.

ਕੀ ਇਹ ਗੁਰਮਤਿ ਅਤੇ ਸਿੱਖੀ ਹੈ?

ਐਤਵਾਰ 25 ਨਵੰਬਰ 2012 ਦਾ ਜਦੋਂ ਸਪੋਕਸਮੈਨ ਦਾ ਸੰਪਾਦਕੀ ਪੰਨਾ ਪੜ੍ਹਿਆ ਤਾਂ ਮੈਨੂੰ ਆਪਣੀ ਕੋਈ 20-25 ਸਾਲ ਪੁਰਾਣੀ ਗੱਲ ਯਾਦ ਆ ਗਈ। ਬੱਚੇ ਛੋਟੇ ਸਨ ਅਤੇ ਜਦੋਂ ਅਗਲੀ ਗਰੇਡ ਵਿੱਚ ਜਾਣਾ ਹੁੰਦਾ ਸੀ ਤਾਂ ਸਕੂਲ ਸਪਲਾਈ ਦੇ ਨਾਲ ਇੱਕ ਡਿਕਸ਼ਨਰੀ ਵੀ ਖਰੀਦੀ ਜਾਂਦੀ ਸੀ। ਮੈਂ ਅਚਾਨਕ ਹੀ ਡਿਕਸ਼ਨਰੀ ਖੋਲ ਕੇ ਦੇਖਣ ਲੱਗ ਪਿਆ ਤਾਂ ਮਨ ਵਿੱਚ ਖਿਆਲ ਆਇਆ ਕਿ ਦੇਖਾਂ ਤਾਂ ਇਸ ਵਿੱਚ ਸਿੱਖ ਧਰਮ ਬਾਰੇ ਵੀ ਕੁੱਝ ਲਿਖਿਆ ਹੋਇਆ ਹੈ ਜਾਂ ਨਹੀਂ। ਜਦੋਂ ਦੇਖਿਆ ਤਾਂ ਹੈਰਾਨ ਹੋ ਗਿਆ। ਫਿਰ ਮਨ ਵਿੱਚ ਖਿਆਲ ਆਇਆ ਕੇ ਸ਼ਹਿਰ ਦੀ ਲਾਇਬਰੇਰੀ ਵਿੱਚ ਜਾ ਕੇ ਦੇਖਿਆ ਜਾਵੇ। ਜਦੋਂ ਉਥੇ ਜਾ ਕੇ ਕਈ ਇਨਸਾਈਕਲੋਪੀਡੀਏ ਅਤੇ ਡਿਕਸ਼ਨਰੀਆਂ ਦੇਖੀਆਂ ਤਾਂ ਤਕਰੀਬਨ ਸਾਰਿਆਂ ਵਿੱਚ ਇਹੀ ਰਲਦੀ ਮਿਲਦੀ ਗੱਲ ਲਿਖੀ ਹੋਈ ਸੀ ਕਿ ਸਿੱਖ ਧਰਮ, ਹਿੰਦੂ ਧਰਮ ਦੀ ਇੱਕ ਸ਼ਾਖਾ ਹੈ ਅਤੇ ਕਈਆਂ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਸਿੱਖ ਫੌਜੀ ਸਾਰੀ ਦੁਨੀਆ ਵਿਚੋਂ ਸਭ ਤੋਂ ਚੰਗੇ ਫੌਜੀ ਗਿਣੇ ਜਾਂਦੇ ਹਨ। ਜਦੋਂ ਇਸ ਬਾਰੇ ਕਈ ਸਿੱਖਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਲਿਖਿਆ ਮਿਲਦਾ ਹੈ ਤਾਂ ਕਈਆਂ ਨੂੰ ਤਾਂ ਪਤਾ ਹੀ ਨਹੀ ਸੀ ਅਤੇ ਜਿਹਨਾ ਨੂੰ ਪਤਾ ਸੀ ਉਹ ਵੀ ਕੋਈ ਬਹੁਤਾ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਇਸ ਦੇ ਕਾਰਨ ਤਾਂ ਕੁੱਝ ਸਪੋਕਸਮੈਨ ਵਿੱਚ ਵੀ ਪੜ੍ਹੇ ਜਾ ਸਕਦੇ ਹਨ ਪਰ ਮੇਰੇ ਖਿਆਲ ਵਿੱਚ ਸਭ ਤੋਂ ਵੱਡਾ ਜੋ ਕਾਰਨ ਹੈ ਉਹ ਹੈ ਸਿੱਖੀ ਸਿਧਾਂਤਾਂ ਨੂੰ ਅਮਲੀ ਤੌਰ ਤੇ ਨਾ ਅਪਣਾਉਣਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜੀ ਅਤੇ ਮੁੱਲਾਂ ਨੇ ਪੁੱਛਿਆ ਕਿ ਇਹ ਤਾਂ ਦੱਸੋ ਕਿ ਮੁਸਲਮਾਨ ਅਤੇ ਹਿੰਦੂ ਵਿਚੋਂ ਵੱਡਾ ਕੌਣ ਹੈ। ਤਾਂ ਬਾਬੇ ਨਾਨਕ ਨੇ ਜੋ ਉਤਰ ਦਿੱਤਾ ਉਸ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ:

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥

ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥

ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥

ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥

ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥

ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕੁਥਾਇ ਖਲੋਈ॥

ਰਾਹ ਸ਼ੈਤਾਨੀ ਦੁਨੀਆ ਗੋਈ॥ ੩੩॥ (੧-੩੩-੮)

ਕੀ ਇਹੀ ਗੱਲ ਅੱਜ ਕੱਲ ਇਨਬਿੱਨ ਸਿੱਖਾਂ ਤੇ ਨਹੀ ਢੁਕਦੀ? ਕੀ ਸਿੱਖਾਂ ਦੀ ਬਹੁਗਿਣਤੀ ਦੇ ਅਮਲ ਗੁਰਮਤਿ ਅਤੇ ਸਿੱਖੀ ਦੇ ਅਨੁਸਾਰੀ ਹਨ? ਆਓ ਤਾਂ ਜਰਾ ਕੁੱਝ ਵਿਚਾਰ ਕਰ ਲਈਏ:

ਫਰਵਰੀ 1987 ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ 5 ਕਰੋੜ 70 ਲੱਖ ਦਾ ਡਾਕਾ ਪਿਆ ਸੀ ਜਿਸ ਦਾ ਫੈਸਲਾ 20 ਨਵੰਬਰ 2012 ਨੂੰ ਲਗਭਗ 25 ਸਾਲਾਂ ਬਾਅਦ ਸੁਣਾਇਆ ਗਿਆ ਜਿਸ ਵਿੱਚ ਕਿ 12 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜਾ ਸੁਣਾਈ ਗਈ। ਇਸ ਬਾਰੇ ਵੱਖ-ਵੱਖ ਸਰੋਤਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਖਬਰਾਂ ਫੋਟੋਆਂ ਸਮੇਤ ਇਸ ਲੇਖ ਦੇ ਹੇਠਾਂ ਇੱਕ ਵੱਖਰੀ ਪੀ. ਡੀ. ਐੱਫ. ਫਾਈਲ ਬਣਾ ਕਿ ਪਾਈਆਂ ਜਾ ਰਹੀਆਂ ਹਨ। ਅੱਜ ਇਹ ਲੇਖ ਲਿਖਦੇ ਸਮੇ 25 ਨਵੰਬਰ ਤੱਕ 2 ਕਰੋੜ ਦੀ ਅਬਾਦੀ ਵਿਚੋਂ ਕਿਸੇ ਵੀ ਸੰਜੀਦਾ ਸਿੱਖ/ਵਿਦਵਾਨ ਦਾ ਬਿਆਨ ਸਿੱਖੀ ਦਾ ਘਾਤ ਰੋਕਣ ਲਈ ਸਚਾਈ ਵਾਲਾ ਦੇਖਣ ਪੜ੍ਹਨ ਨੂੰ ਨਹੀਂ ਮਿਲਿਆ। ਜਿਹੜੇ ਆਏ ਵੀ ਹਨ ਉਹ ਤੁਸੀਂ ਆਪ ਹੀ ਪੜ੍ਹ ਸੁਣ ਲਿਓ ਕਿ ਕਿਤਨੁ ਕੁ ਸੰਜੀਦਾ ਹਨ। ਜਿਹਨਾ ਨੂੰ ਬਹੁਤੇ ਸਿੱਖ ਸਭ ਤੋਂ ਸਿਰਮੋਰ ਮੰਨਦੇ ਹਨ ਉਹਨਾ ਦਾ ਬਿਆਨ ਜੋ 24 ਨਵੰਬਰ ਸਪੋਕਸਮੈਂਨ ਦੇ ਪੰਨਾ 7 ਤੇ ਛਪਿਆ ਹੈ ਇਸ ਤਰ੍ਹਾ ਹੈ:

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਲੁਧਿਆਣਾ ਬੈਂਕ ਡਕੈਤੀ ਦੇ ਦੋਸ਼ੀਆਂ ਨੂੰ ਦਿੱਤੀ ਸਜਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਨਿਆਂ ਪਾਲਕਾ ਦੇ ਇਸ ਫੈਸਲੇ ਨੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਜਗਾਇਆ ਹੈ। ਉਨਾ ਕਿਹਾ ਕਿ ਇਸ ਫੈਸਲੇ ਨੇ ਸਿੱਖਾਂ ਦੇ ਮਨਾ ਵਿੱਚ ਅਹਿਸਾਸ ਪੈਦਾ ਕੀਤਾ ਹੈ ਕਿ ਭਾਰਤ ਵਿੱਚ ਦੋ ਕਿਸਮ ਦੇ ਕਾਨੂੰਨ ਲਾਗੂ ਹਨ। ਉਹਨਾ ਕਿਹਾ ਕਿ ਇੱਕ ਕਾਨੂੰਨ ਸਿੱਖਾਂ ਲਈ ਹੈ ਜਿਸ ਅਧੀਨ ਬੜੀ ਜਲਦੀ ਨਾਲ ਫੈਸਲੇ ਸੁਣਾਏ ਜਾਂਦੇ ਹਨ ਜਦਕਿ ਸਿੱਖਾਂ ਨਾਲ ਹੋਏ ਧੱਕੇ ਬਾਰੇ ਫੈਸਲਾ ਕਰਨ ਸਮੇਂ ਕਾਨੂੰਨ ਦੀ ਰਫਤਾਰ ਸੁਸਤ ਹੋ ਜਾਂਦੀ ਹੈ।

ਲਓ ਜੀ ਇਹ ਹੈ ਸਾਡੀ ਕੌਮ ਦੇ ਕਥਿਤ ਮੁਖੀਆਂ ਦੀ ਬੌਧਿਕਤਾ ਨਮੂਨਾ। ਇੱਕ ਤਾਂ ਉਹ ਇਹ ਕਹਿੰਦੇ ਹਨ ਕਿ ਇਹ ਫੈਸਲਾ ਜਲਦੀ ਸੁਣਾਇਆ ਗਿਆ ਹੈ, ਭਾਵ ਕਿ 25 ਸਾਲ ਤਾਂ ਬਹੁਤ ਥੋੜੇ ਹਨ। ਦੂਸਰਾ ਉਹਨਾ ਨੇ ਆਪ ਹੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਵਾਕਿਆ ਹੀ ਇਹ ਕਾਰਾ ਸਿੱਖਾਂ ਨੇ ਕੀਤਾ ਹੈ ਅਤੇ ਸ਼ਾਇਦ ਉਹ ਇਹ ਸਮਝਦੇ ਹਨ ਕਿ ਡਾਕੇ ਮਾਰਨੇ ਵੀ ਹੁਣ ਸਿੱਖੀ ਵਿੱਚ ਜ਼ਾਇਜ ਹੀ ਹਨ। ਪਰ ਉਹ ਵੀ ਤਾਂ ਬਾਕੀ ਦੇ 2 ਕਰੋੜ ਵਿਚੋਂ ਹੀ ਹਨ ਅਤੇ ਉਹਨਾ ਦੀਆਂ ਜਬਾਨਾਂ ਵੀ ਹਾਲੇ ਤੱਕ ਬੰਦ ਹੀ ਹਨ। ਕਿਉਂਕਿ ਕਿਸੇ ਇੱਕ ਵੀ ਸਿੱਖ ਨੇ ਹਾਲੇ ਤੱਕ ਸੱਚੀ ਗੱਲ ਕਹਿਣ ਦੀ ਹਿੰਮਤ ਨਹੀਂ ਕੀਤੀ। ਜਿਹਨਾ ਨੇ ਹਾਲੇ ਤੱਕ ਜੋ ਵੀ ਕਿਹਾ ਇਹੀ ਕਿਹਾ ਕਿ ਇਹ ਧੱਕਾ ਹੋਇਆ ਹੈ, ਇਹ ਫੈਸਲਾ ਸਹੀ ਨਹੀਂ ਹੋਇਆ, ਇਹਨਾ ਵਿਚੋਂ ਇੱਕ 93 ਸਾਲ ਦੀ ਉਮਰ ਦਾ ਹੈ, ਕਈ ਨਿਰਦੋਸ਼ ਹੀ ਹਨ, ਸਿੱਖਾਂ ਲਈ ਕਾਨੂੰਨ ਹੋਰ ਹਨ, ਸਰਕਾਰਾਂ ਸਿੱਖਾਂ ਨਾਲ ਧੱਕਾ ਕਰਦੀਆਂ ਹਨ, ਪੈਸੇ ਜੋ ਇਹਨਾ ਤੋਂ ਫੜੇ ਹਨ ਉਹ ਪੁਲੀਸ ਨੇ ਫੜੇ ਹਨ ਸੀ ਬੀ ਆਈ ਨੇ ਨਹੀਂ ਫੜੇ, ਕਈਆਂ ਨੂੰ ਸ਼ੱਕ ਦੀ ਬਿਨਾਹ ਤੇ ਹੀ ਇਤਨੀ ਸਜਾ ਦੇ ਦਿੱਤੀ ਗਈ ਹੈ ਇਹ ਅਤੇ ਇਸ ਤਰ੍ਹਾਂ ਦੇ ਹੋਰ ਕਾਨੂੰਨੀ ਨੁਕਤੇ ਦਰਸਾਏ ਜਾ ਰਹੇ ਹਨ। ਮੈਂ ਇਹਨਾ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਅਤੇ ਮੇਰੀ ਪੂਰੀ ਹਮਦਰਦੀ ਇਹਨਾ ਦੇ ਨਾਲ ਹੈ ਖਾਸ ਕਰਕੇ ਇਹਨਾ ਦੇ ਪਰਵਾਰਾਂ ਨਾਲ ਜਿਹੜੇ ਕਿ ਇਤਨੇ ਸਾਲਾਂ ਤੋਂ ਦੁਖ ਭੋਗਦੇ ਆ ਰਹੇ ਹਨ। ਪਰ ਗੱਲਾਂ ਵਿਚੋਂ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਕਿਸੇ ਇੱਕ ਵੀ ਸਿੱਖ ਨੇ ਇਹ ਕਹਿਣ ਦੀ ਹਿੰਮਤ ਕਿਉਂ ਨਹੀਂ ਕੀਤੀ ਕਿ ਇਸ ਤਰ੍ਹਾਂ ਦੇ ਕਾਰੇ ਸਿੱਖ ਨਹੀਂ ਕਰ ਸਕਦੇ ਅਤੇ ਜੇ ਕਿਸੇ ਨੇ ਕੀਤੇ ਵੀ ਹੋਣਗੇ ਤਾਂ ਉਹਨਾ ਨੂੰ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਵੀ ਹਾਲੇ ਤੱਕ ਕਿਸੇ ਨੇ ਨਹੀਂ ਕਿਹਾ ਕਿ ਇਹ ਸਾਰਾ ਕੇਸ ਹੀ ਝੂਠਾ ਹੈ ਸਰਕਾਰ ਅਤੇ ਪੁਲੀਸ ਨੇ ਆਪ ਹੀ ਇਹ ਸਾਰਾ ਕੁੱਝ ਕੀਤਾ ਹੈ ਅਤੇ ਐਵੇਂ ਹੀ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਕੁੱਝ ਸਿੱਖ ਸ਼ਾਮਲ ਜਰੂਰ ਸਨ ਅਤੇ ਇਸ ਦੀ ਪੁਸ਼ਠੀ ਕਥਿਤ ਜਥੇਦਾਰਾਂ ਨੇ ਅਤੇ ਸਾਰੇ ਸਿੱਖ ਜਗਤ ਨੇ ਖਾਮੋਸ਼ੀ ਵਾਲੀ ਹਾਂ ਮਿਲਾ ਕਿ ਕਰ ਦਿੱਤੀ ਹੈ। ਫਿਰ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ? ਹੁਣ ਇਹ ਹੋਵੇਗਾ ਕਿ ਜਦੋਂ ਕੋਈ ਗੈਰ ਸਿੱਖ ਇਤਿਹਾਸ ਲਿਖੇਗਾ ਤਾਂ ਨਾਲ ਇਹ ਵੀ ਲਿਖੇਗਾ ਕਿ ਸਿੱਖ ਕੌਮ ਇੱਕ ਡਾਕੂਆਂ ਦੀ ਕੌਮ ਹੈ। ਇਸ ਬਾਰੇ ਜੋ ਤੱਥ ਹੋਣਗੇ ਉਹ ਕਿਸੇ ਵੀ ਤਰ੍ਹਾਂ ਝੁਠਲਾਏ ਨਹੀਂ ਜਾ ਸਕਣੇ, ਕਿਉਂਕਿ ਸਾਰੀ ਕੌਮ ਨੇ ਚੁੱਪ ਵਾਲੀ ਸਹਿਮਤੀ ਇਸ ਨੂੰ ਦੇ ਦਿੱਤੀ ਹੈ, ਕਥਿਤ ਜਥੇਦਾਰਾਂ ਨੇ ਵੀ ਹਾਂ ਮਿਲਾ ਦਿੱਤੀ ਹੈ ਅਤੇ ਜੋ ਖਬਰਾਂ ਮੀਡੀਏ ਵਿੱਚ ਫੋਟੋਆਂ ਸਮੇਤ ਛਪ ਚੁੱਕੀਆਂ ਹਨ ਅਤੇ ਨਾਲ ਹੀ ਕੋਰਟ ਵਿੱਚ ਇਹ ਸਾਬਤ ਹੋ ਚੁੱਕਾ ਹੈ, ਫਿਰ ਦੱਸੋ ਕਿ ਇਸ ਨੂੰ ਗਲਤ ਸਾਬਤ ਕਰਨ ਲਈ ਕੋਈ ਰਾਹ ਬਚਿਆ ਹੈ?

ਪਹਿਲਾਂ ਤਾਂ ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਸਰਕਾਰ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਇੱਕ ਗੁਪਤ ਸਰਕੂਲੇਸ਼ਨ ਜਾਰੀ ਕੀਤਾ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ ਇਸ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਬਾਰੇ ਤਾਂ ਕਈਆਂ ਨੇ ਸਵਾਲ ਵੀ ਖੜੇ ਕੀਤੇ ਹਨ ਕਿ ਜਿਹੜਾ ਸਰਕੂਲੇਸ਼ਨ ਜਾਰੀ ਹੋਇਆ ਸੀ ਜੇ ਕਰ ਉਹ ਗੁਪਤ ਸੀ ਤਾਂ ਕਪੂਰ ਸਿੰਘ ਨੂੰ ਕਿਵੇਂ ਪਤਾ ਲੱਗ ਗਿਆ? ਜੇ ਉਹਨਾ ਦੇ ਹੱਥ ਉਹ ਲੱਗਾ ਸੀ ਅਤੇ ਪੜ੍ਹਿਆ ਸੀ ਤਾਂ ਉਸ ਨੂੰ ਆਪਣੀ ਸਾਚੀ ਸਾਖੀ ਵਿੱਚ ਛਾਪਿਆ ਕਿਉਂ ਨਾ? ਉਸ ਦੀ ਕੋਈ ਫੋਟੋ ਕਾਪੀ ਕਿਉਂ ਨਾ ਕਰਵਾ ਕੇ ਰੱਖੀ? ਇਸ ਤਰ੍ਹਾਂ ਦੇ ਕਈ ਹੋਰ ਵੀ ਸਵਾਲ ਖੜੇ ਕਰਦੇ ਹਨ। ਜਿਹਨਾ ਦਾ ਤਸੱਲੀ ਬਖ਼ਸ਼ ਜਵਾਬ ਸ਼ਾਇਦ ਹੀ ਕਿਸੇ ਕੋਲ ਹੋਵੇ। ਸਾਚੀ ਸਾਖੀ ਬਾਰੇ ਹੋਰ ਵੀ ਕਈਆਂ ਨੇ ਲਿਖਿਆ ਸੀ ਖਾਸ ਕਰਕੇ ਸ਼ਹੀਦ ਡਾ: ਰਾਜਿੰਦਰ ਕੌਰ ਨੇ, ਕਿ ਉਸ ਵਿੱਚ ਸਾਰਾ ਕੁੱਝ ਸੱਚ ਨਹੀਂ ਹੈ। ਸ: ਕਪੂਰ ਸਿੰਘ ਜੀ ਇਸ ਦੁਨੀਆ ਵਿੱਚ ਹੁਣ ਨਹੀਂ ਹਨ ਇਸ ਲਈ ਸਾਚੀ ਸਾਖੀ ਦੇ ਸੱਚ ਝੂਠ ਬਾਰੇ ਹੁਣ ਬਹੁਤਾ ਕੁੱਝ ਨਹੀਂ ਕੀਤਾ ਜਾ ਸਕਦਾ। ਪਰ ਇਹ ਜੋ ਆਉਣ ਵਾਲੇ ਸਮੇ ਵਿੱਚ ਸਾਰੀ ਕੌਮ ਤੇ ਡਾਕੂ ਹੋਣ ਦਾ ਧੱਬਾ ਲੱਗਣ ਦਾ ਡਰ ਹੈ ਇਹ ਤਾਂ ਸਾਰੇ ਸਿੱਖ ਇਕੱਠੇ ਹੋ ਕਿ ਆਪ ਹੀ ਆਪਣੇ ਤੇ ਲਵਾਉਣ ਜਾ ਰਹੇ ਹਨ ਇਸ ਲਈ ਇਸ ਦਾ ਹੁਣ ਕੀ ਕਰੀਏ? ਕੀ ਇਹ ਸਾਰਾ ਦੋਸ਼ ਹੁਣ ਗੌਰਮਿੰਟਾਂ ਨੂੰ ਹੀ ਦਈਏ? ਮੈਂ ਮੰਨਦਾ ਹਾਂ ਕਿ ਸਰਕਾਰਾਂ ਪਹਿਲਾਂ ਤੋਂ ਹੀ ਸਿੱਖਾਂ ਨਾਲ ਧੱਕਾ ਕਰਦੀਆਂ ਆ ਰਹੀਆਂ ਹਨ ਅਤੇ ਹੁਣ ਵੀ ਕਰ ਰਹੀਆਂ ਹਨ। ਕੀ ਸਿੱਖਾਂ ਦੀ ਆਪਣੀ ਮਾਨਸਿਕ ਦਸ਼ਾ ਤਾਂ ਨਹੀਂ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਕਿ ਗਲਤ ਕੰਮਾ ਨੂੰ ਵੀ ਹੁਣ ਧਰਮ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ? ਆਓ ਤਾਂ ਕੁੱਝ ਵਿਚਾਰੀਏ?

ਧਰਮਯੁੱਧ ਮੋਰਚੇ ਨੂੰ 1982-83 ਦੌਰਾਨ ਦੋ ਸਾਧ ਚਲਾ ਰਹੇ ਸਨ। ਮੈਨੂੰ ਉਸ ਵੇਲੇ ਕੋਈ ਗੁਰਮਤਿ ਦੀ ਹਾਲੇ ਬਹੁਤੀ ਸੂਝ ਨਹੀਂ ਸੀ ਅਤੇ ਆਮ ਸਿੱਖ ਸ਼ਰਧਾਲੂ ਦੀ ਤਰ੍ਹਾਂ ਹੀ ਸੀ। ਸਿੱਖ ਲੀਡਰਾਂ ਦੇ ਬਿਆਨਾ ਦੁਆਰਾ ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਉਹਨਾ ਕੋਲ ਹੁਣ ਦੋ ਸੰਤ ਹਨ, ਇੱਕ ਮਾਲਾ ਵਾਲਾ ਅਤੇ ਦੂਜਾ ਖੂੰਡੇ ਵਾਲਾ। ਇਸ ਲਈ ਸਰਕਾਰ ਕੋਲੋਂ ਕੁੱਝ ਲੈ ਕੀ ਹੀ ਛੱਡਣਾ ਹੈ। ਅਸੀਂ ਵੀ ਸਰਦੀ ਪੁਜਦੀ ਪੈਸੇ ਦੀ ਸਹਾਇਤਾ ਇਹਨਾ ਦੋਹਾਂ ਸੰਤਾਂ ਲਈ ਕਰਦੇ ਹੁੰਦੇ ਸੀ। ਉਸ ਵੇਲੇ ਸੂਝ ਹੀ ਇਤਨੀ ਸੀ ਕਿ ਇਹ ਦੋਵੇ ਮੈਨੂੰ ਮਹਾਨ ਲਹਦੇ ਸਨ। ਪਰ ਹੁਣ ਸੂਝ ਆਉਣ ਤੇ ਪਤ ਲਗਦਾ ਹੈ ਕਿ ਸਿੱਖੀ ਦਾ ਸਭ ਤੋਂ ਬੇੜਾ ਗਰਕ ਕਰਨ ਵਾਲੇ ਇਹੀ ਦੋ ਸਾਧ ਸਨ। ਇਸ ਤੋਂ ਬਾਅਦ ਆਉਂਦੇ ਹਨ ਅਕਾਲੀ ਲੀਡਰ ਅਤੇ ਅਖੌਤੀ ਬੁੱਧੀਜੀਵੀ ਜਿਹਨਾ ਨੇ ਸਮੇ ਮੁਤਾਬਕ ਕਦੀ ਵੀ ਸਹੀ ਸੇਧ ਨਹੀਂ ਦਿੱਤੀ। ਇਸ ਤੋਂ ਬਾਅਦ ਆਉਂਦੇ ਹਨ ਆਮ ਸਿੱਖ ਸ਼ਰਧਾਲੂ ਜਿਹੜੇ ਆਪ ਗੁਰਮਤਿ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਮੋਰਚੇ ਦੌਰਾਨ ਭਿੰਡਰਾਵਾਲਾ ਬਿਪਰ ਸਾਧ ਕਿਹਾ ਕਰਦਾ ਸੀ ਕਿ ਆਪਣੇ ਕੋਲ ਹਥਿਆਰ ਜਰੂਰ ਰੱਖੋ ਜੇ ਨਹੀਂ ਮਿਲਦੇ ਤਾਂ ਇਹਨਾ ਟੋਪੀਆਂ ਵਾਲਿਆ ਤੋਂ ਖੋਹ ਲਓ। ਉਹ ਇਸ ਵੀ ਆਮ ਕਿਹਾ ਕਰਦਾ ਸੀ ਕਿ, ‘ਬਿਧੀ ਚੰਦ ਛੀਨਾ ਗੁਰ ਕਾ ਸੀਨਾ’ ਗੁ: ਬਿਲਾਸ ਛੇਵੀਂ ਦੇ ਅਧਾਰ ਤੇ ਇਹ ਉਦੋਂ ਕਿਹਾ ਸੀ ਜਦੋਂ ਉਹ ਮਾਤਾ ਗੰਗਾ ਲਈ ਗਹਿਣੇ ਅਤੇ ਗੁਰੂਆਂ ਲਈ ਘੋੜੇ ਚੋਰੀ ਕਰਕੇ ਲਿਆਇਆ ਸੀ ਕਿਉਂਕਿ ਮਾਤਾ ਗੰਗਾ ਨੇ ਕਿਹਾ ਸੀ ਕਿ ਗੁਰੂਆਂ ਲਈ ਤਾਂ ਘੋੜੇ ਚੋਰੀ ਕਰ ਲਿਆਇਆ ਹੈ ਮੇਰੇ ਲਈ ਕੀ ਲਿਆਂਦਾ? ਪਾਠਕ ਜੀ ਸੋਚੋ ਜਰਾ ਕੀ ਇਹ ਗੁਰਮਤਿ ਹੈ? ਗਰੁਮਤਿ ਤਾਂ ਇਹ ਕਹਿੰਦੀ ਹੈ ਕਿ:

ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ ਪੰਨਾ 662)

ਪਰ ਇਸ ਕਿਤਾਬ ਮੁਤਾਬਕ ਤਾਂ ਗੁਰੂ ਜੀ ਛਾਤੀ ਨਾਲ ਲਾ ਕੇ ਸ਼ਾਬਾਸ਼ ਦਿੰਦੇ ਹਨ। ਕਿਉਂਕਿ ਇਸ ਕਿਤਾਬ ਨੂੰ ਸੰਪਾਦਕ ਕਰਨ ਵਾਲਾ ਵੀ ਉਸੇ ਡੇਰੇ ਨਾਲ ਸੰਬੰਧ ਰੱਖਦਾ ਹੈ ਜਿਸ ਨਾਲ ਇਹ ਬਿਪਰ ਸਾਧ। ਇਸ ਨੂੰ ਬਿਪਰ ਸਾਧ ਤਾਂ ਕਹਿੰਦਾ ਹਾਂ ਕਿ ਜਿਸ ਡੇਰੇ ਵਿਚੋਂ ਇਹ ਸਿੱਖਿਆ ਲੈ ਕੇ ਆਇਆ ਹੈ ਉਸ ਡੇਰੇ ਦੀਆਂ ਕਿਤਾਬਾਂ ਵਿੱਚ ਗੁਰਮਤਿ ਘੱਟ ਅਤੇ ਨਿਰਾ ਬਿੱਪਰਵਾਦ ਹੀ ਹੈ। ਇਹਨਾ ਬਿਪਰਾਂ ਦੀਆਂ ਗੱਪਾਂ ਤੁਸੀਂ ਸਿੱਖ ਮਾਰਗ ਤੇ ਪ੍ਰੋ: ਇੰਦਰ ਸਿੰਘ ਘੱਗਾ ਦੀਆਂ ਲਿਖਤਾਂ ਵਿੱਚ ਪੜ੍ਹ ਸਕਦੇ ਹੋ। ਇਸ ਬਿਪਰ ਸਾਧ ਨੂੰ ਬਹਿਰੂਪੀਏ ਵੀਹਵੀਂ ਸਦੀ ਦਾ ਸ਼ਹੀਦ ਕਹਿੰਦੇ ਨਹੀਂ ਥੱਕਦੇ ਕਿ ਉਸ ਨੇ ਅਕਾਲ ਤਖ਼ਤ ਦੀ ਰਾਖੀ ਲਈ ਸ਼ਹੀਦੀ ਦਿੱਤੀ ਹੈ। ਇਹਨਾ ਨੂੰ ਭਲਾ ਪੁੱਛੇ ਕਿ ਹੁਣ ਰਾਖੀ ਕੌਣ ਕਰਦਾ ਹੈ ਜਾਂ ਪਹਿਲਾਂ ਕਉਣ ਕਰਦਾ ਸੀ? ਇਹ ਸੱਚ ਕਹਿੰਦਿਆਂ ਇਹਨਾ ਨੂੰ ਸ਼ਰਮ ਆਉਂਦੀ ਹੈ ਕਿ ਉਹ ਥਰਡ ਏਜੰਸੀ ਦੀ ਸਕੀਮ ਅਨੁਸਾਰ ਸਿੱਖਾਂ ਨੂੰ ਕੁਟਵਾ ਮਰਵਾ ਫਿਰਕੂ ਇੰਦਰਾ ਲਈ ਫਿਰਕੂ ਪੱਤੇ ਵਾਲੀ ਖੇਡ ਵਿੱਚ ਸ਼ਾਮਲ ਸੀ। ਮਾਰਕ ਤੁਲੀ ਨੇ ਤਾਂ ਅੰਤਲੀ ਲੜਾਈ ਵਾਲੀ ਕਿਤਾਬ ਵਿੱਚ ਪੰਨਾ 88 ਤੇ ਇਹ ਵੀ ਲਿਖਿਆ ਸੀ ਕਿ 1983 ਦੇ ਗਣਤੰਤਰ ਦਿਵਸ ਤੋਂ ਅਗਲੇ ਦਿਨ ਭਿੰਡਰਾਂਵਾਲੇ ਦੇ ਬੰਦਿਆਂ ਨੇ ਪਹਿਲੀ ਵਾਰ ਬੈਂਕ ਲੁੱਟਿਆ ਸੀ। ਕੀ ਇਹ ਸਾਰੀਆਂ ਗੱਲਾਂ ਸਿੱਖ ਮਾਨਸਿਕਤਾ ਵਿੱਚ ਤਾਂ ਨਹੀਂ ਬੈਠੀਆਂ ਹੋਈਆਂ ਕਿ ਡਾਕੇ ਮਾਰਨੇ ਵੀ ਹੁਣ ਜ਼ਾਇਜ਼ ਹਨ। ਜੇ ਕਰ ਇਹ ਗੱਲ ਠੀਕ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਡਾਕੂਆਂ ਦੀ ਕੌਮ ਦੇ ਮੇਹਣੇ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਮੱਖਣ ਸਿੰਘ ਪੁਰੇਵਾਲ,

ਨਵੰਬਰ 25, 2012.

(ਨੋਟ:- ਇਸ ਲੇਖ ਨਾਲ ਸੰਬੰਧਿਤ ਖ਼ਬਰਾਂ ਅਤੇ ਫੋਟੋਆਂ ਦੇਖਣ ਲਈ ਇਥੇ ਕਲਿਕ ਕਰੋ)

(ਨੋਟ:- ਹੇਠ ਲਿਖੀ ਖ਼ਬਰ 23 ਨਵੰਬਰ 2014 ਨੂੰ ਅਜੀਤ ਅਖਬਾਰ ਵਿੱਚ ਛਪੀ ਸੀ ਅਤੇ 24 ਨਵੰਵਰ ਨੂੰ ਇਹ ਲੇਖ ਵਿਚ ਐਡ ਕੀਤੀ ਗਈ ਸੀ)

ਲੁਧਿਆਣਾ ਬੈਂਕ ਡਕੈਤੀ ਮਾਮਲੇ 'ਚ 10 ਸਿੱਖ ਬਜ਼ੁਰਗ ਅਜੇ ਵੀ ਜੇਲ੍ਹ 'ਚ ਬੰਦ
• 26 ਸਾਲ ਬਾਅਦ ਸੁਣਾਈ 10-10 ਸਾਲ ਕੈਦ ਦੀ ਸਜ਼ਾ • ਫਰਵਰੀ '87 'ਚ ਹੋਈ ਸੀ ਲੁਧਿਆਣਾ ਬੈਂਕ ਡਕੈਤੀ

ਮੇਜਰ ਸਿੰਘ
ਜਲੰਧਰ, 23 ਨਵੰਬਰ-ਖਾੜਕੂ ਲਹਿਰ ਦੀ ਚੜ੍ਹਤ ਸਮੇਂ 12 ਫਰਵਰੀ, 1987 ਨੂੰ 5 ਕਰੋੜ ਰੁਪਏ ਤੋਂ ਵੱਧ ਦੀ ਲੁਧਿਆਣਾ 'ਚ ਹੋਈ ਬੇਹੱਦ ਚਰਚਿਤ ਡਕੈਤੀ ਨੂੰ ਪੰਜਾਬ ਦੇ ਲੋਕ ਤਾਂ ਭਾਵੇਂ ਭੁੱਲ ਗਏ ਹੋਣਗੇ, ਪਰ ਉਸ ਸਮੇਂ ਜੁਆਨੀ ਪਹਿਰੇ 'ਚੋਂ ਗੁਜ਼ਰ ਰਹੇ ਤੇ ਹੁਣ ਆਪਣੀ ਉਮਰ ਦੇ ਆਖ਼ਰੀ ਪਹਿਰ 'ਚ ਪੁੱਜ ਚੁੱਕੇ 10 ਬਜ਼ੁਰਗ ਅਕਾਲੀ ਅਜੇ ਵੀ ਜੇਲ੍ਹਾਂ ਦਾ ਸੇਕ ਝੱਲ ਰਹੇ ਹਨ | ਕਰੀਬ 28 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿਚ ਫਰਵਰੀ-ਮਾਰਚ 1988 ਵਿਚ ਉਕਤ 10 ਵਿਅਕਤੀਆਂ ਨੂੰ ਇਸ ਡਕੈਤੀ ਦਾ ਪੈਸਾ ਰੱਖਣ ਬਦਲੇ ਸਾਜ਼ਿਸ਼ ਕੇਸ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਸਾਰੇ ਜਣਿਆਂ ਦੀ 9 ਮਈ, 1988 ਨੂੰ ਜ਼ਮਾਨਤ ਹੋ ਗਈ ਸੀ | ਇਸ ਤੋਂ ਬਾਅਦ ਇਹ ਮਾਮਲਾ ਪੂਰੇ 25 ਸਾਲ ਅਦਾਲਤੀ ਘੁੰਮਣਘੇਰੀਆਂ ਵਿਚ ਫਸਿਆ ਰਿਹਾ | ਨੌਜਵਾਨ ਅਵਸਥਾ ਵਾਲੇ ਇਹ ਵਿਅਕਤੀ ਅਦਾਲਤਾਂ ਦੇ ਗੇੜੇ ਕੱਢਦੇ ਬਜ਼ੁਰਗ ਅਵਸਥਾ ਵਿਚ ਜਾ ਪੁੱਜੇ, ਜਿਨ੍ਹਾਂ ਵਿਚੋਂ ਕੁਝ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਚੁੱਕੇ ਹਨ |
ਢੋਲੇਵਾਲ ਲੁਧਿਆਣਾ ਦੇ 70 ਸਾਲਾ ਬਜ਼ੁਰਗ ਭਾਈ ਮਾਨ ਸਿੰਘ ਦੀ ਦਿਲ ਦੀ ਬਾਈਪਾਸ ਸਰਜਰੀ ਹੋ ਚੁੱਕੀ ਹੈੈ | ਆਖ਼ਰ ਬੜੀ ਲੰਬੀ ਅਦਾਲਤੀ ਚਾਰਾਜੋਈ ਬਾਅਦ 20 ਨਵੰਬਰ 2012 ਨੂੰ ਉੱਘੇ ਖਾੜਕੂ ਆਗੂ ਭਾਈ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ ਸਮੇਤ ਇਨ੍ਹਾਂ 10 ਵਿਅਕਤੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ | ਭਾਈ ਬਿੱਟੂ ਤੇ ਗਾਮਾ ਤਾਂ ਪਹਿਲਾਂ ਹੀ 10 ਸਾਲ ਤੋਂ ਵਧੇਰੇ ਸਮਾਂ ਜੇਲ੍ਹ ਵਿਚ ਰਹਿ ਚੁੱਕੇ ਸਨ | ਇਸ ਕਰਕੇ ਉਨ੍ਹਾਂ ਦੀ ਸਜ਼ਾ ਤਾਂ ਉਸ ਵਿਚ ਕੱਟੀ ਗਈ, ਬਾਕੀ 10 ਜਣੇ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਬੰਦ ਹਨ | ਇਨ੍ਹਾਂ ਦਸਾਂ ਵਿਚੋਂ ਬਹੁਤੇ ਇਹ ਬਜ਼ੁਰਗ ਉਹ ਹਨ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਵੇਲੇ ਵੀ ਜੇਲ੍ਹਾਂ ਕੱਟੀਆਂ ਹਨ | ਇਨ੍ਹਾਂ ਦੇ ਪਰਿਵਾਰਾਂ ਅੰਦਰ ਇਸ ਗੱਲੋਂ ਡਾਹਢਾ ਰੋਸ ਹੈ ਕਿ ਅਕਾਲੀ ਲੀਡਰਸ਼ਿਪ ਪੰਜਾਬ 'ਚ ਵਾਪਰੇ ਦੁਖਾਂਤ ਉੱਪਰ ਆਪਣੀਆਂ ਰੋਟੀਆਂ ਸੇਕ ਕੇ ਹਕੂਮਤਾਂ ਦਾ ਸੁਖ ਭੋਗ ਰਹੀ ਹੈ, ਪਰ ਇਸ ਦੁਖਾਂਤ ਦਾ ਸ਼ਿਕਾਰ ਹੋਣ ਵਾਲਿਆਂ ਦੀ ਕਿਸੇ ਨੇ ਬਾਂਹ ਨਹੀਂ ਫੜੀ | ਟਾਡਾ ਅਦਾਲਤ ਵੱਲੋਂ ਸੁਣਾਈ ਸਜ਼ਾ ਵਿਰੁੱਧ ਇਸ ਸਮੇਂ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੋਇਆ ਹੈ, ਪਰ ਸਿਰਫ਼ 94 ਸਾਲ ਦੀ ਉਮਰ ਵਾਲੇ ਡਾ: ਆਸਾ ਸਿੰਘ ਨੂੰ ਸਿਹਤ ਦੇ ਆਧਾਰ 'ਤੇ ਜ਼ਮਾਨਤ ਮਿਲੀ ਹੈ | 94 ਸਾਲਾ ਡਾ: ਆਸਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵਡਾਲਾ ਮਾਹੀ ਦੇ ਵਸਨੀਕ ਹਨ | ਢੋਲੇਵਾਲ (ਲੁਧਿਆਣਾ) ਦੇ ਵਸਨੀਕ ਭਾਈ ਮਾਨ ਸਿੰਘ ਕਿਸੇ ਸਮੇਂ ਜਥੇ: ਜਗਦੇਵ ਸਿੰਘ ਤਲਵੰਡੀ ਦੇ ਬੜੇ ਨਜ਼ਦੀਕੀ ਸਨ | ਉਹ ਦਿਲ ਦੇ ਰੋਗ ਦੀ ਬਿਮਾਰੀ ਤੋਂ ਪੀੜਤ ਤੇ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਹਨ | 76 ਸਾਲਾ ਅਵਤਾਰ ਸਿੰਘ ਜਲੰਧਰ ਨੇੜਲੇ ਪਿੰਡ ਕੁਰਾਲੀ ਦੇ ਵਸਨੀਕ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਸਰਗਰਮ ਅਕਾਲੀ ਆਗੂਆਂ ਵਿਚ ਸ਼ਾਮਿਲ ਰਹੇ ਹਨ | ਜਲੰਧਰ ਦੇ ਹੀ ਪੱਤੜ ਕਲਾਂ ਦੇ ਭਾਈ ਮੋਹਨ ਸਿੰਘ (72) ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਹਨ | ਹਰਭਜਨ ਸਿੰਘ ਸ਼ਰੀਂਹ ਪਹਿਲਾਂ ਅਕਾਲੀ ਆਗੂ ਤੇ ਫਿਰ ਬਹੁਜਨ ਸਮਾਜ ਪਾਰਟੀ ਵਿਚ ਸਰਗਰਮ ਰਹੇ | ਉਹ 84 ਨੂੰ ਢੁੱਕ ਚੁੱਕੇ ਹਨ ਤੇ ਕਪੂਰਥਲਾ ਜੇਲ੍ਹ ਵਿਚ ਹਨ | ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਰਾਜੂ ਸਿੰਘ ਦੇ 73 ਸਾਲਾ ਭਾਈ ਸੇਵਾ ਸਿੰਘ ਵੀ ਕਪੂਰਥਲਾ ਜੇਲ੍ਹ ਵਿਚ ਹਨ | ਉਨ੍ਹਾਂ ਦੀਆਂ ਦੋ ਭਤੀਜੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਨੂੰ ਹਾਂ ਹਨ | ਜਗਰਾਵਾਂ ਨੇੜਲੇ ਕੋਠੇ ਜੰਗ ਰੋਡ ਦੇ ਭਾਈ ਗੁਰਜੰਟ ਸਿੰਘ ਵੀ 72 ਸਾਲਾਂ ਨੂੰ ਟੱਪ ਚੁੱਕੇ ਹਨ ਤੇ ਉਹ ਇਸ ਵੇਲੇ ਨਾਭਾ ਜੇਲ੍ਹ 'ਚ ਬੰਦ ਹਨ | ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦਾ 55 ਸਾਲਾ ਭਾਈ ਹਰਜਿੰਦਰ ਸਿੰਘ ਇਸ ਵੇਲੇ ਸਖ਼ਤ ਸੁਰੱਖਿਆ ਜੇਲ੍ਹ ਨਾਭਾ 'ਚ ਬੰਦ ਹੈ | ਜਲੰਧਰ ਜ਼ਿਲ੍ਹੇ ਦੇ ਪਿੰਡ ਬਿਸਰਾਮਪੁਰ ਦਾ 66 ਸਾਲਾ ਭਾਈ ਸਰੂਪ ਸਿੰਘ ਤੇ ਜਲੰਧਰ ਜ਼ਿਲ੍ਹੇ ਦੇ ਹੀ ਪਿੰਡ ਟਾਹਲੀ ਦਾ 62 ਸਾਲਾ ਭਾਈ ਬਲਵਿੰਦਰ ਸਿੰਘ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹੈ | ਵਰਨਣਯੋਗ ਹੈ ਕਿ ਇਨ੍ਹਾਂ ਸਾਰਿਆਂ ਉੱਪਰ ਜੇਲ੍ਹ ਡਕੈਤੀ 'ਚ ਸ਼ਾਮਿਲ ਹੋਣ ਦਾ ਕੋਈ ਦੋਸ਼ ਨਹੀਂ | ਇਨ੍ਹਾਂ ਸਾਰਿਆਂ ਕੋਲੋਂ ਡਕੈਤੀ ਵਾਲੀ ਰਕਮ ਵਿਚੋਂ 14 ਲੱਖ ਰੁਪਏ ਬਰਾਮਦ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ | ਭਾਈ ਮਾਨ ਸਿੰਘ ਦੇ ਪੁੱਤਰ ਜਸਪਾਲ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਜਾਵੇ | ਇਕ ਪਾਸੇ ਉਸ ਸਮੇਂ ਅਕਾਲੀ ਲੀਡਰਸ਼ਿਪ ਖਾੜਕੂ ਲਹਿਰ 'ਚ ਸ਼ਾਮਿਲ ਵਿਅਕਤੀਆਂ ਨੂੰ ਭਾਵਨਾਤਮਕ ਵਹਿਣ 'ਚ ਵਹਿ ਕੇ ਕੀਤੀਆਂ ਗ਼ਲਤੀਆਂ ਕਰਾਰ ਦਿੰਦੀ ਸੀ ਤੇ ਫਾਂਸੀ ਦੀਆਂ ਸਜ਼ਾਵਾਂ ਇਸੇ ਆਧਾਰ 'ਤੇ ਮੁਆਫ਼ ਕਰਨ ਦੀਆਂ ਅਪੀਲਾਂ ਵੀ ਕਰਦੀ ਰਹੀ ਹੈ | ਕੀ ਹੁਣ 10 ਬਜ਼ੁਰਗਾਂ ਨੂੰ 25 ਸਾਲ ਬਾਅਦ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਭੇਜਣਾ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਨਹੀਂ | ਸੁਪਰੀਮ ਕੋਰਟ ਨੇ ਪਿੱਛੇ ਜਿਹੇ ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਸੁਣਵਾਈ 'ਚ ਦੇਰੀ ਕਾਰਨ ਰੱਦ ਕਰ ਦਿੱਤੀ ਗਈ ਸੀ | ਕੀ 25 ਸਾਲ ਤੱਕ ਕਿਸੇ ਕੇਸ ਦੀ ਸੁਣਵਾਈ ਲਟਕਾਈ ਰੱਖਣੀ ਤੇ ਫਿਰ ਉਸ ਵਿਚ ਸਜ਼ਾ ਸੁਣਾਉਣੀ ਆਪਣੇ-ਆਪ ਵਿਚ ਹੀ ਸੁਆਲੀਆ ਚਿੰਨ੍ਹ ਖੜ੍ਹੇ ਕਰਨ ਵਾਲੀ ਨਹੀਂ? ਜਵਾਨੀ ਤੋਂ ਬਜ਼ੁਰਗ ਅਵਸਥਾ ਵਿਚ ਪੁੱਜ ਗਏ ਇਹ ਲੋਕ ਵੀ ਕਿਸੇ ਤਰਸ ਦੇ ਪਾਤਰ ਨਹੀਂ?
ਤਿੰਨ ਦਿਨ ਖੜ੍ਹਾ ਰਿਹਾ ਸੀ ਪੀ. ਏ. ਪੀ. ਦੇ ਗੇਟ ਨੰ: 1 ਸਾਹਮਣੇ ਡਕੈਤੀ ਦੇ ਪੈਸਿਆਂ ਨਾਲ ਭਰਿਆ ਟਰੱਕ
ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਤੋਂ ਲੁੱਟੇ ਗਏ 5 ਕਰੋੜ ਰੁਪਏ ਤੋਂ ਵਧੇਰੇ ਦੀ ਰਕਮ ਸੰਭਾਲਣ ਲਈ ਜਗ੍ਹਾ ਦਾ ਪ੍ਰਬੰਧ ਨਾ ਹੋਣ ਕਾਰਨ ਜਲੰਧਰ ਦੇ ਪੀ. ਏ. ਪੀ. ਗੇਟ ਨੰਬਰ ਇਕ ਸਾਹਮਣੇ ਮੁੱਖ ਸੜਕ ਉੱਪਰ ਤਿੰਨ ਦਿਨ ਤੱਕ ਪਈ ਰਹੀ | ਇਸ ਗੱਲ ਦਾ ਖੁਲਾਸਾ ਬੈਂਕ ਡਕੈਤੀ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ 'ਚ ਮੋਹਰੀ ਰੋਲ ਅਦਾ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ 31 ਜੁਲਾਈ, 1992 ਨੂੰ ਪੂਨਾ ਦੀ ਸਰਵਦਾ ਜੇਲ੍ਹ 'ਚ ਮੁਲਾਕਾਤ ਸਮੇਂ 'ਅਜੀਤ' ਦੇ ਇਸ ਪੱਤਰਕਾਰ ਨੂੰ ਦਿੱਤੀ ਸੀ | ਇਸ ਤੋਂ ਕਰੀਬ ਇਕ ਮਹੀਨਾ ਬਾਅਦ ਇਨ੍ਹਾਂ ਦੋਵਾਂ ਖਾੜਕੂ ਆਗੂਆਂ ਨੂੰ ਭਾਰਤੀ ਫੌਜ ਦੇ ਮੁਖੀ ਏ. ਐਸ. ਵੈਦਿਆ ਦੇ ਕਤਲ ਦੇ ਦੋਸ਼ 'ਚ ਫਾਂਸੀ ਦੇ ਦਿੱਤੀ ਗਈ ਸੀ | ਖਾੜਕੂ ਆਗੂਆਂ ਨੇ ਦੱਸਿਆ ਕਿ ਯੋਜਨਾ ਮੁਤਾਬਿਕ ਬੈਂਕ 'ਚ ਡਾਕੇ ²ਤੋਂ ਬਾਅਦ ਸਾਰੀ ਨਕਦੀ ਇਕ ਟਰੱਕ ਵਿਚ ਭਰ ਲਈ ਗਈ ਤੇ ਉਹ ਖੁਦ ਵੀ ਸਾਰੇ ਜਣੇ ਟਰੱਕ 'ਚ ਹੀ ਸਵਾਰ ਹੋ ਗਏ | ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਏਨਾ ਪੈਸਾ ਲਿਜਾਇਆ ਕਿਥੇ ਜਾਵੇ | ਏਨਾ ਪੈਸਾ ਉਨ੍ਹਾਂ ਦੀ ਉਮੀਦ ਤੋਂ ਕਿਤੇ ਵੱਧ ਸੀ | ਭਾਈ ਜਿੰਦਾ ਨੇ ਦੱਸਿਆ ਕਿ ਨੋਟਾਂ ਦੇ ਬੰਡਲ ਟਰੱਕ 'ਚ ਕਈ ਪਾਸਿਆਂ ਤੋਂ ਦਿਖਾਈ ਦੇ ਰਹੇ ਸਨ ਤੇ ਅਸੀਂ ਲੁਧਿਆਣਾ ਬਾਈਪਾਸ ਉਪਰ ਜੋਧੇਵਾਲ ਬਸਤੀ ਕੋਲ ਆ ਕੇ ਉਥੇ ਪਏ ਇਕ ਇੱਟਾਂ ਦੇ ਚੱਕੇ ਤੋਂ ਟਰੱਕ 'ਚ ਇੱਟਾਂ ਲੱਦ ਦਿੱਤੀਆਂ | ਇਸ ਨਾਲ ਬੰਡਲ ਹੇਠਾਂ ਦਬ ਗਏ ਤੇ ਇੰਝ ਲੱਗਣ ਲੱਗ ਪਿਆ ਜਿਵੇਂ ਇੱਟਾਂ ਦਾ ਟਰੱਕ ਜਾ ਰਿਹਾ ਹੈ | ਭਾਈ ਜਿੰਦਾ ਨੇ ਦੱਸਿਆ ਕਿ ਜਦ ਜਲੰਧਰ ਤੱਕ ਪੁੱਜਦਿਆਂ ਏਨਾ ਪੈਸਾ ਰੱਖਣ ਵਾਸਤੇ ਜਗ੍ਹਾ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਅਸੀਂ ਸੋਚਿਆ ਕਿ ਪਿਛਲੇ ਟਾਇਰ ਲਾਹ ਦੇ ਟਰੱਕ ਪੀ.ਏ. ਪੀ. ਦੇ ਗੇਟ ਨੰਬਰ ਇਕ ਅੱਗੇ ਸੜਕ ਤੋਂ ਹੇਠਾਂ ਲਾਹ ਕੇ ਖੜ੍ਹਾ ਕਰ ਦਿੱਤਾ ਜਾਵੇ, ਕਿਸੇ ਨੇ ਸ਼ੱਕ ਹੀ ਨਹੀਂ ਕਰਨਾ | ਇਸੇ ਤਰ੍ਹਾਂ ਕੀਤਾ ਗਿਆ | ਟਰੱਕ ਦੇ ਦੋਵੇਂ ਪਿਛਲੇ ਚੱਕੇ ਲਾਹ ਕੇ ਜੈੱਕ ਉੱਪਰ ਟਰੱਕ ਖੜ੍ਹਾ ਕਰ ਦਿੱਤਾ ਗਿਆ | ਦੋ ਜਣੇ ਪਾਸੇ ਬੈਠ ਕੇ ਨਜ਼ਰ ਰੱਖਦੇ ਰਹੇ ਤੇ ਆਖ਼ਰ ਤਿੰਨ ਦਿਨ ਬਾਅਦ ਪ੍ਰਬੰਧ ਕਰਕੇ ਇਥੋਂ ਟਰੱਕ ਲਿਜਾਇਆ ਗਿਆ |




.