ ਮਿਲਦਾ ਹੈ। ਉਵੇ ਪਾਠ ਵੀ ਮਿਲਣ ਲੱਗ ਗਏ ਹਨ। ਇਸਨੂੰ ਵੀ ਇੱਕ ਕਵਿਤਾ ਰਾਹੀ ਸਮਝਾਉਣ ਦਾ ਨਿਮਾਣਾ ਜਤਨ ਕੀਤਾ ਹੈ।

ਰੈਡੀਮੇਡ ਪਾਠ
1. ਅੱਜ ਸਦੀ ਤਜਰਬੇ ਦੀ ਸਾਇੰਸ ਕਰਦੀ ਰੋਜ ਕਮਾਲਾਂ।
ਅਸੀ ਖਾਲਸ ਪਨ ਛੱਡਕੇ ਫੜੀਆਂ ਕਰਮ ਕਾਂਡ ਦੀਆਂ ਚਾਲਾਂ।
ਸ਼ਾਨੂੰ ਸੰਤ ਜੀ ਕਹਿਦੇ ਨੇ ਮਾਇਆ ਦੇਕੇ ਨਾਮ ਲਿਖਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
2. ਸਹੂਲਤ ਨੂੰ ਮੁੱਖ ਰੱਖਕੇ ਆਖਣ ਤਾਂਹੀ ਰੀਤ ਚਲਾਈ।
ਨਾਲੇ ਏਸ ਬਹਾਨੇ ਹੀ ਹੋ ਜਾਦੀ ਬੜੀ ਕਮਾਈ।
ਬੇਸ਼ਕ ਕੋਈ ਆਇਓ ਨ ਆਪਣੇ ਕੰਮਕਾਰ ਸੰਭਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
3. ਦੇਕੇ 5100 ਸੌ, ਆਪਣਾ ਸਾਰਾ ਸਮਾ ਬਚਾਉ।
ਨ ਭੋਗ ਤੇ ਆਇਆ ਜੋ ਹੁਕਮਨਾਮਾ ਘਰੇ ਮੰਗਾਉ।
ਨਾਲੇ ਮਿਲੂ ਸਿਰੋਪਾ ਵੀ ਸੱਚੇ ਗੁਰੁ ਦੇ ਸਿੱਖ ਅਖਵਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
4. ਨਾ ਸੇਵਾ ਪਾਠੀਆਂ ਦੀ ਨਾਹੀ ਲੰਗਰ ਪਕਾਉਣਾ ਪੈਣਾ।
ਅਲਾਰਮ ਨੂੰ ਲਾਕੇ ਹੀ ਪਾਠੀਆਂ ਆਪੇ ਉਠਦੇ ਰਹਿਣਾ।
ਜਦ ਪੈਸਾ ਵਾਧੂ ਹੈ। ਕਾਸਤੋਂ ਦੁੱਖ ਦੇਹੀ ਤੇ ਜਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
5. ਜਾਗਣ ਦਾ ਝੰਝਟ ਨੀ, ਸੇਵਾਦਾਰ ਨੀ ਛੱਡਣੇ ਪੈਣੇ।
ਸਭ ਮਿਲਜੂ ਏਥੋ ਹੀ ਰੁਮਾਲੇ ਨਹੀਂ ਬਜਾਰੋਂ ਲੈਣੇ।
ਤੁਸੀ ਮੋਜਾਂ ਲੁੱਟੋ ਜੀ ਸਾਰੀ ਚਿੰਤਾ ਮਨੋ ਨਿਕਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
6. ਬਾਣੀ ਖੁਦ ਦੱਸਦੀ ਐ, ਮਿਲਣੀ ਨਾਮ ਬਿਨਾ ਨਹੀਂ ਸ਼ਾਤੀ।
ਫੜ ਰਸਤਾ ਸਿਮਰਨ ਦਾ ਆਊਗੀ ਫੇਰ ਤੇਰੇ ਵਿੱਚ ਕ੍ਰਾਂਤੀ।
ਛੱਡ ਸੋਦੇਬਾਜੀ ਨੂੰ ਝੂਠਾ ਭਰਮ ਨ ਮਨ ਵਿੱਚ ਪਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
7. ਪਰਚੀ ਪੜ ਡਾਕਟਰ ਦੀ ਕਦੇ ਵੀ ਹਟਦੀ ਨਹੀਂ ਬੀਮਾਰੀ।
ਗੋਲੀ ਜਦ ਖਾਈਏ ਨ ਪੱਲੇ ਪੈਂਦੀ ਸਗੋਂ ਖੁਆਰੀ।
ਡਾਕਟਰ ਦਾ ਦੋਸ਼ ਨਹੀਂ ਭਾਵੇਂ ਸੌ ਵਾਰ ਲਿਖਵਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
8. ਅਮਲਾਂ ਬਿਨ ਸਰਨਾ ਨੀ ਬਾਣੀ ਸੱਚ ਆਖਦੀ ਤੈਨੂੰ।
ਗ਼ਾਫ਼ਿਲ ਤਾਂ ਸਮਝ ਗਿਆ ਲੋਕੀ ਕੁੱਝ ਵੀ ਆਖਣ ਮੈਨੂੰ।
ਮੂੰਹ ਮਿਠਾ ਹੋਣਾ ਨੀ ਜਦੋ ਤੱਕ ਖੰਡ ਨ ਮੂੰਹ ਵਿੱਚ ਪਾਲੋ।
ਖੇਚਲ ਕੋਈ ਕਰਨੀ ਨੀ ਰੈਡੀਮੇਡ ਪਾਠ ਕਰਵਾਲੋ।
ਕਥਾਵਾਚਕ:- ਭਾਈ ਪ੍ਰੇਮਇੰਦਰ ਜੀਤ ਸਿੰਘ “ਗਾਫਿਲ”
ਮੋਬਾਇਲ ਨੰ:-98152-95380.




.