(ਸੰਪਾਦਕੀ ਨੋਟ:- ‘ਸਿੱਖ
ਵਿਰਸਾ’ ਕੈਲਗਰੀ, ਕਨੇਡਾ ਤੋਂ ਲਗਭਗ ਪਿਛਲੇ 17 ਸਾਲਾਂ ਤੋਂ ਛਪਣ ਵਾਲਾ ਮਾਸਕ ਪੱਤਰ ਹੈ। ਇਸ ਦੇ
ਐਡੀਟਰ ਹਰਚਰਨ ਸਿੰਘ ਪਰਹਾਰ ਨੇ ਸਾਨੂੰ ਆਪਣੇ ਲਿਖੇ ਹੋਏ ਕੁੱਝ ਲੇਖ ਭੇਜੇ ਹਨ ਜਿਹਨਾ ਨੂੰ
ਹਫਤਾਵਾਰੀ ‘ਸਿੱਖ ਮਾਰਗ’ ਤੇ ਪਾਇਆ ਜਾਵੇਗਾ। ਉਂਜ ਤਾਂ ਅਸੀਂ ਪਹਿਲਾਂ ਛਪੇ ਹੋਏ ਲੇਖ ਪਉਣ ਤੋਂ
ਸੰਕੋਚ ਕਰਦੇ ਹਾਂ ਪਰ ਇਹ ਲੇਖ ਕਿਸੇ ਖਾਸ ਨੁਕਤਿਆਂ ਨੂੰ ਲੈ ਕੇ ਲਿਖੇ ਗਏ ਹਨ ਅਤੇ ਉਹ ‘ਸਿੱਖ
ਮਾਰਗ’ ਦੇ ਪਾਠਕਾਂ ਤੋਂ ਇਹਨਾ ਵਾਰੇ ਰਾਇ ਲੈਣੀ ਚਾਹੁੰਦੇ ਹਨ। ਇਸ ਲਈ ਇਹਨਾ ਨੂੰ ‘ਸਿੱਖ ਮਾਰਗ’ ਤੇ
ਪਾਇਆ ਜਾ ਰਿਹਾ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੁਮਿੰਟਸ/ਰਾਇ ਫੇਸਬੁੱਕ, ਯਾਹੂ,
ਹੌਟਮੇਲ ਤੇ ਲੌਗ ਕਰਕੇ ਇਸ ਲੇਖ ਹੇਠਾਂ ਪਉਣ ਅਤੇ ਜਾਂ ਫਿਰ ਸਾਨੂੰ ਈ-ਮੇਲ ਰਾਹੀਂ ਭੇਜਣ ਦੀ
ਕ੍ਰਿਪਾਲਤਾ ਕਰਨ)
ਧਰਮ ਦੀ ਸਮਸਿਆ ਤੇ ਹੱਲ
ਹਰਚਰਨ ਸਿੰਘ ਪਰਹਾਰ
ਐਡੀਟਰ-ਸਿੱਖ ਵਿਰਸਾ
ਧਰਮ ਦੇ ਇਤਿਹਾਸ ਨੂੰ ਵਾਚਣ ਤੋਂ
ਇੱਕ ਗੱਲ ਬੜੀ ਸਪੱਸ਼ਟ ਹੈ ਕਿ ਧਰਮ ਦੀ ਸ਼ੁਰੂਆਤ ਮਨੁੱਖ ਦੀ ਅਗਿਆਨਤਾ ਅਤੇ ਡਰ ਤੋਂ ਹੋਈ ਹੈ। ਵੈਸੇ
ਡਰ ਹੁੰਦਾ ਵੀ ਉੱਥੇ ਹੀ ਹੈ, ਜਿੱਥੇ ਅਗਿਆਨਤਾ ਹੋਵੇ। ਮਨੁੱਖੀ ਸਭਿਅਤਾ ਦੇ ਸ਼ੁਰੂਆਤੀ ਦੌਰ ਵਿੱਚ
ਜਦੋਂ ਮਨੁੱਖ ਨੂੰ ਕੁਦਰਤ ਦੇ ਸਿਧਾਂਤਾਂ ਜਾਂ ਕੁਦਰਤ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਤਾਂ ਕੁਦਰਤੀ
ਆਫਤਾਂ ਅਤੇ ਹੋਰ ਸਮੱਸਿਆਵਾਂ ਦੇ ਡਰ ਵਿੱਚੋਂ ਮਨੁੱਖ ਨੇ ਉਸ ਤੋਂ ਬਚਣ ਲਈ ਅਗਿਆਨਤਾ ਵੱਸ ਉਸਦੀ
ਪੂਜਾ ਸ਼ੁਰੂ ਕਰ ਦਿੱਤੀ, ਜਿੱਥੋਂ ਧਰਮ ਦਾ ਮੁੱਢ ਬੱਝਾ।
ਕੁਦਰਤੀ ਆਫਤਾਂ ਤੋਂ ਬਚਣ ਲਈ ਕੁਦਰਤੀ ਸ਼ਕਤੀਆਂ ਤੋਂ ਸ਼ੁਰੂ ਹੋਈ ਪੂਜਾ ਤੋਂ ਫਿਰ ਉਨ੍ਹਾਂ ਹੀ ਸ਼ਕਤੀਆਂ
ਨੂੰ ਦੇਵੀ ਦੇਵਤੇ ਬਣਾ ਕੇ ਪੂਜਾ ਸ਼ੁਰੂ ਕੀਤੀ ਗਈ। ਪੂਰਬੀ (ਹਿੰਦੂ, ਬੁੱਧ, ਜੈਨ, ਪਾਰਸੀ ਆਦਿ) ਅਤੇ
ਪੱਛਮੀ (ਯਹੂਦੀ, ਈਸਾਈ, ਇਸਲਾਮ ਆਦਿ) ਧਰਮਾਂ ਦੇ ਸ਼ੁਰੂਆਤੀ ਦੌਰ ਵਿੱਚ ਕੁਦਰਤੀ ਸ਼ਕਤੀਆਂ ਅਤੇ ਦੇਵੀ
ਦੇਵਤਿਆਂ ਦੀ ਮੂਰਤੀਆਂ ਬਣਾ ਕੇ ਪੂਜਾ ਕੀਤੀ ਜਾਂਦੀ ਰਹੀ ਹੈ। ਹੌਲੀ ਹੌਲੀ ਕੁਦਰਤੀ ਸ਼ਕਤੀਆਂ ਅਤੇ
ਦੇਵੀ ਦੇਵਤਿਆਂ ਦੀ ਪੂਜਾ ਦੇ ਨਾਲ ਨਾਲ ਕਬੀਲੇ ਦੇ ਮੁਖੀ ਜਾਂ ਰਾਜੇ ਦੀ ਸ਼ਖਸ਼ੀ ਪੂਜਾ ਵੀ ਹੁੰਦੀ
ਰਹੀ। ਪਰ ਜਿਉਂ ਜਿਉਂ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ ਤਾਂ ਮਨੁੱਖ ਨੂੰ ਇਸ ਸ੍ਰਿਸ਼ਟੀ ਵਿੱਚ ਚੱਲ
ਰਹੀਆਂ ਸ਼ਕਤੀਆਂ ਤੇ ਉਸਦੇ ਨਿਯਮਾਂ ਪਿੱਛੇ ਕਿਸੇ ਅਗੰਮੀ ਸ਼ਕਤੀ ਦੀ ਹੋਂਦ ਦਾ ਅਹਿਸਾਸ ਹੋਣਾ ਸ਼ੁਰੂ
ਹੋਇਆ, ਜਿੱਥੋਂ ਇੱਕ ਰੱਬ ਦਾ ਸਿਧਾਂਤ ਪ੍ਰਚਲਤ ਹੋਇਆ।
ਪੁਰਾਤਨ ਸਾਰੇ ਧਰਮਾਂ (ਪੂਰਬੀ ਅਤੇ ਪੱਛਮੀ) ਵਿੱਚ ਕਿਸੇ ਨਾ ਕਿਸੇ ਢੰਗ ਨਾਲ ਇੱਕ ਰੱਬ ਦੀ ਗੱਲ
ਹਜ਼ਾਰਾਂ ਸਾਲਾਂ ਤੋਂ ਚੱਲਦੀ ਰਹੀ ਹੈ, ਪਰ ਕੁਦਰਤ ਦੀ ਬੇਅੰਤਤਾ ਬਾਰੇ ਮਨੁੱਖੀ ਗਿਆਨ ਅਜੇ ਸੀਮਤ ਸੀ।
ਇਸੇ ਕਰਕੇ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਸਾਰੇ ਧਰਮ ਗੁਰੂਆਂ, ਰਹਿਬਰਾਂ, ਪੀਰ-ਪੈਗੰਬਰਾਂ,
ਰਿਸ਼ੀਆਂ ਮੁਨੀਆਂ ਨੇ ਰੱਬ ਨੂੰ ਕਿਸੇ ਹੋਰ ਦੇਸ਼ ਦਾ ਵਾਸੀ ਜਾਂ ਅਸਮਾਨ ਵਿੱਚ ਕਿਤੇ ਉੱਪਰ ਲੁਕ ਕੇ
ਰਹਿੰਦਾ ਹੋਇਆ ਕਲਪਿਆ ਹੋਇਆ ਸੀ, ਇਸੇ ਕਰਕੇ ਹੀ ਅੱਜ ਵੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੀ ਅਰਦਾਸ
ਉੱਪਰ ਨੂੰ ਹੱਥ ਚੁੱਕ ਕੇ ਹੀ ਕਰਦੇ ਹਨ ਤੇ ਬਹੁਤ ਵਾਰੀ ਰੱਬ ਨੂੰ ਉੱਪਰ ਵਾਲਾ ਹੀ ਕਿਹਾ ਜਾਂਦਾ ਹੈ।
ਧਰਮਾਂ ਦੀ ਦੁਨੀਆਂ ਵਿੱਚ ਸਿੱਖ ਧਰਮ ਹੀ ਅਜਿਹਾ ਧਰਮ ਹੈ, ਜਿਸ ਵਿੱਚ ਰੱਬ ਨੂੰ “ਬਲਿਹਾਰੀ ਕੁਦਰਤਿ
ਵਸਿਆ” ਜਾਂ “ਸਭੇ ਘਟਿ ਰਾਮ ਬੋਲੇ ਰਾਮ ਬਿਨਾ ਕੋਇ ਬੋਲੇ ਰੇ” ਜਾਂ “ਸਭਿ ਮਹਿ ਜੋਤਿ ਜੋਤਿ ਹੈ ਸੋਇ”
ਵਰਗੇ ਪ੍ਰਮਾਣਾਂ ਰਾਹੀਂ ਬਾਕੀ ਧਰਮਾਂ ਦੇ ਅਕਾਸ਼ੀਂ ਵਸਦੇ ਕਲਪਿਤ ਰੱਬਾਂ ਦਾ ਭੋਗ ਪਾ ਦਿੱਤਾ ਸੀ।
ਸਿੱਖਾਂ ਸਮੇਤ ਦੁਨੀਆਂ ਦੇ ਸਾਰੇ ਧਰਮੀ ਲੋਕ ਜਿਸ ਨੂੰ ਰੱਬ ਮੰਨਦੇ ਹਨ ਜਾਂ ਸਨ, ਗੁਰਬਾਣੀ ਉਸ ਰੱਬ
ਨੂੰ ਨਹੀਂ ਮੰਨਦੀ ਤੇ ਜਿਸ ਨੂੰ ਗੁਰਬਾਣੀ ਰੱਬ ਮੰਨਦੀ ਹੈ, ਉਸ ਨੂੰ ਅਖੌਤੀ ਧਰਮੀ ਲੋਕ ਨਾਸਤਿਕਤਾ
ਕਹਿੰਦੇ ਹਨ। ਜੇ ਕੋਈ ਅੱਜ ਗੁਰਬਾਣੀ ਦੇ ਰੱਬ ਦੇ ਨਜ਼ਦੀਕ ਹੈ ਜਾਂ ਉਸ ਦਾ ਪ੍ਰਚਾਰ ਕਰ ਰਿਹਾ ਹੈ ਜਾਂ
ਉਸਦੀ ਖੋਜ ਕਰ ਰਿਹਾ ਹੈ ਤਾਂ ਉਹ ਇੱਕ ਸਾਇੰਸਦਾਨ ਨੂੰ ਹੀ ਕਿਹਾ ਜਾ ਸਕਦਾ ਹੈ। ਬਾਕੀ ਤਾਂ ਕਲਪਿਤ
ਰੱਬ ਦੀ ਪੂਜਾ ਹੀ ਕਰ ਰਹੇ ਹਨ।
ਧਰਮ ਦੀ ਸਮੱਸਿਆ ਨੂੰ ਸਮਝਣ ਲਈ ਅਸੀਂ ਸਾਰੇ ਧਰਮਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਤੇ
ਸਮੱਸਿਆ ਸਮਝਣ ਤੋਂ ਬਾਅਦ ਇਸ ਵਿੱਚੋਂ ਹੀ ਹੱਲ ਲੱਭਣ ਦਾ ਯਤਨ ਕਰਾਂਗੇ। ਧਰਮ ਦੇ ਤਿੰਨ ਹਿੱਸੇ ਇਸ
ਤਰ੍ਹਾਂ ਹਨ:
ਧਰਮ ਦੇ ਅਸੂਲ
ਧਰਮ ਦੀ ਫਿਲਾਸਫੀ
ਧਰਮ ਦੀ ਮਰਿਆਦਾ
ਧਰਮ ਦੇ ਅਸੂਲ
ਧਰਮ ਦੇ ਅਸੂਲ ਉਹ ਸਦੀਵੀ ਨੈਤਿਕ ਗੁਣ ਹਨ ਜੋ ਹਰ ਇਨਸਾਨ ਵਿੱਚ ਹੋਣੇ ਚਾਹੀਦੇ ਹਨ ਤਾਂ ਹੀ ਅਸੀਂ
ਇੱਕ ਵਧੀਆ ਪਰਿਵਾਰ, ਸਮਾਜ ਤੇ ਸੰਸਾਰ ਸਿਰਜ ਸਕਦੇ ਹਾਂ, ਇਨ੍ਹਾਂ ਸਦਾਚਾਰਕ ਗੁਣਾਂ ਵਿੱਚ ਸੱਚ
ਬੋਲਣਾ, ਸੱਚ ਲਈ ਖੜ੍ਹਨਾ, ਨਿੰਦਾ ਚੁਗਲੀ ਤੋਂ ਬਚਣਾ, ਹੰਕਾਰ, ਮੋਹ, ਲੋਭ, ਕ੍ਰੋਧ ਤੇ ਕਾਮ ਆਦਿ
ਨੂੰ ਕਾਬੂ ਵਿੱਚ ਰੱਖਣਾ, ਸਰਬੱਤ ਦਾ ਭਲਾ ਮੰਗਣਾ, ਇਮਾਨਦਾਰੀ ਨਾਲ ਆਪਣੀ ਕ੍ਰਿਤ ਕਰਨੀ, ਕਿਸੇ ਨਾਲ
ਧੱਕਾ ਨਹੀਂ ਕਰਨਾ ਆਦਿ ਅਨੇਕਾਂ ਗੁਣ ਹਨ, ਜਿਨ੍ਹਾਂ ਨੂੰ ਅਪਨਾ ਕੇ ਸਾਰੀ ਮਨੁੱਖਤਾ ਸੁਖੀ ਵੱਸ ਸਕਦੀ
ਹੈ। ਲੜਾਈਆਂ ਝਗੜੇ ਖਤਮ ਹੋ ਸਕਦੇ ਹਨ।
ਇੱਥੇ ਆ ਕੇ ਤਕਰੀਬਨ ਸਾਰੇ ਧਰਮ ਬਰਾਬਰ ਹਨ। ਸਾਰੇ ਧਾਰਮਿਕ ਗੁਰੂ, ਰਹਿਬਰ, ਪੀਰ, ਪੈਗੰਬਰ ਇੱਕੋ
ਜਗ੍ਹਾ ਖੜ੍ਹੇ ਪ੍ਰਤੀਤ ਹੁੰਦੇ ਹਨ, ਇਸੇ ਕਰਕੇ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਸਾਰੇ ਧਰਮ
ਬਰਾਬਰ ਹਨ। ਸਾਰੇ ਧਰਮ ਮਨੁੱਖ ਨੂੰ ਇੱਕ ਚੰਗਾ ਮਨੁੱਖ ਬਣਾਉਣ ਦੇ ਯਤਨ ਹਨ। ਇੱਥੇ ਤੱਕ ਧਰਮਾਂ ਦਾ
ਆਪਸ ਵਿੱਚ ਕੋਈ ਵਿਰੋਧ ਨਹੀਂ, ਇਸ ਲੈਵਲ ਤੇ ਨਾ ਸਿਰਫ ਸਾਰੇ ਧਰਮੀਂ ਲੋਕ ਸਗੋਂ ਧਰਮਾਂ ਨੂੰ ਨਾ
ਮੰਨਣ ਵਾਲੇ ਲੋਕ ਵੀ ਸਹਿਮਤ ਹਨ। ਜੇ ਇਹ ਅਸੂਲ ਹੀ ਧਰਮ ਦਾ ਮੁੱਖ ਧੁਰਾ ਹੋਣ ਤਾਂ ਸਾਰੇ ਲੋਕ ਹੀ
ਧਰਮੀ ਹਨ।
ਧਰਮ ਦੀ ਫਿਲਾਸਫੀ
ਫਰਕ ਦੂਜੇ ਹਿੱਸੇ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਧਰਮ ਗੁਰੂ ਆਪਣੀ ਫਿਲਾਸਫੀ, ਆਪਣਾ ਮੱਤ ਜਾਂ ਆਪਣਾ
ਵਿਜ਼ਨ, ਆਪਣੇ ਗ੍ਰੰਥ ਜਾਂ ਆਪਣੇ ਉਪਦੇਸ਼ ਰਾਹੀਂ ਦਿੰਦਾ ਹੈ। ਉਹ ਉਸ ਸਮੇਂ ਤੱਕ ਦਾ ਸੱਚ, ਜਾਂ ਉਸ
ਸਮੇਂ ਦਾ ਸੱਚ ਹੁੰਦਾ ਹੈ ਜਾਂ ਉਸ ਵਿੱਚ ਪੈਗੰਬਰ ਦਾ ਭਵਿੱਖ ਬਾਰੇ ਆਪਣੇ ਵਿਜ਼ਨ ਅਨੁਸਾਰ ਗਿਆਨ
ਹੁੰਦਾ ਹੈ। ਮਨੁੱਖ ਮੁੱਢ ਕਦੀਮੋਂ ਹੀ ਕੁਦਰਤ ਨੂੰ ਜਾਨਣ, ਉਸਦੇ ਗੁੱਝੇ ਭੇਦ ਲੱਭਣ ਲਈ ਤਤਪਰ ਰਿਹਾ
ਹੈ, ਬੜੇ ਜੋਖਮ ਵਿੱਚ ਪੈ ਕੇ ਉਸਨੇ ਸੱਚ ਦੀ ਖੋਜ ਕੀਤੀ ਹੈ। ਜਿੱਥੇ ਸਾਇੰਸਦਾਨ ਇਸ ਖੋਜ ਨੂੰ ਮੈਟਰ
ਦੀ ਖੋਜ ਤੱਕ ਰੱਖਦਾ ਹੈ, ਉੱਥੇ ਧਰਮ ਗੁਰੂ, ਮਨ, ਆਤਮਾ, ਪ੍ਰਮਾਤਮਾ ਦੀ ਖੋਜ ਵੱਲ ਤੁਰਦਾ ਹੈ। ਰੱਬ
ਨੇ ਇਹ ਸ੍ਰਿਸਟੀ ਕਿਵੇਂ ਸਾਜੀ, ਉਹ ਕਿਸ ਤਰ੍ਹਾਂ ਇਸਨੂੰ ਚਲਾਉਂਦਾ ਹੈ, ਮਨੁੱਖ ਕਿਵੇਂ ਬਣਿਆ, ਇਹ
ਕਿਸ ਤਰ੍ਹਾਂ ਇਥੇ ਆਉਂਦਾ ਹੈ, ਮਰਨ ਬਾਅਦ ਕੀ ਵਾਪਰਦਾ ਹੈ, ਆਦਿ ਅਨੇਕਾਂ ਸਵਾਲਾਂ ਦੇ ਜਵਾਬ ਲੱਭਣ
ਲਈ ਧਰਮ ਯਤਨਸ਼ੀਲ ਰਿਹਾ ਹੈ। ਇਸ ਤਰ੍ਹਾਂ ਇਹ ਗਿਆਨ ਅੱਗੇ ਵੱਲ ਨੂੰ ਤੁਰਨ ਵਾਲਾ ਹੈ, ਪਰ ਸਮਾਂ ਪਾ
ਕੇ ਨਵਾਂ ਧਰਮ ਗੁਰੂ ਪਿਛਲੇ ਸੱਚ, ਪਿਛਲੀਆਂ ਖੋਜਾਂ ਅਤੇ ਆਪਣੇ ਵਿਜ਼ਨ ਨਾਲ ਨਵਾਂ ਰਸਤਾ ਦਿਖਾਉਂਦਾ
ਹੈ। ਪਰ ਧਰਮ ਵਿੱਚ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ, ਜਦੋਂ ਧਰਮ ਦਾ ਪੈਰੋਕਾਰ ਨਵੀਂ ਖੋਜ ਨੂੰ
ਪ੍ਰਵਾਨ ਨਹੀਂ ਕਰਦਾ। ਉਹ ਉਥੇ ਹੀ ਖੜ੍ਹਾ ਰਹਿ ਜਾਂਦਾ ਹੈ, ਜੇ ਕੋਈ ਕੋਸ਼ਿਸ਼ ਕਰਦਾ ਵੀ ਹੈ, ਧਰਮ
ਪੁਜਾਰੀ ਉਸ ਨੂੰ ਅੱਗੇ ਤੁਰਨ ਨਹੀਂ ਦਿੰਦਾ ਕਿਉਂਕਿ ਪੁਜਾਰੀ ਲਈ ਧਰਮ ਧੰਦਾ ਹੁੰਦਾ ਹੈ। ਇਸੇ ਕਰ ਕੇ
ਥੋੜੇ ਲੋਕ ਨਵੇਂ ਧਰਮ ਨਾਲ ਜੁੜਦੇ ਹਨ। ਬਹੁਤੇ ਪੁਰਾਣੇ ਨਾਲ ਹੀ ਚਿਪਕੇ ਰਹਿੰਦੇ ਹਨ। ਇਹ ਸਿਲਸਿਲਾ
ਪਿਛਲੇ ਪੰਜ ਹਜ਼ਾਰ ਸਾਲ ਤੋਂ ਚਲਦਾ ਆ ਰਿਹਾ ਹੈ। ਧਰਮ ਵਿੱਚ ਪਹਿਲਾ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ
ਜਦੋਂ ਪੁਰਾਣੇ ਧਰਮ ਦੇ ਪੈਰੋਕਾਰ ਪੁਰਾਣੀ ਗੱਲ ਨੂੰ ਸੱਚ ਮੰਨ ਕੇ ਅੜ ਜਾਂਦੇ ਹਨ ਤੇ ਉਸਨੂੰ ਹੀ
ਆਖਰੀ ਸੱਚ ਮੰਨਦੇ ਹਨ। ਉਹ ਆਪਣੇ ਧਰਮ ਗ੍ਰੰਥ ਨੂੰ ਆਖਰੀ ਸੱਚ ਮੰਨਦੇ ਹਨ। ਉਹ ਆਪਣੇ ਧਰਮ ਗ੍ਰੰਥ
ਨੂੰ ਰੱਬ ਦਾ, ਅੱਲਾ ਦਾ ਆਖਰੀ ਤੇ ਸਦੀਵੀ ਸੁਨੇਹਾ ਮੰਨ ਕੇ ਚਲਦੇ ਹਨ, ਜਿਸ ਵਿੱਚ ਕੋਈ ਤਬਦੀਲੀ
ਨਹੀਂ ਹੋ ਸਕਦੀ। ਇਸ ਨਾਲ ਨਾ ਸਿਰਫ ਇੱਕ ਧਰਮ ਦਾ ਦੂਜੇ ਨਾਲ ਵਿਰੋਧ ਜਾਂ ਵਖਰੇਵਾਂ ਸ਼ੁਰੂ ਹੁੰਦਾ
ਹੈ, ਉੱਥੇ ਉਸੇ ਧਰਮ ਦੇ ਮੰਨਣ ਵਾਲਿਆਂ ਵੱਲੋਂ ਜਦੋਂ ਕਿਸੇ ਗੱਲ ਤੇ ਜਵਾਬ ਮੰਗਿਆ ਜਾਂਦਾ ਹੈ ਜਾਂ
ਕਿਸੇ ਵਿਸ਼ਵਾਸ਼ ਜਾਂ ਧਾਰਨਾ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ, ਉਸ ਸਮੇਂ ਪੁਜਾਰੀ ਕਲਾਸ ਉਸਨੂੰ
ਧਰਮ ਵਿੱਚ ਸ਼ਰਧਾ ਰੱਖਣ, ਇਸ ਨੂੰ ਅੰਤਮ ਸੱਚ ਪ੍ਰਵਾਨਣ ਲਈ ਕਹਿੰਦੀ ਹੈ। ਉਹ ਕਹਿੰਦੇ ਹਨ ਕਿ ਧਰਮ
ਵਿੱਚ ਕਿੰਤੂ ਪ੍ਰੰਤੂ, ਤਰਕ-ਦਲੀਲ ਪ੍ਰਵਾਨ ਨਹੀਂ ਹੁੰਦੀ ਹੈ, ਧਰਮ ਸ਼ਰਧਾ ਦਾ ਵਿਸ਼ਾ ਹੁੰਦਾ ਹੈ, ਧਰਮ
ਵਿਸ਼ਵਾਸ਼ (ਅੰਧ-ਵਿਸ਼ਵਾਸ਼) ਦਾ ਵਿਸ਼ਾ ਹੁੰਦਾ ਹੈ, ਇੱਥੇ ਉਹੀ ਪ੍ਰਵਾਨ ਹੈ, ਉਹੀ ਸੱਚਾ ਧਰਮੀ ਹੈ, ਉਸਦਾ
ਹੀ ਪਾਰ ਉਤਾਰਾ ਹੁੰਦਾ ਹੈ, ਜੋ ਸੱਚੇ ਦਿਲੋਂ ਸਾਰੇ ਕਿੰਤੂ ਪ੍ਰੰਤੂ ਮਨਾਂ ਵਿਚੋਂ ਕੱਢ ਕੇ ਸ਼ਰਧਾ
ਨਾਲ ਸਭ ਕੁੱਝ ਨੂੰ ਸੱਚ ਮੰਨ ਕੇ ਮੱਥਾ ਟੇਕ ਦਿੰਦਾ ਹੈ ਅਤੇ ਜਿਹੜਾ ਆਪਣੇ ਗੁਰੂ, ਪੈਗੰਬਰ, ਰਹਿਬਰ,
ਮਸੀਹਾ ਆਦਿ ਤੇ ਕਿੰਤੂ ਕਰਦਾ ਹੈ, ਉਸਦੀ ਕਿਸੇ ਲਿਖਤ ਜਾਂ ਵਿਚਾਰ ਤੇ ਉਂਗਲੀ ਉਠਾਉਂਦਾ ਹੈ, ਉਹ ਧਰਮ
ਵਿੱਚ ਪ੍ਰਵਾਨ ਨਹੀਂ। ਪਰ ਜਿਹੜਾ ਫਿਰ ਵੀ ਪਿੱਛੇ ਨਾ ਹਟੇ, ਉਸਨੂੰ ਧਰਮ ਵਿਚੋਂ ਛੇਕ ਦਿੱਤਾ ਜਾਂਦਾ
ਹੈ। ਉਸ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਧਰਮ ਵਿੱਚ ਉੱਠਦੀ ਹਰ
ਵਿਰੋਧਤਾ ਦਲੀਲ ਤੇ ਤਰਕ ਵਾਲੀ ਸੋਚ ਜਾਂ ਬਗਾਵਤ ਦਬਾ ਦਿੱਤੀ ਜਾਂਦੀ ਹੈ। ਇਹੀ ਵਜ੍ਹਾ ਹੈ ਕਿ
ਪੁਰਾਤਨ ਸਮੇਂ ਤੋਂ ਅਨੇਕਾਂ ਸੱਚ ਦੇ ਪਾਂਧੀਆਂ, ਕੁਦਰਤ ਦੇ ਖੋਜੀਆਂ ਤੇ ਵਿਗਿਆਨੀਆਂ ਨੂੰ ਮੌਤ ਦੇ
ਫਤਵੇ ਦਿੱਤੇ ਗਏ, ਦੇਸ਼ ਨਿਕਾਲੇ ਦਿੱਤੇ ਗਏ, ਸਮਾਜ ਵਿਚੋਂ ਬਾਈਕਾਟ ਕੀਤੇ ਗਏ ਜਾਂ ਧਰਮ ਵਿਚੋਂ ਛੇਕੇ
ਗਏ।
ਜੇ ਦੂਜੇ ਪਾਸੇ ਸਾਇੰਸ ਦਾ ਪੱਖ ਦੇਖੀਏ ਜਿੱਥੇ ਕੋਈ ਵੀ ਸਾਇੰਸਦਾਨ ਇਹ ਦਾਅਵਾ ਨਹੀਂ ਕਰਦਾ ਕਿ ਉਸਨੇ
ਕੁਦਰਤ ਦਾ, ਰੱਬ ਦਾ ਜਾਂ ਮੈਟਰ ਦਾ ਅੰਤ ਪਾ ਲਿਆ ਹੈ, ਉੱਥੇ ਜਿੱਥੋਂ ਕੋਈ ਇੱਕ ਸਾਇੰਸਦਾਨ ਆਪਣੀ
ਖੋਜ ਛੱਡਦਾ ਹੈ, ਉੱਥੋਂ ਅਗਲਾ ਸਾਇੰਸਦਾਨ ਅੱਗੇ ਤੁਰ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਮਨੁੱਖ ਨੇ
ਸਾਇੰਸ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕੀਤੀ ਹੈ ਅਤੇ ਕਦੇ ਕਿਸੇ ਇੱਕ ਸਾਇੰਸਦਾਨ ਦਾ ਦੂਜੇ ਨਾਲ
ਕੋਈ ਝਗੜਾ ਨਹੀਂ ਅਤੇ ਨਾ ਹੀ ਸਾਇੰਸ ਦੀਆਂ ਖੋਜਾਂ ਅਪਨਾਉਣ ਵਾਲਿਆਂ ਵਿੱਚ ਹੀ ਕੋਈ ਝਗੜਾ ਹੈ।
ਸਾਇੰਸ ਦੀ ਹਰ ਨਵੀਂ ਖੋਜ ਦਾ ਹਰ ਕੋਈ ਲਾਭ ਉਠਾਉਣ ਦਾ ਯਤਨ ਕਰਦਾ ਹੈ। ਇੱਥੋਂ ਤੱਕ ਕੇ ਹਰ ਧਰਮੀ
ਮਨੁੱਖ ਵੀ ਸਾਇੰਸ ਦੀ ਹਰ ਨਵੀਂ ਤੋਂ ਨਵੀਂ ਖੋਜ ਦਾ ਲਾਭ ਉਠਾਉਣ ਲਈ ਤਤਪਰ ਹੈ। ਕੋਈ ਵੀ ਵਿਅਕਤੀ ਇਹ
ਨਹੀਂ ਕਹਿੰਦਾ ਕਿ ਮੈਂ ਪੁਰਾਣੀ ਚੀਜ਼ ਹੀ ਵਰਤਣੀ ਹੈ ਕਿਉਂਕਿ ਮੇਰੇ ਪੂਰਵਜ਼ ਉਹੀ ਚੀਜ਼ਾਂ ਵਰਤਦੇ ਸਨ।
ਉਦਾਹਰਣ ਦੇ ਤੌਰ ਤੇ ਸਾਡੇ ਪੂਰਵਜ਼ ਆਵਾਜਾਈ ਦੇ ਸਾਧਨਾਂ ਲਈ ਬਲਦ ਘੋੜੇ ਆਦਿ ਵਰਤਦੇ ਸਨ, ਪਰ ਅੱਜ
ਕੋਈ ਵੀ ਵਧੀਆ ਕਾਰਾਂ ਜਾਂ ਜਹਾਜਾਂ ਨੂੰ ਛੱਡ ਕੇ ਇਹ ਨਹੀਂ ਕਹਿੰਦਾ ਕਿ ਅਸੀਂ ਤਾਂ ਸਿਰਫ ਬਲਦਾਂ
ਘੋੜਿਆਂ ਨੂੰ ਹੀ ਵਰਤਾਂਗੇ ਕਿਉਂਕਿ ਇਹ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਪੁਰਾਤਨ ਮਰਿਆਦਾ ਹੈ। ਜਦੋਂ
ਧਰਮ ਦੀ ਗੱਲ ਹੁੰਦੀ ਹੈ ਤਾਂ ਉਹੀ ਵਿਅਕਤੀ ਪੁਰਾਤਨਤਾ ਵਿੱਚ ਯਕੀਨ ਕਰਦਾ ਹੈ। ਉਹ ਹਜ਼ਾਰਾਂ ਸਾਲ
ਪੁਰਾਣੀ ਧਰਮ ਵੱਲੋਂ ਕੁਦਰਤ ਦੀ ਕੀਤੀ ਖੋਜ ਨੂੰ ਤਾਂ ਸੱਚ ਮੰਨਦਾ ਹੈ, ਪਰ ਅੱਜ ਦੇ ਸੱਚ ਨੂੰ ਮੰਨਣ
ਲਈ ਤਿਆਰ ਨਹੀਂ। ਉਹ ਅੱਜ ਦੇ ਸੱਚ ਦੇ ਪਾਂਧੀਆਂ ਨੂੰ ਰੋਕਣ ਲਈ ਹਰ ਹਰਬਾ ਵਰਤਦਾ ਹੈ। ਇਹੀ ਧਰਮੀ
ਲੋਕਾਂ ਦਾ ਪੁਰਾਤਨ ਸੱਚ ਹੈ ਤੇ ਇਹੀ ਅੱਜ ਦਾ ਸੱਚ ਹੈ, ਉਹ ਪਹਿਲਾਂ ਵੀ ਸੱਚ ਦੇ ਪਾਂਧੀਆਂ ਨੂੰ
ਫਾਂਸੀ ਚਾੜ੍ਹਦਾ ਸੀ, ਜ਼ਹਿਰ ਪਿਆਲੇ ਪਿਲਾਉਂਦਾ ਸੀ, ਧਰਮ ਤੋਂ ਛੇਕਦਾ ਸੀ, ਅੱਜ ਵੀ ਉਹੀ ਕਰਦਾ ਹੈ,
ਇਹੀ ਹਰ ਧਰਮ ਦੀ ਵੱਡੀ ਸਮੱਸਿਆ ਹੈ। ਉਹ ਨਵੀਨਤਾ ਵਿੱਚ ਨਹੀਂ ਪੁਰਾਤਨਤਾ ਵਿੱਚ ਯਕੀਨ ਰੱਖਦਾ ਹੈ।
ਉਹ ਸਮੇਂ ਦੇ ਹਾਣ ਦਾ ਹੋ ਕੇ ਨਹੀਂ ਚਲਦਾ ਸਗੋਂ ਸਮੇਂ ਤੋਂ ਸੈਂਕੜੇ ਜਾਂ ਹਜ਼ਾਰਾਂ ਸਾਲ ਪਿੱਛੇ
ਤੁਰਦਾ ਹੈ। ਉਹ ਕੁਦਰਤ ਦੀ, ਆਤਮਾ ਦੀ, ਪ੍ਰਮਾਤਮਾ ਦੀ ਹਜ਼ਾਰਾਂ ਸਾਲ ਪੁਰਾਣੀ ਖੋਜ ਨੂੰ ਅੰਤਮ ਸੱਚ
ਮੰਨਦਾ ਹੈ ਅਤੇ ਸਮੇਂ ਦੇ ਸੱਚ ਨੂੰ ਨਕਾਰਦਾ ਹੈ ਕਿਉਂਕਿ ਉਹ ਗਿਆਨ ਦੀ ਨਿਰੰਤਰਤਾ ਵਿੱਚ ਵਿਸ਼ਵਾਸ਼
ਨਹੀਂ ਰੱਖਦਾ। ਉਹ ਇਹ ਮੰਨ ਕੇ ਚੱਲਦਾ ਹੈ ਕਿ ਪਿਛਲੀ ਖੋਜ ਅੰਤਿਮ ਸੱਚ ਹੈ ਤੇ ਅੱਜ ਸਾਰੇ ਝੂਠੇ ਹਨ।
ਜੋ ਸਾਡੇ ਧਰਮ ਗ੍ਰੰਥ ਵਿੱਚ ਹੈ ਉਹੀ ਆਖਰੀ ਸੱਚ ਹੈ, ਉਸ ਤੋਂ ਅੱਗੇ ਕੁੱਝ ਨਹੀਂ, ਨਾ ਹੀ ਅੱਗੇ
ਕੁੱਝ ਹੋ ਸਕਦਾ ਹੈ। ਪਿਛਲੇ ਸਮੇਂ ਵਿੱਚ ਧਰਮ ਇੰਨੇ ਜਥੇਬੰਦਕ ਤੇ ਮਜਬੂਤ ਨਹੀਂ ਸਨ, ਜਿੰਨੇ ਅੱਜ
ਹਨ। ਇਸੇ ਲਈ ਕਈ ਨਵੇਂ ਧਰਮ ਹੋਂਦ ਵਿੱਚ ਆਏ। ਪਰ ਅੱਜ ਧਰਮ ਦੀ ਪੁਰਾਤਨਤਾ ਦੀ ਰਾਖੀ ਲਈ ਦੁਨੀਆਂ ਭਰ
ਵਿੱਚ ਕਾਨੂੰਨ ਬਣੇ ਹੋਏ ਹਨ। ਹਰ ਨਵੀਂ ਸੋਚ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਜਾਂ ਧਰਮ ਵਿੱਚ ਦਖਲ
ਅੰਦਾਜ਼ੀ ਦੇ ਨਾਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਹੁਣ ਧਰਮੀ ਬੰਦਾ ਇੰਨਾ ਅਸਹਿਣਸ਼ੀਲ ਹੋ ਚੁੱਕਾ
ਹੈ ਕਿ ਉਹ ਹਰ ਛੋਟੀ ਛੋਟੀ ਗੱਲ ਤੇ ਮਰਨ ਮਰਾਉਣ ਲਈ ਤਿਆਰ ਹੈ। ਹਰ ਛੋਟੀ ਜਿਹੀ ਗੱਲ ਤੇ ਉਸਦੀਆਂ
ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਧਰਮ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਧਰਮ ਉਸ ਲਈ ਕੱਚ ਦੇ
ਸਮਾਨ ਤੋਂ ਵੱਧ ਕੁੱਝ ਨਹੀਂ, ਜਿਸਦੇ ਟੁੱਟਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਹਰ ਨਵੀਂ ਸੋਚ
ਨੂੰ ਨਵੀਂ ਖੋਜ ਨੂੰ ਪ੍ਰਵਾਨ ਹੋਣ ਤੋਂ ਰੋਕਣ ਲਈ ਹਰ ਪੱਧਰ ਤੇ ਘੇਰਾਬੰਦੀ ਕੀਤੀ ਜਾਂਦੀ ਹੈ। ਜਿਸ
ਨਾਲ ਸੱਚ ਦੀ ਅਵਾਜ਼ ਬੁਰੀ ਤਰ੍ਹਾਂ ਦੱਬ ਜਾਂਦੀ ਹੈ।
ਧਰਮ ਦੀ ਮਰਿਆਦਾ
ਧਰਮ ਦਾ ਤੀਜਾ ਹਿੱਸਾ ਉਸਦੀ ਮਰਿਆਦਾ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਰਿਆਦਾ ਤੋਂ ਭਾਵ
ਧਰਮ ਦੀਆਂ ਮਾਨਤਾਵਾਂ, ਪ੍ਰੰਪਰਾਵਾਂ, ਵਿਸ਼ਵਾਸ਼, ਅੰਧ-ਵਿਸ਼ਵਾਸ਼, ਕਰਾਮਾਤਾਂ, ਸਮੇਂ ਤੇ ਸਥਾਨ ਅਨੁਸਾਰ
ਸੱਭਿਆਚਾਰਕ ਰੀਤੀ ਰਿਵਾਜਾਂ, ਪੂਜਾ ਪਾਠ ਦੇ ਸਾਧਨ ਤੇ ਢੰਗ, ਧਰਮ ਦੇ ਚਿੰਨ੍ਹ ਆਦਿ ਤੋਂ ਹੈ। ਗੱਲ
ਨੂੰ ਅੱਗੇ ਤੋਰਨ ਤੋਂ ਪਹਿਲਾਂ ਸਪੱਸ਼ਟ ਕਰਦਿਆਂ ਕਿ ਧਰਮ ਦੀ ਮਰਿਆਦਾ ਕਿਸੇ ਵੀ ਧਰਮ ਵਿੱਚ ਉਸਦੇ ਧਰਮ
ਗੁਰੂ, ਰਹਿਬਰ ਜਾਂ ਪੀਰ-ਪੈਗੰਬਰ ਨੇ ਨਹੀਂ ਬਣਾਈ। ਸਾਰੇ ਧਰਮਾਂ ਦੀ ਮਰਿਆਦਾ, ਸ਼ਰ੍ਹਾ ਜਾਂ ਪੂਜਾ
ਪਾਠ ਆਦਿ ਧਰਮ ਦੇ ਪੁਜਾਰੀਆਂ ਤੇ ਸ਼ਰਧਾਲੂਆਂ ਵੱਲੋਂ ਬਣਾਈ ਹੁੰਦੀ ਹੈ। ਪੁਜਾਰੀ ਜਮਾਤ ਨੇ ਕਿਉਂਕਿ
ਧਰਮ ਨੁੰ ਧੰਦਾ ਬਣਾਇਆ ਹੁੰਦਾ ਹੈ, ਇਸ ਲਈ ਉਨ੍ਹਾਂ ਦੀ ਮਰਿਆਦਾ ਆਪਣੇ ਧੰਦੇ ਨੂੰ ਪੱਕਾ ਕਰਨ ਤੇ
ਵਧਣ ਫੁੱਲਣ ਵਿੱਚ ਸਹਾਈ ਕਰਨ ਵਾਲੀ ਹੁੰਦੀ ਹੈ। ਜਦੋਂ ਕਿ ਸਰਧਾਲੂਆਂ ਦੀ ਮਰਿਆਦਾ ਅੰਧ ਵਿਸ਼ਵਾਸ਼ਾਂ,
ਗੈਰ ਕੁਦਰਤੀ ਕਰਾਮਾਤਾਂ ਅਤੇ ਅਗਿਆਨਤਾ ਦੀ ਉਪਜ ਹੁੰਦੀ ਹੈ। ਸਾਰੇ ਧਰਮਾਂ ਵਿੱਚ ਦੂਜੀ ਵੱਡੀ
ਸਮੱਸਿਆ ਪੁਜਾਰੀਆਂ ਤੇ ਸ਼ਰਧਾਲੂਆਂ ਵੱਲੋਂ ਆਪੇ ਬਣਾਈ ਮਰਿਆਦਾ ਨੂੰ ਵੀ ਧਰਮ ਗ੍ਰੰਥ ਦੀ ਫਿਲਾਸਫੀ
ਵਾਂਗ ਅੰਤਿਮ ਸੱਚ ਪ੍ਰਚਾਰਿਆ ਜਾਣਾ ਹੈ। ਉਹ ਇਸ ਵਿੱਚ ਕਿਸੇ ਤਬਦੀਲੀ ਨੂੰ ਧਰਮ ਲਈ ਖਤਰੇ ਦੇ ਨਾਮ
ਹੇਠ ਦਬਾਉਂਦੇ ਹਨ।
ਧਰਮ ਦੀ ਮਰਿਯਾਦਾ ਵਿੱਚ ਬਹੁਤ ਕੁੱਝ ਅਜਿਹਾ ਹੁੰਦਾ ਹੇ, ਜੋ ਸਮੇਂ, ਸਥਾਨ ਤੇ ਵਾਤਾਵਰਣ ਅਨੁਸਾਰ
ਹੁੰਦਾ ਹੈ, ਜਿਸ ਵਿੱਚ ਹਰ ਸਮੇਂ ਜਾਂ ਕੁੱਝ ਸਮੇਂ ਬਾਅਦ ਤਬਦੀਲੀ ਦੀ ਗੁੰਜ਼ਾਇਸ਼ ਹੁੰਦੀ ਹੈ। ਜਦੋਂ
ਧਰਮ ਨੂੰ ਮੰਨਣ ਵਾਲੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ ਜਾਂ ਇੱਕ ਧਰਮ ਜਾਂ ਸਭਿਆਚਾਰ ਨੂੰ
ਮੰਨਣ ਵਾਲੇ ਲੋਕ ਦੂਜੇ ਧਰਮ ਨੂੰ ਅਪਨਾ ਲੈਂਦੇ ਹਨ ਤਾਂ ਬਹੁਤ ਕੁੱਝ ਬਦਲਣ ਦੀ ਸੰਭਾਵਨਾ ਹੁੰਦੀ ਹੈ
ਪਰ ਪੁਜਾਰੀ, ਅੰਧ ਵਿਸ਼ਵਾਸ਼ੀ ਸ਼ਰਧਾਲੂ ਤੇ ਧਰਮ ਤੇ ਕਾਬਿਜ਼ ਪ੍ਰਬੰਧਕ ਮਰਿਯਾਦਾ ਨੂੰ ਸਦੀਵੀ ਤੇ ਅੰਤਮ
ਸੱਚ ਮੰਨ ਕੇ ਚੱਲਦੇ ਹਨ। ਇਨ੍ਹਾਂ ਅਨੁਸਾਰ ਧਰਮ ਫਿਲਾਸਫੀ ਤੇ ਮਰਿਯਾਦਾ ਸਦੀਵੀ ਤੇ ਅੰਤਮ ਸੱਚ
ਹੁੰਦੀ ਹੈ, ਇਸ ਵਿੱਚ ਤਬਦੀਲੀ ਦੀ ਕੋਈ ਗੁੰਜ਼ਾਇਸ਼ ਨਹੀਂ ਹੁੰਦੀ। ਇਹੀ ਵਜ੍ਹਾ ਹੈ ਕਿ ਜਦੋਂ ਕੋਈ
ਪੁਜਾਰੀ ਦੀ ਬਣਾਈ ਮਰਿਯਾਦਾ ਜੋ ਕਿ ਸਮੇਂ ਦੀ ਹਾਣੀ ਨਹੀਂ ਹੁੰਦੀ, ਉਸ ਤੇ ਕਿੰਤੂ-ਪ੍ਰੰਤੂ ਕਰਦਾ
ਹੈ, ਸਵਾਲ ਉਠਾਉਂਦਾ ਹੈ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਚੀਕ ਚਿਹਾੜਾ ਪਾ ਦਿੱਤਾ
ਜਾਂਦਾ ਹੈ। ਉਸ ਖਿਲਾਫ ਫਤਵੇ ਜਾਰੀ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸਦਾ ਨਤੀਜਾ ਇਹ ਨਿਕਲ ਰਿਹਾ ਹੈ
ਕਿ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀਆਂ ਅਗਲੀਆਂ ਨਸਲਾਂ ਧਰਮ ਨੂੰ ਮੰਨਣ ਤੋਂ ਇਨਕਾਰੀ ਹੋ
ਰਹੀਆਂ ਹਨ। ਤਕਰੀਬਨ ਸਾਰੇ ਧਰਮਾਂ ਵਿੱਚ ਪੰਜਾਹ ਸਾਲ ਤੋਂ ਉੱਪਰ ਉਮਰ ਦੇ ਲੋਕ ਹੀ ਧਰਮ ਕਰਮ ਵਿੱਚ
ਸ਼ਾਮਲ ਦਿਸਦੇ ਹਨ। ਵੀਹਵੀਂ ਸਦੀ ਨੂੰ ਸਾਇੰਸ ਦੀ ਸਦੀ ਕਿਹਾ ਜਾਂਦਾ ਹੈ, ਇਸ ਸਦੀ ਦੇ ਆਖਰੀ ਤਿੰਨ
ਦਹਾਕਿਆਂ ਵਿੱਚ ਜਾਂ ਉਸ ਤੋਂ ਬਾਅਦ ਪੈਦਾ ਹੋਈਆਂ ਪੀੜ੍ਹੀਆਂ ਦਾ ਧਰਮ ਕਰਮ ਵਿੱਚ ਕੋਈ ਵਿਸਵਾਸ਼
ਨਹੀਂ। ਧਰਮ ਉਨ੍ਹਾਂ ਲਈ ਫਾਲਤੂ ਜਿਹੀ ਵਸਤੂ ਹੈ। ਪਰ ਅਜੇ ਉਹ ਆਪਣੇ ਬਜ਼ੁਰਗਾਂ ਦੇ ਪ੍ਰਭਾਵ ਜਾਂ
ਧਾਰਮਿਕ ਇੰਟਰਟੇਨਮੈਂਟ ਦੇ ਨਜ਼ਰੀਏ ਤੋਂ ਥੋੜ੍ਹਾ ਬਹੁਤ ਧਰਮ ਅਸਥਾਨਾਂ ਵਿੱਚ ਨਜ਼ਰ ਆਉਂਦੀ ਹੈ। ਪਰ
ਅਗਲੇ ਕੁੱਝ ਦਹਾਕਿਆਂ ਵਿੱਚ ਜੇ ਧਰਮ ਦਾ ਨਜ਼ਰੀਆ ਇਹੋ ਰਿਹਾ ਤਾਂ ਇਹ ਗਿਣਤੀ ਘਟਦੀ ਹੀ ਜਾਵੇਗੀ। ਇਸ
ਦਾ ਕਾਰਨ ਜਿੱਥੇ ਸਾਇੰਸ ਦੀਆਂ ਖੋਜਾਂ ਨੇ ਕੁਦਰਤ ਬਾਰੇ ਅਗਿਆਨਤਾ ਤੇ ਡਰ ਨੂੰ ਦੂਰ ਕਰ ਕੇ ਮਨੁੱਖ
ਨੂੰ ਗਿਆਨਵਾਨ ਬਣਾਇਆ ਹੈ, ਉੱਥੇ ਧਰਮ ਵੱਲੋਂ ਸਮੇਂ ਦਾ ਹਾਣੀ ਨਾ ਬਣਨ ਨੇ ਵੀ ਵੱਡਾ ਰੋਲ ਅਦਾ ਕੀਤਾ
ਹੈ। ਇਸ ਵਕਤ ਅਗਿਆਨਤਾ ਤੇ ਡਰ ਵਿਚੋਂ ਪੈਦਾ ਹੋਇਆ ਧਰਮ ਆਪਣੀ ਮੌਲਿਕਤਾ ਗੁਆਉਂਦਾ ਨਜ਼ਰ ਆ ਰਿਹਾ ਹੈ
ਤੇ ਜੇ ਇਸ ਨੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਤੇ ਗਿਆਨ ਦੀ ਨਿਰੰਤਰਤਾ ਵਿੱਚ ਵਿਸ਼ਵਾਸ਼ ਕਰਨਾ ਨਾ
ਸਿੱਖਿਆ ਤਾਂ ਧਰਮ ਬੀਤੇ ਸਮੇਂ ਦੀ ਗੱਲ ਹੀ ਰਹਿ ਜਾਵੇਗਾ।
ਧਰਮ ਦੀ ਸਮੱਸਿਆ ਦਾ ਹੱਲ
ਧਰਮ ਬਾਰੇ ਇਸ ਸਾਰੀ ਵਿਚਾਰ ਚਰਚਾ ਤੋਂ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਧਰਮ ਦੀ ਸਮੱਸਿਆ
ਉਸ ਤੇ ਕਾਬਜ਼ ਅੰਧਵਿਸ਼ਵਾਸ਼ੀ ਤੇ ਕੱਟੜਪੰਥੀ ਸ਼ਰਧਾਲੂਆਂ ਅਤੇ ਪੁਜਾਰੀ ਜਮਾਤ ਵੱਲੋਂ ਧਰਮ ਦੀ ਫਿਲਾਸਫੀ
ਤੇ ਮਰਿਆਦਾ ਨੂੰ ਅੰਤਮ ਸੱਚ ਮੰਨਣ ਵਿੱਚ ਹੈ। ਧਰਮ ਦੀ ਫਿਲਾਸਫੀ ਕੁਦਰਤ ਬਾਰੇ ਗਿਆਨ ਅਧਾਰਿਤ ਹੋਣ
ਕਰ ਕੇ ਗਿਆਨ ਨੂੰ ਬੰਨ੍ਹ ਨਹੀਂ ਮਾਰਿਆ ਜਾ ਸਕਦਾ। ਕੁਦਰਤ ਇਤਨੀ ਬੇਅੰਤ ਹੈ ਕਿ ਇਸਦਾ ਅੰਤ ਪਾਉਣ ਦਾ
ਦਾਅਵਾ ਕਰਨਾ ਮੂਰਖਤਾ ਤੋਂ ਵੱਧ ਕੁੱਝ ਨਹੀਂ, ਪਰ ਧਰਮ ਅਜੇ ਤੱਕ ਇਸ ਮੂਰਖਤਾ ਦੇ ਰਸਤੇ ਤੇ ਹੀ ਤੁਰ
ਰਿਹਾ ਹੈ। ਇਸਦਾ ਹੱਲ ਕੁਦਰਤ ਬਾਰੇ ਗਿਆਨ ਨੂੰ ਨਿਰੰਤਰਤਾ ਵਿੱਚ ਦੇਖਣਾ ਤੇ ਧਰਮ ਗ੍ਰੰਥਾਂ ਨੂੰ
ਪੁਰਾਤਨ ਸਮੇਂ ਦਾ ਸੱਚ ਮੰਨਣਾ ਤੇ ਉੱਥੋਂ ਅੱਗੇ ਤੁਰ ਕੇ ਸਮੇਂ ਦਾ ਹਾਣੀ ਬਣਨ ਵਿੱਚ ਹੈ। ਧਰਮ
ਗ੍ਰੰਥਾਂ ਦੀ ਸੱਚਾਈ ਨੂੰ ਅੰਤਮ ਨਾ ਮੰਨ ਕੇ ਉਸ ਨੂੰ ਸਮਝ ਕੇ ਸਾਇੰਸਦਾਨਾਂ ਵਾਂਗ ਉਸ ਤੋਂ ਅੱਗੇ
ਤੁਰਨ ਦੀ ਲੋੜ ਹੈ। ਪਰਮਾਰਥ ਦੇ ਖੋਜੀਆਂ ਨੂੰ ਪੁਰਾਤਨ ਗਿਆਨ ਤੋਂ ਸੇਧ ਲੈ ਕੇ ਨਵੀਂ ਖੋਜ ਲਈ
ਉਤਸਾਹਿਤ ਕਰਨ ਦੀ ਲੋੜ ਹੈ।
ਇਸੇ ਤਰ੍ਹਾਂ ਧਰਮ ਦੀ ਮਰਿਆਦਾ ਨੂੰ ਸਦੀਵੀ ਮੰਨਣਾ ਜਾਂ ਬਣਾਉਣਾ ਮੂਰਖਤਾ ਵਾਲਾ ਕਰਮ ਹੈ। ਮਰਿਆਦਾ
ਦਾ ਸੱਚ ਹਮੇਸ਼ਾ ਸਮੇਂ, ਸਥਾਨ, ਵਾਤਾਵਰਣ, ਸਮਾਜਕ ਅਤੇ ਸੱਭਿਆਚਾਰਕ ਰੀਤੀ ਰਿਵਾਜਾਂ, ਰਾਜਨੀਤਕ ਤੇ
ਆਰਥਿਕ ਉਮੰਗਾਂ ਵਿੱਚ ਹੁੰਦਾ ਹੈ। ਜਿਸ ਵਿੱਚ ਹਮੇਸ਼ਾਂ ਤਬਦੀਲੀ ਦੀ ਸੰਭਾਵਨਾ ਹੁੰਦੀ ਹੈ। ਸਮੇਂ ਨਾਲ
ਆਏ ਬਦਲਾਵਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਮਨੁੱਖ ਨੂੰ ਅੱਗੇ ਵਧਣ ਵਿੱਚ ਮੱਦਦ ਮਿਲਣੀ ਚਾਹੀਦੀ
ਹੈ, ਨਾ ਕਿ ਮਰਿਆਦਾ ਉਸਨੂੰ ਅੱਗੇ ਵਧਣ ਤੋਂ ਰੋਕਣ ਲਈ ਸੰਗਲ ਬਣ ਜਾਵੇ ਤੇ ਉਹ ਬਗਾਵਤ ਦੇ ਰਾਹ ਤੁਰ
ਪਵੇ।
ਸਭ ਤੋਂ ਅਹਿਮ ਗੱਲ ਧਰਮ ਦੇ ਅਸੂਲਾਂ ਨੂੰ ਪ੍ਰਚਾਰਨ ਤੇ ਉਸਨੂੰ ਹੀ ਅਸਲੀ ਧਰਮ ਮੰਨ ਕੇ ਚੱਲਣ ਵਿੱਚ
ਹੈ। ਇਸ ਨੂੰ ਹੀ ਅਸਲੀ ਧਰਮ ਮੰਨਿਆ ਜਾਣਾ ਚਾਹੀਦਾ ਹੈ, ਫਿਲਾਸਫੀ ਅਤੇ ਮਰਿਆਦਾ ਵਿੱਚ ਤਬਦੀਲੀ ਲਈ
ਰਾਹ ਖੁੱਲ੍ਹੇ ਰਹਿਣੇ ਚਾਹੀਦੇ ਹਨ ਤਾਂ ਹੀ ਧਰਮ ਦੇ ਨਾਲ ਨਾਲ ਮਨੁੱਖਤਾ ਦੀ ਭਲਾਈ ਤੇ ਤਰੱਕੀ ਹੋ
ਸਕਦੀ ਹੈ।