.

ਗੁਰਬਾਣੀ ਵਿੱਚ ਲਫ਼ਜ਼ ‘ਗੁਰੂ , ਸਤਿਗੁਰੂ’ ਕਿਨ੍ਹਾਂ ਪ੍ਰਤੀ ਵਰਤਿਆ ਗਿਆ ਹੈ?

ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ, ਉਨ੍ਹਾਂ ਦੀ ਤੀਜੀ ਉਦਾਸੀ ਵੇਲੇ ਮੱਕੇ ਨੂੰ ਜਾਂਦਿਆਂ, ਇੱਕ ਮੁਸਲਮਾਨ ਪੀਰ ਨੇ ਪੁੱਛਿਆ “ਰਹਨੁਮਾਇ ਤੂ ਕੀਸਤ” (ਤੇਰਾ ਗੁਰੂ ਕੌਣ ਹੈ?)। ਗੁਰੂ ਸਾਹਿਬ ਦਾ ਜਵਾਬ ਸੀ “ਖ਼ੁਦਾਇਵੰਦ” (ਪਰਮਾਤਮਾ)। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਵੀ ਪਰਮਾਤਮਾ ਲਈ ਲਫ਼ਜ਼ ‘ਗੁਰੂ’ ਵਰਤਿਆ ਹੈ। ‘ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।।’ (ਸਲੋਕ ਮਹਲਾ ੧ ਪੰਨਾ 462)।
ਅਰਥ:- ਮੈਂ ਆਪਣੇ ਗੁਰੂ ਤੋਂ ਦਿਨ ਵਿੱਚ ਸੋ ਵਾਰੀ ਸਦਕੇ ਹੁੰਦਾ ਹਾਂ, ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ ਰਤਾ ਚਿਰ ਨਾ ਲੱਗਾ। ਏਥੇ ਸ੍ਰੀ ਗੁਰੂ ਨਾਨਕ ਦੇਵ ਜੀ ‘ਗੁਰੂ’ ਪਰਮਾਤਮਾ ਨੂੰ ਆਖ ਰਹੇ ਹਨ। ਪਰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਾਲੇ ਨਾਨਕ ਦੇ ਸਰੂਪ ਆਪਣੀ ਬਾਣੀ ਵਿੱਚ ਲਫ਼ਜ਼ ‘ਗੁਰੂ’ ਆਪਣੇ ਤੋਂ ਪਹਿਲੇ ਹੋ ਚੁੱਕੇ ਨਾਨਕ ਸਰੂਪਾਂ ਲਈ ਵਰਤਦੇ ਹਨ:-
1. ਗੁਰੂ ਅੰਗਦ ਦੇਵ ਜੀ ਲਫ਼ਜ਼ ‘ਗੁਰੂ’ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤਦੇ ਹਨ। ‘ਜੇ ਸੋ ਚੰਦਾ ਉਗਵਹਿ ਸੂਰਜ ਚੜਹਿ ਹਜਾਰ।। ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ।।’ (ਸਲੋਕ ਮਹਲਾ ੨ ਪੰਨਾ 463)
ਅਰਥ:- ਜੇ ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰਾਂ ਸੂਰਜ ਚੜ੍ਹਨ, ਜੇ ਇਤਨੇ ਵੀ ਚਾਨਣ ਹੋ ਜਾਣ (ਭਾਵ ਚਾਨਣ ਕਰਨ ਵਾਲੇ ਜੇ ਇਤਨੇ ਵੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿੱਚ ਚੜ੍ਹ ਪੈਣ), ਗੁਰੂ ਤੋਂ ਬਿਨਾ ਫਿਰ ਵੀ ਘੁਪ ਹਨੇਰਾ ਹੈ। ਕਿਸ ਤੋਂ ਬਿਨਾ ਘੁਪ ਹਨੇਰਾ? ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ। ਲਹਿਣਾ ਜੀ ਦੇਵੀ ਭਗਤ ਸਨ, ਦੇਵੀ ਤੋਂ ਉਨ੍ਹਾਂ ਦੇ ਹੱਥ ਕੁੱਝ ਨਾ ਆਇਆ। ਪਰ ਜਦ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ, ਉਦੋਂ ਉਨ੍ਹਾਂ ਦੇ ਅੰਦਰੋਂ ਘੁਪ ਹਨੇਰਾ, ਅਗਿਆਨਤਾ, ਦੂਰ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ੍ਯੋਤ ਲਹਿਣੇ ਜੀ ਵਿੱਚ ਟਿਕਾ ਦਿੱਤੀ। ਉਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਦਵੀ ਪ੍ਰਾਪਤ ਹੋਈ।। ਸਾਫ ਪਤਾ ਚਲਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ਬਦ ‘ਗੁਰੂ’ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤਿਆ ਹੈ।
2.’ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ’ (ਰਾਮਕਲੀ ਮਹਲਾ ੩ ਪੰਨਾ 917)।
ਅਰਥ:- ਹੇ ਭਾਈ (ਮਾਂ)! ਮੇਰੇ ਅੰਦਰ ਪੂਰਨ ਖਿੜਾਉ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਗੁਰੂ ਮਿਲ ਪਿਆ ਹੈ।’ ਅਮਰ ਦਾਸ ਜੀ ਤੀਰਥ ਯਾਤਰਾ ਕਰਦੇ- ਕਰਦੇ ਬਿਰਧ ਹੋ ਗਏ ਪਰ ਕੁੱਝ ਹਾਸਿਲ ਨਹੀਂ ਹੋਇਆ। ਅੰਦਰ ਪੂਰਨ ਖਿੜਾਉ ਉਦੋਂ ਹੀ ਆਇਆ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ। ਅਮਰ ਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਤੀਜੇ ਸਰੂਪ ਦੀ ਪਦਵੀ ਪ੍ਰਾਪਤ ਹੋਈ।। ਕਿੱਨਾ ਸਪਸ਼ਟ ਹੈ ਕਿ ਸ੍ਰੀ ਗੁਰੂ ਅਮਰ ਦਾਸ ਜੀ ਨੇ ਲਫ਼ਜ਼ ‘ਗੁਰੂ’ ਸ੍ਰੀ ਗੁਰੂ ਅੰਗਦ ਦੇਵ ਜੀ ਲਈ ਵਰਤਿਆ ਹੈ।
3.’ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।’ (ਗਉੜੀ ਬੈਰਾਗਣਿ ਮਹਲਾ ੪ ਪੰਨਾ 167)।।
ਅਰਥ:-ਮੈਂ ਰੁਲਦਾ ਫਿਰਦਾ ਸਾਂ, ਕੋਈ ਮੇਰੀ ਵਾਤ ਨਹੀਂ ਸੀ ਪੁਛਦਾ ਪਰ ਜਦ ਮੈਂ ਗੁਰੂ ਸਤਿਗੁਰੂ ਦੀ ਸੰਗਤ ਵਿੱਚ ਆਇਆ, ਮੇਰੇ ਜਹੇ ਕੀੜੇ ਨੂੰ ਵਡਿਆਈ ਮਿਲੀ। ਜੇਠਾ ਜੀ ਬਚਪਨ ਵਿੱਚ ਹੀ ਯਤੀਮ ਹੋ ਗਏ ਸਨ। ਆਪਣੀ ਨਾਨੀ ਜੀ ਕੋਲ ਰਹਿ ਕੇ ਘੁੰਗਣੀਆਂ ਵੇਚ ਕੇ ਪੇਟ ਪਾਲਦੇ ਸਨ। ਪਰ ਜਦ ਸ੍ਰੀ ਗੁਰੂ ਅਮਰ ਦਾਸ ਜੀ ਦੀ ਸ਼ਰਨ ਵਿੱਚ ਆਏ ਤਾਂ ਵਡਿਆਈ ਮਿਲੀ। ਜੇਠਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਚੌਥੇ ਸਰੂਪ ਦੀ ਪਦਵੀ ਪ੍ਰਾਪਤ ਹੋਈ। ਜ਼ਾਹਿਰ ਹੈ ਕਿ ਸ੍ਰੀ ਗੁਰੂ ਰਾਮ ਦਾਸ ਜੀਨੇ ਲਫ਼ਜ਼ ‘ਗੁਰੂ ਸਤਿਗੁਰੂ’ ਸ੍ਰੀ ਗੁਰੂ ਅਮਰ ਦਾਸ ਜੀ ਲਈ ਵਰਤਿਆ ਹੈ।
4.’ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ।।’ (ਮਾਝ ਮਹਲਾ ਪ ਪੰਨਾ 96)।।
ਅਰਥ:- ਮੈਨੂੰ (ਤਾਂ) ਰਾਤ ਨਹੀਂ ਬੀਤਦੀ, ਨੀਂਦ ਨਹੀਂ ਪੈਂਦੀ ਗੁਰੂ ਦਾ ਦਰਬਾਰ ਦੇਖੇ ਬਿਨਾ, ਹੇ ਜੀਉ! ਅਰਜਨ ਦੇਵ ਜੀ ਕਿਸੇ ਕੰਮ ਲਈ ਅੰਮ੍ਰਿਤਸਰ ਤੋਂ ਲਾਹੌਰ ਗਏ। ਜਿਨਾਂ ਚਿਰ ਲਾਹੌਰ ਰਹੇ, ਸ੍ਰੀ ਗੁਰੂ ਰਾਮ ਦਾਸ ਜੀ ਦੇ ਦਰਬਾਰ ਦੇ ਦਰਸ਼ਨਾ ਤੋਂ ਵਾਂਝੇ ਰਹੇ। ਗੁਰੂ ਦਰਬਾਰ ਦੇ ਦਰਸ਼ਨਾਂ ਤੋਂ ਵਾਂਝੇ ਰਹਿਣ ਦੀ ਵੇਦਨਾ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਵਿੱਚੋਂ ਡੁਲ- ਡੁਲ ਪੈਂਦੀ ਹੈ। ਅਰਜਨ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਬਣੇ। ਸਪਸ਼ਟ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਫ਼ਜ਼ ‘ਗੁਰੂ’ ਸ੍ਰੀ ਗੁਰੂ ਰਾਮ ਦਾਸ ਜੀ ਲਈ ਵਰਤਿਆ ਹੈ। ਸਾਡੇ ਕੁੱਝ ਵੀਰ ਜ਼ਿਦ ਵਿੱਚ ਹਨ ਇਹ ਆਖਣਿ ਲਈ ਕਿ ‘ਨਾਨਕ ਦੇ ਸਰੂਪ’ ਗੁਰੂ ਨਹੀਂ ਹਨ। ਪਰ ਇਹ ਗੱਲ ਗੁਰਬਾਣੀੰ ਨੂੰ ਅੰਖੋਂ ਓਲ੍ਹੇ ਕਰਕੇ ਹੀ ਆਖੀ ਜਾ ਸਕਦੀ ਹੈ। ਗੁਰਬਾਣੀ ਤਾਂ ਨਾਨਕ ਦੇ ਸਰੂਪਾਂ ਨੂੰ ‘ਗੁਰੂ , ਸਤਿਗੁਰੂ’ ਆਖਦੀ ਹੈ।
ਲੇਖਕ:- ਸੁਰਜਨ ਸਿੰਘ +919041409041




.