.

ਮੂਲ ਮੰਤਰ (ਮੰਗਲਾ ਚਰਨ)-ਸਰੂਪ ਅਤੇ ਅਸਥਾਨ
ਸਰਵਜੀਤ ਸਿੰਘ


ਮੂਲ ਮੰਤ੍ਰ: ਸਾਰੇ ਮੰਤ੍ਰਾਂ ਦੀ ਜੜ, ਓਅੰਕਾਰ। ੨. ਸਿੱਖ ਮੱਤ ਅਨੁਸਾਰ “ੴ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”। “ਮੂਲ ਮੰਤ੍ਰ ਹਰਿਨਾਮ ਰਸਾਇਨ ਕਹੁ ਨਾਨਕ ਪੁਰਾ ਪਾਇਆ” (ਮਾਰੂ ਸਹੋਲੇ ਮ:੧) (ਮਹਾਨਕੋਸ਼) ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਇਹ ਸ਼ਬਦ ‘ਮੂਲ ਮੰਤਰ’ ਗੁਰਬਾਣੀ ਦਾ ਕੇਂਦਰ ਹੈ। ਸਾਰੀ ਬਾਣੀ ਦੀ ਪੇਸ਼ਕਾਰੀ ਇਸ ਕੇਂਦਰੀ ਧੁਰੇ ਦੁਵਾਲੇ ਹੀ ਘੁੰਮਦੀ ਹੈ। ਮੂਲ ਮੰਤਰ ਵਿੱਚ ਅਕਾਲ ਪੁਰਖ ਦੀ ਹਸਤੀ ਅਤੇ ਸਰੂਪ ਨੂੰ ਪ੍ਰੀਭਾਸ਼ਤ ਕੀਤਾ ਗਿਆ ਹੈ। ਸਿੱਖ-ਸੰਗਤ ਵਿੱਚ ਮੂਲ-ਮੰਤਰ ਦੇ ਸਰੂਪ ਅਤੇ ਅਸਥਾਨ ਬਾਰੇ ਅਕਸਰ ਹੀ ਚਰਚਾ ਚਲਦੀ ਰਹਿੰਦੀ ਹੈ। ਆਓ! ਕਿਸੇ ਵਾਦ-ਵਿਵਾਦ ਵਿੱਚ ਉਲਝਣ ਦੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਮੰਨ ਕੇ ਇਸ ਵਿਚਾਰ ਨੂੰ ਅੱਗੇ ਤੋਰੀਏ।
ਮੂਲ ਮੰਤਰ ਦੇ ਸਰੂਪ:- ਸਭ ਤੋਂ ਪਹਿਲੀ ਗੱਲ, ਮੂਲ ਮੰਤਰ ਦੇ ਸਰੂਪ ਬਾਰੇ ਹੀ ਕਰਨੀ ਬਣਦੀ ਹੈ ਕਿ ਮੂਲ ਮੰਤਰ ਦਾ ਸਰੂਪ, ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰਪ੍ਰਸਾਦਿ” ਤੱਕ ਹੈ ਜਾਂ “ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥“ ਤੱਕ। ਵਿਦਵਾਨਾਂ ਅਤੇ ਪਰਚਾਰਕਾਂ ਵੱਲੋਂ ਇਹ ਦੋਵੇਂ ਸਰੂਪ ਹੀ ਲਿਖੇ/ਪ੍ਰਚਾਰੇ ਜਾਂਦੇ ਹਨ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਅਰੰਭ ਵਿੱਚ ਹੀ ਰਾਗਾਂ ਦਾ ਤਤਕਰਾ ਦਰਜ ਹੈ। ਤਤਕਰੇ ਦੇ ਅਰੰਭ ਤੋਂ ਪਹਿਲਾ, ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰਪ੍ਰਸਾਦਿ” ਮੂਲ ਮੰਤਰ ਦਰਜ ਹੈ। ਇਸ ਤੋਂ ਅੱਗੇ ਜਪੁ, ਸੋ ਦਰੁ, ਸੋ ਪੁਰਖ, ਸੋਹਿਲਾ ਅਤੇ ਸਿਰੀ ਰਾਗ ਆਦਿ ਦਰਜ ਹਨ। ਇਸ ਤੋਂ ਸਪੱਸ਼ਟ ਹੈ ਕਿ ‘ਜਪੁ’ ਬਾਣੀ ਦਾ ਨਾਮ ਹੈ। ਹੁਣ ਜੇ ਅਸੀਂ ਇਸ ਨੂੰ ਮੂਲ ਮੰਤਰ ‘ਚ ਸ਼ਾਮਲ ਕਰਕੇ “ੴ ...ਹੋਸੀ ਭੀ ਸਚੁ” ਤਾਂਈ ਮੂਲ ਮੰਤਰ ਮੰਨ ਲਈਏ ਤਾ ਅੱਗੇ ਬਾਣੀ ਦਾ ਅਰੰਭ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਤੋਂ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਬਾਣੀ ਦਾ ਨਾਮ ਕੀ ਹੈ? ਹੁਣ ਇਸ ਬਾਣੀ ਨੂੰ ‘ਜਪੁ’ ਕਿਸ ਦਲੀਲ ਨਾਲ ਕਿਹਾ ਜਾ ਸਕਦਾ ਹੈ? “ਨਾਨਕ ਹੋਸੀ ਭੀ ਸਚੁ” ਅਤੇ “ਸੋਚੈ ਸੋਚਿ ਨ ਹੋਵਈ” ਦੇ ਦਰਮਿਆਨ ਤਾਂ ਇਸ ਬਾਣੀ ਦਾ ਨਾਮ ‘ਜਪੁ’ ਹੈ ਹੀ ਨਹੀਂ। ਤਤਕਰੇ ਵਿਚ ਵੀ ਬਾਣੀ ਦਾ ਨਾਮ ‘ਜਪੁ’ ਲਿਖ ਕੇ ਅੱਗੇ ਪੰਨੇ ਦਾ ਨੰਬਰ ‘੧’ ਦਰਜ ਹੈ। ਜੇ ‘ਜਪੁ’ ਮੂਲ-ਮੰਤਰ ਦਾ ਹੀ ਭਾਗ ਹੁੰਦਾ ਤਾਂ ਫਿਰ ਤਤਕਰੇ ‘ਚ, “ਸੋਚੈ ਸੋਚਿ ਨ ਹੋਵਈ” ਪੰਕਤੀ ਲਿਖ ਕੇ ਅੱਗੇ ਪੰਨੇ ਦਾ ਨੰਬਰ ‘੧’ ਹੋਣਾ ਚਾਹੀਦਾ ਸੀ ਜਾਂ ਜਪੁ, “ਨਾਨਕ ਹੋਸੀ ਭੀ ਸਚੁ” ਅਤੇ “ਸੋਚੈ ਸੋਚਿ ਨ ਹੋਵਈ” ਦੇ ਦਰਮਿਆਨ ਹੋਣਾ ਚਾਹੀਦਾ ਸੀ। ‘ਜੁਪ’ ਤੋਂ ਪਹਿਲਾ “ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰਪ੍ਰਸਾਦਿ” ਦਰਜ ਹੈ ਜੋ ਮੂਲ ਮੰਤਰ ਹੈ। ‘ਜੁਪ’ ਤੋਂ ਅੱਗੇ ਇਕ ਸਲੋਕ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਦਰਜ ਹੈ। ਇਹ ਸਲੋਕ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਸੁਖਮਨੀ ਸਾਹਿਬ ਦੀ ਸਤ੍ਹਾਰਵੀਂ ਪੌੜੀ (ਪੰਨਾ 285) ਦੇ ਅਰੰਭ ਵਿਚ ਵੀ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਸੱਜਣ ਭਲੀ ਭਾਂਤ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਅਤੇ ਜਦੋਂ ਵੀ ਨਵੇਂ ਰਾਗ ਦਾ ਅਰੰਭ ਜਾਂ ਉਸੇ ਰਾਗ ਵਿਚ ਮਹਲਾ ਬਦਲਦਾ ਹੈ ਤਾਂ ਪੂਰਨ ਜਾਂ ਸੰਖੇਪ ਰੂਪ ‘ਚ ਮੂਲ ਮੰਤਰ ਦਰਜ ਹੈ।
(੧)ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ
(੨) ੴ ਸਤਿ ਨਾਮੁ ਕਰਤਾ ਪੁਰਖ ਗੁਰ ਪ੍ਰਸਾਦਿ
(੩) ੴ ਸਤਿ ਨਾਮੁ ਗੁਰ ਪ੍ਰਸਾਦਿ
(੪) ੴ ਸਤਿਗੁਰ ਪ੍ਰਸਾਦਿ


ਉਪਰੋਕਤ ਵੱਖ-ਵੱਖ ਰੂਪਾਂ ਵਿਚ ਦਰਜ ਮੂਲ ਮੰਤਰ ਤੋਂ ਵੀ ਸਪਸ਼ਟ ਹੈ ਕਿ ਮੂਲ ਮੰਤਰ ‘ੴ... ਗੁਰ ਪ੍ਰਸਾਦਿ’ ਤਕ ਹੀ ਹੈ । ਗੁਰੂ ਗ੍ਰੰਥ ਸਾਹਿਬ ਜੀ ਵਿਚ ਮੂਲ ਮੰਤਰ ਕਿਤੇ ਵੀ ਪੂਰਾ ਜਾ ਸੰਖੇਪ ਰੂਪ ਵਿਚ ‘ੴ... ਨਾਨਕ ਹੋਸੀ ਭੀ ਸਚੁ” ਲਿਖਿਆ ਹੋਇਆ ਨਹੀ ਮਿਲਦਾ। ਹਰ ਥਾਂ ਜਿਥੇ ਮੂਲ ਮੰਤਰ ਦਰਜ ਹੈ ਉਥੇ ‘ੴ’ ਤੋਂ ਅਰੰਭ ਹੋ ਕੇ ‘ਗੁਰ ਪ੍ਰਸਾਦਿ’ ਤੇ ਹੀ ਸਮਾਪਤ ਹੋ ਜਾਂਦਾ ਹੈ। ਭਾਵੇ ਉਹ ਪੂਰਨ ਰੂਪ ‘ਚ ਹੋਵੇ ਜਾਂ ਸੰਖੇਪ ਰੂਪ ਵਿੱਚ। ਗੁਰਬਾਣੀ ਦੀ ਲਿਖਣ ਸ਼ੈਲੀ ਅਨੁਸਾਰ ਹਰ ਵਿਸ਼ੇ ਵਿਸ਼ੇਸ਼ ਤੇ ਰਚੀ ਬਾਣੀ ਦਾ ਸਿਰਲੇਖ ਬਾਣੀ ਦੇ ਅਰੰਭ ਵਿਚ ਲਿਖਣ ਦੀ ਪ੍ਰਥਾ ਹੈ, ਜਿਵੇਂ ਗਉੜੀ ਸੁਖਮਨੀ, ਰਾਮਕਲੀ ਅਨੰਦੁ, ਰਾਮਕਲੀ ਸਦੁ, ਆਦਿ। ਇਸੇ ਤਰ੍ਹਾਂ ਜਪੁ ਜੀ ਸਾਹਿਬ ਦਾ ਵੀ ਸਿਰਲੇਖ ਬਾਣੀ ਦੇ ਅਰੰਭ ਵਿਚ ‘ਜਪੁ’ ਦਿੱਤਾ ਗਿਆ ਹੈ। ਉਪ੍ਰੋਕਤ ਵਿਚਾਰ ਚਰਚਾ ਤੋਂ ਸਪੱਸ਼ਟ ਹੈ ਕਿ ਮੂਲ ਮੰਤਰ ਦਾ ਸਰੂਪ ‘ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ’ ਤਾਂਈ ਹੀ ਹੈ ਨਾ ਕਿ ੴ... ਹੋਸੀ ਭੀ ਸਚੁ’ ਤੱਕ ਅਤੇ ‘ਜੁਪ’ ਬਾਣੀ ਦਾ ਨਾਮ ਹੈ।

ਇਥੇ ਇਕ ਹੋਰ ਨੁਕਤਾ ਜੋ ਵਿਚਾਰ ਦੀ ਮੰਗ ਕਰਦਾ ਹੈ ਉਹ ਇਹ ਕਿ ਨੰ: 4 ਤੇ ਦਰਜ ਸੰਖੇਪ ਰੂਪ ਵਿੱਚ ਦਰਜ ਮੂਲ ਮੰਤਰ, ‘ੴ ਸਤਿਗੁਰ ਪ੍ਰਸਾਦਿ’ ਜੋ ਗੁਰੂ ਗ੍ਰੰਥ ਸਾਹਿਬ ਵਿਚ 524 ਵੇਰਾ ਦਰਜ ਹੈ, ਦੇ ਸ਼ਬਦ ਜੋੜਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਨੰ: 1, 2 ਅਤੇ 3 ਨੂੰ ਵੇਖਣ ਤੇ ਪਤਾ ਚਲਦਾ ਹੈ ਕਿ ‘ਗੁਰ’ ਦਾ ਸਬੰਧ ‘ਪ੍ਰਸਾਦਿ’ ਨਾਲ ਹੈ ਨਾ ਕਿ ‘ਸਤਿ’ ਨਾਲ। ਹੋ ਸਕਦਾ ਹੈ ਕਿ ਪਦ ਛੇਦ ਕਰਨ ਵੇਲੇ ਜਾਂ ਛਾਪੇ ਖ਼ਾਨੇ ‘ਚ ਕਿਸੇ ਨੇ ਵੇ ਧਿਆਨੀ ਨਾਲ ‘ਗੁਰ’ ਨੂੰ ‘ਸਤਿ’ ਨਾਲ ਜੋੜ ਦਿੱਤਾ ਹੋਵੇ। ਨੰ:1, 2 ਅਤੇ 3 ਨੂੰ ਵੇਖਣ ਉਪ੍ਰੰਤ ਸਹਿਜੇ ਹੀ ਇਸ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ ਕਿ ਇਸ ਦਾ ਰੂਪ ‘ੴ ਸਤਿ ਗੁਰ ਪ੍ਰਸਾਦਿ’ ਜਿਆਦਾ ਢੁੱਕਵਾਂ ਹੈ ਕਿਉਂਕਿ ਇਸ ਤਰ੍ਹਾਂ ਪਦ-ਛੇਦ ਕਰਨ ਨਾਲ ਮੂਲ ਮੰਤਰ ਵਿਚ ਸਿਧਾਂਤਕ ਇਕਸਾਰਤਾ ਦੇ ਨਾਲ-ਨਾਲ ਇਕਰੂਪਤਾ ਵੀ ਕਾਇਮ ਰਹਿੰਦੀ ਹੈ। ਇਸ ਪਾਸੇ ਵੀ ਜਿੰਮੇਵਾਰ ਧਿਰਾਂ ਨੂੰ ਧਿਆਨ ਦੇਣ ਦੀ ਲੋੜ ਹੈ।

ਮੂਲ ਮੰਤਰ ਦਾ ਅਸਥਾਨ:- ਪ੍ਰਾਚੀਨ ਹੱਥ ਲਿਖਤਾਂ ਵਿੱਚ ਮੂਲ ਮੰਤਰ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ, ਇਕ ਜਾਂ ਦੋ ਪੰਗਤੀਆਂ ‘ਚ, ਭਾਵ ਪਹਿਲਾ ਲਿਖਿਆ ਜਾਂਦਾ ਸੀ। ਉਸ ਤੋਂ ਅੱਗਲੀ ਪੰਗਤੀ ਵਿਚ ਜਾਂ ਉਸੇ ਪੰਗਤੀ ਵਿਚ, ਰਾਗ ਅਤੇ ਬਾਣੀ ਰਚਣ ਵਾਲੇ ਮਹਾਂਪੁਰਖ ਦਾ ਨਾਮ ਜਾਂ ਮਹਲਾ ਦਰਜ ਕੀਤਾ ਜਾਂਦਾ ਸੀ। ਇਸ ਤੋਂ ਅੱਗੇ ਸ਼ਬਦ ਅਰੰਭ ਕੀਤਾ ਜਾਂਦਾ ਸੀ। ਇਹ ਤਰਤੀਬ ਅੱਜ ਵੀ ਸਾਨੂੰ ਛਾਪੇ ਦੀਆ ਬੀੜਾਂ ‘ਚ ਮਿਲਦੀ ਹੈ। ਜਿਵੇ ਪੰਨਾ ਨੰ: 1, 14, 347, 462, 475, 489, 527, 537, 557, 595, 711, 728, 795, 859, 1327, 1352, 1353, 1385 ਅਤੇ ਪੰਨਾ 1410 ਪੰਨਾ। ਇਨ੍ਹਾਂ ਸਾਰੇ ਪੰਨਿਆਂ ਉਪਰ ਮੂਲ ਮੰਤਰ ਪਹਿਲਾ ਦਰਜ ਹੈ ਉਸ ਤੋਂ ਅੱਗੇ ਬਾਣੀ ਦਾ ਨਾਮ, ਰਾਗ ਅਤੇ ਮਹਲਾ ਦਰਜ ਹੈ। ਪਰ ਇਸ ਨਿਯਮ ਦੀ ਪਾਲਣਾ, ਹੱਥੀ ਲਿਖਣ ਜਾਂ ਛਾਪੇਖ਼ਾਨੇ ਵਾਲਿਆਂ ਵੱਲੋਂ ਹਰ ਥਾਂ ਨਹੀ ਕੀਤੀ ਗਈ। ਪੰਨਾ 94, 151, 660, 696, 719, 721, 876, 975, 984, 989, 1107, 1118, 1125, 1168, 1197, 1254, 1294, 1319 ਅਤੇ ਪੰਨਾ ਨੰ: 1353 ਉਪਰ ਰਾਗ ਅਤੇ ਮਹਲਾ ਪਹਿਲਾ ਦਰਜ ਹਨ ਅਤੇ ਮੂਲ ਮੰਤਰ ਦੂਜੀ ਪੰਗਤੀ ਵਿੱਚ। ਪੰਨਾ 1353 ਉਪਰ, ਇਕੋ ਪੰਨੇ ਤੇ ਹੀ ਮੂਲ ਮੰਤਰ ਵੱਖ-ਵੱਖ ਤਰੀਕੇ ਨਾਲ ਦਰਜ ਹੈ। ਇਸ ਪੰਨੇ ਉਪਰ ਮੂਲ ਮੰਤਰ ‘ਸਲੋਕ ਸਹਸਕ੍ਰਿਤੀ ਮਹਲਾ ੧’ ਤੋਂ ਪਹਿਲਾ ਅਤੇ ‘ਸਲੋਕ ਸਹਸਕ੍ਰਿਤੀ ਮਹਲਾ ੫’ ਤੋਂ ਪਿਛੋਂ ਦਰਜ ਹੈ। ਇਸ ‘ਚ ਦੋ ਰਾਵਾਂ ਨਹੀਂ ਹਨ ਕਿ ਇਹ ਉਕਾਈ ਕਾਤਬਾਂ ਨੇ ਕੀਤੀ ਹੈ। “ਜਦ ਪਾਵਨ ਬੀੜਾਂ ਦਾ ਕਾਰਜ ਸੂਝਵਾਨ ਪ੍ਰੇਮੀਆਂ ਦੀ ਥਾਂ, ਕਿੱਤਾ ਕਾਰਾਂ
(Professional) ਲਿਖਾਰੀਆਂ ਦੇ ਹੱਥ ਆ ਗਿਆ ਤਾਂ ਉਨ੍ਹਾਂ ਨੇ ਸਿਰਲੇਖਾਂ ਤੇ ਰਾਗਾਂ ਦੀ, ਸੱਜੇ ਖੱਬੇ ਦੀ ਸਹੀ ਤਰਤੀਬ ਤੇ ਸ਼ੈਲੀ ਨੂੰ, ਬਿਨਾ ਸਮਝੇ, ਉਘੱੜ ਦੁੱਘੜ ਕਰ ਦਿੱਤਾ ਅਤੇ ਬੁਹਤੇ ਥਾਂਈ ਸਿਰਲੇਖ ਨੂੰ, ਮੰਗਲ ਨਾਲੋਂ, ਸਪਸ਼ਟ ਉੱਪਰ ਪਹਿਲ ਦੇ ਦਿੱਤੀ”। (ਬਿਬੇਕ ਬੁਧ, ਪੰਨਾ 28)
ਇਥੇ ਹੀ ਵੱਸ ਨਹੀਂ, ਕਿੱਤਾ ਕਾਰ ਲਿਖਾਰੀਆਂ ਦੀ ਇਕ ਹੋਰ ਉਕਾਈ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਉਹ ਇਹ ਕਿ ਅੱਜ ਛਾਪੇ ਦੀਆਂ ਬੀੜਾਂ ਵਿਚ ਪੰਨਾ 14 (ਸਿਰੀਰਾਗ), 696( ਜੈਤਸਰੀ), 719 (ਬੈਰਾੜੀ) 1107 (ਤੁਖਾਰੀ) ਅਤੇy ਪੰਨਾ 1118 (ਕੇਦਾਰਾ) ਉਪਰ ਨਵੇ ਰਾਗ ਦੇ ਅਰੰਭ ਹੋਣ ਵੇਲੇ ਪੂਰਾ ਨਹੀ ਸਗੋਂ ਸੰਖੇਪ ਮੂਲ ਮੰਤਰ ਹੀ ਦਰਜ ਹੈ। ਜਦੋਂ ਕਿ ਪੁਰਾਨਤ ਹੱਥ ਲਿਖਤਾਂ ‘ਚ ਇਨ੍ਹਾਂ ਸ਼ਬਦਾਂ ਦੇ ਅਰੰਭ ਵਿੱਚ ਵੀ ਸਾਨੂੰ ਪੂਰਾ ਮੂਲ ਮੰਤਰ ਦਰਜ ਮਿਲਦਾ ਹੈ।

ਉਪ੍ਰੋਕਤ ਹੱਥ ਲਿਖਤ ਦੀ ਫ਼ੋਟੋ ਤੋਂ ਜਿਥੇ ਇਹ ਗੱਲ ਸਾਬਿਤ ਹੁੰਦੀ ਹੈ ਕਿ ਸਾਰੇ ਰਾਗਾਂ ਦੇ ਅਰੰਭ ਵਿੱਚ ਪੂਰਾ ਮੂਲ ਮੰਤਰ ਦਰਜ ਹੈ ਉਥੇ ਹੀ ਇਹ ਵੀ ਸਾਬਿਤ ਹੁੰਦਾ ਹੈ ਕਿ ਮੂਲ ਮੰਤਰ ਸਭ ਤੋਂ ਪਹਿਲਾ ਦਰਜ ਹੈ । ਜਦੋਂ ਕਿ ਅਸੀਂ ਉਪਰ ਵੇਖ ਆਏ ਹਾਂ ਕਿ ਅੱਜ ਛਾਪੇ ਦੀਆ ਬੀੜਾਂ ਵਿੱਚ ਰਾਗ ਜੈਤਸਰੀ (696), ਬੈਰਾੜੀ (719), ਤੁਖਾਰੀ (1107) ਅਤੇ ਰਾਗ ਕੇਦਾਰਾ (ਪੰਨਾ 1118) ਦੇ ਅਰੰਭ ਵਿੱਚ ਰਾਗ ਅਤੇ ਮਹਲਾ ਦਰਜ ਹੈ ਮੂਲ ਮੰਤਰ ਉਸ ਤੋਂ ਪਿਛੋਂ।
ਜਦੋਂ ਰਾਗ ਵਿੱਚ ਮਹਲਾ ਬਦਲਦਾ ਹੈ ਜਾਂ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਪਿਛੋਂ ਸਤਿਕਾਰ ਯੋਗ ਭਗਤ ਸਾਹਿਬਾਨ ਜੀ ਦੀ ਬਾਣੀ ਅਰੰਭ ਹੁੰਦੀ ਹੈ, ਉਥੇ ਵੀ ਸੰਖੇਪ ਰੂਪ ਵਿਚ ਮੂਲ ਮੰਤਰ ਦਰਜ ਕੀਤਾ ਗਿਆ ਹੈ। ਇਥੇ ਵੀ ਕਾਤਬਾਂ ਵੱਲੋਂ ਇਕਸਾਰਤਾ ਦੇ ਨਿਯਮ ਦੀ ਪਾਲਣਾ ਕੀਤੀ ਨਜ਼ਰ ਨਹੀ ਆਉਂਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 380 ਉਪਰ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਬਦ, “ਰਾਗੁ ਆਸਾ ਘਰੁ ੫ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ” ॥ ਅਤੇ “ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੬ ਮਹਲਾ ੫ ॥ ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ” ॥ ਦਰਜ ਹਨ ਪਹਿਲੇ ਸ਼ਬਦ ਵਿਚ ‘ਰਾਗੁ ਆਸਾ ਘਰੁ ੫ ਮਹਲਾ ੫’ ਪਹਿਲਾ ਦਰਜ ਹੈ ਅਤੇ ਦੂਜੇ ਸ਼ਬਦ ਵਿੱਚ “ੴ ਸਤਿਗੁਰ ਪ੍ਰਸਾਦਿ”। ਇਸੇ ਤਰ੍ਹਾਂ ਹੀ ਪੰਨਾ 345 ਤੇ ਭਗਤ ਰਵਿਦਾਸ ਜੀ ਦੀ ਰਾਗ ਗਉੜੀ ਵਿਚ ਪਾਵਨ ਬਾਣੀ ਦਰਜ ਹੈ। “ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥ ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ” ਅਤੇ “ੴ ਸਤਿਗੁਰ ਪ੍ਰਸਾਦਿ ॥ ਗਉੜੀ ਬੈਰਾਗਣਿ ਰਵਿਦਾਸ ਜੀਉ ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ”॥ ਰਾਗ ਗਉੜੀ ਗੁਆਰੇਰੀ ਵਿਚ ਤਾਂ ਰਾਗ ਦਾ ਨਾਮ ਅਤੇ ਭਗਤ ਜੀ ਦਾ ਨਾਮ ਪਹਿਲਾ ਦਰਜ ਅਤੇ ਮੂਲ ਮੰਤਰ ਉਸ ਤੋਂ ਪਿਛੋਂ। ਇਸੇ ਪੰਨੇ ਤੇ ਹੀ ਭਗਤ ਜੀ ਦਾ ਉਚਾਰਨ ਕੀਤਾ ਹੋਇਆ, ਗਉੜੀ ਬੈਰਾਗਣਿ ਵਿਚ ਸ਼ਬਦ ਦਰਜ ਹੈ ਇਸ ਸ਼ਬਦ ਵਿਚ ਸੰਖੇਪ ਮੂਲ ਮੰਤਰ ਪਹਿਲਾ ਦਰਜ ਹੈ ਅਤੇ ਰਾਗ ਅਤੇ ਬਾਣੀ ਦੇ ਕਰਤਾ ਭਗਤ ਜੀ ਦਾ ਨਾਮ ਪਿਛੋਂ। ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਨੂੰ ਦਰਜ ਕਰਨ ਵੇਲੇ ਹਰੇਕ ਭਗਤ ਜੀ ਦੀ ਬਾਣੀ ਤੋਂ ਪਹਿਲਾ ਮੂਲ ਮੰਤਰ ਦਰਜ ਕੀਤਾ ਸੀ। ਪਰ ਜਦੋਂ ਅਸੀਂ ਭਗਤਾਂ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਤਾਂ ਇਹ ਗਿਆਨ ਹੁੰਦਾ ਹੈ ਕੇ ਉਤਾਰੇ ਕਰਨ ਵਾਲਿਆਂ ਨੇ ਬਾਣੀ ਦੀ ਲਿਖਣ ਸ਼ੈਲੀ ਨੂੰ ਸਮਝ ਕੇ ਇਕਸਾਰਤਾ ਦੇ ਨਿਯਮ ਦੀ ਪਾਲਣਾ ਕਰਨ ਦੀ ਬਿਜਾਏ ਮੂਲ ਮੰਤਰ ਨੂੰ ਅਸਲ ਥਾਂ ਤੋਂ ਬਦਲ ਦਿੱਤਾ ਹੈ। ਜਿਉਂ-ਜਿਉਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਜਾਵਾਂਗੇ ਤਿਉਂ-ਤਿਉਂ ਅਜੇਹੇ ਸਿਰਲੇਖ ਸਾਨੂੰ ਆਮ ਹੀ ਮਿਲਣਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਲਿਖਤਾਂ ਦੇ ਲਿਖਣ ਢੰਗ ਦੀ ਵਿਉਂਤ ਬੰਦੀ ਅਨੁਸਾਰ, ਮੂਲ ਮੰਤਰ ਨੂੰ ਸਿਰਮੌਰਤਾ ਦਿੱਤੀ ਗਈ ਹੈ। ਮੂਲ ਮੰਤਰ ਨੂੰ ਹਰ ਰਾਗ ਅਤੇ ਹਰ ਗੁਰੂ ਸਾਹਿਬ ਅਤੇ ਭਗਤ ਜੀ ਦੀ ਬਾਣੀ ਤੋਂ ਪਹਿਲਾਂ ਲਿਖਣ ਦਾ ਇਹ ਮੰਤਵ ਹੈ ਕਿ ਉਸ ਬਾਣੀ ਵਿਚ ਗੁਰਮਤਿ ਦੇ ਮੂਲ ਸਿਧਾਂਤ “ਅਕਾਲ ਪੁਰਖ ਇਕ ਹੈ ਅਤੇ ਉਹ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ” ਦੀ ਹੀ ਵਿਆਖਿਆ ਕੀਤੀ ਗਈ ਹੈ। ਇਸ ਵਿੱਚ ਅਕਾਲ ਪੁਰਖ ਦੇ ਮਹਾਨ ਗੁਣਾਂ ਦਾ ਵਰਨਣ ਹੈ। ਇਸ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ। ਇਸ ਦਾ ਲਿਖਣ ਅਤੇ ਪਾਠ ਸਭ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ ਅਤੇ ਮੂਲ ਮੰਤਰ ਦਾ ਪਦ-ਛੇਦ ਵੀ ਇਸ ਢੰਗ ਨਾਲ ਕਰਨਾ ਚਾਹੀਦਾ ਕਿ ਇਸ ਦੀ ਇਕਸਾਰਤਾ ਵਿਚ ਕਦੇ ਵੀ ਕੋਈ ਅੰਤਰ ਨਾ ਆਵੇ। ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਪਾਸੇ ਧਿਆਨ ਦੇਣ ਤਾ ਜੋ ਮੂਲ ਮੰਤਰ ਦੇ ਸਰੂਪ ਅਤੇ ਅਸਥਾਨ ਦੀ, ਗੁਰੂ ਆਸ਼ੇ ਮੁਤਾਬਕ ਸ਼ੁਧਤਾ ਨੂੰ ਸਦੀਵ ਕਾਲ ਲਈ ਕਾਇਮ ਰੱਖਿਆ ਜਾ ਸਕੇ।




.