.

ਪ੍ਰੋਢਾਵਾਦ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਮਨੁੱਖਤਾ ਲਈ ਵਿਲੱਖਣ ਢੰਗ ਨਾਲ ਲਿਖੀ ਗਈ ਹੈ ਜਿਸਨੂੰ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ” (ਗੁਰੂ ਗ੍ਰੰਥ ਸਾਹਿਬ, ਪੰਨਾ : 304) ਅਤੇ “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ।।” (ਗੁਰੂ ਗ੍ਰੰਥ ਸਾਹਿਬ, ਪੰਨਾ : 308) ਅਨੁਸਾਰ ਸਨਮਾਨਿਆ ਜਾਂਦਾ ਹੈ।

ਇਸ ਬਾਣੀ ਦੇ ਕਿਸੀ ਵੀ ਸੁਨੇਹੇ ਨੂੰ ਝੁਠਲਾਇਆ ਨਹੀਂ ਜਾ ਸਕਦਾ। ਅੱਜ ਧਰਤੀ ਦੇ ਅਨੇਕਾਂ ਧਰਮਾਂ (ਮਜ਼੍ਹਬਾਂ) ਨੂੰ ਸਾਇੰਸ ਤੋਂ ਖਤਰੇ ਦਾ ਕਾਰਨ ਹੀ ਇਹੋ ਹੈ ਕਿ ਉਨ੍ਹਾਂ ਦੇ ਫਲਸਫੇ ’ਚ ਦਲੀਲ ਭਰਪੂਰ, ਹਕੀਕਤ ਰੂਪ ’ਚ ਜਿਉਣ ਲਾਇਕ ਖ਼ਰਾ ਸੱਚ ਨਹੀਂ ਹੈ, ਜਿਸ ਕਾਰਨ ਉਹ ਬਦਲਦੇ ਯੁਗ ਨਾਲ ਮੇਲ ਨਹੀਂ ਖਾ ਸਕਦਾ। ਹਾਂ, ਪਰ ਗੁਰਮਤ ਵਿਚਾਰਧਾਰਾ ਦਾ ਖਰਾ ਸੱਚ ਆਪਣੇ ਆਪ ਵਿਚ ਦਲੀਲ ਭਰਪੂਰ ਹੈ ਅਤੇ ਇਸਨੂੰ ਸਾਇੰਸ ਤੋਂ ਕੋਈ ਖ਼ਤਰਾ ਨਹੀਂ। ਇਸੇ ਕਰਕੇ ਇਹ ਸਦੀਵੀ, ਨਵੀਨ ਅਤੇ ਸਾਰੀ ਮਨੁੱਖਤਾ ਲਈ “ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਹੀ ਰਹਿਣੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਸ ਤਰੀਕੇ ਨਾਲ ਲਿਖਿਆ ਗਿਆ ਹੈ ਉਸੀ ਤਰੀਕੇ ਨੂੰ ਸਮਝ ਕੇ, ਉਸ ਅਨੁਸਾਰ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਪਰਿਭਾਸ਼ਾ ਨੂੰ ਸਮਝਣਾ ਪਵੇਗਾ। ਇਹ ਕਾਵਿ-ਰੂਪ ਅਤੇ ਸੰਗੀਤਕ ਤਰਤੀਬ ਵਿਚ ਵਿਆਕਰਣ ਦੇ ਨਿਯਮਾਂ ਅਨੁਸਾਰ ਲਿਖੀ ਗਈ ਹੈ। ਇਸ ਦੀ ਬਣਤਰ ਵਿਕੋਲਿਤਰੀ ਹੈ, ਇਸ ਵਿਚ ਸਿਰਲੇਖ, ਰਹਾਉ, ਛੰਤ, ਪਉੜੀ, ਸਲੋਕ ਅਤੇ ਵਾਰ ਇਤਿਆਦਿ ਰਾਹੀਂ ਸੱਚ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ। ਲੋਕ ਗੀਤ, ਲੋਕ ਭਾਸ਼ਾ ਅਤੇ ਪ੍ਰਚਲਤ ਅਨੇਕਾਂ ਬੋਲੀਆਂ ਦੇ ਅਖਾਣ, ਪ੍ਰਮਾਣ ਅਤੇ ਪ੍ਰਚਲਤ ਅਖੌਤੀ ਕਹਾਣੀਆਂ ਦੇ ਪ੍ਰਤੀਕ ਵਰਤ ਕੇ ਗੁਰਮਤ ਸਿਧਾਂਤਾਂ ਨੂੰ ਦ੍ਰਿੜ ਕਰਵਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਨੂੰ ਸਮਝਾਉਣ ਲਈ ਸੌਖੇ ਅਤੇ ਸੁੱਚਜੇ ਢੰਗ ਵਰਤੇ ਗਏ ਹਨ ਉਨ੍ਹਾਂ ਵਿਚੋਂ ਇਕ ਬਹੁਤ ਅਹਿਮ ਢੰਗ ਹੈ ਜਿਸ ਨੂੰ ਪ੍ਰੋਢਾਵਾਦ ਕਿਹਾ ਜਾਂਦਾ ਹੈ।

ਪ੍ਰੋਢਾਵਾਦ ਇਕ ਐਸਾ ਢੰਗ ਹੈ ਜਿਸ ਵਿਚ ਪ੍ਰਚਲਤ ਬੋਲੀ, ਅਖਾਣ, ਇਤਿਹਾਸਕ ਜਾਂ ਮਿਥਿਹਾਸਕ ਕਹਾਣੀਆਂ ਦੇ ਕਿਰਦਾਰ, ਉਨ੍ਹਾਂ ਦੇ ਨਾਮ ਜਾਂ ਪ੍ਰਚਲਤ ਵਿਚਾਰਧਾਰਾ ਦੇ ਹਵਾਲੇ ਦਿਤੇ ਜਾਂਦੇ ਹਨ। ਬੋਲਣ ਜਾਂ ਲਿਖਣ ਵਾਲਾ ਉਨ੍ਹਾਂ ਅਖੌਤੀ ਵਿਚਾਰਾਂ, ਕਹਾਣੀਆਂ ਨਾਲ ਆਪ ਭਾਵੇਂ ਸਹਿਮਤ ਨਹੀਂ ਹੁੰਦਾ ਲੇਕਿਨ ਉਨ੍ਹਾਂ ਪ੍ਰਤੀਕਾਂ ਨੂੰ ਵਰਤ ਕੇ, ਸੁਨੇਹਾ ਆਪਣਾ ਦੇਣਾ ਚਾਹੁੰਦਾ ਹੈ। (This technique is called speaking or writing in vernacular) ਬੋਲਣ ਜਾਂ ਲਿਖਣ ਵਾਲੇ ਦੀ ਆਪਣੀ ਨਵੀਨ ਵਿਚਾਰਧਾਰਾ ਹੁੰਦੀ ਹੈ ਜੋ ਕਿ ਉਸਦੇ ਸਿਧਾਂਤਾਂ ਮੁਤਾਬਿਕ ਇਕਸਾਰ, ਲੜੀਬੱਧ ਹੁੰਦੀ ਹੈ, ਇਸ ਕਰਕੇ ਉਸਦੀ ਵਿਚਾਰਧਾਰਾ ਨੂੰ ਸਮਝਣ ਲਈ ਉਸਦੇ ਹੀ ਸਿਧਾਂਤਾਂ ਨੂੰ ਮੁੱਖ ਰੱਖਣਾ ਅਤਿ ਜ਼ਰੂਰੀ ਹੁੰਦਾ ਹੈ। ਸੁਣਨ ਜਾਂ ਪੜ੍ਹਨ ਵਾਲਾ ਵਰਤੇ ਗਏ ਪ੍ਰਤੀਕਾਂ ਜਾਂ ਕਹਾਣੀਆਂ ਦੇ ਨਾਲ ਜੇ ਕਰ ਜੁੜ ਜਾਵੇ ਤਾਂ ਉਹ ਉਸ ਵਿਚਾਰਧਾਰਾ ਨੂੰ ਸਮਝਣ ਵੇਲੇ ਟਪਲਾ ਖਾ ਸਕਦਾ ਹੈ।

ਜੇ ਕਰ ਵਰਤੇ ਗਏ ਅੱਖਰ, ਪ੍ਰਤੀਕ ਜਾਂ ਅਖਾਣਾਂ ਨੂੰ ਉਸ ਲਿਖਾਰੀ ਦੀ ‘ਨਵੀਨ ਵਿਚਾਰਧਾਰਾ’ ਉੱਤੇ ਥੋਪ ਦਿੱਤਾ ਜਾਵੇ ਤਾਂ ਉਸ ਨਵੀਨ ਵਿਚਾਰਧਾਰਾ ਨੂੰ ਸਮਝਣ ਵੇਲੇ ਟਪਲਾ ਲੱਗ ਸਕਦਾ ਹੈ ਅਤੇ ਸਮਝਣ ਵਾਲਾ ਸਿੱਧਾਂਤਾਂ ਤੋਂ ਟੁੱਟ ਕੇ ਕੇਵਲ ਵਰਤੇ ਗਏ ਪ੍ਰਤੀਕਾਂ ਅਤੇ ਅਖਾਣਾਂ ਨਾਲ ਹੀ ਜੁੜ ਜਾਵੇਗਾ।

ਪ੍ਰੋਢਾਵਾਦ ਢੰਗ ਨੂੰ ਸਮਝਣ ਲਈ ਅਸੀਂ ਕੁਝ ਮਿਸਾਲਾਂ ਨੂੰ ਵਿਚਾਰਦੇ ਹਾਂ ਜਿਸ ਨਾਲ ਸਾਨੂੰ ਸਮਝ ਪੈ ਜਾਵੇਗੀ ਕਿ ਵਰਤੇ ਗਏ ਪ੍ਰਤੀਕ ਦਾ ਮਕਸਦ ਕੇਵਲ ਸੁਣਨ, ਪੜ੍ਹਨ ਵਾਲੇ ਨੂੰ ਭਾਵ ਅਰਥ ਤੱਕ ਪਹੁੰਚਾਉਣਾ ਸੀ ਪਰ ਵਰਤੇ ਗਏ ਪ੍ਰਤੀਕ ਨਾਲ ਕੋਈ ਤਾਅਲੁਕ ਹੀ ਨਹੀਂ ਸੀ, ਜਿਵੇਂ ਕਿ :

1. ਉਸਨੇ ਤਾਂ ਅਸਮਾਨ ਹੀ ਸਿਰ ਤੇ ਚੁੱਕ ਲਿਆ - ਇਸ ’ਚ ਕੇਵਲ ਸ਼ੋਰ ਪਾਉਣਾ ਹੀ ਦਸਿਆ ਹੈ, ਅਸਮਾਨ ਦਾ ਤਾਅਲੁਕ ਸਿਰ ਨਾਲ ਨਹੀਂ।

2. ਕਪੜਾ ਦੁੱਧ ਵਰਗਾ ਚਿੱਟਾ ਹੋਵੇ - ਇਸ ’ਚ ਕਪੜੇ ਦਾ ਦੁੱਧ ਨਾਲ ਕੋਈ ਤਾਅਲੁਕ ਨਹੀਂ ਕੇਵਲ ਕਪੜੇ ਦੀ ਸਫੇਦੀ ਬਾਰੇ ਗੱਲ ਕੀਤੀ ਗਈ ਹੈ।

3. ਢਾਬੇ ਵਾਲਾ ਟਰੱਕ ਵਾਲੇ ਨੂੰ ਪੁਛਦੈ ਕਿ ਚਾਹ ਕਿਤਨੀ ਰਫ਼ਤਾਰ ਦੀ ਬਣਾਵਾਂ ? ਇਸ ’ਚ ਚਾਹ ਦਾ ਰਫ਼ਤਾਰ ਨਾਲ ਕੋਈ ਸੰਬੰਧ ਨਹੀਂ ਕੇਵਲ ਟਰੱਕ ਵਾਲੇ ਦੀ ਬੋਲੀ ਵਿੱਚ ਚਾਹ ਨੂੰ ‘ਕੜਕ ਜਾਂ ਹਲਕੀ’ ਪੁੱਛਣ ਦਾ ਢੰਗ ਹੈ।

4. ਜੋ ਲਾਹੋਰ ਭੈੜੇ ਉਹ ਪਿਸ਼ੌਰ ਵੀ ਭੈੜੇ - ਇਸ ’ਚ ਲਾਹੋਰ-ਪਿਸ਼ੌਰ ਦੇ ਮਨੁੱਖ ਜਾਂ ਸ਼ਹਿਰ ਦੀ ਗੱਲ ਨਹੀਂ ਕੇਵਲ ਪ੍ਰਤੀਕ ਹੈ ਕਿ ਭੈੜੇ ਮਨੁੱਖ ਹਰ ਥਾਂ ਭੈੜੇ ਕਰਮ ਹੀ ਕਰਦੇ ਹਨ।

5. ਪੰਜੋਂ ਉਂਗਲਾਂ ਘਿਉ ’ਚ - ਘਿਉ ਦਾ ਉਂਗਲਾਂ ਨਾਲ ਤਾਅਲੁਕ ਨਹੀਂ ਕੇਵਲ ਕੰਮ ਧੰਧਾ ਚੰਗਾ ਜਾਂ ਵੱਧ ਮਾਇਆ ਦੇ ਮੁਨਾਫੇ ਦਾ ਪ੍ਰਤੀਕ ਹੈ।

ਉਪਰੋਕਤ ਦਿੱਤੀਆਂ ਗਈਆਂ ਕੁਝ ਕੁ ਮਿਸਾਲਾਂ ਤੋਂ ਬਾਅਦ ਪ੍ਰੋਢਾਵਾਦ ਦੇ ਢੰਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚੋਂ ਸਮਝਦੇ ਹਾਂ ਤਾ ਕਿ ਅਸੀਂ ਆਪਣੇ ਮਜ਼ਮੂਨ ਵੱਲ ਅਗੇ ਵੱਧ ਸਕੀਏ।

ਮਨੁੱਖ ਨੂੰ ਜਿਸ ਬੋਲੀ ਦੀ ਸਮਝ ਹੋਵੇ ਗੁਰਬਾਣੀ ਵਿਚ ਉਸੀ ਲਹਿਜ਼ੇ (ਰਮਜ਼) ਰਾਹੀਂ ‘ਸਤਿਗੁਰ’ ਦ੍ਰਿੜ ਕਰਵਾਇਆ ਗਿਆ ਹੈ।

ਜਿਵੇਂ ਕਿ :-

1. ਵਪਾਰੀ ਬੋਲੀ ’ਚ :- ‘ਸਚੁ ਵਾਪਾਰੁ ਕਰਹੁ ਵਾਪਾਰੀ।।(ਗੁਰੂ ਗ੍ਰੰਥ ਸਾਹਿਬ, ਪੰਨਾ : 293) ਜਾਂ ‘ਸਾਹ ਵਾਪਾਰੀ ਦੁਆਰੈ ਆਏ।। ਵਖਰੁ ਕਾਢਹੁ ਸਉਦਾ ਕਰਾਏ।।(ਗੁਰੂ ਗ੍ਰੰਥ ਸਾਹਿਬ, ਪੰਨਾ : 372) ਇਸ ’ਚ ਵਪਾਰੀ ਬੋਲੀ ਵਿਚ ਸੌਦਾ ਅਤੇ ਲੈਣ ਦੇਣ ਦਾ ਪ੍ਰਤੀਕ ਵਰਤ ਕੇ ‘ਆਤਮਕ ਸੱਚੇ ਸੌਦੇ’ ਨੂੰ ਵਿਹਾਝਨ ਦੀ ਗੱਲ ਕੀਤੀ ਗਈ ਹੈ

2. ਕਿਰਸਾਣੀ ਬੋਲੀ ’ਚ :- ‘ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ (ਗੁਰੂ ਗ੍ਰੰਥ ਸਾਹਿਬ, ਪੰਨਾ : 595) ਇਸ ਵਿਚ ਬੀਜ, ਧਰਤੀ ਅਤੇ ਸੁਹਾਗੇ ਦਾ ਪ੍ਰਤੀਕ ਵਰਤ ਕੇ ‘ਆਤਮਕ ਧਰਤੀ’ ਨੂੰ ਤਿਆਰ ਕਰਨਾ ਦ੍ਰਿੜ ਕਰਵਾਇਆ ਗਿਆ ਹੈ

3. ਪਰਿਵਾਰਕ ਬੋਲੀ ’ਚ :- ‘ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ(ਗੁਰੂ ਗ੍ਰੰਥ ਸਾਹਿਬ, ਪੰਨਾ : 103) - ਇਸ ਵਿਚ ਦੁਨਿਆਵੀ ਰਿਸ਼ਤਿਆਂ ਦੇ ਨਿੱਘ-ਪਿਆਰ ਨੂੰ ਪ੍ਰਤੀਕ ਰੂਪ ਵਿਚ ਵਰਤ ਕੇ ਰੱਬੀ-ਪਿਆਰ ਦ੍ਰਿੜ ਕਰਵਾਇਆ ਹੈ

ਆਓ, ਗੁਰਬਾਣੀ ਵਿਚ ਵਰਤੇ ਗਏ ਇਸ ਪ੍ਰੋਢਾਵਾਦੀ ਢੰਗ ਨੂੰ ਹੋਰ ਗਹਿਰਾਈ ’ਚ ਸਮਝਣ ਦਾ ਜਤਨ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ’ਚ ਦੁਨਿਆਵੀ ਪ੍ਰਚਲਤ ਲਫਜ਼, ਬੋਲੀ, ਅਖਾਣ (idioms/phrases), ਥਾਂਵਾਂ ਦੇ ਨਾਮ ਅਤੇ ਮਿਥਿਹਾਸਕ ਕਹਾਣੀਆਂ ਦੇ ਕਿਰਦਾਰ ਵਰਤ ਕੇ ‘ਸਤਿਗੁਰ’ ਦ੍ਰਿੜ ਕਰਵਾਇਆ ਹੈ

ਸਾਰੀ ਦੁਨੀਆ ਅੱਖਾਂ ਹੀਣੇ ਮਨੁੱਖ ਨੂੰ ਅੰਨ੍ਹਾ ਸਮਝਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ, ਜੋ ਮਨੁੱਖ ਸੱਚੇ ਰਾਹ ਤੋਂ ਮੁਨਕਰ ਹੈ, ਸੱਚ ਨੂੰ ਨਹੀਂ ਸਮਝਦਾ, ਸੱਚ ਨੂੰ ਨਹੀਂ ਵੇਖਦਾ, ਜਾਣ-ਬੁੱਝ ਕੇ ਗਲਤ ਰਸਤੇ ਤੇ ਟੁਰ ਕੇ ਖ਼ੁਆਰ ਹੁੰਦਾ ਹੈ, ਉਸਨੂੰ ਅੰਨ੍ਹਾ ਕਹਿੰਦੇ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ :-

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 954)

ਦੁਨੀਆ ਸਰੀਰਕ ਰੂਪ ’ਚ ਮੋਏ ਮਨੁੱਖ ਨੂੰ ਮਿਰਤਕ ਸਮਝਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਚ ਮਿਰਤਕ ਮਨੁੱਖ ਦੀ ਪਰਿਭਾਸ਼ਾ ਹੈ :-

1. ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 306)

2. ਆਖਾ ਜੀਵਾ ਵਿਸਰੈ ਮਰਿ ਜਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 9)

3. ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 911)

4. ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1383)

5. ਝੂਠਾ ਮੰਗਣੁ ਜੇ ਕੋਈ ਮਾਗੈ।। ਤਿਸ ਕਉ ਮਰਤੇ ਘੜੀ ਨ ਲਾਗੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 109)

ਐਸੀਆਂ ਅਨੇਕਾਂ ਹੀ ਮਿਸਾਲਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਿਲਦੀਆਂ ਹਨ ਜਿਨ੍ਹਾਂ ’ਚ ਜਿਊਂਦੇ ਮਨੁੱਖ ਨੂੰ ਮੋਇਆ, ਮਿਰਤਕ ਜਾਂ ਮਰ ਗਿਆ ਕਿਹਾ ਗਿਆ ਹੈ। ਭਾਵੇਂ ਮਨੁੱਖ ਸਰੀਰਕ ਤੌਰ ਤੇ ਜਿਊਂਦਾ ਹੈ ਲੇਕਿਨ ਸੱਚ ਤੋਂ ਮੁਨਕਰ ਜਿਊਣੀ ਵਾਲਾ ਮਨੁੱਖ ‘ਮਿਰਤਕ’ ਹੀ ਕਹਿਲਾਉਂਦਾ ਹੈ। ਗੁਰਬਾਣੀ ਦੇ ਅਨੇਕ ਪ੍ਰਮਾਣਾਂ ’ਚੋਂ ਕੁਝ ਪ੍ਰਮਾਣ ਵਰਤ ਕੇ ਇਹ ਸਮਝਣ ਦਾ ਜਤਨ ਕੀਤਾ ਗਿਆ ਹੈ ਕਿ ਗੁਰਮਤ ’ਚ ਸੱਚ ਦਾ ਗਿਆਨ (ਸਤਿਗੁਰ) ਦ੍ਰਿੜ ਕਰਵਾਇਆ ਹੈ ਤਾ ਕਿ ਮਨੁੱਖ ਜਿਊਂਦੇ-ਜੀਅ ‘ਆਤਮਕ ਮੌਤ’ ਨਾ ਮਰੇ।

ਦੁਨੀਆ ਸਰੀਰਕ ਮੌਤ ਮਗਰੋਂ ਮੁਕਤੀ ਸਮਝਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਮੌਤ ਦੇ ਪ੍ਰਤੀਕਾਂ ਨੂੰ ਵਰਤ ਕੇ ਮਨੁੱਖ ਨੂੰ ਜਿਊਂਦਿਆਂ ਮੁਕਤੀ ਦਾ ‘ਸਤਿਗੁਰ’ (wisdom-universal truth) ਦ੍ਰਿੜ ਕਰਵਾਇਆ ਗਿਆ ਹੈ। ਸਰੀਰਕ ਮਰਨ ਤੋਂ ਬਾਅਦ ਮੁਕਤੀ ਨਿਰਮੂਲ (ਫਜ਼ੂਲ, superfluous) ਹੈ ਜਦਕਿ ਜਿਊਂਦਿਆਂ ਮੁਕਤ ਅਵਸਥਾ ਸਾਰੀ ਮਨੁਖਤਾ ਦੇ ਭਲੇ ਲਈ ਅਤਿ ਜ਼ਰੂਰੀ ਹੈ। ਆਓ ਗੁਰੂ ਗ੍ਰੰਥ ਸਾਹਿਬ ਵਿਚੋਂ ਹੋਰ ਪ੍ਰਮਾਣਾਂ ਰਾਹੀਂ ਸਮਝੀਏ :-

1. ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 58)

2. ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 601)

3. ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 604)

4. ਨਾਨਕ ਸਦਾ ਅਰਾਧਿ ਕਦੇ ਨਾ ਜਾਂਹਿ ਮਰਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1363)

5. ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 882)

6. ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 449)

ਇਨ੍ਹਾਂ ਉਪਰਲੀਆਂ ਪੰਕਤੀਆਂ ਰਾਹੀਂ ਮਨੁੱਖ ਨੂੰ ਜਿਊਂਦੇ ਜੀਅ ਮੁਕਤ ਅਵਸਥਾ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਇਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਕੋਲਿਤਰਾ (unique) ਸਿਧਾਂਤ ਹੈ।

ਦੁਨੀਆ ਸਰੀਰਕ ਮਰਨ ਮਗਰੋਂ ਸਵਰਗ, ਨਰਕ, ਜੱਨਤ, ਦੋਜ਼ਖ਼, ਬਹਿਸ਼ਤ, ਬੈਕੁੰਠ ਅਤੇ ਸੱਚਖੰਡ ਮੰਨਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਚ ਇਹ ਅਖੌਤੀ ਲਫ਼ਜ਼ ਕਿਸੇ ਥਾਂ ਦੇ ਨਾਮ ਨਹੀਂ ਹਨ ਬਲਕਿ ਮਨੁੱਖ ਦੀ ਜਿਊਂਦਿਆਂ ਹੀ ਆਤਮਕ ਅਵਸਥਾ (its state of mind while living) ਦੇ ਪ੍ਰਤੀਕ ਵਜੋਂ ਪ੍ਰੋਢਾਵਾਦੀ ਢੰਗ ’ਚ ਵਰਤੇ ਗਏ ਹਨ ਜਿਵੇਂ ਕਿ :-

1. ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 755) - ਭਾਵ ਨਿੰਦਾ ਕਰਨ ਵਾਲਾ ਮਨੁੱਖ ਅੱਜ, ਹੁਣੇ ਹੀ ਆਤਮਕ ਤੇ ਮਾਨਸਕ ਤੌਰ ਤੇ ਨਰਕ ’ਚ ਪਿਆ ਹੈ।

2. ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278) - ਭਾਵ ਜਦੋਂ ਮਨੁੱਖ ਕਿਸੇ ਵੀ ਕਿਸਮ ਦੇ ਰਾਜ ਅਭਿਮਾਨ ਕਾਰਨ ਦੂਜਿਆਂ ’ਤੇ ਹਾਵੀ (dominate) ਹੁੰਦਾ ਹੈ, ਉਹ ਆਤਮਕ ਤੌਰ ’ਤੇ ਹੁਣੇ ਹੀ, ਅੱਜ ਹੀ ਕੁੱਤੇ ਦੀ ਨਿਆਈਂ ਨਰਕ ਵਿਚ ਹੈ।

3. ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 1086) - ਭਾਵ ਜਦੋਂ ਕੋਈ ਮਨੁੱਖ ਨਾਸ਼ੁਕਰਾ, ਅਕ੍ਰਿਤਘਣ ਹੁੰਦਾ ਹੈ ਤਾਂ ਉਹ ਉਸ ਪਲ ਹੀ ਨਰਕੀ ਜੀਵਨ ਜਿਊ ਰਿਹਾ ਹੁੰਦਾ ਹੈ।

4. ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1358) - ਜਦੋਂ ਮਨੁੱਖ ਕਾਮੀ ਬਿਰਤੀ ’ਚ ਹੁੰਦਾ ਹੈ ਉਹ ਉਸ ਸਮੇਂ, ਉਸ ਪਲ ਮਾਨਸਕ, ਆਤਮਕ, ਤੌਰ ’ਤੇ ਨਰਕ ’ਚ ਹੀ ਪਿਆ ਹੈ ਅਤੇ ਮਾਨੋ ਕਿ ਅਨੇਕ ਜੂਨੀਆਂ ਵਿਚ ਭਟਕ ਰਿਹਾ ਹੈ।

5. ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ।। (ਗੁਰੂ ਗ੍ਰੰਥ ਸਾਹਿਬ, ਪੰਨਾ : 1105) - ਭਾਵ ਜਿਵੇਂ ਹੀ ਅਸੀਂ ਮਨ ਦੀਆਂ ਖ਼ਾਹਿਸ਼ਾਂ ਪਿਛੇ ਦੌੜਦੇ ਹਾਂ, ਦੋਜ਼ਖ਼ ਵਿਚ ਪੈ ਜਾਂਦੇ ਹਾਂ।

ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸਤਿਗੁਰ’ ਰਾਹੀਂ ਦ੍ਰਿੜ ਕਰਵਾਇਆ ਹੈ ਕਿ ਮਨਮੁੱਖਤਾ, ਮੰਦੇ ਕਰਮਾਂ ਵਾਲੀ ਜੀਵਨੀ ਹੀ ‘ਨਰਕ ਜਾਂ ਦੋਜ਼ਖ਼’ ਹੈ ਅਤੇ ਰੱਬੀ ਗੁਣਾਂ ਅਤੇ ਮਨੁੱਖਤਾ ਭਰਪੂਰ ਗੁਣਾਂ ਵਾਲਾ ਜੀਵਨ (ideal, full of humanity) ਹੀ ਬਹਿਸ਼ਤ, ਸੱਚਖੰਡ ਦੀ ਅਵਸਥਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਚ ਸਵਰਗ-ਨਰਕ, ਜਨੱਤ-ਦੋਜ਼ਖ਼, ਬਹਿਸ਼ਤ ਨੂੰ ਮਰਨ ਮਗਰੋਂ ਕੋਈ ਅਲਗ ਥਾਂ ਨਹੀਂ ਮੰਨਿਆ ਗਿਆ ਬਲਕਿ ਅਖੌਤੀ ਪ੍ਰਚਲਤ ਵਿਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਬੜੇ ਹੀ ਸੁੱਚਜੇ ਢੰਗ ਨਾਲ ਪ੍ਰਮਾਣ ਦੇ ਕੇ ਨਕਾਰਿਆ (invalid) ਗਿਆ ਹੈ ਜਿਵੇਂ ਕਿ :-

1. ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ।। ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।। (ਗੁਰੂ ਗ੍ਰੰਥ ਸਾਹਿਬ, ਪੰਨਾ : 337)

2. ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।। ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 969)

3. ਸਭ ਕੋਈ ਚਲਨ ਕਹਤ ਹੈ ਊਹਾਂ ।। ਨਾ ਜਾਨਉ ਬੈਕੁੰਠੁ ਹੈ ਕਹਾਂ ।।੧।। ਰਹਾਉ।। ਆਪ ਆਪ ਕਾ ਮਰਮੁ ਨ ਜਾਨਾਂ।। ਬਾਤਨ ਹੀ ਬੈਕੁੰਠੁ ਬਖਾਨਾਂ ।।੧।। ਜਬ ਲਗੁ ਮਨ ਬੈਕੁੰਠੁ ਕੀ ਆਸ।। ਤਬ ਲਗੁ ਨਾਹੀ ਚਰਨ ਨਿਵਾਸ।।੨।। ਖਾਈ ਕੋਟੁ ਨ ਪਰਲ ਪਗਾਰਾ।। ਨਾ ਜਾਨਉ ਬੈਕੁੰਠ ਦੁਆਰਾ।।੩।। ਕਹਿ ਕਮੀਰ ਅਬ ਕਹੀਐ ਕਾਹਿ।। ਸਾਧਸੰਗਤਿ ਬੈਕੁੰਠੈ ਆਹਿ ।।੪।।

ਕਬੀਰ ਸਾਹਿਬ ਨੇ ਇਸ ਸਾਰੇ ਸ਼ਬਦ ਰਾਹੀਂ ਵਿਅੰਗ ਰੂਪ ’ਚ ਅਖੌਤੀ ਬੈਕੁੰਠ ਦੀ ਨਿਖੇਦੀ (invalidate) ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਾਲਾ ਅਸਲੀ ਸਦੀਵੀ ਸੱਚ ਦਾ ਆਤਮਕ ਬੈਕੁੰਠ, ਸੱਚਖੰਡ, ਬਹਿਸ਼ਤ ਬਿਆਨ ਕੀਤਾ ਹੈ। ਜੇ ਕਰ ‘ਰਹਾਉ’ ਦੇ ਪਦੇ ਅਨੁਸਾਰ ਇਸ ਸ਼ਬਦ ਨੂੰ ਵਿਚਾਰੀਏ ਤਾਂ ਕਬੀਰ ਜੀ ਕਹਿ ਰਹੇ ਹਨ- ‘ਸਭ ਕੋਈ ਬੈਕੁੰਠ ਬਾਰੇ ਕਹਿੰਦੇ ਹਨ ਕਿ ਮਰਨ ਮਗਰੋਂ ਫਲਾਣੀ ਥਾਂ ਤੇ ਹੈ ਪਰ ਮੈਂ ਅਜਿਹੇ ਬੈਕੁੰਠ ਬਾਰੇ ਕੁਝ ਨਹੀਂ ਜਾਣਦਾ। ਐ ਮੇਰੇ ਮਨ ! ਉੁਸ ਅਖੌਤੀ ਬੈਕੁੰਠ ’ਚ ਮਰਨ ਮਗਰੋਂ ਅਪੜਨ ਦੀ ਆਸ ਜਦੋਂ ਤਕ ਰਖੇਂਗਾ ਉਦੋਂ ਤਕ ਰੱਬ ਜੀ ਨਾਲ ਤੇਰਾ ਮੇਲ ਨਹੀਂ ਹੋ ਸਕਦਾ। ਪ੍ਰਚਲਤ ਅਖੌਤੀ ਬੈਕੁੰਠ ਦਾ ਦਰਵਾਜ਼ਾ, ਕਿਲਾ, ਸ਼ਹਿਰ ਜਾਂ ਖਾਈ ਬਾਰੇ ਮੈਨੂੰ ਕੁਝ ਨਹੀਂ ਪਤਾ। ਕਬੀਰ ਜੀ ਤਾਂ ਕਹਿੰਦੇ ਹਨ ਕਿ ਹੁਣ ਮੈਂ ਕਿਸ-ਕਿਸ ਨੂੰ ਕੀ ਕੀ ਦੱਸਾਂ, ਮੇਰੇ ਭਾਣੇ ਤਾਂ ਜਦੋਂ ਮੇਰਾ ਮਨ ਗਿਆਨ-ਗੁਰੂ ਦਾ ਸੰਗ ਕਰਦਾ ਹੈ ਅਤੇ ਉਸ ਅਨੁਸਾਰ ਜਿਊਂਦਾ ਹੈ ਤਾਂ ਇਹੀ ਅਵਸਥਾ ‘ਬੈਕੁੰਠ’ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਅਖੌਤੀ ਬੈਕੁੰਠ ਲਫਜ਼ ਨੂੰ ਪ੍ਰੋਢਾਵਾਦੀ ਢੰਗ ਨਾਲ ਵਰਤ ਕੇ ਗੁਰਮਤ ਅਨੁਸਾਰ ਸੱਚੇ ਸਦੀਵੀਂ ‘ਬੈਕੁੰਠ’ ਨੂੰ ਦ੍ਰਿੜ ਕਰਵਾਇਆ ਹੈ।

ਇਸੇ ਨੁਕਤੇ ਨੂੰ ਸਮਝ ਕੇ ਅਸੀਂ ਬਾਣੀ ’ਚੋਂ ਪ੍ਰਚਲਤ ਬੈਕੁੰਠ, ਦਰਗਾਹ, ਪਰਲੋਕ, ਆਗੈ, ਓਥੈ, ਈਹਾਂ- ਊਹਾਂ, ਸਚਖੰਡ, ਕਰਤਾਰਪੁਰ, ਬੇਗਮਪੁਰਾ ਅਤੇ ਸਵਰਗ ਨੂੰ ਸਮਝ ਸਕਦੇ ਹਾਂ ਕਿ ਗੁਰਮਤ ਅਨੁਸਾਰ ਇਹ ਥਾਂਵਾਂ ਨਹੀਂ ਬਲਕਿ ਮਨੁੱਖ ਲਈ ਜਿਊਂਦਿਆਂ ਹੀ (ਇਥੇ ਹੀ) ਉੱਚੇ ਆਚਰਣ ਦੀਆਂ ਆਤਮਕ ਅਵਸਥਾਵਾਂ ਹਨ।

ਵੀਰ ਭੁਪਿੰਦਰ ਸਿੰਘ (ਦੀ ਲਿਵਿੰਗ ਟਰੈਯਰ)

www.thelivingtreasure.org
.