.

ਮੌਜੂਦਾ ਸਿੱਖ ਵਿਦਿਅਕ ਸੰਸਥਾਂਵਾਂ- ਇੱਕ ਲੇਖਾ ਜੋਖਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਿੱਖ ਵਿਦਿਅਕ ਸੰਸਥਾਂਵਾਂ ਦੀ ਸਥਾਪਨਾ ਸਿੱਖੀ ਸਾਂਭਣ ਤੇ ਫੈਲਾਉਣ ਦੇ ਮੁੱਦੇ ਨੂੰ ਲੈ ਕੇ ਕੀਤੀ ਜਾਂਦੀ ਹੈ। ਸੰਸਥਾਪਕ ਇਹ ਸੋਚਕੇ ਚਲਦੇ ਹਨ ਕਿ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਸਿੱਖੀ ਅਸੂਲਾਂ ਤੇ ਚਲਣਗੀਆਂ ਜਿਸ ਲਈ ਇਹ ਵਿਦਿਅਕ ਅਦਾਰੇ ਰਾਹਨੁਮਾ ਹੋਣਗੇ। ਇਸੇ ਲਈ ਜ਼ਿਆਦਾ ਤਰ ਸਿੱਖ ਵਿਦਿਅਕ ਅਦਾਰੇ ਸਿੱਖ ਧਾਰਮਿਕ ਅਸਥਾਨਾਂ ਦੇ ਨਾਲ ਹੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਬਣੇ। ਬਾਕੀ ਅਦਾਰੇ ਵੀ ਸਿੱਖ ਜਥੇਬੰਦੀਆਂ ਨੇ ਤਕਰੀਬਨ ਇਹੋ ਮਾਟੋ ਲੈ ਕੇ ਸ਼ੁਰੂ ਕੀਤੇ। ਜ਼ਿਆਦਾ ਤਰ ਮਾਪੇ ਵੀ ਅਪਣੇ ਬੱਚੇ ਇਨ੍ਹਾਂ ਸੰਸਥਾਵਾਂ ਵਿੱਚ ਇਸ ਲਈ ਪਾਉਂਦੇ ਹਨ ਕਿ ਉਂਨ੍ਹਾਂ ਦੇ ਬੱਚੇ ਸਾਬਤ ਸੂਰਤ, ਸਿੱਖ ਰਹਿਤ ਤੇ ਵਿਚਾਰਧਾਰਾ ਵਾਲੇ ਹੋਣ। ਕੀ ਸਾਡੀਆਂ ਸਿੱਖ ਸੰਸਥਾਵਾਂ ਇਸ ਮਾਟੋ ਤੇ ਖਰੀਆਂ ਉਤਰ ਰਹੀਆਂ ਹਨ? ਇਸੇ ਦਾ ਜਵਾਬ ਲੱਭਣ ਦਾ ਇਹ ਨਿਮਾਣਾ ਯਤਨ ਹੈ। ਇਸ ਸਬੰਧ ਵਿੱਚ ਅਸੀਂ ਸਿੱਖ ਵਿਦਿਅਕ ਸੰਸਥਾਂਵਾਂ ਨੂੰ ਤਿੰਨ ਪੱਧਰ ਤੇ ਘੋਖ ਸਕਦੇ ਹਾਂ:
ਸਕੂਲ, ਕਾਲਿਜ, ਯੂਨੀਵਰਸਿਟੀ।
ਸਭ ਤੋਂ ਪਹਿਲਾਂ ਸਕੂਲ ਪੱਧਰ ਤੇ ਹੀ ਸਾਡੀਆਂ ਸੰਸਥਾਂਵਾਂ ਦਾ ਗਿਣਾਤਮਕ ਪਸਾਰਾ ਹੋਇਆ ਹੈ। ਜਿੱਥੇ ਵੀ ਕੋਈ ਗੁਰਦਵਾਰਾ ਸਥਾਪਿਤ ਹੁੰਦਾ ਹੈ ਉਥੋਂ ਦੇ ਪ੍ਰਬੰਧਕ ਹੌਲੀ ਹੌਲੀ ਇੱਕ ਸਕੂਲ ਚਲਾਉਣ ਦਾ ਉਪਰਾਲਾ ਕਰਦੇ ਹਨ। ਇਹ ਬੜੀ ਸਲਾਹੁਣ ਯੋਗ ਗੱਲ ਹੈ। ਦਾਸ ਨੂੰ ਵੀ ਗੁਰਦਵਾਰਿਆਂ ਦੀ ਰਹਿਨੁਮਾਈ ਹੇਠ ਬੰਬਈ, ਜਮਾਲਪੁਰ ਲੁਧਿਆਣਾ ਤੇ ਪ੍ਰੀਤਨਗਰ ਲੁਧਿਆਣਾ ਵਿੱਚ ਨਵੇਂ ਸਕੂਲ ਸਥਾਪਿਤ ਕਰਨ ਦਾ ਅਵਸਰ ਮਿਲਿਆ ਹੈ। ਸੋ ਅਪਣੇ ਅਨੁਭਵਾਂ ਨੂੰ ਇਸ ਤਜਰਬੇ ਵਿਚੋਂ ਵੀ ਬਿਆਨਾਂਗਾ। ਪਹਿਲਾਂ ਪਹਿਲ ਇਹ ਸਕੂਲ ਬਹੁਤ ਵਧੀਆ ਚਲਦੇ ਹਨ ਕਿਉਂਕਿ ਇਨ੍ਹਾਂ ਵਿੱਚ ਸ਼ਰਧਾ ਭਾਵਨਾ ਹੁੰਦੀ ਹੈ ਤੇ ਗੁਰਦਵਾਰੇ ਦੇ ਚੜ੍ਹਾਵੇ ਦੀ ਮਾਇਆ ਦਾ ਵਿਦਿਆ-ਪਰਉਪਕਾਰੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਪਰ ਜਿਉਂ ਜਿਉਂ ਗੁਰਦਵਾਰੇ ਦਾ ਚੜ੍ਹਾਵਾ ਵਧਦਾ ਹੈ, ਸਿਆਸਤ ਬਾਜ਼ੀ ਸ਼ੁਰੂ ਹੋ ਜਾਦੀ ਹੈ। ਧਰਮ ਦਾ ਜ਼ਜ਼ਬਾ, ਸ਼ੌਕ ਤੋਂ ਹੁੰਦਾ ਹੋਇਆ ਚੌਧਰ ਦੀ ਭੁੱਖ ਵਿੱਚ ਬਦਲ ਜਾਂਦਾ ਹੈ ਜਿਸ ਨਾਲ ਸਿਆਸਤ ਸ਼ੁਰੂ ਹੋ ਜਾਂਦੀ ਹੈ, ਮਾਇਆ ਲਈ ਘਪਲੇਬਾਜ਼ੀ ਤੇ ਪ੍ਰਬੰਧਕੀ-ਸ਼ਕਤੀ ਲਈ ਖਿਚੋਤਾਣ ਸ਼ੁਰੂ ਹੋ ਜਾਂਦੀ ਹੈ ਜੋ ਹੌਲੀ ਹੌਲੀ ਸਕੂਲਾਂ ਨੂੰ ਵੀ ਲਪੇਟ ਲੈਂਦੀ ਹੈ ਜਿਨ੍ਹਾਂ ਵਿੱਚ ਪ੍ਰਬੰਧਕਾਂ ਦੇ ਨਾਲ ਨਾਲ ਅਧਿਆਪਕ ਵਰਗ ਵੀ ਜੁੜ ਜਾਂਦਾ ਹੈ ਤੇ ਕਈ ਵਾਰ ਤਾਂ ਵਿਦਿਆਰਥੀ ਵੀ ਘਸੀਟ ਲਏ ਜਾਂਦੇ ਹਨ ਜਿਸ ਕਰਕੇ ਅਸ਼ਾਂਤ ਵਾਤਾਵਰਣ, ਲੜਾਈਆਂ, ਹੱਥੋ ਪਾਈਆਂ ਤੋਂ ਵਧ ਕੇ ਤਲਵਾਰਾਂ-ਕਟਾਰਾਂ ਤੇ ਗੋਲੀਬਾਰੀ ਤਕ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ ਤੇ ਕੇਸ ਕੋਰਟ ਕਚਿਹਰੀ ਪਹੁੰਚ ਜਾਂਦੇ ਹਨ। ਇਸ ਨਾਲ ਗੁਰਦਵਾਰਾ, ਸਕੂਲ, ਸੰਗਤ ਤੇ ਸਿੱਖ ਕੌਮ ਸਭ ਬਦਨਾਮ ਹੋ ਜਾਂਦੇ ਹਨ ਤੇ ਵਿਦਿਆ ਵੀਚਾਰੀ ਪਰਉਪਕਾਰੀ ਦੀ ਥਾਂ ਵਿਨਾਸ਼ਕਾਰੀ ਹੋ ਜਾਂਦੀ ਹੈ।
ਆਮ ਤੌਰ ਤੇ ਇਸ ਤਰ੍ਹਾਂ ਸਥਾਪਿਤ ਕੀਤੇ ਸਕੂਲਾਂ ਨੂੰ ਸਟੇਟ ਜਾਂ ਕੇਂਦਰੀ ਵਿਦਿਆ ਬੋਰਡਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਿਸ ਦੀ ਪੜ੍ਹਾਈ ਲਈ ਇੱਕ ਖਾਸ ਸਿਲੇਬਸ ਨਿਸ਼ਚਿਤ ਕਰਨਾ ਜ਼ਰੂਰੀ ਹੁੰਦਾ ਹੈ। ਇਹ ਸਿਲੇਬਸ ਪੱਛਮੀ ਕਦਰਾਂ ਕੀਮਤਾਂ ਤੇ ਆਧਾਰਿਤ ਹੁੰਦਾ ਹੈ ਜਿਸ ਵਿੱਚ ਸੈਕੂਲਰਿਟੀ ਦੇ ਨਾਂ ਤੇ ਧਾਰਮਿਕ ਵਿਦਿਆ ਲਈ ਕੋਈ ਥਾਂ ਨਹੀਂ ਹੁੰਦੀ। ਤੁਸੀਂ ਪਹਿਲੀ ਤੋਂ ਬਾਰਵੀਂ ਤਕ ਦੀਆਂ ਸਾਰੀਆਂ ਪਾਠ ਪੁਸਤਕਾਂ ਵੇਖ ਲਵੋ, ਤੁਹਾਨੂੰ ਧਰਮਾਂ ਬਾਰੇ ਕਿਧਰੇ ਇੱਕ ਅੱਧਾ ਲੇਖ ਮਿਲ ਜਾਵੇਗਾ ਪਰ ਉਹ ਵੀ ਇਸ ਤਰ੍ਹਾਂ ਦਾ ਹੋਵੇਗਾ ਜਿਸ ਨਾਲ ਧਰਮ ਨਾਲ ਲਗਾਉ ਹੋਣ ਦੀ ਥਾਂ ਘਟੇਗਾ ਹੀ। ਸਿੱਖ ਧਰਮ ਤਾਂ ਉਕਾ ਹੀ ਨਦਾਰਦ ਸਮਝੋ। ਇਸ ਤਰ੍ਹਾਂ ਸਿੱਖ ਵਿਦਿਅਕ ਸੰਸਥਾਂਵਾਂ ਵਿੱਚ ਵੀ ਸਿੱਖੀ ਦੀ ਸਿਖਿਆ ਦੇਣਾ ਨਾ ਹੀ ਸਿਲੇਬਸ ਵਿੱਚ ਹੈ ਤੇ ਨਾ ਹੀ ਕੋਈ ਇਸ ਦਾ ਅਧਿਆਪਕ ਹੀ ਹੁੰਦਾ ਹੈ। ਪਹਿਲਾਂ ਪਹਿਲ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਵਿਦਿਅਕ ਸੰਸਥਾਵਾਂ ਲਈ ਧਾਰਮਿਕ ਅਧਿਆਪਕ ਦਾ ਬੰਦੋਬਸਤ ਕਰਕੇ ਦਿੰਦੀ ਸੀ ਹੁਣ ਉਹ ਪ੍ਰਕਿਰਿਆ ਵੀ ਬੰਦ ਵਰਗੀ ਹੀ ਹੈ। ਸੋ ਇਨ੍ਹਾਂ ਸਕੂਲਾਂ ਵਿੱਚ ਸਿੱਖੀ ਪ੍ਰਤੀ ਸਿਖਿਆ ਨਦਾਰਦ ਹੀ ਹੈ। ਹਾਂ! ਅਰਦਾਸ ਜ਼ਰੂਰ ਸ਼ਬਦ ਨਾਲ ਹੁੰਦੀ ਹੈ ਤੇ ਗੁਰਪੁਰਬ ਵੀ ਕਈਆਂ ਵਿਦਿਅਕ ਸੰਸਥਾਵਾਂ ਵਿੱਚ ਸ਼ਰਧਾ ਨਾਲ ਮਨਾਏ ਜਾਂਦੇ ਹਨ ਜਿਸ ਦਾ ਕੁੱਝ ਪ੍ਰਭਾਵ ਤਾਂ ਪੈਂਦਾ ਹੀ ਹੈ। ਪਰ ਇਹ ਕਹਿਣਾ ਕਿ ਇਨ੍ਹਾਂ ਸਕੂਲਾਂ ਵਿੱਚ ਚੰਗੇ ਸਿੱਖ ਤਿਆਰ ਹੁੰਦੇ ਹਨ ਸਹੀ ਨਹੀਂ ਹੋਵੇਗਾ। ਇਹ ਹਾਲ 90% ਸਿੱਖ ਸੰਸਥਾਵਾਂ ਦਾ ਹੈ। 10% ਪ੍ਰਤੀਸ਼ਤ ਵਿੱਚ ਅਕਾਲ ਅਕਾਦਮੀਆਂ ਵਰਗੇ ਸਕੂਲਾਂ ਨੂੰ ਲਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਸਿੱਖੀ ਸਿਖਿਆ ਦੀ ਖਾਸ ਵਿਲੱਖਣਤਾ ਹੈ। ਜੇ ਇਨ੍ਹਾਂ ਸੰਸਥਾਵਾਂ ਨੂੰ ਰੋਲ ਮਾਡਲ ਦੇ ਤੌਰ ਤੇ ਅਪਣਾਇਆ ਜਾਵੇ ਤਾਂ ਸਿੱਖ ਸਕੂਲਾਂ ਵਿੱਚ ਆਦਰਸ਼ ਸਿੱਖ ਬਣਾਏ ਜਾਣ ਦੀ ਆਸ ਰੱਖੀ ਜਾ ਸਕਦੀ ਹੈ।
ਅਗਲਾ ਪੱਧਰ ਕਾਲਿਜਾਂ ਦਾ ਹੈ। ਸਾਡੇ ਕਾਲਿਜਾਂ ਵਿੱਚ ਬਹੁਤੇ ਹਿਊਮੈਨਿਟੀਜ਼, ਕਾਮਰਸ ਤੇ ਪ੍ਰੋਫੈਸ਼ਨਲ ਕਾਲਿਜ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਤਰ ਸ਼੍ਰਿੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਨ ਜਾਂ ਫਿਰ ਇਸ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਹਨ ਜੋ ਟ੍ਰਸਟਾਂ ਦੇ ਅਧੀਨ ਹਨ। ਕੁੱਝ ਡੇਰੇਦਾਰਾਂ ਨੇ ਵੀ ਕਾਲਿਜ ਚਲਾਏ ਹਨ ਜੋ ਉਨ੍ਹਾਂ ਦੀ ਪਰਸਨਲ ਪ੍ਰਾਪ੍ਰਟੀਜ਼ ਹਨ। ਕਾਮਰਸ ਤੇ ਪ੍ਰੋਫੈਸ਼ਨਲ ਕਾਲਿਜਾਂ ਦਾ ਸਿਲੇਬਸ ਤੇ ਅਧਿਆਪਕ ਪ੍ਰੋਫੈਸ਼ਨਲ ਹੀ ਹੁੰਦੇ ਹਨ ਤੇ ਧਾਰਮਿਕ ਲਗਾਉ ਤੋਂ ਤਕਰੀਬਨ ਕੋਰੇ ਹੁੰਦੇ ਹਨ। ਏਥੇ ਵੀ ਪੈਟਰਨ ਪੱਛਮੀ ਤੇ ਸੋਚ ਸੈਕੂਲਰ ਹੀ ਚਲਦੀ ਹੈ ਜਿਸ ਲਈ ਧਰਮ ਦੀ ਸਿਖਿਆ ਦੀ ਥਾਂ ਨਹੀਂ ਹੁੰਦੀ। ਮਿਸ਼ਨਰੀ ਸੰਸਥਾਵਾਂ ਜਾਂ ਸਟੱਡੀ ਸਰਕਲ ਵਾਲੇ ਸਾਲ ਵਿੱਚ ਇੱਕ ਅੱਧਾ ਕੈਂਪ ਲਾ ਜਾਂਦੇ ਹਨ ਜਿਨ੍ਹਾਂ ਵਿੱਚ ਕੁੱਝ ਵਿਦਿਅਿਾਰਥੀ ਉਤਸ਼ਾਹ ਦਿਖਾਉਂਦੇ ਹਨ ਨਹੀਂ ਤਾਂ ਅੱਲਾ ਅੱਲਾ ਖੈਰ ਸੱਲਾ। ਯੋਜਨਾ ਬੱਧ ਧਾਰਮਿਕ ਸਿਖਿਆ ਦੀ ਮੂਲੋਂ ਹੀ ਘਾਟ ਹੈ ਜਿਸ ਕਰਕੇ ਜ਼ਿਆਦਾ ਤਰ ਵਿਦਿਆਰਥੀ ਸਿੱਖੀ ਤੋਂ ਉਪਰਾਮ ਹੋ ਰਹੇ ਹਨ ਤੇ ਪਤਿਤ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਪਰੋਂ ਕਾਲਜਾਂ ਦੇ ਪ੍ਰਬੰਧਕ ਜਾਂ ਤਾਂ ਚੌਧਰਾਂ ਲਈ ਲੜਦੇ ਹਨ, ਜਾਂ ਕਾਲਿਜ ਫੰਡਾਂ ਨੂੰ ਹਥਿਆਉਣ ਲਈ ਤੇ ਜਾਂ ਫਿਰ ਅਪਣੇ ਰਿਸ਼ਤੇਦਾਰਾਂ ਨੂੰ ਨੌਕਰੀ ਤੇ ਲਵਾਉਣ ਲਈ ਸਿਆਸਤਾਂ ਕਰੀ ਜਾਂਦੇ ਹਨ। ਦਾਸ ਨੂੰ ਇਸ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਦਾ ਪ੍ਰਿੰਸੀਪਲ ਜਾਂ ਡਾਇਰੈਕਟਰ ਰਹਿਣ ਦਾ ਅਵਸਰ ਮਿਲਿਆ ਹੈ ਇਸ ਲਈ ਵਾਹਿਗੁਰੂ ਬਹੁਤਾ ਨਾ ਬੁਲਾਵੇ ਇਨ੍ਹਾਂ ਸਿਆਸਤ ਤੇ ਮਾਇਆ ਦੇ ਅਖਾੜਿਆਂ ਬਾਰੇ। ਇਨ੍ਹਾਂ ਵਿੱਚ ਤਾਂ ਜੋ ਸਾਬਤ ਸੂਰਤ ਸਿੱਖ ਵਿਦਿਆਰਥੀ ਆਉਂਦੇ ਵੀ ਹਨ ਉਹ ਵੀ ਪਤਿਤ ਹੋ ਕੇ ਜਾਂ ਨਾਸਤਕ ਹੋ ਕੇ ਨਿਕਲਦੇ ਹਨ। ਟਾਵਾਂ ਟਾਵਾਂ ਅਧਿਆਪਕ ਹੀ ਹੁੰਦਾ ਹੈ ਜੋ ਇਨ੍ਹਾਂ ਨੂੰ ਸਿੱਖੀ ਨਾਲ ਜੋੜਣ ਦੀ ਕੋਸ਼ਿਸ਼ ਕਰਦਾ ਹੈ। ਕਾਲਿਜਾਂ ਦੀ ਲੜੀ ਵਿੱਚ ਸਿਖ ਮਿਸ਼ਨਰੀ ਕਾਲਿਜ ਵੀ ਗਿਣੇ ਜਾ ਸਕਦੇ ਹਨ ਜਿਨ੍ਹਾਂ ਦਾ ਕਾਰਜ ਜ਼ਰੂਰ ਸ਼ਲਾਘਾ ਯੋਗ ਹੈ ਭਾਵੇਂ ਕਿ ਇਹ ਨੌਕਰੀਆਂ ਲਈ ਜ਼ਿਆਦਾਤਰ ਪਾਠੀ, ਗ੍ਰੰਥੀ ਜਾ ਪ੍ਰਚਾਰਕ ਹੀ ਪੈਦਾ ਕਰਦੇ ਹਨ ਤੇ ਅਧਿਆਤਮਕਤਾ ਵਲ ਧਿਆਨ ਘਟ ਹੁੰਦਾ ਹੈ ਪਰ ਇਹ ਦੂਸਰੇ ਕਾਲਿਜਾਂ ਤੋਂ ਸਿੱਖੀ ਦਾ ਵੱਧ ਭਲਾ ਕਰਨ ਵਾਲੇ ਹਨ।
ਯੂਨੀਵਰਸਿਟੀਆਂ ਖੋਜ ਤੇ ਉਚੇਰੀ ਸਿਖਿਆ ਦਾ ਕੇਂਦਰ ਹੁੰਦੀਆਂ ਹਨ। ਸਾਡੀਆਂ ਮੁੱਖ ਸਿੱਖ ਯੂਨੀਵਰਸਿਟੀਆਂ ਤੋਂ ਸਿੱਖੀ ਪ੍ਰਤੀ ਖੋਜ ਤੇ ਉਚ ਗਿਆਨ ਪ੍ਰਾਪਤੀ ਦੀ ਆਸ ਕਰਨਾ ਗਲਤ ਨਹੀਂ ਹੈ। ਗੁਰੂ ਨਾਨਕ ਦੇਵ ਯੂਨਵਿਰਸਿਟੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਮੁੱਖ ਆਸ਼ਾ ਸਿੱਖੀ ਖੋਜ ਤੇ ਉਚ ਗਿਆਨ ਦਾ ਹੈ। ਪੰਜਾਬੀ ਯੂਨਵਿਰਸਿਟੀ ਵੀ ਇਸੇ ਆਸ਼ੇ ਨਾਲ ਬਣਾਈ ਗਈ ਸੀ। ਕੀ ਇਹ ਸੰਸਥਾਵਾਂ ਸਿੱਖੀ ਆਦਰਸ਼ ਨੂੰ ਉਚਿਆਉਂਦੀਆਂ ਹਨ? ਸਿੱਖੀ ਬਾਰੇ ਡੂੰਘੀ ਖੋਜ ਕਰਦੀਆਂ ਹਨ? ਸਿੱਖੀ ਦੇ ਉਚੇ ਗਿਆਨ ਦੀਆ ਰਮਜ਼ਾਂ ਜੋ ਗੁਰੂ ਨਾਨਕ ਨੇ ਘਰ ਘਰ ਜਾ ਪਹੁੰਚਾਈਆਂ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗਿਆਨ ਅੰਕਿਤ ਹੈ, ਕੀ ਇਹ ਲੋਕਾਈ ਤਕ ਪਹੁੰਚਾ ਰਹੀਆਂ ਹਨ ਜਾਂ ਕੰਮ ਦਾ ਸ਼ੋਧ ਕਾਰਜ ਕਰ ਰਹੀਆਂ ਹਨ? ਇਸ ਬਾਰੇ ਕੁੱਝ ਨਾ ਕਹਾਂ ਤਾਂ ਠੀਕ ਹੈ ਕਿਉਂਕਿ ਏਥੇ ਆਏ ਯੂਨੀਵਰਸਿਟੀਆਂ ਦੇ ਮਹਾਪੁਰਸ਼ਾਂ ਦੀ ਸ਼ਾਨ ਵਿੱਚ ਮੈਂ ਕੋਈ ਗੁਸਤਾਖੀ ਨਹੀਂ ਕਰਨਾ ਚਾਹੁੰਦਾ। ਹਾਂ ਇਹ ਜ਼ਰੂਰ ਕਹਾਂਗਾ ਕਿ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਦਸ ਫੀ ਸਦੀ ਤੋਂ ਵੱਧ ਖੋਜ ਸਿੱਖੀ ਨਾਲ ਸਬੰਧਤ ਨਹੀਂ।
ਇਸ ਸਾਰੀ ਬਹਿਸ ਵਿਚੋਂ ਇਹ ਖਾਸ ਮੁਦੇ ਸਾਹਮਣੇ ਆਏ ਹਨ:
1. ਜ਼ਿਆਦਾਤਰ ਸਿੱਖ ਵਿਦਿਅਕ ਸੰਸਥਾਵਾਂ ਸਿੱਖੀ ਮਿਆਰ ਤੇ ਪੂਰੀਆਂ ਨਹੀਂ ਉਤਰਦੀਆਂ।
2. ਸਿੱਖ ਵਿਦਿਅਕ ਸੰਸਥਾਂਵਾ ਅਪਣੇ ਚੰਗੇ ਸਿੱਖ ਬਣਾਉਣ ਦੇ ਕਿਰਦਾਰ ਵਿੱਚ ਸਫਲ ਨਹੀਂ।
3. ਇਨ੍ਹਾਂ ਸੰਸਥਾਵਾਂ ਦਾ ਆਧਾਰ ਪੱਛਮੀ, ਦਿੱਖ ਪਬਲਿਕ ਸਕੁਲਾਂ ਵਾਲੀ ਤੇ ਸੋਚ ਸੈਕੂਲਰ ਹੋਣ ਕਰਕੇ ਧਾਰਮਿਕ ਪੱਖੋਂ ਬੇਹੱਦ ਕਮਜ਼ੋਰ ਹਨ।
4. ਜ਼ਿਆਦਾਤਰ ਪੁਰਾਣੀਆਂ ਸਿੱਖ ਸੰਸਥਾਂਵਾਂ, ਸਿਆਸਤ, ਬਾਹਰੀ ਪ੍ਰਭਾਵ ਤੇ ਕੁਰਪਰਸ਼ਨ ਦਾ ਸ਼ਿਕਾਰ ਬਣ ਗਈਆਂ ਹਨ।
5. ਕਾਲਿਜ ਤੇ ਯੂਨੀਵਰਸਿਟੀਆਂ ਵਿੱਚ ਸਿੱਖੀ ਨੂੰ ਪ੍ਰਫੁਲਤ ਹੋਣ ਦੀ ਥਾਂ ਢਾਅ ਲੱਗ ਰਹੀ ਹੈ।
6. ਅਧਿਆਤਮਕਤਾ ਦਾ ਗਿਆਨ ਇਨ੍ਹਾਂ ਸੰਸਥਾਵਾਂ ਵਿੱਚ ਕਿਤੇ ਹੀ ਦਿਸਦਾ ਹੈ, ਜ਼ਿਆਦਾਤਰ ਦੁਨਿਆਵੀ ਸਿਖਿਆ ਹੀ ਪ੍ਰਭਾਵੀ ਹੈ।
7. ਅਧਿਆਪਕ ਵੀ ਆਮ ਤੌਰ ਤੇ ਸਿੱਖੀ ਤੋਂ ਕੋਰੇ ਹੀ ਹਨ। ਇਨ੍ਹਾਂ ਨੂੰ ਧਾਰਮਿਕ ਸਿਖਿਆ ਦਿਤੇ ਜਾਣ ਦਾ ਵੀ ਕੋਈ ਪ੍ਰਬੰਧ ਨਹੀਂ। ਇਨ੍ਹਾਂ ਤੋਂ ਸਿੱਖੀ ਪ੍ਰਫੁਲਤ ਕਰਨ ਦੀ ਆਸ ਨਹੀਂ ਕੀਤਾ ਜਾ ਸਕਦੀ।
8. ਜੋ ਯੂਨੀਵਰਸਿਟੀਆਂ ਸਿੱਖੀ ਦੇ ਖਾਸ ਪੱਖ ਦੀ ਖੋਜ ਕਰਨ ਦੇ ਆਸ਼ੇ ਨਾਲ ਸਥਾਪਤ ਹੋਈਆਂ ਹਨ ਉਹ ਕਰਨ ਵਿੱਚ ਸਫਲ ਨਹੀਂ ਤੇ ਨਾ ਹੀ ਉਨ੍ਹਾਂ ਦਾ ਝੁਕਾ ਇਸ ਵਲ ਹੈ।
9. ਜੋ ਪੁਸਤਕਾਂ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ ਉਨ੍ਹਾਂ ਵਿੱਚ ਕੁਲ ਗਿਆਂਨ ਦਾ 5% ਫੀ ਸਦੀ ਤੋਂ ਵੀ ਘੱਟ ਸਿੱਖੀ ਨਾਲ ਸਬੰਧਤ ਹੁੰਦਾ ਹੈ ਇਸ ਲਈ ਸਿੱਖੀ ਦਾ ਪੂਰਾ ਗਿਆਨ ਮਿਲਣਾ ਸੰਭਵ ਨਹੀਂ।
10. ਇਨ੍ਹਾਂ ਸਾਰੀਆਂ ਸੰਸਥਾਂਵਾਂ ਵਿੱਚ ਸਿੱਖੀ ਵਾਤਾਵਰਣ ਵੇਖਣ ਨੂੰ ਘੱਟ ਹੀ ਮਿਲਦਾ ਹੈ।
11. ਸਿੱਖੀ ਵਿਦਿਆ ਨੂੰ ਫੈਲਾਉਣ ਲਈ ਕਿਸੇ ਸਾਂਝੀ ਜ਼ਿਮੇਵਾਰ ਸੰਸਥਾ ਦੀ ਵੀ ਘਾਟ ਹੈ ਤੇ ਕੋਈ ਸਾਂਝਾ ਪਲੇਟਫਾਰਮ ਵੀ ਨਹੀਂ।
ਇਸ ਹਾਲਤ ਨੂੰ ਸੁਧਾਰਨ ਲਈ ਹੇਠ ਲਿਖੇ ਸੁਝਾ ਪੇਸ਼ ਹਨ:
1. ਸਥਾਪਿਤ ਸਿੱਖ ਵਿਦਿਅਕ ਮਾਹਿਰਾਂ ਦੀ ਇੱਕ ਕੇਂਦਰੀ ਸਿੱਖ ਵਿਦਿਆ ਸੰਗਠਨ ਕਾਇਮ ਕੀਤੀ ਜਾਵੇ ਜੋ ਕਿਸੇ ਵੀ ਸਿਆਸਤ ਦੇ ਅਸਰ ਤੋਂ ਦੂਰ ਹੋਵੇ ਤੇ ਵਿਸ਼ਵ ਭਰ ਦੇ ਸਿੱਖਾਂ ਲਈ ਸਾਂਝੀ ਹੋਵੇ।
2. ਸਿੱਖ ਵਿਦਿਆ ਸਿਸਟਮ ਦਾ ਇੱਕ ਸਾਂਝਾ ਢਾਂਚਾ ਤਿਆਰ ਕੀਤਾ ਜਾਵੇ ਤੇ ਸਿੱਖ ਵਿਦਿਆ ਪ੍ਰਸਾਰ ਲਈ ਯੋਜਨਾ ਤਿਆਰ ਹੋਵੇ, ਪ੍ਰਬੰਧਨ ਬਣੇ, ਅਧਿਆਪਕ ਤਿਆਰ ਕੀਤੇ ਜਾਣ ਤੇ ਲੜੀ ਵਾਰ ਸਿਲੇਬਸ ਤਿਆਰ ਹੋਵੇ।
3. ਸਿਲੇਬਸ ਵਿੱਚ ਸਿੱਖੀ ਇਤਹਾਸ, ਅਧਿਆਤਮਕਤਾ, ਸਿੱਖੀ ਕਦਰਾਂ ਕੀਮਤਾਂ, ਅਸੂਲ, ਨਿਯਮ ਆਦਿ ਸਭ ਦੀ ਜਾਣਕਾਰੀ ਯੋਜਨਾ ਬੱਧ ਦੇਣ ਦੀ ਪਲਾਨ ਹੋਵੇ।
4. ਸਿੱਖ ਵਿਦਿਆ ਦਾ ਮਾਡਲ ਤਿਆਰ ਕੀਤਾ ਜਾਵੇ ਮਿਸਾਲ ਦੇ ਤੌਰ ਤੇ ਅਕਾਲ ਅਕਾਦਮੀ ਦਾ ਮਾਡਲ ਲੋੜੀਂਦੀਆਂ ਸੋਧਾਂ ਨਾਲ ਸਾਰੀ ਵਿਦਿਅਕ ਸੰਸਥਾਂਵਾਂ ਵਿੱਚ ਚਲਾਇਆ ਜਾ ਸਕਦਾ ਹੈ।
5. ਯੂਨੀਵਰਸਿਟੀਆਂ ਵਿੱਚ ਸਿੱਖੀ ਸਬੰਧੀ ਖੋਜ ਨੂੰ ਹੋਰ ਵਧਾਉਣਾ ਤੇ ਡੂੰਘਿਆਉਣਾਂ ਚਾਹੀਦਾ ਹੈ ਤੇ ਲੋੜੀਂਦੇ ਫੰਡ ਮੁਹਈਆ ਕਰਨ ਦੇ ਉਪਰਾਲੇ ਵੀ ਹੋਣੇ ਚਾਹੀਦੇ ਹਨ।
6. ਸਿੱਖ ਸੰਸਥਾਵਾਂ ਨੂੰ ਸਿੱਖ ਵਿਦਿਅਕ ਬੋਰਡ ਤੇ ਸਿੱਖ ਯੂਨੀਵਰਸਿਟੀਆਂ ਨਾਲ ਜੋੜ ਦਿਤਾ ਜਾਣਾ ਚਾਹੀਦਾ ਹੈ ਤਾਂ ਕਿ ਅਯੋਗ ਪਰਭਾਵ ਦੂਰ ਹੋ ਸਕੇ।
7. ਪਾਠਕਰਮਾਂ ਵਿੱਚ ਵੀ ਲੋੜੀਂਦੀਆਂ ਤਬਦੀਲ਼ੀਆਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਅਨੁਸਾਰ ਸਿਖ ਪ੍ਰੈਕਟੀਕੈਲਿਟੀ ਉਪਰ ਜ਼ਿਆਦਾ ਜ਼ੋਰ ਹੋਵੇ।
8. ਇਨ੍ਹਾਂ ਵਿਚਾਰਾਂ ਤੇ ਇਸ ਸਬੰਧ ਦੇ ਹੋਰ ਵਿਚਾਰਾਂ ਦੀ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ।
ਆਸ਼ਾ ਹੈ ਦਾਸ ਦੀ ਇਸ ਸੋਚ ਨੂੰ ਸਹੀ ਸੋਚ ਵਾਲੇ ਸਿੱਖ ਵੀਰਾਂ ਵਲੋਂ ਹੂੰਗਾਰਾ ਮਿਲੇਗਾ ਤੇ ਕੁੱਝ ਹੋਰ ਕਰਨ ਲਈ ਕਦਮ ਲਏ ਜਾਣਗੇ।




.